WWW 5abi.com  ਸ਼ਬਦ ਭਾਲ

ਰੂਪ ਢਿੱਲੋਂ

   

         

ਕਾਂਡ


 ਪੱਤਰ ਚੱਕ ਕੇ ਵਿਵੇਕ ਨੇ ਗਿਆਨ ਨੂੰ ਫੜਾ ਦਿੱਤੇ। ਜੋ ਪੁਲਸ ਨੇ ਵਾਕਿਆ ਤੋਂ ਲਭਿਆ, ਰੇਂਜਰਾਂ ਨਾਲ ਵੰਡਿਆ। ਜਿਹੜੇ ਕਾਗ਼ਜ਼ ਪੱਤਰ ਵਿਵੇਕ ਅਤੇ ਗਿਆਨ ਨੂੰ ਵੈਨ'ਚ ਮਿਲੇ, ਰੱਖ ਲਏ, ਛਾਣ ਬੀਨ ਕਰਨ ਲਈ। ਇਸ ਤਰ੍ਹਾਂ ਜੋ ਜੱਗੀ ਦੇ ਹੋਟਲ ਦੇ ਕਮਰੇ'ਚ ਭਾਲਿਆ ਸੀ, ਦੀ ਤਸ਼ਖੀਸ ਕੀਤੀ। ਓਂਕਾਰ ਦੇ ਪੱਤਰ ਵਿਹਾਰ'ਚੋਂ ਲੰਘ ਲੰਘ ਕੇ ਦੇਖਿਆ।

ਛੇ ਵੈਸਾਖ ੧੯੪੭

ਹੁਣ ਤਿੰਨ ਮਹੀਨੇ ਹੋ ਗਏ ਜਦ ਦਾ ਮੈਂ ਪੰਜਾਬ ਵਾਪਸ ਆਇਆ। ਮੇਰਾ ਦਿਲ ਟੁੱਟਦਾ ਇਹ ਵੇਖ ਕੇ ਕਿ ਕਿਵੇਂ ਮੰਤਰੀ ਆਵਦੇ ਤਖਤ ਲਈ ਲੋਕਾਂ ਨੂੰ ਡਰਾਉਂਦੇ ਨੇ; ਧਰਮ ਮਗਰ ਲਾਉਂਦੇ ਨੇ। ਲੱਗਦਾ ਮੋਂਟਬੈਟਨ ਤਾਂ ਘਰ ਜਾਣ ਕਾਹਲੀ ਹੈ। ਲੋਕਾਂ ਨੂੰ ਜਨ ਗਣਨਾ ਨੇ ਪਾਗਲ ਕਰ ਦਿੱਤਾ। ਕਹਿੰਦੇ ਜਿਸ ਪਿੰਡ ਦੀ ਅਬਾਦੀ ਦੀ ਵੱਧ ਹੈ, ਉਸਦੇ ਹਿਸਾਬ ਨਾਲ ਨਹੀਂ ਤਾਂ ਨਵੇਂ ਪਾਕਿਸਤਾਨ'ਚ ਰਲਾ ਦੇਣਾ, ਨਹੀਂ ਤਾਂ ਨਵੇਂ ਇੰਡੀਆ'ਚ। ਇਸ ਕਰਕੇ ਸਰਦਾਰ, ਪੰਡਡ ਅਤੇ ਮੁਲੇ ਜੁਗਤ ਬਣਾਉਂਦੇ ਨੇ। ਸੱਥਰ ਲਾਹੁਣ ਦੇ ਸਕੀਮ ਬਣ ਰਹੇ ਨੇ। ਸਰਦਾਰਾਂ ਕੋਲ਼ ਜੰਗ ਦੇ ਹਥੀਆਰ ਹਾਲੇ ਵੀ ਹੱਥਾਂ'ਚ ਨੇ। ਵਾਹ! ਦੋ ਗੁਜਰਾਤੀਆਂ ਨੇ ਮੇਰੇ ਪੰਜਾਬ ਦਾ ਅੱਧ ਕਰ ਦੇਣਾ! ਵਾਹ!

ਪੰਜ ਜੇਠ ੧੯੪੭

ਗੋਰਾਇਆ ਦੇ ਆਲੇ ਦੁਆਲੇ ਮੁਸਲਮਾਨਾਂ ਨੂੰ ਮਾਰਨ ਲੱਗ ਪਏ। ਬਹੁਤ ਪਾਪ ਹੈ, ਪਰ ਕੌਣ ਰੋਕੂਗਾ? ਜੇ ਕੋਈ ਫੜਿਆ ਗਿਆ ਮਦਦ ਕਰਦਾ ਉਸ ਨੂੰ ਵੱਢ ਦਿੰਦੇ ਨੇ। ਜਨਤਾ ਪਾਗਲ ਹੋ ਗਈ। ਇਹ ਸਭ ਕੁੱਝ ਵੇਖ ਕੇ ਦਿਲ ਟੁੱਟਦਾ ਹੈ। ਪਿਤਾ ਜੀ ਅਸੀਂ ਕਿਉਂ ਗੋਰਿਆਂ ਦਾ ਪਾਸਾ ਲਿਆ ਰਣਜੀਤ ਦੇ ਖਿਲਾਫ਼? ਹਾਂ, ਅਸੀਂ ਸਾਡੇ ਹਮਕੌਮ ਦਾ ਨਹੀਂ ਪਹਿਲਾਂ ਸੋਚਦੇ, ਕੇਵਲ ਸਾਡੇ ਸੱਕਿਆ ਦਾ ਜਾਂ ਸਾਡੇ ਖਜਾਨੇ ਦਾ ਸੋਚਦੇ ਆਂ। ਇਹ ਹਮੇਸ਼ਾ ਪੰਜਾਬੀ ਦੀ ਕਮਜੋਰੀ ਹੋਵੇਗੀ। ਜਦ ਸਾਡੇ ਇਹ ਹਲਾਤ ਆਉਂਦੇ ਫਿਰ ਆਲੇ ਦੁਆਲੇ ਝਾਕਦੇ ਆਂ, ਕਿਸੇ ਤੋਂ ਮਦਦ ਮਿਲੇ। ਕਿਉਂ ਮਿਲੇ? ਅਸੀਂ ਕੀ ਕਰਦੇ ਨੇ ਮਦਦ ਲਈ? ਖਿਝ ਕੇ ਅੱਜ ਮੈਂ ਜੰਗਲ ਨਹੀਂ ਗਿਆ। ਜਦ ਮੈਨੂੰ ਰਾਤ ਨੂੰ ਹੋਸ਼ ਆਈ , ਖੂਨ ਨਾਲ ਲਿਬੜਿਆ ਹਾਂ। ਹੋ ਸਕਦਾ ਮੈਂ ਕੋਈ ਇਨਸਾਨ ਨੂੰ ਮਾਰ ਦਿੱਤਾ। ਧੁੰਧ ਦਿਮਾਗ਼'ਚ ਹੈ, ਪਰ ਉਸਦੇ ਪਿੱਛੇ ਲੱਗਦਾ ਕਿ ਸ਼ੇਰ ਨੇ ਉਹ ਆਦਮੀ ਮਾਰਿਆ ਜਿਸ ਨੂੰ ਮੈਂ ਵੇਖਿਆ ਸੀ ਮੁਸਲਮਾਨੀ ਨੂੰ ਹੱਥ ਲਾਉਂਦਾ। ਕੀ ਪਤਾ। ਸਭ ਪਾਗਲ ਨੇ। ਜੇ ਮੈਂ ਹੋ ਗਿਆ, ਇਸ ਦਾ ਕਿਹਾ?

ਨੌਂ ਸਾਉਣ ੧੯੪੭

ਅੱਜ ਮੇਰੇ ਸਾਹਮਣੇ ਮੁਸਲਮਾਨ ਗੋਰਾਏ ਤੋਂ ਤੁਰ ਪਏ। ਮੈਂ ਜੰਗਲ਼ ਦੇ ਕਿਨਾਰੇ 'ਤੇ ਖੜ੍ਹਾ ਝਾਕਦਾ ਸਾਂ। ਫਿਰ ਘੋੜੇ ਆ ਗਏ। ਘੋੜਿਆਂ ਉੱਤੇ ਸਰਦਾਰ ਸਵਾਰ ਸਨ। ਹਰ ਸਵਾਰ ਦੇ ਹੱਥ'ਚ ਤਲਵਾਰ ਚੁੱਕੀ ਹੋਈ। ਜਦ ਬਾਂਹ ਹੇਠ ਆਈ ਸਿਰ ਰੁਲੇ..ਕਿਸੇ ਬੰਦੇ ਦਾ ਕਿਸੇ ਜਨਾਨੀ ਦਾ ਕਿਸੇ ਨਿਆਣੇ ਦਾ। ਲੋਕ ਆਸੇ ਪਾਸੇ ਦੌੜ ਗਏ। ਖੇਤਾ'ਚ ਤੀਵੀਆਂ ਮਗਰ ਕੁੱਝ ਘੋੜੇ ਨੱਸੇ। ਘੋੜਿਆਂ ਤੋਂ ਉੱਤਰ ਕੇ ਕੁੱਝ ਆਦਮੀ ਖੇਤਾਂ'ਚ ਗੁੰਮ ਹੋ ਗਏ। ਇਸਤਰੀਆਂ ਦੀਆਂ ਚੀਕਾਂ ਸੁਣਿਆ। ਅੱਗੇ ਪਤਾ ਨਹੀਂ ਕੀ ਹੋਇਆ। ਪਰ ਮੈਂ ਜਾਦੂਗਰ ਵੀ ਹਾਂ...ਹੋ ਸਕਦੈ ਮੇਰੇ ਮਨ ਨੇ ਗੁਸੇ'ਚ ਸ਼ੇਰ ਦਾ ਰੂਪ ਪੇਸ਼ ਕਰ ਦਿੱਤਾ। ਪਤਾ ਨਹੀਂ, ਪਰ ਧੁੰਧ ਦੇ ਪਿੱਛੇ ਥੋੜ੍ਹਾ ਜਿਹਾ ਦਿਸਦਾ ਲੱਗਦੈ, ਮੈਂ ਉਨ੍ਹਾਂ ਬੰਦਿਆਂ ਨੂੰ ਵੱਢ ਦਿੱਤਾ... ਹੁਣ ਗੁੱਸਾ ਇੰਨਾ ਹੈ ਮੈਂ ਜੰਗਲ ਜਾਂਦਾ ਨਹੀਂ। ਜਰੂਰ ਦਿਨੇ ਮੈਂ ਵੀ ਰਾਖਸ਼ ਵਾਂਗ ਸ਼ੇਰ ਰੂਪ'ਚ ਕੁੱਝ ਨਾ ਕੁੱਝ ਕਰਦਾ ਹਾਂ। ਜਦ ਵੀ ਹੋਸ਼ ਆਉਂਦਾ, ਬਦਨ ਲਹੂ ਨਾਲ ਲਾਲ ਲਾਲ ਹੁੰਦਾ ਹੈ। ਮੇਰੇ ਪੰਜਾਬ ਵਾਂਗ, ਜਿਸ ਨੂੰ ਲੀਡਰਾਂ ਨੇ ਫਿਰ ਵੇਚ ਦਿੱਤਾ। ਜਿਸ ਨੂੰ ਹਮੇਸ਼ਾ ਲੀਡਰ ਵੇਚ ਦਿੰਦੇ ਨੇ।

੧੧ ਸਾਉਣ ੧੯੪੭

ਪਾਕਿਸਤਾਨ ਬਣਨ ਲੱਗਾ ਹੈ। ਦੋਨੋਂ ਗੁਜਰਾਤੀ ਖ਼ੁਸ਼ ਨੇ। ਪੰਡਤ ਵੀ ਹੁਣ ਸਾਡਾ ਰਾਜਾ ਬਣਨ ਲੱਗਾ ਹੈ। ਬੰਗਾਲ ਤੇ ਪੰਜਾਬ ਸੜ ਗਏ। ਮੇਰੇ ਟੱਬਰ ਦੀ ਪਾਤਸ਼ਾਹੀ ਹੁਣ ਇੰਡੀਆ ਨੇ ਹਜ਼ਮ ਕਰ ਲਈ, ਤੇ ਅਸੀਂ ਖ਼ੁਸ਼ੀਆਂ'ਚ ਤਾੜੀਆਂ ਵਜਾਉਂਦੇ ਹਾਂ। ਵਾਹ! ਸਿੰਘਾਂ ਲਈ ਚੱਕਰ ਸ਼ੁਰੂ ਹੋ ਗਿਆ ਜਿਸ'ਚੋਂ ਅਸੀਂ ਨਿਕਲ ਨਹੀਂ ਸਕਦੇ। ਰੱਬ ਤੂੰ ਇਹ ਚਾਹੁੰਦਾ ਸੀ?

੨ ਭਾਦਰੋਂ ੧੯੪੭

ਹੁਣ ਦੋ ਦਿਨ ਬੀਤ ਗਏ ਜਦ ਦੀ ਪਾਕਿਸਤਾਨ ਨੂੰ ਇੰਡੀਆ ਤੋਂ ਅਜ਼ਾਦੀ ਮਿਲੀ ਹੈ ਅਤੇ ਸਾਨੂੰ ਅੰਗ੍ਰੇਜ਼ਾਂ ਤੋਂ। ਲੋਕ ਸੜਕਾਂ ਤੇ ਪਾਰਟੀ ਮਨਾਉਂਦੇ ਐ। ਕੀ ਚੀਜ਼ ਲਈ? ਪੰਡਤ ਦੇ ਲਫਜ਼ਾਂ ਤੇ ਸਭ ਨੂੰ ਚੇਤਾ ਭੁੱਲ ਗਿਆ ਵੱਢ ਵੱਢਿਆ ਦਾ? ਦੇਖਦੇ ਨੇ ਜੇ ਸਾਡੇ ਲਈ ਸੱਚੀ ਅਜ਼ਾਦੀ ਹੈ ਜਾਂ ਇਹ ਸਭ ਝੂੱਠ ਹੈ। ਦੇਖਦੇ ਨੇ। ਰੱਬ ਤੂੰ ਕਿਥੇ ਸੀ ਜਦ ਇਹ ਤੁਫਾਨ ਆਇਆ?

ਮੇਰੇ ਮਨ ਵਿੱਚ ਸੰਘਰਸ਼ ਹੈ, ਕਿ ਇਹ ਹਾਲ ਵੇਖਕੇ ਮੈਂ ਮੰਨ ਸਕਦਾ ਹਾਂ ਰੱਬ ਹੈ ਵੀ? ਕਿ ਹੋ ਸਕਦਾ ਕੋਈ ਰੱਬ ਨਹੀਂ ਹੈ? ਹੋ ਸਕਦਾ ਕੋਈ ਸੱਚਾ ਸੁੱਚਾ ਰੱਬ ਨਹੀਂ ਹੈ? ਜੇ ਰੱਬ ਹੈ, ਕਿਸ ਦਾ ਰੱਬ ਹੈ? ਸਿੱਖਾਂ ਦਾ, ਮੁਸਲਮਾਨਾਂ ਦਾ ਜਾਂ ਬਾਹਮਣਾਂ ਦਾ? ਸਾਰੇ ਕਹਿੰਦੇ ਨੇ, ਰੱਬ ਉਨ੍ਹਾਂ ਦੇ ਪਾਸੇ ਹੈ। ਮੈਨੂੰ ਤਾਂ ਲੱਗਦਾ ਰੱਬ ਪਾਸੇ ਖੜ੍ਹ ਗਿਆ, ਚੁੱਪ ਚਾਪ ਹਰ ਕੌਮ ਨੂੰ ਦੂਜੀ ਨੂੰ ਵੱਢਦਾ ਵੇਖਦਾ। ਤੇ ਜਨਾਨੀ ਦੀ ਕੌਮ ਲਈ ਕੀ ਕੀਤਾ ਉਸਨੇ? ਕੋਈ ਖੇਤ ਰਹੀਂ ਹੈ ਜਿਥੇ ਜਬਰ ਜਿਨਾਹ ਨਹੀਂ ਹੋਇਆ?

ਹੋ ਸਕਦਾ ਕਿ ਸੱਚਾ ਮਾਲਿਕ ਨਹੀਂ ਹੈ ਪਰ ਇੱਕ ਅਵੱਲਾ ਪਿਸ਼ਾਚ ਹੈ? ਓਹ ਪਿਸ਼ਾਚ ਜਿਸ ਨੇ ਸਭ ਨੂੰ ਝਾਂਸਾ ਦਿੱਤਾ? ਸੱਚ ਕੀ ਹੈ? ਰੱਬ ਨੂੰ ਇੱਕ ਪਾਸੇ ਰਖੀਏ। ਮੇਰਾ ਹਾਲ ਸੱਚ ਹੋ ਸਕਦਾ ਹੈ? ਮੈਂ ਸ਼ੇਰ ਹੈ, ਜਾਂ ਬੰਦਾ? ਮਾਸ ਖਾ ਕੇ ਮੈਂ ਵੀ ਦੇਵਤਾ ਹੋ ਸਕਦਾ? ਜਾਂ ਮੈਂ ਦੈਂਤ ਹੈ? ਮਾਸ ਖਾ ਕੇ ਵੀ ਮੈਂ ਪਵਿੱਤਰ ਹੋ ਸਕਦਾ ਹਾਂ? ਜਾਂ ਮੈਂ ਕੇਵਲ ਪਾਪੀ ਹਾਂ? ਜੋ ਹਾਂ ਅਲੌਕਿਕ ਹਾਂ। ਪਰ ਬੰਦੇ ਤਾਂ ਇਸ ਤਰ੍ਹਾਂ ਦੇ ਨੂੰ ਇੰਦਰ ਸਮਝਦੇ ਨੇ। ਰੱਬ ਮੇਰੇ ਵਰਗਾ ਹੋ ਸਕਦੈ? ਨਾ ਕੇ ਪਾਪੀ ਨਾ ਕੇ ਪਵਿੱਤਰ? ਇੱਕ ਪਾਸੇ 'ਤੇ ਗਲਤ ਚੀਜ਼ਾਂ ਕਰਦਾ ਹਾਂ, ਦੂਜੇ ਪਾਸੇ ਚੰਗੀਆਂ, ਜਿਵੇਂ ਮੈਂ ਕਰਦਾ ਹੀ ਹਾਂ? ਸਾਡੀ ਸਮਝ'ਚ ਰੱਬ ਹੋ ਸਕਦੈ? ਰੱਬ ਮਨ ਦੀ ਚੀਜ਼ ਹੈ, ਉਮੀਦ ਹੈ, ਜਾਂ ਭੌਤਿਕ ਚੀਜ਼ ਹੈ? ਜੇ ਰੱਬ ਸੱਚੀ ਮੁੱਚੀ ਭੋਤਿਕ ਹੈ, ਕਿਸੇ ਨੇ ਕਿਉਂ ਨਹੀਂ ਵੇਖਿਆ? ਜੋ ਚੀਜ਼ ਸਾਨੂੰ ਦਿਸਦੀ ਹੈ, ਜਾਂ ਛੋਹਂਦੀ ਹੈ, ਸੱਚ ਹੈ। ਰੱਬ ਤਾਂ ਸੋਚ ਹੀ ਹੈ, ਹੋਰ ਕੀ? ਜਾਂ ਮਨ ਦੀ ਗੱਲ ਸੱਚ ਹੈ ਅਤੇ ਹੋਰ ਸਭ ਭਰਮ ਹੈ? ਹੋ ਸਕਦੈ ਅੰਬਰ, ਹਵਾ, ਜ਼ਮੀਨ, ਰੰਗ, ਦੁਨੀਆ ਦਾ ਰੂਪ, ਆਵਾਜ਼ਾਂ ਜੋ ਕੰਨਾਂ ਨੂੰ ਸੁਣਦੀਆਂ ਹਨ, ਸਭ ਭਰਮ ਹਨ? ਪਰ ਜੋ ਮਨ ਵਿਚ ਹੈ, ਸੱਚ ਹੈ, ਅਨਾਦੀ ਰੱਬ ਸੱਚ ਹੈ। ਜੋ ਸਾਡੇ ਅੰਦਰ ਹੈ ਸੱਚਾਈ ਹੈ, ਰੱਬ ਵੀ। ਪਰ ਜੋ ਸਾਡੇ ਆਲੇ ਦੁਆਲੇ ਹੈ ਕੀ ਉਹ ਨਕਲੀ ਹੈ? ਹਮੇਸ਼ਾ ਯਾਦ ਰੱਖੋ ਸਚਾਈ ਉਹ ਚੀਜ਼ ਹੈ ਜੋ ਦਿੱਸਦੀ ਹੈ ਜਾਂ ਛੋਹ ਸਕਦੇ ਹਾਂ? ਇਹ ਸਾਰੇ ਪਾਪ ਵੇਖ ਕੇ ਸੁਆਲ ਪੈਦਾ ਹੁੰਦੈ, ਕਿ ਰੱਬ ਚੰਗਾ ਜਾਂ ਮਾਰਾ ਹੈ? ਜਾਂ ਰੱਬ ਚੰਗਾ ਹੀ ਹੈ, ਪਰ ਬੰਦਾ ਹੀ ਮਾੜਾ ਹੈ? ਜੋ ਹੋਇਆ ਰੱਬ ਨੇ ਕਰਾਇਆ, ਜਾਂ ਬੰਦੇ ਨੇ ਆਪ ਹੀ ਕੀਤਾ?

ਇਸ ਨੂੰ ਕਿਵੇਂ ਸਾਬਤ ਕਰ ਸਕਦੇ ਹਾਂ? ਮੈਂ ਸੋਚ ਸਕਦਾ ਹਾਂ। ਸੋਚਣ ਵਾਲਾ ਅਸਤਿਤਵ ਹਾਂ, ਅਤੇ ਜੋ ਮੈਂ ਸੰਕਲਪ ਕਰਦਾ, ਸੋਚਦਾ ਸਾਫ਼ ਸੱਚ ਹੀ ਹੈ। ਜੇ ਮੇਰੇ ਕੋਲ਼ੇ ਕੋਈ ਇਮਾਨ ਨਹੀਂ ਹੈਂ ਚਲਾਕ ਰੱਬ'ਚ ਮੰਨਣ, ਫਿਰ ਮੈਨੂੰ ਮੰਨਣਾ ਚਾਹੀਦੈ ਕਿ ਦਲੀਲ ਹਨ ਜਿਹੜੇ ਕਹਿੰਦੇ ਰੱਬ ਹੋ ਨਹੀਂ ਸਕਦਾ? ਮੇਰੀ ਅਕਲ ਮੈਨੂੰ ਕੀ ਦੱਸਦੀ ਹੈ? ਮੈਨੂੰ ਪਤਾ ਏ ਮੈਂ ਸੁਣ ਸਕਦਾ ਹਾਂ, ਖੜਕਾ ਸਾਫ਼ ਸੁਣਦਾ ਹੈ। ਮੈਂ ਸੂਰਜ ਨੂੰ ਜਾਣਦਾ ਹਾਂ, ਕਿਉਂਕਿ ਉਸ ਦਾ ਸੇਕ ਆਉਂਦੈ। ਸੁੰਞ' ਚੋਂ ਕੁੱਝ ਨਹੀਂ ਪੈਦਾ ਹੋ ਸਕਦਾ। ਕੁੱਝ ਤਾਂ ਸਭ ਨੂੰ ਬਣਾਉਂਦਾ ਹੈ ਜਾਂ ਆਦਿ ਕਰਾਉਂਦਾ ਹੈ।ਰੱਬ ਸੋਚ ਹੀ ਹੈ ਜਾਂ ਸਚਾਈ, ਸੁਆਲ ਤਾਂ ਇਹ ਸੀ। ਮੇਰੇ ਸਮਝ'ਚ ਰੱਬ ਕੀ ਹੈ? ਮੈਂ ਕੀ ਹਾਂ?

ਜਦ ਮੂਲ ਮੰਤਰ ਸਿੱਖੀਦੈ ਰੱਬ ਦੀ ਤਫਸੀਲ ਕਿਨ੍ਹਾਂ ਸ਼ਬਦਾਂ'ਚ ਬਿਆਨ ਹੈ? ਮੂਲ ਮੰਤਰ ਦੇ ਹਿਸਾਬ ਨਾਲ਼ ਰੱਬ ਦੇ ਦੂਜੇ ਨਾਂ ਅਤੇ ਤਾਰੀਫ ਅਗਲੇ ਲਫਜ਼ ਹਨ: ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ ਸੈਭੰ, ਆਦਿ ਸਚੁ, ਜੁਗਾਦਿ ਸਚੁ। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ। ਆਮ ਬੰਦੇ ਦੇ ਸੋਚ ਤੋਂ ਬਾਹਰ ਹੈ। ਰੱਬ ਦਾ ਰੂਪ ਆਮ ਆਦਮੀ ਦੇ ਪੱਲੇ ਨਹੀਂ ਪੈ ਸਕਦਾ। ਹੁਣ ਜਿਹੜਾ ਰੂਪ ਆਇਆ ਨੇ ਮੈਨੂੰ ਦਿੱਤਾ, ਇਹ ਵੀ ਆਮ ਬੰਦੇ ਦੀ ਸੋੱਚ ਤੋਂ ਦੂਰ ਦੀ ਚੀਜ਼ ਹੈ। ਰੱਬ ਜੇ ਆਦਿ ਹੈ, ਮੈਂ ਵੀ ਹੁਣ ਆਦਿ ਹਾਂ? ਜੇ ਰੱਬ ਕਰਾਮਤ ਹੈ, ਮੈਂ ਵੀ ਕਰਾਮਤ ਹੈ। ਕਿਉਂ ਨਹੀਂ? ਮੇਰੇ ਲਈ ਜੋ ਮੂਲ ਮੰਤਰ'ਚ ਹੈ ਰੱਬ ਹੈ। ਇਹ ਸਭ ਚੀਜ਼ਾਂ ਰੱਬ ਨੇ। ਮੈਂ ਤਾਂ ਆਮ ਚੀਜ਼ ਹਾਂ। ਕਿਸ ਮੰਹੂ ਨਾਲ਼ ਮੈਂ ਅਪਣੇ ਆਪ ਨੂੰ ਰੱਬ ਨਾਲ਼ ਉਪਮਾ ਦਿੰਦਾ ਹਾਂ? ਜਿਸ ਤਰ੍ਹਾਂ ਆਇਆ ਨੇ ਮੈਨੂੰ ਬਣਾਇਆ...ਬਿਲੋ ਦੀ ਮਾਂ...ਉਸੇ ਤਰ੍ਹਾਂ ਰੱਬ ਨੇ ਸਭ ਨੂੰ ਬਣਾਇਆ। ਪਰ ਬਿਲੋ ਦੀ ਮਾਂ ਨੇ ਮੈਨੂੰ ਕਿਥੇ ਕਿਹਾ ਕਿਸ ਨੂੰ ਮਾਰ ਕੇ ਖਾਵਾਂ? ਇਸ ਤਰ੍ਹਾਂ ਰੱਬ ਨੇ ਸਾਨੂੰ ਨਹੀਂ ਕਿਹਾ ਇੱਕ ਦੂਜੇ ਨੂੰ ਵੱਢੋ। ਵਿਕਾਸ ਜਾਂ ਰੱਬ ਇੱਕੋਂ ਹੀ ਚੀਜ਼ ਹੈ। ਪਰ ਮੇਰੀ ਜਿੰਦਗੀ ਆਇਆ ਦੇ ਹੱਥ ਸੀ ਜਾਂ ਰੱਬ ਦੇ? ਜੇ ਮੇਰਾ ਹੋਂਦ ਉਸ ਦੇ ਹੱਥੋਂ ਨਹੀਂ ਕਿਸ ਦੇ ਹੱਥੋਂ ਹੈ? ਮਾਂ-ਪਿਉ? ਮਾਂ-ਪਿਉ ਦੇ ਖੇਲ੍ਹ ਕਰਕੇ ਤਾਂ ਮੈਂ ਸੰਸਾਰ'ਚ ਆਇਆ ਹਾਂ। ਅਸਲੀ ਰੱਬ ਉਹ ਨਹੀਂ ਹਨ? ਜੇ ਰੱਬ ਜਾਂ ਮਾਂ-ਪਿਉ ਕਰਕੇ ਨਹੀਂ ਹੋਰ ਵਿਕਾਰੀਆਂ ਕਰਕੇ ਦੁਨੀਆ'ਚ ਆਇਆ? ਮਤਲਬ ਕਰਮਾਂ ਕਰਕੇ, ਰੱਬ ਕਰਕੇ ਜਾਂ ਬੰਦੇ ਦੇ ਆਪਣੇ ਸੁਕ੍ਰਿਤ ਜੋ ਹੋਣਾ ਹੁੰਦਾ ਹੈ? ਜੋ ਮੇਰੇ ਨਾਲ਼ ਬੀਤਿਆ, ਰੱਬ ਕਰਕੇ ਹੋਇਆ, ਜੀਵਨ ਕਰਕੇ, ਕਿਸਮਤ ਕਰਕੇ, ਜਾਂ ਮੇਰੇ ਆਵਦੇ ਅਮਲ ਕਰਕੇ? ਜਾਂ ਹੋਰਾਂ ਦੇ ਕਦਮਾਂ ਕਰਕੇ? ਜੋ ਹੁਣ ਬੀਤੀਆ ਜਨਾਨੀਆਂ ਨਾਲ਼, ਖੇਤਾਂ'ਚ, ਜਾਂ ਟ੍ਰੈਨ ਤੇ ਬੈਠੇ ਲੋਕਾਂ ਨਾਲ਼, ਉਨ੍ਹਾਂ ਦੇ ਕਸੂਰ ਕਰਕੇ ਬੀਤੀਆਂ, ਜਾਂ ਹੋਰ ਕਿਸੇ ਕਰਕੇ? ਵੱਢ ਵਢੱਈਆ ਕਰਨ ਵਾਲੇ ਦਾ ਕਸੂਰ ਹੈ, ਜਾਂ ਜਿਸ ਤੇ ਕੀਤਾ? ਇਹ ਰੱਬ ਦਾ ਹੁਕਮ ਹੈ? ਜੋ ਮੇਰੇ ਤੇ ਬਿਲੋ ਨਾਲ਼ ਹੋਇਆ, ਉਹ ਸਾਡੀ ਗਲਤੀ ਸੀ ਜਾਂ ਨਹੀਂ? ਉਸਦੀ ਮਾਂ ਦਾ ਹੱਕ ਸੀ ਸਰਾਪ ਲਾਉਣਾ? ਜਾਂ ਇਹ ਵੀ ਗੱਲ ਰੱਬ ਦੇ ਹੱਥ'ਚ ਸੀ?

ਮੈਂ ਹੁਣ ਪਾਗਲ ਹੋ ਗਿਆ ਹਾਂ? ਕਿਸ ਨੇ ਮੰਨਣੈ ਮੈਂ ਸ਼ੇਰ ਵੀ ਹਾਂ, ਬੰਦਾ ਵੀ? ਕੋਈ ਪਰੀਆਂ ਦੀ ਕਹਾਣੀ ਦਾ ਨਾਇਕ? ਰੱਬ ਜੇ ਤੁਸੀਂ ਸੱਚਾਈ ਹੋ, ਫਿਰ ਇਹ ਕੀ ਤਮਾਸ਼ਾ ਹੈ? ਕੁੱਝ ਨਹੀਂ ਪੱਲੇ ਪੈਂਦਾ।

੧੫ ਹਾੜ੍ਹ ੧੯੫੦

ਅੱਜ ਮੈਂ ਹੋਰ ਪੈਸੇ ਬੈਂਕ'ਚ ਪਾ ਦਿੱਤੇ। ਹੁਣ ਮੈਂ ਕਿਸੇ ਨੂੰ ਮਾਰਕੇ ਪੈਸੇ ਨਹੀਂ ਚੋਰੀ ਕਰਦਾ। ਪਰ ਜੋ ਜਮ੍ਹਾਂ ਕੀਤੇ ਨੇ, ਹੋਰ ਜੋੜ ਕੇ ਵੱਧਾਉਂਦਾ ਹਾਂ। ਕੰਮ ਕਰਕੇ। ਸਾਰੀ ਦੁਨੀਆ ਵੇਖ ਲਈ ਹੈ। ਅਮਰੀਕਾ, ਵਲੈਤ, ਸਾਇਮ'ਚ ਕੰਮ ਕਰਕੇ ਬਹੁਤ ਜਮ੍ਹਾਂ ਕੀਤੇ ਨੇ। ਹੁਣ ਭੁਟਾਨ ਦੇ ਜੰਗਲਾਂ'ਚ ਗੁਜਰਦਾ ਹਾਂ।

ਭੁਟਾਨ ਦੇ ਜੰਗਲਾਂ ਵਿੱਚ ਮੈਂ ਪੰਜਾਬ ਦੀ ਪੀੜ ਤੋਂ ਦੂਰ ਹਾਂ। ਇਥੇ ਪਹਾੜਾਂ ਦੇ ਉੱਤੇ ਨਵੇਂ ਇੰਡੀਆ ਅਤੇ ਪਾਕਿਸਤਾਨ ਤੋਂ ਦੂਰ ਹਾਂ। ਜੋ ਵੇਖਿਆ, ਮੈਂ ਚੇਤਾ ਭੁਲਾਉਣਾ ਚਾਹੁੰਦਾ ਹਾਂ। ਸਗੋਂ ਇਹ ਥਾਂ ਘਰ ਵਰਗਾ ਹੈ, ਪੰਜਾਬ ਤਾਂ ਹੁਣ ਬਿਗਾਨਾ ਹੈ। ਅਣਜਾਣ ਹੈ। ਵਕਤ ਦੱਸੂਗਾ ਕਿਹੜੇ ਰਾਹ ਇੰਡੀਆ ਜਾਵੇਗਾ, ਕਿਹੜਾ ਰਾਹ ਪਾਕਿਸਤਾਨ ਫੜੂਗਾ। ਵਾਕਤ ਨੇ ਹੌਲੀ ਹੌਲੀ ਇੰਡੀਆ ਪਾਕਿਸਤਾਨ ਦੀਆਂ ਜੜ੍ਹਾਂ ਨੂੰ ਨੰਗਾ ਕਰ ਕੇ ਰੱਖ ਦੇਣਾ ਹੈ। ਇੱਕ ਗੱਲ ਪੱਕੀ ਹੈ; ਪੰਜਾਬੀ ਹੁਣ ਇੱਕਠੇ ਨਹੀਂ ਰਹੇ। ਚੰਗੇ ਜੁਗੜੇ ਬੀਤ ਗਏ। ਹੁਣ ਅਸੀਂ ਭੁਟਾਨ ਤੇ ਛੇਹ ਲਿਆਈਏ।

ਭੁਰੀ ਕੰਨੀ ਵਾਲੇ ਚੰਦ ਨੀਚ ਸਾਂ। ਮੈਂ ਬੈਠ ਕੇ ਆਵਦੇ ਹਾਲਾਤ ਬਾਰੇ ਸੋਚਦਾ ਸਾਂ। ਦਿਨੇ ਘਾਹ ਪਿੱਛੇ ਲੁਕ ਲੁਕ ਕੇ ਭਾਲ ਕਰਦਾ ਸਾਂ। ਹੁਣ ਜਾਦੂ ਮੇਰੇ ਵਿੱਚ ਸੀਗਾ ਕਰਕੇ ਜੇ ਚਾਹਵਾਂ, ਦਿਨ ਦੀਆਂ ਕੁੱਝ ਗੱਲਾਂ ਯਾਦ ਆ ਜਾਂਦੀਆਂ ਸਨ।

ਮੈਂ ਹਰਨ ਬੱਕਰੀਆਂ ਜਾਂ ਮੋਰ ਵੀ ਮਾਰਦਾ ਸੀ। ਇਨਸਾਨ ਤੋਂ ਪਰ੍ਹਾਂ ਰਹਿੰਦਾ ਸੀ। ਕਦੇ ਚੀਨ ਵੱਲ ਚੱਲੇ ਜਾਂਦਾ ਸੀ। ਪਰ ਆਮ ਇੱਕ ਸ਼ਿਕਾਰਗਾਹ ਤੇ ਰਹਿੰਦਾ ਸੀ। ਜੇਕਰ ਸ਼ਿਕਾਰ ਨਹੀਂ ਮਿਲਦਾ, ਜਦ ਰਾਤ ਨੂੰ ਮੈਂ ਬੰਦੇ ਦੇ ਰੂਪ'ਚ ਸੀ, ਬੁੱਢਾ ਜਾਪਦਾ ਸਾਂ; ਪਰ ਜੇ ਹਰਨ ਰੋਜ ਖਾਂਦਾ, ਫਿਰ ਮੈਂ ਗੱਭਰੂ ਲੱਗਦਾ ਸੀ।

ਇੱਕ ਰਾਤ ਇਨਸਾਨਾਂ ਦੀ ਅਵਾਜ਼ ਹਨੇਰੇ ਵਿੱਚੋਂ ਉੱਭਰੀ, ਅਤੇ ਮੈਂ ਡਰ ਗਿਆ। ਮੈਨੂੰ ਸਮਾਝ ਸੀ ਕਿ ਇਹ ਸ਼ਿਕਾਰਾਂ ਦੀ ਆਵਾਜ਼ ਸੀ, ਖਾਸ ਚੀਨੇ ਸ਼ਿਕਾਰਾਂ ਦੀ। ਆਦਮੀ ਦੇ ਰੂਪ ਹਾਲ'ਚ ਕੁੱਝ ਨਹੀਂ ਕਰ ਸਕਦਾ ਸਾਂ। ਪਹਾੜਾਂ'ਚ ਨੰਗਾ ਤੁਰਦਾ ਫਿਰਦਾ ਸੀ। ਜਦ ਕਪੜੇ ਹੱਥ ਆ ਜਾਂਦੇ, ਕਈ ਰਾਤਾਂ ਇਨਸਾਨ ਦੇ ਰੂਪ'ਚ ਗੁਜਾਰਦਾ ਸੀ। ਜੇ ਨਹੀਂ, ਮਹਿਨੇ ਮਹਿਨੇ ਲਈ ਸ਼ੇਰ ਹੀ ਰਹਿੰਦਾ ਸੀ। ਜਦ ਕੱਪੜੇ ਮਿਲਦੇ ਸੀ, ਮੈਂ ਨਹੀਂ ਵੇਖਦਾ ਸੀ ਕਿਸ ਦੇ ਸਨ; ਕਿਉਂ ਟੱਸ ਕੱਢਣੀ ਸੀ? ਕਿਸ ਲਈ? ਅੱਜ ਵੀ ਐਸਾ ਦਿਨ ਸੀ। ਮੈਂ ਆਵਦੇ ਸਮਾਨ ਇੱਕ ਥਾਂ ਰੱਖਦਾ ਸੀ, ਜਦ ਇਨਸਾਨ ਦੇ ਰੂਪ'ਚ ਸੀ। ਇਸ ਥਾਂ ਖ਼ਤ ਵੀ ਰੱਖੇ ਸੀ। ਆਪ ਨੂੰ ਯਾਦ ਕਰਾਉਣ ਲਈ ਕਿ ਮੈਂ ਇਨਸਾਨ ਹਾਂ, ਨਿੱਤ ਨਿੱਤ ਚਿੱਠੀਆਂ ਪੜ੍ਹਦਾ ਸਾਂ।

ਅੱਜ ਪਹਿਲੀਂ ਬਾਰ ਸ਼ਕਤੀ ਆਈ, ਬਿਨ ਕੱਪੜੇ ਵੀ ਫਿਰ ਇਨਸਾਨ ਬਣ ਸਕਦਾ ਸੀ। ਆਪਣੇ ਆਪ ਨੂੰ ਕਾਇਲ ਕੀਤਾ, ਕਹਿਣ ਦਾ ਮਤਲਬ ਸ਼ੇਰ ਰੂਪ ਨੂੰ ਉਸ ਰਾਹ ਦਿਨੇ ਫੜਣ, ਜਿੱਥੇ ਮੈਂ ਜਾਣਾ ਚਾਹੁੰਦਾ ਸੀ। ਜਦ ਇਸ ਸਿੱਧੀ ਉੱੱਤੇ ਪੂਰੀ ਅਧੀਨ ਸੀ, ਮੈਂ ਜਿਥੇ ਮਰਜ਼ੀ ਜਾ ਸਕਦਾ ਸਾਂ। ਇਸ ਤਰਾਂ ਨਾਲ਼ ਸ਼ਹਿਰ ਨੇੜੇ ਆ ਗਿਆ। ਇਥੋਂ ਬੰਦੇ ਦੇ ਰੂਪ'ਚ ਆ ਕੇ ਅਖਬਾਰ ਪੜ੍ਹੇ ਸੀ। ਇੰਡੀਆ ਪਾਕਿਸਤਾਨ ਝਮੇਲਾ ਸੀ। ਮੈਂ ਮਨ ਬਣਾ ਲਿਆ, ਭੁਟਾਨ ਵੀ ਨਹੀਂ ਰਹਿਣਾ। ਮੁਲਕ ਛੱਡ ਦੇਣਾ ਸੀ। ਹੁਣ ਪਿਤਾ ਜੀ ਦੇ ਪੈਸਿਆਂ ਨਾਲ਼ ਆਵਦੇ ਜੋੜ ਲਏ ਸਨ। ਜਦ ਭੁਟਾਨ ਦੇ ਵੱਡੇ ਸ਼ਹਿਰ ਆਇਆ, ਪੈਸੇ ਕੱਢਕੇ ਇੰਗਲੈਂਡ ਚਲਿਆ ਗਿਆ।

੫ ਚੇਤ ੧੯੫੧

ਪਹਿਲੀ ਮਹਾਨ ਜੰਗ'ਚ ਵੀ ਮੈਂ ਇੰਗਲੈਂਡ ਸੀ। ਮੈਂ ਫੋਜ'ਚ ਸ਼ਾਮਲ ਹੋ ਗਿਆ। ਦਿਨੇ ਗਾਇਬ ਹੋ ਜਾਂਦਾ ਸੀ, ਪਰ ਰਾਤ ਨੂੰ ਲੜਦਾ ਸੀ। ਕੀ ਪਤਾ ਦਿਨੇ ਸ਼ੇਰ ਕੀ ਕਰਦਾ ਸੀ, ਕੁੱਝ ਕੁੱਝ ਹੀ ਯਾਦਾਂ ਹਨ। ਜਦ ਸੱਟ ਲੱਗ ਗਈ, ਬਰਾਈਟਨ, ਸਾਸੈੱਕਸ ਭੇਜ ਦਿੱਤਾ। ਸਾਨੂੰ ਇੱਕ ਦੇਸੀ ਮੱਹਲ ਵਰਗੇ ਥਾਂ ਰੱਖਿਆ ਸੀ। ਇਹ ਸਾਡਾ ਹਸਪਤਾਲ ਸੀ। ਮੈਂ ਅਪਣੇ ਆਪ ਨੂੰ ਉੱਥੋਂ ਕਢਾ ਲਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ, ਦਿਨ ਦਾ ਰੂਪ ਸਭ ਨੂੰ ਪਤਾ ਲੱਗੇ, ਜਾਂ ਕੁੱਝ ਬੁਰਾ ਕਰੇ। ਪਰ ਆਮ ਫੋਜੀ ਨੂੰ ਅੰਦਰ ਹੀ ਰੱਖਦੇ ਸੀ। ਗੋਰੇ ਚਾਹੁੰਦੇ ਨਹੀਂ ਸੀ ਕਿ ਅਸਲ ਇੰਗਲੈਂਡ ਦਾ ਰੂਪ ਦੇਖਕੇ ਇੰਡੀਆ ਵਾਪਸ ਜਾ ਕੇ ਸਭ ਨੂੰ ਦੱਸੀਏ ਕਿ ਉਹੀ ਹਾਲ ਸੀ ਆਮ ਗੋਰਿਆਂ ਦਾ, ਜੋ ਸਾਡੇ ਪੰਜਾਬ'ਚ ਹੈ।

ਦੂਜੇ ਮਹਾਨ ਜੰਗ'ਚ ਬਹੁਤਾ ਸ਼ਾਮਲ ਨਹੀਂ ਸੀ। ਪਰ ਜਿੱਥੇ ਉਸ ਵੇਲੇ ਸਰਦਾਰ ਜਾਵੇ, ਗੋਰੇ ਸਲਾਮਾਂ ਕਰਦੇ ਸਨ। ਜਦ ਅਮਨ ਦਾ ਵਕਤ ਆਇਆ, ਇਹ ਸਭ ਬਦਲ ਗਿਆ। ਜਿਹੜੇ ਲੋਕ ਪੰਜਾਬ'ਚੋਂ ਨਿਕਲ ਕੇ ਉੱਥੇ ਘਰ ਵਸਾਉਣੇ ਚਾਹੁੰਦੇ ਸੀ, ਉਨ੍ਹਾਂ ਲਈ ਇਮਤਿਆਜ਼ ਬਹੁਤ ਬੀਤਾ ਸੀ। ਹੁਣ ਮੈਂ ਵੀ ਇੱਥੇ ਆ ਕੇ ਉਨ੍ਹਾਂ ਹਾਲਾਂ'ਚ ਹਾਂ। ਗੋਰਿਆਂ ਨੂੰ ਖ਼ੁਸ਼ ਕਰਨ ਲਈ ਕੇਸ ਕੱਟ ਲਏ ਸੀ। ਵੈਸੇ ਪੰਜਾਬ ਤੋਂ ਬਾਹਰ ਇੰਡੀਆ ਵਿੱਚ ਵੀ ਪੱਗ ਵਾਲੇ ਨੂੰ ਸੰਤਾ-ਬੰਤਾ ਆਖਦੇ ਸੀ। ਸਾਰਾ ਭਾਰਤ ਸਾਡੇ ਪੰਜਾਬੀਆਂ ਤੇ ਹਸਦਾ ਸੀ। ਤਅੱਸਬ ਨਾਲ਼ ਹਿੰਦੂਸਤਾਨ ਭਰਿਆ ਪਿਆ ਹੈ।

ਹੁਣ ਇੰਗਲੈਂਡ'ਚ ਮੈਂ ਸ਼ਹਿਰਾਂ ਕੋਲ਼ ਨਹੀਂ ਰਹਿ ਸਕਦਾ। ਸ਼ੇਰ ਰੂਪ ਕਰਕੇ ਪਿੰਡਾਂ ਕੋਲ਼ ਰਹਿੰਦਾ ਹਾਂ। ਉਂਝ ਧੁੰਧ ਹੀ ਧੁੰਧ ਹੁੰਦੀ ਹੈ, ਪਰ ਯਾਦ ਹੈ ਕਿ ਮੈਂ ਭੇਡ, ਜਾਂ ਗਉ ਨੂੰ ਹੀ ਮਾਰਕੇ ਖਾਂਦਾ ਹਾਂ। ਜਾਦੂਗਰ ਹੋਣ ਕਰਕੇ ਥੋੜ੍ਹਾ ਜਿਹਾ ਸ਼ੇਰ ਨੂੰ ਅਧੀਨ ਕਰ ਸਕਦਾ ਹਾਂ। ਇਨਸਾਨ ਨੂੰ ਮਾਰਨਾ ਮਨ੍ਹਾ ਹੈ। ਹੋ ਸਕਦਾ ਮੈਂ ਕਿਸੇ ਵਿਚਾਰੇ ਨੂੰ ਮਾਰਿਆ ਹੋਵੇ? ਪਰਾਣੇ ਦਿਨਾਂ'ਚ ਮੈਂ ਅੱਧਾ ਸ਼ੇਰ ਰੂਪ'ਚ ਹੁੰਦਾ ਸੀ ਕਰਕੇ ਸ਼ਿਕਾਰ ਨੂੰ ਚੁਣਦਾ ਸਾਂ। ਹੁਣ ਨਹੀਂ। ਜਦ ਸ਼ੇਰ ਸੀ, ਸ਼ੇਰ ਹੀ ਸੀ। ਧੁੰਧ ਸੀ।

ਇੰਗਲੈਂਡ ਉਹ ਚੀਜ਼ ਨਹੀਂ ਸੀ ਜਿਹੜੀ ਪੰਜਾਬੀ ਸਮਝਦੇ ਸਨ। ਹਿਟਲਰ ਨਾਲ਼ ਲੜਾਈ ਬਹੁਤ ਮਹਿੰਗੀ ਪਈ ਸੀ। ਮਲਕ ਨੂੰ ਫਿਰ ਬਣਾਉਣਾ ਪਿਆ। ਜਿਹੜੇ ਕੰਮ ਬਰਤਾਨਵੀ ਨਹੀਂ ਕਰਨੇ ਚਾਹੁੰਦੇ ਸੀ, ਸਾਡੇ ਲੋਕਾਂ ਨੂੰ ਪੰਜਾਬ ਤੋਂ ਬੁਲਾ ਕੇ ਕਰਾਉਂਦੇ ਸਨ। ਕਈ ਪਰਵਾਸੀ ਉਥੇ ਪਕੇ ਹੋ ਗਏ ਸਨ। ਪਹਿਲਾਂ ਪਹਿਲਾਂ ਦਸਤਾਰ ਵੇਖ ਕੇ ਇੱਜ਼ਤ ਕਰਦੇ ਸੀ, ਪਰ ਜਦ ਵੇਖਿਆ ਅੱਸੀਂ ਪੰਜਾਬੀ ਬੋਲਦੇ ਸੀ, ਹੋਰ ਰੀਤਾਂ ਮੰਨਦੇ ਸੀ, ਹੋਰ ਖਾਣੇ ਖਾਂਦੇ ਸੀ, ਸਾਨੂੰ ਨਫਰਤ ਕਰਨ ਲੱਗ ਪਏ। ਸਾਡੀ ਔਲਾਦ ਇੱਥੇ ਪੈਦਾ ਹੋਈ। ਆਲ਼ੇ ਦੁਆਲ਼ੇ ਜੋ ਸੀ, ਉਸ ਨਾਲ਼ ਸਬੰਧ ਰੱਖਦੀ ਸੀ। ਇਸ ਲਈ ਸਾਡੀ ਬੋਲੀ, ਸਾਡੇ ਵਿਰਸੇ ਵੱਲ ਪਿੱਠ ਕਰ ਦਿੱਤੀ। ਨਾ ਅੰਗ੍ਰੇਜ਼ੀ ਸਨ, ਨਾ ਪੰਜਾਬੀ। ਇਸ ਇੰਗਲੈਂਡ'ਚ ਸਾਲ ਬਿਤਾ ਕੇ ਮੈਂ ਅਮਰੀਕਾ ਵਾਪਸ ਚੱਲੇ ਗਿਆ। ਇੰਡੀਆ ਹਾਲੇ ਮੈਂ ਤਿਆਰ ਨਹੀਂ ਸੀ ਵਾਪਸ ਵਾਪਸ ਜਾਣ ਲਈ।

੧੬ ਫੱਗਣ ੧੯੫੩

ਹੁਣ ਸਾਲ ਤੋਂ ਉੱਪਰ ਹੋ ਗਿਆ ਜਦ ਦਾ ਮੈਂ ਕੈਲੀਫਾਰਨੀਆ ਆਇਆ ਹੋਇਆਂ। ਖੇਤੀ ਦਾ ਕੰਮ ਕਰਦਾ ਹਾਂ। ਸ਼ਹਿਰਾਂ ਤੋਂ ਦੂਰ ਰਹਿੰਦਾ ਹਾਂ। ਇੱਕ ਬਾਰ ਅਖਬਾਰ'ਚ ਖਬਰ ਆਈ ਸੀ ਕਿ ਬੰਗਾਲੀ ਸ਼ੇਰ ਤੁਰਦਾ ਫਿਰਦਾ ਹੈ। ਲੋਕਾਂ ਨੇ ਇਸ ਗੱਲ ਨੂੰ ਐਵੀਂ ਸਮਝਿਆ। ਸੱਚ ਹੋ ਨਹੀਂ ਸਕਦਾ। ਖੇਤਾਂ ਦੇ ਜਾਨਵਾਰਾਂ ਨੂੰ ਕੋਈ ਰਿੱਛ ਮਾਰਦਾ ਸੀ, ਜਾਂ ਜੋ ਕਤਲ ਹੋਏ ਕੋਈ ਖੁਨੀ ਖੂਨ ਕਰਦਾ ਸੀ, ਜਿਸਦਾ ਦਿਮਾਗ਼ ਹਿੱਲਿਆ ਸੀ। ਸ਼ੇਰ ਕੋਈ ਨਹੀਂ ਮੰਨਦਾ ਸੀ। ਅਜੀਬ ਗੱਲ ਸੀ ਭੂਤ ਪ੍ਰੇਤਾਂ'ਚ ਮੰਨਦੇ ਸੀ। ਇੱਕ ਫਾਰਮ ਜਿਥੇ ਮੈਂ ਦੋ ਮਹਿਨੇ ਬਿਤਾਉਣ ਦਾ ਫ਼ੈਸਲਾ ਕੀਤਾ, ਉੱਥੋਂ ਦੇ ਹੋਰ ਕਾਮਿਆਂ ਦਾ ਖਿਆਲ ਸੀ ਕਿ ਕੋਈ ਚਿੱਟਾ ਭੂਤ ਹਰ ਰਾਤ ਤੁਰਦਾ ਫਿਰਦਾ ਸੀ। ਉਹ ਇਸ ਤੋਂ ਡਰਦੇ ਸੀ ਪਰ, ਸ਼ੇਰ ਤੋਂ ਨਹੀਂ। ਮੈਂ ਸਾਬਤ ਕਰ ਦਿੱਤਾ ਕਿ ਇਹ ਸਭ ਬਕਵਾਸ ਸੀ। ਚਾਦਰ ਪਾ ਕੇ, ਉਸਦੇ ਅੰਦਰ ਲਾਲਟੈਨ ਲੁਕੋ ਕੇ ਉਨ੍ਹਾਂ ਨੂੰ ਡਰਾ ਦਿੱਤਾ। ਫਿਰ ਆਪਨੂੰ ਉਨ੍ਹਾਂ ਦੇ ਸਾਹਮਣੇ ਕੀਤਾ, ਇਹ ਵੇਖਾਉਣ ਲਈ ਕਿ ਭੂਤ ਹੋ ਹੀ ਨਹੀਂ ਸਕਦੇ। ਉਂਝ ਜੇ ਮੈਂ ਭੂਤ ਨਹੀਂ, ਫਿਰ ਕੀ ਹਾਂ? ਗੱਲ ਹੈ ਅਮਰੀਕਨ ਲੋਕ ਨਾਦਾਨ ਹੈ। ਪੈਸੇ ਬਹੁਤ, ਦਿਮਾਗ਼ ਘੱਟ। ਅਮਰੀਕਾਂ ਤੋਂ ਮੇਹੀਕੋ ਚਲਿਆ ਗਿਆ। ਫਿਰ ਲਾਤੀਨੀ ਅਮਰੀਕਾ, ਜਿਥੇ ਬਹੁਤ ਸਾਲ ਬੀਤੇ। ਇੱਥੋਂ ਹੀਂ ਮੈਂ 'ਇੰਡੀਆ' ਉੱਤੇ ਅੱਖ ਰੱਖਦਾ ਸਾਂ।

੧੦ ਕੱਤਕ ੧੯੬੬

ਇੱਕ ਬਾਰ ਫਿਰ ਮੇਰੇ ਪੰਜਾਬ ਦੇ ਟੁਕੜੇ ਕਰ ਦਿੱਤੇ। ਹੁਣ ਪੰਜਾਬ, ਦੇ ਦੋ ਹਿੱਸੇ ਹਰਿਆਣਾ ਅਤੇ ਹਿਮਾਚਲ ਪਰਦੇਸ ਬਣਾ ਦਿੱਤੇ। ਪੰਜਾਬੀ ਸੱਚੀਂ ਆਵਦੇ ਹੀ ਦੁਸ਼ਮਨ ਹਨ। ਇੰਡੀਆ ਪਾਕਿਸਤਾਨ'ਚੋਂ ਕੀ ਪੰਜਾਬ ਨੂੰ ਮਿਲਿਆ? ਹੋਰ ਮੁਲਕਾਂ ਵਿੱਚ ਬੋਲੀ ਦੇ ਹਿਸਾਬ ਨਾਲ਼ ਜਨਤਾ ਨੂੰ ਵੰਡਦੇ ਹਨ, ਸਾਡੇ'ਚ ਧਰਮ ਦੀਨ ਦੇ ਹਿਸਾਬ ਨਾਲ਼। ਵਾਹ ਵਾਹ! ਮੇਰਾ ਮਨ ਨਹੀਂ ਕਰਦਾ ਅਜੇ ਵਾਪਸ ਜਾਣ ਲਈ।
੧੮ ਕੱਤਕ ੧੯੬੬

ਅਖਬਾਰਾਂ ਤੋਂ ਲੱਗਦਾ ਦਿਨੇ ਕੱਲੇ ਹਿਰਨ ਵਰਗੇ ਜਾਨਵਰਾਂ ਦਾ ਨਹੀਂ ਸ਼ਿਕਾਰ ਕਰਦਾ ਹਾਂ। ਹੁਣ ਅਰਜਨਤੀਨਾ'ਚ ਹਾਂ। ਇੱਥੇ ਆਮ ਇੱਜੜ 'ਚੋਂ ਕੁੱਝ ਮਾਰਦਾ ਹਾਂ। ਕਦੀ ਬਕਰੀ, ਕਦੀ ਬੈਲ। ਬਹੁਤਾ ਯਾਦ ਨਹੀਂ। ਅੱਜ ਕੱਲ੍ਹ ਦਿਨ ਦੇ ਆਹਰ ਪਾਹਰ ਉੱਤੇ ਅਧੀਨ ਨਹੀਂ ਹੈ। ਧੁੰਧ ਹੀ ਧੁੰਧ ਹੈ। ਅਖਬਾਰਾਂ ਦੇ ਹਿਸਾਬ ਨਾਲ਼ ਆਦਮੀ ਨੂੰ ਗਿੱਦੜ ਜਾਂ ਸ਼ੇਰ ਮਾਰ ਗਿਆ। ਲੱਗਦਾ ਮੈਨੂੰ ਆਵਦੇ ਮੁਲਕ " ਇੰਡੀਆ" ਵਾਪਸ ਜਾਣਾ ਪਵੇਗਾ। ਗੋਰਾਇਆ ਦਾ ਚੱਕਰ ਮਾਰ ਕੇ ਭੁਟਾਨ ਵਾਪਸ ਜਾਵਾਂਗਾ। ਹੋਰ ਕੀ?

ਵੈਸੇ ਗੋਰਾਇਆ ਜਾਣ ਦਾ ਇੱਕ ਹੀ ਮਤਲਬ ਹੈ। ਮੈਂ ਹੁਣ ਫਿਰ ਬਹੁਤ ਪੈਸੇ ਵਾਲਾ ਹਾਂ। ਪਿਤਾ ਜੀ ਦੇ ਦਿੱਤੇ ਪੈਸਿਆਂ ਨਾਲ਼ ਆਵਦੇ ਜੋੜ ਲਏ। ਜਿਵੇਂ ਜਾਂ ਕਿਵੇਂ ਬਣਾਏ। ਪਰ ਪੈਸੇ ਮੇਰੇ ਲਈ ਕੀ ਕਰਦੂਗੇ? ਸੌ ਸਾਲ'ਚ ਇੰਨੇ ਜੰਮ੍ਹਾ ਕਰ ਲਏ ਕਿ ਨੀਲ ਤੋਂ ਵੀ ਵੱਧ ਹੈ। ਹੋ ਸਕਦੈ ਮੇਰੇ ਜਿੰਨ੍ਹੇ ਬਹੁਤ ਘੱਟ ਅਮੀਰ ਹਨ। ਪਰ ਪੈਸਿਆਂ ਦਾ ਕੀ ਕਰਨੈ? ਜਦ ਮੈਂ ਰਾਜ ਕੁਮਾਰ ਸਾਂ ਉਦੋਂ ਵੀ ਕੋਈ ਫਾਇਦਾ ਨਹੀਂ ਸੀ। ਮੈਨੂੰ ਪਿਆਰ ਚਾਹੀਦਾ ਹੈ। ਭਾਵੇਂ ਗੋਰਾਇਆ ਵਾਪਸ ਆ ਕੇ ਲੱਭ ਪਵੇ।

੯ ਮਾਘ ੧੯੬੬

ਪਿਆਰ। ਪ੍ਰੇਮ। ਇਸ਼ਕ। ਬਿਲੋ ਤਾ ਹੁਣ ਸਿਰਫ਼ ਇੱਕ ਸਪਨਾ ਹੀ ਸੀ। ਕੱਚੀ ਯਾਦ। ਉਹ ਜ਼ਿੰਦਗੀ ਵੀ ਸਪਨਾ ਹੀ ਸੀ। ਹੋ ਸਕਦੈ ਇੱਕ ਸਮਾਂ ਮੈਂ ਰਾਜੇ ਦਾ ਪੱਤ ਸੀ? ਹੋ ਸਕਦੈ ਮੈਂ ਇੱਕ ਸਮਾਂ ਇਨਸਾਨ ਸੀ, ਜਿਹੜਾ ਦਿਨੇ ਲੋਕਾਂ'ਚ ਤੁਰ ਫਿਰ ਸਕਦਾ ਸੀ, ਨਾ ਕੇ ਕੇਵਲ ਰਾਤ ਨੂੰ? ਇਸ ਹਾਹ ਲਾਹੁਣ ਲਈ ਪਿਆਰ ਚਾਹੀਦੈ। ਸੌ ਸਾਲ ਬੀਤ ਗਏ। ਪੰਜਾਬ'ਚ ਕੋਈ ਲੱਭੀ ਨਹੀਂ; ਵਲੈਤ ਵੀ ਨਹੀਂ...ਕਿਤੇ ਨਹੀਂ। ਹਾਂ, ਕਈ ਕੁੜੀਆਂ ਮਿਲੀਆ। ਪਰ ਇਸ਼ਕ ਨਹੀਂ ਹੋਇਆ। ਦੋ ਮੌਕੇ ਸੀ। ਇੱਕ ਬ੍ਰਾਜ਼ਿਲ ਵਿੱਚ ਮਿਲੀ, ਇੱਕ ਕੀਨੀਆ'ਚ। ਦੋਨਾਂ ਨੂੰ ਸੱਚ ਦੱਸਣਾ ਪਿਆ। ਕਿਉਂਕਿ ਜੇ ਸ਼ੇਰ ਰੂਪ ਓਂਕਾਰ ਨਾਲ਼ ਪਿਆਰ ਨਹੀਂ ਕਰ ਸਕਦੀਆਂ ਫਿਰ ਸਰਾਪ ਤਾਂ ਰਹਿਣਾ ਹੀ ਸੀ।

ਬ੍ਰਾਜ਼ੀਲੀਅਣ ਡਰ ਗਈ'ਤੇ ਦੌੜ ਗਈ। ਉਸਨੇ ਮੈਨੂੰ ਸ਼ੈਤਾਨ ਸਮਝਿਆ। ਕੀਨੀਅਣ ਕਾਲ਼ੀ ਸੀ। ਪਹਿਲਾਂ ਤਾਂ ਡਰੀ ਨਹੀਂ। ਵਿਆਹ ਤੱਕ ਵੀ ਤਿਆਰ ਹੋ ਗਈ। ਮੈਨੂੰ ਲੱਗਿਆ ਸਭ ਠੀਕ ਠਾਕ ਹੋ ਜਾਣੈ। ਇੱਕ ਦਿਨ ਉਸਨੇ ਮੇਰਾ ਪਰਿਵਰਤਨ ਵੇਖਿਆ। ਬਹੁਤ ਡਰ ਗਈ। ਸਾਰੇ ਪਿੰਡ ਨੂੰ ਚੀਕ ਚੀਕ ਕੇ ਉੱਠਾ ਦਿੱਤਾ। ਜਦ ਲੋਕਾਂ ਦੀ ਜਾਗ ਖੁੱਲ੍ਹੀ, ਮੇਰੇ ਵੱਲ ਨੱਸ ਕੇ ਆਏ। ਦੈਂਤ ਵੇਖ ਕੇ ਜਹਾਲਤ ਜਮਤਾ ਤੀਰ, ਸਾਂਗ'ਤੇ ਗੋਲ਼ੀਆਂ ਮੇਰੇ ਵੱਲ ਛੱਡ ਗਏ। ਮੈਂ ਕੀਨੀਅਣ ਵੱਲ ਅੱਖਾਂ'ਚੋਂ ਅੱਗ ਸੁੱਟੀ। ਹਾਲੇ ਪੂਰਾ ਸ਼ੇਰ ਨਹੀਂ ਬਣੀਆ ਸਾਂ, ਜਦ ਗੋਲ਼ੀਆਂ ਛਾਤੀ ਦੇ ਅੰਦਰ ਧਸ ਗਈਆਂ। ਜਦ ਪੂਰਾ ਸ਼ੇਰ ਰੂਪ ਹੋ ਗਿਆ, ਜੰਗਲ'ਚ ਨੱਠ ਗਿਆ। ਮੇਰੇ ਪਿੱਛੇ ਪੇਂਡੂ ਗੋਲ਼ੀਆਂ ਦਾ ਛਾਣ ਦਿੰਦੇ ਸਨ। ਕਿਸਮਤ ਨਾਲ਼ ਜਦ ਰਾਤ ਆਈ ਹਸਪਤਾਲ ਲੱਭ ਗਿਆ। ਮਰਨਾ ਤਾਂ ਨਹੀਂ ਸੀ, ਪਰ ਗੋਲ਼ੀਆਂ ਕੱਢ ਦਿੱਤੀਆਂ। ਉਸ ਤੋਂ ਬਾਅਦ ਕਿਸੇ ਲੜਕੀ'ਤੇ ਯਕੀਨ ਨਹੀਂ ਸੀ। ਸੋ ਪਿਆਰ ਕਿਵੇਂ ਹੋਵੇ? ਹੋ ਸਕਦੈ ਮੇਰੀ ਧਰਤੀ ਮਾਂ'ਤੇ ਪਿਆਰ ਲੱਭ ਪਵੇ?

੧੫ ਚੇਤ ੧੯੬੭

ਗੋਰਾਇਆ ਪਿਆਰ ਨਹੀਂ ਭਾਲ਼ਿਆ। ਬੈਂਕ ਵਾਲਿਆਂ ਨੂੰ ਲੱਗਿਆ ਮੈਂ ਪਹਿਲੇ ਓਂਕਾਰ ਦਾ ਪੋਤਾ ਸੀ। ਇਸ ਝੂਠ ਨਾਲ਼ ਹੀ ਕੰਮ ਚਲਦਾ ਸੀ। ਨਾਲ਼ੇ ਪੰਜਾਬੀਆਂ ਲਈ ਵੱਢੀ ਖਾਣੀ ਸੌਖੀ ਹੈ। ਸਾਡੇ ਲਈ ਚੰਗਾ ਬਣਨ ਦਾ ਮੌਕਾ ਬਹੁਤ ਦੇਰ ਪਹਿਲਾਂ ਛਿਪ ਚੁੱਕਾ ਸੀ। ਬਾਹਰਲੇ ਮੁਲਕਾਂ ਦੀਆਂ ਚੰਗੀਆਂ ਆਦਤਾਂ ਨਹੀਂ ਫੜਦੇ, ਕੇਵਲ ਨੁਕਸ ਫੜਕੇ ਆਪਨੂੰ ਮਹਾਨ ਸਮਝਦੇ ਹਾਂ। ਅੰਦਰ ਮੰਨ ਦੇ ਕਿਸੇ ਖੁੰਜੇ ਸ਼ਰਮ ਹੈ, ਅਪਣੇ ਤੇ ਸ਼ੱਕ ਹੈ। ਪੰਜਾਬੀ ਬੋਲੀ ਛੱਡ ਕੇ ਹਿੰਦੀ ਬੋਲਣ ਲੱਗ ਪਏ। ਜਾਂ ਅੰਗ੍ਰੇਜ਼ੀ। ਦੁਨੀਆਂ'ਚ ਜਨਾਨੀਆਂ ਦੇ ਬਹੁਤ ਹੱਕ ਨੇ। ਉਸ ਦੀ ਰੀਸ ਨਹੀਂ ਕਰਨੀ, ਪਰ ਸ਼ਰਾਬ ਪੀਣ ਦੀ, ਜਾਂ ਜੂਆ ਖੇਲਣ ਦੀ ਰੀਸ ਕਰਨੀ ਹੈ। ਪੱਛਮ ਦੀ ਸਭ ਤੋਂ ਵੱਡੀ ਚੰਗਿਆਈ ਹੈ ਜਮਹੂਰੀਅਤ। ਇਹ ਨਹੀਂ ਲੈਣੀ। ਨੰਗਾ ਨੱਚਣਾ, ਅਮੀਰ ਬੰਦੇ ਦਾ ਜੋਰ ਗਰੀਬ ਉੱਤੇ, ਜਾਂ ਝੂਠੀ ਪੁਲੀਸ ਦੀਆਂ ਆਦਤਾਂ ਬਰਦਾਸ਼ਤ ਕਰਨ'ਚ ਤੇਜ ਨੇ। ਪੱਛਮ'ਚ ਮੰਤਰੀ ਲੋਕਾਂ ਦੇ ਨੋਕਰ ਹਨ। ਇੰਡੀਆਂ'ਚ ਕੰਮ ਉਲਟਾ ਹੈ। ਇਹ ਸਭ ਕੁੱਝ ਹੌਲ਼ੀ ਹੌਲ਼ੀ ਪੰਜਾਬ'ਚ ਦਿਸਦਾ ਸੀ। ਭਗਤ ਸਿੰਘ ਦੀ ਫਾਂਸੀ ਦਾ ਕੋਈ ਫਾਇਦਾ ਨਹੀਂ ਸੀ। ਚਿੱਟੇ ਚਿਹਰਿਆਂ ਦੇ ਥਾਂ ਨਵੇਂ ਨਕਾਬ ਵਟ ਗਏ। ਜੋਰ ਤਾਂ ਉਨ੍ਹਾਂ ਹੱਥਾਂ ਵਿੱਚ ਹਾਲੇ ਵੀ ਸੀ।

ਮੈਂ ਸਾਰੀ ਦੁਨੀਆ ਵੇਖੀ ਹੈ। ਵਾਪਸ ਆ ਕੇ ਮੈਂ ਆਪਣੇ ਆਪਨੂੰ ਇੰਡੀਅਨ ਆਖਾਂ, ਜਾਂ ਨਾ? ਇੰਡੀਆ ਤਾਂ ਗੋਰਿਆਂ ਮੁਗਲਾਂ ਦਾ ਸੋਚਿਆ ਚਾਲ ਹੈ। ਪਹਿਲਾਂ ਉਨ੍ਹਾਂ ਦੀ ਰਾਜਧਾਨੀ ਸੀ। ਹੁਣ ਗਾਂਧੀ ਟੱਬਰ ਦੀ। ਕੁੱਝ ਨਹੀਂ ਬਦਲਿਆ।

ਪਿਆਰ ਵੀ ਨਹੀਂ ਮਿਲਿਆ। ਨਾ ਕੋਠੀ ਤੋਂ, ਨਾ ਹੀ ਚੰਗੇ ਘਰ ਦੀਆਂ ਧੀਆਂ ਤੋਂ। ਪੈਸੇ ਖੂਬ ਸੀ। ਪੈਸੇ ਨਾਲ਼ ਪਿਆਰ ਕੋਈ ਖਰੀਦ ਸਕਿਆ?

੧੦ ਹਾੜ੍ਹ ੧੯੭੫

ਚੀਨ ਦੇ ਜੰਗਲ਼ਾਂ' ਚਲੇ ਗਿਆ ਸੀ। ਖਾਣ ਲਈ ਬਹੁਤ ਕੁੱਝ ਸੀ। ਵੈਸੇ ਰਾਤ ਨੂੰ ਕਦੀ ਭੁੱਖ ਨਹੀਂ ਲੱਗਦੀ ਸੀ। ਆਪਣੇ ਆਪਨੂੰ ਆਮ ਬੰਦਿਆਂ'ਚ ਸ਼ਾਮਲ ਕਰ ਲਿਆ। ਵੇਖਣ'ਚ ਚੀਨਾ ਸਾਂ। ਛਾਂ'ਚ ਲੁਕ ਲੁਕ ਕੇ ਰਹਿੰਦਾ ਸਾਂ। ਚੀਨੀ ਬੋਲੀ ਸਿੱਖ ਲਈ। ਹੁਣ ਮੈਂ ਹਿੰਦੀ, ਅੰਗ੍ਰੇਜ਼ੀ, ਸਪੈਨਿਸ਼, ਪੋਰਤੋਗੀਜ਼, ਚੀਨੀ ਆਦਿ ਬੋਲ ਪੜ੍ਹ ਸਕਦਾ ਸੀ। ਵਕਤ ਬਹੁਤ ਸੀ, ਹੋਰ ਕੀ ਕਰਨਾ ਸੀ? ਹਰ ਕਿਤਾਬ ਨੂੰ ਹਜ਼ਮ ਕਰਨ ਲੱਗ ਪਿਆ। ਮਹੀਨਾ ਅਜੇ ਵਾਪਰਿਆ ਨਹੀਂ ਸੀ ਜਦ ਸ਼ਿਕਾਰੀ ਮੇਰੇ ਮਗਰ ਪੈ ਗਏ। ਇਸ ਮੁਲਕ'ਚ ਸ਼ੇਰ ਦੀਆਂ ਹੱਡੀਆਂ ਕੀਮਤੀ ਸਨ। ਮੈਂ ਭੁਟਾਨ ਵਾਪਸ ਆ ਗਿਆ। ਇੱਥੇ ਇੱਕ ਦਿਨ ਵੇਖ ਕੇ ਪਤਾ ਲੱਗਾ ਪੰਜਾਬ'ਚ ਇੱਕ ਬਾਰ ਫਿਰ ਭਾਂਬੜ ਆ ਗਿਆ। ਅਕਾਲੀਆਂ'ਤੇ ਕਾਂਗਰਸ ਨੇ ਸਿੰਗ ਮਿਲਾਏ। ਪੰਜਾਬ'ਚ ਪਟਾਕਾ ਪਾ ਦਿੱਤਾ। ਚੰਗਾ ਮਾੜਾ ਕੌਣ ਸੀ, ਮੈਨੂੰ ਨਹੀਂ ਪਤਾ। ਜਿੰਨੇ ਮੂੰਹ ਓਨੀਆਂ ਗੱਲਾਂ। ਮੈਂ ਜੰਗਲ਼ਾਂ'ਚ ਵਾਪਸ ਚਲਿਆ ਗਿਆ। ਉੱਥੇ ਜਿੰਦ ਨੂੰ ਸਿਰ ਉੱਤੇ ਲਾਸ਼ ਵਾਂਗ ਚੱਕੀ ਫਿਰਿਆ।

੫ ਅੱਸੂ ੧੯੮੦

ਬੰਗਲਾਦੇਸ਼ ਦੇ ਜੰਗਲ਼ਾਂ'ਚ ਹੁਣ ਦਿਨੇ ਰਹਿੰਦਾ ਸੀ। ਇੱਥੇ ਇੱਕ ਪਿੰਡ'ਚ ਲੜਕੀ ਮਿਲੀ। ਜਦ ਵੀ ਮੈਂ ਰਾਤ ਨੂੰ ਪਿੰਡ ਆਉਂਦਾ ਸੀ, ਉਸ ਦੀਆਂ ਗੱਲ੍ਹਾਂ ਫੁੱਲ ਜਾਂਦੀਆਂ ਸਨ। ਉਸਦਾ ਨਾਂਅ ਜੋਈਤਾ ਸੀ। ਹੌਲੀ ਹੌਲੀ ਉਸਨੂੰ ਮੇਰੇ ਨਾਲ਼ ਪਿਆਰ ਹੋ ਗਿਆ। ਉਸ ਦੇ ਅੱਖਾਂ ਸਾਹਮਣੇ ਮੈਂ ਬੁੱਢੇ ਤੋਂ ਜੁਆਨ ਹੋ ਗਿਆ। ਮੈਂ ਉਸਨੂੰ ਆਵਦੀ ਕਹਾਣੀ ਦੱਸ ਦਿੱਤੀ। ਉਸਦੇ ਗਰੀਬ ਟੱਬਰ ਨੂੰ ਬਹੁਤ ਪੈਸੇ ਵੀ ਦੇ ਦਿੱਤੇ। ਤੜਕੇ ਜੰਗਲ਼'ਚ ਦੌੜ ਜਾਂਦਾ ਸੀ। ਪਰਿਵਰਤਨ ਜੰਗਲ਼'ਚ ਹੀ ਹੁੰਦਾ ਸੀ। ਖਤਰੇ ਤੋਂ ਪਰ੍ਹੇ।

ਮੈਂ ਬਹੁਤ ਖ਼ੁਸ਼ ਸੀ। ਜਦ ਵੀ ਹੁਣ ਮਰਜੀ ਮੇਰਾ ਹਾਲ ਬਦਲ ਸਕਦਾ ਸੀ...ਬਦਲਣ ਲੱਗਾ ਸੀ। ਬੱਸ ਜੋਈਤਾ ਦੇ ਬੁੱਲ੍ਹਾਂ ਤੋਂ ' ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ', ਦੀ ਉਡੀਕ ਸੀ। ਕਹਿਣ ਲੱਗੀ ਸੀ। ਰੱਬਾ ਮੈਂ ਤੇਰਾ ਕੀ ਵਿਗਾੜਿਆ? ਇੱਕ ਸਦੀ ਲਈ ਵੇਖਦਾ ਰਿਹਾ ਕਿਵੇਂ ਸਾਰਾ ਸਮਾਜ ਪਾਪ ਕਰ ਰਿਹਾ ਹੈ। ਉਸਨੂੰ ਕੁੱਝ ਨਹੀਂ ਕਰਦਾ! ਜਦ ਮੈਨੂੰ ਦਿਨ ਦੀ ਧੁੰਧ ਤੋਂ ਜਾਗ ਆਈ, ਮੇਰਾ ਬਦਨ ਲਹੂ ਨਾਲ਼ ਲਿਬੜਿਆ ਪਿਆ ਸੀ। ਮੇਰੇ ਨੰਗੇ ਪਿੰਡੇ'ਤੇ ਖੂਨ ਦੇ ਦਾਗ ਸਨ, ਜਿਵੇਂ ਲਾਲ ਕੰਬਲ਼'ਚ ਲਪੇਟਿਆ ਹੋਵਾਂ। ਅਤੇ ਅੱਖਾਂ ਦੇ ਅੱਗੇ ਜੋਈਤਾ ਦੇ ਥਾਂ ਮੀਟ ਪਿਆ ਸੀ। ਡਰਦਾ ਮੈਂ ਉੱਥੋਂ ਦੌੜ ਗਿਆ। ਹੁਣ ਪਿਆਰ ਮਿਲਣ ਦੀ ਉਮੀਦ ਉਡ ਗਈ। ਦਿਲ ਟੁੱਟ ਗਿਆ।

ਜੰਗਲ਼'ਚੋਂ ਕਈ ਮਹਿਨਿਆਂ ਲਈ ਬਾਹਰ ਨਹੀਂ ਆਇਆ । ਇਨਸਾਨਾਂ ਤੋਂ ਦੂਰ ਰਿਹਾ। ਬਹੁਤ ਦੂਰ। ਬਿਲੋ ਦੀ ਯਾਦਾਂ ਵੀ ਹੁਣ ਬਹੁਤ ਦੂਰ ਸਨ।

੧੮ ਵਸਾਖ ੧੯੮੧

ਹਾਰ ਕੇ ਬੰਦਾ ਘਰ ਵਾਪਸ ਆ ਜਾਂਦੈ। ਗੋਰਾਇਆ ਵਾਪਸ ਆ ਕੇ ਉਨ੍ਹਾਂ ਲੋਕਾਂ ਨਾਲ਼ ਗੱਲ ਬਾਤ ਕੀਤੀ ਜਿੰਨ੍ਹਾਂ ਦੇ ਮਾਂ-ਪਿਉ, ਦਾਦੇ ਨਾਨੇ ਮੈਨੂੰ ਜਾਣਦੇ ਸੀ। ਇਹ ਲੋਕ ਮੇਰੀ ਰਾਜ਼ਦਾਰੀ ਰੱਖਣੀ ਜਾਣਦੇ ਸਨ। ਹੋਰ ਨਹੀਂ ਬਰਦਾਸ਼ਤ ਕਰ ਸਕਦਾ ਸਾਂ। ਇੱਥੇ ਬੈਠ ਕੇ ਅੱਧੀ ਰਾਤ ਮੈਂ ਖ਼ਤ ਲਿਖਦਾ ਹਾਂ। ਇੱਥੇ ਦਿਨੇ ਮੈਨੂੰ ਗੁਦਾਮ ਵਿੱਚ ਲੁਕੋ ਕੇ ਸੰਗਲ਼ਾਂ'ਚ ਬੰਨ੍ਹ ਕੇ ਰੱਖਦੇ ਨੇ। ਮੈਂ ਦੁੱਖ'ਚੋਂ ਜਰੂਰ ਲੰਘਦਾ ਹਾਂ, ਕਿਉਂਕਿ ਦਿਨੇ ਸ਼ੇਰ ਵੀ ਇਨ੍ਹਾਂ ਸੰਗਲ਼ਾਂ'ਚ ਫਸਿਆ ਰਹਿੰਦਾ। ਮੇਰੇ ਕੋਲ਼ੇ ਥੋੜਾ ਜਾ ਮੀਟ ਛੱਡ ਦਿੰਦੇ ਨੇ। ਹੌਲ਼ੀ ਹੌਲ਼ੀ ਇਸ ਰਾਹ ਰਾਤ ਦਾ ਬੰਦਾ ਬੁੱਢੇ ਰੂਪ'ਚ ਵਾਪਸ ਆ ਗਿਆ।

ਪੰਜਾਬ ਦਾ ਵੀ ਰੂਪ ਬਦਲ ਗਿਆ। ਸਿਆਸੀ ਲੋਕਾਂ ਦੀਆਂ ਉਂਗਲ਼ੀਆਂ ਤੋਂ ਨੱਚਦੇ ਫਿਰਦੇ ਨੇ।

੧੮ ਮੱਘਰ ੧੯੮੪

ਇੱਕ ਅੰਗ੍ਰੇਜ਼ੀ ਲੇਖਕ ਨੇ ਸੰਨ ੧੯੮੪ ਦੇ ਨਾਂਅ'ਤੇ ਮਸ਼ੂਰ ਨਾਵਲ ਲਿਖਿਆ, ਜਿਸ ਵਿੱਚ ਸੰਨ ੧੯੮੪ ਇੰਗਲੈਂਡ ਇੱਕ ਜ਼ਾਲਮ ਕੇਂਦਰ ਦੇ ਹੇਠ ਵਸਦਾ ਸੀ। ਜੋ ਗੋਰਿਆਂ ਲਈ ਨਾਵਲ ਦੀ ਗਲਪ ਸੀ, ਸਾਡੇ ਲਈ ਸੱਚ ਬਣ ਗਿਆ।

ਪੰਜਾਬ ਸੜ ਗਿਆ। ਗਾਂਧੀ ਦੀ ਚਾਲ, ਭਿੰਡਰਾਂਵਾਲ਼ੇ ਨਾਲ਼ ਟੱਕਰ ਲੈਣੀ। ਜਿਹੜਾ ਮਰਜੀ ਸੱਚਾ ਸੀ, ਜਾਂ ਝੂਠਾ, ਪੰਜਾਬ ਦਾ ਨਕਸ਼ਾ ਇੱਕ ਬਾਰ ਫਿਰ ਬਦਲ ਗਿਆ। ਮੇਰਾ ਦਿਲ ਫਿਰ ਟੁੱਟ ਗਿਆ, ਕਿ ਮੇਰੀ ਜਾਤ, ਕਹਿਣ ਦਾ ਮਤਲਬ ਰਾਜ ਕਰਨ ਵਾਲੇ, ਇੱਕ ਬਾਰ ਫਿਰ ਆਮ ਬੰਦਿਆਂ ਲਈ ਲੂਣ ਹਰਾਮੀ ਬਣ ਗਏ। ਜ਼ਾਲਮ। ਜਿੱਥੇ ਪਹਿਲਾਂ ਮੁਸਲਮਾਨਾਂ ਤੋਂ ਜੁਦਾ ਹੋ ਗਏ, ਹੁਣ ਸਾਰੇ ਇੰਡੀਆ ਤੋਂ ਹੋ ਗਏ। ਮੈਨੂੰ ਪਹਿਲਾਂ ਹੀ ਸ਼ੱਕ ਸੀ ਪੰਜਾਬ ਨਾਲ਼ ਇੰਝ ਹੀ ਹੋਣੈ। ਅੱਗ ਲੱਗ ਗਈ ਪੰਜਾਬ ਨੂੰ। ਅੱਤਵਾਦੀ'ਤੇ ਪੁਲਸ ਆਮ ਬੰਦੇ ਨੂੰ ਖਰਾਬ ਕਰਦੇ ਨੇ।

੧੧ ਨਵੰਬਰ ੧੯੮੪

ਇੰਦਰਾ ਗਾਂਧੀ ਨੂੰ ਕੁੱਝ ਦਿਨ ਪਹਿਲਾਂ ਮਾਰ ਦਿੱਤਾ ਸੀ। ਅਸੀਂ ਆਪਣੇ ਪੈਰ'ਤੇ ਕੁਹਾੜੀ ਮਾਰ ਲਈ। ਸਾਫ਼ ਦਿਸਦਾ ਬਦਲੇ'ਚ ਹਰ ਸ਼ਹਿਰ ਪੰਜਾਬ ਤੋਂ ਬਾਹਰ ਲੋਕਾਂ ਨੂੰ ਦੱਸਿਆ ਹੈ ਸਿੱਖਾਂ ਨੂੰ ਮਾਰਨ ਲਈ। ਟੋਲੇ ਪੁਲਸ ਦੀ ਮੱਦਦ ਨਾਲ਼ ਦਿੱਲੀ'ਚ ਸਾਰੇ ਸਿੰਘਾਂ ਨੂੰ ਮਾਰ ਰਹੇ ਹਨ। ਤੇਲ'ਤੇ ਟਾਇਰਾਂ ਨਾਲ਼। ਬਾਹਰਲੇ ਮੁਲਕ ਕੁੱਝ ਨਹੀਂ ਕਰ ਰਹੇ। ਕੇਂਦਰ ਬਹੁਤ ਮਿੱਠਾ ਹੈ। ਨਾਲ਼ੇ ਗੋਰੇ ਤਾਂ ਆਪਣਾ ਹੀ ਫਾਇਦਾ ਵੇਖਦੇ ਨੇ। ਚਿੱਤ ਕਰਦੈ ਸ਼ੇਰ ਨੂੰ ਦਿੱਲੀ ਵਿੱਚ ਛੱਡ ਦੇਵਾਂ। ਪਰ ਇਸਦਾ ਕੋਈ ਫਾਇਦਾ ਨਹੀਂ। ਸਭ ਨੂੰ ਮਾਰ ਦੇਣਾ। ਭਾਵੇਂ ਸਿੱਖ, ਭਾਵੇਂ ਹਿੰਦੂ। ਇਹ ਤਾਂ ਗਲਤ ਰਾਹ ਹੈ।

੫ ਦਸੰਬਰ ੧੯੮੪

ਹੁਣ ਬੱਸਾਂ'ਚੋਂ ਮੋਨਿਆਂ ਨੂੰ ਕੱਢ ਕੱਢ ਕੇ ਮਾਰ ਰਹੇ ਹੋ। ਪਤਾ ਨਹੀਂ ਪਾਕਿਸਤਾਨ ਦਾ ਹੱਥ ਹੈ ਜਾਂ ਨਹੀਂ। ਇੱਕ ਬਾਰ ਫਿਰ ਪੰਜਾਬੀ ਪੰਜਾਬੀ ਨੂੰ ਮਾਰ ਰਿਹਾ ਹੈ। ਮੈਨੂੰ ਸ਼ਰਮ ਆਉਂਦੀ ਆਪਣੇ ਆਪ ਨੂੰ ਪੰਜਾਬੀ ਸੱਦਣ। ਇਸ ਤਰ੍ਹਾਂ ਦੇ ਲੋਕ ਆਪਣੇ ਆਪ ਨੂੰ ਪੰਜਾਬੀ ਕਿਵੇਂ ਅਕਵਾਉਂਦੇ ਨੇ? ਇੰਡੀਆ'ਚ ਅਸੀਂ ਗਿਣਤੀ ਦੇ ਹਾਂ। ਲੋਕ ਖਾਲਿਸਤਾਨ ਮੰਗਦੇ ਨੇ। ਪਰ ਇਸ ਰਾਹ ਪੈ ਕੇ ਹੋਰ ਪਾਕਿਸਤਾਨ ਬਣ ਜਾਣਾ ਹੈ। ਹੁਣ ਪੰਜਾਬ ਸੂਬਾ ਸੁਪਨਾ ਹੀ ਹੈ। ਪਾਕਿਸਤਾਨ, ਹਿੰਦੁਸਤਾਨ'ਤੇ ਖਾਲਿਸਤਾਨ ਸਭ ਇਜ਼ਰਾਇਲ'ਤੇ ਪਾਲੀਸਤਾਇਨ ਵਾਂਗ ਹੈ। ਮੁਲਕ ਬਣਾਉਣਾ ਅਜ਼ਾਦੀ ਨਹੀਂ ਹੈ। ਕਦੀ ਨਹੀਂ।

ਅੱਜ ਪਤਾ ਲੱਗਿਆ ਹੈ ਕੇ ਪੁਲਸ'ਤੇ ਕਾਂਗਰਸ ਦਾ ਹੱਥ ਦਿੱਲੀ ਦੇ ਦੰਗਿਆਂ ਵਿੱਚ ਸੀ। ਇਹ ਉਨ੍ਹਾਂ ਦਾ ਮੁਲਕ ਹੈ, ਸਿੱਖਾਂ ਦਾ ਨਹੀਂ। ਜੋ ਮਰਜੀ ਕਰ ਸਕਦੇ ਹਨ। ਅਸੀਂ ਅੰਨ੍ਹੇ ਇੱਜੜ ਵਾਂਗ ਦੋ ਦਿਨਾਂ ਬਾਅਦ ਚੇਤਾ ਭੁਲਾ ਕੇ ਆਪਣੇ ਆਪ ਨੂੰ ਇੰਡੀਅਨ ਆਖਣ ਲੱਗ ਜਾਣਾ ਹੈ। ਗੋਰਿਆਂ ਨੂੰ ਕੱਢ ਕੇ ਕੀ ਸੁੱਖ ਮਿਲਿਆ?

੨੫ ਮਾਰਚ ੧੯੮੫

ਸਭ ਕੁੱਝ ਵੇਖਕੇ ਇੰਨਾ ਦੁੱਖ ਲੱਗਦਾ ਏ ਕਿ ਮੈਂ ਹੁਣ ਪੰਜਾਬ'ਚ ਰਹਿ ਨਹੀਂ ਸਕਦਾ। ਰੋਜ ਕੋਈ ਪਾਪ ਹੁੰਦਾ, ਨਿੱਤ ਨਿੱਤ ਸਾਡੇ ਮੁੰਡਿਆਂ ਨੂੰ ਪੁਲਸ ਵਾਲ਼ੇ ਮਾਰਦੇ ਨੇ। ਹੁਣ ਤਾਂ ਪੌਲੀਸੀ ਹੈ ਸਿੱਖਾਂ ਨੂੰ ਖਤਮ ਕਰਨ ਦੀ। ਸ਼ੇਰ ਹਰਨ ਨੂੰ ਭੁੱਖ ਕਾਰਨ ਮਾਰਦਾ। ਬੱਸ। ਪਰ ਇਨਸਾਨ ਇਨਸਾਨ ਨੂੰ ਆਪਣੀਆਂ ਕਮਜੋਰੀਆਂ ਕਰਕੇ ਮਾਰਦੇ ਨੇ। ਕੋਈ ਹੋਰ ਜਾਨਵਾਰ ਹੈ ਦੁਨੀਆ ਵਿੱਚ ਜਿਹੜਾ ਇਨਸਾਨ ਜਿੱਡਾ ਖੂਨੀ ਹੈ? ਮੈਂ ਪੰਜਾਬ ਛੱਡ ਕੇ ਜੰਗਲ਼ਾਂ'ਚ ਚਲਿਆ ਗਿਆ। ਅਮਨ ਲਈ।

੫ ਜੂਨ ੧੯੯੦

ਜੀ ਖੱਟਾ ਹੋ ਗਿਆ, ਇਸ ਕਰਕੇ ਭਾਰਤ ਛੱਡ ਕੇ ਇੰਗਲੈਂਡ ਆ ਗਿਆ। ਖੇਤਾਂ ਦੇ ਨੇੜੇ ਤੇੜੇ ਰਹਿੰਦਾ ਹਾਂ। ਕੁੱਝ ਅਖਬਾਰਾਂ'ਚ ਮੇਰੇ ਸ਼ੇਰ ਰੂਪ ਦੇ ਚਰਚੇ ਨੇ। ਪਰ ਕੋਈ ਫੋਟੋ ਨਹੀਂ ਹੈ। ਪੱਕਾ ਸਬੂਤ ਨਹੀਂ ਹੈ। ਭੇਡਾਂ ਮਾਰ ਕੇ ਖਾ ਲੈਂਦਾ ਹਾਂ। ਕੁੱਝ ਲੋਕ ਗੋਰਾਇਆ ਤੋਂ ਆਏ ਨੇ। ਕਦੀ ਕਦੀ ਦਿਨੇ ਮੈਨੂੰ ਜ਼ੰਜੀਰ'ਚ ਲਪੇਟ ਦਿੰਦੇ ਨੇ। ਇੰਗਲੈਂਡ'ਚ ਸਾਡੇ ਲੋਕਾਂ ਨੂੰ ਗਾਲ੍ਹ ਕੱਢ ਕੇ, " ਪੈਕੀ" ਸਦਦੇ ਨੇ। ਪਰ ਇੱਥੇ ਸਿਸਟਮ ਹੈ। ਕਾਨੂੰਨ ਹੈ। ਜੀਵਨ ਦਾ ਮੁੱਲ ਹੈ। ਗੱਡੀਆਂ ਲਾਇਸੈਂਸ ਤੋਂ ਬਿਨਾ ਨਹੀਂ ਚਲਾਉਂਦੇ। ਸੜਕ ਦੇ ਸਹੀ ਪਾਸੇ ਚਲਾਉਂਦੇ ਨੇ। ਪੁਲਸ ਵਾਲ਼ੇ ਆਮ ਲੋਕ ਦੇ ਨੌਕਰ ਨੇ। ਵੱਢੀ ਕੋਈ ਨਹੀਂ ਲੈਂਦਾ। ਮੰਤਰੀ ਨੂੰ ਜਨਤਾ ਦੀ ਲੋੜ ਹੈ। ਸੱਪ ਹਨ, ਪਰ ਇੰਡੀਆ ਤੋਂ ਘੱਟ। ਇੰਗਲੈਂਡ ਬਦਲ ਗਿਆ। ਦੁਨੀਆ ਦੀ ਹਰ ਕੌਮ ਹੈ। ਪੰਜਾਬੀ ਮੁਲਕ ਦੀ ਦੂਜੀ ਬੋਲੀ ਹੈ। ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ'ਚ ਖ਼ੁਸ਼ ਹਾਂ। ਆਪਣੀ ਹਾਹ ਨੂੰ ਵੀ ਅਧੀਨ ਕਰਨਾ ਸਿੱਖ ਲਿਆ।

੧੨ ਸਤੰਬਰ ੨੦੦੧

ਸਭ ਕੁੱਝ ਬਦਲ ਗਿਆ। ਦੋ ਹਵਾਈ ਜਹਾਜ਼ ਨਿਯੂ ਯੌਰਕ ਦੇ ਦੋ ਲੰਬੇ ਮਨਾਰਾਂ' ਜਾ ਵੱਜੇ। ਸਾਡੀ ਕੌਮ ਦਾ ਰੂਪ ਓਸਾਮਾ ਦੇ ਰੂਪ ਨਾਲ਼ ਮਿਲਦਾ ਹੈ। ਹੁਣ ਸਿੱਖ, ਮੁਸਲਮਾਨ ਅਤੇ ਹਿੰਦੂ ਦੁਨੀਆ ਦੇ ਨਜ਼ਰ'ਚ ਵੈਰੀ ਹਨ। ਖਾਸ ਕਰਕੇ ਸਿੱਖ।

੨੧ ਅਗਸਤ ੨੦੦੨

ਮੈਂ ਇੰਡੀਆ ਵਾਪਸ ਆ ਗਿਆ। ਟ੍ਰੇੱਲਰ ਵੈਨ ਖਰੀਦ ਲਈ। ਕਦੇ ਇੱਕ ਥਾਂ ਨਹੀਂ ਰਹਿੰਦਾ। ਜੰਗਲ਼ਾਂ ਦੇ ਕਿਨਾਰਿਆਂ ਕੋਲ਼ ਰਹਿੰਦਾ ਹਾਂ। ਮੈਂ ਹੁਣ ਇਸ ਦੁਨੀਆ ਵਿੱਚ ਇੱਦਾਂ ਜਿਉਣਾ ਨਹੀਂ ਚਾਹੁੰਦਾ। ਇੱਕ ਬਾਰ ਫਿਰ ਪਿਆਰ ਲੱਭਣ ਲੱਗਾ ਹਾਂ

ਗਿਆਨ ਨੇ ਆਖਰੀ ਚਿੱਠੀ ਮੇਜ਼ ਉੱਤੇ ਰੱਖੀ । ਹੁਣ ਉਸਨੂੰ ਪੂਰੀ ਸਮਝ ਸੀ। ਵੈਨ ਸ਼ਿਕਾਰ ਕਰਨ ਵਾਲਿਆਂ ਦੀ ਨਹੀਂ ਸੀ। ਸ਼ਿਕਾਰ ਦੀ ਸੀ। ਉਸ ਨੇ ਵਿਵੇਕ ਨੂੰ ਬੁਲਾਇਆ॥

ਚਲਦੀ ...

14/07/2012

         

hore-arrow1gif.gif (1195 bytes)


Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com