WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 57

ਸਮੁੰਦਰ ਮੰਥਨ (PDF, 568KB)    


ਜਨਵਰੀ 1989 ਦੇ ਅਜੇ ਕੁੱਝ ਹੀ ਦਿਨ ਲੰਘੇ ਸਨ, ਪਰ ਅੱਜ ਮਨਦੀਪ ਦਾ ਮਨ ਬੇਹੱਦ ਉਦਾਸ ਸੀ। 6 ਜਨਵਰੀ ਨੂੰ ਕੇਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ ਵਿੱਚ ਫਾਂਸੀ ਚੜ੍ਹਾ ਦਿੱਤਾ ਗਿਆ। ਇੱਕ ਪੱਖ ਏਨਾਂ ਨੂੰ ਗ਼ਦਾਰ ਦੇ ਦੂਸਰਾ ਸ਼ਹੀਦ ਆਖ ਰਿਹਾ ਸੀ। ਹੁਣ ਹਰ ਪਾਸੇ ਇਨ੍ਹਾਂ ਦੀਆਂ ਹੀ ਗੱਲਾਂ ਹੋ ਰਹੀਆਂ ਸਨ। ਇਹ ਸਾਰਾ ਕੁੱਝ ਅੱਗ ਦੇ ਭਾਂਬੜਾਂ ਤੇ ਤੇਲ ਪਾਉਣ ਵਰਗਾ ਸੀ।

ਮਨਦੀਪ ਦਾ ਇੱਕ ਫੁੱਫੜ ਤੇ ਰਿਸ਼ਤੇਦਾਰੀ ‘ਚੋਂ ਲੱਗਦਾ ਚਾਚਾ ਖਾੜਕੂਆਂ ਦੇ ਕੱਟੜ ਹਮਾਇਤੀ ਬਣ ਚੁੱਕੇ ਸਨ। ਜਿਨਾਂ ਨੇ ਦਾਹੜੀਆਂ ਰੱਖ, ਅਮ੍ਰਿਤ ਛਕ ਕੇ ਗਾਤਰੇ ਪਾ ਲਏ ਸਨ। ਇਸ ਵਾਰ ਵੀ ਜਦੋਂ ਸਾਰੇ ਰਿਸ਼ਤੇਦਾਰ ਇੱਕ ਵਿਆਹ ਤੇ ਇਕੱਠੇ ਹੋਏ ਤਾਂ ਉਹ ਕਿਸੇ ਨੂੰ ਹੋਰ ਨੂੰ ਗੱਲ ਹੀ ਨਹੀਂ ਸਨ ਕਰਨ ਦੇ ਰਹੇ। ਅਖੇ ਖਾਲਿਸਤਾਨ ਤਾਂ ਹੁਣ ਬਣ ਕੇ ਹੀ ਰਹੇਗਾ। ਹਿੰਦੂਆਂ ਨੂੰ ਪੰਜਾਬ ਛੱਡਣਾ ਹੀ ਪਵੇਗਾ। ਹੋਰ ਤਾਂ ਹੋਰ ਉਹ ਤਾਂ ਰਿਸ਼ਤੇਦਾਰਾਂ ਨੂੰ ਰਮਾਇਣ ਤੇ ਮਹਾਂਭਾਰਤ ਵਰਗੇ ਸੀਰੀਅਲ ਦੇਖਣ ਤੋਂ ਵੀ ਵਰਜ ਰਹੇ ਸਨ। ਉਨ੍ਹਾਂ ਅਨੁਸਾਰ ਇਹ ਹਿੰਦੂ ਧਰਮ ਦਾ ਪ੍ਰਚਾਰ ਸੀ। ਇਹ ਕੱਟੜਵਾਦ ਇਕੱਲਾ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਕੋਨੇ ਵਿੱਚ ਪੈਰ ਪਸਾਰ ਰਿਹਾ ਸੀ। ਮਨਦੀਪ ਨੂੰ ਸਮਝ ਨਹੀਂ ਸੀ ਆ ਰਹੀ ਕਿ ਲੋਕ ਕਿੱਧਰ ਨੂੰ ਜਾ ਰਹੇ ਹਨ।

9ਜਨਵਰੀ ਦੀ ਰਾਤ ਨੂੰ ਮੇਲੂ ਰਾਮ ਕਹਾਣੀਕਾਰ ਦੇ ਘਰ ਦੀਵਾ ਬਲੇ ਸਾਰੀ ਰਾਤ ਪ੍ਰੋਗਰਾਮ ਹੋ ਰਿਹਾ ਸੀ। ਸਾਹਿਤ ਇੱਕ ਦੀਵਾ ਹੀ ਤਾਂ ਸੀ। ਪਰ ਪੰਜਾਬ ਦੇ ਹਨੇਰ ਨੂੰ ਦੂਰ ਕਰਨਾ ਕੋਈ ਅਸਾਨ ਕੰਮ ਨਹੀਂ ਸੀ। ਦਹਿਸ਼ਤਗਰਦੀ ਦੀ ਹਨੇਰੀ ਜਿੱਥੇ ਵੀ ਕਿਸੇ ਦੀਵੇ ਨੂੰ ਚਾਨਣ ਵੰਡਦਾ ਵੇਖਦੀ ਬੁਝਾ ਦਿੰਦੀ।

ਇਸੇ ਰਾਤ ਸਾਰੇ ਲੇਖਕ ਦੋਸਤਾਂ ਨੇ ਭੀਸ਼ਮ ਸਾਹਨੀ ਦਾ ਲੜੀਵਾਰ ਨਾਟਕ ‘ਤਮਸ’ ਵੀ ਦੂਦਰਸ਼ਨ ਤੇ ਵੇਖਿਆ। ਜੋ 1947 ਦੇ ਦੰੰਗਆਂ ਬਾਰੇ ਸੀ। ਪਰ ਪੰਜਾਹ ਸਾਲ ਬੀਤ ਜਾਣ ਬਾਅਦ ਵੀ ਤਾਂ ਹਨੇਰਾ ਅਜੇ ਉਸੇ ਰੂਪ ਵਿੱਚ ਕਾਇਮ ਸੀ। ਇਸ ਮੀਟਿੰਗ ਵਿੱਚ ਬਹੁਤ ਸਾਰੇ ਕਹਾਣੀਕਾਰ ਸ਼ਾਮਲ ਹੋਏ। ਜੋ ਇਸ ਹਨੇਰੇ ਨੂੰ ਦੂਰ ਕਰਨ ਦੇ ਯਤਨ ਕਰ ਰਹੇ ਸਨ। ਮਨਦੀਪ ਨੇ ਵੀ ਏਥੇ ਆਪਣੀ ਕਹਾਣੀ ਪੜ੍ਹੀ। ਕੁੱਝ ਹੀ ਦਿਨਾਂ ਬਾਅਦ ਇਨ੍ਹਾਂ ਤੱਤੀਆਂ ਹਵਾਵਾਂ ਨੇ ਮੇਲੂ ਰਾਮ ਦਾ ਭਰਾ ਵੀ ਨਿੱਘਲ ਲਿਆ। ਕਈ ਵਾਰ ਮਨਦੀਪ ਨੂੰ ਏਨਾਂ ਗੁੱਸਾ ਚੜ੍ਹਦਾ ਕਿ ਸਭ ਕੁੱਝ ਖਤਮ ਕਰ ਦਵੇ। ਏਹ ਧਰਮ ਦੇ ਮਖੌਟਿਆਂ ਹੇਠ ਛੁਪੇ ਕਾਤਲਾਂ ਨੂੰ ਬੇਨਕਾਬ ਕਰਨ ਦਾ ਕੋਈ ਹੌਸਲਾ ਕਿਉਂ ਨਹੀਂ ਸੀ ਕਰ ਰਿਹਾ?

ਮਨਦੀਪ ਜਿਵੇਂ ਮੁਸ਼ਕ ਮਾਰਦੀਆਂ ਲਾਸ਼ਾਂ ਹੇਠੋਂ ਨਿੱਕਲਣ ਦਾ ਯਤਨ ਕਰ ਰਿਹਾ ਹੋਵੇ। ਉਸ ਦੀ ਜਵਾਨੀ ਤੇ ਭਵਿੱਖ ਦੋਵੇਂ ਮੁਰਦਾ ਕਰ ਦਿੱਤੇ ਗਏ ਸਨ। ਸਲਮਨ ਰਸ਼ਦੀ ਨੂੰ ਅਜਿਹੀਆਂ ਹੀ ਲਾਸ਼ਾਂ ਦੀ ਦੁਰਗੰਧ ਨੇ ‘ਸ਼ੈਤਾਨ ਦੀਆਂ ਆਇਤਾਂ’ ਨਾ ਦੀ ਪੁਤਕ ਲਿਖਣ ਲਈ ਮਜ਼ਬੂਰ ਕੀਤਾ ਹੋਵੇਗਾ। ਏਸੇ ਕਰਕੇ ਤਾਂ 18 ਫਰਵਰੀ ਦੀ ਅਖ਼ਬਾਰ ਵਿੱਚ ਇਹ ਵੱਡੀ ਖ਼ਬਰ ਸੀ ਕਿ ਇਰਾਨ ਦੇ ਰਾਸ਼ਟਰਪਤੀ ਅਤੇ ਧਾਰਮਿਕ ਨੇਤਾ ਅਤਾਉੱਲਾ ਖੁਮੀਨੀ ਨੇ ਸਲਮਨ ਰਸ਼ਦੀ ਦਾ ਸਿਰ ਕਲਮ ਕਰਨ ਵਾਲੇ ਨੂੰ 52 ਲੱਖ ਅਮਰੀਕਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਵਿਸ਼ਵ ਅੱਤਵਾਦ ਫੈਲਾਉਣ ਦਾ ਇੱਕ ਖਤਰਨਾਕ ਸੰਦੇਸ਼ ਸੀ। ਕੱਟੜਵਾਦੀ ਕਿਸੇ ਦੀ ਵੀ ਜ਼ੁਬਾਨ ਬੰਦ ਕਰ ਸਕਦੇ ਸਨ।

ਵਕਤ ਕੀੜੀ ਦੀ ਤੋਰ ਸਰਕ ਰਿਹਾ ਸੀ। ਛੇ ਅਪਰੈਲ ਦਾ ਦਿਨ ਚੜ੍ਹਿਆ ਤਾਂ ਮਨਦੀਪ ਦੇ ਨਾਨਕਿਆਂ ਤੋਂ ਸੁਨੇਹਾ ਆਇਆ ਕਿ ਉਸਦਾ ਮਾਮਾ ਬਲਕਾਰ ਸਿੰਘ ਵੀ ਚੜ੍ਹਾਈ ਕਰ ਗਿਆ ਹੈ। ਉਦਾਸੀ ਹੋਰ ਵੀ ਭਾਰੂ ਹੋ ਗਈ। ਇਨ੍ਹਾਂ ਹੀ ਦਿਨਾਂ ਵਿੱਚ ਬਿੰਦਰ ਛੁੱਟੀ ਆ ਗਿਆ। ਕੁੱਝ ਦਿਨ ਉਸ ਦੇ ਬੈਠਣ ਉੱਠਣ ਨਾਲ ਵਧੀਆ ਲੰਘ ਗਏ। ਡਾ: ਰਵਿੰਦਰ ਦੀ ਮੌਤ ਕਾਰਨ ਮਨਦੀਪ ਦਾ ਪੀ ਐੱਚ ਡੀ ਦਾ ਕੰਮ ਵੀ ਰੁਕ ਗਿਆ। ਚੰਗੀ ਗੱਲ ਇਹ ਹੋਈ ਕਿ ਉਸਦਾ ਕੈਨੇਡਾ ਜਾਣ ਲਈ ਮੈਡੀਕਲ ਆ ਗਿਆ।

ਖਾਲਿਸਤਾਨੀ ਰੰਗਣ ਵਿੱਚ ਪਰਵਾਸੀ ਭਾਰਤੀ ਕੁੱਝ ਜ਼ਿਆਦਾ ਹੀ ਰੰਗੇ ਹੋਏ ਸਨ। ਇਸੇ ਕਰਕੇ ਤਾਂ ਇਸ ਲਹਿਰ ਨੂੰ ਉਹ ਅੰਧਾ ਧੁੰਦ ਪੈਸਾ ਭੇਜ ਰਹੇ ਸਨ। ਖਾਲਿਸਤਾਨੀ ਕਹਾਉਣ ਵਾਲੇ ਬਹੁਤੇ ਲੀਡਰ ਬਿਦੇਸ਼ਾਂ ਵਿੱਚ ਹੀ ਤਾਂ ਬੈਠੇ ਸਨ। ਉਨ੍ਹਾਂ ਨੂੰ ਤਾਂ ਪੰਜਾਬ ਵਿੱਚ ਲੱਗੀ ਅੱਗ ਬਸੰਤਰ ਹੀ ਨਜ਼ਰ ਆ ਰਹੀ ਸੀ। ਮਨਦੀਪ ਦੇ ਮਾਮੇ ਦਾ ਲੜਕਾ ਧਰਮਾਂ ਵੀ ਤਾਂ ਅਮਰੀਕਾ ਬੈਠਾ ਕੁੱਝ ਏਸੇ ਹੀ ਰੰਗ ਦੀ ਗੱਲ ਕਰਦਾ।

ਇੱਕ ਦਿਨ ਜਦੋਂ ਮਨਦੀਪ ਉਸ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਉਹ ਅੱਗੋਂ ਪੁੱਛ ਰਿਹਾ ਸੀ ਅੱਜ ਕਿੰਨੀਆਂ ਵਿਕਟਾਂ ਗਿਰੀਆਂ, ਭਾਵ ਕਿੰਨੇ ਲੋਕ ਮਰੇ। ਇਨ੍ਹਾਂ ਲੋਕਾਂ ਲਈ ਤਾਂ ਇਹ ਕਤਲੋ ਗਾਰਤ ਸਿਰਫ ਇੱਕ ਕ੍ਰਿਕਟ ਦਾ ਖੇਡ ਸੀ। ਤੇ ਜਿਸ ਦਾ ਉਹ ਆਨੰਦ ਮਾਣ ਰਹੇ ਸਨ। ਅਜਿਹੇ ਲੋਕਾਂ ਦੀ ਬਦੌਲਤ ਹੀ ਦਿੱਲੀ ਦੇ ਦੰਗੇ ਹੋਏ ਅਤੇ ਬੱਸਾਂ ‘ਚੋਂ ਕੱਢ ਜਾਂ ਦੁਕਾਨਾਂ ਤੇ ਘਰਾਂ ‘ਚੋਂ ਘਸੀਟ ਬੇਕਸੂਰ ਲੋਕ ਮਾਰੇ ਜਾਂਦੇ ਰਹੇ। ਦੇਸ਼ ਦੀਆਂ ਸੈਨਾਵਾਂ ਕੁੱਝ ਵੀ ਕਰਨ ਜੋਗੀਆਂ ਨਹੀਂ ਸਨ। ਉਨ੍ਹਾਂ ਦੇ ਫੈਸਲੇ ਸਰਕਾਰਾਂ ਦੇ ਹੱਥ ਸਨ। ਪਰ ਸਰਕਾਰ ਤਾਂ ਖੁਦ ਬੋਫੋਰਜ਼ ਤੋਪ ਮਾਮਲੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ ਜਿਸ ਕਾਰਨ 75 ਪਾਰਲੀਮੈਂਟ ਮੈਂਬਰਾਂ ਨੂੰ ਲੋਕ ਸਭਾ ਤੋਂ ਅਸਤੀਫੇ ਵੀ ਦੇਣੇ ਪਏ।

ਮਨਦੀਪ ਦਾ ਰਿਸ਼ਤਾ ਅਜੇ ਪੂਰੀ ਤਰ੍ਹਾਂ ਨੇਪਰੇ ਵੀ ਨਹੀਂ ਸੀ ਚੜ੍ਹਿਆ ਪਰ ਜਰਨੈਲ ਦੇ ਸਹੁਰਿਆਂ ਨੇ ਇੱਕ ਹੋਰ ਹੀ ਨਵਾਂ ਸੌਦਾ ਵਿੱਚ ਲੈ ਆਂਦਾ ਕਿ ਮਨਦੀਪ ਦਾ ਰਿਸ਼ਤਾ ਤਾਂ ਹੋਵੇਗਾ ਜੇ ਅੱਗੋ ਉਸਦੇ ਛੋਟੇ ਭਰਾਵਾਂ ਨਾਲ ਸਾਡੀਆਂ ਦੋ ਹੋਰ ਰਿਸ਼ਤੇਦਾਰ ਕੁੜੀਆਂ ਬਾਹਰ ਕੱਢੀਆਂ ਜਾਣਗੀਆਂ। ਇਹ ਘੈਂਸ ਘੈਂਸ ਫੇਰ ਕਿੰਨੇ ਹੀ ਦਿਨ ਚੱਲਦੀ ਰਹੀ। ਮਨਦੀਪ ਵੀ ਬੇਹੱਦ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ।

ਪਰ ਇੱਕ ਦਿਨ ਉਨ੍ਹਾਂ ਨੂੰ ਮਜਬੂਰੀ ਵਸ, ਦੱਸੀ ਹੋਈ ਕੁੜੀ ਨੂੰ ਰਘਵੀਰ ਵਾਸਤੇ ਸ਼ਗਨ ਪਾਉਣ ਜਾਣਾ ਹੀ ਪਿਆ। ਹੌਲੀ ਹੌਲੀ ਜਰਨੈਲ ਵੀ ਮਨਦੀਪ ਦੇ ਪਰਿਵਾਰ ਤੇ ਇਸ ਰਿਸ਼ਤੇ ਦੀ ਆੜ ਹੇਠ ਹੁਕਮ ਚਲਾਉਣ ਲੱਗਾ ਅਤੇ ਕਈ ਗੱਲਾਂ ਮਨਵਾਉਣ ਲੱਗਿਆ। ਉਧਰ ਦਲੇਰ ਸਿੰਘ ਸਿਰ ਕਈ ਤਰ੍ਹਾਂ ਦਾ ਖਰਚਾ ਪਾਇਆ ਜਾਣ ਲੱਗਿਆ ਤੇ ਉਹ ਵੀ ਬਹੁਤ ਪਰੇਸ਼ਾਨ ਸੀ। ਪਰ ਉਸ ਨੂੰ ਸੀ ਕਿ ਕਿਸੇ ਵੀ ਤਰੀਕੇ ਨਾਲ ਮੇਰਾ ਮੁੰਡਾ ਇਸ ਦਲਦਲ ਵਿੱਚੋਂ ਬਾਹਰ ਨਿੱਕਲ ਜਾਵੇ। ਸਾਰਾ ਕੁੱਝ ਮੰਨਦਿਆਂ ਉਹ ਮਨਦੀਪ ਦੇ ਬਾਹਰ ਜਾਣ ਲਈ ਰਸਤਾ ਪੱਧਰਾ ਕਰਨ ਵਿੱਚ ਜੁੱਟਿਆ ਰਿਹਾ, ਕਿ ਚਲੋ ਜੋ ਹੋਊ ਦੇਖੀ ਜਾਊ।

29 ਅਗਸਤ ਨੂੰ ਮਨਦੀਪ ਲਈ ਇੱਕ ਹੋਰ ਮਾਨਸਿਕ ਬੰਬ ਫਟਿਆ। ਮਨਦੀਪ ਦੇ ਸਭ ਤੋਂ ਵੱਡੇ ਮਾਮਾ ਗੁਰਜੀਤ ਸਿੰਘ ਦੀ ਮੌਤ ਹੋ ਗਈ। ਇਨ੍ਹਾਂ ਮੌਤਾਂ ਨੇ ਉਸਦੀ ਨਾਨੀ ਮਹਿਤਾਬ ਕੌਰ ਨੂੰ ਝੰਬ ਸੁੱਟਿਆ ਸੀ। ਪਹਿਲਾਂ ਪਤੀ ਫੇਰ ਦੋਹਤਾ ਫੇਰ ਛੋਟਾ ਪੁੱਤਰ ਅਤੇ ਫੇਰ ਵੱਡਾ ਪੁੱਤਰ, ਕੁਝ ਹੀ ਮਹੀਨਿਆਂ ਵਿੱਚ ਤੁਰ ਗਏ। ਮਨਦੀਪ ਤਾਂ ਐਤਕੀ ਪਿੰਡ ਤੱਖਰ ਦੇ ਮੇਲੇ ਤੇ ਵੀ ਨਾ ਸਕਿਆ।

ਅਜੇ ਉਹ ਇਨ੍ਹਾਂ ਹੀ ਪੀੜਾਂ ਵਿੱਚੋਂ ਗੁਜ਼ਰ ਰਿਹਾ ਸੀ ਤਾਂ ਜਰਨੈਲ ਨੇ ਛੋਟੇ ਬਿੰਦਰ ਦਾ ਰਿਸ਼ਤਾ ਪੱਕਾ ਕਰਨ ਦੀ ਜਿੱਦ ਫੜ ਲਈ। ਉਸ ਨੂੰ ਫੌਜ ਤੋਂ ਛੁੱਟੀ ਮੰਗਵਾਇਆ ਗਿਆ। ਮੰਗਣਾ ਹੋ ਕੇ ਹਟਿਆ ਤਾਂ ਮਨਦੀਪ ਦੇ ਇੱਕ ਬਹੁਤ ਪਿਆਰੇ ਦੋਸਤ ਦੀ ਮੌਤ ਹੋ ਗਈ। ਸੰਸਕਾਰ ਤੋਂ ਵਾਪਸ ਆਇਆ ਤਾਂ ਅੱਗੇ ਪਤਾ ਲੱਗਿਆ ਕਿ ਉਹ ਕੁੜੀ ਸ਼ਾਦੀ ਲਈ ਹੁਣ ਇੰਡੀਆ ਆ ਰਹੀ ਹੈ। ਜਰਨੈਲ ਦੀ ਚਿੱਠੀ ਸੀ ਕਿ ਅਗਲੇ ਮਹੀਨੇ ਹਰ ਹਾਲਤ ਵਿੱਚ ਵਿਆਹ ਕਰਨਾ ਪਵੇਗਾ। ਹੁਣ ਉਸ ਨੂੰ ਇਹ ਕਾਹਲ ਸੀ ਕੇ ਜੇ ਇਸਦਾ ਵਿਆਹ ਹੋਵੇਗਾ ਤਾਂ ਹੀ ਇਹ ਪਰਿਵਾਰ ਸੱਦੇਗਾ। ਜੇ ਫੇਰ ਇਸਦੇ ਛੋਟੇ ਭਰਾ ਆਉਣਗੇ ਤਾਂ ਅੱਗੋਂ ਮੇਰੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਜਲਦੀ ਕੈਨੇਡਾ ਆ ਸਕਣਗੀਆਂ।

ਦਲੇਰ ਸਿੰਘ ਲਈ ਤਾਂ ਮਾਨਸਿਕ ਕਸ਼ਟ ਹੋਰ ਵੀ ਵੱਧ ਗਿਆ। ਦਸਾਂ ਦਿਨਾਂ ਵਿੱਚ ਤਾਂ ਕੱਪੜੇ ਵੀ ਸਿਲਾਈ ਨਹੀ ਹੁੰਦੇ, ਵਿਆਹ ਦਾ ਐਡਾ ਪ੍ਰਬੰਧ ਕਰਨਾ ਕਿਹੜਾ ਸੌਖਾ ਸੀ? ਜਿਵੇਂ ਉਨ੍ਹਾਂ ਨੂੰ ਕੰਡਿਆਂ ਤੋਂ ਘਸੀਟਿਆ ਜਾ ਰਿਹਾ ਹੋਵੇ। ਕਾਰਡ ਛਪਾ, ਕੱਪੜੇ ਖਰੀਦ, ਹਲਵਾਈ ਦਾ ਸਮਾਨ ਲਿਆ ,ਜਿਵੇਂ ਸਭ ਕਾਸੇ ਨੇ ਉਨ੍ਹਾ ਦੀ ਭੂਤਨੀ ਭੁਲਾ ਦਿੱਤੀ ਸੀ। ਆਖਿਰ ਲਧਿਆਣੇ ਦੇ ਇੱਕ ਹੋਟਲ ਵਿੱਚ ਵਿਆਹ ਵੀ ਹੋ ਗਿਆ।

ਲੋਕ ਹੈਰਾਨ ਸਨ ਕਿ ਕਿਵੇਂ ਇੱਕ ਛੋਟੇ ਕਿਸਾਨ ਦੇ ਘਰ ਇਹ ਕੈਨੇਡਾ ਵਾਲਾ ਰਿਸ਼ਤਾ ਹੋ ਗਿਆ। ਲੋਕ ਕਈ ਤਰ੍ਹਾਂ ਦੀਆਂ ਗੱਲਾਂ ਬਣਾ ਰਹੇ ਸਨ ਕਿ ਇਹ ਝੂਠ ਹੈ ਠੱਗੀ ਹੈ। ਪਰ ਉਹ ਲੜਕੀ ਵਿਆਹ ਤੋਂ ਬਾਅਦ ਦਿੱਲੀ ਆਪ ਉਸ ਨਾਲ ਵਿਆਹ ਸਬੰਧੀ ਪੇਪਰ ਦੇਣ ਅੰਬੈਸੀ ਗਈ ਸੀ। ਇਹ ਮਹੀਨਾ ਉਸ ਲਈ ਬਹੁਤ ਚੰਗਾ ਲੰਘਿਆ। ਰਾਜਵਿੰਦਰ ਉਸ ਦੀ ਕਾਫੀ ਚੰਗੀ ਸੀ। ਜੋ ਸਾਰੇ ਕੰਮ ਮੁਕਾ ਫੇਰ ਵਾਪਸ ਕਨੇਡਾ ਚਲੀ ਗਈ। ਮਨਦੀਪ ਉਸ ਨੂੰ ਦਿੱਲੀ ਤੱਕ ਛੱਡਣ ਵੀ ਗਿਆ। ਪਰ ਬਾਅਦ ਵਿੱਚ ਉਹ ਬਹੁਤ ਉਦਾਸ ਰਹਿਣ ਲੱਗਾ।

ਦਿੱਲੀ ਆ ਕੇ ਉਹ ਮਹਿਸੂਸ ਕਰਨ ਲੱਗਿਆ ਕਿ ਉਹ ਵੀ ਇੱਕ ਦਿਨ ਏਸੇ ਹਵਾਈ ਅੱਡੇ ਤੇ ਆਵੇਗਾ। ਫੇਰ ਸਾਰਾ ਕੁੱਝ ਛੱਡ ਛਡਾ ਕੈਨੇਡਾ ਲਈ ਜ਼ਹਾਜ ਚੜ ਜਾਵੇਗਾ। ਇਸ ਬਲਦੀ ਅੱਗ ਚੋਂ ਨਿੱਕਲਕੇ, ਸਵਰਗਾਂ ਵਿੱਚ ਪਹੁੰਚ ਜਾਵੇਗਾ। ਆਪਣਾ ਦੇਸ਼ ਤਾਂ ਉਸ ਨੂੰ ਕੁੱਝ ਵੀ ਨਹੀਂ ਸੀ ਦੇ ਸਕਿਆ।ਵਅੱਤਵਾਦ ਦੀ ਭੱਠੀ ਅਜੇ ਉਵੇਂ ਹੀ ਮਘ ਰਹੀ ਸੀ।ਵਪਰ ਇਸ ਸਾਲ ਦਾ ਅੰਤ ਵੀ ਆਣ ਪਹੁੰਚਿਆ। ਮਨਦੀਪ ਜਿਸ ਦਿਨ ਦਾ ਰਾਜਵਿੰਦਰ ਨੂੰ ਜਹਾਜ਼ ਚੜਾ ਕੇ ਮੁੜਿਆ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਅਸਮਾਨ ਤੋਂ ਧੱਕਾ ਦੇ ਕੇ ਉਸ ਨੂੰ ਕਿਸੇ ਨੇ ਥੱਲੇ ਸੁੱਟ ਦਿੱਤਾ ਹੋਵੇ। ਪਰ ਹੁਣ ਉਸ ਕੋਲ ਇੱਕ ਨਵੇਂ ਰਿਸ਼ਤੇ ਦਾ ਨਿੱਘ ਸੀ ਅਤੇ ਪਿਆਰ ਦੀ ਤੰਦ ਸੀ, ਜੋ ਉਸ ਨੂੰ ਆਪਣੇ ਵਲ ਖਿੱਚ ਰਹੀ ਸੀ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com