WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 22

ਸਮੁੰਦਰ ਮੰਥਨ (PDF, 568KB)    


ਮਨਦੀਪ ਅਗਲੀ ਕਲਾਸ ਵਿੱਚ, ਸਰਕਾਰੀ ਮਿਡਲ ਸਕੂਲ ਪੱਟੀਆਂ, ਆਪਣੇ ਮਾਮੇ ਦੇ ਪੁੱਤ ਧਰਮ ਸਿੰਘ ਨਾਲ ਜਾਣ ਲੱਗ ਪਿਆ। ਰਣੀਏ ਤੋਂ ਪੱਟੀਆਂ ਤੱਕ ਪੰਜ ਕਿਲੋ ਮੀਟਰ ਦਾ ਊਬੜ ਖਾਬੜ, ਟਿੱਬਿਆਂ ‘ਚੋਂ ਗੁਜ਼ਰਦਾ ਰਸਤਾ। ਗਰਮੀਆਂ ਵਿੱਚ ਇਹ ਰੇਤਾ ਬੇਹੱਦ ਗਰਮ ਹੋ ਜਾਂਦਾ। ਜੁੱਤੀਆਂ ਵਿੱਚ ਵੀ ਪੈਰ ਮੱਚਦੇ। ਤੇਜ਼ ਹਵਾਵਾ ਨਾਲ ਰੇਤਾ ਉੱਡਦਾ ਰਹਿੰਦਾ।ਸਰਦੀਆਂ ਵਿੱਚ ਏਥੇ ਬੇਹੱਦ ਧੁੰਦ ਪੈਂਦੀ ਤੇ ਰੇਤਾ ਠੰਢਾ ਹੋ ਜਾਂਦਾ।

ਸਕੂਲ ਦੇ ਨਿਆਣੇ ਜ਼ਿਆਦਾ ਤਰ ਕੁੜਤੇ ਪਜਾਮੇ ਪਹਿਨਦੇ ਅਤੇ ਧੌੜੀ ਦੀਆਂ ਜੁੱਤੀਆਂ। ਮਨਦੀਪ ਦੇ ਸਿਰ ਤੇ ਆਪਣੇ ਕਿਸੇ ਮਾਮੇ ਦੀ ਅੱਧੀ ਕੀਤੀ ਪੱਗ ਬੰਨੀ ਹੁੰਦੀ। ਪੱਗ ਬੰਨਣੀ ਉਸ ਨੇ ਨਵੇਂ ਸਕੂਲ ਆਕੇ ਹੀ ਸ਼ੁਰੂ ਕੀਤੀ ਸੀ। ਪ੍ਰਾਇਮਰੀ ਸਕੂਲ ਵਿੱਚ ਤਾਂ ਉਹ ਜੂੜੇ ੳੱਤੇ ਰੁਮਾਲ ਬੰਨ ਕੇ ਜਾਂਦਾ ਸੀ।

ਸਕੂਲ ਜਾਂਦੇ ਕੱਚੇ ਰਸਤੇ ਦੇ ਦੁਆਲੇ ਕੰਡਿਆਲੀਆਂ ਵਾੜਾਂ, ਕਈ ਥਾਂ ਝਾੜੀਆਂ ਅਤੇ ਉਨ੍ਹਾਂ ਵਿੱਚ ਬਣੀਆਂ ਸੱਪਾਂ ਦੀਆਂ ਬਿਰਮੀਆਂ ਵੀ ਸਨ। ਰਸਤੇ ਵਿੱਚ ਇੱਕ ਦੋ ਬੇਰੀਆਂ ਦੇ ਝੁੰਡ ਵੀ ਸਨ, ਜਿੱਥੋਂ ਉਹ ਬੇਰ ਤੋੜ ਕੇ ਖਾਂਦੇ। ਨਹੀਂ ਤਾਂ ਟਿੱਬੇ ਹੀ ਟਿੱਬੇ।

ਮਾਸਟਰ ਸੱਤਪਾਲ ਤਾਂ ਕਹਿੰਦਾ ਸੀ ਕਿ ਇਹ ਪੁਰਾਤਨ ਰਿਸ਼ੀਆਂ ਮੁਨੀਆਂ ਦਾ ਇਲਾਕਾ ਹੈ। ਹੋ ਸਕਦਾ ਹੈ, ਕਦੇ ਵੇਦ ਸ਼ਾਸ਼ਤਰ ਇਸੇ ਧਰਤੀ ਤੇ ਰਚੇ ਗਏ ਹੋਣ। ਦੂਸਰੇ ਮਾਸਟਰ ਉਸ ਦਾ ਮਖੌਲ ਉਡਾਉਂਦੇ ਰੁਹੰਦੇ। ਪਰ ਮਨਦੀਪ ਨੂੰ ਉਸ ਦੀਆਂ ਗੱਲਾਂ ਵਿੱਚ ਬਹੁਤ ਦਿਲਚਸਪੀ ਲੈਂਦਾ। ਇੱਕ ਦਿਨ ਮਾਸਟਰ ਸੱਤਪਾਲ ਨੇ ਮਨਦੀਪ ਨੂੰ ਪੁੱਛਿਆ “ਤੂੰ ਰੂਪ ਬਸੰਤ ਦੀ ਬਾਤ ਸੁਣੀ ਆ, ਉਨਾਂ ਦਾ ਸ਼ਹਿਰ ਸੰਗਲਾਦੀਪ ਵੀ ਏਥੋਂ ਕੋਈ ਬਹੁਤੀ ਦੂਰ ਨਹੀਂ ਸੀ। ਜਿਸ ਨੂੰ ਹੁਣ ਅਸੀਂ ਸੰਘੋਲ਼ ਕਹਿੰਦੇ ਆ। ਸੰਘੋਲ ਦੇ ਪੂਰਬ ਵਲ ਕਦੇ ਸਰਸਵਤੀ ਵਗਿਆ ਕਰਦੀ ਸੀ ਤੇ ਪੱਛਮ ਵਲ ਸ਼ਤਦੂਰ ਜਿਸ ਦਾ ਨਾਂ ਹੁਣ ਸਤਲੁਜ ਹੈ। ਤੇ ਫੇਰ ਸਰਸਵਤੀ ਦਾ ਛੋਟਾ ਨਾਂ ਸਰਸਾ ਪੈ ਗਿਆ ਤੇ ਸਿਰਸਾ ਸ਼ਹਿਰ ਵੀ ਏਸੇ ਨਦੀ ਕਿਨਾਰੇ ਵਸਿਆ ਹੋਇਆ ਸੀ”

ਇੱਕ ਦਿਨ ਹੈੱਡਮਾਸਟਰ ਨੇ ਮਾਸਟਰ ਸੱਤਪਾਲ ਨੂੰ ਦਫਤਰ ਬੁਲਾ ਕੇ ਨਿਆਣਿਆਂ ਨੂੰ ਊਟ ਪਟਾਂਗ ਗੱਲਾਂ ਸੁਣਾਉਣ ਤੋਂ ਵਰਜਿਆ ਸੀ।ਤੇ ਉਸ ਬਾਅਦ ਮਾਸਟਰ ਸੱਤਪਾਲ ਨੇ ਕਿਤੇ ਹੋਰ ਦੀ ਬਦਲੀ ਕਰਵਾ ਲਈ ਸੀ।

ਸੱਤਪਾਲ ਸਿੰਘ ਦੀ ਥਾਂ ਮਾਸਟਰ ਸੁਜ਼ਾਨ ਸਿੰਘ ਆ ਗਿਆ। ਜੋ ਹਰ ਸ਼ਨਿੱਚਰਵਾਰ ਨੂੰ ਅੱਧੀ ਛੁੱਟੀ ਤੋਂ ਬਾਅਦ ਬਾਲ-ਦਰਬਾਰ ਕਰਵਾਉਂਦਾ। ਜਿਸ ਵਿੱਚ ਬੱਚੇ ਨਕਲਾਂ ਉਤਾਰਦੇ ਅਤੇ ਗੀਤ ਸੁਣਾਉਂਦੇ। ਇਨ੍ਹਾਂ ‘ਚੋਂ ਕੁੱਝ ਬੱਚੇ ਚੁਣ ਕੇ, ਮਾਸਟਰ ਸੁਜ਼ਾਨ ਸਿੰਘ ਛੋਟੀਆਂ ਛੋਟੀਆਂ ਸਕਿੱਟਾਂ ਤਿਆਰ ਕਰਵਾਉਂਦਾ। ਉਹ ਬੱਚਿਆਂ ਨੂੰ ਇਹ ਵੀ ਦੱਸਦਾ ਕਿ ਉਹ ਰੇਡੀਉ ਤੇ ਜਲੰਧਰ ਤੋਂ ਪ੍ਰਸਾਰਥ ਹੁੰਦਾ ਦਿਹਾਤੀ ਪ੍ਰੋਗਰਾਮ ਜਰੂਰ ਸੁਣਿਆ ਕਰਨ।

ਮਨਦੀਪ ਨੇ ਅਗਲੇ ਬਾਲ ਦਰਬਾਰ ਵਿੱਚ ਦਿਹਾਤੀ ਪ੍ਰੋਗਰਾਮ ਦੀ ਨਕਲ ਪੇਸ਼ ਕਰਨੀ ਸੀ। ਉਸ ਨਾਲ ਦੋ ਮੁੰਡੇ ਹੋਰ ਦਿੱਤੇ ਗਏ। ਮਾਣੂ ਨੇ ਠੰਢੂ ਰਾਮ ਬਣਨਾ ਸੀ ਤੇ ਘੋਲੇ ਨੇ ਠੁਣੀਆ ਰਾਮ। ਮਨਦੀਪ ਨੂੰ ਫੌਜਾ ਸਿੰਘ ਦਾ ਰੋਲ ਕਰਨ ਲਈ ਦਿੱਤਾ ਗਿਆ ਤੇ ਸੁਜ਼ਾਨ ਸਿੰਘ ਖੁਦ ਭਾਈਆ ਜੀ ਬਣਿਆ। ਪੂਰੇ ਬਾਲ ਦਰਬਾਰ ਵਿੱਚ ਦਿਹਾਤੀ ਪ੍ਰੋਗਰਾਮ ਬਣਾਕੇ ਏਨੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਮਾਸਟਰਾਂ ਸਮੇਤ ਨਿਆਣਿਆਂ ਦੀਆਂ ਵੀ ਹੱਸ ਹੱਸ ਕੇ ਵੱਖੀਆਂ ਟੁੱਟ ਗਈਆਂ। ਮਨਦੀਪ ਦਾ ਰੋਲ ਐਨਾ ਵਧੀਆ ਸੀ ਕਿ ਸਾਰਾ ਸਕੂਲ ਹੀ ਉਸ ਨੂੰ ਫੌਜਾ ਸਿੰਘ ਕਹਿਣ ਲੱਗ ਪਿਆ। ਹੁਣ ਉਹ ਰੋਜ਼ ਦਿਹਾਤੀ ਪ੍ਰੋਗਰਾਮ ਸੁਣਨ ਲੱਗਿਆ।

ਇੱਕ ਦਿਨ ਉਸਦਾ ਜੀ ਕੀਤਾ ਕਿ ਅਸਲ ਫੌਜਾ ਸਿੰਘ ਨੂੰ ਚਿੱਠੀ ਲਿਖ ਕੇ ਪਾਵੇ। ਉਹਦੇ ਤੋਂ ਰਿਹਾ ਨਾ ਗਿਆ ਬਾਕੀ ਸਰੋਤਿਆਂ ਦੀ ਤਰ੍ਹਾਂ ਉਸ ਨੇ ਵੀ ਦਿਹਾਤੀ ਪਰੋਗਰਾਮ ਨੂੰ ਖ਼ਤ ਲਿਖ ਦਿੱਤਾ। ਜਿਸ ਦਾ ਜਵਾਬ ਅਜੇ ਅਗਲੇ ਸ਼ੁੱਕਰਵਾਰ ਨੂੰ ਮਿਲਣਾ ਸੀ। ਉਸਨੇ ਆਪਣੇ ਫੌਜੀ ਮਾਮੇ ਦਾ ਟਿਕਟ ਲੱਗਿਆ ਇੱਕ ਲਫਾਫਾ ਚੁਰਾਇਆ ਤੇ ਚਿੱਠੀ ਉਸ ਵਿੱਚ ਬੰਦ ਕਰ ਦਿੱਤੀ। ਉਹ ਪਿੰਡ ਦੇ ਦਰਵਾਜ਼ੇ ਸਾਹਮਣੇ ਲੱਗੇ ਲਾਲ ਡਾਕ ਬਕਸੇ ਵਿੱਚ ਚਿੱਠੀ ਪਾਉਣ ਹੀ ਲੱਗਾ ਸੀ ਕਿ ਉੱਧਰੋਂ ਉਸ ਦਾ ਹਰਜੀਤ ਮਾਮਾ ਸਾਈਕਲ ਤੇ ਆ ਗਿਆ। ਤੇ ਉਸ ਦੀ ਚੋਰੀ ਫੜੀ ਗਈ। ਮਾਮਾ ਇਸ ਨਵੀਂ ਇੱਲਤ ਕਰਕੇ ਉਸ ਨੂੰ ਕੰਨੋਂ ਫੜ ਕੇ ਘਰ ਲੈ ਆਇਆ। ਸਾਰੇ ਟੱਬਰ ਨੂੰ ਇਕੱਠਾ ਕਰਕੇ ਉਸ ਨੇ ਚਿੱਠੀ ਪੜ੍ਹ ਕੇ ਸੁਣਾਈ। ਜਿਸ ਵਿੱਚ ਇੱਕ ਗੀਤ ਦੀ ਵੀ ਫਰਮਾਇਸ਼ ਕੀਤੀ ਗਈ ਸੀ, “ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ ਦਾ” ਜਿਸ ਨੂੰ ਸੁਣ ਕੇ ਲੰਬੜਦਾਰ ਸੰਤਾ ਸਿਉਂ ਤੈਸ਼ ਵਿੱਚ ਆਂਉਦਾ ਬੋਲਿਆ, “ਕਰਾਲੋ ਪੜ੍ਹਾਈਆਂ ਅਜੇ ਜੰਮੇ ਹੈ ਨੀ ਗੱਲਾਂ ਕਰਦੇ ਨੇ ਹੀਰਾਂ ਦੀਆਂ...ਏਹਦੇ ਪਿਉ ਨੂੰ ਦੱਸੋ ਏਹਦੀ ਕਰਤੂਤ”

ਮਨਦੀਪ ਤਾਂ ਜਿਵੇਂ ਸ਼ਰਮ ਦਾ ਮਾਰਿਆ ਧਰਤੀ ਵਿੱਚ ਨਿੱਘਰਦਾ ਜਾ ਰਿਹਾ ਹੋਵੇ। ਫੇਰ ਉਸ ਦੇ ਮਾਮੇ ਨੇ ਏਸੇ ਗਲਤੀ ਪਿੱਛੇ ਉਸ ਦੇ ਲੱਤਾਂ ਹੇਠੋਂ ਕੰਨ ਫੜਾ ਕੇ ਮੁਰਗ਼ਾ ਬਣਾਇਆ ਸੀ ਤੇ ਤੀਹ ਡੰਡ ਬੈਠਕਾਂ ਕਢਵਾਈਆਂ ਸਨ। ਜਿਵੇਂ ਮਨ ਵਿੱਚ ਫੁੱਟੀ ਇੱਕ ਕਰੂਬਲ ਨੂੰ ਮਸਲ ਦਿੱਤਾ ਗਿਆ ਹੋਵੇ।

ਮਨਦੀਪ ਦੀ ਉਦਾਸੀ ਉਦੋਂ ਦੂਰ ਹੋਈ ਜਦੋਂ ਸ਼ਾਮ ਨੂੰ ਉਸ ਦਾ ਦਾਦਾ ਚੰਦ ਸਿੰਘ ਉਸ ਲੈਣ ਆ ਗਿਆ। ਦੂਸਰੇ ਦਿਨ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਸਨ। ਰਾਤ ਨੂੰ ਚੰਦ ਸਿਉਂ ਰਣੀਏ ਹੀ ਰਿਹਾ। ਮਨਦੀਪ ਦੇ ਮਨ ਵਿੱਚ ਏਹੋ ਡਰ ਬਣਿਆ ਰਿਹਾ ਕਿ ਉਸਦਾ ਨਾਨਾ ਜਾਂ ਮਾਮਾ ਉਸਦੇ ਦਾਦੇ ਕੋਲ ਚਿੱਠੀ ਵਾਲੀ ਸ਼ਕਾਇਤ ਲਗਾਏਗਾ। ਪਰ ਅਜਿਹਾ ਹੋਇਆ ਨਹੀਂ।

ਉਸਦਾ ਬਾਬਾ ਚੰਦ ਸਿਉਂ ਜਦੋਂ ਵੀ ਪਿੰਡ ਆਂਉਦਾ ਤਾਂ ਉਸਦੇ ਪਰਨੇ ਦੇ ਲੜ ਇੱਕ ਪੁਸਤਕ ਬੰਨੀ ਹੁਦੀ। ਇਹ ਕਵਿਤਾਵਾਂ ਦੀ ਪੁਸਤਕ ਸੀ ਜੋ ਉਸਦੇ ਪੁੱਤਰ ਨੇ ਕਦੇ ਲਿਖੀਆਂ ਸਨ। ਜਿਸਦਾ 1947 ਦੇ ਦੰਗਿਆਂ ਵਿੱਚ ਕਤਲ ਹੋ ਗਿਆ ਸੀ। ਇਸ ਕਤਲ ਨੇ ਚੰਦ ਸਿੰਘ ਨੂੰ ਜਿਵੇਂ ਕਮਲਾ ਕਰ ਕੇ ਰੱਖ ਦਿੱਤਾ ਸੀ। ਉਹ ਜਿੱਥੇ ਵੀ ਬੈਠਦਾ ਆਪਣੇ ਪੁੱਤਰ ਜਗਮੋਹਣ ਦੀ ਗੱਲ ਛੇੜ ਲੈਂਦਾ ਤੇ ਫੇਰ ਉਹ ਪੁਸਤਕ ਦਿਖਾਉਣ ਲੱਗ ਪੈਂਦਾ। ਪੁਤਕ ਦਾ ਨਾਂ ਸੀ ‘ਸਰਹਿੰਦ ਕਿਨਾਰੇ’ ਜਿਸ ਦੀਆਂ ਸਾਰੀਆਂ ਕਵਿਤਾਵਾਂ ਨਹਰਿ ਸਰਹਿੰਦ ਕਿਨਾਰੇ ਬੈਠ ਕੇ ਲਿਖੀਆਂ ਗਈਆਂ ਸਨ। ਮਨਦੀਪ ਨੇ ਪਹਿਲੀ ਵਾਰੀ ਇਸ ਪੁਸਤਕ ਨੂੰ ਹੱਥ ਲਾ ਕੇ ਤੱਕਿਆ। ਉਸਦੀ ਦਾਦੀ ਬੇਅੰਤ ਕੌਰ ਵੀ ਪੁਤਕ ਦੇ ਪਹਿਲੇ ਪੇਜ਼ ਤੇ ਬਣੀ ਆਪਣੇ ਪੁੱਤਰ ਦੀ ਫੋਟੋ ਵੇਖ ਕੇ ਰੋਂਦੀ ਰਹਿੰਦੀ। ਪਰ ਸੰਤਾ ਸਿੰਘ ਦੇ ਟੱਬਰ ਵਿੱਚ ਇਹ ਕਵਿਤਾਵਾਂ ਸਿਰਫ ਵਾਧੂ ਦੀਆਂ ਦੁਨਿਆਵੀ ਗੱਲਾਂ ਸਨ। ਉਨ੍ਹਾਂ ਲਈ ਤਾਂ ਗੁਰਬਾਣੀ ਹੀ ਸਭ ਕੁੱਝ ਸੀ। ਉਹ ਤਾਂ ਸਗੋਂ ਚੰਦ ਸਿੰਘ ਦੀਆਂ ਗੱਲਾਂ ਦਾ ਵੀ ਮਖੌਲ ਉਡਾਉਂਦੇ।

ਦੰਗਿਆਂ ਦਾ ਦਰਦ ਤਾਂ ਭਾਵੇਂ ਸੰਤਾ ਸਿੰਘ ਨੇ ਵੀ ਹੰਢਾਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਕਿਵੇਂ ਲੋਕਾਂ ਦੇ ਪੁੱਤਾਂ ਨੂੰ ਨੇਜ਼ਿਆਂ ਨਾਲ ਕੋਹ ਕੋਹ ਕੇ ਮਾਰਿਆ ਗਿਆ ਸੀ। ਨਹਿਰ ਸਰਹਿੰਦ ਵਿੱਚ ਉਦੋਂ ਲਾਸ਼ਾਂ ਹੀ ਲਾਸ਼ਾਂ ਤੈਰਦੀਆਂ ਉਸ ਨੇ ਤੱਕੀਆਂ ਸਨ। ਮੁਸਾਫਰਾਂ ਦੀਆਂ ਭਰੀਆਂ ਰੇਲਾਂ ਵੱਢੀਆਂ ਗਈਆਂ ਸਨ। ਉਹ ਕਿੰਨੇ ਹੀ ਮੁਸਲਮਾਨ ਪਰਿਵਾਰਾਂ ਨੂੰ ਬਚਾ ਕੇ ਕੈਂਪਾਂ ਤੱਕ ਛੱਡ ਕੇ ਆਇਆ ਸੀ। ਹੁਣ ਵਕਤ ਨੇ ਜ਼ਖਮਾਂ ਦਾ ਦਰਦ ਘਟਾ ਦਿੱਤਾ ਸੀ। ਪਰ ਚੰਦ ਸਿੰਘ ਦੇ ਤਾਂ ਇਹ ਜ਼ਖਮ ਅਜੇ ਵੀ ਰਿਸਦੇ ਸਨ। ਆਪਣੇ ਪੁੱਤਰ ਦੀ ਹਿੱਕ ‘ਚ ਗੱਡਿਆ ਨੇਜ਼ਾ ਅਜੇ ਵੀ ਉਸ ਨੂੰ ਆਪਣੇ ਜਿਸਮ ਵਿੱਚ ਖੁੱਭਿਆ ਮਹਿਸੂਸ ਹੁੰਦਾ ਸੀ।

ਮਨਦੀਪ ਜਦੋਂ ਆਪਣੇ ਦਾਦੇ ਦੇ ਸਾਈਕਲ ਨੂੰ ਲੱਗੇ ਕੈਰੀਅਰ ਤੇ ਬੈਠਾ ਨਹਿਰੋ ਨਹਿਰ ਪਿੰਡ ਵਲ ਜਾ ਰਿਹਾ ਸੀ ਤਾਂ ਪਹਿਲੀ ਵਾਰੀ ਉਸਨੇ ਆਪਣੇ ਬਾਬਾ ਜੀ ਤੋਂ ਤਾਇਆ ਜਗਮੋਹਨ ਸਿੰਘ ਅਤੇ ਉਸਦੀ ਪੁਸਤਕ ਬਾਰੇ ਸਵਾਲ ਵੀ ਪੁੱਛੇ । ਉਸ ਨੇ ਵੀ ਵੱਡਾ ਹੋਕੇ ਕਵਿਤਾ ਲਿਖਣ ਦੀ ਸੋਚੀ। ਪਰ ਕੱਲ ਲਿਖੀ ਚਿੱਠੀ ਨੇ ਜੋ ਉਸ ਦੀ ਬੇਇਜ਼ਤੀ ਕਰਵਾਈ ਸੀ ਉਸ ਨੂੰ ਯਾਦ ਕਰਕੇ ਲੱਗਿਆ ਜਿਵੇ ਸੁਆਦਲੇ ਖਾਣੇ ਵਿੱਚ ਕੋਈ ਰੋੜ ਆ ਗਿਆ ਹੋਵੇ। ਪਰ ਉਸ ਨੂੰ ਤੋਰਨ ਵੇਲੇ ਜਿਸ ਤਰ੍ਹਾਂ ਨਾਨੀ ਨੇ ਉਸ ਦੀਆਂ ਮੀਢੀਆਂ ਗੁੰਦ ਕੇ ਰੁਮਾਲ ਬੰਨਿਆ ਸੀ। ਨਾਨਾ ਸੰਤਾ ਸਿਉਂ ਨੇ ਸਿਰ ਪਲੋਸ ਕੇ ਹੱਥ ਰੁਪਈਆ ਫੜਾਇਆ ਸੀ। ਉਹ ਇਸ ਅਪਣੱਤ ਨਾਲ ਸਾਰਾ ਕੁੱਝ ਭੁੱਲ ਗਿਆ। ਉਸੇ ਵਕਤ ਨੀਂਦ ਨੇ ਝੂਟਾ ਮਾਰਿਆ ਤੇ ਉਹ ਪਿੱਛੇ ਨੂੰ ਉੱਲਰ ਗਿਆ ਤੇ ਨਾਲ ਹੀ ਸਾਈਕਲ ਵੀ ਉੱਲਰ ਕੇ ਡਿੱਗ ਗਿਆ। ਚੰਦ ਸਿਉਂ ਪਿਆਰ ਨਾਲ ਆਖ ਰਿਹਾ ਸੀ ‘ਉੱਠ ਮੇਰੀ ਡੱਡ ਕੀੜੀ ਦਾ ਆਟਾ ਡੁੱਲ ਗਿਅ’ ਜੇ ਫੇਰ ਨੀਂਦ ਆ ਗਈ ਤਾਂ ਸਾਈਕਲ ਦੇ ਗਜ਼ਾਂ ‘ਚ ਪੈਰ ਆਜੂ ਆ ਜਾ ਡੰਡੇ ਤੇ ਹੈਂਡਲ਼ ਫੜ ਕੇ ਬੈਠ ਜਾਂ। ਮੈਂ ਚੁਭਣ ਤੋਂ ਡੰਡੇ ਤੇ ਪਰਨਾ ਬੰਨ ਦਿੰਦਾ ਆ” ਤੇ ਉਹ ਫੇਰ ਅੱਗੇ ਚੱਲ ਪਏ। ਕੱਚੇ ਰਸਤੇ ‘ਚ ਸਾਈਕਲ ਰੋਹੜ ਪਿਆ ਜਾ ਰਿਹਾ ਸੀ।

ਅੱਗੇ ਉਨ੍ਹਾਂ ਨਹਿਰ ਸਰਹਿੰਦ ਕਿਸ਼ਤੀ ਰਾਹੀ ਪਾਰ ਕਰਨੀ ਸੀ ਚੰਦ ਸਿੰਘ ਨੇ ਪਹਿਲਾਂ ਮਨਦੀਪ ਨੂੰ ਤੇ ਫੇਰ ਆਪਣੇ ਸਾਈਕਲ ਨੂੰ ਕਿਸ਼ਤੀ ਤੇ ਚੜ੍ਹਾ ਲਿਆ। ਸੰਗਲ ਕਸ ਕੇ ਜਦੋਂ ਕਿਸ਼ਤੀ ਨੂੰ ਹੋੜਾ ਲਾਇਆ ਤਾਂ ਕਿਸ਼ਤੀ ਪਾਣੀ ਦੇ ਦੂਸਰੇ ਕਿਨਾਰੇ ਨੂੰ ਤੈਰਨ ਲੱਗੀ। ਮਨਦੀਪ ਹੈਰਾਨ ਹੋ ਕੇ ਵਗਦੇ ਪਾਣੀ ਨੂੰ ਦੇਖ ਰਿਹਾ ਸੀ। ਚੰਦ ਸਿੰਘ ਆਖ ਰਿਹਾ ਸੀ, “ਕਾਕਾ ਇਹ ਤਾਂ ਕੀ ਪਾਣੀ ਹੈ ਮੈਂ ਤਾਂ ਸੈਕਿੰਡ ਵਰਲਡ ਵਾਰ ਵਿੱਚ ਸਮੁੰਦਰ ਦਾ ਸਫਰ ਵੀ ਕੀਤਾ ਤੀ। ਸਮੁੰਦਰ ਜਿਹਦਾ ਕੋਈ ਕੰਢਾ ਹੀ ਨੀ ਦੀਂਹਦਾ। ਇਹ ਸਾਰੀਆਂ ਨਹਿਰਾਂ ਵੀ ਤਾਂ ਸਮੁੰਦਰ ‘ਚ ਜਾ ਕੇ ਹੀ ਡਿੱਗਦੀਆਂ ਨੇ। ਸਹੁਰੀ ਦੇ ਲੋਕ ਤਾਂ ਇਸੇ ਨਹਿਰ ਨੂੰ ਦੇਖ ਦੇਖ ਹੈਰਾਨ ਹੋਈ ਜਾਂਦੇ ਨੇ” ਫੇਰ ਉਹ ਦੂਜੀ ਘਾਟ ਤੇ ਪਹੁੰਚ ਸਾਈਕਲ ਉਤਾਰ ਰਹੇ ਸਨ। ਮਨਦੀਪ ਨੂੰ ਚੰਦ ਸਿੰਘ ਨੇ ਬਾਂਹ ਫੜ ਕੇ ਉਤਾਰਿਆ। ਕਿਸ਼ਤੀ ਫੇਰ ਕਾਲੇ ਘੱਗਰਿਆਂ ਵਾਲੀਆਂ ਬੁੱਢੀਆਂ ਨਾਲ ਭਰ ਗਈ ਜੋ ਕਿਤੇ ਮਕਾਣ ਜਾ ਕੇ ਆਈਆਂ ਸਨ। ਇੱਕ ਨਵ ਵਿਆਹੀ ਜੋੜੀ ਵੀ ਦਾਜ ‘ਚ ਮਿਲਿਆ ਨਵਾ ਸਾਈਕਲ ਵੀ ਕਿਸ਼ਤੀ ਤੇ ਚੜ੍ਹਾ ਰਹੀ ਸੀ। ਔਰਤ ਨੇ ਹੁਣ ਸਹੁਰਿਆਂ ਦੀ ਜੂਹ ਵਿੱਚ ਆ ਕੇ ਘੁੰਡ ਕੱਢ ਲਿਆ ਸੀ। ਇੱਕ ਹੋਰ ਬੰਦ ਆਖ ਰਿਹਾ ਸੀ “ਬਈ ਜਲਦੀ ਸੰਗਲ ਛੱਡ ਮੈਂ ਤਾਂ ਲੇਟ ਹੁਨੈ। ਕਿਸ਼ਤੀ ਹੁਣ ਦੂਜੇ ਪਾਸੇ ਨੂੰ ਨਹਿਰ ਚੀਰਦੀ ਜਾ ਰਹੀ ਸੀ। ਦਾਦਾ ਪੋਤਾ ਸਾਈਕਲ ਤੇ ਆਪਣੀ ਮੰਜ਼ਿਲ ਵਲ ਨੂੰ ਵਧ ਰਹੇ ਸਨ। ਰਸਤੇ ਵਿੱਚ ਚੰਦ ਸਿਉਂ ਨੇ ਬਹੁਤ ਗੱਲਾਂ ਸੁਣਾਈਆਂ, ਚੜੇ ਹੋਏ ਪਾਣੀ ਦੀਆਂ, ਗੰਧਲੇ ਹੋਏ ਪਾਣੀ ਦੀਆਂ।ਆਪਣੇ ਸਮੁੰਦਰੀ ਸਫਰ ਦੀਆਂ, ਸਾਈਕਲ ਸਿੱਖਣ ਦੀਆਂ ਤੇ ਜਗਮੋਹਣ ਸਿਉਂ ਦੀਆਂ।

ਰਸਤੇ ਵਿੱਚ ਚਿੜੀਆਂ ਘੁਟਾਰਾਂ ਘੁੱਗੀਆਂ ਤੇ ਮੋਰ ਬੋਲ ਰਹੇ ਸਨ। ਉਹ ਦਰਖਤਾ ਦੀ ਛਾਵੇਂ ਦਮ ਲੈ ਕੇ ਫੇਰ ਅੱਗੇ ਚੱਲ ਪੈਂਦੇ। ਮਨਦੀਪ ਗੱਲਾਂ ਦਾ ਹੁੰਗਾਰਾ ਭਰਦਾ ਜਾ ਰਿਹਾ ਸੀ। ਫੇਰ ਸਾਈਕਲ ਨਹਿਰ ਤੋਂ ਉੱਤਰ ਕੱਚੇ ਰਸਤੇ ਪੈ ਗਿਆ ਤਾਂ ਚੰਦ ਸਿਉਂ ਬਲਿਆ “ਲੈ ਆ ਗਿਆ ਆਪਣਾ ਪਿੰਡ, ਸਹੁਰੀ ਦਿਆ ਕਿਤੇ ਥੱਕ ਤਾਂ ਨੀ ਗਿਆ...” ਪਰ ਮਨਦੀਪ ਤਾਂ ਅਜੇ ਵੀ ਉਸ ਸਮੁੰਦਰ ਬਾਰੇ ਹੀ ਸੋਚ ਰਿਹਾ ਸੀ ਜਿਸ ਵਿੱਚ ਹਜ਼ਾਰਾਂ ਨਦੀਆਂ ਸਮਾ ਜਾਂਦੀਆਂ ਨੇ। ਜਿਸ ਦਾ ਕੰਢਾ ਕਿਤੇ ਵੀ ਨਜ਼ਰ ਨਹੀਂ ਆਂਉਦਾ। ਉਸ ਦਾ ਸਮੁੰਦਰ ਦੇਖਣ ਨੂੰ ਮਨ ਉੱਠਿਆ ਪਿਆ ਸੀ। ਸਾਈਕਲ ਦੀ ਟੱਲੀ ਨੇ ਉਸ ਦੀ ਬਿਰਤੀ ਤੋੜੀ। ਉਹ ਆਪਣੇ ਘਰ ਦੇ ਸਾਹਮਣੇ ਖੜੇ ਸਨ, ਤੇ ਚੰਦ ਸਿੰਘ ਉਸ ਨੂੰ ਸਾਈਕਲ ਤੋਂ ਉਤਰਨ ਲਈ ਆਖ ਰਿਹਾ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com