ਦੁਨੀਆਂ ਦਾ ਅਨੋਖਾ ਯੂਰਪੀਅਨ ਦੇਸ਼ 'ਆਸਟਰੀਆ'
ਤਸਵੀਰਾਂ ਅਤੇ ਲੇਖਕ: ਹਰਦੀਪ ਸਿੰਘ ਮਾਨ
mann-hardeep1.jpg (2495 bytes)

ਹਰਦੀਪ ਸਿੰਘ ਮਾਨ

ਆਸਟਰੀਆ, ਆਬਾਦੀ, ਵਿਆਨਾ, ਆਵਾਜਾਈ ਦੇ ਸਾਧਨ, ਭਾਰਤੀਆਂ ਦੇ ਕੰਮ-ਕਾਜ, ਭਾਰਤੀ ਜਨ-ਜੀਵਨ, ਸਮਸਿਆਵਾਂ, ਦੋ ਨਿਜੀ ਤਜਰਬੇ, ਅੰਤ

ਆਓ ਇਕ ਅਜਿਹੇ ਦੇਸ਼ ਦੀ ਕਲਪਨਾ ਕਰੀਏ ਜਿਸ ਵਿਚ ਧਰਮ-ਨਿਰਪੱਖਤਾ, ਇਨਸਾਨੀ-ਬਰਾਬਰੀ, ਕਾਨੂੰਨ ਦੀ ਪਾਲਣਾਂ, ਮਨੁੱਖੀ ਅਜ਼ਾਦੀ ਅਤੇ ਹਰ ਅਦਾਰੇ ਤੇ ਨਿਯੰਤਰਣ ਹੋਵੇ, ਜਿੱਥੇ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਰੰਗ, ਨਸਲ, ਮਜ਼੍ਹਬ ਅਤੇ ਵੱਖਰੀ ਦਿੱਖ ਦੇ ਆਧਾਰ ਤੋਂ ਬਿਨਾਂ ਕੰਮ ਕਰਨ। ਜੇ ਦੂਜੇ ਸ਼ਬਦਾਂ ਵਿਚ ਕਹੀਏ, ਇਕ ਆਮ ਨਾਗਰਿਕ ਆਪਣੇ ਦੇਸ਼ ਜਾਂ ਸ਼ਹਿਰ ਤੋਂ ਸ਼ੁੱਧ ਹਵਾ-ਪਾਣੀ, ਸੁਰੱਖਿਅਤ-ਜੀਵਨ, ਰੋਜ਼ਗਾਰ, ਸਰਕਾਰੀ ਸਹੂਲਤਾਂ, ਬੁਨਿਆਦੀ ਹੱਕ, ਸ਼ਾਂਤੀ ਅਤੇ ਇਨਸਾਫ਼ ਦੀ ਉਮੀਦ ਰੱਖਦਾ ਹੈ। ਹੁਣ ਦੇਖਦੇ ਹਾਂ, ਕੀ ਇਹ ਸਾਰੀਆਂ ਖੂਬੀਆਂ ਆਸਟਰੀਆ ਦੇਸ਼ ਵਿਚ ਹਨ?

ਆਸਟਰੀਆ:

aus1.jpg (21329 bytes)ਆਸਟਰੀਆ, ਸੰਸਾਰ ਦੇ ਨਕਸ਼ੇ ਉੱਪਰ ਇਕ ਛੋਟਾ ਜਿਹਾ ਦਿਸਣ ਵਾਲਾ ਦੇਸ਼ ਅੱਜ ਤੋਂ 92 ਸਾਲ ਪਹਿਲਾਂ ਬਹੁਤ ਵੱਡਾ ਹੁੰਦਾ ਸੀ। ਪੂਰੇ ਦੇ ਪੂਰੇ ਦੇਸ਼ ਚੈਕੋ, ਸਲਾਵਾਕੀਆ, ਹੰਗਰੀ, ਸਲਵੇਨੀਆ, ਲਿਖਤਨਸਟਾਈਨ ਅਤੇ ਕੁਝ ਇਲਾਕੇ ਰੁਮਾਨੀਆ, ਇਟਲੀ, ਪੋਲੈਂਡ ਅਤੇ ਯੂਕਰੇਨ ਦੇ ਆਸਟਰੀਆ ਵਿਚ ਸ਼ਾਮਲ ਸਨ। ਆਸਟਰੀਆ ਵਾਰੇ ਬਹੁਤੇ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਰਕੇ ਉਹ ਇਸ ਨੂੰ ਆਸਟਰੇਲੀਆ ਨਾਂਵ ਤੇ ਬਦਲ ਦਿੰਦੇ ਹਨ। ਆਸਟਰੀਆ ਦਾ ਖ਼ੇਤਰਫਲ 83,858 ਵਰਗ ਕਿਲੋਮੀਟਰ ਹੈ, ਭਾਵ ਭਾਰਤ ਦਾ ਇਕ ਰਾਜ 'ਅਰੁਣਾਚਲ ਪ੍ਰਦੇਸ਼' ਪੂਰੇ ਆਸਟਰੀਆ ਦੇ ਬਰਾਬਰ ਹੈ। ਆਸਟਰੀਆ ਦੇ 9 ਰਾਜ ਹਨ। 'ਵਿਆਨਾ' ਆਸਟਰੀਆ ਦੀ ਰਾਜਧਾਨੀ ਹੈ। ਆਸਟਰੀਆ ਦੇ ਅੱਠ ਗੁਆਢੀ ਦੇਸ਼ਾਂ ਦੇ ਨਾਮ ਜਰਮਨੀ, ਸਵਿਟਜ਼ਰਲੈਂਡ, ਲਿਖਤਨਸਟਾਈਨ, ਇਟਲੀ, ਸਲਵੇਨੀਆ, ਹੰਗਰੀ, ਸਲਾਵਾਕੀਆ ਅਤੇ ਚੈਕੋ ਹਨ। ਇਸ ਦੇਸ਼ ਦਾ ਕਾਨੂੰਨੀ ਕੋਈ ਧਰਮ ਨਹੀਂ। ਵੈਸੇ, ਆਸਟਰੀਆ ਵਿਚ 78% ਕੈਥੋਲਿਕ, 5% ਪ੍ਰੈਟੈਸਟੈਂਟ, 2% ਮੁਸਲਮ ਧਰਮ ਦੇ ਲੋਕ ਰਹਿੰਦੇ ਹਨ। ਇੱਥੋਂ ਦੀ ਬੋਲੀ ਨੂੰ ਅੰਗ੍ਰੇਜ਼ੀ ਵਿਚ 'ਜਰਮਨ' ਅਤੇ ਜਰਮਨ ਵਿਚ 'ਡੁਚ' ਕਹਿੰਦੇ ਹਨ, ਭਾਵ ਇਸ ਦੇਸ਼ ਨੂੰ ਅੰਗ੍ਰੇਜ਼ੀ ਵਿਚ 'ਆਸਟਰੀਆ' ਅਤੇ ਜਰਮਨ ਜਾਂ ਡੁਚ ਵਿਚ 'ਉਸਟਰਾਹੀਖ਼' ਕਹਿੰਦੇ ਹਨ, ਇਸੇ ਤਰ੍ਹਾਂ ਹੀ ਰਾਜਧਾਨੀ ਨੂੰ ਅੰਗ੍ਰੇਜ਼ੀ ਵਿਚ 'ਵਿਆਨਾ' ਅਤੇ ਜਰਮਨ ਜਾਂ ਡੁਚ ਵਿਚ 'ਵੀਨ' ਕਹਿੰਦੇ ਹਨ।

ਸਰਵੇਖਣਾਂ ਅਨੁਸਾਰ ਆਸਟਰੀਆ ਵਿਚ ਜ਼ਿਆਦਾਤਰ ਮਰਦ 75 ਸਾਲ ਅਤੇ ਔਰਤਾਂ 81 ਸਾਲ ਤੱਕ ਉਮਰ ਭੋਗਦੀਆਂ ਹਨ। ਆਸਟਰੀਆ ਵਿਚ ਸਿਰਫ਼ ਚਾਰ ਰਾਜਨੀਤਿਕ ਪਾਰਟੀਆਂ ਤਾਕਤ ਵਿਚ ਹਨ। ਆਸਟਰੀਅਨ ਨਾਗਰਿਕ ਨੂੰ ਆਮ ਤੌਰ ਤੇ 20% ਟੈਕਸ ਦੇਣਾਂ ਪੈਂਦਾ ਹੈ। ਆਸਟਰੀਆ ਦੀ ਤਰੱਕੀ ਦਾ ਰਾਜ ਇੱਥੇ ਵੱਡੀ ਗਿਣਤੀ ਵਿਚ ਸੈਲਾਨੀਆਂ ਦਾ ਆਉਣਾਂ ਹੈ। ਸਾਲ ਦੇ 1.5 ਮਿਲੀਅਨ ਸੈਲਾਨੀ ਇੱਕਲੇ ਵਿਆਨਾ ਨੂੰ ਦੇਖਣ ਆਉਂਦੇ ਹਨ ਅਤੇ ਇਹ ਗਿਣਤੀ ਹਰ ਸਾਲ ਵੱਧ ਵੀ ਜਾਂਦੀ ਹੈ। ਆਸਟਰੀਆ ਵੀ ਦੇਸ਼ ਬਾਰੇ ਮਸ਼ਹੂਰੀ ਅਤੇ ਸੈਲਾਨੀਆਂ ਦੀ ਮੰਗਾਂ ਨੂੰ ਪੂਰੀਆਂ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ।

ਇਸ ਦੇਸ਼ ਨੇ ਹਰ ਤਰ੍ਹਾਂ ਦੇ ਮਹਾਨ ਵਿਅਕਤੀ ਪੈਦਾ ਕੀਤੇ ਜਿਵੇਂ ਅਭਿਨੇਤਾ, ਖਿਡਾਰੀ, ਲੇਖਕ, ਸੰਗੀਤਕਾਰ ਵਗੈਰਾ ਵਗੈਰਾ, ਜਿਨ੍ਹਾਂ ਨੇ ਸੰਸਾਰ ਭਰ ਵਿਚ ਆਸਟਰੀਆ ਦਾ ਨਾਮ ਉੱਚਾ ਕੀਤਾ ਅਤੇ ਕਰ ਰਹੇ ਹਨ। ਮਸ਼ਹੂਰ ਅਭਿਨੇਤਾ 'ਆਰਨੋਲਡ ਸਵਾਰਚੇਨੀਗਰ', ਜਿਸ ਨੇ 'ਕਮਾਡੋ' ਅਤੇ 'ਦਾ ਟਰਮੀਨੇਟਰ' ਵਰਗੀਆਂ ਅੰਗ੍ਰੇਜ਼ੀ ਫਿਲਮਾਂ ਵਿਚ ਕੰਮ ਕੀਤਾ ਅਤੇ ਹੁਣ ਵੀ ਉਸ ਦੀਆਂ ਨਵੀਆਂ ਫਿਲਮਾਂ ਆ ਰਹੀਆਂ ਹਨ, ਉਸ ਦਾ ਜਨਮ ਆਸਟਰੀਆ ਦੇ ਇਕ ਸ਼ਹਿਰ 'ਗਰਾਸ' ਵਿਚ ਹੀ ਹੋਇਆ ਹੈ। ਆਸਟਰੀਆ ਦੇ ਇਕ ਸੰਸਾਰ ਪ੍ਰਸਿੱਧ ਖਿਡਾਰੀ ਦਾ ਨਾਮ 'ਹਰਮਨ ਮਾਅਰ' ਹੈ, ਜਿਸ ਨੇ ਸਰਦੀ-ਰੁੱਤ ਦੀਆਂ ਖੇਡਾਂ ਵਿਚ ਆਸਟਰੀਆ ਲਈ ਕਈ ਸੋਨੇ ਦੇ ਤਮਗੇ ਜਿੱਤੇ। ਜਿਸ ਤਰ੍ਹਾਂ ਆਰਨੋਲਡ ਨੂੰ ਲੋਕੀਂ ਪਿਆਰ ਨਾਲ 'ਟਰਮੀਨੇਟਰ' ਕਹਿੰਦੇ ਹਨ, ਉਸੇ ਤਰ੍ਹਾਂ ਹਰਮਨ ਨੂੰ 'ਹਰਮੀਨੇਟਰ' ਕਹਿੰਦੇ ਹਨ। ਆਸਟਰੀਆ ਦੇ ਹੋਰ ਮਸ਼ਹੂਰ ਹਸਤੀਆਂ ਬਾਰੇ ਜਾਣਨ ਲਈ ਇਸ ਪਤੇ ਤੇ http://www.anto.com/yep.html  ਦੱਬੋ।

ਆਬਾਦੀ ਘੱਟ ਹੋਣ ਕਰਕੇ ਹਰ ਆਸਟਰੀਅਨ ਨਾਗਰਿਕਤਾ ਪ੍ਰਾਪਤ ਮਰਦ ਨੂੰ 18 ਤੋਂ 35 ਸਾਲ ਦੀ ਉਮਰ ਦੇ ਵਿਚ 8 ਮਹੀਨੇ ਫ਼ੌਜ ਦੀ ਸਿਖਲਾਈ ਲਈ ਜਾਣਾਂ ਪੈਂਦਾ ਹੈ, ਤਾਂਕਿ ਲੜਾਈ ਲੱਗਣ ਤੇ ਸਾਰੇ ਮਰਦ ਆਪਣੇ ਕੰਮ-ਕਾਰ ਛੱਡ ਕੇ ਦੇਸ਼ ਲਈ ਲੜ੍ਹਨ ਲਈ ਪਹਿਲਾਂ ਤੋਂ ਹੀ ਤਿਆਰ ਰਹਿਣ। ਔਰਤਾਂ ਫ਼ੌਜੀ ਸਿਖਲਾਈ ਜਾਂ ਫ਼ੌਜ ਵਿਚ ਭਰਤੀ ਹੋਣ ਲਈ ਸਵੈ-ਇਛੁਕ ਜਾ ਸਕਦੀਆਂ ਹਨ, ਪਰ ਸਰੀਰਕ ਅਤੇ ਮਾਨਸਿਕ ਤੌਰ ਤੇ ਸੰਪੂਰਨ ਮਰਦਾਂ ਨੂੰ ਕਾਨੂੰਨੀ ਜਾਣਾਂ ਪੈਂਦਾ ਹੈ। ਫ਼ੌਜੀ ਸਿਖਲਾਈ ਦੌਰਾਨ ਸਰਕਾਰੀ ਬਿੱਲ ਮਾਫ਼ ਕਰ ਦਿੱਤੇ ਜਾਂਦੇ ਹਨ ਅਤੇ ਫ਼ੌਜੀ ਦੇ ਖਰਚਿਆਂ ਅਨੁਸਾਰ ਮਾਲੀ ਮਦਦ ਵੀ ਦਿੱਤੀ ਜਾਂਦੀ ਹੈ।

ਆਸਟਰੀਆ ਵਿਚ 6 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਦਾ ਸਕੂਲੇ ਜਾਣਾਂ ਜ਼ਰੂਰੀ ਹੈ। ਇੱਥੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਮੁਫ਼ਤ ਹੈ, ਸਿਰਫ਼ ਕਿਤਾਬਾਂ ਦੀ 10% ਕੀਮਤ ਦੇਣੀ ਪੈਂਦੀ ਹੈ, ਪਰ ਉਨੀ ਕੁ ਸਰਕਾਰ ਵਲੋਂ ਵੀ ਮਾਲੀ ਮਦਦ ਮਿਲ ਜਾਂਦੀ ਹੈ। ਯੂਨੀਵਰਸਿਟੀ ਵਿਚ ਪੜ੍ਹਨਾਂ ਵੀ ਇਸੇ ਤਰ੍ਹਾਂ ਹੀ ਹੈ, ਸਰਕਾਰ ਪੜ੍ਹਾਈ ਦਾ ਖ਼ਰਚਾ ਇਕ ਹੱਥ ਦੇ ਕੇ ਦੂਜੇ ਹੱਥ ਲੈ ਲੈਂਦੀ ਹੈ। ਵਿਦਿਆਰਥੀਆਂ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ, ਜਿਵੇਂ ਜਨਤਕ ਗੱਡੀਆਂ ਦੇ ਪਾਸ ਵਿਚ ਛੋਟ।

ਆਸਟਰੀਆ ਵਿਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਘੱਟ ਬੱਚੇ ਪੈਦਾ ਕੀਤੇ ਜਾ ਰਹੇ ਹਨ, ਸਾਲ 2001 ਵਿਚ ਪਿਛਲੇ ਸਾਲ ਨਾਲੋਂ 3000 ਬੱਚੇ ਘੱਟ ਪੈਦਾ ਹੋਏ, ਇਸ ਲਈ ਸਰਕਾਰ ਦੇਸ਼ ਦੇ ਭਵਿੱਖ ਲਈ ਬਹੁਤ ਚਿੰਤਕ ਹੈ। ਕਿਉਂਕਿ ਜੇ ਦੇਸ਼ ਦੀ ਆਬਾਦੀ ਵਿਚ ਵਾਧਾ ਨਹੀਂ ਹੁੰਦਾ ਜਾਂ ਬਹੁਤ ਹੌਲੀ ਹੁੰਦਾ ਹੈ ਤਾਂ ਪੈਨਸ਼ਨਾਂ ਕੌਣ ਭਰੇਗਾ? ਚਿੰਤਕਾਂ ਨੂੰ ਡਰ ਹੈ ਕਿ ਜੇ ਆਬਾਦੀ ਵਿਚ ਵਾਧਾ ਨਹੀਂ ਹੋਇਆ ਤਾਂ ਸਾਲ 2035 ਵਿਚ ਪੈਨਸ਼ਨਾਂ ਦੇਣੀਆਂ ਅਸੰਭਵ ਹੋ ਜਾਣਗੀਆਂ। ਇਸੇ ਕਰਕੇ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦਾ ਲਾਲਚ ਦਿੱਤਾ ਜਾ ਰਿਹਾ ਹੈ, ਜਿਵੇਂ ਸਰਕਾਰ ਵਲੋਂ ਬੱਚਿਆਂ ਦੇ ਪਾਲਣ-ਪੋਸ਼ਣ ਲਈ ਮਾਲੀ ਮਦਦ ਦੇਣੀ, ਮਾਂ ਕੋਲੋਂ ਬੱਚੇ ਦੇ ਬਾਪ ਦਾ ਨਾਮ ਨਾ ਪੁੱਛਣਾਂ। ਹੋਰ ਵਿਕਸਿਤ ਦੇਸ਼ ਵਾਂਗ ਇੱਥੇ ਵੀ ਬੱਚਿਆਂ ਨੂੰ ਮਾਰਨਾ-ਕੁੱਟਣਾਂ ਕਾਨੂੰਨੀ ਜ਼ੁਲਮ ਹੈ। ਸਕੂਲਾਂ ਵਿਚ ਸਮੇਂ ਸਮੇਂ ਤੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਜਾਂਚ ਕੀਤੀ ਜਾਂਦੀ ਹੈ। ਮਾਂ-ਬਾਪ ਨੂੰ ਵੀ ਬੱਚੇ ਦੇ ਪਾਲਣ-ਪੋਸ਼ਣ ਲਈ ਸਰਕਾਰ ਵਲੋਂ ਵੀ ਮਾਲੀ ਮਦਦ ਦੇ ਨਾਲ ਨਾਲ ਸਖ਼ਤ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਰਾਤਾਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਨਾਲ ਲੈ ਕੇ ਘੁੰਮਣਾਂ ਮਨ੍ਹਾਂ ਹੈ।

ਹੋਰ ਜੋ ਸਭ ਕੁਝ ਬਾਕੀ ਵਿਕਸਿਤ ਦੇਸ਼ਾਂ ਵਿਚ ਹੁੰਦਾ ਹੈ, ਉਹ ਇੱਥੇ ਵੀ ਹੁੰਦਾ ਹੈ। ਇੱਥੇ ਵੀ ਜਵਾਨ ਮੁੰਡੇ-ਕੁੜੀਆਂ ਨੂੰ ਹੱਦੋਂ ਵੱਧ ਆਜ਼ਾਦੀ ਹੈ। ਸੜਕਾਂ ਤੇ ਨੰਗੇਜ਼ਵਾਦ ਅਤੇ ਮੁੰਡੇ-ਕੁੜੀਆਂ ਦੀਆਂ ਅਸ਼ਲੀਲ ਹਰਕਤਾਂ ਆਮ ਦੇਖਣ 'ਚ ਆਉਂਦੀਆਂ ਹਨ। ਕੁੜੀਆਂ 22 ਸਾਲਾਂ ਦੀਆਂ ਹੋ ਕੇ ਪਰਿਵਾਰ ਨਾਲੋਂ ਵੱਖ ਹੋ ਕੇ ਰਹਿਣ ਲੱਗ ਪੈਂਦੀਆਂ ਹਨ ਅਤੇ ਮੁੰਡੇ 24 ਸਾਲ ਦੇ। ਵਿਆਨਾ ਵਿਚ 44.5% ਲੋਕ ਇੱਕਲੇ ਰਹਿ ਰਹੇ ਹਨ। ਇੱਥੇ ਵੀ ਬੰਦੇ ਬੰਦਿਆਂ ਨਾਲ ਵਿਆਹ ਕਰਵਾਈ ਜਾ ਰਹੇ ਹਨ ਅਤੇ ਔਰਤਾਂ ਔਰਤਾਂ ਨਾਲ। ਅਣ-ਵਿਆਹੇ ਇੱਕਠਿਆਂ ਰਹਿਣ ਦਾ ਰੁਝਾਨ ਵੱਧ ਰਿਹਾ ਹੈ। ਆਸਟਰੀਆ ਵਿਚ ਸਾਲ 2001 ਪੈਦਾ ਹੋਏ ਹਰ ਤੀਜੇ ਬੱਚੇ ਦੇ ਮਾਂ-ਬਾਪ ਅਣ-ਵਿਆਹੇ ਹਨ।

ਆਬਾਦੀ:

ਇਸ ਦੇਸ਼ ਦੀ ਜਨਸੰਖਿਆ ਸਾਲ 2001 ਦੇ ਸਰਕਾਰੀ ਅੰਕੜਿਆਂ ਅਨੁਸਾਰ 80,65,465 ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਦੇ ਸਾਰੇ ਹੀ ਰਾਜਾਂ ਵਿਚ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਇਕੱਲੇ ਵਿਆਨਾ ਸ਼ਹਿਰ ਵਿਚ ਮਰਦਾਂ ਨਾਲੋਂ 86,000 ਜ਼ਿਆਦਾ ਔਰਤਾਂ ਰਹਿ ਰਹੀਆਂ ਹਨ, ਕੁਝ ਲੋਕਾਂ ਲਈ ਸ਼ਾਇਦ ਇਹ ਸਵਰਗ ਦੀ ਕਲਪਨਾ ਹੋਵੇਗੀ। ਮਰਦਾਂ ਅਤੇ ਔਰਤਾਂ ਦਾ ਵੱਡੀ ਗਿਣਤੀ ਵਿਚ ਇਹ ਅੰਤਰ ਸੰਸਾਰ ਯੁੱਧਾਂ ਵਿਚ ਬਹੁਤੇ ਮਰਦਾਂ ਦਾ ਮਾਰੇ ਜਾਣਾ ਅਤੇ ਵਿਕਸਿਤ ਸਮਾਜ ਵਿਚ ਧੀ-ਪੁੱਤਰ ਨੂੰ ਇਕ ਬਰਾਬਰ ਸਮਝਣਾਂ ਹੈ। ਪਿਛਲੇ ਦਸ ਸਾਲਾਂ ਵਿਚ ਆਸਟਰੀਆ ਦੀ ਆਬਾਦੀ 3.5% ਵਧੀ ਹੈ। ਸਾਰੇ ਆਸਟਰੀਆ ਵਿਚ 9.3% ਲੋਕਾਂ ਕੋਲ ਆਸਟਰੀਅਨ ਨਾਗਰਿਕਤਾ ਨਹੀਂ ਹੈ, ਜੋ ਕਿ ਯੂਰਪੀਅਨ ਯੂਨੀਅਨ ਦੇਸ਼ਾਂ ਨਾਲੋਂ ਸਭ ਤੋਂ ਵੱਧ ਹੈ। ਪ੍ਰਵਾਸੀਆਂ ਵਿਚ ਜ਼ਿਆਦਾ ਯੂਗੋ, ਸਲਾਵੀਅਨ, ਟੁਰਕੀ ਅਤੇ ਪੋਲੈਂਡੀਅਨ ਹਨ।

ਅਖ਼ਬਾਰਾਂ ਵੇਚਣ ਦੇ ਕੰਮ ਲਈ ਵਿਸ਼ੇਸ਼ ਵੀਜ਼ੇ ਖੁਲ੍ਹਣ ਕਰਕੇ ਸਾਲ 1980 ਵਿਚ ਭਾਰਤੀਆ ਨੇ ਆਸਟਰੀਆ ਆਉਣਾਂ ਸ਼ੁਰੂ ਕੀਤਾ। ਆਸਟਰੀਆ ਵਿਚ ਸਾਲ 2001 ਵਿਚ 5127 ਭਾਰਤੀ ਨਾਗਰਿਕਤਾ ਵਾਲੇ ਦਰਜ ਸਨ। ਪਿਛਲੇ ਸਾਲ 91 ਭਾਰਤੀ ਬੱਚਿਆਂ ਨੇ ਆਸਟਰੀਆ ਵਿਚ ਜਨਮ ਲਿਆ। 678 ਭਾਰਤੀਆਂ ਨੇ ਸਾਲ 2001 ਵਿਚ ਆਸਟਰੀਅਨ ਪਾਸਪੋਰਟ ਲਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟਰੀਆ ਦੇ ਸਾਰੇ ਰਾਜਾਂ ਵਿਚ ਆਪਣੇ ਭਾਰਤੀ ਹਨ, ਪਰ ਵੱਡੀ ਗਿਣਤੀ, ਸਾਲ 2001 ਵਿਚ 3756 ਭਾਰਤੀ ਨਾਗਰਿਕਤਾ ਵਾਲੇ, ਵਿਆਨਾ ਵਿਚ ਹੀ ਹੈ। ਜੇ ਸਾਰੇ ਆਸਟਰੀਆ ਵਿਚ ਸਾਲ 1979 ਤੋਂ ਲੈ ਕੇ ਸਾਲ 2001 ਤੱਕ ਭਾਰਤੀ ਪਾਸਪੋਰਟਾਂ ਨੂੰ ਦੇ ਕੇ ਆਸਟਰੀਅਨ ਪਾਸਪੋਰਟ ਲੈਣ ਵਾਲਿਆਂ ਦੀ ਗਿਣਤੀ ਦਾ ਕੁਲ ਜੋੜ ਲਾਈਏ ਤਾਂ ਇਹ 5670 ਬਣਦੀ ਹੈ। ਜ਼ਿਆਦਾਤਰ ਪੰਜਾਬ ਅਤੇ ਕੇਰਲਾ ਤੋਂ ਭਾਰਤੀ ਆਸਟਰੀਆ ਵਿਚ ਹਨ। ਦੇਖਣ ਵਿਚ ਆਇਆ ਹੈ ਕਿ ਇੱਥੇ ਹੋਰ ਦੇਸ਼ਾਂ ਦੇ ਨਾਗਰਿਕਾਂ ਨਾਲੋਂ ਭਾਰਤੀਆਂ ਨੂੰ ਵੀਜ਼ੇ ਅਤੇ ਆਸਟਰੀਅਨ ਪਾਸਪੋਰਟ ਸੌਖੇ ਅਤੇ ਛੇਤੀ ਮਿਲ ਜਾਂਦੇ ਹਨ। ਸ਼ਾਇਦ ਇਨ੍ਹਾਂ ਨੂੰ ਭਾਰਤੀਆਂ ਦੇ ਮਿਹਨਤੀ, ਅਮਨਪਸੰਦ ਅਤੇ ਖੁਲ੍ਹੇ ਸੁਭਾਅ ਵਾਰੇ ਪਤਾ ਹੈ। ਸਾਲ 2001 ਵਿਚ 429 ਭਾਰਤੀ ਆਸਟਰੀਆ ਛੱਡ ਕੇ ਚਲੇ ਗਏ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 1978 ਵਿਚ ਪਹਿਲੀ ਬਾਰ 8 ਭਾਰਤੀਆਂ ਨੇ ਆਸਟਰੀਅਨ ਸਿਆਸੀ-ਪਨਾਹ ਲਈ ਸੀ, ਪਰ ਸਾਲ 2000 ਵਿਚ ਇਹ ਵਧ ਕੇ 2441 ਹੋ ਗਈ। ਸਾਲ 2001 ਵਿਚ 1804 ਭਾਰਤੀ ਸਿਆਸੀ ਪਨਾਹਗੀਰ ਸਨ। ਸਭ ਤੋਂ ਵੱਧ ਇੱਥੇ ਅਫ਼ਗਾਨਿਸਤਾਨ ਅਤੇ ਇਰਾਨ ਤੋਂ ਲੋਕ ਸਿਆਸੀ ਪਨਾਹ ਲਈ ਆਉਂਦੇ ਹਨ।

ਵਿਆਨਾ:

vienna1.jpg (22483 bytes)

ਵਿਆਨਾ

ਕਿਉਂਕਿ ਹਰ ਦੇਸ਼ ਦੀ ਰਾਜਧਾਨੀ ਉਸ ਦੇਸ਼ ਦਾ ਕੇਂਦਰੀ ਧੁਰਾ ਹੁੰਦਾ ਹੈ, ਇਸ ਕਰਕੇ 'ਵਿਆਨਾ' ਬਾਰੇ ਵਿਸਥਾਰਪੂਰਕ ਦੱਸਦੇ ਹਾਂ। ਵਿਆਨਾ ਵਿਚ ਰੋਜ਼ਗਾਰ ਦੇ ਸਾਧਨ ਜ਼ਿਆਦਾ ਹੋਣ ਕਰਕੇ ਇੱਥੇ ਸੰਸਾਰ ਦੇ ਸਾਰੇ ਦੇਸ਼ਾਂ ਦੇ ਲੋਕ ਰਹਿੰਦੇ ਹਨ। ਸਾਲ 2001 ਵਿਚ ਸਿਰਫ਼ 6.1% ਨਾਗਰਿਕ ਆਸਟਰੀਆ ਵਿਚ ਬੇਰੁਜ਼ਗਾਰ ਸਨ। ਭਾਵੇਂ ਵਿਆਨਾ ਆਸਟਰੀਆ ਦੇ ਬਾਕੀ ਰਾਜਾਂ ਨਾਲੋਂ ਸਭ ਤੋਂ ਛੋਟਾ ਹੈ, ਪਰ ਰਾਜਧਾਨੀ ਹੋਣ ਕਰਕੇ ਇਸ ਦੀ ਆਬਾਦੀ (15,62,482) ਬਾਕੀ ਰਾਜਾਂ ਨਾਲੋਂ ਜ਼ਿਆਦਾ ਹੈ, ਇਸੇ ਕਰਕੇ ਹੀ ਸਾਰੇ ਰਾਜਾਂ ਨਾਲੋਂ ਵੱਧ ਵਿਆਨਾ ਦੇ 17.7% ਲੋਕਾਂ ਕੋਲ ਆਸਟਰੀਅਨ ਨਾਗਰਿਕਤਾ ਨਹੀਂ ਹੈ। ਵਿਆਨਾ ਵਿਚ ਜਗ੍ਹਾ ਥੋੜ੍ਹੀ ਅਤੇ ਆਬਾਦੀ ਜ਼ਿਆਦਾ ਹੋਣ ਕਰਕੇ ਜ਼ਿਆਦਾਤਰ ਲੋਕ ਫਲੈਟਾਂ (ਬਿਲਡਿੰਗਾਂ) ਵਿਚ ਰਹਿੰਦੇ ਹਨ, ਸਿਰਫ਼ 8.1% ਲੋਕ ਆਪਣੇ ਘਰਾਂ (ਹਾਊਸ) ਵਿਚ ਰਹਿੰਦੇ ਹਨ। ਵਿਆਨਾ ਦੇ ਫਲੈਟਾਂ ਦੀ ਕੀਮਤ ਲਗਪਗ ਇੰਗਲੈਂਡ ਦੇ ਘਰਾਂ ਜਿੰਨੀ ਹੈ।

ਆਸਟਰੀਆ ਵਿਚ ਕੰਮ ਕਰਨ ਵਾਲਿਆਂ ਨੂੰ ਸਾਲ ਦੀਆਂ ਚੌਦਾਂ ਤਨਖ਼ਾਹਾਂ ਮਿਲਦੀਆਂ ਹਨ ਅਤੇ ਸਾਲ ਦੀਆਂ 15 ਸਰਕਾਰੀ ਛੁੱਟੀਆਂ ਹੁੰਦੀਆਂ ਹਨ। ਵਧੇਰੇ ਸਰਕਾਰੀ ਛੁੱਟੀਆਂ ਦੀ ਗਿਣਤੀ ਵਿਚ ਵੀ ਆਸਟਰੀਆ ਮੋਹਰੀ ਦੇਸ਼ਾਂ ਵਿਚ ਆਉਂਦਾ ਹੈ। ਇਸ ਤੋਂ ਇਲਾਵਾ ਕਾਮਾਂ ਤਨਖ਼ਾਹ ਤੇ ਸਾਲ ਵਿਚ ਪੰਜ ਹਫ਼ਤੇ ਦੀਆਂ ਛੁੱਟੀਆਂ ਲੈ ਸਕਦਾ ਹੈ।

ਵਿਆਨਾ ਦੀ ਸਫ਼ਾਈ ਦੀ ਗੱਲ ਕਰੀਏ ਤਾਂ ਇੱਥੇ ਹਰ ਤਰ੍ਹਾਂ ਦੇ ਕੂੜੇ ਲਈ ਵੱਖਰਾ ਕੂੜੇਦਾਨ ਹੈ। ਜ਼ਿਆਦਾਤਰ ਬਹੁ-ਮੰਜ਼ਿਲੀ ਇਮਾਰਤਾਂ ਵਿਚ ਦੋ ਤਰ੍ਹਾਂ ਦੇ ਕੂੜੇਦਾਨ ਹੁੰਦੇ ਹਨ। ਇਕ ਵਿਚ ਕਾਗਜ਼ ਅਤੇ ਦੂਸਰੇ ਵਿਚ ਸਭ ਕੁਝ ਸੁੱਟ ਸਕਦੇ ਹੋ। ਬਿਲਡਿੰਗਾਂ ਤੋਂ ਕੁਝ ਦੂਰੀ ਤੇ ਛੇ ਤਰ੍ਹਾਂ ਦੇ ਕੂੜੇਦਾਨ ਰੱਖੇ ਹੁੰਦੇ ਹਨ, ਜਿਨ੍ਹਾਂ ਵਿਚ ਪਲਾਸਟਿਕ, ਫੁੱਲ-ਬੂਟੇ, ਰੰਗੀਨ ਕੱਚ, ਚਿੱਟਾ ਕੱਚ, ਲੋਹਾ ਅਤੇ ਕੱਪੜੇ ਸੁੱਟੇ ਜਾਂਦੇ ਹਨ। ਥੋੜੀ-ਥੋੜੀ ਦੂਰੀ ਤੇ ਨਿਕ-ਸੁਕ ਸੁੱਟਣ ਲਈ ਛੋਟੇ-ਛੋਟੇ ਡੱਬੇ ਲੱਗੇ ਹੋਏ ਹਨ। ਵਿਆਨਾ ਦੇ ਸਾਫ਼-ਸੁਥਰੇ ਵਾਤਾਵਰਣ ਨੂੰ ਬਰਕਰਾਰ ਰੱਖਦੇ ਹੋਏ ਪਿੱਛੇ ਜਿਹੇ ਸ਼ਹਿਰ ਵਲੋਂ ਹੋਰ ਸ਼ੁੱਧ ਹਵਾ ਲਈ ਇਕ ਬਹੁਤ ਵਧੀਆ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਵਿਚ 1500 ਸਾਇਕਲ ਵਿਆਨਾ ਵਿਚ ਵੱਖ-ਵੱਖ ਜਗ੍ਹਾ ਤੇ ਰੱਖੇ ਗਏ, ਜੋ ਕਿ ਹਰ ਇਕ ਨਾਗਰਿਕ ਦੋ ਯੂਰੋ ਸਾਇਕਲ ਦੇ ਜਿੰਦਰੇ ਵਿਚ ਪਾ ਕੇ ਕਿਰਾਏ ਤੇ ਲੈ ਸਕਦਾ ਹੈ।

ਇਕ ਯੂਰਪ ਯੂਨੀਅਨ ਦੇ ਟੈਸਟ ਨਤੀਜੇ ਅਨੁਸਾਰ ਵਿਆਨਾ ਵਿਚ ਖਾਣ-ਪੀਣ ਦੀਆਂ ਚੀਜ਼ਾਂ ਪੈਰਿਸ ਅਤੇ ਲੰਡਨ ਨਾਲੋਂ ਸਸਤੀਆਂ ਹਨ। ਵਿਆਨਾ ਵਿਚ ਕੋਈ ਵੀ ਅਜਿਹੀ ਜਗ੍ਹਾਂ ਨਹੀਂ ਜਿੱਥੇ ਪ੍ਰਵਾਸੀ ਨੂੰ ਜਾਣ ਦੀ ਇਜ਼ਾਜਤ ਨਾ ਹੋਵੇ। ਹੋਰ, ਸਾਲ 2001 ਵਿਚ ਜੁਰਮ ਦੀਆਂ ਵਾਰਦਾਤਾਂ 7.7% ਅਤੇ ਸੜਕ ਦੁਰਘਟਨਾਵਾਂ 36% ਘਟੀਆਂ ਹਨ।

ਵਿਆਨਾ ਦੁਨੀਆਂ ਦੇ 215 ਵੱਡੇ ਸ਼ਹਿਰਾਂ ਵਿਚੋਂ ਦੂਜੇ ਨੰਬਰ ਤੇ ਆਉਂਦਾ ਹੈ, ਜਿੱਥੇ ਸਮਾਜਿਕ ਬਣਤਰ ਬਹੁਤ ਵਧੀਆ ਹੈ। ਇੱਥੇ ਰਾਜਨੀਤਿਕ, ਸਮਾਜਿਕ, ਸਰੀਰਕ, ਮਨੋਰੰਜਨ, ਵਿਦਿਆ, ਖਰੀਦਦਾਰੀ ਅਤੇ ਰਹਿਣ ਦੀਆਂ ਸਹੂਲਤਾਂ ਬਹੁਤ ਵਧੀਆ ਹਨ। ਵਿਆਨਾ ਵਾਸੀਆਂ ਲਈ ਇਸ ਤੋਂ ਵੱਡੀ ਖ਼ੁਸ਼ੀ ਦੀ ਹੋਰ ਕੀ ਗੱਲ ਹੋ ਸਕਦੀ ਹੈ।

ਹਿੰਦੀ ਫ਼ਿਲਮਾਂ 'ਅਲਬੇਲਾ' ਅਤੇ 'ਕੁਛ ਖੱਠੀ, ਕੁਛ ਮਿਠੀ' ਦੇ ਮੁੱਖ ਗਾਣੇ ਵਿਚ ਤੁਸੀਂ ਵਿਆਨਾ ਦੇ ਕੁਝ ਮਨਭਾਉਂਦੇ ਨਜ਼ਾਰੇ ਦੇਖ ਸਕਦੇ ਹੋ।

ਆਵਾਜਾਈ ਦੇ ਸਾਧਨ:

train1.jpg (13449 bytes)ਵਿਆਨਾ ਵਿਚ ਆਵਾਜਾਈ ਦੇ ਸਾਧਨਾਂ ਦੀ ਜਿੰਨੀ ਸਿਫ਼ਤ ਕਰੀਏ ਉਨੀ ਥੋੜ੍ਹੀ ਹੈ, ਆਮ ਤੌਰ ਤੇ ਇੱਥੇ ਕਾਰ ਖਰੀਦਣ ਦੀ ਲੋੜ ਹੀ ਨਹੀਂ। ਇੱਥੇ 24 ਘੰਟੇ ਜਨਤਕ ਗੱਡੀਆਂ ਦੀ ਸਹੂਲਤ ਹੈ। ਵਿਆਨਾ ਦੀ 34% ਜਨਤਾ ਜਨਤਕ ਗੱਡੀਆਂ ਰਾਹੀ ਕੰਮਾਂ ਤੇ ਪਹੁੰਚਦੀ ਹੈ। ਸਰਵੇਖਣ ਦੱਸਦੇ ਹਨ ਕਿ ਯੂਰਪ ਦੇ ਹੋਰ ਵੱਡੇ ਸ਼ਹਿਰਾਂ ਦੀ ਜਨਤਾ ਸਿਰਫ਼ 24-25% ਜਨਤਕ ਗੱਡੀਆਂ ਰਾਹੀਂ ਸਫ਼ਰ ਕਰਦੀ ਹੈ।

ਜੇ ਤੁਸੀਂ ਵਿਆਨਾ ਵਿਚ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾਂ ਹੋਵੇ ਤਾਂ ਤੁਸੀਂ ਨੋਟ ਕਰੋਗੇ ਕਿ ਉੱਥੇ ਪਹੁੰਚਣ ਲਈ ਤੁਹਾਨੂੰ ਕੋਈ ਨਾ ਕੋਈ ਜਨਤਕ ਗੱਡੀ ਜ਼ਰੂਰ ਮਿਲੇਗੀ। ਇਹ ਵੀ ਨਹੀਂ ਕਿ ਸਿਰਫ਼ ਇਕੋ-ਇੱਕ ਬਸ ਜਾਂ ਗੱਡੀ ਉਸ ਜਗ੍ਹਾ ਤੇ ਜਾਂਦੀ ਹੋਵੇਗੀ, ਕਈ ਵਾਰੀ ਤਾਂ ਦੋ-ਦੋ ਤਿੰਨ-ਤਿੰਨ ਸਹੂਲਤਾਂ ਵੀ ਮਿਲਦੀਆਂ ਹਨ, ਫਿਰ ਸਮੇਂ ਨੂੰ ਮੁੱਖ ਰੱਖ ਕੇ ਫੈਸਲਾ ਕਰਨਾ ਪੈਂਦਾ ਹੈ। ਇਕੋ ਸਫ਼ਰ-ਪਾਸ ਨਾਲ ਤੁਸੀਂ ਸਾਰੇ ਵਿਆਨਾ ਵਿਚ ਕਿਸੇ ਵੀ ਜਨਤਕ ਬਸ, ਭੂਮੀਗਤ, ਜ਼ਮੀਨਦੋਜ ਜਾਂ ਰੇਲ ਗੱਡੀ ਵਿਚ ਸਫ਼ਰ ਕਰ ਸਕਦੇ ਹੋ। ਸਾਰੇ ਵਿਆਨਾ ਵਿਚ ਚਲਣ ਵਾਲੀਆਂ ਜਨਤਕ ਬੱਸਾਂ, ਜ਼ਮੀਨਦੋਜ ਅਤੇ ਭੂਮੀਗਤ ਗੱਡੀਆਂ ਦੀ ਗਿਣਤੀ 126 ਹੈ। ਹਰ ਅੱਡੇ ਤੇ ਨਾਂਮ, ਸਮਾਂ, ਅੱਡੇ ਦਾ ਆਲੇ-ਦੁਆਲੇ ਦਾ ਨਕਸ਼ਾਂ ਅਤੇ ਸਾਰੀ ਬੱਸ ਜਾਂ ਗੱਡੀ ਦੀ ਲਾਈਨ ਤੋਂ ਹੋਰ ਮਿਲਣ ਵਾਲੀਆਂ ਬੱਸਾਂ-ਗੱਡੀਆਂ ਦੇ ਨੰਬਰ ਲਿਖੇ ਹੁੰਦੇ ਹਨ। ਇਸੇ ਤਰ੍ਹਾਂ ਹੀ ਬੱਸਾਂ ਅਤੇ ਗੱਡੀਆਂ ਦੇ ਅੰਦਰ ਵੀ ਹਰ ਅੱਡੇ ਦਾ ਨਾਂਮ ਅਤੇ ਉਥੋਂ ਹੋਰ ਮਿਲਣ ਵਾਲੀਆ ਬੱਸਾਂ-ਗੱਡੀਆਂ ਦੇ ਨੰਬਰ ਟੇਪ-ਮਸ਼ੀਨ ਨਾਲ ਲਿਖੇ ਅਤੇ ਬੋਲੇ ਜਾਂਦੇ ਹਨ। ਜੇਕਰ ਕਿਸੇ ਕਾਰਣ ਟੇਪ-ਮਸ਼ੀਨ ਖ਼ਰਾਬ ਹੋਵੇ ਤਾਂ ਚਾਲਕ ਨੂੰ ਹਰ ਅੱਡੇ ਦਾ ਨਾਂਮ ਖ਼ੁਦ ਮਾਇਕ ਵਿਚ ਬੋਲਣ ਦੇ ਆਦੇਸ਼ ਹਨ। ਇੱਥੇ ਜ਼ਿਆਦਾਤਰ ਬੱਸਾਂ-ਗੱਡੀਆਂ ਦੀ 5 ਤੋਂ 10 ਮਿੰਟ ਦੀ ਸਹੂਲਤ ਹੈ। ਬੱਸਾਂ-ਗੱਡੀਆਂ ਅੰਦਰ ਲੋੜਵੰਦਾਂ ਲਈ ਵਿਸ਼ੇਸ਼ ਜਗ੍ਹਾ ਅਤੇ ਸੀਟਾਂ ਰਾਖਵੀਆਂ ਹਨ, ਜਿਵੇਂ ਬਜ਼ੁਰਗਾਂ ਲਈ, ਅੰਨਿਆਂ ਲਈ, ਗਰਭਵਤੀ ਔਰਤਾਂ ਲਈ ਅਤੇ ਨਿਆਣਾਂ-ਰੇੜ੍ਹੀ ਲਈ। ਯਾਤਰੀ ਸਫ਼ਰ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ, ਇਸ ਕਰਕੇ ਬੱਸਾਂ-ਗੱਡੀਆਂ ਵਿਚ ਵਿਸ਼ੇਸ਼ ਰੋਜ਼ਾਨਾਂ ਅਖ਼ਬਾਰਾਂ ਅਤੇ ਰਸਾਲੇ ਪੜ੍ਹਨ ਲਈ ਮੁਫ਼ਤ ਮਿਲਦੇ ਹਨ।

ਵਿਆਨਾ ਵਿਚ ਆਵਾਜਾਈ ਦੇ ਸਾਧਨਾਂ ਦੀ ਇਕ ਬਹੁਤ ਵੱਡੀ ਖੂਬੀ ਇਹ ਹੈ ਕਿ ਇੱਥੇ ਕੰਟਰੋਲ ਨਾਲੋਂ ਵਿਸ਼ਵਾਸ ਨੂੰ ਪਹਿਲ ਹੈ, ਭਾਵ ਯਾਤਰੀ ਬੱਸਾਂ-ਗੱਡੀਆਂ ਦੇ ਚਾਲਕਾਂ ਨੂੰ ਬਗੈਰ ਟਿਕਟ ਜਾਂ ਪਾਸ ਦਿਖਾਏ ਕਿਸੇ ਵੀ ਦਰਵਾਜ਼ੇ ਰਾਹੀ ਚੜ੍ਹ ਅਤੇ ਉਤਰ ਸਕਦੇ ਹਨ। ਸਿਰਫ਼ ਟਿਕਟ-ਚੈੱਕਰ ਹੀ ਟਿਕਟ ਚੈੱਕ ਕਰਦਾ ਹੈ। ਜਦੋਂ ਟਿਕਟ-ਚੈੱਕਰ ਟਿਕਟ ਚੈੱਕ ਕਰਕੇ ਹਰ ਇਕ ਯਾਤਰੀ ਨੂੰ 'ਦਾਂਕੇ' (ਸ਼ੁਕਰੀਆ) ਕਹਿੰਦਾ ਹੈ ਤਾਂ ਇਹ ਦੇਖ ਕੇ ਦਿਲ 'ਵਾਹ ਵਾਹ' ਕਰ ਉੱਠਦਾ ਹੈ। ਮੇਰੇ ਆਪਣੇ ਨਿਜੀ ਤਜਰਬੇ ਅਨੁਸਾਰ ਟਿਕਟ-ਨਿਰੀਖਕ ਕਦੇ ਕਦੇ ਤਾਂ ਦਿਨ ਵਿਚ ਇਕ ਜਾਂ ਦੋ ਵਾਰੀ ਮਿਲ ਜਾਂਦੇ ਹਨ ਅਤੇ ਕਦੇ ਸਾਲ ਭਰ ਨਹੀਂ ਮਿਲਦੇ। ਸਰਵੇਖਣਾਂ ਮੁਤਾਬਿਕ ਵਿਆਨਾ ਵਿਚ ਰੋਜ਼ਾਨਾ ਤਕਰੀਬਨ 300 ਯਾਤਰੀ ਬਗੈਰ ਟਿਕਟ ਦੇ ਸਫ਼ਰ ਕਰਦੇ ਫੜੇ ਜਾਂਦੇ ਹਨ। ਫੜੇ ਜਾਣ ਤੇ ਯਾਤਰੀ ਨੂੰ ਮਹੀਨਾ-ਪਾਸ ਦੀ ਕੀਮਤ ਅਤੇ ਇਕ ਟਿਕਟ ਦੀ ਕੀਮਤ ਜਿੰਨਾ ਜੁਰਮਾਨਾ ਭਰਨਾ ਪੈਂਦਾ ਹੈ। ਦੇਖਣ ਵਿਚ ਆਇਆ ਹੈ ਕਿ ਜਦੋਂ ਕੋਈ ਯਾਤਰੀ ਬਗੈਰ ਟਿਕਟ ਦੇ ਸਫ਼ਰ ਕਰਦਾ ਫੜਿਆ ਜਾਂਦਾ ਹੈ ਤਾਂ ਦੋਹਾਂ ਪਾਸੋਂ ਬੜੇ ਹੀ ਸ਼ਾਂਤੀ ਨਾਲ ਸਾਰੀ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਸਾਰਾ ਕੰਮ-ਕਾਜ ਕੰਪਿਊਟਰ ਰਾਹੀਂ ਹੋਣ ਕਰਕੇ ਯਾਤਰੀ ਦੇ ਸ਼ਨਾਖਤੀ ਕਾਰਡ ਤੋਂ ਨਾਮ-ਪਤਾ ਲਿਖ ਲਿਆ ਜਾਂਦਾ ਹੈ (ਜੇ ਯਾਤਰੀ ਕੋਲ ਨਕਦ ਪੈਸੇ ਨਹੀ ਹਨ) ਅਤੇ ਛੱਡ ਦਿੱਤਾ ਜਾਂਦਾ ਹੈ।

ਭਾਰਤੀਆਂ ਦੇ ਕੰਮ-ਕਾਜ:

stall1.jpg (16806 bytes)ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਬਾਹਰਲੇ ਮੁਲਕਾਂ ਵਾਰੇ ਆਪਣੇ ਮਨ ਵਿਚ ਸਵਰਗਾਂ ਦੇ ਭਰਮ ਪਾਲੀ ਬੈਠੇ ਹਨ, ਭਾਵ ਉਹ ਸਮਝਦੇ ਹਨ ਕਿ ਇਕ ਵਾਰੀ ਬਾਹਰ ਪਹੁੰਚ ਗਏ, ਫਿਰ ਤਾਂ ਨੋਟਾਂ ਦੇ ਮੀਂਹ ਪੈਣੇ ਸ਼ੁਰੂ ਹੋ ਜਾਣਗੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੰਮ ਤਾਂ ਇੱਥੇ ਆ ਕੇ ਵੀ ਕਰਨੇ ਪੈਂਦੇ ਹਨ। ਸਗੋਂ ਇੱਥੋਂ ਦੇ ਕੰਮ ਜ਼ਿਆਦਾ ਔਖੇ ਹਨ। ਇਸ ਕਰਕੇ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਗ਼ੈਰ-ਕਾਨੂੰਨੀ ਤਰੀਕੇ ਨਾਲ ਆਸਟਰੀਆ ਪਹੁੰਚਦੇ ਹਨ ਅਤੇ ਇੱਥੇ ਆ ਕੇ ਸਿਆਸੀ ਪਨਾਹ ਲੈਂਦੇ ਹਨ, ਉਨ੍ਹਾਂ ਦੇ ਕੰਮ-ਕਾਰਾਂ ਬਾਰੇ ਵਿਸਥਾਰਪੂਰਵਕ ਦੱਸਦੇ ਹਾਂ।

ਜ਼ਿਆਦਾਤਰ ਸਿਆਸੀ ਪਨਾਹਗੀਰ ਘਰਾਂ ਵਿਚ ਪੇਪਰ ਪਾਉਣ ਦਾ ਕੰਮ ਕਰਦੇ ਹਨ। ਇਹ ਚਾਰ ਤਰ੍ਹਾਂ ਦੇ ਕੰਮ ਹਨ। ਰਾਤਾਂ ਨੂੰ ਅਖ਼ਬਾਰਾਂ ਪਾਉਣੀਆਂ (ਗਬੀਤ), ਇਕ ਜਗ੍ਹਾਂ ਖੜ੍ਹ ਕੇ ਅਖ਼ਬਾਰਾਂ ਵੇਚਣੀਆਂ (ਪਲੇਸ), ਦਿਨ ਨੂੰ ਮਸ਼ਹੂਰੀ ਪਰਚੇ ਪਾਉਣੇ (ਫੈਬਰਾ) ਅਤੇ ਹਫ਼ਤਾਂ-ਅੰਤ ਤੇ ਸੜਕਾਂ ਦੇ ਖੰਭਿਆਂ ਨਾਲ ਅਖ਼ਬਾਰਾਂ ਟੰਗਣੀਆਂ (ਕਾਸੇ)। ਇਨ੍ਹਾਂ ਕੰਮਾਂ ਨੂੰ ਕਰਨ ਲਈ ਤਾਕਤਵਰ ਲੱਤਾਂ ਦੀ ਜ਼ਰੂਰਤ ਪੈਂਦੀ ਹੈ। ਪਹਿਲਾਂ-ਪਹਿਲ ਤਾਂ ਪੇਪਰ ਪਾਉਣ ਦੇ ਕੰਮ ਸੋਖੇ ਮਿਲ ਜਾਂਦੇ ਸਨ, ਪਰ ਹੁਣ ਸਿਆਸੀ ਪਨਾਹਗੀਰਾਂ ਦੀ ਗਿਣਤੀ ਵੱਧ ਜਾਣ ਕਰਕੇ ਕੰਮ ਮਿਲਣ ਤੱਕ ਕਈ ਵਾਰੀ ਛੇ-ਛੇ ਮਹੀਨੇ ਲਗ ਜਾਂਦੇ ਹਨ।

ਗਬੀਤ ਲਈ ਸਭ ਤੋਂ ਪਹਿਲਾ ਅੱਧੀ ਰਾਤ ਨੂੰ ਉੱਠ ਕੇ ਸਵੇਰ ਨੂੰ ਵਿਕਣ ਵਾਲੀ ਅਖ਼ਬਾਰ ਲਈ ਨਿਸ਼ਚਿਤ ਜਗ੍ਹਾ ਤੇ ਪਹੁੰਚਣਾਂ ਹੁੰਦਾ ਹੈ। ਅਖ਼ਬਾਰਾਂ ਦੇ ਬੰਡਲਾਂ ਨੂੰ ਸਾਇਕਲਾਂ ਤੇ ਢੋਹ ਕੇ ਨਾਲ ਦਿੱਤੀ ਹੋਈ ਸੂਚੀ ਮੁਤਾਬਿਕ ਸਵੇਰ ਦੇ ਛੇ ਵਜੇ ਤੱਕ ਫਲੈਟਾਂ ਅਤੇ ਘਰਾਂ ਵਿਚ ਪਾਉਣਾਂ ਹੁੰਦਾ ਹੈ। ਸੂਚੀ ਇੰਨੀ ਲੰਬੀ ਹੁੰਦੀ ਹੈ ਕਿ ਆਖ਼ਰੀ ਅਖ਼ਬਾਰ ਪਾਉਣ ਤੱਕ ਤਿੰਨ-ਚਾਰ ਘੰਟੇ ਲਗ ਜਾਂਦੇ ਹਨ। ਉਪਰੋਕਤ ਦੱਸੇ ਅਨੁਸਾਰ ਵਿਆਨਾ ਵਿਚ ਜ਼ਿਆਦਾਤਰ ਲੋਕ ਫਲੈਟਾਂ ਵਿਚ ਰਹਿੰਦੇ ਹਨ। ਸੋ, ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਇਕ ਅਖ਼ਬਾਰ ਪਾਉਣ ਲਈ ਸੱਤਵੀ-ਅੱਠਵੀ ਮੰਜ਼ਿਲ ਤੇ ਚੜ੍ਹਨਾ ਉਤਰਨਾ ਪੈਂਦਾ ਹੈ। ਇੱਥੇ ਇਹ ਗੱਲ ਲਿਖਣੀ ਬਣਦੀ ਹੈ ਕਿ ਵਿਆਨਾ ਸ਼ਹਿਰ ਰਾਤ ਨੂੰ ਵੀ ਉੱਨਾ ਸੁਰੱਖਿਅਤ ਹੈ ਜਿੰਨਾ ਦਿਨ ਨੂੰ, ਇਸੇ ਕਰਕੇ ਹੁਣ ਤੱਕ ਕਦੇ ਵੀ ਸੁਣਨ 'ਚ ਨਹੀਂ ਆਇਆ ਕਿ ਰਾਤਾਂ ਨੂੰ ਕੰਮ ਕਰਨ ਵਾਲਿਆਂ ਨੂੰ ਨਸਲਵਾਦ, ਕੁੱਟ-ਮਾਰ ਜਾਂ ਕਿਸੇ ਹੋਰ ਪ੍ਰੇਸ਼ਾਨੀ ਦਾ ਸਾਹਮਣਾਂ ਕਰਨਾ ਪਿਆ ਹੋਵੇ। ਇਸ ਕੰਮ ਦਾ ਵੱਡਾ ਹਿੱਸਾ ਲੱਦੇ ਹੋਏ ਸਾਇਕਲ ਨੂੰ ਚਲਾਉਣਾਂ ਅਤੇ ਬਹੁਮੰਜ਼ਿਲੀ-ਇਮਾਰਤਾਂ ਦੀਆਂ ਪੌੜ੍ਹੀਆਂ ਚੜ੍ਹਨੀਆਂ-ਉਤਰਨੀਆਂ ਹੈ। ਇਹ ਕੰਮ ਸੱਤੇ ਦਿਨ ਕਰਨਾ ਪੈਂਦਾ ਹੈ।

paper-boy1.jpg (10817 bytes)ਵੈਸੇ ਤਾਂ ਇੱਥੇ ਵੀ ਅਖ਼ਬਾਰਾਂ ਦੁਕਾਨਾਂ ਤੋਂ ਮਿਲ ਜਾਂਦੀਆਂ ਹਨ, ਪਰ ਚੌਕਾਂ ਅਤੇ ਜਨਤਕ ਗੱਡੀਆਂ ਦੇ ਅੱਡਿਆਂ ਤੇ ਖੜ੍ਹ ਕੇ ਵੀ ਸਵੇਰ-ਸ਼ਾਮ ਨੂੰ ਅਖ਼ਬਾਰਾਂ ਵੇਚੀਆਂ ਜਾਂਦੀਆਂ ਹਨ। ਇਸ ਕੰਮ ਨੂੰ ਪਲੇਸ ਆਖਦੇ ਹਨ। ਸਵੇਰ ਦੀ ਪਲੇਸ ਲਈ ਅੰਮ੍ਰਿਤ ਵੇਲੇ ਉੱਠ ਕੇ ਨਿਸ਼ਚਿਤ ਜਗ੍ਹਾਂ ਤੋਂ ਅਖ਼ਬਾਰਾਂ ਦੇ ਬੰਡਲ ਲੈਣੇ ਹੁੰਦੇ ਹਨ ਅਤੇ ਅਖ਼ਬਾਰ ਵੇਚਣ ਵਾਲੀ ਜਗ੍ਹਾਂ ਤੇ ਪਹੁੰਚ ਕੇ ਅਖ਼ਬਾਰ ਕੰਪਨੀ ਵਲੋਂ ਦਿੱਤੀ ਵਰਦੀ ਪਾ ਕੇ ਖੜ੍ਹਨਾ ਹੁੰਦਾ ਹੈ। ਫੇਰ ਸਵੇਰ ਦੇ ਪੰਜ-ਛੇ ਵਜੇ ਤੋਂ ਲੈ ਕੇ ਨੋਂ-ਦਸ ਵਜੇ ਤੱਕ ਹਰ ਆਉਂਦੇ-ਜਾਂਦੇ ਨੂੰ ਅਖ਼ਬਾਰ ਦੇ ਨਾਂਮ ਰਾਹੀ ਹੋਕਾ ਦੇ ਕੇ ਅਖ਼ਬਾਰਾਂ ਵੇਚੀਆਂ ਜਾਂਦੀਆਂ ਹੈ। ਇਸੇ ਤਰ੍ਹਾਂ ਸ਼ਾਮ ਨੂੰ ਪੰਜ-ਛੇ ਵਜੇ ਤੋਂ ਲੈ ਕੇ ਰਾਤ ਦੇ ਨੋਂ-ਦਸ ਵਜੇ ਤੱਕ ਅਖ਼ਬਾਰਾਂ ਵੇਚੀਆਂ ਜਾਂਦੀਆਂ ਹੈ। ਜਨਤਕ ਗੱਡੀਆਂ ਦੇ ਅੱਡਿਆਂ ਨਾਲੋਂ ਚੌਕਾਂ ਜਾਂ ਟ੍ਰਰੈਫ਼ਿਕ ਇਸ਼ਾਰਿਆਂ ਤੇ ਖੜ੍ਹ ਕੇ ਅਖ਼ਬਾਰਾਂ ਵੇਚਣੀਆਂ ਜ਼ਿਆਦਾ ਔਖੀਆਂ ਹਨ, ਕਿਉਂਕਿ ਲਾਲ ਬੱਤੀ ਹੋਣ ਤੋਂ ਬਾਅਦ ਖੜ੍ਹੀਆਂ ਕਾਰਾਂ ਵਿਚ ਘੁੰਮ-ਫਿਰ ਕੇ ਹੋਕੇ ਰਾਹੀ ਅਖ਼ਬਾਰਾਂ ਵੇਚਣੀਆਂ ਅਤੇ ਹਰੀ ਬੱਤੀ ਹੋਣ ਤੇ ਫ਼ੁਰਤੀ ਨਾਲ ਮੁੜ ਆਪਣੀ ਜਗ੍ਹਾ ਤੇ ਆਉਣਾਂ ਪੈਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜੇ ਆਮ ਬੰਦਾ ਨੂੰ ਕਿਸੇ ਇਸ਼ਾਰੇ ਤੇ ਦੋ-ਤਿੰਨ ਘੰਟੇ ਖੜ੍ਹਨਾ ਪੈ ਜਾਵੇ ਤਾਂ ਗੱਡੀਆਂ-ਕਾਰਾਂ ਦੇ ਸ਼ੋਰ ਕਰਕੇ ਯਕੀਨਨ ਉਸਦੇ ਕੰਨ ਵਜਣ ਲੱਗ ਪੈਣਗੇ।

ਸਾਰੇ ਵਿਆਨਾ ਵਿਚ ਜ਼ਿਆਦਾਤਰ ਵਿਦੇਸ਼ੀ ਕੰਪਨੀਆਂ ਅਤੇ ਆਸਟਰੀਅਨ ਕੰਪਨੀਆਂ ਦੇ ਆਮ ਜਨ-ਜੀਵਨ ਵਿਚ ਵਰਤੋਂ ਆਉਣ ਵਾਲੇ ਸਾਮਾਨ ਦੇ ਵੱਡੇ ਵੱਡੇ ਸਟੋਰ ਹਨ। ਛੋਟੀਆਂ-ਮੋਟੀਆਂ ਦੁਕਾਨਾਂ ਬਹੁਤ ਘੱਟ ਹਨ। ਇਸ ਕਰਕੇ ਜਦੋਂ ਕੋਈ ਕੰਪਨੀ ਕੁਝ ਚੀਜ਼ਾਂ ਸਸਤੀਆਂ ਲਾਉਂਦੀ ਹੈ ਤਾਂ ਉਹ ਸਸਤੀਆਂ ਚੀਜ਼ਾਂ ਦੇ ਇਕੋ ਵਾਰੀ ਮਸ਼ਹੂਰੀ ਪਰਚੇ ਛਪਵਾ ਕੇ ਸਾਰੇ ਵਿਆਨਾ ਵਿਚ ਵੰਡਦੀ ਹੈ। ਇਸ ਕੰਮ ਨੂੰ ਫੈਬਰਾ ਕਹਿੰਦੇ ਹਨ। ਫੈਬਰਾ ਕਰਨ ਲਈ ਵੀ ਸਭ ਤੋਂ ਪਹਿਲਾਂ ਅਮ੍ਰਿੰਤ ਵੇਲੇ ਉੱਠ ਕੇ ਅਤੇ ਨਿਸ਼ਚਿਤ ਜਗ੍ਹਾਂ ਤੇ ਪਹੁੰਚ ਕੇ ਕਾਮਿਆਂ ਦੀ ਕਤਾਰ ਵਿਚ ਲੱਗਣਾਂ ਪੈਂਦਾ ਹੈ। ਜੇ ਕੰਮ ਜ਼ਿਆਦਾ ਹੋਵੇ ਤਾਂ ਸਾਰੇ ਕਾਮਿਆਂ ਨੂੰ ਦਿਹਾੜੀ ਦਾ ਕੰਮ ਮਿਲਦਾ ਹੈ, ਨਹੀਂ ਤਾਂ ਪੁਰਾਣੇ ਕਾਮਿਆਂ ਦੀ ਪਹਿਲ ਹੁੰਦੀ ਹੈ ਅਤੇ ਬਾਕੀਆਂ ਨੂੰ ਲਟਕੇ ਮੂੰਹਾਂ ਨਾਲ ਵਾਪਸ ਘਰ ਜਾਣਾ ਪੈਂਦਾ ਹੈ। ਇਕ ਰੇੜ੍ਹੀ ਤੇ ਮਸ਼ਹੂਰੀ-ਪਰਚੇ ਲੱਦ ਕੇ ਨਾਲ ਦਿੱਤੀ ਹੋਈ ਸੂਚੀ ਅਨੁਸਾਰ ਛੇ-ਸੱਤ ਬਿਲਡਿੰਗਾਂ ਦੇ ਫਲੈਟਾਂ ਦੇ ਦਰਵਾਜ਼ਿਆਂ ਨਾਲ ਪਰਚੇ ਟੰਗਣੇ ਹੁੰਦੇ ਹਨ। ਵਿਆਨਾ ਵਿਚ ਜ਼ਿਆਦਾਤਰ ਬਿਲਡਿੰਗਾਂ ਪੰਜ ਤੋਂ ਅੱਠ ਮੰਜ਼ਿਲਾਂ ਹਨ। ਕੰਮ ਖ਼ਤਮ ਕਰਨ ਲਈ ਛੇ-ਸੱਤ ਘੰਟੇ ਲੱਗ ਜਾਂਦੇ ਹਨ। ਇੰਨ੍ਹਾਂ ਛੇ-ਸੱਤ ਘੰਟਿਆਂ ਵਿਚ ਦੋਵੇਂ ਬਾਹਾਂ ਤੇ ਪਰਚੇ ਰੱਖ ਕੇ ਅਤੇ ਗਲੇ ਵਿਚ ਪਲਾਸਟਿਕ ਲਿਫਾਫੇ ਪਾ ਕੇ ਦੌੜ-ਦੌੜ ਕੇ ਪੌੜ੍ਹਿਆਂ ਚੜ੍ਹਨੀਆਂ-ਉਤਰਨੀਆਂ ਪੈਂਦੀਆਂ ਹਨ। ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਲਗਾਤਾਰ ਛੇ-ਸੱਤ ਘੰਟੇ ਪੌੜ੍ਹੀਆਂ ਚੜ੍ਹ-ਉਤਰ ਕੇ ਲੱਤਾਂ ਦਾ ਕੀ ਹਾਲ ਹੁੰਦਾ ਹੋਵੇਗਾ?

ਹਫ਼ਤੇ ਦੇ ਅੰਤ ਵਿਚ ਅਖ਼ਬਾਰਾਂ ਸੜਕਾਂ ਦੇ ਖੰਭਿਆਂ ਨਾਲ ਲਾਈਆਂ ਕੁੰਡੀਆਂ ਤੇ ਅਖ਼ਬਾਰਾਂ ਵੱਡੇ-ਵੱਡੇ ਪਲਾਸਟਿਕ ਲਿਫਾਫੇ ਵਿਚ ਪਾ ਕੇ, ਉੱਤੇ ਨਕਦੀ ਡੱਬਾ ਲਾ ਕੇ, ਟੰਗ ਕੇ ਵੇਚੀਆਂ ਜਾਂਦੀਆਂ ਹੈ। ਇੱਥੇ ਫਿਰ ਦੁਹਰਾਉਣਾਂ ਪਾਵੇਗਾ ਕਿ ਆਸਟਰੀਆ ਵਿਚ ਵਿਸ਼ਵਾਸ ਨੂੰ ਪਹਿਲ ਦਿੱਤੀ ਜਾਂਦੀ ਹੈ, ਕਿਉਂਕਿ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਪੈਸੇ ਪਾਉਗੇ ਤਦ ਹੀ ਤੁਸੀਂ ਅਖ਼ਬਾਰ ਬਾਹਰ ਕੱਢ ਸਕਦੇ ਹੋ। ਨਹੀਂ। ਅਖ਼ਬਾਰ ਵਾਲੇ ਲਫਾਫੇ ਤੇ ਮੀਂਹ-ਬਰਫ਼ ਤੋਂ ਬਚਾਅ ਲਈ ਮਾਮੂਲੀ ਜਿਹਾ ਪਲਾਸਟਿਕ ਦਾ ਢੱਕਣ ਹੁੰਦਾ ਹੈ। ਇਹ ਇੱਥੋਂ ਦੇ ਲੋਕਾਂ ਦੀ ਇਮਾਨਦਾਰੀ ਅਤੇ ਉੱਚੀ ਸੋਚ ਹੀ ਹੈ ਕਿ ਉਹ ਪੈਸੇ ਪਾ ਕੇ ਹੀ ਅਖ਼ਬਾਰ ਕੱਢਦੇ ਹਨ। ਜੇ ਬਿਨਾਂ ਪੈਸੇ ਪਾਏ ਹੀ ਲੋਕੀਂ ਅਖ਼ਬਾਰ ਕੱਢਦੇ ਹੁੰਦੇ ਤਾਂ ਹਫ਼ਤਾਂ-ਅੰਤ ਤੇ ਅਖ਼ਬਾਰਾਂ ਟੰਗ ਕੇ ਵੇਚਣ ਦਾ ਇਹ ਤਰੀਕਾ ਕਦੋਂ ਦਾ ਫੇਲ੍ਹ ਹੋ ਚੁੱਕਾ ਹੁੰਦਾ।

paper-boys1.jpg (8858 bytes)ਜਿਸ ਢੰਗ ਨਾਲ ਇਹ ਅਖ਼ਬਾਰਾਂ ਟੰਗੀਆਂ ਜਾਂਦੀਆਂ ਹਨ, ਉਹ ਢੰਗ ਖ਼ਤਰਨਾਕ ਅਤੇ ਸਿਹਤ ਲਈ ਨੁਕਾਸਦੇਹ ਹੈ। ਅਖ਼ਬਾਰਾਂ ਟੰਗਣ ਵਾਲਾ ਪਹਿਲਾਂ ਵੱਡੀ ਵੈਨ ਵਿਚ ਹੀ ਅਖ਼ਬਾਰਾਂ ਵਾਲਾ ਲਿਫਾਫਾ ਤਿਆਰ ਕਰਦਾ ਹੈ ਜਿਵੇਂ ਗਿਣ ਕੇ ਅਖ਼ਬਾਰਾਂ ਪਾਉਣੀਆਂ, ਨਕਦੀ ਡੱਬਾ ਲਾਉਣਾਂ। ਸਾਰੇ ਰਾਹ ਵਿਚ ਗੱਡੀ ਦਾ ਇਕ ਵੱਡਾ ਦਰਵਾਜ਼ਾ ਖੁੱਲ੍ਹਾ ਰੱਖਿਆ ਜਾਂਦਾ ਹੈ ਅਤੇ ਉਸ ਖੁੱਲੇ ਦਰਵਾਜ਼ੇ ਰਾਹੀਂ ਅਖ਼ਬਾਰ ਟੰਗਣ ਵਾਲਾ ਹਰ ਮੋੜ ਤੇ ਅਖ਼ਬਾਰ ਟੰਗ ਕੇ, ਦੌੜ-ਦੌੜ ਕੇ ਉਤਰਦਾ-ਚੜ੍ਹਦਾ ਹੈ। ਕਿਉਂਕਿ ਅਖ਼ਬਾਰਾਂ ਹਰ ਮੋੜ ਤੇ ਟੰਗਣੀਆਂ ਹੁੰਦੀਆਂ ਹਨ ਅਤੇ ਗੱਡੀ ਸੱਪ ਵਾਂਗ ਵੱਲ ਖਾਂਦੀ ਜਾਂਦੀ ਹੈ, ਇਸ ਕਰਕੇ ਨਵੇਂ ਬੰਦੇ ਨੂੰ ਉਲਟੀਆਂ ਲੱਗਣਾਂ ਆਮ ਗੱਲ ਹੈ। ਸਾਰੇ ਰਾਹ ਵਿਚ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਚਲਦੀ ਗੱਡੀ ਵਿਚੋਂ ਬਾਹਰ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇ ਅਖ਼ਬਾਰ ਸੜਕ ਦੇ ਦੂਸਰੇ ਪਾਸੇ ਟੰਗਣੀ ਹੋਵੇ ਅਤੇ ਸਮੇ ਦੀ ਬਚਤ ਨੂੰ ਧਿਆਨ ਵਿਚ ਰੱਖਦੇ ਹੋਏ ਬਿਨ੍ਹਾਂ ਆਲੇ-ਦੁਆਲੇ ਦੇਖੇ ਹੀ ਭੱਜ ਕੇ ਦੂਸਰੇ ਪਾਸੇ ਜਾਣ ਦੀ ਕੋਸ਼ਿਸ਼ ਵਿਚ ਦੁਰਘਟਨਾ ਵੀ ਹੋ ਸਕਦੀ ਹੈ। ਇਕ ਦਿਨ ਅਖ਼ਬਾਰਾਂ ਟੰਗਣ ਜਾਣਾਂ ਹੁੰਦਾ ਹੈ ਅਤੇ ਦੂਸਰੇ ਦਿਨ ਉਤਾਰਨ। ਲਗਪਗ 500 ਲਿਫਾਫਿਆਂ ਨੂੰ ਟੰਗਣ ਲਈ ਚਾਰ ਕੁ ਘੰਟੇ ਦਾ ਸਮਾਂ ਲਗਦਾ ਹੈ।

ਮੀਂਹ, ਹਨ੍ਹੇਰੀ ਅਤੇ ਬਰਫ਼ ਪੈਣ ਤੇ ਇਹ ਚਾਰੇ ਕੰਮ ਕਰਨੇ ਹੋਰ ਵੀ ਔਖੇ ਹੋ ਜਾਂਦੇ ਹਨ। ਸਿਆਸੀ ਪਨਾਹ ਤੋਂ ਲੈ ਕੇ ਵੀਜ਼ਾ ਲੱਗਣ ਤੱਕ ਦੀ ਕਹਾਣੀ, ਜੋ ਆਮ ਤੌਰ ਤੇ ਦੇਖਣ-ਸੁਣਨ ਨੂੰ ਮਿਲਦੀ ਹੈ, ਉਹ ਸੰਖੇਪ ਰੂਪ ਵਿਚ ਇੰਝ ਬਣਦੀ ਹੈ। ਪਹਿਲੀ ਬਾਰੀ ਸਿਆਸੀ ਪਨਾਹ ਲਈ ਦਿੱਤੀ ਗਈ ਅਰਜ਼ੀ ਦਾ ਜਵਾਬ ਆਉਣ ਤੱਕ ਸਾਲ-ਛੇ ਮਹੀਨੇ ਲੱਗ ਜਾਂਦੇ ਹਨ। ਜੇਕਰ ਅਰਜ਼ੀ ਨਾਮੰਨਜ਼ੂਰ ਹੋ ਜਾਂਦੀ ਹੈ ਤਾਂ ਪਨਾਹਗੀਰ ਮੁੜ ਵਿਚਾਰ ਕਰਨ ਲਈ ਹੋਰ ਦੋ ਵਾਰੀ ਅਰਜ਼ੀਆਂ ਦੇ ਸਕਦਾ ਹੈ। ਇਸ ਤਰ੍ਹਾਂ ਦੁਬਾਰਾ ਅਰਜ਼ੀਆਂ ਦੇ-ਦੇ ਕੇ ਲਗਪਗ ਤਿੰਨ ਸਾਲ ਲੰਘਾਅ ਲਏ ਜਾਂਦੇ ਹਨ। ਇਨ੍ਹਾਂ ਤਿੰਨਾਂ ਸਾਲਾਂ ਵਿਚ ਪੇਪਰਾਂ ਦਾ ਕੰਮ ਕਰ ਕੇ ਪਨਾਹਗੀਰ ਚੰਗੇ ਪੈਸੇ ਬਣਾ ਲੈਂਦੇ ਹਨ। ਇਨ੍ਹਾਂ ਪੈਸਿਆਂ ਨਾਲ ਉਹ ਭਾਰਤ ਵਿਚ ਚੱਕਿਆ ਹੋਇਆ ਕਰਜ਼ਾ ਵੀ ਲਾਹ ਲੈਂਦੇ ਹਨ ਅਤੇ ਪੱਕੇ ਹੋਣ ਲਈ ਆਸਟਰੀਅਨ ਪਾਸਪੋਰਟ ਵਾਲੀ ਕੁੜੀ ਨਾਲ ਕਾਗਜ਼ੀ ਵਿਆਹ ਕਰਵਾ ਲੈਂਦੇ ਹਨ। ਆਸਟਰੀਆ ਵਿਚ ਜ਼ਿਆਦਾਤਰ ਮੁੰਡੇ ਕਾਗਜ਼ੀ ਵਿਆਹ ਕਰਵਾ ਕੇ ਹੀ ਪੱਕੇ ਹੁੰਦੇ ਹਨ। ਜੇਕਰ ਕੋਈ ਮੁੰਡਾ ਬਗੈਰ ਲੋੜੀਂਦੇ ਦਸਤਾਵੇਜ਼ ਫੜਿਆ ਜਾਂਦਾ ਹੈ ਤਾਂ ਜ਼ੇਲ੍ਹ ਵਿਚ ਉਹ ਭੁੱਖ ਹੜਤਾਲ ਕਰ ਦਿੰਦਾ ਹੈ। ਜਦੋਂ ਉਸ ਦਾ ਇਕ ਹੱਦ ਤੱਕ ਭਾਰ ਘੱਟ ਜਾਂਦਾ ਹੈ ਤਾਂ ਪੁਲਿਸ ਨੂੰ ਡਾਕਟਰ ਦੀ ਸਲਾਹ ਨਾਲ ਮੁੰਡੇ ਨੂੰ ਛੱਡਣਾਂ ਪੈਂਦਾ ਹੈ। ਕੁਝ ਚਿਰ ਪਹਿਲਾਂ ਹੀ ਇਕ ਮੁੰਡਾ ਜ਼ੇਲ੍ਹ ਵਿਚ ਦਿਹਾੜੀ ਦੀ ਇਕ-ਅੱਧੀ ਗਲਾਸੀ ਪਾਣੀ ਪੀ ਕੇ 22 ਦਿਨਾਂ ਵਿਚ 13 ਕਿਲੋ ਭਾਰ ਘਟਾ ਕੇ ਛੁੱਟਿਆ ਹੈ।

restaurant1.jpg (16328 bytes)ਜਿਹਨਾਂ ਭਾਰਤੀਆ ਨੂੰ ਡੰਗ-ਟਪਾਊ ਜਰਮਨ ਬੋਲੀ ਬੋਲਣੀ ਆਉਂਦੀ ਹੈ, ਉਹ ਆਸਟਰੀਆ ਦੇ ਹੋਟਲਾਂ ਅਤੇ ਫੈਕਟਰੀਆਂ ਵਿਚ ਆਪਣੀ ਯੋਗਤਾ ਅਨੁਸਾਰ ਕੰਮ ਕਰ ਰਹੇ ਹਨ। ਭਾਰਤੀਆਂ ਦਾ ਇਕ ਵੱਡਾ ਹਿੱਸਾ ਆਸਟਰੀਆ ਦੇ ਅਮਰੀਕਨ ਮੈੱਕਡੋਨਲਡ ਵਿਚ ਕੰਮ ਕਰ ਰਿਹਾ ਹੈ। ਬਹੁਤੀਆਂ ਭਾਰਤੀ ਬੀਬੀਆਂ ਹੋਟਲਾਂ ਵਿਚ ਸਾਫ਼-ਸਫ਼ਾਈ ਅਤੇ ਆਪਣੀ ਯੋਗਤਾ ਅਨੁਸਾਰ ਕੰਮ ਕਰ ਰਹੀਆਂ ਹਨ। ਦੱਖਣੀ ਭਾਰਤ ਤੋਂ ਆਈਆਂ ਵਧੇਰੇ ਔਰਤਾਂ ਜ਼ਿਆਦਾਤਰ ਨਰਸਾਂ ਦਾ ਕੰਮ ਕਰਦੀਆਂ ਹਨ। ਜਿਹੜੇ ਭਾਰਤੀ ਆਪਣੀ ਵੱਖਰੀ ਦਿੱਖ ਕਰਕੇ ਜਾਂ ਹੋਰ ਕਾਰਨਾਂ ਕਰਕੇ ਮੈੱਕਡੋਨਲਡ ਜਾਂ ਫੈਕਟਰੀਆਂ ਵਿਚ ਕੰਮ ਨਹੀਂ ਕਰ ਸਕਦੇ ਜਾਂ ਨਹੀਂ ਕਰਨਾ ਚਾਹੁੰਦੇ, ਉਨ੍ਹਾਂ ਨੇ ਆਪਣੇ ਕੰਮ ਖੋਲ੍ਹੇ ਹੋਏ ਹਨ। ਵਿਆਨਾ ਵਿਚ ਪੰਦਰਾਂ ਕੁ ਭਾਰਤੀ ਖਾਣ-ਪੀਣ ਦੀਆਂ ਦੁਕਾਨਾਂ ਹਨ। ਪੂਰੇ ਆਸਟਰੀਆਂ ਵਿਚ 51 ਭਾਰਤੀ ਰੈਸਟੋਂਰੈਂਟ ਹਨ। ਕੁਝ ਭਾਰਤੀ, ਮੇਲਿਆਂ ਵਿਚ ਫੱਟੇ ਲਾ ਕੇ ਕੱਪੜੇ ਅਤੇ ਹੋਰ ਨਿਕ-ਸੁਕ ਵੀ ਵੇਚਦੇ ਹਨ। ਕਈਆਂ ਨੇ ਪੀਜ਼ੇ ਵੀ ਖੋਲ੍ਹੇ ਹੋਏ ਹਨ। ਬਾਕੀ ਬਚਦੇ ਭਾਰਤੀ ਆਪਣੀ ਵਿਦਿਅਕ ਯੋਗਤਾ, ਸੋਚ ਅਤੇ ਸਮਝ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਕੰਮ ਕਰ ਰਹੇ ਹਨ।

ਭਾਰਤੀ ਜਨ ਜੀਵਨ:

music1.jpg (11779 bytes)ਆਸਟਰੀਆ ਵਿਚ ਤਿੰਨ ਗੁਰਦਵਾਰੇ ਹਨ। 'ਗੁਰਦਵਾਰਾ ਸਾਂਝੀ ਵਾਲ' ਸਾਲਜ਼ਬਰਗ ਵਿਚ ਹੈ ਅਤੇ ਦੋ ਗੁਰਦਵਾਰੇ 'ਗੁਰਦਵਾਰਾ ਨਾਨਕ ਦੇਵ' ਅਤੇ 'ਗੁਰਦੂਆਰਾ ਸਿੰਘ ਸਭਾ' ਵਿਆਨਾ ਵਿਚ ਹਨ। ਸਿੱਖ ਸੰਗਤਾਂ ਦੀ ਗਿਣਤੀ ਵਿਚ ਦਿਨ-ਬ-ਦਿਨ ਵਾਧਾ ਹੋਣ ਕਰਕੇ ਵਿਆਨਾ ਦੇ ਦੋਵੇਂ ਗੁਰਦਵਾਰਿਆਂ ਨੂੰ ਹੋਰ ਵੱਡਾ ਬਣਾਉਣ ਬਾਰੇ ਸੋਚਿਆ ਜਾ ਰਿਹਾ ਹੈ। ਖਾਲਸੇ ਦਾ 300 ਸਾਲਾ ਸਾਜਨਾ-ਦਿਵਸ ਤੇ 'ਗੁਰਦਵਾਰਾ ਨਾਨਕ ਦੇਵ' ਦੀ ਪ੍ਰਬੰਧਕ ਕਮੇਟੀ ਨੇ ਪੈਦਲ-ਨਗਰ ਕੀਰਤਨ ਦੀ ਮਨਜ਼ੂਰੀ ਲਈ ਸ਼ਹਿਰ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਸੀ। ਉਸ ਸਮੇਂ ਪੈਦਲ ਨਗਰ ਕੀਰਤਨ ਦੀ ਤਾਂ ਮਨਜ਼ੂਰੀ ਨਹੀਂ ਸੀ ਮਿਲੀ, ਪਰ ਕਾਰਾਂ ਵਿਚ ਨਗਰ ਕੀਰਤਨ ਕੱਢਣ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ। ਪਰ ਫੇਰ ਵੀ ਆਸਟਰੀਆ ਦੀ ਰਾਜਧਾਨੀ 'ਵਿਆਨਾ' ਦੇ ਕੇਂਦਰ ਵਿਚ, ਜੋ ਕਿ ਸਾਰੇ ਜ਼ਿਲ੍ਹਿਆਂ ਵਿਚੋਂ ਮਹਿੰਗਾ ਅਤੇ ਸੋਹਣਾਂ ਜ਼ਿਲ੍ਹਾਂ ਹੈ, ਮਨਜ਼ੂਰੀ ਮਿਲਣੀ ਸਿੱਖ ਧਰਮ ਦੇ ਪ੍ਰਚਾਰ ਲਈ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਸੀ। ਉਸ ਸਮੇਂ ਪੁਲਿਸ ਦੀ ਗੱਡੀਆਂ ਅਤੇ ਮੋਟਰਸਾਇਕਲਾਂ ਦੀ ਸੁਰੱਖਿਆਂ ਵਿਚ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪਰ ਉਸ ਤੋਂ ਬਾਅਦ ਹੁਣ ਤੱਕ ਹਰ ਸਾਲ ਖਾਲਸੇ ਦਾ ਸਾਜਨਾ ਦਿਵਸ ਬੜੀ ਧੂਮਧਾਮ ਨਾਲ ਗੁਰਦਵਾਰੇ ਵਿਚ ਹੀ ਮਨਾ ਲਿਆ ਜਾਂਦਾ ਹੈ।

ਆਸਟਰੀਆ ਵਿਚ ਸਿੱਖ ਧਰਮ ਦੀ ਮਾਨਤਾ ਲਈ ਇਕ ਵਾਰ ਸਿੱਖਾਂ ਦੇ ਪਾਸਪੋਰਟ ਕਾਪੀਆਂ ਅਤੇ ਦਸਤਖ਼ਤ 'ਗੁਰਦਵਾਰਾ ਨਾਨਕ ਦੇਵ' ਪ੍ਰਬੰਧਕ ਕਮੇਟੀ ਵਲੋਂ ਇੱਕਠੇ ਕਰਕੇ ਇੱਥੋਂ ਦੀ ਸਰਕਾਰ ਨੂੰ ਦਿਤੇ ਗਏ ਸਨ, ਪਰ ਸਰਕਾਰ ਵਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਉਮੀਦ ਹੈ ਕਿ ਆਉਂਦੇ ਸਮੇਂ ਵਿਚ ਇਸ ਕੰਮ ਵਿਚ ਕਾਮਯਾਬੀ ਮਿਲੇਗੀ। ਸਿੱਖਾਂ ਅਤੇ ਹਿੰਦੂਆਂ ਦੀ ਤਾਜ਼ੀ ਗਿਣਤੀ ਬਾਰੇ ਇਸ ਸਾਲ ਦੇ ਅੰਤ ਵਿਚ ਪਤਾ ਲੱਗੇਗਾ। ਵਿਆਨਾ ਵਿਚ ਪੰਜ ਹਿੰਦੂ ਮੰਦਰ ਹਨ।

play1.jpg (13556 bytes)ਆਸਟਰੀਆ ਵਿਚ ਦੋ ਸਹਿਤਕ ਸਭਾਵਾਂ 'ਪੰਜਾਬੀ ਸਹਿਤ ਸਭਾ ਆਸਟਰੀਆ' ਵਿਆਨਾ ਵਿਚ ਅਤੇ 'ਪੰਜ ਪਾਣੀ ਸਾਹਿਤ ਸਭਾ' ਸਾਲਜ਼ਬਰਗ ਵਿਚ ਹਨ। ਇਕ 'ਵਿਕਾਸ ਪੰਜਾਬੀ ਸਭਿਆਚਾਰ ਸੁਸਾਇਟੀ' ਹੈ। ਪਿਛਲੇ ਕੁਝ ਸਾਲਾਂ ਵਿਚ ਸਿਰਫ਼ ਇਕੋ ਇਕ ਦੀਵਾਲੀ ਦਾ ਵੱਡਾ ਪ੍ਰੋਗਰਾਮ ਹੋਇਆ ਕਰਦਾ ਸੀ, ਜਿਸ ਵਿਚ ਸਾਰੇ ਹੀ ਭਾਰਤੀ ਹੁੰਮ-ਹੁਮਾ ਕੇ ਪਹੁੰਚਦੇ ਹੁੰਦੇ ਸਨ। ਪਰ ਇਸ ਸਾਲ ਤੋਂ ਨਾਵਲਕਾਰ 'ਜਸਵਿੰਦਰ ਸਿੰਘ ਛਿੰਦਾ', ਸ਼ਾਇਰ 'ਸ਼ੇਖਰ', ਸਾਰੇ ਭਾਰਤੀਆਂ ਦਾ ਪਰਮ ਮਿੱਤਰ 'ਸੇਟੀਫ਼ਨ ਆਲਮਰ' ਅਤੇ ਹੋਰ ਸੂਝਵਾਨ ਸੱਜਣਾਂ ਦੀ ਹਿੰਮਤ ਸਦਕਾ ਸਹਿ ਅਰਥਾਂ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ ਗਏ ਹਨ। ਜਿਵੇਂ ਪਹਿਲੇ ਸਭਿਆਚਾਰਕ ਲੋਹੜੀ ਮੇਲੇ ਵਿਚ ਆਸਟਰੀਆ ਦੇ ਭਾਰਤੀਆਂ ਦੀ ਜ਼ਿੰਦਗੀ ਤੇ ਆਧਾਰਿਤ ਪਹਿਲੀ ਬਾਰ ਨਾਟਕ 'ਮਹਿਫ਼ਲ' ਪੇਸ਼ ਕੀਤਾ ਗਿਆ ਸੀ। ਹੋਰ ਵੀ ਇਸੇ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਪੰਜਾਬੀ ਸਹਿਤ ਵਿਚ ਹੋਰ ਵਾਧਾ ਕਰਨ ਲਈ ਹਿੰਮਤੀ ਸੱਜਣ ਯਤਨਸ਼ੀਲ ਹਨ। ਹਿੰਦੀ ਫ਼ਿਲਮਾਂ ਇੱਥੋਂ ਦੇ ਸਿਨਮੇ ਕਿਰਾਏ ਤੇ ਲੈ ਕੇ ਭਾਰਤੀ ਸੱਜਣਾਂ ਵਲੋਂ ਕਦੇ-ਕਦੇ ਦਿਖਾਈਆਂ ਜਾਂਦੀਆਂ ਹਨ।

ਸਮਸਿਆਵਾਂ:

ਜਿੱਥੇ ਸਭਿਆਚਾਰਕ ਪ੍ਰੋਗਰਾਮ ਸਾਲ ਵਿਚ ਤਿੰਨ-ਚਾਰ ਹੀ ਹੁੰਦੇ ਹਨ, ਉੱਥੇ ਕੁਝ ਸੱਜਣ ਇਸੇ ਸਾਲ ਤੋਂ ਹੀ ਹਰ ਮਹੀਨੇ ਰਾਤਾਂ ਨੂੰ ਭੰਗੜਾ ਪਾਰਟੀਆਂ ਕਰਵਾਉਂਦੇ ਹਨ, ਜਿਨ੍ਹਾਂ ਦਾ ਮਕਸਦ ਸਿਰਫ਼ ਪੈਸਾ ਕਮਾਉਣਾਂ ਹੁੰਦਾ ਹੈ। ਇਨ੍ਹਾਂ ਭੰਗੜਾ ਪਾਰਟੀਆਂ ਕਰਕੇ ਜੋ ਭਾਰਤੀਆਂ ਦਾ ਨੁਕਸਾਨ ਹੋ ਰਿਹਾ ਹੈ, ਉਸ ਦੀ ਸੂਚੀ ਲੰਬੀ ਹੈ। ਭੰਗੜਾ ਪਾਰਟੀ ਦੀ ਸ਼ੁਰੂਆਤ ਵਿਚ ਜਦੋ ਗੋਰੇ ਸੰਗੀਤ ਸੁਣ ਨੱਚਣ ਲੱਗ ਪੈਂਦੇ ਹਨ ਤਾਂ ਪੰਜਾਬੀ ਸੰਗੀਤ ਦੀ 'ਬੱਲੇ ਬੱਲੇ' ਹੋ ਜਾਂਦੀ ਹੈ, ਪਰ ਜਦੋਂ ਅੰਤ ਵਿਚ ਲੜਾਈ ਕਰਕੇ ਬੀਅਰ ਦੀਆਂ ਬੋਤਲਾਂ ਅਤੇ ਹੋਰ ਭੰਨ-ਤੋੜ ਹੋਣ ਲੱਗਦੀ ਹੈ ਤਾਂ ਪੰਜਾਬੀਆਂ ਦੀ 'ਥੱਲੇ ਥੱਲੇ' ਹੋ ਜਾਂਦੀ ਹੈ। ਫੇਰ ਭੰਗੜਾ ਪਾਰਟੀ ਪੁਲਿਸ ਨੂੰ ਆ ਕੇ ਬੰਦ ਕਰਵਾਉਣੀ ਪੈਂਦੀ ਹੈ। ਹੁਣ ਤੱਕ ਇਨ੍ਹਾਂ ਪਾਰਟੀਆਂ ਵਿਚ ਘੱਟ ਤੋ ਘੱਟ ਇਕ ਅਤੇ ਵੱਧ ਤੋ ਵੱਧ ਤਿੰਨ ਲੜ੍ਹਾਈਆਂ ਹੋਣ ਦਾ 'ਰਿਕਾਰਡ' ਹੈ। ਜਿਨ੍ਹਾਂ ਡਿਸਕੋ ਹਾਲਾਂ ਨੂੰ ਕਿਰਾਏ ਤੇ ਲੈ ਕੇ ਇਹ ਭੰਗੜਾ ਪਾਰਟੀਆਂ ਕਰਵਾਈਆਂ ਜਾਂਦੀਆਂ ਹਨ, ਉਹ ਦੁਬਾਰਾ ਹਾਲ ਕਿਰਾਏ ਤੇ ਦੇਣ ਵਾਰੇ ਕੰਨਾਂ ਨੂੰ ਹੱਥ ਲਾ ਲੈਂਦੇ ਹਨ ਅਤੇ ਭਾਰਤੀਆਂ ਨੂੰ ਮੁੜ ਕੇ ਡਿਸਕੋ ਅੰਦਰ ਵੜ੍ਹਨ ਨਹੀਂ ਦਿੱਤਾ ਜਾਂਦਾ, ਸੋਚਿਆ ਜਾਵੇ ਤਾਂ ਚੰਗੀ ਗੱਲ ਹੈ।

ਆਸਟਰੀਆ ਵਿਚ ਉਚ ਪੱਧਰ ਦਾ ਕੰਮ ਕਰਨ ਲਈ ਸਭ ਤੋਂ ਵੱਡੀ ਮਸ਼ੁਕਲ ਜਰਮਨ ਬੋਲੀ ਦੀ ਆਉਂਦੀ ਹੈ। ਜੇਕਰ ਕੋਈ ਭਾਰਤ ਵਿਚ ਉਚ-ਪੜ੍ਹਾਈ ਕਰਕੇ ਆਸਟਰੀਆ ਆਉਂਦਾ ਹੈ ਤਾਂ ਇਹ ਨਹੀਂ ਹੁੰਦਾ ਕਿ ਇੱਥੇ ਆਉਦਿਆਂ ਹੀ ਉਸ ਨੂੰ ਕੋਈ ਵਧੀਆ ਕੰਮ ਮਿਲ ਜਾਦਾਂ ਹੈ। ਨਹੀਂ। ਉਸ ਨੂੰ ਸਭ ਤੋਂ ਪਹਿਲਾਂ ਆਮ ਬੰਦਿਆਂ ਵਾਂਗ ਜਰਮਨ ਬੋਲੀ ਸਿਖਣੀ ਪੈਂਦੀ ਹੈ ਅਤੇ ਜਰਮਨ ਬੋਲੀ ਸਿਖਦਿਆਂ ਸਾਲਾਂ ਹੀ ਲਗ ਜਾਂਦੇ ਹਨ। ਜੇਕਰ ਉਸ ਨੂੰ ਜਰਮਨ ਬੋਲੀ ਆਉਂਦੀ ਹੈ, ਤਦ ਹੀ ਉਸ ਦੀ ਪੜ੍ਹਾਈ ਦੀ ਕਦਰ ਪਾਈ ਜਾਂਦੀ ਹੈ। ਨਹੀਂ ਤਾਂ ਨਹੀਂ।

almer1.jpg (13114 bytes)

ਸੇਟੀਫ਼ਨ ਆਲਮਰ

ਹੋਰ, ਸਭ ਤਰ੍ਹਾਂ ਦੀ ਸਮਸਿਆਵਾਂ ਲਈ ਭਾਰਤੀਆਂ ਕੋਲੋ ਰੱਬ ਦਾ ਦਿੱਤਾ ਬਹੁਤ ਵੱਡਾ ਤੋਹਫ਼ਾ 'ਸੇਟੀਫ਼ਨ ਆਲਮਰ' ਹੈ। ਛੇ ਮਹੀਨੇ ਭਾਰਤ ਦੇਖਣ ਤੋਂ ਬਾਅਦ ਉਸ ਨੂੰ ਭਾਰਤ, ਭਾਰਤੀ ਸਭਿਆਚਾਰ ਅਤੇ ਭਾਰਤੀ ਲੋਕ ਇੰਨੇ ਚੰਗੇ ਲੱਗੇ ਕਿ ਉਸ ਨੇ ਆਸਟਰੀਆ ਵਿਚ ਆ ਕੇ ਭਾਰਤੀਆਂ ਨਾਲ ਸੰਪਰਕ ਬਣਾ ਲਏ। ਜਦੋਂ ਉਹ ਯੂਨੀਵਰਸਟੀ ਪੜ੍ਹਦਾ ਹੁੰਦਾ ਸੀ, ਤਦ ਵੀ ਉਹ ਭਾਰਤੀਆਂ ਦੀਆਂ ਮੁਸ਼ਕਲਾਂ ਸੰਬਧੀ ਆਪ ਫ਼ੋਨ ਕਰ ਕੇ ਹੱਲ ਲੱਭਦਾ ਹੁੰਦਾ ਸੀ। ਹੁਣ ਤਾਂ ਉਹ ਸਰਕਾਰ ਵਲੋਂ ਪ੍ਰਵਾਸੀਆਂ ਦੀ ਮੁਫ਼ਤ ਮਦਦ ਕਰਨ ਦਾ ਕੰਮ ਕਰਦਾ ਹੈ।

ਜਿਵੇਂ ਕਿ ਉਪਰ ਦੱਸਿਆ ਗਿਆ ਕਿ ਆਸਟਰੀਆ ਵਿਚ ਨਸਲਵਾਦ ਨਹੀਂ ਹੈ, ਇਸ ਕਰਕੇ ਦਿਨ ਜਾਂ ਰਾਤ ਨੂੰ ਕਿਸੇ ਭਾਰਤੀ ਜਾਂ ਭਾਰਤੀ ਧੀ-ਭੈਣ ਅੱਗੋਂ ਗੋਰੇ ਮੁੰਡਿਆਂ ਦੀ ਟੋਲੀ ਆਉਂਦੀ ਦੇਖ ਕੇ ਰਾਹ ਬਦਲਣ ਦੀ ਲੋੜ ਨਹੀਂ ਪੈਂਦੀ। ਪਰ ਜਿਨ੍ਹਾਂ ਮੁੰਡਿਆਂ ਦੀ ਟੋਲੀ ਨੂੰ ਦੇਖ ਕੇ ਭਾਰਤੀ ਧੀ-ਭੈਣ ਨੂੰ ਰਾਹ ਬਦਲਣ ਦੀ ਲੋੜ ਪੈਂਦੀ ਹੈ, ਉਹ ਹਨ ਸਾਡੇ 'ਕੁਝ' ਭਾਰਤੀ ਸਿਆਸੀ ਪਨਾਹਗੀਰ ਭਰਾ। ਕਿਉਂਕਿ ਹੁਣ ਇਨ੍ਹਾਂ ਸਿਆਸੀ ਪਨਾਹਗੀਰ ਭਰਾਂਵਾਂ ਨੂੰ ਧਾਰਮਿਕ ਸਥਾਨਾਂ ਤੇ ਵੀ 'ਬੰਦੇ ਬਣ ਕੇ ਰਹਿਣ' ਦੀਆਂ ਬੇਨਤੀਆਂ ਕੀਤੀਆਂ ਗਈਆਂ ਹਨ, ਇਸ ਕਰਕੇ ਕੁਝ ਖੁਲ੍ਹ ਕੇ ਦੱਸਦੇ ਹਾਂ।

ਪੰਜ ਦਿਨ ਸਖ਼ਤ ਕੰਮ ਕਰਕੇ ਹਫ਼ਤਾ-ਅੰਤ ਤੇ ਇਹ ਸਾਡੇ ਪਨਾਹਗੀਰ ਭਰਾ 'ਇੰਨਜੁਆਏ' ਕਰਨ ਲਈ ਵਿਆਨਾ ਦੇ ਸਭ ਤੋਂ ਵੱਡੇ ਮੰਨੋਰੰਜਨ ਪਾਰਕ 'ਪਰਾਟਰ' ਜਾ ਕੇ ਡੇਰੇ ਲਾਉਂਦੇ ਹਨ। ਜਗ੍ਹਾ ਵੀ ਇਨ੍ਹਾਂ ਨੇ ਉਹ ਲੱਭੀ ਹੈ, ਜਿੱਥੇ ਦੁਨੀਆਂ ਭਰ ਦੇ ਸੈਲਾਨੀ ਇਸ ਮਨੋਰੰਜਨ ਪਾਰਕ ਨੂੰ ਦੇਖਣ ਆਉਂਦੇ ਹਨ। ਪ੍ਰਵੇਸ਼-ਦਰਵਾਜ਼ੇ ਦੇ ਨਾਲ ਵਾਲੀ ਪਾਰਕ ਵਿਚ ਸਭ ਤੋਂ ਪਹਿਲਾਂ ਇਹ ਗੋਲਧਾਰਾ ਬਣਾ ਕੇ ਬੈਠਦੇ ਹਨ ਤਾਂ ਕਿ ਆਉਂਦੇ ਜਾਂਦੇ ਤੇ ਅੱਖ ਰੱਖੀ ਜਾ ਸਕੇ। ਫੇਰ ਰਲ-ਮਿਲ ਕੇ ਬੀਅਰ ਪੀਤੀ ਜਾਂਦੀ ਹੈ। ਬਾਅਦ ਵਿਚ ਹਾਸੇ ਮਜ਼ਾਕ ਵਿਚ ਜਾਂ ਕਿਸੇ ਗੱਲ ਤੋਂ ਇਕ ਦੂਜੇ ਦੇ ਬੀਅਰ ਦੇ ਖਾਲੀ ਡੱਬੇ ਮਾਰੇ ਜਾਂਦੇ ਹਨ। ਜੇ ਕਦੇ-ਕਦਾਈਂ ਸ਼ਾਮ ਦੀ ਅੰਤ ਲੜ੍ਹਾਈ ਕਰਕੇ ਥਾਣੇ ਵਿਚ ਨਹੀਂ ਹੁੰਦਾ ਤਾਂ ਸ਼ਰਾਬ ਨਾਲ ਰੱਜੇ 'ਸ਼ਿਕਾਰ' ਦੀ ਭਾਲ ਵਿਚ ਪਾਰਟਰ ਦਾ ਗੇੜਾ ਲਾਉਂਦੇ ਹਨ ਤੇ ਮੌਕਾ ਮਿਲੇ ਤੇ ਮਨਆਈਆਂ ਕਰਦੇ ਹਨ।

ਇਕ ਪਰਿਵਾਰਕ ਸਭਾ ਵਿਚ ਵੀ ਇਕ ਬੀਬੀ ਨੇ ਆਪਣੀ ਹੱਡ ਬੀਤੀ ਦੱਸੀ ਕਿ ਉਹ ਇਕ ਵਾਰ ਆਪਣੀਆਂ ਦੋ ਕੁੜੀਆਂ ਨਾਲ ਮਨੋਰੰਜਨ ਪਾਰਕ ਗਈ ਅਤੇ ਜਿਵੇਂ ਪੰਜਾਬ ਵਿਚ ਮੇਲਿਆਂ ਤੇ ਹੁੰਦਾ ਹੈ, ਉਸੇ ਤਰ੍ਹਾਂ ਇੱਥੇ ਵੀ ਇਨ੍ਹਾਂ ਸਿਰਫਿਰੇ ਮੁੰਡਿਆਂ ਵਲੋਂ ਲਗਾਤਾਰ ਤਿੰਨ ਘੰਟੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਜੇ ਕਿਤੇ ਕਿਸੇ ਮੁੰਡੇ ਦੀ ਗੋਰੇ ਨਾਲ ਲੜ੍ਹਾਈ ਹੋ ਜਾਵੇ, ਜਰਮਨ ਬੋਲੀ ਤਾਂ ਅੱਗੇ ਹੀ ਨਹੀਂ ਆਉਂਦੀ ਅਤੇ ਜੇ ਲਾਗੇ ਕੋਈ ਹੋਰ ਭਾਰਤੀ ਖੜ੍ਹਾ ਹੋਵੇ, ਫੇਰ ਜਾਣਬੁਝ ਕੇ ਗੋਰੇ ਨੂੰ ਪੰਜਾਬੀ ਵਿਚ ਲੰਬੀਆਂ ਲੰਬੀਆਂ ਗਾਲਾਂ ਕੱਢ ਕੇ ਭਾਰਤੀ ਨੂੰ ਸੁਣਾਉਣਗੇ।

ਇਸ ਤੋਂ ਪਹਿਲਾਂ ਕਿ ਇਨ੍ਹਾਂ ਸਿਰਫਿਰੇ ਮੁੰਡਿਆਂ ਅਤੇ ਭੰਗੜਾ ਪਾਰਟੀਆਂ ਕਰਕੇ ਭਾਰਤੀ ਸਾਰੇ ਵਿਆਨਾ ਵਿਚ ਬਦਨਾਮ ਹੋ ਜਾਣ, ਹੁਣ ਸਮਾਂ ਆ ਗਿਆ ਹੈ ਕਿ ਬੇਨਤੀਆਂ ਛੱਡ ਕੇ ਇਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਸਮਝਾਇਆ ਜਾਵੇ। ਪਿੱਛੇ ਜਿਹੇ ਕਈ ਭਾਰਤੀ ਨਸ਼ਿਆਂ ਦੇ 'ਬਿਜਨੈਸ' ਅਤੇ ਮਨੁੱਖਾਂ ਦੀ ਸਮਗਲਿੰਗ ਵਿਚ ਵੀ ਫੜੇ ਗਏ ਸਨ। ਹੁਣ ਉਹ ਸਜ਼ਾ ਭੁਗਤ ਰਹੇ ਹਨ।

ਦੋ ਨਿਜੀ ਤਜਰਬੇ:

ਇਕ ਵਾਰ ਮੈਂ ਵਿਆਨਾ ਦੇ ਹਵਾਈ ਅੱਡੇ ਤੇ ਉਤਰਿਆ ਅਤੇ ਘਰ ਤੱਕ ਪਹੁੰਚਣ ਲਈ ਜ਼ਮੀਨਦੋਜ਼ ਗੱਡੀ ਦੇ ਅੱਡੇ ਤੇ ਪਹੁੰਚਿਆ। ਕੀ ਦੇਖਦਾ ਹਾਂ ਕਿ ਇਕ ਗੋਰਾ-ਗੋਰੀ ਚਾਅ ਚਾਅ 'ਚ ਸਮਾਨ-ਰੇੜ੍ਹੀ ਵੀ ਥੱਲੇ ਨਾਲ ਹੀ ਲੈ ਆਏ ਸਨ। ਹੁਣ ਹੋਣਾਂ ਤਾਂ ਇੰਝ ਚਾਹੀਦਾ ਸੀ ਕਿ ਇਕ ਜਣਾ ਸਮਾਨ ਕੋਲ ਰਹਿੰਦਾ ਤੇ ਦੂਸਰਾ ਉਪਰ ਰੇੜ੍ਹੀ ਵਾਪਸ ਖੜ੍ਹੀ ਕਰ ਕੇ ਆਉਂਦਾ। ਪਰ ਮੇਰੀ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਦੋਂ ਉਨ੍ਹਾਂ ਨੇ ਆਪਣਾਂ ਸਾਮਾਨ ਬੈਂਚ ਤੇ ਉਵੇਂ ਹੀ ਛੱਡ ਕੇ ਦੋਵੇਂ ਲਿਫ਼ਟ ਰਾਹੀ ਰੇੜੀ ਛੱਡਣ ਚਲੇ ਗਏ। ਮੈਂ ਸਾਮਾਨ ਦਾ ਆਲ-ਦੁਆਲਾ ਚੈੱਕ ਕੀਤਾ, ਪਰ ਸਮਾਨ ਦੀ ਜ਼ਿੰਮੇਵਾਰੀ ਤੇ ਕੋਈ ਖੜ੍ਹਾ ਨਹੀਂ ਸੀ। ਅਸੀਂ ਤਾਂ ਆਪਣਾਂ ਟਿਸ਼ੂ ਪੇਪਰ ਵੀ ਇੱਕਲਾ ਛੱਡ ਕੇ ਨਾ ਜਾਈਏ, ਪਰ ਉਹ ਗੋਰਾ-ਗੋਰੀ ਇਕ ਵੱਡਾ ਅਟੈਚੀ ਅਤੇ ਹੈਡ ਬੈਗ ਇਕਲਾ ਛੱਡ ਕੇ ਰੇੜ੍ਹੀ ਵਾਪਸ ਖੜ੍ਹੀ ਕਰਨ ਚਲੇ ਗਏ ਸਨ। ਇੱਥੇ ਫੇਰ ਗੱਲ ਆਉਂਦੀ ਹੈ ਵਿਸ਼ਵਾਸ ਦੀ ਕਿ ਆਸਟਰੀਆ ਦੇ ਨਾਗਰਿਕਾਂ ਨੂੰ ਆਸਟਰੀਅਨ ਸਿਸਟਮ ਕਿੰਨਾ ਭਰੋਸਾ ਹੈ। ਪਹਿਲੀ ਗੱਲ, ਸਾਮਾਨ ਗੋਰਾ-ਗੋਰੀ ਦੇ ਵਾਪਸ ਆਉਣ ਉਥੇ ਹੀ ਪਿਆ ਰਿਹਾ। ਦੂਸਰੀ ਗੱਲ, ਮੰਨ ਲਓ ਜੇ ਚੋਰੀ ਹੋ ਵੀ ਜਾਂਦਾ ਤਾਂ ਕੁਝ ਹੀ ਮਿੰਟਾਂ ਵਿਚ ਚੋਰ ਸਮਾਨ ਸਮੇਤ ਫੜ ਲਏ ਜਾਣੇ ਸੀ, ਕਿਉਂਕਿ ਜਗ੍ਹਾ-ਜਗ੍ਹਾ ਤੇ ਕੈਮਰੇ ਲੱਗੇ ਹੋਏ ਹਨ ਅਤੇ ਸੁਰੱਖਿਆ ਪ੍ਰਬੰਧ ਬਹੁਤ ਵਧੀਆ ਹਨ।

ਇਕ ਵਾਰ ਇਕ ਗੋਰੀ ਪ੍ਰਵਾਸੀਆਂ ਦੇ ਇਕ ਧਾਰਮਿਕ ਸਥਾਨ ਵਿਚ ਆਸਟਰੀਅਨ ਸਿਸਟਮ ਬਾਰੇ ਪ੍ਰਵਾਸੀਆਂ ਦੇ ਵਿਚਾਰ ਸੁਣਨ ਆਈ। ਉਸ ਨੇ ਪ੍ਰਵਾਸੀਆਂ ਅੱਗੇ ਸਵਾਲ ਰੱਖਿਆ ਕਿ ਕਦੇ ਉਨ੍ਹਾਂ ਨੂੰ ਆਸਟਰੀਆ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਵੱਖਰੀ ਦਿੱਖ ਕਰਕੇ ਜਾਂ ਹੋਰ ਕਾਰਨਾਂ ਕਰਕੇ ਪੁਲਿਸ ਵਲੋਂ ਜਾਂ ਕਿਸੇ ਹੋਰ ਅਦਾਰੇ ਵਲੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾਂ ਕਰਨਾ ਪਿਆ ਹੋਵੇ? ਪਹਿਲਾਂ ਤਾਂ ਸਾਰਿਆਂ ਨੇ ਇਕ-ਦੂਜੇ ਦੇ ਮੂੰਹ ਵੱਲ ਦੇਖਿਆ ਫੇਰ ਇਕ ਸੁੰਯਕਤ ਜਵਾਬ ਆਇਆ ਕਿ ਨਹੀਂ, ਆਸਟਰੀਆ ਵਿਚ ਹੋਰ ਮੁਲਕਾਂ ਨਾਲੋਂ ਹਾਲੇ ਸਿਸਟਮ ਬਹੁਤ ਵਧੀਆ ਹੈ। ਪੁਲਿਸ ਵਲੋਂ ਜਾਂ ਹੋਰ ਕਿਸੇ ਆਦਾਰੇ ਵਲੋਂ ਉਨ੍ਹਾਂ ਨੂੰ ਨਜਾਇਜ਼ ਤੰਗ ਨਹੀਂ ਕੀਤਾ ਜਾਂਦਾ ਹੈ।

ਅੰਤ:

ਕਈ ਬਾਰ ਇਥੋਂ ਦੀਆਂ ਖ਼ਬਰਾਂ ਪੜ੍ਹ ਕੇ ਬਹੁਤ ਹੈਰਾਨੀ ਹੁੰਦੀ ਹੈ। ਇਕ ਵਾਰ ਇੱਥੋਂ ਦੇ ਇਕ ਦਰਿਆ ਵਿਚ ਇਕ ਬਤੱਖ ਨੇ ਆਪਣੇ ਪਰਿਵਾਰ ਦੀ ਰੱਖਿਆ ਕਰਦੇ ਹੋਏ ਇਕ ਗੋਰੇ ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਨੱਕ ਦੀ ਹੱਡੀ ਤੋੜ ਦਿੱਤੀ। ਦੂਸਰੇ ਦਿਨ ਖ਼ਬਰ ਛਪ ਗਈ ਕਿ ਤੈਰਾਕੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਦਾਲਤ ਸ਼ਾਇਦ ਬਤੱਖ ਨੂੰ ਮਾਰਨ ਦਾ ਹੁਕਮ ਦੇ ਦੇਵੇ। ਅਖ਼ਬਾਰ ਵਾਲਿਆਂ ਨੇ ਪਾਠਕਾਂ ਦੇ ਵਿਚਾਰ ਜਾਣਨੇ ਚਾਹੇ। ਤੀਸਰੇ ਦਿਨ ਹੀ ਕਈ ਪਾਠਕਾਂ ਦੀਆਂ ਚਿੱਠੀਆਂ ਲੱਗੀਆਂ ਹੋਈਆਂ ਸਨ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਬਤੱਖ ਨੂੰ ਮਾਰਿਆ ਨਾ ਜਾਵੇ ਅਤੇ ਕੋਈ ਹੋਰ ਹੱਲ ਲੱਭਿਆ ਜਾਵੇ। ਇਸੇ ਤਰ੍ਹਾਂ ਦੀਆਂ ਕਈ ਦਿਨ ਪਾਠਕਾਂ ਦੀਆਂ ਸੁਝਾਵਾਂ ਭਰੀਆਂ ਚਿੱਠੀਆਂ ਲੱਗਦੀਆਂ ਰਹੀਆਂ। ਆਖ਼ਿਰ ਵਿਚ ਅਦਾਲਤ ਨੇ ਇਹ ਫੈਸਲਾ ਕੀਤਾ ਕਿ ਬਤੱਖ ਦੀ ਅਜ਼ਾਦੀ ਖੋਹ ਕੇ ਉਸ ਨੂੰ ਉਸ ਦੇ ਪਰਿਵਾਰ ਸਮੇਤ ਚਿੜਿਆਘਰ ਵਿਚ ਬੰਦ ਕਰ ਦਿੱਤਾ ਜਾਵੇ।

ਇਹ ਖ਼ਬਰ ਪੜ੍ਹ ਕੇ ਮੇਰੇ ਮਨ ਵਿਚ ਆਇਆ ਕਿ ਜਿੱਥੇ ਇਕ ਪੰਛੀ ਦੀ ਜਾਨ ਦੀ ਕੀਮਤ ਹੋ ਸਕਦੀ ਹੈ, ਉੱਥੇ ਬੰਦੇ ਦੀ ਤਾਂ ਆਪ ਹੀ ਹੋਣੀ ਹੈ। ਇਹ ਨਹੀਂ ਕਿ ਇਕ ਜਾਨਵਰ ਦੇ ਕਤਲ ਦੀ ਅਫ਼ਵਾਹ ਸੁਣ ਕੇ ਇਨਸਾਨਾਂ ਨੂੰ ਆਪਣੀ ਜਾਨ ਬਚਾਉਣ ਲਈ ਨੱਠ-ਭੱਜ ਕਰਨੀ ਪਵੇ।

ਆਸਟਰੀਆ, ਇਕ ਛੋਟਾ ਜਿਹਾ ਦੇਸ਼ ਆਮ ਨਾਗਰਿਕ ਦੀਆਂ ਸਾਰੀਆਂ ਆਸਾਂ ਤੇ ਪੂਰਾ-ਪੂਰਾ ਉਤਰਦਾ ਹੈ ਅਤੇ ਇੱਥੇ 'ਮਾਹੌਲ ਹਾਲੇ ਠੀਕ ਹੈ'। ਸਾਡੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਇੱਥੇ ਹਮੇਸ਼ਾਂ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਰਹੇ। ਜੇਕਰ ਕਲ੍ਹ ਨੂੰ ਸਾਡੇ ਔਗੁਣਾਂ ਕਰਕੇ ਇੱਥੇ ਸਾਡੇ ਨਾਲ ਪੱਖਪਾਤ ਹੋਣਾਂ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ।

ਆਓ ਇਸ ਦੇਸ਼ ਦੀ ਤਰੱਕੀ ਅਤੇ ਸ਼ਾਤੀ ਵਿਚ ਵੱਧ-ਚੜ੍ਹ ਕੇ ਆਪਣਾਂ ਹਿੱਸਾ ਪਾਈਏ।

hore-arrow1gif.gif (1195 bytes)

Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2005, 5abi.com