WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 51

ਸਮੁੰਦਰ ਮੰਥਨ (PDF, 568KB)    


ਇਹ ਅੱਠ ਜਨਵਰੀ 1985 ਦੀ ਧੁੰਦਲੀ ਸਵੇਰ ਸੀ। ਮਨਦੀਪ, ਸੁਰਜੀਤ ਸੀਲੋਂ ਅਤੇ ਬ੍ਰਹਮਜੀਤ ਵਰਮਨ ਡਾ: ਸਤਨਾਮ ਕੌਰ ਦੇ ਘਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਟੀਚਰ ਹੋਮ ਵਿੱਚ ਬੈਠੇ ਸਨ। ਸੁਰਜੀਤ ਮਨਦੀਪ ਨੂੰ ਕੁੱਝ ਦਿਨ ਤੋਂ ਅਕਸਰ ਹੀ ਛੜਾ ਨਾ ਰਹਿ ਜਾਈਂ ਦੇ ਤਾਹਨੇ ਦਿੰਦਾ ਦਿੰਦਾ, ਆਖਿਰ ਆਪਣੇ ਇੱਕ ਪੁਰਾਣੇ ਦੋਸਤ ਦੇ ਵੱਡੇ ਭਰਾ ਦੀ ਕੁੜੀ ਦਿਖਾਉਣ, ਕਿਸੇ ਬਹਾਨੇ ਨਾਲ ਏਥੇ ਲੈ ਕੇ ਆਇਆ ਸੀ। ਕੁੜੀ ਜੋ ਕਿਸੇ ਕਾਰਨ ਵਿਆਹ ਦੀ ਉਮਰ ਲੰਘਾ ਚੁੱਕੀ ਸੀ। ਕਾਰਨ ਕੁੱਝ ਵੀ ਹੋ ਸਕਦੇ ਸਨ।ਬਪਰ ਹੁਣ ਉਸ ਨੂੰ ਘਰਦਿਆਂ ਨੇ ਢਲਦੀ ਉਮਰ ਵਿੱਚ ਮਸਾਂ ਹੀ ਵਿਆਹ ਲਈ ਰਾਜ਼ੀ ਕੀਤਾ ਸੀ। ਉਸ ਕੁੜੀ ਲਈ ਉਨ੍ਹਾਂ ਨੂੰ ਕੋਈ ਸਾਊ ਜਿਹਾ ਮੁੰਡਾ ਚਾਹੀਦਾ ਸੀ ਜੋ ਕਿਸੇ ਵੀ ਗੱਲ ਵਿੱਚ ਕੋਈ ਉਜ਼ਰ ਨਾ ਕਰੇ ਤੇ ਨਾ ਉਸਦਾ ਅਤੀਤ ਪੁੱਛੇ। ਸੁਰਜੀਤ ਨੇ ਅੱਗੋਂ ਮਨਦੀਪ ਦੀ ਦੱਸ ਪਾ ਦਿੱਤੀ।

ਉਹ ਚੰਗੇ ਵਪਾਰੀ ਵਾਂਗ ਕੁੜੀ ਦੀਆਂ ਸਿਫਤਾਂ ਦੇ ਪੁਲ ਬੰਨਦਾ ਰਿਹਾ ਸੀ, ਕਿ ਉਹ ਯੂਨੀਵਰਸਿਟੀ ਵਿੱਚ ਲੈਬ ਟਕਨੀਸ਼ਨ ਹ,ੈ ਤੇ ਤੂੰ ਏਥੇ ਰਹਿ ਕੇ ਪੀ ਐੱਚ ਡੀ ਵੀ ਕਰ ਸਕਦਾ ਏਂ। ਕੁੜੀ ਦੇ ਬੜੇ ਲਿੰਕ ਨੇ। ਤੇ ਕੱਲ ਨੂੰ ਤੂੰ ਏਥੇ ਪ੍ਰੋਫੈਸਰ ਵੀ ਲੱਗ ਸਕਦਾ ਏਂ ਬਗੈਰਾ ਬਗੈਰਾ। ਮਨਦੀਪ ਵੀ ਉਸਦੀਆਂ ਗੱਲਾਂ ਵਿੱਚ ਆ ਗਿਆ ਸੀ। ਕੁੜੀ ਦਾ ਚਾਚਾ ਡਾ: ਸਤਿਕਾਰ ਸਿੰਘ ਆਪਣੀ ਅਕਾਦਮਿਕ ਭੱਲ ਬਣਾਉਣ ਦੇ ਨਾਲ ਨਾਲ ਰਾਜਨੀਤਕ ਜ਼ੋਰ ਵੀ ਦਿਖਾ ਰਿਹਾ ਸੀ। ਉਹ ਬੜੇ ਮਾਣ ਨਾਲ ਦੱਸ ਰਿਹਾ ਸੀ ਕਿ “ਖਾਲਿਸਤਾਨ ਕਮਾਂਡੋ ਫੋਰਸ ਦੇ ਵੱਡੇ ਜਰਨੈਲ ਸਭ ਉਸੇ ਦੇ ਹੀ ਚੇਲੇ ਨੇ। ਤੇ ਪੰਜ ਮੈਂਬਰੀ ਪੰਥਕ ਕਮੇਟੀ ਵੀ ਉਸੇ ਤੋਂ ਸਲਾਹ ਪੁੱਛ ਕੇ ਕੰਮ ਕਰਦੀ ਆ”

ਫੇਰ ਉਸ ਨੇ ਅਕਾਲ ਤਖਤ ਦੇ ਜਥੇਦਾਰ ਦੇ ਕੰਮ ਕਾਜ ਤੇ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ “ਉਹ ਤਾਂ ਸਰਕਾਰ ਕੋਲ ਵਿਕਿਆ ਹੋਇਆ ਹੈ। ਜੋ ਟੀ ਵੀ ਤੇ ਆ ਕੇ ਤੋਸ਼ਾ ਖਾਨਾ ਅਤੇ ਸਿੱਖ ਰਾਇਫਰੈਂਸ ਲਾਇਬ੍ਰੇਰੀ ਦੇ ਝੂਠੇ ਰਾਗ ਅਲਾਪਦਾ ਰਿਹਾ ਹੈ। ਉਹ ਤਾਂ ਅੰਦਰੋਗਤੀ ਮਨਦੀਪ ਨੂੰ ਇਹ ਵੀ ਅਹਿਸਾਸ ਕਰਵਾ ਗਿਆ ਕਿ ਜੇ ਘਰ ਦੇਖਣ ਆਕੇ ਸਾਡੀ ਕੁੜੀ ਦਾ ਰਿਸ਼ਤਾ ਪ੍ਰਵਾਨ ਨਾ ਕੀਤਾ, ਤਾਂ ਇਸ ਬੇਇਜ਼ਤੀ ਦਾ ਬਦਲਾ ਵੀ ਕਿਸੇ ਖਾੜਕੂ ਸਿੰਘ ਤੋਂ ਕਾਰਵਾਈ ਕਰਵਾਕੇ ਲਿਆ ਜਾ ਸਕਦਾ ਹੈ।
ਮਨਦੀਪ ਤਾਂ ਉਸ ਵਕਤ ਹੈਰਾਨ ਹੀ ਰਹਿ ਗਿਆ ਜਦੋਂ ਕਿ ਇੱਕ ਅੱਧਖੜ ਔਰਤ ਚਾਹ ਦੀ ਟ੍ਰੇਅ ਲੈ ਕੇ ਅੰਦਰ ਦਾਖਲ ਹੋਈ। ਤੇ ਪ੍ਰੋ: ਸਤਿਕਾਰ ਸਿੰਘ ਨੇ ਦੱਸਿਆ ਕਿ ਇਹ ਹੀ ਉਸਦੀ ਭਤੀਜੀ ਕੁਲਦੀਪ ਹੈ। ਮਨਦੀਪ ਨੂੰ ਤਾਂ ਜਾਣੀ ਭੱਜਣ ਨੂੰ ਰਸਤਾ ਨਹੀਂ ਸੀ ਮਿਲ ਰਿਹਾ। ਇਹ ਔਰਤ ਉਸ ਤੋਂ ਕੋਈ ਪੰਦਰਾਂ ਸਾਲ ਵੱਡੀ ਹੋਵੇਗੀ। ਕੁੜੀ ਨਹੀਂ ਇਹ ਤਾਂ ਇੱਕ ਅੱਧਖੜ ਔਰਤ ਸੀ।

ਉਨ੍ਹਾਂ ਨੂੰ ਤਾਂ ਚਾਹ ਪੀਣੀ ਵੀ ਮੁਸ਼ਕਲ ਹੋ ਗਈ। ਉੱਥੋਂ ਤਾਂ ਉਹ ਮਸਾਂ ਇਹ ਕਹਿ ਕੇ ਨਿੱਕਲ ਆਏ ਕਿ ਘਰ ਜਾ ਕੇ ਮਾਂ ਪਿਉ ਨਾਲ ਸੁਲਾਹ ਕਰਕੇ ਸੁਨੇਹਾ ਭੇਜ ਦਵਾਂਗੇ। ਪਰ ਰਸਤੇ ਵਿੱਚ ਆਕੇ ਮਨਦੀਪ ਨੇ ਸੁਰਜੀਤ ਦੀ ਚੰਗੀ ਕੁਪੱਤ ਕੀਤੀ ਕਿ ‘ਇਹ ਤੂੰ ਮੇਰੇ ਨਾਲ ਕੀ ਕੀਤਾ?’ ਤੇ ਇਹ ਰਿਸ਼ਤਾ ਜੋੜਨ ਤੋਂ ਇਨਕਾਰ ਕਰ ਦਿੱਤਾ। ਸੁਰਜੀਤ ਚਿੜ ਕੇ ਬੋਲਿਆ “ਪਹਿਲਾਂ ਆਪਣੀ ਜ਼ਮੀਨ ਜਾਇਦਾਦ ਤੇ ਘਰ ਦੇ ਹਾਲਾਤ ਤਾਂ ਦੇਖ ਹੋਰ ਕਿਹੜਾ ਰਿਸ਼ਤਾ ਕਰ ਦਊ ਤੈਨੂੰ? ਰਹਿ ਫੇਰ ਛੜਾ। ਮੈਨੂੰ ਕੀ?”

ਮਨਦੀਪ ਜਿਸ ਦਿਨ ਦਾ ਪਟਿਆਲਿਉਂ ਮੁੜਿਆ ਸੀ, ਬੇਹੱਦ ਉਦਾਸ ਸੀ। ਜ਼ਿੰਦਗੀ ਉਸ ਨਾਲ ਕੋਹਝਾ ਮਜ਼ਾਕ ਕਰ ਰਹੀ ਸੀ। ਜ਼ਮੀਨ ਨਾਲ ਹੀ ਪੰਜਾਬ ਵਿੱਚ ਸਾਰੇ ਰਿਸ਼ਤੇ ਨਾਤੇ ਬੱਝਦੇ ਸਨ। ਪਰ ਉਨ੍ਹਾਂ ਕੋਲ ਤਾਂ ਗੁਜ਼ਾਰੇ ਜੋਗੀ ਮਸਾਂ ਸੀ। ਜੇ ਉਸ ਨੂੰ ਰਿਸ਼ਤਾ ਹੋ ਵੀ ਜਾਂਦਾ ਤਾਂ ਅੱਗੇ ਉਸਦੇ ਬੱਚਿਆਂ ਦਾ ਭਵਿੱਖ ਵੀ ਕੋਈ ਨਹੀਂ ਸੀ ਹੋਣਾ। ਨੌਕਰੀ ਮਿਲਣ ਦੀ ਸੰਭਾਵਨਾ ਤਾਂ ਉੱਕਾ ਹੀ ਨਹੀਂ ਸੀ। ਪੰਜਾਬ ਦੇ ਹਾਲਾਤ ਲਗਾਤਾਰ ਨਿਘਾਰ ਵਲ ਜਾ ਰਹੇ ਸਨ। ਜੋ ਉਸਦੀ ਉਮਰ ਦੇ ਹਜ਼ਾਰਾਂ ਮੁੰਡਿਆਂ ਦੇ ਹਸਣ ਖੇਡਣ ਦੇ ਦਿਨ ਡਕਾਰ ਗਏ ਸਨ। ਘਰ ਵਿਹਲਾ ਬੈਠ ਕੇ ਉਹ ਕੀ ਕਰਦਾ? ਜਦੋਂ ਕਿ ਪਿਉ ਉਸਦਾ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰ ਰਿਹਾ ਸੀ। ਰਿਸ਼ਤੇਦਾਰ ਅਤੇ ਲੋਕ ਅਕਸਰ ਤਾਹਨੇ ਦੇ ਜਾਂਦੇ ਕਿ “ਹੁਣ ਥੋਡੇ ਬਾਪ ਦੇ ਅਰਾਮ ਕਰਨ ਦੇ ਦਿਨ ਨੇ ਤੇ ਤੁਸੀਂ ਵਿਹਲੇ ਤੁਰੇ ਫਿਰਦੇ ਓਂ”

16 ਜਨਵਰੀ ਦੇ ਅਖ਼ਬਾਰ ਦੀ ਇਹ ਮੁੱਖ ਸੁਰਖੀ ਸੀ ਕਿ ‘ਜਥੇਦਾਰ ਕਿਰਪਾਲ ਸਿੰਘ ਤੇ ਕਾਤਲਤਨਾ ਹਮਲਾ’। ਮਨਦੀਪ ਨੂੰ ਪ੍ਰੋ: ਸਤਿਕਾਰ ਸਿੰਘ ਦੀ ਟਿੱਪਣੀ ਯਾਦ ਆਈ। ਇਸ ਹਮਲੇ ਦੀਆਂ ਤਾਰਾਂ ਉਸ ਨੂੰ ਯੂਨੀਵਰਸਿਟੀ ਨਾਲ ਜੁੜਦੀਆਂ ਨਜ਼ਰ ਆਈਆਂ। ਜੇਕਰ ਉਹ ਪੁਲੀਸ ਕੋਲ ਗੱਲ ਕਰਦਾ ਤਾਂ ਪੁਲੀਸ ਨੇ ਉਲਟਾ ਉਸ ਨੂੰ ਹੀ ਖੱਜਲ ਕਰਨਾ ਸੀ ਤੇ ਖਾੜਕੂਆਂ ਦਾ ਖਤਰਾ ਵੀ ਅਟੱਲ ਹੋ ਜਾਣਾ ਸੀ।

ਹੁਣ ਤਾਂ ਸਾਰੀ ਤਾਣੀ ਹੀ ਉਲਝੀ ਪਈ ਸੀ। ਫੇਰ ਉਸੇ ਹਫਤੇ ਰਾਸ਼ਟਰਪਤੀ ਭਵਨ ‘ਚੋਂ ਅਤੇ ਪ੍ਰਧਾਨ ਮੰਤਰੀ ਹਾਊਸ ‘ਚੋਂ ਵੀ ਕੁੱਝ ਬੰਦੇ ਜਾਸੂਸੀ ਕਰਦੇ ਫੜੇ ਗਏ। ਇਹ ਕੀ ਹੋ ਰਿਹਾ ਸੀ? ਕੀ ਕੋਈ ਸਿਆਸੀ ਸ਼ਤਰੰਜ ਖੇਡੀ ਜਾ ਰਹੀ ਸੀ? ਪੰਜਾਬ ਦੇ ਦੁਖਾਂਤ ਤੇ ਅਨੇਕਾਂ ਪੁਸਤਕਾਂ ਆ ਰਹੀਆਂ ਸਨ। ਕੁੱਝ ਖਾੜਕੂਆਂ ਦੇ ਹੱਕ ਵਿੱਚ ਅਤੇ ਕੁੱਝ ਵਿਰੋਧ ਵਿੱਚ। ਮਨਦੀਪ ਨੂੰ ਵੀ ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਦੀ ਸਾਂਝੇ ਤੌਰ ਤੇ ਲਿਖੀ ਪੁਸਤਕ ‘ਪੰਜਾਬ ਦਾ ਦੁਖਾਂਤ’ ਪੜ੍ਹਨ ਨੂੰ ਮਿਲੀ। ਉਹ ਦੋਵੇਂ ਧਿਰਾ ਨੂੰ ਦੋਸ਼ੀ ਠਹਿਰਾ ਰਹੇ ਸਨ।

ਪੰਜਾਬ ਦੇ ਲੋਕ ਇਸ ਸਾਹ ਘੁੱਟਵੇਂ ਮਹੌਲ ਵਿੱਚ ਵੀ ਜੀ ਰਹੇ ਸਨ। ਦੇਖਦਿਆਂ ਦੇਖਦਿਆਂ ਮਾਰਚ ਦਾ ਮਹੀਨਾ ਆ ਗਿਆ। ਪਰ ਪੰਜਾਬ ਦੇ ਹਾਲਾਤ ਉਹੋ ਜਿਹੇ ਹੀ ਸਨ। ਇਸ ਵਾਰ ਵੀ ਹੋਲੇ ਮਹੱਲੇ ਲਈ ਆਨੰਦਪੁਰ ਸਾਹਿਬ ਨੂੰ ਲੋਕ ਉਸੇ ਜਾਹੋ ਜਲਾਲ ਨਾਲ ਜਾ ਰਹੇ ਸਨ। ਪੰਜਾਬ ਥਾਂ ਥਾਂ ਲੰਗਰ ਲੱਗੇ ਹੋਏ ਸਨ। ਲੋਕਾਂ ਵਿੱਚ ਅਫਵਾਹ ਸੀ ਕਿ ਬੁੱਢਾ ਦਲ ਦੇ ਮੁੱਖੀ ਸੰਤਾਂ ਸਿੰਘ ਨੂੰ ਪੰਥ ‘ਚੋਂ ਛੇਕੇ ਜਾਣ ਉਪਰੰਤ ਦਲ ਵਿੱਚ ਬਹੁਤ ਗੁੱਸਾ ਹੈ। ਉਹ ਨਵੇਂ ਮੁਖੀ ਜਥੇਦਾਰ ਪ੍ਰੀਤਮ ਸਿੰਘ ਨੂੰ ਆਨੰਦਪੁਰ ਸਾਹਿਬ ਨਿੱਕਲਣ ਵਾਲੇ ਮੁਹੱਲੇ ਵਿੱਚ ਸ਼ਾਮਲ ਨਹੀਂ ਹੋਣ ਦੇਣਗੇ। ਜਥੇਦਾਰ ਪ੍ਰੀਤਮ ਸਿੰਘ ਨਿਹੰਗ ਮਨਦੀਪ ਦੇ ਨਾਲ ਵਾਲੇ ਪਿੰਡ ਤੋਂ ਹੀ ਸੀ।

ਇਸ ਵਾਰ ਹੋਲੇ ਮੁਹੱਲੇ ਤੇ ਦਿੱਲੀ ਦੇ ਦੰਗਿਆਂ ਬਾਰੇ ਭਰਪੂਰ ਚਰਚਾ ਹੋਈ। ਏਧਰ ਖਾਲਿਸਤਾਨ ਜ਼ਿੰਦਾਬਾਦ ਅਤੇ ਚੁਰਾਸੀ ਦੇ ਦੰਗਾਕਾਰੀਆਂ ਨੂੰ ਸਜ਼ਾ ਦਿਉ ਦੇ ਨਾਹਰੇ ਗੂੰਜ ਰਹੇ ਸਨ। ਉਧਰ ਭਾਰਤ ਸਰਕਾਰ 9 ਮਾਰਚ ਨੂੰ ਹੋਲੇ ਵਾਲੇ ਦਿਨ ਹੀ 1984 ਦੇ ਦੰਗਿਆਂ ਦੀ ਅਦਾਲਤੀ ਜਾਂਚ ਤੋਂ ਮੁੱਕਰ ਗਈ ਸੀ। ਰਾਜੀਵ ਗਾਂਧੀ ਨੇ ਸਿੱਖਾਂ ਦੇ ਜ਼ਖਮਾਂ ਤੇ ਹੋਰ ਲੂਣ ਛਿੜਕ ਦਿੱਤਾ। ਭੜਕੇ ਹੋਏ ਸਿੱਖਾਂ ਨੇ ਰਾਜੀਵ ਗਾਂਧੀ ਦੇ ਮਾਂ ਦੇ ਕਾਤਲਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਕੌਮੀ ਸ਼ਹੀਦ ਕਹਿ ਕੇ ਉਨ੍ਹਾਂ ਦੇ ਅਮਰ ਰਹਿਣ ਦੇ ਹੱਕ ਵਿੱਚ ਨਾਹਰੇ ਲਗਾਏ। ਸਰਕਾਰ ਅਤੇ ਸਿੱਖਾਂ ਵਿਚਕਾਰ ਇੱਹ ਰੱਸਾ ਕਸ਼ੀ ਅਜੇ ਚੱਲ ਹੀ ਰਹੀ ਸੀ ਕਿ ਇੰਗਲੈਂਡ ਵਸਦੇ, ਆਪੇ ਬਣੇ ਖਾਲਿਸਤਾਨ ਦੇ ਪ੍ਰਧਾਨ ਜਗਜੀਤ ਸਿੰਘ ਚੌਹਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਜਿੰਦਾ ਹੋਣ ਦਾ ਬਿਆਨ ਦੇ ਕੇ ਇੱਕ ਨਵਾਂ ਭੰਬਲਭੂਸਾ ਖੜ੍ਹਾ ਕਰ ਦਿੱਤਾ। ਅਸਲ ਵਿੱਚ ਸਾਰੇ ਪੁਆੜੇ ਦੀ ਜੜ੍ਹ ਮਨਦੀਪ ਏਸੇ ਬੰਦੇ ਚੌਹਾਨ ਨੂੰ ਸਮਝਦਾ ਸੀ।

ਅਜੇ ਵੀ ਬਹੁਤੇ ਲੋਕ ਸਮਝਦੇ ਸਨ ਕਿ ਸਾਕਾ ਨੀਲਾ ਤਾਰਾ ਰੂਸ ਦੀ ਸਲਾਹ ਨਾਲ ਇੰਦਰਾਂ ਗਾਂਧੀ ਵਲੋਂ ਕਰਵਾਇਆ ਗਿਆ ਹੈ। ਜਦੋਂ 11 ਮਾਰਚ ਨੂੰ ਰੂਸ ਦੇ ਰਾਸ਼ਟਰਪਤੀ ਚਰਨੈਂਕੋ ਦਾ ਦਿਹਾਂਤ ਹੋ ਗਿਆ ਤਾਂ ਪਿੰਡਾਂ ਦੀਆਂ ਸੱਥਾਂ ਵਿੱਚ ਇਹ ਗੱਲਾਂ ਹੋ ਰਹੀਆਂ ਸਨ, “ਜੀਹਨੇ ਵੀ ਹਰਮੰਦਿਰ ਸਾਹਿਬ ਨਾਲ ਟੱਕਰ ਲਈ ਹੈ ਉਹ ਬਚਿਆ ਨਹੀਂ। ਲਉ ਇਸ ਨੂੰ ਵੀ ਮਿਲ ਗਈ ਸਜ਼ਾ”

ਪਰ ਉਧਰ ਕਾਂਗਰਸ ਅਤੇ ਅਕਾਲੀਆਂ ਵਿਚਕਾਰ ਪਤਾ ਨਹੀਂ ਕੀ ਖਿਚੜੀ ਪੱਕ ਰਹੀ ਸੀ। ਸਾਕਾ ਨੀਲਾ ਤਾਰਾ ਵੇਲੇ ਐਨੇ ਲੋਕ ਮਾਰ ਦਿੱਤੇ ਗਏ ਪਰ ਕਿਸੇ ਕਿਸੇ ਅਕਾਲੀ ਲੀਡਰ ਨੂੰ ਖਰੋਚ ਤੱਕ ਨਹੀਂ ਸੀ ਆਈ। ਸਾਰਿਆਂ ਨੂੰ ਸੈਨਾ ਨੇ ਸੁਰੱਖਿਅਤ ਬਾਹਰ ਕੱਢ ਲਿਆ ਸੀ। ਜਾਂ ਕਹਿ ਲਵੋ ਕਿ ਬਾਦਲ, ਟੌਹੜਾ, ਲੌਗੋਵਾਲ ਤੇ ਬਲਵੰਤ ਰਾਮੂਵਾਲੀਆ ਹੱਥ ਖੜੇ ਕਰ ਕੇ ਉਸ ਵਕਤ ਅਰਾਮ ਨਾਲ ਸਰਕਾਰੀ ਗੱਡੀਆਂ ‘ਚ ਸਵਾਰ ਹੋ ਗਏ ਜਦੋਂ ਖਾੜਕੂਆਂ ਦੇ ਨਾਲ ਨਾਲ ਮਾਸੂਮ ਬੱਚਿਆਂ ਤੇ ਔਰਤਾਂ ਦੇ ਵੀ ਲਹੂ ਦੀਆਂ ਨਦੀਆਂ ਵਗ ਰਹੀਆਂ ਸਨ। ਏਸੇ ਕਰਕੇ ਤਾਂ ਲੋਕ ਕਹਿ ਰਹੇ ਸਨ ਕਿ “ਇਹ ਅਪ੍ਰੇਸ਼ਨ ਹੋਇਆ ਹੀ ਅਕਾਲੀਆਂ ਦੀ ਸਹਿਮਤੀ ਨਾਲ ਹੈ”
12 ਮਾਰਚ 1985 ਨੂੰ ਪੰਜਾਬ ਦੇ ਗਵਰਨਰ ਕੇ ਟੀ ਸਿਤਾਰਵਾਲਾ ਨੂੰ ਹਟਾ ਕੇ ਮੱਧ ਪ੍ਰਦੇਸ ਦੇ ਸਾਬਕਾ ਮੁੱਖ ਮੰਤਰੀ ਅਰਜਨ ਸਿੰਘ ਨੂੰ ਪੰਜਾਬ ਦਾ ਨਵਾਂ ਗਵਰਨਰ ਲਾ ਦਿੱਤਾ ਗਿਆ। ਐਨ ਇਸ ਤੋਂ ਇੱਕ ਦਿਨ ਪਹਿਲਾਂ ਸਾਰੇ ਅਕਾਲੀ ਲੀਡਰਾਂ ਨੂੰ ਜੇਲਾਂ ਵਿੱਚੋਂ ਰਿਹਾਅ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ। ਤੇ ਫੇਰ ਹੋਲੇ ਮਹੱਲੇ ਤੋਂ ਦੋ ਦਿਨਾਂ ਬਾਅਦ 13 ਮਾਰਚ ਨੂੰ ਸਾਰੇ ਅਕਾਲੀ ਲੀਡਰਾਂ ਨੂੰ ਜੇਲਾਂ ਵਿੱਚੋਂ ਰਿਹਾ ਕਰ ਦਿੱਤਾ ਗਿਆ।

25 ਮਾਰਚ ਨੂੰ ਜਦੋਂ ਰੂਸ ਵਿੱਚ ਚਰਨੈਂਕੋ ਦੀ ਥਾਂ, ਮਿਖਾਈਲ ਗੋਰਵਾਚੋਵ ਰਾਸ਼ਟਰਪਤੀ ਲਈ ਸੌਂਹ ਚੁੱਕ ਰਿਹਾ ਸੀ ਤਾਂ ਇੱਕ ਖਾਲਿਸਤਾਨੀ ਗਰੁੱਪ ਇਹ ਐਲਾਨ ਵੀ ਕਰ ਰਿਹਾ ਸੀ ਕਿ ਇੱਕ ਹੋਰ ਨਵਾਂ ਰਾਸ਼ਟਰ ਬੜੀ ਜਲਦੀ ਹੋਂਦ ਵਿੱਚ ਆ ਰਿਹਾ ਹੈ।ਜਿਸ ਦਾ ਰੇਡੀਉ ਟ੍ਰਾਂਸਮੀਟਰ ‘ਖਾਲਸਾ ਵੁਆਇਸ’ ਸ਼ੁਰੂ ਕਰ ਦਿੱਤਾ ਗਿਆ ਹੈ।
21 ਮਾਰਚ ਨੂਂ ਹਰ ਵਰੇ ਦੀ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕਿਸਾਨ ਮੇਲਾ ਲੱਗਿਆ। ਪਰ ਏਥੇ ਤਾਂ ਕਿਸਾਨਾਂ ਦੀ ਜਗਾ ਸੀ ਆਰ ਪੀ ਦੀ ਟੁਕੜੀਆਂ ਹੀ ਹਰ ਪਾਸੇ ਨਜ਼ਰ ਆ ਰਹੀਆਂ ਸਨ।

ਮਨਦੀਪ ਵੀ ਇਹ ਮੇਲਾ ਦੇਖਣ ਆਪਣੇ ਦੋਸਤਾਂ ਨਾਲ ਗਿਆ। ਉਸ ਨੇ ਏਥੇ ਨਵੇਂ ਬਣੇ ਗਵਰਨਰ ਅਰਜਣ ਸਿੰਘ ਦਾ ਉਦਘਾਟਨੀ ਭਾਸ਼ਨ ਵੀ ਸੁਣਿਆ। ਜਿਸ ਨੇ ਪੰਜਾਬ ਵਿੱਚੋਂ ਅੱਤਵਾਦ ਖਤਮ ਕਰਨ ਦਾ ਐਲਾਨ ਬੜੇ ਜ਼ੋਰ ਸ਼ੋਰ ਨਾਲ ਕੀਤਾ। ਪੰਜਾਬ ਦੇ ਲੋਕ ਸਰਕਾਰੀ ਅਤੇ ਗੈਰ ਸਰਕਾਰੀ ਦਹਿਸ਼ਤ ਦੇ ਪੁੜਾਂ ਵਿੱਚ ਪਿਸਦੇ ਘਰਾਂ ਅੰਦਰ ਦੁਬਕ ਚੁੱਕੇ ਸਨ। ਇਸੇ ਦਿਨ ਲੋਕਾਂ ਨੂੰ ਘਰਾਂ ‘ਚੋਂ ਬਾਹਰ ਕੱਢਣ ਲਈ ਲੁਧਿਆਣੇ ਵਿੱਚ ਸਰਕਾਰੀ ਸ਼ੈਅ ਤੇ ਇੱਕ ਫਿਲਮੀ ਸਿਤਾਰਿਆਂ ਦਾ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਹੇਮਾ ਮਾਲਿਨੀ, ਰਾਜ ਕੁਮਾਰ, ਸੁਲੱਖਸ਼ਨਾ ਪੰਡਿਤ, ਸੁਬੀਰ ਕੁਮਾਰ, ਦੇਵਨ ਵਰਮਾਂ ਅਤੇ ਅਸਰਾਨੀ ਨੇ ਆਪਣੀ ਕਲਾ ਦੇ ਜ਼ਲਵੇ ਬਿਖੇਰਨੇ ਸਨ। ਕਲਾਕਾਰਾਂ ਨੂੰ ਬਖਤਰਬੰਦ ਗੱਡੀਆਂ ‘ਚ ਬਿਠਾ ਕੇ ਸ਼ੀਰਾਜ ਹੋਟਲ ਤੱਕ ਲਿਆਂਦਾ ਗਿਆ।

ਜਿੱਮਖਾਨਾ ਸਟੇਡੀਅਮ, ਜਿੱਥੇ ਇਹ ਸ਼ੋਅ ਹੋਣਾ ਸੀ, ਉੱਥੇ ਐਨੀ ਹਥਿਆਰ ਬੰਦ ਫੋਰਸ ਅਤੇ ਮਸ਼ੀਨ ਗੱਨਾਂ ਨਾਲ ਬੀੜੀਆਂ ਹੋਈਆਂ ਗੱਡੀਆਂ ਤਾਇਨਾਤ ਸਨ ਕਿ ਪੰਛੀ ਵੀ ਪਰ ਨਹੀਂ ਸੀ ਮਾਰ ਸਕਦਾ।

22 ਮਾਰਚ ਨੂੰ ਹੋਣ ਵਾਲੇ ਏਸ ਸ਼ੋਅ ਨੇ ਦੂਸਰੇ ਦਿਨ ਰਾਜੀਵ ਗਾਂਧੀ ਦੀ ਪੰਜਾਬ ਫੇਰੀ ਲਈ ਇੱਕ ਨਵਾਂ ਮਹੌਲ ਸਿਰਜਣਾ ਸੀ। ਜੋ ਪੰਜਾਬੀਆਂ ਨੂੰ ਚੰਗੇ ਦਿਨਾਂ ਦਾ ਤੇ ਝੂਠੇ ਲਾਰਿਆਂ ਦਾ ਚੋਗਾ ਪਾਉਣ ਲਈ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਹੁਸੈਨੀਵਾਲਾ ਆ ਰਹੇ ਸਨ। 23 ਮਾਰਚ ਨੂੰ ਉਨ੍ਹਾਂ ਆਪਣੇ ਭਾਸ਼ਨ ਵਿੱਚ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੂੰ ਸ਼ਰਧਾਜਲੀ ਦੇਣ ਸਮੇਂ ਅੱਤਵਾਦ ਖਤਮ ਕਰਨ ਦੀ ਗੱਲ ਤਾਂ ਕੀਤੀ ਪਰ ਪੰਜਾਬ ਸਮਝੌਤੇ ਬਾਰੇ ਚੁੱਪ ਹੀ ਰਹੇ। ਗਰਮ ਖਿਆਲੀ ਧੜਿਆਂ ਨੂੰ ਇੱਕ ਵਾਰ ਫੇਰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ‘ਕਾਂਗਰਸ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਏਸੇ ਤਰ੍ਹਾਂ ਕਰੇਗੀ। ਤੇ ਇਸ ਸਾਰੇ ਮਸਲੇ ਦਾ ਇੱਕੋ ਇੱਕ ਹੱਲ, ਵੱਖਰਾ ਰਾਜ ‘ਖਾਲਿਸਤਾਨ’ ਹੀ ਹੈ” ਜਿਸ ਦੀ ਪ੍ਰਾਪਤੀ ਲਈ ਸੰਘਰਸ਼ ਹੋਰ ਤਿੱਖਾ ਹੋ ਗਿਆ।

ਮਨਦੀਪ ਪਿੰਡ ਵਿੱਚ ਅਜੇ ਵੀ ਬਾਲਗ ਵਿੱਦਿਆ ਕੇਂਦਰ ਚਲਾਉਂਦਾ ਸੀ। ਉਸ ਨੇ ਏਸੇ ਮੁਹਿੰਮ ਤਹਿਤ ਇੱਕ ਦੋ ਨਾਟਕ ਵੀ ਤਿਆਰ ਕਰਵਾ ਕੇ ਖਿਡਵਾਏ। ਇਹਨਾਂ ਨਾਟਕਾਂ ਨੂੰ ਭਰਪੂਰ ਦਾਦ ਤਾਂ ਮਿਲੀ ਹੀ ਤੇ ਨਾਲ ਹੀ ਜਿਲ੍ਹਾ ਸਿੱਖਿਆ ਅਫਸਰ ਨੇ ਉਸਦਾ ਨਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਣ ਵਾਲੇ ਜਾਗਰੂਕਤਾ ਸੈਮੀਨਾਰ ਲਈ ਵੀ ਭੇਜ ਦਿੱਤਾ। ਪਹਿਲੇ ਹੀ ਦਿਨ ਯੂਨੀਵਰਸਿਟੀ ਦੇ ਰੀਜ਼ਨਲ ਰਿਸੋਰਸ ਸੈਂਟਰ ਵਿੱਚ ਕਵਿਤਾ ਮੁਕਾਬਲੇ ਹੋਏ। ਜਿਸ ਵਿੱਚ ਮਨਦੀਪ ਨੇ ਵੀ ਭਾਗ ਲਿਆ। ਦੂਸਰੇ ਦਿਨ ਟੈਲੀਵੀਯਨ ਲਈ ਡਰਾਮਾ ਸਕਰਿਪਟ ਲੇਖਕਾਂ ਦੀ ਇੱਕ ਵਰਕਸ਼ਾਪ ਸੀ। ਜਿਸ ਵਿੱਚ ਕਈ ਨਾਮਵਰ ਹਸਤੀਆਂ ਅਤੇ ਫਿਲਮੀਂ ਅਦਾਕਾਰ ਵੀ ਸ਼ਾਮਲ ਹੋਏ। ਜਿਨਾਂ ਵਿੱਚ ਐੱਸ ਐੱਸ ਕਿਸ਼ਨਪੁਰੀ, ਮੇਜਰ ਜੋਗਿੰਦਰ ਸਿੰਘ, ਸੀ ਐੱਲ ਸ਼ਰਮਾ, ਸੁਰਜੀਤ ਰਾਮਪੁਰੀ, ਸੁਰਜੀਤ ਮਰਜਾਰਾ, ਰਾਮ ਸਰੂਪ ਅਣਖੀ, ਸੁਰਿੰਦਰ ਸ਼ਰਮਾ ਅਤੇ ਹਰੀਕੇਸ਼ ਬਗੈਰਾ ਉੱਥੇ ਹਾਜ਼ਰ ਸਨ।

25 ਮਾਰਚ ਦਾ ਦਿਨ ਸੀ ਜਦੋਂ ਏਧਰ ਇਹ ਉਪਰਾਲੇ ਹੋ ਰਹੇ ਸਨ ਤਾਂ ਚੰਡੀਗੜ੍ਹ ਵਿੱਚ ਹੀ ਬੀ ਜੇ ਪੀ ਨੇਤਾ ਕ੍ਰਿਸ਼ਨ ਲਾਲ ਮਨਚੰਦਾ ਅਤੇ ਉਸਦੇ ਗੰਨਮੈਨ ਨੂੰ ਅੱਤਵਾਦੀਆਂ ਨੇ ਮਾਰ ਮੁਕਾਇਆ। ਇਨ੍ਹਾਂ ਕਤਲਾਂ ਦਾ ਪ੍ਰਭਾਵ ਇਸ ਸੈਮੀਨਾਰ ਤੇ ਵੀ ਪਿਆ। ਕਲਾਕਾਰ ਬੇਹੱਦ ਡਰੇ ਅਤੇ ਸਹਿਮੇ ਹੋਏ ਸਨ। ਹਰ ਓਪਰਾ ਬੰਦਾ ਅੱਤਵਾਦੀ ਜਾਪਦਾ ਸੀ। ਪਰ ਅਜੇ ਤਾਂ ਇਹ ਸੈਮੀਨਾਰ ਚਾਰ ਹੋਰ ਦਿਨ ਚੱਲਣਾ ਸੀ। ਹਰ ਰੋਜ਼ ਚੰਡੀਗੜ੍ਹ ਆਉਣਾ ਤੇ ਉਹ ਵੀ ਏਹੋ ਜਿਹੇ ਮਹੌਲ ਵਿੱਚ, ਮਨਦੀਪ ਨੂੰ ਕੋਈ ਅੱਗ ਦਾ ਦਰਿਆ ਪਾਰ ਕਰਨ ਤੋਂ ਘੱਟ ਨਹੀਂ ਸੀ ਜਾਪਦਾ।

ਦੂਸਰੇ ਦਿਨ ਜਦੋਂ ਮਨਦੀਪ ਆਪਣੇ ਇੱਕ ਦੋਸਤ ਨਾਲ ਚੰਡੀਗੜ੍ਹ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬੇਹੱਦ ਚੈਕਿੰਗ ਹੋ ਰਹੀ ਸੀ। ਸੀ ਆਰ ਪੀ ਦੀਆਂ ਟੁਕੜੀਆਂ ਬੱਸਾਂ ਰੋਕ ਰੋਕ ਕੇ ਤਲਾਸ਼ੀ ਕਰਦੀਆਂ ਰਹੀਆਂ। ਉਹ ਜਦੋਂ ਘੰਟਾਂ ਲੇਟ ਯੂਨੀਵਰਸਿਟੀ ਸੈਮੀਨਾਰ ਤੇ ਪਹੁੰਚੇ ਤਾਂ ਟੀ ਵੀ ਡਾਇਰੈਕਟ ਸਰੂਪ ਸਿਆਲਵੀ ਆਪਣਾ ਭਾਸ਼ਨ ਕਰ ਰਿਹਾ ਸੀ। ਇਹ ਕੈਂਪ ਇੱਕ ਦਿਨ ਹੋਰ ਚੱਲਿਆ ਤੇ 29 ਮਾਰਚ ਨੂੰ ਇਸਦੀ ਸਮਾਪਤੀ ਸੀ। ਆਖਰੀ ਦਿਨ ਜੋ ਦੋ ਨਾਟਕ ਟੈਲੀਵੀਯਨ ਲਈ ਸੀਲੈਕਟ ਕੀਤੇ ਗਏ ਉਸ ਵਿੱਚ ਮਨਦੀਪ ਅਤੇ ਹਰਭਜਨ ਬਟਾਲਵੀ ਦੇ ਨਾਟਕ ਸਨ। ਮਨਦੀਪ ਦਾ ਨਾਟਕ ‘ਦਲਦਲ ‘ਚੋਂ ਦਿਸਦੇ ਹੱਥ’ ਚੁਣੇ ਜਾਣ ਤੇ ਉਸ ਨੂੰ ਅਨੂਠੀ ਖੁਸ਼ੀ ਮਿਲੀ।

ਪਰ ਪੰਜਾਬ ਵਿੱਚ ਅੱਤਵਾਦ ਦਾ ਕਾਲਾ ਪਰਛਾਵਾਂ ਵੱਧਦਾ ਹੀ ਜਾ ਰਿਹਾ ਸੀ। ਬਹੁਤ ਸਾਰੇ ਹਿੰਦੂ ਲੋਕਾਂ ਨੇ ਆਪਣੀ ਪਛਾਣ ਨੂੰ ਲਕੋਣ ਲਈ ਪੱਗਾਂ ਬੰਨਣੀਆਂ ਅਤੇ ਕੜੇ ਪਹਿਨਣੇ ਸ਼ੁਰੂ ਕਰ ਦਿੱਤੇ ਸਨ। ਮਨਦੀਪ ਇਸ ਔਰੰਗਜ਼ੇਬੀ ਕੱਟੜਤਾ ਦੇ ਬੇਹੱਦ ਖਿਲਾਫ ਸੀ।

7 ਅਪਰੈਲ ਨੂੰ ਮਨਦੀਪ ਦੇ ਦੋਸਤ ਵਿਨੋਦ ਸ਼ਰਮਾਂ ਦੀ ਭੈਣ ਦਾ ਵਿਆਹ ਸੀ। ਮਨਦੀਪ ਆਪਣੇ ਦੋ ਹੋਰ ਦੋਸਤਾਂ ਨਾਲ ਵਿਆਹ ਵਿੱਚ ਸ਼ਾਮਲ ਹੋਣ ਲਈ ਗੁਹੀਰ ਪਿੰਡ ਪਹੁੰਚ ਗਿਆ। ਇਹ ਉਹ ਹੀ ਪਿੰਡ ਸੀ ਜਿਸ ਦੇ ਖੇਤਾਂ ਵਿੱਚ ਖਾੜਕੂ ਭਾਈ ਝੰਡਾ ਸਿੰਘ ਖਾਲਸਾ ਦਾ ਘਰ ਸੀ ਜੋ ਮਨਦੀਪ ਨਾਲ ਪੜ੍ਹਦਾ ਰਿਹਾ ਸੀ। ਇਸੇ ਪਿੰਡ ਵਿੱਚ ਇੱਕ ਡੀ ਆਈ ਜੀ ਦੀ ਵੀ ਕੋਠੀ ਸੀ ਜੋ ਆਪ ਹੁਣ ਚੰਡੀਗੜ੍ਹ ਰਹਿੰਦਾ ਸੀ।

ਪਰ ਮਨਦੀਪ ਨੂੰ ਹੈਰਾਨੀ ਏਸ ਗੱਲ ਦੀ ਹੋਈ ਕਿ ਵਿਨੋਦ ਦੇ ਪਰਿਵਾਰ ਨੇ ਹੀ ਖਾੜਕੂਆਂ ਤੋਂ ਡਰਦਿਆਂ ਹਿੰਦੂ ਰਹੁ ਰੀਤਾਂ ਨਾਲ ਫੇਰੇ ਕਰਨ ਦੀ ਬਜਾਏ ਸਿੱਖ ਰਹੁ ਰੀਤਾਂ ਨਾਲ ਆਨੰਦ ਕਾਰਜ ਕਰਵਾਉਣ ਦਾ ਫੈਸਲਾ ਕੀਤਾ ਅਤੇ ਲਾੜੇ ਨੂੰ ਕਿਹਾ ਕਿ ਥੋੜੀ ਦਾੜੀ ਰੱਖ ਕੇ ਤੇ ਪਗੜੀ ਬੰਨ ਕੇ ਆਵੇ। ਇਹ ਕੇਹੋ ਜਿਹਾ ਦੁਖਾਂਤ ਅਤੇ ਬੇਵਸੀ ਸੀ? ਆਨੰਦ ਕਾਰਜ ਕਰਵਾਉਣ ਆਏ ਰਾਗੀ ਸਿੰਘ ਇਸ ਨੂੰ ਖਾਲਸਾਈ ਜਿੱਤ ਕਹਿ ਕੇ ਵਡਿਆ ਰਹੇ ਸਨ। ਕੀ ਖਾਲਸਾਈ ਹੁਕਮ ਹੁਣ ਪੰਜਾਬ ਵਿੱਚ ਬੰਦੂਕ ਦੀ ਭਾਸ਼ਾ ਰਾਹੀ ਠੋਸਿਆ ਜਾ ਰਿਹਾ ਸੀ? ਮਨਦੀਪ ਸੋਚਣ ਲੱਗਿਆ।

ਮਨਦੀਪ ਦਾ ਛੋਟਾ ਭਰਾ ਰਘਵੀਰ ਇੱਕ ਦਿਨ ਆਪਣੀ ਭੂਆ ਨੂੰ ਮਿਲਣ ਗਿਆ ਤੇ ਉਥੋਂ ਇੱਕ ਦੂਰਬੀਨ ਚੁੱਕ ਲਿਆਇਆ ਤਾਂ ਕਿ ਘਰ ਦੁਆਲੇ ਜਾਂ ਖੇਤਾਂ ਵਿੱਚ ਦੂਰ ਤੱਕ ਨਜ਼ਰ ਰੱਖੀ ਜਾ ਸਕੇ। ਪੁਲਿਸ ਜਾਂ ਅੱਤਵਾਦੀਆਂ ਦਾ ਸ਼ੱਕ ਹੋਣ ਤੇ ਕੋਈ ਬਚਾਅ ਵੀ ਕੀਤਾ ਜਾ ਸਕੇ। ਪਰ ਅੱਤਵਾਦ ਸੀ ਕਿ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। 12 ਅਪਰੈਲ ਨੂੰ ਭਾਰਤ ਸਰਕਾਰ ਨੇ ਸਿੱਖਾਂ ਦੀਆਂ ਤਿੰਨ ਮੁੱਖ ਮੰਗਾਂ ਮੰਨ ਲੈਣ ਦਾ ਐਲਾਨ ਕੀਤਾ ਜਿਨਾਂ ਵਿੱਚ ਦਿੱਲੀ ਦੰਗਿਆਂ ਦੀ ਜਾਂਚ, ਸਿੱਖ ਸਟੂਡੈਂਟ ਫੈਡਰੇਸ਼ਨ ਦੀ ਬਹਾਲੀ ਅਤੇ ਜੋਧਪੁਰ ਜੇਲ ਚੋਂ ਲੀਡਰਾਂ ਦੀ ਰਿਹਾਈ ਸ਼ਾਮਲ ਸੀ।

13 ਅਪਰੈਲ ਵਿਸਾਖੀ ਵਾਲੇ ਦਿਨ ਮਨਦੀਪ ਸਿਰਫ ਗੁਰਦੁਵਾਰਾ ਦੇਗਸਰ ਕਟਾਣਾ ਸਾਹਿਬ ਆਪਣੀ ਮਾਂ ਬਚਨ ਕੌਰ ਨੂੰ ਲੈ ਕੇ ਗਿਆ। ਉਸ ਨੂੰ ਆਪਣੇ ਨਾਨਕੇ ਪਿੰਡ ਰਣੀਏ ਦੀ ਬਹੁਤ ਯਾਦ ਆਈ ਜਦੋਂ ਉਹ ਆਪਣੇ ਨਾਨੇ ਨਾਲ ਗੱਡੇ ਤੇ ਬਹਿ ਕੇ ਮਾਛੀਵਾੜੇ ਦੀ ਵਿਸਾਖੀ ਦੇਖਣ ਜਾਇਆ ਕਰਦਾ ਸੀ। ਉਦੋਂ ਹਿੰਦੂ ਸਿੱਖ ਸਭ ਰਲ਼ ਕੇ ਅਜਿਹੇ ਤਿਉਹਾਰ ਮਨਾਇਆ ਕਰਦੇ ਸਨ। ਪਰ ਹੁਣ ਪੰਜਾਬ ਨੂੰ ਕੀ ਹੋ ਗਿਆ ਸੀ? ਗੁਰੂ ਗੋਬਿੰਦ ਸਿੰਘ ਦਾ ਸਾਜਿਆ ਖਾਲਸਾ ਤਾਂ ਜ਼ੁਲਮ ਦੇ ਖਿਲਾਫ ਲੜ੍ਹਨ ਲਈ ਬਣਿਆ ਸੀ, ਪਰ ਹੁਣ ਇਹ ਹਿੰਦੂ ਸਿੱਖਾਂ ਦੀ ਲੜ੍ਹਾਈ ਜੋਗਾ ਕਿਵੇਂ ਰਹਿ ਗਿਆ? ਇਸੇ ਕਰਕੇ ਤਾਂ ਹਿੰਦੂਆਂ ਨੇ ਧਮਕੀਆਂ ਮਿਲਣ ਕਾਰਨ ਪਿੰਡਾਂ ਵਿੱਚੋਂ ਹਿਜ਼ਰਤ ਸ਼ੁਰੂ ਕਰ ਦਿੱਤੀ ਸੀ।

ਭਾਵੇਂ ਮਾਨੁੱਖਤਾ ਮਰ ਰਹੀ ਸੀ ਪਰ ਲੋਕਾਂ ਦਾ ਰੀਤੀ ਰਿਵਾਜਾਂ ਵਿੱਚੋਂ ਵਿਸ਼ਵਾਸ ਅਜੇ ਨਹੀਂ ਸੀ ਮਰਿਆ। ‘ਆਈ ਵਿਸਾਖੀ ਚੱਕ ਲੈ ਦਾਤੀ’ ਕਹਿੰਦੇ ਹੋਏ ਕਈਆਂ ਨੇ ਕਣਕ ਦੀ ਵਾਢੀ ਦਾ ਸ਼ਗਨ ਕਰ ਵੀ ਦਿੱਤਾ ਸੀ। ਦਲੇਰ ਸਿੰਘ ਦਾ ਪਰਿਵਾਰ ਵੀ ਆਪਣੀ ਨਿੱਕੀ ਜਿਹੀ ਖੇਤੀ ਵਿੱਚ, ਦੇਗ ਦਾ ਮੱਥਾ ਟੇਕ ਵਾਢੀ ਨੂੰ ਦਾਤੀ ਪਾ ਆਇਆ ਸੀ। ਪਰ ਮਨਦੀਪ ਦਾ ਮਨ ਤਾਂ ਅੱਜ ਕੱਲ ਕਿਤੇ ਵੀ ਨਹੀ ਸੀ ਟਿਕਦਾ।

ਦੂਸਰੇ ਦਿਨ ਦਲੇਰ ਸਿੰਘ ਇਕੱਲਾ ਹੀ ਕਣਕ ਵੱਢਣ ਗਿਆ। ਰਘਵੀਰ ਆਪਣੀ ਭੂਆ ਕੋਲ ਮੁੜ ਗਿਆ। ਬਿੰਦਰ ਦੇ ਪੇਪਰ ਹੋ ਰਹੇ ਸਨ ਅਤੇ ਮਨਦੀਪ ਦੋਰਾਹੇ ਸਾਹਿਤ ਸਭਾ ਦੀ ਮਟਿੰਗ ਤੇ ਨੂੰ ਤੁਰ ਗਿਆ। ਕਿਉਂਕਿ ਅੱਜ ਉੱਥੇ ਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ ਆ ਰਿਹਾ ਸੀ। ਮਨਦੀਪ ਨੂੰ ਨਰੂਲਾ ਦਾ ਨਾਵਲ ‘ਪਿਉ ਪੁੱਤਰ’ ਐੱਮ ਏ ਵਿੱਚ ਲੱਗਿਆ ਹੋਇਆ ਸੀ। ਪਰ ਇਸ ਮਟਿੰਗ ਵਿੱਚ ਵੀ ਪੰਜਾਬ ਦਾ ਵਿਗੜ ਰਿਹਾ ਮਹੌਲ ਹੀ ਭਾਰੂ ਰਿਹਾ। ਜ਼ਿਆਦਾ ਤਰ ਕਵਿਤਾਵਾਂ ਕਹਾਣੀਆਂ ਵੀ ਏਸੇ ਸਬੰਧ ਵਿੱਚ ਪੜ੍ਹੀਆਂ ਗਈਆਂ।

ਨਰੂਲਾ ਵੀ ਪੰਜਾਬ ਦੇ ਮਹੌਲ ਨੂੰ ਲੈ ਕੇ ਬੇਹੱਦ ਪਰੇਸ਼ਾਨ ਸਨ। ਜਦੋਂ ਮਨਦੀਪ ਸ਼ਾਮ ਨੂੰ ਘਰ ਮੁੜਿਆ ਤਾਂ ਉਸਦੀ ਮਾਸੀ ਦੀ ਕੁੜੀ ਅਤੇ ਉਸਦਾ ਪ੍ਰਾਹੁਣਾ ਸੁਖਦੇਵ ਮਿਲਣ ਆਏ ਬੈਠੇ ਸਨ। ਸੁਖਦੇਵ ਜਿਸਨੇ ਪੰਦਰਾਂ ਸਾਲ ਪਹਿਲਾਂ ਐੱਮ ਏ ਤੱਕ ਪੜ੍ਹਾਈ ਕੀਤੀ ਸੀ ਉਸ ਨੂੰ ਹਜ਼ਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਮਿਲੀ ਸੀ। ਤੇ ਹੁਣ ਉਹ ਮਨਦੀਪ ਨੂੰ ਏਹੋ ਆਖ ਰਿਹਾ ਸੀ ਕਿ “ਨੌਕਰੀ ਤਾਂ ਏਥੇ ਮਿਲਣੀ ਨਹੀ। ਹੋਰ ਤੂੰ ਕੀ ਕਰਨਾ ਹੈ? ਥੋਡੇ ਕੋਲ ਤਾਂ ਖੇਤੀ ਕਰਨ ਜੋਗੀ ਜ਼ਮੀਨ ਵੀ ਨਹੀਂ ਹੈ?” ਮਨਦੀਪ ਨੂੰ ਇਹ ਗੱਲਾਂ ਨੇ ਹੋਰ ਵੀ ਪਰੇਸ਼ਾਨ ਕਰ ਦਿੱਤਾ।

ਤਕਰੀਬਨ ਅਪਰੈਲ ਵਿੱਚ ਹਾੜੀ ਦਾ ਕੰਮ ਤਾਂ ਮੁੱਕ ਗਿਆ। ਮਨਦੀਪ ਦਾ ਐਮ ਏ ਇਮਤਿਹਾਨ ਲਈ ਰੋਲ ਨੰਬਰ ਵੀ ਆ ਗਿਆ ਤੇ ਨਾਲ ਹੀ ਡੇਟ ਸ਼ੀਟ ਵੀ। ਚਾਰ ਮਈ ਤੋਂ ਉਸਦੇ ਪੱਤਰ ਵਿਹਾਰ ਦੇ ਪੇਪਰ ਐੱਸ ਡੀ ਹਾਇਰ ਸੈਕੰਡਰੀ ਸਕੂਲ ਲੁਧਿਆਣਾ ਵਿੱਚ ਸ਼ੁਰੂ ਹੋਣ ਜਾ ਰਹੇ ਸਨ। ਇੱਕ ਦਿਨ ਜਦੋਂ ਮਨਦੀਪ ਪੁਲ ਤੋਂ ਆਪਣੇ ਪਿੰਡ ਰਾਮਪੁਰੇ ਨੂੰ ਜਾ ਰਿਹਾ ਸੀ ਤਾਂ ਉਸਦੇ ਨਾਲ ਦੇ ਪਿੰਡ ਵਾਲੇ ਨਿਹੰਗ ਮੁੱਖੀ ਦੀ ਗੱਡੀ ਉਸਦੇ ਬਰਾਬਰ ਆ ਕੇ ਰੁੱਕੀ। ਪਹਿਲਾਂ ਤਾਂ ਉਹ ਰਫਲਾਂ ਅਸਾਲਟਾਂ ਦੇਖਕੇ ਬੇਹੱਦ ਘਬਰਾ ਗਿਆ ਪਰ ਬਾਬੇ ਨੂੰ ਵੇਖ ਕੇ ਉਸਦੀ ਜਾਨ ਵਿੱਚ ਜਾਨ ਆਈ। ਨਿਹੰਗ ਮੁਖੀ ਬੋਲਿਆ “ਭਤੀਜ ਕਿਉਂ ਸਾਡੇ ਹੁੰਦੇ ਤੁਰਿਆ ਜਾਨਾ ਏ ਬੈਠ ਗੱਡੀ ਵਿੱਚ” ਪ੍ਰੀਤਮ ਸਿੰਘ ਨਿਹੰਗ ਦਲੇਰ ਸਿੰਘ ਦਾ ਜਮਾਤੀ ਰਿਹਾ ਸੀ ਤੇ ਹੁਣ ਵੀ ਉਸ ਨੂੰ ਭਰਾ ਵਾਂਗ ਹੀ ਸਮਝਦਾ ਸੀ।

ਰਸਤੇ ੱਿਵਚ ਉਸ ਨੇ ਕਿਹਾ “ਲੈ ਨੌਕਰੀ ਦੀ ਕਿਹੜੀ ਗੱਲ ਹੈ ਜਦੋਂ ਕਹੇ ਲੁਆ ਦਵਾਂਗੇ। ਕਹੇਂ ਤਾਂ ਤੈਨੂੰ ਪੈਸਿਆਂ ਵਿੱਚ ਖੇਡਣ ਲਾ ਦਈਏ। ਜੇ ਏ ਕੇ ਫੋਰਟੀ ਸੈਵਨ ਚਾਹੀਦੀ ਹੈ ਤਾਂ ਦੱਸ…। ਕੋਈ ਹੋਰ ਕੰਮ ਕਢਵਾਉਣਾ ਹੈ ਤਾਂ ਵੀ ਕੋਈ ਗੱਲ ਨੀ। ਫੂਕ ਕੇ ਰੱਖ ਦਿਆਂਗੇ। ਹੁਣ ਤਾਂ ਆਪਣਾ ਜ਼ੋਰ ਹੈ। ਕਦੀ ਚੰਡੀਗੜ੍ਹ ਮੇਰੀ ਕੋਠੀ ਆਈਂ…। ਜੇ ਕਹੇਂ ਤਾਂ ਇਲਾਕੇ ਦਾ ਕਮਾਂਡਰ ਬਣਾ ਦਈਏ” ਉਹ ਹੱਸਿਆ ਤੇ ਇਲਾਚੀਆਂ ਚੱਬਦਾ ਬੋਲਿਆ।

ਮਨਦੀਪ ਨੇ ਮਹਿਸੂਸ ਕੀਤਾ ਕਿ ਗੱਡੀ ਵਿਚੋਂ ਸ਼ਰਾਬ ਦੀ ਬੋਅ ਵੀ ਆ ਰਹੀ ਸੀ। ਉਸ ਨੇ ਡਰਦਿਆਂ ਮਸਾਂ ਹੀ ਪਿੰਡ ਦੇ ਟੋਟੇ ਤੱਕ ਦਾ ਸਫਰ ਮਸਾਂ ਪੂਰਾ ਕੀਤਾ।
ਇਹ 26 ਅਪਰੈਲ ਦਾ ਦਿਨ ਸੀ। ਮਨਦੀਪ ਆਪਣੇ ਦੋਸਤ ਦਲਜੀਤ ਦੀ ਭੈਣ ਦੀ ਸ਼ਾਦੀ ਤੇ ਗਿਆ। ਉਥੇ ਖੂਬ ਰੌਣਕ ਮੇਲਾ ਲੱਗਿਆ ਹੋਇਆ ਸੀ। ਸ਼ਾਮ ਨੂੰ ਉਨ੍ਹਾਂ ਦੇ ਬਾਹਰਲੇ ਘਰੇ ਜਦੋਂ ਲੋਕ ਮੂੰਹ ਕਰਾਰਾ ਕਰ ਰਹੇ ਸਨ ਜਿਨਾਂ ਵਿੱਚ ਕਾਮਰੇਡ ਗੁਰਜੀਤ ਵੀ ਸੀ, ਜੋ ਮਨਦੀਪ ਨਾਲ ਤਿੰਨ ਸਾਲ ਪਹਿਲਾਂ ਪੜ੍ਹਦਾ ਰਿਹਾ ਸੀ, ਉਸ ਨੇ ਅਜੇ ਪੈੱਗ ਚੁਕਿਆ ਹੀ ਸੀ ਕਿ ਦੋ ਮੋਟਰਸਾਈਕਲ ਸਵਾਰ ਸਾਹਮਣੇ ਗੇਟ ਅੱਗੇ ਆਕੇ ਰੁਕੇ।

ਉਨ੍ਹਾਂ ਘਰ ਦੇ ਮਾਲਕ ਨਿਰੰਜਣ ਸਿੰਘ ਨੂੰ ਪੁੱਛਿਆ। ਪਰ ਉਹ ਤਾਂ ਸਮਾਨ ਲੈਣ ਸਮਰਾਲੇ ਗਿਆ ਹੋਇਆ ਸੀ। ਤਾਂ ਮੋਟਰ ਸਾਈਕਲ ਪਿੱਛੇ ਬੈਠਾ ਗਭਰੂ ਜਿਸ ਨੇ ਸਾਫੇ ਦੇ ਲੜ ਨਾਲ ਮੂੰਹ ਢਕਿਆ ਹੋਇਆ ਸੀ ਬੋਲਿਆ “ਬਲਵਿੰਦਰ ਸਿੰਘ ਬਹਿਲੋਲ ਦਾ ਨਾਂ ਸੁਣਿਆ ਹੈ?” ਤਾਂ ਗੁਰਜੀਤ ਬੋਲਿਆ “ਉਹ ਤਾਂ ਅੱਤਵਾਦੀ ਹੈ”

ਉਸੇ ਵਕਤ ਪਿੱਛੇ ਬੈਠੇ ਬੰਦੇ ਦੇ ਡੱਬ ‘ਚੋਂ ਰਿਵਾਲਵਰ ਬਾਹਰ ਆਇਆ “ਜੇ ਚਾਹਾਂ ਤਾਂ ਹੁਣੇ ਸੋਧ ਦੇਵਾਂ…। ਅੱਤਵਾਦੀ ਨਹੀਂ ਸਿੰਘ ਕਹਿ… ਮੈਂ ਹੀ ਹਾਂ ਬਹਿਲੋਲ ਹਾਂ। ਅੱਗੇ ਤੋਂ ਇਹ ਗਲਤੀ ਕੀਤੀ ਤਾਂ ਭੁੱਨ ਕੇ ਰੱਖ ਦਊਂ (ਉਸ ਨੇ ਗੰਦੀ ਗਾਲ਼ ਵੀ ਕੱਢੀ) ਹਾਂ ਨਾਲੇ ਸੁਣ ਲਾਣੇਦਾਰ ਨੂੰ ਕਹਿ ਦਈ ਜੇ ਕੱਲ ਨੂੰ ਬਰਾਤ ਲਈ ਕੋਈ ਬੱਕਰਾ ਬੁੱਕਰਾ ਵੱਢਿਆ ਤਾਂ ਸੱਥਰ ਵਿਛਾ ਦਿਆਂਗੇ। ਜਿੱਥੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੈ, ਬੱਕਰਾ ਤਾਂ ਕੀ ਕੋਈ ਜੁਰਾਬਾਂ ਪਾ ਕੇ ਵੀ ਅੰਦਰ ਨੀ ਜਾ ਸਕਦਾ। ਕੁੜੀ ਨੂੰ ਕੋਈ ਦਾਜ ਦਹੇਜ ਨੀ ਦੇਣਾ। ਸ਼ਰਾਬ ਇਸੇ ਵਕਤ ਟੋਭੇ ਵਿੱਚ ਸੁਟਵਾ ਦਵੋ ਨਹੀਂ ਤਾਂ ਤੁਹਾਡੀਆਂ ਲਾਸ਼ਾਂ ਟੋਭੇ ਵਿੱਚ ਤਰਨਗੀਆਂ। ਹੁਕਮ ਦੀ ੳਲੰਘਣਾ ਦਾ ਮਤਲਬ ਸਮਝਦੇ ਹੋਂ ਨਾਂ” ਉਹ ਚੀਕਿਆ। ਤੇ ਵੱਟ ਕੇ ਇੱਕ ਥੱਪੜ ਗੁਰਜੀਤ ਦੇ ਮੂੰਹ ਤੇ ਮਾਰਿਆ।

ਉਸ ਵਕਤ ਮਨਦੀਪ ਅਤੇ ਦਲਜੀਤ ਅੰਦਰਲੇ ਘਰ ਕੰਮ ਕਰਵਾਂਉਦੇ ਸਨ। ਮੋਟਰਸਾਈਕਲ ਸਵਾਰ ਤਾਂ ਚਲੇ ਗਏ ਪਰ ਪਿੰਡ ਵਿੱਚ ਹਾਹਾਕਾਰ ਮੱਚ ਗਈ ਕਿ ਅੱਤਵਾਦੀ ਆਏ ਸਨ। ਕਮਾਂਡਰ ਖੁਦ ਧਮਕੀ ਦੇ ਕੇ ਗਿਆ ਹੈ। ਫੇਰ ਕਮਾਂਡਰ ਦੇ ਹੁਕਮ ਅਨੁਸਾਰ ਸ਼ਰਾਬ ਟੋਭੇ ਵਿੱਚ ਸੁਟਵਾ ਦਿੱਤੀ ਗਈ। ਤੇ ਮੀਟ ਦੇ ਪਤੀਲੇ ਵੀ ਡੋਹਲ ਦਿੱਤੇ ਗਏ। ਵਿਆਹ ਵਾਲੀ ਕੁੜੀ ਤਾਂ ਬੱਸ ਰੋਈ ਹੀ ਜਾ ਰਹੀ ਸੀ। ਮਨਦੀਪ ਕਹਿ ਰਿਹਾ ਸੀ ਕਿ ਤਾਂ “ਇਹ ਸਰਾਸਰ ਧੱਕੇ ਸ਼ਾਹੀ ਹੈ। ਲੋਕਾਂ ਨੂੰ ਖਾਮਖਾਹ ਤੰਗ ਕਰਨ ਵਾਲੇ ਲੋਕਾਂ ਦੇ ਸਹਿਯੋਗ ਤੋਂ ਬਗੈਰ ਕਿਵੇਂ ਕੋਈ ਲਹਿਰ ਚਲਾ ਲੈਣਗੇ?” ਇਸ ਘਟਨਾ ਨੇ ਜਿਵੇਂ ਸਾਰੇ ਰੰਗ ਵਿੱਚ ਹੀ ਭੰਗ ਹੀ ਪਾ ਦਿੱਤਾ ਸੀ।

ਸਰਕਾਰੀ ਅਦਾਰੇ ਅਤੇ ਵੱਡੇ ਲੋਕ ਆਪਣੇ ਜਸ਼ਨ ਉਸੇ ਤਰ੍ਹਾਂ ਮਨਾ ਰਹੇ ਸਨ। ਨੀਲੋਂ ਰੈਸਟੋਰੈਂਟ ਦੇ ਅਹਾਤੇ ਵਿੱਚ ਉਸੇ ਹਫਤੇ ਇੱਕ ਵੱਡੇ ਸਿਆਸੀ ਲੀਡਰ ਦੇ ਮੁੰਡੇ ਦੀ ਰੀਸੈੱਪਸ਼ਨ ਸੀ। ਸੀ ਆਰ ਪੀ ਐਨੀ ਸੀ, ਕਿ ਚਿੜੀ ਵੀ ਫਰਕ ਨਾ ਸਕੇ। ਸਾਰਾ ਦਿਨ ਆਰਕੈਸਟਰਾਂ ਗੂੰਜਦਾ ਰਿਹਾ। ਕਈ ਜਨ ਸਧਾਰਨ ਉਸੇ ਨੂੰ ਸੁਣ ਸੁਣ ਕੇ ਨਿਹਾਲ ਹੁੰਦੇ ਰਹੇ। ਪਰ ਆਮ ਲੋਕਾਂ ਵਿੱਚ ਬੇਹੱਦ ਦਹਿਸ਼ਤ ਸੀ। ਨਾਲ ਦੇ ਪਿੰਡ ਜਲਾਲ ਵਿੱਚ ਅੱਤਵਾਦੀਆਂ ਨੇ ਇੱਕ ਬਰਾਤ ਵਿੱਚ ਪੰਜ ਤੋਂ ਵੱਧ ਬੰਦੇ ਲਿਆਉਣ ਕਾਰਨ ਬਰਾਤੀਆਂ ਤੋਂ ਧੱਕੇ ਨਾਲ ਰੂੜੀ ਦੀ ਟਰਾਲੀ ਭਰਵਾਈ ਸੀ। ਮਨਦੀਪ ਦੂਰ ਤੋਂ ਦੇਖ ਰਿਹਾ ਸੀ ਜਦੋਂ ਮਿਲਨ ਨਾਂ ਦੇ ਆਰਕੈਸਟਰੇ ਵਿੱਚ ਸ਼ਸ਼ੀ ਨਾ ਦੀ ਕੁੜੀ ਤੇ ਸ਼ਿਵ ਨਾਂ ਦਾ ਮੁੰਡਾ ਜਦੋਂ ਗਾ ਰਹੇ ਸਨ ਤਾਂ ਦਸ ਦੇ ਕਰੀਬ ਅਸਾਲਟਾਂ ਵਾਲੇ ਸਟੇਜ ਤੇ ਉਨ੍ਹਾਂ ਦੀ ਰਾਖੀ ਲਈ ਖੜੇ ਸਨ।

ਪਿੰਡ ਸਾਰਾ ਸਾਂ ਸਾਂ ਕਰ ਰਿਹਾ ਸੀ ਜਿਵੇਂ ਕੋਈ ਮੁਰਦੇਹਾਣੀ ਛਾਈ ਪਈ ਹੋਵੇ। ਪਤਾ ਨਹੀਂ ਪੰਜਾਬ ਦੇ ਪਿੰਡਾਂ ਵਿੱਚ ਕਿਹੜੇ ਪ੍ਰੇਤ ਦਾ ਪਹਿਰਾ ਸੀ ਅਖੇ ਤੁਸੀ ਬੱਤੀਆਂ ਨੀ ਜਗਾਉਣੀਆਂ। ਕੁੱਤੇ ਖੁੱਲੇ ਨੀ ਛੱਡਣੇ। ਬੂਹਿਆਂ ਨੂੰ ਅੰਦਰੋਂ ਕੁੰਡੇ ਨੀ ਲਾਉਣੇ। ਸਿੰਘਾਂ ਲਈ ਹਰ ਘਰ ਵਾਧੂ ਰੋਟੀਆਂ ਦਾਲ ਜਾਂ ਸਬਜ਼ੀ ਬਣੀ ਹੋਣੀ ਚਾਹੀਦੀ ਹੈ। ਅਜਿਹੇ ਮਹੌਲ ਵਿੱਚ ਤਾਂ ਊਂ ਹੀ ਦਮ ਘੁੱਟਣ ਲੱਗ ਪੈਂਦਾ ਹੈ। ਮਨਦੀਪ ਦਾ ਜੀ ਕਰਦਾ ਸੀ ਕਿ ਸਭ ਕੁੱਝ ਛੱਡ ਛੁਡਾ ਕੇ ਕਿਤੇ ਭੱਜ ਜਾਵੇ। ਬਾਹਰ ਨਿੱਕਲੋ ਤਾਂ ਸੀ ਆਰ ਪੀ ਦੇ ਬੱਟ ਮੌਰਾਂ ਵਿੱਚ ਵੱਜਦੇ, ਤਲਾਸ਼ੀਆਂ ਹੁੰਦੀਆਂ, ਬੇਇੱਜ਼ਤ ਕੀਤਾ ਜਾਂਦਾ। ਘਰ ਰਹੋ ਤਾਂ ਘੋਰ ਉਦਾਸੀ। ਅਜਿਹੇ ਹਾਲਾਤਾਂ ਵਿੱਚ ਹੀ ਪੇਪਰ ਵੀ ਹੁੰਦੇ ਰਹੇ। ‘ਅਜਿਹੀ ਕੌਮ ਦੇ ਨੌਜਵਾਨਾ ਦਾ ਭਵਿੱਖ ਭਲਾਂ ਕੀ ਹੋ ਸਕਦਾ ਹੈ?’ ਮਨਦੀਪ ਸੋਚਦਾ ਰਹਿੰਦਾ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com