WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 41

ਸਮੁੰਦਰ ਮੰਥਨ (PDF, 568KB)    


ਮਨਦੀਪ ਹੁਣ ਭਰ ਜਵਾਨ ਗਭਰੂ ਸੀ। ਦਾੜੀ ਮੁੱਛਾ ਨਾਲ ਉਸਦਾ ਗੋਰਾ ਰੰਗ ਅਤੇ ਲੰਬਾ ਕੱਦ, ਸਖਸ਼ੀਅਤ ਨੂੰ ਚਾਰ ਚੰਨ ਲਾ ਰਹੇ ਸਨ। ਜਿੱਥੇ ਉਸ ਤੇ ਵਕਤੀ ਲਹਿਰਾਂ ਦਾ ਪ੍ਰਭਾਵ ਸੀ ਉੱਥੇ ਅਜੇ ਵੀ ਨਾਨੀ ਮਹਿਤਾਬ ਕੌਰ ਵਲੋਂ ਦਿੱਤੇ ਸੰਸਕਾਰ ਉਸ ਦੇ ਨਾਲ ਨਾਲ ਤੁਰ ਰਹੇ ਸਨ। ਆਪਣੇ ਨਾਨਾ ਸੰਤਾ ਸਿੰਘ ਦੇ ਸੁਨਿਹਰੀ ਅਸੂਲਾਂ ਨੂੰ ਯਾਦ ਕਰਦਾ ਉਹ ਕਦੇ ਵੀ ਧਰਮ ਪ੍ਰਤੀ ੳਲਾਰ ਨਾ ਹੁੰਦਾ ਬਲਕਿ ਅਸੂਲਾਂ ਨੂੰ ਪਹਿਲ ਦਿੰਦਾ। ਵਕਤ ਦੀਆਂ ਵਗ ਰਹੀਆਂ ਤੱਤੀਆਂ ਹਵਾਵਾਂ ਵਿੱਚ ਉਸ ਨੂੰ ਰਣੀਏ ਗੁਜ਼ਾਰੇ ਪਲਾਂ ਦੀ ਯਾਦ ਠੰਢੇ ਝੋਂਕੇ ਦਿੰਦੀ। ਜਿੱਥੇ ਉਸ ਦਾ ਬਚਪਨ ਬੀਤਿਆ ਸੀ, ਬੰਟੇ ਜਾਂ ਗੁੱਲੀ ਡੰਡਾ ਖੇਡਦਿਆਂ ਜਾਂ ਗਲੀਆਂ ਵਿੱਚ ਸਾਈਕਲਾਂ ਦੇ ਪੁਰਾਣੇ ਟਾਇਰ ਦੁੜਾਉਂਦਿਆਂ। ਕੋਠਿਆਂ ਤੇ ਖੁੱਤੀਆਂ ਪੁੱਟਦਿਆਂ ਜਾਂ ਲੁਕਣਮੀਟੀ ਖੇਡਦਿਆਂ। ਏਥੇ ਹੀ ਉਸ ਨੇ ਕਿਸੇ ਨੂੰ ਪਿਆਰ ਨਾਲ ਪਹਿਲੀ ਵਾਰੀ ਤੱਕਿਆ ਸੀ। ਉਹ ਪਿਆਰ ਵੀ ਕਿਸੇ ਹੋਰ ਦਾ ਹੋ ਗਿਆ। ਫੇਰ ਸਤਿੰਦਰ ਆਈ ਉਹ ਵੀ ਕਿਸੇ ਹੋਰ ਦੀ ਹੋ ਗਈ। ਛੋਟਾ ਹੁੰਦਾ ਉਹ ਵਿਆਹਾਂ ਵਿੱਚ ਚੱਲਦੇ ਲਾਊਡ ਸਪੀਕਰਾਂ ਤੋਂ ਗੀਤ ਸੁਣ ਸੁਣ ਖੁਸ਼ ਹੁੰਦਾ। ਹੁਣ ਤਾਂ ਆਪ ਹੀ ਗੀਤ ਲਿਖਣ ਲੱਗ ਪਿਆ ਸੀ। ਪਰ ਇਸ ਨਵੀਂ ਚੱਲੀ ਲਹਿਰ ਨੇ ਮਹੌਲ ਨੂੰ ਧਾਰਮਿਕ ਨਹੀਂ ਸਗੋਂ ਕੱਟੜਤਾ ਦੇ ਰੰਗ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਅਫਰਾ ਤਫਰੀ ਵਿੱਚ ਕਈ ਵਾਰੀ ਤਾਂ ਇਉਂ ਲੱਗਦਾ ਜਿਵੇਂ ਮਨਦੀਪ ਵਰਗੇ ਮੁੰਡਿਆਂ ਤੇ ਜਵਾਨੀ ਆਈ ਹੀ ਨਹੀਂ।

ਆਪਣੇ ਦਿਲ ਦੀਆਂ ਗੱਲਾਂ ਉਹ ਆਪਣੇ ਮਿੱਤਰ ਜਗਦੀਪ ਨਾਲ ਸਾਂਝੀਆਂ ਕਰਦਾ। ਦੋਨੋ ਸ਼ਾਮ ਨੂੰ ਇਕੱਠੇ ਸੈਰ ਕਰਨ ਜਾਂਦੇ। ਪਰ ਜਿਉਂ ਜਿਉਂ ਪੰਜਾਬ ਦੇ ਹਾਲਾਤ ਵਿਗੜ ਰਹੇ ਸਨ ਦੋਨਾਂ ਦੇ ਘਰ ਵਾਲਿਆਂ ਨੇ ਉਨ੍ਹਾਂ ਨੂੰ ਸ਼ਾਮ ਦੀ ਸੈਰ ਤੋਂ ਰੋਕਣਾ ਚਾਹਿਆ ਸੀ। ਗੀਤ ਸੁਣਨੇ ਉਸ ਨੂੰ ਹੁਣ ਵੀ ਚੰਗੇ ਲੱਗਦੇ ਸਨ। ਉਹ ਦੋਨੋ ਦੋਸਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੇ ਅਖਾੜੇ ਸੁਣਨ ਉਹ ਹਰ ਜਗਾ ਹੀ ਤੁਰ ਜਾਂਦੇ। ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦੇ ਦੀਆਂ ਕਲੀਆਂ ਵੀ ਖੂਬ ਸੁਣਦੇ। ਪਰ ਬਾਅਦ ਵਿੱਚ ਅਮਰ ਸਿੰਘ ਚਮਕੀਲੇ ਦੇ ਗੀਤਾਂ ਦੀ ਗਰਮ ਸ਼ਬਦਾਵਲੀ ਤੋਂ ਮਨਦੀਪ ਨੂੰ ਉਕਤਾਹਟ ਵੀ ਹੋਣ ਲੱਗੀ ਸੀ।

ਉੱਧਰ ਖਾੜਕੂਆਂ ਨੇ ਵੀ ਪਿੰਡਾਂ ਵਿੱਚੋਂ ਸਪੀਕਰ ਅਤੇ ਅਸ਼ਲੀਲ ਗੀਤ ਧੱਕੇ ਨਾਲ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ। ਬਰਾਤਾਂ ਤੇ ਪਾਬੰਦੀਆਂ ਲੱਗਣ ਲੱਗੀਆਂ। ਲੋਕਾਂ ਦਾ ਕਹਿਣਾ ਸੀ ਕਿ ਹਾਲਾਤ ਜ਼ਿਆਦਾ ਖਰਾਬ ਹੋਣ ਦਾ ਕਾਰਨ 1982 ਵਿੱਚ ਹੋਈਆਂ ਏਸ਼ੀਅਨ ਖੇਡਾਂ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਅਤੇ ਉਸਦੀ ਸਰਕਾਰ ਵਲੋਂ ਸਿੱਖਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀਤੀ ਗਈ ਵਧੀਕੀ ਹੈ। ਪਰ ਅਜੇ ਵੀ ਲੋਕ ਉੱਚੀ ਉੱਚੀ ਟੇਪਰਿਕਾਰਡਾਂ ਲਾਕੇ ਗੀਤ ਸੁਣਦੇ। ਨਵੇਂ ਆਏ ਗੀਤ ਬੜੇ ਚਾਅ ਨਾਲ ਭਰਵਾਂਉਂਦੇ ਅਤੇ ਅਖਾੜੇ ਮਾਣਦੇ।

ਹੌਲੀ ਹੌਲੀ ਧਾਰਮਿਕ ਜਨੂੰਨ ਹੇਠ ਸਾਰਾ ਕੁੱਝ ਦਬਣ ਲੱਗਾ। ਕੇ ਦੀਪ ਜਗਮੋਹਣ ਕੌਰ, ਦੀਦਾਰ ਸੰਧੂ ਸਨੇਹ ਲਤਾ ਵਰਗੀਆਂ ਜੋੜੀਆਂ ਵੀ ਵਿਹਲੀਆਂ ਹੋ ਗਈਆਂ। ਲੋਕ ਘਰਾਂ ਅੰਦਰ ਬੈਠ ਕੇ ਹੀ ਟੈਲੀਵੀਯਨ ਦੇਖਦੇ। ਸੰਤਾਂ ਸਿੰਘ ਵੀ ਨਜ਼ਰ ਘੱਟ ਜਾਣ ਨਾਲ ਤੇ ਬੁਢਾਪੇ ਕਾਰਨ ਮੰਜਾ ਮੱਲ ਚੁੱਕਾ ਸੀ। ਸਿੱਖੀ ਦੀ ਨਵੀਂ ਦਿੱਤੀ ਹੀ ਸਿੱਖਿਆ ਦਿੱਤੀ ਜਾ ਰਹੀ ਸੀ।ਸੰਤਾ ਸਿੰਘ ਤਾਂ ਸਿੱਖ ਗੁਰੂਆਂ ਦੇ ਨਾਲ ਹਿੰਦੂ ਦੇਵੀ ਦੇਵਤਿਆਂ ਨੂੰ ਵੀ ਆਪਣੀ ਅਰਦਾਸ ਵਿੱਚ ਯਾਦ ਕਰਦਾ ਰਿਹਾ ਸੀ। ਉਹ ਤਾਂ ਹਿੰਦੂ ਗਰੰਥਾਂ ਗੀਤਾ, ਰਮਾਇਣ ਅਤੇ ਮਹਾਂਭਾਰਤ ਦਾ ਸਤਿਕਾਰ ਕਰਨ ਦੇ ਨਾਲ ਨਾਲ ਉਨ੍ਹਾਂ ‘ਚੋਂ ਮਨਦੀਪ ਨੂੰ ਸਾਖੀਆਂ ਵੀ ਸੁਣਾਉਂਦਾ ਰਿਹਾ ਸੀ। ਪਰ ਹੁਣ ਦੋਹਾਂ ਧਰਮਾਂ ਨੂੰ ਪਾੜਨ ਦੇ ਯਤਨ ਹੋ ਰਹੇ ਸਨ। ਜੋ ਮਨਦੀਪ ਦੀ ਸਮਝ ਤੋਂ ਬਾਹਰ ਸਨ। ਉਹ ਸੋਚਦਾ ਸੀ ਕਿ ਧਰਮ ਤਾਂ ਸਾਰੇ ਹੀ ਮਨੁੱਖਾ ਲਈ ਹੀ ਚਾਨਣ ਮੁਨਾਰੇ ਹਨ ਪਰ ਹੁਣ ਦਾ ਧਰਮ ਤਾਂ ਇੱਕ ਦੂਸਰੇ ਦੇ ਲਹੂ ਦੇ ਪਿਆਸੇ ਹੋਏ ਫਿਰਦੇ ਸੀ।

ਮਨਦੀਪ ਜਦੋਂ ਵੀ ਨਾਨਕੀਂ ਜਾਂਦਾ ਸੰਤਾਂ ਸਿੰਘ ਪਹਿਲਾਂ ਉਸ ਤੋਂ ਅਖ਼ਬਾਰੀ ਖ਼ਬਰਾਂ ਸੁਣਦਾ ਤੇ ਫੇਰ ਲੰਬੀ ਚੌੜੀ ਬਹਿਸ ਲੈ ਕੇ ਬੈਠ ਜਾਂਦਾ। ਮਹਿਤਾਬ ਕੌਰ ਰੋਜ਼ ਮਰਨ ਵਾਲਿਆਂ ਦੀਆਂ ਗੱਲਾਂ ਸੁਣ ਸੁਣ ਕੰਨਾਂ ਨੂੰ ਹੱਥ ਲਾਂਉਂਦੀ ਆਖਦੀ “ਅਸੀਂ ਤਾਂ ਭਾਈ ਕੁੱਤੇ ਦੇ ਵੀ ਸੋਟੀ ਨੀ ਮਾਰੀ ਦੀ ਕਿ ਵਿਚਾਰਾ ਦਰਵੇਸ਼ ਐ, ਇਹ ਜੈ ਖਾਣੇ ਰੰਘੜ ਬੇਦੋਸੇ ਲੋਕਾਂ ਨੂੰ ਵੀ ਬੱਸਾਂ ‘ਚੋਂ ਧੂ ਧੂ ਕਿਵੇਂ ਮਾਰਦੇ ਨੇ, ਫੇਰ ਬੰਬ ਚਲਾਉਂਦੇ ਨੇ ਤੇ ਨਿਆਣਿਆ ਦਾ ਵੀ ਤਰਸ ਨੀ ਕਰਦੇ। ਇਹ ਕਾਹਦਾ ਧਰਮ ਹੋਇਆ…?” ਫੇਰ ਉਹ ਸਿਰ ਮਾਰਦੀ ਮਾਲ਼ਾ ਫੇਰਨ ਲੱਗ ਜਾਂਦੀ। ਪਿੰਡਾਂ ਵਿੱਚ ਹੌਲੀ ਹੌਲੀ ਟੀ ਵੀ ਪ੍ਰੋਗਰਾਮਾਂ ਦੀ ਚਰਚਾ ਵਧਣ ਲੱਗੀ।

ਲੋਕ ਗੁਰਦਾਸ ਮਾਨ ਨੂੰ ਬੜੀ ਨੀਝ ਨਾਲ ਵੇਖਦੇ ਅਤੇ ਸੁਣਦੇ ਜੋ ਗਾਇਕੀ ਵਿੱਚ ਇੱਕ ਨਵਾਂ ਰੰਗ ਲੈ ਕੇ ਹਨੇਰੀ ਵਾਂਗ ਆਇਆ ਤੇ ਮੱਧ ਵਰਗੀ ਲੋਕਾਂ ਦਾ ਚਹੇਤਾ ਬਣ ਗਿਆ। ਉਸਦੇ ਪ੍ਰਗਰਾਮ ਕਾਲਜਾਂ ਵਿੱਚ ਵੀ ਹੁੰਦੇ। ਪਰ ਇਸ ਦੇ ਨਾਲ ਨਾਲ ਸਮੁੱਚੇ ਪੰਜਾਬ ਵਿੱਚ ਜਨੂੰਨ ਦੇ ਬੱਦਲ ਵੀ ਸੰਘਣੇ ਹੁੰਦੇ ਜਾ ਰਹੇ ਸਨ।

ਪੰਜਾਬ ਦੇ ਹਿੰਦੂਆਂ ਨੂੰ ਹੁਣ ਗੰਗੂ ਬ੍ਰਾਹਮਣ ਨਾਲ ਤੋਲਿਆ ਜਾ ਰਿਹਾ ਸੀ। ਬਹੁਤ ਸਾਰੇ ਹਿੰਦੂ ਪਰਿਵਾਰ ਹਿਜ਼ਰਤ ਕਰਕੇ ਪੰਜਾਬ ਤੋਂ ਬਾਹਰ ਜਾਣੇ ਆਰੰਭ ਹੋ ਗਏ। ਲੋਕ ਭੁੱਲ ਗਏ ਸਨ ਕਿ ਪੰਜਾਬੀ ਲਿਖਣ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ, ਲਾਲਾ ਧਨੀ ਰਾਮ ਚਾਤ੍ਰਿਕ, ਕਿਰਮਾ ਰਾਮ ਸਾਗਰ ਅਤੇ ਸ਼ਿਵ ਕੁਮਾਰ ਬਟਾਲਵੀ ਜਿਨਾਂ ਦੀ ਪੰਜਾਬੀ ਨੂੰ ਏਨੀ ਵੱਡੀ ਦੇਣ ਸੀ, ਉਹ ਸਭ ਵੀ ਤਾਂ ਹਿੰਦੂ ਹੀ ਸਨ।

1947 ਤੋਂ ਬਾਅਦ ਅਸਲ ਵਿੱਚ ਆਜ਼ਾਦ ਭਾਰਤ ਨੌਜਵਾਨਾਂ ਨੂੰ ਰੁਜਗਾਰ ਦੇਣ ਵਿੱਚ ਅਸਮਰੱਥ ਰਿਹਾ ਸੀ। ਨੌਜਵਾਨਾ ਦੀ ਇਸ ਬੇਚੈਨੀ ਦਾ ਲਾਹਾ ਸਿਆਸੀ ਲੀਡਰ ਲੈੇ ਰਹੇ ਸਨ। ਸਰਕਾਰ ਸਮਝਦੀ ਸੀ ਕਿ ਉਸ ਨੇ ਜਨਤਾ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਦਿੱਤਾ ਹੈ। ਹੁਣ ਹੋ ਵੀ ਤਾਂ ਏਸੇ ਤਰ੍ਹਾਂ ਰਿਹਾ ਸੀ। ਸਾਰੇ ਸਿੱਖਾਂ ਦੀ ਪੂਰੇ ਭਾਰਤ ਵਿੱਚ ਮੀਡੀਏ ਵਲੋਂ ਪਛਾਣ ਅੱਤਵਾਦੀਆਂ ਵਜੋਂ ਬਣਾਈ ਜਾ ਰਹੀ। ਹਰ ਅੱਤਵਾਦੀ ਨੂੰ ਸਿੱਖ ਅੱਤਵਾਦੀ ਜਾਣ ਬੁੱਝ ਕੇ ਲਿਖਿਆਂ ਜਾਂਦਾ। ਇੱਕ ਅਜਿਹਾ ਲਾਵਾ ਤਿਆਰ ਕਰ ਦਿੱਤਾ ਸੀ ਜੋ ਹੁਣ ਕਦੀ ਵੀ ਫਟ ਸਕਦਾ ਸੀ। ਕੀ ਰਾਜਨੀਤਕ ਲੋਕ ਹੁਣ ਇਹ ਹੀ ਪੈਂਤੜਾ ਵਰਤ ਕੇ ਅਗਲੀਆਂ ਵੋਟਾਂ ਜਿੱਤਣੀਆਂ ਚਾਹੁੰਦੇ ਸਨ? ਇਕ ਸਵਾਲ ਉੱਠਦਾ।

ਪਰ ਕੁੱਝ ਸਿਰੜੀ ਲੋਕ ਇਨ੍ਹਾਂ ਹਨੇਰਿਆਂ ਨੂੰ ਚੀਰ ਕੇ ਅਜੇ ਵੀ ਰੋਸ਼ਨੀ ਬਿਖੇਰ ਰਹੇ ਸਨ। ਨਾਟਕਕਾਰ ਗੁਰਸ਼ਰਨ ਸਿੰਘ ਪਿੰਡ ਪਿੰਡ ਜਾ ਕੇ ਬਗੈਰ ਕਿਸੇ ਡਰ ਜਾਂ ਸੁਰੱਖਿਆ ਦੇ ਨਾਟਕ ਖੇਡ ਰਹੇ ਸਨ। ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਅਤੇ ਪਾਸ਼ ਨੂੰ ਲੋਕ ਅਜੇ ਵੀ ਪੜ੍ਹਦੇ ਅਤੇ ਗਾਉਂਦੇ ਸਨ। ਪ੍ਰਗਤੀਵਾਦ ਸੁਸਤ ਜਰੂਰ ਹੋਇਆ ਸੀ ਪਰ ਸਮਾਪਤ ਨਹੀਂ ਸੀ ਹੋਇਆ।

ਦੂਸਰੇ ਪਾਸੇ ਬਹੁਤ ਸਾਰੇ ਅਖੌਤੀ ਪ੍ਰਗਤੀਵਾਦੀ ਕਲਾਬਾਜ਼ੀਆਂ ਲਾਉਣ ਲੱਗੇ। ਕਈਆਂ ਨੇ ਤਾਂ ਬੇਹੱਦ ਜਨੂੰਨੀ ਰੁੱਖ ਅਖਤਿਆਰ ਕਰ ਲਿਆ। ਹੋਰ ਤਾਂ ਹਰ ਮਨਦੀਪ ਦਾ ਮਨਪਸੰਦ ਨਾਵਲਕਾਰ ਵੀ ਉਨ੍ਹਾਂ ਹੀ ਲੋਕਾਂ ਦੀ ਝੋਲੀ ਵਿੱਚ ਪੈ ਗਿਆ ਤੇ ਉਨ੍ਹਾਂ ਦੀ ਬੋਲੀ ਬੋਲਣ ਲੱਗਿਆ। ਜਿਹੜੇ ਉਸ ਨੂੰ ਗਾਲਾਂ ਵਰਗੀ ਭਾਸ਼ਾ ਵਿੱਚ ਸਿੱਖੀ ਲੱਗਿਆ ਘੁਣ ਆਖ ਰਹੇ ਸਨ ਹੁਣ ਉਸੇ ਨਾਵਲਕਾਰ ਨੂੰ ਬਾਪੂ ਤੇ ਵੱਡਾ ਲੇਖਕ ਆਖਣ ਲੱਗੇ।

ਗਿਆਰਵੀਆਂ ਏਸ਼ੀਅਨ ਖੇਡਾਂ ਤਾਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਸਮਾਪਤ ਹੋ ਗਈਆਂ ਪਰੰਤੂ ਪੰਜਾਬ ਵਿੱਚ ਇੱਕ ਖਤਰਨਾਕ ਖੂਨੀ ਖੇਡ ਸ਼ੁਰੂ ਹੋ ਗਈ।

ਕੱਟੜ ਸਿੱਖ ਇਸ ਵਿਤਕਰੇ ਕਾਰਨ ਭਾਰਤ ਤੋਂ ਅੱਡ ਹੋਣ ਦੀਆਂ ਗੱਲਾਂ ਕਰਨ ਲੱਗੇ। ਕੁੱਝ ਸਿੱਖ ਨੌਜਵਾਨ ਇਸ ਸੁਪਨੇ ਨੂੰ ਪੂਰਾ ਕਰਨ ਲਈ ਦੁਸ਼ਮਣ ਦੇਸ਼ ਦੀਆਂ ਖੁਫੀਆ ਏਜੰਸੀਆਂ ਦੇ ਕੰਧਾੜੇ ਜਾ ਚੜ੍ਹੇ। ਉਹ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਅੱਤਵਾਦੀ ਟ੍ਰੇਨਿੰਗ ਕੈਂਪਾਂ ਵਿੱਚ ਜਾਂਦੇ ਤੇ ਵਾਪਸ ਆ ਹਥਿਆਰਾਂ ਨਾਲ ਲੈੱਸ ਹੋ ਪੰਜਾਬ ‘ਚ ਆ ਖੂਨ ਦੀ ਹੋਲੀ ਖੇਡਦੇ। ਸਾਰੇ ਪਾਸੇ ਲਾਸ਼ਾ ਹੀ ਲਾਸ਼ਾ ਦਿਸਣ ਲੱਗੀਆਂ।

ਸੀ ਆਰ ਪੀ ਦੀਆਂ ਕੇਂਦਰ ਵਲੋਂ ਭੇਜੀਆਂ ਧਾੜਾਂ, ਬਖਤਰਬੰਦ ਗੱਡੀਆਂ ਤੇ ਸਟੇਨਗੱਨਾਂ ਬੀੜੀ ਪੰਜਾਬ ਦੀਆਂ ਸੜਕਾਂ ਤੇ ਰਾਜ ਕਰਨ ਲੱਗੀਆਂ। ਕਿਸੇ ਸਮੇਂ ਕਿਸੇ ਵੀ ਥਾਂ ਹੁਣ ਕੁੱਝ ਵੀ ਹੋ ਸਕਦਾ ਸੀ। ਕੋਈ ਵੀ ਬੰਦਾ ਸੁਰੱਖਿਅਤ ਨਹੀਂ ਸੀ। ਹੋਰ ਤਾਂ ਹੋਰ ਮੁੱਖ ਮੰਤਰੀ ਦਰਬਾਰਾਂ ਸਿੰਘ ਤੇ ਵੀ ਜਾਨੋ ਮਾਰਨ ਲਈ ਬੰਬ ਸੁੱਟੇ ਗਏ। ਪੁਲੀਸ ਥਾਣਿਆਂ ਨੂੰ ਵੀ ਬੰਬਾਂ ਨਾਲ ਉਡਾਇਆ ਜਾਣ ਲੱਗਾ।

ਜਿਹੜੇ ਮੁੰਡੇ ਪੜ੍ਹ ਕੇ ਕੁੱਝ ਬਣਨਾ ਚਾਹੁੰਦੇ ਸਨ ਉਹ ਸੋਚਣ ਲੱਗੇ ਕਿ ਇਸ ਮੁਲਕ ਵਿੱਚ ਰਹਿਣ ਦਾ ਹੁਣ ਤਾਂ ਕੋਈ ਹੱਜ ਹੀ ਨਹੀਂ। ਲਹੂ ਦੀਆਂ ਘਰਾਲਾਂ ਹਰ ਘਰ ਪੈਣ ਲੱਗੀਆਂ। ਰਾਮਪੁਰੇ ਦੇ ਨਜ਼ਦੀਕ ਹੋਏ ਦਹਿੜੂ ਕਾਂਡ ਨੇ ਇਸ ਦਹਿਸ਼ਤ ਦੀ ਹਨੇਰੀ ਨੂੰ ਹੋਰ ਵੀ ਪ੍ਰਚੰਡ ਕਰ ਦਿੱਤਾ ਸੀ। ਮਨਦੀਪ ਵਰਗੇ ਹਜ਼ਾਰਾਂ ਨੌਜਵਾਨਾ ਦੇ ਭਵਿੱਖ ਅੱਗੇ ਇੱਕ ਸਵਾਲੀਆ ਚਿੰਨ ਲੱਗ ਗਿਆ ਤੇ ਫੇਰ ਇਹ ਹਨੇਰੀ ਹੋਰ ਤੇਜ਼ ਹੋਣ ਲੱਗੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com