5_cccccc1.gif (41 bytes)


ਸੁਝਾਅ
ਗੁਰਮੇਲ ਮਡਾਹੜ


ਇਹ ਕਹਾਣੀ ਇਕ ਸੂਬੇ ਦੀ ਹੈ। ਸੂਬਾ ਕਿਸੇ ਵੀ ਦੇਸ਼ ਦਾ ਹੋ ਸਕਦਾ ਹੈ। ਜਿਸ ਸੂਬੇ ਦੀ ਇਹ ਕਹਾਣੀ ਹੈ ਉਸ ਸੂਬੇ ਅੰਦਰ ਇਸ ਸਾਲ ਬਾਰਸ਼ ਦੀ ਇਕ ਬੂੰਦ ਵੀ ਨਹੀਂ ਡਿੱਗੀ। ਨਹਿਰਾਂ ਪਾਣੀ ਦੀ ਤਿੱਪ ਲਈ ਸਹਿਕਦੀਆਂ ਰਹੀਆਂ ਹਨ। ਪਟਰੌਲ ਪੰਪਾਂ ਉਤੇ ਤੇਲ ਦੀ ਇਕ ਇਕ ਢੋਲੀ ਲਈ ਜ਼ਿੰਮੀਂਦਾਰ ਨੂੰ ਦਸ ਦਸ ਦਿਨ ਤੇ ਰਾਤਾਂ ਹਾਜ਼ਰੀ ਦੇਣੀ ਪਈ ਹੈ। ਬਿਜਲੀ ਸਾਰਾ ਸਾਰਾ ਦਿਨ ਬੰਦ ਰਹਿਣ ਕਰਕੇ ਮੋਟਰਾਂ ਨਹੀਂ ਚਲ ਸਕੀਆਂ। ਫਿਰ ਅਜਿਹੀ ਹਾਲਤ ਵਿਚ ਫਸਲਾਂ ਕਿਵੇਂ ਪੈਦਾ ਹੋ ਸਕਦੀਆਂ ਹਨ? ਅੱਕਾਂ ਤੋਂ ਸਿਵਾਏ ਬਠਪਸਤੀ ਕਿਵੇਂ ਹਰੀ ਰਹਿ ਸਕਦੀ ਹੈ?

ਗੱਲ ਕੀ, ਮਾਰੇ ਐੜ ਦੇ ਭੁੱਖੇ ਢਿੱਡੀਂ ਸਾਰੇ ਸੂਬੇ ਦੇ ਚੂਹੇ ਸਕਤਰੇਤ ਵਿਚ ਪਹੁੰਚ ਕੇ ਲਗ ਪਏ ਹਨ ਬਾਬੂਆਂ ਦੇ ਮੇਜ਼ਾਂ, ਰੈਕਾਂ ਤੇ ਅਲਮਾਰੀਆਂ ਦੁਆਲੇ ਚੱਕਰ ਕੱਟਣ। ਸਿਰਫ ਇਹ ਦਸਣ ਲਈ ਕਿ ਅਸੀਂ ਆਪਣੀ ਆਜ਼ਾਦੀ ਛੱਡ ਕੇ ਭੁੱਖੇ ਮਰਦੇ ਇਥੇ ਆਏ ਹਾਂ। ਸਾਨੂੰ ਅਨਾਜ ਚਾਹੀਦੈ।

ਉਨਾਂ ਨੂੰ ਦੇਖ ਕੇ ਬਾਬੂਆਂ ਦੇ ਦਿਲਾਂ ਅੰਦਰ ਖਤਰਾ ਜਿਹਾ ਪੈਦਾ ਹੋ ਗਿਆ ਹੈ ਕਿ ਇਹ ਸਾਨੂੰ ਜ਼ਰੂਰ ਨੁਕਸਾਨ ਪਹੁੰਚਾਉਣਗੇ। ਪਰ ਉਹ ਚੁੱਪ ਹਨ।

ਇਨ੍ਹਾਂ ਨੇ ਤਾਂ ਸਾਡੇ ਵੱਲ ਕੋਈ ਧਿਆਨ ਨਹੀਂ ਦਿਤਾ। ਹੁਣ ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਚੂਹੇ ਬਾਬੂਆਂ ਨੂੰ ਚੁੱਪ ਕੀਤਿਆਂ ਦੇਖ ਕੇ ਸੋਚਦੇ ਹੋਏ ਬਰਾਂਚਾਂ ਦੇ ਮੁਖੀਆਂ ਦੇ ਮੇਜ਼ਾਂ ਉਤੇ ਚੜ੍ਹ ਕੇ ਲਗ ਪੈਂਦੇ ਹਨ ਖਾਲੀ ਢਿੱਡ ਵਜਾਉਣ ਬਰਾਂਚ ਇੰਚਾਰਜ ਆਪਣੇ ਮੇਜ਼ ਉਤੇ ਪਏ ਪੇਪਰਵੇਟ ਚੁਕ ਕੇ ਉਨ੍ਹਾਂ ਉਤੇ ਮਾਰਦੇ ਹਨ, ਪਰ ਉਹ ਆਪਣੇ ਆਪ ਨੂੰ ਬਚਾ ਕੇ ਉਸੇ ਹਾਲਾਤ ਵਿਚ ਆ ਜਾਂਦੇ ਹਨ। ਇਸੇ ਤਰ੍ਹਾਂ ਹੁੰਦਿਆਂ ਦਿਨ ਬੀਤਦੇ ਜਾ ਰਹੇ ਹਨ ਪਰ ਸਰਕਾਰ ਵਲੋਂ ਉਨ੍ਹਾਂ ਦੀ ਭੁਖ ਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ। ਉਹ ਇਕਠੇ ਹੁੰਦੇ ਹਨ ਤੇ ਸਲਾਹ ਕਰਕੇ ਰੋਸ ਪ੍ਰਗਟ ਕਰਨ ਲਈ ਮੁਖ ਮੰਤਰੀ, ਖੁਰਾਕ ਮੰਤਰੀ ਤੇ ਹੋਰ ਮਮਤਰੀਆਂ ਕੋਲ ਜਾ ਉਨ੍ਹਾਂ ਵਲੋਂ ਲਿਖੇ ਜਾ ਰਹੇ ਨੋਟ ਕੁਤਰਨ ਲਗ ਪਏ ਹਨ। ਬਿਜਲੀ ਦੀ ਤਾਰਾਂ ਕੱਟ ਦਿੰਦੇ ਹਨ, ਜਿਸ ਕਰਕੇ ਪਖੇ ਤੇ ਏਅਰ ਕੰਡੀਸ਼ਨਰ ਬੰਦ ਹੋ ਜਾਂਦੇ ਹਨ। ਮੰਤਰੀ ਸਾਹਿਬ ਗਰਮੀ ਨਾਲ ਤਿਲ ਮੋਲਾ ਉਠਦੇ ਹਨ। ਚੂਹੇ ਉਨ੍ਹਾਂ ਨੂੰ ਗਰਮੀ ਨਾਲ ਤੜਫਦਿਆਂ ਦੇਖ ਕੇ ਖੁਸ਼ ਹੁੰਦੇ ਹਨ।

ਸਕਤਰੇਤ ਚੂਹਿਆਂ ਤੋਂਬਹੁਤ ਤੰਗ ਆ ਚੁਕਿਆ ਹੈ। ਉਨ੍ਹਾਂ ਤੋਂ ਛੁਟਕਾਰਾ ਪਾਉਣ ਦੀ ਗੱਲ ਹੋਠਾਂ ਤੋਂ ਤੁਰ ਕੇ ਮੁਖ ਮਮਤਰੀ ਸਾਹਿਬ ਤਕ ਪਹੁੰਚ ਗਈ ਹੈ। ਮੁਖ ਮੰਤਰੀ ਸਾਹਿਬ ਇਸ ਸਮਸਿਆ ਬਾਰੇ ਕਦੇ ਆਪ ਸੋਚਦੇ ਹਨ, ਕਦੇ ਆਪਣੇ ਪੀ ਏ ਤੋਂ ਰਾਏ ਲੈਂਦੇ ਹਨ।

ਇਹ ਭੁਖੇ ਮਰਦੇ ਇਥੇ ਆਏ ਨੇ ਨਾ ਜੀ? ਪੀ ਏ ਗੱਲ ਸੁਰੂ ਕਰਦਾ ਹੈ।

ਹਾਂ

ਫੇਰ ਇਨ੍ਹਾਂ ਨੂੰ ਖਾਣ ਨੂੰ ਦੋ ਦਿਨ ਆਂ, ਸਦਾ ਲਈ ਚੁੱਪ ਹੋ ਜਾਣਗੇ

ਉਹ ਕੀ?

ਜ਼ਹਿਰ, ਆਟੇ ਵਿਚ ਮਿਲਾ ਕੇ ਦੋ ਦਿੰਨੇ ਆਂ। ਮਾਰੇ ਭੁਖ ਕੇ ਝਟ ਖਾ ਜਾਣਗੇ। ਤੇ ਸਮਸਿਆ ਹੱਲ ਹੋ ਜਾਵੇਗੀ

ਸੁਝਾਅ ਤਾਂ ਤੇਰਾ ਸਹੀ ਹੈ। ਫੇਰ ਛੇਤੀ ਅਮਲ ਵਿਚ ਲਿਆਓ।

ਅੱਛਾ ਜੀ, ਕਹਿ ਕੇ ਪੀ ਏ ਦਫਤਰ ਤੋਂ ਬਾਹਰ ਚਲਿਆ ਜਾਂਦਾ ਹੈ, ਤੇ ਜ਼ਹਿਰ ਮੰਗਵਾ ਕੇ, ਆਟੇ ਤੇ ਮੁੜ ਵਿਚ ਮਿਲਾ ਕੇ ਸਕਤਰੇਤ ਦੇ ਹਰ ਕਮਰੇ ਵਿਚ ਰਖਾ ਦਿੰਦਾ ਹੈ। ਸਾਰੀ ਦੀ ਸਾਰੀ ਜ਼ਹਿਰ ਚੂਹੇ ਖਾ ਗਏ ਹਨ, ਪਰ ਮਰਿਆ ਇਕ ਵੀ ਨਹੀਂ। ਇਸ ਗੱਲ ਦੀ ਚਰਚਾ ਸਾਰੇ ਸਕਤਰੇਤ ਵਿਚ ਹੋ ਰਹੀ ਹੈ। ਮੁਖ ਮੰਤਰੀ ਸਾਹਿਬ ਹੈਰਾਨ ਵੀ ਹੈ ਤੇ ਗੁਸੇ ਵੀ। ਉਹ ਝੱਟ ਸਿਹਤ ਮੰਤਰੀ ਨੂੰ ਬੁਲਾ ਕੇ ਕਹਿੰਦਾ ਹੈ, ਬੜੇ ਦੁਖ ਦੀ ਗਲ ਹੈ ਕਿ ਜਿੰਨੀ ਜ਼ਹਿਰ ਪਵਾਈ ਗਈ ਸੀ, ਉਹ ਸਾਰੀ ਦੀ ਸਾਰੀ ਚੂਹੇ ਕਾ ਗਏ ਹਨ, ਪਰ ਮਰਿਆ ਇਕ ਵੀ ਨਹੀਂ। ਹੱਦ ਹੋ ਗਈ। ਇਥੇ ਜ਼ਹਿਰ ਵੀ ਖਾਲਸ ਨਹੀਂ ਮਿਲਦੀ।

ਕਿਸੇ ਤੋਂ ਮੰਗਵਾਈ ਸੀ?

ਸੇਵਕ ਬਰਦਰਜ਼ ਵਾਲਿਆਂ ਤੋਂ

ਉਨ੍ਹਾਂ ਦੀ ਜ਼ਹਿਰ ਵਿਚ ਮਿਲਾਵਟ ਨਹੀਂ ਹੋ ਸਕਦੀ

ਕਿਉਂ?

ਕਿਉਂਕਿ ਨਾ ਤਾਂ ਆਪਾਂ ਨੇ ਉਨ੍ਹਾਂ ਤੋਂ ਕੋਈ ਇਲੈਕਸ਼ਨ ਫੰਡ ਲਿਐ ਤੇ ਨਾ ਹੀ ਕੋਈ  ਹੋਰ ਵਗਾਰ ਪਾਈ ਹੈ। ਉਂਝ ਵੀ ਉਹ ਖਤਰਨਾਕ ਆਦਮੀ ਨੇ

ਜ਼ਹਿਰ ਚੈਕ ਕਰਾਓ ਤੇ ਕਿਵੇਂ ਨਾ ਕਿਵੇਂ ਮਿਲਾਵਟ ਸਿਧ ਕਰਕੇ ਕਰੋ ਅੰਦਰ। ਨਾਲੇ ਚੋਪੜੀਆਂ ਨਾਲੇ ਦੋ ਦੋ ਕਹਿ ਕੇ ਮੁਖ ਮੰਤਰੀ ਸਾਹਿਬ ਮੁਸਕਰਾਏ ਤੇ ਹਸਣ ਲਗ ਪਏ। ਮੁਖ ਮੰਤਰੀ ਸਾਹਿਬ ਨੂੰ ਇੰਜ ਹਸਦਾ ਦੇਖ ਕੇ ਸਿਹਤ ਮੰਤਰੀ ਸਾਹਿਬ ਵੀ ਜਾਹਲੀ ਹਾਸਾ ਹਸਦੇ ਹੋਏਕਮਰੇ ਤੋਂ ਬਾਹਰ ਚਲੇ ਜਾਂਦੇ ਹਨ ਤੇ ਫੇਰ ਕੁਝ ਚਿਰ ਮਗਰੋਂ ਮੁੜ ਆਉਂਦੇ ਹਨ।

ਇਹ ਲਓ, ਜ਼ਹਿਰ ਤਾਂ ਸਹੀ, ਸਿਹਤ ਮੰਤਰੀ ਸਾਹਿਬ ਪੜਤਾਲ ਰਿਪੋਰਟ ਮੁਖ ਮੰਤਰੀ ਸਾਹਿਬ ਅਗੇ ਕਰਦੇ ਹੋਏ ਕਹਿੰਦੇ ਹਨ। ਮੁਖ ਮੰਤਰੀ ਸਾਹਿਬ ਪੜਤਾਲ ਰਿਪੋਰਟ ਬੜੇ ਗੌਰ ਨਾਲ ਪੜ੍ਹ ਕੇ ਕਹਿੰਦੇ ਹਨ, ਫੇਰ ਗਲਤ ਕੀ ਹੈ?

ਦਫਤਰ ਦੇ ਇਕ ਖੂੰਜਿਓਂ ਸਾਨੂੰ ਇਕ ਬੇਸਰੁਤ ਪਿਆ ਚੂਹਾ ਮਿਲੀਐ, ਜਿਸ ਦੀ ਮੈਡੀਕਲ ਰਿਪੋਰਟ ਤੋਂ ਪਤਾ ਲਗਿਐ ਕਿ ਮਾਰੇ ਭੁਖ ਦੇ ਚੂਹਿਆ ਦਾ ਹਾਜ਼ਮਾ ਇੰਨਾ ਸਖਤ ਹੋ ਗਿਐ ਕਿ ਉਹ ਜ਼ਹਿਰ ਵੀ ਹਜ਼ਮ ਕਰ ਸਕਦੇ ਹਨ

ਕਿਤੇ ਸੇਵਕ ਬਰਦਰਜ਼ ਵਾਲਿਆਂ ਨੇ ਤੈਨੂੰ ਚੜ੍ਹਾਵਾ ਤਾਂ ਨਹੀਂ ਚੜ੍ਹਾ ਦਿਤਾ, ਮੁਖ ਮੰਤਰੀ ਸਾਹਿਬ ਫੇਰ ਸਿਹਤ ਮੰਤਰੀ ਵਲ ਵਿਅੰਗਾਤਮਕ ਨਜ਼ਰਾਂ ਨਾਲ ਦੇਖਦੇ ਹੋਏ ਕਹਿੰਦੇ ਹਨ।

ਤੁਹਾਡੇ ਰਾਜ ਵਿਚ ਕਿਤੇ ਇਹ ਵੀ ਹੋ ਸਕਦੈ? ਅਗੋਂ ਸਿਹਤ ਮੰਤਰੀ ਸਾਹਿਬ ਵੀ ਉਸੇ ਲਹਿਜੇ ਵਿਚ ਉਤਰ ਦਿੰਦੇ ਹਨ। ਦੋਹਾਂ ਦਾ ਹਾਸਾ ਕਮਰੇ ਵਿਚ ਗੁੰਜਦਾ ਗੁੰਜਦਾ ਕਮਰੇ ਦੀਆਂ ਕੰਧਾਂ ਤੇ ਪਰਦਿਆਂਵਿਚ ਸਮਾਂ ਜਾਂਦਾ ਹੈ।

ਹੁਣ ਕੀ ਕਰੀਏ? ਮੁਖ ਮੰਤਰੀ ਸਾਹਿਬ ਗੰਭੀਰ ਹੋ ਜਾਂਦੇ ਹਨ।

ਮੈਂ ਦਸਦਾ ਕਮੇਰ ਅੰਦਰ ਵੜਦਿਆਂ ਹੀ ਇਕ ਲੰਮਾ ਚੌੜਾ ਆਦਮੀ ਆਖਦਾ ਹੈ।

ਓ ਆਈ ਜੀ ਸਾਹਿਬ ਆਓ ਆਓ, ਸਿਹਤ ਮੰਤਰੀ ਜੀ ਕਹਿੰਦੇ ਹਨ। ਫੇਰ ਉਨ੍ਹਾਂ ਵਿਚਕਾਰ ਇਕ ਦੂਜੇ ਨੂੰ ਹੈਲੋ ਹੈਲੋ ਕਰਨ ਤੋਂ ਮਗਰੋਂ ਚੁਪ ਛਾ ਜਾਂਦੀ ਹੈ।

ਹਾਂ ਕੀ ਦਸੋਗੇ? ਆਖਰ ਮੁਖ ਮੰਤਰੀ ਸਾਹਿਬ ਹੀ ਚੁਪ ਤੋੜਦੇ ਹੋਏ ਪੁਛਦੇ ਹਨ।

ਇਹੀ ਕਿ ਰਾਜ ਭਰ ਦੇ ਭੁਖੇ ਚੂਹੇ ਸਕਤਰੇਤ ਵਿਚ ਆ ਗਏ ਹਨ। ਉਨ੍ਹਾਂ ਨੇ ਫਾਈਲਾਂ ਕੁਤਰ ਕੁਤਰ ਕੇ ਕਾਗਜ਼ਾਂ ਦੇ ਢੇਰ ਲਾ ਦਿਤੇ ਹਨ। ਬਿਜਲੀ ਦੀ ਤਾਰਾਂ ਕੱਟ ਦਿੰਦੇ ਹਨ ਤੇ ਇਮਾਰਤ ਨੂੰ ਨੁਕਸਾਨ ਪੁਚਾ ਰਹੇ ਹਨ

ਇਹਦਾ ਮਤਲਬ ਆਣਾ ਗੁਪਤਚਰ ਵਿਭਾਗ ਬਹੁਤ ਤਕੜੈ?

ਨਹੀਂ ਜੀ, ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਨਹੀਂ ਸੀ। ਮੈਨੂੰ ਤਾਂ ਇਥੇ ਆਏ ਨੂੰ ਖੂਰਾਕ ਮੰਤਰੀ ਜੀ ਨੇ ਦਸਿਐ? ਅਚਾਨਕ ਆਈ ਜੀ ਸਾਹਿਬ ਦੇ ਮੂੰਹੋ ਸਚੀ ਗਲ ਨਿਕਲ ਹੀ ਜਾਂਦੀ ਹੈ।

ਫੇਰ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਸਕਤਰੇਤ ਵਿਚ ਐਨੀ ਵੱਡੀ ਘਟਨਾ ਵਾਪਰ ਰਹੀ ਹੈ, ਤੈਨੂੰ ਇਥੇ ਆਏ ਨੂੰ ਪਤਾ ਲਗਦੈ? ਮੁਖ ਮੰਤਰੀ ਸਾਹਿਬ ਆਈ ਜੀ ਸਾਹਿਬ ਨੂੰ ਡਾਂਟਾਂ ਤੋਂ ਡਾਂਟਾਂ ਮਾਰੀ ਜਾ ਰਹੇ ਹਨ, ਪਰ ਆਈ ਜੀ ਸਾਹਿਬ ਚੁਪ ਕਰੇ ਸੁਣੀ ਜਾ ਰਹੇ ਹਨ। ਅੰਤ ਨੂੰ ਮੁਖ ਮੰਤਰੀ ਸਾਹਿਬ ਆਪੇ ਥਕ ਕੇ ਚੁਪ ਕਰ ਜਾਂਦੇ ਹਨ ਤੇ ਫੇਰ ਕੁਝ ਚਿਰ ਮਗਰੋਂ ਆਈ ਜੀ ਸਾਹਿਬ ਤੋਂ ਪੁਛਦੇ ਹਨ, ਕੀ ਇਲਾਜ ਐ?

ਇਲਾਜ? ਇਲਾਜ ਹਜ਼ੂਰ ਆਪਣੇ ਬਿਲੇ। ਆਪਣੇ ਕੋਲ ਬਹੁਤ ਤਕੜੇ ਬਿੱਲੇ ਨੇ। ਇਕ ਇਕ ਬਿੱਲਾ ਸੈਂਕੜੇ ਚੂਹੇ ਖਾ ਕੇ ਹਜ਼ਮ ਕਰਨ ਦੀ ਸਮਰਥਾ ਰਖਦਾ ਹੈ

ਸਹੀ ਐ, ਫਟਾਫਟ ਜਾ ਕੇ ਭੇਜ

ਹੁਣੀ ਲਓ ਜੀ, ਕਹਿ ਆਈ ਜੀ ਸਾਹਿਬ ਟੈਲੀਫੂਲ਼ ਉਤੇ ਆਪਣੇ ਦਫਰ ਦਾ ਨੰਬਰ ਡਾਇਲ ਕਰਕੇ ਬਿੱਲਿਆਂ ਦੀ ਫੋਰਸ ਤੁਰੰਤ ਭੇਜਣ ਦਾ ਹੁਕਮ ਦੇ ਦਿੰਦੇ ਹਨ।

ਬਿੱਲੇ ਆ ਗਏ ਹਨ। ਇਕ ਇਕ ਕਮਰੇ ਵਿਚ ਇਕ ਇਕ ਬਿੱਲੇ ਦੀ ਡਿਊਟੀ ਲਾ ਦਿਤੀ ਹੈ। ਚੂਹੇ ਬਿਲਿਆਂ ਨੂੰ ਦੇਖ ਕੇ ਰੈਕਾਂ, ਅਲਮਾਰੀਆਂ ਤੋਂ ਫਾਈਲਾਂ ਦੇ ਵੱਡੇ ਵਡੇ ਬਸਤਿਆਂ ਵਿਚ ਲੁਕ ਜਾਂਦੇ ਹਨ। ਬਿਲਿਆਂ ਦਾ ਸਖਤ ਪਹਿਰਾ ਹੋਣ ਕਰਕੇ ਚੂਹੇ ਬਾਹਰ ਨਹੀਂ ਨਿਕਲ ਸਕਦੇ। ਖਾਣ ਨੂੰ ਕਾਗਜ਼ਾਂ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਪਾਣੀ ਤਾਂ ਪਹਿਲਾਂ ਹੀ ਉਨ੍ਹਾਂਨੂੰ ਕਦੇ ਕਦਾਈ ਨਸੀਬ ਹੁੰਦਾ ਸੀ।

ਜਦ ਕੋਈ ਬਾਬੂ ਆਪਣਾ ਰਿਕਾਰਡ ਦੇਖਣ ਲਈ ਬਸਤਾ ਖੋਲਦਾ ਹੈ ਤਾਂ ਉਸ ਨੂੰ ਸਿਵਾਏ ਕਾਗਜ਼ ਦੇ ਟੁਕੜਿਆਂ ਤੋਂ ਕੁਝ ਨਹੀਂ ਮਿਲਦਾ। ਉਂਜ ਉਹ ਖੁਸ਼ ਵੀ ਹਨ ਕਿਉਂਕਿ ਰਿਕਾਰਡ ਦੇ ਖਰਾਬ ਹੋ ਜਾਣ ਨਾਲ ਉਨ੍ਹਾਂ ਦੀ ਰਿਕਾਰਡ ਵਿਚ ਕੀਤੀ ਗਈ ਹੇਰਾਫੇਰੀ ਵੀ ਖਤਮ ਹੋ ਰਹੀ ਹੈ। ਪਰ ਫੇਰ ਵੀ ਉਹ ਆਣੀ ਚਮੜੀ ਦੀ ਸੁਰਖਿਆ ਲਈ ਨੀਲੇ ਨੀਲੇ ਇਮਜੀਏਟ ਦੇ ਫਲ਼ੈਗ ਲਾ ਕੇ ਚੂਹਿਆਂ ਤੋਂ ਰਿਕਾਰਡ ਬਚਾਉਣ ਬਾਰੇ ਨੋਟ ਲਿਖ ਲਿਖ ਕੇ ਦੇ ਰਹੇ ਹਨ, ਜਿਸ ਕਰਕੇ ਮੰਤਰੀ ਸਾਹਿਬ ਦੇ ਮੇਜ਼ ਉਤੇ ਨੋਟਾਂ ਦੇ ਡੇਰ ਲਗ ਜਾਂਦੇ ਹਨ। ਉਹ ਜਿਹੜਾ ਨੋਟ ਪੜ੍ਹਨ ਲਗਦਾ ਹੈ, ਉਸ ਵਿਚ ਚੂਹਿਆਂ ਦੀ ਸਮਸਿਆ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ। ਨੋਟ ਪੜ੍ਹਦਿਆਂ ਮੁਖ ਮੰਤਰੀ ਸਾਹਿਬ ਦਾ ਸਿਰ ਦੁਖਣ ਲਗ ਪਿਆ ਹੈ। ਉਹ ਸਿਰ ਫੜ੍ਹ ਕੇ ਕੁਰਸੀ ਨੂੰ ਢਾਸਣਾ ਲਾ ਕੇ ਬੈਠਣ ਹੀ ਲਗਦੇ ਹਨ ਕਿ ਉਨ੍ਹਾਂ ਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਚੂਹੇ ਉਨ੍ਹਾਂ ਦੀ ਕੁਰਸੀ ਨੂੰ ਹੀ ਕੁਤਰਨ ਲਗ ਪਏ ਹੋਣ। ਡਰ ਨਾਲ ਉਨਾਂ ਦੇ ਮੂੰਹੋਂ ਜ਼ੋਰ ਜ਼ੋਰ ਨਾਲ ਬਚਾਉ....ਬਚਾਉ ...ਨਿਕਲ ਜਾਂਦਾ ਹੈ। ਦੂਸਰੇ ਕਮਰੇ ਵਿਚ ਪੀ ਏ ਚਪੜਾਸੀ ਤੇ ਹੋਰ ਬੰਦੇ ਭਜ ਕੇ ਆ ਜਾਂਦੇ ਹਨ। ਮੁਖ ਮੰਤਰੀ ਸਾਹਿਬ ਨੂੰ ਕੁਰਸੀ ਤੋਂ ਦੂਰ ਡਰਿਆ ਹੋਇਆ ਖੜ੍ਹਾ ਦੇਖ ਕੇ ਕਹਿੰਦੇ ਹਨ, ਕੀ ਹੋਇਆ ਸਰ?

ਮੁਖ ਮੰਤਰੀ ਸਾਹਿਬ ਕੁਝ ਨਹੀਂ ਬੋਲ ਰਹੇ ਹਨ, ਸਿਰਫ ਕੁਰਸੀ ਵਲ ਇਸ਼ਾਰਾ ਕਰ ਦਿੰਦੇ ਹਨ। ਮੁਖ ਮੰਤਰੀ ਦਾ ਪੀ ਏ ਤੇ ਬਾਹਰੋਂ ਆਏ ਆਦਮੀ ਕੁਰਸੀ ਨੂੰ ਫੜ ਕੇ ਇਧਰ ਉਧਰ ਕਰਦੇ ਹਨ। ਕੁਰਸੀ ਵਿਚੋਂ ਚੂਹੇ ਨਿਕਲ ਕੇ ਭਜ ਜਾਂਦੇ ਹਨ। ਬਾਘੜ ਬਿੱਲਾ ਚੂਹਿਆਂ ਦਾ ਪਿਛਾ ਕਰਦਾ ਹੈ ਪਰ ਚੂਹੇ ਸਫਲਤਾ ਪੂਰਵਕ ਆਪਣਾ ਬਚਾ ਕਰ ਕੇ ਲੁਕ ਜਾਂਦੇ ਹਨ।

ਸਾਰਾ ਮੰਤਰੀ ਮੰਡਲ ਫਿਕਰਮੰਦ ਹੈ ਜਿਸ ਤਰ੍ਹਾਂ ਮੁਖ ਮੰਤਰੀ ਜੀ ਦੀ ਕੁਰਸੀ ਨੂੰ ਖਤਰਾ ਹੋ ਗਿਆ ਹੈ, ਇਸੇ ਤਰ੍ਹਾਂ ਦੂਜੇ ਮੰਤਰੀਆਂ ਦੀਆਂ ਕੁਰਸੀਆਂ ਨੂੰ ਵੀ ਖਤਰਾ ਹੋ ਸਕਦਾ ਹੈ। ਕਈਆਂ ਨੂੰ ਇਸ ਗੱਲ ਦੀ ਵੀ ਹੈਰਾਨੀ ਹੈ ਕਿ ਚੂਹੇ ਬਾਘੜ ਬਿੱਲਿਆਂ ਦੇ ਹੁੰਦਿਆਂ ਮੁਖ ਮੰਤਰੀ ਜੀ ਦੀ ਕੁਰਸੀ ਨੂੰ ਕਿਵੇਂ ਜਾ ਚਿੰਬੜੇ ਹਨ।

ਹੁਣ ਕੀ ਕਰੀਏ? ਚੂਹੇ ਤਾਂ ਕੁਰਸੀ ਤਕ ਵੀ ਪਹੁੰਚ ਗਏ? ਮੁਖ ਮੰਤਰੀ ਸਾਹਿਬ ਆਪਣੇ ਪੀ ਏ ਨੂੰ ਪੁਛਦੇ ਹਨ।

ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਬੁਲਾ ਕੇ ਕੇਸ ਵਿਚਾਰ ਲਓ, ਪੀ ਏ ਰਾਏ ਦਿੰਦਾ ਹੈ।

ਸਹੀ ਐ, ਅਜ ਹੀ ਬੁਲਾਓ

ਮੀਟਿੰਗ ਬੁਲਾ ਲਈ ਗਈ ਹੈ। ਮੰਤਰੀ ਆ ਗੇ ਹਨ। ਅਜੰਡੇ ਅਨੁਸਾਰ ਮੀਟਿੰਗ ਦੀ ਕਾਰਵਾਈ ਸ਼ੁਰੂ ਹੋ ਗਈ ਹੈ।

ਦੋਸਤੋ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਕਿ ਇਹ ਮੀਟਿੰਗ ਕਿਸ ਲਈ ਬੁਲਾਈ ਗਈ ਹੈ। ਚੂਹਿਆਂ ਨੂੰ ਅਸੀਂ ਜ਼ਹਿਰ ਦਿਤੀ, ਪਰ ਜ਼ਹਿਰ ਇਨ੍ਹਾਂ ਉਤੇ ਕੋਈ ਅਸਰ ਨਹੀਂ ਕਰ ਸਕੀ। ਆਪਣੇ ਬਿਲਿਆਂ ਤੋਂ ਵੀ ਇਹ ਕਾਬੂ ਨਹੀਂ ਆ ਸਕੇ। ਹੁਣ ਸਾਡੇ ਅਗੇ ਇਹ ਸਮਸਿਆ ਹੈ ਕਿ ਚੂਹਿਆਂ ਨੂੰ ਕਿਵੇਂ ਕਾਬੂ ਕੀਤਾ ਜਾਵੇ। ਮੁਖ ਮੰਤਰੀ ਸਾਹਿਬ ਉਠ ਕੇ ਕਾਰਵਾਈ ਅਰੰਭ ਕਰਦੇ ਹੋਏ ਕਹਿੰਦੇ ਹਨ।

ਸਾਡੇ ਕੋਲ ਅਨਾਜ ਬਹੁਤ ਐ। ਇਲੈਕਸ਼ਨ ਵੀ ਨੇੜੇ ਹੀ ਆ ਏ ਹਨ। ਕਿਉਂ ਨਾ ਡੀਪੂਆਂ ਰਾਹੀਂ ਇਨ੍ਹਾਂ ਨੂੰ ਅਨਾਜ ਜਾਰੀ ਕਰਨਾ ਸੁਰੂ ਕਰ ਦੇਈਏ? ਵਿਦਿਆ ਮੰਤਰੀ ਆਪਣੀ ਰਾਇ ਪੇਸ਼ ਕਰਦਾ ਹੈ।

ਸਲਾਹ ਤਾਂ ਸਹੀ ਐ, ਮੁਖ ਮੰਤਰੀ ਸਾਹਿਬ ਬੋਲ ਉਠਦੇ ਹਨ।

ਨਹੀਂ, ਇਹ ਠੀਕ ਨਹੀਂ, ਖੁਰਾਕ ਮੰਤਰੀ ਜੀ ਉਠ ਕੇ ਕਹਿੰਦੇ ਹਨ।

ਕਿਉਂ? ਮੁਖ ਮੰਤਰੀ ਸਾਹਿਬ ਸਵਾਲ ਕਰਦੇ ਹਨ।

ਕਿਉਂਕਿ ਜੇ ਅਸੀਂ ਇਨ੍ਹਾਂ ਨੂੰ ਰਜਵਾਂ ਅਨਾਜ ਡੀਪੂਆਂ ਰਾਹੀਂ ਦੇਣ ਲਗ ਪਏ ਤਾਂ ਇਹ ਰੱਜ ਕੇ ਮੌਜ ਮੇਲਾ ਕਰਨ ਲਗ ਪੈਣਗੇ ਤੇ ਚੂਹੇ ਹੀ ਚੂਹੇ ਪੈਦਾ ਕਰ ਦੇਣਗੇ। ਫੇਰ ਉਹ ਚੂਹੇ ਹੋਰ ਅਨਾਜ ਮੰਗਣਗੇ। ਕਿਥੋਂ ਦਿਆਂਗੇ ਫੇਰ ਇੰਨਾ ਅਨਾਜ?

ਮੇਰੀ ਸਮਝ ਵਿਚ ਆ ਗਿਆ ਹੁਣ ਕੇਸ, ਸਿਹਤ ਮੰਤਰੀ ਝੱਟ ਬੋਲ ਪੈਂਦਾ ਹੈ।

ਦਸੋ?

ਸਾਰੇ ਸੂਬੇ ਵਿਚ ਐਲਾਨ ਕਰ ਦਿਤਾ ਜਾਵੇ ਕਿ ਜਿਹੜਾ ਚੂਹਾ ਨਸਬੰਦੀ ਉਪਰੇਸ਼ਨ ਕਰਾਏਗਾ, ਉਸ ਨੂੰ ਰਜਵਾਂ ਅਨਾਜ ਦਿਤਾ ਜਾਵੇਗਾ।

ਸਿਹਤ ਮੰਤਰੀ ਦਾ ਸੁਝਾਅ ਸੁਣ ਕੇ ਸਾਰਾ ਮੰਤਰੀ ਮੰਡਲ ਇਕ ਵਾਰ ਤਾਂ ਇਕ ਦੂਜੇ ਵਾਲ ਦੇਖਦਾ ਹੈ ਪਰ ਫੇਰ ਸਮਝ ਆ ਜਾਣ  ਉਤੇ ਜ਼ੋਰ ਦੀ ਤਾੜੀਆਂ ਮਾਰਨ ਲਗ ਪੈਂਦਾ ਹੈ।

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com