ਹਰਬੰਸ
ਕੌਰ
ਦੇ
ਵਿਆਹ
ਨੂੰ
ਪੂਰੇ
ਬਾਰਾਂ
ਸਾਲ
ਬੀਤ
ਗਏ
ਸਨ।
ਪਰ
ਉਸ
ਦੀ
ਕੁੱਖ
ਨੂੰ
ਭਾਗ
ਨਾ
ਲੱਗੇ,
ਕੋਈ
ਔਲਾਦ
ਨਾ
ਹੋਈ!
ਇਸ
ਗੱਲ
ਬਾਰੇ
ਸੋਚ-ਸੋਚ
ਕੇ
ਉਸ
ਦਾ
ਮਨ
ਉਜਾੜ,
ਰੋਹੀ
ਬੀਆਬਾਨ
ਵਿਚ
ਭਟਕਦਾ
ਰਹਿੰਦਾ।
ਜਦ
ਉਹ
ਆਪਣੇ
ਘਰਵਾਲੇ
ਸ਼ਾਮ
ਸਿੰਘ
ਦੀ
ਰੋਟੀ
ਲੈ
ਕੇ
ਖੇਤ
ਜਾਂਦੀ
ਤਾਂ
ਉਹ
ਪਾਗਲਾਂ
ਵਾਂਗ
ਆਪਣੇ
ਆਪ
ਨਾਲ
ਗੱਲਾਂ
ਕਰਦੀ,
"ਪਤਾ
ਨਹੀਂ
ਕੌਣ
ਮਾਲਕ
ਹੋਊ
ਸਾਡੀ
ਇਸ
ਜ਼ਮੀਨ
ਦਾ?
ਵਾਰਿਸ
ਤਾਂ
ਰੱਬਾ
ਤੂੰ
ਸਾਨੂੰ
ਕੋਈ
ਦਿੱਤਾ
ਨਹੀਂ!
ਕਰਦੇ
ਮਿਹਰ
ਰੱਬਾ,
ਤੇਰੇ
ਘਰ
ਕੀ
ਘਾਟੈ?
ਬਥੇਰਾ
ਕੁਛ
ਐ
ਤੇਰੇ
ਘਰ
ਦਾਤਾ!"
ਸੱਚੇ
ਰੱਬ
ਨੂੰ
ਉਲਾਂਭਾ
ਦੇ
ਕੇ
ਉਸ
ਦੇ
ਮਨੋਂ
ਧੁਖ਼ਦੀ
ਚਿਤਾ
ਵਾਂਗ
ਹਾਉਕਾ
ਉਠਦਾ।
ਉਹ
ਬਹੁਤਾ
ਚੁੱਪ-ਚੁੱਪ
ਜਿਹੀ
ਹੀ
ਰਹਿੰਦੀ।
ਮੂੰਹੋਂ
ਕੋਈ
ਬੋਲ
ਨਾ
ਕੱਢਦੀ।
ਉਹ
ਸੋਚਦੀ
ਕਿ
ਸਿਆਣੇ
ਕਹਿੰਦੇ
ਹੁੰਦੇ
ਨੇ
ਕਿ
ਬਾਰਾਂ
ਸਾਲ
ਬਾਅਦ
ਤਾਂ
ਰੂੜੀ
ਦੀ
ਵੀ
ਸੁਣੀਂ
ਜਾਂਦੀ
ਹੈ।
ਪਰ
ਮੇਰੇ
ਵਾਰੀ
ਤੂੰ
ਕਿੱਧਰ
ਚਲਾ
ਗਿਆ
ਰੱਬਾ?
ਮੇਰੀ
ਤਾਂ
ਸੱਖਣੀ
ਕੁੱਖ
ਨੂੰ
ਹੁਣ
ਤੇਰ੍ਹਵਾਂ
ਸਾਲ
ਚੜ੍ਹ
ਗਿਆ,
ਤੂੰ
ਮੇਰੀ
ਹੁਣ
ਵੀ
ਕਿਉਂ
ਨਹੀਂ
ਸੁਣਦਾ?
ਮੇਰੇ
ਵਾਰੀ
ਤੂੰ
'ਅੰਨ੍ਹਾਂ-ਬੋਲਾ'
ਕਿਉਂ
ਹੋ
ਜਾਂਦਾ
ਹੈਂ?
ਕਦੇ
ਕਦੇ
ਇਕੱਲੀ
ਉਹ
ਰੱਬ
ਨੂੰ
ਚੁੱਪ
ਹਿਰਦੇ
ਵਿਚੋਂ
ਸ਼ਕਾਇਤ
ਕਰਦੀ,
ਉਲਾਂਭਾ
ਦਿੰਦੀ।
ਪਰ
ਉਸ
ਦੇ
ਇਸ
ਸ਼ਿਕਵੇ
ਵਿਚ
ਵੀ
ਫ਼ਰਿਆਦ
ਅਤੇ
ਤੜਪ
ਛੁਪੀ
ਹੁੰਦੀ।
ਉਸ
ਦੀ
ਇਹ
'ਤੜਪ'
ਉਸ
ਨੂੰ
ਆਪਣੀ
ਚਾਚੀ
ਗੁਲਜ਼ਾਰ
ਕੌਰ
ਦੀ
ਯਾਦ
ਦਿਵਾ
ਦਿੰਦੀ
ਕਿ
ਗੁਲਜ਼ਾਰ
ਕੌਰ
ਕਿੰਨੀ
ਦੁਖੀ
ਰਹੀ
ਸੀ
ਔਲਾਦ
ਖੁਣੋਂ!
ਉਸ
ਨੇ
ਆਪਣੀ
ਬੇ-ਔਲਾਦੀ
ਚਾਚੀ
ਦਾ
ਦੁੱਖ
ਅਤੇ
ਤੜਪਣਾ
ਅੱਖੀਂ
ਦੇਖੀ
ਹੋਈ
ਸੀ
ਕਿ
ਕਿਵੇਂ
ਹਰ
ਦਿਵਾਲੀ
'ਤੇ
ਉਸ
ਦੀ
ਚਾਚੀ
ਜਦੋਂ
ਘਰ
ਵਿਚ
ਟੰਗਣ
ਲਈ
ਗੁਰੂਆਂ
ਦੀਆਂ
ਫ਼ੋਟੋਆਂ
ਲੈ
ਕੇ
ਆਉਂਦੀ
ਤਾਂ
ਨਾਲ
ਇਕ
ਨੰਨ੍ਹੇ
ਬੱਚੇ
ਦੀ
ਤਸਵੀਰ
ਲਿਆਉਣੀ
ਵੀ
ਨਾ
ਭੁੱਲਦੀ।
...ਤੇ
ਉਹ
ਉਸ
ਤਸਵੀਰ
ਵੱਲ
ਘੰਟਿਆਂ
ਬੱਧੀ
ਨੀਝ
ਲਾ
ਕੇ
ਵੇਖਦੀ
ਰਹਿੰਦੀ
ਅਤੇ
ਬੰਸੋ
ਨੂੰ
ਆਖਦੀ,
"ਜੇ
ਰੱਬ
ਨੇ
ਮੈਨੂੰ
ਪੁੱਤ
ਦਿੱਤਾ
ਬੰਸੋ,
ਮੈਂ
ਤੈਨੂੰ
ਤੇਰੀ
ਪਸੰਦ
ਦਾ
ਸੂਟ
ਸੰਵਾ
ਕੇ
ਦਿਊਂਗੀ!"
ਪਰ
ਅੱਲ੍ਹੜ
ਉਮਰ
ਬੰਸੋ
ਨੂੰ
ਇਸ
ਗੱਲ
ਦੀ
ਬਹੁਤੀ
ਸਮਝ
ਨਾ
ਪੈਂਦੀ
ਅਤੇ
ਉਹ
ਸੂਟ
ਸੰਵਾ
ਕੇ
ਦੇਣ
ਦੇ
ਲਾਰੇ
ਵਿਚ
ਹੀ
ਪਰਚ
ਜਾਂਦੀ!
ਉਸ
ਨੂੰ
ਪੱਕਾ
ਤਾਂ
ਯਾਦ
ਸੀ,
ਜਦ
ਉਹ
ਤਕਰੀਬਨ
13 ਸਾਲ
ਪਹਿਲਾਂ
ਡੋਲੀ
ਚੜ੍ਹੀ
ਸੀ
ਤਾਂ
ਉਸ
ਦੀ
ਵਿਧਵਾ
ਚਾਚੀ
ਨੇ
ਉਸ
ਨੂੰ
ਆਸ਼ੀਰਵਾਦ
ਦਿੰਦਿਆਂ
ਭਾਵੁਕ
ਆਸੀਸਾਂ
ਦੀ
ਝੜ੍ਹੀ
ਲਾ
ਦਿੱਤੀ
ਸੀ,
"ਦੁੱਧੀਂ
ਨ੍ਹਾਵੇਂ
- ਪੁੱਤੀਂ
ਫ਼ਲੇਂ
ਧੀਏ!"
ਪਰ
ਉਹਨਾਂ
ਮਿਲੀਆਂ
ਅਸੀਸਾਂ
ਦਾ
ਵੀ
ਉਸ
ਨੂੰ
ਕੋਈ
ਫ਼ਲ
ਨਹੀਂ
ਮਿਲਿਆ
ਸੀ।
ਉਸ
ਦੀ
ਚਾਚੀ
ਨੇ
ਵੀ
ਉਸ
ਘਰ
ਵਿਚ
ਦਸੌਂਟਾ
ਹੀ
ਕੱਟਿਆ
ਸੀ।
ਉਸ
ਦਾ
ਚਾਚਾ
ਕਿਸ਼ਨ
ਸਿੰਘ
ਆਰਮੀ
ਵਿਚ
ਡਾਕਟਰ
ਸੀ।
ਬਹੁਤ
ਹੀ
ਸਾਊ
ਅਤੇ
ਦਿਲ
ਦਾ
ਸਾਫ਼
ਸੱਤਯੁਗੀ
ਮਨੁੱਖ!
ਚਾਚੀ
ਵੀ
ਦਿਲ
ਦੀ
ਪੂਰਨ
ਤੌਰ
'ਤੇ
ਦਰਵੇਸ਼
ਸੀ।
ਜਦ
ਉਸ
ਦੇ
ਚਾਚਾ
ਚਾਚੀ
ਪਿੰਡ
ਛੁੱਟੀ
ਆਉਂਦੇ
ਤਾਂ
ਉਹ
ਹਰਬੰਸ
ਕੌਰ
ਲਈ
ਕੱਪੜੇ-ਲੱਤੇ
ਲਿਆਉਣਾ
ਕਦੇ
ਨਾ
ਭੁੱਲਦੇ!
ਚਾਚੀ
ਤਾਂ
ਹਰਬੰਸ
ਕੌਰ
ਨੂੰ
ਬਹੁਤਾ
ਹੀ
ਮੋਹ
ਜਿਹਾ
ਕਰਦੀ।
ਕਿਸਮਤ
ਦੀ
ਬਲੀ
ਚਾਚੀ
ਗੁਲਜ਼ਾਰ
ਕੌਰ
ਵੀ
ਨਹੀਂ
ਸੀ।
ਪੱਚੀ-ਛੱਬੀ
ਸਾਲਾਂ
ਵਿਚ
ਉਸ
ਦੀ
ਕੁੱਖ
ਵੀ
'ਹਰੀ'
ਨਾ
ਹੋਈ।
ਆਖਰ
ਉਸ
ਨੇ
ਹਰਬੰਸ
ਕੌਰ
ਨੂੰ
'ਗੋਦ'
ਲੈ
ਲਿਆ।
ਪਰ
ਗੋਦ
ਲੈਣ
ਲੱਗੀ
ਉਹ
ਬਹੁਤ
ਡਰੀ
ਹੋਈ
ਅਤੇ
ਪ੍ਰੇਸ਼ਾਨ
ਸੀ।
ਉਹ
'ਕੱਲੀ
ਖੜ੍ਹ
ਰੱਬ
ਅੱਗੇ
ਹੱਥ
ਜੋੜਦੀ,
ਅਰਦਾਸਾਂ
ਕਰਦੀ,
"ਰੱਬਾ,
ਮੈਂ
ਤੇਰੀ
ਸ਼ਰੀਕ
ਤਾਂ
ਨਹੀਂ
ਬਣੀਂ!
ਬੰਸੋ
ਨੂੰ
ਮੈਂ
ਗੋਦ
ਲੈ
ਤਾਂ
ਲਿਆ,
ਹੁਣ
ਇਹਨੂੰ
ਸਲਾਮਤ
ਰੱਖੀਂ
ਤੇ
ਵੱਡੀ
ਸਾਰੀ
ਉਮਰ
ਦੇਈਂ!
ਜੇ
ਤੇਰੇ
ਘਰ
ਮੇਰਾ
ਹਿੱਸਾ
ਨਹੀਂ
ਤਾਂ
ਮੈਂ
ਤੈਨੂੰ
ਉਲਾਂਭਾ
ਨਹੀਂ
ਦਿੰਦੀ,
ਪਰ
ਹੁਣ
ਮੇਰੀ
ਬੰਸੋ
ਨੂੰ
ਭਾਗ
ਲਾਵੀਂ
ਰੱਬਾ..!"
ਚਾਹੇ
ਗੁਲਜ਼ਾਰ
ਕੌਰ
ਨੇ
ਬੰਸੋ
ਨੂੰ
ਗੋਦ
ਲੈ
ਹੀ
ਲਿਆ
ਸੀ।
ਪਰ
ਪੱਕੀ
ਹੋਈ
ਆਦਤ
ਅਨੁਸਾਰ
ਬੰਸੋ
ਉਸ
ਨੂੰ
'ਚਾਚੀ'
ਹੀ
ਕਹਿੰਦੀ।
ਕਦੇ-ਕਦੇ
ਗੁਲਜ਼ਾਰ
ਕੌਰ
ਉਸ
ਨੂੰ
ਬੁੱਕਲ
ਵਿਚ
ਲੈ
ਕੇ,
ਤਰਲਾ
ਜਿਹਾ
ਵੀ
ਕਰਦੀ,
"ਤੂੰ
ਮੈਨੂੰ
ਕਦੇ
ਮਾਂ
ਵੀ
ਆਖ
ਦਿਆ
ਕਰ
ਬੰਸੋ
ਧੀਏ?
ਚਿੱਤ
ਮੱਚਿਆ
ਪਿਐ
ਮੇਰਾ
'ਮਾਂ'
ਸੁਣਨ
ਨੂੰ!"
ਚਾਚੀ
ਦੇ
ਜੋਰ
ਜਿਹਾ
ਪਾਉਣ
'ਤੇ
ਬੰਸੋ
ਉਸ
ਨੂੰ
ਕੁਝ
ਚਿਰ
ਤਾਂ
'ਮਾਂ'
ਆਖਦੀ,
ਪਰ
ਫ਼ਿਰ
ਭੁੱਲ-ਭੁਲਾ
ਕੇ
'ਚਾਚੀ'
'ਤੇ
ਆ
ਜਾਂਦੀ।
ਵੱਸ
ਕੋਈ
ਬੰਸੋ
ਦੇ
ਵੀ
ਨਹੀਂ
ਸੀ।
ਉਸ
ਨੂੰ
ਵੀ
ਚਾਚੀ
ਕਹਿਣ
ਦੀ
ਬਚਪਨ
ਤੋਂ
ਆਦਤ
ਪਈ
ਹੋਈ
ਸੀ।
ਹੁਣ
ਉਹ
ਧੱਕੇ-ਧਕਾਏ,
ਜਾਂ
ਯਾਦ
ਕਰਵਾਏ
ਗੁਲਜ਼ਾਰ
ਕੌਰ
ਨੂੰ
ਕਦੇ
'ਚਾਚੀ'
ਅਤੇ
ਕਦੇ
'ਮਾਂ'
ਆਖ
ਦਿੰਦੀ।
ਇਕ
ਝੋਰਾ
ਗੁਲਜ਼ਾਰ
ਕੌਰ
ਨੂੰ
ਹਮੇਸ਼ਾ
ਬਣਿਆਂ
ਰਹਿੰਦਾ
ਕਿ
ਜੇ
ਬੰਸੋ
ਵਿਆਹ
ਤੋਂ
ਬਾਅਦ
ਆਪ
ਵੀ
'ਮਾਂ'
ਨਾ
ਬਣ
ਸਕੀ
ਤਾਂ
ਲੋਕਾਂ
ਦਾ
ਸਾਰਾ
ਮਿਹਣਾ
ਗੁਲਜ਼ਾਰ
ਕੌਰ
ਸਿਰ
ਆ
ਵੱਜਣਾ
ਸੀ।
ਉਸ
ਨੂੰ
ਗੁਆਂਢਣ
ਬਚਨ
ਕੌਰ
ਦੀ
ਰੜਕ
ਨਾਲ
ਕਹੀ
ਗੱਲ
ਅਜੇ
ਵੀ
ਆਰੀ
ਵਾਂਗ
ਵਾਢ
ਪਾਉਂਦੀ,
"ਬਾਂਝ
ਔਰਤ
ਚਾਹੇ
ਪੱਚੀ
ਨਿਆਣੇ
ਮਤਬੰਨੇ
ਬਣਾ
ਲਵੇ,
ਰਹਿਣਾ
ਤਾਂ
ਉਸ
ਨੇ
ਬਾਂਝ
ਦੀ
ਬਾਂਝ
ਈ
ਐ
ਭੈਣੇ!
ਆਪਣੀ
ਕੁੱਖੋਂ
ਤਾਂ
ਨਹੀਂ
ਨਾ
ਜੰਮੇ
ਹੁੰਦੇ?
ਹੁੰਦੇ
ਤਾਂ
ਕਿਸੇ
ਹੋਰ
ਦੇ
ਈ
ਐ!
ਇਹ
ਬਾਂਝ
ਔਰਤਾਂ
ਤਾਂ
ਗੋਦ
ਲਏ
ਬੱਚਿਆਂ
ਦੀਆਂ
ਵੀ
ਵੈਰੀ
ਬਣਦੀਆਂ
ਨੇ!
ਇਹਨਾਂ
ਦੀ
ਗੋਦ
ਲਏ
ਨਿਆਣੇ
ਅੱਗਿਓਂ
ਕਿਹੜਾ
ਜੌੜੇ
ਜੰਮਣਗੇ?
ਇਹਨਾਂ
ਦਾ
ਤਾਂ
ਭੈਣੇ
ਪ੍ਰਛਾਂਵਾਂ
ਵੀ
ਮਾੜਾ
ਹੁੰਦੈ,
ਇਹ
ਬਾਂਝ
ਜਨਾਨੀਆਂ
ਤਾਂ
ਰੱਬ
ਵੱਲੋਂ
ਈ
ਦੁਰਕਾਰੀਆਂ,
ਕੱਚੀ
ਕਚੀਲ੍ਹ
ਵਰਗੀਆਂ
ਹੁੰਦੀਐਂ
ਤੇ
ਅਗਲੇ
ਨੂੰ
ਵੀ
ਲੈ
ਬਹਿੰਦੀਐਂ!
ਦੇਖ
ਲਿਓ,
ਇਹ
ਕੁਲਿਹਣੀ
ਔਰਤ
ਤਾਂ
ਓਸ
ਵਿਚਾਰੀ
ਬੰਸੋ
ਦੀਆਂ
ਜੜ੍ਹਾਂ
'ਚ
ਵੀ
ਬੈਠੂਗੀ!"
ਇਹ
ਗੱਲ
ਗੁਲਜ਼ਾਰ
ਕੌਰ
ਨੂੰ
ਅੰਦਰੇ-ਅੰਦਰ
'ਘੁਣ'
ਵਾਂਗ
ਖਾਂਦੀ
ਰਹਿੰਦੀ।
ਰੌਲਾ
ਉਸ
ਦਾ
ਬਚਨ
ਕੌਰ
ਨਾਲ
ਕੁਛ
ਵੀ
ਨਹੀਂ
ਸੀ।
ਇਕ
ਦਿਨ
ਉਹਨਾਂ
ਦੀ
ਗੰਦੇ
ਪਾਣੀ
ਵਾਲੀ
ਨਾਲੀ
ਬੰਦ
ਹੋ
ਗਈ
ਅਤੇ
ਉਸ
ਦਾ
ਸਾਰਾ
ਪਾਣੀ
ਬਚਨ
ਕੌਰ
ਦੇ
ਦਰਵਾਜ਼ੇ
ਅੱਗੇ
ਜਾ
ਖੜ੍ਹਿਆ।
ਪਰ
ਇਸ
ਬਾਰੇ
ਗੁਲਜ਼ਾਰ
ਕੌਰ
ਨੂੰ
ਪਤਾ
ਕੁਝ
ਨਹੀਂ
ਸੀ।
ਹੋਰ
ਤਾਂ
ਬਚਨ
ਕੌਰ
ਨੂੰ
ਕੁਝ
ਸੁੱਝਿਆ
ਨਾ,
ਬੱਸ
'ਅਲੀ-ਅਲੀ'
ਕਰ
ਕੇ
ਗੁਲਜ਼ਾਰ
ਕੌਰ
'ਤੇ
ਰਾਸ਼ਣ-ਪਾਣੀ
ਲੈ
ਕੇ
ਆ
ਚੜ੍ਹੀ
ਅਤੇ
ਆਪਣੇ
ਦਿਲ
ਦਾ
ਗੁਬਾਰ
ਕੱਢ
ਕੇ
ਉਸ
ਦੇ
ਸੀਨੇ
'ਪੱਛਣੇ'
ਮਾਰ
ਦਿੱਤੇ।
ਪਰ
ਗੁਲਜ਼ਾਰ
ਕੌਰ
ਨੇ
ਅੱਗਿਓਂ
ਇਕ
ਲਫ਼ਜ਼
ਵੀ
ਨਾ
ਬੋਲਿਆ।
ਉਹ
ਚੁੱਪ-ਚਾਪ
ਅੰਦਰ
ਚਲੀ
ਗਈ
ਅਤੇ
ਰੋ
ਕੇ
ਆਪਣੇ
ਦੁਖੀ
ਮਨ
ਦਾ
ਗੁੱਭ-ਗੁਭਾਹਟ
ਕੱਢ
ਲਿਆ।
ਬੰਸੋ
ਨੂੰ
ਇੱਕੋ
ਹੀ
ਝੋਰਾ
ਔਲ਼ਾਦ
ਵਿਹੂਣੀ
ਹੋਣ
ਦਾ
ਸੀ।
ਹੋਰ
ਉਹ
ਕਿਸੇ
ਗੱਲ
ਤੋਂ
ਦੁਖੀ
ਨਹੀਂ
ਸੀ।
ਉਸ
ਦਾ
ਦਿਲ
ਜੱਗ
ਜਹਾਨ
ਤੋਂ
ਅੱਕ
ਗਿਆ
ਸੀ।
ਕਦੇ
ਉਹ
ਪੇਕੀਂ
ਚਲੀ
ਜਾਂਦੀ
ਅਤੇ
ਕਦੇ
ਸਹੁਰੀਂ
ਆ
ਜਾਂਦੀ।
ਸ਼ਾਮ
ਸਿੰਘ
ਉਸ
ਨੂੰ
ਕਿਸੇ
ਗੱਲੋਂ
ਵੀ
ਵਰਜਦਾ
ਜਾਂ
ਖਿਝਦਾ
ਨਹੀਂ
ਸੀ।
ਇਕ
ਦਿਨ
ਜਦ
ਉਹ
ਪੇਕੀਂ
ਗਈ
ਤਾਂ
ਉਸ
ਦੀ
ਮਾਂ
ਕੋਲ
ਪ੍ਰਸਿੰਨੀ
ਬੁੜ੍ਹੀ
ਬੈਠੀ
ਸੀ।
ਪ੍ਰਸਿੰਨੀ
ਨੇ
ਬੰਸੋ
ਨੂੰ
ਗਲ
ਲਾਇਆ।
ਅਸੀਸ
ਦਿੱਤੀ।
"ਦੇਖ
ਲੈ
ਅੰਮਾਂ
ਜੀ!
ਜਿਹੋ
ਜਿਹੀ
ਮੇਰੀ
ਕਿਸਮਤ,
ਤੇ
ਅੱਗੇ
ਉਹੋ
ਜਿਹੇ
ਭਾਗ
ਮੇਰੀ
ਧੀ
ਦੇ,
ਮੈਨੂੰ
ਤਾਂ
ਇਹਦਾ
ਦਰੇਗ
ਈ
ਮਾਰਦਾ
ਰਹਿੰਦੈ,
ਤੇਰਾਂ
ਸਾਲ
ਹੋ
ਗਏ,
ਰੱਬ
ਅਜੇ
ਤੱਕ
ਨਹੀਂ
ਬਹੁੜਿਆ!"
ਗੁਲਜ਼ਾਰ
ਕੌਰ
ਨੇ
ਭੜਕਦੇ
ਮਨ
ਦੀ
ਭੜ੍ਹਾਸ
ਅੱਜ
ਰੱਬ
'ਤੇ
ਵੀ
ਕੱਢ
ਮਾਰੀ
ਸੀ।
ਪ੍ਰਸਿੰਨੀ
ਨੇ
ਬੰਸੋ
ਨੂੰ
ਬੜੀ
ਗਹੁ
ਨਾਲ
ਦੇਖਿਆ।
"ਸਾਡੇ
ਪਿੰਡ
ਇਕ
ਸੰਤ
ਐ
ਗੁਲਜ਼ਾਰ
ਕੁਰੇ!
ਬੱਸ
ਤੂੰ
ਰੱਬ
ਦਾ
ਅਵਤਾਰ
ਈ
ਸਮਝ!
ਜੇ
ਉਹਦੀ
ਦ੍ਰਿਸ਼ਟੀ
ਆਪਣੀ
ਬੰਸੋ
'ਤੇ
ਪੈ
ਗਈ,
ਸਮਝਲਾ
ਲੇਖ
ਦੁਬਾਰਾ
ਲਿਖ
ਦਿਊਗਾ!"
ਸੁਣ
ਕੇ
ਗੁਲਜ਼ਾਰ
ਕੌਰ
ਖਿੜ
ਗਈ।
"ਰੱਬੀ
ਕੀ
ਦੇਬੋ
ਨੂੰ
ਛੱਬੀ
ਸਾਲ
ਬੱਚਾ
ਨਹੀਂ
ਸੀ
ਹੋਇਆ,
ਸੰਤਾਂ
ਕੋਲ
ਚਲੀ
ਗਈ,
ਦੋ
ਮੁੰਡੇ
ਬਖ਼ਸ਼
ਦਿੱਤੇ
ਬਾਬਾ
ਜੀ
ਨੇ!"
"ਅੰਮਾਂ
ਜੀ,
ਸਾਡੇ
'ਤੇ
ਵੀ
ਮਿਹਰ
ਕਰਵਾਓ!
ਮੈਂ
ਤੁਹਾਡੇ
ਪੈਰ
ਧੋ-ਧੋ
ਕੇ
ਪੀਊਂਗੀ!"
ਗੁਲਜ਼ਾਰ
ਕੌਰ
ਨੇ
ਪ੍ਰਸਿੰਨੀ
ਦੇ
ਗੋਡੇ
ਫ਼ੜ
ਲਏ।
"ਤੂੰ
ਕਿਸੇ
ਕੋਲੇ
ਭਾਫ਼
ਨਾ
ਕੱਢੀਂ
ਗੁਲਜ਼ਾਰ
ਕੁਰੇ!
ਜੇ
ਸੰਤ
ਦਇਆਲ
ਹੋ
ਗਏ,
ਸਮਝਲਾ
ਤੇਰੀਆਂ
ਤਾਂ
ਕੁਲ਼ਾਂ
ਤਰ
ਗਈਆਂ!
ਤੈਨੂੰ
ਪਤੈ
ਸਾਧੂ
ਲੋਕ
ਬੇਮੁਹਤਾਜ਼
ਹੁੰਦੇ
ਐ,
ਕਿਸੇ
ਦੀ
ਪ੍ਰਵਾਹ
ਨਹੀਂ
ਕਰਦੇ।
ਪਰ
ਜੇ
ਦਿਆਲੂ
ਹੋ
ਜਾਣ,
ਟਿੱਬਿਆਂ
'ਚ
ਨਦੀਆਂ
ਵਗਾ
ਦਿੰਦੇ
ਐ!"
"ਕਰੋ
ਅੰਮਾਂ
ਜੀ
ਕਿਰਪਾ!
ਜੋ
ਵੀ
ਖ਼ਰਚਾ
ਆਵੇ,
ਮੈਂ
ਖਰਚ
ਕਰਨ
ਨੂੰ
ਤਿਆਰ
ਐਂ!"
ਗੁਲਜ਼ਾਰ
ਕੌਰ
ਉਸ
ਦੀ
ਡੰਡਾਉਤ
ਕਰਨ
ਵਾਲੀ
ਹੋਈ
ਪਈ
ਸੀ।
"ਖ਼ਰਚਾ
ਵਰਚਾ
ਉਹਨਾਂ
ਨੂੰ
ਕੀ
ਚਾਹੀਦੈ?
ਉਹ
ਦਰਵੇਸ਼
ਸਾਧੂ
ਐ!
ਕੋਈ
ਕਨੇਡੇ
ਤੋਂ
ਉਹਨਾਂ
ਨੂੰ
ਕਾਰ
ਦੇਣ
ਆ
ਗਿਆ,
ਕੁੰਜੀਆਂ
ਮੋੜ
ਦਿੱਤੀਆਂ,
ਅਖੇ
ਅਸੀਂ
ਇਹ
ਕਾਰ
ਕੀ
ਕਰਨੀ
ਐਂ?
ਸਾਨੂੰ
ਤੁਰਨ
ਲਈ
ਰੱਬ
ਨੇ
ਦੋ
ਪੈਰ
ਦਿੱਤੇ
ਐ।
ਦੇਖ
ਲੈ
ਗੁਲਜ਼ਾਰ
ਕੁਰੇ,
ਜਿੱਥੇ
ਵੀ
ਜਾਂਦੇ
ਐ,
ਨੰਗੇ
ਪੈਰੀਂ
ਤੁਰ
ਕੇ
ਜਾਂਦੇ
ਐ।
ਸਰਦੀਆਂ
'ਚ
ਜਲਧਾਰਾ
ਕਰਦੇ
ਐ
ਤੇ
ਵਰ੍ਹਦੀ
ਗਰਮੀ
'ਚ
ਧੂਣਾਂ
ਤਾਪਦੇ
ਐ!
ਹੋਰ
ਤਾਂ
ਹੋਰ?
ਸਵਾ-ਸਵਾ
ਮਹੀਨਾਂ
ਇੱਕ
ਲੱਤ
'ਤੇ
ਖੜ੍ਹ
ਕੇ
ਜਾਪ
ਕਰਦੇ
ਐ!
ਐਨਾਂ
ਤਪ
ਐ
ਓਹਨਾਂ
ਦਾ!
ਤੇ
ਜਿਹੜੇ
ਸਾਧੂ
ਬੰਦੇ
ਦਾ
ਐਨਾਂ
ਤਪ
ਐ,
ਉਹਦਾ
'ਤੇਜ਼'
ਕਿਵੇਂ
ਨਾ
ਹੋਊਗਾ?"
"ਕਰੋ
ਅੰਮਾਂ
ਜੀ
ਕਿਰਪਾ
ਸਾਡੇ
'ਤੇ
ਵੀ!
ਕੀ
ਐ
ਮੇਰੀ
ਅਭਾਗਣ
ਧੀ
ਦੀ
ਵੀ
ਸੁਣੀਂ
ਜਾਵੇ?"
"ਤੂੰ
ਸੁੱਕਾ
ਮੇਵਾ
ਮੰਗਵਾ
ਤੇ
ਆਪਾਂ
ਕੱਲ੍ਹ
ਨੂੰ
ਈ
ਚੱਲਦੀਐਂ!
ਤੂੰ
ਕੁੜੀ
ਦੀ
ਕਾਇਆ
ਪਲਟਦੀ
ਦੇਖੀਂ!
ਐਵੇਂ
ਨਹੀਂ
ਦੁਨੀਆਂ
ਮੱਥੇ
ਟੇਕਦੀ
ਜਾ-ਜਾ
ਕੇ!"
ਸ਼ਾਮ
ਨੂੰ
ਹੀ
ਗੁਲਜ਼ਾਰ
ਕੌਰ
ਨੇ
ਖੁੱਲ੍ਹਾ-ਡੁੱਲ੍ਹਾ
ਸੁੱਕਾ
ਮੇਵਾ
ਮੰਗਵਾ
ਲਿਆ
ਅਤੇ
ਅਗਲੇ
ਦਿਨ
ਉਹ
ਸੰਤਾਂ
ਦੇ
ਡੇਰੇ
ਚਲੀਆਂ
ਗਈਆਂ।
ਇਹ
ਸੰਤ
'ਖ਼ੂਹੀ
ਵਾਲੇ
ਸੰਤਾਂ'
ਦੇ
ਨਾਂ
ਨਾਲ
ਮਸ਼ਹੂਰ
ਸੀ।
ਜਦ
ਉਹ
ਸੰਤਾਂ
ਕੋਲ
ਪਹੁੰਚੀਆਂ
ਤਾਂ
ਉਹ
ਖ਼ੂਹੀ
ਤੋਂ
ਇਸ਼ਨਾਨ
ਕਰ
ਕੇ
ਹੀ
ਹਟੇ
ਸਨ।
ਉਸ
ਦੀਆਂ
ਨਸ਼ਈ
ਅੱਖਾਂ
ਨਸ਼ੇ
ਕਾਰਨ
ਚੜ੍ਹੀਆਂ
ਹੋਈਆਂ
ਸਨ।
ਉਹ
ਖ਼ੂਹੀ
ਕੋਲ
ਖੜ੍ਹਾ
ਡਿੱਕਡੋਲੇ
ਜਿਹੇ
ਖਾ
ਰਿਹਾ
ਸੀ।
ਉਸ
ਦੇ
ਪਟੜੇ
ਵਰਗੇ
ਨਸ਼ਈ
ਸਰੀਰ
ਤੋਂ
ਮੱਖੀ
ਵੀ
ਨਹੀਂ
ਰੱਜਦੀ
ਸੀ।
"ਮੈਂ
ਆਂ
ਮਹਾਂਪੁਰਖ਼ੋ,
ਪ੍ਰਸਿੰਨ
ਕੌਰ!"
ਉਸ
ਨੇ
ਸੰਤ
ਜੀ
ਦੇ
ਪੈਰੀਂ
ਹੱਥ
ਲਾਏ।
"ਆ
ਭਾਈ
ਪ੍ਰਸਿੰਨ
ਕੁਰੇ!
ਬੜੇ
ਅਰਸੇ
ਬਾਅਦ
ਦਰਸ਼ਣ
ਦਿੱਤੇ
ਅੱਜ?"
ਨਸ਼ੇ
ਕਾਰਨ
ਉਹ
ਪ੍ਰਸਿੰਨ
ਕੌਰ
ਨੂੰ
ਪਹਿਚਾਣ
ਵੀ
ਨਾ
ਸਕਿਆ।
"ਬਾਬਾ
ਜੀ
ਦਾ
ਤਾਂ
ਇਉਂ
ਲੱਗਦੈ
ਜਿਵੇਂ
ਕੋਈ
ਨਸ਼ਾ
ਕੀਤਾ
ਹੁੰਦੈ?"
ਗੁਲਜ਼ਾਰ
ਕੌਰ
ਪਸ਼ੇਮਾਨ
ਜਿਹੀ
ਹੋਈ
ਖੜ੍ਹੀ
ਸੀ।
"ਮਹਾਂਪੁਰਖ਼ਾਂ
ਦੇ
ਚੋਜ
ਹੁੰਦੇ
ਐ
ਗੁਲਜ਼ਾਰ
ਕੁਰੇ,
ਇਹਨਾਂ
ਦੀਆਂ
ਕਰਨੀਆਂ
ਆਪਾਂ
ਦੁਨਿਆਵੀ
ਕੀੜੇ
ਨੀ
ਸਮਝ
ਸਕਦੇ!"
ਪ੍ਰਸਿੰਨ
ਕੌਰ
ਨੇ
ਕਿਹਾ।
ਪਰ
ਗੁਲਜ਼ਾਰ
ਕੌਰ
ਅਤੇ
ਬੰਸੋ
ਦੀ
ਅੰਨ੍ਹੀ
ਸ਼ਰਧਾ
ਮਰ
ਮੁੱਕ
ਗਈ
ਸੀ।
ਰੱਬ
ਦੇ
ਬੰਦੇ,
ਤੇ
ਨਸ਼ਈ?
ਸਾਡੇ
ਗੁਰੂ
ਨਾਨਕ
ਪਾਤਿਸ਼ਾਹ
ਨੇ
ਤਾਂ
'ਨਾਮ
ਖ਼ੁਮਾਰੀ'
ਦੀ
ਬਾਤ
ਪਾਈ
ਹੈ,
ਤੇ
ਇਹ
ਸਾਧ
ਤਾਂ
ਦੁਨਿਆਵੀ
ਨਸ਼ਿਆਂ
'ਚ
ਡੁੱਬਿਆ
ਹੋਇਐ?
ਇਹਦੇ
ਕੋਲ
ਤਾਂ
ਅਰਦਾਸੀਆ
ਹੋਣ
ਦੀ
ਵੀ
ਸ਼ਰਧਾ
ਨਹੀਂ
ਹੋਣੀ?
ਗੁਲਜ਼ਾਰ
ਕੌਰ
ਦਾ
ਮਨ
ਵੱਟ
ਖਾ
ਗਿਆ।
ਉਹ
ਬੰਸੋ
ਦਾ
ਹੱਥ
ਫ਼ੜ,
ਪੁੱਠੇ
ਪੈਰੀਂ
ਘਰ
ਨੂੰ
ਤੁਰ
ਪਈ।
ਸੁੱਕਾ
ਮੇਵਾ
ਵੀ
ਉਸ
ਨੇ
ਸਾਧ
ਨੂੰ
ਨਹੀਂ
ਦਿੱਤਾ
ਸੀ।
ਉਹ
ਅਜੇ
ਪਿੰਡ
ਵੜਨ
ਹੀ
ਲੱਗੀਆਂ
ਸਨ
ਕਿ
ਉਹਨਾਂ
ਨੂੰ
'ਸਿੱਖ
ਬਾਬਾ'
ਮਿਲ
ਪਿਆ।
ਦੋਨਾਂ
ਨੇ
ਬਾਬਾ
ਜੀ
ਨੂੰ
ਬੜੀ
ਸ਼ਰਧਾ
ਨਾਲ
'ਫ਼ਤਹਿ'
ਬੁਲਾਈ।
ਸਿੱਖ
ਬਾਬਾ
ਪੁਰਾਣਾ
ਅਜ਼ਾਦੀ
ਦਾ
ਘੁਲਾਟੀਆ
ਸੀ।
ਗੁਰੂ
ਦਰਬਾਰ
ਦਾ
ਪੂਰਨ
ਗੁਰਸਿੱਖ
ਬਾਬਾ
ਅੱਠੇ
ਪਹਿਰ
ਗੁਰੂ
ਨੂੰ
ਧਿਆਉਂਦਾ
ਰਹਿੰਦਾ।
ਉਹ
ਚਿੱਟੇ
ਚੋਲੇ
ਵਿਚ
ਕੋਈ
ਸੱਚਾ
ਫ਼ਕੀਰ
ਨਜ਼ਰ
ਆਉਂਦਾ
ਸੀ
ਅਤੇ
ਦਰਸ਼ਣ
ਕਰਨ
ਵਾਲੇ
ਦੀ
ਰੂਹ
ਸ਼ਾਂਤ
ਹੋ
ਜਾਂਦੀ
ਸੀ।
"ਕਿੱਧਰੋਂ
ਆਏ
ਐਂ
ਬੀਬੀ?"
ਬਾਬਾ
ਜੀ
ਨੇ
ਪੁੱਛਿਆ।
ਗੁਲਜ਼ਾਰ
ਕੌਰ
ਨੇ
ਸਾਰੀ
ਸੱਚੀ
ਗੱਲ
ਆਖ
ਸੁਣਾਈ।
ਸੁਣ
ਕੇ
ਸਿੱਖ
ਬਾਬਾ
ਹੱਸ
ਪਿਆ।
"ਜਦੋਂ
ਸਾਡੀ
ਸਿੱਧੀ
ਪੁਲਸ
ਅਫ਼ਸਰ
ਨਾਲ
ਬਣਦੀ
ਹੋਵੇ,
ਚੌਂਕੀਦਾਰਾਂ
ਦੀਆਂ
ਮਿੰਨਤਾਂ
ਕਾਹਦੇ
ਵਾਸਤੇ
ਕਰਨੀਐਂ
ਬੀਬਾ?"
"ਮੈਂ
ਸਮਝੀ
ਨਹੀਂ
ਬਾਬਾ
ਜੀ!"
"ਤੂੰ
ਅਜੇ
ਅਣਜਾਣ
ਏਂ
ਪੁੱਤਰ!
ਇਤਿਹਾਸ
ਗਵਾਹ
ਐ,
ਮਾਤਾ
ਸੁਲੱਖਣੀਂ
ਦੇ
ਭਾਗਾਂ
'ਚ
ਇਕ
ਵੀ
ਔਲਾਦ
ਨਹੀਂ
ਸੀ,
ਤੇ
ਮੀਰੀ-ਪੀਰੀ
ਦੇ
ਮਾਲਕ,
ਛੇਵੇਂ
ਪਾਤਿਸ਼ਾਹ
ਨੇ
ਮਾਤਾ
ਜੀ
ਨੂੰ
ਸੱਤ
ਪੁੱਤਰ
ਬਖ਼ਸ਼
ਦਿੱਤੇ
ਸੀ!
ਤੂੰ
ਇਕ
ਵਾਰੀ
ਗੁਰੂ
ਤੋਂ
ਸਿੱਧੀ
ਨੀਅਤ
ਨਾਲ
ਮੰਗ
ਕੇ
ਤਾਂ
ਦੇਖ!
ਜੇ
ਨਾ
ਛੱਪਰ
ਪਾੜ
ਕੇ
ਦੇਵੇ,
ਮੈਨੂੰ
ਗੁਰੂ
ਦਾ
ਸਿੱਖ
ਨਾ
ਆਖੀਂ!"
ਬਾਬੇ
ਦੀ
ਸਿੱਧੀ
ਅਤੇ
ਸਾਦੀ,
ਵਿਸ਼ਵਾਸ
ਭਰਪੂਰ
ਦਲੀਲ
ਨੇ
ਗੁਲਜ਼ਾਰ
ਕੌਰ
ਨੂੰ
ਕੀਲ
ਕੇ
ਬੰਨ੍ਹ
ਲਿਆ।
"ਕੀ
ਕਰੀਏ
ਬਾਬਾ
ਜੀ?
ਅਸੀਂ
ਤਾਂ
ਕਲਯੁਗੀ
ਜੀਅ
ਆਂ!
ਸਾਨੂੰ
ਗੁਰੂ
ਕੋਲੋਂ
ਮੰਗਣ
ਦਾ
ਕੀ
ਗਿਆਨ?"
"ਚੱਲ
ਮੇਰੇ
ਨਾਲ!
ਗੁਰੂ
ਘਰ
ਚੱਲ
ਕੇ
ਅਰਦਾਸ
ਕਰਦੇ
ਐਂ!
ਗੁਰੂ
ਅੱਗੇ
ਕੀਤੀ
ਅਰਦਾਸ
ਕਦੇ
ਵੀ
ਬਿਰਥੀ
ਨਹੀਂ
ਜਾਂਦੀ
ਬੀਬਾ!
ਚੱਲ
ਤੁਰ
ਮੇਰੇ
ਨਾਲ!"
ਗੁਰਦੁਆਰਾ
ਸਾਹਿਬ
ਜਾ
ਕੇ
ਬਾਬਾ
ਜੀ
ਨੇ
ਆਪ
ਅਰਦਾਸ
ਕੀਤੀ।
ਆਖੰਡ
ਪਾਠ
ਦੀ
ਸੇਵਾ
ਸੁੱਖੀ
ਅਤੇ
ਉਹ
ਸੁਰਖ਼ਰੂ
ਜਿਹੇ
ਹੋ,
ਘਰ
ਆ
ਗਏ।
ਬੰਸੋ
ਦੇ
ਘਰਵਾਲਾ
ਸ਼ਾਮ
ਸਿੰਘ
ਵੀ
ਇਕ
ਸਿੱਧਾ-ਸਾਊ
ਮਨੁੱਖ
ਸੀ।
ਉਸ
ਨੇ
ਬੰਸੋ
ਨੂੰ
ਕਿਸੇ
ਗੱਲੋਂ
ਰੋਕਣਾ-ਟੋਕਣਾ
ਤਾਂ
ਕੀ
ਸੀ?
ਕਦੇ
ਮੱਥੇ
ਵੱਟ
ਤੱਕ
ਨਹੀਂ
ਪਾਇਆ
ਸੀ।
ਮਹੀਨੇ
ਕੁ
ਬਾਅਦ
ਸਿੱਖ
ਬਾਬਾ
ਜੀ
ਦੀ
ਅਰਦਾਸ
ਰੰਗ
ਲਿਆਈ।
ਬੰਸੋ
ਨੂੰ
ਉਮੀਦਵਾਰੀ
ਹੋ
ਗਈ।
ਉਹ
ਤੁਰੰਤ
ਆਪਣੀ
ਮਾਂ
ਗੁਲਜ਼ਾਰ
ਕੌਰ
ਕੋਲ
ਪਹੁੰਚੀ।
ਸੁਣ
ਕੇ
ਖ਼ੁਸ਼ੀ
ਵਿਚ
ਗੁਲਜ਼ਾਰ
ਕੌਰ
ਦਾ
ਵੀ
ਧਰਤੀ
'ਤੇ
ਪੈਰ
ਲੱਗਣੋਂ
ਹਟ
ਗਿਆ।
ਉਸ
ਨੇ
ਦਸ
ਵਾਰ
ਅਸਮਾਨ
ਵੱਲ
ਹੱਥ
ਕਰ
ਕੇ
ਰੱਬ
ਦਾ
ਸ਼ੁਕਰਾਨਾ
ਕੀਤਾ।
ਧੰਨਵਾਦ
ਕਰਨ
ਲਈ
ਉਹ
ਸਿੱਖ
ਬਾਬਾ
ਜੀ
ਕੋਲ
ਜਾ
ਪਹੁੰਚੀਆਂ।
"ਮੇਰਾ
ਕਾਹਦਾ
ਧੰਨਵਾਦ
ਭੈਣੇ?
ਸ਼ੁਕਰਾਨਾ
ਓਸ
ਗੁਰੂ
ਦਾ!
ਚੱਲੋ,
ਗੁਰੂ
ਦਰਬਾਰ
ਚੱਲਦੇ
ਆਂ!"
ਉਹ
ਗੁਰੂ
ਘਰ
ਆ
ਗਏ।
ਬਾਬਾ
ਜੀ
ਨੇ
ਫ਼ਿਰ
ਗਲ
ਵਿਚ
ਪੱਲਾ
ਪਾ
ਕੇ
ਗੁਰੂ
ਅੱਗੇ
ਅਰਦਾਸ
ਕੀਤੀ
ਅਤੇ
ਆਉਣ
ਵਾਲੇ
ਜੀਅ
ਦੀ
ਸੁੱਖ-ਸਲਾਮਤੀ
ਮੰਗੀ।
ਦਿਨ
ਪੂਰੇ
ਹੋਣ
'ਤੇ
ਬੰਸੋ
ਨੇ
'ਜੌੜੇ'
ਮੁੰਡਿਆਂ
ਨੂੰ
ਜਨਮ
ਦਿੱਤਾ।
ਪ੍ਰੀਵਾਰ
ਦੀ
ਖ਼ੁਸ਼ੀ
ਦੀ
ਕੋਈ
ਹੱਦ
ਨਹੀਂ
ਸੀ।
ਪਰ
'ਨਜ਼ਰ'
ਲੱਗਣ
ਦੇ
ਡਰੋਂ
ਗੁਲਜ਼ਾਰ
ਕੌਰ
ਦੋਹਤਿਆਂ
ਨੂੰ
ਲੋਕਾਂ
ਤੋਂ
ਬਿੱਲੀ
ਵਾਂਗ
ਛੁਪਾਉਂਦੀ
ਫ਼ਿਰਦੀ
ਸੀ।
ਬੰਸੋ
ਦਾ
ਜਣੇਪਾ
ਪੇਕੇ
ਘਰ
ਹੀ
ਹੋਇਆ
ਸੀ।
ਗੁਲਜ਼ਾਰ
ਕੌਰ
ਦੱਬਵੇਂ
ਪੈਰੀਂ
ਸਿੱਖ
ਬਾਬੇ
ਕੋਲ
ਪਹੁੰਚੀ।
"ਬਾਬਾ
ਜੀ
ਤੁਹਾਡੇ
ਆਸ਼ੀਰਵਾਦ
ਨਾਲ
ਬੰਸੋ
ਦੇ
ਦੋ
ਪੁੱਤ
ਹੋਏ
ਐ,
ਕਿਰਪਾ
ਕਰੋ,
ਚੱਲ
ਕੇ
ਉਹਨਾਂ
ਨੂੰ
ਆਸ਼ੀਰਵਾਦ
ਦਿਓ
ਤੇ
ਨਾਲੇ
ਨਾਂ
ਰੱਖੋ!"
ਗੁਲਜ਼ਾਰ
ਕੌਰ
ਨਿਮਾਣੀ
ਬਣੀ
ਖੜ੍ਹੀ
ਸੀ।
"ਮੇਰਾ
ਆਸ਼ੀਰਵਾਦ
ਕਾਹਦਾ
ਬੀਬਾ?
ਆਸ਼ੀਰਵਾਦ
ਆਪਾਂ
ਗੁਰੂ
ਤੋਂ
ਈ
ਦਿਵਾਵਾਂਗੇ!
ਗੁਰੂ
ਨੇ
ਈ
ਬਖ਼ਸ਼ੇ
ਐ
ਤੇ
ਗੁਰੂ
ਈ
ਨਾਮਕਰਣ
ਕਰੂਗਾ!"
ਤੀਜੇ
ਦਿਨ
ਦੇਗ
ਤਿਆਰ
ਕਰ
ਕੇ
ਉਹ
ਦੋਨੋਂ
ਮੁੰਡਿਆਂ
ਨੂੰ
ਗੁਰਦੁਆਰਾ
ਸਾਹਿਬ
ਲੈ
ਗਏ।
ਬਾਬਾ
ਜੀ
ਨੇ
ਸ਼ੁਕਰਾਨੇ
ਦੀ
ਅਰਦਾਸ
ਕਰ
ਕੇ
ਹੁਕਮਨਾਮਾ
ਲਿਆ।
ਹੁਕਮਨਾਮੇ
ਅਨੁਸਾਰ
ਬਾਬਾ
ਜੀ
ਨੇ
ਨਾਮਕਰਣ
ਕਰ
ਦਿੱਤਾ।
ਇਕ
ਦਾ
ਨਾਂ
ਹਰਜੀਤ
ਸਿੰਘ
ਅਤੇ
ਦੂਜੇ
ਪੁੱਤਰ
ਦਾ
ਨਾਂ
ਗੁਰਜੀਤ
ਸਿੰਘ
ਰੱਖਿਆ
ਗਿਆ।
ਮਾਂ-ਧੀ
ਦੀ
ਧਰਤੀ
'ਤੇ
ਅੱਡੀ
ਨਹੀਂ
ਲੱਗਦੀ
ਸੀ।
ਹਰਜੀਤ
ਬੰਸੋ
ਦੀ
ਗੋਦੀ
ਅਤੇ
ਗੁਰਜੀਤ
ਗੁਲਜ਼ਾਰ
ਕੌਰ
ਦੀ
ਬੁੱਕਲ
ਵਿਚ
ਸੀ।
ਸੋਹਣੇ-ਸੁਣੱਖੇ
ਬੱਚੇ
ਦੇਖ
ਉਹ
ਗੁਰੂ
ਦੇ
ਸ਼ੁਕਰਾਨੇ
ਵਿਚ
'ਧੰਨ'
ਹੋਈਆਂ
ਪਈਆਂ
ਸਨ।
ਸਮਾਂ
ਜਾਂਦਿਆਂ
ਕਿਸੇ
ਦੀ
ਲਿਹਾਜ਼
ਨਹੀਂ
ਕਰਦਾ।
ਹੌਲੀ-ਹੌਲੀ
ਉਮਰ
ਦੇ
ਹਿਸਾਬ
ਨਾਲ
ਪੁਰਾਣੇ
ਸੁੱਕ
ਕੇ
ਝੜ
ਗਏ
ਅਤੇ
ਨਵੇਂ
ਫ਼ੁੱਲ-ਪੱਤੀਆਂ
ਟਹਿਕਣ
ਲੱਗ
ਪਏ।
ਬੁੜ੍ਹਾਪੇ
ਦੀ
ਜੂਹ
'ਚ
ਗਈ
ਗੁਲਜ਼ਾਰ
ਕੌਰ
ਸਵਰਗਵਾਸ
ਹੋ
ਗਈ
ਅਤੇ
ਇੱਧਰ
ਹਰਜੀਤ
ਅਤੇ
ਗੁਰਜੀਤ
ਜੰਗੀ
ਪੱਧਰ
'ਤੇ
ਜੁਆਨੀ
ਵੱਲ
ਨੂੰ
ਵਧਦੇ
ਜਾ
ਰਹੇ
ਸਨ।
ਦੋਵਾਂ
ਦੇ
ਰੰਗ-ਰੂਪ
ਇੱਕੋ
ਜਿਹੇ
ਸੁਣੱਖੇ
ਅਤੇ
ਉਹ
ਪਟਿਆਲਾ
ਸ਼ਾਹੀ
ਪੱਗਾਂ
ਜ਼ਿਦ
ਕੇ
ਬੰਨ੍ਹਦੇ।
ਹੁਣ
ਕਾਲਜ
ਦੀ
ਹਵਾ
ਖਾ
ਕੇ
ਤਾਂ
ਉਹ
ਹੋਰ
ਵੀ
ਤੇਜ਼ਦਸਤ
ਅਤੇ
ਤਾਮੀਜ਼ਦਾਰ
ਹੋ
ਗਏ
ਸਨ।
ਉਮਰ
ਵਿਚ
ਘੰਟਾ
ਕੁ
ਵੱਡਾ
ਹਰਜੀਤ
ਤਾਂ
ਸਾਧੂ
ਸੁਭਾਅ
ਮੁੰਡਾ
ਸੀ।
ਪਰ
ਗੁਰਜੀਤ
ਤਾਂ
ਹੁਣ
ਕਾਲਜ
ਦੀ
'ਸਿਆਸਤ'
ਵਿਚ
ਵੀ
ਭਾਗ
ਲੈਣ
ਲੱਗ
ਪਿਆ
ਸੀ।
ਕਾਲਜ
ਦੀਆਂ
ਸੂਝਵਾਨ
ਕੁੜੀਆਂ
ਵੀ
ਉਸ
ਵੱਲ
ਉਲਾਰ
ਹੋ
ਜਾਂਦੀਆਂ
ਸਨ।
ਪਰ
ਗੁਰਜੀਤ
ਉਹਨਾਂ
ਕੁੜੀਆਂ
ਵੱਲੋਂ
ਅਣਭਿੱਜ
ਹੀ
ਸੀ।
ਰੰਮੀ
ਜਿਉਂ
ਉਸ
ਦੇ
ਦਿਲ-ਦਿਮਾਗ
'ਤੇ
ਕਬਜ਼ਾ
ਕਰੀ
ਬੈਠੀ
ਸੀ।
ਰੰਮੀ
ਦਾ
ਦਿਲ
ਗੁਰਜੀਤ
ਦੀ
ਹਿੱਕ
ਵਿਚ
ਅਤੇ
ਗੁਰਜੀਤ
ਦਾ
ਦਿਲ
ਰੰਮੀ
ਦੀ
ਛਾਤੀ
ਵਿਚ
ਧੜਕਦਾ
ਸੀ।
ਉਹ
ਇਕ-ਦੂਜੇ
ਨੂੰ
ਪੁੱਛ
ਸਾਹ
ਲੈਂਦੇ
ਸਨ।
ਵਜੂਦ
ਹੀ
'ਦੋ'
ਸਨ,
ਪਰ
ਰੂਹ
ਤਾਂ
ਉਹਨਾਂ
ਦੀ
ਇੱਕ-ਮਿੱਕ
ਹੀ
ਸੀ।
ਜਿਸ
ਤਰ੍ਹਾਂ
ਹਰ
ਮਾਂ
ਨੂੰ
ਨੂੰਹ
ਘਰੇ
ਆਉਣ
ਦੀ
'ਰੀਝ'
ਹੁੰਦੀ
ਹੈ।
ਹਰਬੰਸ
ਕੌਰ
ਦੀ
ਵੀ
ਇਹੀ
ਰੀਝ
ਬੱਝ
ਗਈ
ਕਿ
ਮੇਰੇ
ਘਰ
ਨੂੰਹ
ਆਵੇ!
ਉਸ
ਨੇ
ਹਰਜੀਤ
ਅਤੇ
ਗੁਰਜੀਤ
ਅੱਗੇ
'ਬਾਤਾਂ'
ਜਿਹੀਆਂ
ਪਾਉਣੀਆਂ
ਸ਼ੁਰੂ
ਕਰ
ਦਿੱਤੀਆਂ।
ਗੁਰਜੀਤ
ਤਾਂ
ਲੱਤ
ਚੁੱਕ
ਗਿਆ,
"ਮੈਂ
ਤਾਂ
ਬੀਜੀ
ਸਾਧ
ਬੰਦੈਂ,
ਸਾਧ!
ਤੂੰ
ਹਰਜੀਤ
ਨੂੰ
ਈ
ਵਿਆਹ
ਲਈਂ!
ਮੇਰੀ
ਝਾਕ
ਨਾ
ਰੱਖ!"
ਗੁਰਜੀਤ
ਗੱਲ
ਟਾਲ
ਗਿਆ।
ਪਰ
'ਅਸਲ'
ਗੱਲ
ਉਸ
ਨੇ
ਮਾਂ
ਤੋਂ
ਲਕੋਈ
ਰੱਖੀ।
ਗੁਰਜੀਤ
ਹੋਰਾਂ
ਦੇ
ਬਾਪ
ਸ਼ਾਮ
ਸਿੰਘ
ਕੋਲ
ਚੰਗੀ
ਚੋਖ਼ੀ
ਜ਼ਮੀਨ
ਸੀ।
ਰਿਸ਼ਤੇ
ਤਾਂ
ਉਹਨਾਂ
ਨੂੰ
ਬਥੇਰੇ
ਆਉਂਦੇ
ਸਨ।
ਪਰ
ਮੁੰਡੇ
ਹੀ
ਲੱਤ
ਨਹੀਂ
ਲਾ
ਰਹੇ
ਸਨ।
ਖ਼ੈਰ,
ਹਾੜ੍ਹੇ-ਵਾਸਤੇ
ਪਾ
ਕੇ
ਹਰਬੰਸ
ਕੌਰ
ਨੇ
ਹਰਜੀਤ
ਨੂੰ
ਵਿਆਹ
ਲਈ
ਰਾਜ਼ੀ
ਕਰ
ਲਿਆ।
ਉਸ
ਦੀਆਂ
ਨਜ਼ਰਾਂ
ਵਿਚ
ਹਰਜੀਤ
ਨਰਮ
ਅਤੇ
ਕੋਮਲ
ਮੁੰਡਾ
ਸੀ।
ਗੁਰਜੀਤ
ਘਤਿੱਤੀ
ਅਤੇ
ਲੀਹ-ਵੱਢ
ਸੀ।
ਬੀæਏæ
ਕਰ
ਕੇ
ਹਰਜੀਤ
ਨੇ
ਮਾਂ
ਦੇ
ਆਖੇ
ਲੱਗ
ਕੇ
ਵਿਆਹ
ਕਰ
ਲਿਆ।
ਉਹ
ਮਾਂ
ਨੂੰ
ਕਿਸੇ
ਵੀ
ਗੱਲੋਂ
ਦੁਖੀ
ਅਤੇ
ਨਿਰਾਸ਼
ਨਹੀਂ
ਦੇਖਣਾ
ਚਾਹੁੰਦਾ
ਸੀ।
ਉਸ
ਨੂੰ
ਗੁਰਜੀਤ
ਅਤੇ
ਰੰਮੀ
ਦੇ
ਨਾਤੇ
ਬਾਰੇ
ਵੀ
ਭਲੀ
ਭਾਂਤ
ਪਤਾ
ਸੀ
ਅਤੇ
ਇਹ
ਵੀ
ਪਤਾ
ਸੀ
ਕਿ
ਅੜੀਅਲ
ਗੁਰਜੀਤ
ਮਾਂ-ਪਿਉ
ਦੇ
ਆਖੇ
ਲੱਗ
ਕੇ
ਕਦੇ
ਵੀ
ਵਿਆਹ
ਨਹੀਂ
ਕਰਵਾਵੇਗਾ!
ਹਰਜੀਤ
ਨਹੀਂ
ਚਾਹੁੰਦਾ
ਸੀ
ਕਿ
ਮਾਂ-ਬਾਪ
ਦੀ
ਕੋਈ
ਇੱਛਾ
'ਅਧੂਰੀ'
ਰਹੇ।
ਉਸ
ਨੇ
ਸਤਿਯੁਗੀ
ਪੁੱਤਰ
ਦਾ
ਸਬੂਤ
ਦਿੰਦਿਆਂ,
ਮਾਂ
ਦੀ
ਪਸੰਦ
ਕੀਤੀ
ਕੁੜੀ
ਨਾਲ
ਸ਼ਾਦੀ
ਰਚਾ
ਲਈ
ਸੀ।
ਹਰਜੀਤ
ਦੇ
ਘਰਵਾਲੀ
ਦਾ
ਨਾਂ
ਦਲਵਿੰਦਰ
ਸੀ।
ਪਰ
ਪੇਕੇ
ਘਰ
ਵਿਚ
ਸਾਰੇ
ਉਸ
ਨੂੰ
'ਡਾਲੀ'
ਆਖ
ਕੇ
ਹੀ
ਬੁਲਾਉਂਦੇ।
ਪੜ੍ਹੀ-ਲਿਖੀ
ਡਾਲੀ
ਵੀ
ਬਹੁਤ
ਨੇਕ
ਅਤੇ
ਪਰਉਪਕਾਰੀ
ਕੁੜੀ
ਸੀ।
ਉਹ
ਹਰਜੀਤ
ਦੇ
ਮਾਂ-ਪਿਉ
ਨੂੰ
ਆਪਣੇ
ਸਕੇ
ਮਾਂ-ਬਾਪ
ਨਾਲੋਂ
ਵੱਧ
ਮੋਹ-ਪਿਆਰ
ਕਰਦੀ
ਅਤੇ
ਸਤਿਕਾਰ
ਦਿੰਦੀ
ਸੀ।
ਡਾਲੀ
ਹਰਜੀਤ
ਨਾਲੋਂ
ਸਾਲ
ਕੁ
ਹੀ
ਛੋਟੀ
ਸੀ।
ਪਰ
ਗੁਰਜੀਤ
ਦੀਆਂ
ਸ਼ਰਾਰਤਾਂ
ਕਾਰਨ
ਉਹ
ਉਸ
ਨੂੰ
ਨਿੱਕੇ
ਭਰਾ
ਵਾਂਗੂੰ
ਝਿੜਕ
ਵੀ
ਦਿੰਦੀ।
ਗੁਰਜੀਤ
ਵੀ
ਉਸ
ਨਾਲ
ਕੋਈ
ਬਦਤਮੀਜ਼ੀ
ਵਾਲੀ
ਗੱਲ
ਨਾ
ਕਰਦਾ।
ਉਸ
ਦਾ
ਘੂਰਿਆ-ਝਿੜਕਿਆ
ਪ੍ਰਵਾਨ
ਵੀ
ਕਰ
ਲੈਂਦਾ
ਅਤੇ
ਹੱਸ
ਕੇ
ਅੱਗੇ
ਤੁਰ
ਜਾਂਦਾ।
ਡਾਲੀ
ਨੂੰ
ਗੁਰਜੀਤ
ਅਤੇ
ਰੰਮੀ
ਦੇ
ਸਬੰਧਾਂ
ਬਾਰੇ
ਕੋਈ
ਜਾਣਕਾਰੀ
ਨਹੀਂ
ਸੀ।
ਜੇ
ਡਾਲੀ
ਗੁਰਜੀਤ
ਨੂੰ
ਹਾਸੇ
ਮਜ਼ਾਕ
ਵਿਚ
ਕਿਤੋਂ
ਰਿਸ਼ਤਾ
ਕਰਵਾਉਣ
ਦੀ
ਗੱਲ
ਜਿਹੀ
ਕਰਦੀ
ਤਾਂ
ਉਹ
ਅੱਗੇ
ਵਾਂਗ
ਘੜ੍ਹਿਆ
ਘੜ੍ਹਾਇਆ
ਉੱਤਰ
ਮੋੜਦਾ,
"ਅਸੀਂ
ਫ਼ਕੀਰ
ਲੋਕ
ਐਂ
ਭਾਬੀਏ!
ਤੂੰ
ਸਾਨੂੰ
ਨਰੜਨ
ਬਾਰੇ
ਨਾ
ਸੋਚ!
ਬੀਜੀ
ਨੂੰ
ਨੂੰਹ
ਚਾਹੀਦੀ
ਸੀ,
ਤੇ
ਉਹ
ਤੂੰ
ਆ
ਈ
ਗਈ
ਐਂ!
ਜਿੰਨਾਂ
ਕੁ
ਰੱਬ
ਦਿੰਦੈ,
ਉਸੇ
'ਤੇ
ਹੀ
ਬੰਦੇ
ਨੂੰ
ਸਬਰ
ਕਰਨਾ
ਚਾਹੀਦੈ,
ਤੇ
ਨਹੀਂ
ਮੂੰਹ
ਅੱਡੇ
ਤੋਂ
ਤਾਂ
ਮੱਖੀਆਂ
ਈ
ਪੈਂਦੀਐਂ!
ਸਾਡੇ
ਡੇਰੇ
ਤਾਂ
ਦੂਰ
ਐ
ਭਾਬੋ
ਰਾਣੀਏਂ!
ਤੂੰ
ਈ
ਜਿਉਂਦੀ
ਵੱਸਦੀ
ਰਹਿ!
ਬੀਜੀ
ਦੀ
ਨੂੰਹ
ਲਿਆਉਣ
ਦੀ
ਰਿਹਾੜ
ਸੀ,
ਉਹ
ਪੂਰੀ
ਹੋ
ਗਈ
ਐ,
ਹੁਣ
ਬੀਜੀ
ਨੂੰ
ਆਖ
ਸਬਰ
ਕਰੇ,
ਦੋ
ਨੂੰਹਾਂ
ਨਾਲ
ਬੀਜੀ
ਤੰਗ
ਹੋਣਗੇ!"
ਉਹ
ਟਿੱਚਰ
ਕਰ
ਅੱਗੇ
ਲੰਘ
ਜਾਂਦਾ।
"ਜਿਸ
ਦਿਨ
ਸੰਗਲ
ਪਾਉਣ
'ਤੇ
ਆ
ਗਈ,
ਤੇਰੀ
ਮੈਂ
ਇਕ
ਨੀ
ਸੁਣਨੀ
ਦਿਉਰਾ!
ਨਰੜ
ਕੇ
ਹੀ
ਦਮ
ਲਊਂਗੀ,
ਮੈਂ
ਅਜੇ
ਸੋਚਦੀ
ਐਂ,
ਦਿਉਰ
ਨਿਆਣੈ,
ਇਸੇ
ਕਰਕੇ
ਤੈਨੂੰ
ਛੋਟ
ਦਿੰਦੀ
ਆਉਨੀ
ਆਂ!"
ਡਾਲੀ
ਵੀ
ਅੱਗੋਂ
ਗੁਰਜੀਤ
ਦੀ
ਤਹਿ
ਲਾ
ਦਿੰਦੀ।
ਉਹ
ਦਿਉਰ-ਭਰਜਾਈ
ਹੱਸਦੇ
ਖੇਡਦੇ
ਰਹਿੰਦੇ।
ਉਹਨਾਂ
ਦਾ
ਪ੍ਰੀਵਾਰ
ਬੜਾ
ਖ਼ੁਸ਼ਹਾਲ
ਅਤੇ
ਰੰਗੀਂ
ਵਸ
ਰਿਹਾ
ਸੀ।
ਪਰ
ਹੱਸਦੇ-ਵਸਦੇ
ਘਰ
'ਤੇ
ਭਾਵੀ
ਤਾਂ
ਉਦੋਂ
ਟੁੱਟੀ,
ਜਦ
ਮੋਟਰਸਾਈਕਲ
'ਤੇ
ਸ਼ਹਿਰ
ਗਏ
ਹਰਜੀਤ
ਦਾ
ਟਰੱਕ
ਨਾਲ
ਐਕਸੀਡੈਂਟ
ਹੋ
ਗਿਆ।
ਸੱਟਾਂ
ਨਾਲ
ਉਹ
ਪਰੋਇਆ
ਗਿਆ
ਸੀ।
ਬਾਹਰਲੀਆਂ
ਸੱਟਾਂ
ਦਾ
ਤਾਂ
ਡਾਕਟਰ
ਕੋਈ
ਬਹੁਤਾ
ਫ਼ਿਕਰ
ਨਹੀਂ
ਕਰ
ਰਹੇ
ਸਨ।
ਪਰ
ਛਾਤੀ
ਵਾਲੀ
ਸੱਟ
ਅਤੀਅੰਤ
ਘਾਤਕ
ਸੀ।
ਅੰਦਰੂਨੀ
ਸੱਟ
ਕਾਰਨ
ਖ਼ੂਨ
ਅੰਦਰ
ਪੈ
ਰਿਹਾ
ਸੀ।
ਹਾਦਸੇ
ਬਾਰੇ
ਸੁਣ
ਕੇ
ਸਾਰੇ
ਟੱਬਰ
ਦਾ
ਦਿਲ
ਮੁੱਠੀ
ਵਿਚ
ਆ
ਗਿਆ।
ਜਦ
ਉਹਨਾਂ
ਨੇ
ਹਸਪਤਾਲ
ਜਾ
ਕੇ
ਹਰਜੀਤ
ਨੂੰ
ਦੇਖਿਆ
ਤਾਂ
ਉਹ
ਪੱਟੀਆਂ
ਨਾਲ
'ਮੜ੍ਹਿਆ'
ਪਿਆ
ਸੀ।
ਥਾਂ-ਥਾਂ
ਤੋਂ
ਖ਼ੂਨ
ਸਿੰਮ
ਕੇ
ਸੁੱਕ
ਚੁੱਕਾ
ਸੀ।
ਹਰਬੰਸ
ਕੌਰ
ਦੇ
ਦਿਲ
ਵਿਚੋਂ
ਕਸੀਸ
ਉਠੀ।
ਆਤਮਾਂ
ਵਿਚੋਂ
ਵਿਰਲਾਪ
ਉਠਿਆ।
ਸੋਹਣਾ
ਸੁਣੱਖਾ
ਪੁੱਤ
ਕਿਹੜੇ
ਬੁਰੇ
ਹਾਲੀਂ
ਪਿਆ
ਸੀ।
ਉਸ
ਨੂੰ
ਹੋਸ਼
ਨਹੀਂ
ਸੀ।
ਹਰਜੀਤ
ਨੂੰ
ਗੁਲੂਕੋਜ਼,
ਇੱਥੋਂ
ਤੱਕ
ਕਿ
ਖ਼ੂਨ
ਵੀ
ਚਾੜ੍ਹਿਆ
ਜਾ
ਰਿਹਾ
ਸੀ।
ਹਰਬੰਸ
ਕੌਰ
ਇੱਕ
ਲੱਤ
'ਤੇ
ਖੜ੍ਹ
ਕੇ
ਜੋਦੜੀਆਂ
ਕਰ
ਰਹੀ
ਸੀ।
ਹਰਜੀਤ
ਦੀ
ਸੁੱਖ
ਮੰਗ
ਰਹੀ
ਸੀ।
ਡਾਲੀ
ਵੀ
ਸੱਚੇ
ਪਾਤਿਸ਼ਾਹ
ਅੱਗੇ
ਖੜ੍ਹੀ
ਅਰਜੋਈਆਂ
ਕਰ
ਰਹੀ
ਸੀ।
ਸ਼ਾਮ
ਸਿੰਘ
ਚੁੱਪ
ਚਾਪ
ਕੰਧ
ਨਾਲ
ਲੱਗਿਆ
ਬੈਠਾ
ਸੀ।
ਜ਼ਿੰਦਗੀ
ਅਤੇ
ਮੌਤ
ਨਾਲ
ਘੋਲ
ਕਰਦਿਆਂ
ਤੀਜੇ
ਦਿਨ
ਹਰਜੀਤ
ਦੀ
ਨਬਜ਼
ਖੜ੍ਹ
ਗਈ।
ਮਾਂ
ਗੱਭਰੂ
ਪੁੱਤ
ਦੀ
ਲਾਸ਼
'ਤੇ
ਡਿੱਗ
ਕੇ
ਹਾਲੋਂ
ਬੇਹਾਲ
ਹੋ
ਗਈ।
"ਵਾਰੀ
ਤਾਂ
ਮੇਰੀ
ਸੀ
ਵੇ
ਪੁੱਤ!
ਤੂੰ
ਮੇਰੀ
ਵਾਰੀ
ਕਾਹਨੂੰ
ਲੈ
ਗਿਆ..?"
ਉਸ
ਨੇ
ਮਰੇ
ਪੁੱਤ
ਦਾ
ਮੱਥਾ
ਪਲੋਸਦਿਆਂ
ਮਿਹਣਾ
ਦਿੱਤਾ,
"ਵੇ
ਤੂੰ
ਕਾਹਲੀ
ਕਿਉਂ
ਕਰ
ਗਿਆ
ਵੇ
ਮੇਰਿਆ
ਸੋਹਣਿਆਂ
ਪੁੱਤਾ...!"
"ਵੇ
ਤੂੰ
ਤਾਂ
ਮੇਰੀ
ਡਾਲੀ
ਨਾਲ
ਵੀ
'ਨਸਾਫ਼
ਨਾ
ਕੀਤਾ
ਤੇ
ਉਜਾੜ
ਕੇ
ਸਿੱਟ
ਗਿਆ
ਵੇ
ਪੁੱਤਾ...!"
ਉਸ
ਦੇ
ਕੀਰਨੇ
ਕੰਧਾਂ
ਪਾੜ
ਰਹੇ
ਸਨ।
"ਵੇ
ਮੈਂ
ਤਾਂ
ਤੁਹਾਨੂੰ
ਦੁਨੀਆਂ
ਤੋਂ
ਲਕੋ
ਲਕੋ
ਕੇ
ਪਾਲਿਆ
ਸੀ
ਵੇ
ਮੇਰਿਆ
ਹਰਜੀਤਿਆ
ਸ਼ੇਰਾ..!"
"ਵੇ
ਤੂੰ
ਮਾਂ
ਤੋਂ
ਕਿਹੜਾ
ਬਦਲਾ
ਲੈ
ਲਿਆ
ਵੇ
ਮੇਰਿਆ
ਸੋਹਣਿਆਂ
ਪੁੱਤਾ..!"
ਗੁਰਜੀਤ
ਨੇ
ਮਾਂ
ਦਾ
ਮੋਢਾ
ਆ
ਨੱਪਿਆ
ਅਤੇ
ਮਾਂ
ਨੂੰ
ਧਰਵਾਸ
ਦੇਣ
ਦੀ
ਕੋਸ਼ਿਸ਼
ਕੀਤੀ।
ਸ਼ਾਮ
ਨੂੰ
ਜਦ
ਹਰਜੀਤ
ਦਾ
ਸਸਕਾਰ
ਕੀਤਾ
ਗਿਆ
ਤਾਂ
ਸਾਰੇ
ਪਿੰਡ
ਦੇ
ਚੁੱਲ੍ਹੇ
ਬਲਣੇ
ਬੰਦ
ਹੋ
ਗਏ।
ਸਾਰੇ
ਪਿੰਡ
ਵਿਚ
ਹੀ
ਸੋਗ
ਵਰ੍ਹਿਆ
ਹੋਇਆ
ਸੀ।
ਚਿੜੀ
ਨਹੀਂ
ਚੂਕ
ਰਹੀ
ਸੀ।
ਤੀਜੇ
ਦਿਨ
ਫ਼ੁੱਲ
ਚੁਗੇ
ਗਏ।
ਪੁੱਤ
ਦੇ
ਫ਼ੁੱਲ
ਪਾਉਣ
ਲਈ
ਮਾਂ
ਜ਼ਿੱਦ
ਕਰ
ਕੇ
ਨਾਲ
ਗਈ
ਸੀ।
ਡਾਲੀ
ਨੇ
ਫ਼ੌਲਾਦੀ
ਅਤੇ
ਉਦਾਸ
ਚੁੱਪ
ਧਾਰੀ
ਹੋਈ
ਸੀ।
ਹਰਜੀਤ
ਦੇ
ਭੋਗ
ਤੋਂ
ਬਾਅਦ
ਹਰਬੰਸ
ਕੌਰ
ਨੇ
ਹਰਜੀਤ
ਦੇ
ਸਹੁਰੇ
ਨੂੰ
ਰੋਕ
ਲਿਆ।
ਉਸ
ਵਿਚ
ਹੁਣ
ਕੋਈ
ਕਣ-ਕੰਡਾ
ਬਾਕੀ
ਨਹੀਂ
ਬਚਿਆ
ਸੀ।
ਉਸ
ਦੀਆਂ
ਅੱਖਾਂ
ਬੁਝ
ਗਈਆਂ
ਸਨ
ਅਤੇ
ਹੁਣ
ਉਹ
ਕੰਧਾਂ
ਨੂੰ
ਹੱਥ
ਪਾ-ਪਾ
ਤੁਰਦੀ
ਸੀ।
"ਹੁਣ
ਡਾਲੀ
ਦਾ
ਕੀ
ਕਰੀਏ
ਉਜਾਗਰ
ਸਿਆਂ?"
ਸਾਹ
ਹਰਬੰਸ
ਕੌਰ
ਦੀ
ਛਾਤੀ
ਵਿਚ
ਖੜਕ
ਰਹੇ
ਸਨ।
"ਜਿਸ
ਦਿਨ
ਡਾਲੀ
ਦਾ
ਰਿਸ਼ਤਾ
ਕੀਤਾ
ਸੀ
ਹਰਬੰਸ
ਕੁਰੇ,
ਮੈਂ
ਤਾਂ
ਓਸ
ਦਿਨ
ਈ
ਇਹਨੂੰ
ਤੁਹਾਡੀ
ਧੀ
ਬਣਾ
ਦਿੱਤਾ
ਸੀ!
ਮੈਨੂੰ
ਵੀ
ਕੁਛ
ਸੁੱਝਦਾ
ਨਹੀਂ!
ਹਰਜੀਤ
ਸਿਉਂ
ਮੈਨੂੰ
ਪੁੱਤਰਾਂ
ਨਾਲੋਂ
ਘੱਟ
ਨਹੀਂ
ਸੀ!
ਉਹ
ਮੋਹ
ਖ਼ੋਰਾ
ਤਾਂ
ਮੈਥੋਂ
ਪੁੱਤਰਾਂ
ਨਾਲੋਂ
ਵੱਧ
ਪਿਆਰ
ਲੈਂਦਾ
ਸੀ!
ਮੈਂ
ਤੁਹਾਡੀ
ਰਾਇ
ਨਾਲ
ਈ
ਚੱਲਣੈ,
ਤੁਹਾਡੇ
ਤੋਂ
ਇੱਕ
ਇੰਚ
ਵੀ
ਬਾਹਰ
ਨਹੀਂ,
ਹਰਬੰਸ
ਕੁਰੇ!
ਤੁਸੀਂ
ਸ਼ਾਮ
ਸਿਉਂ
ਨਾਲ
ਸਲਾਹ
ਮਸ਼ਬਰਾ
ਕਰ
ਲਿਓ,
ਮੈਨੂੰ
ਤੁਹਾਡਾ
ਆਖਿਆ
ਮਨਜੂਰ
ਐ!
ਜੋ
ਫ਼ੈਸਲਾ
ਤੁਸੀਂ
ਕਰੋਂਗੇ,
ਡਾਲੀ
ਦੇ
ਭਲੇ
ਲਈ
ਈ
ਕਰੋਂਗੇ,
ਮੈਨੂੰ
ਪਤੈ!"
ਹਫ਼ਤੇ
ਬਾਅਦ
ਸਲਾਹ
ਕਰ
ਕੇ
ਸ਼ਾਮ
ਸਿੰਘ
ਅਤੇ
ਹਰਬੰਸ
ਕੌਰ
ਨੇ
ਪੰਚਾਇਤ
ਇਕੱਠੀ
ਕਰ
ਲਈ।
"ਮੇਰੀ
ਮੰਨੋ!
ਲਿਆਕਤ
ਵਾਲੀ
ਸਿਆਣੀ
ਕੁੜੀ
ਐ,
ਇਹਨੂੰ
ਆਪਣੇ
ਗੁਰਜੀਤ
ਦੇ
ਘਰ
ਬਿਠਾ
ਦਿਓ!
ਐਹੋ
ਜੀ
ਸਿਆਣੀ
ਕੁੜੀ
ਚੰਗੀ
ਕਿਸਮਤ
ਨਾਲ
ਈ
ਮਿਲਦੀ
ਐ,
ਸ਼ਾਮ
ਸਿਆਂ!"
ਸਰਪੰਚ
ਨੇ
ਸਿਆਣੀ
ਮੱਤ
ਦਿੱਤੀ।
"ਉਹ
ਤਾਂ
ਸਾਨੂੰ
ਵੀ
ਪਤਾ
ਈ
ਐ
ਸਰਪੈਂਚਾ!
ਪਰ
ਜੇ
ਗੁਰਜੀਤ
ਮੰਨੂੰਗਾ,
ਤਾਂ
ਹੀ
ਐ
ਨਾ?"
"ਉਹਨੂੰ
ਲਿਆਓ!
ਮਨਾ
ਅਸੀਂ
ਲੈਂਦੇ
ਆਂ!"
ਗੁਰਜੀਤ
ਨੂੰ
ਸੱਦ
ਲਿਆਂਦਾ
ਗਿਆ।
"ਘਰ
ਦੀ
ਇੱਜ਼ਤ
ਐ
ਗੁਰਜੀਤ
ਸਿਆਂ!
ਐਹੋ
ਜੇ
ਜੀਅ
ਚੰਗੇ
ਕਰਮਾਂ
ਨਾਲ
ਈ
ਨਸੀਬ
ਹੁੰਦੇ
ਐ!
ਅੱਜ
ਨਹੀਂ
ਤਾਂ
ਕੱਲ੍ਹ,
ਵਿਆਹ
ਤਾਂ
ਤੂੰ
ਕਰਵਾਉਣਾ
ਈ
ਐਂ!
ਜੇ
ਘਰ
ਦੀ
ਇੱਜ਼ਤ
ਘਰ
'ਚ
ਈ
ਰਹਿਜੇ,
ਇਹਦੇ
ਨਾਲ
ਦੀ
ਰੀਸ
ਨਹੀਂ!"
"ਨਾਲੇ
ਗੁਰਜੀਤ
ਸਿਉਂ
ਨੂੰ
ਪਤਾ
ਈ
ਐ
ਬਈ
ਵਿਚਾਰੀ
ਨੇ
ਅੱਜ
ਤੱਕ
ਕੰਡੇ
ਜਿੰਨੀ
ਤਕਲੀਫ਼
ਨਹੀਂ
ਦਿੱਤੀ!
ਸਾਨੂੰ
ਮਾਂ
ਬਾਪ
ਤੋਂ
ਵੱਧ
ਸਮਝਦੀ
ਐ!
ਇਹਨੂੰ
ਧੱਕ
ਕੇ
ਤਾਂ
ਪਾਪ
ਈ
ਲਵਾਂਗੇ
ਸਰਪੈਂਚਾ!"
ਸ਼ਾਮ
ਸਿੰਘ
ਬੋਲਿਆ।
ਉਹ
ਬਹੁਤ
ਹੀ
ਘੱਟ
ਬੋਲਣ
ਵਾਲਾ
ਬੰਦਾ
ਸੀ।
ਪਰ
ਅੱਜ
ਡਾਲੀ
ਕਰ
ਕੇ
ਉਹ
ਭਾਵਨਾ
ਵੱਸ
ਬੋਲ
ਗਿਆ
ਸੀ।
ਉਸ
ਦਾ
ਮਨ
ਨੂੰਹ-ਪੁੱਤ
ਦੇ
ਦੁੱਖ
ਕਾਰਨ
ਛਲਣੀਂ
ਹੋਇਆ
ਪਿਆ
ਸੀ।
ਜਦ
ਇਸ
ਬਾਰੇ
ਗੁਰਜੀਤ
ਨਾਲ
ਗੱਲ
ਕੀਤੀ
ਤਾਂ
ਉਹ
ਵੀ
ਮਾਂ-ਬਾਪ
ਦੇ
ਦੁੱਖ
ਦਰਦ
ਵਿਚ
ਚੁੱਪ
ਹੀ
ਵੱਟ
ਗਿਆ।
ਪਰ
ਰੰਮੀ
ਬਾਰੇ
ਸੋਚ
ਸੋਚ
ਕੇ
ਉਸ
ਦਾ
ਦਿਮਾਗ
'ਜਾਮ'
ਹੋਇਆ
ਪਿਆ
ਸੀ।
ਉਸ
ਨੂੰ
ਕੁਝ
ਸੁੱਝ
ਨਹੀਂ
ਰਿਹਾ
ਸੀ।
ਪਰ
ਉਹ
ਏਨੀ
ਗੱਲ
ਜ਼ਰੂਰ
ਸੋਚ
ਰਿਹਾ
ਸੀ
ਕਿ
ਕੀ
ਬਣੂੰਗਾ
ਰੰਮੀ
ਨਾਲ
ਕੀਤੇ
ਕੌਲ
ਕਰਾਰਾਂ
ਦਾ?
ਕੀ
ਕਰੂੰਗਾ
ਉਸ
ਨਾਲ
ਕੀਤੇ
ਵਾਅਦਿਆਂ
ਦਾ?
ਕੀ
ਬਣੂੰਗਾ
ਰੰਮੀ
ਦਾ?
ਪਰ
ਗੁਰਜੀਤ
ਸਿਆਂ!
ਇਕ
ਪਾਸਾ
ਤਾਂ
ਤੈਨੂੰ
ਰੱਖਣਾ
ਈ
ਪੈਣੈਂ!
ਜੇ
ਐਧਰ
ਝਾਕਦੈਂ
ਤਾਂ
ਤਿੰਨ
ਰੂਹਾਂ
ਦੁਖੀ
ਬੈਠੀਐਂ!
ਜੇ
ਰੰਮੀ
ਵੱਲ
ਝਾਕਦੈਂ
ਤਾਂ
ਉਹ
ਵੀ
ਦੁਖੀ!
ਹੁਣ
ਤੇਰਾ
ਕੰਮ
ਹੈ
ਕਿ
ਤਿੰਨ
ਰੂਹਾਂ
ਨੂੰ
ਸੰਤੁਸ਼ਟ
ਕਰਨੈਂ
ਕਿ
ਇਕ
ਰੂਹ
ਨੂੰ?
ਇਕ
ਪਾਸਾ
ਤੈਨੂੰ
ਨਿਰਾਸ਼
ਕਰਨਾ
ਹੀ
ਪੈਣੈ!
ਜਦ
ਉਹ
ਮਾਂ-ਬਾਪ
ਅਤੇ
ਡਾਲੀ
ਵੱਲ
ਦੇਖਦਾ
ਤਾਂ
ਉਹਨਾਂ
ਦੇ
ਦੁੱਖ
ਦਾ
ਪੱਲੜਾ
ਉਹਨਾਂ
ਨੂੰ
ਭਾਰਾ
ਲੱਗਦਾ!
ਗੁਰਜੀਤ
ਦੀ
ਚੁੱਪ
ਦੇਖ
ਕੇ
ਪੰਚਾਇਤ
ਨੇ
ਡਾਲੀ
ਨੂੰ
ਗੁਰਜੀਤ
ਦੇ
ਘਰ
ਬਿਠਾਉਣ
ਦਾ
ਫ਼ੈਸਲਾ
ਸਰਬ-ਸੰਮਤੀ
ਨਾਲ
ਹੀ
ਦੇ
ਦਿੱਤਾ।
ਪੰਚਾਇਤ
ਦਾ
ਫ਼ੈਸਲਾ
ਸੁਣ
ਕੇ
ਉਹ
ਦੋਚਿੱਤੀ
ਵਿਚ
ਰੰਮੀ
ਕੋਲ
ਚਲਾ
ਗਿਆ।
"ਜੇ
ਸੰਤ
ਮਹਾਂਪੁਰਖ਼ਾਂ
ਦੀ
ਗੱਲ
ਮੰਨੀ
ਜਾਵੇ,
ਤਾਂ
ਮਾਂ-ਬਾਪ
ਨੂੰ
ਸੰਤੁਸ਼ਟ
ਰੱਖਣਾ
ਤੁਹਾਡਾ
ਸਭ
ਤੋਂ
ਵੱਡਾ
ਇਖ਼ਲਾਕੀ
ਤੇ
ਦੁਨਿਆਵੀ
ਫ਼ਰਜ਼
ਐ!
ਜੇ
ਤੁਹਾਨੂੰ
ਮਾਂ-ਬਾਪ
ਅਤੇ
ਭਰਜਾਈ
ਦੇ
ਦੁੱਖ
ਕਾਰਨ
ਮੈਨੂੰ
ਛੱਡਣਾ
ਵੀ
ਪਵੇ
ਤਾਂ
ਮੈਂ
ਤੁਹਾਨੂੰ
ਜ਼ਿੰਦਗੀ
ਵਿਚ
ਕਦੇ
ਉਲਾਂਭਾ
ਨਹੀਂ
ਦਿਊਂਗੀ!
ਆਪਣੇ
ਫ਼ਰਜ਼ਾਂ
ਕਾਰਨ
ਮੈਂ
ਆਪਣੇ
ਹਰ
ਅਰਮਾਨ
ਦੀ
ਬਲੀ
ਦੇ
ਸਕਦੀ
ਹਾਂ!
ਸਿਰੜ
ਵਾਲੇ
ਬੰਦਿਆਂ
ਨੇ
ਫ਼ਰਜ਼
ਅੱਗੇ,
ਤੇ
ਅਰਮਾਨ
ਤੇ
ਸਧਰਾਂ
ਪਿੱਛੇ
ਰੱਖੀਆਂ
ਨੇ!
ਮੇਰੇ
ਵੱਲੋਂ
ਨਿਸ਼ਚਿੰਤ
ਹੋ
ਕੇ
ਤੁਸੀਂ
ਪੰਚਾਇਤ
ਦਾ
ਫ਼ੈਸਲਾ
ਸਿਰ
ਮੱਥੇ
ਮੰਨੋ,
ਪੰਚਾਇਤ
ਰੱਬ
ਵਰਗੀ
ਹੁੰਦੀ
ਐ!
ਤੁਹਾਡੀ
ਮਜਬੂਰੀ
ਤੇ
ਫ਼ਰਜ਼
ਅੱਗੇ
ਰੱਖ
ਕੇ
ਇਮਾਨਦਾਰੀ
ਨਾਲ
ਇਕ
ਵਾਅਦਾ
ਕਰਦੀ
ਹਾਂ
ਕਿ
ਜੇ
ਆਪਾਂ
ਕਿਸੇ
ਮੋੜ
'ਤੇ
ਮਿਲੇ
ਵੀ,
ਤਾਂ
ਕਾਲਜ
ਦੀ
ਇੱਕ
ਚੰਗੀ
ਦੋਸਤ
ਹੋਣ
ਦੇ
ਨਾਤੇ
ਨਾਲ
ਹੀ
ਮਿਲੂੰਗੀ
ਤੇ
ਜ਼ਿੰਦਗੀ
ਵਿਚ
ਕਦੇ
ਵੀ
ਤੁਹਾਡੀ
ਜ਼ਿੰਦਗੀ
ਵਿਚ
ਦਖ਼ਲ
ਨਹੀਂ
ਦਿਊਂਗੀ!
ਹਰਜੀਤ
ਵੀਰ
ਜੀ
ਦੇ
ਹਾਦਸੇ
ਕਾਰਨ
ਆਪਣੀ
ਜ਼ਿੰਦਗੀ
ਦੀ
ਗੱਡੀ
ਪਲਟੀ,
ਤੁਹਾਡਾ
ਕੋਈ
ਵੀ
ਦੋਸ਼
ਨਹੀਂ!
ਨਾ
ਦੋਸ਼
ਮਾਂ
ਬਾਪ
ਦਾ
ਤੇ
ਨਾ
ਡਾਲੀ
ਭੈਣ
ਜੀ
ਦਾ!
ਇਹ
ਸਾਰਾ
ਦੋਸ਼
ਆਪਣੇ
ਕਰਮਾਂ
ਤੇ
ਸੰਯੋਗਾਂ
ਦਾ
ਹੈ
ਗੁਰਜੀਤ,
ਕਿਸੇ
'ਤੇ
ਕੋਈ
ਸ਼ਿਕਵਾ
ਨਹੀਂ!"
ਰੰਮੀ
ਦੇ
ਆਖਣ
'ਤੇ
ਗੁਰਜੀਤ
ਕੁਝ
ਹਲਕਾ
ਹੋ
ਗਿਆ
ਅਤੇ
ਚੁੱਪ
ਵੱਟੀ
ਘਰ
ਨੂੰ
ਤੁਰ
ਪਿਆ।
"ਆਖ਼ਰੀ
ਵਾਰ
ਗਲਵਕੜੀ
ਵੀ
ਨਹੀਂ
ਪਾਵੇਂਗਾ
ਸੱਜਣਾ?"
ਰੰਮੀ
ਨੇ
ਦੋਫ਼ਾੜ
ਹੋਏ
ਦਿਲ
ਦੀ
ਖ਼ਾਹਿਸ਼
ਦੱਸੀ।
ਗੁਰਜੀਤ
ਨੇ
ਉਸ
ਨੂੰ
ਗਲਵਕੜੀ
ਵਿਚ
ਲੈ
ਲਿਆ।
ਉਸ
ਦਾ
ਮਨ
ਕਿਨਾਰਿਆਂ
ਤੱਕ,
ਕਟੋਰੇ
ਵਾਂਗ
ਭਰਿਆ
ਹੋਇਆ
ਸੀ।
ਜਦ
ਉਹ
ਘਰ
ਆਇਆ
ਤਾਂ
ਮਾਂ
ਰੱਬ
ਅੱਗੇ
ਕਿਸੇ
ਸ਼ੁਕਰਾਨੇ
ਵਿਚ
ਅਕਾਸ਼
ਵੱਲ
ਨੂੰ
ਮੂੰਹ
ਕਰੀ,
ਹੱਥ
ਜੋੜੀ
ਬੈਠੀ
ਸੀ।
ਗੁਰਜੀਤ
ਨੂੰ
ਮਹਿਸੂਸ
ਹੋਇਆ
ਕਿ
'ਅੰਨਾਂ
ਬੋਲਾ
ਰੱਬ'
ਕਿਸੇ
ਦੀ
ਸੁਣਦਾ
ਸੀ?
ਜਾਂ
ਬੇਪ੍ਰਵਾਹ
ਸੀ??
ਫ਼ਿਰ
ਉਸ
ਨੇ
ਡਾਲੀ
ਵੱਲ
ਨਜ਼ਰ
ਮਾਰ
ਕੇ
ਇਕ
ਵਾਰ
ਫ਼ਿਰ
ਘੁੱਟ
ਵੱਟ
ਲਈ। |