WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਗੁਰਬਾਜ ਸਿੰਘ
 ਤਰਨ ਤਾਰਨ, ਪੰਜਾਬ

gurbajS-TT

ਸ਼ਿਕਰੇ ਵਰਗਾ ਯਾਰ
ਗੁਰਬਾਜ ਸਿੰਘ, ਤਰਨ ਤਾਰਨ
 
ਮੈਨੂੰ ਵੀ ਦੇਂਦੇ ਸ਼ਿਵ,
ਤੂੰ ਥੋੜਾ ਦਰਦ ਉਧਾਰ ।
ਮੇਰਾ ਵੀ ਰੁੱਸਿਆ ਏ,
ਇੱਕ ਸ਼ਿਕਰੇ ਵਰਗਾ ਯਾਰ ।
ਮਾਰ ਉਡਾਰੀ ਓ ਐਸਾ ਉੱਡਿਆ,
ਨੀ ਰਲ ਕੂੰਜਾਂ ਦੀ ਵਿੱਚ ਡਾਰ ।
ਚੂਰੀ ਦਿਲ ਦਾ ਮਾਸ ਵੀ ਪਾਵਾਂ,
ਤੇ ਨਾ ਹੀ ਤੱਕੇ ਓ ਹਾਰ ਸ਼ਿੰਗਾਰ ।
ਓਹਦੇ ਪੈਰੀਂ ਝਾਂਜਰ ਤੇ ਮਟਕਵੀਂ ਤੋਰ,
ਤੇ ਕਰੇ ਨਖ਼ਰੇ ਲੱਖ ਹਜ਼ਾਰ ।
ਓਹਦੀ ਅੱਖ ਨਸ਼ੀਲੀ, ਰਮਜ਼ ਹੱਠੀਲੀ,
ਤੇ ਉਹ ਵੱਸੇ ਸੱਤ-ਸਮੁੰਦਰੋਂ ਪਾਰ ।
ਓਦੇ ਆਵਣੇ ਦੀ ਨਿੱਤ ਬਿੜਕ ਵੀ ਰੱਖਾਂ,
ਪੱਕੇ ਜਿਉਂ ਕੌਲ ਕਰਾਰ ।
ਵਾਦੇ ਕਰ ਮਿਲਣੇ ਨਾ ਆਵੇ ,
ਤੇ ਕਰੇ ਡਾਹਢੇ ਅੱਤਿਆਚਾਰ ।
ਲੱਖ ਮਨਾਵਾਂ, ਤਰਲੇ ਪਾਵਾਂ,
ਨੀ ਓਹ ਅਣਖਾਂ ਦਾ ਸਰਦਾਰ ।
ਰਾਤੀਂ ਗਲ ਲੱਗ ਘੁੱਟ-ਘੁੱਟ ਮਿਲਦਾ,
ਦਿਨੇ ਦਿਲ ਰੋਵੇ ਜਾਰੋ-ਜਾਰ ।
ਉਹ ਜਦ ਵੀ ਆਵੇ ਪਲ਼ੀਂ ਉੱਡ ਜਾਵੇ,
ਨੀ ਕਿਸੇ ਅੱਥਰੀ ਹਵਾ ਦਾ ਅਸਵਾਰ ।
ਲਿਖ ਸੁਨੇਹੇ ਰੁੱਤਾਂ ਹੱਥ ਘੱਲੇ,
ਨੀ ਮੈਂ ਸੌ-ਸੌ ਜਿੰਦੜੀ ਵਾਰ ।
ਮੌਸਮ ਬਦਲ, ਬਦਲ ਓਹ ਜਾਵੇ,
ਤੇ ਓਹਦਾ ਸੰਗ ਪਰਵਾਸਾਂ ਪਿਆਰ ।
ਓਹਦੇ ਵੱਸਲ ਦਾ ਮੁੱਲ ਹਯਾਤੀ ਮੇਰੀ,
ਮੈਂ ਹੋਜਾਂ ਸਾਗਰ-ਜ਼ਿੰਦਗੀ ਤੋਂ ਪਾਰ,
ਓ ਹੁਣ ਜਦ ਕਦੇ ਆਵੇ ਕਹਿਣਾ ਮਿਲ ਕੇ ਜਾਵੇ,
ਘਰ ਮੇਰਾ ਕਬਰਾਂ ਦੇ ਵਿਚਕਾਰ ,
ਹੁਣ,,ਘਰ ਮੇਰਾ ਕਬਰਾਂ ਦੇ ਵਿਚਕਾਰ ।
10/07/2021
 


ਉਡੀਕ ਬਾਰੇ...

ਗੁਰਬਾਜ ਸਿੰਘ, ਤਰਨ ਤਾਰਨ
 
ਉਡੀਕ ..?
ਕੀ ਕਹਾਂ ਉਡੀਕ ਬਾਰੇ..?
ਬੱਸ ਇੰਨਾ ਹੀ ਕਹਾਂਗਾ ਕਿ...
ਉਡੀਦੇ ਦੋ ਰੂਪ ਹੁੰਦੇ ਨੇ...
ਇਕ ਓਹ ਉਡੀਕ..
ਜੋ ਖਤਮ ਹੋ ਜਾਂਦੀ ਹੈ...
ਤੇ ਖਤਮ ਹੋਣ ਤੇ... 
ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ..
ਤੇ ਦੂਜੀ ਉਹ...
ਜੋ ਕਦੇ ਖਤਮ ਨਹੀਂ ਹੁੰਦੀ...
ਦਿਨ, ਮਹੀਨੇ, ਸਾਲ ਤੇ ਸ਼ਾਇਦ..
ਤਾ-ਉਮਰ...
ਆਖਰੀ ਸਾਹਾਂ ਤੱਕ ਵੀ...
ਅਸਹਿ ਪੀੜਾਂ, ਹਿਜਰ ਤੇ ਵਿਛੋੜੇ ਦੇ..
ਲਾਬੂੰਆ ਤਾਈਂ ਸਾੜਦੀ...
ਬੇਰੋਕ..ਬੇਰਹਿਮੀ ਨਾਲ...
ਤੇ ਅੱਜ ਇਹੋ ਉਡੀਕ...
ਹੰਝੂਆਂ ਨਾਲ ਭਿੱਜੇ...
ਮੋਹ ਦੇ ਰੰਗ-ਰੱਤੇ...
ਸ਼ਬਦਾਂ ਦੇ ਵਸਤਰ ਧਾਰ...
ਕਦੇ ਇਹ ਕਵਿਤਾ ਦਾ ਰੂਪ ਲੈ ਲੈਂਦੀ ਹੈ...
ਤੇ ਕਦੇ ਗੀਤ ਬਣ ਜਾਂਦੀ ਹੈ...
ਅਰਦਾਸ-ਕਾਮਨਾ ਕਰਨਾ ਕਿ...
ਇਹ ਉਡੀਕ...
ਜ਼ਿੰਦਗੀ ਦੇ ਕਿਸੇ ਐਸੇ ਮੋੜ ਤੇ...
ਖਤਮ ਹੋ ਜਾਵੇ...
ਜਿੱਥੋਂ...
ਮੈਂ ਫੇਰ ਜਿਉਦਿਆਂ ਚ ਹੋ ਜਾਵਾਂ...
...ਆਮੀਨ।
04/07/2021


ਯਾਦਾਂ ਦਾ ਬੁੱਲਾ

ਗੁਰਬਾਜ ਸਿੰਘ, ਤਰਨ ਤਾਰਨ
 
ਅੱਜ ਵੀ ਜਦੋਂ ਕਦੇ,
ਉਹਦੀਆਂ ਯਾਦਾਂ ਦਾ ਕੋਈ ਬੁੱਲਾ ਆਉਂਦਾ ਹੈ,
ਤਾਂ..ਇਵੇਂ ਲੱਗਦਾ ਹੈ ..
ਜਿਵੇ ਕੋਈ ਆਵਾਜ਼ ਮਾਰ ਕੇ ਰੋਕਦਾ ਹੋਵੇ..
“ਰੁੱਕ ਜਾਈਂ..”
“ਮੈਂ ਵੀ ਆਉਣੈ...”
ਮੈਨੂੰ ਵੀ ਲੈ ਚੱਲ ਆਪਣੇ ਨਾਲ..
ਹੱਥ ‘ਚ ਹੱਥ ਫੜ ਕੇ..
ਤੇ ਫੇਰ..
ਨਜ਼ਰ ਥੰਮ ਜਾਂਦੀ ਹੈ..
ਸਮਾਂ ਕੁਝ ਪਲ ਰੁੱਕ ਜਾਂਦਾ..
ਤੇ...
ਦਿਲ ਸ਼ਿੱਦਤ ਨਾਲ ਭਰ ਉੱਠਦਾ ਹੈ..।
27/06/2021
 
ਪੈਸੇ ਦੀ ਉਚਾਈ 
ਗੁਰਬਾਜ ਸਿੰਘ, ਤਰਨ ਤਾਰਨ
 
ਸਭ ਪੈਸੇ ਦੀ ਉਚਾਈ ਨਾਲ ਨਾਪਦੇ ਨੇ ਕੱਦਾਂ ਨੂੰ,
ਕੋਈ ਮੋਹ-ਪਿਆਰਾਂ ਵਾਲੀ ਨਾ ਡੂੰਘਾਈ ਨਾਪੇ ਅੱਜ।
 
ਕੋਈ ਚਿਹਰਿਆਂ ਤੋਂ ਪੜੇ ਨਾ ਦਿਲ ਵਾਲੀ ਗੱਲ,
ਹਰ ਚੇਹਰਾ ਇੱਕ ਰੰਗਲਾ ਮਖੌਟਾ ਜਾਪੇ ਅੱਜ।
 
ਸਮਾਂ ਕੋਈ ਵੀ ਨਾ ਕੱਢੇ ਕਿਸੇ ਕੋਲ ਬੈਠਣੇ ਦਾ,
ਹਰ ਕੋਈ ਇੱਕ-ਦੂਜੇ ਨੂੰ ਲਗਾਈ ਜਾਵੇ ਪੱਜ ।
 
ਸਭ ਦੂਜੇ ਹੀ ਦੀ ਕੌਲੀ ਵਿੱਚ ਰੱਖਦੇ ਧਿਆਨ,
ਅੱਖਾਂ ਰੱਜਦੀਆਂ ਨਾ ਢਿੱਡ ਭਾਵੇਂ ਕਿੰਨਾ ਜਾਵੇ ਰੱਜ ।
 
ਤੂੰ ਸਦਾ ਨਾ ਪ੍ਰਹੁਣਾ ਬਣ ਬੈਠਣਾ ਹਮੇਸ਼ ਏਥੇ,
ਖੌਰੇ ਕਿਹੜੇ ਵੇਲੇ ਜਿੰਦ ਨੂੰ ਕਸੂਤਾ ਪੈਜੇ ਜੱਬ ।
 
ਕੋਈ ਨਾ ਭਰੋਸਾ ਏਥੇ ਜ਼ਿੰਦਗੀ ਤੇ ਬੰਦੇ ਦਾ ,
ਦੋਵੇਂ ਚੀਜ਼ਾਂ ਹਰ ਵੇਲੇ ਭਾਲਦੀਆਂ ਲੱਭ ।
 
ਏਥੇ ਚੋਰ ਵੀ ਹੈ ਓਹੋ, ਜੋ ਸਾਧ ਬਣ ਬਹਿੰਦਾ,
ਪਤਾ ਨਹੀਂ ਕਿੱਥੇ ਲੁਕ ਬਹਿ ਗਿਆ ਏ ਰੱਬ ।
 
ਅੱਜ...
ਪਤਾ ਨਹੀਂ ਕਿੱਥੇ ਲੁੱਕ ਬਹਿ ਗਿਆ ਏ ਰੱਬ ।
27/06/2021


ਮੇਰੀ ਜ਼ਿੰਦਗੀ

ਗੁਰਬਾਜ ਸਿੰਘ, ਤਰਨ ਤਾਰਨ
 
ਏਹ ਜ਼ਿੰਦਗੀ ਮੇਰੀ,
ਇਕ ਡਗਰ ਲੰਮੇਰੀ ।
ਪਈ ਫਿਰੀ ਗਵਾਚੀ,
ਸੋਚਾਂ ਦੀ ਘੇਰੀ।
ਮੈਨੂੰ ਜੀਣ ਨਾ ਦੇਵੇ,
ਇੱਕ ਯਾਦ ਜੋ ਤੇਰੀ ।
ਜੀਣਾ ਔਖਾ ਕਰਦੇ,
ਜਦ ਪਾਵੇ ਫੇਰੀ ।
ਇੱਕ ਤੇਰੇ ਬਾਜੋਂ ,
ਮੈਂ ਖ਼ਾਕ ਦੀ ਢੇਰੀ,
ਜੋ ਕੱਟੀ ਤੇਰੇ ਨਾਲ,
ਬੱਸ ਓਹੀ ਬਥੇਰੀ ।
ਤੈਨੂੰ ਭੁੱਲ ਨਹੀਂ ਸਕਦਾ,
ਮੈਂ ਵਾਅ ਲਾਈ ਬਥੇਰੀ ।
ਏਹ ਜ਼ਿੰਦਗੀ ਮੇਰੀ,
ਇਕ ਡਗਰ ਲੰਮੇਰੀ ।
ਪਈ ਫਿਰੇ ਗਵਾਚੀ,
ਸੋਚਾਂ ਦੀ ਘੇਰੀ।
30/09/2018
 
 
ਚਿਰਾਗ਼
ਗੁਰਬਾਜ ਸਿੰਘ, ਤਰਨ ਤਾਰਨ
 
ਮੈਂ ਉਹ ਅਭਾਗਾ ਚਿਰਾਗ਼ ਹਾਂ,
ਜੋ ਜ਼ਿੰਦਗੀ ਦੇ ਹਨੇਰ ਖੰਡਰਾਂ ਵਿੱਚ,
ਮੁੱਕ  ਰਿਹਾ ਹੈ, ਸੁੱਕ  ਰਿਹਾ ਹੈ,
ਰੁਗ ਕੁ ਆਖਰੀ ਸਾਹਾਂ ਨਾਲ, 
ਕਿਸੇ ਦੀ ਉਡੀਕ ਵਾਸਤੇ,
ਹਨੇਰਿਆਂ ਤੋਂ,
ਦੋ ਪਲ ਚਾਨਣ ਦੇ ਉਧਾਰੇ ਮੰਗ  ਰਿਹਾ ਹੈ,
ਕਿ ਸ਼ਾਇਦ ਕੋਈ ਆਵੇਗਾ,
ਪਿਆਰ ਦੀ ਵੱਟੀ ਤੇ ਸਾਹਾੰ ਦਾ ਤੇਲ ਲੈ ਕੇ,
ਤੇ ਮੇਰੀ ਜ਼ਿੰਦਗੀ ਫਿਰ ਤੋਂ ਰੁਸ਼ਨਾ ਦੇਵੇਗਾ,
ਸਦਾ-ਸਦਾ ਲਈ ।
 30/09/2018
 
 
ਤੇਰੇ ਖਿਆਲ
ਗੁਰਬਾਜ ਸਿੰਘ, ਤਰਨ ਤਾਰਨ
 
ਰੁੱਗ ਭਰ ਭਰ ਹਿਜਰਾਂ ਦੇ ਪਾਵਾਂ ਮੈਂ,
ਤੇਰੇ ਖਿਆਲ ਜੋਗੀ ਬਣ ਬਰੂਹਾਂ ਮੱਲਦੇਨੇ।
ਕਾਸਾ ਮੁਹੱਬਤਾਂ ਦਾ ਨਾ ਕਦੇ ਭਰ ਹੋਣਾ,
ਵਾਰ-ਵਾਰ ਆ ਕੇ ਕਿਉਂ ਮੈਨੂੰ ਛਲਦੇ ਨੇ।
ਏਹ ਨਾ ਸਮਿਆਂ ਦੀ ਹਵਾ ਨਾਲ ਸ਼ੀਤਹੋਏ,
ਵਾਂਗ ਜੋਬਣ ਰੁੱਤ ਦੇ ਕਿਉਂ ਬਲਦੇ ਨੇ।
ਖਾਕ ਹੋ ਕੇ ਵੀ ਨਾ ਹੁਣ ਸੌਣ ਦੇਵਣ,
ਗਰਮ ਹਵਾਵਾਂ ਕਿਉਂ ਸਿਵਿਆਂ ਤਾਈਂਘੱਲਦੇ ਨੇ।
ਤੇਰੇ ਿਖਆਲ ..।
ਤੇਰੇ ਿਖਆਲ..।
30/09/2018


ਸ਼ੀਸ਼ੇ ਦੇ ਬੋਲ

ਗੁਰਬਾਜ ਸਿੰਘ, ਤਰਨ ਤਾਰਨ
 
ਮੈਂ ਸ਼ੀਸ਼ਾ ਹਾਂ,
ਝੂਠ ਨਹੀਂ ਬੋਲਾਂਗਾ ।
ਤੇਰੇ ਮਨ ਦੀਆਂ, 
ਤੇਰੇ ਤਨ ਦੀਆਂ,
ਕਈ ਪਰਤਾਂ ਫਰੋਲ਼ਾਂਗਾ ।
ਮੈਂ ਸ਼ੀਸ਼ਾ ਹਾਂ,
ਝੂਠ ਨਹੀਂ ਬੋਲਾਂਗਾ ।
 
ਤੇਰੇ ਦਿਲ ਵਾਲੇ ਖ਼ਾਬਾਂ ਨੂੰ, 
ਸੰਦਲੀ ਅਹਿਸਾਸਾਂ ਨੂੰ,
ਅੱਖੀਆਂ ਰਾਹੀਂ ਖੋਲਾਗਾਂ ।
ਮੈਂ ਸ਼ੀਸ਼ਾ ਹਾਂ,
ਝੂਠ ਨਹੀਂ ਬੋਲਾਂਗਾ ।
 
ਤੂੰ ਮੈਨੂੰ ਭਾਵੇਂ ਤੋੜ ਦਈਂ,
ਜਾਂ ਕਿਤੇ ਵੀ ਰੋੜ੍ਹ ਦਈਂ,
ਤੇਰੀਆਂ ਵਫਾਵਾਂ ਤੇ ਦਗੇ,
ਜਾਅ ਹਰ ਥਾਂ ਤੋਲਾਂਗਾ ,
ਮੈਂ ਸ਼ੀਸ਼ਾ ਹਾਂ,
ਝੂਠ ਨਹੀਂ ਬੋਲਾਂਗਾ ।
 
ਤੂੰ ਲੱਖ ਚਾਹੀਂ,
ਕਿੰਨਾ ਵੀ ਲੁਕਾਈ,
ਮੈਨੂੰ ਆਦਤ ਨਹੀਂ ਝੂਠ ਦੀ,
ਤੇਰੀਆਂ ਸੋਚਾਂ ਨੂੰ ਪਲ-ਪਲ ਟਟੋਲਾਂਗਾ,
ਮੈਂ ਸ਼ੀਸ਼ਾ ਹਾਂ,
ਝੂਠ ਨਹੀਂ ਬੋਲਾਂਗਾ ।
 
ਮੇਰੀ ਅੱਖ ਵਿੱਚ ਅੱਖ ਪਾ ਲਈਂ,
ਫੇਰ ਹੀ ਕੋਈ ਫੈਸਲਾ ਲਈਂ,
ਤੇਰੇ ਸੁੱਚੇ ਚਾਵਾਂ ਵਿੱਚ,
ਮਸਤੀ ਦੇ ਰੰਗ ਘੋਲ਼ਾਂਗਾ ,
ਮੈਂ ਸ਼ੀਸ਼ਾ ਹਾਂ,
ਝੂਠ ਨਹੀਂ ਬੋਲਾਂਗਾ ।
01/09/2018
 
 
 
ਦਿਲ ਕਰਦਾ
ਗੁਰਬਾਜ ਸਿੰਘ, ਤਰਨ ਤਾਰਨ
 
ਬੜਾ ਦਿਲ ਕਰਦਾ,
ਤੇਰੇ ਚੇਹਰੇ ਤੇ ਕੋਈ ਗੀਤ  ਲਿਖਾਂ ।
ਬੜਾ ਦਿਲ ਕਰਦਾ,
ਤੇਰੇ ਹਾਸਿਆਂ ਨੂੰ ਸੰਗੀਤ ਲਿਖਾਂ ।
ਬੜਾ ਦਿਲ ਕਰਦਾ,
ਤੇਰੀਆਂ ਨਿਗਾਹਾਂ ਨੂੰ ਡੂੰਘੀ  ਪ੍ਰੀਤ ਲਿਖਾਂ ।
ਬੜਾ ਦਿਲ ਕਰਦਾ,
ਤੇਰੀਆਂ ਜ਼ੁਲਫ਼ਾਂ ਨੂੰ ਹਵਾਵਾਂ ਸ਼ੀਤ ਲਿਖਾਂ ।
ਬੜਾ ਦਿਲ ਕਰਦਾ,
ਸੱਚੀ ਬੜਾ ਦਿਲ ਕਰਦਾ ।
01/09/2018


ਤਾਜ ਮਹੱਲ ਨੂੰ
ਗੁਰਬਾਜ ਸਿੰਘ, ਤਰਨ ਤਾਰਨ
 
gurbajS-TT01ਤੇਰੀ ਖ਼ੂਬਸੂਰਤੀ ਨਾਲ,
ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ ।
 
ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ  ਨਿਰੀ,
ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ ।
 
ਤੂੰ ਨਿਸ਼ਾਨੀ ਨਹੀਂ ਏਂ ਪਾਕ ਮੁਹੱਬਤਾਂ ਦੀ,
ਤੂੰ ਤਾਂ ਤਸਵੀਰ ਹੈ ਕਿਸੇ ਕੁਲੈਹਣੀ ਗੋਰ ਦੀ।
 
ਸੈਂਕੜੇ ਬਾਲਾਂ ਤੇ ਮਾਂਵਾਂ ਦੇ ਹੰਝੂਆਂ ਨਾਲ ਨਹਾਤਾ ਤੂੰ,
ਤੂੰ ਕਹਾਣੀ ਏ ਸੁਪਨਿਆਂ, ਹੱਕਾਂ ਤੇ ਮਿਹਨਤਾਂ ਦੇ ਚੋਰ ਦੀ,
 
ਕਈ ਸਾਲਾਂ ਦੀ ਬੰਧੂਆਂ ਮਜੂਰੀ ਤੇ ਗੁਲਾਮੀ ਦਾ ਗਵਾਹ ਤੂੰ,
ਅਰਜ਼ ਸੁਣੀ ਨਾ ਤੂੰ ਕਿਸੇ ਮਜ਼ਲੂਮ ਜਾਂ ਕਮਜ਼ੋਰ ਦੀ,
 
ਤੇਰੇ ਦੁੱਧ ਚਿੱਟੇ ਰੂਪ ਨੇ ਲਹੂ ਪੀਤਾ ਸੈਂਕੜੇ ਮਜਲੂਮਾਂ ਦਾ,
ਮੂੰਹ ਖਰਾਵੇ ਤੇਰੀ ਦਿੱਖ, ਹੁਣ ਗੱਲ ਰਹੀਨਾ ਕੋਈ ਗੌਰ ਦੀ ।
 
ਅਗਿਣਤ  ਜ਼ਿੰਦਗੀਆਂ ਦਫ਼ਨ ਨੇ ਤੇਰੀਆਂ ਨੀਂਹਾਂ ਵਿੱਚ,
ਹਰ ਕੋਨੇ ਚੋਂ ਆਵਾਜ਼ ਆਵੇ ਚੀਕਾਂ-ਚਿਲਾਟਾਂ ਦੇ ਸ਼ੋਰ ਦੀ ।
 
ਨਾ ਤਾਜ ਦੀ, ਮੁਮਤਾਜ ਦੀ ਤੇ ਨਾ ਸ਼ਾਹਜਹਾਂ ਦੀ,
ਕੀ ਗੱਲ ਕਹਾਂ ਤੇਰੀ ਝੂਠੀ ਸ਼ਾਨ ਹੈ ਘੁਮੰਡੀ ਕਿਸੇ ਲੋਰ ਦੀ ।
 
ਤੂੰ ਰਹੇ ਘਿਰਿਆ ਏਂ ਚਾਰੇ ਗੁੰਬਦ ਗੁਮਾਨਾਂ ਦੀ ਰਾਖੀ ਵਿੱਚ,
ਤੂੰ ਮਿਸਾਲ ਏ ਸ਼ਾਹੀ ਜਬਰ ਤੇ ਗੁਲਾਮੀ ਵਾਲੀ ਮੋਹਰ ਦੀ ।
 
ਤੇਰੀ ਖ਼ੂਬਸੂਰਤੀ ਨਾਲ,
ਅੱਖ ਚੁੰਧਿਆਉਂਦੀ ਹੋਊ  ਕਿਸੇ ਹੋਰ ਦੀ ।
 
ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ  ਨਿਰੀ,
ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ ।
27/08/2018
 
ਮਿਹਨਤਕਸ਼
ਗੁਰਬਾਜ ਸਿੰਘ, ਤਰਨ ਤਾਰਨ
 
ਰੱਬਾ ਤੇਰੀ ਨਗਰੀ 'ਚ ਰੰਗ ਬੜੇ ਭਰੇ ਤੂੰ,
ਕਈਆਂ ਨੂੰ ਮਹਿਲ ਦਵੇਂ ਕਈ ਰੱਖੇ ਬੇ-ਘਰੇ ਤੂੰ ।
 
ਕੁਝ ਸੂਰਬੀਰਾਂ ਦੇ ਦਰਸ਼ ਕੱਲ ਕਰੇ ਮੈਂ,
ਕਿ  ਵਿੱਚ ਕਾਰਾਂ ਕਈ ਧੁੱਪ ਤੱਕੇ ਖੜੇ ਮੈਂ ।
 
ਸਵਾਲ ਉੱਠਿਆ ਕਿ ਜ਼ਿੰਦਗੀ ਵੀ ਕਿੱਡਾ ਵੱਡਾ ਜੱਬਏ,
ਕਿਉਂ ਲਾਚਾਰ ਨੇ ਇਹ, ਏਨਾਂ ਦਾ ਵਾ ਤੂੰ ਹੀ ਰੱਬ ਏਂ।
 
ਜੋ ਭੱਠਿਆਂ-ਢਾਬਿਆਂ ਤੇ ਪੈਲੀਆਂ ਦੇ ਬੁੱਥਿਆਂ 'ਚ ਹੱਸਦੇ,
ਰਹਿਣ ਖੁਸ਼ ਦੋ ਵਕਤ ਰੋਟੀ ਕੋਈ ਸਾੜਾ ਨਹੀ ਉਂਰੱਖਦੇ ।
 
ਹੱਥ, ਪੈਰ, ਮਨ, ਸੱਲੇ-ਛਾਲੇ, ਪਰ ਗੁਰਬਤ ਤੋ ਨਾਹਾਰਦੇ,
ਬੋਹਲ਼ ਮੋਢਿਆਂ ਤੇ ਜ਼ੁੰਮੇਵਾਰੀ ਤੇ ਜ਼ਿੰਦਗੀ ਦੇ ਭਾਰਦੇ ।
 
ਅੱਖਾਂ ਨਾਲ ਦਗਣ ਸੁਪਨਿਆਂ ਦੇ ਅੰਗਾਰ ਜਿਉਂ , 
ਨਾਲ ਜ਼ਿੰਦਾ-ਦਿਲੀ, ਹੌਸਲਿਆਂ ਦੇ ਚੰਢੇ ਹਥਿਆਰ ਜਿਉਂ ।
 
ਵੱਲੋਂ ਕਿਸਮਤ ਰਹਿਣ ਬੇਫ਼ਿਕਰੇ, ਜੋ ਮਿਲੇ ਸੋ ਖਾਲੈਂਦੇ,
ਵੇਖ ਦੂਜਿਆਂ ਨੂੰ ਭਰ ਅੱਖਾਂ ਚ ਖ਼ੁਸ਼ੀ, ਅੰਦਰੋਂ-ਅੰਦਰੀਂ ਮੁਸਕਾ ਲੈਂਦੇ ।
 
ਏਹ ਕਰਨ ਮੇਹਨਤਾਂ, ਬੰਨ ਹਿੰਮਤਾਂ ਨੂੰ ਲੱਕ ਨਾਲ,
ਨਾਮ ਇਨਾਂ ਦਾ ਮਿਹਨਤਕਸ਼ ਤੁਰਨ ਅਣਖਾਂ ਨੂੰਰੱਖ ਨਾਲ ।
27/08/2018

 

ਗੁਰਬਾਜ ਸਿੰਘ, ਤਰਨ ਤਾਰਨ
Punjab 8837644027
Whatsapp 9872334944

gbsingh71@gmail.com
27/08/20118


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com