WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 33

ਸਮੁੰਦਰ ਮੰਥਨ (PDF, 568KB)    


ਰੁੜਕੀ ਤੋਂ ਆ ਕੇ ਰਘਵੀਰ ਨੂੰ ਰਾਮਪੁਰੇ ਅਤੇ ਮਨਦੀਪ ਨੂੰ ਰਣੀਏ ਛੱਡ ਦਿੱਤਾ ਗਿਆ। ਰਘਵੀਰ ਦੇ ਪਿੰਡ ਆਉਣ ਨਾਲ ਦਾਦੀ ਬੇਅੰਤ ਕੌਰ ਤਾਂ ਖੁਸ਼ ਹੋਈ, ਪਰ ਬਾਕੀ ਟੱਬਰ ਨੂੰ ਜਿਵੇਂ ਸੱਪ ਸੁੰਘ ਗਿਆ। ਉਹ ਰਘਵੀਰ ਵਲੋਂ ਲਿਆਦੀਆਂ ਖੇਡਾਂ, ਕੱਪੜੇ ਅਤੇ ਹੋਰ ਚੀਜ਼ਾਂ ਵੇਖ ਵੇਖ ਸੜਦੇ ਰਹਿੰਦੇ। ਕਦੇ ਦਲੇਰ ਸਿੰਘ ਨੂੰ ਪਿੱਠ ਪਿੱਛੇ ਬੁਰਾ ਭਲਾ ਬੋਲਦੇ ਕਿ “ਦੇਖ ਕਿਵੇਂ ਜਵਾਕ ਸਿਰ ਚੜਾਏ ਨੇ, ਕਿਨਾਂ ਵਾਧੂ ਖਰਚਾ ਕੀਤਾ ਏ। ਇਸਦੀ ਕੀ ਲੋੜ ਸੀ। ਬਾਕੀ ਟੱਬਰ ਨੂੰ ਤਾਂ ਕਦੇ ਕੁੱਝ ਲੈ ਕੇ ਨਹੀਂ ਭੇਜਿਆ। ਆਪਣੇ ਜਵਾਕਾਂ ਦਾ ਤਾਂ ਬਥੇਰਾ ਕਰਦੈ। ਤੀਵੀਂ ਨੂੰ ਵੀ ਉੱਥੇ ਬਠਾਈਂ ਬੈਠਾ। ਸਿਰ ਚੜ੍ਹਾ ਲਈ” ਬਗੈਰਾ ਬਗੈਰਾ। ਪਰ ਰਘਵੀਰ ਨੂੰ ਉਹ ਲਿਆਂਦੀਆਂ ਚੀਜਾਂ ਵਰਤਣ ਨਾ ਦਿੰਦੇ। ਬੇਅੰਤ ਕੌਰ ਨੂੰ ਤਾਹਨੇ ਦਿੰਦੇ ਰਹਿੰਦੇ ਕਿ ‘ਤੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਭੇਜੀਆਂ ਤੀ, ਹੁਣ ਉਹਨੇ ਤੈਨੂੰ ਕੀ ਭੇਜਤਾ?’ ਰਘਵੀਰ ਲਈ ਪੂਰਾ ਸਾਲ ਹੀ ਮੁਸ਼ਕਲਾਂ ਭਰਿਆ ਰਿਹਾ।

ਰਣੀਏ ਆਕੇ ਮਨਦੀਪ ਪੜ੍ਹਾਈ ਵਿੱਚ ਰੁੱਝ ਗਿਆ। ਫੇਰ ਉਸਨੇ ਸੱਤਵੀ ਜਮਾਤ ਵੀ ਪਾਸ ਕਰ ਲਈ। ਅੱਠਵੀਂ ਦੀ ਫੀਸ ਭਰਉਣ ਲਈ ਅਤੇ ਕੱਪੜੇ ਲੈਣ ਲਈ ਦਲੇਰ ਸਿੰਘ ਨੇ ਪੰਜ ਸੌ ਰੁਪਏ ਦਾ ਮਨੀਆਰਡਰ ਭੇਜ ਦਿੱਤਾ। ਹੁਣ ਤਾਂ ਮਨਦੀਪ ਖੁਦ ਵੀ ਮਾੜੀ ਮੋਟੀ ਚਿੱਠੀ ਲਿਖਣ ਲੱਗ ਪਿਆ ਸੀ। ਦਲੇਰ ਸਿੰਘ ਹਰ ਚਿੱਠੀ ਵਿੱਚ ਇੱਕ ਹਿੱਸਾ ਮਨਦੀਪ ਲਈ ਵੀ ਲਿਖਦਾ ਕਿ “ਇਸ ਸਾਲ ਬੋਰਡ ਦਾ ਇਮਤਿਹਾਨ ਆ ਚੰਗੀ ਤਰ੍ਹਾਂ ਪੜ੍ਹੀ। ਅਗਲੇ ਸਾਲ ਤੇਰੇ ਬੀਬੀ ਜੀ ਵੀ ਪਿੰਡ ਆ ਜਾਣਗੇ, ਫੇਰ ਤੈਨੂੰ ਰਾਮਪੁਰੇ ਨੌਵੀਂ ਵਿੱਚ ਦਾਖਲ ਕਰਵਾਂਵਾਂਗੇ। ਨਾਲੇ ਆਪਣੇ ਏਥੇ ਹਾਈ ਸਕੂਲ ਹੈ। ਮੈਨੂੰ ਵੀ ਜਲਦੀ ਹੀ ਪੈਨਸ਼ਨ ਮਿਲਣ ਦੀ ਉਮੀਦ ਹੈ। ਫੇਰ ਆਪਾਂ ਸਾਰੇ ਇਕੱਠੇ ਰਹਾਂਗੇ। ਬੱਸ ਚਿੱਤ ਲੲਕੇ ਪੜ੍ਹਾਈ ਕਰਦਾ ਰਹੀਂ”

ਰੁੜਕੀ ਤੋਂ ਆ ਕੇ ਸਾਲ ਭਰ ਮਨਦੀਪ ਦਾ ਚੰਗੀ ਤਰ੍ਹਾਂ ਮਨ ਨਹੀਂ ਸੀ ਲੱਗਿਆ। ਉਸ ਕੋਲ ਕਲਾਸ ਵਿੱਚ ਸਾਥੀਆਂ ਨੂੰ ਫਿਲਮਾਂ ਦੀਆਂ ਅਤੇ ਰੁੜਕੀ ਦੀਆਂ ਗੱਲਾਂ ਸੁਣਾਉਣ ਲਈ ਭਰਪੂਰ ਖਜ਼ਾਨਾ ਸੀ। ਲੰਬੜਦਾਰ ਸੰਤਾ ਸਿੰਘ ਨੂੰ ਮਨਦੀਪ ਦੀਆਂ ਗੱਲਾਂ ਓਪਰੀਆਂ ਓਪਰੀਆਂ ਲੱਗਦੀਆਂ।

ਸੰਤਾ ਸਿੰਘ ਨੂੰ ਰਮਾਇਣ ਅਤੇ ਮਹਾਂਭਾਰਤ ਵਿੱਚਲੀਆਂ ਸਾਖੀਆਂ ਜੁਬਾਨੀ ਯਾਦ ਸਨ। ਬਚਪਨ ਤੋਂ ਜੁਆਨੀ ਤੱਕ ਉਹ ਬਾਬਾ ਸੁੰਦਰ ਦਾਸ ਨਾਲ ਸਾਧੂਆਂ ਦੀ ਸੰਗਤ ਕਰਦਾ ਰਿਹਾ ਸੀ। ਵੇਦ, ਪੁਰਾਣ, ਉਪਨਿਸ਼ਦ ਉਸ ਨੇ ਸੁਣੇ ਹੋਏ ਸਨ। ਉਹ ਗੰਗਾ ਨੂੰ ਮਾਤਾ ਕਹਿੰਦਾ ਜੋ ਸ਼ਿਵਜੀ ਦੇ ਕੇਸਾਂ ਚੋਂ ਨਿੱਕਲਦੀ ਦੱਸੀ ਗਈ ਸੀ। ਉਹ ਆਪ ਜਾ ਕੇ ਉਸ ਵਿੱਚ ਇਸ਼ਨਾਨ ਕਰਨਾ ਚਾਹੁੰਦਾ ਸੀ। ਪਰ ਸਬੱਬ ਹੀ ਨਹੀਂ ਸੀ ਬਣਿਆ। ਕਿਉਂਕਿ ਹੁਣ ਤਾਂ ਸਿੱਖ ਪਰਿਵਾਰਾਂ ਗੰਗਾ ਦੀ ਬਜਾਏ ਕੀਰਤਪੁਰ ਸਾਹਿਬ ਅਸਤ ਪਾਉਣੇ ਸ਼ੁਰੂ ਕਰ ਦਿੱਤੇ ਸਨ। ਸੰਤਾ ਸਿੰਘ ਵੀ ਅਸਤ ਪਾਉਣ ਜਿੰਨੀ ਵਾਰੀ ਵੀ ਗਿਆ ਬੱਸ ਕੀਰਤਪੁਰ ਸਾਹਿਬ ਹੀ ਗਿਆ। ਜਦੋਂ ਉਹ ਮਨਦੀਪ ਤੋਂ ਗੰਗਾ ਵਿੱਚ ਇਸ਼ਨਾਨ ਕਰਨ ਦੀ ਗੱਲ ਸੁਣਦਾ ਤਾਂ ਆਖਦਾ “ਦੋਹਤਿਆ ਮੇਰੇ ਕਰਮਾਂ ਦਾ ਫਲ਼ ਤੈਨੂੰ ਮਿਲ ਗਿਆ”

ਇੱਕ ਦਿਨ ਕਿਸੇ ਨੇ ਆ ਕੇ ਦੱਸਿਆ ਕਿ ਜਾਗਰ ਦਾ ਮੁੰਡਾ ਜੋਰਾ ਟੈਲੀਵੀਜ਼ਨ ਲੈ ਕੇ ਆਇਆ ਹੈ। ਕੋਠੇ ਤੇ ਢਾਂਗਾ ਜਿਹਾ ਵੀ ਲਾਇਆ ਜਿਵੇਂ ਦੀ ਕਬੂਤਰਾਂ ਦੀ ਛਤਰੀ ਹੁੰਦੀ ਆ। ਕਹਿੰਦੇ ਉਸ ਵਿੱਚ ਜਲੰਧਰ ਤੋਂ ਮੂਰਤਾਂ ਬੋਲਦੀਆਂ, ਨੱਚਦੀਆਂ ਤੇ ਗਾਉਂਦੀਆਂ ਦਿਸਦੀਆਂ ਨੇ। ਉਸ ਵਿੱਚ ਖ਼ਬਰਾ ਸੁਣਦੀਆਂ ਹੀ ਨਹੀਂ, ਸਗੋਂ ਵਾਪਰਦੀਆਂ ਵੀ ਦਿਸਦੀਆਂ ਨੇ” ਊਧੇ ਕਾ ਪ੍ਰਤਾਪ ਜਦੋਂ ਇਹ ਗੱਲਾਂ ਸੰਤਾਂ ਸਿੰਘ ਨੂੰ ਦੱਸ ਰਿਹਾ ਸੀ ਤਾਂ ਸੰਤਾ ਸਿੰਘ ਉਸਦਾ ਮਖੌਲ ਉਡਾਉਂਦਾ ਬੋਲਿਆ “ ਪ੍ਰਤਾਪਿਆ ਕਿਉਂ ਜੱਕੜ ਛੱਡੀ ਜਾਨੈ, ਉਹ ਕੋਈ ਰੱਬ ਥੋੜੋ ਨੇ ਬਈ ਬੋਲਣ ਵਾਲੇ ਹਵਾ ‘ਚ ਉੱਡ ਕੇ ਉਹਦੀ ਪੇਟੀ ਜਹੀ ‘ਚ ਆ ਜਾਂਦੇ ਹੋਣਗੇ”

ਫੇਰ ਉਹ ਸਾਖੀ ਸ਼ੁਰੂ ਕਰ ਲੈਂਦਾ ਕਿ “ਉਹ ਸ੍ਰੀ ਕ੍ਰਿਸ਼ਨ ਭਗਵਾਨ ਹੀ ਤੀ ਜਿਨੇ ਅਰਜਣ ਨੂੰ ਮਹਾਂਭਾਰਤ ਦੀ ਲੜਾਈ ਵੇਲੇ ਤ੍ਰਿਲੋਕੀ ਦੇ ਦਰਸ਼ਣ ਕਰਾ ਦਿੱਤੇ ਤੀ। ਤਾਂ ਪ੍ਰਤਾਪ ਬੋਲਿਆ ਹਾਂ ਹਾਂ ਚਾਚਾ ਉਹ ਨੂੰ ਦੂਰੋਂ ਦਰਸ਼ਣ ਵੀ ਕਹਿੰਦੇ ਨੇ। ਮੂਰਤਾਂ ਦੂਰੋਂ ਆਂਉਦੀਆਂ ਨੇ, ਤਾਂ ਕਰਕੇ। ਸੰਤਾ ਸਿੰਘ ਫੇਰ ਬੋਲਿਆ “ਐਵੇਂ ਉੱਘ ਦੀਆਂ ਪਤਾਲ਼ ਛੱਡੀ ਜਾਨੈ… । ਕਿਤੇ ਜ਼ਿਆਦਾ ਮਾਵਾ ਤਾਂ ਨੀ ਛੱਕ ਲਿਆ? ਭਲਾਂ ਐ ਕਿਵੇਂ ਹੋ ਜਾਊ?”

ਜਦੋਂ ਇਸ ਗੱਲ ਦੀ ਪ੍ਰੋੜਤਾ ਦਰਸ਼ਣ ਸਿਉਂ ਪੰਚ ਨੇ ਵੀ ਕਰ ਦਿੱਤੀ ਤਾਂ ਸੰਤਾ ਸਿੰਘ ਬੇਚੈਨ ਹੋ ਗਿਆ। ਕਿ ਇਹ ਤਾਂ ਫੇਰ ਪੂਰਾ ਕਲਯੁੱਗ ਆ ਗਿਆ। ਹੁਣ ਬੰਦੇ ਰੱਬ ਦਾ ਮੁਕਾਬਲਾ ਕਰਨਗੇ। ਬੱਸ ਹੁਣ ਪਰਲੋਂ ਆਈ ਹੀ ਲਉ। ਜਦੋਂ ਇਹ ਮੂਰਤਾਂ ਵਾਲੀਆਂ ਪੇਟੀਆਂ ਹੋਰ ਘਰਾਂ ਵਿੱਚ ਵੀ ਆ ਗਈਆਂ ਤਾਂ ਤੀਵੀਂਆਂ ਤਾਂ ਫੇਰ ਇਹ ਹੀ ਦੇਖਦੀਆਂ ਰਹਿਣਗੀਆਂ? ਬੱਸ ਫੇਰ ਹੋ ਗਏ ਘਰਦੇ ਕੰਮ। ਖਾਹ ਲਿਉ ਤੱਤੀਆਂ ਰੋਟੀਆਂ ਜਿੱਥੋਂ ਖਾਣੀਆਂ ਨੇ। ਨਿਆਣੇ ਵੀ ਬਿਗੜ ਜਾਣਗੇ” ਉਹ ਪਰਨਾ ਝਾੜਦਾ ਬੁੜ ਬੁੜ ਕਰਦਾ ਘਰ ਵਲ ਨੂੰ ਤੁਰ ਪਿਆ। ਉਸ ਦਾ ਜੀ ਕਰਦਾ ਸੀ ਕਿ ਜੋਰੇ ਨੂੰ ਜਾ ਕੇ ਕਹੇ ‘ਪਿੰਡ ‘ਚ ਇਹ ਨਵੀਂ ਛਿੰਗੜੀ ਨਾ ਛੇੜ’

ਫੇਰ ਪਿੰਡ ‘ਚ ਅਜਿਹੀ ਹਵਾ ਵਗਣ ਲੱਗੀ ਕਿ ਦੇਖਾ ਦੇਖੀ ਪੰਜ ਛੇ ਘਰਾਂ ਤੇ ਹੋਰ ਛਤਰੀਆਂ ਲੱਗ ਗਈਆਂ। ਜਿਸ ਦਿਨ ਫਿਲਮ ਆਂਉਣੀ ਹੁੰਦੀ ਆਂਢੀਆਂ ਗੁਆਂਢੀਆਂ ਦੇ ਨਿਆਣਿਆਂ ਨਾਲ ਜੋਰੇ ਦਾ ਘਰ ਭਰ ਜਾਂਦਾ। ਏਹੋ ਹਾਲ ਬਾਕੀ ਘਰਾਂ ਵਿੱਚ ਵੀ ਸੀ। ਨਿਆਣੇ ਨਿੱਕੇ ਰੋਟੀ ਪਾਣੀ ਖਾਅ ਕੇ ਟੀ ਵੀ ਮੂਹਰੇ ਜਾ ਬੈਠਦੇ। ਕਈਆਂ ਦੀਆਂ ਕੰਧਾਂ ਵੱਡਿਆਂ ਛੋਟਿਆਂ ਨਾਲ ਭਰ ਜਾਂਦੀਆਂ। ਕਈ ਵਿਹੜੇ ਵਿੱਚ ਟੈਲੀਵੀਯਨ ਲਾ ਕੇ ਪੱਲੀਆਂ ਤੇ ਦੋਲੇ ਵਿਛਾਕੇ ਦੇਖਣ ਵਾਲਿਆਂ ਨੂੰ ਉਨ੍ਹਾਂ ਤੇ ਬੈਠਣ ਲਈ ਕਹਿੰਦੇ। ਪਰ ਕਈ ਅਜਿਹੇ ਵੀ ਸਨ ਜਿਹੜੇ ਅੰਦਰੋਂ ਦਰਵਾਜ਼ਾ ਬੰਦ ਕਰ ਆਖ ਦਿੰਦੇ, “ਇਹ ਥੋਡੇ ਲਈ ਨਹੀਂ ਲੁਆਇਅ” ਅੱਧੀ ਰਾਤ ਤੱਕ ਗਲੀਆਂ ਵਿੱਚ ਘਮਸਾਣ ਪੈਂਦਾ ਰਹਿੰਦਾ।

ਲੋਕ ਚੱਲ ਰਹੀ ਫਿਲਮ ਵੇਖ ਵੇਖ ਰੌਲਾ ਇਵੇਂ ਪਾਉਂਦੇ, “ਚੱਕ ਦੇ, ਮਾਰ ਘਸੁੰਨ, ਭੱਜ ਲੈ, ਲੈ ਔਹ ਸਿੱਟਤਾ” ਜਿਵੇਂ ਉਹ ਆਪ ਚੱਲ ਰਹੀ ਕਹਾਣੀ ਦਾ ਹਿੱਸਾ ਹੋਣ। ਕਈ ਤਾਂ ਹੱਸ ਹੱਸ ਲੋਟ ਪੋਟ ਹੋ ਜਾਂਦੇ। ਕਈਆਂ ਨੇ ਪਿੰਡ ਵਿੱਚ ਲੋਕਾਂ ਨੇ ਨਾਂ ਫਿਲਮੀਂ ਕਿਰਦਾਰਾਂ ਵਾਲੇ ਰੱਖ ਦਿੱਤੇ। ਕਾਲਜੀਏਟ ਮੁੰਡੇ ਫਿਲਮਾਂ ਦੇ ਨਾਇਕਾਂ ਵਾਂਗੂੰ, ਬੈੱਲ ਬੌਟਮਾਂ ਪਾਉਣ ਲੱਗੇ। ਔਰਤਾਂ ਬਣਨ ਸੰਵਰਨ ਲੱਗੀਆਂ। ਜਦੋਂ ਕੋਈ ਪਿੱੰਡ ਦੀ ਬਹੂ ਨੰਗੇ ਮੂੰਹ ਵਿਚਰਦੀ ਭਾਵ ਘੁੰਡ ਨਾ ਕੱਢਦੀ ਤਾਂ ਸੰਤਾ ਸਿੰਘ ਆਖਦਾ “ਇਹ ਸਹੁਰੀ ਦਾ ਟੈਲੀਬੀਨ ਪਤਾ ਨਹੀ ਅਜੇ ਕੀ ਕੀ ਚੰਦ ਝੜ੍ਹਾਊ”

ਸਾਰੇ ਪੰਜਾਬ ਵਿੱਚ ਹਿੰਦੂ ਸਿੱਖ ਭਰਾਵਾਂ ਵਾਂਗ ਮਿਲ ਜੁਲ ਕੇ ਰਹਿ ਰਹੇ ਸਨ। ਕੋਈ ਵਿਤਕਰਾ ਨਹੀਂ ਸੀ। ਸਾਰੇ ਬਗੈਰ ਕਿਸੇ ਡਰ ਭੈਅ ਦੇ ਇੱਕਠੇ ਬਹਿ ਟੈਲੀਵੀਯਨ ਦੇਖਦੇ। ਕਈਆਂ ਨੂੰ ਫਿਲਮਾਂ ਵਿੱਚਲੀਆਂ ਪਿਆਰ ਕਹਾਣੀਆਂ ਤੇ ਚੋਹਲ ਮੋਹਲ ਚੰਗੇ ਵੀ ਨਾ ਲੱਗਦੇ। ਜਦੋਂ ਪਿੰਡ ਦੇ ਕਿਸੇ ਕੁੜੀ ਮੁੰਡੇ ਦੀ ਪ੍ਰੇਮ ਕਹਾਣੀ ਬਾਹਰ ਆਂਉਦੀ ਤਾਂ ਕਈ ਲੋਕ ਇਸ ਨੂੰ ਫਿਲਮਾਂ ਦਾ ਮਾੜਾ ਅਸਰ ਦੱਸਦੇ। ਬਦਲੇ ਹੋਏ ਮਹੌਲ ਨੂੰ ਵੇਖ ਕੇ ਸੰਤਾ ਸਿੰਘ ਨੂੰ ਲੱਗਦਾ ਕਿ ਪਿੰਡ ਵਿੱਚ ਕੋਈ ਓਪਰੀ ਜਿਹੀ ਹਵਾ ਵੱਗ ਰਹੀ ਹੈ।

ਟੈਲੀਵੀਯਨ ਦਾ ਚਸਕਾ ਮਨਦੀਪ ਅਤੇ ਧਰਮੇ ਨੂੰ ਵੀ ਪਿਆ। ਉਹ ਘਰੋਂ ਖੇਡਣ ਬਹਾਨੇ ਜੱਗੂ ਦੇ ਘਰ ਜਾ ਬੈਠਦੇ। ਪਤਾ ਲੱਗਣ ਤੇ ਘਰੋਂ ਝਿੜਕਾਂ ਵੀ ਪਈਆਂ। ਸੰਤਾ ਸਿੰਘ ਜੋ ਮੇਲੇ ਤੇ ਤੇ ਆਪ ਚੁਆਨੀ ਦੇਕੇੇ ਉਨ੍ਹਾਂ ਨੂੰ ਬਾਰਾਂ ਮਣ ਦੀ ਧੋਬਣ ਦੇਖਣ ਲਈ ਆਖਦਾ ਹੁੰਦਾ ਸੀ ਹੁਣ ਫਿਲਮਾਂ ਵੇਖਣੋਂ ਮਨ੍ਹਾ ਕਰ ਰਿਹਾ ਸੀ। ਬਲਕਾਰ ਸਿੰਘ ਉਨ੍ਹਾਂ ਨੂੰ ਅੰਗਰੇਜੀ ਪੜ੍ਹਨ ਤੇ ਜ਼ੋਰ ਦਿੰਦਾ ਕਿ ਐਤਕੀ ਥੋਡੇ ਬੋਰਡ ਦੇ ਇਮਤਿਹਾਨ ਨੇ ਤੁਸੀਂ ਪਾਸ ਹੋਣਾ ਹੈ। ਉਹ ਮਨਦੀਪ ਨੂੰ ਇਹ ਵੀ ਕਹਿੰਦਾ ਕਿ “ਨਹੀਂ ਤਾਂ ਤੇਰੇ ਪਿਉ ਨੇ ਕਹਿਣਾ ਹੈ ਪਤਾ ਨਹੀਂ ਮੇਰੇ ਮੁੰਡੇ ਤੋਂ ਨਾਨਕੇ ਕੰਮ ਹੀ ਕਰਵਾਈ ਗਏ ਨੇ। ਦੇਖੀਂ ਕਿਤੇ ਫੇਲ ਹੋ ਕੇ ਨਾਨਕਿਆਂ ਦਾ ਨੱਕ ਨਾਂ ਵਢਵਾ ਦਈਂ”। ਸੰਤਾ ਸਿਉਂ ਤਾਂ ਅਜੇ ਵੀ ਟੈਲੀਵੀਯਨ ਤੇ ਆਉਣ ਵਾਲੀ ਫਿਲਮ ਨੂੰ ਬਾਰਾਂ ਮਣ ਦੀ ਧੋਬਣ ਹੀ ਦੱਸਦਾ।

ਅੱਠਵੀ ਵਿੱਚ ਮਨਦੀਪ ਅਤੇ ਧਰਮੂ ਦੇ ਮੂੰਹ ਤੇ ਮੁੱਛਾਂ ਫੁੱਟਣ ਲੱਗੀਆਂ। ਉਹ ਜਵਾਨ ਹੋ ਰਹੇ ਸਨ। ਹਮਉਮਰ ਕੁੜੀਆਂ ਉਨ੍ਹਾਂ ਵਲ ਨੀਝ ਨਾਲ ਤੱਕਦੀਆਂ ਤੇ ਦੇਖ ਦੇਖ ਮੁਸ਼ਕਰਾਂਉਦੀਆਂ। ਉਨ੍ਹਾਂ ‘ਚੋਂ ਹੀ ਇੱਕ ਕੁੜੀ ਰੋਜ਼ ਸ਼ਾਮ ਨੂੰ ਕੋਠੇ ਚੜਦੀ, ਉਸ ਵਕਤ ਜਦੋਂ ਉਹ ਕੋਠੇ ਤੇ ਖੇਡ ਰਹੇ ਹੁੰਦੇ ਜਾਂ ਪੜ੍ਹ ਰਹੇ ਹੁੰਦੇ। ਕਦੀ ਕਦੀ ਮਨਦੀਪ ਨੂੰ ਇਸ਼ਾਰੇ ਵੀ ਕਰਦੀ। ਇਹ ਉਹ ਹੀ ਕੁੜੀ ਸੀ, ਜੋ ਪੰਜਵੀਂ ਤੱਕ ਉਨ੍ਹਾਂ ਦੇ ਨਾਲ ਪੜ੍ਹਦੀ ਰਹੀ ਸੀ ਤੇ ਦੋ ਚਾਰ ਘਰ ਛੱਡ ਕੇ ਹੀ ਰਹਿੰਦੀ ਸੀ। ਉਸ ਦੇ ਘਰ ਅੱਗੇ ਬਹੁਤ ਵੱਡਾ ਅਤੇ ਪੁਰਾਣਾ ਬਰੋਟਾ ਸੀ। ਜਿਸ ਦੀ ਛਾਵੇਂ ਬੈਠ, ਉਹ ਗਰਮੀਆਂ ਦੇ ਦਿਨਾਂ ਵਿੱਚ ਪੜ੍ਹਦੀ। ਤੇ ਏਸੇ ਬਰੋਟੇ ਤੇ ਛੁੱਟੀ ਵਾਲੇ ਦਿਨ ਬਾਕੀ ਕੁੜੀਆਂ ਨਾਲ ਰਲ਼ ਕੇ ਪੀਂਘ ਵੀ ਝੂਟਦੀ। ਉਹ ਛੋਟੇ ਹੁੰਦੇ ਇਸ ਬਰੋਟੇ ਦੇ ਪੱਤਿਆਂ ਦੀਆਂ ਭੰਬੀਰੀਆਂ ਬਣਾਕੇ, ਤਿੱਖੀ ਸੂਲ਼ ਨਾਲ ਵਿੰਨ, ਉਸ ਨੂੰ ਕਾਨਿਆਂ ‘ਚ ਗੱਡ ਕੇ ਗਲ਼ੀਆਂ ‘ਚ ਦੌੜੇ ਫਿਰਦੇ ਤੇ ਇਸ ਦੀਆਂ ਗੋਲ੍ਹਾਂ ਨਾਲ ਵੀ ਖੇਡਦੇ ਰਹਿੰਦੇ ਸੀ।

ਸ਼ਾਮ ਨੂੰ ਏਸੇ ਬਰੋਟੇ ਕੋਲ ਲਾਲੋ ਝਿਊਰੀ ਭੱਠੀ ਮਘਾਉਂਦੀ ਹੁੰਦੀ ਸੀ। ਖਿੱਲਾਂ, ਮੂੰਗਫਲੀ ਅਤੇ ਛੋਲੇ ਭੁੰਨਦੀ ਵੀ। ਤਾਂ ਉਸਦੀ ਮਹਿਕ ਸਾਰੇ ਪਿੰਡ ਵਿੱਚ ਫੈਲ ਜਾਂਦੀ ਸੀ। ਡਿੱਗੇ ਹੋਏ ਦਾਣਿਆਂ ਨੂੰ ਚੁਗਣ ਚਿੜੀਆਂ, ਘੁੱਗੀਆਂ, ਗੁਟਾਰਾਂ ਗੀਤ ਗਾਉਂਦੀਆਂ ਰਹਿੰਦੀਆਂ।

ਇਸੇ ਤਰ੍ਹਾਂ ਗੁੱਗਾ ਮਾੜੀ ਅੱਗੇ ਲੱਗੇ ਅੰਬਾਂ ਦੇ ਬਾਗ ‘ਚੋਂ ਕੋਇਲਾਂ ਦੀਆਂ ਆਵਾਜ਼ਾਂ ਆਂਉਂਦੀਆਂ। ਅਸਮਾਨ ਵਿੱਚ ਪੰਛੀਆਂ ਦੀਆਂ ‘ਡਾਰਾਂ ਲਾਈਨਾਂ ਬਣਾ ਬਣਾ ਉਡਦੀਆਂ। ਮਨਦੀਪ ਨੂੰ ਉਸ ਕੁੜੀ ਬਿੰਦਰ ਵਾਂਗ ਸਾਰੀ ਦੁਨੀਆਂ ਹੀ ਬੇਹੱਦ ਸੋਹਣੀ ਜਾਪਣ ਲੱਗ ਪਈ ਸੀ। ਹੁਣ ਤਾਂ ਆਪਣੇ ਨਾਨਕੇ ਪਿੰਡ ਦਾ ਸਵਰਗ ਛੱਡ ਕੇ ਉਸ ਦਾ ਕਿਤੇ ਵੀ ਜਾਣ ਨੂੰ ਦਿਲ ਨਹੀਂ ਸੀ ਕਰਦਾ।

ਮਨਦੀਪ ਦਾ ਵਾਰ ਵਾਰ ਕੋਠੇ ਚੜ੍ਹਨਾ ਮਹਿਤਾਬ ਕੌਰ ਨੂੰ ਚੁਭਦਾ। ਉਹ ਵਾਰ ਵਾਰ ਤਾਕੀਦ ਕਰਦੀ “ਕੋਈ ਉਲਾਂਭਾ ਨਹੀਂ ਆਉਣਾ ਚਾਹੀਦਾ” ਇੱਕ ਦਿਨ ਉਹ ਚੁੱਪ ਚੁਪੀਤੇ ਹੀ ਕੋਠੇ ਚੜ੍ਹੀ, ਪੌੜੀਆਂ ‘ਚ ਖਲੋ ਲੁਕ ਕੇ ਵੇਖਿਆ। ਗੁਰਬਖਸ਼ੇ ਦੀ ਬਿੰਦੀ ਮਨਦੀਪ ਨੂੰ ਕੋਈ ਕਾਗਜ਼ ਦਿਖਾ ਦਿਖਾ ਇਸ਼ਾਰੇ ਕਰ ਰਹੀ ਸੀ। ਹੁਣ ਉਸ ਨੂੰ ਮਨਦੀਪ ਦੇ ਵਾਰ ਵਾਰ ਕੋਠੇ ਤੇ ਚੜ੍ਹਨ ਦਾ ਭੇਦ ਲੱਗਿਆ। ਉਹ ਲੋਹੀ ਲਾਖੀ ਹੋ ਗਈ। ਜਾ ਕੇ ਉਸ ਨੂੰ ਜੂੜੇ ਤੋਂ ਫੜ ਝਜੋੜਦੀ ਬੋਲੀ, “ਜਿਹੜੀਆਂ ਤੇਰੇ ਨੌਂਹਾਂ ਤੇ ਨੇ ਨਾਂ ਮੇਰੇ ਹੱਥਾਂ ਤੇ ਨੇ। ਤੂੰ ਕੀ ਸਮਝਦੈ ਕਿ ਕਿਸੇਂ ਨੂੰ ਪਤਾ ਨਹੀਂ ਲੱਗਣਾ। ਤੈਨੂੰ ਕੋਈ ਅਲੈਹਦਾ ਜਵਾਨੀ ਚੜ੍ਹੀ ਆ। ਦੱਸੂਗੀ ਤੇਰੇ ਪਿਉਂ ਨੂੰ ਕਿ ਏਹਦਾ ਫਾਹਾ ਵੱਢੋ ਤੇ ਵਿਆਹ ਕਰਦੋ। ਜੇ ਕਿਸੇ ਨੇ ਕੁੜੀ ਨੂੰ ਸੈਨਤਾਂ ਕਰਦਾ ਵੇਖ ਲਿਆ, ਤਾਂ ਸਾਡੀ ਪਿੰਡ ਚ ਕੀ ਰਹੂ? ਤੇਰੇ ਨਾਨੇ ਦੀ ਤਾਂ ਪੱਗ ਰੁਲਜ਼ੂਗੀ। ਆਉਣ ਦੇ ਉਹਨੂੰ ਘਰ…। ਕਹਿੰਦੀ ਆ ਤੈਨੂੰ ਹੁਣੇ ਪਿੰਡ ਭੇਜੇ। ਜੇ ਅਗਾਂਹ ਤੋਂ ਮੈਂ ਕੋਠੇ ਚੜ੍ਹਦਾ ਦੇਖ ਲਿਆ ਤਾਂ ਆਪਣਾ ਬੁਰਾ ਭਲਾਂ ਆਪ ਜਾਣੀ” ਮਹਿਤਾਬ ਕੌਰ ਗੁੱਸੇ ਨਾਲ ਕੰਬ ਰਹੀ ਸੀ ਤੇ ਮਨਦੀਪ ਡਰ ਨਾਲ।

ਉਹ ਉਸ ਦੇ ਮੌਰਾਂ ‘ਚ ਦੁਹੱਥੜ ਮਾਰਦੀ ਥੱਲੇ ਲੈ ਤੁਰੀ। ਮਨਦੀਪ ਬਹੁਤ ਡਰ ਗਿਆ। ਜਿਵੇਂ ਕੋਈ ਚੋਰ ਚੋਰੀ ਕਰਦਾ ਰੰਗੇ ਹੱਥੀ ਫੜਿਆ ਜਾਵੇ। ਉਸ ਨੂੰ ਲੱਗਦਾ ਸੀ ਕਿ ਨਾਨੀ ਉਸ ਦੇ ਨਾਨੇ ਅਤੇ ਮਾਮਿਆਂ ਸਾਹਮਣੇ ਇਹ ਸ਼ਕਾਇਤ ਜਰੂਰ ਲਾਵੇਗੀ। ਤਾਂ ਉਹ ਤਾਂ ਸ਼ਰਮ ਨਾਲ ਹੀ ਮਰ ਜਾਵੇਗਾ। ਉਸ ਤੋਂ ਨਾਨਕੇ ਪਿੰਡ ਰਹਿੰਦਿਆਂ ਇਹ ਦੂਸਰੀ ਵੱਡੀ ਗਲਤੀ ਹੋ ਗਈ ਸੀ। ਪਹਿਲੀ ਰੇਡੀਉ ਨੂੰ ਚਿੱਠੀ ਲਿਖਣ ਦੀ ਤੇ ਦੂਸਰੀ ਕਿਸੇ ਕੁੜੀ ਨੂੰ ਇਸ਼ਾਰੇ ਕਰਨ ਦੀ। ਉਸ ਦਿਨ ਉਸ ਨੇ ਰੋਟੀ ਵੀ ਨਾਂ ਖਾਧੀ ਤੇ ਨਾ ਹੀ ਉਹ ਕਿਸੇ ਦੇ ਮੱਥੇ ਲੱਗਿਆ। ਦੂਸਰੇ ਦਿਨ ਉਸ ਦਾ ਸਕੂਲ ਜਾਕੇ ਵੀ ਦਿਲ ਨਾ ਲੱਗਿਆ। ਜਿਵੇਂ ਉਸ ਦਿਲ ਤੇ ਕੋਈ ਚਾਕੂ ਫੇਰ ਰਿਹਾ ਹੋਵੇ। ਬਿੰਦਰ ਦਾ ਚਿਹਰਾ ਵਾਰ ਵਾਰ ਉਸ ਦੀਆਂ ਅੱਖਾਂ ਅੱਗੇ ਘੁੰਮਦਾ ਰਿਹਾ। ਪਰ ਮਹਿਤਾਬ ਕੌਰ ਨੇ ਇਹ ਕਿੱਸਾ ਕਿਸੇ ਨੂੰ ਨਾ ਦੱਸਿਆ।

ਮਨਦੀਪ ਨੂੰ ਹੁਣ ਲੱਗਦਾ ਕਿ ਉਸਦਾ ਕੁੱਝ ਗੁਆਚ ਗਿਆ ਹੈ। ਉਸਦੇ ਕੋਠੇ ਚੜ੍ਹਨ ਤੇ ਪਾਬੰਦੀ ਲੱਗ ਗਈ ਸੀ। ਬਿੰਦਰ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀ। ਉਹ ਵੀਹੀ ਵਿੱਚ ਉਸਦੇ ਦਰਵਾਜ਼ੇ ਅੱਗੋਂ ਲੰਘਦਾ ਤਾਂ ਦਿਲ ਜੋਰ ਜੋਰ ਨਾਲ ਧੜਕਦਾ। ਪਰ ਉਹ ਆਪ ਦਰਵਾਜ਼ਾ ਖੋਹਲ ਕੇ ਗਲ਼ੀ ਵਿੱਚ ਤਾਂ ਆ ਨਹੀਂ ਸੀ ਸਕਦੀ। ਉਹ ਸੋਚਦਾ ਪਤਾ ਨਹੀਂ ਉਹ ਮੇਰੇ ਬਾਰੇ ਕੀ ਸੋਚਦੀ ਹੋਵੇਗੀ? ਫੇਰ ਕਿੰਨੇ ਹੀ ਦਿਨਾਂ ਬਾਅਦ ਉਹ ਆਪਣੀ ਚਾਚੀ ਨਾਲ ਖੇਤ ਨੂੰ ਰੋਟੀ ਦੇਣ ਜਾਂਦੀ ਰਸਤੇ ਵਿੱਚ ਦਿਸ ਪਈ। ਬੜੀ ਨੀਝ ਨਾਲ ਉਸ ਨੇ ਮਨਦੀਪ ਨੂੰ ਤੱਕਿਆ। ਉਹ ਬਹੁਤ ਉਦਾਸ ਲੱਗ ਰਹੀ ਸੀ। ਦੋ ਤਿੰਨ ਵਾਰ ਉਸ ਨੇ ਪਿੱਛੇ ਮੁੜ ਮੁੜ ਵੀ ਤੱਕਿਆ। ਮਨਦੀਪ ਸੋਚਦਾ ਰਿਹਾ, ਸ਼ਾਇਦ ਇਹ ਹੀ ਪਿਆਰ ਹੈ, ਜਿਸ ਦਾ ਜਿਕਰ ਗੀਤਾਂ ਵਿੱਚ ਹੁੰਦਾ ਹੈ। ਮੈਨੂੰ ਵੀ ਬਿੰਦਰ ਨਾਲ ਪਿਆਰ ਹੋ ਗਿਆ ਹੈ। ਫੇਰ ਜਿੱਥੇ ਵੀ ਕਿਤੇ ਉਹ ਮਿਲਦੀ ਅੱਖਾਂ ਵਿੱਚ ਅੱਖਾਂ ਪਾ ਮੁਸਕਰਾਂਉਂਦੀ ਲੰਘ ਜਾਂਦੀ। ਏਸੇ ਦੇਖ ਦਖਾਈ ‘ਚ ਪਤਾ ਹੀ ਨਾ ਚੱਲਿਆ ਕਿ ਇਹ ਸਾਲ ਕਦੋਂ ਬੀਤ ਗਿਆ।ਤੇ ਫਿਰ ਇੱਕ ਦਿਨ ਪੱਕੇ ਪੇਪਰਾਂ ਦੀ ਡੇਟ ਸ਼ੀਟ ਵੀ ਆ ਗਈ।

ਹੁਣ ਪੇਪਰਾਂ ਦੀ ਤਿਆਰੀ ਸ਼ੁਰੂ ਹੋ ਗਈ ਸੀ। ਮਨਦੀਪ ਤੇ ਧਰਮਾਂ ਨਿੱਠ ਕੇ ਪੜ੍ਹਨ ਲੱਗੇ। ਸਕੂਲੋਂ ਕਹਿਣ ਤੇ ਉਨ੍ਹਾਂ ਸੰਤਾ ਸਿੰਘ ਨੂੰ ਕਹਿਕੇ ਸ਼ਹਿਰ ਤੋਂ ਸਫਲਤਾ ਦੀ ਕੁੰਜੀ ਵੀ ਮੰਗਵਾ ਲਈ। ਜਿਸ ਵਿੱਚ ਇਮਿਤਿਹਾਨ ‘ਚ ਆਉਣ ਵਾਲੇ ਸਵਾਲਾਂ ਦੇ ਗੈੱਸ ਲਾ ਕੇ ਉਨ੍ਹਾਂ ਨੂੰ ਹੱਲ ਵੀ ਕੀਤਾ ਹੋਇਆ ਸੀ। ਸੰਤਾ ਸਿੰਘ ਭਾਂਵੇ ਇਸ ਤਰਾਂ ਦੀ ਤਿਆਰੀ ਦੇ ਹੱਕ ਵਿੱਚ ਨਹੀਂ ਸੀ, ਪਰ ਉਹ ਇਹ ਵੀ ਨਹੀਂ ਸੀ ਚਾਹੁੰਦਾ ਕੇ ਬੱਚੇ ਫੇਲ ਹੋ ਜਾਣ। ਉਹ ਆਖਦਾ ਕਿ ਇਸ ਵਾਰ ਤਾ ਲੈ ਤੀ ਹੁਣ ਅੱਗੇ ਤੋਂ ਮੈਂ ਨੀ ਲੈ ਕੇ ਦਿੰਦਾ ਇਹ ‘ਸਫਲਾ ਦੀ ਕੁੰਜੀ’।ਜਦੋਂ ਥੋਨੂੰ ਕੁੰਜੀ ਹੀ ਕਿਸੇ ਹੋਰ ਨੇ ਫੜਾ ਤੀ ਫੇਰ ਥੋਡੀ ਮਿਹਨਤ ਸੁਆਹ ਹੋਈ। ਅੱਗੇ ਜਾ ਕੇ ਕੀ ਲੱਲਰ ਲਾਂਉਗੇ? ਕਿਹੜੇ ਗਿਆਨ ਦੇ ਦਰਵਾਜ਼ੇ ਖੋਹਲ ਲਮੋਂਗੇ?”

ਇੱਕ ਦਿਨ ਉਨ੍ਹਾਂ ਨੇ ਸਵੇਰੇ ਨਹਾ ਧੋਅ ਕੇ ਗੁਰੁਦਵਾਰੇ ਮੱਥਾ ਟੇਕਿਆ। ਮਹਿਤਾਬ ਕੌਰ ਨੇ ਤੁਰਨ ਲੱਗਿਆਂ ਨੂੰ ਮਿੱਠਾ ਦਹੀਂ ਖੁਆ ਕੇ, ਅਸੀਸ ਦਿੱਤੀ। ਘਰੋਂ ਨਿੱਕਲਣ ਤੋਂ ਪਹਿਲਾਂ ਅੱਗੇ ਹੋ ਕੇ ਦੇਖਿਆ ਕਿ ਕੋਈ ਬਦਸ਼ਗਨੀ ਨਾ ਹੋਵੇ। ਕਿਉਂਕਿ ਅੱਜ ਉਨ੍ਹਾਂ ਦਾ ਮਾਛੀਵਾੜੇ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਬੋਰਡ ਦਾ ਪਹਿਲਾ ਪੇਪਰ ਸੀ। ਜਿੱਥੇ ਉਨ੍ਹਾਂ ਬਾਕੀ ਮੁੰਡਿਆ ਨਾਲ ਸਾਈਕਲਾਂ ਤੇ ਚੜ੍ਹ ਕੇ ਜਾਣਾ ਸੀ।

ਮਹਿਤਾਬ ਕੌਰ ਨੇ ਕੋਠੇ ਵਾਲੀ ਗਲਤੀ ਤੋਂ ਬਾਅਦ ਪਹਿਲੀ ਵਾਰ ਮਨਦੀਪ ਦਾ ਮੱਥਾ ਚੁੰਮਿਆ। ਇਹ ਵੀ ਸਬੱਬ ਹੀ ਸਮਝ ਲਉ ਕਿ ਵੀਹੀ ਦਾ ਮੋੜ ਮੁੜਦਿਆਂ ਹੀ ਆਪਣੇ ਬਾਹਰਲੇ ਘਰ ਨੂੰ ਜਾਂਦੀ ਬਿੰਦਰ ਮਿਲ ਗਈ। ਜਿਸ ਦੀ ਮੁਸ਼ਕਰਾਹਟ ਸ਼ੁਭ ਸ਼ਗਨ ਦੀ ਨਿਸ਼ਾਨੀ ਸੀ। ਮਨਦੀਪ ਦਾ ਮਨ ਬਾਗੋ ਬਾਗ ਹੋ ਗਿਆ। ਪਰ ਇੱਕ ਟੀਸ ਜਿਹੀ ਵੀ ਮਨ ਚੋਂ ਉੱਠਣ ਲੱਗੀ ਕਿ ਜਿਸ ਦਿਨ ਅੱਠਵੀਂ ਦੇ ਪੇਪਰ ਖਤਮ ਹੋ ਗਏ ਉਹ ਰਣੀਆ ਛੱਡ ਕੇ ਪੱਕੇ ਤੌਰ ਤੇ ਹੀ ਆਪਣੇ ਪਿੰਡ ਰਾਮਪੁਰੇ ਚਲਾ ਜਾਵੇਗਾ। ਫੇਰ ਬਿੰਦਰ ਤਾਂ ਉਸ ਨੂੰ ਕਿਧਰੇ ਵੀ ਨਹੀਂ ਦਿਸੇਗੀ। ਕਿਵੇਂ ਲੱਗੇਗਾ ਉਥੇ ਉਸ ਦਾ ਦਿਲ? ਸਾਈਕਲ ਦੇ ਪਹੀਆਂ ਨਾਲ ਜਿਵੇਂ ਉਸ ਦਾ ਦਿਮਾਗ ਵੀ ਘੁੰਮ ਰਿਹਾ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com