WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 43

ਸਮੁੰਦਰ ਮੰਥਨ (PDF, 568KB)    


ਜਨਵਰੀ 1982 ਦਾ ਪਹਿਲਾ ਹਫਤਾ ਸੀ। ਸਮਰਾਲਾ ਕਾਲਜ ਵਲੋਂ ਨਾਲ ਦੇ ਪਿੰਡ ਦਿਆਲਪੁਰਾ ਵਿੱਚ ਐੱਨ ਐੱਸ ਐੱਸ ਦਾ ਕੈਂਪ ਚੱਲ ਰਿਹਾ ਸੀ। ਜਿਸਦੇ ਇੰਚਾਰਜ ਪੰਜਾਬੀ ਵਾਲੇ ਪ੍ਰੋਫੈਸਰ ਬਲਵਿੱੰਦਰ ਸਿੰਘ ਵੈਰੋਵਾਲ ਅਤੇ ਲਾਇਬ੍ਰੇਰੀਅਨ ਜੈ ਦੀਪ ਇੰਦਰ ਸਨ। ਇਸ ਵਰੇ ਮਨਦੀਪ ਨੂੰ ਕੈਂਪ ਦਾ ਮੋਢੀ ਵਿਦਿਆਰਥੀ ਜਾਂ ਪ੍ਰਧਾਨ ਥਪਿਆ ਗਿਆ। ਉਹ ਸਾਰੀਆਂ ਸਮਾਜਿਕ ਸਰਗਰਮੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਸੀ। ਗੀਤ ਸੰਗੀਤ ਤਾਂ ਹੁੰਦਾ ਹੀ ਸੀ ਉਨ੍ਹਾਂ ਪਿੰਡ ਦੀਆਂ ਗਲ਼ੀਆਂ ਨਾਲੀਆਂ ਵੀ ਸਾਫ ਕੀਤੀਆਂ ਗਈਆਂ। ਕੱਚੇ ਰਸਤਿਆਂ ਤੇ ਪਿੰਡ ਵਾਸੀਆਂ ਨਾਲ ਰਲ਼ ਕੇ ਭਰਤ ਪਾਇਆ ਗਿਆ। ਮੀਂਹ ਕਣੀ ਵਿੱਚ ਖੜਨ ਲਈ ਬੱਸ ਅੱਡੇ ਤੇ ਵਿਸ਼ਰਾਮ ਘਰ ਵੀ ਬਣਾਇਆ। ਨਸ਼ਿਆ ਖਿਲਾਫ ਅਤੇ ਵਹਿਮਾਂ ਭਰਮਾਂ ਖਿਲਾਫ ਉਹ ਸਕਿੱਟਾਂ ਖੇਡਦੇ। ਇਹ ਸਕਿੱਟਾਂ ਲਿਖਣ ਵਾਲਾ ਮਨਦੀਪ ਹੀ ਤਾਂ ਹੁੰਦਾ ਸੀ।

ਉਹ ਆਪਣੇ ਲਿਖੇ ਗਾਣਿਆਂ ਨੂੰ ਗਾਅ ਵੀ ਚੰਗਾ ਲੈਂਦਾ ਸੀ। ਇਸ ਕੈਂਪ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨੂੰ ਇੱਕ ਲਾਇਬ੍ਰੇਰੀ ਵੀ ਖੋਹਲ ਕੇ ਦਿੱਤੀ। ਕਿਤਾਬਾਂ ਚੁਣ ਕੇ ਲਿਆਉਣ ਵਾਲੀ ਕਮੇਟੀ ਵਿੱਚ ਵੀ ਮਨਦੀਪ ਸੀ। ਇਸੇ ਕੈਂਪ ਤੇ ਮਨਦੀਪ ਨੂੰ ਬੜੀ ਸ਼ਿੱਦਤ ਨਾਲ ਇਹ ਅਹਿਸਾਸ ਵੀ ਹੋਇਆ ਕਿ ਇੱਕ ਕਾਲਜ ਦੀ ਲੜਕੀ ਟੀਨਾ ਉਸ ਵਿੱਚ ਲੋੜ ਤੋਂ ਵੱਧ ਦਿਲਚਸਪੀ ਲੈ ਰਹੀ ਹੈ।ਇਹ ਸਾਰਾ ਕੁੱਝ ਉਸ ਨੂੰ ਚੰਗਾ ਲੱਗ ਰਿਹਾ ਸੀ।ਲੋਕ ਅਖ਼ਬਾਰੀ ਖ਼ਬਰਾਂ ਵਿੱਚ ਦਿਲਚਸਪੀ ਤਾਂ ਲੈਂਦੇ ਪਰ ਪਿੰਡਾਂ ਵਿੱਚ ਹਿੰਦੂ ਸਿੱਖ ਭਾਈਚਾਰੇ ਵਿੱਚ ਅਜੇ ਕੋਈ ਤ੍ਰੇੜ ਨਹੀਂ ਸੀ। ਕੈਂਪ ਮੁੱਕਣ ਤੇ ਉਹ ਕਾਲਜ ਵਲੋਂ ਕਿਰਾਏ ਦੀ ਬੱਸ ਕਰਕੇ, ਛੱਤਬੀੜ ਚਿੜੀਆਂ ਘਰ ਦੇਖਣ ਗਏ। ਉਨ੍ਹਾਂ ਬਹੁਤ ਸਾਰੀਆਂ ਫੋਟੋਆਂ ਵੀ ਖਿਚਵਾਈਆਂ ਤੇ ਯਾਦ ਵਜੋਂ ਸਾਂਭ ਲਈਆਂ ਵੀ। ਪਰ ਇੱਕ ਸਹਿਮ ਵੀ ਉਨ੍ਹਾਂ ਦੇ ਨਾਲ ਰਿਹਾ।

ਕੈਂਪ ਤੋਂ ਕੁੱਝ ਹੀ ਦਿਨਾਂ ਬਾਅਦ ਮਨਦੀਪ ਬਾਰੇ ਨਾਲ ਉਸਦੇ ਪਿੰਡ ਢੰਗਰਾਲੀ ਚਲਾ ਗਿਆ ਜਿੱਥੇ ਰਾਤ ਨੂੰ ਕਾਮਰੇਡਾਂ ਦੇ ਡਰਾਮੇ ਹੋਣੇ ਸਨ। ਪਰ ਮਨਦੀਪ ਨੂੰ ਦਰਬਾਰੇ ਤੋਂ ਪਤਾ ਲੱਗਿਆ ਕਿ ਇਨਕਲਾਬੀ ਡਰਾਮਿਆਂ ਨੂੰ ਲੈ ਕੇ ਪਿੰਡ ਵਾਸੀ ਦੋ ਧੜਿਆਂ ਵਿੱਚ ਵੰਡੇ ਗਏ ਹਨ। ਪਹਿਲਾਂ ਅਜਿਹਾ ਕਦੀ ਨਹੀਂ ਸੀ ਹੋਇਆ। ਗਰਮ ਖਿਆਲੀ ਸਿੱਖ ਖਾੜਕੂਆਂ ਦੇ ਹਮੈਤੀ ਕਾਮਰੇਡਾਂ ਨੂੰ ਨਾਸਤਿਕ ਅਤੇ ਰੂਸ ਦੇ ਏਜੰਟ ਕਹਿਕੇ ਭੰਡ ਰਹੇ ਸਨ। ਉਨ੍ਹਾਂ ਦੇ ਪਰਚੇ ‘ਸੁਰਖ ਰੇਖਾ’ ਨੂੰ ਜਿਸ ਵਿੱਚ ਫਿਰਕਾਪ੍ਰਸਤੀ ਅਤੇ ਅੱਤਵਾਦ ਨੂੰ ਕੋਸਿਆ ਜਾਂਦਾ ਸੀ, ਉਹ ਸਿੱਖਾਂ ਦਾ ਦੁਸ਼ਮਣ ਪਰਚਾ ਆਖ ਰਹੇ ਸਨ।ਤਾਜ਼ਾ ਅੰਕ ਵਿੱਚ ਸੰਤ ਭਿੰਡਰਾਂਵਾਲਿਆਂ ਖਿਲਾਫ ਜੋ ਲੇਖ ਛਪਿਆ ਸੀ ਉਸ ਨੇ ਤਾਂ ਬਲ਼ਦੀ ਤੇ ਤੇਲ ਹੀ ਪਾ ਦਿੱਤਾ। ਜਿਉਂ ਹੀ ਸਟੇਜ ਸ਼ੁਰੂ ਹੋਈ ਤਾਂ ਕੁੱਝ ਸ਼ਰਾਰਤੀ ਲੋਕਾਂ ਨੇ ਸਟੇਜ ਤੇ ਕੰਬਲਾਂ ਦੀਆਂ ਬੁੱਕਲਾਂ ਵਿੱਚੋਂ ਕੱਢ ਕੇ ਰੋੜੇ ਮਾਰਨ ਲੱਗੇ, ਜੋ ਡਰਾਮੇ ਦੇ ਕਲਾਕਾਰਾਂ ਨੂੰ ਵੱਜੇ। ਪ੍ਰਬੰਧਕਾਂ ਨੇ ਮਹੌਲ ਨੂੰ ਸ਼ਾਂਤ ਕਰਨ ਦਾ ਬਥੇਰਾ ਯਤਨ ਕੀਤਾ ਪਰ ਸ਼ਰਾਰਤੀ ਲੋਕ ਤਾਂ ਨਾਹਰੇ ਮਾਰਦੇ ਮੰਚ ਤੇ ਆ ਚੜ੍ਹੇ ਸਨ। ਇਨਕਲਾਬੀ ਡਰਾਮਿਆਂ ਦਾ ਸਾਰਾ ਪ੍ਰੋਗਰਾਮ ਚੌਪੱਟ ਕਰਕੇ ਉਨ੍ਹਾਂ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ। ਮਨਦੀਪ ਨੂੰ ਉਨ੍ਹਾਂ ਦੀ ਇਹ ਧੱਕੇਸ਼ਾਹੀ ਬਿਲਕੁੱਲ ਚੰਗੀ ਨਾ ਲੱਗੀ।

ਦੂਸਰੇ ਦਿਨ ਜਦੋਂ ਉਹ ਇੰਗਲਿਸ਼ ਵਾਲੇ ਪ੍ਰੋਫੈਸਰ ਨੰਦ ਕਿਸ਼ੋਰ ਕੋਲ ਟਿਊਸ਼ਨ ਪੜ੍ਹਨ ਗਿਆ ਸੀ ਤਾਂ ਉਹ ਢਮਗਰਾਲੀ ‘ਚ ਰਾਤ ਹੋਈ ਘਟਨਾਂ ਨੂੰ ਅਖ਼ਬਾਰ ‘ਚੋਂ ਪੜ੍ਹਕੇ ਸੁਣਾਉਂਦਾ, ਸਾਰੇ ਸਿੱਖਾਂ ਨੂੰ ਹੀ ਉਜੱਡ ਅਤੇ ਬੇਵਕੂਫ ਆਖ ਰਿਹਾ ਸੀ। ਪ੍ਰੋ: ਨੰਦ ਕਿਸ਼ੋਰ ਨੂੰ ਆਪਣੇ ਹਿੰਦੂ ਹੋਣ ਤੇ ਮਾਣ ਸੀ। ਉਸ ਨੇ ਘਰ ਵਿੱਚ ਪੁਰਾਣੀ ਪਈ ਤ੍ਰਿਸ਼ੂਲ ਨੂੰ ਪੂਜਾ ਘਰ ਵਿੱਚ ਸਜਾ ਲਿਆ ਸੀ ਅਤੇ ਹਰ ਹਰ ਮਹਾਂ ਦੇਣ ਦਾ ਨਾਹਰਾ ਵੀ ਲਿਖ ਦਿੱਤਾ ਸੀ। ਫੇਰ ਤਾਂ ਸ਼ਹਿਰਾਂ ਵਿੱਚ ਤ੍ਰਿਸ਼ੂਲਾਂ ਨਾਲ ਪ੍ਰਦਰਸ਼ਨ ਹੋਣ ਲੱਗੇ ਅਤੇ ਹਰ ਹਰ ਮਹਾਂ ਦੇਵ ਦੇ ਨਾਹਰੇ ਵੀ ਗੂੰਜਣ ਲੱਗੇ। ਮਨਦੀਪ ਨੂੰ ਇਹ ਵੀ ਗੱਲ ਚੰਗੀ ਨਹੀਂ ਸੀ ਲੱਗਦੀ। ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਦਰਾੜ ਵਧਦੀ ਹੀ ਜਾ ਰਹੀ ਸੀ।

ਮਨਦੀਪ ਕਈ ਕਿਸਮ ਦੀਆਂ ਭੰਨਾਂ ਘੜਤਾਂ ਵਿੱਚ ਪਿਆ ਰਹਿੰਦਾ। ਕੁੱਝ ਹੀ ਦਿਨਾਂ ਬਾਅਦ ਉਸਦੀ ਮਾਸੀ ਦੇ ਲੜਕੇ ਦਾ ਵਿਆਹ ਸੀ। ਉਹ ਆਪਣੀ ਮਾਸੀ ਦੇ ਪਿੰਡ ਬਰਧਾਲਾਂ, ਦੋ ਦਿਨ ਪਹਿਲਾਂ ਹੀ ਚਲਾ ਗਿਆ। ਕਿਉਂਕਿ ਪਾਠ ਰਖਵਾਇਆ ਹੋਣ ਕਾਰਨ ਮਾਸੀ ਨੇ ਉਸ ਨੂੰ ਦੋ ਦਿਨ ਪਹਿਲਾਂ ਆਉਣ ਦੀ ਤਾਕੀਦ ਕੀਤੀ। ਪਾਠ ਦੇ ਵਿਚਕਾਰਲੇ ਦਿਨ ਜਿਹੜੇ ਧਾਰਮਿਕ ਗਾਉਣ ਵਾਲੇ ਸੱਦੇ ਸਨ ਉਹ ਵੀ ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਟਿੱਪਣੀਆਂ ਕਰਨ ਲੱਗੇ। ਇਸ ਲਹਿਰ ਦੀ ਭੇਂਟ ਚੜ੍ਹਨ ਵਾਲਿਆਂ ਨੂੰ ਨਵੇਂ ਸ਼ਹੀਦ ਦੱਸ ਕੇ ਉਹ ਉਨ੍ਹਾਂ ਦੀ ਪੁਰਾਣੇ ਸ਼ਹੀਦਾਂ ਨਾਲ ਤੁਲਨਾ ਕੀਤੀ ਜਾ ਰਹੀ ਸੀ। ਭੋਗ ਵਾਲੇ ਦਿਨ ਤਾਂ ਮਨਦੀਪ ਹੈਰਾਨ ਹੀ ਰਹਿ ਗਿਆ ਕਿ ਏਥੇ ਟੀਨਾ ਵੀ ਮੱਥਾ ਟੇਕਣ ਆਈ। ਕੀ ਉਸਦਾ ਇਹ ਹੀ ਪਿੰਡ ਸੀ। ਉਹ ਵੀ ਮਨਦੀਪ ਨੂੰ ਦੇਖ ਕੇ ਡੌਰ ਭੌਰ ਹੋਈ ਝਾਕ ਰਹੀ ਸੀ। ਭੋਗ ਵਾਲੀ ਰਾਤ ਗਿੱਧਾ ਵੀ ਪਿਆ ਅਤੇ ਪਿੰਡ ਵਿੱਚ ਜਾਗੋ ਵੀ ਕੱਢੀ ਗਈ। ਟੀਨਾ ਸਾਰੇ ਕਾਸੇ ਵਿੱਚ ਸ਼ਾਮਲ ਹੋਈ। ਸ਼ਾਮਲ ਹੀ ਨਹੀਂ ਹੋਈ ਬਲਕਿ ਉਸਦੇ ਆਉਣ ਦਾ ਇੱਕੋ ਮਕਸਦ ਮਨਦੀਪ ਨੂੰ ਦੇਖਣਾ ਵੀ ਹੋ ਸਕਦਾ ਸੀ।

ਜਾਗੋ ਵਾਲੀ ਰਾਤ ਤਾਂ ਉਸਨੇ ਮਨਦੀਪ ਨਾਲ ਗੱਲਾਂ ਵੀ ਕੀਤੀਆਂ ਤੇ ਪਿਆਰ ਵੀ ਜ਼ਾਹਰ ਕਰ ਦਿੱਤਾ। ਮਨਦੀਪ ਨੂੰ ਪਿਆਰ ਦੀ ਇਸ ਨਵੀਂ ਚਿਣਗ ਨੇ ਪਹਿਲੇ ਪਿਆਰ ਦੀ ਉਦਾਸੀ ‘ਚੋਂ ਜਿਵੇਂ ਬਾਹਰ ਲੈ ਆਂਦਾ। ਮਨਦੀਪ ਦੂਸਰੇ ਦਿਨ ਬਰਾਤ ਗਿਆ ਜਿੱਥੇ ਦਿਦਾਰ ਸੰਧੂ ਦਾ ਅਖਾੜਾ ਵੀ ਲੱਗਿਆ। ਮਨਦੀਪ ਦੇ ਫੌਜੀ ਮਾਮੇ ਨੇ ਉਸ ਨੂੰ ਦੋ ਘੁੱਟ ਦਾਰੂ ਵੀ ਲੁਆ ਦਿੱਤੀ । ਬੱਸ ਫੇਰ ਤਾਂ ਉਸ ਨੂੰ ਗਾਉਣ ਵਾਲੀ ਨੂਰਾਂ ਵਿੱਚੋਂ ਵੀ ਟੀਨਾ ਹੀ ਦਿਸਦੀ ਰਹੀ। ਮਨਦੀਪ ਨੇ ਇਸ ਵਿਆਹ ਵਿੱਚ ਇੱਕ ਗੱਲ ਬੜੀ ਸ਼ਿੱਦਤ ਨਾਾਲ ਮਹਿਸੂਸ ਕੀਤੀ ਕਿ ਇੱਕ ਤਾਂ ਨਵੇਂ ਮਹੌਲ ਨੂੰ ਲੈ ਕੇ ਹਰ ਕੋਈ ਡਰ ਰਿਹਾ ਸੀ। ਗਾਉਣ ਵਾਲੇ ਵੀ ਤੇ ਉਨਾਂ ਨੂੰ ਲਗਾਉਣ ਵਾਲੇ ਵੀ। ਤੇ ਦੂਸਰਾ ਜਿੱਥੇ ਵੀ ਲੋਕ ਬੈਠਦੇ, ਸ਼ਰਾਬੀ ਹੋਣ ਜਾਂ ਸੋਫੀ, ਉਹ ਜਾਂ ਤਾਂ ਭਿੰਡਰਾਂ ਵਾਲੇ ਸੰਤਾਂ ਦੀ ਗੱਲ ਕਰਦੇ ਜਾਂ ਵਾਪਰ ਰਹੇ ਘਟਨਾਕ੍ਰਮ ਦੀਆਂ ਗੱਲਾਂ।

ਵਿਆਹ ਤੋਂ ਬਾਅਦ ਮਨਦੀਪ ਸਮਰਾਲੇ ਆ ਗਿਆ। ਦਲੇਰ ਸਿੰਘ ਬਚਨ ਕੌਰ ਅਤੇ ਉਸਦੇ ਛੋਟੇ ਭਰਾ ਤਾਂ ਪਿੰਡ ਨੂੰ ਪਰਤ ਗਏ। ਪਰ ਉਹ ਆਪਣੇ ਇੱਕ ਲੇਖਕ ਦੋਸਤ ਮੁੰਡੇ ਨਾਲ ਕੈਨਟੀਨ ਤੇ ਚਾਹ ਪੀਣ ਬੈਠ ਗਿਆ। ਬਾਅਦ ਵਿੱਚ ਇਹ ਹੀ ਮੁੰਡਾ ਕ੍ਰਿਸ਼ਨ ਕੌਸ਼ਲ ਉਸ ਨੂੰ ਜਨਵਾਦੀ ਸਾਹਿਤ ਸਭਾ ਦੀ ਮੀਟੰਗ ਤੇ ਲੈ ਗਿਆ। ਜਿੱਥੇ ਉਸ ਨੂੰ ਕਈ ਨਾਮਵਰ ਲੇਖਕਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਏਥੇ ਜੁੜੇ ਲੇਖਕਾਂ ਨੇ ਪੰਜਾਬ ਵਿੱਚ ਫੈਲ ਰਹੇ ਅੱਤਵਾਦ ਤੇ ਚਿੰਤਾ ਜ਼ਾਹਿਰ ਕਰਦਿਆਂ ਇੱਕ ਮਤਾ ਵੀ ਪਾਇਆ। ਇਸ ਸਭਾ ਵਿੱਚ ਸਾਰੇ ਧਰਮਾਂ ਨਾਲ ਸਬੰਧਤ ਲੇਖਕ ਸਨ ਜੋ ਇਨਸਾਨੀਅਤ ਨੂੰ ਪਿਆਰ ਕਰਦੇ ਸਨ। ਏਥੇ ਆ ਕੇ ਮਨਦੀਪ ਨੂੰ ਬੇਹੱਦ ਸਕੂਨ ਮਿਲਿਆ। ਉਸ ਨੇ ਇੱਕ ਗੀਤ ਵੀ ਸੁਣਾਇਆ ਅਤੇ ਉਸ ਨੂੰ ਭਰਪੂਰ ਦਾਦ ਮਿਲੀ। ਅੱਗੇ ਤੋਂ ਆਉਣ ਦਾ ਵਾਅਦਾ ਕਰ, ਉਹ ਆਪਣੇ ਪਿੰਡ ਜਾਣ ਲਈ ਬੱਸ ਚੜ ਗਿਆ।

ਨਹਿਰ ਦੇ ਪੁਲ ਤੇ ਉੱਤਰ ਕੇ ਉਸ ਲੋਕਾਂ ਦੀ ਵਾਹਵਾ ਭੀੜ ਜੁੜੀ ਦੇਖੀ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਏਥੇ ਵੀ ਕੋਈ ਘਟਨਾ ਵਾਪਰ ਗਈ ਹੋਊ ਪਰ ਨੇੜੇ ਜਾਕੇ ਵੇਖਿਆਂ ਕਿ ਮਿਲਕ ਬਾਰ ਤੇ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਜਿਸ ਦਾ ਨਾਂ ਸੀ ‘ਮੌਲਾ ਜੱਟ’। ਸਤੀਸ਼ ਕੌਲ਼ ਅਤੇ ਅਰਪਣਾ ਚੌਧਰੀ ਤੇ ਕੋਈ ਗੀਤ ਫਿਲਮਾਇਆ ਜਾ ਰਿਹਾ ਸੀ। ਉਸ ਨੇ ਸੋਚਿਆ ਕਿ ਐਨੇ ਮਾੜੇ ਹਾਲਾਤਾਂ ਵਿੱਚ ਸ਼ੂਟਿੰਗ ਕਰਨੀ ਵੀ ਖਤਰੇ ਨਾਲ ਖੇਡਣ ਵਾਲੀ ਹੀ ਤਾਂ ਗੱਲ ਹੀ ਹੈ। ਪਰ ਕਲਾਕਾਰ ਆਪਣੀਆਂ ਜਾਨਾਂ ਤੇ ਖੇਡ ਰਹੇ ਸਨ

ਘਰ ਜਾ ਕੇ ਉਹ ਅਗਲੇ ਕੁੱਝ ਦਿਨਾਂ ਲਈ ਪੜ੍ਹਾਈ ਵਿੱਚ ਜੁਟ ਗਿਆ। ਕਈ ਵਾਰੀ ਉਸ ਨੂੰ ਟੀਨਾ ਦੀ ਬਹੁਤ ਯਾਦ ਆਂਉਦੀ। ਉਹ ਇੱਕ ਦੋ ਵਾਰ ਕਾਲਜ ਵੀ ਗਿਆ ਪਰ ਸਲਾਨਾ ਪੇਪਰਾ ਤੋਂ ਪਹਿਲਾਂ ਵਿਦਿਆਰਥੀ ਫ੍ਰੀ ਹੋ ਚੁੱਕੇ ਸਨ। ਟੀਨਾ ਵੀ ਉਸ ਨੂੰ ਕਦੇ ਦਿਖਾਈ ਨਾ ਦਿੱਤੀ। ਮਨਦੀਪ ਨੂੰ ਇੱਕੋ ਆਸ ਸੀ ਕਿ 20 ਮਾਰਚ ਨੂੰ ਹੋਣ ਵਾਲੇ ਕੈਨਵੋਕੇਸ਼ਨ ਸਮਾਗਮ ਸਮੇਂ ਉਹ ਜਰੂਰ ਆਵੇਗੀ। ਜਿਸ ਦਿਨ ਕਾਲਜ ਦੇ ਅੱਵਲ ਵਿਦਿਆਰਥੀ ਦਾ ਸਨਮਾਨ ਹੋਣਾ ਸੀ। ਇਸ ਇਨਾਮ ਵੰਡ ਸਮਾਗਮ ਤੇ ਮੰਤਰੀ ਸਰਦਾਰੀ ਲਾਲ ਕਪੂਰ ਪਾਸੋਂ ਇਨਾਮ ਪ੍ਰਾਪਤ ਕਰਨ ਦੀ ਤਾਂ ਖੁਸ਼ੀ ਜੋ ਸੀ ਉਸਾ ਦਾ ਤਾਂ ਕਹਿਣਾ ਹੀ ਕੀ ਆ।ਪਰ ਬਾਅਦ ਵਿੱਚ ਜੋ ਟੀਨਾ ਨੇ ਮਨਦੀਪ ਨੂੰ ਮੁਬਾਰਕਾਂ ਦਿੱਤੀਆਂ, ਤਾਂ ਉਸ ਨਾਲ ਉਹ ਨਸ਼ਿਆ ਗਿਆ ਸੀ। ਟੀਨਾ ਦੀ ਯਾਦ ਵਿੱਚ ਮਨਦੀਪ ਨੇ ਫੇਰ ਕਈ ਗੀਤ ਲਿਖੇ। ਇਸ ਵਾਰ ਤਾਂ 23 ਮਾਰਚ ਵਾਲੇ ਦਿਨ ਉਸ ਨੇ ਸ਼ਹੀਦ ਭਗਤ ਸਿੰਘ ਬਾਰੇ ਵੀ ਗੀਤ ਲਿਖਿਆ। ਉਸ ਮਹਾਨ ਸ਼ਹੀਦ ਲਈ, ਜੋ ਇਨਸਾਨੀਅਤ ਲਈ ਲੜਿਆ ਅਤੇ ਸਾਰੇ ਧਰਮਾਂ ਦੇ ਲੋਕਾਂ ਲਈ ਫਾਂਸੀ ਚੜ੍ਹ ਗਿਆ ਸੀ।

ਪੇਪਰਾਂ ਤੋਂ ਬਾਅਦ ਮਨਦੀਪ ਵਿਹਲਾ ਹੋ ਗਿਆ। ਇਹ ਉਸਦੇ ਬੀ ਏ ਆਖਰੀ ਸਾਲ ਦੇ ਪੇਪਰ ਸਨ। ਕਾਲਜ ਲਾਈਫ ਅੱਖ ਦੇ ਫੋਰ ਵਿੱਚ ਹੀ ਜਿਵੇਂ ਨਿੱਕਲ ਗਈ ਸੀ। ਹੁਣ ਉਹ ਰੀਜ਼ਲਟ ਉਡੀਕ ਰਿਹਾ ਸੀ। ਵਿਹਲਾ ਮਨਦੀਪ ਹੁਣ ਘਰ ਦੇ ਕੰਮ ਕਰਵਾਉਂਦਾ। ਪਸ਼ੂਆਂ ਲਈ ਚਾਰਾ ਲਿਆਂਉਦਾ, ਉਨ੍ਹਾਂ ਨੂੰ ਪਾਣੀ ਪਿਆਂਉਂਦਾ ਅਤੇ ਨਹਾਉਂਦਾ। ਕਦੀ ਆਪਣੇ ਦਾਦੇ ਚੰਦ ਸਿੰਘ ਤੋਂ ਲਿਆ ਕੋਈ ਪੁਰਾਤਨ ਗ੍ਰੰਥ ਪੜ੍ਹਨ ਲੱਗ ਪੈਂਦਾ। ਜਾਂ ਫੇਰ ਸਾਈਕਲ ਚੁੱਕ ਕ੍ਰਿਸ਼ਨ ਕੌਸ਼ਲ ਕੋਲ ਚਲਾ ਜਾਂਦਾ। ਤੇ ਉਸ ਤੋਂ ਕੋਈ ਆਪਣਾ ਗੀਤ ਠੀਕ ਕਰਵਾ ਲਿਆਂਉਦਾ। ਜਾਂ ਫੇਰ ਕੋਈ ਕਿਤਾਬ ਪੜ੍ਹਨ ਨੂੰ ਲੈ ਆਂਉਦਾ।

ਇਹ 17 ਜੂਨ ਦਾ ਦਿਨ ਸੀ ਮਨਦੀਪ ਦੇ ਮਾਮੇ ਦੀ ਲੜਕੀ ਦੀ ਸ਼ਾਦੀ ਵਿੱਚ ਉਨ੍ਹਾਂ ਸਾਰਿਆਂ ਨੇ ਜਾਣਾ ਸੀ। ਆਪਣੇ ਨਾਨਕੇ ਬੇਹੱਦ ਧਾਰਮਿਕ ਖਿਆਲਾਂ ਦੇ ਹੋਣ ਕਾਰਨ ਵਿਆਹ ਵਿੱਚ ਮੀਟ ਸ਼ਰਾਬ ਦੀ ਸਖਤ ਪਾਬੰਦੀ ਸੀ। ਮਨਦੀਪ, ਵਕਤ ਪਾਸ ਕਰਨ ਲਈ ਆਪਣੇ ਦੋਸਤ ਕ੍ਰਿਸ਼ਨ ਨੂੰ ਵੀ ਵਿਆਹ ਤੇ ਨਾਲ ਲੈ ਗਿਆ। ਪਰ ਉੱਥੇ ਕਈ ਕੱਟੜ ਸਿੱਖ ਵੀ ਮੌਜੂਦ ਸਨ। ਉਹ ਕਲੀਨ ਸ਼ੇਵਨ ਮੋਨੇ ਕ੍ਰਿਸ਼ਨ ਪਾਸੋਂ ਉਸ ਦਾ ਧਰਮ ਅਤੇ ਜਾਤ ਜਾਨਣ ਲਈ ਬਜਿੱਦ ਹੋ ਗਏ। ਜਦੋਂ ਉਸ ਨੇ ਦੱਸਿਆ ਕਿ ਉਹ ਬ੍ਰਾਹਮਣ ਹੈ ਤਾਂ ਉਹ ਧੋਖੇਬਾਜ ਗੰਗੂ ਬ੍ਰਾਹਮਣ ਦੀ ਕਹਾਣੀ ਛੇੜ ਕੇ ਬੈਠ ਗਏ। ਤੇ ਗੱਲੀਂ ਬਾਤੀ ਉਸ ਨੂੰ ਇਹ ਅਹਿਸਾਸ ਕਰਵਾਉਣ ਲੱਗੇ ਕਿ ਬ੍ਰਾਹਮਣ ਸਾਰੇ ਹੁੰਦੇ ਹੀ ਧੋਖੇਬਾਜ ਨੇ। ਮੁੜ ਘਿੜ ਕੇ ਗੱਲ ਇੰਦਰਾਗਾਂਧੀ ਜਾਂ ਭਿੰਡਰਾਂਵਾਲੇ ਤੇ ਆ ਜਾਂਦੀ। ਮਨਦੀਪ ਆਪਣੇ ਦੋਸਤ ਦੀ ਬੇਇਜ਼ਤੀ ਬ੍ਰਦਾਸ਼ਤ ਨਾ ਕਰ ਸਕਿਆ ਅਤੇ ਵਿਆਹ ਵਿਚਕਾਰ ਹੀ ਛੱਡ ਕੇ ਆ ਗਿਆ। ਉਨ੍ਹਾਂ ਰਸਤੇ ਵਿੱਚ ਦਾਰੂ ਦਾ ਅਧੀਆਂ ਖ੍ਰੀਦ ਕੇ ਦੋ ਚਾਰ ਪੈੱਗ ਵੀ ਲਾਏ ਤਾਂ ਕਿ ਵਿਆਹ ਮੌਕੇ ਹੋਈ ਬੇਸੁਆਦੀ ‘ਚੋਂ ਨਿੱਕਲ ਸਕਣ। ਪਰੰਤੂ ਦੋਹਾਂ ਅੰਦਰ ਇੱਕ ਘੋਰ ਉਦਾਸੀ ਸੀ। ਹਰ ਗੱਲ ਬਾਅਦ ਹੀ ਚੁੱਪ ਦੀ ਇੱਕ ਚਾਦਰ ਤਣ ਜਾਂਦੀ। ਏਹੋ ਆਲਮ ਤਾਂ ਹੁਣ ਸਾਰੇ ਪੰਜਾਬ ਦਾ ਵੀ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com