WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 49

ਸਮੁੰਦਰ ਮੰਥਨ (PDF, 568KB)    


ਮਨਦੀਪ ਘਰੇਲੂ ਮੁਸ਼ਕਲਾਂ ਅਤੇ ਸਥਿਤੀਆਂ ਨੂੰ ਲੈ ਕੇ ਬੇਹੱਦ ਪਰੇਸ਼ਾਨ ਸੀ। ਜਿੱਥੇ ਵੀ ਕਿਤੇ ਉਸਦੇ ਰਿਸ਼ਤੇ ਦੀ ਗੱਲ ਤੁਰਦੀ, ਜਾਂ ਤਾਂ ਉਹ ਆਪ ਹੀ ਜਵਾਬ ਦੇ ਦਿੰਦਾ ਜਾਂ ਫੇਰ ਅਗਲਿਆਂ ਨੂੰ ਕੋਈ ਨੌਕਰੀ ਵਾਲਾ ਮੁੰਡਾ ਤੇ ਚੰਗੀ ਜ਼ਮੀਨ ਜਾਇਦਾਦ ਚਾਹੀਦੀ ਹੁੰਦੀ। ਦਿਆਲ ਸਿੰਘ ਨਾਂ ਦਾ ਬੰਦਾ ਜੋ ਦਲੇਰ ਸਿੰਘ ਦੇ ਪਰਿਵਾਰ ਦਾ ਵਾਕਿਫ ਸੀ ਇੱਕ ਅਜਿਹੀ ਹੀ ਕੁੜੀ ਦਾ ਰਿਸ਼ਤਾ ਕਰਵਾਉਣ ਦੀ ਜਿੱਦ ਕਰ ਰਿਹਾ ਸੀ। ਜਿਸ ਲਈ ਮਨਦੀਪ ਨਹੀਂ ਸੀ ਮੰਨਦਾ। ਇਸ ਵਿੱਚ ਮਨਦੀਪ ਦਾ ਇੱਕ ਵਾਕਿਫ ਸੁਰਜੀਤ ਸੀਲੋਂ ਵੀ ਅਹਿਮ ਰੋਲ ਨਿਭਾਅ ਰਿਹਾ ਸੀ।

ਜਦ ਕੋਈ ਗੱਲ ਕੰਢੇ ਵੱਟੇ ਲੱਗਦੀ ਨਾ ਦਿਸੀ ਤਾਂ ਉਸ ਨੇ ਮਨਦੀਪ ਨੂੰ ਕਿਹਾ ਕਿ ਮੇਰੇ ਨਾਲ 31 ਦਸੰਬਰ ਨੂੰ ਅਮ੍ਰਿਤਸਰ ਚੱਲ। ਮੈਂ ਆਪਣੇ ਬਿਜ਼ਨਸ ਨਾਲ ਸਬੰਧਤ ਬਟਾਲੇ ਤੋਂ ਕੁੱਝ ਸਮਾਨ ਲੈਣਾ ਹੈ ਤੇ ਅੱਗੇ ਆਪਾਂ ਅਮ੍ਰਿਤਸਰ ਵੀ ਹੋ ਆਵਾਂਗੇ। ਬਚਨ ਕੌਰ ਨੇ ਵੀ ਕਿਹਾ “ਜਾ ਪੁੱਤ ਜਾ ਆ” ਉਸ ਨੂ ਸੀ ਕਿ ਸ਼ਾਇਦ ਸੁਰਜੀਤ ਮਨਦੀਪ ਨੂੰ ਰਿਸ਼ਤੇ ਲਈ ਮਨਾ ਹੀ ਲਏ। ਮਨਦੀਪ ਨੇ ਨਾਲ ਜਾਣ ਦੀ ਹਾਮੀ ਭਰ ਦਿੱਤੀ। ਤੇ 31 ਦਸੰਬਰ ਦੀ ਸਵੇਰ ਨੂੰ ਕੋਈ ਅੱਠ ਕੁ ਵਜੇ ਸਵੇਰੇ ਉਹ ਲੁਧਿਆਣੇ ਲਈ ਬੱਸ ਚੜ੍ਹ ਗਏ।

ਲਧਿਆਣੇ ਤੱਕ ਤਾਂ ਮਨਦੀਪ ਅਕਸਰ ਹੀ ਆਂਉਦਾ ਰਹਿੰਦਾ ਸੀ। ਜਦੋਂ ਉਹ ਲਧਿਆਣੇ ਤੋਂ ਜਲੰਧਰ ਨੂੰ ਜਾ ਰਹੇ ਸਨ ਤਾਂ ਮਨਦੀਪ ਲਈ ਸਭ ਕੁੱਝ ਹੀ ਨਵਾਂ ਸੀ। ਉਹ ਸਾਲ ਕੁ ਪਹਿਲਾਂ ਗੁਰਤਾਰ ਜਲਾਲ ਦੇ ਜਥੇ ਵਿੱਚ ਅਮ੍ਰਿਤਸਰ ਨੂੰ ਟਰੱਕ ਵਿੱਚ ਬਹਿ ਕੇ ਗਿਆ ਤਾਂ ਸੀ, ਪਰ ਹਨੇਰਾ ਹੋਣ ਕਾਰਨ, ਬਾਹਰ ਨਹੀਂ ਸੀ ਦੇਖ ਸਕਿਆ। ਪਰ ਅੱਜ ਤਾਂ ਦਿਨ ਦਾ ਚਾਨਣ ਸੀ।

ਸੁਰਜੀਤ ਸੀਲੋਂ ਨੇ ਤੇ ਤਾਂ ਦੋ ਤਿੰਨ ਅਖਬਾਰਾਂ ਲੈ ਲਈਆਂ, ਜਿਨਾਂ ਵਿੱਚ ਉਹ ਉਹੋ ਮਾਰ ਧਾੜ ਦੀਆਂ ਖ਼ਬਰਾਂ ਪੜ੍ਹ ਰਿਹਾ ਸੀ। ਪਰ ਮਨਦੀਪ ਬੱਸ ਦੀ ਖਿੜਕੀ ਵਿੱਚੋਂ ਆਲਾ ਦੁਆਲਾ ਨਿਹਾਰ ਰਿਹਾ ਸੀ। ਉਸ ਨੇ ਦਰਿਆ ਸਤਲੁਜ ਨੂੰ ਬੜੀ ਨੀਝ ਨਾਲ ਤੱਕਿਆ। ਜਿਸ ਵਿੱਚ ਉਸਦੀ ਕਲਪਣਾ ਤੋਂ ਕਿਤੇ ਘੱਟ ਪਾਣੀ ਵਹਿ ਰਿਹਾ ਸੀ। ਇਹ ਦਰਿਆ ਤਾਂ ਹੁਣ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰੇ ਨੌਜਵਾਨਾਂ ਦੀਆਂ ਲਾਸ਼ਾਂ ਢੋਹਣ ਜੋਗੇ ਹੀ ਰਹਿ ਗਏ ਸਨ। ਪਰ ਇਨ੍ਹਾਂ ਕੁ ਪਾਣੀ, ਹੁਣ ਇਸ ਕੰਮ ਲਈ ਵੀ ਕਾਫੀ ਨਹੀਂ ਸੀ ਜਾਪਦਾ।

ਫੇਰ ਰਸਤੇ ਵਿੱਚ ਦਰਿਆ ਬਿਆਸ ਵੀ ਆਇਆ, ਜਿਸ ਵਿੱਚ ਪਾਣੀ ਤਾਂ ਕੁੱਝ ਵਧੇਰੇ ਸੀ। ਪਰ ਇਸ ਤੇ ਵੀ ਜਿਵੇਂ ਕੋਈ ਆਭਾ ਨਹੀਂ ਸੀ।ਵਫੇਰ ਉਸਦੀ ਉੱਡਦੀ ਨਜ਼ਰ ਅਖ਼ਬਾਰ ਤੇ ਗਈ ਇੱਕ ਲਹੂ ਦਾ ਦਰਿਆ ਅਖ਼ਬਾਰ ਤੇ ਪੰਨਿਆਂ ਤੇ ਵੀ ਵਗ ਰਿਹਾ ਸੀ। ਮਨਦੀਪ ਸੋਚਣ ਲੱਗਿਆ ਇਹ ਰੱਤ ਦਾ ਛੇਵਾਂ ਦਰਿਆ ਪਤਾ ਨਹੀਂ ਕਦੋਂ ਵਗਣਾ ਬੰਦ ਹੋਵੇਗਾ? ਮਨ ਦੀ ਉਥਲ ਪੁਥਲ ‘ਚੋਂ ਇੱਕ ਕਵਿਤਾ ਦੀ ਨਦੀ ਵਹਿ ਤੁਰੀ:

ਇੱਕ ਨਵਾਂ ਦਰਿਆ ਪਿਆ ਵੱਗੇ,
ਇੱਕ ਨਵਾਂ ਦਰਿਆ
ਜਿਸ ਦਾ ਪਾਣੀ ਸੂਹਾ ਸੂਹਾ
ਜਿਸ ਦਾ ਹੋਰ ਸੁਭਾਅ
ਐਹ ਮੇਰੇ ਪੰਜਾਬ ਦੀ ਧਰਤੀ
ਇਹ ਕੀ ਹੋ ਰਿਹਾ

ਪਤਾ ਹੀ ਨਾ ਲੱਗਿਆ ਉਹ ਕਦੋਂ ਜਲੰਧਰ ਆ ਉੱਤਰੇ। ਸਾਰੇ ਰਸਤੇ ਉਸ ਨੇ ਦੇਖਿਆਂ ਕਿ ਸੀ ਆਰ ਪੀ ਦੀਆਂ ਸਟੇਨ ਗੱਨਾਂ ਬੀੜੀਆਂ ਵਾਲੀਆਂ ਗੱਡੀਆਂ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਪਿਛਲੀ ਸੀਟ ਤੇ ਤਿੰਨ ਹਥਿਆਰ ਬੰਦ ਗਾਰਡ ਵੀ ਊਂਘ ਰਹੇ ਸਨ। ਦਸੰਬਰ ਦਾ ਮਹੀਨਾਂ ਹੋਣ ਕਾਰਨ ਬਹੁਤਿਆ ਨੇ ਕੰਬਲਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਕਿਸੇ ਦੀ ਬੁੱਕਲ ਵਿੱਚੋੰ ਕਦੋਂ ਏ ਕੇ 47 ਨਿੱਕਲ ਆਵੇ ਕੋਈ ਪਤਾ ਨਹੀਂ ਸੀ। ਇਸੇ ਕਰਕੇ ਤਾਂ ਹਰ ਬੱਸ ਸਕਿਉਰਟੀ ਅਧੀਨ ਚੱਲ ਰਹੀ ਸੀ। ਤੇ ਪੰਜਾਬ ਦੇ ਲੋਕ ਤਾਂ ਜਿਵੇਂ ਇਸ ਮਹੌਲ ਦੇ ਆਦੀ ਹੋ ਗਏ ਸਨ। ਸਾਰਾ ਕੁੱਝ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਹੀ ਚੱਲ ਰਿਹਾ ਸੀ।

ਜੇ ਕਿਤੇ ਵੀ ਕਤਲ ਹੁੰਦੇ ਜਾਂ ਬੰਬ ਧਮਾਕੇ ਹੁੰਦੇ ਤਾਂ ਬਜ਼ਾਰ ਬੰਦ ਹੋ ਜਾਂਦੇ। ਕਰਫਿਊ ਵੀ ਲੱਗ ਜਾਂਦਾ। ਤੇ ਜਦੋਂ ਕਰਫਿਊ ਖੁੱਲਦਾ ਫੇਰ ਜੀਵਨ ਆਮ ਦੀ ਤਰ੍ਹਾਂ ਹੋ ਜਾਂਦਾ। ਸੁਰਜੀਤ ਨੇ ਇੱਕ ਥਾਂ ਦੱਸਿਆ ਕਿ ਏਸੇ ਚੌਂਕ ਵਿੱਚ ਲਾਲਾ ਜਗਤ ਨਰਾਇਣ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਸਨ। ਇਹ ਉਹ ਹੀ ਜਲੰਧਰ ਸੀ ਜਿਸ ਨੂੰ ਅਖਬਾਰਾਂ ਦੀ ਨਗਰੀ ਆਖਿਆ ਜਾਂਦਾ ਸੀ।

ਏਥੇ ਉਹ ਉੱਤਰ ਗਏ। ਸੁਰਜੀਤ ਸੀਲੋਂ ਦੂਰਦਰਸ਼ਨ ਤੇ ਕਿਸੇ ਬੰਦੇ ਦਾ ਵਾਕਿਫ ਸੀ ਤੇ ਮਨਦੀਪ ਨੂੰ ਟੀ ਵੀ ਸਟੇਸ਼ਨ ਦੇਖਣ ਦਾ ਬਹੁਤ ਚਾਅ ਸੀ। ਸੁਰਜੀਤ ਉਸ ਨੂੰ ਟੀ ਵੀ ਸਟੇਸ਼ਨ ਲੈ ਗਿਆ। ਪਰ ਵਾਕਿਫ ਬੰਦਾ ਉੱਥੇ ਮਿਲਿਆ ਨਹੀਂ ਸੀ। ਫੇਰ ਉਹ ਰੇਡੀਉ ਸਟੇਸ਼ਨ ਵੀ ਗਏ। ਦੋਹਾਂ ਥਾਵਾਂ ਤੇ ਸੀ ਆਰ ਪੀ ਦਾ ਸਖਤ ਪਹਿਰਾ ਸੀ ਅਤੇ ਅੰਦਰ ਜਾਣਾ ਬੇਹੱਦ ਮੁਸ਼ਕਲ ਸੀ। ਉਹ ਅਖ਼ਬਾਰਾਂ ਦੇ ਦਫਤਰ ਜਾ ਕੇ ਇੱਕ ਦੋ ਜਾਣ ਪਛਾਣ ਵਾਲੇ ਬੰਦਿਆਂ ਨੂੰ ਵੀ ਮਿਲ ਆਏ। ਜਦ ਤੱਕ ਭੁੱਖ ਵੀ ਚਮਕ ਆਈ ਸੀ। ਉਨ੍ਹਾਂ ਇੱਕ ਢਾਬੇ ਤੇ ਬੈਠ ਛੋਲੇ ਭਟੂਰੇ ਖਾਧੇ ਅਤੇ ਚਾਹ ਵੀ ਪੀਤੀ। ਲੱਗਦਾ ਹੀ ਨਹੀਂ ਸੀ ਕਿ ਪੰਜਾਬ ਅੱਤਵਾਦ ਦੇ ਖ਼ੂਨੀ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਕਿਉਂਕਿ ਹਰ ਪਾਸੇ ਹੀ ਚਹਿਲ ਪਹਿਲ ਸੀ।

ਫੇਰ ਉਹ ਜਲੰਧਰ ਤੋਂ ਬਟਾਲੇ ਨੂੰ ਬੱਸ ਚੜ੍ਹ ਗਏ। ਅੱਗੇ ਡੇਢ ਘੰਟੇ ਦਾ ਸਫਰ ਸੀ। ਰਸਤੇ ਵਿੱਚ ਉਨ੍ਹਾਂ ਮਹਿਤਾ ਚੌਂਕ ਵੀ ਵੇਖਿਆ। ਜਿੱਥੇ ਦਮਦਮੀ ਟਕਸਾਲ ਸੀ ਅਤੇ ਸੰਤ ਭਿੰਡਰਾਂਵਾਲੇ ਕਦੇ ਇਸੇ ਟਕਸਾਲ ਦੇ ਮੁੱਖੀ ਹੁੰਦੇ ਸਨ। ਏਥੋਂ ਵਾਪਰੀਆਂ ਕੁੱਝ ਘਟਨਾਵਾਂ ਕਾਰਨ ਚੌਂਕ ਮਹਿਤਾ ਬਹੁਤ ਹੀ ਚਰਚਾ ਵਿੱਚ ਰਿਹਾ ਸੀ। ਰਸਤੇ ਵਿੱਚ ਬਾਬਾ ਬਕਾਲਾ ਵੀ ਆਇਆ। ਜਿੱਥੇ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਛਾਣ ਕੇ ‘ਗੁਰੂ ਲਾਧੋ ਰੇ’ ਦਾ ਹੋਕਾ ਦਿੱਤਾ ਸੀ। ਪਰ ਹਾਲ ਦੀ ਘੜੀ ਤਾਂ ਪੰਜਾਬ ਵਿੱਚ ਗੁਰੂਆਂ ਦੀ ਸਿੱਖਿਆ ਬਹੁਤ ਪਿੱਛੇ ਪਈ ਹੋਈ ਸੀ। ਹਿੰਦੂ ਧਰਮ ਲਈ ਕਦੇ ਗੁਰੂ ਜੀ ਨੇ ਜਾਨ ਵਾਰੀ ਸੀ ਤੇ ਅੱਜ ਹਿੰਦੂ ਅਤੇ ਸਿੱਖ ਇੱਕ ਦੂਸਰੇ ਨੂੰ ਦੁਸ਼ਮਣ ਸਮਝਕੇ ਮਾਰਨ ਤੇ ਤੁੱਲੇ ਹੋਏ ਸਨ। ਸਿੱਖ ਖਾੜਕ,ੂ ਹਿੰਦੂਆਂ ਨੂੰ ਦੁਕਾਨਾਂ ਜਾਂ ਬੱਸਾਂ ‘ਚੋਂ ਕੱਢ ਕੱਢ ਕੇ ਗੋਲੀ ਮਾਰਦੇ ਅਤੇ ਹਿੰਦੂ ਹਰਮੰਦਰ ਸਾਹਿਬ ਤੇ ਹਮਲਾ ਹੋਣ ਕਰਕੇ ਜਾਂ ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਨੂੰ ਮਾਰਕੇ ਸਬਕ ਸਿਖਾਉਣ ਦੀਆਂ ਗੱਲਾਂ ਕਰਕੇ ਖੁਸ਼ ਹੁੰਦੇ। ਫੇਰ ਦੋਨੋ ਧਰਮ ਇੱਕ ਦੂਜੇ ਦੀ ਮੌਤ ਤੇ ਲੱਡੂ ਵੰਡਦੇ।

ਬਟਾਲੇ ਸ਼ਹਿਰ ਮਨਦੀਪ ਪਹਿਲੀ ਵਾਰ ਆਇਆ ਸੀ। ਇਹ ਉਸਦੇ ਮਨ ਪਸੰਦ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਸ਼ਹਿਰ ਸੀ। ਮਨਦੀਪ ਨੇ ਇਸ ਮਹਾਨ ਸ਼ਹਿਰ ਨੂੰ ਸਜਦਾ ਕੀਤਾ। ਏਥੇ ਲੁਹਾਰਾ ਤਰਖਾਣਾ ਕੰਮ ਲਈ ਆਰੀਆਂ ਅਤੇ ਅੱਡਿਆਂ ਦਾ ਬਹੁਤ ਵੱਡਾ ਕਾਰੋਬਾਰ ਸੀ। ਇਹ ਇਤਿਹਾਸਕ ਸ਼ਹਿਰ ਭਾਵੇਂ ਟੁੱਟੀਆਂ ਸੜਕਾਂ ਅਤੇ ਗੰਦੇ ਪਾਣੀ ਦੇ ਛੱਪੜਾਂ ਨਾਲ ਭਰਿਆ ਪਿਆ ਸੀ, ਪਰ ਤਾਂ ਵੀ ਲੋਕਾਂ ਦਿਆਂ ਚਿਹਰਆਂ ਤੇ ਸੁੰਦਰਤਾ ਝਲਕਦੀ ਸੀ।

ਸੁਰਜੀਤ ਮਿਸਤਰੀ ਪਰਿਵਾਰ ਨਾਲ ਸਬੰਧਤ ਸੀ ਅਤੇ ਆਪਣੀ ਨਵੀਂ ਆਰਾ ਮਿੱਲ ਲਈ ਉਸ ਨੇ ਏਥੋਂ ਅੱਡਾ ਲੈਣਾ ਸੀ। ਇਹ ਕੰਮ ਮੁਕਾਕੇ ਉਨ੍ਹਾਂ ਟਰੱਕ ਵਿੱਚ ‘ਅੱਡਾ’ ਪਿੰਡ ਭੇਜਣ ਦਾ ਪ੍ਰਬੰਧ ਕੀਤਾ। ਫੇਰ ਇੱਕ ਢਾਬੇ ਤੇ ਦੁਪਿਹਰ ਦੀ ਰੋਟੀ ਖਾਧੀ ਤੇ ਅੱਗੇ ਚਾਲੇ ਪਾ ਦਿੱਤੇ।

ਮਨਦੀਪ ਅਜੇ ਵੀ ਬੈਠਾ ਸੋਚ ਰਿਹਾ ਸੀ ਕਿ ਇਹ ਉਹ ਹੀ ਬਟਾਲਾ ਹੈ ਜਿੱਤੇ ਕਦੇ ਮੂਲ ਚੰਦ ਖੱਤਰੀ ਦੀ ਧੀ ਸੁਲੱਖਣੀ ਨੂੰ ਵਿਆਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਬਰਾਤ ਲੈ ਕੇ ਢੁੱਕੇ ਸਨ। ਜਿੱਥੇ ਅੱਜ ਵੀ ਗੁਰਦੁਵਾਰਾ ਕੰਧ ਸਾਹਿਬ ਹੈ। ਤੇ ਕਿਤੇ ਉਹ ਘਰ ਵੀ ਹੋਵੇਗਾ, ਜਿੱਥੇ ਸ਼ਿਵ ਨੇ ਜਨਮ ਲਿਆ ਸੀ। ਪਰ ਇਸ ਸਮੇਂ ਤਾਂ ਉਹ ਕੁੱਝ ਵੀ ਨਹੀਂ ਸਨ ਦੇਖ ਸਕੇ। ਹੁਣ ਤਾਂ ਬੱਸ ਅਮ੍ਰਿਤਸਰ ਨੂੰ ਜਾ ਰਹੀ ਸੀ।

ਬੱਸ ਦੇ ਸਫਰ ਦੌਰਾਨ ਅਜੇ ਤੱਕ ਤਾਂ ਮਨਦੀਪ ਨੂੰ ਕੋਈ ਡਰ ਭੈਅ ਵਾਲੀ ਗੱਲ ਨਹੀਂ ਸੀ ਜਾਪੀ। ਉਸ ਨੂੰ ਤਾਂ ਸਗੋਂ ਇਹ ਵੀ ਲੱਗਿਆ ਸੀ ਕਿ ਸਮੁੱਚਾ ਮੀਡੀਆ ਪੰਜਾਬ ਬਾਰੇ ਬਹੁਤ ਵਧਾ ਚੜ੍ਹਾ ਕੇ ਖ਼ਬਰਾਂ ਦੇ ਰਿਹਾ ਹੈ। ਜਿਉਂ ਹੀ ਉਹ ਅਮ੍ਰਿਤਸਰ ਬੱਸ ਅੱਡੇ ਤੇ ਪਹੁੰਚੇ ਤਾਂ ਸੁਰਜੀਤ ਨੇ ਦੱਸਿਆ ਕਿ ਇਹ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਚੰਗਾ ਬੱਸ ਅੱਡਾ ਹੈ। ਇਹ ਉਹ ਹੀ ਅਮ੍ਰਿਤਸਰ ਸੀ ਜੋ ਅੱਤਵਾਦ ਨੂੰ ਲੈ ਕੇ ਹੁਣ ਪੂਰੀ ਦੁਨੀਆਂ ਦੇ ਨਕਸ਼ੇ ਤੇ ਮਸ਼ਹੂਰ ਸੀ। ਪਰ ਏਥੇ ਤਾਂ ਹਿੰਦੂ ਸਿੱਖ ਸਭ ਭਰਾਵਾਂ ਵਾਂਗ ਫਿਰ ਰਹੇ ਸਨ। ਸ਼ਹਿਰ ਵਿੱਚ ਕੋਈ ਵੀ ਤਨਾਅ ਹੀ ਨਹੀਂ ਸੀ। ਜੋ ਮਹੌਲ ਅਖ਼ਬਾਰਾਂ ਟੈਲੀਵੀਯਨਾਂ ਅਤੇ ਰੇਡੀਉ ਨੇ ਸਿਰਜ ਰੱਖਿਆ ਸੀ, ਇਹ ਤਾਂ ਉਸ ਤੋਂ ਬਿਲਕੁੱਲ ਵੱਖਰਾ ਸੀ ।ਮਨਦੀਪ ਨੂੰ ਇਸ ਝੂਠੇ ਪ੍ਰਚਾਰ ਤੇ ਵੀ ਬਹੁਤ ਗੁੱਸਾ ਆਇਆ।

ਫੇਰ ਉਨ੍ਹਾਂ ਦਰਬਾਰ ਸਾਹਿਬ ਜਾਣ ਲਈ ਦੋ ਰੁਪਏ ਵਿੱਚ ਰਿਕਸ਼ਾ ਲਿਆ। ਸਾਰੇ ਸ਼ਹਿਰ ਵਿੱਚ ਹੀ ਖੂਬ ਚਹਿਲ ਪਹਿਲ ਸੀ। ਦੁਕਾਨਦਾਰ ਘੁਲ ਮਿਲ ਕੇ ਕੰਮ ਕਰਦੇ ਨਜ਼ਰ ਆਏ ਅਤੇ ਹਿੰਦੂ ਸਿੱਖ ਭਾਈਚਾਰਾ ਪੂਰੀ ਤਰਾਂ ਕਾਇਮ ਸੀ। “ਨੌਂਹ ਮਾਸ ਦਾ ਰਿਸ਼ਤਾ ਭਲਾਂ ਏਨੀ ਜਲਦੀ ਕਿਵੇਂ ਟੁੱਟ ਸਕਦਾ ਹੈ” ਮਨਦੀਪ ਸੋਚ ਰਿਹਾ ਸੀ। ਉਹ ਤਾਂ ਇਕੱਠੇ ਖਾਅ ਪੀ ਵੀ ਰਹੇ ਸਨ। ਜਿਉਂ ਜਿਉਂ ਉਨ੍ਹਾ ਦਾ ਰਿਕਸ਼ਾ ਦਰਬਾਰ ਸਾਹਿਬ ਵਲ ਵਧ ਰਿਹਾ ਸੀ ਤਾਂ ਉਨ੍ਹਾਂ ਦੇ ਦਿਲ ਦੀ ਧੜਕਣ ਵੀ ਹੋਰ ਤੇਜ਼ ਹੁੰਦੀ ਜਾ ਰਹੀ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com