WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਜਗਦੀਪ ਸ਼ਾਹਪੁਰੀ
ਪੰਜਾਬ

jagdeep-shahpuri

ਖ਼ਲਾਅ
ਜਗਦੀਪ ਸ਼ਾਹਪੁਰੀ
 
ਬੰਦਾ ਖੁਦ ਆਪਣੇ ਗੁਨਾਹਾਂ ਤੋਂ ਪੁੱਛੇ
ਕਿੰਨੇ ਪਾਪ ਕੀਤੇ, ਗਵਾਹਾਂ ਤੋਂ ਪੁੱਛੇ
ਬੇਚੈਨ ਕਿਸ਼ਤੀ ਉਡੀਕੇ ਮੁਸਾਫ਼ਿਰ
ਕਦੋ ਆਵਣਗੇ, ਮਲਾਹਾਂ ਤੋਂ ਪੁੱਛੇ
ਪੁੱਤ ਪ੍ਰਦੇਸੀ ਕੋਲ ਕਿੰਨੇ ਕੁ ਡਾਲਰ
‘ਕੱਲੀਆਂ ਘਰਾਂ ‘ਚ ਮਾਵਾਂ ਤੋਂ ਪੁੱਛੇ
ਦੂਰ ਗਏ ਸੱਜਣਾ ਨੂੰ ਕਿੰਨਾ ਉਡੀਕਾਂ
ਕੋਠੇ ‘ਤੇ ਚੂਰੀ ਅਤੇ ਕਾਵਾਂ ਤੋਂ ਪੁੱਛੇ
ਓ ਦੂਰ ਹੋ ਗਏ ਕਿਥੇ ਓ ਖੋਅ ਗਏ
ਸਾਨੂੰ ਕਿਉਂ ਮਿਲੀਆਂ ਸਜ਼ਾਵਾਂ ਤੋਂ ਪੁੱਛੇ
10/11/2020


ਕਿਰਦਾਰ

ਜਗਦੀਪ ਸ਼ਾਹਪੁਰੀ

ਕੀਤੇ ਕੌਲ ਕਰਾਰ ਬਦਲ ਗਏ
ਰੱਬ ਵਰਗੇ ਸਭ ਯਾਰ ਬਦਲ ਗਏ
ਭਗਤ ਸਿੰਘ ਤੇ ਸਰਾਭੇ ਵਰਗੇ
ਨਹੀ ਸੱਚੇ ਸਰਦਾਰ ਬਦਲ ਗਏ
ਕਾਲਾ ਬਜ਼ਾਰੀ ਰਿਸ਼ਵਤਖੋਰੀ
ਨਹੀ ਸੱਚੇ ਦਰਬਾਰ ਬਦਲ ਗਏ
ਕੌਣ ਕੁੱਖਾਂ ਵਿੱਚ ਧੀ ਬਚਾਊ?
ਮਾਵਾਂ ਦੇ ਕਿਰਦਾਰ ਬਦਲ ਗਏ
ਆਈ ਸਫੈਦੀ ਸਿਰ ‘ਤੇ ਜਦ ਤੋਂ
ਕਰਦੇ ਸੀ ਜੋ ਪਿਆਰ ਬਦਲ ਗਏ
ਸੋਨੇ ਦੇ ਮੁੱਲ ਪਿਆਰ ਵਿਕ ਗਿਆ
ਤਾਂ ਹੀ ਤਾਂ ਸਰਕਾਰ ਬਦਲ ਗਏ
ਮੇਰੇ ਖ਼ਾਲੀ ਵੇਖ ਕੇ ਖੀਸੇ
ਕਈ ਕਰੀਬੀ ਯਾਰ ਬਦਲ ਗਏ
ਨਹੀਂ ਬਦਲੇ ਇੱਕ ਮਾਪੇ ਮੇਰੇ
ਸਾਰੇ ਰਿਸਤੇਦਾਰ ਬਦਲ ਗਏ
ਤੂੰ “ਸ਼ਾਹਪੁਰੀ” ਅਜੇ ਨਾ ਬਦਲੇਂ
ਮੌਸਮ ਰੰਗ ਹਜ਼ਾਰ ਬਦਲ ਗਏ
27/10/2020


ਉਡੀਕਾਂ

ਜਗਦੀਪ ਸ਼ਾਹਪੁਰੀ 

ਅਸੀਂ ਤਸੀਹੇ ਸੱਜਣਾਂ ਤੇਰੇ ਜਰ-ਲਾਂਗੇ,
ਕੰਡਿਆਂ ਵਾਲਾ ਰਸਤਾ ਵੀ ਸਰ ਕਰ-ਲਾਂਗੇ।
ਤੂੰ ਜੋ ਦਿੱਤਾ ਜ਼ਹਿਰ ਪਿਆਲਾ ਪੀਵਾਂਗੇ,
ਨਿੱਤ ਮਰਨੇ ਤੋਂ ਚੰਗਾ ਇੱਕ ਦਿਨ ਮਰ- ਲਾਂਗੇ
ਸਾਡੇ ਸੀਨੇ ਪਿਆਰ ਤੇਰੇ ਦਾ ਸਾਗਰ ਹੈ,
ਇਸ਼ਕ ਝਨਾਂ ਅਸੀਂ ਕੱਚਿਆਂ ‘ਤੇ ਵੀ ਤਰ-ਲਾਂਗੇ।
'ਬਾਰਾਂ ਸਾਲ' ਚਰਾ ਕੇ ਮੱਝਾਂ ਤੇਰੇ ਲਈ,
'ਮੁੰਦਰਾਂ’ ਪਾ ਕੇ ਅਸੀਂ ਗੁਜ਼ਾਰਾ ਕਰ-ਲਾਂਗੇ।
'ਸ਼ਾਹਪੁਰੀ' ਤੂੰ ਭਾਵੇਂ ਹੀ ਸਾਥੋਂ ਦੂਰ ਰਹੇਂ,
ਅਸੀ ਉਡੀਕਾਂ ਰਾਹਾਂ ਤੱਕ-ਤੱਕ ਕਰ - ਲਾਂਗੇ।
23/09/2020


ਰਿਸ਼ਤਾ

ਜਗਦੀਪ ਸ਼ਾਹਪੁਰੀ 

ਰੁੱਖਾਂ ਦਾ ਜਿਓਂ ਰਿਸ਼ਤਾ ਹੁੰਦਾ ਛਾਵਾਂ ਨਾਲ!
ਇਓਂ ਪੁੱਤਾਂ ਦਾ ਰਿਸ਼ਤਾ ਹੁੰਦਾ ਮਾਂਵਾਂ ਨਾਲ!
ਦੂਰ ਤੁਰ ਗਿਆ ਮੁੜ ਕਦੇ ਵੀ ਆਇਆ ਨਾ,
ਯਾਦ ਓਹਦੀ ਦੇ ਭਾਂਬੜ ਬਲਦੇ ਹਾਵਾਂ ਨਾਲ!
ਜਿੰਨੀ ਰਾਹੀਂ ਦਰ ਸਾਡੇ ਉਹ ਆਇਆ ਸੀ,
"ਰੱਬ" ਵਰਗਾ ਸਤਿਕਾਰ ਹੈ ਉਨ੍ਹਾਂ ਰਾਹਵਾਂ ਨਾਲ!
ਮੋਹ ਵਫ਼ਾ ਉਲਫ਼ਤ ਦੀ ਜਿਹਨੂੰ ਕਦਰ ਨਹੀ ਸੀ,
ਕਿਉਂ ਲਾਈਆਂ ਉਸ ਨਾਲ ਹੱਸ ਕੇ ਚਾਅਵਾਂ ਨਾਲ!
ਦੂਰ ਤੁਰ ਗਿਆ ਦਿਲ ‘ਚੋ ਕਦੇ ਵੀ ਭੁੱਲਿਆ ਨਾ,
ਪਿਆਰ ਨਾ ਮਿਟਿਆ "ਸ਼ਾਹਪੁਰੀ" ਕੁਝ ਨਾਵਾਂ ਨਾਲ...!
01/09/2020


ਅਰਜ਼

ਜਗਦੀਪ ਸ਼ਾਹਪੁਰੀ 
 
ਮੇਰੀ  ਜਿੰਦ ਗਮਾਂ ਨੇ ਘੇਰੀ 
ਹਰ ਪਲ ਜਾਵਾਂ ਹੰਝੂ ਕੇਰੀ
ਕਿੰਜ ਬਚਾਵਾਂ ਬਾਗ ਆਪਣਾ,
ਚੱਲ ਪਈ ਹੈ ਜ਼ਾਲਮ ਹਨ੍ਹੇਰੀ
ਹੰਝੂ ਆਪ ਮੁਹਾਰੇ  ਵਗਦੇ,
ਗੱਲ ਜਦੋਂ ਵੀ ਤੁਰਦੀ ਤੇਰੀ 
ਤਰਸ ਕਰ ਕੁਝ ਤਾਂ ਡਾਢਿਆ,
ਮੰਗ ਲਈ ਬੱਚਿਆਂ ਭੀਖ ਬਥੇਰੀ
ਭੇਜ ਕਿਤੋਂ "ਬਾਜਾਂ ਵਾਲੇ" ਨੂੰ
"ਰੱਬ ਜੀ" ਅਰਜ਼ ਇਹੀ ਹੈ ਮੇਰੀ 
27/08/2020


ਬੁੱਕਲ਼ ਦੇ ਸੱਪ

ਜਗਦੀਪ ਸ਼ਾਹਪੁਰੀ
 
ਲੱਭਦੇ ਨਈਂ ਹੁਣ ਕਿਤੋਂ ਉਹ ਭਾਲ਼ੇ!
ਸਾਨੂੰ ਦਿਲੋਂ ਪਿਆਰਨ ਵਾਲ਼ੇ!
ਖੋਭ ਗਏ ਓਹ ਪਿੱਠ 'ਚ ਖੰਜਰ,
ਦਿਖਦੇ ਸੀ ਜੋ ਭੋਲ਼ੇ-ਭਾਲ਼ੇ!
ਕਿੰਜ ਕਰਾਂ ਕਾਤਲ ਦੀਆਂ ਸਿਫ਼ਤਾਂ?
ਰੰਗ ਦੇ ਚਿੱਟੇ ਦਿਲ ਦੇ ਕਾਲ਼ੇ,
ਚੋਰ ਓਹ ਨਿਕਲ਼ੇ, ਦੇ ਗਏ ਧੋਖਾ,
ਭੁੱਲ ਕੇ ਸੀ ਜੋ ਯਾਰ ਬਣਾ-ਲੇ!
ਆਦਤ ਤੋਂ ਮਜਬੂਰ "ਸ਼ਾਹਪੁਰੀ",
ਬੁੱਕਲ ਦੇ ਵਿੱਚ ਸੱਪ  ਨੇ ਪਾਲ਼ੇ!
28/07/2020


ਅਹਿਸਾਸ

ਜਗਦੀਪ ਸ਼ਾਹਪੁਰੀ
 
ਜਦੋਂ ਚਿਰਾਂ ਤੋਂ ਵਿੱਛੜੇ ਸੱਜਣ  ਮਿਲਦੇ ਨੇ ,
ਕਾਪੀ ਵਿਚਲੇ ਸੁੱਕੇ ਫੁੱਲ ਵੀ ਖਿੜਦੇ  ਨੇ!

ਗ਼ੈਰ ਹਟਾਉਣੇ ਰਸਤੇ ਵਿੱਚੋਂ ਸੌਖੇ ਸੀ,
ਪਰ ਆਪਣੇ ਹੀ ਰਫ਼ਲਾਂ ਚੁੱਕੀ ਫ਼ਿਰਦੇ ਨੇ!

ਕੁਝ ਕੁ ਅੱਥਰੂ ਆਪ ਮੁਹਾਰੇ ਵਗ ਪੈਂਦੇ,
ਜਦ ਤੇਰੇ ਚਰਚੇ ਗੈਰਾਂ ਵਿੱਚ ਛਿੜਦੇ ਨੇ!

ਅੱਧਖਿੜੀਆਂ ਦਾ ਸੋਗ ਦਿਲਾਂ 'ਚੋ ਜਾਂਦਾ ਨੀ,
ਭਾਵੇ ਫੁੱਲ ਵੀ ਇੱਕ ਦਿਨ ਸੁੱਕ ਕੇ ਕਿਰਦੇ  ਨੇ!

ਸਤਰੰਗੀ ਜਦ ਪੀਂਘ ਲਿਸ਼ਕਦੀ ਅੰਬਰਾਂ 'ਤੇ,
ਬੁਝੇ ਦਿਲ ਵੀ ਮੱਲੋਮੱਲੀ ਖਿੜਦੇ ਨੇ!

ਕੋਈ ਇੱਕ ਹੀ ਸਾਡੇ ਦਿਲ ਦਾ ਮਹਿਰਮ ਹੈ,
ਜਿਸ ਨਾਲ਼ ਸਾਡੇ ਰਿਸ਼ਤੇ ਧੁਰ ਤੱਕ ਦਿਲ ਦੇ ਨੇ!

"ਸ਼ਾਹਪੁਰ" ਨਾਲ "ਜਗਦੀਪ" ਤੇਰਾ ਹੈ ਟ੍ਹੌਰ ਜਿਹਾ, 
ਉਂਜ ਤਾਂ ਤੇਰੇ ਵਰਗੇ ਲੱਖਾਂ ਫ਼ਿਰਦੇ ਨੇ...!
20/07/2020
ਜਗਦੀਪ ਸ਼ਾਹਪੁਰੀ
00 91 9256073074

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com