WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 56

ਸਮੁੰਦਰ ਮੰਥਨ (PDF, 568KB)    


ਸਾਲ 1988 ਚੜ੍ਹ ਵੀ ਪਿਆ। ਕਈ ਦੋਸਤਾਂ ਮਿੱਤਰਾਂ ਦੇ ਨਵੇਂ ਸਾਲ ਦੇ ਕਾਰਡ ਵੀ ਪਹੁੰਚੇ। ਕੈਨੇਡਾ ਜਾ ਕੇ ਪਹਿਲੀ ਵਾਰ ਜਰਨੈਲ ਸਿੰਘ ਨੇ ਵੀ ਨਵੇਂ ਸਾਲ ਦਾ ਕਰਡ ਭੇਜਿਆ ਤੇ ਨਾਲ ਇੱਕ ਨਿੱਕੀ ਜਿਹੀ ਚਿੱਠੀ ਵੀ ਸੀ। ਜਿਸ ਵਿੱਚ ਲਿਖਿਆ ਹੋਇਆ ਸੀ ਮੇਰੀ ਘਰ ਵਾਲੀ ਦੀ ਭੂਆ ਦੀ ਕੁੜੀ ਹੈ। ਅਸੀਂ ਹੀ ਕੈਨੇਡਾ ਮੰਗਵਾਈ ਸੀ। ਮੈਂ ਮਨਦੀਪ ਬਾਰੇ ਗੱਲ ਤੋਰੀ ਹੈ।ਬਪੂਰਾ ਜ਼ੋਰ ਤਾਂ ਲਾਵਾਂਗਾ, ਅੱਗੇ ਰੱਬ ਨੂੰ ਮਨਜ਼ੂਰ। ਤੁਸੀਂ ਮਨਦੀਪ ਦੀਆਂ ਵਧੀਆਂ ਜਿਹੀਆਂ ਫੋਟੋਆਂ ਬਣਵਾ ਕੇ ਭੇਜ ਦਿਉ। ਊਂ ਤਾਂ ਮੈਂ ਲੋਹੜੀ ਵਾਲੀ ਮੂਵੀ ਵਿੱਚ ਵੀ ਸਾਰਿਆਂ ਨੂੰ ਦਿਖਾ ਦਿੱਤਾ ਸੀ। ਮਨਦੀਪ ਲਈ ਇੱਕ ਨਵਾਂ ਰਸਤਾ ਖੁੱਲ ਸਕਦਾ ਸੀ। ਤੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੋ ਸਕਦੀ ਸੀ ।ਉਹ ਸੁਪਨੇ ਉਣਨ ਲੱਗਿਆ।

ਪਰ ਪਿਛਲੇ ਕੁੱਝ ਦਿਨਾਂ ਤੋਂ ਉਸਦਾ ਦਾਦਾ ਚੰਦ ਸਿੰਘ ਕਾਫੀ ਬਿਮਾਰ ਸੀ। ਉਹ ਇਕੱਲਾ ਰਹਿਣ ਦਾ ਆਦੀ ਸੀ, ਪਰ ਹੁਣ ਕੱਪੜੇ ਚੁੱਕ ਦਲੇਰ ਸਿੰਘ ਦੇ ਘਰ ਆ ਗਿਆ। ਹੋਰ ਕਿਸੇ ਨੇ ਵੀ ਉਸ ਨੂੰ ਨਹੀਂ ਸੀ ਪੁੱਛਿਆ। ਉਹ ਮਿਲਕੇ ਉਸ ਨੂੰ ਨਹਾਉਂਦੇ ਧੁਆਂਉਦੇ, ਕੱਪੜੇ ਬਦਲਦੇ ਜਾਂ ਖਿਚੜੀ ਬਗੈਰਾ ਬਣਾ ਕੇ ਖੁਆਂਉਦੇ।

ਦੋ ਜਨਵਰੀ ਦੀ ਰਾਤ ਨੂੰ ਉਸ ਦੀ ਹੂੰਗਰ ਹੋਰ ਵੀ ਉੱਚੀ ਹੋ ਗਈ। ਉਸ ਨੇ ਮਨਦੀਪ ਨੂੰ ਹਾਕ ਮਾਰੀ ਜੋ ਨਾਲਦੇ ਕਮਰੇ ਵਿੱਚ ਹੀ ਪਿਆ ਸੀ। ਉਸ ਨੇ ਕਿਹਾ ਹਾਂ “ਦੱਸੋ ਬਾਬਾ ਜੀ” “ਦੇਖ ਪੁੱਤ ਮੇਰਾ ਅੰਤਿਮ ਸਮਾਂ ਆ ਗਿਆ ਏ…ਬਥੇਰੀ ਉਮਰ ਭੋਗ ਲੀ, ਹੁਣ ਸੌ ਸਾਲ ਦਾ ਹੋਣ ਵਾਲਾ ਆਂ। ਬੱਸ ਹੁਣ ਜਾਣ ਦੀ ਤਿਆਰੀ ਆ। ਪਰ ਤੁਸੀਂ ਮਕਾਣਾਂ ਨਾ ਸੱਦਿਉ, ਪਾਠ ਕਰਵਾਉਣ ਦੀ ਵੀ ਲੋੜ ਨੀ ਅਤੇ ਮੇਰੇ ਫੁੱਲ ਵੀ ਨਹਿਰ ਸਰਹਿੰਦ ਵਿੱਚ ਹੀ ਪਾ ਦਿਉ” ਉਸ ਨੇ ਕਿਹਾ ਸੌਂ ਜਾਉ ਬਾਬਾ ਜੀ ਐਵੇਂ ਕਾਹਨੂੰ ਅਜਿਹੀਆਂ ਗੱਲਾਂ ਕਰਦੇ ਹੋਂ? ਥੋਨੂੰ ਅਜੇ ਕੁੱਝ ਨੀ ਹੁੰਦਾ। ਤਾਂ ਚੰਦ ਸਿੰਘ ਬੋਲਿਆ “ਚੰਗਾ ਪੁੱਤ ਲਿਆ ਪਾਣੀ ਦਾ ਘੁੱਟ ਪਿਆ”

ਦੂਸਰੇ ਦਿਨ ਸੁਭਾ ਹੀ ਉੱਠ ਕੇ ਮਨਦੀਪ ਇੱਕ ਸਾਹਿਤਕ ਮੀਟਿੰਗ ਤੇ ਚਲਾ ਗਿਆ। ਜਦੋਂ ਸ਼ਾਮ ਨੂੰ ਘਰ ਪਰਤਿਆ ਤਾਂ ਸਾਰੇ ਉਦਾਸ ਸੀ ਤੇ ਰੋਅ ਵੀ ਕੋਈ ਨਹੀਂ ਸੀ ਰਿਹਾ। ਮਨਦੀਪ ਦਾ ਦੁਬਈ ਵਾਲਾ ਚਾਚਾ ਵੀ ਕੁਦਰਤੀਂ ਆਇਆ ਹੋਇਆ ਸੀ। ਉਸ ਨੇ ਕਿਹਾ ਮਨਦੀਪ ਨੂੰ ਵੀ ਰੋਟੀ ਪਾਉ ਅਸੀਂ ਇਕੱਠੇ ਹੀ ਖਾਅ ਲੈਂਦੇ। ਮਨਦੀਪ ਨੂੰ ਵਿੱਚੋਂ ਕਹਾਣੀ ਸਮਝ ਨਹੀਂ ਸੀ ਪੈ ਰਹੀ।

ਜਦੋਂ ਉਹ ਰੋਟੀ ਖਾਅ ਹਟਿਆ ਤਾਂ ਬੈਠਕ ‘ਚ ਬੈਠਾ ਚਾਚਾ ਬੋਲਿਆ “ਦਰਅਸਲ ਬਾਪੂ ਜੀ ਚੜ੍ਹਾਈ ਕਰ ਗਿਆ ਹੈ, ਮੈਂ ਹੀ ਸਭ ਨੂੰ ਰੋਣੋ ਧੋਣੋ ਰੋਕਿਆ ਹੈ। ਸੌ ਸਾਲ ਦਾ ਹੋਣ ਵਾਲਾ ਸੀ ਨਾਲੇ ਭਰਿਆ ਪਰਿਵਾਰ ਛੱਡ ਕੇ ਗਿਆ ਹੈ। ਸਵੇਰੇ ਲੋਕਾਂ ਨੂੰ ਦੱਸ ਦਵਾਂਗੇ। ਹੁਣ ਐਵੇ ਚਿੜਚੋਲਰ ਪਾਉਣ ਦਾ ਕੀ ਫਾਇਦਾ ਹੈ?” ਪਰ ਮਨਦੀਪ ਦੇ ਅਥਰੂ ਨਹੀਂ ਸੀ ਰੁੱਕੇ। ਉਸ ਨੇ ਅੰਦਰ ਜਾ ਕੇ ਸ਼ਾਂਤ ਪਏ ਦਾਦੇ ਦਾ ਚਿਹਰਾ ਦੇਖਿਆ, ਜੋ ਰਾਤ ਹੀ ਤੁਰ ਜਾਣ ਦੀ ਗੱਲ ਕਰਕੇ ਹਟਿਆ ਸੀ। ਬਚਨ ਕੌਰ ਸਿਰਾਹਣੇ ਬੈਠੀ ਪਾਠ ਕਰ ਰਹੀ ਸੀ।

ਮਨਦੀਪ ਨੂੰ ਰਾਤ ਦੀਆਂ ਕਹੀਆਂ, ਬਾਬਾ ਜੀ ਦੀਆਂ ਗੱਲਾਂ ਯਾਦ ਆਂਉਦੀਆਂ ਰਹੀਆਂ। ਅੱਜ ਉਹ ਨਾਲ ਦੇ ਕਮਰੇ ਵਿੱਚ ਪਿਆ ਬੈਠਾ ਰੋਂਦਾ ਰਿਹਾ।ਸਾਰੀ ਰਾਤ ਜਾਗ ਕੇ ਕੱਢੀ ਦੂਸਰਾਂ ਦਿਨ ਚੜ੍ਹਨ ਸਾਰ ਹੀ ਬਚਨ ਕੌਰ ਨੇ ਧਾਅ ਮਾਰੀ।ਫੇਰ ਤਾਂ ਆਂਢ ਗੁਆਂਢ ਇਕੱਠਾ ਹੋ ਗਿਆ।ਕੁੜੀਆਂ ਨੂੰ ਲੈਣ ਤੇ ਰਿਸ਼ਤੇਦਾਰਾਂ ਨੂੰ ਪਤਾ ਦੇਣ ਵੀ ਬੰਦੇ ਭੇਜ ਦਿੱਤੇ ਗਏ।ਦਲੇਰ ਸਿੰਘ ਪਿਉਂ ਦੇ ਸੰਸਕਾਰ ਲਈ ਲੱਕੜੀਆਂ ਪਾਥੀਆਂ ਦਾ ਪ੍ਰਬੰਧ ਕਰਦਾ ਫਿਰ ਰਿਹਾ ਸੀ।ਬਾਬੇ ਦੀ ਅਰਥੀ ਨੂੰ ਮੋਢਾ ਮਨਦੀਪ ਨੇ ਵੀ ਦਿੱਤਾ ਸੀ।

ਕੈਨੇਡਾ ਜਰਨੈਲ ਨੂੰ ਫੋਨ ਕਰ ਦਿੱਤਾ ਗਿਆ। ਉਸਦਾ ਸੁਨੇਹਾ ਸੀ ਕਿ ਨਾਨੇ ਦੀਆਂ ਸਾਰੀਆਂ ਫੋਟੋਆਂ ਭੇਜੀਆਂ ਜਾਣ। ਘਰ ਵਿੱਚ ਸੱਥਰ ਵਿਛ ਗਿਆ। ਮਕਾਣਾਂ ਆਉਣ ਲੱਗੀਆਂ। ਫੇਰ ਫੁੱਲ ਵੀ ਚੁਗੇ ਗਏ। ਪਰ ਉਹ ਹੀ ਕੁੱਝ ਹੋਇਆ ਜੋ ਸੰਸਾਰ ਦੀ ਰੀਤ ਸੀ। ਫੁੱਲ ਕੀਰਤਪੁਰ ਪਾਏ ਗਏ। ਮਕਾਣਾ ਵੀ ਆਈਆਂ ਪਾਠ ਵੀ ਖੁੱਲਿਆ ਤੇ ਭੋਗ ਵੀ ਪਿਆ। ਜੋ ਕੁੱਝ ਵੀ ਚੰਦ ਸਿੰਘ ਨੇ ਮਨਦੀਪ ਨੂੰ ਜਾਣ ਤੋਂ ਪਹਿਲਾਂ ਕਿਹਾ ਸੀ, ਕੁੱਝ ਵੀ ਪੂਰਾ ਨਾ ਹੋਇਆ।

ਜ਼ਿੰਦਗੀ ਦਾ ਸਿਰਫ ਇਕ ਚੈਪਟਰ ਪੂਰਾ ਹੋਇਆ ਸੀ, ਪਰ ਇਹ ਰੁਕੀ ਨਹੀਂ ਸੀ। ਫੇਰ ਸਭ ਕੁੱਝ ਆਮ ਵਰਗਾ ਹੀ ਹੋ ਗਿਆ। ਮਨਦੀਪ ਮੁੜ ਤੋਂ ਸਾਹਿਤਕ ਬੈਠਕਾਂ ‘ਚ ਜਾਣ ਲੱਗਾ। ਕੁੱਝ ਦੇਰ ਬੰਦ ਰੱਖਣ ਤੋਂ ਬਾਅਦ, ਘਰ ਵਿੱਚ ਟੀ ਵੀ ਫੇਰ ਵੇਖਿਆ ਜਾਣ ਲੱਗਾ। ਉਹੋ ਖਬਰਾਂ ਸਨ ਜਿਵੇਂ ਬਾਦਸ਼ਾਹ ਖਾਨ ਦੀ ਮੌਤ ਹੋ ਗਈ ਅਤੇ ਹੋਰ ਮਾਰ ਧਾੜ। ਮਨਦੀਪ ਨੇ ਇਨ੍ਹਾਂ ਹੀ ਦਿਨਾਂ ਵਿੱਚ ਪੀ ਐੱਚ ਡੀ ਲਈ ਵੀ ਆਪਣਾ ਨਾਂ ਰਜਿਸਟਰਡ ਕਰਵਾ ਦਿੱਤਾ। ਡਾ: ਰਵਿੰਦਰ ਜੋ ਰੌਸ਼ਨ ਖਿਆਲਾਂ ਦੇ ਚਿੰਤਕ ਸਨ ਮਨਦੀਪ ਨੂੰ ਗਾਈਡ ਵੀ ਮਿਲ ਗਏ।

ਇਨ੍ਹਾਂ ਹੀ ਦਿਨਾਂ ਵਿੱਚ ਇੱਕ ਵਾਰ ਉਹ ਆਪਣੇ ਚਾਚੇ ਨੂੰ ਛੱਡਣ ਦਿੱਲੀ ਵੀ ਗਿਆ। ਪਰ ਪੱਗ ਬੰਨੀ ਹੋਣ ਕਾਰਨ ਅਜੇ ਵੀ ਪੰਜਾਬ ਤੋਂ ਬਾਹਰ ਲੋਕ ਉਸ ਨੂੰ ਉਸੇ ਨਫਰਤ ਅਤੇ ਸ਼ੱਕ ਦੀਆਂ ਨਿਗਾਵਾਂ ਨਾਲ ਦੇਖਦੇ ਰਹੇ।

ਦਿੱਲੀ ਤੋਂ ਮੁੜਕੇ ਮਨਦੀਪ ਆਪਣੀ ਬੈਠਕ ਵਿੱਚ ਸੜਕ ਨਾਲ ਲੱਗਦੀ ਖਿੜਕੀ ਅੱਗੇ ਬੈਠਾ ਕੁੱਝ ਪੜ੍ਹ ਰਿਹਾ ਸੀ ਤਾਂ ਛਰਾਟਿਆਂ ਦਾ ਬੁੜਾ ਰੌਲਾ ਪਾਉਂਦਾ ਸੜਕ ਤੋਂ ਲੰਘਿਆ “ਰੋਹੜ ਦਿੱਤਾ ਅਗਿਲਿਆਂ ਨੇ ਗੰਦ ਕਿਹੜਾ ਥੋੜਾ ਬਕਦਾ ਤੀ। ਸੁਣਕੇ ਕੰਨ ਲਬੇਟਣੇ ਪੈਂਦੇ ਤੀ। ਹੁਣ ਲੈ ਲਿਆ ਦੱਖੂ ਦਾਣਾ”

ਮਨਦੀਪ ਨੇ ਬਾਹਰ ਨਿੱਕਲ ਕੇ ਏਧਰ ਉਧਰ ਤੋਂ ਪਤਾ ਕੀਤਾ ਤਾਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਚੁੱਕੀ ਸੀ ਕਿ ‘ਗਾਇਕ ਅਮਰ ਸਿੰਘ ਚਮਕੀਲੇ ਨੂੰ ਅੱਤਵਾਦੀਆਂ ਨੇ ਓਸ ਵਕਤ, ਗਾਇਕਾ ਅਮਰਜੋਤ ਸਮੇਤ ਕਤਲ ਕਰ ਦਿੱਤਾ ਜਦੋਂ ਉਹ ਕਿਸੇ ਦੇ ਵਿਆਹ ਵਿੱਚ ਅਖਾੜਾ ਲਾਉਣ ਗਿਆ ਸੀ।

ਮਨਦੀਪ ਨੇ ਭਾਵੇਂ ਕਦੇ ਵੀ ਚਮਕੀਲੇ ਦੇ ਗੀਤਾਂ ਨੂੰ ਪਸੰਦ ਨਹੀਂ ਸੀ ਕੀਤਾ, ਉਸ ਨੇ ਕੁੱਝ ਚੰਗੇ ਗੀਤ ਵੀ ਗਾਏ ਸਨ, ਪਰ ਗੋਲੀ ਨਾਲ ਕਿਸੇ ਨੂੰ ਚੁੱਪ ਕਰਵਾ ਦੇਣਾ ਇਹ ਤਾਂ ਸਰਾਸਰ ਧੱਕੇ ਸ਼ਾਹੀ ਸੀ। ਕੁੱਝ ਲੋਕ ਕਹਿੰਦੇ ਸਨ ਕਿ ਜਿੱਦ ਬਾਜ਼ੀ ਕਰਕੇ ਇਹ ਕਤਲ ਹੋਇਆ ਹੋਊ। ਕਿਉਂਕਿ ਉਸ ਦੀ ਮਸ਼ਹੂਰੀ ਦੂਸਰੇ ਗਾਇਕਾਂ ਨੂੰ ਚੁਭਦੀ ਸੀ। 8 ਮਾਰਚ 1988 ਨੂੰ ਪਿੰਡ ਮਹਿਸਪੁਰ ਵਿੱਚ ਹੋਏ ਚਮਕੀਲੇ ਦੇ ਕਤਲ ਦੀ ਜਿੰਮੇਵਾਰੀ ਦੂਸਰੇ ਦਿਨ ਖਾਲਿਸਤਾਨ ਕਮਾਂਡੋ ਫੋਰਸ ਤੇ ਹਰੀ ਸਿੰਘ ਚਹੇੜੂ ਨੇ ਲੈ ਲਈ। ਇਸ ਤੋਂ ਪੰਜਾਬ ਵਿੱਚ ਗਾਇਕੀ ਦੇ ਅਖਾੜੇ ਬੰਦ ਹੋ ਗਏ। ਗਾਉਣ ਵਾਲੇ ਆਪਣੇ ਸਾਜ ਸਮੇਟ ਕੇ ਘਰੀਂ ਬੈਠ ਗਏ ਅਤੇ ਪੰਜਾਬ ਦੇ ਲੋਕ ਮਾੜੇ ਮੋਟੇ ਮਨੋਰੰਜਨ ਤੋਂ ਵੀ ਵਿਰਵੇ ਹੋ ਗਏ।

ਮਨਦੀਪ ਪੰਜਾਬੀ ਯੁਨੀਵਰਸਿਟੀ ਪਟਿਆਲੇ ਗਿਆ। ਪਰ ਇਸ ਵਾਰ ਹੋਸਟਲ ਦਾ ਕਮਰਾ ਮਿਲ ਗਿਆ ਸੀ। ਉਨ੍ਹਾਂ ਦੀ ਦੀਆਂ ਦੋ ਜਮਾਤਣਾ ਜੋ ਹਰ ਵਾਰ ਇੱਕ ਵਾਰ ਨਾਮਵਰ ਪ੍ਰੋਫੈਸਰ ਦੇ ਘਰ ਹੀ ਠਹਿਰਿਆ ਕਰਦੀ ਸਨ, ਉਨ੍ਹਾਂ ‘ਚੋਂ ਇੱਕ ਨੇ ਭੇਦ ਖੋਹਲਿਆ ਕਿ ਡਾ: ਰਵਿੰਦਰ ਦਾ ਕਤਲ ਉਸ ਦੇ ਵਿਰੋਧੀ ਪ੍ਰੋਫੈਸਰ ਵਲੋਂ ਖਾੜਕੂ ਮੁੰਡਿਆ ਤੋਂ ਕਰਵਾਇਆ ਗਿਆ ਹੈ ਤਾਂ ਕਿ ਉਸਦੇ ਹੈੱਡ ਆਫ ਦੀ ਡਿਪਾਰਟਮੈਂਟ ਬਣਨ ਦਾ ਰਸਤਾ ਸਾਫ ਹੋ ਜਾਵੇ।

ਮਨਦੀਪ ਬੇਹੱਦ ਮਾਨਸਿਕ ਪੀੜ ਚੋਂ ਗੁਜ਼ਰ ਰਿਹਾ ਸੀ। ਉਸੇ ਦਿਨ ਮੁੰਡਿਆਂ ਨੇ ਰਲ਼ ਕੇ ਚਮਕੀਲੇ ਨੂੰ ਹੋਸਟਲ ਦੇ ਕਮਰੇ ਵਿੱਚ ਸ਼ਰਧਾਜ਼ਲੀ ਦਿੱਤੀ। ਕਈਆਂ ਉਸ ਦੇ ਗੀਤ ਗਾਏ। ਹਰ ਕੋਈ ਕਹਿ ਰਿਹਾ ਸੀ ਕਿ ਹੁਣ ਤਾਂ ਯਾਰੋ ਹੱਦ ਹੀ ਹੋ ਗਈ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ।

23 ਮਾਰਚ ਦਾ ਦਿਨ ਸੀ। ਸਾਰਾ ਦੇਸ਼ ਸ਼ਹੀਦ ਭਗਤ ਸਿੰਘ ਨੂੰ ਯਾਦ ਕਰ ਰਿਹਾ ਸੀ। ਪਰ ਪੰਜਾਬ ਵਿੱਚ ਇੱਕ ਹੋਰ ਕਹਿਰ ਵਰਤ ਗਿਆ। ਇਨਕਲਾਬੀ ਪੰਜਾਬੀ ਸ਼ਾਇਰ ਪਾਸ਼ ਨੂੰ ਉਸ ਵਕਤ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਜਦੋਂ ਉਹ ਆਪਣੇ ਮਿੱਤਰ ਹੰਸ ਰਾਜ ਨਾਲ ਆਪਣੀ ਮੋਟਰ ਤੇ ਨਹਾ ਰਿਹਾ ਸੀ।

ਇੱਕ ਖਾੜਕੂ ਜਥੇਬੰਦੀ ਨੇ ਜ਼ਿੰਮੇਵਾਰੀ ਲੈਂਦੇ ਹੋਏ ਇਹ ਲਿਖਿਆ ਕਿ ‘ਪਾਸ਼’ ਅਮਰੀਕ ਸਿੰਘ ਸਿੰਘ ਦੇ ਨਾਂ ਹੇਠਾਂ ‘ਸੁਰਖ ਰੇਖਾ’ ਰਿਸਾਲੇ ਵਿੱਚ ਸਿੰਘਾਂ ਦੇ ਖਿਲਾਫ ਲਿਖਦਾ ਸੀ। ਪਰ ਇਹ ਕੀ ਤਰੀਕਾ ਹੋਇਆ ਚੁੱਪ ਕਰਵਾਉਣ ਦਾ?’ ਕੇਂਦਰ ਸਰਕਾਰ ਤੋਂ ਆਜ਼ਾਦੀ ਦੀ ਮੰਗ ਕਰਨ ਵਾਲੇ ਖੁਦ ਕਿਸੇ ਲੇਖਕ ਨੂੰ ਜਾਂ ਪੱਤਰਕਾਰ ਨੂੰ ਕੁਸਕਣ ਵੀ ਨਹੀਂ ਦੇਣਾ ਚਾਹੁੰਦੇ ਸਨ। ਪ੍ਰੀਤਲੜੀ ਦੇ ਸੁਮੀਤ ਸਿੰਘ ਤੋਂ ਲੈ ਕੇ ਲੇਖਕਾਂ ਕਲਾਕਾਰਾਂ ਦੇ ਕਤਲਾਂ ਦੀ ਲੜੀ ਪਾਸ਼ ਕਤਲ ਤੱਕ ਪਹੁੰਚੀ। ਇਸ ਘਟਨਾ ਨੇ ਇਸ ਲਹਿਰ ਦੀ ਅਰਥੀ ਵਿੱਚ ਇੱਕ ਹੋਰ ਕਿੱਲ ਠੋਕ ਦਿੱਤਾ।

ਮਨਦੀਪ ਜੋ ਕਾਲਜ ਵਿੱਚ ਪਾਸ਼ ਦਾ ਗੀਤ ‘ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ’ ਗਾਇਆ ਕਰਦਾ ਸੀ। ਉਸ ਦੀਆਂ ਜਖਮੀ ਹੋਈਆਂ ਭਾਵਨਾਵਾਂ ਨੂੰ ਇਸ ਘਟਨਾ ਨੇ ਵੱਡੇ ਵਿਰੋਧ ਨੂੰ ਤੀਲੀ ਦਿਖਾ ਦਿੱਤੀ। ਫੇਰ ਪੰਜਾਬ ਦੇ ਲੇਖਕ ਕਲਾਕਾਰ ਤੇ ਪੱਤਰਕਾਰ ਸਾਰੇ ਹੀ ਇਸ ਲਹਿਰ ਦੇ ਹੋਰ ਖਿਲਾਫ ਹੋ ਗਏ।

ਹਾਲਾਤ ਹੋਰ ਵਿਗੜਦੇ ਗਏ।ਇੱਕ ਦਿਨ ਪੰਜਾਬ ਵਿੱਚ ਅੱਤਵਾਦ ਖਿਲਾਫ, ਖੱਬੇ ਪੱਖੀ ਪਾਰਟੀਆਂ ਨੇ ਬੰਦ ਦਾ ਸੱਦਾ ਦਿੱਤਾ, ਕਿਉਂਕਿ ਅੱਤਵਾਦੀ ਅੱਜ ਕੱਲ ਉਨ੍ਹਾਂ ਦੇ ਬੰਦੇ ਵਧੇਰੇ ਮਾਰ ਰਹੇ ਸਨ। 18 ਮਈ ਨੂੰ ਲੋਕਾਂ ਦੇ ਭਾਰੀ ਦਬਾਅ ਹੇਠ ਸਰਕਾਰ ਨੂੰ ਅਪਰੇਸ਼ਨ ਬਲੈਕ ਥੰਡਰ ਕਰਨਾ ਪਿਆ। ਇੱਕ ਵਾਰ ਫੇਰ ਇਸ ਅਪ੍ਰੇਸ਼ਨ ਨੂੰ ਲੈ ਕੇ ਪੰਜਾਬ ਦਾ ਮਹੌਲ ਗਰਮਾ ਗਿਆ ਸੀ।

ਜਰਨੈਲ ਦੀ ਚਲਾਈ ਹੋਈ ਗੱਲ ਸਦਕਾ। ਇੱਕ ਦਿਨ ਕੁੜੀ ਦੇ ਸਬੰਧੀ ਮਨਦੀਪ ਨੂੰ ਦੇਖਣ ਉਸਦੇ ਘਰ ਆਏ। ਉਹ ਮਨਦੀਪ ਦੀ ਸਖਸ਼ੀਅਤ ਤੇ ਗੱਲਬਾਤ ਤੋਂ ਪ੍ਰਭਾਵਤ ਹੋਏ। ਇੱਕ ਜੂਨ ਨੂੰ ਜਿਸ ਦਿਨ ਮਨਦੀਪ ਫਿਲਮ ਅਦਾਕਾਰ ਰਾਜ ਕਪੂਰ ਦੀ ਮੌਤ ਤੇ ਸ਼ੋਕ ਮਨਾ ਰਿਹਾ ਸੀ। ਉਸੇ ਦਿਨ ਕੋਟਭਾਈ ਤੋਂ ਇਹ ਸੁਨੇਹਾ ਵੀ ਆ ਗਿਆ ਕਿ ਸਾਨੂੰ ਸਭ ਕੁੱਝ ਠੀਕ ਹੈ। ਜਲਦੀ ਸ਼ਗਨ ਪਾ ਦਵਾਂਗੇ। ਫੇਰ ਇਹ ਸਲਾਹ ਬਣੀ ਕਿ ਕੈਨੇਡਾ ਵਸਦੀ ਕੁੜੀ ਲਈ ਪਹਿਲਾਂ ਮਨਦੀਪ ਉਨ੍ਹੀ ਸ਼ਗਨ ਭੇਜਣ, ਫੇਰ ਹੀ ਉਹ ਮੰਗਣਾ ਕਰਨ ਆਂਉਣਗੇ।

ਦਲੇਰ ਸਿੰਘ ਹੁਣ ਬਹੁਤ ਖੁਸ਼ ਸੀ। ਬਚਨ ਕੌਰ ਕਹਿੰਦੀ ਸੀ ਕਿ ਸਭ ਉਸ ਕਰਕੇ ਹੋਇਆ ਹੈ। ਉਹ ਜਰਨੈਲ ਸਿੰਘ ਨੂੰ ਅਸੀਸਾਂ ਦੇ ਰਹੀ ਸੀ। ਫੇਰ ਉਹ ਸਾਰੇ ਸ਼ਗਨਾਂ ਦਾ ਸੂਟ ਤੇ ਸ਼ਗਨਾਂ ਦੀ ਮੁੰਦਰੀ ਆਪਣੀ ਭੂਆ ਦੇ ਘਰ ਦੇਣ ਗਏ। ਹੁਣ ਉਦਾਸੀ ਮਨਦੀਪ ਦੇ ਨੇੜੇ ਤੇੜੇ ਵੀ ਨਹੀਂ ਸੀ।

ਬੱਸ ਉਸ ਦਿਨ ਮਨ ਬੇਹੱਦ ਉਦਾਸ ਹੋਇਆ ਜਿਸ ਦਿਨ ਉਸਦਾ ਸਾਹਿਤਕ ਸਾਥੀ ਗੁਲਵੰਤ ਸੀਲੋਂ ਸਦਾ ਲਈ ਤੁਰ ਗਿਆ। ਫੇਰ ਅਗਲੇ ਮਹੀਨੇ ਉਸਦੀ ਦੀ ਮਾਸੀ ਮੀਤੋ ਦਾ ਨੌਜਵਾਨ ਮੁਂਡਾ ਮਰ ਗਿਆ। ਪਰ ਇਹ ਮੌਤਾਂ ਤਾਂ ਖ਼ਬਰਾਂ ਨਹੀਂ ਸਨ ਬਣਨੀਆਂ। ਹਾਂ ਉਸ ਦਿਨ ਬਹੁਤ ਵੱਡੀ ਖਬਰ ਬਣੀ ਜਦੋਂ 20 ਅਗਸਤ ਨੂੰ ਪਾਕਸਤਾਨ ਦੇ ਰਾਸ਼ਟਰਪਤੀ ਜਨਰਲ ਜਿਆ ਉਲ ਹੱਕ ਦੀ ਇੱਕ ਹਵਾਈ ਹਾਦਸੇ ਵਿੱਚ ਮੌਤ ਹੋ ਗਈ। ਤੇ ਲੋਕ ਬਹੁਤ ਸਾਰੀਆਂ ਅਫਵਾਵਾਂ ਵੀ ਫੈਲਾਅ ਰਹੇ ਸਨ।

ਹੁਣ ਵਕਤ ਤੇਜ਼ ਰਫਤਾਰ ਨਾਲ ਦੌੜਨ ਲੱਗਿਆ। ਤੇ ਮਨਦੀਪ ਦੀਆਂ ਕਲਪਨਾਵਾਂ ਦੇ ਘੋੜੇ ਦੌੜਦੇ ਰਹਿੰਦੇ। ਹੁਣ ਉਹ ਸੁਪਨਿਆਂ ਦੇ ਰਥ ਤੇ ਸਵਾਰ ਸੀ। ਦੁਨੀਆਂ ਦਾ ਸਭ ਤੋਂ ਵੱਡਾ ਟੂਰਨਾਮੈਂਟ, ਭਾਵ ਉਲੰਪਿਕ 17 ਸਤੰਬਰ ਨੂੰ ਦੱਖਣੀ ਕੋਰੀਆ ਦੀ ਰਾਜਧਾਨੀ ਸਿਉਲ ਵਿੱਚ ਸ਼ੁਰੂ ਹੋਇਆ। ਮਨਦੀਪ ਇੱਕ ਵਾਰ ਫੇਰ ਪੂਰੀ ਤਰ੍ਹਾਂ ਟੈਲੀਵੀਜ਼ਨ ਨਾਲ ਜੁੜ ਗਿਆ। ਕੈਨੇਡਾ ਦੇ ਬੇਨਜੌਨਸਨ ਨੇ 100 ਮੀਟਰ ਦੀ ਦੌੜ ਲਈ ਜੋ ਨਵਾਂ ਕੀਰਤੀਮਾਨ ਸਥਾਪਤ ਕਰਕੇ ਜੋ ਵਾਹ ਵਾਹ ਖੱਟੀ, ਉਹ ਉਦੋਂ ਮਿੱਟੀ ਵਿੱਚ ਮਿਲ ਗਈ ਜਦੋਂ ਉਸਦਾ ਡਰੱਗ ਟੈਸਟ ਪਾਜ਼ੇਟਿਵ ਆ ਜਾਣ ਕਾਰਨ ਜਿੱਤਿਆ ਹੋਇਆ ਮੈਡਲ ਖੋਅ ਲਿਆ ਗਿਆ।

ਇਹ ਉਹ ਹੀ ਦਿਨ ਸੀ ਜਿਸ ਦਿਨ ਮਨਦੀਪ ਦਾ ਮੰਗਣਾ ਸੀ। ਬਹੁਤ ਸਾਰੇ ਦੋਸਤ ਮਿੱਤਰ ਵੀ ਪਹੁੰਚੇ ਹੋਏ ਸਨ। 14 ਨਵੰਬਰ ਨੂੰ ਜਦੋਂ ਸਾਰਾ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਸੌ ਵਾਂ ਜਨਮ ਦਿਨ ਮਨਾ ਰਿਹਾ ਸੀ। ਮਨਦੀਪ ਉਦੋਂ ਉਸੇ ਭਾਰਤ ਨੂੰ ਛੱਡਣ ਦੇ ਸੁਪਨੇ ਲੈ ਰਿਹਾ ਸੀ।

ਭਾਰਤ ਰਹਿਣ ਦਾ ਹੁਣ ਕੋਈ ਹੱਜ ਨਹੀਂ ਸੀ। ਅਮਨ ਕਨੂੰੁਨ ਗਰਕ ਚੁੱਕੇ ਸਨ। ਆਮ ਨਾਗਰਿਕ ਦਾ ਕੋਈ ਜੀਵਨ ਹੀ ਨਹੀਂ ਸੀ। ਮਨਦੀਪ ਦਾ ਕਲਾਕਾਰ ਮਨ ਮਰ ਰਿਹਾ ਸੀ। ਇਕੱਲਾ ਮਨ ਹੀ ਨਹੀਂ ਉਸ ਦੀ ਅੰਸ਼ ਖਤਮ ਹੋਣ ਦਾ ਖਤਰਾ ਵੀ ਮੂੰਹ ਅੱਡੀਂ ਖੜਾ ਸੀ। ਕਈ ਵਾਰ ਉਹ ਆਪਣੇ ਆਪ ਨੂੰ ਲਾਹਣਤਾ ਪਾਉਂਦਾ “ਤੂੰ ਤਾਂ ਭਗੌੜਾ ਹੋ ਜਾਵੇਗਾਂ ਆਪਣੇ ਸੁਆਰਥ ਲਈ। ਜੋ ਤੇਰੇ ਵਰਗੇ ਜੋ ਲੱਖਾਂ ਹੋਰ ਨੇ ਉਨ੍ਹਾਂ ਦਾ ਕੀ ਬਣੂ?’ ਫੇਰ ਕਲਾਕਾਰ ਮਨ ਆਖਦਾ ਇਹ ਤਾਂ ਖੁਦਕਸ਼ੀ ਹੋਈ? ਫੇਰ ਤਾਂ ਤੂੰ ਆਪਣੇ ਲੋਕਾਂ ਲਈ ਕੁੱਝ ਵੀ ਨਹੀਂ ਕਰ ਸਕਦਾ। ਜਾਂ ਤੈਨੂੰ ਅੱਤਵਾਦੀ ਮਾਰ ਦੇਣਗੇ ਜਾਂ ਫੇਰ ਪੁਲੀਸ ਵਾਲੇ। ਸਿਆਣਪ ਏਹੋ ਕਿ ਕੇ ਜੇ ਮੌਕਾ ਬਣਦਾ ਹੈ ਜਾਨ ਬਚਾ ਕੇ ਨਿੱਕਲ ਜਾ ਏ ਮੁਲਕ ਚੋਂ। ਬਾਕੀ ਟੱਬਰ ਦਾ ਵੀ ਕੁੱਝ ਬਣ ਜਾਊ ਤੇ ਦਲੇਰ ਸਿੰਘ ਨੂੰ ਵੀ ਖੁਸ਼ੀ ਦੇ ਪਲ ਨਸੀਬ ਹੋ ਜਾਣਗੇ’। ਫੇਰ ਦੁਬਿਧਾ ਵਿੱਚ ਫਸੇ ਮਨ ਤੇ ਕੈਨੇਡਾ ਦੇ ਸੁਪਨੇ ਭਾਰੂ ਹੋਣ ਲੱਗੇ।

ਸਾਲ ਦਾ ਆਖਰੀ ਮਹੀਨਾ ਬੀਤ ਰਿਹਾ ਸੀ। ਕੜਾਕੇ ਦੀ ਸਰਦੀ ਨਾਲ ਧੁੰਦ ਵੀ ਜ਼ੋਰਾਂ ਦੀ ਪੈ ਰਹੀ ਸੀ। ਲੋਕ ਕੰਬਲਾਂ ਦੀਆਂ ਬੁੱਕਲਾਂ ਮਾਰੀ ਫਿਰਦੇ ਸਨ। ਜਿਸ ਨਾਲ ਅੱਤਵਾਦ ਦੇ ਭਾਂਬੜ ਵੀ ਭੈਭੀਤ ਕਰਦੇ ਰਹਿੰਦੇ। ਹਰ ਬੰਦਾ ਘਾਹ ਚ ਲੁਕੇ ਸੱਪ ਵਰਗਾ ਲੱਗਦਾ ਸੀ ਕਿ ਪਤਾ ਨਹੀਂ ਬੁੱਕਲ ਚੋਂ ਹਥਿਆਰ ਕੱਢ ਕਦੋਂ ਡੰਗ ਦੇਵੇ। ਕਲਾਕਾਰ ਬਗੈਰ ਕਿਸੇ ਸੁਰੱਖਿਆ ਦੇ ਨੰਗੇ ਧੜ ਖਤਰਾ ਮੁੱਲ ਲੈ ਕੇ ਕੰਮ ਕਰ ਰਹੇ ਸਨ।

6 ਦਸੰਬਰ ਦਾ ਦਿਨ ਸੀ ਪਿੰਡ ਤਲਵੰਡੀ ਵਿੱਚ ਫਿਲਮ ਅਦਾਕਾਰ ਵਰਿੰਦਰ ਪੰਜਾਬੀ ਫਿਲਮ ‘ਜੱਟ ਦੀ ਜ਼ਮੀਨ’ ਦੀ ਸ਼ੂਟਿੰਗ ਕਰ ਰਿਹਾ ਸੀ। ਮੋਟਰ ਸਾਈਕਲ ਸਵਾਰ ਕੰਬਲਾਂ ਦੀਆਂ ਬੁੱਕਲਾਂ ਵਾਲੇ, ਜੋ ਸ਼ੁਟਿੰਗ ਦੇ ਦਰਸ਼ਕਾਂ ਵਜੋਂ ਆਏ ਤੇ ਨਾਇਕ ਵਰਿੰਦਰ ਨੂੰ ਸ਼ੂਟ ਕਰ ਕਰੇ। 40 ਸਾਲਾ ਵਰਿੰਦਰ ਜੋ ਪੰਜਾਬੀ ਫਿਲਮਾਂ ਦਾ ਇੱਕੋ ਇੱਕ ਨਾਇਕ ਸੀ ਦੇ ਕਤਲ ਨੇ ਪੰਜਾਬ ਵਿੱਚ ਹਾਹਾਕਾਰ ਮਚਾ ਦਿੱਤੀ।

ਅੱਤਵਾਦ ਦੀ ਅਰਥੀ ਵਿੱਚ ਇੱਕ ਹੋਰ ਕਿੱਲ ਠੁਕ ਗਿਆ। ਇਹ ਉਹ ਸਮਾ ਸੀ ਜਦੋਂ ਪੰਜਾਬ ਦੇ ਹਰ ਮੁੰਡਾ ਜਾਨ ਭਜਾ ਕੇ ਏਥੋਂ ਭੱਜਣ ਲਈ ਅੱਡੀਆਂ ਨੂੰ ਥੁੱਕ ਲਾਈਂ ਫਿਰਦਾ ਸੀ। ਅੰਨੇ ਵਾਹ ਪੰਜਾਬੀ ਬਾਹਰਲੇ ਮੁਲਕਾਂ ‘ਚ ਜਾ ਕੇ ਰਾਜਨੀਤਕ ਸ਼ਰਨ ਲੈਣ ਲੱਗੇ। ਮਨਦੀਪ ਤਾਂ ਵਿਆਹ ਦੇ ਆਧਾਰ ਤੇ ਪੱਕਾ ਜਾ ਰਿਹਾ ਸੀ। ਹਰ ਕੋਈ ਆਖਦਾ ‘ਹੋਰ ਤੈਨੂੰ ਕੀ ਚਾਹੀਦਾ ਹੈ’ ਫੇਰ ਮਨਦੀਪ ਵੀ ਇੱਕ ਲੰਮੀ ਉਡਾਰੀ ਲਈ ਪਰ ਤੋਲਣ ਲੱਗ ਪਿਆ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com