WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 32

ਸਮੁੰਦਰ ਮੰਥਨ (PDF, 568KB)    


ਰੁੜਕੀ ਆਉਣ ਨਾਲ ਬਚਨ ਕੌਰ ਦਾ ਜਿਵੇਂ ਨਵਾਂ ਜੀਵਨ ਸ਼ੁਰੂ ਹੋ ਗਿਆ ਸੀ। ਚੁਰ, ਚੁੱਲਿਆਂ ਅਤੇ ਚਿਮਟੇ ਭੂਕਨਿਆਂ ਦਾ ਖਹਿੜਾ ਛੱਡ, ਉਹ ਸਟੋਵ ਨਾਲ ਜੁੜਨ ਲੱਗੀ।ਵਮਿੱਟੀ ਦੇ ਤੇਲ ਨਾਲ ਭਰੇ ਸਟੋਵ ਨੂੰ ਚਾਰ ਪੰਜ ਪੰਪ ਮਾਰ ਉਹ ਜਦੋਂ ਤੀਲੀ ਛੁਹਾਉਂਦੀ ਤਾਂ ਅੱਗ ਦੀ ਨੀਲੀ ਲਾਟ ਜਿਹੀ ਨਿੱਕਲਦੀ। ਫੇਰ ਬੱਸ ਤਵਾ ਧਰੋ ਤੇ ਰੋਟੀ ਤਿਆਰ। ਸਲਾਭੀਆਂ ਪਾਥੀਆਂ ਨੂੰ ਫੂਕਾਂ ਮਾਰ ਮਾਰ, ਸਿਰ ਖਪਾਉਣ ਦਾ ਟੰਟਾ ਜਿਹਾ ਮੁੱਕ ਗਿਆ ਸੀ। ਪਰ ਦਲੇਰ ਸਿੰਘ ਕਹਿੰਦਾ ਕਿ ਜਿਆਦਾ ਫੂਕ ਭਰਨ ਨਾਲ ਸਟੋਵ ਫਟ ਵੀ ਜਾਂਦਾ ਹੈ। ਪੰਜਾਬ ਤੋਂ ਅਜਿਹੀਆਂ ਸਟੋਵ ਫਟਣ ਦੀਆਂ ਖਬਰਾਂ ਵੀ ਤਾਂ ਅਕਸਰ ਹੀ ਅਖ਼ਬਾਰਾਂ ਵਿੱਚ ਲੱਗਦੀਆਂ ਰਹਿੰਦੀਆਂ ਸੀ। ਪਰ ਇਨਾਂ ਵਿੱਚ ਨੂੰਹਾਂ ਹੀ ਸੜਦੀਆਂ। ਕਦੇ ਕਦੇ ਉਹ ਸੋਚਦੀ ਕਿ ਸਟੋਵ ਨਣਾਨਾ ਜਾਂ ਸੱਸਾਂ ਨੂੰ ਕੁਝ ਕਿਉਂ ਨਹੀਂ ਸਾੜਦਾ? ਤੇ ਇਹ ਸਟੋਵ ਹਮੇਸ਼ਾਂ ਦਾਜ ਦੇ ਲੋਭੀਆਂ ਦੇ ਘਰਾਂ ਵਿੱਚ ਹੀ ਫਟਦੇ। ਸਟੋਵ ਨੂੰ ਪਿੰਨ ਮਾਰਦੀ ਅਕਸਰ ਉਹ ਅਜਿਹੀਆਂ ਗੱਲਾਂ ਸੋਚਣ ਲੱਗ ਪੈਂਦੀ।

ਦਲੇਰ ਸਿੰਘ ਨੇ ਕੁਆਟਰ ਦੇ ਕੋਨੇ ‘ਚ ਬਣੀ ਨਿੱਕੀ ਜਿਹੀ ਰਸੋਈ ਵਿੱਚ ਇੱਕ ਟ੍ਰਾਂਜਿਸਟਰ ਰੇਡੀਓ ਵੀ ਪੱਕਾ ਹੀ ਲਗਾ ਦਿੱਤਾ, ਜਿਸ ਤੇ ਅਕਸਰ ਫਿਲਮੀਂ ਗੀਤ ਚੱਲਦੇ ਰਹਿੰਦੇ। ਹੁਣ ਤਾਂ ਬਚਨ ਕੌਰ ਨੂੰ ਖ਼ਬਰਾਂ ਵਿੱਚ ਵੀ ਦਿਲਚਸਪੀ ਹੋ ਗਈ ਸੀ। ਚੁੱਲੇ ਚੌਂਕੇ ਤੇ ਵੀ ਹੁਣ ਉਹ ਚੱਪਲਾਂ ਪਾ ਕੇ ਹੀ ਤੁਰੀ ਫਿਰਦੀ। ਬਲਕਿ ਏਥੇ ਤਾਂ ਨੰਗੇ ਪੈਰੀਂ ਤੁਰੇ ਫਿਰਨਾਂ ਦਲੇਰ ਸਿੰਘ ਨੂੰ ਚੰਗਾ ਨਹੀਂ ਸੀ ਲੱਗਦਾ। ਉਹ ਖੁਦ ਵੀ ਹਮੇਸ਼ਾਂ ਡਿਊਟੀ ਤੋਂ ਆਉਣ ਸਾਰ ਪਗੜੀ ਉਤਾਰ ਦਿੰਦਾ ਅਤੇ ਨੰਗੇ ਸਿਰ ਬੈਠ ਕੇ ਹੀ ਰੋਟੀ ਖਾਂਦਾ ਜੋ ਕੇ ਸੰਤਾ ਸਿੰਘ ਦੇ ਅਸੂਲਾਂ ਦੇ ਐਨ ਉਲਟ ਸੀ, ਜਿੱਥੇ ਨੰਗੇ ਸਿਰ ਰੋਟੀ ਖਾਣ ਦੀ ਮਨਾਹੀ ਸੀ। ਬਚਨ ਕੌਰ ਦਾ ਜੀਵਨ ਢੰਗ ਬਦਲ ਰਿਹਾ ਸੀ।

ਹੁਣ ਤਾਂ ਉਹ ਫਿਲਮੀਂ ਗੀਤ ਵੀ ਸੁਣਦੀ ਰਹਿੰਦੀ। ਕਈਆਂ ਗੀਤਾਂ ਦੇ ਤਾਂ ਉਸ ਨੂੰ ਮੁੱਖੜੇ ਵੀ ਯਾਦ ਹੋ ਗਏ ਸਨ। ਹੁਣ ਤਾਂ ਉਹ ਹਫਤੇ ਵਿੱਚ ਦੋ ਵਾਰ ਸੈਨਿਕ ਸਿਨਮੇ ਵਿੱਚ ਜਾਕੇ ਫਿਲਮ ਵੀ ਦੇਖ ਆੳਂੁਦੇ। ਜੋ ਫੌਜੀਆਂ ਦੇ ਪਰਿਵਾਰਾਂ ਲਈ ਮਨੋਰੰਜਨ ਵਾਸਤੇ ਮੁਫਤ ਹੀ ਦਿਖਾਈ ਜਾਂਦੀ ਸੀ। ਬਚਨ ਕੌਰ ਨੂੰ ਫਿਲਮਾਂ ਦੇ ਨਾਂ ਯਾਦ ਹੋਣ ਲੱਗੇ। ਕਈ ਐਕਟਰਾਂ ਦੀ ਪਛਾਣ ਆਉਣ ਲੱਗੀ। ਫਿਲਮ ਵਾਲਾ ਦਿਨ ਸਗੋਂ ਉਸ ਨੂੰ ਬਹੁਤ ਚੰਗਾ ਲੱਗਦਾ। ਉਹ ਸੁਵੱਖਤੇ ਉੱਠ ਪ੍ਰਾਉਂਠੇ ਬਣਾਂਉਦੀ। ਬੱਚਿਆਂ ਨੂੰ ਨੁਹਾ ਧੁਆ ਕੇ, ਜੂੜੇ ਕਰਕੇ, ਉਨ੍ਹਾਂ ਦੇ ਸਿਰਾਂ ਤੇ ਚਿੱਟੇ ਰੁਮਾਲ ਬੰਨਦੀ। ਦਲੇਰ ਸਿੰਘ ਦੇ ਆਉਣ ਤੇ ਉਹ ਰਿਕਸ਼ੇ ਵਿੱਚ ਬਹਿ ‘ਸੰਗਮ’ ਸਿਨਮੇਂ ਨੂੰ ਤੁਰ ਜਾਂਦੇ।

ਰਸਤੇ ਵਿੱਚ ਉਹ ਜਾਨਣਾ ਚਾਹੁੰਦੀ ਕਿ ਇਸ ਫਿਲਮ ਦੇ ਸਿਤਾਰੇ ਕੌਣ ਕੌਣ ਨੇ। ਉਸ ਨੂੰ ਧਰਮਿੰਦਰ, ਰਾਜੇਸ਼ ਖੰਨਾ, ਜਤਿੰਦਰ, ਵਿਨੋਦ ਖੰਨਾ, ਰਾਜਿੰਦਰ ਕੁਮਾਰ, ਹੇਮਾ ਮਾਲਿਨੀ, ਮੀਨਾ ਕੁਮਾਰੀ ਵਗੈਰਾ ਚੰਗੇ ਲੱਗਦੇ। ਉਸ ਨੂੰ ਦੇਖ ਕੇ ਹੀ ਸਾਰੀ ਫਿਲਮੀਂ ਕਹਾਣੀ ਯਾਦ ਹੋ ਜਾਂਦੀ। ਜਦੋਂ ਕਦੇ ਉਨ੍ਹਾਂ ਦੀ ਦੇਖੀ ਹੋਈ ਫਿਲਮ ਦਾ ਗੀਤ ਰੇਡੀਉ ਤੇ ਆ ਜਾਂਦਾ ਤਾਂ ਉਸ ਨੂੰ ਬਹੁਤ ਹੀ ਚੰਗਾ ਲੱਗਦਾ। ਹਕੀਕਤ, ਪਾਕੀਜ਼ਾ, ਗੀਤ, ਦੋ ਬਦਨ, ਮੇਰਾ ਗਾਉਂ ਮੇਰਾ ਦੇਸ਼, ਏਕ ਫੂਲ ਦੋ ਮਾਲੀ, ਪ੍ਰਤਿੱਗਿਆ ਉਸ ਦੀਆਂ ਮਨ ਪਸੰਦ ਫਿਲਮਾਂ ਬਣ ਗਈਆਂ। ਹੁਣ ਤਾਂ ਉਹ ਮਾੜੀ ਮੋਟੀ ਹਿੰਦੀ ਵੀ ਬੋਲਣ ਲੱਗ ਪਈ ਸੀ।

ਸਾੜੀਆਂ ਵਾਲੀਆਂ ਮਦਰਾਸਣਾਂ, ਬੰਗਾਲਣਾਂ, ਬਿਹਾਰਨਾਂ, ਗੁਜਰਾਤਣਾਂ ਉਸ ਨਾਲ ਗੱਲੀਂ ਆ ਜੁਟਦੀਆਂ। ਉਹ ਇੱਕ ਦੂਜੀ ਨੂੰ ਆਪਣੇ ਖਾਣਿਆਂ ਸਬੰਧੀ ਜਾਣਕਾਰੀ ਦਿੰਦੀਆਂ। ਬਚਨੋਂ ਆਪਣੇ ਪੰਜਾਬ ਦੀਆਂ ਗੱਲਾਂ ਸੁਣਾਉਂਦੀ। ਹੁਣ ਉਸ ਨੂੰ ਉਨ੍ਹਾਂ ਦੀ ‘ਧਾਰੇ ਮਾਰੇ’ ਸਮਝ ਆਉਣ ਲੱਗ ਪਏ ਸੀ। ਦਲੇਰ ਸਿੰਘ ਉਸ ਦੀ ਗੁਲਾਬੀ ਹਿੰਦੀ ਸੁਣ ਸੁਣਕੇ, ਹੱਸ ਹੱਸ ਲੋਟ ਪੋਟ ਹੁੰਦਾ। ਉਸ ਦੇ ਸ਼ਾਗਿਰਦ ਵੀ ਅਸਾਮ ਉੜੀਸਾ ਵਾਲੇ ਜਦੋਂ ਕਦੇ ਘਰ ਆਉਦੇ, ਬਚਨ ਕੌਰ ਉਨ੍ਹਾਂ ਨਾਲ ਵੀ ਓਸੇ ਲਹਿਜੇ ਵਿੱਚ ਗੱਲਬਾਤ ਕਰਦੀ। ਹੁਣ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਰੰਗ ਭਰ ਰਿਹਾ ਸੀ। ਜਿਸ ਨੂੰ ਦਲੇਰ ਸਿੰਘ ਹੋਰ ਗੂੜਾ ਕਰਨ ਦੀ ਕੋਸ਼ਿਸ਼ ਕਰਦਾ।

ਹਰ ਐਤਵਾਰ ਉਹ ਸਵੇਰੇ, ਖਾਣਾ ਖਾਅ ‘ਲਾਲ ਕੁੜਤੀ’ ਮਾਰਕੀਟ ਘੁੰਮਣ ਚਲੇ ਜਾਂਦੇ। ਕਈ ਵਾਰ ਉਹ ਫੌਜੀਆਂ ਦੇ ਪ੍ਰੋਗਰਾਮ ਜਾਂ ਖੇਡਾਂ ਦੇਖਣ ਵੀ ਚਲੇ ਜਾਂਦੇ। ਬਚਨ ਕੌਰ ਨੂੰ ਕਦੇ ਕਦੇ ਪਿੱਛੇ ਰਹਿ ਗਏ ਮਨਦੀਪ ਅਤੇ ਰਘਵੀਰ ਦੀ ਵੀ ਬਹੁਤ ਯਾਦ ਆਂਉਦੀ। ਉਸ ਸੋਚਦੀ ਜੇ ਕਿਤੇ ਉਹ ਵੀ ਨਾਲ ਹੁੰਦੇ ਤਾਂ ਕਿੰਨਾ ਚੰਗਾ ਹੁੰਦਾ। ਕਈ ਵਾਰ ਉਹ ਦਲੇਰ ਸਿੰਘ ਨੂੰ ਕਹਿੰਦੀ “ਜਾਉ ਜਾਕੇ ਬੱਚਿਆਂ ਨੂੰ ਲੈ ਆੳ”। ਪਰ ਅੱਗੋਂ ਦਲੇਰ ਸਿੰਘ ਕਹਿੰਦਾ ਕਿ “ਉਨ੍ਹਾਂ ਦੀ ਪੜ੍ਹਾਈ ਖਰਾਬ ਹੋਵੇਗੀ। ਜਦੋਂ ਦੋ ਮਹੀਨੇ ਦੀਆਂ ਛੁੱਟੀਆਂ ‘ਚ ਸਕੂਲ ਬੰਦ ਹੋਣਗੇ ਉਦੋਂ ਲੈ ਆਵਾਗਾ”

ਏਹੋ ਸਮਾਂ ਸੀ ਜਦੋਂ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਬਾਰੀਕ ਜਿਹੀ ਤ੍ਰੇੜ ਪੈ ਗਈ। ਮਨਦੀਪ ਵੀ ਸੋਚਦਾ ਹੋਉੂ ਕਿ ਮੈਂ ਆਪਣੇ ਮਾਂ ਬਾਪ ਨਾਲ ਕਿਉਂ ਨਹੀਂ ਜਾ ਸਕਿਆ? ਉਧਰ ਰਘਵੀਰ ਨੂੰ ਚਾਚੀਆਂ ਤਾਈਆਂ ਬੋਲਦੀਆਂ ਰਹਿੰਦੀਆਂ ਕਿ “ਤੇਰੇ ਮਾਂ ਬਾਪ ਤੈਨੂੰ ਸਾਡੇ ਗਲ਼ ਪਾ ਗੇ। ਹੁਣ ਕੌਣ ਤੈਨੂੰ ਨੁਹਾਏ ਧੁਆਏ?” ਉਸ ਤੋਂ ਡੰਗਰਾਂ ਨੂੰ ਪਾਣੀ ਪਿਆਉਣ ਤੋਂ ਲੈ ਕੇ ਸਾਰੇ ਕੰਮ ਕਰਵਾਏ ਜਾਂਦੇ ਤੇ ਆਖੇ ਨਾਂ ਲੱਗਣ ਤੇ ਚੁਪੇੜਾਂ ਵੀ ਮਾਰੀਆਂ ਜਾਂਦੀਆਂ। ਪਰ ਉਹ ਆਪਣੀ ਮਾਂ ਤੋਂ ਬਗੈਰ ਹੋਰ ਕਿਸ ਕੋਲ ਸ਼ਕਾਇਤ ਕਰ ਸਕਦਾ ਸੀ। ਦਾਦੀ ਬੇਅੰਤ ਕੌਰ ਦਾ ਸੁਭਾਅ ਚੰਗਾ ਸੀ ਪਰ ਉਸ ਨੂੰ ਤਾਂ ਹੁਣ ਘਰ ਵਿੱਚ ਪੁੱਛਦਾ ਹੀ ਕੋਈ ਨਹੀਂ ਸੀ।

ਜਦੋਂ ਸਕੂਲਾਂ ਨੂੰ ਛੁੱਟੀਆਂ ਹੋਈਆਂ ਤਾਂ ਦਲੇਰ ਸਿੰਘ ਦੋਹਾਂ ਬੱਚਿਆਂ ਨੂੰ ਜਾ ਕੇ ਲੈ ਆਇਆ। ਬੱਚੇ ਰੇਲ ਵਿੱਚ ਬੈਠ ਕੇ ਬਹੁਤ ਖੁਸ਼ ਹੋਏ। ਛੁੱਟੀਆਂ ਦੌਰਾਨ ਖੂਬ ਘੁੰਮੇ ਫਿਰੇ। ਰਿਸ਼ੀਕੇਸ ਅਤੇ ਹਰਦੁਆਰ ਵੀ ਗਏ। ਬਹੁਤ ਸਾਰੇ ਮੰਦਿਰ ਦੇਖੇ। ਗੰਗਾ ਵਿੱਚ ਇਸ਼ਨਾਨ ਕੀਤਾ। ਇਕੱਠਿਆਂ ਫੋਟੋਆਂ ਖਿਚਵਾਈਆਂ ਅਤੇ ਬਹੁਤ ਸਾਰੀਆਂ ਫਿਲਮਾਂ ਵੀ ਵੇਖੀਆਂ। ਉਦੋਂ ਤੱਕ ਗੰਗਾ ਹਿੰਦੂਆਂ ਸਿੱਖਾਂ ਦੀ ਸਾਂਝੀ ਅਤੇ ਪਵਿੱਤਰ ਨਦੀ ਮੰਨੀ ਜਾਂਦੀ ਸੀ। ਦੋਨੋ ਫਿਰਕੇ ਹੁਣ ਤੱਕ ਗੰਗਾ ਵਿੱਚ ਹੀ ਅਸਤ ਪ੍ਰਵਾਹ ਕਰਦੇ ਸਨ।

ਦਲੇਰ ਸਿੰਘ ਸਿੰਘ ਗੰਗਾ ਇਸ਼ਨਾਨ ਕਰਦਾ ਸੋਚੀਂ ਪੈ ਗਿਆ ਕਿ ਪਤਾ ਨਹੀਂ ਸਾਡੇ ਖਾਨਦਾਨ ਦੇ ਕਿੰਨੇ ਕੁ ਬਜੁਰਗ ਏਥੇ ਸਮਾਏ ਹੋਣਗੇ। ਉਸਦੇ ਤਾਇਆ ਗੁਲਾਬ ਸਿੰਘ ਦੇ ਫੁੱਲ ਪਾਉਣ ਸਮੇਂ ਲੋਕ ਨੇ ਕਹਿਣਾ ਸ਼ੁਰੁ ਕੀਤਾ ਕਿ ‘ਗੰਗਾ ਤਾਂ ਹਿੰਦੂਆਂ ਦਾ ਤੀਰਥ ਅਸਥਾਨ ਹੈ ਤੇ ਕੀਰਤਪੁਰ ਸਾਹਿਬ ਆਪਣਾ। ਫੁੱਲ ਹੁਣ ਉੱਥੇ ਪਾਉਣੇ ਚਾਹੀਦੇ ਹਨ’। ਪਰ ਉਸ ਦਾ ਪਿਉ ਚੰਦ ਸਿੰਘ ਹਮੇਸ਼ਾਂ ਕਹਿੰਦਾ ਕਿ ਕਿ ਉਸਦੇ ਫੁੱਲ ਨਹਿਰ ਸਰਹਿੰਦ ਵਿੱਚ ਗੁਰਦੁਵਾਰਾ ਦੇਗਸਰ ਦੇ ਨੇੜੇ ਤੇੜੇ ਹੀ ਪਾ ਦੇਣੇ। ਪਰ ਸੁਣਨ ਵਾਲੇ ਉਸ ਨੂੰ ਮਖੌਲਾਂ ਕਰਦੇ ਕਿ ‘ਬਜ਼ੁਰਗ ਤਾਂ ਪਿੰਡ ਦੇ ਨੇੜੇ ਤੇੜੇ ਰਹਿਣਾ ਚਾਹੁੰਦਾ ਹੈ’। ਦਲੇਰ ਸਿੰਘ ਨੇ ਹਰਦੁਆਰ ਦੀ ਫੇਰੀ ਸਮੇਂ ਆਪਣੇ ਪਰਿਵਾਰਕ ਪ੍ਰੋਹਤ ਨੂੰ ਲੱਭ ਕੇ ਕੁਰਸੀਨਾਮਾ ਵੀ ਕਢਵਾਇਆ ਤੇ ਜਿਸ ਨੂੰ ਮਨਦੀਪ ਤੱਕ ਅੱਗੇ ਲਿਖਵਾ ਦਿੱਤਾ ਗਿਆ।

ਗੁਰਬਚਨ ਕੌਰ ਲਈ ਇੱਹ ਬਿਲਕੁੱਲ ਨਵੀਂ ਦੁਨੀਆਂ ਸੀ। ਜਿਸ ਬਾਰੇ ਉਸ ਨੇ ਪਿੰਡ ਜਾ ਕੇ ਅਪਣੀ ਮਾਂ ਮਹਿਤਾਬ ਕੌਰ ਅਤੇ ਭੈਣਾਂ ਭਰਾਵਾਂ ਨਾਲ ਬੇਹੱਦ ਗੱਲਾਂ ਸਾਂਝੀਆਂ ਕਰਨੀਆਂ ਸਨ। ਇੱਕ ਦਿਨ ਰਾਮਪੁਰੇ ਤੋਂ ਚੰਦ ਸਿੰਘ ਦਾ ਲਿਖਿਆ ਪੋਸਟ ਕਾਰਡ ਆਇਆ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਰੁੜਕੀ ਆ ਰਿਹਾ ਹੈ। ਪਰ ਜਦੋਂ ਦਲੇਰ ਸਿੰਘ ਨੇ ਆਉਣ ਦੀ ਤਰੀਕ ਪੜ੍ਹੀ ਤਾਂ ਉਹ ਦੂਸਰੇ ਦਿਨ ਦੀ ਹੀ ਸੀ। ਚੰਦ ਸਿੰਘ ਨੇ ਲਿਖਿਆ ਸੀ ਉਹ ਜਨਤਾ ਮੇਲ ਰਾਹੀ ਲਢੌਂਰੇ ਪਹੁੰਚੇਗਾ ਅਤੇ ਉਥੱੋਂ ਰਿਕਸ਼ਾ ਲੈ ਕੇ ਫੌਜੀ ਕੁਆਟਰਾਂ ਤੱਕ ਆ ਜਾਵੇਗਾ। ਉਸ ਨੇ ਦਲੇਰ ਸਿੰਘ ਨੂੰ ਇਹ ਵੀ ਲਿਖਿਆ ਸੀ ਕਿ ਤੇਰੀ ਬੇਬੇ ਵਲੋਂ ਭੇਜਿਆ ਖੋਆ ਵੀ ਲੈ ਕੇ ਆਵੇਗਾ। ਫੇਰ ਦੂਸਰੇ ਦਿਨ ਚੰਦ ਸਿੰਘ ਸੱਚ ਮੁੱਚ ਹੀ ਖੋਏ ਦੇ ਪੀਪੇ ਸਮੇਤ ਫੌਜੀ ਕੁਆਟਰਾਂ ਅੱਗੇ ਆ ਉੱਤਰਿਆ।

ਉਹ ਦੋ ਕੁ ਹਫਤੇ ਰੁੜਕੀ ਰਿਹਾ। ਘਰ ਦੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਬਚਨ ਕੌਰ ਨੇ ਆਪਣੇ ਵਿਆਹ ਦੇ ਚੌਦਾਂ ਸਾਲਾਂ ਦੇ ਸਮੇਂ ਦੌਰਾਨ ਆਪਣੇ ਸਹੁਰੇ ਚੰਦ ਸਿੰਘ ਨੂੰ ਏਸ ਤਰ੍ਹਾਂ ਘਰ ਦੀਆਂ ਗੱਲਾ ਕਰਦੇ ਪਹਿਲੀ ਵਾਰ ਸੁਣਿਆ ਸੀ। ਏਨਾਂ ਨੇੜੇ ਹੋਣ ਕਰਕੇ, ਚੰਦ ਸਿੰਘ ਦੀਆਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਆਦਤਾਂ ਦਾ ਵੀ ਬਚਨੋ ਨੂੰ ਪਤਾ ਲੱਗ ਗਿਆ। ਉਹ ਵੀ ਇੱਕ ਰਿਟਾਇਰ ਫੌਜੀ ਹੀ ਤਾਂ ਸੀ। ਰੁੜਕੀ ਛਾਉਣੀ ਵਿੱਚ ਆ ਕੇ ਉਸ ਨੂੰ ਆਪਣੇ ਫੌਜ ਵੇਲੇ ਦੇ ਦਿਨ ਯਾਦ ਆ ਗਏ। ਉਹ ਉਨ੍ਹਾਂ ਦਿਨਾਂ ਦੀ ਕੋਈ ਨਾ ਕੋਈ ਕਹਾਣੀ ਬੱਚਿਆਂ ਨੂੰ ਸੁਣਾਉਂਦਾ ਰਹਿੰਦਾ।

ਤੇ ਨਿਆਣੇ ਵੀ ਆਪਣੇ ਦਾਦੇ ਨਾਲ ਪਰਚੇ ਰਹਿੰਦੇ। ਕਦੀ ਉਸ ਨੂੰ ਪਾਰਕ ਵਲ ਤੁਰ ਪੈਂਦੇ ਤੇ ਕਦੀ ਸਿਨਮੇ ਵਲ। ਕਦੀ ਕਦੀ ਉਹ ਰਿਕਸ਼ਾ ਲੈ ਗੁਰਦੁਵਾਰੇ ਵੀ ਚਲੇ ਜਾਂਦੇ। ਚੰਦ ਸਿੰਘ ਹਮੇਸ਼ਾਂ ਆਪਣੀ ਚਾਹ ਆਪ ਬਣਾ ਕੇ ਪੀਂਦਾ। ਕੱਛ ਵਿੱਚ ਰੇਡੀਉ ਰੱਖਦਾ ਇੱਕ ਝੋਲਾ ਨਾਲ ਰੱਖਦਾ ਜਿਸ ਵਿੱਚ ਇੱਕ ਪੈੱਨ ਸ਼ੀਸ਼ਾ ਤੇ ਖਾਣ ਪੀਣ ਦਾ ਸਮਾਨ ਹੁੰਦਾ। ਉਹ ਵਾਰ ਵਾਰ ਸ਼ੀਸ਼ਾ ਕੱਢਕੇ ਆਪਣਾ ਮੂੰਹ ਦੇਖਦਾ ਅਤੇ ਦਾੜੀ ਠੀਕ ਕਰਦਾ ਰਹਿੰਦਾ। ਰੇਡੀਉ ਤਾਂ ਆਪਣਾ ਉਹ ਪਿੰਡੋਂ ਹੀ ਲੈ ਕੇ ਆਇਆ ਸੀ ਜਿਸ ਤੇ ਅਕਸਰ ਉਹ ਖ਼ਬਰਾਂ ਸੁਣਦਾ ਰਹਿੰਦਾ।

ਇਹ ਇੱਕਠਿਆਂ ਹੋ ਕੇ ਲੰਘਾਏ ਇਹ ਦਿਨ, ਸਭ ਲਈ ਯਾਦਗਾਰੀ ਬਣ ਗਏ। ਮਹੀਨਾ ਕਿਵੇਂ ਲੰਘ ਗਿਆ ਪਤਾ ਹੀ ਨਾ ਲੱਗਿਆ। ਹੁਣ ਬੱਚਿਆਂ ਦੇ ਪਿੰਡ ਪਰਤਣ ਦਾ ਸਮਾਂ ਆ ਚੁੱਕਾ ਸੀ। ਚੰਦ ਸਿੰਘ ਨੂੰ ਤੇ ਬੱਚਿਆਂ ਨੂੰ ਵਾਪਸ ਛੱਡਕੇ, ਦਲੇਰ ਸਿੰਘ ਨੇ ਤੀਸਰੇ ਹੀ ਦਿਨ ਹੀ ਵਾਪਸ ਪਰਤ ਆਉਣਾ ਸੀ।

ਜਦੋਂ ਮਨਦੀਪ ਅਤੇ ਰਘਵੀਰ ਨੂੰ ਤਿਆਰ ਕਰਕੇ ਬਚਨੋ ਤੋਰਨ ਲੱਗੀ ਤਾਂ ਉਸਦਾ ਰੋਣ ਨਿੱਕਲ ਗਿਆ। ਬੱਚੇ ਵੀ ਤਾਂ ਰੋਣਹਾਕੇ ਹੋਏ ਪਏ ਸਨ। ਉਨ੍ਹਾਂ ਦਾ ਵਾਪਿਸ ਜਾਣ ਨੂੰ ਬਿੱਲਕੁੱਲ ਦਿਲ ਨਹੀਂ ਸੀ ਕਰਦਾ। ਲੇਕਿਨ ਭਰੇ ਮਨ ਨਾਲ ਸਭ ਨੂੰ ਇਹ ਫੈਸਲਾ ਲੈਣਾ ਹੀ ਪਿਆ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com