5_cccccc1.gif (41 bytes)

ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ


( “ਸਾਰੋ-ਛੈ“ (ਠੀਕ ਹੈ ) ਗੁਜਰਾਤੀ ਭਾਸ਼ਾ ਦੇ ਸ਼ਬਦਾਂ ਨਾਲ ਰੱਖਿਆ ਸਿਰਲੇਖ ਹੈ । ਮੇਹਨਤਕਸ਼ ਤਬਕੇ ਦੀ ਸਰਬ-ਵਿਆਪੀ ਸਾਂਝ ਵਜੋਂ ਕਹਾਣੀ ਦਾ ਇਹ ਨਾਂ ਰੱਖਿਆ ਗਿਆ ਹੈ –ਲੇਖਕ )

ਤੰਗ ਗਲੀਆਂ, ਬਾਜ਼ਾਰਾਂ ਤੇ ਤਿੰਨ-ਤਿੰਨ, ਚਾਰ ਚਾਰ ਮੰਜ਼ਲੇ ਘਰਾਂ ਵਾਲੇ ਸ਼ਹਿਰ ਦਾ ਖੁਲ੍ਹਾ-ਮ੍ਹੋਕਲਾ ਪਾਸਾ । ਵੱਡੀ –ਚੌੜੀ ਸੜਕ ਵਿੱਚੋਂ ਨਿਕਲਦੀਆਂ ਖੁਲ੍ਹੀਆਂ-ਛੋਟੀਆਂ ਸੜਕਾਂ । ਨਿਬਲ-ਟੋਏ ਹੋਈਆਂ ਸੜਕਾਂ ਦੇ ਨਾਲ ਨਾਲ ਖੰਭਿਆਂ ਦੀਆਂ ਪਾਲਾਂ । ਖੰਭਿਆਂ ਉੱਤੇ ਬੱਝੀਆਂ ਬਿਜਲੀ ਦੀਆਂ ਮੋਟੀਆਂ-ਪਤਲੀਆਂ ਤਾਰਾਂ ਨਾਲ ਛਾਨਣੀ ਹੋਇਆ ਆਕਾਸ਼ । ਆਕਾਸ਼ ਜਿਸ ਅੰਦਰ ਅੱਠੇ –ਪਹਿਰ ਚਿੱਟੇ-ਕਾਲੇ ਧੂਏਂ ਦਾ ਰਾਜ ਰਹਿੰਦਾ ਹੈ । ਉੱਚੀਆਂ ਲੰਮੀਆਂ ਦਿਓ –ਕੱਦ ਚਿਮਨੀਆਂ ‘ਚੋਂ ਉਠਦੇ ਧੂਏਂ ਦੀ ਦੁਰਗੰਧ ਅੰਦਰ ਸਾਹ ਲੈਂਦੇ ਹਜ਼ਾਰਾਂ ਕਾਮੇਂ , ਜਿਨ੍ਹਾਂ ਨੂੰ ਨਿੱਕੇ-ਵੱਡੇ ਕਾਰਖਾਨਿਆਂ ਦੇ ਉੱਚੇ-ਨੀਵੇਂ ਗੇਟਾਂ ਦੇ ਜਬਾੜੇ, ਸਵੇਰੇ ਨਿਗਲ ਕੇ ਤਰਕਾਲਾਂ ਨੂੰ ਗੁਲੱਛਦੇ ਹਨ । ਸ਼ਾਮੀਂ ਹੜਪ ਕੇ ਉਹਨਾਂ ਦੀਆਂ ਹੱਡੀਆਂ ਅਤੇ ਪਿੰਜਰ ਅੱਧੀ ਕੁ ਰਾਤੀਂ ਬਾਹਰ ਸੜਕਾਂ ਉੱਤੇ ਉਲਟੀ ਕਰ ਦਿੰਦੇ ਹਨ । ਫੈਕਟਰੀ –ਏਰੀਏ ਦੀ ਸੱਭ ਤੋਂ ਵੱਡੀ ਫ਼ਰਮ ‘ਆਈ ਐਂਡ ਆਈ ਲਿਮਟਿਡ ‘ ਦੇ ਚੈੱਕ ਭਾਈਵਾਲਾਂ ਨੇ ਅੱਧੀ ਰਾਤ ਨੂੰ ਸ਼ੁਰੂ ਹੋਣ ਵਾਲੀ ਗਰੇਵਯਾਰਡ ਸ਼ਿਫ਼ਟ ਇਸ ਲਈ ਬੰਦ ਕਰਵਾ ਦਿੱਤੀ ਹੈ ਕਿ “ ਕੈਯੂਐਲਟੀਆਂ “ ਦੀ ਵਧਦੀ ਗਿਣਤੀ ਖਪਾਉਣੀ ਔਖੀ ਹੋ ਗਈ ਸੀ । ਦੂਜੀ ਸ਼ਿਫ਼ਟ ਵਾਲ ਢਲਾਈ-ਕਾਮੇਂ ਦਿਨ ਦੀਆਂ ਤਪਾਈਆਂ ਆਇਲ ਤੇ ਸਟੀਲ ਫ਼ਰਨਿਸ਼ਾਂ ਅੰਦਰ ਢਲਦਾ ਪਿੱਤਲ ਅਤੇ ਦੇਗੀ –ਲੋਹਾ , ਵੱਡੇ ਛੋਟੇ ਸੰਚਿਆਂ ਅੰਦਰ ਪਲਟਾ ਕੇ ਵਿਹਲੇ ਹੋ ਜਾਂਦੇ ਹਨ ਅਤੇ ਆਪਣੇ ਹਾਜ਼ਰੀ ਕਾਰਡਾਂ ‘ਤੇ ਕਦੀ ਅੱਧੀ ਤੇ ਕਦੀ ਪੌਣੀ ਦਿਹਾੜੀ ਲਿਖਵਾ ਕੇ ਘਰੋ-ਘਰੀ ਪਰਤ ਜਾਂਦੇ ਹਨ , ਪਰ ਫੈਕਟਰੀ ਦੀਆਂ ਦੂਜੀਆਂ ਸ਼ੈਡਾਂ ਹੇਠ ਅੱਧੀ ਰਾਤ ਨੂੰ ਮੁਕਣ ਵਾਲੀ ਸਵਿੰਗ ਸ਼ਿਫਟ ਪੂਰੀ ਹੋਣ ਤੱਕ,ਉੱਚਾ-ਨੀਵਾਂ ਖੜਾਕ ਹੁੰਦਾ ਰਹਿੰਦਾ ਹੈ ।
ਪੰਜ-ਪੰਜ ਸੌ ਵਾਟ ਦੇ ਬੱਲਬਾਂ ਦੀ ਤੇਜ਼-ਤਰਾਸ਼ ਚਾਨਣੀ ਤੇ ਹੁੰਮਸ ਅੰਦਰ , ਅੱਖਾਂ ‘ਤੇ ਚਿੱਟੇ ਖੋਪੇ ਚਾੜ੍ਹੀ ਰਗੜੱਈਏ ਪਾਣੀ ਦੀਆਂ ਨਿੱਕੀਆਂ-ਵੱਡੀਆਂ ਟੂਟੀਆਂ ਦੇ ਨਰਮ ਨਾਜ਼ਰ ਸਰੀਰਾਂ ਤੋਂ ‘ਫਾਲਤੂ-ਮਾਲ’ ਰਗੜਦੇ ਰਹਿੰਦੇ ਹਨ । ਮਸ਼ੀਨ ਸ਼ਾਪ ਦੀਆਂ ਦਰਜਨਾਂ ਮਸ਼ੀਨਾਂ ਖਰਾਦੀਆਂ ਦੇ ਅਦੜ-ਵੰਜੇ ਮੈਲੇ ਕਪੜਿਆਂ ‘ਤੇ ਕਾਲਖ ਦੀਆਂ ਹੋਰ ਤਹਿਆਂ ਚਾੜ੍ਹੀ ਜਾਂਦੀਆਂ ਹਨ, ਤਿਆਰ ਹੋਏ ਪੁਰਜ਼ਿਆਂ ਦੀਆਂ ਢੇਰੀਆਂ ,ਫਿਟਰਾਂ ਦੇ ਅੰਡਿਆਂ ਤੋਂ ਲੰਘ ਕੇ ਵੱਡੇ –ਵੱਡੇ ਢੇਰਾਂ ਅੰਦਰ ਬਦਲਦੀਆਂ ਜਾਂਦੀਆਂ ਹਨ ਅਤੇ ਪਾਲਸ਼ੀਆਂ ਦੀਆਂ ਪਾਲਸ਼-ਸਾਣਾਂ ਬੇਜਾਨ ਖੁਰਦੀਆਂ ਟੂਟੀਆਂ ਨੂੰ ਚਮਕਾ-ਲਿਸ਼ਕਾ ਕੇ ਜੀਊਂਦੀਆਂ-ਜਾਦੀਆਂ ,ਮੂੰਹੋਂ-ਬੋਲਦੀਆਂ ਕਰੀ ਜਾਂਦੀਆਂ ਹਨ ।

2
‘ਆਈ ਐਂਡ ਆਈ’ ਦੇ ਵੱਡੇ ਗੇਟੋਂ ਬਾਹਰ ਲਮਕਦੇ ਕਾਲੇ ਫੱਟੇ ‘ਤੇ ਪੱਕੇ ਉੱਕਰੇ ਅੱਖਰ ‘ਜ਼ਰੂਰਤ ਹੈ.....’ ਹੇਠਾਂ ਚੌਥੇ ਨੰਬਰ ਤੇ ਲਿਖੇ ‘ ........ਇਕ ਪਾਲਸ਼ੀਏ ਦੀ ‘ ਪੜ੍ਹ ਕੇ , ਸੁੱਚੇ ਨੇ ਗੇਟ ‘ਤੇ ਖੜੇ ਗੋਰਖੇ ਤੋਂ ਅੰਦਰ ਜਾਣ ਦੀ ਆਗਿਆ ਮੰਗੀ । ਚੁੰਨ੍ਹੀਆਂ ਅੱਖਾਂ ਵਾਲੇ ਗੁੱਥੇ ਹੋਏ ਬੰਮ ਬਹਾਦਰ ਨੇ ਸੁੱਚੇ ਨੂੰ ਤਾੜਵੀਆਂ ਨਜ਼ਰਾਂ ਨਾਲ ਦੇਖਦਿਆਂ, ਵਰਕਸ-ਮੈਨੇਜਰ ਨੂੰ ਮਿਲਣ ਲਈ ਆਖਿਆ । ਕੈਬਿਨ ਵਲ ਇਸ਼ਾਰਾ ਕਰਨ ਲਈ ਬਾਂਹ ਉਪਰ ਚੁਕਦਿਆਂ, ਉਸ ਦੇ ਲੱਕ ਨਾਲ ਲਟਕਦੀ ਖੋਖਰੀ ਦੇ ਖੱਬੇ ਗੁੱਟ ‘ਤੇ ਜ਼ੋਰ ਨਾਲ ਵੱਜੀ ।

ਸੱਜੇ ਹੱਥ ਨਾਲ ਖੱਬੇ ਗੁੱਟ ਨੂੰ ਪਲੋਸਦਾ ਸੁੱਚਾ ਪਹਿਲਾਂ ਵਰਕਸ-ਮੈਨੇਜਰ ਦੇ ਚਪੜਾਸੀ ਕੋਲ ਪਹੁੰਚ ਗਿਆ , ਫਿਰ ਉਸ ਦੇ ਕੈਬਿਨ ਅੰਦਰ । ਥੋੜ੍ਹੀ ਜਿਹੀ ਪੁਛ-ਪੜਤਾਲ ਪਿਛੋਂ ਉਸ ਨੂੰ ਟਰਾਈ ਲਈ ਪਾਲਿਸ਼-ਸ਼ਾਪ ਭੇਜ ਦਿੱਤਾ ਗਿਆ ।

“ ਕਿਤਨੇ ਦਾਮ ਕਾ ਕਾਰੀਗਰ ਹੈ ? “ ਵਰਕਸ –ਮੈਨੇਜਰ ਨੇ ਗੁਜਰਾਤੀ ਫੋਰਮੈਨ ਨੂੰ ਦਫ਼ਤਰ ਬੁਲਾ ਕੇ ਪੁਛਿਆ ।
“ਸਾਰੋ ਛੈ “ , ਸਿਰ ਹਿਲਾਉਂਦਿਆਂ ਫੋਰਮੈਨ ਨੇ ਸੁੱਚੇ ਦੇ ਕੀਤੇ ਕੰਮ ਨੂੰ ਪਸੰਦ ਕਰਦਿਆਂ ਉੱਤਰ ਦਿੱਤਾ ।
ਫੋਰਮੈਨ ਦਾ ਹੁੰਗਾਰਾ ਮਿਲਣ ‘ਤੇ ਵਰਕਸ-ਮੈਨੇਜਰ ਨੇ ਸੁੱਚੇ ਨੂੰ ਸੱਦ ਕੇ ਘੋਖ-ਪੜਤਾਲ ਕੀਤੀ – “ਕਿਆ ਨਾਮ ਹੈ ...? “
“ ਸੁੱਚਾ ਸਿੰਘ । ”
“ ਪਹਿਲੇ ਕਿਧਰ ਕਾਮ ਕਰਤਾ ਥਾ ? “
“ ਰਾਸ਼ਟਰੀਆ ਸਟੀਲ ਕੰਪਨੀ ਵਿੱਚ ।“
“ਉਧਰ ਸੇ ਕਿਉਂ ਛੋੜਾ .....?”
“ਜੀ ...ਈ ਮੈਂ ਬਿਮਾਰ ਹੋ ਗਿਆ .....ਉਨ੍ਹਾਂ ਬੰਦਾ ਰੱਖ ਲਿਆ , “ ਵੇਲਾ ਟਾਲਣ ਲਈ ਸੁੱਚੇ ਨੇ ਪਹਿਲੋਂ ਘੜਿਆ ਉੱਤਰ ਫੱਟਾ-ਫਟ ਬੋਲ ਦਿੱਤਾ ।
“ ਦੇਖੋ ਸੂਚਾ ਸੀਂਘ ....ਅਬੀ ਤੁਮਹਾਰੀ ਕੱਚੀ ਟਰਾਈ ਹੂਆ ਹੈ , ਪੱਕੀ ਫਿਰ ਹੋਗਾ , ...ਜ਼ਰਾ ਪਾਰਗਰੈਸ ਦਿਖਾਓ , ਫਿਰ ਤਨ਼ਖਾਹ ਫਿੱਟ ਕਰੇਗਾ , “ ਘਾਗ ਮੈਨੇਜਰ ਨੇ ਉਸ ਨੂੰ ਅਗਾਉਂ ਵਗਲ੍ਹ ਲਿਆ ।

ਸੌਚੀਂ ਪਿਆ ਸੁੱਚਾ ਮੈਨੇਜਰ ਦੀ ਗੱਲ ਸੁਣ ਕੇ ਕੁਝ ਪਲਾਂ ਲਈ ਸੁੰਨ ਜਿਹਾ ਹੋ ਗਿਆ ।
“ਦੇਖੋ , ਏਕ ਔਰ ਜ਼ਰੂਰੀ ਬਾਤ .........ਕਿਸੇ ਦੂਸਰੇ ਪਾਲਸ਼ੀਏ ਸੇ ਕੋਈ ਕਾਨਾ-ਫੂਸੀ ਨਹੀਂ ਕਰਨਾ ...ਆਪਨੇ ਕਾਮ ਸੇ ਕਾਮ ਰਖਨਾ ....ਬੱਸ । “

ਇਕ ਪਾਸੇ , ਮਹੀਨੇ ਭਰ ਦੀ ਬੇਕਾਰੀ ਦੀਆਂ ਠ੍ਹੋਕਰਾਂ , ਦੂਜੇ ਪਾਸੇ ਸਾਥੀ ਕਾਰੀਗਰਾਂ ਨਾਲ ਬੋਲਣ ਦੀ ਮਨਾਹੀ ....ਸੁੱਚੇ ਦੀ ਦੋ-ਚਿੱਤੀ ਹੋਰ ਪੀਡੀ ਹੁੰਦੀ ਗਈ ।
ਚਾਨਚੱਕ ਫੋਰਮੈਨ ਨੇ ਉਸ ਦਾ ਮੋਢਾ ਥਾਪੜਦਿਆਂ ਆਖਿਆ – “ਆਂ...ਹਾਂ ,ਨਾਨਾ ਭਾਈ ਸੋਚੇ ਛੈ ? “

ਥਾਪੀ ਅੰਦਰਲੀ ਅਪਣਤ ਨੂੰ ਭਾਂਪਦਿਆਂ ਸੁੱਚੇ ਦੀ ਧੁੰਦਲੀ ਸੋਚ ਪਲਾਂ ਅੰਦਰ ਹੀ ਉੱਡ-ਪੁੱਡ ਗਈ । ਉਸ ਨੇ ਬੜੇ ਠਰੱਮੇ ਨਾਲ ਦੋਹਰੇ ਅਰਥਾਂ ਵਾਲੀ ‘ਜੀ....ਈ ’ ਆਖ ਕੇ ਅੱਡਾ ਸਾਂਭ ਲਿਆ ।

3
“ਤੇਰਾ ਅੱਡਾ ਬੜਾ ਨੈਹਸ਼ ਐ “ ਪੰਜਾਹਾਂ ਨੂੰ ਢੁਕਦੇ ਪਾਲਸ਼ੀਏ ਪਿਰਥੀ ਨੇ ਦੂਜੇ ਦਿਨ ਰੋਟੀ ਦੀ ਛੁੱਟੀ ਵੇਲੇ ਸੁੱਚੇ ਨੂੰ ਆਖਿਆ ।
“ਕਿਉਂ ....? “ ਤ੍ਰਬਕ ਕੇ ਸੁੱਚੇ ਨੇ ਕਾਰਨ ਜਾਨਣਾ ਚਾਹਿਆ ।
“ਮੇਰੇ ਦੇਖਦਿਆਂ, ਇਨ੍ਹੇ ਕਿੰਨ੍ਹੇ ਈ ਬੰਦੇ ਖਾਧੇ ਨੇ । “
“ ਉਹ ਕਿੱਦਾਂ ? “
“ ਜੇੜ੍ਹਾ ਵੀ ਇਤੇ ਬੈਠਦਾ , ਛੇਈਂ ਕੁ ਮਹੀਨੀਂ ਅੱਧੀ-ਪੱਚਦੀ ਤਨ਼ਖਾਹ ਮੁਰਆ ਕੇ ਤੁਰਦਾ ਬਣਦਾ । ਕੋਈ ਭਲਾਈ-ਦਫ਼ਤਰਾਂ ਦੇ ਚੱਕਰ ਕੱਟਦਾ , ਕੋਈ ਲੇਬਰ-ਕੋਰਟਾਂ ਦੇ ਧੱਕੇ ਖਾਂਦਾ ....ਫੀਲਾ ਤਾਂ ਬਚਾਰਾ , ਐਸ ਅੱਡੇ ਦਾ ਮਾਰਿਆ ਜਹਾਨੋਂ ਈ ਤੁਰਦਾ ਬਣਿਆ। ਉਹਦੀ ਤਿੰਨਾਂ ਮਹੀਨਿਆਂ ਦੀ ਤਨਖਾਹ ਤੇ ਸਾਲ ਭਰ ਦਾ ਬੋਨਸ ਵੀ ਮਾਲਕ ਆਪੇ ਹੀ ਹੜੱਪ ਕਰ ਗਏ । “

“ ਉਹ ਕਿਉਂ ? “ ਸੁੱਚਾ ਸਾਰੀ ਗੱਲ ਜਾਣਨ ਲਈ ਪਿਰਥੀ ਦੇ ਹੋਰ ਲਾਗੇ ਸਰਕ ਗਿਆ ।
“ ....ਕਿਸੇ ਬਾਹਰਲੇ ਮੁਲਕ ਨੂੰ ਗਏ ਮਾਲ ਦਾ ਭਾਰ ਘੱਟ ਨਿਕਲਿਆ । ਅਗਲੇ ਸਾਈਆਂ ਨੇ ਸਾਰੇ ਦਾ ਸਾਰਾ ਈ ਫੈਕਟਰੀ ਨੂੰ ਬਰੰਗ ਕਰ ‘ਇਤਾ । ...ਪਹਿਲਾਂ ਆਖਦੇ ਗਏ , ਫੀਲਾ ਸਿਆਂ , ਮਾਲ ਬਾਰ੍ਹ ਜਾਣਾ , ਹੱਥ ਜ਼ਰਾ ਸੁਥਰਾ ਰੱਖੀਂ ....ਪਿਛੋਂ ਹਾਅ ਚੰਦ ਚਾੜ੍ਹ ‘ਇਤਾ । “
“ ਇਦ੍ਹੇ ਵਿਚ ਫੀਲੇ ਦਾ ਕੀ ਕਸੂਰ ? “ ਸੁੱਚੇ ਨੇ ਫਿਕਰਮੰਦ ਹੋ ਕੇ ਪੁਛਿਆ ।
“ ਕਸੂਰ ਤਾਂ ਉਦ੍ਹਾ ਰੱਤੀ ਭਰ ਬੀ ਨਈਂ , ਪਰ .....ਜ਼ੌਰਾਬਰਾਂ ਦੀ ਨਜ਼ਲਾ ਤਾਂ ਮ੍ਹਾਤੜਾਂ ‘ਤੇ ਈ ਡਿਗਦਾ ਹਰ ਵਾਰੀ ....! “
“ ਲੇਬਰ ਅਫ਼ਸਰ ਕੋਲ ਰੀਪੋਟ ਕਰਨੀ ਸੀ । “
“ ਕੀਤੀ ਸੀ ....ਪਰ ਹਰ ਕੋਈ ਚੜ੍ਹਦੇ ਸੂਰਜ ਨੂੰ ਈ ਸਲਾਮਾਂ ਕਰਦਾ , ਸਭ ਅਪਸਰ –ਉਪਸਰ ਪੈਹੇ ਨਾਲ ਖਰੀਦੇ ਜਾਂਦੇ ਆ । “
“ ਯੂਨੀਅਨ ਵਾਲਿਆਂ ਨੂੰ ਨਈਂ ਦੱਸਿਆ ? “
“ ਦੱਸਿਆ ਕਿਉਂ ਨਹੀਂ ! ਉਹ ਬੀ ਕੇਸ ਲੜਨ ਤੋਂ ਅੱਗੋਂ ਈ ਛੇਮਾਂ ਹਿੱਸਾ ਮੰਗਦੇ ਸੀ । “
“ ਬਹੁਤ ਮਾੜੀ ਗੱਲ ਹੋਈ ! “
“ ਮਾੜੀ ਜੇਹੀ ਮਾੜੀ ..........ਜਣਾ’ਕੱਲਾ ਈ ਡੱਟਿਆ ਰਿਆ । ਰਾਤ ਨੂੰ ਲੁਕ-ਛਿਪ ਕੇ ਕਿਤੇ ਹੋਰਥੇ ਕੰਮ ਕਰਦਾ , ਦਿਨੇ ਦਫ਼ਤਰਾਂ ਦੇ ਚੱਕਰ ਮਾਰਦਾ । “
“ ਤੁਹਾਡੇ ਵਿਚੋਂ ਕਿਸੇ ਨੇ ਆਸਰਾ ਨਈਂ ਦਿਤਾ । “
“ ਆਸਰਾ ਕੀ ਦਿੰਦੇ ...ਉਹਨੂੰ ਅਗਲਿਆਂ ਊਈਂ ਜਹਾਨੋਂ ਤੁਰਦਾ ਕਰ ’ਇੱਤਾ ..ਤਰੀਕ ਭੁਗਤ ਕੇ ਮੁੜਦਿਆਂ ਜੀਪ ਤੇਜ਼ ਕਰ ਕੇ ਉਹਦੇ ਸੈਕਲ ‘ਚ ਮਾਰੀ । ਪੱਕੀ ਤੇ ਸਿਰ ਭਾਰ ਡਿੱਗ ਕੇ ਉਹ ਵਿਚਾਰਾ ਥੈਂਹ ਈ ਦਮ ਤੋੜ ਗਿਆ ....। ਦੇ –ਦੁਆ ਕੇ ਅਗਲਿਆਂ ਉਹ ਕੇਸ ਵੀ ਖੁਰਦ-ਬੁਰਦ ਕਰ ‘ਇੱਤਾ । ਅਖੇ , ਮਰਨ ਆਲਾ ਗ਼ਲਤ ਹੱਥੇ ਸੀ। “
“ ਫਿਰ ....ਕੁਝ ਨਈਂ ਬਣਿਆ ਉਸ ਦਾ ....? “
“ ਬਨਣਾ ਕੀ ਸੀ ? ਜੇੜ੍ਹਾ ਬੀ ਸਿਰ ਚੁਕਦਾ ਉਦ੍ਹਾ ਆਪਣਾ ਟੱਬਰ-ਟੀਰ ਭੁੱਖਾ ਮਰਦਾ ...ਨਾਲੇ ਕੌਣ ਕਿਸੇ ਦੀ ਮੌਤੇ ਮਰਦਾ ...! “

4
ਦੋ-ਦੋ, ਚਾਰ-ਚਾਰ ਮੰਜ਼ਲੇ ਚੁਬਾਰਿਆਂ ਦੀਆਂ ਤੰਗ-ਗਲੀਆਂ ਵਾਲੇ ਸ਼ਹਿਰ ਦੀ ਖੁਲਾ-ਮ੍ਹੋਕਲਾ ਪਾਸਾ । ਚੌੜ੍ਹੀਆਂ ਖੁਲੀਆਂ ਸੜਕਾਂ ਵਿਚਕਾਰ ਵੱਡੇ-ਵੱਡੇ ਇਹਾਤਿਆਂ ਅੰਦਰ ਉਸਰੀਆਂ ਰੰਗ-ਬਿਰੰਗੀਆਂ ਉੱਚੀਆਂ ਨੀਵੀਆਂ ਕੋਠੀਆਂ । ਕੋਠੀਆਂ ਨਾਲ ਜੁੜਵੇਂ ਬਰਾਂਡਿਆਂ ਨੂੰ ਛਾਂ ਕਰਦੀਆਂ ਨੀਲੀਆਂ ਪੀਲੀਆਂ ਚਿੱਕਾਂ । ਚਿੱਕਾਂ ਲਾਗਲੀਆਂ ਤਾਕੀਆਂ ਵਿੱਚ ਫਿੱਟ ਕੀਤੇ ਰੂਮ-ਕੂਲਰ ।

ਹਰੇ-ਕਚੂਰ ਮਖ਼ਮਲੀ ਘਾਹ ਨਾਲ ਢੱਕੀ ਇਕ ਖੁਲ੍ਹੀ ਲਾਅਨ , ਪੀਲੇ ਰੰਗ ਦੀ ਨਿੱਕੀ ਕੋਠੀ ਨਾਲ ਜੁੜਦੀ ਹੋਈ । ਕੋਠੀ ਦੇ ਵੱਡੇ ਕਮਰੇ ਅੰਦਰ ਵਿਛੇ ਰੰਗਦਾਰ ਕਲੀਨ ਉਤੇ , ਮਜ਼ਦੂਰ-ਭਲਾਈ ਅਫ਼ਸਰ ਦਾ ਮੇਜ਼ ਸਜਿਆ ਹੋਇਆ ਹੈ । ਸੱਜੇ ਹੱਥ ਟਿਕਾਏ ਸੋਫਾ-ਸੈੱਟ ਉਤੇ ‘ਆਈ ਐਂਡ ਆਈ ਲਿਮਟਿਡ ‘ ਦਾ ਮੈਨੇਜਿੰਗ ਡਰਾਇਰੈਕਟਰ ਤੇ ਉਸ ਦਾ ਸਟੈਨੋ ਬਿਰਾਜਮਾਨ ਹਨ। ਖੱਬੇ ਹੱਥ ਪਈਆਂ ਲੋਹੇ ਦੀਆਂ ਕੁਰਸੀਆਂ ‘ਤੇ ਉਸੇ ਫੈਕਟਰੀ ਦੀ ਪਾਲਿਸ਼ ਸ਼ਾਪ ਦੇ ਸਾਰੇ ਦੇ ਸਾਰੇ ਪਾਲਸ਼ੀਏ ਬੈਠੇ ਹਨ । ਸਾਰੇ ਵਾਕਫ਼ ਹੋਣ ‘ਤੇ ਵੀ ਇਕ ਦੂਜੇ ਵਲ ਨਾਵਾਕਫਾਂ ਵਾਂਗ ਦੇਖਦੇ ਹਨ ।

ਪਾਲਸ਼ੀਏ ਸੁੱਚੇ ਨੇ ਲੇਬਰ ਅਫ਼ਸਰ ਦੇ ਕਮਰੇ ਦਾ ਪਰਦਾ ਥੋੜ੍ਹਾ ਪਾਸੇ ਸਰਕਾਂਉਦਿਆਂ ,ਬੜੇ ਸਲੀਕੇ ਨਾਲ ਅੰਦਰ ਆਉਣ ਦੀ ਆਗਿਆ ਮੰਗੀ । ਉਸ ਦੇ ਪਿਛੇ ਇਕ ਲੰਮੀ ਪਤਲੀ ਇਸਤਰੀ, ਸੋਕੜੇ ਦੀ ਬੀਮਾਰ ਬੱਚੀ ਮੋਢੇ ਲਾਈ,ਅੰਦਰ ਆਉਂਦੀ ਹੈ ।

“ਇਹ ਹੈ ਜੀ ਨਾਮੋ....., ਫੀਲੇ ਦੀ ਘਰਵਾਲੀ , ਉਹਦੇ ਬਣਦੇ ਬਕਾਏ ਦੀ ਵਾਰਸ ,” ਸੁੱਚੇ ਦੇ ਬੋਲਾਂ ਅੰਦਰ ਦ੍ਰਿੜਤਾ ਦੀ ਸੁਰ ਹੈ ।
“ ਇਦ੍ਹਾ ਕਾਈ ਹਿਸਾਬ-ਸੂਬ੍ਹ ਬਾਕੀ ਨਈਂ,” ਸਟੈਨੋ ਨਿਗਾਹ ਦੀਆਂ ਢਿਲਕੀਆਂ ਐਨਕਾਂ ਉਪਰ ਨੂੰ ਸਰਕਾ ਕੇ ਬੋਲਿਆ ਹੈ ।
“ ਤੈਨੂੰ ਕਿੰਨ੍ਹ ਪੁੱਛਿਆ ....? “ ਸੁੱਚੇ ਦੇ ਬੋਲਾਂ ਅੰਦਰ ਆਈ ਤਲ਼ਖੀ ਦੇਖ ਕੇ ਲੇਬਰ ਅਫ਼ਸਰ ਨੇ ਹਥਲੇ ਕਾਗਜ਼ ਇਕ ਪਾਸੇ ਕਰ ਦਿੱਤੇ ਹਨ ।
“ ਭਾਈ , ਥੋਡੇ ਆਦਮੀ ਦਾ ਕੈ ਬਕਾਇਆ ਰੈਂਦਾ ਫੈਕਟਰੀ ਆਲਿਆਂ ਕੰਨੀ ...? “ ਲੇਬਰ ਅਫ਼ਸਰ ਨੇ ਹਮਦਰਦੀ ਨਾਲ ਨਾਮੋ ਤੋਂ ਪੁੱਛਿਆ ।
“ ਜੀ ....ਈ.....ਤਿੰਨਾਂ ਚੌਂਹ ਮਹੀਨਿਆਂ ਤੋਂ ਕੁਝ ਨੀ ਦਿੱਤਾ , ਹੈਨਾਂ ਹਤਿਆਰਿਆਂ...ਇਨ੍ਹਾਂ ਤਾਂ ਮੇਰਾ ਬੰਦਾ ਈ .....” ਗੱਲ ਪੂਰੀ ਕਰਨ ਤੋਂ ਪਹਿਲਾਂ ਨਾਮੋ ਦੀ ਗੱਚ ਭਰ ਜਾਂਦਾ ਹੈ ।
“ ਸ਼ੋਅ ਮੀ , ਹਿੱਜ਼ ਪੇ ਰੋਲ ਐਂਡ ਡੇਲੀ ਕੈਸ਼-ਬੁੱਕ , “ ਲੇਬਰ ਅਫ਼ਸਰ ਨੇ ਸਟੈਨੋ ਤੋਂ ਫੀਲੇ ਦਾ ਰਿਕਾਰਡ ਮੰਗ ਕੇ ਚੰਗੀ ਤਰ੍ਹਾਂ ਵਾਚਿਆ ਹੈ ।
“ ਆਲ ਦੀ ਫੋਨ ਐਨਟਰੀਜ਼ ਆਰ ਬੋਗਸ ......ਬੀ ਰੈਡੀ ਫਾਰ ਐਮਬੈਜ਼ਲਮੈਂਟ ਕੇਸ ,” ਆਖ ਕੇ ਫੈਕਟਰੀ ਰਿਕਾਰਡ ਮੇਜ਼ ਦੀ ਦਰਾਜ਼ ਅੰਦਰ ਸਾਂਭ ਲਿਆ ਹੈ ।

ਮੈਨੇਜਿੰਗ ਡਾਇਰੈਥਟਰ ਨੇ ਲੇਬਰ ਅਫ਼ਸਰ ਦੀ ਇਸ ਕਾਰਵਾਈ ਨੂੰ ਆਪਣੀ ਮਾਨ-ਹਾਨੀ ਸਮਝਿਆ ਹੈ । ਉਸ ਦਾ ਗੁੱਸੇ ਨਾਲ ਭਰਿਆ ਚਿਹਰਾ ਬੋਲ-ਕੁਬੋਲ ਬੋਲਣ ਲਈ ਤਣ ਜਾਂਦਾ ਹੈ , ਪਰੰਤੂ ਕੁਝ ਵੀ ਪਿੜ-ਪੱਲੇ ਨਾ ਪੈਣ ਦੇ ਡਰ ਕਾਰਨ ਡੌਰ-ਭੌਰ ਖੜੇ ਉਹਨਾਂ ਵਲ ਬਿੱਟ-ਬਿੱਟ ਤਕਦੇ ਪਾਲਸ਼ੀਆਂ ਨੂੰ ਦੇਖ ਕੇ , ਉਹ ਚੁਪ ਦਾ ਚੁਪ ਹੀ ਰਹਿੰਦਾ ਹੈ ।

ਕੁਰਸੀ ਦੀ ਢੋਅ ‘ਤੇ ਸਿਰ ਸੁੱਟੀ , ਉਹਦੀ ਵਲ ਧਿਆਨ ਨਾਲ ਦੇਖਦੇ ਲੇਬਰ-ਅਫ਼ਸਰ ਦੀਆਂ ਅੱਖਾਂ, ਜਦ ਉਸ ਦੀਆਂ ਅੱਖਾਂ ਨਾਲ ਮਿਲਦੀਆਂ ਹਨ ਤਾਂ ਉਹ ਹੌਲੀ ਜਿਹੀ ਆਖ ਦਿੰਦਾ ਹੈ , “ ਡੂ ਐਨੀ ਅਡਜੇਸਟਮੈਂਟ , ਯੂ ਲਾਇਕ । “

ਉਸ ਵਲੋਂ ਧਿਆਨ ਹਟਾ ਕੇ ਲੇਬਰ-ਅਫ਼ਸਰ ਫਿਰ ਸੁੱਚੇ ਨੂੰ ਪੁੱਛਦਾ ਹੈ – “ ਬਾਈ ਕਾਮਰੇਡ ...ਫਿਰ ਕਿਮੇਂ ਸਲਾਹ ਐ ਥੁਆਡੀ ? “

ਉਸ ਦੀ ਗੱਲਬਾਤ ਤੋਂ ਪ੍ਰਭਾਵਿਤ ਹੋਇਆ ਸੁੱਚਾ ਉਸ ਦੀਆਂ ਹਰਕਤਾਂ ਦੇਖ ਕੇ ਸ਼ੱਕੀ ਹੋ ਜਾਂਦਾ ਹੈ । ਬੜੇ ਹੀ ਸੁਭਾਵਕ ਢੰਗ ਨਾਲ ਆਪਣੀ ਮੰਗ ਦੁਹਰਾਉਣ ਦਾ ਇਰਾਦਾ ਬਦਲ ਕੇ ਉਹ ਜ਼ਰਾ ਤਲਖ਼ ਹੋ ਕੇ ਕਹਿੰਦਾ ਹੈ – “ਤਿੰਨ ਮਹੀਨੇ ਦੀ ਤਨਖਾਹ , ਇਕ ਬੌਨਸ ਤੇ ਕੇਸ ਉੱਤੇ ਹੋਇਆ ਕੁਲ ਖ਼ਰਚ,...ਸ੍ਰੀਮਾਨ ਜ ਇਸ ਤੋਂ ਘਟ ਕੋਈ ਵੀ ਫੈਸਲਾ ਸਾਨੂੰ ਮਨਜ਼ੂਰ ਨਹੀਂ । ਅਸੀਂ ਨਹੀਂ ਚਾਹੁੰਦੇ ਕਿ ਫੀਲੇ ਦੀ ਮੌਤ ਬਦਲੇ ਇਨ੍ਹਾਂ ਦਾ ਕੋਈ ਮਰਵਾ ਕੇ ਉਸ ਵਿਚਾਰੇ ਦਾ ਘਰ-ਘਾਟ ਉਜਾੜੀਏ ...।“

ਉਸ ਦੀ ਗੱਲ ਟੁਕਦਿਆਂ ਅੱਧ-ਵਿਚਾਲੇ ਫਸੇ ਲੇਬਰ ਅਫ਼ਸਰ ਨੇ ਮੈਨਜਿੰਗ ਡਾਇਰੈਕਟਰ ਦਾ ਹੁੰਗਾਰਾ ਟੋਲਣ ਲਈ ਉਸ ਵੱਲ ਝਾਕਦਿਆਂ ਆਖਿਆ – “ਦੀਜ਼ ਨੱਟਸ ਆਫ ਹਾਰਡ ਟੂ ਕਰੈਕ ....ਦੇਅਰ ਸੀਮਜ਼ ਟੂ ਮੀ ਨੋ ਮਿੱਡ-ਵੈ ਆਊਟ । “

ਜਾਅਲੀ ਲਿਖਤੀ ਕਾਰਵਾਈ ਅਤੇ ਲੈ-ਦੇ ਕੇ ਨਿਪਟਾਏ ਖੂਨ ਦੇ ਕੇਸ ਦੇ ਮੁੜ ਜਾਗ ਪੈਣ ਦੇ ਡਰੋਂ , ਮਾਨਸਿਕ ਬੋਝ ਹੇਠ ਦੱਬੇ ਮੈਨੇਜਿੰਗ ਡਾਇਰੈਕਟਰ ਨੇ ਲੇਬਰ-ਅਫ਼ਸਰ ਨੂੰ “ ਡੂ ਐਜ਼ ਦੇ ਵਿਜ਼ “ ਆਖ ਕੇ ਹਰੀ ਝੰਡੀ ਦਿੱਤੀ ਹੈ ।

5
ਕੁਲ ਬਣਦੀ ਰਕਮ ਦਾ ਚੈੱਕ ਫੀਲੂ ਦੀ ਵਿਧਵਾ ਨੂੰ ਸੰਭਾਲ ਕੇ , ਸਾਰੇ ਪਾਲਸ਼ੀਏ ਫੈਕਟਰੀ ਪਹੁੰਚ ਕੇ , ਜਦ ਮੁੜ ਆਪਣਾ ਆਪਣਾ ਅੱਡਾ ਸੰਭਾਲਦੇ ਹਨ , ਤਾਂ ਵਰਕਸ਼ ਮੈਨੇਜਰ ਤੋਂ ਅੱਖ ਬਚਾ ਕੇ ਗੁਜਰਾਤੀ ਫੋਰਮੈਨ ਸੁੱਚੇ ਨੂੰ ਹਲਕੀ ਜਿਹੀ ਥਾਪੀ ਦੇਂਦਿਆਂ ਆਖਦਾ ਹੈ – “ਸਾਰੋ ਛੈ, ਸੁਚਾ ਸੀਂਘ....ਸਾਰੋ ਛੈ । “


ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
094655-74866

28/04/2013

ਹੋਰ ਕਹਾਣੀਆਂ  >>    


ਸਾਰੋ-ਛੈ
ਲਾਲ ਸਿੰਘ ਦਸੂਹਾ, ਹੁਸ਼ਿਆਰਪੁਰ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ 2
ਅਮਨਦੀਪ ਸਿੰਘ , ਬੌਸਟਨ, ਅਮਰੀਕਾ
ਵਿਗਿਆਨ ਗਲਪ ਕਹਾਣੀ
ਨੀਲੀ ਰੌਸ਼ਨੀ (1)
ਅਮਨਦੀਪ ਸਿੰਘ , ਬੌਸਟਨ, ਅਮਰੀਕਾ
baybus1ਬੇਵੱਸ ਪ੍ਰਦੇਸੀ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ
ਵੇ ਲੋਕੋ
ਅਨਮੋਲ ਕੌਰ, ਕਨੇਡਾ
ਸਸਤੇ ਬੰਦੇ
ਡਾ. ਸਾਥੀ ਲੁਧਿਆਣਵੀ, ਲੰਡਨ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2013,  5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013,  5abi.com