WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 21

ਸਮੁੰਦਰ ਮੰਥਨ (PDF, 568KB)    


ਐਤਵਾਰ ਦੀ ਦੁਪਹਿਰ। ਗੁਰਦੁਵਾਰੇ ਵਾਲੇ ਬਰੋਟੇ ਤੇ ਬੋਲਦੀ ਟਟੀਹਰੀ ਤੇ ਘੁੱਗੀਆਂ ਦੀ ਘੂੰ ਘੂੰ। ਪਿੰਡ ਦੀ ਫਿਜ਼ਾ ਨੂੰ ਸਰਕਾਰੀ ਜੀਪ ਦੇ ਹਾਰਨ ਨੇ ਤੋੜਿਆ। ਗੁਰਦੁਵਾਰੇ ਕੋਲ ਜੀਪ ਰੁਕੀ। ਸਿਪਾਹੀ ਬੈਂਤ ਘੁਮਾਉਂਦਾ ਰਾਂਹ ਜਾਂਦੇ ਦਲੀਪੇ ਨੂੰ ਕਹਿ ਰਿਹਾ ਸੀ ਜਾ ਚੌਂਕੀਦਾਰ ਨੂੰ ਬੁਲਾ ਕੇ ਲਿਆ। “ਚੰਗਾ ਮਾਈ ਬਾਪ ਕਹਿੰਦਾ ਦਲੀਪਾ ਸੱਜਣ ਚੌਂਕੀਦਾਰ ਦੇ ਘਰ ਵਲ ਦੌੜ ਪਿਆ ਕਿ ‘ਸ਼ਾਇਦ ਅਮਲੀਆਂ ਦੇ ਘਰ ਫੇਰ ਛਾਪਾ ਪਊ ਜਾਂ ਕਿਸੇ ਨੇ ਕੋਈ ਸ਼ਰਾਬ ਦੀ ਭੱਠੀ ਦੀ ਮੁਖਬਰੀ ਕੀਤੀ ਹੋਊ’। ਸੱਜਣ ਸਿੰਘ ਆਇਆ ਤਾਂ ਇੱਕ ਸਿਪਾਹੀ ਬੋਲਿਆ, “ਜਾਂ ਚੌਕੀਦਾਰਾ ਸਰਪੰਚ ਲੰਬੜਦਾਰ ਤੇ ਪੰਚੈਤ ਮੈਂਬਰਾ ਨੂੰ ਵੀ ਬਲਾ ਕੇ ਲੈ ਆ। ਔਂਦਾ ਹੋਇਆ ਦੋ ਚਾਰ ਕੁਰਸੀਆਂ ਫੜੀ ਆਂਈ। ਤੇ ਸਾਹਿਬ ਚਾਹ ਵੀ ਪੀਣਗੇ”

ਸੰਤਾਂ ਸਿੰਘ ਚਾਹ ਦੇ ਗੜਬੇ ਨਾਲ ਦੋ ਮੰਜੇ ਵੀ ਚੁੱਕਵਾ ਲਿਆਇਆ। ਦਰਵਾਜ਼ੇ ਅੱਗੇ ਜੁੜ ਬੈਠੀ ਪੰਚਾਇਤ ਨੂੰ ਅਜੇ ਤੱਕ ਕਿਸੇ ਗੱਲ ਦੀ ਸਮਝ ਨਹੀਂ ਸੀ ਆ ਰਹੀ। ਤਾਂ ਥਾਣੇਦਾਰ ਪੈਰ ਨਾਲ ਧਰਤੀ ਖੁਰਚਦਾ ਬੋਲਿਆ “ਮੈਨੂੰ ਧਾਡੇ ਪਿੰਡ ਦੇ ਕਾਲਜ ਜਾਂਦੇ ਮੁੰਡਿਆ ਦਾ ਵੇਰਵਾ ਚਾਹੀਦੈ। ਸ਼ਹਿਰ ਵਿੱਚ ਨਕਸਲੀਆਂ ਨੇ ਅੱਤ ਚੁੱਕੀ ਹੋਈ ਆ। ਕੱਲ ਸਮਰਾਲਾ ਕਾਲਜ ਅੱਗੇ ਮੁੰਡਿਆਂ ਨੇ ਬੱਸਾਂ ਫੂਕ ਦਿੱਤੀਆਂ। ਠਾਣੇ ਤੇ ਹਮਲਾ ਬੋਲ ਦਿੱਤਾ…। ਸਰਕਾਰ ਦਾ ਹੁਕਮ ਐ ਕੇ ਪੰਚਾਇਤਾਂ ਦੇ ਸਹਯੋਗ ਨਾਲ ਮੁੰਡਿਆਂ ਦੇ ਵੇਰਵੇ ਦਿਉ। ਅਗਰ ਕੋਈ ਪਿੰਡ ਵਿੱਚ ਨਸਲਵਾੜੀਆਂ ਦਾ ਪੋਹਟਰ ਲੱਗੇ ਤਾਂ ਤੁਰੰਤ ਰਿਪੋਰਟ ਦੇਣੀ ਆ। ਕਿਉਂਕਿ ਕਈ ਪੰਚਾਂ ਸਰਪੰਚਾਂ ਦੇ ਕਤਲ ਵੀ ਹੋਏ ਨੇ। ਔਰ ਪਿੰਡ ਵਿੱਚ ਰਾਤ ਨੂੰ ਪਹਿਰਾ ਲੱਗਣੈ ਚਾਹੀਦੈ” ਫੇਰ ਧੀਮੀ ਸੁਰ ਕਰਦਾ ਬੋਲਿਆ “ਭਲਾਂ ਕਿਸੇ ਜਰਨੈਲ ਦਾ ਮੁੰਡਾ ਧੀਰਾ ਵੀ ਕਾਲਜ ਜਾਂਦੈ? ਮੈਨੂੰ ਉਸ ਦਾ ਵੀ ਹੁਲੀਆਂ ਚਾਹੀਦੈ।ਸਮਝੇ...”

ਦੂਸਰੇ ਦਿਨ ਜਦੋਂ ਔਰਤਾਂ ਗੋਹਾ ਕੂੜਾ ਸੁੱਟਣ ਘਰਾਂ ਤੋਂ ਨਿੱਕਲੀਆਂ ਤੇ ਮਰਦ ਖੇਤਾਂ ਨੂੰ ਜਾਣ ਲੱਗੇ ਤਾਂ ਇੱਕ ਲਾਲ ਰੰਗ ਦਾ ਪਰਚਾ ਉਨ੍ਹਾਂ ਪਿੰਡ ਦੇ ਦਰਵਾਜੇ ਤੇ ਲੱਗਿਆ ਵੇਖਿਆ। ਜਿਸ ਵਿੱਚ ਲਿਖਿਆਂ ਸੀ ਕਿ ‘ਕਿਸਾਨ ਆਪਣੀ ਲਹੂ ਪਸੀਨੇ ਦੀ ਕਮਾਈ ਸਰਕਾਰੀ ਢਾਲ਼ ਦੇ ਰੂਪ ਵਿੱਚ ਨਾਂ ਦੇਣ। ਤੇ ਨਾਂ ਹੀ ਮਜ਼ਦੂਰਾਂ ਨੂੰ ਚੁੱਲਾ ਟੈਕਸ ਦੇਣਾ ਚਾਹੀਦਾ ਹੈ। ਜੋ ਆਕੇ ਮੰਗਣ ਉਨ੍ਹਾਂ ਦੇ ਬੁਥਾੜੇ ਭੰਨ ਦਿਉ। ਅਸੀਂ ਰਲ਼ ਕੇ ਹੀ ਜ਼ੋਰ ਜਬਰ ਦਾ ਮੂੰਹ ਭੰਨ ਸਕਦੇ ਹਾਂ। ਨਾਲ ਇਹ ਵੀ ਲਿਖਿਆ ਸੀ ਕਿ ਜੋ ਪਿੰਡ ਦੀ ਮੁਖਬਰੀ ਕਰੇਗਾ ਬਖਸ਼ਿਆ ਨਹੀਂ ਜਾਵੇਗਾ। ਕਿਉਂਕਿ ਇਨਕਲਾਬ ਬੰਦੂਕ ਦੀ ਨਾਲੀ ਵਿੱਚੋਂ ਨਿੱਕਲਦਾ ਹੈ’।

ਲੋਕ ਤਾਂ ਸੋਚਦੇ ਸਨ ਕਿ ਇਹ ਕੋਈ ਦੀਵਾਨਾ ਦੀ ਜਾਣਕਾਰੀ, ਕੋਈ ਸੇਲ ਜਾਂ ਕਿਸੇ ਟੂਰਨਾਮਿੰਟ ਦਾ ਇਸ਼ਤਿਹਾਰ ਹੋਵੇਗਾ ਪਰ ਇਸ ਉੱਪਰ ਤਾਂ ਬੜੀਆਂ ਅਜੀਬੋ ਗਰੀਬ ਗੱਲਾਂ ਸਨ। ਜਿਸ ਪਿੰਡ ਵਿੱਚ ਲੋਕ ਕੁੱਤੇ ਨੂੰ ਸੋਟੀ ਮਾਰਨ ਲੱਗੇ ਵੀ ਸੌ ਵਾਰ ਸੋਚਦੇ ਸਨ ਉੱਥੇ ਬੰਦੇ ਮਾਰਨ ਦੀ ਗੱਲ ਹੋ ਰਹੀ ਸੀ। ਸੰਤਾ ਸਿੰਘ ਵੀ ਬੇਹੱਦ ਬੇਚੈਨ ਹੋ ਗਿਆ।

ਇੱਕ ਦਿਨ ਤੜਕੇ ਹੀ ਪਿੰਡ ਤੇ ਛਾਪਾ ਪਿਆ, ਪੁਲੀਸ ਜੈਲੇ ਦੇ ਮੁੰਡੇ ਧੀਰੇ ਨੂੰ ਚੁੱਕ ਕੇ ਲੈ ਗਈ। ਜੈਲੇ ਕੇ ਟੱਬਰ ਨਾਲ਼ ਸੰਤਾ ਸਿੰਘ ਦੇ ਟੱਬਰ ਦਾ ਖਾਲ਼ ਦਾ ਰੌਲਾ ਸੀ। ਸਰਕਾਰੀ ਟਿਊਬੈਲ ਦਾ ਖਾਲ਼ਾ ਜੋ ਜੈਲੇ ਦੇ ਖੇਤਾਂ ‘ਚੋਂ ਹੋ ਕੇ ਸੰਤਾਂ ਸਿੰਘ ਦੇ ਖੇਤਾਂ ਤੱਕ ਪਹੁੰਚਦਾ ਸੀ ਪਰ ਉਹ ਉਸ ਨੂੰ ਲੰਘਣ ਨਹੀਂ ਸਨ ਦੇਣਾ ਚਾਹੁੰਦੇ। ਹੌਲੀ ਹੌਲੀ ਵੱਧਦਾ ਝਗੜਾ ਦੁਸ਼ਮਣੀ ਵਿੱਚ ਬਦਲ ਗਿਆ। ਹੁਣ ਉਹ ਸੋਚਦੇ ਸਨ ਕਿ ਇਹ ਕੰਮ ਸੰਤਾ ਸਿੰਘ ਨੇ ਹੀ ਕਰਵਾਇਆ ਹੈ। ਉਨ੍ਹਾਂ ਲੋਕਾਂ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ ਕਿ ਲੰਬੜਦਾਰ ਸੰਤਾ ਸਿਉਂ ਪੁਲੀਸ ਦਾ ਟਾਊਟ ਹੈ।

ੱਿੲਕ ਦਿਨ ਸਵੇਰੇ ਸਵੇਰੇ ਦੋ ਸਾਧਾ ਨੇ ਸੰਤਾ ਸਿੰਘ ਦੇ ਘਰ ਅੱਗੇ ਆ ਅਲਖ ਜਗਾਈ। ਮਹਿਤਾਬ ਕੌਰ ਨੇ ਸੋਚਿਆ ਕਿ ਸ਼ਾਇਦ ਪ੍ਰਭਾਤ ਫੇਰੀ ਵਾਲੇ ਗਜ਼ਾ ਕਰਨ ਆਏ ਨੇ। ਹੱਥ ਵਿੱਚ ਕਾਸਾ ਵੀ ਫੜਿਆ ਹੋਇਆ ਸੀ। ਜਦੋਂ ਮਹਿਤਾਬ ਕੌਰ ਖੈਰ ਪਾਉਣ ਲੱਗੀ ਤਾਂ ਉਸ ਵਿੱਚ ਰੱਖੇ ਪਿਸਤੌਲ ਨੂੰ ਵੇਖ ਕੇ ਹੈਰਾਨ ਰਹਿ ਗਈ। ਉਸ ਨੇ ਜਵਾਨ ਸਾਧਾ ਵਲ ਵੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਜਿਵੇਂ ਅੰਗਿਆਰ ਦਗਦੇ ਹੋਣ। ਉਨ੍ਹਾਂ ਵਿੱਚੋਂ ਇੱਕ ਗੁੱਸੇ ਨਾਲ ਬੋਲਿਆ।“ਮਾਤਾ ਅਸੀਂ ਸਾਧ ਸੂਧ ਕੋਈ ਨੀ ਸਿਰਫ ਵਾਰਨਿੰਗ ਦੇਣ ਆਏ ਆਂ ਕੇ ਲੰਬੜ ਨੇ ਮੁਖਬਰੀ ਕਰਕੇ ਧੀਰੇ ਨੂੰ ਫੜਵਾਇਆ ਹੈ। ਜੇ ਅੱਗੇ ਤੋਂ ਬਾਜ ਨਾ ਆਇਆ ਤਾਂ ਫੇਰ ਅਸੀਂ ਅਗਲੀ ਕਾਰਵਾਈ ਕਰਾਂਗੇ” ਇਹ ਧਮਕੀ ਸੁਣ ਕੇ ਮਹਿਤਾਬ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਅਜਿਹੀਆਂ ਗੱਲਾਂ ਤਾਂ ਉਸ ਨੇ ਪਹਿਲਾਂ ਕਦੇ ਨਹੀਂ ਸੀ ਸੁਣੀਆਂ। ਬਾਅਦ ਚ ਕਿਸੇ ਨੇ ਦੱਸਿਆ ਕਿ ਇਹ ਹੀ ਨਸਲਵਾੜੀਏ ਨੇ। ਜੋ ਬੰਦਾ ਮਾਰਨ ਲੱਗੇ ਭੋਰਾ ਕਿਰਕ ਨੀ ਕਰਦੇ। ਮਹਿਤਾਬ ਕੌਰ ਤਾਂ ਬੇਹੱਦ ਡਰ ਗਈ। ਉਸ ਨੇ ਸੰਤਾ ਸਿੰਘ ਨੂੰ ਸਮਝਾਇਆ, “ਮੁਡਿੰਆਂ ਦੇ ਬਾਪੂ ਤੂੰ ਕੀ ਚੌਧਰ ਚੱਟਣੀ ਆਂ...। ਐਵੇਂ ਕੋਈ ਜਾ ਜਾਂਹੀ ਕਰ ਦਊ...ਫੇਰ ਕੀ ਕਰਲਾਂਗੇ। ਤੇਰੀ ਛੇਕੜਲੀ ਉਮਰ ਐ ਚੁੱਪ ਕਰ ਕੇ ਰੱਬ ਦਾ ਨਾ ਲੈ।

ਹੁਣ ਸੰਤਾ ਸਿਉਂ ਪਿੰਡ ਦੀਆਂ ਗੱਲਾਂ ਵਿੱਚ ਕੋਈ ਜਿਆਦਾ ਦਖਲ ਨਾਂ ਦਿੰਦਾ। ਪਿੰਡ ‘ਚ ਨੌਜਵਾਨ ਸਭਾ ਬਣੀ ਪਰ ਉਹ ਚੁੱਪ ਹੀ ਰਿਹਾ। ਬੱਸ ਗੁਰਦੁਵਾਰੇ ਜਾਂਦਾ ਤੇ ਖੇਤਾਂ ‘ਚ ਚਾਹ ਰੋਟੀ ਫੜਾ ਆਂਉਦਾ ਜਾਂ ਫੇਰ ਪਾਠ ਕਰ ਲੈਂਦਾ। ਉਸ ਦੀ ਨਿਗਾਹ ਵੀ ਕਾਫੀ ਘਟ ਗਈ ਸੀ। ਨੌਜਵਾਨ ਸਭਾ ਨੇ ਪੰਜ ਰੁਪਏ ਪ੍ਰਤੀ ਘਰ ਉਗਰਾਹੀ ਕਰਕੇ ਗੁਰਦੁਵਾਰੇ ਲਈ ਲਾਊਡ ਸਪੀਕਰ ਵੀ ਲੈ ਆਂਦਾ ਸੀ। ਹੁਣ ਸ਼ਾਮ ਸਵੇਰ ਜਪੁਜੀ ਸਾਹਿਬ, ਆਸਾ ਜੀ ਦੀ ਵਾਰ, ਰਹਿਰਾਸ ਤੇ ਕੀਰਤਣ ਸੋਹਿਲੇ ਦੇ ਪਾਠ ਦਾ ਸਪੀਕਰ ਤੇ ਤਵਾ ਲਾਇਆ ਜਾਂਦਾ। ਗੁਰਦੁਵਾਰੇ ਵਾਲੇ ਬਾਬੇ ਦਾ ਕੰਮ ਸਿਰਫ ਸਪੀਕਰ ਲਾਉਣਾ ਅਤੇ ਘੜਿਆਲ ਵਜਾਉਣਾ ਰਹਿ ਗਿਆ ਸੀ।

ਨੌਜਵਾਨ ਸਭਾ ਨੇ ਇਹ ਸਪੀਕਰ ਪੈਸੇ ਇਕੱਠੇ ਕਰ ਕੇ ਲਿਆਂਦਾ ਸੀ। ਹੁਣ ਉਹ ਇਸ ਨੂੰ ਆਪਣੇ ਪ੍ਰਚਾਰ ਲਈ ਵੀ ਵਰਤਦੇ। ਕੋਈ ਕਾਲਜ ਪੜਦਾ ਮੁੰਡਾ ਅੱਜ ਅਨਾਊਸਮੈਂਟ ਕਰ ਰਿਹਾ ਸੀ, “ਵੈਹਗਰੂ ਜੀ ਖਾਲਸਾ ਵੈਹਗਰੂ ਜੀ ਕੀ ਫਤੇਹ ਨਗਰ ਨਿਵਾਸੀ ਭੈਣੋ ਭਰਾਵੋ ਪਿੰਡ ਦੀ ਨੌਜਵਾਨ ਸਭਾ ਨੇ ਪਿੰਡ ਵਿੱਚ ਟੂਰਨਾਮੈਂਟ ਕਰਾਉਣ ਦੀ ਸੋਚੀ ਆ। ਗੁਰਦੁਵਾਰਾ ਸਾਹਿਬ ਅੱਗੇ ਦੋ ਵਜੇ ‘ਕੱਠ ਰੱਖਿਆ ਗਿਆ ਹੈ। ਇਹ ਕੰਮ ਸਾਰੇ ਨਗਰ ਦਾ ਹੈ। ਹੁੰਮ ਹੁਮਾ ਕੇ ਪੁੱਜੋ ਤਾਂ ਕਿ ਸਲਾਹ ਮਸ਼ਵਰਾ ਹੋ ਸਕੇ।ਵੈਹਗਰੂ ਜੀ ਖਾਲਸਾ ਵਹਿਗਰੂ ਜੀ ਕੀ ਫਤੇਹ”

ਦੂਜੇ ਦਿਨ ਪਿੰਡ ਦੇ ਸਧਾਰਨ ਲੋਕ ਗੱਲਾਂ ਕਰਦੇ ਰਹੇ ਕਿ ਇਹ ਟੂਕਣਾਮਿੰਟ ਕੀ ਹੁੰਦਾ ਏ? ਕੌਡੀ, ਘੋਲ਼, ਗੁੱਲੀ ਡੰਡਾ, ਡੰਡ ਪਟਾਕਣਾ, ਬਾਂਦਰ ਕੀਲਾ ਤਾਂ ਸੁਣਿਆ ਸੀ ਪਰ ਇਹ ਮੁੰਡੇ ਨਿੱਤ ਨਮੀਉਂ ਗੱਲ ਕੱਢ ਮਾਰਦੇ ਨੇ” ਖੈਰ ਟੂਰਨਾਮੈਂਟ ਕਰਾਉਣ ਦਾ ਮਤਾ ਰੌਲੇ ਰੱਪੇ ਵਿੱਚ ਪਾਸ ਹੋ ਹੀ ਗਿਆ। ਕਈ ਲੋਕਾਂ ਨੂ ਇਤਰਾਜ਼ ਸੀ ਕਿ ਬਾਹਰਲੇ ਲੋਕ ਪਿੰਡ ਵਿੱਚ ਆਂਉਣਗੇ ਐਂਵੇ ਕੋਈ ਲੜਾਈ ਝਗੜਾ ਹੋ ਜਾਊ। ਪਰ ਜ਼ੋਰ ਪਾਉਣ ਤੇ ਉਹ ਵੀ ਮੰਨ ਗਏ। ਤੇ ਪਿੰਡ ਵਿੱਚ ਇੱਕ ਨਵਾ ਮਹੌਲ ਉਸਰਨ ਲੱਗਾ।

ਮਨਦੀਪ ਤੇ ਧਰਮਾਂ ਜੋ ਪਿੰਡ ਦੀਆਂ ਗਲੀਆਂ ਵਿੱਚ ਅਕਸਰ ਰੇੜੇ੍ਹ ਭਜਾਈ ਫਿਰਦੇ ਰਹਿੰਦੇ। ਇਹ ਰੇੜੇ ਲੋਹੇ ਦੇ ਰਿੰਗ ਜਿਹੇ ਸਨ ਜੋ ਇੱਕ ਖੂੰਡੀ ਜਿਹੀ ਨਾਲ ਚਲਦੇ। ਇਹ ਖੂੰਡੀਆਂ ਉਨਾਂ ਨੂੰ ਲੁਹਾਰਾਂ ਦੇ ਕਿੰਦਰ ਨੇ ਸੰਤਾ ਸਿਉਂ ਦੇ ਕਹਿਣ ਤੇ ਬਣਾ ਕੇ ਦਿੱਤੀਆਂ ਸਨ।

ਕਦੀ ਕਦੀ ਹੱਥ ਦਾ ਧੱਫਾ ਜਿਹਾ ਮਾਰਕੇ ਉਹ ਸਾਈਕਲਾਂ ਦੇ ਕੱਢੇ ਹੋਏ ਟਾਇਰ ਵੀ ਭਜਾਈ ਫਿਰਦੇ। ਲੁਕਣ ਮੀਟੀ ਜਾਂ ਖਿੱਦੋ ਖੂੰਡੀ ਵੀ ਖੇਡਦੇ ਰਹਿੰਦੇ। ਹੁਣ ਨੌਜਵਾਨ ਸਭਾ ਨੇ ਉਨ੍ਹਾਂ ਨੂੰ ਕਬੱਡੀ ਖੇਡਣ ਲਈ ਕਿਹਾ। ਤੇ ਉਹ ਪਿੰਡ ਦੀ ਪੈਂਤੀ ਕਿੱਲੋ ਵਾਲੀ ਟੀਮ ਵਿੱਚ ਸ਼ਾਮਲ ਹੋ ਗਏ। ਹੁਣ ਵਾਹੇ ਹੋਏ ਖੇਤਾਂ ਵਿੱਚ ਪਾੜੇ ਬਣਾ ਕੇ ਪਿੰਡ ਦੇ ਛੋਟੇ ਵੱਡੇ ਮੁੰਡੇ ਰੋਜ਼ ਕਬੱਡੀ ਖੇਡਦੇ। ਸਿਰ ‘ਚ ਰੇਤਾ ਪੈ ਜਾਂਦਾ। ਘਰੋ ਨਿੱਤ ਗਾਲ਼ਾ ਵੀ ਪੈਂਦੀਆਂ। ਪਰ ਜੱਟਾਂ ਦੇ ਘਰਾਂ ਵਿੱਚ ਮੁੰਡਿਆ ਨੂੰ ਵਾਲ ਕਟਾਉਣ ਦੀ ਮਨਾਹੀ ਸੀ। ਹੁਣ ਪਿੰਡ ਦੀ ਸੱਥ ਵਿੱਚ ਟੂਰਨਾਮੈਂਟ ਦੀਆਂ ਗੱਲਾਂ ਹੋਣ ਲੱਗੀਆਂ। ਇਸ ਗੱਲਬਾਤ ਨੇ ਪਿੰਡ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ। ਕਈ ਲੋਕ ਕਹਿੰਦੇ ਕਿ ‘ਮੁੰਡੀਹਰ ਸਿਰ ਚੜਾ ਲਈ ਆ’। ਪੁਰਾਣੇ ਬੰਦੇ ਕਹਿੰਦੇ ਕਿ ਉਨ੍ਹਾਂ ਦੀ ਤਾਂ ਹੁਣ ਪਿੰਡ ਵਿੱਚ ਪੁੱਛ ਹੀ ਕੋਈ ਨਹੀਂ।

ਮੁੱਢ ਤੋਂ ਇਹ ਪਿੰਡ ਘੋਲਾਂ ਨਾਲ ਹੀ ਜੁੜਿਆ ਆਇਆ ਸੀ। ਇਸ ਦਾ ਇੱਕ ਕਾਰਨ ਨਾਲ ਦੇ ਪਿੰਡ ਤੱਖਰ ਵਿੱਚ ਬਾਬਾ ਸੁੰਦਰ ਦਾਸ ਦੀ ਯਾਦ ਵਿੱਚ ਪੈਂਦੀ ਛਿੰਜ ਸੀ। ਜਿਸ ਨੂੰ ਸਾਰਾ ਪਿੰਡ ਹੁਮ ਹੁਮਾ ਕੇ ਵੇਖਣ ਜਾਂਦਾ। ਹੁਣ ਇੱਕ ਦੋ ਵਰੇ ਤੋਂ ਮਨਦੀਪ ਤੇ ਧਰਮੂ ਵੀ ਸੰਤਾ ਸਿਉਂ ਦੀ ਉਂਗਲ ਫੜ ਕੇ ਜਾਂਦੇ। ਇਹ ਮੇਲਾ ਉਨ੍ਹਾਂ ਨੂੰ ਬੜਾ ਹੀ ਚੰਗਾ ਲੱਗਦਾ। ਇਸ ਮੇਲੇ ਤੇ ਖਰਚਣ ਲਈ ਵੱਡਿਆਂ ਨੂੰ ਦੋ ਦੋ ਰੁਪਈਏ ਮਿਲਦੇ ਤੇ ਨਿਆਣਿਆ ਚਵਾਨੀਆਂ ਅੱਠਿਆਨੀਆਂ। ਇਸ ਦਿਨ ਲੋਕ ਸਵੇਰੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਕੇ ਤਿਆਰ ਹੋ ਕੇ ਨਿੱਕਲ ਪੈਂਦੇ। ਇਹ ਮੇਲਾ ਭਾਦਰੋਂ ਦੇ ਪਹਿਲੇ ਪੱਖ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਦੂਸਰੇ ਦਿਨ ਨੌਵੀਂ ਨੂੰ ਸ਼ੁਰੂ ਹੁੰਦਾ, ਜੋ ਲਗਾਤਾਰ ਤਿੰਨ ਦਿਨ ਚੱਲਦਾ। ਭਾਦੋਂ ਦਾ ਵੱਟ, ਵੱਟ ਕੱਢੀ ਜਾਂਦਾ। ਕਦੇ ਕਦੇ ਮੀਂਹ ਦੀ ਫੁਹਾਰ ਵੀ ਆ ਜਾਂਦੀ। ਲੋਕ ਤੇੜ ਬੰਨੇ ਚਾਦਰੇ ਸਿਰਾਂ ਤੇ ਤਾਣ ਲੈਂਦੇ। ਖੇਤਾਂ ਵਿੱਚ ਮੱਕੀ ਦੀ ਨਵੀਂ ਬੀਜੀ ਫਸਲ ਲਹਿਲਹਾ ਰਹੀ ਹੁੰਦੀ। ਨਰਮੇ ਦੇ ਖੇਤ ਵੀ ਹਰੀ ਭਾਅ ਮਾਰਦੇ ਅਤੇ ਮੂੰਗਫਲੀ ਦੇ ਬੂਟੇ ਵੀ ਬੂਝਾ ਮਾਰ ਰਹੇ ਹੁੰਦੇ।ਮੇਲੇ ਵਾਲੇ ਦਿਨ ਲੋਕ ਬੱਟਾਂ ਡੰਡੀਆਂ ਪਹੀਆਂ ਰਸਤਿਆਂ ਰਾਹੀਂ ਵਹੀਰਾਂ ਘੱਤਕੇ ਪੁੰਹਚਦੇ।

ਮੇਲੇ ਦਾ ਮਹੌਲ ਬਹੁਤ ਦਿਲ ਕੀਲਵਾਂ ਹੁੰਦਾ। ਦੁਕਾਨਾਂ ਪਹਿਲੇ ਦਿਨ ਤੋਂ ਹੀ ਕੱਚੇ ਰਸਤਿਆਂ ਦੇ ਕਿਨਾਰੇ ਸਜ ਜਾਂਦੀਆਂ। ਜਿਨਾਂ ਵਿੱਚ ਅਮਰੂਦ ਵੇਚਣ ਵਾਲੇ, ਪੱਟਾਂ ਤੇ ਮੋਰਨੀਆਂ ਤੇ ਹੱਥਾਂ ਤੇ ੴ ਖੋਦਣ ਵਾਲੇ। ਪਤੌੜ ਜਲੇਬੀਆਂ ਵੇਚਣ ਵਾਲੇ, ਲਾਟਰੀਆਂ ਤੇ ਕਠਪੁਤਲੀਆਂ ਵਾਲੇ। ਵੰਗਾਂ ਤੇ ਭੁਕਾਨੇ ਵੇਚਣ ਵਾਲੇ ਹੋਕਰੇ ਮਾਰਦੇ। ਮਨਦੀਪ ਰਗੜੀ ਬਰਫ ਦਾ ਰੰਗ ਬਿਰੰਗਾ ਪੱਤਾ ਖਾਕੇ ਖੁਸ਼ ਹੁੰਦਾ। ਇੱਕ ਪਾਸੇ ਬਾਬਾ ਜੀ ਯਾਦ ਵਿੱਚ ਧਾਰਮਿਕ ਗੀਤਾਂ ਦਾ ਪਰਵਾਹ ਚੱਲਦਾ ਤੇ ਮੇਲੇ ਦੇ ਦੂਸਰੇ ਪਾਸੇ ਖੁੱਲੀ ਕਵੀਸ਼ਰੀ ਦਾ ਅਖਾੜਾ ਲੱਗਦਾ। ਜਿੱਥੇ ਰੋਡਿਆਂ ਵਾਲੇ ਕਵੀਸ਼ਰ ਚਿੱਟੇ ਕੁੜਤੇ ਚਾਦਰੇ ਪਹਿਨ ਪੱਗਾ ਦੇ ਤੁਰਲੇ ਛੱਡ ਸਾਰੰਗੀ, ਤੂੰਬੇ ਅਤੇ ਢੱਡਾਂ ਨਾਲ ਕੋਈ ਕਿੱਸਾ ਛੇੜਦੇ। ਜਿਸ ਵਿੱਚ ਪੂਰਨ ਭਗਤ, ਰਾਜਾ ਰਸਾਲੂ, ਜਿਊਣਾ ਮੌੜ, ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਤੇ ਦੁਲਾ ਭੱਟੀ ਦੇ ਕਿੱਸੇ ਗਾਏ ਜਾਂਦੇ। ਇਹ ਪੰਡਾਲ ਦਾ ਗੇੜਾ ਕੱਢ ਬਾਹਾਂ ਚੁੱਕ ਚੁੱਕ ਗਾਉਂਦੇ। ਲੋਕ ਡੱਬਾਂ ‘ਚੋਂ ਬੋਤਲਾਂ ਕੱਢ ਚੋਰੀ ਛੁੱਪੇ ਪੀਂਦੇ। ਕਵੀਸ਼ਰਾਂ ਤੋਂ ਨੋਟ ਵਾਰਦੇ। ਉਹ ਵੀ ‘ਫਲਾਣੇ ਪਿੰਡ ਵਾਲਾ ਸਰਦਾਰ’ ਕਹਿ ਕਹਿ ਵੇਲਾਂ ਵਧਾਂਉਦੇ। ਸੰਤਾ ਸਿੰਘ ਏਥੇ ਤਾਂ ਕੁੱਝ ਦੇਰ ਹੀ ਬੈਠਦਾ ਫੇਰ ਧਾਰਮਿਕ ਦੀਵਾਨ ਵਿੱਚ ਚਲਾ ਜਾਂਦਾ।

ਰਸਤੇ ਵਿੱਚ ਉਸ ਨੂੰ ਗੋਲ ਗੱਪਿਆਂ ਵਾਲੇ ਘੇਰ ਲੈਂਦੇ। ਮਿੱਠੇ ਪਾਣੀ ਦੀਆਂ ਛਬੀਲਾਂ ਵਾਲੇ ਹਾਕਾਂ ਮਾਰਦੇ। ਮਨਦੀਪ ਬਾਰਾਂ ਮਣ ਦੀ ਧੋਬਣ ਵਲ ਖਿੱਚਿਆ ਜਾਂਦਾ। ਜਿੱਥੇ ਇੱਕ ਬੰਦਾ ਮਸ਼ੀਨ ਜਿਹੀ ਲਈਂ ਬੈਠਾ ਹੁੰਦਾ, ਜਿਸ ਤੇ ਇੱਕ ਤਵਾ ਜਿਹਾ ਚੱਲ ਰਿਹਾ ਹੁੰਦਾ। ਫੇਰ ਮੋਰੀਆਂ ਵਿੱਚੀ ਨਿਆਣੇ ਸਿਰ ਲਾਕੇ ਅੰਦਰ ਵੇਖਦੇ ਤਾਂ ਧੋਬਣ ਵਾਲਾ ਬੋਲਦਾ ਜਾਂਦਾ ‘ਆਗਰੇ ਕਾ ਤਾਜ ਮਹਿਲ ਦੇਖੋ, ਦਿੱਲੀ ਕੀ ਕੁਤਬ ਮੀਨਾਰ ਦੇਖੋ ਅਤੇ ਹੇਮਾਂ ਤੇ ਧਰਮਿੰਦਰ ਕੀ ਜੋੜੀ ਦੇਖੋ’। ਮਨਦੀਪ ਨੂੰ ਇਹ ਦੇਖਣੀ ਬਹੁਤ ਚੰਗੀ ਲੱਗਦੀ। ਇੱਕ ਥਾਂ ਤੂੰਬੀ ਵਾਲਾ ਗੀਤ ਗਾ ਗਾ ਕਰਨੈਲ ਕਵੀਸ਼ਰ ਅਤੇ ਰਣਜੀਤ ਸਿੰਘ ਸਿੱਧਵਾਂ ਦੇ ਕਿੱਸੇ ਵੇਚ ਰਿਹਾ ਹੁੰਦਾ।ਮੇਲੇ ਦੀ ਸ਼ਿਖਰ ਭਲਵਾਨਾਂ ਦੇ ਘੋਲ ਹੁੰਦੇ।
ਕਮਾਏ ਹੋਏ ਜੁੱਸਿਆਂ ਵਾਲੇ ਪਹਿਲਵਾਨ ਅਖਾੜੇ ‘ਚ ਡੰਡ ਬੈਠਕਾਂ ਮਾਰਦੇ। ਕਈ ਜਿੱਤਦੇ ਅਤੇ ਕਈ ਹਾਰਦੇ। ਲੋਕ ਸਭਨਾਂ ਨੂੰ ਖੁਸ਼ ਹੋਕੇ ਪੈਸੇ ਦਿੰਦੇ। ਪਹਿਲਵਾਨ ਫੱਤਾ, ਕਿੱਕਰ ਸਿਉਂ ਅਤੇ ਬੀਕਾਨੇਰੀਆਂ ਮਿਹਰਦੀਨ ਬਹੁਤ ਮਸ਼ਹੂਰ ਸਨ। ਜਦੋਂ ਇਹ ਮੇਲੇ ਵਿੱਚ ਨਾਂ ਪਹੁੰਚਦੇ ਤਾਂ ਮੇਲਾ ਜਿਵੇਂ ਫਿੱਕਾ ਰਹਿੰਦਾ। ਝੰਡੀ ਦਾ ਘੋਲ਼ ਹਰ ਵਾਰੀ ਬੀਕਾਨੇਰੀਆ ਮਿਹਰਦੀਨ ਲੈ ਜਾਂਦਾ। ਜਿਸਦਾ ਮੁਕਾਬਲਾ ਫੱਤੇ ਭਲਵਾਨ ਨਾਲ ਹੁੰਦਾ। ਦੋਹਾਂ ਨੂੰ ਹਰ ਵਾਰੀ ਪੀਪਾ ਪੀਪਾ ਦੇਸੀ ਘਿਉ ਤੇ ਨਕਦ ਰਾਸ਼ੀ ਦਿੱਤੀ ਜਾਂਦੀ। ਉਨ੍ਹਾਂ ਦੇ ਦਾਅ ਪੇਚ, ਜਿਨਾਂ ਵਿੱਚ ਧੋਬੀ ਪਟਕਾ, ਰੋਪੜੀਆਂ ਜਿੰਦਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ। ਤੇ ਇਹ ਗੱਲਾਂ ਫੇਰ ਅਗਲੇ ਸਾਲ ਤੱਕ ਚੱਲਦੀਆਂ ਰਹਿੰਦੀਆਂ। ਪਰ ਹੁਣ ਤਾਂ ਲੋਕਾਂ ਦਾ ਰੁਝਾਨ ਟੂਰਨਾਮੈਂਟ ਤੇ ਕਬੱਡੀ ਵਾਲੇ ਪਾਸੇ ਨੂੰ ਹੋ ਰਿਹਾ ਸੀ। ਰਣੀਏ ਪਿੰਡ ਵਿੱਚ ਵੀ ਰੋਜ਼ ਕਬੱਡੀ ਖੇਡੀ ਜਾਣ ਲੱਗੀ।
ਪਿੰਡ ਵਿੱਚ ਪੜ੍ਹਾਕੂ ਮੁਡਿੰਆਂ ਦਾ ਭਾਰੂ ਹੋਣਾ ਬਜ਼ੁਰਗਾਂ ਨੂੰ ਚੁਭਦਾ ਰਹਿੰਦਾ। ਉਹ ਕਹਿੰਦੇ ਟੂਟਣੇ ਦਾ ਉਦੋਂ ਪਤਾ ਲੱਗੂ, ਜਦੋਂ ਟੂਕਣਾ ਤੁੜਾ ਕੇ ਬਹਿ ਗਏ। ਉਹ ਟੂਰਨਾਮੈਂਟ ਨੂੰ ਵੀ ਟੂਕਣਾਮਿੰਟ ਹੀ ਆਖਦੇ। ਕੋਈ ਪੁੱਛਦਾ “ਭਾਈ ਗੱਡੇ ਦਾ ਟੂਟਣਾ ਤਾਂ ਸੁਣਿਆ ਸੀ ਇਹ ਟੂਟਣਾਮਿੰਟ ਕੀ ਹੋਇਆ?” ਤਾਂ ਅਗਲਾ ਦੱਸਦਾ “ਬਾਬਾ ਖੇਲਾਂ ਹੁੰਦੀਆਂ ਨੇ” ਬਾਬਾ ਨਿਰਾਸ਼ ਹੋਇਆ ਕਹਿੰਦਾ ਚੰਡੋਲ ਝੂਟਣੇ, ਪੀਂਘਾ ਪੈਣੀਆਂ ਵੀ ਤਾਂ ਖੇਡਾਂ ਈ ਨੇ। ਇਹ ਨੰਗੇ ਪਿੰਡੇ ਕਰਕੇ ਖੇਤਾਂ ਵਿੱਚ ਖੁੜਦੁੱਮ ਪਾਉਂਦੇ ਰਹਿੰਦੇ ਨੇ। ਧੀਆਂ ਭੈਣਾ ਨੇ ਬਾਹਰ ਅੰਦਰ ਜਾਣਾ ਹੁੰਦੈ, ਪਰ ਇਹ ਤਾਂ ਸਾਊਆ ਚੰਗੀ ਗੱਲ ਨੀ। ਜੇ ਸ਼ਰਮ ਹਿਯਾ ਈ ਮੁੱਕਗੀ ਤਾਂ ਪਿੰਡ ਦਾ ਕੀ ਬਣੂ?” ਬਜ਼ੁਰਗ ਫਿਕਰਮੰਦ ਹੋ ਗਿਆ।

ਟੂਰਨਾਮੈਂਟ ਵਿੱਚ ਰੁਕਾਵਟ ਪਾਉਣ ਵਾਲਿਆਂ ਵਿੱਚ ਸੰਤਾ ਸਿੰਘ ਵੀ ਸੀ, ਜੋ ਆਪਣੇ ਆਪ ਨੂੰ ਨਵੇਂ ਸਮੇਂ ਅਨੁਸਾਰ ਬਦਲ ਨਹੀਂ ਸੀ ਰਿਹਾ। ਇੱਕ ਦਿਨ ਤਾਂ ਉਸ ਨੇ ਭਰੀ ਪੰਚਾਇਤ ਵਿੱਚ ਹੀ ਆਖ ਦਿੱਤਾ ਕਿ ‘ਉਹ ਛੋਕਰਵਾਧੇ ਨੂੰ ਪਿੰਡ ਦਾ ਮਹੌਲ ਵਿਗਾੜਨ ਦੀ ਆਗਿਆ ਨਹੀਂ ਦੇਣਗੇ’। ਦੂਸਰੇ ਦਿਨ ਹੀ ਲੰਬੜਦਾਰ ਦੀ ਹਵੇਲੀ ਤੇ ਨਕਸਲਵਾੜੀਆਂ ਦਾ ਹੱਥ ਲਿਖਤ ਪੋਸਟਰ ਲੱਗ ਗਿਆ ਸੀ ਕਿ ਉਹ ਪੁਲੀਸ ਦਾ ਟਾਊਟ ਹੈ ਤੇ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਵੇ। ਫੇਰ ਪਿੰਡ ਦੇ ਕਾਲਜ ਪੜਦੇ ਮੁਡਿੰਆਂ ਕੋਲ ਬਾਹਰਲੇ ਮੁੰਡੇ ਆਉਣ ਲੱਗੇ। ਪਤਾ ਇਹ ਵੀ ਲੱਗਿਆ ਕਿ ਸ਼ਹਿਰ ਸਮਰਾਲੇ ਦੇ ਕਾਲਜ ਵਿੱਚ ਕਈ ਵਾਰੀ ਗੋਲ਼ੀ ਚੱਕ ਚੁੱਕੀ ਸੀ। ਕਿਹੜੇ ਮੁੰਡੇ ਦੇ ਡੱਬ ਵਿੱਚ ਦੇਸੀ ਪਿਸਤੌਲ ਹੋਵੇ, ਕੋਈ ਨਹੀਂ ਸੀ ਜਾਣਦਾ। ਆਲ਼ੇ ਦੁਆਲ਼ੇ ਦੇ ਪਿੰਡਾਂ ਵਿੱਚ ਕਈ ਪੰਚ ਸਰਪੰਚ ਮਾਰ ਦਿੱਤੇ ਗਏ ਸਨ। ਤੇ ਪੁਲਿਸ ਵੀ ਫੜਕੇ ਮੁੰਡਿਆਂ ਨੂੰ ਮਾਰ ਰਹੀ ਸੀ। ਸੰਤਾਂ ਸਿੰਘ ਦੇ ਮੁੰਡੇ ਉਸ ਨਾਲ ਲੜ ਰਹੇ ਸਨ ਕਿ ਉਸ ਨੇ ਪਿੰਡ ਦੀਆਂ ਗੱਲਾਂ ਤੋਂ ਕੀ ਲੈਣਾ ਹੈ? ਫੇਰ ਲੰਬੜਦਾਰ ਜ਼ਿਆਦਾ ਚੁੱਪ ਹੀ ਰਹਿਣ ਲੱਗਿਆ। ਤੇ ਹੌਲੀ ਹੌਲੀ ਨੌਜਵਾਨ ਸਭਾ ਵਾਲੇ ਮੁੰਡਿਆਂ ਨੇ ਪੰਚਾਇਤ ਤੋਂ ਸਾਰਾ ਪ੍ਰਬੰਧਕੀ ਕੰਮ ਖੋਹ ਲਿਆ।

ਟੂਰਨਾਮੈਂਟ ਦੀ ਤਾਰੀਕ ਪੱਕੀ ਕਰਕੇ ਇਹ ਫੈਸਲਾ ਲੈ ਲਿਆ ਗਿਆ ਕਿ ਪਿੰਡ ਵਿੱਚ ਕੋਈ ਗਰਾਊਂਡ ਤਾਂ ਹੈ ਨੀ ਖੇਡਾਂ ਪਿੰਡ ਦੀ ਥੇਅ ਤੇ ਕਰਵਾਈਆਂ ਜਾਣਗੀਆਂ। ਇਹ ਥੇਹ ਕਾਫੀ ਰੇਤਲੀ ਤੇ ਆਮ ਪਿੰਡ ਨਾਲੋਂ ਉੱਚੀ ਜਗਾ ਸੀ। ਜਿੱਥੋਂ ਥਾਂ ਪੁੱਟਿਆਂ ਪੁਰਾਣੇ ਠੀਕਰ ਤੇ ਹੋਰ ਵਸਤਾਂ ਮਿਲਦੀਆਂ ਸਨ। ਲੋਕ ਕਹਿੰਦੇ ਸਨ ਕਿ ਹਜ਼ਾਰਾਂ ਸਾਲ ਪਹਿਲਾਂ ਏਥੇ ਕੋਈ ਘੁੱਗ ਵਸਦਾ ਪਿੰਡ ਸੀ, ਜੋ ਕਿਸੇ ਆਫਤ ਕਾਰਨ ਥੇਅ ਬਣ ਗਿਆ। ਕਦੋਂ ਤੇ ਕਿਵੇਂ ਇਹ ਗੱਲ ਹੋਈ ਹੁਣ ਕੋਈ ਨਹੀਂ ਸੀ ਜਾਣਦਾ। ਉਨ੍ਹਾਂ ਲੋਕਾਂ ਦੀ ਯਾਦ ਵਿੱਚ ਪਿੰਡ ਵਾਸੀਆਂ ਵਲੋਂ ਦੋ ਮੋੜੀਆਂ ਗੱਡੀਆਂ ਹੋਈਆਂ ਸਨ। ਇਹ ਮੁੰਨਿਆਂ ਨੂੰ ਲੋਕ ਵੱਡੇ ਵਡੇਰੇ ਕਹਿ ਕੇ ਸਤਿਕਾਰ ਕਰਦੇ। ਹਰ ਵਿਆਹ ਸ਼ਾਂਦੀ ਦੀ ਰਸਮ ਸਮੇਂ ਪਹਿਲਾਂ ਏਥੇ ਮੱਥਾ ਟਿਕਾਉਂਦੇ ਅਤੇ ਭੋਗ ਲਵਾਉਂਦੇ। ਦੀਵਾਲੀ ਨੂੰ ਇਨ੍ਹਾਂ ਦੀ ਯਾਦ ਵਿੱਚ ਸਭ ਤੋਂ ਪਹਿਲਾਂ ਦੀਵੇ ਏਥੇ ਹੀ ਬਾਲ਼ਦੇ। ਜਦੋਂ ਫੇਰ ਨਵਾਂ ਪਿੰਡ ਵਸਿਆ ਤਾਂ ਨਵੀਆਂ ਮੋੜੀਆਂ ਵੀ ਗੱਡੀਆਂ ਗਈਆਂ ਜੋ ਸਾਂਝੀ ਖੂਹੀ ਦੇ ਨਾਲ ਹੀ ਸਨ। ਉਥੇ ਵੀ ਪੂਜਾ ਵਾਲੀਆਂ ਸਭ ਇਹ ਹੀ ਗੱਲਾਂ ਦੁਹਰਾਈਆਂ ਜਾਂਦੀਆਂ। ਬਾਕੀ ਦਿਨਾਂ ਵਿੱਚ ਨਿਆਣੇ ਇਨ੍ਹਾਂ ਤੇ ਚੜ ਚੜ ਖੇਡਦੇ ਰਹਿੰਦੇ। ਤੇ ਅਵਾਰਾ ਕੁੱਤੇ ਟੰਗ ਚੁੱਕ ਪਿਸ਼ਾਬ ਵੀ ਕਰ ਜਾਂਦੇ। ਹੁਣ ਤਾਂ ਕਈ ਲੋਕ ਇਨ੍ਹਾਂ ਮੁੰਨਿਆਂ ਨਾਲ ਪਸ਼ੂ ਵੀ ਬੰਨ ਦਿੰਦੇ ਸਨ।

ਟੂਰਨਾਮੈਂਟ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ। ਕਰਾਹੇ ਹੋਏ ਟਿੱਬਿਆਂ ਤੇ ਰੋਜ਼ ਕੌਡੀਆਂ ਪੈਂਦੀਆਂ। ਫੇਰ ਪੈਂਤੀ ਕਿਲੋ ਵਾਲੀ ਟੀਮ ਤੋਂ ਬਾਅਦ ਸੱਠ ਕਿੱਲੋ ਵਾਲੀ ਅਤੇ ਇੱਕ ਪਿੰਡ ਦਾ ਓਪਨ ਕਲੱਬ ਵੀ ਬਣ ਗਿਆ। ਜਿਸਦੇ ਵਿੱਚ ਕਈ ਅਨਪੜ ਦੇਸੀ ਖੇਤੀ ਕਰਨ ਵਾਲੇ ਵੀ ਸਨ। ਜਿਨਾਂ ਦੇ ਹੱਥ ਕਠੋਰ ਸਨ, ਜੇ ਕਿਸੇ ਨੂੰ ਪੈ ਜਾਂਦੇ ਬੱਸ ਜਾਮ ਹੀ ਕਰ ਦਿੰਦੇ। ਖਿਡਾਰੀ ਕੈਂਚੀ ਮਾਰਨੀ, ਗੁੱਟ ਫੜਨਾਂ, ਰੋਪੜੀਆ ਜਿੰਦਾ ਲਾਉਣਾ, ਹਰਕਿਆਈ ਦੇ ਭੱਜਣਾ ਸਭ ਦਾਅ ਪੇਚ ਸਿੱਖ ਰਹੇ ਸਨ। ਆਲੇ ਦੁਆਲੇ ਦੇ ਪਿੰਡਾਂ ਵਿੱਚ ਟੂਰਨਾਮੈਂਟ ਦੇ ਇਸ਼ਤਿਹਾਰ ਵੀ ਲੱਗ ਗਏ। ਜਿਨਾਂ ਤੇ ਨੌਜਵਾਨ ਸਭਾ ਤੇ ਗ੍ਰਾਮ ਪੰਚਾਇਤ ਰਣੀਏ ਦਾ ਪੂਰਾ ਵੇਰਵਾ ਸੀ।
ਆਖਰ ਟੂਰਨਾਮੈਂਟ ਦਾ ਦਿਨ ਆ ਹੀ ਗਿਆ। ਇੱਕ ਦਿਨ ਪਹਿਲਾਂ ਟਾਈਆਂ ਪਾਈਆਂ ਗਈਆਂ। ਫੇਰ ਦੂਜੇ ਦਿਨ ਪਿੰਡ ਦੀ ਥੇਹ ਤੇ ਲਾਊਡ ਸਪੀਕਰ ਖੜਕ ਰਿਹਾ ਸੀ। ਦੂਜੇ ਪਿੰਡਾਂ ਦੇ ਲੋਕ ਵਹੀਰਾਂ ਘੱਤ ਕੇ ਆ ਰਹੇ ਸਨ। ਅਨਾਊਸਮੈਂਟਾਂ ਸ਼ੁਰੂ ਹੋਈਆਂ।ਤੇ ਮਨਦੀਪ ਦੀ ਟੀਮ ਨੂੰ ਵਾਜਾਂ ਪੈ ਰਹੀਆਂ ਸਨ ਕਿ ਵਜ਼ਨ ਕਰਵਾ ਕੇ ਜਲਦੀ ਪਾੜੇ ‘ਚ ਆਉਣ।

ਪਹਿਲਾ ਮੈਚ ਇਹ ਹੀ ਸੀ। ਸੰਤਾ ਸਿੰਘ ਆਪਣੇ ਦੋਹਤੇ ਅਤੇ ਪੋਤੇ ਨੂੰ ਇਸ ਟੀਮ ਵਿੱਚ ਖੇਡਦਾ ਦੇਖ ਕੇ ਐਨਾ ਖੁਸ਼ ਹੋਇਆ ਕਿ ਜਦੋਂ ਉਹ ਮੈਚ ਜਿੱਤੇ ਤਾਂ ਪਾੜੇ ਵਿੱਚ ਜਾ ਕੇ ਹੀ ਪੰਜ ਪੰਜ ਰੁਪਈਏ ਉਨ੍ਹਾਂ ਤੋਂ ਵਾਰ ਅਇਆ। ਅੰਤ ਨੂੰ ਇਹ ਟੀਮ ਦੂਜੇ ਨੰਬਰ ਤੇ ਆਈ। ਜਿਸ ਨੂੰ ਇਨਾਮਾਂ ਦੀ ਵੰਡ ਵੇਲੇ, ਸਟੀਲ ਦੀਆਂ ਕੌਲੀਆਂ ਅਤੇ ਗਲਾਸ ਮਿਲੇ। ਇਨਾਮ ਵੰਡਣ ਲਈ ਕਾਂਗਰਸੀ ਅਤੇ ਅਕਾਲੀ ਲੀਡਰ ਦੋਵੇਂ ਆਏ। ਉਹ ਖੇਡਾਂ ਨਾਲੋਂ ਜ਼ਿਆਦਾ ਵੋਟਾਂ ਦੀ ਦੁਹਾਈ ਦਿੰਦੇ ਰਹੇ ਸਨ, ਜੋ ਹੁਣ ਨੇੜੇ ਆ ਰਹੀਆਂ ਸਨ। ਉਸ ਰਾਤ ਪਿੰਡ ਵਿੱਚ ਕਾਮਰੇਡਾਂ ਦੇ ਡਰਾਮੇ ਵੀ ਹੋਏ। ਜੋ ਦੋਹਾਂ ਪਾਰਟੀਆਂ ਨੂੰ ਲੁਟੇਰੇ ਦੱਸ ਰਹੇ ਸਨ ਅਤੇ ਦਾਤੀ ਹਥੌੜੇ ਨੂੰ ਵੋਟ ਪਾਉਣ ਲਈ ਆਖ ਰਹੇ ਸਨ। ਇਸ ਡਰਾਮੇ ਵਿੱਚ ਸੁਣਿਆ ਗੀਤ ਕਿੰਨੀ ਹੀ ਦੇਰ ਮਨਦੀਪ ਦੇ ਕੰਨਾਂ ਵਿੱਚ ਗੂੰਜਦਾ ਰਿਹਾ

‘ਵੋਟ ਪਾਉਣੀ ਵੇ ਨਣਦ ਦਿਆ ਵੀਰਾ ਦਾਤੀ ਥੌੜੇ ਨੂੰ’।
ਤੇ ਇਹ ਬੋਲ ਪਿੰਡ ਦੇ ਨਿਆਣੇ ਕਿੰਨੇ ਹੀ ਦਿਨ ਗਲੀਆਂ ਵਿੱਚ ਦੌੜਦੇ ਗਾਂਉਦੇ ਰਹੇ।

ਸੰਤਾ ਸਿੰਘ ਗੁੱਸੇ ਹੁੰਦਾ ਕਿ ਕੌਮਨਸ਼ਟਾਂ ਦਾ ਗੀਤ ਅਕਾਲੀਆਂ ਦੇ ਘਰ ਕਿਉਂ ਗਾਇਆ ਜਾਂਦਾ ਹੈ? ਉਸ ਨੇ ਤਾਂ ਬਨੇਰੇ ਤੇ ਉੱਚੀ ਕਰਕੇ ਤੱਕੜੀ ਵਾਲੀ ਪੀਲੀ ਝੰਡੀ ਲਾਈ ਹੋਈ ਸੀ। ਕਦੇ ਕਦੇ ਕੁੜਤੇ ਤੇ ਤੱਕੜੀ ਦਾ ਬਿੱਲਾ ਲਾਂਉਦਾ ਉਹ ਆਖਦਾ ‘ਆਪਾ ਬੰਦੇ ਨੂੰ ਥੋੜੋ ਪੰਥ ਨੂੰ ਵੋਟ ਪਾਉਣੀ ਆ। ਨਾਲੇ ਇਹ ਤੱਕੜੀ ਤਾਂ ਬਾਬੇ ਨਾਨਕ ਦੀ ਹੈ ਜੋ ਤੇਰਾਂ ਤੇਰਾਂ ਤੋਲਦੀ ਹੈ’ ਇਹ ਗੱਲਾਂ ਅਕਾਲੀਆਂ ਨੇ ਅਮ ਲੋਕਾਂ ਦੇ ਮਨਾਂ ਵਿੱਚ ਭਰ ਦਿੱਤੀਆਂ ਸਨ। ਕਿ ਧਾਰਮਿਕ ਪਾਰਟੀ ਤੋਂ ਮੁੱਖ ਮੋੜਨਾ ਧਰਮ ਤੋਂ ਮੁੱਖ ਮੋੜਨਾ ਹੈ।

ਕਾਂਗਰਸ ਦਾ ਗਾਂ ਵੱਛਾ ਉਸ ਨੂੰ ਚੰਗਾ ਨਾ ਲੱਗਦਾ। ਜਿਸ ਦਿਨ ਪੰਜਾਬ ਵਿੱਚ ਅਕਾਲੀ ਜਿੱਤੇ ਤਾਂ ਸੰਤਾ ਸਿੰਘ ਦੀ ਖੁਸ਼ੀ ਵੇਖਣ ਵਾਲੀ ਸੀ। ਉਹ ਨਿਆਣਿਆਂ ਦੇ ਝੁੰਡ ਵਿੱਚ ਆਪ ਗਾਂਉਦਾ ਫਿਰ ਰਿਹਾ ਸੀ ‘ਜਿੱਤ ਗਿਆ ਬਈ ਜਿੱਤ ਗਿਆ ਤੱਕੜੀ ਵਾਲਾ ਜਿੱਤ ਗਿਆ। ਤੇ ਫਿਰ ਪ੍ਰਕਾਸ਼ ਸਿੰਘ ਬਾਦਲ ਸੂਬੇ ਦਾ ਅਗਲਾ ਮੁੱਖ ਮੰਤਰੀ ਬਣ ਗਿਆ।

ਉਸ ਨੇ ਪੰਥਕ ਲੋਕਾਂ ਦੇ ਜ਼ੋਰ ਪਾਉਣ ਤੇ ਆਉਣ ਸਾਰ ਨਕਸਲਵਾੜੀਆਂ ਤੇ ਸ਼ਿਕੰਜਾ ਕਸ ਦਿੱਤਾ। ਪੁਲੀਸ ਨੇ ਰਾਤੋ ਰਾਤ ਝੂਠੇ ਪਲਿਸ ਮੁਕਾਬਲੇ ਬਣਾਕੇ ਸੈਂਕੜੇ ਨਕਸਲਵਾਦੀ ਮੁੰਡੇ ਮਾਰ ਮੁਕਾਏ। ਜੋ ਉਨਾਂ ਦੇ ਆਪਣੇ ਹੀ ਸਨ। ਮੋਗੇ ਦੇ ਰੀਗਲ ਸਿਨਮੇ ਵਿੱਚ ਮਾਰੇ ਗਏ ਮੁੰਡਿਆਂ ਦਾ ਵੀ ਬੇਹੱਦ ਰੌਲਾ ਪਿਆ। ਫੇਰ ਸਾੜਫੂਕ ਵੀ ਵਧੀ ਅਤੇ ਪੁਲਿਸ ਤਸ਼ੱਦਤ ਵੀ। ਪਿੰਡਾਂ ਵਿੱਚ ਛਾਪੇ ਪੈਂਦੇ ਨਕਸਲੀ ਕਹਿ ਕੇ ਮੁੰਡੇ ਚੁੱਕ ਲਏ ਜਾਂਦੇ । ਤੇ ਫੇਰ ਉਨ੍ਹਾਂ ਦੀਆਂ ਲਾਸ਼ਾ ਨਹਿਰਾਂ ਡਰੇਨਾਂ ‘ਚੋਂ ਮਿਲਦੀਆਂ ਰਹਿੰਦੀਆਂ। ਡਰਦੇ ਬਹੁਤ ਸਾਰੇ ਮੁੰਡੇ ਰੂਹ ਪੋਸ਼ ਹੋ ਗਏ ਜਾਂ ਘਰਾਂ ਤੋਂ ਦੌੜ ਗਏ। ਸੰਤਾਂ ਸਿੰਘ ਦੀ ਨਜ਼ਰ ਵਿੱਚ ਤਾਂ ਉਹ ਖਰੂਦੀ ਮੁੰਡੇ ਹੀ ਰਹੇ। ਧਾਰਮਿਕ ਸਾਖੀਆਂ ਵਿੱਚ ਜ਼ਬਰ ਦੀ ਗੱਲ ਕਰਨ ਵਾਲਾ ਸੰਤਾ ਸਿੰਘ ਏਸ ਮੁੰਡਿਆਂ ਦੇ ਦਰਦ ਤੋਂ ਅਣਭਿੱਜ ਹੀ ਰਿਹਾ।

ਰਣੀਏ ਪਿੰਡ ਦਾ ਮਹੌਲ ਤੇਜ਼ੀ ਨਾਲ ਬਦਲ ਰਿਹਾ ਸੀ। ਤੇ ਇਸ ਬਦਲਦੇ ਹੋਏ ਮਹੌਲ ਵਿੱਚ ਮਨਦੀਪ ਵੀ ਵੱਡਾ ਹੋ ਰਿਹਾ ਸੀ। ਹੁਣ ਉਸ ਦਾ ਦਾਖਲਾ ਮਿਡਲ ਸਕਲੂ ਪੱਟੀਆਂ ਵਿੱਚ ਹੋ ਗਿਆ। ਉਹ ਰੇਤਲੇ ਰਾਹਾਂ ਵਿੱਚ ਮੁੰਡਿਆਂ ਨਾਲ ਪੰਜ ਕਿਲੋਮੀਟਰ ਤੁਰ ਕੇ ਜਾਂਦਾ। ਟੀਚਰ ਵੀ ਨਵੇਂ ਤੇ ਉਨ੍ਹਾਂ ਦੇ ਵਿਚਾਰ ਵੀ ਨਵੇਂ। ਹੁਣ ਜਿਵੇਂ ਉਸਦੀ ਸੋਚ ਵਿੱਚ ਨਵੀਆਂ ਕਿਰਨਾਂ ਪ੍ਰਵੇਸ਼ ਕਰ ਰਹੀਆਂ ਹੋਣ। ਤੇ ਉਸਦੇ ਸਵਾਲ ਜਵਾਬ ਹੋਰ ਗੰਭੀਰ ਹੋ ਗਏ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com