5_cccccc1.gif (41 bytes)

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ


ਜਦ ਉਸ ਦਾ ਬਾਪ ਬਿਮਾਰ ਹੋਇਆ ਤਾਂ ਨਿੰਦੀ ਸੱਤ ਕੁ ਸਾਲ ਦੀ ਬਾਲੜੀ ਸੀ।

ਬਾਪ ਦੀ ਬਿਮਾਰੀ ਬਾਰੇ ਤਾਂ ਉਸ ਨੂੰ ਬਹੁਤਾ ਭੇਦ ਨਹੀਂ ਸੀ। ਪਰ ਉਹ ਸਮਾਜ ਦੇ ਠੇਡੇ-ਠ੍ਹੋਕਰਾਂ ਖਾਂਦੀ ਬਚਪਨ ਵਿਚ ਹੀ ਕੁਝ ਸੋਚਣ ਅਤੇ ਕੁਝ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨ ਲੱਗ ਪਈ ਸੀ। ਜਦ ਉਸ ਦੀ ਮਾਂ ਪੁੱਛਣ ਤੇ ਕਿਸੇ ਨੂੰ ਉਸ ਦੇ ਬਾਪ ਦੀ ਬਿਮਾਰੀ ਬਾਰੇ ਦੱਸਦੀ ਤਾਂ ਸੁਣਨ ਵਾਲੇ ਆਮ ਹੀ ਆਖਦੇ, "ਬੜੀ ਚੰਦਰੀ ਬਿਮਾਰੀ ਐ ਭੈਣੇ ਇਹ ਤਾਂ, ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਲਾਵੇ!" ਸੁਣ ਕੇ ਉਹ ਡਰ ਨਾਲ ਸਹਿਮ ਜਾਂਦੀ ਕਿ ਜਿਹੜੀ ਬਿਮਾਰੀ ਨੂੰ ਲੋਕ ਚੰਦਰੀ ਦੱਸਦੇ ਹਨ, ਪਤਾ ਨਹੀਂ ਕਿੱਡੀ ਕੁ ਘਾਤਕ ਬਿਮਾਰੀ ਹੋਵੇਗੀ? ਪਰ ਉਸ ਨੂੰ ਸਮਝ ਕੋਈ ਨਾ ਪੈਂਦੀ ਅਤੇ ਨਾ ਹੀ ਉਸ ਦੀ ਬਾਲੜੀ ਸੋਚ ਕੋਈ ਕੰਮ ਹੀ ਕਰਦੀ ਸੀ।

ਉਸ ਦੀ ਮਾਂ ਸਵੇਰੇ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਚਲੀ ਜਾਂਦੀ ਅਤੇ ਪੰਜ-ਸੱਤ ਘਰਾਂ ਦਾ ਕੰਮ ਨਬੇੜ ਕੇ ਸ਼ਾਮ ਨੂੰ ਘਰ ਪਰਤਦੀ। ਦਰ-ਦਰ ਕੰਮ ਕਰਦੀ, ਥੱਕੀ ਟੁੱਟੀ ਉਸ ਦੀ ਮਾਂ ਸ਼ਾਮ ਤੱਕ ਪਟੜੇ ਵਾਂਗ ਆਕੜ ਜਾਂਦੀ ਅਤੇ ਘਰ ਆ ਕੇ ਮੰਜੇ ਤੇ ਡਿੱਗ ਪੈਂਦੀ। ਨਿੰਦੀ ਉਸ ਨੂੰ ਚਾਹ ਪੁੱਛਦੀ ਤਾਂ ਉਹ ਅੱਖਾਂ ਭਰ ਕੇ ਇੱਕੋ ਗੱਲ ਹੀ ਆਖਦੀ, "ਤੂੰ ਆਪਣੇ ਪਿਉ ਨੂੰ ਚਾਹ ਦੇ ਦਿੱਤੀ ਸੀ ਪੁੱਤ?" ਤਾਂ ਉਹ ਮਾਂ ਦੀ ਖ਼ਸਤਾ ਹਾਲਤ ਦੇਖ ਕੇ ਹਾਂ ਵਿਚ ਉੱਤਰ ਮੋੜਦੀ। ਪਰ ਮਾਂ ਦੇ ਦੁੱਖ ਵਿਚ ਉਸ ਦਾ ਮੂੰਹੋਂ ਬੋਲ ਨਾ ਨਿਕਲਦਾ। ਉਸ ਦਾ ਬਾਪ ਸੁੱਕੇ ਦਰੱਖ਼ਤ ਦੇ ਮੁੱਢ ਵਾਂਗ ਇੱਕ ਖੂੰਜੇ ਹੀ ਪਿਆ ਰਹਿੰਦਾ। ਉਹ ਬੱਸ ਅੱਖਾਂ ਹੀ ਝਪਕਦਾ। ਹੋਰ ਉਸ ਦਾ ਕੋਈ ਅੰਗ ਬਹੁਤੀ ਹਰਕਤ ਨਾ ਕਰਦਾ। ਉਸ ਨੂੰ ਇਸ ਤਰ੍ਹਾਂ ਪਿਆ ਦੇਖ ਕੇ ਨਿੰਦੀ ਨੂੰ ਲੋਕਾਂ ਦੀ ਆਖੀ ਚੰਦਰੀ ਬਿਮਾਰੀ ਤੋਂ 'ਭੈਅ' ਆਉਣ ਲੱਗ ਜਾਂਦਾ ਅਤੇ ਉਹ ਦੋਨੋਂ ਹੱਥ ਜੋੜ ਕੇ ਮੂੰਹ ਅਸਮਾਨ ਵੱਲ ਚੁੱਕ ਕੋਈ ਦੁਆ ਮੰਗਦੀ ਕਿ ਰੱਬ ਵਾਕਿਆ ਹੀ ਕਿਸੇ ਨੂੰ ਅਜਿਹੀ ਬਿਮਾਰੀ ਨਾ ਲਾਵੇ!

ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਕਿਵੇਂ ਬਾਪੂ ਦਿਵਾਲੀ ਵਾਲੇ ਦਿਨ ਉਸ ਲਈ ਮਠਿਆਈ, ਪਟਾਕੇ ਅਤੇ ਫ਼ੁੱਲਝੜੀਆਂ ਲਿਆਇਆ ਸੀ। ਨਿੰਦੀ ਦੇ ਮੂੰਹ ਵਿਚ ਮਠਿਆਈ ਪਾਉਣ ਲੱਗਿਆ ਉਹ ਬੋਲਿਆ ਸੀ, "ਲੈ ਬਈ ਨਿੰਦਿਆ! ਅੱਜ ਦਿਵਾਲੀ ਐ, ਮਾਰ ਮਸਤੀ! ਕਰ ਐਸ਼ ਆਪਣੇ ਬਾਪੂ ਦੇ ਸਿਰ ਤੇ! ਜੇ ਕੋਈ ਚੀਜ਼ ਲਿਆਉਣੀ ਮੈਂ ਭੁੱਲ ਗਿਆ ਤਾਂ ਹੁਣੇ ਈ ਦੱਸ ਦੇਹ!" ਤਾਂ ਉਸ ਨੇ ਭੋਲੇਪਨ ਨਾਲ ਉੱਤਰ ਦਿੱਤਾ, "ਪਾਪਾ, ਤੁਸੀਂ ਮੇਰੀ ਹੱਟੜੀ ਤਾਂ ਲੈ ਕੇ ਨਹੀਂ ਆਏ?"

"ਓਹ ਲੈ ਬਈ! ਉਹ ਤਾਂ ਮੈਂ ਭੁੱਲ ਹੀ ਗਿਆ! ਚੱਲ ਆਪਾਂ ਹੁਣ ਜਾ ਕੇ ਲੈ ਆਉਂਦੇ ਆਂ, ਇਹ ਵੀ ਕੋਈ ਗੱਲ ਐ?" ਉਸ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ ਸੀ।

"ਤੁਸੀਂ ਇਹਨੂੰ ਬਹੁਤਾ ਸਿਰ ਨਾ ਚਾੜ੍ਹੋ! ਸਰ ਜਾਊਗਾ ਸਾਡਾ ਹੱਟੜੀ ਬਿਨਾ! ਹੈਨ੍ਹੀ ਸਾਡੇ ਕੋਲੇ ਐਨੇ ਪੈਸੇ!" ਨਿੰਦੀ ਦੀ ਮਾਂ ਨੇ ਕਿਹਾ।
"
ਤੂੰ ਸਾਡੀ ਪਿਉ-ਧੀ ਦੀ ਗੱਲ ਚ ਨਾ ਬੋਲਿਆ ਕਰ! ਚੱਲ ਪੁੱਤ ਨਿੰਦੀ, ਆਪਾਂ ਲੈ ਕੇ ਆਈਏ ਤੇਰੀ ਹੱਟੜੀ! ਤੇਰੀ ਮਾਂ ਨੂੰ ਤਾਂ ਆਪਣੀ ਗੱਲ ਕੱਟਣ-ਟੋਕਣ ਦੀ ਬੁਰੀ ਆਦਤ ਐਂ!" ਤੇ ਉਹ ਦੋਨੋ ਹੱਸਦੇ ਫ਼ਿਰ ਬਜ਼ਾਰ ਨੂੰ ਤੁਰ ਪਏ।

ਨਿੰਦੀ ਦਾ ਬਾਪ ਕਬਾੜੀਏ ਦਾ ਛੋਟਾ-ਮੋਟਾ ਕਿੱਤਾ ਕਰਦਾ ਸੀ। ਪੁਰਾਣਾਂ ਲੋਹਾ, ਪੁਰਾਣਾਂ ਚਮੜਾ ਅਤੇ ਪੁਰਾਣੇ ਪਲਾਸਟਿਕ ਦਾ ਸਮਾਨ ਉਹ ਇਕੱਠਾ ਕਰਦਾ ਅਤੇ ਉਸ ਨੂੰ ਵੱਡੇ ਕਬਾੜੀਏ ਕੋਲ ਵੇਚ ਦਿੰਦਾ ਸੀ। ਇਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਵਧੀਆ ਤੁਰਿਆ ਜਾਂਦਾ ਸੀ।

ਉਹਨਾਂ ਨੇ ਨਿੰਦੀ ਦੀ ਹੱਟੜੀ ਖ਼ਰੀਦ ਲਈ।

"ਅੱਜ ਦਿਵਾਲੀ ਵਾਲੇ ਦਿਨ ਸੁੱਕਾ ਈ ਬਜ਼ਾਰ ਫ਼ਿਰਦੈਂ ਬਲਕਾਰਿਆ?" ਉਸ ਦੇ ਇੱਕ ਬੇਲੀ ਨੇ ਉਸ ਕੋਲ ਆ ਕੇ ਕਿਹਾ।
"
ਅਜੇ ਨਿਆਣਿਆਂ ਦਾ ਸਮਾਨ ਲੈਂਦੇ ਫ਼ਿਰਦੇ ਐਂ, ਹੈ ਕੋਈ ਸਸਤੀ ਚੀਜ਼ ਲੱਗੀ ਕਿਤੇ?"
"
ਸਸਤੀ ਦਾ ਤਾਂ ਮੈਨੂੰ ਪਤਾ ਨਹੀਂ, ਪਰ ਚੀਜ਼ ਹੈ ਕੜਾਕੇ ਦੀ! ਕੰਮ ਕਾਰ ਤਾਂ ਨਿੱਤ ਈ ਕਰਨੇ ਐਂ, ਪੈਸੇ ਰੋਜ਼ ਕਮਾਉਣੇ ਐਂ, ਪਰ ਵਰ੍ਹੇ ਦਿਨਾਂ ਦੇ ਦਿਨ ਕਿਹੜਾ ਨਿੱਤ ਆਉਂਦੇ ਐ? ਪੰਜ ਕੀ, ਪੰਦਰਾਂ ਕੀ? ਅੱਜ ਤਾਂ ਕੰਡੇ ਹੋ!"
"
ਕਿੱਥੇ ਮਿਲਦੀ ਐ?"
"
ਢੋਲੀ ਦੇ ਹਾਤੇ 'ਚੋਂ! ਮੰਡ ਚੋਂ ਕੱਢ ਕੇ ਲਿਆਏ ਐ! ਵੀਹਾਂ ਦੀ ਬੋਤਲ ਐ!"
ਉਹ ਦੋਨੋਂ ਢੋਲੀ ਦੇ ਹਾਤੇ ਵੱਲ ਨੂੰ ਤੁਰ ਪਏ।
"
ਨਿੰਦਿਆ! ਤੈਨੂੰ ਤੇਰਾ ਸਾਰਾ ਸਮਾਨ ਮਿਲ ਗਿਆ?"
"
ਹਾਂ ਜੀ!" ਉਸ ਨੇ ਭੋਲੇ ਭਾਅ ਸਿਰ ਹਿਲਾਇਆ।
"
ਲੈ ਪੁੱਤ ਫ਼ੇਰ ਅਸੀਂ ਆਪਣਾ ਕੰਮ ਕਰ ਲਈਏ ਹੁਣ!" ਤੇ ਉਹ ਢੋਲੀ ਦੇ ਹਾਤੇ ਵਿਚੋਂ ਬੋਤਲ ਲੈਣ ਵੜ ਗਿਆ।

ਚਾਹੇ ਨਿੰਦੀ ਨੂੰ ਬਹੁਤੀ ਸਮਝ ਨਹੀਂ ਪਈ ਸੀ। ਪਰ ਉਸ ਨੂੰ ਪਾਪਾ ਜੀ ਦਾ ਬੋਤਲ ਲੈਣਾਂ ਚੰਗਾ ਵੀ ਨਹੀਂ ਲੱਗਿਆ ਸੀ। ਨਿੰਦੀ ਦੀ ਮਾਂ ਬਲਕਾਰ ਨੂੰ ਬੋਤਲ ਲਿਆਉਣ ਤੋਂ ਰੋਕਦੀ-ਟੋਕਦੀ ਰਹਿੰਦੀ ਸੀ, ਇਸ ਲਈ ਇਸ ਦਾ ਅਸਰ ਨਿੰਦੀ 'ਤੇ ਵੀ ਸੀ। ਪਰ ਅੱਜ ਦਿਵਾਲੀ ਦਾ ਤਿਉਹਾਰ ਹੋਣ ਅਤੇ ਪਟਾਕੇ ਚਲਾਉਣ ਦੀ ਖ਼ੁਸ਼ੀ ਹੋਣ ਕਰ ਕੇ ਉਸ ਨੇ ਬਹੁਤਾ ਕੋਈ ਮਹਿਸੂਸ ਨਹੀਂ ਕੀਤਾ ਸੀ।

ਬੋਤਲ ਬਲਕਾਰ ਨੇ ਲਿਆ ਕੇ ਰਸੋਈ ਦੇ ਖੂੰਜੇ ਰੱਖ ਦਿੱਤੀ।

"ਅੱਜ ਵਰ੍ਹੇ ਦਿਨਾਂ ਦਾ ਦਿਨ ਐਂ, ਅੱਜ ਤਾਂ ਇਸ ਤੋਂ ਪ੍ਰਹੇਜ਼ ਕਰ ਲੈਣਾਂ ਸੀ?" ਕੰਤੋ ਨੇ ਕਿਹਾ।
"
ਅੱਜ ਤਾਂ ਖ਼ੁਸ਼ੀ ਦਾ ਦਿਨ ਐਂ, ਜੇ ਅੱਜ ਨਹੀਂ ਪੀਣੀਂ, ਤਾਂ ਹੋਰ ਕਿਸ ਦਿਨ ਪੀਣੀ ਐਂ? ਲਿਆ ਕੁਛ ਖਾਣ ਪੀਣ ਨੂੰ ਤਾਂ ਦੇਹ!" ਉਸ ਨੇ ਪੈੱਗ ਪਾ ਲਿਆ।
ਕੰਤੋ ਨੇ ਕੌਲੀ ਵਿਚ ਗੋਭੀ ਦੀ ਸਬਜ਼ੀ ਪਾ ਦਿੱਤੀ।

ਅਜੇ ਬਲਕਾਰ ਨੇ ਦੂਜਾ ਪੈੱਗ ਹੀ ਲਾਇਆ ਸੀ ਕਿ ਉਹ ਕਿਸੇ ਅੰਦਰੂਨੀ ਦਰਦ ਨਾਲ ਕਮਾਨ ਵਾਂਗ ਦੂਹਰਾ ਹੋ ਗਿਆ।
ਕੰਤੋ ਅੰਦਰ ਨਿੰਦੀ ਕੋਲ ਸੀ।

"ਕੁੜ੍ਹੇ ਨਿੰਦੀ, ਆਹ ਗੁਆਂਢੀਆਂ ਦੇ ਕੋਠੇ 'ਤੇ ਕੋਈ ਬਿੱਲੀ ਰੋਈ ਜਾਂਦੀ ਐ, ਤੂੰ ਪਟਾਕਾ-ਪਟੂਕਾ ਚਲਾ ਕੋਈ, ਡਰ ਕੇ ਦਫ਼ਾ ਹੋਵੇ ਚੰਦਰੀ!" ਉਸ ਨੇ ਕੰਨ 'ਤੇ ਜ਼ੋਰ ਪਾ ਕੇ ਸੁਣਿਆਂ।
"
ਬਿੱਲੀ ਰੋਣ ਨਾਲ ਕੀ ਹੁੰਦੈ, ਮਾਂ?"
"
ਬਿੱਲੀ ਰੋਂਦੀ ਮਾੜੀ ਹੁੰਦੀ ਐ ਪੁੱਤ!"
"
ਮੈਨੂੰ ਤਾਂ 'ਕੱਲੀ ਨੂੰ ਪਟਾਕਾ ਚਲਾਉਂਦੀ ਨੂੰ ਡਰ ਲੱਗੂ! ਤੂੰ ਪਾਪਾ ਜੀ ਨੂੰ ਆਖ, ਉਹ ਮੇਰੇ ਨਾਲ ਚਲਾਉਣਗੇ!"

ਧੀ ਦੀ ਗੱਲ ਸੁਣ ਕੇ ਕੰਤੋ ਬਾਹਰ ਆ ਗਈ।
ਜਦ ਉਸ ਨੇ ਰਸੋਈ ਵੱਲ ਨਜ਼ਰ ਮਾਰੀ ਤਾਂ ਬਲਕਾਰ ਮੂਧੇ ਮੂੰਹ, ਸਪਾਲ ਪਿਆ ਸੀ।

"ਨੀ ਨਿੰਦੀ..! ਨੀ ਦੇਖ ਨੀ, ਤੇਰੇ ਭਾਪੇ ਨੂੰ ਕੀ ਹੋ ਗਿਆ..!" ਉਸ ਨੇ ਚੀਕ ਨਹੀਂ, ਚੰਘਿਆੜ ਮਾਰੀ ਸੀ।

ਨਿੰਦੀ ਵੀ ਸਭ ਕੁਝ ਸੁੱਟ ਬਾਹਰ ਆ ਗਈ।
ਬਲਕਾਰ ਦੇ ਮੂੰਹ ਵਿਚੋਂ ਖ਼ੂਨ ਵਗੀ ਜਾ ਰਿਹਾ ਸੀ। ਦੇਖ ਕੇ ਨਿੰਦੀ ਰੋਣ ਲੱਗ ਪਈ।
ਕੰਤੋ ਨੇ ਹਾਲ-ਦੁਹਾਈ ਪਾਈ ਤਾਂ ਆਂਢ-ਗੁਆਂਢ ਇਕੱਠਾ ਹੋ ਗਿਆ।

"ਇਹਨੇ ਖਾਧਾ ਪੀਤਾ ਕੀ ਐ?" ਕਿਸੇ ਬਜ਼ੁਰਗ ਨੇ ਗੱਲ ਦਾ ਜਾਇਜ਼ਾ ਜਿਹਾ ਲੈਣਾਂ ਚਾਹਿਆ।
"
ਆਹ ਦਾਰੂ ਪੀ ਜਾਂਦਾ ਸੀ ਬਾਬਾ ਜੀ!" ਕੰਤੋ ਨੇ ਬੋਤਲ ਚੁੱਕ ਕੇ ਦਿਖਾ ਦਿੱਤੀ, "ਮੈਂ ਬਥੇਰਾ ਰੋਕਿਆ, ਪਰ ਹਟਿਆ ਨੀ!" ਉਹ ਫ਼ਿਰ ਰੋ ਪਈ।
"
ਇਹ ਤਾਂ ਭਾਈ ਦਾਰੂ ਵਿਚ ਈ ਕੋਈ ਖੋਟ ਐ, ਚੱਕੋ ਇਹਨੂੰ ਹਸਪਤਾਲ ਲੈ ਕੇ ਚੱਲਦੇ ਐਂ! ਉਏ ਗ੍ਹੀਟਿਆ! ਲਿਆ ਉਏ ਕੋਈ ਰਿਕਸ਼ੇ ਵਾਲਾ ਫ਼ੜ ਕੇ, ਜਲਦੀ!"

ਗ੍ਹੀਟਾ ਅੱਭੜਵਾਹਿਆਂ ਵਾਂਗ ਬਾਹਰ ਨੂੰ ਭੱਜ ਲਿਆ।
ਦਿਵਾਲੀ ਦਾ ਤਿਉਹਾਰ ਹੋਣ ਕਰਕੇ ਕੋਈ ਰਿਕਸ਼ਾ ਵੀ ਨਹੀਂ ਮਿਲ ਰਿਹਾ ਸੀ। ਸਭ ਘਰੋ-ਘਰੀ ਦਿਵਾਲੀ ਦੀ ਮੌਜ ਵਿਚ ਸਨ।
ਅਖੀਰ ਇਕ ਰਿਕਸ਼ਾ ਚਾਲਕ ਦਾ ਮਿੰਨਤ ਤਰਲਾ ਕਰਕੇ ਉਸ ਨੂੰ ਹਸਪਤਾਲ ਲਿਜਾਣ ਲਈ ਰਾਜ਼ੀ ਕਰ ਲਿਆ।
ਬਲਕਾਰ ਨੂੰ ਰਿਕਸ਼ੇ ਵਿਚ ਲੱਦ ਉਹ ਹਸਪਤਾਲ ਨੂੰ ਤੁਰ ਪਏ।

"ਬਾਬਾ ਜੀ ਮੈਂ ਤਾਂ ਬਥੇਰਾ ਪੀਣ ਤੋਂ ਵਰਜਿਆ, ਪਰ ਕਾਹਨੂੰ ਕੋਈ ਗੱਲ ਮੰਨਦਾ ਸੀ!" ਕੰਤੋ ਰਿਕਸ਼ੇ ਦੇ ਨਾਲ ਤੁਰੀ ਜਾਂਦੀ, ਵਿਰਲਾਪ ਕਰਦੀ ਜਾ ਰਹੀ ਸੀ।

"ਦਿਲ ਨਾ ਹੌਲਾ ਕਰ ਭਾਈ! ਰੱਬ ਭਲੀ ਕਰੂਗਾ!" ਬਾਬਾ ਫ਼ੋਕਾ ਹੀ ਧਰਵਾਸ ਦੇਈ ਆ ਰਿਹਾ ਸੀ। ਵੈਸੇ ਉਸ ਨੂੰ ਕੋਈ ਗੱਲ ਜ਼ਰੂਰ 'ਖੁੜਕ' ਗਈ ਸੀ। ਬਲਕਾਰ ਦੇ ਚਿਹਰੇ 'ਤੇ ਪਿਲੱਤਣ ਛਾ ਗਈ ਸੀ ਅਤੇ ਅੱਖਾਂ ਜ਼ਰਦ ਹੋ ਚੁੱਕੀਆਂ ਸਨ। ਮੂੰਹ ਵਿਚੋਂ ਖ਼ੂਨ ਵਗਣੋਂ ਰੁਕ ਗਿਆ ਸੀ।
ਉਹਨਾਂ ਨੇ ਰਿਕਸ਼ਾ ਹਸਪਤਾਲ ਜਾ ਕੇ ਲਾਇਆ ਤਾਂ ਪਤਾ ਲੱਗਿਆ ਕਿ ਹਸਪਤਾਲ ਵਿਚ ਤਾਂ ਐਸ ਸਮੇਂ ਕੋਈ ਡਾਕਟਰ ਹੀ ਹਾਜ਼ਰ ਨਹੀਂ ਸੀ। ਨਰਸਾਂ ਅਤੇ ਕੰਪਾਊਡਰ ਇਸ ਜ਼ੋਖ਼ਮ ਭਰੇ ਕੇਸ ਨੂੰ ਹੱਥ ਨਹੀਂ ਪਾ ਰਹੇ ਸਨ।

"ਭਾਈ ਤੂੰ ਡਾਕਦਾਰ ਨੂੰ ਫ਼ੂਨ ਤਾਂ ਲਾ ਕੇ ਦੇਖ, ਨਹੀਂ ਬੰਦਾ ਭੰਗ ਦੇ ਭਾੜੇ ਈ ਜਾਊ!" ਬਾਬੇ ਨੇ ਹੱਥ ਜੋੜੇ।

ਡਾਕਟਰ ਨੂੰ ਫ਼ੋਨ ਮਿਲਾਇਆ। ਪਰ ਵਾਰ ਵਾਰ ਫ਼ੋਨ ਮਿਲਾਉਣ ਦੇ ਬਾਵਜੂਦ ਵੀ ਕਿਸੇ ਨੇ ਫ਼ੋਨ ਨਾ ਚੁੱਕਿਆ।

"ਇਕ ਤਾਂ ਬਾਬਾ ਜੀ ਅੱਜ ਦਿਵਾਲੀ ਐ।" ਨਰਸ ਨੇ ਕਿਹਾ।
"
ਉਹ ਤਾਂ ਮੈਂ ਵੀ ਮੰਨਦੈਂ ਬੀਬੀ, ਪਰ ਸਰਕਾਰੀ ਹਸਪਤਾਲ 'ਚ ਕੋਈ ਡਾਕਦਾਰ ਤਾਂ ਹੋਣਾਂ ਚਾਹੀਦੈ, ਬੰਦੇ ਦੀ ਹਾਲਤ ਖ਼ਰਾਬ ਐ, ਤੂੰ ਉਹਨੂੰ ਫ਼ੂਨ ਫ਼ੇਰ ਲਾ ਮੇਰਾ ਪੁੱਤ ਬਣਕੇ!"

ਪੰਜ-ਸੱਤ ਕੋਸ਼ਿਸ਼ਾਂ ਤੋਂ ਬਾਅਦ ਜਾ ਕੇ ਡਾਕਟਰ ਨੇ ਫ਼ੋਨ ਚੁੱਕਿਆ।

"ਤੁਸੀਂ ਮੈਨੂੰ ਅਵਾਜ਼ਾਰ ਕਿਉਂ ਕਰੀ ਜਾਨੇ ਐਂ?" ਉਸ ਦੀ ਅਵਾਜ਼ ਵਿਚ ਕਾਫ਼ੀ ਤਪਸ਼ ਸੀ।
"
ਸੌਰੀ ਡਾਕਟਰ ਸਾਹਿਬ, ਇਕ ਬਹੁਤ ਹੀ ਸੀਰੀਅਸ ਕੇਸ ਹੈ!"

ਡਾਕਟਰ ਨੇ ਪਤਾ ਨਹੀਂ ਕੀ ਆਖਿਆ? ਪਰ ਉਹ ਆਸ ਜਿਹੀ ਲਾ ਕੇ ਬੈਠ ਗਏ। ਬਲਕਾਰ ਫੱਟੇ ਵਾਂਗ ਆਕੜਿਆ, ਸ਼ਾਂਤ ਪਿਆ ਸੀ।
ਅਜੇ ਡਾਕਟਰ ਹਸਪਤਾਲ ਪਹੁੰਚਿਆ ਨਹੀਂ ਸੀ ਕਿ ਬਲਕਾਰ ਵਰਗੇ ਹੋਰ ਕੇਸ ਵੀ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ। ਇਕ ਗਰਦੋਗੋਰ ਮੱਚ ਗਈ ਸੀ।
ਹੁਣ ਲੋਕਾਂ ਨੂੰ ਮਹਿਸੂਸ ਹੋ ਗਿਆ ਸੀ ਕਿ ਸ਼ਹਿਰ ਵਿਚ ਲੋਕ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਹਨ।
ਤਕਰੀਬਨ ਵੀਹ ਕੇਸ ਹਸਪਤਾਲ ਪਹੁੰਚ ਚੁੱਕੇ ਸਨ। ਪਰ ਡਾਕਟਰ ਅਜੇ ਵੀ ਨਹੀਂ ਬਹੁੜਿਆ ਸੀ।

ਪੂਰੇ ਸ਼ਹਿਰ ਵਿਚ ਗੱਲ ਜੰਗਲ ਦੀ ਅੱਗ ਵਾਂਗ ਫ਼ੈਲ ਗਈ। ਲੋਕਾਂ ਨੇ ਪੁਲੀਸ, ਪ੍ਰਸ਼ਾਸਨ ਅਤੇ ਗੌਰਮਿੰਟ ਦੀ 'ਮੁਰਦਾਬਾਦ' ਕਰਨੀ ਸ਼ੁਰੂ ਕਰ ਦਿੱਤੀ। ਲੋਕ ਭੜ੍ਹਕ ਗਏ ਸਨ। ਜਦ ਡਾਕਟਰ ਆਇਆ ਤਾਂ ਲੋਕਾਂ ਨੇ ਉਸ ਨੂੰ ਆਉਂਦੇ ਹੀ ਕਾਰ ਵਿਚੋਂ ਲਾਹ ਲਿਆ ਅਤੇ ਜੰਮ ਕੇ ਕੁੱਟ ਮਾਰ ਕੀਤੀ। ਪੁਲੀਸ ਨੇ ਵਿਚ ਪੈ ਕੇ ਡਾਕਟਰ ਮਸਾਂ ਹੀ ਲੋਕਾਂ ਦੇ ਹਜੂਮ ਹੇਠੋਂ ਕੱਢਿਆ।

"ਉਏ ਕਮਲਿਓ! ਇਹਨੂੰ ਕਿਉਂ ਕੁੱਟੀ ਜਾਨੇ ਐਂ, ਇਹਨੂੰ ਮਰੀਜ਼ ਦੇਖ ਲੈਣ ਦਿਓ!" ਸਿਆਣੇ ਬਾਬੇ ਨੇ ਦੁਹਾਈ ਦਿੱਤੀ।

ਭੜ੍ਹਕੇ ਲੋਕਾਂ ਦੀ ਸੁਰਤ ਪਰਤੀ। ਮਰੀਜ਼ ਅੰਦਰ ਲਿਜਾਣੇ ਸ਼ੁਰੂ ਹੋ ਗਏ।
ਅੱਠ ਵਿਅਕਤੀ ਮਰ ਚੁੱਕੇ ਸਨ ਅਤੇ ਬਾਕੀ ਅਜੇ ਸਹਿਕ ਰਹੇ ਸਨ। ਲਾਠੀਚਾਰਜ ਕਰ ਕੇ ਪੁਲੀਸ ਨੇ ਸਥਿਤੀ ਕਾਫ਼ੀ ਹੱਦ ਤੱਕ ਕਾਬੂ ਹੇਠ ਕਰ ਲਈ ਸੀ।

"ਇਹ ਮਰ ਗਿਆ ਬਾਬਾ, ਇਹਨੂੰ ਲੈ ਜਾਓ!" ਕੰਮਪਾਊਡਰ ਨੇ ਬੜੇ ਰੁੱਖੇ ਲਹਿਜੇ ਵਿਚ ਕਿਹਾ।

ਅਥਾਹ ਦੁੱਖ ਵਿਚ ਸਿਰ ਫ਼ੇਰਦਾ ਬਾਬਾ ਬਾਹਰ ਆ ਗਿਆ।

"ਚੁੱਕੋ ਭਾਈ! ਇਹ ਪੂਰਾ ਹੋ ਗਿਐ!" ਅੰਦਰੋਂ ਆਉਂਦੇ ਬਾਬੇ ਨੇ ਅਤੀਅੰਤ ਦੁੱਖ ਨਾਲ ਕਿਹਾ।

ਕੰਤੋ ਦਾ ਰੋਣਾਂ-ਪਿੱਟਣਾ ਹੋਰ ਉੱਚਾ ਹੋ ਗਿਆ।

"ਵੇ ਡਾਕਟਰੋ, ਤੁਹਾਡਾ ਕੱਖ ਨਾ ਰਹੇ ਵੇ! ਤੁਸੀਂ ਮੇਰੇ ਸਿਰ ਦਾ ਸਾਈਂ ਮਾਰ ਦਿੱਤਾ! ਪੈ ਜਾਣ ਵੇ ਕੀੜੇ ਤੁਹਾਡੇ!"
"
ਬੀਬੀ ਤੂੰ ਸ਼ਰਾਬ ਵੇਚਣ ਵਾਲਿਆਂ ਨੂੰ ਕਿਉਂ ਨੀ ਕੁਛ ਕਹਿੰਦੀ? ਸਾਨੂੰ ਈ ਕਿਉਂ ਗਾਲ੍ਹਾਂ ਕੱਢੀ ਜਾਂਦੀ ਐਂ?" ਹਸਪਤਾਲ ਦੇ ਇਕ ਕਰਮਚਾਰੀ ਦੇ ਸਿਰ ਵਿਚ ਬਿਨਾਂ ਕਸੂਰੋਂ ਜੁੱਤੀਆਂ ਵੱਜ ਗਈਆਂ ਸਨ। ਉਹ ਆਪਣੇ ਦਿਲ ਦੀ ਭੜ੍ਹਾਸ ਕੰਤੋ 'ਤੇ ਕੱਢ ਗਿਆ ਸੀ।

"ਕਸੂਰ ਕਿਸੇ ਦਾ ਵੀ ਨਹੀਂ ਭਾਈ! ਕਸੂਰ ਤਾਂ ਸਾਡੀ ਕਿਸਮਤ ਦਾ ਹੈ!" ਬਾਬੇ ਨੇ ਬਲਕਾਰ ਦੀ ਲਾਸ਼ ਚੁੱਕਣ ਦਾ ਇਸ਼ਾਰਾ ਦੇ ਦਿੱਤਾ।
ਉਹ ਲਾਸ਼ ਨੂੰ ਘਰ ਕੋਲ ਲੈ ਆਏ।
"
ਆਪਣਾ ਬਲਕਾਰ ਤਾਂ ਹਿਲਦੈ ਬਾਬਾ..! ਬਾਬਾ ਆਪਣਾ ਬਲਕਾਰ ਜਿਉਂਦੈ..!" ਰਿਕਸ਼ੇ ਵਿਚ ਬੈਠੇ ਮੁੰਡੇ ਨੇ ਅਜੀਬ ਅਕਾਸ਼ਬਾਣੀ ਕੀਤੀ।
"
ਕੀ ਕਿਹੈ..?" ਗੱਲ ਬਾਬੇ ਨੂੰ ਜਚੀ ਨਹੀਂ ਸੀ।
"
ਬਲਕਾਰ ਹਿੱਲਿਐ ਬਾਬਾ!"
"
ਚਲੋ ਮੋੜੋ ਰਿਕਸ਼ਾ! ਜਲਦੀ ਕਰੋ!" ਬਾਬੇ ਨੂੰ ਅੱਚਵੀ ਜਿਹੀ ਲੱਗ ਗਈ।

ਉਹ ਵਾਹੋਦਾਹੀ ਹਸਪਤਾਲ ਪਹੁੰਚ ਗਏ।

"ਡਾਕਟਰ ਸਾਹਿਬ, ਜਿਸ ਬੰਦੇ ਨੂੰ ਤੁਹਾਡਾ ਕੰਮਪੋਡਰ ਮਰਿਆ ਆਖਦਾ ਸੀ, ਉਹ ਤਾਂ ਜਿਉਂਦੈ!"

ਡਾਕਟਰ ਭੂਚਾਲ ਵਿਚ ਪੈ ਗਿਆ। ਜਦ ਉਸ ਨੇ ਬਲਕਾਰ ਦੇ ਦਿਲ ਦੀ ਧੜਕਣ ਦੀ ਜਾਂਚ ਕੀਤੀ ਤਾਂ ਬਲਕਾਰ ਸੱਚੀਂ ਹੀ ਜਿਉਂਦਾ ਸੀ।

ਬਲਕਾਰ ਨੂੰ ਦਾਖ਼ਲ ਕਰ ਲਿਆ ਗਿਆ। ਜਿਉਂਦੇ ਹੋਣ ਦਾ ਸੰਕੇਤ ਸੁਣ ਕੇ ਕੰਤੋ ਦਾ ਰੋਣਾਂ ਹੁਣ ਕੁਝ ਠੱਲ੍ਹ ਗਿਆ ਸੀ। ਸ਼ਹਿਰ ਵਿਚ ਇਸ ਕਾਂਡ ਕਾਰਨ ਚਾਹੇ ਹਾਹਾਕਾਰ ਮੱਚੀ ਹੋਈ ਸੀ। ਪਰ ਕੰਤੋ ਦਾ ਦਿਲ ਹੁਣ ਕੁਝ ਸ਼ਾਂਤ ਸੀ। ਉਸ ਦੇ ਸਿਰ ਦਾ ਸਾਈਂ ਸਲਾਮਤ ਸੀ। ਹੋਰ ਉਸ ਨੇ ਰੱਬ ਤੋਂ ਕੀ ਲੈਣਾਂ ਸੀ? ਉਹ ਬਲਕਾਰ ਦੇ ਸਿਰਹਾਣੇ ਬੈਠੀ ਰੱਬ ਨੂੰ ਧਿਆ ਰਹੀ ਸੀ। ਬਲਕਾਰ ਦੇ ਸਿਰ 'ਤੇ ਗੁਲੂਕੋਜ਼ ਦੀ ਬੋਤਲ ਲਟਕ ਰਹੀ ਸੀ। ਪਰ ਉਹ ਅਜੇ ਵੀ ਨਿਢਾਲ ਸੀ।

ਇਕ ਦਮ ਹਸਪਤਾਲ ਵਿਚ ਰੌਲਾ ਉੱਚਾ ਉਠਿਆ। ਆਪੋਧਾਪੀ ਮੱਚੀ।

"ਕੀ ਹੋ ਗਿਆ ਕਾਕਾ? ਆਹ ਐਨੀਂ ਭੱਜ ਦੌੜ ਕਿਉਂ ਹੋਣ ਲੱਗਪੀ?" ਕੰਤੋ ਨੇ ਇੱਕ ਹਸਪਤਾਲ ਦੇ ਕਰਮਚਾਰੀ ਨੂੰ ਪੁੱਛਿਆ। ਨਿੰਦੀ ਉਸ ਨਾਲ ਸਹਿਮੀ ਬੈਠੀ ਸੀ।
"
ਮੰਤਰੀ ਸਾਹਿਬ ਆ ਰਹੇ ਐ ਬੀਬੀ ਜੀ!" ਉਹ ਚੱਕਵੇਂ ਪੈਰੀਂ ਬਾਹਰ ਨਿਕਲ ਗਿਆ।
"
ਟੁੱਟ ਪੈਣੇ ਮੰਤਰੀ ਨੇ ਕਾਹਦਾ ਆਉਣੈਂ, ਨਾਸੀਂ ਧੂੰਆਂ ਲਿਆ ਦਿੱਤਾ!" ਇਕ ਬਿਰਧ ਮਾਤਾ ਆਪਣੇ ਪੋਤਰੇ ਦੇ ਬੈੱਡ ਕੋਲ ਬੈਠੀ ਆਖ ਰਹੀ ਸੀ।
"
ਇਹ ਕੀ ਕਰਨ ਆਇਐ ਹੁਣ?" ਕਿਸੇ ਹੋਰ ਨੇ ਪੁੱਛਿਆ।
"
ਵੋਟਾਂ ਦਾ ਜੁਗਾੜ ਕਰਨ?" ਇਕ ਹੋਰ ਨੇ ਭਵਿੱਖਬਾਣੀ ਕੀਤੀ।

ਮੰਤਰੀ ਜੀ ਅੰਦਰ ਆਏ ਤਾਂ ਡਾਕਟਰ, ਪੁਲੀਸ ਅਤੇ ਪ੍ਰਸ਼ਾਸਨ ਉਹਨਾਂ ਦੇ ਅੱਗੇ ਪਿੱਛੇ ਘੁੰਮ ਰਹੇ ਸਨ।

ਮੰਤਰੀ ਜੀ ਨੇ ਬਿਮਾਰ ਬੰਦਿਆਂ ਦਾ ਮੋਟਾ ਜਿਹਾ ਜਾਇਜ਼ਾ ਲਿਆ। ਉਸ ਨੇ ਬਿਮਾਰਾਂ ਦਾ ਇਲਾਜ਼ ਮੁਫ਼ਤ ਕਰਨ ਦਾ ਹੁਕਮ ਕਰ ਦਿੱਤਾ। ਮਰੇ ਬੰਦਿਆਂ ਦੇ ਪ੍ਰੀਵਾਰਾਂ ਨੂੰ ਇਕ-ਇਕ ਲੱਖ ਰੁਪਏ ਅਤੇ ਬਿਮਾਰ ਬੰਦਿਆਂ ਦੇ ਪ੍ਰੀਵਾਰਾਂ ਨੂੰ ਦਸ-ਦਸ ਹਜ਼ਾਰ ਰੁਪਏ ਦੇਣੇ ਐਲਾਨ ਦਿੱਤੇ।

"ਐਦੂੰ ਤਾਂ ਮੈਂ ਮਰ ਹੀ ਜਾਂਦਾ?" ਇਕ ਬੇਰੁਜ਼ਗਾਰ ਨੇ ਆਪਣੇ ਬੈੱਡ 'ਤੇ ਪਏ ਨੇ ਸੋਚਿਆ। ਦਸ ਹਜ਼ਾਰ ਦੀ ਜਗਾਹ ਘਰਦਿਆਂ ਨੂੰ ਲੱਖ ਰੁਪਏ ਤਾਂ ਮਿਲ ਜਾਂਦੇ? ਕੀ ਫ਼ਾਇਦਾ ਹੈ ਮੇਰੇ ਜਿਉਣ ਦਾ? ਘਰਦਿਆਂ 'ਤੇ ਨਿਰਾ ਬੋਝ ਹੀ ਤਾਂ ਹਾਂ!
"
ਮੰਤਰੀ ਜੀ, ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੀ ਕੋਈ ਗ੍ਰਿਫ਼ਤਾਰੀ ਹੋਈ?" ਇਕ ਪੱਤਰਕਾਰ ਨੇ ਸੁਆਲ ਕੀਤਾ ਤਾਂ ਮੰਤਰੀ ਜੀ ਗਹਿਰੀ ਨਜ਼ਰ ਨਾਲ ਐੱ. ਐੱ. ਪੀ. ਵੱਲ ਝਾਕੇ।

"ਛਾਪੇਮਾਰੀ ਜਾਰੀ ਹੈ, ਦੋਸ਼ੀ ਬੜੀ ਹੀ ਜਲਦੀ ਗ੍ਰਿਫ਼ਤ ਵਿਚ ਲੈ ਲਏ ਜਾਣਗੇ!" ਐੱ. ਐੱ. ਪੀ. ਨੇ ਅੱਗੇ ਹੋ ਕੇ, ਮੰਤਰੀ ਜੀ ਦੀਆਂ ਅੱਖਾਂ ਠਾਰਨ ਲਈ ਪੱਤਰਕਾਰ ਨੂੰ ਬੜਾ ਸੰਖੇਪ ਅਤੇ ਘੜਿਆ ਘੜਾਇਆ ਉੱਤਰ ਦਿੱਤਾ।

"ਦੋਸ਼ੀਆਂ ਦੀ ਸ਼ਨਾਖ਼ਤ ਹੋ ਗਈ ਸਾਹਿਬ?" ਇਕ ਹੋਰ ਪੱਤਰਕਾਰ ਨੇ ਪ੍ਰਸ਼ਨ ਰੱਖਿਆ।
"
ਨਹੀਂ, ਅਜੇ ਭਾਲ ਜਾਰੀ ਹੈ, ਸ਼ਨਾਖ਼ਤ ਬਹੁਤ ਜਲਦੀ ਕਰ ਲਈ ਜਾਵੇਗੀ!"
"
ਸੁਆਹ, ਤੇ ਨਾਲੇ ਖੇਹ ਕਰ ਲਈ ਜਾਵੇਗੀ! ਹੁਣ ਤੱਕ ਕੀ ਕਰਦੇ ਰਹੇ ਐ?" ਬੈੱਡ ਕੋਲ ਬੈਠੀ ਬੇਬੇ ਫ਼ਿਰ ਤੜਪ ਉਠੀ।

ਮੱਖੀ ਵਾਂਗ ਭਿਣਕ ਕੇ ਮੰਤਰੀ ਜੀ ਚਲੇ ਗਏ।
ਹਸਪਤਾਲ ਦੇ ਕਰਮਚਾਰੀਆਂ ਨੂੰ ਮਸਾਂ ਹੀ ਸੁਖ ਦਾ ਸਾਹ ਆਇਆ।
ਨਹੀਂ ਤਾਂ ਉਹ ਅੱਧਾ ਘੰਟਾ ਸੁੱਕਣੇ ਪਏ ਰਹੇ ਸਨ।

ਪੰਜ ਦਿਨ ਬਲਕਾਰ ਹਸਪਤਾਲ ਰਿਹਾ। ਜਾਨ ਤਾਂ ਉਸ ਦੀ ਬਚ ਗਈ ਸੀ। ਪਰ ਉਸ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ। ਨਾ ਹੀ ਚੱਜ ਨਾਲ ਬੋਲਿਆ ਜਾ ਰਿਹਾ ਸੀ। ਡਾਕਟਰਾਂ ਨੇ ਉਸ ਦੀ ਸੀ. ਟੀ. ਸਕੈਨਿੰਗ ਕੀਤੀ ਤਾਂ ਪਤਾ ਲੱਗਿਆ ਕਿ ਜ਼ਹਿਰੀਲੀ ਸ਼ਰਾਬ ਨੇ ਉਸ ਦੇ ਦਿਮਾਗ ਦੀਆਂ ਕੁਝ ਨਾੜੀਆਂ ਨੂੰ 'ਬਲੌਕ' ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਹਿੱਲਣ-ਜੁੱਲਣ ਦੀ ਸ਼ਕਤੀ ਚਲੀ ਗਈ ਸੀ ਅਤੇ ਉਸ ਨੂੰ ਅਧਰੰਗਨੁਮਾਂ ਬਿਮਾਰੀ ਲੱਗ ਗਈ ਸੀ। ਡਾਕਟਰਾਂ ਅਨੁਸਾਰ ਇਸ ਬਿਮਾਰੀ ਦਾ ਕੋਈ ਇਲਾਜ਼ ਨਹੀਂ ਸੀ। ਹੁਣ ਸਾਰੀ ਉਮਰ ਉਸ ਨੂੰ ਇਸ ਨਾਮੁਰਾਦ ਬਿਮਾਰੀ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ। ਤੁਰਦਾ ਫ਼ਿਰਦਾ, ਘੋੜੇ ਵਰਗਾ ਬੰਦਾ ਇੱਕ ਤਰ੍ਹਾਂ ਨਾਲ ਹੁਣ ਮੰਜੇ ਜੋਕਰਾ ਹੀ ਰਹਿ ਗਿਆ ਸੀ। ਵੱਡੀ ਸਮੱਸਿਆ ਇਹ ਸੀ ਕਿ ਉਹ ਹੁਣ ਆਪਣੀ 'ਕਿਰਿਆ' ਵੀ ਨਹੀਂ ਸੋਧ ਸਕਦਾ ਸੀ। ਹੋਰ ਤਾਂ ਹੋਰ, ਹੁਣ ਤਾਂ ਉਸ ਤੋਂ ਆਪਣੇ ਆਪ ਮੰਜੇ 'ਤੇ ਪਾਸਾ ਵੀ ਨਹੀਂ ਲਿਆ ਜਾਂਦਾ ਸੀ। ਇਕੱਲਾ ਕਮਾਊ ਬੰਦਾ ਮੰਜੇ ਨਾਲ ਜੁੜ ਗਿਆ ਸੀ ਅਤੇ ਉਹਨਾਂ ਦਾ ਘਰ ਇਕ ਤਰ੍ਹਾਂ ਨਾਲ 'ਮੂਧਾ' ਵੱਜ ਗਿਆ ਸੀ। ਉਹ ਮੰਜੇ 'ਤੇ ਪਿਆ ਗੁੱਝਾ-ਗੁੱਝਾ ਰੋਂਦਾ ਰਹਿੰਦਾ। ਜਿਹੜੇ ਯਾਰ-ਮਿੱਤਰ ਅਤੇ ਰਿਸ਼ਤੇਦਾਰ ਉਸ ਦੇ ਆਪਣੇ ਬਣ-ਬਣ ਦਿਖਾਉਂਦੇ ਸਨ, ਉਹ ਵੀ ਪਾਸਾ ਵੱਟ ਗਏ। ਦੁਨੀਆਂ ਦਾ ਮੂੰਹ 'ਵਿੰਗਾ' ਹੋ ਗਿਆ।

"ਐਦੂੰ ਤਾਂ ਰੱਬ ਮੈਨੂੰ ਚੱਕ ਈ ਲੈਂਦਾ ਕੰਤੋ!" ਆਖ ਉਹ ਫ਼ਿਰ ਰੋ ਪਿਆ।

"ਤੂੰ ਚਿੰਤਾ ਕਿਉਂ ਕਰਦੈਂ? ਬਥੇਰਾ ਚਿਰ ਤੂੰ ਸਾਨੂੰ ਕਰ-ਕਰ ਕੇ ਖੁਆਇਆ, ਹੁਣ ਕੰਮ ਮੈਂ ਕਰਿਆ ਕਰੂੰ!" ਕੰਤੋ ਨੇ ਉਸ ਦਾ ਦਿਲ ਧਰਾਉਣ ਲਈ ਹਿੱਕ ਤਾਂ ਥਾਪੜ ਦਿੱਤੀ। ਪਰ ਮਨ ਉਸ ਦਾ ਪੁੱਛਿਆ ਹੀ ਜਾਣਦਾ ਸੀ। ਹੋਂਦ ਅਤੇ ਅਣਹੋਂਦ ਦਾ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਹੈ, ਜਦ ਕੋਈ ਚੀਜ਼ ਕੋਲ ਨਾ ਹੋਵੇ! ਹੋਂਦ ਵੇਲੇ ਬੰਦਾ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦਾ। ਪਰ ਜਦ ਉਹ ਚੀਜ਼ ਉਸ ਕੋਲੋਂ 'ਖੁੱਸ' ਜਾਂਦੀ ਹੈ, ਤਾਂ ਉਸ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ!

ਕੰਤੋ ਨੇ ਪੰਜ-ਸੱਤ ਘਰਾਂ ਦਾ ਕੰਮ ਲੈ ਲਿਆ। ਲੋਕਾਂ ਨੇ ਵੀ 'ਵਿਚਾਰੀ' ਜਿਹੀ ਸਮਝ ਕੇ ਮੱਦਦ ਵਜੋਂ ਉਸ ਨੂੰ ਕੰਮ ਦੇ ਦਿੱਤਾ।

ਕੰਤੋ ਸਵੇਰੇ ਮੂੰਹ ਹਨ੍ਹੇਰੇ ਕੰਮ 'ਤੇ ਚਲੀ ਜਾਂਦੀ ਅਤੇ ਗੂੜ੍ਹੀ ਰਾਤ ਪਈ ਤੋਂ ਘਰ ਆਉਂਦੀ। ਮਜਬੂਰੀ ਵੱਸ ਲੋਕਾਂ ਦੇ ਭਾਡੇ ਮਾਂਜ-ਮਾਂਜ ਕੇ ਉਸ ਦੇ ਪੋਟੇ ਘਸ ਚੱਲੇ ਸਨ। ਉਹ ਕੰਮ ਕਰਦੀ ਅੰਦਰੇ-ਅੰਦਰ ਰੋਂਦੀ। ਉਸ ਦੇ ਦਿਲ 'ਤੇ ਇਹ ਗੱਲ ਨਾਸੂਰ ਵਾਂਗ ਰੜਕਦੀ ਕਿ ਕਿੰਨਾਂ ਆਸਰਾ ਹੁੰਦਾ ਹੈ ਔਰਤ ਨੂੰ ਬੰਦੇ ਦਾ? ਜਦ ਬਲਕਾਰ ਤੰਦਰੁਸਤ ਸੀ ਤਾਂ ਉਸ ਨੂੰ ਘਰ ਦੇ ਕੰਮ ਤੋਂ ਬਿਨਾਂ ਹੋਰ ਕਿਸੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ। ਉਸ ਨੂੰ ਅਜੇ ਤੱਕ ਤਾਂ ਯਾਦ ਸੀ ਕਿ ਕਿਵੇਂ ਇੱਕ ਦਿਨ ਉਹ ਕਣਕ ਦਾ ਪੀਹਣ ਕਰਕੇ ਆਪ ਹੀ ਆਟੇ ਵਾਲੀ ਚੱਕੀ 'ਤੇ ਪਿਹਾਉਣਾਂ ਦੇ ਆਈ ਸੀ। ਜਦ ਬਲਕਾਰ ਨੂੰ ਪਤਾ ਲੱਗਿਆ ਕਿ ਮੇਰੇ ਘਰਵਾਲੀ ਇਕੱਲੀ ਚੱਕੀ 'ਤੇ ਗਈ ਸੀ, ਤਾਂ ਉਹ ਦੋ-ਤਿੰਨ ਦਿਨ ਕਲੇਸ਼ ਜਿਹਾ ਕਰਦਾ ਰਿਹਾ ਸੀ ਕਿ ਮੇਰੇ ਜਿਉਂਦੇ ਜੀਅ ਤੂੰ ਚੱਕੀ 'ਤੇ ਆਟਾ ਪਿਹਾਉਣ ਕਿਉਂ ਗਈ? ਲੋਕ ਕੀ ਆਖਣਗੇ? ਉਸ ਦਿਨ ਤੋਂ ਬਾਅਦ ਉਸ ਨੇ ਬਲਕਾਰ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੜ ਕਦੇ ਵੀ ਅਜਿਹੀ ਹਰਕਤ ਨਹੀਂ ਕਰੇਗੀ। ਪਰ ਅੱ..? ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੀ ਜੂਠ ਵਿਚ ਹੀ ਹੱਥ ਮਾਰਦੀ, ਸਾਰਾ ਸਾਰਾ ਦਿਨ ਬਾਹਰ ਰਹਿੰਦੀ ਸੀ। ਦੁਖੀ ਤਾਂ ਬਲਕਾਰ ਵੀ ਬਥੇਰਾ ਸੀ। ਪਰ ਉਸ ਦੇ ਕੋਈ ਵੱਸ ਨਹੀਂ ਸੀ। ਉਹ ਦਾਰੂ ਪੀਣ 'ਤੇ ਪਛਤਾਵਾ ਕਰਦਾ, ਕਿ 'ਜੇ' ਉਹ ਸ਼ਰਾਬ ਨਾ ਪੀਂਦਾ, ਤਾਂ ਘਰ 'ਤੇ ਆਹ ਦਿਨ ਨਾ ਆਉਂਦੇ! ਪਰ ਹੁਣ ਉਸ ਦੀ 'ਜੇ' ਉਸ ਦੇ ਹੱਥ ਨਾ ਆਉਂਦੀ। 'ਜੇ' ਉਸ ਨੂੰ ਡਾਹ ਨਾ ਦਿੰਦੀ ਅਤੇ ਉਹ ਅੱਖਾਂ ਬੰਦ ਕਰ ਲੈਂਦਾ। ਕੋਸੇ ਹੰਝੂ ਉਸ ਦੀਆਂ ਗੱਲਾਂ 'ਤੇ ਡੁੱਲ੍ਹਦੇ ਰਹਿੰਦੇ।

ਸਵੇਰੇ ਕੰਤੋ ਨਿੰਦੀ ਅਤੇ ਬਲਕਾਰ ਦੀ ਰੋਟੀ ਲਾਹ ਕੇ ਰੱਖ ਜਾਂਦੀ। ਨਿੰਦੀ ਬਲਕਾਰ ਨੂੰ ਰੋਟੀ ਖੁਆ ਦਿੰਦੀ। ਬਲਕਾਰ ਦਾ ਖੱਬਾ ਹੱਥ ਹੀ ਮਾੜਾ-ਮੋਟਾ ਚੱਲਦਾ ਸੀ, ਜਿਸ ਨਾਲ ਉਹ ਰੋਟੀ ਖਾ ਲੈਂਦਾ। ਚਾਹ ਪੀਣ ਲੱਗੇ ਨੂੰ ਉਸ ਨੂੰ ਜ਼ਰੂਰ ਸਹਾਰੇ ਦੀ ਲੋੜ ਪੈਂਦੀ। ਉਸ ਦਾ ਦਿਲ ਕੰਧ ਵਿਚ ਟੱਕਰ ਮਾਰਨ ਨੂੰ ਕਰਦਾ। ਪਰ ਉਠ ਕੇ ਕੰਧ ਵਿਚ ਟੱਕਰ ਮਾਰਨੀ ਵੀ ਉਸ ਦੇ ਵੱਸ ਵਿਚ ਨਹੀਂ ਸੀ। ਕਈ ਵਾਰ ਉਸ ਦਾ ਮਨ ਖ਼ੁਦਕਸ਼ੀ ਕਰਨ ਨੂੰ ਕਰਦਾ। ਪਰ 'ਕਿਵੇਂ' ਸੋਚ ਕੇ ਉਹ ਬੇਵੱਸ ਹੋਇਆ ਪਿਆ ਰਹਿੰਦਾ। ਅੱਥਰੂ ਹੁਣ ਉਸ ਦੇ ਬੇਲੀ ਬਣ ਗਏ ਸਨ। ਉਦਾਸੀ ਅਤੇ ਨਿਰਾਸ਼ਾ ਉਸ ਦੀ ਸਕੀ ਸਾਥਣ ਬਣ ਤੁਰੀ ਸੀ।

ਜਦ ਕੰਤੋ ਰਾਤ ਨੂੰ ਥੱਕ ਟੁੱਟ ਕੇ ਘਰੇ ਆਉਂਦੀ ਤਾਂ ਉਸ ਦਾ ਹਾਰਿਆ ਚਿਹਰਾ ਦੇਖ ਕੇ ਬਲਕਾਰ ਦਾ ਮਨ ਕੁਰਲਾ ਉਠਦਾ। ਉਸ ਨੇ ਤਾਂ ਕੰਤੋ ਦਾ ਕਦੇ ਮੂੰਹ ਵੀ ਨਹੀਂ ਫ਼ਿਟਕਾਰਿਆ ਸੀ। ਪਰ ਮਜਬੂਰੀ ਵਿਚ ਕੁਝ ਕਰ ਨਹੀਂ ਸਕਦਾ ਸੀ।

"ਆਹ ਦਿਨ ਵੀ ਦੇਖਣੇ ਸੀ..!" ਉਹ ਆਪਣਾ ਮਾੜਾ ਮੋਟਾ ਚੱਲਦਾ ਖੱਬਾ ਹੱਥ ਤਾਣ ਲਾ ਕੇ ਮੰਜੇ 'ਤੇ, ਅਤੇ ਕਦੇ ਮੱਥੇ 'ਤੇ ਮਾਰਦਾ। ਹੰਝੂ ਫ਼ਿਰ ਵਗ ਪੈਂਦੇ। ਨਿੰਦੀ ਅੰਦਰੋਂ ਭੱਜ ਕੇ ਬਾਹਰ ਆਉਂਦੀ।

"ਕੀ ਹੋ ਗਿਆ ਪਾਪਾ?"
"
ਕੁਛ ਨੀ ਹੋਇਆ ਪੁੱਤ, ਕੁਛ ਨੀ ਹੋਇਆ! ਪਰ ਬਹੁਤ ਕੁਛ ਹੋ ਗਿਆ ਨਿੰਦਿਆ, ਬਹੁਤ ਕੁਛ ਹੋ ਗਿਆ!"
"
ਤੁਸੀਂ ਰੋਂਦੇ ਕਿਉਂ ਐਂ?"
"
ਆਪਣੇ ਮਾੜੇ ਕਰਮਾਂ ਨੂੰ ਰੋਨੈਂ ਪੁੱਤ! ਆਪਦੇ ਮਾੜੇ ਕਰਮਾਂ ਨੂੰ ਰੋਨੈਂ!"

ਨਿੰਦੀ ਤੋਂ ਬਾਪ ਦਾ ਵਿਰਲਾਪ ਝੱਲਿਆ ਨਹੀਂ ਜਾਂਦਾ ਸੀ। ਦਿਵਾਲੀ ਤੋਂ ਬਾਅਦ ਨਿੰਦੀ ਸਕੂਲ ਨਹੀਂ ਗਈ ਸੀ। ਜਾ ਹੀ ਨਹੀਂ ਸਕਦੀ ਸੀ। ਸਕੂਲ ਦਾ ਖ਼ਰਚਾ ਕੌਣ ਝੱਲਦਾ? ਇਸ ਦਾ ਮੰਜੇ 'ਤੇ ਪਏ ਬਲਕਾਰ ਨੂੰ ਬਹੁਤ ਦੁੱਖ ਅਤੇ ਝੋਰਾ ਸੀ।

"ਜੇ ਮੈਨੂੰ ਆਹ ਪਤਾ ਹੁੰਦਾ ਨਿੰਦਿਆ, ਮੈਂ ਚੰਦਰੀ ਸ਼ਰਾਬ ਨੂੰ ਹੱਥ ਤੱਕ ਨਹੀਂ ਲਾਉਂਦਾ ਸੀ, ਪੁੱਤ!" ਉਹ ਪਛਤਾਵੇ ਵਜੋਂ ਆਖਦਾ। ਪਰ ਨਿਆਣੀ ਨਿੰਦੀ ਨੂੰ ਬਹੁਤਾ ਮਹਿਸੂਸ ਨਾ ਹੁੰਦਾ।

ਦਿਨ ਬੀਤਦੇ ਗਏ। ਹਫ਼ਤੇ, ਮਹੀਨੇ ਅਤੇ ਫ਼ਿਰ ਸਾਲ!!

ਹੁਣ ਦੁੱਖ ਝੱਲਣਾ ਤਾਂ ਜਿਵੇਂ ਹਰ ਰੋਜ਼ ਦਾ ਕੰਮ ਹੀ ਬਣ ਗਿਆ ਸੀ। ਕੰਤੋ ਸਾਰਾ ਦਿਨ ਕੰਮ ਕਰਦੀ ਰਹਿੰਦੀ ਅਤੇ ਰਾਤ ਨੂੰ ਥਕਾਵਟ ਨਾਲ ਟੋਟੇ ਹੋਈ ਘਰੇ ਆਉਂਦੀ। ਦਿਨਾਂ ਨਾਲ ਹੁਣ ਉਸ ਦੀ ਸਿਹਤ ਵੀ ਹਾਰ ਚੱਲੀ ਸੀ। ਹੁਣ ਕੰਮ ਕਰਦੀ ਦਾ ਉਸ ਦਾ ਵੀ ਸਾਹ ਚੜ੍ਹਨ ਲੱਗ ਪਿਆ ਸੀ। ਉਹ ਸਾਹ ਜਿਹੇ ਵਰੋਲਦੀ ਸ਼ਾਮ ਨੂੰ ਮਸਾਂ ਮੰਜੇ 'ਤੇ ਆ ਕੇ ਡਿੱਗਦੀ। ਨਿੰਦੀ ਵੀ ਹੁਣ ਸੋਲ੍ਹਾਂ ਸਾਲ ਦੀ ਹੋ ਗਈ ਸੀ। ਉਹ ਕੰਮ ਵਿਚ ਮਾਂ ਦੀ ਮੱਦਦ ਕਰਨੀ ਚਾਹੁੰਦੀ ਸੀ। ਪਰ ਬਲਕਾਰ ਮੰਜੇ 'ਤੇ ਪਿਆ ਸਿਰ ਫ਼ੇਰ ਦਿੰਦਾ ਸੀ। ਉਹ ਕਿਸੇ ਹਾਲਤ ਵਿਚ ਵੀ ਨਹੀਂ ਚਾਹੁੰਦਾ ਸੀ ਕਿ ਉਸ ਦੀ ਜੁਆਨ ਧੀ ਲੋਕਾਂ ਦੇ ਘਰੇ ਜੂਠੇ ਭਾਡੇ ਮਾਂਜੇ ਜਾਂ ਕੱਪੜੇ ਧੋਵੇ! ਸੁਣ ਕੇ ਕੰਤੋ ਚੁੱਪ ਕਰ ਜਾਂਦੀ। ਚਾਹੁੰਦੀ ਤਾਂ ਉਹ ਵੀ ਨਹੀਂ ਸੀ ਕਿ ਉਸ ਦੀ ਜੁਆਨ ਧੀ ਲੋਕਾਂ ਦੀ ਜੂਠ ਮਾਂਜੇ। ਪਰ ਉਸ ਦੀ ਹਾਰੀ-ਹੂੰਝੀ ਦੇਹ ਹੁਣ ਉਸ ਦਾ ਬਹੁਤਾ ਸਾਥ ਨਹੀਂ ਦਿੰਦੀ ਸੀ। ਉਸ ਦੇ ਗੋਡੇ ਦੁਖਣ ਲੱਗ ਪਏ ਸਨ। ਕਦੇ ਰਾਤ ਨੂੰ ਸੁੱਤੀ ਪਈ ਦੀ ਕੜੱਲ ਚੜ੍ਹ ਜਾਂਦੀ ਤਾਂ ਕੰਤੋ ਦੀਆਂ ਚੰਘਿਆੜਾਂ ਨਿਕਲ ਜਾਂਦੀਆਂ। ਨਿੰਦੀ ਉਠ ਕੇ ਮਾਂ ਦੀ ਲੱਤ ਘੁੱਟਦੀ। ਲੱਤਾਂ ਘੁੱਟਦੀ ਨਿੰਦੀ ਸੋਚਦੀ ਕਿ ਹੁਣ ਮੇਰੀ ਉਮਰ ਮਾਂ ਨਾਲ ਹੱਥ ਵਟਾਉਣ ਦੀ ਹੋ ਗਈ ਹੈ, ਮੈਨੂੰ ਵੀ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ! ਇਸ ਬਾਰੇ ਉਸ ਨੇ ਮਾਂ ਨਾਲ ਗੱਲ ਕੀਤੀ। ਚਾਹੁੰਦੀ ਤਾਂ ਮਾਂ ਵੀ ਨਹੀਂ ਸੀ ਕਿ ਉਸ ਦੀ ਧੀ ਵੀ ਉਸ ਵਾਲਾ ਨਖਿੱਧ ਕੰਮ ਕਰੇ, ਪਰ ਉਸ ਕੋਲ ਵੀ ਕੋਈ ਚਾਰਾ ਨਹੀਂ ਸੀ। ਕੀ ਕਰਦੀ?

ਬਲਕਾਰ ਤਾਂ ਹੁਣ ਚੱਜ ਨਾਲ ਬੋਲ ਵੀ ਨਹੀਂ ਸਕਦਾ ਸੀ।

ਉਸ ਅੰਦਰੋਂ ਹੁਣ ਮੁਰਦਾ ਜਿਹੀ ਅਵਾਜ਼ ਨਿਕਲਦੀ। ਜਦ ਬੋਲਦਾ, ਬਹੁਤ ਜੋਰ ਲਾ ਕੇ ਬੋਲਦਾ ਸੀ। ਬੋਲਦੇ ਨੂੰ ਪਸੀਨਾਂ ਆ ਜਾਂਦਾ।

"ਕੱਲ੍ਹ ਘਰ ਆਉਂਦੀ ਨੂੰ ਮੈਨੂੰ ਰਾਜੀ ਮਿਲੀ ਸੀ!" ਕੰਮ 'ਤੇ ਜਾਣ ਤੋਂ ਪਹਿਲਾਂ ਸਵੇਰੇ ਕੰਤੋ ਨੇ ਬਲਕਾਰ ਨਾਲ ਗੱਲ ਚਲਾਈ।
"
ਉਹ ਤੈਨੂੰ ਕਿੱਥੇ ਮਿਲ ਪਈ?" ਬਲਕਾਰ ਦੇ ਦਿਮਾਗ ਅੰਦਰ ਖ਼ਤਰੇ ਦੀਆਂ ਟੱਲੀਆਂ ਖੜਕੀਆਂ। ਮੱਥਾ ਜੋਰ ਨਾਲ ਠਣਕਿਆ। ਰਾਜੀ ਕੋਈ ਸਾਊ ਔਰਤ ਨਹੀਂ ਸੀ। ਸਾਰੀ ਉਮਰ ਰਾਜੀ ਨੇ 'ਗ਼ੈਰ' ਅਤੇ ਅਪਰਾਧੀ ਜਿਹੇ ਕਿਸਮ ਦੇ ਬੰਦਿਆਂ ਨਾਲ ਤੁਰਦਿਆਂ-ਫ਼ਿਰਦਿਆਂ ਹੀ ਗੁਜ਼ਾਰੀ ਸੀ। ਭਾਈਚਾਰੇ ਵਿਚ ਉਸ ਨੂੰ ਕਿਸੇ ਭਲੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਸੀ। ਉਸ ਦਾ ਦਿਮਾਗ ਘੁੰਮੀ ਜਾ ਰਿਹਾ ਸੀ।

"ਢੋਲਾਂ ਵਾਲੇ ਚੌਕ 'ਚ ਮਿਲੀ ਸੀ।"
"
ਫ਼ੇਰ..? ਕੀ ਕਹਿੰਦੀ ਸੀ?" ਉਸ ਦੇ ਸਿਰ ਅੰਦਰ ਤੋਪਾਂ ਚੱਲੀ ਜਾ ਰਹੀਆਂ ਸਨ।
"
ਉਹਨੂੰ ਮੈਂ ਨਿੰਦੀ ਨੂੰ ਕੋਈ ਕੰਮ ਲੱਭ ਕੇ ਦੇਣ ਵਾਸਤੇ ਆਖਿਐ! ਤੈਨੂੰ ਪਤੈ, ਹੁਣ ਮੇਰਾ ਸਰੀਰ ਵੀ ਕੰਮ ਨਹੀਂ ਕਰਦਾ, ਮੈਂ ਵੀ ਹਾਰਦੀ ਜਾਂਦੀ ਆਂ, ਕਿੰਨਾਂ ਕੁ ਚਿਰ ਚੱਲੂੰ ਮੈਂ? ਅਖ਼ੀਰ ਨਿੰਦੀ ਨੂੰ ਕੋਈ ਨਾ ਕੋਈ ਕੰਮ ਤਾਂ ਕਰਨਾਂ ਈ ਪੈਣੈਂ? ਘਰੇ ਬੈਠ ਕੇ ਤਾਂ ਸਰਨਾ ਨਹੀਂ।"
"
ਤੈਨੂੰ ਰਾਜੀ ਬਾਰੇ ਤਾਂ ਪਤੈ!"
"
ਪਰ ਗ਼ਰੀਬ ਦੀ ਧੀ ਜਿੱਥੇ ਵੀ ਜਾਊ, ਗੁੜ ਦੀ ਰੋੜੀ ਵਾਂਗੂੰ ਮੂੰਹ 'ਚ ਈ ਪਾਉਣ ਨੂੰ ਫ਼ਿਰਨਗੇ! ਜੇ ਚੋਰ ਨੂੰ ਚਾਬੀ ਫ਼ੜਾ ਕੇ ਉਹਨੂੰ ਜ਼ਿੰਮੇਵਾਰੀ ਦੇ ਦੇਈਏ, ਉਹਨੇ ਆਪ ਤਾਂ ਚੋਰੀ ਕੀ ਕਰਨੀ ਸੀ, ਕਿਸੇ ਨੂੰ ਵੀ ਨੇੜੇ ਨਹੀਂ ਲੱਗਣ ਦਿੰਦਾ, ਕਿਉਂਕਿ ਉਹਦੀ ਜ਼ਿੰਮੇਵਾਰੀ ਦਾਅ 'ਤੇ ਲੱਗੀ ਹੁੰਦੀ ਐ! ਜੇ ਰਾਜੀ ਦੀ ਲੋਕਾਂ ਵਿਚ ਬਹੁਤੀ ਇੱਜ਼ਤ ਨਹੀਂ ਤਾਂ ਲੋਕ ਉਹਦੇ ਤੋਂ ਡਰਦੇ ਵੀ ਐ! ਛੇਤੀ ਕੀਤੇ ਉਹਦੀ ਕੋਈ ਗੱਲ ਨਹੀਂ ਕੱਟਦਾ, ਰਾਹ ਤਾਂ ਕਿਸੇ ਨੇ ਕੀ ਕੱਟਣਾਂ ਸੀ?"
"
ਪਰ ਉਹ ਕੰਮ ਦਿਵਾਊ ਕੀ?" ਬਲਕਾਰ ਦਾ ਮਨ ਡਿੱਕਡੋਲੇ ਖਾਈ ਜਾ ਰਿਹਾ ਸੀ।
"
ਉਹ ਕਹਿੰਦੀ ਸੀ, ਆਹ ਕੀ ਹੁੰਦੇ ਐ ਥੇਹ ਹੋਣੇ, ਜਿਹੜੇ ਵਿਆਹਾਂ 'ਚ ਸਟੇਜਾਂ 'ਤੇ ਨੱਚਦੇ ਐ..?"
"
ਖੁਸਰੇ?"
"
ਖੁਸਰੇ ਵਿਆਹਾਂ 'ਚ ਥੋੜ੍ਹੋ ਨੱਚਦੇ ਐ? ਕੀ ਦੱਸਦੀ ਸੀ..? …ਆਰਕੈਸਟਾ!" ਉਸ ਨੂੰ ਪੂਰਾ ਕਹਿਣਾ ਵੀ ਨਹੀਂ ਆਉਂਦਾ ਸੀ।
"
ਆਰਕੈਸਟਰਾ ਦੀ ਆੜ 'ਚ ਪਤਾ ਕੀ-ਕੀ ਹੋਈ ਜਾਂਦੈ?"

"ਗ਼ਰੀਬ ਦੀ ਧੀ ਆਟੇ ਦੇ ਦੀਵੇ ਵਰਗੀ ਹੁੰਦੀ ਐ, ਬਲਕਾਰ! ਅੰਦਰ ਚੂਹੇ ਤੇ ਬਾਹਰ ਕਾਂ ਨਹੀਂ ਛੱਡਦੇ, ਆਪਾਂ ਕਿੰਨਾਂ ਕੁ ਚਿਰ ਇਹਨੂੰ ਜੱਫ਼ੇ ਮਾਰ ਮਾਰ ਅੰਦਰ ਰੱਖਾਂਗੇ? ਮਜਬੂਰੀ ਦੇ ਮਾਰਿਆਂ ਨੂੰ ਆਪਾਂ ਨੂੰ ਕਿਸੇ ਕਿੱਤੇ ਲਾਉਣਾ ਈ ਪੈਣੈਂ! ਅੱਜ ਲਾ ਦੇਈਏ, ਚਾਹੇ ਕੱਲ੍ਹ ਲਾ ਦੇਈਏ, ਇਕ ਦਿਨ ਕੌੜਾ ਘੁੱਟ ਭਰਨਾ ਈ ਪੈਣੈ! ਜੇ ਇਹੇ ਰਾਜੀ ਵਰਗੀ ਜੁੱਤੀ ਦੀ ਤਕੜੀ ਔਰਤ ਕੋਲੇ ਕੰਮ ਕਰੂ, ਜਣਾਂ-ਖਣਾਂ ਪੁੱਠੀਆਂ ਅੱਖਾਂ ਨਾਲ ਨੀ ਝਾਕਦਾ! ਨਹੀਂ ਦੁੱਕੀ-ਤਿੱਕੀ ਬੰਦੇ ਈ ਬਿਨਾਂ ਗੱਲੋਂ ਖੰਘੂਰੇ ਮਾਰ ਮਾਰ ਲੰਘੀ ਜਾਂਦੇ ਐ!"

"ਪਰ ਆਰਕੈਸਟਰਾ ਦੀ ਆੜ 'ਚ ਹੋਈ ਪਤਾ ਕੀ ਜਾਂਦੈ?" ਬਲਕਾਰ ਨੇ ਉਸ ਨੂੰ ਸਮਝਾਉਣ ਦੇ ਰੌਂਅ ਵਿਚ ਆਖਿਆ।
"
ਤੇ ਹੋਈ ਕਿਸ ਆੜ 'ਚ ਨਹੀਂ ਜਾਂਦਾ? ਅਮੀਰਾਂ ਦੀਆਂ ਕੁੜੀਆਂ ਵੱਡੇ ਵੱਡੇ ਹੋਟਲਾਂ 'ਚ ਐਸ਼ਪ੍ਰਸਤੀ ਦੇ ਨਾਂ ਥੱਲੇ ਬਥੇਰਾ ਕੁਛ ਕਰੀ ਜਾਂਦੀਐਂ, ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਨਿੱਤ ਨਵੀਆਂ ਗੱਲਾਂ ਸੁਣਦੀ ਆਂ!" ਸੁਣ ਕੇ ਬਲਕਾਰ ਦੇ ਦਿਲ ਨੂੰ ਅਸਹਿ ਧੱਕਾ ਲੱਗਿਆ।

"ਮੈਂ ਤੈਨੂੰ ਕਹਿਣਾਂ ਕੀ ਚਾਹੁੰਨੈਂ? ਤੂੰ ਸੁਣਦੀ ਕਿਉਂ ਨਹੀਂ?" ਉਸ ਨੇ ਦੁਹਰਾਇਆ। ਪਰ ਕੰਤੋ ਜਾ ਚੁੱਕੀ ਸੀ।

"ਤੂੰ ਨਹੀਂ ਸਮਝ ਸਕਦੀ!" ਉਸ ਦਾ ਦਿਲ ਜ਼ੋਰ ਨਾਲ ਧੜਕਿਆ। ਉਸ ਨੂੰ ਮਹਿਸੂਸ ਹੋਇਆ ਕਿ ਦਿਲ ਧੜਕਿਆ ਨਹੀਂ, ਫ਼ਟ ਕੇ ਦੋਫ਼ਾੜ ਹੋਇਆ ਸੀ। ਤੇ ਬਲਕਾਰ ਦੇ ਸਾਹਾਂ ਦੀ ਲੜੀ ਉਸ ਦੇ ਇਸ ਸ਼ਬਦ ਨਾਲ ਪੂਰੀ ਹੋ ਗਈ ਸੀ ਅਤੇ ਉਸ ਦੀਆਂ ਖੁੱਲ੍ਹੀਆਂ, ਚੁੱਪ ਅੱਖਾਂ ਕੰਤੋ ਨੂੰ 'ਕੁਝ' ਸਮਝਾਉਣ ਦੇ ਯਤਨ ਵਿਚ ਸਨ। 'ਤੂੰ ਨਹੀਂ ਸਮਝ ਸਕਦੀ' ਸ਼ਬਦ ਉਸ ਦੇ ਪੱਥਰ ਹੋਏ ਮੂੰਹ 'ਤੇ ਲਿਖਿਆ ਪਿਆ ਸੀ।


 

ਤੂੰ ਨਹੀਂ ਸਮਝ ਸਕਦੀ
ਭਿੰਦਰ ਜਲਾਲਾਬਾਦੀ

ਡੂੰਘਾ ਪਾਣੀ
ਰੂਪ ਢਿੱਲੋਂ

ਵੱਖਰੇ ਹੰਝੂ
ਅਨਮੋਲ ਕੌਰ

ਅੰਨ੍ਹਾ ਬੋਲਾ ਰੱਬ
ਭਿੰਦਰ ਜਲਾਲਾਬਾਦੀ

ਗ਼ਦਰ
ਲਾਲ ਸਿੰਘ ਦਸੂਹਾ

ਕੋਈ ਤਾਂ ਸੁਣਾਓ ਬਾਪੂ ਸਰਬਨ ਸਿਉਂ ਵਾਲੀ ਕਹਾਣੀ
ਗੁਰਪ੍ਰੀਤ ਸਿੰਘ ਫੂਲੇਵਾਲਾ, ਮੋਗਾ

ਖੰਭਾਂ ਦੀਆਂ ਉਡਾਰਾਂ
ਭਵਨਦੀਪ ਸਿੰਘ ਪੁਰਬਾ

ਕੱਫ਼ਣ ਦੀ ਉਡੀਕ ਵਿਚ
ਭਿੰਦਰ ਜਲਾਲਾਬਾਦੀ

ਝੱਖੜ ਝੰਬੇ ਰੁੱਖ
ਭਿੰਦਰ ਜਲਾਲਾਬਾਦੀ

ਭਰਿੰਡ
ਰੂਪ ਢਿੱਲੋਂ

ਚੋਰੀ ਦਾ ਨਤੀਜਾ
ਰੂਪ ਢਿੱਲੋਂ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਬੇਹੋਸ਼
ਅਨਮੋਲ ਕੌਰ

ਹੀਣਭਾਵਨਾ
ਅਨਮੋਲ ਕੌਰ

ਮਤਲਬੀ
ਅਨਮੋਲ ਕੌਰ

ਧੀ
ਸੰਜੀਵ ਸ਼ਰਮਾ, ਫਿਰੋਜ਼ਪੁਰ (ਪੰਜਾਬ)

 ਉਸੇ ਰਾਹ ਵੱਲ
ਅਨਮੋਲ ਕੌਰ

ਚੋਰ ਉਚਕਾ ਚੌਧਰੀ…
ਅਨਮੋਲ ਕੌਰ

ਦੁਨੀਆਂ ਮਤਲਬ ਦੀ
ਸ਼ਿਵਚਰਨ ਜੱਗੀ ਕੁੱਸਾ

 ਲੈਲਾ
ਮੁਨਸ਼ੀ ਪ੍ਰੇਮ ਚੰਦ
(
ਅਨੁਵਾਦਕ:- ਹਰਦੇਵ ਸਿੰਘ ਗਰੇਵਾਲ
)

 ਲੋਹੇ ਦਾ ਘੋੜਾ
ਯਾਦਵਿੰਦਰ ਸਿੰਘ ਸਤਕੋਹਾ

 ਗਵਾਹ
ਅਨਮੋਲ ਕੌਰ

ਆਪਣੇ ਪਰਾਏ
ਸੁਰਿੰਦਰ ਪਾਲ

ਤੇ ਸਿਵਾ ਬੁਝ ਗਿਆ ਸੀ
ਸ਼ਿਵਚਰਨ ਜੱਗੀ ਕੁੱਸਾ

ਉੱਮਰੋਂ ਲੰਮੀ ਉਡੀਕ
ਨਿਸ਼ਾਨ ਰਾਠੌਰ ‘ਮਲਿਕਪੁਰੀ’

ਕਿਉਂ ਚਲੀ ਗਈ?
ਅਨਮੋਲ ਕੌਰ

ਖਲਨਾਇਕ
ਵਰਿੰਦਰ ਆਜ਼ਾਦ

ਲਾਸ਼
ਰੂਪ ਢਿੱਲੋਂ ਅਤੇ ਤੂਰ ਪਰਿਵਾਰ, ਦੁਗਰੀ

ਮੱਠੀਆਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ ਯੂ. ਕੇ.

ਕਲਦਾਰ
 ਰੂਪ ਢਿੱਲੋਂ

ਸਵਰਗ-ਨਰਕ
ਸੁਰਿੰਦਰਪਾਲ ਨੰਗਲਸ਼ਾਮਾ

ਅਰਥ
(ਨੱਨ੍ਹੀ ਕਹਾਣੀ)
ਭਿੰਦਰ ਜਲਾਲਾਬਾਦੀ

ਖੁਦਗਰਜ਼ ਲੋਕ
ਅਨਮੋਲ ਕੌਰ

ਤਲਾਕ
ਵਰਿੰਦਰ ਆਜ਼ਾਦ

ਘੱਲੂਘਾਰਾ
(6 ਜੂਨ ‘ਤੇ ਵਿਸ਼ੇਸ਼)
ਭਿੰਦਰ ਜਲਾਲਾਬਾਦੀ

ਵਿਕਾਸ
ਰੂਪ ਢਿੱਲੋਂ

ਅਸਿਹ ਸਦਮਾ
ਅਨਮੋਲ ਕੌਰ

ਸੀਰੀ
ਭਿੰਦਰ ਜਲਾਲਾਬਾਦੀ

ਉੱਡਦੇ ਪਰਿੰਦੇ
ਰਵੀ ਸਚਦੇਵਾ, ਸਚਦੇਵਾ ਮੈਡੀਕੋਜ਼, ਮਲੋਟ ਰੋਡ ਚੌਕ, ਮੁਕਤਸਰ, ਪੰਜਾਬ

ਆਖ਼ਰੀ ਦਾਅ
ਭਿੰਦਰ ਜਲਾਲਾਬਾਦੀ

ਬਦਲਦੇ ਦੇ ਰਿਸ਼ਤੇ
ਵਰਿੰਦਰ ਅਜ਼ਾਦ

ਬਿਰਧ ਆਸ਼ਰਮ
ਭਿੰਦਰ ਜਲਾਲਾਬਾਦੀ

ਦਿਲ ਵਿਚ ਬਲਦੇ ਸਿਵੇ ਦਾ ਸੱਚ
ਭਿੰਦਰ ਜਲਾਲਾਬਾਦੀ

ਪ੍ਰਿਥਮ ਭਗੌਤੀ ਸਿਮਰ ਕੈ
ਬਲਰਾਜ ਸਿੰਘ ਸਿਂਧੂ, ਯੂ. ਕੇ.

ਰਿਮ ਝਿਮ ਪਰਬਤ
ਵਰਿਆਮ ਸਿੰਘ ਸੰਧੂ

ਮੁਲਾਕਾਤ, ਢਾਬੇ ਵਾਲੇ ਨਾਲ
ਰੂਪ
ਢਿੱਲੋਂ

ਬਰਾਬਰਤਾ
ਅਨਮੋਲ ਕੌਰ

ਲਕੀਰਾਂ
ਗੁਰਪਰੀਤ ਸਿੰਘ ਫੂਲੇਵਾਲਾ
(ਮੋਗਾ)

ਸਪੀਡ
ਰੂਪ
ਢਿੱਲੋਂ

ਦੇਵ ਪੁਰਸ਼…!
ਨਿਸ਼ਾਨ ਸਿੰਘ ਰਾਠੌਰ

ਜਿਉਂਦੇ ਜੀ ਨਰਕ
ਵਰਿੰਦਰ ਆਜ਼ਾਦ

ਬੁੱਢੇ ਦਰਿਆ ਦੀ ਜੂਹ
ਸ਼ਿਵਚਰਨ ਜੱਗੀ ਕੁੱਸ

ਰਿਸ਼ਤਿਆਂ ਦਾ ਕਤਲ
ਡਾ. ਹਰੀਸ਼ ਮਲਹੋਤਰਾ ਬ੍ਰਮਿੰਘਮ
(ਅੱਖਰ ਅੱਖਰ ਸੱਚ, ਸੱਚੀਆਂ ਕਹਾਣੀਆਂ)

ਬਗ਼ਾਵਤ
ਭਿੰਦਰ ਜਲਾਲਾਬਾਦੀ

ਆਪੇ ਮੇਲਿ ਮਿਲਾਈ
ਅਨਮੋਲ ਕੌਰ

ਜਾਨਵਰ
ਨਿਸ਼ਾਨ ਸਿੰਘ ਰਾਠੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com