WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 30

ਸਮੁੰਦਰ ਮੰਥਨ (PDF, 568KB)    


ਸਵੇਰ ਦਾ ਵਕਤ ਸੀ। ਅਜੇ ਨੌਂ ਹੀ ਵੱਜੇ ਹੋਣਗੇ। ਕਿਸੇ ਓਪਰੇ ਵਿਅੱਕਤੀ ਨੇ ਵੀਹੀ ਵਿੱਚ ਸਾਈਕਲ ਰੋਕ ਕੇ ਲੰਬੜਦਾਰ ਸੰਤਾ ਸਿਉਂ ਦਾ ਘਰ ਪੁੱਛਿਆ। ਉਸ ਵਕਤ ਮਹਿਤਾਬ ਕੌਰ ਚਿੜੀਆਂ ਨੂੰ ਰੋਟੀ ਪਾ ਰਹੀ ਸੀ। ਉਹ ਬੋਲੀ “ਹਾਂ ਭਾਈ ਏਹ ਹੀ ਘਰ ਆ ਕੋਈ ਕੰਮ ਤੀ?” ਤਾਂ ਅੱਗੋਂ ਬੰਦਾ ਬੋਲਿਆ “ਜੀ ਮੈਂ ਰਤਨ ਸਿੰਘ ਹਾਂ। ਰਾਮਪੁਰੇ ਤੋਂ ਆਇਆ ਹਾਂ। ਕਾਕੇ ਮਨਦੀਪ ਸਿਉਂ ਬੜਾ ਦਾਦਾ ਸ: ਗੁਲਾਬ ਸਿਉਂ ਰਾਤ ਚੜ੍ਹਾਈ ਕਰ ਗਿਆ”

ਮਹਿਤਾਬ ਕੌਰ ਤਾਂ ਜਿਵੇਂ ਸੁੰਨ ਜਿਹੀ ਹੋ ਗਈ ਤੇ ਉਸ ਨੇ ਰੋਟੀ ਭੋਰਨੀ ਉੱਥੇ ਹੀ ਬੰਦ ਕਰ ਦਿੱਤੀ, “ਹੈਂ ਹੈਂ ਵੇ ਭਾਈ ਉਹ ਤਾਂ ਚੰਗੇ ਭਲੇ ਤੀ…? ਬਿਮਾਰ ਠਮਾਰ ਤਾਂ ਸੁਣੇ ਨੀ। ਇਹ ਕੀ ਭਾਣਾ ਵਰਤ ਗਿਆ?” ਰਤਨ ਸਿੰਘ ਬੋਲਿਆ “ਜੀ ਰੱਬ ਦੇ ਘਰੋਂ ਸੱਦਾ ਆਉਣ ਨੂੰ ਕੇਹੜਾ ਡੇਰ ਲੱਗਦੀ ਆ? ਸਾਰੀ ਰਾਤ ਘੁਲਾੜੀ ਵਿੱਚ ਗੰਨੇ ਲਾਉਂਦਾ ਰਿਹੈ। ਵੱਡੇ ਤੜਕੇ ਚੰਗੀ ਭਲੀ ਚਾਹ ਪੀਤੀ ਆ। ਬੱਸ ਬੈਠਾ ਬੈਠਾ ਹੀ ਲੁੜਕ ਗਿਆ। ਨਾਂ ਕੋਈ ਹਾਕ ਮਾਰੀ, ਨਾਂ ਤਕਲੀਫ ਹੋਈ। ਜੋ ਉੱਪਰ ਵਾਲੇ ਨੂੰ ਮਨਜੂਰ ਆ, ਉਹ ਹੀ ਹੋਣੈ”

ਸਿਰ ਦੀ ਚੁੰਨੀ ਸੰਵਾਰਦੀ ਮਹਿਤਾਬ ਕੁਰ ਨੇ ਕਿਹਾ, “ਭਾਈ ਬੜੀ ਮਾੜੀ ਗੱਲ ਹੋਈ ਆ। ਏਨਾਂ ਦੇ ਬਾਪੂ ਨੂੰ ਬੁਲਾ ਕੇ ਲਿਆਉਨੇ ਆ। ਆ ਭਾਈ ਤੂੰ ਅੰਦਰ ਬੈਠ। ਚਾਹ ਪਾਣੀ ਪੀ। ਸਵੇਰ ਦਾ ਭੁੱਖਾ ਤਿਹਾਇਆ ਹੋਵੇਂਗਾ। ਹਾਜ਼ਰੀ ਦੀ ਰੋਟੀ ਬਣਦੀ ਆ। ਲੱਸੀ ਪੀ ਕੇ ਪ੍ਰਸ਼ਾਦਾ ਛਕ। ਜਦ ਨੂ ਆ ਜਾਣਗੇ”

ਰਤਨ ਸਿੰਘ ਬੋਲਿਆ “ਕਿੱਥੇ ਮਾਸੀ ਮੈਂ ਤਾਂ ਮਨਦੀਪ ਨੂੰ ਲੈ ਕੇ ਜਾਣੈ। ਜਾਂਦੀ ਵਾਰ ਦਾਦੇ ਦਾ ਮੂੰਹ ਦੇਖ ਲੂ। ਤੁਸੀਂ ਦਾਗ ਵੇਲੇ ਨੂੰ ਬਾਅਦ ‘ਚ ਆ ਜਾਇਉ। ਸ਼ਾਮ ਨੂੰ ਤਿੰਨ ਕੁ ਵਜੇ ਦਾਗ ਦੇਣਾ ਏਂ। ਅਜੇ ਕੁੜੀਆਂ ਨੇ ਵੀ ਆਂਉਣੈ। ਉਧਰ ਵੀ ਬੰਦਾ ਭੇਜਿਆ ਹੋਇਆ। ਤੁਸੀਂ ਮੁੰਡੇ ਨੂੰ ਤਿਆਰ ਕਰ ਦਉ, ਜਾਂਦੀ ਵਾਰ ਵਿਚਾਰਾ ਵੱਡੇ ਦਾਦੇ ਦਾ ਮੂੰਹ ਦੇਖ ਲੂ”

ਐਤਵਾਰ ਹੋਣ ਕਰਕੇ ਮਨਦੀਪ ਸਕੂਲ ਨਹੀਂ ਸੀ ਗਿਆ। ਵਿਹੜੇ ਵਿੱਚ ਹੀ ਧਰਮੂ ਨਾਲ ਬੰਟੇ ਖੇਡ ਰਿਹਾ ਸੀ। ਛੁੱਟੀ ਵਾਲੇ ਦਿਨ ਉਹ ਏਸੇ ਤਰਾਂ ਕਦੇ ਵੀਹੀਆਂ ਵਿੱਚ ਰੇਹੜੇ ਭਜਾਈਂ ਫਿਰਦੇ ਤੇ ਕਦੀ ਬੰਟੇ ਖੇਡਦੇ ਰਹਿੰਦੇ। ਜਾਂ ਫੇਰ ਕਦੀ ਤਾਂਸ਼ ਖੇਡਦਿਆਂ ਕੋਲ, ਦਰਵਾਜ਼ੇ ਜਾ ਬੈਠਦੇ। ਹੁਣ ਵੀ ਉਹ ਪਿੱਲ ਚੋਟ ਖੇਡ ਰਹੇ ਸਨ ਕਿ ਮਤਿਾਬ ਕੌਰ ਨੇ ਆਕੇ ਘੇਰ ਲਏ “ ਨਾ ਐਧਰ ਤੁਸੀਂ ਬੰਟੇ ਖੇਡਦੇ ਓਂ, ਔਧਰ ਤੇਰੇ ਦਾਦਕਿਆਂ ਤੋਂ ਬੰਦਾ ਆਇਆ ਬੈਠੈ…। ਵੇ ਤੇਰਾ ਵੱਡਾ ਬਾਬਾ ਚੜ੍ਹਾਈ ਕਰ ਗਿਆ...। ਬੰਦਾ ਤੈਨੂੰ ਲੈਣ ਆਇਆ…। ਚੱਲ ਮੇਰਾ ਪੁੱਤ ਜਾ ਕੇ ਤਿਆਰ ਹੋ ਛੇਤੀ...” ਉਸ ਨੇ ਮਨਦੀਪ ਨੂੰ ਬੁੱਕਲ ਵਿੱਚ ਲੈਂਦਿਆਂ ਕਿਹਾ।

ਫੇਰ ਮਹਿਤਾਬ ਕੌਰ ਨੇ ਵੀਹੀ ਵਿੱਚ ਲੰਘੇ ਜਾਂਦੇ ਪੰਡਿਤਾਂ ਦੇ ਮੰਗਤੂ ਨੂੰ ਹਾਕ ਮਾਰ ਕੇ ਕਿਹਾ, “ਮੰਗਤ ਰਾਮਾਂ ਦੇਖੀਂ ਪੁੱਤ ਐਥੇ ਤੇਰਾ ਤਾਇਆ ਕਿਤੇ ਗੋਰੇ ਜਾ ਗੁਰਦੁਵਾਰੇ ਮੂਹਰੇ ਬੈਠਾ ਹੋਊ, ਉਹਨੂੰ ਕਹੀਂ ਕੇ ਵਾਂਡੇ ਤੋਂ ਕੋਈ ਬੰਦਾ ਜਰੂਰੀ ਦਵਾਦਾ ਲੈ ਕੇ ਆਇਐ। ਸੁਣਦੀ ਸਾਰ ਘਰ ਨੂੰ ਆ ਜਾਵੇ” ਮੰਗਤੂ “ਅੱਛਾ ਤਾਈ” ਕਹਿ ਅੱਗੇ ਲੰਘ ਗਿਆ।

ਫੇਰ ਸਾਰੇ ਟੱਬਰ ਨੇ ਮਨਦੀਪ ਨੂੰ ਫਟਾ ਫਟ ਤਿਆਰ ਕੀਤਾ। ਹਰਦੇਵ ਕੌਰ ਜੋ ਹਵੇਲੀ ‘ਚ ਪਸ਼ੂਆਂ ਦੀਆਂ ਧਾਰਾਂ ਕੱਢਣ ਗਈ ਸੀ, ਉਸ ਨੇ ਆ ਕੇ ਰੋਣਾ ਸ਼ੁਰੂ ਕਰ ਦਿੱਤਾ। ਏਨੀ ਦੇਰ ਨੂੰ ਸੰਤਾ ਸਿਉਂ ਵੀ ਘਰ ਆ ਗਿਆ। ਰਤਨ ਸਿਉਂ ਰੋਂਦਿਆਂ ਨੂੰ ਸਮਝਾ ਰਿਹਾ ਸੀ “ਕਿ ਚਲੋ ਭਾਈ ਕੁਦਰਤ ਦਾ ਭਾਣਾ ਹੈ, ਜੋ ਮੰਨਣਾ ਹੀ ਪੈਣਾ ਏਂ। ਨਾਲੇ ਬਜੁਰਗ ਨੇ ਉਮਰ ਭੋਗੀ ਹੋਈ ਤੀ। ਇੱਕ ਨਾ ਇੱਕ ਦਿਨ ਤਾਂ ਸਭਨਾ ਨੇ ਹੀ ਜਾਣਾ ਏ” ਸੰਤਾ ਸਿੰਘ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਫੇਰ ਪੁੱਛਣ ਲੱਗਾ, “ਇਹ ਭਾਣਾ ਵਰਤਿਆ ਕਿਵੇਂ?” ਰਤਨ ਸਿਉਂ ਬੋਲਿਆ “ਤਾਇਆ ਹੌਲਦਾਰ ਚੰਗਾ ਭਲਾ ਸੀ। ਕੱਲ ਸਾਰਾ ਦਿਨ ਘੁਲਾੜੀ ‘ਚ ਗੰਨੇ ਲਾਉਂਦਾ ਰਿਹਾ, ਰੱਜ ਕੋ ਰੋਟੀ ਵੀ ਖਾਧੀ। ਕੋਈ ਬਿਮਾਰ ਨਾ ਠੁਮਾਰ। ਸਵੇਰੇ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਜਦ ਪਿਸ਼ਾਬ ਕਰਨ ਬੈਠਿਆ ਬੱਸ ਉਥੇ ਹੀ ਲੁੜਕ ਗਿਆ। ਮੈਨੂੰ ਤਾਂ ਲੱਗਦੈ ਬਈ ਉਹਦਾ ਹਲਟ ਫੇਲ ਹੋ ਗਿਆ। ਨਾਲੇ ਬੰਦੇ ‘ਚ ਹੈ ਕੀ? ਸਭ ਉੱਪਰ ਵਾਲੇ ਦੇ ਹੱਥ ਆ...” ਫੇਰ ਉਹ ਕੁੱਝ ਦੇਰ ਹੋਰ ਗੱਲਾਂ ਕਰਕੇ ਮਨਦੀਪ ਲੈ ਤੁਰਿਆ।

ਹੁਣ ਦਾਗ ਤੇ ਵੀ ਜਾਣਾ ਪੈਣਾ ਸੀ। ਸੰਤਾ ਸਿੰਘ ਨੇ ਖੇਤ ਸੁਨੇਹਾ ਭੇਜ ਕੇ ਬਲਕਾਰ ਤੇ ਗੁਰਜੀਤ ਨੂੰ ਵੀ ਬੁਲਾ ਲਿਆ। ਘਰੇ ਲਾਗਣ ਨੂੰ ਬੁਲਾ ਕੇ ਪਿੰਡ ਵਿੱਚ ਸ਼ਰੀਕੇ ਦੀਆਂ ਚੁਣਵੀਆਂ ਬੁੜੀਆਂ ਨੂੰ ਦਾਗ ਲਵਾਉਣ ਜਾਣ ਦਾ ਸੱਦਾ ਭੇਜ ਦਿੱਤਾ। ਹੌਲੀ ਹੌਲੀ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਲੰਬੜਾ ਦੀ ਬਚਨੋ ਦਾ ਪਤਿਉਰਾ ਚੜ੍ਹਾਈ ਕਰ ਗਿਆ ਹੈ।

ਔਰਤਾਂ ਇਕੱਠੀਆਂ ਹੋਣ ਲੱਗੀਆਂ। ਕਾਲੇ ਸੂਫ ਦੇ ਘੱਗਰੇ ਮਹੌਲ ਨੂੰ ਉੇਦਾਸੀ ਭਰਪੂਰ ਬਣਾ ਰਹੇ ਸਨ। ਪਿੰਡ ਦੀ ਡੂਮਣੀ ਨੂੰ ਕੀਰਨੇ ਪਾਉਣ ਲਈ ਵਿਸ਼ੇਸ਼ ਤੌਰ ਤੇ ਨਾਲ ਲਿਆ ਗਿਆ। ਮਕਾਣ ਦਾ ਭਰਿਆ ਗੱਡਾ ਹੁਣ ਰਾਮਪੁਰੇ ਵਲ ਨੂੰ ਜਾ ਰਿਹਾ ਸੀ। ਗੱਡੇ ਤੇ ਬੈਠੇ ਔਰਤਾਂ ਮਰਦ ਆਪਣੇ ਵਿੱਛੜ ਗਏ ਰਿਸ਼ਤੇਦਾਰਾਂ ਦੀਆਂ ਗੱਲਾਂ ਵੀ ਕਰੀ ਜਾ ਰਹੇ ਸਨ। ਪਿੰਡ ਦੀ ਸ਼ਾਮਲਾਟ ਲੰਘਕੇ, ਉਹ ਨਹਿਰ ਦੀ ਪਟੜੀ ਤੇ ਪੈ ਗਏ। ਟਾਹਲੀਆਂ, ਤੂਤਾਂ ਤੇ ਜਾਮਣ ਦੇ ਦਰਖਤਾਂ ਦੀ ਛਾਵੇਂ ਚੱਲਦਿਆ ਦੋ ਘੰਟੇ ‘ਚ ਮਸਾਂ ਹੀ ਵਾਟ ਨਿੱਬੜੀ।

ਪਿੰਡ ਰਾਮਪੁਰੇ ਵੜਨ ਸਾਰ ਡੂੰਮਣੀ ਨੇ ਗੱਡੇ ਤੋਂ ਉੱਤਰਕੇ ਕੀਰਨਾ ਪਾਇਆ ਤੇ ਔਰਤਾਂ ਨੇ ਪਿੱਟਣਾ ਤੇ ਰੋਣਾ ਸ਼ੁਰੂ ਕੀਤਾ। ਹੋਰ ਮਕਾਣਾਂ ਵੀ ਸਿਆਪਾ ਕਰਦੀਆਂ ਆ ਰਹੀਆਂ ਸਨ। ਅੱਗੇ ਘਰ ਮਕਾਣਾਂ ਨਾਲ ਭਰਿਆ ਪਿਆ ਸੀ। ਉਹ ਔਰਤਾਂ ਜਿਨਾਂ ਕਦੇ ਗੁਲਾਬ ਸਿੰਘ ਨੂੰ ਵੇਖਿਆ ਵੀ ਨਹੀਂ ਸੀ, ਉਸ ਨੂੰ ਯਾਦ ਕਰ ਕਰ, ਇੱਕ ਦੂਜੀ ਦੇ ਗਲੇ ਮਿਲ ਮਿਲਕੇ ਕੀਰਨੇ ਪਾ ਰਹੀਆਂ ਸਨ।

ਫੇਰ ਡੂਮਣੀ ਨੇ ਲਾਈਨ ਵਿੱਚ ਖੜਾ ਕੇ ਸਿਆਪਾ ਸ਼ੁਰੂ ਕੀਤਾ ਜਿਵੇਂ ਫੌਜੀ ਪਰੇਡ ਕਰਵਾਉਂਦੇ ਹਨ। ਜੋ ਕਿਤੋਂ ਕੋਈ ਅੋਰਤ ਉੱਕਦੀ ਤਾਂ ਉਹ ਟੁੱਟ ਕੇ ਪੈਂਦੀ। ਔਰਤਾਂ ਬੋਲ ਚੁੱਕਦੀਆਂ ‘ਰੰਗਲਾ ਜਹਾਨ ਛੱਡ ਕਿੱਥੇ ਤੁਰ ਗਿਆ ਵੇ ਬਾਗਾਂ ਦਿਆ ਮਾਲੀਆ....। ਬਾਕੀ ਦੀਆਂ ਭਿਣਕਦੀਆਂ ਮੱਖੀਆਂ ਵਾਂਗੂੰ ਭੀਂ ਭੀਂ ਕਰਦੀਆਂ ਤੇ ਪੱਟਾਂ ਤੇ ਦੁੋਹੱਥੜ ਮਾਰਦੀਆਂ। ਅਜਿਹੇ ਮਹੌਲ ‘ਚ ਕੰਧਾ ਵੀ ਰੋਅ ਉੱਠਦੀਆਂ ਨੇ ਪਰ ਸੰਤਾ ਸਿੰਘ ਬੈਠਾ ਸੋਚ ਰਿਹਾ ਸੀ ਕਿ ‘ਸਾਡਾ ਮਰਨਾ ਵੀ ਇੱਕ ਡਰਾਮਾ ਹੀ ਬਣ ਗਿਆ ਹੈ, ਤੇ ਮਸੋਸ ਇੱਕ ਦਿਖਾਵਾ’

ਗੁਲਾਬ ਸਿੰਘ ਦੀ ਮ੍ਰਿਤਕ ਦੇਹ ਨੂੰ ਨੁਹਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮੰਜੇ ਤੇ ਚਿੱਟੀ ਚਾਦਰ ਹੇਠ ਪਏ ਗੁਲਾਬ ਸਿੰਘ ਦੇ, ਮਨਦੀਪ ਸਮੇਤ ਸਾਰਿਆਂ ਨੇ ਆਖਰੀ ਦਰਸ਼ਣ ਕੀਤੇ। ਬੇਅੰਤ ਕੌਰ ਅਤੇ ਸਾਰਾ ਪਰਿਵਾਰ ਹੀ ਰੋਅ ਰਿਹਾ ਸੀ। ਉਹ ਘਰ ਦਾ ਮੁੱਖ ਪ੍ਰਬੰਧਕ ਸੀ ਜਾਂ ਧੁਰਾ ਸੀ। ਸਾਰਾ ਪਿੰਡ ਉਸ ਨੂੰ ਹੌਲਦਾਰ ਗੁਲਾਬ ਸਿੰਘ ਕਰਕੇ ਜਾਣਦਾ ਸੀ। ਕਈਆਂ ਨੇ ਦਲੇਰ ਸਿੰਘ ਨੂੰ ਯਾਦ ਕੀਤਾ, ਜੋ ਅੱਜ ਆਪਣੇ ਤਾਇਆ ਜੀ ਦਾ ਜਾਂਦੀ ਵਾਰ ਵੀ ਮੂੰਹ ਨਹੀਂ ਸੀ ਦੇਖ ਸਕਿਆ। ਉਹ ਪਿੰਡ ਦਾ ਇੱਕ ਥੰਮ ਸੀ ਜੋ ਡਿੱਗ ਪਿਆ ਸੀ। ਉਸਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਸਾਰਾ ਹੀ ਪਿੰਡ ਢੁੱਕਿਆ ਸੀ।

ਪਰ ਉਸ ਵਕਤ ਤਾਂ ਕਮਾਲ ਹੀ ਹੋ ਗਈ ਜਦੋਂ ਗੁਲਾਬ ਸਿੰਘ ਨੂੰ ਨੁਹਾਇਆ ਜਾ ਰਿਹਾ ਸੀ ਤਾਂ ਦਲੇਰ ਸਿੰਘ ਅਚਾਨਕ ਹੀ ਛੁੱਟੀ ਆ ਗਿਆ। ਆਪਣੇ ਪਿੰਡ ਦੀ ਜੂਹ ਵੜਨ ਸਾਰ ਹੀ ਉਸ ਨੂੰ ਤਾਇਆ ਜੀ ਦੀ ਮੌਤ ਦੀ ਮਨਹੂਸ ਖ਼ਬਰ ਮਿਲ ਗਈ ਸੀ। ਹੁਣ ਉਸ ਦਾ ਰੋਣ ਠੱਲਿਆ ਨਹੀਂ ਸੀ ਜਾ ਰਿਹਾ।

ਦਲੇਰ ਸਿੰਘ ਦੇ ਆਉਣ ਨੂੰ ਲੋਕ ਕੁਦਰਤ ਦਾ ਕ੍ਰਸ਼ਿਮਾ ਕਹਿ ਰਹੇ ਸਨ। ਜਿਸ ਨੇ ਅਰਥੀ ਨੂੰ ਐਨ ਮੌਕੇ ਤੇ ਆਕੇ ਮੋਢਾ ਦਿੱਤਾ। ਰਸਤੇ ‘ਚ ਘੜਾ ਭੰਨਿਆ ਗਿਆ। ਘੜਾ ਜੋ ਨਾਸ਼ਵਾਨ ਜੀਵਨ ਦਾ ਸੂਚਕ ਸੀ। ਜਿਸ ‘ਚੋ ਜੀਵਨ ਰੂਪੀ ਪਾਣੀ ਮੁੱਕ ਚੁੱਕਾ ਸੀ। ਤੇ ਇੱਕ ਸੁਨਹਿਰਾ ਯੁੱਗ ਜਿਵੇਂ ਖਤਮ ਹੋ ਗਿਆ।

ਚਿਤਾ ਨੂੰ ਅਗਨੀ ਦਿਖਾ, ਲੋਕ ਡੱਕੇ ਤੋੜ ਘਰ ਵਲ ਮੁੜ ਪਏ। ਪਰ ਯਾਦਾਂ ਕਦੋਂ ਟੁੱਟਦੀਆਂ ਨੇ। ਮਰਨ ਵਾਲਿਆ ਨਾਲ ਰਿਸ਼ਤੇ ਐਨੀ ਥੋੜੀ ਦੇਰ ‘ਚ ਕਿੱਥੇ ਮਰਦੇ ਨੇ? ਉਹ ਇਨਸਾਨ ਜਿਸ ਨੇ ਵਿਆਹ ਨਾ ਕਰਵਾਇਆ ਤੇ ਆਪਣੇ ਭਰਾ ਦੇ ਪਰਿਵਾਰ ਲਈ ਜੀਵਿਆ। ਜਿਸ ਦੇ ਮਰਨ ਨਾਲ ਉਸਦੀ ਹੋਂਦ ਦਾ ਬੂਟਾ ਵੀ ਸੁੱਕ ਜਾਣਾ ਸੀ। ਦਲੇਰ ਸਿੰਘ ਇਹ ਸੋਚ ਸੋਚ ਕਿੰਨੀਆਂ ਹੀ ਰਾਤਾਂ ਉਦਾਸ ਰਿਹਾ, ਤੇ ਸੌਂ ਨਾ ਸਕਿਆ।

ਇਸ ਵਾਰ ਦਲੇਰ ਸਿੰਘ ਦਾ ਬਚਨੋਂ ਨੂੰ ਤੇ ਬੱਚਿਆਂ ਨੂੰ ਮਿਲਣ ਦਾ ਚਾਅ ਵੀ ਵਿੱਚੇ ਹੀ ਦਮ ਤੋੜ ਗਿਆ। ਉਹ ਤਾਂ ਕਿੰਨੀਆਂ ਸਧਰਾਂ ਲੈ ਕੇ ਛੁੱਟੀ ਆਇਆ ਸੀ। ਪਰ ਹੁਣ ਕੀਰਤਪੁਰ ਫੁੱਲ ਪਾਉਣ, ਮਕਾਣਾਂ ਸਾਂਭਣ ਤੇ ਭੋਗ ਦੇ ਕੰਮਾਂ ਵਿੱਚ ਹੀ ਉਸਦੀ ਛੁੱਟੀ ਬੀਤ ਜਾਣੀ ਸੀ। ਲੋਕ ਹੁਣ ਹਰਦੁਵਾਰ ਗੰਗਾ ਤੇ ਜਾ ਕੇ ਫੁੱਲ ਪਾਉਣ ਦੀ ਬਜਾਏ ਪਤਾਲਪੁਰੀ (ਕੀਰਤਪੁਰ ਸਾਹਿਬ) ਹੀ ਜਾਣ ਲੱਗ ਪਏ ਸਨ। ਖਾਸ ਤੌਰ ਤੇ ਸਿੱਖ ਪਰਿਵਾਰ।

ਏਸੇ ਭੱਜ ਨੱਸ ਵਿੱਚ ਦਲੇਰ ਸਿੰਘ ਦਾ ਮਹੀਨਾ ਬੀਤ ਗਿਆ। ਜਾਣ ਤੋਂ ਪਹਿਲਾਂ ਉਹ ਮਨਦੀਪ ਨੂੰ ਨਾਨਕੇ ਪਿੰਡ ਛੱਡ ਆਇਆ। ਮੁੜ ਜਾਣ ਸਮੇਂ ਉਸ ਨੇ ਬਚਨੋਂ ਨੂੰ ਖੁਸ਼ਖਬਰੀ ਦਿੰਦਿਆਂ ਦੱਸਿਆ ਸੀ ਕਿ ਉਸ ਦਾ ਫੌਜੀ ਕੁਆਟਰ ਵੀ ਮਨਜੂਰ ਹੋ ਗਿਆ ਹੈ। ਤੇ ਉਸਦੀ ਬਦਲੀ ਹੁਣ ਰੁੜਕੀ ਦੀ ਹੋ ਗਈ ਹੈ। ਉਹਨੇ ਦੱਸਿਆ ਕਿ ਚਹੁੰ ਕੁ ਮਹੀਨਿਆ ਤੱਕ ਬਚਨੋ ਤੇ ਪਰਿਵਾਰ ਨੂੰ ਉਹ ਨਾਲ ਹੀ ਫੌਜ ਵਿੱਚ ਲੈ ਜਾਵੇਗਾ। ਰਘਵੀਰ ਅਤੇ ਰਵਿੰਦਰ ਅਜੇ ਛੋਟੇ ਸਨ ਪਰ ਮਨਦੀਪ ਸਭ ਕੁੱਝ ਸਮਝਣ ਲੱਗ ਪਿਆ ਸੀ। ਹੁਣ ਤਾਂ ਮਾਂ ਪਿਉ ਤੋਂ ਵਿਛੜਨਾ ਉਸ ਨੂੰ ਵੀ ਔਖਾ ਲੱਗਦਾ ਸੀ।

ਫੌਜ ਚ ਨਾਲ ਜਾਣ ਦੀ ਗੱਲ ਸੁਣ ਬਚਨੋਂ ਨਵੇਂ ਸੁਪਨਿਆਂ ਨਾਲ ਜੁੜ ਗਈ। ਹੁਣ ਉਹ ਬੱਚਿਆਂ ਬਾਰੇ ਅਤੇ ਪਤੀ ਬਾਰੇ ਸੋਚਦੀ ਰਹਿੰਦੀ। ਮਨਦੀਪ ਨੇ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਉਨ੍ਹਾਂ ਦੇ ਨਾਲ ਜਾਣਾ ਸੀ। ਦਲੇਰ ਸਿੰਘ ਤਾਂ ਛੁੱਟੀ ਕੱਟ ਕੇ ਮੁੜ ਗਿਆ। ਪਰ ਅਗਲੇ ਚਾਰ ਮਹੀਨੇ ਨਵੀਆਂ ਸੋਚਾਂ ਨਾਲ ਵਿਚਰਦਿਆਂ ਬਚਨੋਂ ਨੇ ਬੜੀ ਮੁਸ਼ਕਲ ਨਾਲ ਬਿਤਾਏ। ਸਮਾਂ ਸੀ ਕਿ ਬੱਸ ਨਿੱਕਲ ਹੀ ਗਿਆ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com