WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 36

ਸਮੁੰਦਰ ਮੰਥਨ (PDF, 568KB)    


ਨਹਿਰ ਸਰਹਿੰਦ ਕੰਢੇ ਵਸਿਆ ਪਿੰਡ ਰਾਮਪੁਰਾ, ਰੇਤਲੀ ਨਹੀਂ ਬਲਕਿ ਡਾਕਰ ਜ਼ਮੀਨ। ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ। ਪਿੰਡ ਦੀ ਬਹੁਤੀ ਭੋਇੰ ਨਹਿਰ ਸਰਹਿੰਦ ਹੇਠ ਆ ਜਾਣ ਕਾਰਨ ਲੋਕਾਂ ਕੋਲ ਜ਼ਮੀਨਾਂ ਘੱਟ। ਏਸੇ ਕਰਕੇ ਬਹੁਤ ਸਾਰੇ ਲੋਕ ਖੇਤੀਬਾੜੀ ਛੱਡ ਹੋਰ ਧੰਦਿਆ ਵਲ ਰੁਚਿਤ ਹੋ ਗਏ ਸਨ। ਬਹੁਤ ਸਾਰੇ ਡਰਾਇਵਰੀ ਕਰਦੇ ਅਤੇ ਬਹੁਤ ਸਾਰੇ ਫੌਜ ਵਿੱਚ ਭਰਤੀ ਹੋਏ। ਕਈ ਹੋਰ ਨੌਕਰੀਆਂ ਵੀ ਕਰਦੇ ਸਨ। ਰਣੀਏ ਦੀ ਬਜਾਏ ਏਥੇ ਲੋਕ ਵੱਧ ਜਾਗਰਿਤ ਸਨ ਅਤੇ ਸਹੂਲਤਾਂ ਵੀ ਵਧੇਰੇ ਸਨ। ਪਿੰਡ ਵਿੱਚ ਅੱਧੇ ਨਾਲੋਂ ਵੱਧ ਪੱਕੇ ਘਰ। ਗਲੀਆਂ ਨਾਲੀਆਂ ਵੀ ਪੱਕੀਆਂ। ਪਿੰਡ ਵਿੱਚ ਹੀ ਦਸਵੀਂ ਦਾ ਸਕੂਲ, ਸਿਲਾਈ ਸੈਂਟਰ, ਪਸ਼ੂਆਂ ਦਾ ਹੱਸਪਤਾਲ ਅਤੇ ਦੋ ਚਾਰ ਡਾਕਟਰੀ ਦੀਆਂ ਦੁਕਾਨਾਂ ਵੀ। ਤਕਰੀਬਨ ਹਰ ਘਰ ਵਿੱਚ ਰੇਡੀਉ ਅਤੇ ਸਾਈਕਲ। ਕਈਆਂ ਘਰਾਂ ਵਿੱਚ ਟੈਲੀਵੀਯਨ ਵੀ ਸੀ। ਸਾਰੇ ਘਰਾਂ ਵਿੱਚ ਹੀ ਤਕਰੀਬਨ ਬਿਜਲੀ ਦੇ ਬੱਲਵ ਜਗਮਗ ਕਰਦੇ।

ਮਨਦੀਪ ਦੇ ਦਾਦਕਿਆਂ ਦਾ ਘਰ ਐਨ ਪਿੰਡ ਦੇ ਵਿਚਕਾਰ ਸੀ। ਘਰ ਤੱਕ ਪਹੁੰਚਦੀਆਂ ਤੰਗ ਭੀੜੀਆਂ ਗਲੀਆਂ। ਖੇਤਾਂ ਨੂੰ ਜਾਣ ਲਈ ਅੱਧਾ ਪਿੰਡ ਗਾਹੁਣਾ ਪੈਂਦਾ। ਜਿਸ ਬਾਰੇ ਸੋਚ ਸੋਚ ਮਨਦੀਪ ਦਾ ਦਮ ਘੁੱਟਦਾ। ਉਹ ਅੰਦਰੋਂ ਉਦਾਸ ਸੀ। ਪਰ ਬੇਅੰਤ ਕੌਰ ਅਤੇ ਗੁਰਬਚਨ ਕੌਰ ਉਸਦੇ ਆਉਣ ਤੇ ਪੂਰੀਆਂ ਖੁਸ਼ ਸਨ। ਪਰ ਉਸ ਦੇ ਤਾਈ ਤਾਇਆ ਦਾ ਮੂੰਹ ਵੱਟਿਆ ਗਿਆ ਸੀ। ਸ਼ਾਇਦ ਏਸ ਕਰਕੇ ਕੇ ਸ਼ਾਇਦ ਹੁਣ ਉਨ੍ਹਾਂ ਦੇ ਪੁੱਤ ਦੀ ਉਨੀ ਕਦਰ ਨਹੀਂ ਰਹਿਣੀ। ਉਸ ਦੇ ਬਰਾਬਰ ਦੀਆਂ ਚੀਜ਼ਾਂ ਮਨਦੀਪ ਨੂੰ ਵੀ ਦੇਣੀਆਂ ਪੈਣਗੀਆਂ। ਸੂਰਤ ਸਿੰਘ ਨੇ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਅਸੀਂ ਨਹੀਂ ਕਿਸੇ ਦੇ ਜਵਾਕਾਂ ਦੇ ਜਿੰਮੇਦਾਰ …। ਜਾਂ ਤਾਂ ਦਲੇਰ ਸਿੰਘ ਆਪਣੀ ਤਨਖਾਹ ‘ਚੋਂ ਅੱਧੇ ਪੈਸੇ ਘਰ ਭੇਜੇ। ਫੇਰ ਇਹ ਚਿੰਗਾੜੀ ਹੌਲੀ ਹੌਲੀ ਹੋਰ ਵੀ ਸੁਲਗਣ ਲੱਗ ਪਈ ਸੀ।

ਇੱਕ ਦਿਨ ਦਲੇਰ ਸਿੰਘ ਦੀ ਛੋਟੀ ਭੈਣ ਗਿੰਦਰ ਜੋ ਪੇਕੇ ਆਈ ਹੋਈ ਸੀ ਉਸ ਨੇ ਇਹ ਕਲੇਸ਼ ਦੇਖ ਕੇ ਆਪਣੇ ਭਾਈ ਨੂੰ ਚਿੱਠੀ ਲਿਖੀ ਕਿ ‘ਤੇਰੇ ਟੱਬਰ ਦਾ ਏਥੇ ਰਹਿਣ ਦਾ ਕੋਈ ਹੱਜ ਨਹੀਂ। ਜਾਂ ਤਾਂ ਆਪ ਪਿੰਡ ਆਕੇ ਕੋਈ ਨਬੇੜਾ ਕਰ ਜਾਂ ਫੇਰ ਏਨਾਂ ਨੂੰ ਅੱਡ ਕਰਵਾ ਜਾ’ ਗਿੰਦਰ ਆਪਣੀ ਭੇਣ ਗੇਲੋ ਨਾਲੋਂ ਵੱਖਰੀ ਸੋਚ ਦੀ ਸੀ।

ਦਲੇਰ ਸਿੰਘ ਚਿੱਠੀ ਪੜ੍ਹਨ ਸਾਰ ਹੀ ਇੱਕ ਮਹੀਨੇ ਦੀ ਛੁੱਟੀ ਲੈ ਕੇ ਆ ਗਿਆ। ਉਸ ਦੇ ਆਉਣ ਤੇ ਵੀ ਇਹ ਝੱਜੂ ਨਿੱਤ ਹੀ ਪੈਂਦਾ ਰਿਹਾ। ਸੂਰਤਾ ਕਹਿੰਦਾ ਜਾਂ ਤਾਂ ਮੈਂ ਅੱਡ ਹੋ ਜਾਂਦਾ ਹਾਂ ਜਾਂ ਦਲੇਰ ਦਾ ਟੱਬਰ ਅੱਡ ਹੋ ਜਾਵੇ। ਜਦੋਂ ਚੰਦ ਸਿੰਘ ਪਿੰਡ ਦੀ ਪੰਚਾਇਤ ਸਾਹਮਣੇ ਵੰਡੀ ਪਾਉਣ ਲੱਗਾ ਤਾਂ ਸੂਰਤੇ ਨੇ ਸਭ ਤੋਂ ਚੰਗੀ ਜ਼ਮੀਨ, ਛੱਤਿਆ ਹੋਇਆ ਘਰ ਅਤੇ ਖੇਤੀ ਦਾ ਸਾਰਾ ਸਮਾਨ ਮੰਗਿਆ। ਪੰਚਾਂ ਨਾਲ ਉਸਦਾ ਬੈਠਣ ਉੱਠਣ ਸੀ। ਉਨ੍ਹਾਂ ਵੀ ਕਿਹਾ ਕਿ ਦਲੇਰ ਸਿੰਘ ਤਾਂ ਬਾਹਰ ਨੌਕਰੀ ਕਰਦਾ ਹੈ। ਸੂਰਤਾ ਹੁਣ ਤੱਕ ਖੇਤੀ ਕਰਕੇ ਸਾਰਿਆਂ ਦੇ ਟੱਬਰ ਪਾਲਦਾ ਰਿਹਾ ਹੈ। ਇਹ ਜੋ ਕਹਿੰਦਾ ਹੈ ਇਸ ਨੂੰ ਦੇ ਦਿੱਤਾ ਜਾਵੇ।

ਦਲੇਰ ਸਿੰਘ ਨੇ ਤਾਂ ਕੁੱਝ ਵੀ ਨਾ ਮੰਗਿਆ। ਉਸ ਨੂੰ ਰੜੇ ਮੈਦਾਨ ਵਿੱਚ, ਪਿੰਡ ਦੇ ਬਾਹਰ ਪਈ ਆਬਾਦੀ ਵਿੱਚ ਘਰ ਪਾਉਣ ਲਈ ਥਾਂ ਦੇ ਦਿੱਤਾ ਗਿਆ। ਸਭ ਤੋਂ ਮਾੜੀ ਤੇ ਦੂਰ ਵਾਲੀ ਜ਼ਮੀਨ ਦੇ ਦਿੱਤੀ ਗਈ। ਜਿੱਥੇ ਉਸ ਨੇ ਛੁੱਟੀ ਦੌਰਾਨ ਦਿਨ ਰਾਤ ਇੱਕ ਕਰਕੇ ਚਾਰ ਖਣ ਦੱਬ ਲਏ। ਮਾੜਾ ਮੋਟਾ ਸਮਾਨ ਵੀ ਲੈ ਲਿਆ। ਪਰ ਉਸ ਨੇ ਟੱਬਰ ਨੂੰ ਇਸ ਕਲੇਸ਼ ਵਿੱਚੋਂ ਜਰੂਰ ਕੱਢ ਲਿਆ।

ਦਲੇਰ ਸਿੰਘ ਤਾਂ ਛੁੱਟੀ ਕੱਟ ਕੇ ਮੁੜ ਗਿਆ ਹੁਣ ਮੁਸ਼ਕਲਾਂ ਦੇ ਪਹਾੜ ਪੈ ਗਏ ਬਚਨੋਂ ਦੇ ਸਿਰ। ਚਾਰ ਖਣਾਂ ਦੇ ਕਮਰੇ ਨੂੰ ਨਾ ਕੋਈ ਟੀਪ ਬੱਤੀ ਤੇ ਨਾਂ ਹੀ ਬਿਜਲੀ। ਰੋਸ਼ਨਦਾਨਾਂ ਵਿੱਚ ਬੋਰੀਆਂ ਤੁੰਨ ਕੇ ਮੀਂਹ ਕਣੀ ਤੋਂ ਬਚਾਅ ਕਰਦੇ। ਬੱਸ ਬਚਨੋਂ ਦੇ ਵਿਆਹ ਵੇਲੇ ਦੀ ਇੱਕ ਪੇਟੀ ਤੇ ਦੋ ਬਾਣ ਦੇ ਮੰਜੇ ਹੀ ਉਨ੍ਹਾਂ ਦੀ ਜਾਇਦਾਦ ਸਨ। ਬਚਨੋਂ ਨੇ ਬਾਹਰ ਚੁੱਲਾ ਚੌਂਕਾ ਬਣਾ ਲਿਆ। ਨਲਕਾ ਦਲੇਰ ਸਿੰਘ ਲਗਵਾ ਗਿਆ ਸੀ। ਚਾਰ ਦੀਵਾਰੀ ਅਜੇ ਹੋਈ ਨਹੀਂ ਸੀ। ਪਿੰਡ ਦੇ ਬਾਹਰ ਬਾਹਰ ਰਾਤ ਨੂੰ ਭੈਅ ਆਂਉਦਾ।

ਕਦੇ ਕਦੇ ਬੇਅੰਤ ਕੌਰ ਰਾਤ ਨੂੰ ਬਚਨੋਂ ਕੋਲ ਆ ਵੀ ਜਾਂਦੀ। ਦੋਵੇਂ ਬੈਠ ਕੇ ਗੱਲਾਂ ਕਰਦੀਆਂ। ਰੋਂਦੀਆਂ। ਬੇਅੰਤ ਕੌਰ ਆਪਣੇ ਪੁੱਤ ਸੂਰਤੇ ਵਲੋਂ ਕੀਤੇ ਧੱਕੇ ਨੂੰ ਕੋਸਦੀ। ਉਸ ਨੂੰ ਗੱਲੀਂਬਾਤੀ ਸਰਾਪ ਵੀ ਦਿੰਦੀ। ਨਿਆਣੇ ਇਹ ਸਭ ਕੁੱਝ ਦੇਖਦੇ। ਮਨਦੀਪ ਦਾ ਰੋਣ ਨਿੱਕਲ ਜਾਂਦਾ, ਪਰ ਉਹ ਚੁੱਪ ਹੀ ਰਹਿੰਦਾ। ਜਿਵੇਂ ਕੋਈ ਉਦਾਸੀ ਉਸਦੇ ਧੁਰ ਅੰਦਰ ਕੁੰਡਲੀ ਮਾਰ ਕੇ ਬੈਠ ਗਈ ਹੋਵੇ।

ਉਹ ਆਪਣੀ ਨਾਨੀ ਮਹਿਤਾਬ ਕੌਰ ਨੂੰ ਯਾਦ ਕਰਦਾ। ਰਣੀਏ ਦੀਆਂ ਗਲੀਆਂ ਵੀ ਯਾਦ ਆਂਉਂਦੀਆ। ਬੱਸ ਫੇਰ ਸਕੂਲ ਸ਼ੁਰੂ ਹੋ ਗਏ। ਤੇ ਉਹ ਵੀ ਨੌਵੀਂ ਜਮਾਤ ਵਿੱਚ ਦਾਖਲ ਹੋ ਗਿਆ। ਜਿਸ ਦਿਨ ਦਾਖਲ ਹੋਣਾ ਸੀ, ਉਸਦਾ ਮਾਮਾ ਬਲਕਾਰ ਸਿੰਘ ਆ ਗਿਆ ਸੀ। ਉਹ ਹੀ ਸਕੂਲ ਦਾਖਲ ਕਰਵਾਉਣ ਗਿਆ। ਆਪਣੀ ਭੈਣ ਦੀ ਟੱਪਰੀਵਾਸਾਂ ਜਿਹੀ ਹਾਲਤ ਨੇ ਉਸ ਨੂੰ ਵੀ ਬੇਚੈਨ ਕਰ ਦਿੱਤਾ। ਮੁੱਖ ਅਧਿਆਪਕ ਨੇ ਦਾਖਲ਼ੇ ਵਕਤ ਕਈ ਹਦਾਇਤਾਂ ਦਿੱਤੀਆਂ। ਇਹ ਵੀ ਦੱਸਿਆ ਕਿ ਖਾਕੀ ਵਰਦੀ ਹੀ ਪਹਿਨਣੀ ਹੋਵੇਗੀ। ਸਕੂਲ਼ ਵਿੱਚ ਕੁੜੀਆਂ ਲਈ ਨੀਲੀ ਵਰਦੀ ਜਰੂਰੀ ਸੀ। ਇਹ ਸਕੂਲ ਬਹੁਤ ਵੱਡਾ ਸੀ ਤੇ ਬਹੁਤ ਸਾਰੇ ਕਮਰੇ ਸਨ। ਸਵੇਰੇ ਪ੍ਰਾਥਨਾ ਵਿੱਚ ਸ਼ਾਮਲ ਹੋਣਾ ਅਤੇ ਪੀ ਟੀ ਕਰਨੀ ਹਰ ਵਿਦਿਆਰਥੀ ਲਈ ਜਰੂਰੂ ਸੀ। ਮਨਦੀਪ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਨਵੇਂ ਮਹੌਲ ਵਿੱਚ ਉਹ ਕਿਵੇਂ ਐਡਜਸਟ ਕਰੇਗਾ। ਇੱਕ ਅਧਿਆਪਕ ਨੇ ਨਾਲ ਜਾ ਕੇ ਉਸ ਨੂੰ ਨੌਵੀਂ ਜਮਾਤ ਦਾ ਕਮਰਾ ਦਿਖਾ ਦਿੱਤਾ ਗਿਆ।

ਕਮਰੇ ਵਿੱਚ ਡੈਸਕ ਲੱਗੇ ਹੋਏ ਸਨ। ਕਮਰੇ ਦੀ ਇੱਕ ਖਿੜਕੀ ਸੜਕ ਵਲ ਤੇ ਦੂਸਰੀ ਪਸ਼ੂਆਂ ਦੇ ਹਸਪਤਾਲ ਵਲ ਖੁੱਲਦੀ ਸੀ। ਉਹ ਘਰ ਆ ਕੇ ਵੀ ਸੋਚਾਂ ਵਿੱਚ ਡੁੱਬਿਆ ਰਿਹਾ। ਬਲਕਾਰ ਸਿੰਘ ਉਸ ਨੂੰ ਦਾਖਲ ਕਰਵਾ ਕੇ ਮੁੜ ਗਿਆ। ਉਸ ਨੇ ਬਚਨੋ ਦੀ ਸਾਰੀ ਹਾਲਤ ਪਿੰਡ ਜਾ ਕੇ ਦੱਸੀ। ਦੂਸਰੇ ਦਿਨ ਹੀ ਸੰਤਾ ਸਿੰਘ ਨੇ ਇੱਕ ਸੱਜਰ ਸੂਈ ਗਾਂ, ਆਟੇ ਦੀ ਬੋਰੀ, ਗੁੜ ਦਾ ਥੈਲਾ ਅਤੇ ਕੁੱਝ ਹੋਰ ਜਰੂਰੀ ਸਮਾਨ ਭਿਜਵਾ ਦਿੱਤਾ। ਹੁਣ ਬਚਨੋਂ ਨੂੰ ਗਾਂ ਲਈ ਚਾਰੇ ਦਾ ਫਿਕਰ ਪੈ ਗਿਆ। ਪਰ ਉਨ੍ਹਾਂ ਦੇ ਘਰਾਂ ਵਿੱਚੋਂ ਹੀ ਦੋ ਕਿਆਰੇ ਚਾਰੇ ਦੇ ਮਿਲ ਗਏ। ਲੋੜ ਪੈਣ ਤੇ ਹੋਰ ਸਮਾਨ ਵੀ ਇਕੱਠਾ ਹੋ ਹੀ ਜਾਂਦਾ। ਹੁਣ ਤਿੰਨੇ ਭਰਾ ਰਲਕੇ ਚਾਰਾ ਵੀ ਲੈ ਆਂਉਦੇ, ਬਚਨੋਂ ਨਾਲ ਬਾਕੀ ਕੰਮ ਵੀ ਕਰਵਾ ਦਿੰਦੇ। ਤੇ ਰੋਜ਼ ਉੱਠਕੇ ਸਕੂਲ ਵੀ ਜਾਂਦੇ। ਜੀਵਨ ਦੀ ਗੱਡੀ ਹੌਲੀ ਹੌਲੀ ਰਿੜਨ ਲੱਗੀ।

ਮਨਦੀਪ ਸਕੂਲ ਨੂੰ ਹੋਰ ਜਾਨਣ ਲੱਗਿਆ। ਏਥੇ ਬਾਹਰੋਂ ਕਈ ਪਿੰਡਾਂ ਦੇ ਬੱਚੇ ਪੜ੍ਹਨ ਆਉਦੇ ਸਨ। ਸਵੇਰੇ ਸ਼ਾਮ ਖਾਕੀ ਤੇ ਨੀਲੀਆਂ ਵਰਦੀਆਂ ਨਾਲ ਰਸਤੇ ਭਰੇ ਪਏ ਹੁੰਦੇ। ਮੁੰਡੇ ਕੁੜੀਆਂ ਤੁਰ ਕੇ ਜਾਂ ਸਾਈਕਲਾਂ ਤੇ ਆਂਉਦੇ। ਉਨ੍ਹਾਂ ਕੋਲ ਪੁਸਤਕਾਂ ਵਾਲੇ ਥੈਲੇ ਹੁੰਦੇ ਜਾਂ ਉਹ ਪੁਸਤਕਾਂ ਬਾਹਾਂ ਤੇ ਰੱਖਕੇ ਚੱਲਦੇ। ਇਹ ਤੌਰ ਤਰੀਕੇ ਹੌਲੀ ਹੌਲੀ ਮਨਦੀਪ ਨੇ ਵੀ ਸਿੱਖ ਲਏ। ਉਸ ਨੇ ਨੋਟ ਕੀਤਾ ਕਿ ਏਥੇ ਮੁੰਡੇ ਕੁੜੀਆਂ ਆਪਣੇ ਕੱਪੜਿਆਂ ਅਤੇ ਫੈਸ਼ਨ ਦਾ ਵੀ ਧਿਆਨ ਰੱਖਦੇ ਨੇ। ਮਨਦੀਪ ਨੇ ਵੀ ਮਾਂ ਨੂੰ ਕਹਿ ਦੋ ਪੈਂਟਾ ਸਿਲਵਾ ਲਈਆਂ।

ਰਣੀਏ ਤਾਂ ਪੈਂਟ ਪਾਉਣ ਦਾ ਰਿਵਾਜ਼ ਹੀ ਨਹੀਂ ਸੀ। ਉਸਦਾ ਘਰ ਸਕੂਲ ਤੋਂ ਥੋੜੀ ਵਿੱਥ ਤੇ ਹੀ ਸੀ। ਉਹ ਅੱਧੀ ਛੁੱਟੀ ਨੂੰ ਘਰ ਰੋਟੀ ਖਾਣ ਆਂਉਦੇ। ਬਚਨੋ ਤਾਜ਼ੇ ਫੁਲਕੇ ਲਾਹ ਕੇ ਰੱਖਦੀ। ਕਈ ਵਾਰੀ ਛੱਲੀਆਂ ਭੁੰਨ ਕੇ ਰੱਖਦੀ। ਮਨਦੀਪ ਨੂੰ ਆਪਣੇ ਝੌਂਪੜ ਨੁਮਾ ਘਰ ਤੋਂ ਸਾਥੀਆਂ ਸਾਹਮਣੇ ਸ਼ਰਮ ਆਂਉਦੀ। ਕਈ ਕੁੜੀਆਂ ਉਸ ਵਲ ਦੇਖਦੀਆਂ ਹੱਸਦੀਆਂ ਪਰ ਉਸ ਨੂੰ ਕੁੱਝ ਚੰਗਾ ਨਾ ਲੱਗਦਾ।

ਨੌਵੀਂ ਜਮਾਤ ਵਿੱਚ ਪੰਜਾਬੀ ਦਾ ਪੀਰੀਅਡ ਉਸ ਦਾ ਦਿਲ ਲਗਾਉਂਦਾ, ਕਿਉਂਕਿ ਇਸ ਵਿੱਚ ਪੜ੍ਹਾਇਆ ਜਾਂਦਾ ਨਾਨਕ ਸਿੰਘ ਦਾ ਨਾਵਲ ‘ਚਿੱਟਾ ਲਹੂ’ ਉਸ ਨੂੰ ਬੇਹੱਦ ਪ੍ਰਭਾਵਤ ਕਰਦਾ। ਉਸ ਨੂੰ ਇਹ ਨਾਵਲ ਸੁਣ ਕੇ ਲੱਗਦਾ ਕਿ ਕੋਈ ਨਵੇਂ ਅੰਕੁਰ ਉਸ ਦੇ ਮਨ ਵਿੱਚ ਫੁੱਟ ਰਹੇ ਹੋਣ। ਫੇਰ ਉਸ ਨੂੰ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ ਅਤੇ ਪ੍ਰੋ: ਮੋਹਣ ਸਿੰਘ ਦੀਆਂ ਰਚਨਾਵਾਂ ਵੀ ਚੰਗੀਆਂ ਲੱਗਣ ਲੱਗ ਪਈਆਂ। ਇਨ੍ਹਾਂ ਦੇ ਪ੍ਰਭਾਵ ਸਦਕਾ ਹੀ ਉਸ ਨੇ ਰਣੀਏ ਦੇ ਵਿਯੋਗ ਵਿੱਚ ਕੁੱਝ ਗੀਤ ਵਰਗਾ ਲਿਖਿਆ। ਫੇਰ ਇੱਕ ਦਿਨ ਉਸ ਨੇ ਵਿਛੜ ਚੁੱਕੀ ਬਿੰਦੀ ਦੀ ਯਾਦ ਵਿੱਚ ਸ਼ਿਵ ਕੁਮਾਰ ਦੀ ਤਰਜ ਤੇ ਇੱਕ ਹੋਰ ਗੀਤ ਲਿਖਿਆ।

ਇੱਕ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਉਸ ਦੇ ਵਿਯੋਗ ਵਿੱਚ ਬੱਧਾ ਉਸਦਾ ਇੱਕ ਦੋਸਤ ਸ਼ਿੰਦਾ ਸਾਈਕਲ ਦੇ ਉਸ ਨੂੰ ਪਿੰਡ ਮਿਲਣ ਆ ਪਹੁੰਚਾ। ਮਨਦੀਪ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ। ਉਸ ਨੂੰ ਤਾਂ ਜਾਪਿਆ ਜਿਵੇਂ ਸਾਰਾ ਨਾਨਕਾ ਪਿੰਡ ਹੀ ਉਸ ਦੀ ਝੋਲੀ ਵਿੱਚ ਪੈ ਗਿਆ ਹੋਵੇ। ਸੁਦਾਮੇ ਦੀ ਦੋਸਤੀ ਵਾਂਗੂ ਉਸ ਨੂੰ ਵੀ ਪਤਾ ਨਹੀਂ ਸੀ ਲੱਗਦਾ ਕਿ ਚਾਰ ਖਣਾਂ ਦੇ ਕਮਰੇ ਵਿੱਚ ਉਹ ਦੋਸਤ ਨੂੰ ਕਿੱਥੇ ਬਿਠਾਵੇ ਅਤੇ ਕੀ ਖੁਆਵੇ ਪਿਆਵੇ। ਬਚਨ ਕੌਰ ਵੀ ਪੇਕਿਆ ਦੇ ਪਿੰਡ ਤੋਂ ਆਏ ਮਨਦੀਪ ਦੇ ਦੋਸਤ ਨੂੰ ਵੇਖ ਗੱਦ ਗੱਦ ਹੋ ਰਹੀ ਸੀ। ਉਸ ਨੇ ਰਵਿੰਦਰ ਨੂੰ ਭੇਜ ਕੇ ਪਿੰਡ ਵਿੱਚੋਂ ਆਂਡੇ ਮੰਗਵਾਏ, ਭੁਰਜੀ ਬਣਾਈ, ਖੀਰ ਬਣਾਈ ਤੇ ਰੋਟੀ ਖੁਆਈ। ਸ਼ਿੰਦੇ ਲਈ ਇਹ ਹੀ ਬਹੁਤ ਵੱਡੀ ਸੇਵਾ ਸੀ। ਸ਼ਿੰਦੇ ਨੇ ਹੀ ਉਸਦਾ ਨਾਂ ਫੌਜਾ ਸਿੰਘ ਪਕਾਇਆ ਹੋਇਆ ਸੀ।

ਸ਼ਾਮ ਨੂੰ ਸ਼ਿੰਦਾ ਜਦੋਂ ਰਣੀਏ ਨੂੰ ਮੁੜਨ ਲੱਗਿਆ ਤਾਂ ਮਨਦੀਪ ਉਸ ਨੂੰ ਨਹਿਰ ਤੱਕ ਛੱਡਣ ਗਿਆ। ਉਨ੍ਹਾਂ ਪਿੰਡ ਦੀਆਂ, ਅਤੇ ਦੋਸਤਾਂ ਦੀਆਂ ਗੱਲਾਂ ਕੀਤੀਆਂ। ਉਸੇ ਵਕਤ ਜਕਦੇ ਜਕਦੇ ਮਨਦੀਪ ਨੇ ਉਹ ਗੀਤ ਵੀ ਆਪਣੇ ਦੋਸਤ ਸ਼ਿੰਦੇ ਨੂੰ ਸੁਣਾ ਦਿੱਤਾ। ਸ਼ਿੰਦਾ ਤਾਂ ਸੁਣ ਕੇ ਹੈਰਾਨ ਹੀ ਰਹਿ ਗਿਆ, ਤੇ ਬੋਲਿਆ “ਯਾਰ ਤੂੰ ਤਾਂ ਗੀਤਕਾਰ ਬਣ ਗਿਆ। ਐਨਾ ਪਿਆਰ ਕਰਦਾ ਏਂ ਤੂੰ ਸਾਨੂੰ?” ਮੈਂ ਪਿੰਡ ਜਾਕੇ ਮੈਂ ਸਾਰਿਆਂ ਨੂੰ ਦੱਸਾਂਗਾ। ਫੌਜਾ ਸਿਆਂ ਯਾਰਾਂ ਤੂੰ ਹੋਰ ਗੀਤ ਲਿਖ। ਮੈਂ ਤਾਂ ਤੇਰੇ ਲਿਖੇ ਗੀਤ ਦਿਹਾਤੀ ਪ੍ਰੋਗਰਾਮ ਵਿੱਚ ਸੁਣਨਾ ਚਾਹੁੰਦਾ ਹਾਂ। ਮਨਦੀੋਪ ਦੇ ਮਨ ਅੰਦਰ ਜਿਵੇਂ ਕਈ ਗੁਲਾਬ ਦੇ ਫੁੱਲ ਖਿੜ ਪਏ ਹੋਣ।

ਫੇਰ ਉਸੇ ਵਰੇ ਚੰਦ ਸਿੰਘ ਨੇ 1947 ਦੇ ਦੰਗਿਆਂ ਵਿੱਚ ਕਤਲ ਹੋ ਗਏ ਆਪਣੇ ਸ਼ਾਇਰ ਪੁੱਤਰ ਦੀ ਯਾਦ ਵਿੱਚ ਇੱਕ ਸਮਾਗਮ ਕਰਵਾਉਣ ਦੀ ਸੋਚੀ। ਇਹ ਸਲਾਹ ਉਸ ਨੂੰ ਪਿੰਡ ਦੇ ਸਕੂਲ ਵਿੱਚ ਪੜ੍ਹਾਉਦੇਂ ਹਿਸਾਬ ਵਾਲੇ ਅਧਿਆਪਕ ਕਿਰਪਾਲ ਸਿੰਘ ਨੇ ਦਿੱਤੀ ਸੀ, ਜੋ ਕਿ ਆਪ ਵੀ ਇੱਕ ਲੇਖਕ ਸੀ। ਇਸ ਸਮਾਗਮ ਵਿੱਚ ਸ਼ਾਇਰ ਮੇਹਰ ਸਿੰਘ ਦੇ ਬਚਪਨ ਦਾ ਮਿੱਤਰ ਗੁਰਮੀਤ ਪੁਰੀ ਵੀ ਪੇਸ਼ ਹੋਇਆ। ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਲੇਖਕਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਮਨਦੀਪ ਨੇ ਵੀ ਆਪਣਾ ਗੀਤ ਸੁਣਾਇਆ। ਸਾਰੇ ਅਸ਼ ਅਸ਼ ਕਰ ਉੱਠੇ। ਕਿਸੇ ਨੇ ਚੰਦ ਸਿੰਘ ਨੂੰ ਕਿਹਾ ਠੀਕ ਹੈ ਇੱਕ ਫੁੱਲ ਖਿੜਨੋ ਪਹਿਲਾਂ ਹੀ ਮੁਰਝਾ ਗਿਆ ਸੀ। ਤੇ ਅੱਜ ਉਸੇ ਬਗੀਚੀ ਵਿੱਚ ਇੱਕ ਹੋਰ ਫੁੱਲ ਖਿੜ ਪਿਆ ਹੈ। ਉਸ ਦਿਨ ਤੋਂ ਮਾਸਟਰ ਕਿਰਪਾਲ ਸਿੰਘ ਨੇ ਸਾਹਿਤਕ ਖੇਤਰ ਵਿੱਚ ਮਨਦੀਪ ਦੀ ਬਾਂਹ ਫੜ ਲਈ। ਉਹ ਉਸ ਨੂੰ ਸਾਹਿਤ ਸਭਾ ਦੀ ਮੀਟਿੰਗ ਵਿੱਚ ਵੀ ਲੈ ਗਿਆ। ਗੁਰਸ਼ਰਨ ਸਿੰਘ ਦੇ ਨਾਟਕ ਦਿਖਾਏ। ਸੰਤ ਰਾਮ ਉਦਾਸੀ ਨੂੰ ਗਾਂਉਦੇ ਹੋਏ ਸੁਣਾਇਆ ਤੇ ਉਸ ਨਾਲ ਮਿਲਵਾਇਆ।
ਇੱਕ ਦਿਨ ਦਲੇਰ ਸਿੰਘ ਛੁੱਟੀ ਆ ਗਿਆ। ਉਸ ਨੇ ਆਉਣ ਸਾਰ ਹੋਰ ਘਰ ਬਣਾਉਣਾ ਅਤੇ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇੱਟਾ ਸੀਮਿੰਟ ਗਾਡਰ ਸਰੀਏ ਆ ਗਏ। ਮਿਸਤਰੀ ਅਤੇ ਮਜ਼ਦੂਰ ਲੱਗ ਗਏ। ਰਣੀਏ ਤੋਂ ਦੋ ਮਜਦੂਰ ਬਲਕਾਰ ਸਿੰਘ ਲੈ ਕੇ ਰੋਜ਼ ਪਹੁੰਚ ਜਾਂਦਾ। ਦੋ ਮਹੀਨੇ ਚੱਲ ਸੋ ਚੱਲ। ਇੱਕ ਰਸੋਈ ਅਤੇ ਤਿੰਨ ਕਮਰੇ ਬਣਨ ਨਾਲ ਘਰ ਦਾ ਮੂੰਹ ਮੱਥਾ ਨਿੱਕਲ ਆਇਆ ਸੀ। ਜਿਨਾਂ ਵਿੱਚ ਇੱਕ ਕਮਰਾ ਬੈਠਕ ਲਈ ਸੀ। ਜੋ ਬਿਲਕੁੱਲ ਸੜਕ ਦੇ ਨਾਲ ਲੱਗਦਾ ਸੀ। ਦਲੇਰ ਸਿੰਘ ਸਾਰਾ ਦਿਨ ਕੰਮ ਕਰਨ ਲੱਗਿਆ ਰਹਿੰਦਾ। ਇੱਟਾਂ ਫੜਾਉਂਦਾ, ਸੀਮਿੰਟ ਰਲਾਉਂਦਾ, ਘਾਣੀ ਕਰਦਾ ਕਦੇ ਪੈੜਾਂ ਗੱਡਦਾ। ਬਚਨ ਕੌਰ ਮਿਸਤਰੀਆਂ ਮਜ਼ਦੂਰਾਂ ਲਈ ਚਾਹ ਰੋਟੀ ਦੇ ਆਹਰ ਜੁਟੀ ਰਹਿੰਦੀ। ਤਿੰਨੋਂ ਬੱਚੇ ਸਕੂਲੋਂ ਆਕੇ ਕਦੇ ਇੱਟਾਂ ਢੋਂਹਦੇ ਕਦੇ ਉਨ੍ਹਾਂ ਨੂੰ ਤਰ ਕਰਦੇ। ਮਿਸਤਰੀ ਇੱਟਾਂ ਫੜਨ ਦੇ ਨਾਲ ਨਾਲ ਕਦੇ ਤੇਸੀ, ਕਦੇਂ ਕਰਾਂਡੀ,ਕ ਦੇ ਮਝੋਲਾ ਜਾਂ ਸਾਹਲ ਅਤੇ ਕਦੀ ਗਜ਼ ਮੰਗਦਾ। ਤੇ ਉਹ ਦੌੜ ਦੌੜ ਚੀਜਾਂ ਫੜਾਉਂਦੇ।

ਦਲੇਰ ਸਿੰਘ ਤਾਂ ਘਰ ਬਣਾ ਮੁੜ ਗਿਆ ਪਰ ਕਈਆਂ ਤੋਂ ਇਹ ਬ੍ਰਦਾਸ਼ਤ ਨਹੀਂ ਸੀ ਹੋ ਰਿਹਾ, ਕਿ ਕਿਸੇ ਹੋਰ ਟੱਬਰ ਦੇ ਪੈਰ ਲੱਗ ਜਾਣ। ਉਹ ਆਨੀ ਬਹਾਨੀਂ ਬਚਨ ਕੌਰ ਨੂੰ ਤੰਗ ਕਰਨ ਲੱਗੇ। ਕਦੀ ਆਖਦੇ ਰਾਤ ਇਨ੍ਹਾ ਦੇ ਘਰ ਕੋਲ ਕੋਈ ਚੋਰ ਤੁਰਿਆ ਫਿਰਦਾ ਸੀ। ਕਦੀ ਕਹਿਣ ਕੱਲ ਕੌਡੀਆਂ ਵਾਲਾ ਸੱਪ ਇਨ੍ਹਾਂ ਦੇ ਅੰਦਰ ਵੜਦਾ ਅਸੀਂ ਖੁਦ ਦੇਖਿਆ ਹੈ। ਬਚਨ ਕੌਰ ਤ੍ਰਾਹ ਤ੍ਰਾਹ ਕਰਕੇ ਦਿਨ ਕੱਢ ਰਹੀ ਸੀ। ਉਹ ਸਾਰੀ ਰਾਤ ਬੱਚਿਆਂ ਦੇ ਸਿਰਾਹਣੇ ਬੈਠੀ ਰਹਿੰਦੀ। ਜਦੋਂ ਉਸ ਦੀ ਸੱਸ ਬੇਅੰਤ ਕੌਰ ਆ ਜਾਂਦੀ ਤਾਂ ਹੀ ਉਸੇ ਸਾਹ ਵਿੱਚ ਸਾਹ ਆਂਉਦਾ।

ਬਿਜਲੀ ਦੀ ਸਕਿਉਰਟੀ ਦਲੇਰ ਸਿੰਘ ਭਰ ਗਿਆ ਸੀ ਪਰ ਮੀਟਰ ਅਜੇ ਨਹੀਂ ਸੀ ਲੱਗਿਆ। ਪਰ ਸੂਬਾ ਸਿਉਂ ਕੇ ਟੱਬਰ ਨੇ ਅੱਧਾ ਬਿੱਲ ਦੇਣ ਦੀ ਸ਼ਰਤ ਤੇ ਉਨ੍ਹਾਂ ਨੂੰ ਬਿਜਲੀ ਦੀ ਤਾਰ ਦੇ ਦਿੱਤੀ। ਜਿਸ ਨਾਲ ਦੋ ਬੱਲਵ ਜਗਦੇ ਜਾਂ ਇੱਕ ਪੱਖਾ ਚੱਲਦਾ। ਬਚਨੋਂ ਦੇ ਦਿਉਰ ਜੇਠ ਤਾਂ ਤਮਾਸ਼ਾ ਹੀ ਵੇਖ ਰਹੇ ਸਨ ਕਿ ਦੇਖੀਏ ਹੁਣ ਕਿਵੇਂ ਜੁਆਕ ਪਾਲਦੀ ਹੈ? ਬਚਨੋ ਵੀ ਤਾਂ ਇੱਕ ਯੁੱਧ ਲੜ ਰਹੀ ਸੀ, ਜੀਵਨ ਜੀਣ ਦਾ ਯੁੱਧ।

ਕਦੀ ਕਦੀ ਮਹਿਤਾਬ ਕੌਰ ਰਣੀਏ ਤੋਂ ਆਕੇ ਪੰਦਰਾਂ ਵੀਹ ਦਿਨ ਰਹਿ ਜਾਂਦੀ। ਬਾਕੀ ਰਿਸ਼ਤੇਦਾਰ ਤਾਂ ਕਦੇ ਬੱਤੀ ਵੀ ਨਾ ਵਾਹੁੰਦੇ ਕਿ ਖਬਰਾਂ ਬਚਨੋ ਕਿਹੜੀ ਮੱਦਦ ਮੰਗ ਲਵੇ। ਉਸਦੀ ਸਕੀ ਭੈਣ ਮੀਤੋ ਦੇ ਮੁੰਡੇ ਤਾਂ ਸਕੂਟਰ ਕਾਰ ਲੈ ਕੇ ਉਸ ਦੇ ਦਰਵਾਜ਼ੇ ਅੱਗਿਉਂ ਹੀ ਫੁਰਰ ਕਰਦੇ ਲੰਘ ਜਾਂਦੇ। ਉਨ੍ਹਾਂ ਨੂੰ ਤਾਂ ਆਪਣੀ ਗਰੀਬੜੀ ਮਾਸੀ ਦੇ ਘਰ ਵੜਦਿਆਂ ਹੀ ਸ਼ਰਮ ਆਂਉਦੀ ਸੀ। ਏਸੇ ਧੂ ਘੜੀਸ ਵਿੱਚ ਇੱਕ ਸਾਲ ਹੋਰ ਨਿਕਲ ਗਿਆ। ਸਿਰਫ ਰਣੀਏ ਵਾਲੇ ਹੀ ਮੱਦਦ ਕਰਦੇ ਰਹੇ। ਸੰਤਾ ਸਿੰਘ ਆਪ ਗੱਡੇ ਤੇ ਬੈਠ ਗੁੜ ਆਟਾ ਦਾਲਾਂ ਤੇ ਜਰੂਰਤ ਦਾ ਸਮਾਨ ਛਡਵਾ ਜਾਂਦਾ। ਮੱਦਦ ਤਾਂ ਚੰਦ ਸਿੰਘ ਤੇ ਬੇਅੰਤ ਕੌਰ ਵੀ ਕਰਨੀ ਚਾਹੁੰਦੇ ਸਨ ਪਰ ਉਨ੍ਹਾਂ ਦੇ ਹੱਥ ਘਰ ਦਾ ਕੰਟਰੋਲ ਹੀ ਨਹੀਂ ਸੀ ਰਿਹਾ। ਵੱਡੇ ਮੁੰਡੇ ਦਾ ਹੀ ਫਿਰਕਾ ਪਹਿਰਾ ਸੀ।

ਦਲੇਰ ਸਿੰਘ ਦੀ ਜਦ ਵੀ ਚਿੱਠੀ ਆਂਉਦੀ ਉਹ ਲਿਖਦਾ ਕਿ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਰੱਖਣਾ। ਕਿਸੇ ਅੱਗੇ ਹੱਥ ਨਹੀਂ ਅੱਡਣਾ। ਸਾਂਝੀਆਂ ਚੀਜਾਂ ‘ਚੋਂ ਕੁਛ ਨਾ ਮੰਗਣਾ। ਬੱਸ ਮੈਂ ਜਲਦੀ ਹੀ ਪੈਨਸ਼ਨ ਆ ਜਾਣਾ ਹੈ। ਮਨਦੀਪ ਹੀ ਚਿੱਠੀ ਪੜ੍ਹ ਕੇ ਸੁਣਾਉਂਦਾ ਅਤੇ ਉਹ ਹੀ ਜਵਾਬ ਲਿਖਦਾ। ਨਾਲ ਦੀ ਨਾਲ ਇੱਕ ਇਬਾਰਤ ਉਸ ਦੇ ਮਨ ਉੱਤੇ ਵੀ ਉੱਕਰੀ ਜਾ ਰਹੀ ਸੀ। ਹੌਲੀ ਹੌਲੀ ਉਹ ਘਰ ਦਾ ਕੰਮ ਸੰਭਾਲਣ ਲੱਗਿਆ। ਗਾਂ ਲਈ ਪੱਠੇ ਲੈ ਆਂਉਦਾ। ਕੁਤਰਾ ਕਰਦਾ। ਆਟਾ ਵੀ ਪਿਸਵਾ ਲਿਆਂਉਦਾ। ਬੂਟਿਆਂ ਨੂੰ ਪਾਣੀ ਲਾਂਉਦਾ। ਦੁਕਾਨ ਤੋਂ ਸੌਦੇ ਪੱਤੇ ਲੈ ਆਂਉਦਾ। ਉਸ ਕੋਲ ਪਾਉਣ ਲਈ ਕੋਈ ਬਹੁਤੇ ਕੱਪੜੇ ਨਹੀਂ ਸਨ। ਪਰ ਉਹ ਆਪਣੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਜਾਣਦਾ ਸੀ। ਜਿਨਾਂ ਨੇ ਉਸ ਨੂੰ ਬਹੁਤ ਕੁੱਝ ਸਿਖਾਇਆ ਸੀ।

ਉਨ੍ਹਾਂ ਨੂੰ ਹਿੱਸੇ ਬਹਿੰਦੀ ਬੱਸ ਦੋ ਏਕੜ ਜ਼ਮੀਨ ਹੀ ਆਉਦੀ ਸੀ। ਪੰਜਾਬ ਵਿੱਚ ਬਹੁਤੇ ਰਿਸ਼ਤੇ ਤਾਂ ਜ਼ਮੀਨਾ ਨੂੰ ਹੀ ਹੁੰਦੇ ਨੇ। ਮਹਿਤਾਬ ਕੌਰ ਜਦ ਵੀ ਆਂਉਦੀ ਉਸ ਦਾ ਏਹੋ ਫਿਕਰ ਹੁੰਦਾ “ਕੁੜੇ ਬਚਨੋਂ ਨਾ ਭਾਈ ਸੁੱਖ ਨਾਲ ਆਪਣਾ ਮੰਦੀਪਾ ਗਭਰੂ ਹੋ ਗਿਆ ਐ, ਸਾਲ ਖੰਡ ਨੂੰ ਏਨੇ ਵਿਆਹੁਣ ਜੋਗਾ ਹੋ ਜਾਣੈ। ਅਜੇ ਘਰ ਵੀ ਨੀ ਬਣਿਆ ਤੇ ਜ਼ਮੀਨ ਵੀ ਥੋੜੀ ਆ। ਰਿਸ਼ਤਾ ਤਾਂ ਬਹੁਤ ਔਖਾ ਹੀ ਜੁੜੂ? ਨਾ ਭਾਈ, ਮੈਨੂੰ ਤਾਂ ਜਾਣੋ ਸਾਰੀ ਸਾਰੀ ਰਾਤ ਨੀਂਦ ਨੀ ਆਂਉਦੀ। ਪੜ ਕੇ ਜੈ ਖਾਣੀਆਂ ਕਿਹੜਾ ਨੌਕਰੀਆਂ ਮਿਲ ਜਾਣੀਆਂ ਨੇ। ਬਥੇਰੇ ਮੁੰਡੇ ਪੜ ਲਿਖ ਕੇ ਡੰਡੇ ਵਜਾਉਂਦੇ ਫਿਰਦੇ ਨੇ। ਨਾਂ ਭਾਈ ਮੈਂ ਤਾਂ ਏਹੀ ਹਰਦਾਸ ਕਰਦੀ ਆਂ ਬਈ ਨੀਲੀ ਛੱਤ ਵਾਲਿਆ ਮੇਹਰ ਰੱਖੀਂ” ਬੱਚਿਆਂ ਦੇ ਭਵਿੱਖ ਦਾ ਫਿਕਰ ਬਚਨੋਂ ਨੂੰ ਵੀ ਵੱਢ ਵੱਢ ਖਾਂਦਾ ਪਰ ਉਹ ਤਾਂ ਅਜੇ ਵਰਤਮਾਨ ਨਾਲ ਜੂਝ ਰਹੀ ਸੀ।

ਕਦੀ ਕਦੀ ਰਘਵੀਰ ਤੇ ਰਵਿੰਦਰ ਗਾਂ ਚਾਰਨ ਚਲੇ ਜਾਂਦੇ ਤੇ ਉਸ ਨੂੰ ਨਹਿਰ ਵਿੱਚ ਵੀ ਨੁਹਾ ਵੀ ਲਿਆਂਉਦੇ। ਬਚਨੋ ਰਸਤੇ ਤੇ ਖੜੀ ਉਨਾਂ ਚਿਰ ਵੇਖਦੀ ਰਹਿੰਦੀ, ਜਿਨਾਂ ਚਿਰ ਤੱਕ ਉਹ ਵਾਪਸ ਨਾ ਮੁੜ ਆਂਉਦੇ। ਉਸਦਾ ਫਿਕਰ ਸੀ ਕਿ ਬੱਚੇ ਕਿਤੇ ਨਹਿਰ ਵਿੱਚ ਨਾ ਤਿਲਕ ਜਾਣ। ਉਹ ਇੱਕ ਵਾਰ ਇਹ ਅਮਾਨਤ ਦਲੇਰ ਸਿੰਘ ਨੂੰ ਸੰਭਾਲਣਾ ਚਾਹੁੰਦੀ ਸੀ। ਫੇਰ ਇੱਕ ਦਿਨ ਦਲੇਰ ਸਿੰਘ ਦੀ ਚਿੱਠੀ ਆਈ ਕਿ ਉਹ ਉਹ ਰਿਟਾਇਰਮੈਂਟ ਲੈ ਰਿਹਾ ਹੈ। ਤੇ ਉਸ ਦੀ ਅਰਜੀ ਮਨਜੂਰ ਹੋ ਗਈ ਸੀ।
ਵੀਹ ਸਾਲ ਦੀ ਸਰਵਿਸ ਪੂਰੀ ਹੋਣ ਤੇ ਉਹ ਹੌਲਦਾਰ ਤੋਂ ਸੂਬੇਦਾਰ ਬਣ ਗਿਆ। ਏਹੋ ਉਸਦੇ ਤਾਏ ਗੁਲਾਬ ਸਿੰਘ ਦਾ ਕਹਿਣਾ ਸੀ ਕਿ ਪੁੱਤਰਾ ਜਦੋਂ ਪੈਨਸ਼ਨ ਆਵੇ ਤਾਂ ਮੇਰੇ ਤੋਂ ਇੱਕ ਕਦਮ ਅੱਗੇ ਹੋਵੇ। ਸਾਰਾ ਪਿੰਡ ਗੁਲਾਬ ਸਿੰਘ ਨੂੰ ਤਾਇਆ ਹੌਲਦਾਰ ਕਹਿ ਕੇ ਬੁਲਾਉਂਦਾ ਸੀ। ਤੇ ਹੁਣ ਉਨ੍ਹਾਂ ਦੇ ਟੱਬਰ ਨੂੰ ਸੂਬੇਦਾਰੀ ਦੀ ਫੀਤੀ ਲੱਗ ਗਈ ਸੀ। ਹੁਣ ਲੋਕਾਂ ਨੇ ਦਲੇਰ ਸਿੰਘ ਨੂੰ ਸੂਬੇਦਾਰ ਕਿਹਾ ਕਰਨਾ ਸੀ। ਪੈਨਸ਼ਨ ਸਮੇਂ ਦਲੇਰ ਸਿੰਘ ਅਸਾਮ ਵਿੱਚ ਸੀ, ਜਿਸ ਨੇ ਚਿੱਠੀ ਲਿਖ ਕੇ ਦੱਸਿਆ ਕਿ ਦਸ ਅਪਰੈਲ ਨੂੰ ਉਹ ਛੁੱਟੀ ਆ ਰਿਹਾ ਹੈ।

ਬਚਨ ਕੌਰ ਦੀਆਂ ਖੁਸ਼ੀਆਂ ਦਾ ਕੋਈ ਠਿਕਾਣਾ ਨਾ ਰਿਹਾ। ਉਹ ਗਿਣ ਗਿਣ ਕੇ ਦਿਨ ਕੱਟਣ ਲੱਗੀ। ਰੋਜ਼ ਮਿੱਟੀ ਤੇ ਰਾਹ ਕੱਢਦੀ ਅਤੇ ਨਿਣਾਇਆ ਨੂੰ ਦੱਸਦੀ ਕਿ ਥੋਡੇ ਬਾਪੂ ਨੇ ਆ ਜਾਣਾ ਹੈ, ਬੱਸ ਮੇਰੀਆਂ ਜਿੰਮੇਵਾਰੀਆਂ ਖਤਮ। ਆਖਰ ਦਸ ਅਪਰੈਲ ਦਾ ਦਿਨ ਵੀ ਆ ਗਿਆ। ਉਸ ਨੇ ਸਾਰਾ ਘਰ ਸਜਾਇਆ। ਤਰਾਂ ਤਰਾਂ ਦੇ ਖਾਣੇ ਬਣਾਏ। ਉਡੀਕਦੀ ਦੀਆਂ ਅੱਖਾਂ ਪੱਕ ਗਈਆਂ ਪਰ ਦਲੇਰ ਸਿੰਘ ਨਾ ਆਇਆ।

ਏਸੇ ਤਰ੍ਹਾਂ ਗਿਆਰਾਂ ਅਪਰੈਲ ਦਾ ਦਿਨ ਵੀ ਲੰਘ ਗਿਆ। ਤੇਰਾਂ ਅਪਰੈਲ ਨੂੰ ਵਿਸਾਖੀ ਸੀ। ਉਨ੍ਹਾਂ ਨੂੰ ਚਾਅ ਸੀ ਕਿ ਇਸ ਵਾਰ ਉਹ ਆਨੰਦਪੁਰ ਸਾਹਿਬ ਜਾਂ ਮਾਛੀਵਾੜੇ ਮਿਲਕੇ ਵਿਸਾਖੀ ਦੇਖਣ ਜਾਣਗੇ। ਜੇ ਹੋਰ ਕਿਤੇ ਨਾ ਸਈ ਤਾਂ ਦੇਗ ਸਰ ਕਟਾਣਾ ਸਾਹਿਬ ਵਿਖੇ ਹੀ ਜਾ ਆਉਣਗੇ। ਆਖਰ ਵਿਸਾਖੀ ਵਾਲਾ ਦਿਨ ਵੀ ਲੰਘ ਗਿਆ ਪਰ ਦਲੇਰ ਸਿੰਘ ਫੇਰ ਵੀ ਨਾ ਆਇਆ।

ਹੁਣ ਬਚਨ ਕੌਰ ਨੂੰ ਠੰਡੀਆਂ ਤੌਣੀਆਂ ਆ ਰਹੀਆਂ ਸਨ। ਪੇਟ ਦਰਦ ਕਰ ਰਿਹਾ ਸੀ। ਮਾੜੇ ਮਾੜੇ ਵਿਚਾਰ ਆ ਰਹੇ ਸਨ। ਨਾ ਜਾਣੇ ਕੋਈ ਹਾਦਸਾ ਵਾਪਰ ਗਿਆ ਹੋਵੇ। ਰੇਲ ਗੱਡੀਆਂ ਦਾ ਕੀ ਭਰੋਸਾ ਹੈ। ਪਰ ਜਾਣਕਾਰੀ ਦਾ ਕੋਈ ਸਾਧਨ ਵੀ ਤਾਂ ਨਹੀਂ ਸੀ। ਉਹ ਅੰਦਰ ਹੀ ਅੰਦਰ ਖਪਦੀ ਰਹੀ। ਉਸ ਦੇ ਫਿਕਰ ਨੇ ਬੱਚਿਆਂ ਨੂੰ ਵੀ ਫਿਕਰ ਵਿੱਚ ਪਾ ਦਿੱਤਾ। ਬੇਅੰਤ ਕੌਰ ਦਾ ਵੀ ਫਿਕਰ ਨਾਲ ਬੁਰਾ ਹਾਲ ਸੀ।

ਦਲੇਰ ਸਿੰਘ ਆਪਣੇ ਆਉਣ ਬਾਰੇ ਇਸ ਤਰ੍ਹਾਂ ਝੂਠ ਤਾਂ ਨਹੀਂ ਬੋਲ ਸੀ ਸਕਦਾ। ਫੇਰ ਰਸਤੇ ਵਿੱਚ ਅਜਿਹਾ ਕੀ ਵਾਪਰ ਗਿਆ ਸੀ? ਉਸ ਨੇ ਮਨਦੀਪ ਨੂੰ ਆਪਣੇ ਨਾਨਕੇ ਭੇਜਿਆ ਕਿ ਕਹੀਂ ‘ਬੀਬੀ ਫਿਕਰ ਨਾਲ ਬਿਮਾਰ ਹੈ ਬੇਬੇ ਮਹਿਤਾਬ ਕੌਰ ਆ ਜਾਵੇ’ ਆਪਣੀ ਮਾਂ ਦੇ ਆਉਣ ਨਾਲ ਉਹ ਕੁੱਝ ਠੀਕ ਹੋਈ। ਮਹਿਤਾਬ ਕੌਰ ਨੇ ਹੌਸਲਾ ਦਿੱਤਾ ਕਿ “ਨੀਲੀ ਛੱਤ ਵਾਲੇ ਤੇ ਭਰੋਸਾ ਰੱਖ…ਉਸਦੇ ਹੁਕਮ ਬਿਨਾਂ ਪੱਤਾ ਨਹੀਂ ਝੁੱਲਦਾ। ਜੋ ਹੋਣਾ ਹੈ ਉਹ ਹੋ ਕੇ ਹੀ ਰਹਿਣਾ ਹੈ। ਰੱਬ ਭਲਾ ਹੀ ਕਰੇਗਾ” ਪਰ ਮਨ ਸੀ ਕਿ ਫੇਰ ਵੀ ਨਾ ਟਿਕਦਾ।ਬਚਨ ਕੌਰ ਦੇ ਨਾਲ ਨਾਲ ਨਹਿਤਾਬ ਕੌਰ ਵੀ ਦਲੇਰ ਸਿੰਘ ਦੇ ਸੁੱਖੀ ਸਾਂਦੀ ਘਰ ਪਹੁੰਚਣ ਦੀਆਂ ਅਰਦਾਸਾਂ ਕਰਦੀ ਰਹੀ।
ਤੜਕੇ ਦਾ ਵੇਲਾ ਸੀ। ਬੱਸ ਪਹੁ ਫੁੱਟਣ ਹੀ ਵਾਲੀ ਸੀ। ਗੁਰਦੁਵਾਰੇ ਤੋਂ ਘੜਿਆਲ ਵੱਜ ਚੁੱਕਾ ਸੀ। ਮੁਰਗ਼ੇ ਵੀ ਬਾਂਗਾਂ ਦੇ ਹਟੇ ਸਨ। ਮਹਿਤਾਬ ਕੌਰ ਅਮ੍ਰਿਤ ਵੇਲੇ ਦਾ ਪਾਠ ਕਰਦੀ ਮਾਲ਼ਾ ਫੇਰ ਰਹੀ ਸੀ। ਬਚਨੋਂ ਨੇ ਚਾਹ ਧਰਨ ਲਈ ਪਤੀਲਾ ਚੁੱਕਣ ਦੀ ਅਜੇ ਸੋਚੀ ਹੀ ਰਹੀ ਸੀ ਕਿ ਬਾਹਰ ਆਰਜ਼ੀ ਤੌਰ ਤੇ ਲਾਇਆ ਦਰਵਾਜ਼ਾ ਖੜਕਿਆ ਤੇ ਦਲੇਰ ਸਿੰਘ ਦੀ ਆਵਾਜ਼ ਆਈ ਕਿ ‘ਬੂਹਾ ਖੋਹਲੋ’

ਬਚਨ ਕੌਰ ਨੂੰ ਜਿਵੇਂ ਇਸ ਆਵਾਜ਼ ਤੇ ਯਕੀਨ ਹੀ ਨਾ ਆਇਆ। ਉਹ ਬੂਹੇ ਵਲ ਦੌੜੀ ਤਾਂ ਵੇਖਿਆ ਕਿ ਦਲੇਰ ਸਿੰਘ ਦੇ ਪਿੱਛੇ ਅਟੈਚੀਆਂ ਨਾਲ ਭਰਿਆ ਇੱਕ ਰਿਕਸ਼ਾ ਵੀ ਖੜਾ ਸੀ। ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਧਰ ਮਹਿਤਾਬ ਕੌਰ ਵਾਹਿਗੁਰੂ ਦੇ ਸ਼ੁਕਰਾਨੇ ਲਈ ਧਰਤੀ ਨਮਸਕਾਰ ਰਹੀ ਸੀ ਕਿ ‘ਹੇ ਰੱਬ ਸੱਚਿਆ ਤੂੰ ਸਾਡੀ ਸੁਣ ਲਈ’।ਬੱਚੇ ਉੱਠ ਕੇ ਆਪਣੇ ਪਿਉ ਨੂੰ ਚੁੰਬੜ ਗਏ। ਬਚਨੋਂ ਦਾ ਤਾਂ ਖੁਸ਼ੀ ਵਿੱਚ ਰੋਣ ਹੀ ਨਿੱਕਲ ਗਿਆ। ਫੇਰ ਉਹ ਕਿੰਨੀ ਹੀ ਦੇਰ ਗੱਲਾਂ ਕਰਦੇ ਰਹੇ।

ਦਲੇਰ ਸਿੰਘ ਨੇ ਦੱਸਿਆ ਕਿ ਸੈਨਿਕਾਂ ਨੂੰ ਲੈ ਕੇ ਆ ਰਹੀ ਬੱਸ ਅਸਾਮ ਦੀਆਂ ਪਹਾੜੀਆਂ ਚ ਉਲਟ ਕਿ ਕਿਸੇ ਖੱਡ ਵਿੱਚ ਜਾ ਡਿਗੀ ਸੀ। ਕਈਆਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਕਈਆਂ ਦੇ ਸਿਰ ਪਾਟੇ। ਦੋ ਜਵਾਨ ਮਾਰੇ ਵੀ ਗਏ। ਪਰ ਉਸ ਨੂੰ ਪ੍ਰਮਾਤਮਾਂ ਨੇ ਹੱਥ ਦੇ ਕੇ ਰੱਖ ਲਿਆ। ਮਾਮੂਲੀ ਸੱਟਾਂ ਸਨ ਜਿਨਾਂ ਕਰਕੇ ਉਸ ਨੂੰ ਦੋ ਦਿਨ ਹਸਪਤਾਲ ਰਹਿਣਾ ਪਿਆ। ਸਮਾਨ ਵੀ ਕੁੱਝ ਖਿਲਰ ਗਿਆ ਸੀ। ਜੋ ਦੁਬਾਰਾ ਤੋਂ ਲੈ ਕੇ ਪੈਕ ਕੀਤਾ।ਉਹ ਵਾਪਿਸ ਆਪਣੀ ਯੂਨਿਟ ਵਿੱਚ ਪਰਤ ਗਿਆ ਸੀ। ਇਸ ਕਰਕੇ ਹਫਤਾ ਲੇਟ ਹੋ ਗਿਆ।

ਗੱਲਾਂ ਕਰਦਿਆਂ ਅਤੇ ਚਾਹ ਪਾਣੀ ਪੀਂਦਿਆਂ ਨੂੰ ਬਾਹਰ ਚਾਨਣ ਹੋ ਗਿਆ। ਬਾਹਰ ਸਵੇਰ ਦਾ ਨਵਾਂ ਸੂਰਜ ਦਲੇਰ ਸਿੰਘ ਲਈ ਨਵਾਂ ਜੀਵਨ ਲੈ ਕੇ ਆਇਆ ਸੀ। ਦਿਨ ਚੜ੍ਹਨ ਸਾਰ ਹੀ ਸਾਰੇ ਪਿੰਡ ਵਿੱਚ ਪਤਾ ਚੱਲ ਗਿਆ ਕਿ ਬਗੀਚੇ ਵਾਲਿਆਂ ਦਾ ਦਲੇਰ ਸਿੰਘ ਪੈਨਸ਼ਨ ਆ ਗਿਆ ਹੈ।

ਸਵੇਰ ਤੋਂ ਕਿੰਨੇ ਹੀ ਲੋਕ ਮਿਲਣ ਆ ਰਹੇ ਸਨ। ਪਤਾ ਤਾਂ ਉਸ ਦੇ ਭਰਾਵਾਂ ਨੂੰ ਵੀ ਲੱਗ ਗਿਆ ਹੋਊ, ਪਰ ਉਨ੍ਹਾਂ ਵਿੱਚੋਂ ਕੋਈ ਵੀ ਮਿਲਣ ਨਹੀਂ ਸੀ ਆਇਆ। ਜਦੋਂ ਉਨ੍ਹਾਂ ਨੂੰ ਕੋਈ ਚਾਅ ਹੀ ਨਹੀਂ ਸੀ ਫੇਰ ਮਿਲਣ ਵੀ ਕੀ ਆਂਉਣਾ ਸੀ? ਉਨ੍ਹਾਂ ਨੇ ਹੀ ਤਾਂ ਉਸਦੀ ਗੈਰ ਹਾਜ਼ਰੀ ਵਿੱਚ ਉਸ ਦੇ ਟੱਬਰ ਨੂੰ ਰੜੇ ਮੈਦਾਨ ਕੱਢ ਕੇ ਬਿਠਾਇਆ ਸੀ ਤੇ ਅਜੇ ਤੱਕ ਵੀ ਤੰਗ ਕਰ ਰਹੇ ਸਨ।

ਅੱਜ ਤਾਂ ਉਨ੍ਹਾਂ ਨੇ ਬੇਬੇ ਬੇਅੰਤ ਕੌਰ ਨੂੰ ਵੀ ਨਹੀਂ ਸੀ ਆਉਣ ਦਿੱਤਾ। ਕਿ ‘ਤੂੰ ਵੱਡੀ ਏਂ ਕਿ ਉਹ? ਆਪੇ ਤੈਨੂੰ ਘਰੇ ਮਿਲਣ ਆਊ। ਚੁੱਪ ਕਰਕੇ ਬੈਠੀ ਰਹਿ’। ਮਨਦੀਪ ਤਾਂ ਖੁਸ਼ੀ ਵਿੱਚ ਖੀਵਾ ਹੋਇਆ ਫਿਰਦਾ ਸੀ। ਉਸ ਨੂੰ ਤਾਂ ਲੱਗਦਾ ਸੀ ਜਿਵੇਂ ਮੀਂਹ ਕਣੀ ਤੋਂ ਬਚਣ ਲਈ ਕਿਸੇ ਛਤਰੀ ਨੇ ਉਨਾਂ ਦਾ ਸਿਰ ਢਕ ਲਿਆ ਹੋਵੇ। ਦਲੇਰ ਸਿੰਘ ਦੀ ਛਤਰ ਛਾਇਆ ਹੇਠ ਹੁਣ ਉਹ ਬੇਫਿਕਰੀ ਨਾਲ ਰਹਿ ਸਕਦੇ ਸਨ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com