5_cccccc1.gif (41 bytes)


ਅਹਿਸਾਸ
ਰਾਜਿੰਦਰ ਕੌਰ


ਮੈਨੂੰ ਇਸ ਵਿਭਾਗ ਵਿਚ ਟਰਾਂਸਫਰ ਹੋਕੇ ਆਇਆਂ ਹਾਲੇ ਸਾਲ ਨਹੀਂ ਸੀ ਹੋਇਆ। ਇਥੇ ਆਉਂਦਿਆਂ ਹੀ ਮੈਨੂੰ ਇਕ ਪ੍ਰਾਜੈਕਟ ਦਾ ਇੰਚਾਰਜ ਬਣਾ ਦਿੱਤਾ ਗਿਆ। ਇਸ ਪ੍ਰਾਜੈਕਟ ਤੇ ਮੇਰੇ ਨਾਲ ਸੁਰੂ ਵਿਚ ਤਾਂ ਪੰਜ ਛੇ ਲੋਕ ਸਨ ਪਰ ਕੁਝ ਦਿਨਾਂ ਬਾਅਦ ਅਸੀਂ ਚਾਰ ਲੋਕ ਹੀ ਰਹਿ ਗਏ। ਨੰਦਨ, ਵੰਦਨਾ, ਬਿੰਦੂ ਤੇ ਮੈਂ।

ਹਾਲ ਦੇ ਇਕ ਕੋਨੇ ਵਿਚ ਅਸੀਂ ਚਾਰੋਂ ਬੈਠੇ ਆਪਣੇ ਪ੍ਰਾਜੈਕਟ ਦੇ ਕੰਮ ਵਿਚ ਖੁਭੇ ਰਹਿੰਦੇ। ਉਥੇ ਹੀ ਚਪੜਾਸੀ ਚਾਹ ਦੇ ਜਾਂਦਾ। ਉਥੇ ਹੀ ਬੈਠੇ ਅਸੀਂ ਲੰਚ ਲੈ ਲੈਂਦੇ। ਵੰਦਨਾ ਦੱਖਣੀ ਭਾਰਤ ਦੀ ਸੀ ਉਹਦੇ ਲੰਚ ਵਿਚ ਜ਼ਿਆਦਾਤਰ ਇਡਲੀ, ਡੋਸਾ ਜਾਂ ਉਤਧਮ ਹੁੰਦੇ। ਨੰਦਨ ਹਮੇਸ਼ਾ ਸੈਂਡਵਿਚ ਹੀ ਲੈਕੇ ਆਉਂਦਾ। ਗੱਲਾਂ ਗੱਲਾਂ ਵਿਚ ਪਤਾ ਲੱਗਾ ਸੀ ਕਿ ਉਹਦੀ ਮਾਂ ਨਹੀਂ ਸੀ। ਬਿੰਦੂ ਦੇ ਟਿਫਿਨ ਵਿਚ ਚਾਵਲ ਕੜ੍ਹੀ ਬਹੁਤ ਹੁੰਦੀ। ਕੜ੍ਹੀ ਤੋਂ ਮੈਨੂੰ ਚਿੜ੍ਹ ਸੀ ਤੇ ਬਿੰਦੂ ਜਾਣਬੁਝ ਕੇ ਮੈਨੂੰ ਹੋਰ ਚਿੜ੍ਹਾਂਦੀ। ਮੇਰੇ ਟਿਫਿਨ ਵਿਚ ਜ਼ਿਆਦਾਤਰ ਪਰਾਂਠੇ ਹੁੰਦੇ, ਕਦੀ ਮੂਲੀ ਦੇ, ਕਦੀ ਮੇਥੀ ਦੇ। ਸਾਰੇ ਦਿਨ ਵਿਚ ਇਕ ਲੰਚ ਟਾਈਮ ਹੀ ਸੀ ਜਦੋਂ ਅਸੀਂ ਥੋੜ੍ਹਾ ਰਿਲੈਕਸ ਕਰਦੇ।

ਸਾਡਾ ਇਹ ਪ੍ਰਾਜੈਕਟ ਖਤਮ ਹੋਏ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਵੰਦਨਾ ਨੂੰ ਅਤੇ ਮੈਨੂੰ ਇਕ ਵਰਕਸ਼ਾਪ ਤੇ ਟ੍ਰੇਨਿੰਗ ਲੈਣ ਲਈ ਦਸ ਦਿਨਾਂ ਲਈ ਭੇਜ ਦਿੱਤਾ ਗਿਆ। ਵਰਕਸ਼ਾਪ ਸੀ ਤਾਂ ਦਿੱਲੀ ਵਿਚ ਹੀ ਪਰ ਉਥੋਂ ਰਹਿਣ ਦਾ, ਖਾਣ ਦਾ ਪੂਰਾ ਇੰਤਜ਼ਾਮ ਸੀ। ਮੈਂ ਦਸ ਦਿਨ ਲਈ ਆਪਣੀ ਮਾਂ ਨੂੰ ਇਕੱਲਾ ਨਹੀਂ ਸੀ ਛਡਣਾ ਚਾਹੁੰਦਾ। ਮੇਰੀ ਮਾਂ ਸਾਰਾ ਦਿਨ ਘਰ ਵਿਚ ਇਕੱਲੀ ਰਹਿੰਦੀ ਸੀ। ਮੈਂ ਵਰਕਸ਼ਾਪ ਦੇ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਹਨੇ ਕੋਈ ਇਤਰਾਜ਼ ਨਹੀਂ ਕੀਤਾ। ਰਾਤੀਂ ਭਾਵੇਂ ੇਰ ਨਾਲ ਹੀ ਸਹੀ, ਮੈਂ ਘਰ ਜ਼ਰੂਰ ਆ ਜਾਂਦਾ। ਰਾਤ ਦਾ ਖਾਣਾ ਮਾਂ ਨਾਲ ਖਾਂਦਾ। ਮਾਂ ਦੀਆਂ ਸੁਣਦਾ, ਕੁਝ ਆਪਣੀਆਂ ਸੁਣਾਂਦਾ ਤੇ ਥੱਕ ਕੇ ਸੌ ਜਾਂਦਾ।

ਵੰਦਨਾ ਤਾਂ ਉਥੇ ਹੀ ਰਹਿ ਰਹੀ ਸੀ। ਉਥੇ ਕਈ ਹੋਰ ਸੰਸਥਾਵਾਂ ਦੇ ਲੋਕ ਵਰਕਸ਼ਾਪ ਅਟੈਂਡ ਕਰਨ ਆਏ ਹੋਏ ਸਨ। ਵੰਦਨਾ ਨਾਲ ਰੋਜ਼ ਉਥੇ ਮੁਲਾਕਾਤ ਹੁੰਦੀ। ਕਦੀ ਕਦੀ ਅਸੀਂ ਟ੍ਰੇਨਿੰਗ ਬਾਰੇ ਆਪਣੇ ਨੋਟਜ਼ ਵੀ ਐਕਸਚੇਂਜ ਕਰਦੇ। ਅਕਰੀਲੇ ਦਿਨ ਸਾਡਾ ਟੈਸਟ ਸੀ। ਦਸ ਦਿਨਾਂ ਬਾਅਦ ਅਸੀਂ ਦਫਤਰ ਪਹੁੰਚੇ। ਵਰਕਸ਼ਾਪ ਬਾਰੇ ਬਿੰਦੂ ਨੰਦਨ ਤੇ ਬਾਕੀ ਸਭ ਸਾਥੀ ਵਿਸਤਾਰ ਨਾਲ ਪੁੱਛਦੇ ਰਹੇ, ਫਿਰ ਉਹੀ ਰੁਟੀਨ ਸੁਰੂ ਹੋ ਗਈ। ਕੁਝ ਦਿਨਾਂ ਬਾਅਦ ਸਾਡੇ ਟੈਸਟ ਦਾ ਨਤੀਜਾ ਨਿਕਲਿਆ।

ਤਿਵਾਰੀ ਸਰ ਹਾਲ ਕਮਰੇ ਵਿਚ ਹੀ ਆ ਗਏ ਉਹ ਬੜੇ ਚਹਿਕ ਰਹੇ ਸਨ।

ਗੌਤਮ, ਵੰਦਨਾ ਤੁਹਾਡਾ ਨਤੀਜਾ ਆ ਗਿਆ ਹੈ। ਐਕਸੇਲੈਂਟ। ਦੋਵਾਂ ਦਾ ਇਕੋ ਹੀ ਸਕੋਰ ਹੈ। ਕਮਾਲ ਹੈ! ਕਿਉਂ ਬਈ, ਇਕੋ ਹੀ ਸਕੋਰ ਕਿਵੇਂ ਆ ਗਿਆ? ਕੀ ਰਾਜ ਹੈ?' ਅਖਾਂ ਵਿਚ ਸ਼ਰਾਰਤ ਭਰਕੇ ਉਹ ਸਾਡੇ ਵਲ ਤਕਦੇ ਹੋਏ ਬੋਲੇ।

ਸਾਰੇ ਸਟਾਫ ਮੈਂਬਰ ਵੀ ਹੱਸ ਪਏ। ਅਸੀਂ ਵੀ ਹਾਸੇ ਵਿਚ ਸ਼ਾਮਲ ਹੋ ਗਏ। ਤਿਵਾਰੀ ਸਰ ਤਾਂ ਚਲੇ ਗਏ ਪਰ ਬਾਕੀ ਮੈਂਬਰ ਚੁਟਕੀਆਂ ਲੈਣ ਲਗ ਪਏ- ਇਕ ਤੋਂ ਬਾਅਦ ਇਕ ਮਜ਼ਾਕ ਚਲਣ ਲਗ ਪਿਆ।

ਬਈ ਇਹ ਪਰਾਂਠੇ ਤੇ ਡੋਸਿਆਂ ਦੇ ਐਕਸਚੇਂਜ ਦਾ ਕਮਾਲ ਹੈ'।
ਉੱਤਰ ਤੇ ਦਖਣ ਮਿਲ ਜਾਣ ਤਾਂ ਦੇਸ਼ ਦੀ ਏਕਤਾ ਵਧੇਗੀ।
ਇਕੱਠੇ ਵਰਕਸ਼ਾਪ ਅਟੈਂਡ ਕਰਨ ਦੇ ਬੜੇ ਫਾਇਦੇ ਨੇ'।

ਹੀ….ਹੀ…ਖੀ…ਖੀ…ਹੋ….ਹੋ….ਚਲਦੀ ਰਹੀ। ਕੁਝ ਦੇਰ ਬਾਅਦ ਫਿਰ ਸਭ ਆਪੋ ਚੁੱਪ ਹੋ ਗਏ ਤੇ ਆਪਣੇ ਕੰਮਾਂ ਵਿਚ ਰੁਝ ਗਏ।

ਇਨ੍ਹਾਂ ਰੀਮਾਕਰਜ਼ ਤੇ ਅੰਦਰੋਂ ਹੀ ਅੰਦਰ ਮੈਨੂੰ ਖਿਝ ਵੀ ਹੋ ਰਹੀ ਸੀ ਪਰ ਮੈਂ ਪੀ ਗਿਆ। ਗੱਲ ਆਈ ਗਈ ਹੋ ਗਈ ਹੁਣ ਸਾਨੂੰ ਅਗਲਾ ਪ੍ਰਾਜੈਕਟ ਮਿਲ ਗਿਆ ਸੀ। ਉਹਦੇ ਤੇ ਮੈਂ ਤੇ ਵੰਦਨਾ ਹੀ ਕੰਮ ਕਰ ਰਹੇ ਸਾਂ। ਕੰਮ ਬਹੁਤ ਜ਼ਿਆਦਾ ਸੀ। ਸਿਰ ਖੁਰਕਣ ਦੀ ਵਿਹਲ ਨਹੀਂ ਸੀ। ਦਫਤਰ ਵਿਚ ਸਾਰਾ ਦਿਨ ਮੈਂ ਤੇ ਵੰਦਨਾ ਇਕਠੇ ਬੈਠਦੇ ਸਾਂ। ਲੰਚ ਵੇਲੇ ਬਿੰਦੂ ਤੇ ਨੰਦਨ ਵੀ ਆ ਜਾਂਦੇ।

ਇਕ ਦਿਨ ਲੰਚ ਤੋਂ ਬਾਅਦ ਮੈਂ ਤੇ ਨੰਦਨ ਉਠਕੇ ਥੋੜ੍ਹੀ ਦੇਰ ਲਈ ਬਾਹਰ ਨਿਕਲ ਗਏ ਤਾਂ ਨੰਦਲ ਬੋਲਿਆ-

ਗੌਤਮ, ਇਥੋਂ ਦੇ ਲੋਕ ਬੜੇ ਅਜੀਬ ਨੇ। ਇਨ੍ਹਾਂ ਦੇ ਦਿਮਾਗਾਂ ਵਿਚ ਕੂੜਾ ਭਰਿਆ ਪਿਆ ਹੈ'।
ਕਿਉਂ ਕੀ ਹੋ ਗਿਆ?' ਮੈਂ ਚੌਂਕ ਕੇ ਪੁੱਛਿਆ।
ਤੈਨੂੰ ਤੇ ਵੰਦਨਾ ਨੂੰ ਲੈਕੇ ਇਹ ਲੋਕ ਬੜੀਆ ਗਲਾਂ ਬਣਾ ਰਹੇ ਨੇ'।
ਪਰ ਯਾਰ ਸਾਡੇ ਵਿਚ ਤਾਂ ਇਹੋ ਜਹੀ ਕੋਈ ਗੱਲ ਹੀ ਨਹੀਂ। ਮੈਂ ਜ਼ੋਰ ਦੇ ਕੇ ਕਿਹਾ।

ਮੈਨੂੰ ਉਸ ਦਿਨ ਲੋਕਾਂ ਦੀਆ ਇੰਜ ਗਲਾਂ ਬਨਾਣ ਤੇ ਬੜਾ ਦੁੱਖ ਹੋਇਆ। ਮੈਂ ਮਨ ਹੀ ਮਨ ਕ੍ਰਿਝਦਾ ਰਿਹਾ ਪਰ ਦੂਜੇ ਦਿਨ ਕੰਮ ਦੇ ਰੁਝੇਵੇਂ ਕਰਕੇ ਸਭ ਭੁਲ ਭੁਲਾ ਗਿਆ। ਸਾਡਾ ਕੰਮ ਚਲਦਾ ਰਿਹਾ।

ਇਕ ਦਿਨ ਤਿਵਾਰੀ ਸਰ ਹਾਲ ਵਿਚ ਵੜਦੇ ਹੀ ਆਪਣੀ ਆਦਤ ਮੁਤਾਬਿਕ ਉੱਚੇ ਸੁਰ ਵਿਚ ਬੋਲੇ-

ਕਿਉਂ ਬਈ ਜੋੜੀ ਦਾ ਕੰਮ ਕਿੰਜ ਚਲ ਰਿਹੈ?'

ਸਰ ਅਜੇ ਹਫਤਾ ਕੁ ਹੋਰ ਲਗ ਜਾਵੇਗਾ। ਮੈਂ ਕਿਹਾ।

ਤੁਹਾਡੇ ਦੋਹਾਂ ਲਈ ਇਕ ਖੂਸ਼ਖਬਰੀ ਹੈ। ਮਦਰਾਸ ਆਫਿਸ ਤੋਂ ਇਕ ਪ੍ਰਾਜੈਕਟ ਲਾਚ ਕਰਨਾ ਹੈ। ਮੈਂ ਸੋਚਦਾ ਹਾਂ ਤੁਹਾਨੂੰ ਦੋਹਾਂ ਨੂੰ ਭੇਜ ਦਿਤਾ ਜਾਵੇ। ਖੂਬ ਗੁਜਰੇਗੀ ਜਬ ਮਿਲ ਬੈਠੋਗੇ ਦੀਵਾਨੇ ਦੋ…..। ਉਥੇ ਕੰਮ ਵੀ ਕਰਨਾ, ਘੁੰਮਨਾ ਫਿਰਨਾ ਤੇ ਮੌਜ਼ ਵੀ ਕਰਨਾ….।

ਸਰ ਦੀ ਮੁਸਕਰਾਹਟ ਵਿਚ ਇਕ ਅਜੀਬ ਜਿਹੀ ਸ਼ਰਾਰਤ ਭਰੀ ਹੋਈ ਸੀ।

ਅੱਛਾ ਫਿਰ ਸੋਚਕੇ ਦਸਣਾ….। ਇਹ ਕਹਿੰਦੇ ਹੋਏ ਸਰ ਬਾਹਰ ਚਲੇ ਗਏ। ਮੇਰਾ ਹਥਲਾ ਕੰਮ ਵਿਚ ਹੀ ਰਹਿ ਗਿਆ ਸੀ। ਮੇਰੀਆਂ ਨਸਾਂ ਤਣ ਗਈਆਂ ਸਨ। ਗੁੱਸੇ ਨਾਲ ਮੇਰੀਆਂ ਮੁੱਠੀਆਂ ਬੰਦ ਹੋ ਗਈਆਂ ਸਨ।ਦਿੱਜ਼ ਇਜ਼ ਟੂ ਮੱਚ ਮੈਂ ਦੰਦ ਪਸਿਦੇ ਹੋਏ ਬੋਲਿਆ। ਤਦੇ ਮੇਰਾ ਧਿਆਨ ਬਾਕੀ ਦੇ ਸਟਾਫ ਮੈਂਬਰਾਂ ਦੇ ਹਾਸੇ ਵਲ ਚਲਾ ਗਿਆ ਸੀ। ਹਾਲੇ ਉਧਰੋਂ ਮੇਰਾ

ਧਿਆਨ ਹਟਿਆ ਹੀ ਨਹੀਂ ਸੀ ਕਿ ਵੰਦਨਾ ਨੇ ਰੋਣਾ ਸੁਰੂ ਕਰ ਦਿੱਤਾ ਸੀ। ਮੈਂ ਬੁੱਤ ਜਿਹਾ ਬਣਿਆ ਉਹਦਾ ਰੋਣਾ ਵੇਖਦਾ ਜਾ ਰਿਹਾ ਸੀ।

ਵੰਦਨਾ ਲਗਾਤਾਰ ਰੋਈ ਜਾ ਰਹੀ ਸੀ। ਬਿੰਦੂ ਉਹਨੂੰ ਚੁੱਪ ਕਰਾਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ। ਮੈਂ ਤਾਂ ਵੰਦਨਾ ਦੇ ਨੇੜੇ ਜਾਣ ਤੋਂ ਵੀ ਘਬਰਾ ਰਿਹਾ ਸਾਂ। ਵੰਦਨਾ ਦੀਆਂ ਅੱਖਾਂ ਰੋ ਰੋ ਸੁੱਜ ਗਈਆਂ ਸਨ। ਵਿਚ ਵਿਚ ਉਹ ਹਟਕੋਰੇ ਭਰਨ ਲਗਦੀ। ਮੈਨੂੰ ਇਹ ਵੀ ਡਰ ਸੀ ਕਿ ਕਿਸੇ ਹੋਰ ਵਿਭਾਗ ਤੋਂ ਆਕੇ ਕੋੲ ਰੋਣ ਦਾ ਕਾਰਨ ਪੁੱਛੇਗਾ ਤਾਂ ਕੀ ਦਸਾਂਗੇ।

ਯਾਰ ਗੌਤਮ ਤੂੰ ਹੀ ਕਰ ਨਾ ਕੁਝ। ਇਹਨੂੰ ਚੁੱਪ ਕਰਾ। ਉਥੇ ਪਰੇ ਬੁੱਤ ਬਣਕੇ ਕੀ ਵੇਖੀ ਜਾ ਰਹੈ। ਡਾਂਟਦੀ ਹੋਈ ਆਵਾਜ਼ ਵਿਚ ਬਿੰਦੂ ਨੇ ਮੈਨੂੰ ਕਿਹਾ।

ਮੈਂ…..ਮੈਂ ਕੀ ਕਰਾਂ….'। ਮੈਂ ਲਾਚਾਰ ਜਿਹਾ ਮਾਯੂਸ ਜਿਹਾ ਹੋਕੇ ਬੋਲਿਆ।

ਮੇਰੀਆਂ ਅੱਖਾਂ ਵੰਦਨਾ ਦੇ ਚਿਹਰੇ ਵਲ ਨਹੀਂ ਮਨ ਉਠ ਰਹੀਆ। ਮੈਂ ਆਪਣੇ ਆਪ ਨੂੰ ਗੁਨਾਹਗਾਰ ਦੇ ਕਟਰਿਹੇ ਵਿਚ ਖੜਾ ਵੇਖ ਰਿਹਾ ਸਾਂ। ਪਰ ਮੈਨੂੰ ਇਹ ਨਹੀਂ ਸੀ ਸਮਝ ਪੈ ਰਹੀ ਕਿ ਮੇਰਾ ਕਸੂਰ ਕੀ ਸੀ।

ਹਾਲ ਦੇ ਅਲਗ ਅਲਗ ਕੋਨਿਆ ਵਿਚ ਸਭ ਲੋਕ ਆਪਣੇ ਆਪਣੇ ਕੰਮਾਂ ਵਿਚ ਰੁਝੇ ਹੋਣ ਦਾ ਬਾਹਨਾ ਕਰ ਰਹੇ ਸਨ। ਪਰ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਚੋਰ ਅੱਖਾਂ ਨਾਲ ਉਹ ਇਹੀ ਵੇਖਣ ਲਈ ਉਤਸੁਕ ਹੋਣਗੇ ਕਿ ਅਗੋਂ ਕੀ ਹੋ ਰਿਹਾ ਹੈ।

ਸਾਲੇ! ਸ਼ਾਰੇ ਰਿਪੋਕ੍ਰੇਟਜ਼, ਛੋਟੇ ਦਿਲ ਦਿਮਾਗ ਵਾਲੇ! ਥੰਗ ਸੋਚਣੀ ਵਾਲੇ! ਸ਼ਾੜੇ ਦੇ ਮਾਰੇ ਹੋਏ! ਖੋਤੇ! ਮੈਂ ਮਨ ਹੀ ਮਨ ਬੁੜਬੁੜਾ ਰਿਹਾ ਸਾਂ।

ਹੁਣੇ ਥੋੜ੍ਹੀ ਦੇਰ ਪਹਿਲਾਂ ਜਦੋਂ ਤਿਵਾਰੀ ਸਰ ਨੇ ਵੰਦਨਾ ਤੇ ਮੈਨੂੰ ਲੈਕੇ ਮਜ਼ਾਕ ਕੀਤਾ ਸੀ ਤਾਂ ਸਾਰੇ ਕਿੰਨਾ ਖਿੜ ਖਿੜ ਹੱਸੇ ਸਨ। ਸਭ ਦੀਆਂ ਵਾਛਾਂ ਖਿੜ ਗਈਆਂ ਸਨ ਜਿਵੇਂ ਤਿਵਾਰੀ ਸਰ ਨੇ ਕੋਈ ਬਹੁਤ ਵਡਾ ਚੁਟਕਲਾ ਮਾਰਿਆ ਹੋਵੇ। ਉਨ੍ਹਾਂ ਸਭ ਦੀਆਂ ਵਖੀਆਂ, ਛਾਤੀਆਂ, ਤੋਦਾ ਹਾਸੇ ਨਾਲ ਪੂਰੀਆਂ ਦੀਆਂ ਪੂਰੀਆਂ ਹਿਲ ਰਹੀਆਂ ਸਨ ਪਰ ਅਚਾਨਕ ਜਦੋਂ ਉਨ੍ਹਾਂ ਦੀ ਨਜ਼ਰ ਵੰਦਨਾ ਤੇ ਪਈ ਸੀ ਤਾਂ ਹੌਲੀ ਹੌਲੀ ਇਹ ਹਾਸਾ ਥੰਮ੍ਹਣ ਲਗ ਪਿਆ ਸੀ ਤੇ ਫਿਰ ਝੇਂਪ ਕੇ ਖੀ……..ਖੀ….ਕਰਦੇ ਸਭ ਇਕ ਦਮ ਚੁਪ ਕਰ ਗਏ ਸਨ ਤੇ ਇੰਜ ਵਿਖਾਵਾ ਕਰ ਰਹੇ ਸਨ ਜਿਵੇਂ ਕੰਮ ਵਿਚ ਰੁਝੇ ਹੋਣ ਤੇ ਵੰਦਨਾ ਦੇ ਰੋਣ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਹੀ ਨਾ ਹੋਵੇ।

ਕੁਝ ਦੇਰ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਹਾਲ ਖਾਲੀ ਹੋ ਰਿਹਾ ਸੀ। ਘੜੀ ਵੱਲ ਵੇਖਿਆ- ਸਾਢੇ ਪੰਜ ਵਜ ਚੁੱਕੇ ਸਨ। ਹਾਲ ਵਿਚ ਬਿੰਦੂ, ਵੰਦਨਾ ਤੇ ਮੇਰੇ ਸਿਵਾ ਕੋਈ ਵੀ ਨਹੀਂ ਸੀ ਰਹਿ ਗਿਆ।

ਵੰਦਨਾ ਸਾਰੀ, ਰੀਅਲੀ ਸਾਰੀ…….। ਮੇਰੇ ਮੂੰਹੋਂ ਇਤਨਾ ਹੀ ਮੁਸ਼ਕਲ ਨਾਲ ਨਿਕਲਿਆ।

ਗੌਤਮ ਤੂੰ ਕਿਉਂ ਸਾਰੀ ਕਹਿ ਰਿਹੈਂ, ਤੇਰਾ ਤਾਂ ਕੋਈ ਦੋਸ਼ ਨਹੀਂ'। ਵੰਦਨਾ ਹੀ ਬੋਲੀ।

ਅਸਾਂ ਤਿੰਨਾਂ ਨੇ ਆਪਣੇ ਆਪਣੇ ਬੈਗ ਸੰਭਾਲੇ। ਥੋੜ੍ਹੀ ਦੂਰ ਚਲਕੇ ਆਪਣੇ ਆਪਣੇ ਬਸ ਸਟੈਂਡ ਵਲ ਚਲ ਪਏ। ਮੈਂ ਆਪਣੇ ਸਟੈਂਡ ਵਲ ਮੁੜਣ ਲੱਗਾ ਤਾਂ ਵੰਦਨਾ ਨੇ ਆਵਾਜ਼ ਦਿੱਤੀ।

ਗੌਤਮ, ਆਈ ਐੱਮ ਫਾਈਨ…..ਡੋਂਟ ਫੀਲ਼ ਸਾਰੀ! ਮੈਨੂੰ ਘਰ ਫੋਨ ਨਾ ਕਰੀਂ'।

ਮੈਂ ਬਿਨਾ ਕੁਝ ਕਹੇ ਆਪਣੀ ਸੜਕ ਵਲ ਮੁੜ ਗਿਆ। ਕਦੋਂ ਬਸ ਆਈ, ਕਦੋਂ ਮੈਂ ਬੱਸ ਤੇ ਚੜ੍ਹਿਆ, ਕਦੋਂ ਘਰ ਪਹੁੰਚਿਆ, ਕੁਝ ਪਤਾ ਹੀ ਨਹੀਂ ਲੱਗਾ। ਕਦੀ ਤਿਵਾਰੀ ਦਾ ਮਜ਼ਾਕ , ਕਦੀ ਸਟਾਫ ਦੀ ਹੀ……ਹੀ…..ਕਦੀ ਵੰਦਨਾ ਦਾ ਰੋਂਦਾ ਚਿਹਰਾ…….ਅਜੀਬ ਤਰੀਕੇ ਨਾਲ ਮਨ ਹੀ ਮਨ ਘੁੰਮਨ ਘੇਰੀ ਪਾ ਰਹੇ ਸਨ, ਉਹ ਸਭ ਦ੍ਰਿਸ਼।

ਘਰ ਪੁੱਜਾ ਤਾਂ ਮਾਂ ਨੇ ਚੁੱਪੀ ਦ ਕਾਰਨ ਪੁੱਛਿਆ ਪਰ ਕੀ ਦਸਦਾ। ਘਰ ਵਿਚ ਮਨ ਨਹੀਂ ਸੀ ਲਗ ਰਿਹਾ। ਪਹਿਲਾਂ ਸੋਚਿਆ ਪਾਰਕ ਵਿਚ ਚਲਾ ਜਾਵਾਂ ਉਥੇ ਆਪਣੇ ਆਂਢ ਗੁਆਂਡ ਦੇ ਬੜੇ ਯਾਰ ਬੇਲੀ ਮਿਲ ਜਾਂਦੇ ਹਨ। ਪਰ ਫਿਰ ਰੇਖਾ ਦੇ ਘਰ ਜਾਣ ਦਾ ਫੈਸਲ਼ਾ ਕੀਤਾ। ਰੇਖਾ ਨਾਲ ਬਚਪਨ ਦੀ ਸਾਂਝ ਸੀ, ਇਕੋ ਸਕੁਲ ਵਿਚ ਇਕੋ ਕਾਲਜ ਵਿਚ ਪੜ੍ਹੇ ਸਾਂ ਤੇ ਉਹ ਰਹਿੰਦੀ ਵੀ ਦੋ ਘਰ ਛੱਡ ਕੇ ਸੀ। ਜਦੋਂ ਕਦੀ ਮੇਰੇ ਜਾਂ ਰੇਖਾ ਤੇ ਕੋਈ ਮਾਨਸਿਕ ਸੰਕਟ ਆਉਂਦਾ ਹੈ ਅਸੀਂ ਜ਼ਰੂਰ ਆਪਣੀ ਗੱਲ ਸਾਂਝੀ ਕਰ ਲੈਂਦੇ ਹਾਂ। ਮਨ ਦਾ ਭਾਰ ਕੁਝ ਹਲਕਾ ਹੋ ਜਾਂਦਾ ਹੈ।

ਰੇਖਾ ਟੀ ਵੀ ਤੇ ਕੋਈ ਸੀਰੀਅਲ ਵੇਖ ਰਹੀ ਸੀ। ਮੈਂ ਉਹਨੂੰ ਦਫਤਰ ਦੀ ਸਾਰੀ ਗੱਲ ਦਸੀ। ਉਹ ਬਹੁਤ ਉੱਚੀ ਉੱਚੀ ਹੱਸਣ ਲੱਗ ਪਈ। ਪਰ ਜਦੋਂ ਉਹਨੇ ਮੇਰਾ ਗੰਭੀਰ ਚਿਹਰਾ ਵੇਖਿਆ ਤਾਂ ਆਪਣੇ ਹਾਸੇ ਦੇ ਕਾਬੂ ਪਾ ਲਿਆ।

ਗੌਤਮ ਨੂੰ ਕਿਹੜੇ ਯੁੱਗ ਦੀ ਗੱਲ ਕਰ ਰਿਹੈ। ਵੰਦਨਾ ਨੂੰ ਚਾਹੀਦਾ ਸੀ ਮਜ਼ਾਕ ਨੂੰ ਹਾਈ ਸਪਿਰਟ ਵਿਚ ਲੈਂਦ ਜਾਂ ਫਿਰ ਉਸੇ ਵੇਲੇ ਤਿਵਾਰੀ ਸਿਵਾਰੀ ਜੋ ਵੀ ਤੁਹਾਡਾ ਬਾਸ ਹੈ, ਨੂੰ ਝਿੜਕ ਦਿੰਦੀ'।

ਉਹਦੇ ਰੌਣ ਕਰਕੇ ਮੈਂ ਬੜਾ ਗਿਲਟੀ ਫੀਲ਼ ਕਰ ਰਿਹਾ'।

ਛੱਡ ਯਾਰ ਗੌਤਮ!ਗਿਲਟੀ ਵਿਲਟੀ ਫੀਲ਼ ਕਰਨ ਦੀ ਲੋੜ ਨਹੀਂ। ਕੁੜੀਆਂ ਕੋਲ ਰੋਣ ਦਾ ਹਥਿਆਰ ਬਹੁਤ ਵਧੀਆ ਹੈ। ਇਹਦੇ ਨਾਲ ਦੂਜਿਆਂ ਤੇ ਅਸਰ ਵੀ ਪੈ ਜਾਂਦਾ ਹੈ ਤੇ ਆਪਣਾ ਮਨ ਵੀ ਹਲਕਾ ਫੁਲ ਪੈ ਜਾਂਦਾ ਹੈ'।

ਤੇਰਾ ਕੀ ਖਿਆਲ ਹੈ, ਉਹ ਕਲ ਦਫਤਰ ਆਵੇਗੀ? ਨੌਕਰੀ ਤੋਂ ਅਸਤੀਫਾ ਤਾਂ ਨਹੀਂ ਦੇ ਦੇਵੇਗੀ?'

ਜੇ ਬੇਵਕੂਫ ਨਹੀਂ ਤਾਂ ਜ਼ਰੂਰ ਆਵੇਗੀ। ਗੌਤਮ, ਉਹ ਹੈ ਕਿਹੋ ਜਿਹੀ ਵੇਖਣ ਵਿਚ? ਰੇਖਾ ਨੇ ਪੁਛਿਆ

ਸਹੀ ਹੀ ਹੈ, ਮੈਂ ਤਾਂ ਜ਼ਿਆਦਾ ਕਦੀ ਧਿਆਨ ਹੀ ਨਹੀਂ ਦਿੱਤਾ'

ਤੂੰ ਭੋਂਦੂ ਹੀ ਹੈ' ਇਹ ਕਹਿ ਉਹ ਫਿਰ ਹੱਸ ਪਈ।

ਕਿਉਂ? ਭੋਂਦੂ ਕਿਉਂ? ਹੈਰਾਨੀ ਨਾਲ ਪੁੱਛਿਆ।

ਤੂੰ ਕਿਹੋ ਜਿਹਾ ਮੁੰਡਾ ਹੈਂ ਜਿਹਦੇ ਕੋਲ ਕੁੜੀਆਂ ਨੂੰ ਵੇਖਣ ਦੀ ਵੀ ਵਿਹਲ ਨਹੀਂ, ਕੁੜੀਆਂ ਨੂੰ ਵੇਖਕੇ ਤੈਨੂੰ ਕੁਝ ਹੁੰਦਾ ਹੀ ਨਹੀਂ….'।ਤੇ ਰੇਖਾ ਹੱਸ ਹੱਸ ਦੋਹਰੀ ਹੁੰਦੀ ਰਹੀ। ਮੈਂ ਉਹਦੇ ਨਾਲ ਨਾਰਾਜ਼ ਹੋਕੇ ਉਥੋਂ ਆ ਗਿਆ।

ਉਸ ਰਾਤ ਸਹੀ ਤਰ੍ਹਾਂ ਨੀਂਦ ਨਹੀਂ ਆਈ।

ਦੂਜੇ ਦਿਨ ਮੈਂ ਦਫਤਰ ਪਹੁੰਚਿਆ ਤਾਂ ਵੰਦਨਾ ਦਫਤਰ ਆਈ ਹੋਈ ਸੀ। ਹੈਲੇ ਤੋਂ ਸਿਵਾ ਸਾਡੇ ਵਿਚ ਕੋਈ ਸ਼ਬਦ ਦਾ ਵਟਾਂਦਰਾ ਨਹੀਂ ਹੋਇਆ। ਮੇਰਾ ਮਨ ਕੰਮ ਵਿਚ ਨਹੀਂ ਸੀ ਲਗ ਰਿਹਾ ਮੈਂ ਉਠਕੇ ਚੌਧਰੀ ਸਰ ਦੀ ਕੇਬੀਨ ਵਿਚ ਚਲਾ ਗਿਆ। ਚੌਧਰੀ ਸਰ ਤਿਵਾਰੀ ਸਰ ਤੋਂ ਜੂਨੀਅਰ ਅਫਸਰ ਹਨ।

ਸਰ , ਮੇਰਾ ਤੇ ਵੰਦਨਾ ਦਾ ਕੰਮ ਅਲੱਗ ਕਰ ਦਿਉ'।

ਕਿਉਂ? ਕੀ ਹੋ ਗਿਆ?'

ਸਰ ਮਜ਼ਾਕ ਦੀ ਵੀ ਹੱਦ ਹੁੰਦੀ ਹੈ'।

ਗੌਤਮ ਤੂੰ ਤਾਂ ਬਹੁਤ ਸੀਰੀਅਸ ਹੋ ਗਿਆ ਹੈ। ਗੱਲ ਮਾਮੂਲੀ ਜਿਹੀ ਹੈ। ਦਫਤਰਾਂ ਵਿਚ ਤਾਂ ਇਹੋ ਜਿਹੇ ਮਜ਼ਾਕ ਚਲਦੇ ਹੀ ਰਹਿੰਦੇ ਨੇ। ਜਿਥੇ ਮਿਲਕੇ ਕੰਮ ਕਰੋ ਉਥੇ…। ਫਿਰ ਤੁਹਾਡੇ ਦੋਵਾਂ ਤੋਂ ਸਿਵਾ ਇਹ ਕੰਮ ਕੋਈ ਜਾਣਦਾ ਵੀ ਤਾਂ ਨਹੀਂ…..।

ਚੌਧਰੀ ਸਰ ਦਾ ਗੰਭੀਰ ਚਿਹਰਾ ਵੇਖਕੇ ਮੈਂ ਆ ਗਿਆ ਤੇ ਚੁਪ ਚਾਪ ਕੰਮ ਵਿਚ ਜੁੱਟ ਗਿਆ। ਇਕ ਦੋ ਵਾਰ ਚੋਰ ਅੱਖਾਂ ਨਾਲ ਵੰਦਨਾ ਵਲ ਤਕਿਆ। ਉਹ ਵੀ ਸ਼ਾਇਦ ਮੇਰੇ ਵਰਗੀ ਮਨੋਸਥਿਤੀ ਵਿਚੋਂ ਗੁਜ਼ਰ ਰਹੀ ਸੀ।

ਲੰਚ ਵੇਲੇ ਵਕਤ ਬੜਾ ਬੋਝਿਲ ਜਿਹਾ ਲਗ ਰਿਹਾ ਸੀ। ਸਾਡੇ ਚਾਰਾਂ ਵਿਚੋਂ ਬਿੰਦੂ ਹੀ ਸਭ ਤੋਂ ਜ਼ਿਆਦਾ ਬੋਲਣ ਵਾਲੀ ਸੀ ਉਹ ਵੀ ਅੱਜ ਚੁਪ ਸੀ। ਅਸੀਂ ਸਭ ਕੋਈ ਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਰ ਗੱਲ ਅਗੇ ਨਾ ਤੁਰਦੀ।

ਦੋ ਚਾਰ ਦਿਨ ਇੰਜ ਹੀ ਤਨਾਅ ਭਰੇ ਲੰਘ ਗਏ। ਆਪਣੇ ਕੰਮ ਤੋਂ ਸਿਵਾ ਵੰਦਨਾ ਨੇ ਮੇਰੇ ਨਾਲ ਇਕ ਸ਼ਬਦ ਨਾ ਬੋਲਿਆ। ਰੋਜ਼ ਛੁੱਟੀ ਵੇਲੇ ਉਵੇਂ ਹੀ ਅਸੀਂ ਅਕੱਠੇ ਹੀ ਬਾਹਰ ਨਿਕਲਦੇ ਤੇ ਚੁੱਪ ਚਾਪ ਅਲਗ ਅਲਗ ਦਿਸ਼ਾਵਾਂ ਵਲ ਚਲ ਪੈਂਦੇ।

ਅੱਜ ਕਲ ਮੈਂ ਧਿਆਨ ਨਾਲ ਦੋਹਾਂ ਕੁੜੀਆਂ ਨੂੰ ਵੇਖਣ ਲਗ ਪਿਆ ਸਾਂ। ਬਿੰਦੂ ਦਾ ਰੰਗ ਸਾਂਵਲੀ ਭਾਹ ਮਾਰਦਾ ਸੀ ਤੇ ਸਰੀਰ ਜ਼ਰਾ ਭਰਵਾਂ ਸੀ ਪਰ ਅੱਖਾਂ ਵਿਚ ਬੜੀ ਚਮਕ ਸੀ ਵੰਦਨਾ ਦਾ ਚਿਹਰਾ ਲੰਬੂਤਰਾ, ਰੰਗ ਕਣਕਵੰਨਾ, ਨੱਕ ਤਿਖੀ,ਵਾਲ ਲੰਬੇ ਮਥੇ ਤੇ ਛੋਟੀ ਜਿਹੀ ਕਾਲੀ ਬਿੰਦੀ। ਵੇਖਣ ਵਿਚ ਦਿਲਕਸ਼ ਲਗਦੀ ਸੀ। ਕਿੰਨੇ ਹੀ ਮਹੀਨਿਆਂ ਤੋਂ ਮੈਂ ਉਹਦੇ ਤੋਂ ਮੈਂ ਉਹਦੇ ਨਾਲ ਕੰਮ ਕਰ ਰਿਹਾ ਸਾਂ ਪਰ ਇੰਜ ਧਿਆਨ ਨਾਲ ਮੈਂ ਉਹਦੀ ਪੂਰੀ ਸ਼ਕਲ ਕਦੀ ਨਹੀਂ ਸੀ ਵੇਖੀ।

ਇਕ ਦਿਨ ਲੰਚ ਤੋਂ ਬਾਅਦ ਸਾਡੇ ਵਿਭਾਗ ਦੀ, ਤਿਆਰੀ ਸਰ ਨੇ, ਮੀਟਿੰਗ ਬੁਲਾਈ। ਨਵੇਂ ਪ੍ਰਾਜੈਕਟ ਬਾਰੇ, ਕੰਮ ਨੂੰ ਨਵਾਂ ਰੂਪ ਦੇਣ ਬਾਰੇ, ਆਪਸੀ ਸਹਿਯੋਗ, ਮਿਲਵਰਤਨ, ਸਦਭਾਵਨਾ, ਮਿਹਨਤ, ਲਗਨ, ਇਮਾਨਦਾਰੀ ਵਰਗੇ ਸ਼ਬਦਾਂ ਦਾ ਬਾਰ ਬਾਰ ਪ੍ਰਯੋਗ ਹੋ ਰਿਹਾ ਸੀ। ਸਰ ਨੇ ਆਪਣੀ ਗੱਲ ਕਰ ਲਈ ਤਾਂ ਕਿਹਾ, 'ਤਸੀਂ ਕੁਝ ਪੁਛਣਾ ਚਾਹੋ ਜਾਂ ਕਹਿਣਾ ਚਾਹੋ ਤਾਂ ਯੂ ਆਰ ਵੈਲਕਮ!'

ਅਚਾਨਕ ਮੈਂ ਉਠ ਖੜ੍ਹਾ ਹੋਇਆ।

ਸ਼ਰ ਹੁਣੇ ਤੁਸਾਂ ਸਦਭਾਵਨਾ, ਸਹਿਯੋਗ ਮਿਲਵਰਤਨ ਬਾਰੇ ਬੜਾ ਕੁਝ ਕਿਹਾ ਹੈ, ਕੀ ਇਸ ਵਿਭਾਗ ਵਿਚ ਇਸ ਭਾਵਨਾ ਨਾਲ ਕੰਮ ਕਰਨ ਦੀ ਇਜ਼ਾਜ਼ਤ ਹੈ?'

ਕੀ ਮਤਲਬ?' ਸਰ ਨੇ ਤਿਊਰੀਆਂ ਚੜ੍ਹਾਕੇ ਪੁਛਿਆ।

ਸਰ ਮੇਰੇ ਤੇ ਵੰਦਨਾ ਬਾਰੇ ਤੁਸਾਂ ਤੇ ਦੂਜੇ ਸਾਥੀਆਂ ਨੇ ਜੋ ਰਿਮਾਰਕਜ਼ ਦਿਤੇ ਹਨ ਉਸ ਹਾਲਤ ਵਿਚ ਸਹਿਯੋਗ ਮਿਲਵਰਤਣ ਦੀ ਉਮੀਦ ਕਰ ਸਕਦੇ ਹੋ?'

ਮੇਰੀਆਂ ਗੱਲਾਂ, ਗੁੱਸੇ ਨਾਲ ਭੱਖ ਰਹੀਆਂ ਸਨ।

ਗੌਤਮ ਤੂੰ ਮੇਰੇ ਉਸ ਦਿਨ ਦੇ ਮਜ਼ਾਕ ਦਾ ਇੰਨਾ ਬੂਰਾ ਮੰਨ ਗਿਆ। ਆਈ ਐੱਮ ਵੈਰੀ ਸਾਰੀ, ਰੀਅਲੀ ਵੈਰੀ ਸਾਰੀ, ਮਾਈ ਬੁਆਏ'।

ਇਟਜ਼ ਆਲ ਰਾਈਟ ਸਰ'। ਇਹ ਕਹਿਕੇ ਮੈਂ ਬੈਠ ਗਿਆ।

ਫਿਰ ਤਿਵਾਰੀ ਨੇ ਵੰਦਨਾ ਵਲ ਸਿਰ ਝੁਕਾਕੇ ਸਾਰੀ ਕਿਹਾ। ਵੰਦਨਾ ਬੋਲੀ ਕੁਝ ਨਹੀਂ। ਬਸ ਜ਼ਰਾ ਜਿੰਨਾ ਮੁਸਕਰਾ ਪਈ।

ਹੁਣ ਦਫਤਰ ਵਿਚ ਵਾਤਾਵਰਣ ਫਿਰ ਤੋਂ ਸਹਿਜ ਹੋ ਗਿਆ ਸੀ। ਅਸੀਂ ਸਭ ਫਿਰ ਤੋਂ ਕੰਮ ਵਿਚ ਪੂਰੇ ਤਨ ਮਨ ਨਾਲ ਖੁਭ ਗਏ ਸਾਂ। ਪਰ ਇਕ ਫਰਕ ਆ ਗਿਆ ਸੀ। ਹੁਣ ਮੈਨੂੰ ਵੰਦਨਾ ਦਾ ਸਾਥ ਸੁਖਾਵਾਂ ਲਗਣ ਲਗ ਪਿਆ ਸੀ। ਮੈਂ ਜ਼ਿਆਦਾ ਤੋਂ ਜ਼ਿਆਦਾ ਵਕਤ ਉਹਦੇ ਨਾਲ ਹੀ ਬਿਤਾਣਾ ਲੋਚਦਾ ਹੁਣ ਉਹਦੀ ਮੁਸਕਾਣ, ਹਾਵ ਭਾਵ ਵਲ ਸਹਿਜੇ ਹੀ ਮੇਰਾ ਧਿਆਨ ਚਲਾ ਜਾਂਦਾ। ਅਜਕਲ ਮੈਂ ਆਪਣੇ ਕਪੜਿਆਂ ਵਲ ਵੀ ਉਚੇਚਾ ਧਿਆਨ ਦੇਣਾ ਸੁਰੂ ਕਰ ਦਿੱਤਾ ਸੀ। ਵੰਦਨਾ ਲਈ ਮਾਂ ਕੋਲੋਂ ਸਪੈਸ਼ਲ ਮੇਥੀ ਦੇ ਪਰਾਉਂਠੇ ਬਣਵਾ ਕੇ ਲਿਆਂਦਾ। ਕਦੀ ਕਦੀ ਮੈਨੂੰ ਅਹਿਸਾਸ ਹੁੰਦਾ ਕਿ ਉਹ ਵੀ ਮੇਰੇ ਵਲ ਖਾਸ ਧਿਆਨ ਦਿੰਦੀ ਹੈ। ਪਰ ਮੈਨੂੰ ਪੱਕਾ ਨਿਸ਼ਚਾ ਨਹੀਂ ਸੀ। ਇਸ ਲਈ ਮੈਂ ਆਪਣੀ ਕਿਸੇ ਵੀ ਭਾਵਨਾ ਦਾ ਇਜ਼ਹਾਰ ਕਰਨ ਤੋਂ ਡਰਦਾ ਸਾਂ। ਮੈਂ ਵੰਦਨਾ ਦੀਆਂ ਨਜ਼ਰਾਂ ਵਿਚ ਚੰਗਾ ਚੰਗਾ ਬਣਿਆ ਰਹਿਣਾ ਚਾਹੁੰਦਾ ਸਾਂ। ਆਪਣੀ ਕਿਸੇ ਵੀ ਗੱਲ ਜਾਂ ਹਰਕਤ ਨਾਲ ਉਹਨੂੰ ਠੋਸ ਨਹੀਂ ਸੀ ਪਹੁੰਚਾਣਾ ਚਾਹੁੰਦਾ।

ਦਿਨ ਇੰਜ ਹੀ ਲੰਘਦੇ ਗਏ। ਹੁਣ ਸੁੱਤੇ ਜਾਗਦੇ, ਬਸ ਵਿਚ ਘਰ ਵਿਚ ਵੰਦਨਾ ਦਾ ਚਿਹਰਾ ਮੇਰੀਆਂ ਅਖਾਂ ਅੱਗੇ ਘੁੰਮਦਾ ਰਹਿੰਦਾ। ਮੈਂ ਸਵੇਰੇ ਘਰੋਂ ਨਿਕਲਣ ਤੋਂ ਪਹਿਲਾਂ ਰੋਜ਼ ਸੋਚਦਾ ਕਿ ਅਜ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਦਿਲ ਦੀ ਗੱਲ ਵੰਦਨਾ ਨਾਲ ਕਰ ਹੀ ਦਿਆਂਗਾ ਪਰ ਜਦੋਂ ਵੀ ਮੈਨੂੰ ਉਹਦੇ ਨਾਲ ਗੱਲ ਕਰਨ ਦਾ ਮੋਕਾ ਮਿਲਦਾ ਮੇਰੇ ਦਿਲ ਦੀ ਧੜ੍ਹਕਣ ਵਧ ਜਾਂਦੀ। ਮੇਰੇ ਹੱਥ ਪੈਰ ਸੁੰਨ ਹੋਣ ਲਗਦੇ।

ਫਰਵਰੀ ਦਾ ਮਹੀਨਾ ਆ ਗਿਆ ਸੀ। ਹਵਾ ਵਿਚ ਠੰਡਕ ਘਟ ਗਈ ਸੀ। ਬਸੰਤ ਬਹਾਰ ਦੀ ਰੁਤ ਸੀ। ਬਿੰਦੂ ਕੁਝ ਦਿਨਾਂ ਲਈ ਦਿਲੀ ਸ਼ਹਿਰ ਤੋਂ ਬਾਹਰ ਚਲੀ ਗਈ ਸੀ ਤੇ ਨੰਦਨ ਵੀ ਦਫਤਰ ਨਹੀਂ ਸੀ ਆ ਰਿਹਾ। ਅਜ ਕਲ ਮੈਂ ਤੇ ਵੰਦਨਾ ਦਫਤਰ ਤੋਂ ਇਕਠੇ ਹੀ ਨਿਕਲਦੇ ਤੇ ਫਿਰ ਆਪਣੇ ਆਪਣੇ ਬਸ ਸਟਾਪ ਤੇ ਜਾ ਖੜ੍ਹੇ ਹੁੰਦੇ।

ਅਜ ਵੰਦਨਾ ਬੋਲੀ, ਗੌਤਮ ਤੈਨੂੰ ਘਰ ਜਾਣ ਦੀ ਬਹੁਤ ਜਲਦੀ ਤਾਂ ਨਹੀਂ?'

ਨਹੀਂ ਕਿਉਂ ਕੀ ਗੱਲ ਹੈ?'

ਚਲ ਆ ਅਜ ਕਾਫੀ ਹਾਉਸ ਚਲੀਏ। ਵੰਦਨਾ ਨੇ ਕਿਹਾ।

ਇਸ ਕਾਫੀ ਹਾਉਸ ਪਹਿਲਾਂ ਵੀ ਅਸੀਂ ਆ ਚੁਕੇ ਸਾਂ ਪਰ ਨਾਲ ਬਿੰਦੂ ਤੇ ਗੌਤਮ ਵੀ ਹੁੰਦੇ ਸਨ।

ਕਾਫੀ ਹਾਊਸ ਵਿਚ ਵੰਦਨਾ ਆਪਣੇ ਘਰ ਦੀਆਂ ਗਲਾਂ ਕਰ ਰਹੀ ਸੀ, ਆਪਣੇ ਛੋਟੇ ਭਰਾ ਦੀਆਂ ਸ਼ਰਾਰਤਾਂ ਬਾਰੇ ਦਸ ਕੇ ਖੁਬ ਹੱਸ ਰਹੀ ਸੀ, ਆਪਣੇ ਬਚਪਨ ਦੀਆਂ, ਸਕੂਲ ਦੀਆਂ, ਕਾਲਿਜ ਦੀਆਂ ਲਗਾਤਾਰ ਘਟਨਾਵਾਂ ਸੁਣਾਈ ਜਾ ਰਹੀ ਸੀ ਤੇ ਖੁਲ੍ਹ ਕੇ ਹਸ ਰਹੀ ਸੀ। ਇਤਨਾ ਖੁਲ੍ਹਕੇ ਹਸਦਿਆਂ ਮੈਂ ਉਹੂੰ ਪਹਿਲੀ ਵਾਰ ਵੇਖ ਰਿਹਾ ਸਾਂ ਤੇ ਮੈਨੂੰ ਬੜਾ ਚੰਗਾ ਲਗ ਰਿਹਾ ਸੀ। ਸਾਨੂੰ ਪਤਾ ਹੀ ਨਹੀਂ ਲਗਾ ਕਿ ਕਿੰਨਾ ਵਕਤ ਲੰਘ ਗਿਆ ਸੀ।

ਹੁਣ ਤਾਂ ਗੌਤਮ ਤੈਨੂੰ ਮੇਰੇ ਘਰ ਛਡਣ ਜਾਣਾ ਪਵੇਗਾ।ਬਹੁਤ ਦੇਰ ਹੋ ਗਈ ਹੈ'।

ਮੇਰੇ ਮਨ ਦੀ ਮੁਰਾਦ ਅਜ ਆਪੇ ਹੀ ਪੂਰੀ ਹੁੰਦੀ ਜਾ ਰਹੀ ਸੀ। ਅਸਾਂ ਸਕੂਟਰ ਲਿਆ ਤੇ ਉਹਦੇ ਘਰ ਵਲ ਚਲ ਪਏ। ਮੈਨੂੰ ਉਹਦੇ ਨਾਲ ਸਕੂਟਰ ਤੇ ਬੈਠਕੇ ਬੜਾ ਖੂਲਾ ਖੂਲਾ ਜਿਹਾ ਅਹਿਸਾਸ ਹੋ ਰਿਹਾ ਸੀ। ਦਿੱਲੀ ਦੇ ਇਸ ਧੂੰਏਂ ਭਰੇ ਸ਼ਹਿਰ ਵਿਚ ਮੈਨੂੰ ਖੁਸ਼ਬੂ ਦੀ ਮਹਿਕ ਖਿਲਰੀ ਅਨੁਭਵ ਹੋ ਰਹੀ ਸੀ।

ਉਹਦੇ ਘਰ ਕੋਲ ਪਹੁੰਚੇ ਤਾਂ ਮੈਂ ਸਕੂਟਰ ਵਿਚ ਹੀ ਬੈਠਾ ਰਿਹਾ-

ਅੱਛਾ ਵੰਦਨਾ, ਮੈਂ ਇਸੇ ਆਟੋ ਤੇ ਘਰ ਚਲਾ ਜਾਂਦਾ ਹਾਂ। ਬਾਈ…..।

ਵੰਦਨਾ ਨੇ ਮੇਰੇ ਹੱਥ ਵਿਚ ਇਕ ਲਿਫਾਫਾ ਦਿੱਤਾ ਤੇ ਬਾਈ ਕਰਕੇ ਕਾਹਲੀ ਨਾਲ ਘਰ ਅੰਦਰ ਦਾਖਲ ਹੋ ਗਈ।

ਮੈਨੂੰ ਕੁਝ ਸਮਝ ਨਹੀਂ ਆ ਰਹੀ ਕਿ ਇਸ ਲਿਫਾਫੇ ਵਿਚ ਕੀ ਸੀ। ਘਰ ਜਾਂਦਿਆਂ ਹੀ ਮੈਂ ਧੜ੍ਹਕਦੇ ਦਿਲ ਨਾਲ ਉਹ ਲਿਫਾਫਾ ਖੋਲ੍ਹਿਆ- ਵੈਲਨ ਟਾਈਨ ਡੇ ਕਾਰਡ ਸੀ। ਉਹ ਕਾਰਡ ਵੇਖਕੇ ਮੈਨੂੰ ਯਾਦ ਆਇਆ ਕਿ ਅਜ ਵੈਲਨ ਟਾਈਨ ਡੇ ਸੀ। ਮੈਂ ਕਾਰਡ ਖੋਲ੍ਹਿਆ। ਆਪਣੇ ਦਿਲ ਦੀ ਇਕ ਇਕ ਧੜ੍ਹਕਣ ਮੈਂ ਸੁਣ ਸਕਦਾ ਸਾਂ। ਮੇਰੇ ਕੰਨ, ਮੇਰੀਆਂ ਗੱਲਾਂ ਭਖ ਰਹੀਆਂ ਸਨ। ਕਾਰਡ ਵਿਚ ਲਿਖਿਆ ਸੀ-

ਗੌਤਮ, ਮੈਨੂੰ ਪਤਾ ਹੀ ਨਹੀਂ ਲਗਾ ਕਦੋਂ ਤੂੰ ਮੈਨੂੰ ਬਹੁਤ ਚੰਗਾ ਚੰਗਾ ਲਗਣ ਲਗ ਪਿਆ। ਮੈਨੂੰ ਪਤਾ ਹੈ ਤੇਰੇ ਅੰਦਰ ਵੀ ਮੇਰੇ ਲਈ ਇਹੀ ਅਹਿਸਾਸ ਹੈ। ਮੈਂ ਤੇਰੇ ਵਲੋਂ ਇਸ ਇਜ਼ਹਾਰ ਦੀ ਉਡੀਕ ਕਰਦੀ ਰਹੀ। ਅਜ ਮੈਂ ਹੀ ਪਹਿਲ ਕਰ ਰਹੀ ਹਾਂ। ਅਜ ਰਾਤ ਤੇਰੇ ਫੋਨ ਦੀ ਉਡੀਕ ਰਹੇਗੀ…।ਵੰਦਨਾ

ਮੈਨੂੰ ਪਹਿਲੀ ਵਾਰੀ ਆਪਣੇ ਸਾਰੇ ਸ਼ਰੀਰ ਵਿਚ ਝਰਨਾਹਟ ਦਾ ਅਹਿਸਾਸ ਹੋਇਆ। ਮੈਂ ਕਿੰਨੀ ਦੇਰ ਖੁਸ਼ੀ ਵਿਚ ਪਾਗਲ ਹੋਇਆ ਸੁੰਨ ਹੀ ਅਵਸਥਾ ਵਿਚ ਬੈਠਾ ਰਿਹਾ ਜਦੋਂ ਹੋਸ਼ ਆਈ ਤਾਂ ਵੰਦਨਾ ਨੂੰ ਫੋਨ ਕਰਨ ਲਈ ਡਾਇਰੀ ਵਿਚੋਂ ਉਹਦਾ ਫੋਨ ਨੰਬਰ ਲਭਣ ਲੱਗਾ। ਡਾਇਰੀ ਦਾ ਪੰਨਾ ਪੰਨਾ ਪਤਾ ਨਹੀਂ ਕਿੰਨੀ ਵਾਰ ਫੋਲ ਮਾਰਿਆ ਪਰ ਉਥੇ ਵੰਦਨਾ ਦਾ ਫੋਨ ਨੰਬਰ ਹੀ ਨਹੀਂ ਸੀ।

ਰੇਖਾ ਸਹੀ ਹੀ ਕਹਿੰਦੀ ਹੈ- ਮੈਂ ਭੋਂਦੂ ਹਾਂ'। ਪਰ ਫਿਰ ਅਹਿਸਾਸ ਹੋਇਆ ਕਿ ਸਵੇਰ ਦੂਰ ਨਹੀਂ।

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com