5_cccccc1.gif (41 bytes)


'ਮੇਰੀ ਕਹਾਣੀ ਲਿਖੀਂ.....'
ਮੇਜਰ ਮਾਂਗਟ


'ਮੇਰੀ ਕਹਾਣੀਂ ਲਿਖੀਂ.....' ਇਹ ਗੱਲ ਉਸ ਨੂੰ ਗੈਰੀ ਨੇ ਆਖੀ ਸੀ ਜੋ ਰਿਸ਼ਤੇ ਵਿੱਚ ਉਸ ਦੀ ਸਕੀ ਭਰਜਾਈ ਸੀ। ਪਰ ਕੀ ਲਿਖਦਾ ਉਹ ਉਸਦੇ ਬਾਰੇ? ਲਿਖਦਾ ਤਾਂ ਕਲਮ ਅੜ ਜਾਂਦੀ, ਮਨ ਉਖੜ ਜਾਂਦਾ ਤੇ ਉਹ ਸੋਚਾਂ ਵਿੱਚ ਡੁੱਬ ਜਾਂਦਾ। ਬੱਸ ਇਹ ਹੀ ਸੋਚਦਾ ਰਹਿੰਦਾ ਕਿ ‘ਕੀ ਉਹ ਗ਼ਲਤ ਸੀ ਜਾਂ ਠੀਕ....। ਤੇ ਜਾਂ ਫਿਰ ਉਸ ਨੇ ਆਪਣੇ ਵੱਡੇ ਭਰਾ ਦੇ ਪਿੱਠ ਵਿੱਚ ਛੁਰਾ ਮਾਰ ਕੇ ਉਸ ਨਾਲ ਵਿਸਵਾਸ਼ ਘਾਤ ਕੀਤਾ ਸੀ। ਦੋਸ਼ੀ ਕੌਣ ਸੀ? ਉਸਦਾ ਭਰਾ ਹਰਬੰਸ, ਗੈਰੀ ਜਾਂ ਖੁਦ ਮਨਮੀਤ ਆਪ...’। ਇਹ ਹੀ ਗੱਲ ਉਸ ਨੂੰ ਸਮਝ ਨਹੀਂ ਸੀ ਪੈਂਦੀ। ਇਹ ਹੀ ਕਾਰਨ ਸੀ ਕਿ ਉਹ ਉਸ ਬਾਰੇ ਕਹਾਣੀ ਨਾਂ ਲਿਖ ਸਕਿਆ। ਪਰ ਉਸ ਨੇ ਤਾਂ ਇਸ ਗੱਲ ਦਾ ਵਾਅਦਾ ਲਿਆ ਸੀ ਕਿ ‘ਮੇਰੀ ਕਹਾਣੀ ਜਰੂਰ ਲਿਖੀਂ ਤਾਂ ਕਿ ਕੋਈ ਭਰਾ ਆਪਣੇ ਭਰਾ ਦੀ ਪਿੱਠ ਵਿੱਚ ਛੁਰਾ ਨਾਂ ਘੋਂਪੇ ਤੇ ਕੋਈ ਪਤਨੀ ਆਪਣੇ ਪਤੀ ਦੇ ਹੁੰਦੇ ਹੋਏ ਬਦਚਲਣੀ ਵਾਲਾ ਰਾਹ ਅਖਤਿਆਰ ਨਾਂ ਕਰੇ। ਤੇ ਮੁੜਕੇ ਫੇਰ ਕਦੀ ਕਿਸੇ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਤੂਫ਼ਾਨੀ ਰਾਤ ਨਾਂ ਆਵੇ’। ਉਹ ਵੀ ਕਿਹੋ ਜਿਹੀ ਰਾਤ ਸੀ ਅੱਗ ਦੇ ਭਾਂਬੜ ਵਰਗੀ ਮਨਮੀਤ ਨੇ ਸੋਚਿਆ ਤੇ ਉਸ ਰਾਤ ਨਾਲ ਸਬੰਧਤ ਘਟਨਾਵਾਂ ਉਸਦੇ ਮਨ ਮਸਤਕ ਵਿੱਚ ਫੇਰ ਉਭਰਨ ਲੱਗੀਆਂ।

ਉਸਦੇ ਭਰਾ ਨਾਲ ਵਿਆਹ ਹੋਣ ਤੋਂ ਬਾਅਦ ਗੈਰੀ ਪਹਿਲੀ ਵਾਰ ਭਾਰਤ ਆਈ ਸੀ ਉਹ ਵੀ ਇਕੱਲੀ। ਬਹੁਤ ਸੋਹਣੀ ਸੀ ਉਹ, ਗੋਰਾ ਰੰਗ, ਸੁਰਖ਼ ਗੱਲ੍ਹਾਂ ਤੇ ਦਿਲਕਸ਼ ਨੈਣ। ਜੋਬਨ ਡੁੱਲ ਡੁੱਲ ਪੈਂਦਾ ਸੀ ਉਸਦਾ। ਪਰ ਜਦੋਂ ਮਨਮੀਤ ਨੂੰ ਆਪਣੇ ਭਰਾ ਹਰਬੰਸ ਦਾ ਖ਼ਿਆਲ ਆਂਉਂਦਾ ਤਾਂ ਉਸ ਨੂੰ ਲੱਗਦਾ ਕਿ ਉਹ ਤਾਂ ਉਸ ਦੇ ਮੁਕਾਬਲੇ ਵਿੱਚ ਕੁੱਝ ਵੀ ਨਹੀਂ ਸੀ। ਅਠਾਈ ਕੁ ਸਾਲ ਦੀ ਉਮਰ ਵਿੱਚ ਉਹ ਕਿਸੇ ਏਜੰਟ ਨੂੰ ਪੈਸੇ ਦੇ ਕੇ ਕੈਨੇਡਾ ਗਿਆ ਸੀ, ਤੇ ਉਥੇ ਜਾਕੇ ਰੀਫਿਊਜੀ ਸ਼ਰਨ ਲਈ ਸੀ। ਫੇਰ ਤੇਰਾਂ ਸਾਲ ਉਸਦਾ ਕੇਸ ਚੱਲਿਆ ਸੀ ਤਾਂ ਕਿਤੇ ਜਾ ਕੇ ਉਹ ਪੱਕਾ ਹੋਇਆ ਸੀ। ਉਹ ਵੀ ਤਾਂ, ਜਦੋਂ ਪੰਜਾਬ ਦਾ ਮਹੌਲ ਬਹੁਤ ਜਿਆਦਾ ਵਿਗੜ ਗਿਆ ਸੀ। ਝੂਠੇ ਪੁਲਿਸ ਮੁਕਾਬਲਿਆਂ ਵਿੱਚ ਵੀ ਬਹੁਤ ਲੋਕ ਮਰਨ ਲੱਗੇ। ਰਫਿਊਜੀ ਬੋਰਡ ਨੇ ਇਸੇ ਗੱਲ ਨੂੰ ਮੁੱਖ ਰੱਖ ਉਸ ਨੂੰ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਲਈ ਸ਼ਰਨ ਦੇ ਦਿੱਤੀ ਸੀ। ਜਦੋਂ ਉਹ ਪੱਕਾ ਹੋ ਗਿਆ ਅਤੇ ਉਸ ਨੂੰ ਪਾਸਪੋਰਟ ਮਿਲ ਗਿਆ ਤਾਂ ਜੋ ਗੱਲ ਉਸ ਨੇ ਸਭ ਪਹਿਲਾਂ ਕੀਤੀ, ਉਹ ਸੀ ਭਾਰਤ ਆਕੇ ਕਿਸੇ ਭਾਰਤੀ ਕੁੜੀ ਨਾਲ ਵਿਆਹ ਕਰਵਾਉਣ ਦੀ ਜਿਸ ਲਈ ਉਹ ਪਹਿਲਾਂ ਹੀ ਲੇਟ ਸੀ। ਉਸ ਵਾਰੇ ਪਰਿਵਾਰ ਵੀ ਸਾਰਾ ਹੀ ਫਿਕਰਮੰਦ ਸੀ ਕਿਉਂਕਿ ਉਸਦੀ ਉਮਰ ਟੱਪਦੀ ਜਾ ਰਹੀ ਸੀ ਚਾਲੀਆਂ ਨੂੰ ਢੁਕ ਚੁੱਕਾ ਸੀ ਉਹ। ਪਰ ਕੈਨੇਡਾ ਦੇ ਲਾਲਚੀਆਂ ਨੂੰ ਉਸ ਦੀ ਪਕਰੌੜ ਉਮਰ ਘੱਟ ਅਤੇ ਕੈਨੇਡਾ ਬਹੁਤਾ ਦਿਸਦਾ ਸੀ। ਅਖ਼ਬਾਰ ਵਿੱਚ ਇੱਕ ਇਸ਼ਤਿਹਾਰ ਦੇਣ ਦੀ ਲੋੜ ਸੀ ਕਿ ਰਿਸ਼ਤਿਆਂ ਵਾਲਿਆਂ ਦਾ ਤਾਂਤਾ ਜੁੜਨ ਲੱਗਾ। ਲੋਕ ਆਪਣੀਆਂ ਕੰਜ ਕੁਆਰੀਆਂ ਧੀਆਂ ਨੂੰ ਇਸ ਤਰਾਂ ਦਿਖਾਉਂਦੇ ਜਿਵੇਂ ਚੰਗਾ ਵਿਉਪਾਰੀ ਗਾਵਾਂ ਮੱਝਾਂ ਵੇਚਣ ਸਮੇਂ ਗਾਹਕ ਨੂੰ ਭਰਮਾਉਣ ਲਈ ਹਰ ਹੀਲਾ ਵਰਤਦਾ ਹੈ। ਤੇ ਫੇਰ ਗੈਰੀ ਦਾ ਬਾਪ ਵੀ ਆਇਆ ਸੀ ਆਪਣੀ ਵੱਡੀ ਧੀ ਦਾ ਰਿਸ਼ਤਾ ਲੈ ਕੇ। ਉਹ ਦੋ ਭੈਣਾਂ ਤੋਂ ਵੱਡੀ ਸੀ ਸਿਰਫ ਅਠਾਰਾਂ ਸਾਲ ਦੀ ਤੇ ਬੀ: ਏ: ਦੇ ਆਖਰੀ ਸਾਲ ਵਿੱਚ ਪੜ੍ਹਦੀ ਸੀ। ਉਸਦੇ ਸੁਹੱਪਣ ਨੂੰ ਦੇਖ ਕੇ ਹਰਬੰਸ ਰੱਬ ਨੇ ਦਿੱਤੀਆਂ ਗਾਜਰਾਂ ਵਾਲੀ ਕਹੌਤ ਦਹਰਾਂਉਦਿਆਂ ਝੱਟ ਪੱਟ ਹਾਂ ਕਰ ਦਿੱਤੀ ਸੀ। ਤੇ ਫੇਰ ਧੂਮ ਧਾਮ ਨਾਲ ਵਿਆਹ ਹੋ ਗਿਆ।

ਵਿਆਹ ਤੋਂ ਬਾਅਦ ਮਨਮੀਤ ਕਿੰਨੇ ਹੀ ਦਿਨ ਬੇਚੈਨ ਰਿਹਾ ਕਿ ‘ਐਨੀ ਸੋਹਣੀ ਤੇ ਘੱਟ ਉਮਰ ਦੀ ਕੁੜੀ ਉਸਦੇ ਭਰਾ ਨਾਲ ਵਿਆਹ ਕਰਵਾਉਣ ਨੂੰ ਕਿਵੇਂ ਮੰਨ ਗਈ’? ਕਿਸੇ ਨੇ ਕਿਹਾ ਸੀ ਕਿ "ਭਾਈ ਅਗਲੇ ਦੇ ਤਿੰਨ ਧੀਆਂ ਨੇ ਵਿਆਹ ਕਰਨੇ ਕਿਹੜਾ ਸੌਖੇ ਨੇ......ਇੱਕ ਕੁੜੀ ਦੀ ਬਲੀ ਦੇ ਕੇ ਦੋ ਬਚਦੀਆਂ ਨੇ ਨਾਲੇ ਸਾਰਾ ਟੱਬਰ ਕੈਨੇਡਾ ਨਿੱਕਲਦਾ ਏ। ਏਥੇ ਐਨਾ ਦਾਜ ਦੇ ਕੇ ਕਿਹੜਾ ਵਿਆਹ ਕਰਨੇ ਸੌਖੇ ਨੇ। ਕੁੜੀਆਂ ਵੀ ਵਿਚਾਰੀਆਂ ਇਸੇ ਕਰਕੇ ਸਮਝੌਤਾ ਕਰ ਲੈਂਦੀਆਂ ਹਨ ਕਿ ਜੇ ਏਹੋ ਹਾਲ ਹੋਣਾ ਹੈ ਤਾਂ ਏਥੇ ਹੋਇਆ ਕਿ ਉੱਥੇ .....। ਜੇ ਹੋਰ ਨੀ ਤਾਂ ਕੈਨੇਡਾ ਵਿੱਚ ਕਨੂੰਨ ਤਾਂ ਚੰਗਾ ਹੈ। ਇੱਕ ਵਾਰ ਪਹੁੰਚਣ ਦੀ ਜਰੂਰਤ ਹੈ"। ਇਸੇ ਕਰਕੇ ਗੈਰੀ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਵਿਆਹ ਕਰਵਾਉਣ ਲਈ ਤਿਆਰ ਹੋ ਗਈ ਸੀ। ਉਸਦੇ ਮਾਂ ਬਾਪ ਨੇ ਸੋਚਿਆ ਕਿ ਏਥੇ ਕਿਹੜਾ ਨੌਕਰੀ ਧਰੀ ਪਈ ਹੈ। ਕੈਨੇਡਾ ਵਾਲਾ ਸਾਕ ਵਾਰ ਵਾਰ ਤਾਂ ਨਹੀਂ ਮਿਲਦਾ।

ਵਿਆਹ ਤੋਂ ਹਫਤਾ ਬਾਅਦ ਹੀ ਹਰਬੰਸ ਕੈਨੇਡਾ ਲਈ ਰਵਾਨਾ ਹੋ ਗਿਆ। ਆਪਣੀ ਚਾਰ ਹਫਤੇ ਦੀ ਛੁੱਟੀ ਵਿੱਚ ਉਸ ਨੇ ਬੜਾ ਕੁਝ ਦੱਸਿਆ। ਸ਼ਾਮ ਨੂੰ ਮਿੱਤਰਾਂ ਦੀ ਮਹਿਫਲ ਵਿੱਚ ਬੈਠਾ ਉਹ ਦੱਸਦਾ ਕਿ ਉਹ ਕੈਨੇਡਾ ਬੈਠਾ ਐਵੇਂ ਨਹੀਂ ਬੁੱਢਾ ਹੋ ਗਿਆ ਉਥੇ ਉਸ ਦੀ ਇੱਕ ਗੋਰੀ ਗਰਲ ਫਰੈਂਡ ਸੀ। ਫਰੈਂਡ ਤਾਂ ਉਹ ਉਸ ਨੇ ਇਸ ਲਈ ਬਣਾਈ ਸੀ ਕਿ ਕੋਰਟ ਮੈਰਿਜ ਕਰਵਾ ਕੇ ਉਸ ਨੂੰ ਪੱਕਾ ਕਰਵਾ ਦਊ ਪਰ ਉਹ ਤਾਂ ਬਟੂਏ ਦੀ ਦੀਵਾਨੀ ਸੀ ਜੋ ਉਸ ਨੂੰ ਕਈ ਸਾਲ ਚੂੰਡਦੀ ਰਹੀ। ਦੋਨੋ ਆਪੋ ਆਪਣੇ ਦਾਅ ਤੇ ਸਨ। ਉਹ ਵੀ ਇਹ ਗੱਲ ਜਾਣਦੀ ਸੀ ਕਿ ਜਿਸ ਦਿਨ ਹਰਬੰਸ ਪੱਕਾ ਹੋ ਗਿਆ ਉਸੇ ਦਿਨ ਉਸ ਨੂੰ ਪਾਟੇ ਲੰਗਾਰ ਵਾਂਗ ਗਲੋਂ ਲਾਹ ਕੇ ਪੰਜਾਬ ਵਿਆਹ ਕਰਵਾਉਣ ਤੁਰ ਜਾਵੇਗਾ ਤੇ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹਮੇਸ਼ਾਂ ਲਈ ਮਰ ਜਾਵੇਗੀ। ਉਹ ਹਰ ਵੀਕ ਐਂਡ ਤੇ ਉਸ ਕੋਲ ਆਉਂਦੀ ਤੇ ਹਰ ਵੀਕ ਐਂਡ ਤੇ ਪੇਅ ਵੀ ਮਿਲਦੀ। ਸੋਮਵਾਰ ਸਵੇਰੇ ਉਸ ਕੋਲ ਉਹ ਵੀ ਨਾਂ ਹੁੰਦੀ ਤੇ ਬਟੂਏ 'ਚ ਪੈਸੇ ਵੀ ਨਾਂ। ਜਿਉਂ ਹੀ ਉਸ ਨੂੰ ਪੱਕਾ ਹੋਣ ਦੇ ਪੇਪਰ ਮਿਲੇ ਤੇ ਗੋਰੀ ਲੂਬਾ ਵੀ ਉਸ ਨੇ ਪੱਕੇ ਤੌਰ ਤੇ ਛੱਡ ਦਿੱਤੀ। ਜਦੋਂ ਕੋਈ ਮਨਚਲਾ ਉਸ ਨੂੰ ਪੁੱਛਦਾ ਕਿ ਗੋਰੀ ਔਰਤ ਤੇ ਪੰਜਾਬਣ ਵਿੱਚ ਕੀ ਫਰਕ ਹੁੰਦਾ ਹੈ ਤਾਂ ਉਹ ਆਪਣਾ ਤਜੁਰਬਾ ਸਾਂਝਾ ਕਰਦਾ ਆਖਦਾ " ਸੈਕਸ ਦੇ ਮਾਮਲੇ ਵਿੱਚ ਗੋਰੀਆਂ ਦਾ ਕੋਈ ਜਵਾਬ ਨਹੀਂ ਤੇ ਘਰ ਦੀ ਸਾਂਭ ਸੰਭਾਲ ਵਾਸਤੇ ਆਪਣੀਆਂ ਦਾ ਕੋਈ ਜਵਾਬ ਨਹੀਂ।" ਉਹ ਕਹਿੰਦਾ ਐਸ਼ ਜਿੱਥੇ ਮਰਜੀ ਕਰੋ ਪਰ ਵਿਆਹ ਆਪਣੀ ਕਮਿਊਨਟੀ ਵਿੱਚ ਹੀ ਕਰੋ"। ਤਾਂ ਹੀ ਤਾਂ ਉਹ ਵਿਆਹ ਕਰਵਾਉਣ ਪੰਜਾਬ ਆਇਆ ਸੀ। ਤੇ ਧੱਕੇ ਚੜ ਗਈ ਸੀ ਵਿਚਾਰੀ ਗੈਰੀ ਜੋ ਮਨਮੀਤ ਨੂੰ ਤਰਲੇ ਲੈ ਲੈ ਕੇ ਇਹ ਕਹਿ ਕੇ ਗਈ ਸੀ ਕਿ ' ਮੇਰੀ ਕਹਾਣੀ ਜਰੂਰ ਲਿਖੀਂ' ਪਰ ਸਮਝ ਨਹੀਂ ਸੀ ਪੈਂਦੀ ਕਿ ਉਹ ਉਸਦੀ ਕਹਾਣੀ ਕਿੱਥੋਂ ਸ਼ੁਰੂ ਕਰੇ।

ਕੈਨੇਡਾ ਵਿੱਚ ਢਾਈ ਸਾਲ ਰਹਿਕੇ ਗੈਰੀ ਪਹਿਲੀ ਵਾਰੀ ਛੇ ਕੁ ਹਫਤਿਆਂ ਲਈ ਇੰਡੀਆ ਆਈ ਸੀ।ਆਉਣਾਂ ਤਾਂ ਦੋਹਾਂ ਨੇ ਸੀ ਪਰ ਮੌਕੇ ਤੇ ਆ ਕੇ ਹਰਬੰਸ ਨੇ ਕਹਿ ਦਿੱਤਾ ਸੀ ਕਿ "ਮੈਨੂੰ ਕੰਮ ਤੋਂ ਛੁੱਟੀ ਨਹੀਂ ਮਿਲਦੀ ਤੇ ਖਰਚਾ ਵੀ ਬਹੁਤ ਹੈ ਤੂੰ ਇਕੱਲੀ ਹੀ ਜਾਅ ਆ"। ਤੇ ਗੈਰੀ ਨੂੰ ਵੀ ਕੋਈ ਉਜਰ ਨਹੀਂ ਸੀ ਹੋਇਆ। ਉਹ ਇਕੱਲੀ ਹੀ ਆ ਗਈ ਸੀ। ਦਿੱਲੀ ਏਅਰ ਪੋਰਟ ਤੋਂ ਗੈਰੀ ਦਾ ਬਾਪ ਕਿਰਪਾਲ ਸਿਉਂ ਤੇ ਮਨਮੀਤ ਉਸ ਨੂੰ ਜਾ ਕੇ ਲੈ ਆਏ ਸਨ। ਵਿਆਹ ਤੋਂ ਬਾਅਦ ਢਾਈ ਸਾਲ ਬੀਤਣ ਤੇ ਵੀ ਗੈਰੀ ਕੋਲ ਕੋਈ ਬੱਚਾ ਨਹੀਂ ਸੀ। ਕਾਰਨ ਕੁਝ ਵੀ ਹੋ ਸਕਦਾ ਸੀ। ਉਹ ਬਿੱਲਕੁੱਲ ਇਕੱਲੀ ਉੱਤਰੀ ਸੀ ਜੱਫੀ ਪਾ ਕੇ ਅਪਣੇ ਪਿਉ ਨੂੰ ਵੀ ਮਿਲੀ ਤੇ ਆਪਣੇ ਛੋਟੇ ਦੇਵਰ ਨੂੰ ਵੀ ਜੋ ਉਮਰ ਵਿੱਚ ਭਾਂਵੇਂ ਉਸ ਤੋਂ ਚਾਰ ਸਾਲ ਵੱਡਾ ਸੀ ਤੇ ਸੋਹਣਾ ਸੁਨੱਖਾ ਵੀ। ਉਸਦੀ ਡੀਲ ਡੌਲ ਵੇਖ ਕੇ ਗੈਰੀ ਦੇ ਮਨ 'ਚ ਛੁਪੀ ਮਨ ਪਸੰਦ ਮੁੰਡੇ ਦੀ ਤਸਵੀਰ ਗੂੜੀ ਹੋਣ ਲੱਗ ਪਈ ਸੀ। ਮਨਮੀਤ ਨੂੰ ਹਰਬੰਸ ਦਾ ਸਰਵਾਲਾ ਬਣਿਆਂ ਵੇਖਿਆ ਤਾਂ ਉਸ ਨੇ ਆਪਣੇ ਵਿਆਹ ਨੂੰ ਵੀ ਸੀ ਪਰ ਸਮਾਰ ਕੇ ਨਹੀ ਸ਼ਾਇਦ ਨਵੇਂ ਨਵੇਂ ਰਿਸ਼ਤੇ ਦੀ ਸੰਗ ਕਰਕੇ। ਕਈ ਵਾਰ ਇਕੱਲੀ ਬੈਠੀ ਮਨਮੀਤ ਦੀਆਂ ਫੋਟੋਆਂ ਵੇਖ ਕੇ ਉਹ ਸੋਚ ਜਾਇਆ ਕਰਦੀ ਸੀ " ਮੇਰਾ ਹਾਣ ਤਾਂ ਮਨਮੀਤ ਨਾਲ ਸੀ। ਹਰਬੰਸ ਤਾਂ ਮੇਰੇ ਨਾਲੋਂ ਦੁੱਗਣੀ ਉਮਰ ਦਾ ਹੈ"। ਜਿਸ ਨਾਲ ਉਹ ਕਦੀ ਵੀ ਮਨੋਂ ਜੁੜ ਨਹੀਂ ਸੀ ਸਕੀ ਬੱਸ ਵਕਤ ਪੂਰਾ ਕਰਦੀ ਰਹੀ ਸੀ। ਉਸ ਦੀ ਹਵਸ ਪੂਰੀ ਕਰਨ ਲਈ ਉਹ ਜਿਸਮ ਢਿੱਲਾ ਛੱਡ ਮੁਰਦਿਆਂ ਵਾਂਗੂੰ ਪਈ ਰਹਿੰਦੀ ਬੇਜਾਨ ਬੈਟਰੀ ਵਾਂਗੂੰ ਉਸ ਵਿੱਚ ਕਦੀ ਵੀ ਕਰੰਟ ਪੈਦਾ ਨਾ ਹੁੰਦਾ। ਬਿਸਤਰੇ ਤੇ ਭਾਂਬੜ ਵਾਂਗੂੰ ਮੱਚਣਾ ਤਾਂ ਬਹੁਤ ਦੂਰ ਦੀ ਗੱਲ ਸੀ। ਇਸੇ ਗੱਲ ਤੋਂ ਖਿਝ ਕੇ ਹਰਬੰਸ ਉਸ ਨੂੰ ਗਾਲਾਂ ਵੀ ਕੱਢਦਾ ਕਿ ‘ਠੰਢੀ ਬਰਫ ਹੈ’ ਤੇ ਇਹ ਵੀ ਆਖਦਾ ਕਿ "ਦੇਸੀ ਔਰਤਾਂ ਤਾਂ ਸਿਰਫ ਘਰ ਹੀ ਸੰਭਾਲ ਸਕਦੀਆਂ ਨੇ ਮਰਦ ਸੰਭਾਲਣੇ ਤਾਂ ਸਿਰਫ ਗੋਰੀਆਂ ਨੂੰ ਹੀ ਆਂਉਂਦੇ ਹਨ"। ਉਸ ਦੀ ਇਹ ਗੱਲ ਗੈਰੀ ਨੂੰ ਹੋਰ ਵੀ ਰਾਖ ਦਾ ਢੇਰ ਬਣਾ ਜਾਂਦੀ, ਜਿਸ ਨੂੰ ਫੂਕਾਂ ਮਾਰ ਕੇ ਸੁਲਘਾਉਣ ਦੇ ਅਸਫਲ ਯਤਨ ਕਰਦਾ, ਉਹ ਹਫ ਕੇ ਸੌਂ ਜਾਂਦਾ। ਕਮਜ਼ੋਰ ਗੈਰੀ ਨਹੀਂ, ਸਗੋਂ ਉਹ ਸੀ। ਬੀਤੇ ਦਿਨਾਂ ਵਾਲੇ, ਗੋਰੀ ਲੂਬਾ ਨਾਲ ਜੁੜੇ ਅੱਗ ਵਰਗੇ ਸਬੰਧਾਂ ਨੂੰ ਦੁਹਰਾਉਣ ਲਈ ਹੀ ਸ਼ਾਇਦ ਉਹ ਇਕੱਲੀ ਗੈਰੀ ਨੂੰ ਇੰਡੀਆ ਭੇਜਣਾ ਮੰਨ ਗਿਆ ਸੀ। ਜੋ ਦਿੱਲੀ ਏਅਰ ਪੋਰਟ ਮਨਮੀਤ ਸਾਹਮਣੇ ਖੜੀ ਮੁਸਕਰਾ ਰਹੀ ਸੀ।

ਦਿੱਲੀ ਤੋਂ ਲੁਧਿਆਣੇ ਤੱਕ ਦੇ ਸਫ਼ਰ ਵਿੱਚ ਉਹ ਇੱਕ ਦੂਜੇ ਦੇ ਕਾਫੀ ਨੇੜੇ ਆ ਗਏ ਸਨ। ਮਨਮੀਤ ਉਸ ਨੂੰ ਕੈਨੇਡਾ ਦੇ ਜੀਵਨ ਬਾਰੇ ਸੁਆਲ ਜਵਾਬ ਪੁੱਛਦਾ ਰਿਹਾ ਸੀ ਜਿਵੇਂ ਕੋਈ ਖੋਜ ਕਰ ਰਿਹਾ ਹੋਵੇ। ਅਸਲ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ ਐੱਚ ਡੀ ਕਰ ਰਿਹਾ ਸੀ। ਹਰ ਗੱਲ ਦੀ ਤਹਿ ਤੱਕ ਜਾਣਾ ਉਸ ਦਾ ਸੁਭਾਅ ਬਣ ਗਿਆ ਸੀ। ਉਹ ਗੈਰੀ ਨੂੰ ਆਪਣੇ ਬਾਰੇ ਵੀ ਦੱਸਦਾ ਰਿਹਾ ਸੀ, ਆਪਣੀ ਪੜ੍ਹਾਈ ਬਾਰੇ ਆਪਣੇ ਘੁੰਮਣ ਫਿਰਨ ਬਾਰੇ। ਉਸ ਨੇ ਕਾਫੀ ਘੁੰਮਣ ਫਿਰਨ ਯੋਗ ਥਾਵਾਂ ਦੇਖੀਆਂ ਹੋਈਆਂ ਸਨ ਤੇ ਸ਼ਿਮਲਾ ਵੀ। ਜਦੋਂ ਉਹ ਸ਼ਿਮਲੇ ਬਾਰੇ ਦੱਸ ਰਿਹਾ ਸੀ ਤਾਂ ਉਸੇ ਵਕਤ ਗੈਰੀ ਨੂੰ ਖ਼ਿਆਲ ਆਇਆ ਸੀ ਕਿ ਹਰਬੰਸ ਨੇ ਉਸ ਨੂੰ ਤਾੜ ਕੇ ਕਿਹਾ ਸੀ ਕਿ ‘ਮੇਰੇ ਦੋਸਤ ਦੀ ਭੈਣ ਸ਼ਿਮਲੇ ਰਹਿੰਦੀ ਹੈ ਉਸ ਦਾ ਜਰੂਰੀ ਸਮਾਨ ਹੈ, ਤੂੰ ਆਪ ਜਾ ਕੇ ਫੜਾ ਕੇ ਆਈਂ’। ਇਹ ਗੱਲ ਸੁਣ ਕੇ ਗੈਰੀ ਨੂੰ ਖੁਸ਼ੀ ਚੜ ਗਈ ਸੀ ਕਿਉਂਕਿ ਉਸ ਦੀ ਕਾਲਜ ਸਮੇਂ ਦੀ ਸਭ ਤੋਂ ਪਿਆਰੀ ਸਹੇਲੀ ਵੀ ਸ਼ਿਮਲੇ ਹੀ ਕਿਸੇ ਸਕੂਲ ਵਿੱਚ ਪੜ੍ਹਾਉਂਦੀ ਸੀ ਜੋ ਅਕਸਰ ਉਸ ਨੂੰ ਲਿਖਦੀ ਸੀ ਕਿ ਜਦੋਂ ਵੀ ਭਾਰਤ ਆਵੇਂ ਤਾਂ ਸ਼ਿਮਲੇ ਜਰੂਰ ਆਈਂ। ਇਸੇ ਬਹਾਨੇ ਨਾਲੇ ਉਹ ਸ਼ਿਮਲਾ ਵੇਖ ਆਵੇਗੀ ਤੇ ਨਾਲੇ ਆਪਣੀ ਸਹੇਲੀ ਨੂੰ ਮਿਲ ਲਵੇਗੀ। ਨਾਲੇ ਪੁੰਨ ਤੇ ਨਾਲੇ ਫਲ਼ੀਆਂ। ਉਹ ਸੋਚਣ ਲੱਗੀ ਕਿ ਜੇ ਮਨਮੀਤ ਵੀ ਨਾਲ ਚੱਲੇ ਤਾਂ ਸਫਰ ਚੰਗਾ ਗੁਜ਼ਰ ਸਕਦਾ ਹੈ। ਪਰ ਉਸ ਨੇ ਕਿਹਾ ਨਾਂ।

ਗੈਰੀ ਕਦੀ ਆਪਣੇ ਪੇਕੇ ਪਿੰਡ ਰਹਿੰਦੀ ਅਤੇ ਕਦੇ ਸਹੁਰੇ ਘਰ। ਇੱਕ ਦਿਨ ਉਸ ਨੇ ਆਪਣੀ ਸੱਸ ਨੂੰ ਕਿਹਾ ਕਿ ਮੈਂ ਸ਼ਿਮਲੇ ਕਿਸੇ ਦਾ ਸਮਾਨ ਦੇਣ ਜਾਣਾ ਹੈ। ਸੱਸ ਨੇ ਕਿਹਾ "ਕੋਈ ਨਾਂ ਮਨਮੀਤ ਫੜਾ ਆਵੇਗਾ ਫਿਰਦਾ ਤੁਰਦਾ ਹੀ ਰਹਿੰਦਾ ਹੈ" ਪਰ ਗੈਰੀ ਨੇ ਦੱਸਿਆ ਕਿ ‘ਉਸ ਨੇ ਆਪ ਵੀ ਜਾਣਾ ਹੈ ਆਪਣੀ ਸਹੇਲੀ ਨੂੰ ਮਿਲਣ’। ਉਨ੍ਹਾਂ ਨਾਲ ਕਦੀ ਕੋਈ ਜਾਣ ਦੀ ਸਲਾਹ ਬਣਾਉਂਦਾ ਤੇ ਕਦੀ ਕੋਈ। ਪਰ ਘਰੇਲੂ ਕੰਮਾਂ ਕਾਜਾਂ ਕਰਕੇ ਕੋਈ ਵੀ ਜਾ ਨਾਂ ਸਕਿਆ ਤੇ ਉਧਰੋ ਗੈਰੀ ਦੇ ਵਾਪਸ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ। ਆਖਰ ਉਸ ਨੂੰ ਤੇ ਮਨਮੀਤ ਨੂੰ ਹੀ ਜਾਣਾ ਪਿਆ। ਦਿਲੋਂ ਉਹ ਬਹੁਤ ਖੁਸ਼ ਸੀ ਕਿ ਉਹ ਮਨਮੀਤ ਨਾਲ ਸਫ਼ਰ ਕਰ ਸਕੇਗੀ। ਤੇ ਇੱਕ ਦਿਨ ਉਹ ਸ਼ਿਮਲੇ ਲਈ ਤੁਰ ਪਏ। ਉਨ੍ਹਾਂ ਕੋਲ ਸਿਰਫ ਐਡਰੈੱਸ ਹੀ ਸੀ ਫੋਨ ਬਗੈਰਾ ਕੋਈ ਹੈ ਨਹੀਂ ਸੀ। ਇਸ ਲਈ ਉਹ ਆਪਣੇ ਆਉਣ ਬਾਰੇ ਪਤਾ ਵੀ ਨਾਂ ਦੇ ਸਕੇ। ਉਨ੍ਹਾਂ ਸੋਚਿਆ ਕਿ ਉਹ ਪੁੱਛ ਪੁਛਾ ਕੇ ਲੱਭ ਲੈਣਗੇ। ਉਨ੍ਹਾਂ ਲੁਧਿਆਣੇ ਤੋਂ ਚੰਡੀਗੜ੍ਹ ਵਾਲੀ ਬੱਸ ਫੜ ਲਈ। ਇਸ ਸਫਰ ਦੌਰਾਨ ਉਨ੍ਹਾਂ ਦੀ ਸੰਗ ਹੋਰ ਵੀ ਚੁੱਕੀ ਗਈ। ਮਨਮੀਤ ਜਿਥੇ ਵੀ ਕਿਤੇ ਬੱਸ ਖੜਦੀ ਭੱਜ ਕੇ ਕੁੱਝ ਖਾਣ ਪੀਣ ਦਾ ਸਮਾਨ ਫੜ ਲੈ ਆਂਉਦਾ। ਨਿੱਕੀਆਂ ਗੱਲਾਂ ਕਰਦੇ ਉਹ ਇੱਕ ਦੂਜੇ ਦੇ ਨਾਲ ਬੈਠੇ ਸਨ ਇੱਕ ਚੰਗੀ ਜੋੜੀ ਦੀ ਤਰਾਂ। ਚੰਡੀਗੜ੍ਹ ਪਹੁੰਚਣ ਤੇ ਮਨਮੀਤ ਨੇ ਕਿਹਾ ਕਿਉਂ ਨਾਂ ਆਪਾਂ ਹੁਣ ਆਏ ਹੋਏ ਹਾ ਪਿੰਜੌਰ ਗਾਰਡਨ ਵੀ ਵੇਖ ਲਈਏ ਤੇ ਗੈਰੀ ਨੂੰ ਕੋਈ ਇਤਰਾਜ ਨਹੀਂ ਸੀ। ਫੇਰ ਉਨ੍ਹਾਂ ਪਿੰਜੌਰ ਜਾਣ ਵਾਲੀ ਬੱਸ ਫੜ ਲਈ। ਪਿੰਜੌਰ ਪਹੁੰਚ ਕੇ ਤਾਂ ਗੈਰੀ ਦੀ ਰੂਹ ਨਸ਼ਿਆ ਗਈ 'ਐਨਾ ਸੋਹਣਾ ਬਾਗ'। ਰੰਗ ਬਿਰੰਗੇ ਫੁੱਲਾਂ ਤੇ ਪੈਂਦੀ ਫੁਆਰਿਆਂ ਦੀ ਤਿਰਮਰੀ। ਉਹ ਦੋ ਘੰਟੇ ਜੀ ਭਰਕੇ ਘੁੰਮੇ। ਉਹ ਇਸ ਤਰ੍ਹਾਂ ਨਾਲ ਸਰਕ ਕੇ ਤੁਰ ਰਹੇ ਸਨ ਜਿਵੇਂ ਪਤੀ ਪਤਨੀ ਹੋਣ ਤੇ ਉਨ੍ਹਾ ਦੀ ਜੋੜੀ ਲੱਗ ਵੀ ਬਹੁਤ ਖ਼ੂਬਸੂਰਤ ਰਹੀ ਸੀ। ਹਰਬੰਸ ਨੇ ਤਾਂ ਗੈਰੀ ਨੂੰ ਘੁਮਾਇਆ ਹੀ ਕਿਤੇ ਨਹੀਂ ਸੀ। ਇਹ ਨਹੀਂ ਬਈ ਟੋਰਾਂਟੋ ਵਿੱਚ ਵੇਖਣ ਯੋਗ ਥਾਵਾਂ ਨਹੀਂ ਸਨ। ਉਸ ਨੇ ਬਹੁਤ ਸਾਰੀਆਂ ਥਾਵਾਂ ਦੇ ਨਾਂ ਸੁਣੇ ਸਨ ਤੇ ਇੱਕ ਵਾਰ ਨਿਆਗਰਾ ਫਾਲਜ਼ ਜਾਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ ਪਰ ਹਰਬੰਸ ਨੇ ਘਰ ਹੀ ਗਿਲਾਸ ਨਾਲ ਪਾਣੀ ਡੋਹਲ ਕੇ ਵਿਖਾਉਂਦੇ ਹੋਏ ਆਖ ਦਿੱਤਾ ਸੀ ਕਿ "ਬੱਸ ਆ ਹੀ ਚੀਜ ਆ, ਉੱਥੇ ਪਾਣੀ ਹੀ ਡਿੱਗਦਾ ਹੈ ਹੋਰ ਕੁੱਝ ਨਹੀ"। ਗੈਰੀ ਦਾ ਘੁੰਮਣ ਫਿਰਨ ਦਾ ਸ਼ੌਂਕ ਦਮ ਤੋੜ ਗਿਆ ਸੀ। ਪਰ ਅੱਜ ਉਸ ਨੂੰ ਇਸ ਤਰ੍ਹਾਂ ਘੁੰਮਣਾ ਫਿਰਨਾਂ ਚੰਗਾ ਲੱਗ ਰਿਹਾ ਸੀ।

ਫੇਰ ਪਿੰਜੌਰ ਤੋਂ ਉਨ੍ਹਾਂ ਕਾਲਕਾ ਵਾਲੀ ਬੱਸ ਫੜੀ ਤੇ ਕਾਲਕਾ ਤੋਂ ਸ਼ਿਮਲੇ ਵਾਲੀ ਛੋਟੀ ਟਰੇਨ। ਬਾਹਰ ਕਾਫੀ ਹਨੇਰਾ ਹੋ ਗਿਆ ਸੀ। ਹੋਟਲ ਦੀ ਰੋਟੀ ਖਾਣ ਤੋਂ ਬਾਅਦ ਗੱਡੀ ਵਿੱਚ ਬੈਠੀ ਗੈਰੀ ਨੂੰ ਥਕੇਵੇਂ ਨਾਲ ਨੀਂਦ ਆ ਰਹੀ ਸੀ। ਗੱਡੀ ਸੱਪ ਵਾਂਗੂੰ ਵਲ ਖਾਂਦੀ ਪਹਾੜੀ ਸਫਰ ਤੇ ਜਾ ਰਹੀ ਸੀ। ਪਹਾੜਾਂ ਤੇ ਜਗਦੀਆਂ ਬੱਤੀਆਂ ਤਾਰਿਆਂ ਭਰੇ ਆਕਾਸ਼ ਦਾ ਭੁਲੇਖਾ ਪਾ ਰਹੀਆਂ ਸਨ। ਜਿਵੇਂ ਅਸਮਾਨ ਨੀਵਾਂ ਹੋ ਕੇ ਧਰਤ ਨੂੰ ਚੁੰਮ ਰਿਹਾ ਹੋਵੇ। ਬਾਹਰ ਠੰਢੀ ਪੌਣ ਰੁਮਕ ਰਹੀ ਸੀ ਤੇ ਖ਼ੂਬਸੂਰਤ ਨਜ਼ਾਰਾ ਮਨ ਨੂੰ ਅਨੰਦਤ ਕਰ ਰਿਹਾ ਸੀ। ਸੱਪ ਵਾਂਗੂੰ ਮੇਹਲਦੀ ਵਲ ਖਾਂਦੀ ਗੱਡੀ ਵਿੱਚ ਪਤਾ ਨਹੀਂ ਕਦੋਂ ਗੈਰੀ ਮਨਮੀਤ ਦੇ ਮੋਢੇ ਤੇ ਸਿਰ ਧਰ ਕੇ ਸੌਂ ਗਈ ਸੀ। ਜਦੋਂ ਉਸ ਦੀ ਅੱਖ ਖੁੱਲੀ ਤਾਂ ਗੱਡੀ ਸੁਰੰਗਾਂ ਵਿੱਚੋਂ ਗੁਜ਼ਰ ਰਹੀ ਸੀ। ਉਸ ਨੂੰ ਥੋੜੀ ਸ਼ਰਮ ਵੀ ਆਈ ਜੋ ਦੋਹਾਂ ਦੀ ਮੁਸਕਰਾਹਟ ਥੱਲੇ ਦਮ ਤੋੜ ਗਈ। ਸ਼ਿਮਲੇ ਪਹੁੰਚਦਿਆਂ ਨੂੰ ਉਨ੍ਹਾਂ ਨੂੰ ਦੂਸਰਾ ਦਿਨ ਚੜ੍ਹ ਆਇਆ ਸੀ। ਉਤਰਨ ਸਾਰ ਉਨ੍ਹਾਂ ਇੱਕ ਢਾਬੇ ਵਿੱਚ ਚਾਹ ਪੀਤੀ। ਇਸ ਤੋਂ ਬਾਅਦ ਉਹ ਟੈਕਸੀ ਕਰ ਕੇ ਉਹ ਥਾਂ ਲੱਭਣ ਤੁਰ ਪਏ ਜਿੱਥੇ ਉਨ੍ਹਾਂ ਸਮਾਨ ਫੜਾਉਣਾ ਸੀ। ਉਹ ਥਾਂ ਲੋਅਰ ਬਜ਼ਾਰ ਵਿੱਚ ਸੀ। ਜਦੋਂ ਉਹ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਲੋਕ ਕੁੱਝ ਹਫਤੇ ਪਹਿਲਾਂ ਹੀ ਉਥੋਂ ਚਲੇ ਗਏ ਹਨ ਤੇ ਸਮਾਨ ਬਗੈਰਾ ਵੀ ਲੈ ਗਏ ਹਨ। ਫੇਰ ਉਹ ਗੈਰੀ ਦੀ ਸਹੇਲੀ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਤਸੱਲੀ ਹੋਈ ਕਿ ਬੂਹੇ ਤੇ 'ਬਾਜਵਾ' ਨਾਂ ਦੀ ਪਲੇਟ ਲੱਗੀ ਹੋਈ ਸੀ। ਏਹੋ ਗੋਤ ਸੀ ਜੋ ਗੈਰੀ ਦੀ ਸਹੇਲੀ ਪ੍ਰੀਤੀ ਉਸ ਨੂੰ ਚਿੱਠੀ ਤੇ ਆਪਣੇ ਨਾਂਉਂ ਮਗਰ ਲਿਖ ਕੇ ਭੇਜਿਆ ਕਰਦੀ ਸੀ। ਉਨ੍ਹਾਂ ਨੇ ਬਹੁਤ ਬੂਹਾ ਖੜਕਾਇਆ ਪਰ ਕਿਸੇ ਨੇ ਬੂਹਾ ਨਾਂ ਖੋਹਲਿਆ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਉਨ੍ਹਾਂ ਨੇ ਘੁੰਮ ਫਿਰ ਕੇ ਸ਼ਿਮਲਾ ਦੇਖਣ ਦਾ ਮਨ ਬਣਾਇਆ ਕਿ ਸ਼ਾਮ ਨੂੰ ਉਹ ਫੇਰ ਕੋਸ਼ਿਸ਼ ਕਰ ਲੈਣਗੇ ਸ਼ਾਇਦ ਉਹ ਲੋਕ ਮੁੜ ਆਉਣ। ਉਹ ਕਦੀ ਅੱਪਰ ਕਦੀ ਮਿਡਲ ਅਤੇ ਕਦੀ ਲੋਅਰ ਬਜ਼ਾਰ ਘੁੰਮਦੇ ਰਹੇ, ਕੁੱਝ ਸ਼ੌਪਿੰਗ ਵੀ ਕੀਤੀ। ਫੇਰ ਉਹ ਰਿੱਜ ਤੇ ਜਾ ਕੇ ਫੋਟੋਆਂ ਖਿੱਚਦੇ ਰਹੇ। ਕੈਫੇਟੇਰੀਆ ਵਿੱਚ ਬੈਠ ਕੇ ਕੌਫੀ ਪੀਤੀ। ਦਿਨ ਅਜੇ ਵੀ ਕਾਫੀ ਪਿਆ ਸੀ। ਉਹ ਟੈਕਸੀ ਲੈ ਕੇ ਕੁਫਰੀ ਘੁੰਮਣ ਚੱਲ ਪਏ ਜਿੱਥੋਂ ਉਹ ਰਾਤ ਨੂੰ ਅੱਠ ਵਜੇ ਵਾਪਸ ਪਰਤੇ। ਗੈਰੀ ਦੀ ਸਹੇਲੀ ਦੇ ਘਰ ਫੇਰ ਗਏ, ਉਥੇ ਅਜੇ ਵੀ ਜਿੰਦਰਾ ਲੱਗਿਆ ਹੋਇਆ ਸੀ। ਦੋਹਾਂ ਨੂੰ ਇੱਕ ਦੂਜੇ ਦੇ ਸਾਥ ਵਿੱਚ ਭਾਵੇ ਬਹੁਤ ਆਨੰਦ ਆ ਰਿਹਾ ਸੀ ਤਾਂ ਵੀ ਸਫ਼ਰ ਨੇ ਉਨ੍ਹਾਂ ਨੂੰ ਥਕਾ ਦਿੱਤਾ ਸੀ। ਉਹ ਕੁੱਝ ਹੋਰ ਘੁੰਮੇ ਫਿਰੇ ਇਸ ਤਰ੍ਹਾਂ ਮਸੀਂ ਰਾਤ ਦੇ ਦਸ ਬੱਜੇ। ਜਦੋਂ ਉਹ ਲੋਕ ਫੇਰ ਵੀ ਨਾਂ ਆਏ ਤਾਂ ਉਨ੍ਹਾਂ ਕਿਸੇ ਹੋਟਲ ਵਿੱਚ ਕਮਰਾ ਲੈ ਕੇ ਰਹਿਣਾ ਹੀ ਮੁਨਾਸਿਬ ਸਮਝਿਆ। ਦੋਹਾਂ ਨੂੰ ਇਸ ਗੱਲ ਦਾ ਅੰਦਰੋ ਅੰਦਰ ਡਰ ਵੀ ਲੱਗ ਰਿਹਾ ਸੀ ਜਿਵੇਂ ਉਹ ਕੋਈ ਗੁਨਾਹ ਕਰ ਰਹੇ ਹੋਣ। ਗੈਰੀ ਨੇ ਸੋਚ ਲਿਆ ਸੀ ਕਿ ਸ਼ਾਇਦ ਉਸ ਦੀ ਸਹੇਲੀ ਕਿਤੇ ਬਾਹਰ ਗਈ ਹੋਵੇ। ਜੇ ਕਿਤੇ ਗਈ ਵੀ ਹੋਈ ਤਾਂ ਕੱਲ ਨੂੰ ਤਾਂ ਉਸ ਨੂੰ ਮੁੜਨਾ ਹੀ ਪੈਣਾ ਸੀ। ਸੋਮਵਾਰ ਨੂੰ ਤਾਂ ਉਸ ਨੇ ਸਕੂਲ ਪੜ੍ਹਾਉਣ ਜਾਣਾ ਸੀ। ਇਸੇ ਆਸ ਨਾਲ ਉਹ ਇੱਕ ਦਿਨ ਲਈ ਹੋਰ ਅਟਕ ਗਏ।

ਅਕਤੂਬਰ ਦਾ ਮਹੀਨਾਂ ਹੋਣ ਕਰਕੇ ਸ਼ਿਮਲੇ ਰਾਤ ਨੂੰ ਕਾਫੀ ਠੰਢ ਹੋ ਗਈ ਸੀ। ਹਨੇਰਾ ਪਸਰ ਰਿਹਾ ਸੀ ਤੇ ਮਨ ਦਾ ਤੌਖਲਾ ਹੋਰ ਵੀ ਵੱਧ ਰਿਹਾ ਸੀ। ਮਾਲ ਰੋਡ ਤੇ ਉਹਨ੍ਹਾਂ ਹੋਟਲ ਮਾਊਂਟ ਵਿਊ ਵਿੱਚ ਜਾ ਕੇ ਕਮਰਾ ਮੰਗਿਆ। ਰੀਸੈੱਪਸਨਿਸ਼ਨ ਨੇ ਕਾਗਜੀ ਕਰਵਾਈ ਕਰਨ ਲਈ ਏਨ੍ਹਾਂ ਹੀ ਪੁੱਛਿਆ ‘ਹਸਬੈਂਡ-ਵਾਈਫ’ ਤੇ ਕਮਰਾ ਬੁੱਕ ਕਰ ਦਿੱਤਾ। ਜਿਉਂ ਹੀ ਉਹ ਸਜੇ ਸੰਵਰੇ ਕਮਰੇ ਤੱਕ ਪਹੁੰਚੇ ਤਾਂ ਗੈਰੀ ਦਾ ਮੂੰਹ ਸ਼ਰਮ ਨਾਲ ਲਾਲ ਹੁੰਦਾ ਜਾ ਰਿਹਾ ਸੀ। ਇੱਕ ਅਗਿਆਤ ਭੈਅ ਉਸਦੇ ਮਨ ਅੰਦਰ ਫਣ ਚੁੱਕ ਖਲੋਤਾ ਸੀ ਕਿ ‘ਜੇ ਬੇ ਜੀ ਜਾਂ ਹਰਬੰਸ ਨੂੰ ਪਤਾ ਲੱਗ ਗਿਆ ਕਿ ਅਸੀਂ ਦੋਹਵੇਂ ਹੋਟਲ 'ਚ ਰਹੇ ਸੀ ਤਾਂ ਉਹ ਕੀ ਸੋਚਣਗੇ’? ਵੇਟਰ ਉਨ੍ਹਾਂ ਨੂੰ ਕਮਰਾ ਦਿਖਾ, ਖਾਣ ਪੀਣ ਦਾ ਆਰਡਰ ਲੈ ਕੇ ਚਲਾ ਗਿਆ।ਉਹ ਇੱਕ ਦੂਜੇ ਤੋਂ ਸ਼ਰਮ ਜਿਹੀ ਮਹਿਸੂਸ ਕਰਦੇ ਨਹਾ ਧੋ ਕੇ ਖਾਣੇ ਦੀ ਉਡੀਕ ਕਰਨ ਲੱਗੇ। ਮਨਮੀਤ ਨੇ ਗੈਰੀ ਦੇ ਰੋਕਦਿਆਂ ਰੋਕਦਿਆਂ ਦੋ ਪੈੱਗ ਵਿਸਕੀ ਦੇ ਮੰਗਵਾਕੇ ਵੀ ਪੀ ਲਏ ਸ਼ਾਇਦ ਸੰਗ ਖੋਲਹਣ ਲਈ। ਦੋਹਾਂ ਨੇ ਇਕੱਠਿਆਂ ਖਾਣਾ ਖਾਧਾ ਤੇ ਵੇਟਰ ਬਰਤਣ ਚੁੱਕਣ ਆਇਆ ਗੁੱਡ-ਨਾਈਟ ਕਹਿ ਕੇ ਚਲਾ ਗਿਆ। ਗੈਰੀ ਨੇ ਬਾਅਦ ਵਿੱਚ ਸੋਚਿਆ ਕਿ ਉਹ ਸੌਂਵੇਗੀ ਕਿੱਥੇ? ਉਹ ਆਪਣੇ ਆਪ ਨੂੰ ਪਹਿਲਾਂ ਹੀ ਪਤੀ ਪਤਨੀ ਦੱਸ ਚੁੱਕੇ ਹਨ। ਕੁੱਝ ਹਿਚਕਚਾਹਟ ਤੋਂ ਬਾਅਦ ਉਹ ਇੱਕੋ ਬੈੱਡ ਤੇ ਸੌਣ ਲਈ ਤਿਆਰ ਹੋ ਗਏ। ਹੋਟਲ ਮਾਂਊਟ ਵਿਊ ਬਹੁਤ ਹੀ ਚੰਗੀ ਜਗਾ ਤੇ ਸੀ ਕਮਰੇ ਦੀਆਂ ਖਿੜਕੀਆਂ ਰਾਹੀਂ ਪਹਾੜਾਂ ਦੇ ਨਜ਼ਾਰੇ ਮਾਣੇ ਜਾ ਸਕਦੇ ਸਨ। ਟਿਮਟਿਮਾਂਉਂਦੀਆਂ ਬੱਤੀਆਂ ਅਦਭੁਤ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਉਨ੍ਹਾਂ ਦੇ ਗੱਲਾਂ ਕਰਦੇ ਕਰਦੇ ਹੀ ਬਾਹਰ ਜੋਰਦਾਰ ਝੱਖੜ ਝੁੱਲਣ ਲੱਗਾ। ਹਨੇਰੀ ਦੇ ਨਾਲ ਖਿੜਕੀਆਂ ਤੇ ਮੀਂਹ ਦੀ ਬੁਛਾੜ ਵੀ ਪੈਣ ਲੱਗੀ। ਗੈਰੀ ਅਤੇ ਮਨਮੀਤ ਬੈੱਡ ਤੇ ਪਏ ਇੱਕ ਏਸੇ ਤਰ੍ਹਾਂ ਦਾ ਤੂਫ਼ਾਨ ਆਪਣੇ ਅੰਦਰ ਅਨੁਭਵ ਕਰ ਰਹੇ ਸਨ। ਗੈਰੀ ਦੇ ਕੰਨਾਂ ਵਿੱਚੋਂ ਸੇਕ ਨਿੱਕਲ ਰਿਹਾ ਸੀ। ਇੱਕ ਭਰ ਜੁਆਨ ਮਰਦ ਜਿਸ ਬਾਰੇ ਉਹ ਸੋਚਦੀ ਰਹਿੰਦੀ ਉਸ ਦੇ ਬਿਲਕੁੱਲ ਨਾਲ ਪਿਆ ਸੀ। ਮਨ ਵਿੱਚ ਆਇਆ ਕਿ ਅਜਿਹਾ ਮੌਕਾ ਮੁੜਕੇ ਹੱਥ ਨਹੀਂ ਆਉਣਾ। ਜ਼ਿੰਦਗੀ ਕਿਹੜਾ ਵਾਰ ਵਾਰ ਮਿਲਣੀ ਹੈ ਇੱਕ ਵਾਰੀ ਜੁਆਨ ਮਰਦ ਵੀ ਹੰਢਾ ਕੇ ਦੇਖਣਾ ਚਾਹੀਦਾ ਹੈ। ਪਰ ਉਸਦਾ ਮਨ ਆਖਦਾ ਕਿ ‘ਇਹ ਆਚਰਣਹੀਣਤਾ ਵਾਲੀ ਗੱਲ ਹੈ ਮੈਂ ਕੋਈ ਕੰਜਰੀ ਨਹੀਂ। ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਸਮਾਜ ਕੀ ਕਹੇਗਾ’? ਪਰ ਨਾਲ ਹੀ ਮਨ 'ਚੋਂ ਆਵਾਜ ਆਈ ਕਿ ਜਿਨ੍ਹਾ ਮੈਨੂੰ ਕੈਨੇਡਾ ਦੇ ਲਾਲਚ ਵਿੱਚ ਇੱਕ ਪਿਉ ਵਰਗੇ ਮਰਦ ਕੋਲ ਵੇਚ ਦਿੱਤਾ ਹੈ ਜਦੋਂ ਉਨ੍ਹਾਂ ਨੂੰ ਸ਼ਰਮ ਨਾਂ ਆਈ। ਜਦੋਂ ਕੋਈ ਪਿਉ ਵਰਗਾ ਬੰਦਾ ਆਪਣੀ ਧੀ ਵਰਗੀ ਕੁੜੀ ਨੂੰ ਭੋਗਦਾ ਹੈ ਉਦੋਂ ਸਮਾਜ ਨੂੰ ਸ਼ਰਮ ਕਿਉਂ ਨਹੀਂ ਆਂਉਦੀ? ਮੈਂ ਤਾਂ ਫੇਰ ਇੱਕ ਹਾਣਦਾ ਮਰਦ ਭੋਗਣਾ ਹੈ। ਉਸ ਨੂੰ ਜਾਪਿਆ ਜਿਵੇਂ ਸਦੀਆਂ ਪਹਿਲਾਂ ਮਰ ਚੁੱਕੀ ਲੂਣਾ ਉਸ ਅੰਦਰ ਫੇਰ ਜਿੰਦਾ ਹੋ ਗਈ ਹੋਵੇ।

ਇੱਕ ਸੇਕ ਵਿੱਚ ਉਸਦਾ ਵਯੂਦ ਪਿਘਲਣ ਲੱਗਾ।ਉਸ ਨੂੰ ਪਤਾ ਹੀ ਨਾਂ ਲੱਗਾ ਕਦੋਂ ਉਹ ਮਨਮੀਤ ਨਾਲ ਜਾ ਲੱਗੀ।ਪਹਿਲਾਂ ਮਨਮੀਤ ਨੇ ਉਸਦਾ ਹੱਥ ਫੜਿਆ ਤੇ ਫੇਰ ਸਾਰਾ ਜਿਸਮ ਹੀ ਟਟੋਲਣ ਲੱਗਾ।ਇਕੱਲਾ ਇਕੱਲਾ ਅੰਗ ਅੱਗ ਦਾ ਭਾਂਬੜ ਬਣ ਗਿਆ।ਉਸਨੇ ਮਨਮੀਤ ਵਿੱਚੋਂ ਵੀ ਇਹ ਹੀ ਲਾਟਾਂ ਮਹਿਸੂਸ ਕੀਤੀਆਂ।ਅੱਗ ਨਾਲ ਅੱਗ ਟਕਰਾਈ ਭਾਂਬੜ ਮੱਚੇ ਅਤੇ ਇਨ੍ਹਾਂ ਭਾਂਬੜਾਂ ਵਿੱਚ ਸਾਰਾ ਕੁੱਝ ਪਿਘਲ਼ ਗਿਆ।ਇਸ ਤੂਫ਼ਾਨੀ ਰਾਤ ਤੋਂ ਬਾਅਦ ਜਦੋਂ ਉਹ ਸਵੇਰੇ ਉੱਠੇ ਤਾਂ ਗੈਰੀ ਨੂੰ ਮਨਮੀਤ ਨੇ ਪੁੱਛਿਆ ਜੇ ਕੋਈ ਮੇਰੇ ਤੋਂ ਗਲਤੀ ਹੋਈ ਤਾਂ ਮੁਆਫ ਕਰ ਦੇਵੀਂ।ਪਰ ਉਸਨੇ ਮੁਸਕਰਾਂਉਂਦਿਆਂ ਨਾਂਹ ਵਿੱਚ ਸਿਰ ਫੇਰ ਦਿੱਤਾ।ਉਹ ਤਾਂ ਭਾਂਵੇਂ ਇਸ ਘਟਨਾਂ ਤੋਂ ਬਾਅਦ ਹੌਲੀ ਫੁੱਲ ਹੋ ਗਈ ਸੀ ਪਰ ਮਨਮੀਤ ਦੇ ਸਿਰ ਮਣਾਂ ਮੂੰਹੀਂ ਬੋਝ ਪੈ ਗਿਆ ਸੀ।ਜਿਵੇਂ ਉਸ ਨੇ ਆਪਣੇ ਭਰਾ ਦੀ ਪਿੱਠ ਵਿੱਚ ਛੁਰਾ ਮਾਰ ਕੇ ਉਸ ਨਾਲ਼ ਵਿਸਵਾਸ਼ ਘਾਤ ਕੀਤਾ ਹੋਵੇ।ਉਹ ਭਰਾ ਜੋ ਉਸ ਨੂੰ ਛੋਟੇ ਹੁੰਦੇ ਨੂੰ ਮੋਢਿਆਂ ਤੇ ਬਿਠਾ ਕੇ ਖਿਡਾਉਂਦਾ ਰਿਹਾ ਤੇ ਸਕੂਲ ਛੱਡ ਕੇ ਆਂਉਦਾ ਰਿਹਾ।ਉਸਦੀ ਪੜ੍ਹਾਈ ਵਾਸਤੇ ਤੇ ਹੋਰ ਖਰਚੇ ਲਈ ਬਾਹਰੋਂ ਪੈਸੇ ਭੇਜਦਾ ਰਿਹਾ।ਕੀ ਮੈਂ ਉਸੇ ਭਰਾ ਦੀ ਪਤਨੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਅ’? ਉਹ ਆਪਣੇ ਆਪ ਨੂੰ ਹੀ ਪੁੱਛਦਾ।ਪਰ ਉਸਦੇ ਬਰਾਬਰ ਦੀ ਦੋਸ਼ੀ ਗੈਰੀ ਵੀ ਤਾਂ ਸੀ।ਜਿਸ ਨੂੰ ਉਸ ਨੇ ਇਹ ਗੱਲ ਪੁੱਛ ਹੀ ਲਈ ਸੀ ਕਿ "ਆਪਣੇ ਪਤੀ ਦੇ ਹੁੰਦੇ ਹੋਏ ਕਿਸੇ ਹੋਰ ਮਰਦ ਨਾਲ ਸਰੀਰਕ ਸਬੰਧ ਪੈਦਾ ਕਰਨ ਨਾਲ ਤੈਨੂੰ ਕਿਸੇ ਕਿਸਮ ਦਾ ਮਾੜਾ ਅਹਿਸਾਸ ਤਾਂ ਨਹੀਂ ਹੋ ਰਿਹਾ"।ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗੀ।ਉਸ ਨੇ ਗਲੋਟੇ ਵਾਂਗ ਉਧੜਨਾਂ ਸ਼ੁਰੂ ਕੀਤਾ ਅਤੇ ਉਧੜਦੀ ਹੀ ਚਲੀ ਗਈ।

" ਮੇਰੇ ਵੀ ਹੋਰਾਂ ਕੁੜੀਆਂ ਵਾਂਗ ਅਣਗਿਣਤ ਸ਼ੌਂਕ ਸਨ ਕਿ ਮੈਂ ਪੜ੍ਹਾਈ ਕਰਾਂਗੀ ਫੇਰ ਚੰਗੀ ਨੌਕਰੀ ਕਰਾਂਗੀ ਤੇ ਫੇਰ ਮੇਰਾ ਵਿਆਹ ਹੋਵੇਗਾ। ਜੋ ਮੇਰੇ ਮਨ ਵਿੱਚ ਵਿਆਹ ਦਾ ਸੁਪਨਾ ਸੀ ਉਹ ਏਦਾਂ ਦਾ ਨਹੀਂ ਸੀ। ਮੈਂ ਜੋ ਆਪਣੇ ਸੁਪਨਿਆਂ ਦਾ ਹਾਣੀ ਸਿਰਜਿਆ ਸੀ ਉਹ ਤੇਰੇ ਵਰਗਾ ਸੀ ਨਾਂ ਕਿ ਤੇਰੇ ਭਰਾ ਵਰਗਾ। ਪਰ ਮੇਰੇ ਮਾਪਿਆਂ ਨੇ ਕੈਨੇਡਾ ਦੇ ਲਾਲਚ ਵਿੱਚ ਮੇਰੇ ਨਾਲ ਧੱਕਾ ਕੀਤਾ। ਮੈਂ ਹਰਬੰਸ ਨੂੰ ਕਦੀ ਵੀ ਆਪਣੇ ਪਤੀ ਦੇ ਰੂਪ ਵਿੱਚ ਨਹੀਂ ਸਵੀਕਾਰ ਸਕੀ। ਉਸ ਨਾਲ ਸੌਣ ਵਕਤ ਮੈਨੂੰ ਲੱਗਦਾ ਹੈ ਜਿਵੇਂ ਮੈਂ ਆਪਣੇ ਕਿਸੇ ਚਾਚੇ ਤਾਏ ਨਾਲ ਸੌਂ ਰਹੀ ਹੋਵਾਂ। ਤੇ ਮੇਰੇ ਵਿੱਚੋਂ ਉਹ ਅੱਗ ਵਾਂਗੂੰ ਮੱਚਦੀ ਔਰਤ ਭਾਲਦਾ ਹੈ। ਮੇਰੇ ਜਿਸਮ ਦੀ ਠੰਢੀ ਧੂਣੀ ਨੂੰ ਸੁਲਗਾਉਣ ਦਾ ਅਸਫਲ ਯਤਨ ਕਰਦਾ ਹੈ। ਪਰ ਤੇਰੇ ਵਾਰੀ ਅਜਿਹਾ ਨਹੀਂ ਹੋਇਆ। ਉਸ ਨਾਲ ਤਾਂ ਮੈਂ ਬਰਫ ਦੀ ਸਿਲ਼ ਵਾਂਗੂੰ ਪਈ ਇਹ ਹੀ ਮਹਿਸੂਸ ਕਰਦੀ ਰਹੀ ਹਾਂ ਜਿਵੇਂ ਮੇਰੇ ਅੰਦਰ ਸਾਰਾ ਕੁੱਝ ਮਰ ਗਿਆ ਹੋਵੇ। ਕਦੀ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਜਿਵੇਂ ਉਹ ਚੂਪਿਆ ਜਾ ਚੁੱਕਾ ਅੰਬ ਹੈ ਤੇ ਮੇਰੇ ਪੱਲੇ ਸਿਰਫ ਗਿਟਕ ਹੀ ਪਈ ਹੈ। ਜਦੋਂ ਮੈਂ ਵਿਆਹ ਨੂੰ ਪਹਿਲੀ ਵਾਰੀ ਤੁਹਾਡੇ ਘਰ ਆਈ ਸੀ ਉਦੋਂ ਵੀ ਮੇਰੇ ਮਨ 'ਚੋਂ ਹਾਉਕਾ ਉਠਿੱਆ ਸੀ ਕਿ ਮੇਰੇ ਮੁਕਾਬਲੇ ਵਿੱਚ ਤਾਂ ਮਨਮੀਤ ਹੈ, ਮੇਰਾ ਵਿਆਹ ਇਸ ਨਾਲ ਹੋਣਾ ਚਾਹੀਦਾ ਸੀ ਪਰ ਉਦੋਂ ਤੂੰ ਵੀ ਮੈਨੂੰ ਵੱਡੀ ਭਾਬੀ ਸਮਝ ਕੇ ਹੀ ਮੇਰਾ ਸਤਿਕਾਰ ਕਰਦਾ ਰਿਹਾ। ਮੇਰੇ ਮਨ ਵਿੱਚ ਕੈਨੇਡਾ ਜਾ ਕੇ ਵੀ ਤੇਰਾ ਖ਼ਿਆਲ ਬਹੁਤ ਵਾਰੀ ਆਇਆ। ਮੈਂ ਕਿੰਨੇ ਹੀ ਸੁਪਨੇ ਤੇਰੇ ਨਾਲ ਜੋੜ ਕੇ ਦੇਖਦੀ ਰਹੀ। ਹੁਣ ਜਿਸ ਦਿਨ ਦਾ ਮੈਂ ਤੈਨੂੰ ਏਅਰ-ਪੋਰਟ ਤੇ ਵੇਖਿਆ ਸੀ ਤਾਂ ਮੇਰੇ ਮਨ ਵਿੱਚ ਕੁੱਝ ਹੋਰ ਹੀ ਹੋ ਰਿਹਾ ਸੀ। ਕੱਲ ਵੀ ਸਫ਼ਰ ਦੌਰਾਨ ਮੇਰਾ ਦਿਲ ਜੋਰ ਜੋਰ ਨਾਲ ਧੜਕ ਰਿਹਾ ਸੀ ਤੇ ਫੇਰ ਇਹ ਇਕੱਠੇ ਸੌਣ ਦਾ ਸਬੱਬ ਬਣ ਗਿਆ। ਇਸ ਨੇੜਤਾ ਦੀ ਅੱਗ ਵਿੱਚ ਮੈਂ ਪਿਘਲ ਗਈ। ਤੈਨੂੰ ਵੀ ਰੋਕ ਨਾਂ ਸਕੀ। ਜਦੋਂ ਬਿਜਲੀ ਕੜਕੀ ਮੈਂ ਹੀ ਤੈਨੂੰ ਚਿੰਬੜੀ ਸੀ। ਇਹ ਮੇਰਾ ਹੀ ਕਸੂਰ ਹੈ। ਹੁਣ ਚਾਹੇ ਤੂੰ ਮੈਨੂੰ ਬਦਚਲਣ ਸਮਝ ਜਾਂ ਕੁੱਝ ਵੀ....."। ਗੈਰੀ ਫੇਰ ਰੋ ਪਈ ਸੀ।

ਫੇਰ ਉਹਨੇ ਸਹਿਜ ਹੁੰਦੀ ਨੇ ਆਖਿਆ ਸੀ, " ਮੈਂ ਸੁਣਿਆ ਸੀ ਤੂੰ ਅਖ਼ਬਾਰਾਂ ਰਸਾਲਿਆਂ ਲਈ ਕਹਾਣੀਆਂ ਵੀ ਲਿਖਦਾ ਏਂ, ਇੱਕ ਕਹਾਣੀ ਮੇਰੀ ਵੀ ਲਿਖ ਦੇਵੀਂ। ਉਸ ਵਿੱਚ ਦੱਸੀਂ ਕਿ ਇਸ ਰਾਤ ਤੋਂ ਪਹਿਲਾਂ ਮੈਂ ਬਦਚਲਣ ਨਹੀਂ ਸੀ। ਮੇਰਾ ਕਸੂਰ ਸਿਰਫ ਐਨਾਂ ਸੀ ਕਿ ਮੈਂ ਕਿਸੇ ਹਾਣੀ ਮੁੰਡੇ ਦਾ ਸੁਪਨਾ ਲਿਆ ਸੀ ਪਰ ਸਮਾਜ ਨੇ ਮੇਰਾ ਉਹ ਸੁਪਨਾ ਪੂਰਾ ਨਹੀਂ ਹੋਣ ਦਿੱਤਾ। ਫੇਰ ਸਮਾਜ ਦਾ ਚੱਲਣ ਕਿੰਨਾ ਕੁ ਠੀਕ ਹੈ। ਮੈਂ ਇਕੱਲੀ ਨਹੀਂ ਪੰਜਾਬ ਵਿੱਚ ਇਹ ਕਹਾਣੀ ਹਰ ਰੋਜ਼ ਅਨੇਕਾਂ ਕੁੜੀਆਂ ਨਾਲ ਵਾਪਰਦੀ ਹੈ। ਕਈ ਇਸ ਦੇ ਸਾਹਮਣੇ ਸਿਰ ਝੁਕਾ ਕੇ ਆਪਣੀ ਬਲੀ ਦੇ ਦਿੰਦੀਆਂ ਹਨ ਤੇ ਕਈ ਮੇਰੇ ਵਾਂਗੂੰ ਆਪਣਾ ਸੁਪਨਾ ਪੂਰਾ ਕਰਨ ਲਈ ਕੁੱਝ ਵੀ ਕਰ ਲੈਂਦੀਆਂ ਹਨ। ਜੇ ਧੀਆਂ ਨੂੰ ਵੇਚਣਾ ਜਾਂ ਭੋਗਣਾ ਪੰਜਾਬ ਵਿੱਚ ਕੋਈ ਜ਼ੁਰਮ ਨਹੀਂ ਤਾਂ ਮੈਂ ਤੈਨੂੰ ਪ੍ਰਾਪਤ ਕਰਕੇ ਕਿਹੜਾ ਵੱਡਾ ਗੁਨਾਹ ਕਰ ਦਿੱਤਾ? ਮੈਨੂੰ ਨਹੀਂ ਪਤਾ ਗਲਤ ਮੈਂ ਹਾਂ ਜਾਂ ਸਮਾਜ? ਜਿੰਨਾ ਚਿਰ ਇਹ ਧੱਕਾ ਹੋਵੇਗਾ ਬਦਚਲਣੀ ਖਤਮ ਨਹੀਂ ਹੋ ਸਕਦੀ।ਇਹ ਤੂਫ਼ਾਨ ਏਸੇ ਤਰ੍ਹਾਂ ਝੁੱਲਦੇ ਰਹਿਣਗੇ। ਕੀ ਲਿਖੇਂਗਾ ਤੂੰ ਮੇਰੀ ਕਹਾਣੀ?"

ਅਸੀਂ ਹੋਟਲ ਤੋਂ ਬਾਹਰ ਆਕੇ ਇੱਕ ਐਸ.ਟੀ.ਡੀ. ਤੋਂ ਹਰਬੰਸ ਨੂੰ ਫੋਨ ਕੀਤਾ, ਰਿਸ਼ਤਿਆਂ ਦਾ ਨਕਾਬ ਪਾ ਕੇ। ਹਰਬੰਸ ਪੂਰਾ ਖੁਸ਼ ਸੀ ਤੇ ਗੈਰੀ ਨੂੰ ਜਲਦੀ ਕੈਨੇਡਾ ਆਉਣ ਲਈ ਆਖ ਰਿਹਾ ਸੀ। ਤੇ ਉਹ ਵੀ ਸਾਊ ਪਤਨੀ ਵਾਂਗ ਹਾਂ ਹੂੰ ਕਰੀ ਜਾ ਰਹੀ ਸੀ ਤੇ ਏਹੀ ਮਖੌਟਾ ਪਹਿਨ ਕੇ ਉਹ ਵਾਪਸ ਪਰਤ ਗਈ। ਤੇ ਦਿੱਲੀ ਏਅਰ ਪੋਰਟ ਉੱਪਰ ਵਿਛੜਦੀ ਨੇ ਇੱਕ ਵਾਰ ਉਹੋ ਵਾਅਦਾ ਫੇਰ ਲਿਆ ਸੀ।

ਏਸ ਘਟਨਾ ਵਾਪਰੀ ਨੂੰ ਕਈ ਸਾਲ ਬੀਤ ਗਏ ਪਰ ਗੈਰੀ ਦੇ ਬੋਲ ਅਜੇ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ। ਮੈਂ ਆਪਣੇ ਆਪ ਨੂੰ ਹਰ ਵਾਰ ਪੁੱਛਦਾ ਹਾਂ ਕਿ ਬਦਚਲਣ ਉਹ ਸੀ ਜਾਂ ਸਮਾਜ ਜਿਸ ਨੇ ਉਸ ਲਈ ਅਜਿਹੇ ਹਾਲਾਤ ਪੈਦਾ ਕੀਤੇ। ਲੋਕਾਂ ਦੀ ਨਜਰ ੋਿਵੱਚ ਸਾਡਾ ਰਿਸ਼ਤਾ ਪਾਕ ਹੈ। ਉਹ ਮੈਨੂੰ ਚਿੱਠੀ ਵੀ ਲਿਖਦੀ ਹੈ ਪਰ ਕਦੀ ਕਦਾਈਂ। ਜਦੋਂ ਵੀ ਮੈਂ ਉਹ ਘਟਨਾਂ ਯਾਦ ਕਰਦਾ ਹਾਂ ਤਾਂ ਉਹ ਤੂਫ਼ਾਨੀ ਰਾਤ ਮੇਰੇ ਤੇ ਭਾਰੂ ਹੋ ਜਾਂਦੀ ਹੈ। ਮੇਰੇ ਮਨ ਵਿੱਚ ਇੱਕ ਹਨੇਰੀ ਸ਼ੂਕਦੀ ਹੈ, ਬੱਦਲ ਗਰਜਦੇ ਹਨ, ਬਿਜਲੀ ਕੜਕਦੀ ਹੈ ਅਤੇ ਇੱਕ ਝੱਖੜ ਝੁੱਲਦਾ ਹੈ। ਜਿਵੇਂ ਖਹਿ ਰਹੇ ਬਾਂਸਾਂ ਦੇ ਜੰਗਲ ਵਿੱਚੋਂ ਅੱਗ ਦੀਆਂ ਲਾਟਾਂ ਨਿੱਕਲ ਰਹੀਆਂ ਹੋਣ ਤੇ ਇਸ ਭਾਂਬੜ ਵਿੱਚ ਮੱਚਦਾ ਕੋਈ ਆਖ ਰਿਹਾ ਹੋਵੇ ਕਿ ਮੇਰੀ ਕਹਾਣੀ ਲਿਖੀਂ'......। ਕੀ ਤੂੰ ਲਿਖੇਂਗਾ ਮੇਰੀ ਕਹਾਣੀ? ਤੇ ਮੈਂ ਆਪਣੇ ਕੰਨਾਂ 'ਚੋਂ ਸੇਕ ਨਿੱਕਲਦਾ ਮਹਿਸੂਸ ਕਰਦਾ ਹਾਂ। ਸ਼ਾਇਦ ਅੱਜ ਮੈਂ ਇਹ ਕਹਾਣੀ ਲਿਖ ਹੀ ਦੇਵਾਂ.........।

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com