WWW 5abi.com  ਸ਼ਬਦ ਭਾਲ

ਨਾਵਲ
ਸਮੁੰਦਰ ਮੰਥਨ

ਮੇਜਰ ਮਾਂਗਟ, ਕਨੇਡਾ

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        
   

ਭਾਗ 59

ਸਮੁੰਦਰ ਮੰਥਨ (PDF, 568KB)    


ਮਨਦੀਪ ਨੂੰ ਵੀਜ਼ਾ ਮਿਲਣ ਤੇ ਘਰ ਦੇ ਸਾਰੇ ਮੈਂਬਰ ਇੱਕ ਅਨੂਠੀ ਖੁਸ਼ੀ ਵਿੱਚ ਵਿਚਰ ਰਹੇ ਸਨ। ਹਾੜੀ ਦਾ ਕੰਮ ਵੀ ਸਭ ਨੂੰ ਭੁੱਲ ਗਿਆ ਸੀ, ਜੋ ਇਸ ਵਾਰ ਦਲੇਰ ਸਿੰਘ ਨੇ ਮਜ਼ਦੂਰ ਲਾ ਕੇ ਕਰਵਾ ਲਿਆ। ਕਣਕ ਵੱਢਣ, ਭਰੀਆਂ ਢੋਣ, ਥਰੈਸ਼ਰ ‘ਚ ਰੁੱਗ ਲਾਉਣ, ਦਾਣੇ ਸਾਂਭਣ, ਮੰਡੀ ਜਾਣ ਅਤੇ ਤੂੜੀ ਢੋਣ ਲਈ ਆਦਿ ਕਿਸੇ ਵੀ ਕੰਮ ਲਈ ਦਲੇਰ ਸਿੰਘ ਨੇ ਮਨਦੀਪ ਨੂੰ ਨਾ ਕਿਹਾ। ਉਸਦੇ ਸਹੁਰੇ ਵੀ ਹੁਣ ਹਰ ਦੂਜੇ ਤੀਜੇ ਦਿਨ ਗੇੜਾ ਮਾਰ ਜਾਂਦੇ ਤੇ ਜਲਦੀ ਜਾਣ ਲਈ ਆਖਦੇ। ਬੱਸ ਸਮਾਨ ਸੀ ਕਿ ਇਕੱਠਾ ਹੋਣ ਵਿੱਚ ਹੀ ਨਹੀਂ ਸੀ ਆ ਰਿਹਾ।

ਕਿਧਰੇ ਕੱਪੜੇ ਸਿਲਾਈ ਹੋ ਰਹੇ ਤੇ ਸਨ ਕਿਧਰੇ ਭਾਂਡੇ ਤੇ ਸੂਟ ਲਏ ਜਾ ਰਹੇ ਸਨ। ਇਹ ਹੀ ਉਨ੍ਹਾਂ ਲਈ ਜਿਵੇਂ ਚੌਂਕੀ ਦੀ ਛਾਲ ਸੀ। ਬਚਨ ਕੌਰ ਨੇ ਮਨਦੀਪ ਦੇ ਖਰਚੇ ਤੁਰੰਤ ਪੂਰੇ ਕਰਨ ਲਈ ਆਪਣੇ ਵੀ ਕੁੱਝ ਗਹਿਣੇ ਵੇਚ ਦਿੱਤੇ, ਕਿ ਜਦੋਂ ਮਨਦੀਪ ਕੈਨੇਡਾ ਚਲਾ ਗਿਆ ਤਾਂ ਆਪੇ ਕਮਾ ਕੇ ਦੁਬਾਰਾ ਲੈ ਦਊ। ਵਿਆਹ ਵਾਲੀ ਮੁੰਦਰੀ ਵੇਚਣ ਲੱਗਿਆਂ ਤਾਂ ਬਚਨ ਕੌਰ ਦੀਆਂ ਅੱਖਾਂ ਭਰ ਆਈਆਂ ਸਨ।

ਕਣਕ ਅਤੇ ਵੇਚੇ ਗਹਿਣਿਆਂ ਦੇ ਪੈਸੇ ਇਕੱਠੇ ਕਰਕੇ ਦਲੇਰ ਸਿੰਘ ਮਨਦੀਪ ਲਈ ਜਹਾਜ਼ ਦੀ ਟਿਕਟ ਤੇ ਤੇ ਕੁੱਝ ਹੋਰ ਸਮਾਨ ਖਰੀਦ ਲਿਆਇਆ। ਫੇਰ ਅਟੈੱਚੀ ਭਰਨ ਲੱਗੇ। ਟਿਕਟ ਅਨੁਸਾਰ ਉਸਨੇ ਦਿੱਲੀ ਤੋਂ 17 ਮਈ ਦੀ ਰਾਤ ਨੂੰ 11 ਵਜੇ ਏਅਰ ਫਰਾਂਸ ਦੇ ਜਹਾਜ਼ ਚੜਨਾ ਸੀ। ਮਨਦੀਪ ਲਈ ਇਹ ਸਾਰਾ ਕੁੱਝ ਨਵਾਂ ਸੀ। ਹੁਣ ਉਸ ਦਾ ਦਿਲ ਡੋਲਣ ਲੱਗਿਆ।

ਆਪਣਾ ਘਰ, ਖੇਤ ਆਪਣੀ ਬੈਠਕ ਨਿੱਕੀਆਂ ਨਿੱਕੀਆਂ ਅੱਧੀਆਂ ਅਧੂਰੀਆਂ ਪਿਆਰ ਕਹਾਣੀਆਂ ਉਸ ਦੇ ਦਿਲ ਨੂੰ ਬੇਚੈਨ ਕਰਨ ਲੱਗੀਆਂ। ਉਹ ਸੋਚਦਾ ਕੀ ਮੈਂ ਇਹ ਸਾਰਾ ਕੁੱਝ ਛੱਡ ਕੇ ਹੁਣ ਸੱਚ ਮੁੱਚ ਏਥੋਂ ਚਲਾ ਜਾਵਾਂਗਾ? ਉਹ ਪਸ਼ੂਆਂ ਨੂੰ ਪਾਣੀ ਪਿਆਂਉਦਾ, ਉਹਨਾਂ ਦੀਆਂ ਪਿੱਠਾਂ ਪਲੋਸ ਕੇ ਥਾਪੀਆਂ ਦਿੰਦਾ ਤੇ ਅੱਖਾਂ ਭਰ ਲੈਂਦਾ। ਉਸਦਾ ਕੁੱਤਾ ਟੋਮੀ ਉਸ ਨੂੰ ਸਭ ਕਾਸੇ ਤੋਂ ਬੇਖ਼ਬਰ ਹੋਇਆ ਉਸੇ ਤਰ੍ਹਾਂ ਲਾਡ ਕਰਦਾ। ਉਸਦੇ ਹੱਥੀ ਲਾਏ ਦਰਖਤ ਉਸ ਨੂੰ ਰੋਂਦੇ ਤੇ ਮੁਰਝਾਂਉਂਦੇ ਪ੍ਰਤੀਤ ਹੁੰਦੇ। ਉਹ ਖਿੜਕੀ ਵਿੱਚ ਖੜਾ ਦੂਰ ਤੱਕ ਖੇਤਾਂ ਨੂੰ ਨਿਹਾਰਦਾ ਰਹਿੰਦਾ।

ਹੁਣ ਉਸ ਨੂੰ ਆਪਣੀ ਮਾਂ ਬਚਨ ਕੌਰ, ਪਿਤਾ ਦਲੇਰ ਸਿੰਘ ਤੇ ਦੋਨੋ ਛੋਟੇ ਭਰਾ ਰਘਵੀਰ ਅਤੇ ਬਿੰਦਰ ਬਹੁਤ ਚੰਗੇ ਲੱਗਦੇ। ਸਭ ਦਾ ਬਹੁਤ ਪਿਆਰ ਆਉਂਦਾ। ਬਿੰਦਰ ਨੂੰ ਜਦੋਂ ਮਨਦੀਪ ਦੇ ਵੀਜ਼ੇ ਦੀ ਖਬਰ ਮਿਲੀ ਤੇ ਪਤਾ ਲੱਗਿਆ ਕਿ ਉਹ ਸਤਾਰਾਂ ਮਈ ਨੂੰ ਕੈਨੇਡਾ ਜਾ ਰਿਹਾ ਹੈ ਤਾਂ ਉਹ ਵੀ ਛੁੱਟੀ ਲੈ ਕੇ ਘਰ ਆ ਗਿਆ। ਬੱਸ ਹੁਣ ਉਹ ਕੁੱਝ ਦਿਨ ਦਾ ਹੀ ਮਹਿਮਾਨ ਸੀ।

ਜਿਵੇਂ ਸਾਰਾ ਕੁੱਝ ਉਸਦੇ ਹੱਥਾਂ ‘ਚੋਂ ਕਿਰਦਾ ਜਾ ਰਿਹਾ ਸੀ। ਫੇਰ ਉਸਦੇ ਦੁਬਈ ਵਾਲੇ ਚਾਚੇ ਹਰਮੀਤ ਸਿੰਘ ਨੇ ਉਸਦੇ ਦਿੱਲੀ ਜਾਣ ਲਈ ਵੈਨ ਵੀ ਬੁੱਕ ਕਰਵਾ ਦਿੱਤੀ। ਵਿਛੜਨ ਦਾ ਦਰਦ ਹੋਰ ਵੀ ਤਿੱਖਾ ਹੋ ਗਿਆ। ਜਿਵੇਂ ਕਿਸੇ ਨੂੰ ਫਾਂਸੀ ਲੱਗਣੀ ਹੋਵੇ। ਉਸਦੇ ਤਿੰਨ ਹੀ ਜ਼ਿਗਰੀ ਦੋਸਤ ਸਨ, ਜਿਨਾਂ ਨੂੰ ਸਿਰਫ ਉਸਦੇ ਜਾਣ ਦਾ ਪਤਾ ਸੀ। ਅਵਤਾਰ, ਜਗਤਾਰ ਤੇ ਸੁਰਿੰਦਰ ਜੋ ਉਸ ਨੂੰ ਕਈ ਵਾਰ ਆ ਕੇ ਮਿਲ ਗਏ ਸਨ। ਉਨ੍ਹਾਂ ਦੀਆਂ ਹੁਣ ਗੱਲਾਂ ਹੀ ਨਾ ਮੁੱਕਣ ‘ਚ ਆਂਉਦੀਆਂ। ਦੋਸਤ ਕਹਿੰਦੇ ਯਾਰ ਤੇਰੇ ਬਿਨਾ ਸਾਡਾ ਤਾਂ ਦਿਲ ਹੀ ਨਹੀਂ ਲੱਗਣਾ।

ਮਨਦੀਪ ਦੇ ਦੋਸਤਾਂ ਨੇ ਨਿਸ਼ਾਨੀ ਵਜੋਂ ਦੇਣ ਲਈ ਉਸਦੀਆਂ ਰਚਨਾਵਾਂ, ਕਿਤਾਬੀ ਰੂਪ ਵਿੱਚ ਛਪਵਾਉਣ ਦਾ ਫੈਸਲਾ ਕੀਤਾ। ਪੰਜਾਬ ਦੇ ਹਾਲਾਤ ਇਸ ਕਦਰ ਵਿਗੜੇ ਹੋਏ ਸਨ ਕਿ ਉਸਦਾ ਪਬਲਿਸ਼ਰ ਵੀ ਕਈ ਵਾਰ ਉਸ ਨੂੰ ਬੂਹਾ ਨਾ ਖੋਹਲਦਾ। ਮਸਾਂ ਭੱਜ ਨੱਸ ਕਰਕੇ ਉਨ੍ਹਾਂ ਕਿਤਾਬ ਛਪਵਾ ਲਈ। ਰਿਲੀਜ਼ ਸਮਾਗਮ ਤੇ ਬਹਾਨੇ ਨਾਲ ਸਾਰੇ ਸਾਹਿਤਕਾਰ ਦੋਸਤ ਵੀ ਮਿਲ ਲਏ। ਸਭ ਨੇ ਕਿਹਾ ਦੇਖੀਂ ਕੈਨੇਡਾ ਜਾ ਕੇ ਕਿਤੇ ਲਿਖਣਾ ਨਾ ਛੱਡ ਜਾਈਂ। ਜਦੋਂ ਹਫਤਾ ਕੁ ਰਹਿ ਗਿਆ ਤਾਂ ਮਨਦੀਪ ਨੂੰ ਜਾਪਿਆ ਜਿਵੇਂ ਭਾਰਤ ਵਿੱਚ ਖੁੱਲੀ ਜੀਵਨ ਦੀ ਇੱਕ ਇੱਕ ਫਾਈਲ ਉਹ ਬੰਦ ਕਰਦਾ ਜਾ ਰਿਹਾ ਹੋਵੇ। ਜ਼ਿੰਦਗੀ ਦਾ ਇੱਕ ਚੈਪਟਰ ਸਮਾਪਤ ਹੋ ਰਿਹਾ ਸੀ।

ਹਫਤਾ ਕੁ ਰਹਿੰਦਿਆਂ ਉਸ ਨੇ ਰਿਸ਼ਤੇਦਾਰੀਆਂ ਨੂੰ ਆਪਣੇ ਜਾਣ ਵਾਰੇ ਦੱਸਣਾਂ ਤੇ ਮਿਲਣਾ ਸ਼ੁਰੂ ਕੀਤਾ। ਭੂਆਂ ਮਾਸੀਆਂ ਨੂੰ ਮਿਲਣ ਉਪਰੰਤ ਉਹ ਆਪਣੇ ਨਾਨਕੇ ਰਣੀਏ ਵੀ ਮਿਲਣ ਗਿਆ, ਜੋ ਹੁਣ ਬਹੁਤ ਬਦਲ ਚੁੱਕਾ ਸੀ। ਜਿੱਥੇ ਉਸ ਦੇ ਬਚਪਨ ਦੀਆਂ ਅਨੇਕਾਂ ਯਾਦਾਂ ਸਨ। ਜਦੋਂ ਉਸ ਦੀ ਨਾਨੀ ਮਹਿਤਾਬ ਕੌਰ ਨੇ ਉਸ ਨੂੰ ਬੁੱਕਲ ‘ਚ ਲੈ ਕੇ ਸੌ ਦਾ ਨੋਟ ਦਿੰਦਿਆਂ ਅੱਖਾਂ ਭਰ ਲਈਆਂ ਤੇ ਕਿਹਾ “ਚੰਗਾਂ ਦੋਹਤਮਾਨ ਹੁਣ ਸਬੱਬੀਂ ਹੀ ਮੇਲੇ ਹੋਣਗੇ। ਤੂੰ ਤਾਂ ਭਾਈਂ ਸੱਤ ਸਮੁੰਦਰੋਂ ਪਾਰ ਚੱਲਿਆ। ਮੈਂ ਤਾਂ ਭਾਈ ਨਦੀਂ ਕਿਨਾਰੇ ਰੁੱਖੜਾਂ ਹਾਂ। ਚੰਗਾ ਮੇਰਾ ਪੁੱਤ…” ਮਨਦੀਪ ਦੀਆਂ ਤਾਂ ਭੁੱਬਾਂ ਹੀ ਨਿੱਕਲ ਗਈਆਂ। ਫੇਰ ਉਹ ਸਾਰੇ ਰਾਹ ਹੀ ਅੱਖਾਂ ਭਰੀਂ ਬੈਠਾ ਰਿਹਾ। ਪਿੰਡ ਦੀਆਂ ਮੜੀਆਂ ਕੋਲੋ ਲੰਗਦਿਆਂ ਉਸ ਨੂੰ ਆਪਣੇ ਨਾਨਾ ਸੰਤਾ ਸਿੰਘ ਦੀ ਬਹੁਤ ਯਾਦ ਆਈ। ਉਸ ਨੇ ਮਨ ਹੀ ਮਨ ਨਾਨੇ ਤੋਂ ਅਸ਼ੀਰਵਾਦ ਮੰਗਿਆ। ਕਾਰ ਧੂੜਾਂ ਉਡਾਉਂਦੀ ਅੱਗੇ ਵਧ ਰਹੀ ਸੀ। ਪਰ ਹੁਣ ਕਿਧਰੇ ਕੋਈ ਰੇਤਲਾ ਟਿੱਬਾਂ ਨਜ਼ਰ ਨਹੀਂ ਸੀ ਆ ਰਿਹਾ।

ਉਸ ਰਾਤ ਘਰ ਜਾ ਕੇ ਮਨਦੀਪ ਨੂੰ ਨੀਂਦ ਨਾ ਆਈ। ਉਹ ਸੋਚਦਾ ਰਿਹਾ ‘ਮੈਂ ਏਨ੍ਹਾ ਪੜ੍ਹਿਆ, ਰਾਤਾਂ ਝਾਗੀਆਂ ਹੁਣ ਜਦੋਂ ਦੇਸ਼ ਨੂੰ ਮੇਰੀ ਲੋੜ ਸੀ, ਮੈਂ ਜਾ ਰਿਹਾ ਹਾਂ। ਕੀ ਦੇਸ਼ ਦੇ ਮਾਲਕਾਂ ਨੂੰ ਉੱਜੜੀ ਜਾ ਰਹੀ ਊਰਜ਼ਾ ਤੇ ਜਵਾਨੀ ਦਾ ਕੋਈ ਫਿਕਰ ਨਹੀਂ? ਕਾਹਦੇ ਲਈ ਦੇਸ਼ ਆਜ਼ਾਦ ਹੋਇਆ ਸੀ? ਭਗਤ ਸਿੰਘ ਸਰਾਭੇ ਵਰਗੇ ਸੈਂਕੜੇ ਲੋਕ ਫਾਸੀ ਚੜ ਗਏ। ਗ਼ਦਰੀ ਬਾਬੇ ਜਾਨਾਂ ਕੁਰਬਾਨ ਕਰ ਗਏ ਕੇ ਲੋਕ ਖੁਸ਼ਹਾਲ ਹੋਣਗੇ। ਪਰ ਲੋਕ ਤਾਂ ਟੁੱਟ ਕੇ ਗਰਕਣ ਤੇ ਆ ਗਏ ਨੇ। ਲੋਟੂਆ ਮੁਨਾਫਾਖੋਰਾਂ ਦੀਆਂ ਗੋਗੜਾਂ ਅਤੇ ਅਤੇ ਕੋਠੀਆਂ ਹੋਰ ਵੱਡੀਆਂ ਹੁੰਦੀਆਂ ਰਹੀਆਂ ਸਨ। ਆਜ਼ਾਦੀ ਗੁਲਾਟੀਏ, ਦੇਸ਼ ਭਗਤ ਸਰਹੱਦਾਂ ਦੀ ਰਾਖੀ ਕਰਨ ਵਾਲੇ, ਦਲੇਰ ਸਿੰਘ ਵਰਗੇ ਲੱਖਾਂ ਲੋਕ ਮੰਦਹਾਲੀ ਦਾ ਜੀਵਨ ਜੀਣ ਤੇ ਮਜ਼ਬੂਰ ਹੋ ਗਏ ਅਤੇ ਉਨ੍ਹਾਂ ਦੇ ਬੱਚੇ ਦੇਸ਼ ਨਿਕਾਲ਼ੇ ਲਈ’।

ਸਿਆਣਾ ਸਿਆਸਤਦਾਨ ਉਹ ਹੀ ਹੰੁਦਾ ਹੈ ਜੋ ਦੇਸ਼ ਦੀ ਤਾਕਤ ਨੂੰ ਸੰਭਾਲ ਕੇ ਵਰਤਣ ਦੀ ਸਮਰੱਥਾ ਰੱਖਦਾ ਹੋਵੇ। ਪਰ ਤਾਕਤ ਤਾਂ ਸਾਰੇ ਹੱਦਾਂ ਬੰਨੇ ਤੋੜਦੀ ਬੇਰੁਜ਼ਗਾਰੀ ਦੀ ਝੰਬੀ ਕਦੇ ਨਕਲਬਾੜੀ ਤੇ ਕਦੀ ਖਾਲਿਸਤਾਨੀ ਮੂਵਮੈਂਟ ਦਾ ਰੂਪ ਧਾਰ ਰਹੀ ਸੀ। ਉੱਪਰੋ ਸਰਕਾਰਾਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਥਾਂ ਗੋਲੀ ਦੇ ਜ਼ੋਰ ਨਾਲ ਉਸ ਨੂੰ ਖਤਮ ਕਰਨ ਤੇ ਤੁੱਲੀ ਹੋਈ ਸੀ ਕਿ ਨਾ ਰਹੇਗੀ ਤਾਕਤ ਤੇ ਨਾ ਹੀ ਟੁੱਟੇਗੀ ਸਕਰਾਰ ਦੀ ਨੀਂਦ। ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦਾ ਸੀ ।ਪਰ ਕਾਲੇ ਅੰਗਰੇਜ਼ਾਂ ਨੇ ਤਾਂ ਨੌਜਵਾਨਾਂ ਨੂੰ ਦੇਸ਼ ਨਿਕਾਲੇ ਦੇ ਕੰਢੇ ਲਿਆ ਕੇ ਖੜਾ ਕਰ ਦਿੱਤਾ। ਉਨ੍ਹਾਂ ਹੀ ਨੌਜਵਾਨਾਂ ਵਿੱਚੋਂ ਮਨਦੀਪ ਵੀ ਇੱਕ ਸੀ।

ਇਤਿਹਾਸ ਦੀਆਂ ਪੁਸਤਕਾਂ ਪੜ੍ਹ ਕੇ ਉਸ ਨੂੰ ਪਤਾ ਲੱਗਿਆ ਸੀ ਕਿ ਆਰੀਅਨ ਲੋਕ ਪੰਜਾਬ ਵਿੱਚ ਆ ਕੇ ਵਸ ਗਏ ਸਨ ਪਰੰਤੂ ਅੱਜ ਚੰਦ ਸਿੰਘ ਦਾ ਖਾਨਦਾਨ ਭਾਰਤ ਵਿੱਚੋਂ ਉੱਜੜ ਕੇ ਕਿਸੇ ਹੋਰ ਦੇਸ਼ ਚ ਵਸ ਜਾਵੇਗਾ ਇਹ ਉਸ ਨੂੰ ਪਤਾ ਨਹੀਂ ਸੀ। ਕੀ ਉਹ ਫੇਰ ਏਸੇ ਦੇਸ਼ ਵੀਜ਼ਾ ਲੈ ਕੇ ਆਇਆ ਕਰੇਗਾ, ਜੋ ਹੁਣ ਉਸਦਾ ਆਪਣਾ ਤਾਂ ਰਹੇਗਾ ਨੀ। ਤੀਜੀ ਚੌਥੀ ਪੀੜੀ ਤਾਂ ਪੂਰੀ ਤਰ੍ਹਾਂ ੳੱਥੇ ਹੀ ਸਮਿਲਤ ਹੋ ਜਾਵੇਗੀ। ਇਹ ਘਰ ਜ਼ਮੀਨ ਸਭ ਖੰਡਰ ਬਣ ਜਾਣਗੇ। ਕੀ ਇਹ ਦਿਨ ਦੇਖਣ ਲਈ ਹੀ 1947 ਵਿੱਚ ਲੱਖਾਂ ਲੋਕਾਂ ਨੂੰ ਮਰਵਾਇਆ ਗਿਆ। ਉਨ੍ਹਾਂ ਵਿੱਚ ਮਨਦੀਪ ਦਾ ਇੱਕ ਤਾਇਆ ਵੀ ਸੀ। ਜਿਸ ਦਾ ਲਹੂ ਭਾਰਤ ਦੀਆਂ ਸੜਕਾਂ ਤੇ ਡੁੱਲਿਆ ਸੀ। ਕੀ ਵਾਕਿਆ ਹੀ ਉਹ ਸਭ ਕੁੱਝ ਛੱਡ ਕੇ ਤੁਰ ਜਾਵੇਗਾ? ਮਨਦੀਪ ਦੇ ਅਥਰੂ ਵਗ ਤੁਰਦੇ।

ਮਨ ਕਹਿੰਦਾ ਹੋਰ ਹੱਲ ਵੀ ਕੀ ਹੈ? ਤੇਰਾ ਪਿਤਾ ਦਲੇਰ ਸਿੰਘ ਏਸੇ ਮੰਦਹਾਲੀ ‘ਚ ਕੰਮ ਕਰਦਾ ਤੁਰ ਜਾਵੇਗਾ। ਬਿੰਦਰ ਸਰਹੱਦਾਂ ਤੇ ਲੜ੍ਹਦਾ ਏਨ੍ਹਾਂ ਲੁਟੇਰਿਆਂ ਨੂੰ ਬਚਾਉਂਦਾ ਇੱਕ ਦਿਨ ਆਪ ਮੁੱਕ ਜਾਵੇਗਾ। ਇਸ ਮੰਦਹਾਲੀ ‘ਚ ਤਾਂ ਕਿਸੇ ਦਾ ਵਿਆਹ ਵੀ ਨਹੀਂ ਹੋਵੇਗਾ। ਤੇਰੇ ਖਾਨਦਾਨ ਨੇ ਤਾਂ ਏਥੇ ਵੀ ਇੰਝ ਹੀ ਮੁੱਕ ਜਾਣਾ ਹੈ। ਰਘਵੀਰ ਵਰਗੇ ਨਿਰਾਸ਼ ਨੌਜਵਾਨ ਨਸ਼ਿਆਂ ‘ਚ ਗਰਕ ਰਹੇ ਨੇ। ਛੋਟੇ ਕਿਸਾਨ ਕਰਜ਼ੇ ‘ਚ ਡੁੱਬੇ ਖੁਦਕਸ਼ੀਆਂ ਕਰਨ ਤੇ ਮਜ਼ਬੂਰ ਨੇ। ਉੱਤੋਂ ਪੁਲੀਸ ਤਸ਼ੱਦਤ ਅਤੇ ਅੱਤਵਾਦ ਦਾ ਦਹਾੜਦਾ ਹੋਇਆ ਇਹ ਦੈਂਤ। ਹੋਰ ਹੱਲ ਵੀ ਤਾਂ ਕੋਈ ਨਹੀਂ ਸੀ। ਮਰਦਾ ਤਾਂ ਕੀ ਨਾ ਕਰਦਾ, ਦੇ ਕਥਨ ਅਨੁਸਾਰ ਮਨਦੀਪ ਫੇਰ ਆਪਣਾ ਸਮਾਨ ਅਟੈਚੀਆਂ ਚ ਪਾਉਣ ਲੱਗ ਪੈਂਦਾ।

ਆਖਿਰ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ। 17 ਮਈ ਵੀ ਆਣ ਪਹੁੰਚੀ। ਮਨਦੀਪ ਦੇ ਖਾਸ ਦੋਸਤ ਤੇ ਰਿਸ਼ਤੇਦਾਰ ਸੁਭਾ ਤੋਂ ਹੀ ਮਿਲਣ ਆਉਣੇ ਸ਼ੁਰੂ ਹੋ ਗਏ। ਗਿਆਰਾਂ ਕੁ ਵਜੇ ਦਿੱਲੀ ਜਾਣ ਵਾਲੀ ਵੈਨ ਬੂਹੇ ਅੱਗੇ ਆ ਖੜ੍ਹੀ। ਪਿੰਡ ਵਿੱਚ ਵੀ ਗੱਲ ਧੁਖਣ ਲੱਗੀ ਕਿ ਬਗੀਚੇ ਵਾਲਿਆਂ ਤਾਂ ਮਨਦੀਪ ਅੱਜ ਕੈਨੇਡਾ ਜਾ ਰਿਹਾ ਹੈ। ਲੋਕ ਚੁੱਪ ਚੁੱਪ ਵੈਨ ਵਲ ਦੇਖਦੇ ਲੰਘ ਜਾਂਦੇ ਪਰ ਪੁੱਛਦਾ ਕੋਈ ਵੀ ਨਾ।

ਬਚਨ ਕੌਰ ਸੁੱਖਾਂ ਸੁੱਖ ਰਹੀ ਸੀ ਕਿ “ਹੇ ਰੱਬ ਸੱਚਿਆਂ ਜਿੱਥੇ ਐਨਾ ਟੈਮ ਕੱਢਿਆ ਹੈ ਇੱਕ ਘੰਟਾ ਹੋਰ ਸੁੱਖੀ ਸਾਂਦੀ ਲੰਘਾ ਦੇ। ਮੁੰਡਾ ਇੱਕ ਵਾਰ ਪਿੰਡੋਂ ਠੀਕ ਠਾਕ ਤੁਰ ਜਾਏ” ਦੰਦਾਂ ਵਿੱਚ ਜੀਭ ਵਾਲੀ ਗੱਲ ਹੀ ਸੀ। ਦਲੇਰ ਸਿੰਘ ਰਘਵੀਰ ਤੇ ਬਿੰਦਰ ਨੇ ਵੈਨ ‘ਚ ਅਟੈਚੀ ਲੱਦੇ। ਦਲੇਰ ਸਿੰਘ ਅਤੇ ਰਘਵੀਰ ਨੇ ਦਿੱਲੀ ਤੱਕ ਨਾਲ ਜਾਣਾ ਸੀ। ਆਖਰ ਹੰਝੂਆਂ ਭਰੀ ਵਿਦਾਇਗੀ ਹੋ ਹੀ ਗਈ। ਮਨਦੀਪ ਨੇ ਹਸਰਤ ਭਰੀ ਨਿਗਾਹ ਆਪਣੇ ਘਰ ਤੇ ਸੁੱਟੀ। ਫੇਰ ਉਨ੍ਹਾਂ ਦੀ ਵੈਨ ਬਲਦੇ ਪੰਜਾਬ ‘ਚੋਂ ਨਿੱਕਲਣ ਲਈ ਤੇਜ਼ ਹੋ ਗਈ।

 

ਸਮੁੰਦਰ ਮੰਥਨ (PDF, 568KB)    

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10 ਭਾਗ 11 ਭਾਗ 12 ਭਾਗ 13 ਭਾਗ 14 ਭਾਗ 15 ਭਾਗ 16
ਭਾਗ 17 ਭਾਗ 18 ਭਾਗ 19 ਭਾਗ 20 ਭਾਗ 21 ਭਾਗ 22 ਭਾਗ 23 ਭਾਗ 24
ਭਾਗ 25 ਭਾਗ 26 ਭਾਗ 27 ਭਾਗ 28 ਭਾਗ 29 ਭਾਗ 30 ਭਾਗ 31 ਭਾਗ 32
ਭਾਗ 33 ਭਾਗ 34 ਭਾਗ 35 ਭਾਗ 36 ਭਾਗ 37 ਭਾਗ 38 ਭਾਗ 39 ਭਾਗ 40
ਭਾਗ 41 ਭਾਗ 42 ਭਾਗ 43 ਭਾਗ 44 ਭਾਗ 45 ਭਾਗ 46 ਭਾਗ 47 ਭਾਗ 48
ਭਾਗ 49 ਭਾਗ 50 ਭਾਗ 51 ਭਾਗ 52 ਭਾਗ 53 ਭਾਗ 54 ਭਾਗ 55 ਭਾਗ 56
ਭਾਗ 57 ਭਾਗ 58 ਭਾਗ 59 ਭਾਗ 60        

hore-arrow1gif.gif (1195 bytes)


Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com