WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 40

ਸਮੁੰਦਰ ਮੰਥਨ (PDF, 568KB)    


ਪੰਜਾਬ ਵਿੱਚ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ। ਐਮਰਜੈਂਸੀ ਤੋਂ ਬਾਅਦ ਸਤਾਏ ਹੋਏ ਲੋਕ ਹੁਣ ਕਾਂਗਰਸ ਨੂੰ ਸਬਕ ਸਿਖਾਉਣ ਤੇ ਉੱਤਰੇ ਹੋਏ ਸਨ। ਮਨਦੀਪ ਵੀ ਇਨ੍ਹਾਂ ਦਿਨਾਂ ਵਿੱਚ ਗੀਤ ਲਿਖਦਾ ਰਿਹਾ। ਬਹੁਤ ਸਾਰੇ ਗੀਤ ਉਸ ਨੇ ਸਤਿੰਦਰ ਦੀ ਯਾਦ ਵਿੱਚ ਲਿਖੇ, ਜੋ ਕਿਸੇ ਹੋਰ ਕਾਲਜ ਜਾ ਦਾਖਲ ਹੋਈ ਸੀ ਅਤੇ ਉਥੇ ਹੋਸਟਲ ਵਿੱਚ ਹੀ ਰਹਿੰਦੀ ਸੀ। ਕਦੀ ਕਦਾਈ ਜਦੋਂ ਉਹ ਪਿੰਡ ਆਂਉਦੀ ਅਤੇ ਸ਼ਹਿਰ ਦੇ ਬੱਸ ਸਟੈਂਡ ਤੇ ਖੜੀ ਵਿਖਾਈ ਦੇ ਜਾਂਦੀ। ਉਹ ਵੀ ਤਾਂ ਬਹੁਤ ਬਦਲ ਗਈ ਸੀ ਜੋ ਹੁਣ ਕੋਈ ਸ਼ਹਿਰੀ ਕੁੜੀ ਜਾਪਦੀ ਸੀ।

ਹੌਲੀ ਹੌਲੀ ਉਸ ਦੀ ਦਿਲਚਸਪੀ ਮਨਦੀਪ ਵਿੱਚ ਘਟਣ ਲੱਗੀ। ਲੋਕ ਕਹਿੰਦੇ ਸਨ ਕਿ ਉਹ ਕਿਸੇ ਮੁੰਡੇ ਨੂੰ ਪਿਆਰ ਕਰਨ ਲੱਗ ਪਈ ਹੈ। ਪਰ ਮਨਦੀਪ ਦੇ ਮਨ ਨੂੰ ਇਹ ਗੱਲ ਸੁਣ ਕੇ ਜਿਵੇਂ ਡੋਬੂ ਜਿਹੇ ਪੈਂਦੇ। ਉਹ ਬਹੁਤ ਤੜਫਦਾ ਅਤੇ ਗੀਤ ਲਿਖਦਾ ਰਹਿੰਦਾ।

ਹੌਲੀ ਹੌਲੀ ਮੋਟਰ ਸਾਈਕਲ ਵਾਲਾ ਉਹ ਮੁੰਡਾ ਜੋ ਪੇਚਦਾਰ ਪਗੜੀ ਚਿਣ ਚਿਣ ਕੇ ਬੰਨਦਾ ਸੀ, ਬੱਸ ਅੱਡੇ ਤੱਕ ਵੀ ਉਸਦੇ ਪਿੱਛੇ ਆਉਣ ਲੱਗ ਪਿਆ। ਕਈ ਵਾਰੀ ਤਾਂ ਉਹ ਕਿਸੇ ਕੰਧ ਉਹਲੇ ਛਿਪ ਕੇ ਗੱਲਾਂ ਕਰਦੇ ਮਨਦੀਪ ਨੇ ਖੁਦ ਵੀ ਵੇਖੇ। ਏਸੇ ਦੁੱਖ ਵਿੱਚ ਮਨਦੀਪ ਨੇ ਆਪਣੇ ਇੱਕ ਦੋਸਤ ਗੁਰਮੰਤ ਨਾਲ ਬੈਠ ਕੇ ਉਸਦੀਆਂ ਗੱਲਾਂ ਕਰਦਿਆਂ ਸ਼ਰਾਬ ਵੀ ਪੀਤੀ। ਫੇਰ ਇੱਕ ਦਿਨ ਕਿਸੇ ਨੇ ਦੱਸਿਆ ਕਿ ਸਤਿੰਦਰ ਏਥੋਂ ਬੱਸ ਚੜੀ ਸੀ ਤੇ ਰਾਮਗੜ ਜਾ ਕੇ ਉੱਤਰ ਗਈ। ਉਥੋਂ ਉਹ ਮੋਟਰਸਾਈਕਲ ਵਾਲਾ ਮੁੰਡਾ ਉਸ ਨੂੰ ਬਿਠਾ ਕੇ ਲੈ ਗਿਆ।

ਬ੍ਰਿਹਾ ਮਾਰੇ ਮਨਦੀਪ ਨੂੰ ਹੁਣ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਬਹੁਤ ਚੰਗੀ ਲੱਗਦੀ। ਹੁਣ ਉਹ ਦੋਸਤਾਂ ਨਾਲ ਬੈਠ ਕੇ ਪੈੱਗ ਵੀ ਲਾਂਉਂਦਾ ਅਤੇ ਦਰਦ ਭਿੱਜੇ ਗੀਤ ਵੀ ਗਾਉਂਦਾ। ਜੋ ਕਿ ਉਸਨੇ ਖੁਦ ਹੀ ਲਿਖੇ ਹੁੰਦੇ। ਕਾਲਜ ਦੇ ਵਿਦਿਆਰਥੀ ਮੁੰਡੇ ਕੁੜੀਆਂ, ਕਲੋਲਾਂ ਕਰਦੇ, ਫੁੱਲਾਂ ਵਾਂਗੂੰ ਟਹਿਕਦੇ, ਪਰ ਮਨਦੀਪ ਬਹੁਤ ਹੀ ਮੁਰਝਾਇਆ ਹੋਇਆ ਅਤੇ ਉਦਾਸ ਰਹਿੰਦਾ। ਇੱਕ ਦਿਨ ਪੰਜਾਬੀ ਦੀ ਕਲਾਸ ਚੱਲ ਰਹੀ ਸੀ ਤਾਂ ਗਾਉਣ ਬਜਾਉਣ ਦਾ ਮਹੌਲ ਬਣ ਗਿਆ। ਪ੍ਰੋ: ਹਰਮਿੰਦਰ ਸਿੰਘ ਕਹਿਣ ਲੱਗਿਆ ਕਿ ਅੱਜ ਕੁੱਝ ਨਾ ਕੁੱਝ ਜਰੂਰ ਸੁਣਾਉ। ਤਾਂ ਕਿਸੇ ਦੋਸਤ ਨੇ ਮਨਦੀਪ ਦਾ ਵੀ ਨਾਂ ਲੈ ਦਿੱਤਾ। ਉਸਨੇ ਪ੍ਰੋ: ਸਾਹਿਬ ਦੇ ਜੋਰ ਦੇਣ ਤੇ ਡੈਸਕ ਦੀ ਢੋਲਕੀ ਵਜਾਕੇ ਗਾਉਣਾ ਸ਼ੁਰੂ ਕੀਤਾ। ਇਸ ਦਰਦ ਭਰੇ ਗੀਤ ਨੂੰ ਸੁਣ ਕੇ ਸਾਰੀ ਕਲਾਸ ਹੀ ਜਿਵੇਂ ਸੁੰਨ ਹੋ ਗਈ।

ਪ੍ਰੋ: ਹਰਮਿੰਦਰ ਸਿੰਘ ਕਹਿਣ ਲੱਗਿਆ ਕਿ “ਕੋਈ ਗਹਿਰੀ ਸੱਟ ਵੱਜੀ ਲੱਗਦੀ ਆ” ਜਦ ਉਸ ਨੂੰ ਇਹ ਵੀ ਪਤਾ ਲੱਗਿਆ ਕਿ ਮਨਦੀਪ ਤਾਂ ਲਿਖਦਾ ਵੀ ਆਪ ਹੈ, ਤਾਂ ਉਸ ਨੇ ਮਨਦੀਪ ਨੂੰ ਕਾਲਜ ਦੀ ਸਾਹਿਤ ਸਭਾ ਵਿੱਚ ਸ਼ਾਮਲ ਕਰ ਲਿਆ ਅਤੇ ਕਾਲਜ ਦੇ ਸਲਾਨਾ ਮਗੈਜ਼ੀਨ ਲਈ ਵੀ ਕੁੱਝ ਗੀਤ ਲਿਖ ਕੇ ਦੇਣ ਲਈ ਕਿਹਾ। ਬੱਸ ਫੇਰ ਕੀ ਸੀ ਉਹ ਕਾਲਜ ਦੀਆਂ ਸੰਸਥਾਵਾਂ, ਸਟੇਜਾਂ ਅਤੇ ਸਭ ਕਾਸੇ ਵਿੱਚ ਅੱਗੇ ਆਉਣ ਲੱਗਿਆ। ਸਾਰੇ ਵਿਦਿਆਰਥੀ ਉਸ ਨੂੰ ਜਾਨਣ ਲੱਗ ਪਏ। ਪਰ ਦਲੇਰ ਸਿੰਘ ਨੂੰ ਹੁਣ ਉਸ ਦੀ ਕਿਸੇ ਵੀ ਗੱਲ ਵਿੱਚ ਕੋਈ ਦਿਲਚਸਪੀ ਨਹੀਂ ਸੀ।

ਚੋਣਾਂ ਤੋਂ ਬਾਅਦ ਭਾਰਤ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਅਤੇ ਜਨਤਾ ਪਾਰਟੀ ਦਾ ਰਾਜ ਹੋ ਗਿਆ। ਮੁਰਾਰ ਜੀ ਦਿਸਾਈ ਭਾਰਤ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣ ਗਏ। ਜੈ ਪ੍ਰਕਾਸ਼ ਨਰਾਇਣ ਇਸ ਰਾਜ ਪਲਟੇ ਲਈ ਦੂਸਰੇ ਮਹਾਤਮਾਂ ਗਾਂਧੀ ਵਜੋਂ ਉਭਰਿਆ। ਪੰਜਾਬ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਸਿੱਖ ਸਟੂਡੈਂਟ ਫੈਡਰੇਸ਼ਨ ਦਾ ਉਹ ਲੀਡਰ ਜੋ ਕਾਲਜ ਆਇਆ ਕਰਦਾ ਸੀ ਮੈਂਬਰ ਪਾਰਲੀਮੈਂਟ ਬਣਨ ਲਈ ਤਰਲੋਮੱਛੀ ਹੋਣ ਲੱਗਿਆ। ਜਦੋਂ ਪਾਰਟੀ ਪ੍ਰਧਾਨ ਨੇ ਟਿਕਟਾਂ ਵੰਡਣੀਆਂ ਸਨ ਤਾਂ ਉਹ ਕਈ ਵਾਰੀ ਕਾਲਜਾਂ ‘ਚੋਂ ਮੁੰਡਿਆਂ ਦੇ ਟਰੱਕ ਭਰਕੇ ਪ੍ਰਧਾਨ ਦੀ ਕੋਠੀ ਗਿਆ ਕਿ ਨੌਜਵਾਨ ਮੁੰਡੇ ਹਜ਼ਾਰਾਂ ਦੀ ਗਿਣਤੀ ਵਿੱਚ ਉਸਦੇ ਪਿੱਛੇ ਹਨ, ਤੇ ਉਸ ਨੂੰ ਟਿਕਟ ਜਰੂਰ ਦਿੱਤੀ ਜਾਵੇ। ਤੇ ਫੇਰ ਉਹ ਕਾਮਯਾਬ ਵੀ ਹੋ ਗਿਆ ।

ਜਦੋਂ ਵੋਟਾਂ ਪਈਆਂ ਤਾਂ ਪੰਜਾਬ ਵਿੱਚ ਵੀ ਅਕਾਲੀ ਸਰਕਾਰ ਬਣ ਗਈ। ਉੱਧਰ ਕੇਂਦਰ ਵਿੱਚ ਸ਼੍ਰੀ ਮਤੀ ਇੰਦਰਾ ਗਾਂਧੀ ਨੂੰ ਕੁੱਝ ਸਮੇਂ ਲਈ ਜੇਲ ਭੇਜ ਦਿੱਤਾ ਗਿਆ ਤੇ ਇਧਰ ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਗੁੱਠੇ ਲੱਗ ਗਏ। ਸਮੁੱਚੀ ਕਾਂਗਰਸ ਅੱਗ ਤੇ ਲਿੱਟ ਰਹੀ ਸੀ ਕਿ ਇਸ ਹਾਰ ਦਾ ਬਦਲਾ ਅਕਾਲੀਆਂ ਤੋਂ ਕਿਸ ਤਰ੍ਹਾਂ ਲਿਆ ਜਾਵੇ। ਬੱਸ ਦੇਖਦਿਆਂ ਕਰਦਿਆਂ ਹੀ ਸਨ 1978 ਚੜ੍ਹ ਪਿਆ।

ਇਹ 1978 ਦੀ ਵਿਸਾਖੀ ਦਾ ਦਿਹਾੜਾ ਸੀ ਜਦੋਂ ਰਾਮਪੁਰੇ ਦੇ ਗੁਰਦੁਵਾਰੇ ਵਿੱਚੋਂ ਅਨਾਊਂਸਮੈਂਟ ਹੋਈ ਕਿ “ਸਾਧ ਸੰਗਤ ਜੀ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਭਾਈ ਜਸਵੀਰ ਸਿੰਘ ਦਾ ਟਰੱਕ ਅਮ੍ਰਿਤਸਰ ਦੀ ਯਾਤਰਾ ਕਰਵਾਉਣ ਜਾ ਰਿਹਾ ਹੈ। ਜਿਸ ਵੀ ਮਾਈ ਭਾਈ ਨੇ ਜਾਣਾ ਹੋਵੇ, ਕੱਲ ਨੂੰ ਸਵੇਰੇ ਅੱਠ ਵਜੇ ਗੁਰਦੁਵਾਰਾ ਸਾਹਿਬ ਦੇ ਸਾਹਮਣੇ ਆ ਜਾਵੇ। ਮਨਦੀਪ ਦੀ ਮਾਂ ਨੇ ਹੀ ਕਿਹਾ ਸੀ “ਮਨਦੀਪ ਤੇਰੀ ਗੁਆਂਢਣ ਤਾਈ ਵੀ ਚੱਲੀ ਹੈ ਜਾ ਪੁੱਤ ਬਹਾਨੇ ਨਾਲ ਤੂੰ ਵੀ ਦਰਸ਼ਣ ਕਰ ਆ ਤੇ ਛੋਟੇ ਬਿੰਦਰ ਨੂੰ ਵੀ ਲੈ ਜਾ। ਮੇਰੇ ਤਾਂ ਮੱਝ ਹੱਥ ਪਈ ਹੋਈ ਹੈ ਨਹੀਂ ਮੈਂ ਵੀ ਚੱਲਦੀ” ਦਲੇਰ ਨੂੰ ਪੁੱਛਿਆ ਤਾਂ ਉਸ ਨੇ ਵੀ ਝੱਟ ਕੱਢਕੇ ਪੰਜਾਹ ਰੁਪਏ ਫੜਾ ਦਿੱਤੇ ਕਿ ਜਾ ਆਉਣ। ਮਨਦੀਪ ਦੇ ਪੱਕੇ ਪੇਪਰਾਂ ‘ਚ ਅਜੇ ਅਠਾਰਾਂ ਦਿਨ ਪਏ ਸਨ ਤੇ ਕਾਲਜ ਬੰਦ ਸੀ ਉਸ ਨੇ ਜਾਣ ਦੀ ਤਿਆਰੀ ਕਰ ਲਈ। ਦੂਸਰੇ ਦਿਨ ਦੋਨੋ ਭਰਾ ਤਿਆਰ ਹੋਕੇ ਸਵੇਰੇ ਅੱਠ ਵਜੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਹੁੰਚ ਗਏ।

ਜਲਦੀ ਹੀ ਟਰੱਕ ਲੋਕਾਂ ਨਾਲ ਭਰ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਟਰੱਕ ਅਮ੍ਰਿਤਸਰ ਲਈ ਰਵਾਨਾ ਹੋਇਆ। ਜਿਸ ਵਿੱਚ ਮਰਦ ਔਰਤਾਂ, ਬੁੱਢੇ ਬੱਚੇ, ਨੌਜਵਾਨ ਲੜਕੇ ਲੜਕੀਆਂ ਸਭ ਸਵਾਰ ਸਨ। ਸਭ ਜਾਤਾਂ ਮਜ੍ਹਹਬਾਂ ਦੇ ਲੋਕ ਸ਼ਾਮਲ ਸਨ। ਭਗਵਾਨ ਦਾਸ ਅਤੇ ਹਰੀ ਰਾਮ ਬ੍ਰਾਹਮਣ ਅਤੇ ਉਨ੍ਹਾਂ ਦੀਆਂ ਘਰ ਵਾਲੀਆਂ ਵੀ ਸਨ। ਲੋਕ ਉਨ੍ਹਾਂ ਤੋਂ ਪੁੱਛ ਰਹੇ ਸਨ ਕਿ ਤੁਸੀਂ ਕਿਉਂ ਚੱਲੇ ਹੋਂ? ਸਭ ਕਹਿ ਰਹੇ ਸਨ ‘ਬਾਬਾ ਉਨ੍ਹਾਂ ਦਾ ਵੀ ਉਨ੍ਹਾਂ ਹੀ ਹੈ । ਉਹ ਵੀ ਬਹਾਨੇ ਨਾਲ ਦਰਬਾਰ ਸਾਹਿਬ ਦੇ ਦਰਸ਼ਣ ਕਰ ਆਉਣਗੇ’

ਰਸਤੇ ‘ਚ ਖਾਂਦੇ ਪੀਂਦ ਤੇੇ ਜੈਕਾਰੇ ਗਜਾਉਂਦੇ ਉਹ ਸ਼ਾਮ ਢਲਦੀ ਨੂੰ ਦਰਬਾਰ ਸਾਹਿਬ ਜਾ ਪਹੁੰਚੇ ਸਨ। ਉਨ੍ਹਾਂ ਇਸ਼ਨਾਨ ਕੀਤਾ ਅਤੇ ਸੁਨਹਿਰੀ ਮੰਦਿਰ ਦੇ ਦਰਸ਼ਣ ਕਰਕੇ ਨਿਹਾਲ ਹੋਏ। ਦੇਗਾਂ ਕਰਵਾਈਆਂ, ਲੰਗਰ ਛਕੇ ਅਤੇ ਕੀਰਤਣ ਵੀ ਸੁਣਿਆ। ਰਾਤ ਨੂੰ ਗੁਰੂ ਰਾਮਦਾਸ ਸਰਾਂ ਵਿੱਚ ਠਹਿਰੇ। ਦੂਸਰੇ ਦਿਨ ਵਿਸਾਖੀ ਸੀ। ਉਨ੍ਹਾਂ ਦਾ ਮਨ ਸੀ ਕਿ ਸਵੇਰੇ ਇਸ਼ਨਾਨ ਕਰ, ਮੱਥਾ ਟੇਕਣ ਅਤੇ ਫੇਰ ਹੋਰ ਦੇਖਣਯੋਗ ਥਾਵਾਂ ਦੇਖਦੇ ਪਿੰਡ ਨੂੰ ਪਰਤ ਜਾਣਗੇ। ਉਨ੍ਹਾਂ ਕੀਤਾ ਵੀ ਏਸੇ ਤਰ੍ਹਾਂ ਹੀ। ਸ਼ਾਮ ਨੂੰ ਮੁੜ ਉਹ ਵਾਪਿਸ ਪਿੰਡ ਪਰਤ ਗਏ। ਇਹ ਖਬਰ ਤਾਂ ਉਨ੍ਹਾਂ ‘ਚੋਂ ਕਈਆਂ ਨੇ ਪਿੰਡ ਜਾ ਕੇ ਹੀ ਰੇਡੀਉ ਤੇ ਸੁਣੀ, ‘ਕੱਲ ਵਿਸਾਖੀ ਮੌਕੇ ਨਿਰੰਕਾਰੀਆਂ ਵਲੋਂ ਚਲਾਏ ਜਾ ਰਹੇ ਇੱਕ ਸਮਾਗਮ ਨੂੰ ਜਦੋਂ ਕੁੱਝ ਸਿੰਘਾਂ ਨੇ ਜਬਰਦਸਤੀ ਰੋਕਣਾ ਚਾਹਿਆ ਤਾਂ ਗੋਲੀ ਚੱਲ ਗਈ। ਜਿਸ ਵਿੱਚ 13 ਸਿੰਘ ਮਾਰੇ ਗਏ’। ਬਚਨ ਕੌਰ ਸੁੱਖ ਮਨਾ ਰਹੀ ਸੀ ਕਿ ਚਲੋਂ ਸਭ ਸੁੱਖੀ ਸਾਂਦੀ ਉਸ ਦੇ ਪੁੱਤਰ ਘਰ ਪਰਤ ਆਏ। ਆਕੇ ਮਨਦੀਪ ਫੇਰ ਆਪਣੇ ਪੱਕੇ ਪੇਪਰਾਂ ਦੀ ਤਿਆਰੀ ਵਿੱਚ ਰੁੱਝ ਗਿਆ।

ਨਵੀ ਸਰਕਾਰ ਬਣਨ ਨਾਲ ਪੰਜਾਬ ਦੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਪਰ ਬੇਰੁਜ਼ਗਾਰੀ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਸੀ। ਅਧਿਆਪਕ, ਬਿਜਲੀ ਮੁਲਾਜਮ, ਮਜ਼ਦੂਰ, ਡਾਕਟਰ ਸਭ ਆਪਣੀਆਂ ਮੰਗਾ ਨੂੰ ਲੈ ਕੇ ਆਏ ਦਿਨ ਮੁਜ਼ਾਹਰੇ ਕਰਦੇ। ਪੰਜਾਬ ਦੇ ਬਹੁਤੇ ਲੋਕ ਬੇਰੁਜ਼ਗਾਰੀ ਦੇ ਸਤਾਏ ਹੋਏ, ਜ਼ਮੀਨਾਂ ਗਹਿਣੇ ਧਰ ਬਾਹਰਲੇ ਮੁਲਕਾਂ ਨੂੰ ਜਾ ਰਹੇ ਸਨ। ਦਲੇਰ ਸਿੰਘ ਦਾ ਸਭ ਤੋਂ ਛੋਟਾ ਭਰਾ ਮੀਤਾ ਵੀ ਕਿਸੇ ਤੋਂ ਚੌਵੀ ਹਜ਼ਾਰ ਰੁਪਈਆ ਵਿਆਜ਼ ਤੇ ਲੈ ਕੇ ਲਿਬੀਆ ਚਲਾ ਗਿਆ। ਏਥੇ ਉਹ ਕਿਸੇ ਨਾਲ ਟਰੱਕ ਚਲਾਉਂਦਾ ਸੀ ਉੱਥੇ ਜਾ ਕੇ ਵੀ ਕਿਸੇ ਕੰਪਨੀ ਵਿੱਚ ਟਰੱਕ ਡਰਾਈਵਰ ਲੱਗ ਗਿਆ। ਉਧਰਲੇ ਦੁਨਾਰ ਜਦੋਂ ਰੁਪਈਆਂ ‘ਚ ਵਟਦੇ ਤਾਂ ਨੋਟਾਂ ਦਾ ਰੁੱਗ ਭਰ ਜਾਂਦਾ। ਉਸ ਨੇ ਦੋ ਸਾਲ ਵਿੱਚ ਹੀ ਵਿਆਜੂ ਪੈਸੇ ਮੋੜ ਕੇ ਦੋ ਤਿੰਨ ਲੱਖ ਰੁਪਿਆ ਹੋਰ ਵੀ ਕਮਾ ਲਿਆ।

1981 ਦੇ ਨਵੰਬਰ ਦਾ ਮਹੀਨਾ ਸੀ ਜਦੋਂ ਉਹ ਲਿਬੀਆ ਤੋਂ ਪਹਿਲੀ ਵਾਰ ਛੁੱਟੀ ਆਇਆ। ਮਨਦੀਪ ਉੱਦੋਂ ਤੱਕ ਬੀ ਏ ਪਾਰਟ ਦੂਜਾ ਵਿੱਚ ਸੀ। ਉਸਦੇ ਚਾਚੇ ਦੀ ਟੌਹਰ ਵੇਖਣ ਵਾਲੀ ਸੀ। ਬਾਹਰਲਾ ਸਮਾਨ, ਮਹਿਕਾਂ ਛੱਡਦੇ ਪ੍ਰੋਫਿਊਮ, ਵੱਡੀ ਸਾਰੀ ਟੇਪਰਿਕਾਰਡ ਅਤੇ ਆਉਣ ਸਾਰ ਉਸ ਨੇ ਬਜਾਜ਼ ਚੇਤਕ ਸਕੂਟਰ ਵੀ ਕਢਾ ਲਿਆ। ਰੋਜ਼ ਸ਼ਾਮ ਨੂੰ ਪੈੱਗ ਲਾਉਂਦਾ। ਪਹਿਲਾਂ ਜੋ ਉਸ ਨੂੰ ਕਦੇ ਪੁੱਛਦੇ ਨਹੀਂ ਸੀ ਹੁਣ ਉਸ ਦੇ ਆਲੇ ਦੁਆਲੇ ਭਾਉਦੇ ਰਹਿੰਦੇ। ਹੋਰ ਤਾਂ ਹੋਰ ਉਸਦਾ ਰਿਸ਼ਤਾ ਵੀ ਪੱਕਾ ਹੋ ਗਿਆ। ਮੀਤੇ ਦਾ ਵਿਆਹ ਦਲੇਰ ਸਿੰਘ ਦੇ ਘਰ ਹੀ ਹੋਇਆ ਅਤੇ ਵਿਆਹ ਤੋਂ ਬਾਅਦ ਤਕਰੀਬਨ ਸਾਰੀ ਛੁੱਟੀ ਦੌਰਾਨ ਉਹ ਮਨਦੀਪ ਉਨ੍ਹਾਂ ਕੋਲ ਹੀ ਰਿਹਾ।

ਆਪਣੇ ਚਾਚੇ ਦੇ ਹੁੰਦਿਆਂ ਹੀ ਮਨਦੀਪ ਕਾਲਜ ਦੇ ਟੂਰ ਤੇ ਗਿਆ ਤਾਂ ਚਾਚੇ ਨੇ ਮੱਲੋ ਮੱਲੀ ਉਸਦੇ ਜੇਬ, ਵਿਚ ਹਜ਼ਾਰ ਰੁਪਿਆ ਪਾ ਦਿੱਤਾ ਤੇ ਕਿਹਾ ਕਿ ਖੁੱਲ ਕੇ ਖਰਚ ਕਰੀਂ। ਫੇਰ ਉਹ ਦਿੱਲੀ, ਹਰਦੁਆਰ, ਰਿਸ਼ੀ ਕੇਸ, ਦੇਹਰਾਦੂਨ ਹੁੰਦੇ ਹੋਏ ਆਗਰਾ, ਗਵਾਲੀਅਰ ਅਤੇ ਹੋਰ ਕਿੰਨੀਆਂ ਹੀ ਥਾਵਾਂ ਤੇ ਘੁੰਮ ਆਏ। ਵਾਪਸ ਆਏ ਨੂੰ ਚਾਚੇ ਨੇ ਕਿਹਾ ਸੀ ਆਪਣਾ ਪਾਸਪੋਰਟ ਬਣਵਾ ਲੈ ਆਹ ਲੈ ਫੜ ਪੈਸੇ। ਮੈਂ ਤੈਨੂੰ ਲਿਬੀਆ ਹੀ ਲੈ ਜਾਣੈ। ਏਥੇ ਕਿਹੜਾ ਤੈਨੂੰ ਨੌਕਰੀ ਮਿਲਣੀ ਹੈ। ਤੇ ਫੇਰ ਇੱਕ ਦਿਨ ਚਾਚੇ ਮੀਤੇ ਦੀ ਕੋਸ਼ਿਸ ਨਾਲ ਮਨਦੀਪ ਦਾ ਪਾਸਪੋਰਟ ਵੀ ਬਣ ਗਿਆ। ਜਦੋਂ ਚਾਚੇ ਦਾ ਵਿਆਹ ਹੋਇਆ ਤਾਂ ਜੋ ਨਵੀਂ ਚਾਚੀ ਆਈ ਉਸ ਦਾ ਟੱਬਰ ਰਾਧਾ ਸੁਆਮੀ ਸੀ। ਉਹ ਚਾਚੇ ਨੂੰ ਰੋਜ਼ ਸ਼ਾਮ ਨੂੰ ਪੈੱਗ ਲਾਉਣ ਤੋਂ ਰੋਕਦੀ ਅਤੇ ਕਈ ਵਾਰ ਉਨ੍ਹਾਂ ਦਾ ਤਕਰਾਰ ਵੀ ਹੋ ਜਾਂਦਾ।

ਜਦੋਂ ਕਦੇ ਚਾਚਾ ਬਾਹਰੋਂ ਪੀ ਆਂਉਦਾ ਤੇ ਚਾਚੀ ਨਾਲ ਲੜ੍ਹਦਾ “ਮੈਨੂੰ ਤੂੰ ਕਿਵੇਂ ਰਾਧਾ ਸੁਆਮੀ ਬਣਾ ਲਵੇਂਗੀ ਭਲਾਂ ਬਣਾ ਕੇ ਤਾਂ ਦੇਖ? ਮੈਂ ਤਾਂ ਸਿੰਘ ਹਾਂ ਪੱਕਾ ਸਿੰਘ ਭਿੰਡਰਾਂਵਾਲੇ ਵਾਲੇ ਦਾ ਚੇਲਾ ਬਣੂੰ। ਤੂੰ ਮੈਨੂੰ ਕਿਵੇਂ ਰੋਕ ਲਏਂਗੀ?” ਫੇਰ ਉਹ ਕਹਿੰਦਾ ਪਤਾ ਨਹੀ ਇਹ ਕਿੱਥੋਂ ਆ ਗਏ ਰਾਧਾ ਸੁਆਮੀ ਅਤੇ ਨਰਕਧਾਰੀਏ ਜਿਨਾਂ ਸਾਡੇ 13 ਸਿੰਘ ਸ਼ਹੀਦ ਕੀਤੇ ਨੇ। ਇੱਕ ਦਿਨ ਸਾਲ਼ੇ ਸਭ ਖਤਮ ਕਰ ਦੇਣੇ ਨੇ। ਪੰਜਾਬ ਤਾਂ ਹੈ ਹੀ ਸਿੱਖਾਂ ਦਾ ਹੈ। ਏਥੇ ਖਾਲਿਸਤਾਨ ਬਣੇਗਾ।ਫੇਰ ਉਹ ਚਾਚੀ ਨਵਨੀਤ ਨੂੰ ਕਹਿੰਦਾ “ਕਦੇ ਸੁਣ ਕੇ ਵੇਖੀ ਭਿੰਡਰਾਂ ਵਾਲੇ ਸੰਤਾਂ ਦੀ ਟੇਪ? ਮੈਂ ਲਿਬੀਆਂ ਤੋਂ ਟੇਪਾਂ ਲੈ ਕੇ ਆਇਆ ਹਾਂ। ਹੁਣੇ ਲਾ ਕੇ ਸੁਣਾਉਂਦਾ ਹਾਂ”

ਫੇਰ ਉਹ ਨਾਲੇ ਪੈੱਗ ਬਣਾਉਂਦਾ ਤੇ ਨਾਲੇ ਭਿੰਡਰਾਂ ਵਾਲੇ ਸੰਤਾਂ ਦੀ ਟੇਪ ਉੱਚੀ ਕਰਕੇ ਲਾ ਦਿੰਦਾ। ਜਦੋਂ ਨਸ਼ਾ ਥੋੜਾ ਜਿਹਾ ਉਬਾਲਾ ਮਾਰਦਾ ਤਾਂ ਉਹ ਪਹਿਲੀ ਟੇਪ ਕੱਢ ਕੇ ਸੁਰਿੰਦਰ ਸ਼ਿੰਦੇ ਦਾ ਜਿਊਣਾ ਮੋੜ ਲਾ ਦਿੰਦਾ। ਫੇਰ ਗੂੰਜਣ ਲੱਗਦਾ ‘ਉੱਡਗੀ ਵਿੱਚ ਹਵਾ ਦੇ ਯਾਰੋ ਘੋੜੀ ਜੀਊਣੇ ਮੌੜ ਦੀ’ ਤੇ ਨਵਨੀਤ ਚਾਚੀ ਚੁੱਪ ਹੋ ਜਾਂਦੀ।ਮਨਦੀਪ ਨੇ ਆਪਣੇ ਚਾਚੇ ਪਾਸੋਂ ਹੀ ਪਹਿਲੀ ਵਾਰੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਾ ਸੁਣਿਆ ਸੀ।

ਫੇਰ ਹੌਲੀ ਹੌਲੀ ਇਸ ਨਾਂ ਦਾ ਚਰਚਾ ਵਧਣ ਲੱਗਿਆ। ਕਿਸੇ ਜਗਾ ਬੀੜਾਂ ਦੀ ਬੇਅਦਬੀ ਨੂੰ ਲੈ ਕੇ ਤਿੰਨ ਬੰਦੇ ਕਤਲ ਕਰ ਦਿੱਤੇ ਗਏ। ਜਿਸ ਲਈ ਉਨ੍ਹਾਂ ਸੰਤਾਂ ਨੂੰ ਫੜਿਆ ਗਿਆ। ਉਨ੍ਹਾਂ ਦੀ ਗ੍ਰਿਫਤਾਰੀ ਦੀ ਵੀ ਬੇਹੱਦ ਚਰਚਾ ਹੋਈ। ਉਨ੍ਹਾਂ ਨੂੰ ਕੋਰਟ ‘ਚ ਪੇਸ਼ ਕਰਨ ਦੀ ਬਜਾਏ ਮਾਛੀਵਾੜੇ ਪਾਸ ਪਿੰਡ ਨਾਲ ਲੱਗਦੇ ਗੜ੍ਹੀ ਦੇ ਇੱਕ ਰੈਸਟ ਹਾਊਸ ਵਿੱਚ ਰੱਖਿਆ ਗਿਆ ਤੇ ਜੱਜ ਨੇ ਉੱਥੇ ਆਕੇ ਹੀ ਉਨ੍ਹਾਂ ਦੇ ਬਿਆਨ ਲਏ। ਲੋਕ ਸੁਆਲ ਕਰ ਰਹੇ ਸਨ ਕਿ ਅਗਰ ਉਹ ਮੁਰਜ਼ਮ ਹੈ ਤਾਂ ਇਹ ਸਪੈਸ਼ਲ ਟਰੀਟਮੈਂਟ ਕਿਉਂ ਦੇ ਰਹੇ ਨੇ?” ਪੁਰਾਣੇ ਕਾਮਰੇਡ ਅਤੇ ਪੰਜਾਬ ਸਟੂਡੈਂਟ ਯੂਨੀਅਨ ਵਾਲੇ ਆਖ ਰਹੇ ਸਨ ਕਿ ਇਹ ਤਾਂ ਅਕਾਲੀਆਂ ਨੂੰ ਸਬਕ ਸਿਖਾਉਣ ਲਈ ਕਾਗਰਸ ਵਲੋਂ ਕੀਤਾ ਜਾ ਰਿਹਾ ਡਰਾਮਾ ਹੈ। ਤਾਂ ਕਿ ਸੰਤਾਂ ਨੂੰ ਬਹੁਤ ਵੱਡਾ ਨਾਇਕ ਬਣਾ ਕੇ ਅਕਾਲੀ ਲੀਡਰਸ਼ਿੱਪ ਨੂੰ ਜ਼ੀਰੋ ਕੀਤਾ ਜਾ ਸਕੇ।

ਇਹ ਕੋਸ਼ਿਸ ਕਾਂਗਰਸ ਨੇ ਦਿੱਲੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਬਣਾ ਕੇ ਵੀ ਕੀਤੀ ਸੀ। ਕਾਂਗਰਸ ਸਮਝਦੀ ਸੀ ਕਿ ਸ਼ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਮਾਇਆ ਹੀ ਅਕਾਲੀਆਂ ਲਈ ਰੀੜ ਦੀ ਹੱਡੀ ਹੈ। ਉਹ ਇਸ ਨੂੰ ਟੁਕੜੇ ਟੁਕੜੇ ਕਰ ਦੇਣਾ ਚਾਹੁੰਦੀ ਸੀ। ਜਥੇਦਾਰ ਸੰਤੋਖ ਨੂੰ ਖੜਾ ਕਰਕੇ ਕਾਂਗਰਸ ਨੇ ਇਹ ਕੰਮ ਕਰਵਾਇਆ ਸੀ। ਕਈ ਤਾਂ ਇਹ ਵੀ ਕਹਿੰਦੇ ਸਨ ਕਿ ਜਦੋਂ ਸੰਤੋਖ ਸਿੰਘ ਦੀ ਮੌਤ ਹੋ ਗਈ ਤਾਂ ਕਾਂਗਰਸ ਨੇ ਅਕਾਲੀਆਂ ਨੂੰ ਟੱਕਰ ਦੇਣ ਵਾਲੇ ਇੱਕ ਹੋਰ ਲੀਡਰ ਦੀ ਤਲਾਸ਼ ਆਰੰਭੀ ਸੀ।

ਜਥੇਦਾਰ ਦੇ ਭੋਗ ਤੇ ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਵੀ ਪਹੁੰਚੇ ਸਨ। ਉਥੈ ਉਨ੍ਹਾਂ ਸੰਤ ਭਿੰਡਰਾਂਵਾਲਿਆ ਦਾ ਭਾਸ਼ਨ ਸੁਣ ਕੇ ਇਹ ਫੇਸਲਾ ਕਰ ਲਿਆ ਸੀ ਕਿ ਏਹੋ ਹੈ ਅਕਾਲੀਆਂ ਨੂੰ ਟੱਕਰ ਦੇਣ ਵਾਲਾ ਲੀਡਰ। ਸੰਤ ਭਿੰਡਰਾਂਵਾਲਿਆ ਨਾਲ ਬੱਸ ਉੱਥੇ ਹੀ ਕੋਈ ਗੁਪਤ ਸਮਝੌਤਾ ਹੋਇਆ ਸੀ। ਫੇਰ ਉਸ ਨੂੰ ਜਾਣ ਬੁੱਝ ਕੇ ਹੀਰੋ ਬਣਾਇਆ ਗਿਆ। ਉਸ ਦੇ ਸਿੰਘਾਂ ਨੂੰ ਵੱਡੇ ਤੋਂ ਵੱਡੇ ਹਥਿਆਰਾਂ ਦੇ ਲਾਈਸੰਸ ਦੇ ਦਿੱਤੇ ਗਏ।

ਇਸ ਕੇਸ ਤੋਂ ਵਰੀ ਹੋ ਕੇ ਸੰਤ ਮਹਿਤਾ ਚੌਂਕ ਪਹੁੰਚ ਗਏ। ਹੁਣ ਪੰਜਾਬ ਵਿੱਚ ਉਨ੍ਹਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਕਾਨਫਰੰਸਾਂ ਹੋਣ ਲੱਗੀਆਂ। ਸਮਰਾਲੇ ਵੀ ਇੱਕ ਅਜਿਹੀ ਹੀ ਕਾਨਫਰੰਸ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਜੁੜਿਆ। ਮਨਦੀਪ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਸੀ। ਨੌਜਵਾਨ ਮੁੰਡਿਆਂ ਨਾਲ ਭਰੇ ਟਰੱਕ ਅਤੇ ਟਰੱਕਾਂ ਤੇ ਬੀੜੀਆਂ ਹੋਈਆਂ ਅਸਾਲਟਾਂ। ਜਿਵੇਂ ਕੋਈ ਯੁੱਧ ਲੱਗਿਆ ਹੋਵੇ।

ਹਰ ਪਾਸੇ ਹਥਿਆਰ ਹੀ ਹਥਿਆਰ ਕੀ ਇਹ ਕੋਈ ਸਰਕਾਰੀ ਚਾਲ ਸੀ? ਜਿਸ ਵਿੱਚ ਪੰਜਾਬ ਨੂੰ ਫਸਾਇਆ ਜਾ ਰਿਹਾ ਸੀ। ਫੇਰ ਪੰਜਾਬ ਵਿੱਚ ਅਮਨ ਕਾਨੂੰੰਨ ਦੀ ਹਾਲਤ ਵਿਗੜਨ ਲੱਗੀ। ਅਕਾਲੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ। ਕਈ ਹੋਰ ਧਾਰਮਿਕ ਲਹਿਰਾਂ ਪੰਜਾਬ ਵਿੱਚ ਪੈਰ ਪਸਾਰਨ ਲੱਗੀਆਂ। ਜਲੰਧਰ ਦੀਆਂ ਅਖਬਾਰਾਂ ਨੇ ਫਿਰਕੂ ਰੰਗਣ ਅਖਤਿਆਰ ਕਰ ਲਈ। ਹਿੰਦੂ ਸਿੱਖਾਂ ਵਿੱਚ ਪਾੜਾ ਵਧਣ ਲੱਗਿਆ। ਗੁਰਦੁਵਾਰਿਆਂ ਵਿੱਚ ਸਿਗਰਟਾਂ ਅਤੇ ਮੰਦਿਰਾਂ ਵਿੱਚ ਗਊਂਆਂ ਦੀਆਂ ਪੂਛਾਂ ਸੁੱਟੀਆਂ ਜਾਣ ਲੱਗੀਆਂ।

ਪੰਜਾਬ ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਜਦੋਂ ਪੰਜਾਬ ਦੇ ਹਿੰਦੂਆਂ ਨੇ ਆਪਣੀ ਮਾਤ ਭਾਸ਼ਾ ਹਿੰਦੀ ਲ਼ਿਖਵਾਈ ਤਾਂ ਸਿੱਖਾਂ ਨੇ ਪ੍ਰਚਾਰ ਸ਼ੁਰੂ ਕੀਤਾ ਕਿ ਹਿੰਦੂ ਪੰਜਾਬ ਨੂੰ ਆਪਣਾ ਸੂਬਾ ਹੀ ਨਹੀਂ ਸਮਝਦੇ ਤੇ ਏਥੇ ਰਹਿਣ ਦਾ ਵੀ ਉਨਾਂ ਨੂੰ ਕੋਈ ਹੱਕ ਨਹੀਂ। ਨਿਰੰਕਾਰੀਆਂ ਤੋਂ ਸ਼ੁਰੂ ਹੋਈ ਲੜਾਈ ਹਿੰਦੂ ਸਿੱਖਾਂ ਦੀ ਲੜਾਈ ਬਣ ਗਈ ਜਾਂ ਜਾਣ ਬੁੱਝ ਕੇ ਬਣਾ ਦਿੱਤੀ ਗਈ।

ਇੱਕ ਧਿਰ ਸਰਕਾਰੀ ਬਣ ਗਈ ਤੇ ਦੂਸਰੀ ਧਿਰ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਖਾੜਕੂ ਧੜੇ। ਉਧਰ ਜਿੱਥੇ ਹਿੰਦੂ ਸ਼ਿਵ ਸੈਨਾ, ਬਜਰੰਗ ਦਲ, ਰਾਸ਼ਟਰੀ ਸੋਇਮ ਸੰਗ ਵਰਗੀਆਂ ਜਥੇਬੰਦੀਆਂ ਤ੍ਰਿਸ਼ੂਲਾਂ ਨਾਲ ਮੁਜ਼ਾਹਰੇ ਕਰਦੀਆਂ ਅਤੇ ਨਾਹਰੇ ਲਾਉਂਦੀਆਂ ਕਿ ‘ਕੰਘਾ ਕੜਾ ਕੱਛਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ’। ਉਹ ਨਿੱਕਰਾ ਪਾ ਪਾ ਜੰਗੀ ਮਸ਼ਕਾਂ ਕਰਦੇ। ਦੂਸਰੇ ਪਾਸੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਗੂੰਜਦੇ ਤੇ ‘ਧੋਤੀ ਟੋਪੀ ਯਮਨਾ’ ਪਾਰ ਵੀ ਗੂੰਜਦਾ। ਗਰਮ ਲੀਡਰਾਂ ਵਲੋਂ ਇਹ ਵੀ ਆਖਿਆ ਜਾਂਦਾ ਕਿ ‘ਸਾਨੂੰ ਤਾਂ ਸੱਤ ਸੱਤ ਹਿੰਦੂ ਆਂਉਦੇ ਨੇ’ ਗਿਆਨੀ ਜ਼ੈਲ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਬਣੀਆਂ ਕੁੱਝ ਜਥੇਬੰਦੀਆਂ ਵੀ ਖਾਲਿਸਤਾਨ ਦੇ ਨਾਹਰੇ ਲਾਉਣ ਲੱਗੀਆਂ। ਕਈ ਲੋਕ ਇਸ ਨੂੰ ਸਰਕਾਰੀ ਚਾਲ ਸਮਝਦੇ। ਉੱਧਰ ਬੱਬਰ ਖਾਲਸਾ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਆਰਮੀ ਵਰਗੀਆਂ ਅਨੇਕਾਂ ਜਥੇਬੰਦੀਆਂ ਦੇ ਆਪੂੰ ਬਣੇ ਜਰਨੈਲਾਂ ਨੇ ਪੰਜਾਬ ਵਿੱਚ ਕਤਲੋ ਗਾਰਤ ਸ਼ੁਰੂ ਕਰ ਦਿੱਤੀ। ਮੋਟਰ ਸਾਈਕਲ ਸਵਾਰ ਵਾਰਦਾਤਾਂ ਕਰਦੇ ਅਤੇ ਅਲੋਪ ਹੋ ਜਾਂਦੇ। ਇਨਾਂ ਨੇ ਜੱਗਬਾਣੀ ਦੇ ਸੰਪਾਦਕ ਲਾਲਾ ਜਗਤ ਨਰਾਇਣ ਨੂੰ ਗੋਲੀ ਮਾਰ ਕੇ ਬਲਦੀ ਤੇ ਤੇਲ ਪਾ ਦਿੱਤਾ। ਫੇਰ ਆਏ ਦਿਨ ਪੰਜਾਬ ਵਿੱਚ ਹੋਰ ਲੀਡਰ ਅਤੇ ਨਾਮਵਰ ਬੰਦੇ ਮਾਰੇ ਜਾਣ ਲੱਗੇ। ਜਿਹੜਾ ਵੀ ਜ਼ੁਬਾਨ ਖੋਹਲਦਾ ਉਹ ਸੋਧ ਦਿੱਤਾ ਜਾਂਦਾ। ਪੰਜਾਬ ਵਿੱਚ ਬੱਸ ਹੁਣ ਬਦੂੰਕਾਂ ਰਾਜ ਕਰ ਰਹੀਆਂ ਸਨ।

ਸ਼ਹਿਰਾਂ ‘ਚ ਬੰਬ ਫਟਣ ਲੱਗੇ। ਬੱਸਾਂ ‘ਚੋਂ ਕੱਢ ਕੱਢ ਕੇ ਇੱਕ ਫਿਰਕੇ ਦੇ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ। ਦੂਜੇ ਪਾਸੇ ਪੁਲੀਸ ਤਸ਼ੱਦਤ ਵੀ ਸਾਰੇ ਹੱਦਾਂ ਬੰਨੇ ਟੱਪਣ ਲੱਗਿਆ। ਆਏ ਦਿਨ ਝੂਠੇ ਮੁਕਾਬਲੇ ਬਣਾਏ ਜਾਣ ਲੱਗੇ। ਕਈ ਲੋਕ ਇਸ ਨੂੰ ਦਰਬਾਰਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੀ ਲੜਾਈ ਆਖ ਰਹੇ ਸਨ। ਦੁਬਾਰਾ ਹੋਈਆਂ ਚੋਣਾਂ ਵਿੱਚ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਏ ਜੋ ਗਿਆਨੀ ਹੁਣ ਜ਼ੈਲ ਸਿੰਘ ਨੂੰ ਬ੍ਰਦਾਸ਼ਤ ਨਹੀਂ ਸੀ ਹੋ ਰਿਹਾ। ਅੱਤਵਾਦ ਦੀ ਆੜ ਹੇਠ ਹੁਣ ਬਦਲਾਖੋਰੀ ਦੀ ਲੜਾਈ ਵੀ ਲੜੀ ਜਾ ਰਹੀ ਸੀ।

ਮਨਦੀਪ ਇਸ ਦਹਿਸ਼ਤ ਭਰੇ ਮਹੌਲ ਵਿੱਚ ਹੋਰ ਲੋਕਾਂ ਦੀ ਤਰ੍ਹਾਂ ਹੀ ਰੋਜ਼ ਜਾਨ ਹਥੇਲੀ ਤੇ ਰੱਖ ਘਰੋਂ ਨਿੱਕਲਦਾ। ਹਰ ਰੋਜ਼ ਸ਼ਹਿਰਾਂ ਵਿੱਚ ਕਰਫਿਊ ਲੱਗਦਾ। ਆਨੰਦਪੁਰ ਮਤਾ ਮਨਵਾਉਣ ਲਈ ਅਕਾਲੀਆਂ ਵਲੋਂ ਵੀ ਮੋਰਚਾ ਲਾ ਦਿੱਤਾ ਗਿਆ। ਚੰਡੀਗੜ੍ਹ ਪੰਜਾਬ ਨੂੰ ਦਿਉ, ਪਾਣੀਆਂ ਦਾ ਮਸਲਾ ਹੱਲ ਕਰੋ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਵਰਗੀਆਂ ਮੰਗਾਂ ਨੂੰ ਮਨਵਉਣ ਲਈ ਗ੍ਰਿਫਤਾਰੀਆਂ ਵੀ ਦਿੱਤੀਆਂ ਜਾਣ ਲੱਗੀਆਂ। ਕਮਿਊਨਿਸਟ ਲਹਿਰਾਂ ਪ੍ਰਭਾਵਹੀਣ ਹੋਕੇ ਕੇ ਰਹਿ ਗਈਆਂ। ਹਰ ਪਾਸੇ ਭਿੰਡਰਾਂ ਵਾਲੇ ਸੰਤਾਂ ਦੇ ਉੱਚੀ ਸੁਰ ਵਾਲੇ ਭਾਸ਼ਨ ਗੂੰਜ ਰਹੇ ਸਨ। ਫੇਰ ਇੱਕ ਦਿਨ ਸੰਤ ਭਿੰਡਰਾਂ ਵਾਲੇ ਮਹਿਤਾ ਚੌਂਕ ਤੋਂ ਗੁਰੂ ਨਾਨਕ ਨਿਵਾਸ ਅਮ੍ਰਿਤਸਰ ਜਾ ਬੈਠੇ ਅਤੇ ਇਹ ਲੜਾਈ ਹੋਰ ਤੇਜ਼ ਹੋ ਗਈ। ਮੋਟਰ ਸਾਈਕਲ ਸਵਾਰ ਵੀ ਹੁਣ ਵਾਰਦਾਤ ਕਰਕੇ ਏਥੇ ਹੀ ਪਨਾਹ ਲੈਣ ਲੱਗੇ।

ਉਧਰ ਮਨਦੀਪ ਦੇ ਦੋਸਤਾਂ ਦਾ ਝੁਕਾਅ ਵੀ ਨਵੀਂ ਪ੍ਰਚੰਡ ਹੋਈ ਲਹਿਰ ਵਲ ਹੋ ਗਿਆ। ਕਈਆਂ ਨੇ ਦਾਹੜੀਆਂ ਰੱਖ ਲਈਆਂ ਤੇ ਕੇਸਰੀ ਪੱਗਾਂ ਬੰਨਣ ਲੱਗੇ। ਅਕਾਲੀ ਸਿਆਸਤ ਸਿੱਥਲ ਹੋ ਕੇ ਰਹਿ ਗਈ ਸੀ। ਛੇ ਵੱਜਦੇ ਨੂੰ ਸਾਰੇ ਬਜ਼ਾਰ ਖਾਲੀ ਹੋ ਜਾਂਦੇ ਅਤੇ ਬੱਸਾਂ ਬੰਦ ਹੋ ਜਾਂਦੀਆਂ। ਅਖ਼ਬਾਰਾਂ ਦੀਆਂ ਸੁਰਖੀਆਂ ਸਿਰਫ ਕਤਲ ਹੀ ਕਤਲ ਦੱਸਦੀਆਂ ਤੇ ਲਹੂ ਭਿੱਜੀਆਂ ਜਾਪਦੀਆਂ। ਮਾਸੂਮ ਬੱਚੇ ਵੀ ਬੇਦਰਦੀ ਨਾਲ ਮਾਰ ਦਿੱਤੇ ਜਾਂਦੇ। ਜਿੱਥੇ ਬੇਰੁਜ਼ਗਾਰ ਜਵਾਨੀ ਦਾ ਲੋਹਾ ਪੂਰੀ ਤਰ੍ਹਾਂ ਗਰਮ ਸੀ ਉੱਥੇ ਪੰਜਾਬ ਦਾ ਗੁੱਸਾ ਧਾਰਮਿਕ ਜਨੂਨ ਬਣਕੇ ਉਬਾਲੇ ਖਾ ਰਿਹਾ ਸੀ। ਪੰਜਾਬ ਦਾ ਜਨ ਸਧਾਰਨ ਵਾਸੀ ਘਰਾਂ ਅੰਦਰ ਦੁਬਕ ਗਿਆ ਅਤੇ ਦੋ ਪੁੜਾ ਵਿਚਾਲੇ ਪਿਸਣ ਲੱਗਿਆ। ਏਹੋ ਜਿਹੇ ਹਾਲਾਤਾਂ ਵਿੱਚ ਭਲਾ ਮਨਦੀਪ ਵਰਗੇ ਮੁੰਡਿਆਂ ਦਾ ਭਵਿੱਖ ਕੀ ਹੋ ਸਕਦਾ ਸੀ? ਤੇ ਉਹ ਬੇਹੱਦ ਬੇਚੈਨ ਰਹਿਣ ਲੱਗਿਆ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com