WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਮਲਜੀਤ ਕੌਰ ਕੋਮਲ
ਬਟਾਲਾ

ਗੀਤ
ਕਮਲਜੀਤ ਕੌਰ ਕੋਮਲ, ਬਟਾਲਾ

ਜਦ ਚਰਚਾ ਹੁੰਦੀ ਵੋਟਾਂ ਦੀ,
ਗੱਲ ਤੁਰ ਪੈਂਦੀ ਫਿਰ ਨੋਟਾਂ ਦੀ।
ਸ਼ਿਖਰ ਤੇ ਆ ਕੇ ਗੱਲ ਮੁੱਕਦੀ,
ਗੱਲ ਮੁੱਕਦੀ ਖੁੱਲੀਆਂ ਛੋਟਾਂ ਦੀ।

ਗਰੀਬਾਂ ਦਾ ਮਜਾਕ ਉਡਾਉਂਦੇ ਨੇ,
ਆਟਾ ਦੋ ਦੋ ਕਿੱਲੋ ਵਰਤਾਉਂਦੇ ਨੇ।
ਗੱਲ ਕਰਦੇ ਰਾਖਵੇਂ ਕੋਟਾਂ ਦਾ,
ਜਦ ਚਰਚਾ ਹੁੰਦੀ .....

ਭੋਲੇ ਲੋਕਾਂ ਤੇ ਜਾਲ ਵਿਛਾਉਂਦੇ ਨੇ।
ਪੰਜਾਂ ਸਾਲਾਂ ਬਾਦ ਫੇਰਾ ਪਾਉਂਦੇ ਨੇ।
ਆਉਂਦੀ ਸਾਹਮਣੇ ਦਿਲ ਦੀਆਂ ਖੋਟਾਂ ਦੀ,
ਜਦ ਚਰਚਾ ਹੁੰਦੀ.....

ਲੰਗਰ ਨਸ਼ਿਆਂ ਦੇ ਥਾਂ ਥਾਂ ਲੱਗਦੇ ਨੇ,
ਸ਼ਰੇਆਮ ਦਿਨ ਦੀਵੀ ਠਗਦੇ ਨੇ।
'ਕੋਮਲ' ਦੱਸਦੀ ਲੱਗੀਆਂ ਚੋਟਾਂ ਦੀ,
ਜਦ ਚਰਚਾ ਹੁੰਦੀ ਵੋਟਾਂ ਦੀ,
ਗੱਲ ਤੁਰ ਪੈਂਦੀ ਫਿਰ ਨੋਟਾਂ ਦੀ।
26/04/17

 

ਮਹਿਲ-ਮਾੜੀਆਂ
ਕਮਲਜੀਤ ਕੌਰ ਕੋਮਲ, ਬਟਾਲਾ

ਕੀ ਫਾਇਦਾ ਇਨ੍ਹਾਂ ਮਹਿਲ-ਮਾੜੀਆਂ ਦਾ
ਜੇ ਰਤਾ ਭਰ ਨਾ ਮਿਲਿਆ ਸਕੂਨ ਮੀਆਂ!
ਜਨਤ ਨਾਲੋਂ ਵੱਧ ਕੁੱਲੀ ਯਾਰ ਦੀ ਏ,
ਸਫਲਾ ਹੋ ਜਾਂਦੀ ਜਿੱਥੇ ਜਾ ਜੂਨ ਮੀਆਂ!
ਦਿਲਾਂ ਅੰਦਰ ਨਾ ਜਿੱਥੇ ਸਤਿਕਾਰ ਭੋਰਾ,
ਉਥੇ ਕਰੂਗਾ ਕੀ ਜਾਹਿਰ ਕਨੂੰਨ ਮੀਆਂ!
ਸਬਰ-ਸੰਤੋਖ ਦੀ ਸਦਾ ਹੀ ਗੱਲ ਰੱਖੀਂ,
ਬੇ-ਵਜਾਹ ਨਾ ਵਹਾਵੀਂ (ਕਿਤੇ) ਖੂਨ ਮੀਆਂ!
ਓਹਦੇ ਇਸ਼ਕ ਵਿਚ ਐਸੀ ਰੂਹ ਭਿੱਜ ਜਾਵੇ,
ਚੜ੍ਹਿਆ ਰਵ੍ਹੇ ਬਸ ਪਿਆਰ-ਜਨੂੰਨ ਮੀਆਂ!
'ਕੋਮਲ' ਅੰਦਰ ਵੜਕੇ ਬੈਠਾ ਕੋਲ ਤੇਰੇ,
ਐਵੇਂ ਘੁੰਮ ਨਾ 'ਦਿੱਲੀ', 'ਦੇਹਰਾਦੂਨ' ਮੀਆਂ!
07/02/17


ਗੀਤ
ਸ਼ਹਿਰ ਦਾ ਤੂੰ
ਕਮਲਜੀਤ ਕੌਰ ਕੋਮਲ, ਬਟਾਲਾ

ਸ਼ਹਿਰ ਦਾ ਤੂੰ ਪੜ੍ਹਿਆ,
ਵੇ ਮੈਂ ਪਿੰਡ ਦੀ ਪੜ੍ਹੀ।
ਸਾਡੀ ਤਕਦੀਰ,
ਖਬਰੇ ਕਿੰਝ ਏ ਲੜੀ।
ਜਦੋਂ ਅੰਗ੍ਰੇਜੀ ਵਿਚ ਕਰੇਂ ਗਿੱਟ-ਮਿੱਟ ਵੇ,
ਖੜ੍ਹੀ ਤੇਰੇ ਮੂੰਹ ਵੱਲੇ, ਤੱਕਾਂ ਬਿਟ-ਬਿਟ ਵੇ।
ਦਿਲ ਦੇ ਫਰੇਮ ਤੇਰੀ ਫੋਟੋ ਮੈਂ ਜੜੀ,
ਸ਼ਹਿਰ ਦਾ ਤੂੰ ਪੜ੍ਹਿਆ............

ਠੋਕ-ਠੋਕ ਜਦੋਂ ਵੇ ਤੂੰ, ਬੰਨ੍ਹ ਲੈਨੈਂ ਪੱਗ ਵੇ,
ਅੱਲ੍ਹੜਾਂ ਕੁਆਰੀਆਂ ਨੂੰ, ਲੈਂਦੈ ਉਦੋਂ ਠੱਗ ਵੇ।
ਰੋਹਬ ਵਿਚ ਰੱਖਦਾ ਏਂ ਮੁੱਛ ਵੀ ਖੜ੍ਹੀ,
ਸ਼ਹਿਰ ਦਾ ਤੂੰ ਪੜ੍ਹਿਆ............

ਜੀਨਾਂ ਵਾਲੀਆਂ ਨੇ, ਤੇਰੇ ਨਾਲ ਗੇੜੇ ਲਾਉਂਦੀਆਂ,
ਰੂਪ ਸਾਣ ਉਤੇ ਲਾ ਕੇ, ਮਹਿਫਲਾਂ ਸਜਾਉਂਦੀਆਂ।
ਪੇਂਡੂ 'ਕੋਮਲ' ਨਾਲ ਕਿਵੇਂ ਨਿਭੂਗੀ ਘੜੀ,
ਸ਼ਹਿਰ ਦਾ ਤੂੰ ਪੜ੍ਹਿਆ............
07/02/17

ਗਾਜਰ-ਮੂਲੀ ਵਾਂਗੂੰ
ਕਮਲਜੀਤ ਕੌਰ ਕੋਮਲ, ਬਟਾਲਾ

ਗਾਜਰ-ਮੂਲੀ ਵਾਂਗੂੰ ਬੰਦਾ ਵੱਢ ਛੱਡਦੈਂ,
ਸੀਨੇ ਦੇ ਵਿਚ ਆ ਗਈ ਕਿੱਥੋਂ ਦਲੇਰੀ ਏ।
ਦੇਖਕੇ ਦੌਲਤ-ਸ਼ੁਹਰਤ ਚੰਡੀ ਚੜ੍ਹ ਜਾਂਦੀ,
ਇਹ ਦੌਲਤ, ਭੋਲਿਆ ਨਾ ਤੇਰੀ, ਨਾ ਮੇਰੀ ਏ।
ਗੂੜ੍ਹੇ ਲਹੂ ਦੇ ਰਿਸ਼ਤੇ, ਫਿੱਕੇ ਪਾ ਰਿਹੋਂ ਤੂੰ,
ਸਿਰ ਝੁੱਲੀ ਤੇਰੇ ਲਾਲਚ ਭਰੀ ਹਨੇਰੀ ਏ।
ਜਿਸ ਦੀ ਖਾਤਰ ਸਭ ਕੁਝ ਆਪਣਾ ਭੁੱਲ ਬੇਠੋਂ,
'ਕੋਮਲ' ਹੋਣਾ ਅੰਤ ਖਾਕ ਦੀ ਢੇਰੀ ਏ।
09/01/17

ਗੀਤ
ਸਾਉਣ ਦੀ ਝੜੀ
ਕਮਲਜੀਤ ਕੌਰ ਕੋਮਲ, ਬਟਾਲਾ

ਵੇ ਲੱਗੀ ਫਿਰ ਸਾਉਣ ਦੀ ਝੜੀ, ਹਾਏ ਮਾਹੀਆ !
ਗੱਲ ਸਾਰੀ, ਤੇਰੀ 'ਹਾਂ' ਤੇ ਅੜੀ, ਹਾਏ ਮਾਹੀਆ !
ਮੋਹਲੇਧਾਰ ਨੈਣਾਂ ਵਿਚੋਂ ਹੁੰਦੀ ਬਰਸਾਤ ਵੇ,
ਕੱਟਦਾ ਨਾ ਦਿਨ ਮੇਰਾ, ਲੰਘਦੀ ਨਾ ਰਾਤ ਵੇ।
ਹਾੜ੍ਹਾ! ਮਿਲ ਜਾ ਤੂੰ ਘੜੀ ਦੋ ਘੜੀ, ਹਾਏ ਮਾਹੀਆ !
ਵੇ ਲੱਗੀ ਫਿਰ........

ਸਖੀਆਂ ਨੇ, ਤੀਆਂ ਦੇ ਜਸ਼ਨ ਮਨਾਉਂਦੀਆਂ,
ਨੱਚਦੀਆਂ, ਖੇਡ੍ਹਦੀਆਂ, ਕਿੱਕਲੀਆਂ ਪਾਉਂਦੀਆਂ।
ਮੈਂ ਇਕੋ ਰਾਗ, ਬਿਰਹਾ ਦਾ ਫੜੀ, ਹਾਏ ਮਾਹੀਆ !
ਵੇ ਲੱਗੀ ਫਿਰ........

ਸੱਜਰੇ ਵਿਆਹ ਦੇ ਅਜੇ ਚਾਅ ਵੀ ਪੂਰੇ ਹੋਏ ਨਾ,
ਇਕ ਦੂਸਰੇ ਦੇ ਅਜੇ ਨੈਣਾਂ 'ਚ ਵੀ ਖੋਏ ਨਾ।
ਲੱਗੇ ਤਕਦੀਰ ਜਿਵੇਂ ਮੇਰੇ ਨਾਲ ਲੜੀ, ਹਾਏ ਮਾਹੀਆ !
ਵੇ ਲੱਗੀ ਫਿਰ........

ਹਰ ਵੇਲੇ ਰਹਿੰਦਾ ਮੇਰਾ ਤੇਰੇ 'ਚ ਖਿਆਲ ਵੇ,
ਬੀਤ ਗਏ ਮਹੀਨੇ, ਕਈ ਲੰਘ ਗਏ ਨੇ ਸਾਲ ਵੇ।
'ਕੋਮਲ' ਬਿਰਹਾ 'ਚ ਤੇਰੇ ਜਾਂਦੀ ਏ ਸੜੀ, ਹਾਏ ਮਾਹੀਆ !
ਵੇ ਲੱਗੀ ਫਿਰ........
09/01/17

 

ਗੀਤ
ਕਮਲਜੀਤ ਕੌਰ ਕੋਮਲ, ਬਟਾਲਾ

ਅੱਜ ਦਿਲ ਫੇਰ ਇਹ ਚੰਦਰਾ ਮੇਰਾ, ਮਾਰਕੇ ਭੁੱਬਾਂ ਰੋਇਆ ।
ਜਿੰਨਾ ਸੀ ਮੇਰੇ ਦਰਦ ਸੀਨੇ ਵਿਚ, ਸਭ ਅੱਖਰਾਂ ਵਿਚ ਪਰੋਇਆ ।

ਕੋਠੇ ਜਿੱਡੀ ਧੀ ਕਿਸੇ ਦੀ, ਅੱਜ ਬਲੀ ਦਾਜ ਦੀ ਚੜ੍ਹ ਗਈ।
ਬਾਪ ਨੇ ਉਸਨੂੰ ਮੋਢਾ ਦਿੱਤਾ, ਮਾਂ ਦਰਾਂ ਵਿਚ ਅੜ ਗਈ।
ਘਰ ਦੀਆਂ ਕੰਧਾਂ ਰੋਵਣ ਲੱਗੀਆਂ, ਹਾਏ! ਆਹ ਕੀ ਰੱਬਾ ਹੋਇਆ,
ਅੱਜ ਦਿਲ ਫੇਰ ਇਹ.................

ਘਿਉ-ਮੱਖਣ ਦੀ ਚੂਰੀ ਕੁੱਟ ਕੇ, ਵਾਂਗ ਪੁੱਤਾਂ ਦੇ ਪਾਲਿਆ ਸੀ।
ਲਾਡੋ ਆਪਣੀ ਧੀ ਦੀ ਖਾਤਰ, ਤਨ-ਮਨ ਤਾਈਂ ਗਾਲਿਆ ਸੀ।
ਅੱਜ ਕਲੇਜੇ ਦਾ ਟੁੱਕੜਾ ਮੈਂ, ਹੱਥੀ ਆਪਣੇ ਖੋਇਆ,
ਅੱਜ ਦਿਲ ਫੇਰ ਇਹ.................

ਪਾਈ ਪਾਈ ਉਧਾਰ ਮੈਂ ਮੰਗ ਕੇ, ਕਰਜਾ ਚੁੱਕ ਪੜ੍ਹਾਇਆ ਸੀ।
ਹੱਥ ਬੰਨ੍ਹ ਕੇ ਅਫਸਰਾਂ ਅੱਗੇ, ਫਿਰ ਕੁਰਸੀ ਉਤੇ ਬਿਠਾਇਆ ਸੀ।
'ਕੋਮਲ' ਨੂੰ ਖੁਦ ਤੋਰ ਕੇ ਹੱਥੀਂ, ਮੈਂ ਤਾਂ ਜਿਊਂਦਾ ਮੋਇਆ,
ਅੱਜ ਦਿਲ ਫੇਰ ਇਹ.................
10/12/16

ਕਵਿਤਾ
ਕਮਲਜੀਤ ਕੌਰ ਕੋਮਲ, ਬਟਾਲਾ

ਸਭ ਕੁਝ ਜ਼ਿੰਦਗੀ ਦੇ ਵਿਚ ਪੈਸਾ ਨਹੀਂ ਹੁੰਦਾ,
ਕੁਝ ਰਿਸ਼ਤੇ-ਨਾਤੇ, ਕਦਰਾਂ-ਕੀਮਤਾਂ ਹੁੰਦੀਆਂ ਨੇ।
ਬਾਝ ਉਨ੍ਹਾਂ ਦੇ ਜ਼ਿੰਦਗੀ ਅਧੂਰੀ ਲੱਗਦੀ ਏ,
ਹਾਏ! ਨਾਲ ਜਿਨ੍ਹਾਂ ਦੇ ਸਧਰਾਂ ਹੁੰਦੀਆਂ ਗੁੰਦੀਆਂ ਨੇ।
ਉਸ ਪੱਲ ਦਾ ਮੈਂ ਆਲਮ 'ਕੋਮਲ' ਕੀ ਦੱਸਾਂ,
ਜਦ ਆਪਣਾ ਕੋਈ ਦਿੰਦਾ ਛੱਲੇ-ਮੁੰਦੀਆਂ ਨੇ।
10/12/16

 

ਗੀਤ
ਅੱਜ ਨਹੀਂ ਤਾਂ ਕੱਲ੍ਹ
ਕਮਲਜੀਤ ਕੌਰ ਕੋਮਲ, ਬਟਾਲਾ

ਅੱਜ ਨਹੀਂ ਤਾਂ ਕੱਲ੍ਹ ਮੁੱਕ ਜਾਣਗੇ,
ਮੁੱਕ ਜਾਣਗੇ ਚੰਨਾ ਹਾਏ ਮੇਰੇ ਸਾਹ ਵੇ!
ਚੰਦਰੇ ਨਿਮਾਣੇ ਨੈਣ ਤੱਕਦੇ,
ਰਹਿੰਦੇ ਤੱਕਦੇ ਚੰਨਾ ਹਾਏ ਤੇਰਾ ਰਾਹ ਵੇ!

ਤੇਰਾ ਹਰ ਵਾਅਦਾ, ਮੇਰਾ ਸਾਥ ਨਿਭਾਉਣ ਦਾ,
ਮੇਰਾ ਹਰ ਚਾਅ, ਤੈਨੂੰ ਆਪਣਾ ਬਣਾਉਣ ਦਾ।
ਤੇਰੇ ਬਿਰਹਾ 'ਚ ਲਾਉਂਦੀ ਮੈਂ ਉਡਾਰੀਆਂ,
ਕਿਤੇ ਹੋ ਨਾ ਜਾਵਾਂ ਚੰਨਾਂ ਮੈਂ ਸੁਆਹ ਵੇ,
ਅੱਜ ਨਹੀਂ ਤਾਂ ਕੱਲ੍ਹ .............

ਤੇਰੇ ਦੀਦ ਦੇ ਲਈ ਚੰਨਾ, ਨੈਣ ਨੇ ਪਿਆਸੇ ਵੇ,
ਰੋਣਾ-ਧੋਣਾ ਪਿਆ ਪੱਲੇ, ਉਡ ਗਏ ਨੇ ਹਾਸੇ ਵੇ।
ਕਦੇ ਉਹ ਵੀ ਘੜੀ, ਕਦੇ ਉਹ ਵੀ ਪੱਲ ਸੀ,
ਰੱਬ ਬਣਿਆ ਸੀ ਸਾਡੇ 'ਚ ਗਵਾਹ ਵੇ,
ਅੱਜ ਨਹੀਂ ਤਾਂ ਕੱਲ੍ਹ .............

ਜਾਨ ਲਵਾਂ ਉਤੇ ਆ ਗਈ, ਚੰਨਾ ਅੱਜ ਮੇਰੀ ਵੇ,
ਸੱਚੀ-ਮੁੱਚੀਂ ਜਿੰਦ ਅੱਜ, ਢਾਹ ਬੈਠੀ ਢੇਰੀ ਵੇ।
ਹੀਰਿਆਂ ਤੋਂ ਹਜਾਰ ਗੁਣਾ ਕੀਮਤੀ,
'ਕੋਮਲ' ਰੋਲ ਦਿੱਤੀ ਕੌਡੀਆਂ ਦੇ ਭਾਅ ਵੇ,
ਅੱਜ ਨਹੀਂ ਤਾਂ ਕੱਲ੍ਹ ਮੁੱਕ ਜਾਣਗੇ,.....
04/11/16

ਸੋਚਾਂ ਦੀ ਵਾਟ
ਕਮਲਜੀਤ ਕੌਰ ਕੋਮਲ, ਬਟਾਲਾ

ਸੋਚਾਂ ਦੀ ਕਦੇ ਵਾਟ ਨਾ ਮੁੱਕਦੀ,
ਨਾ ਮੁੱਕਣ ਗ਼ਮਾਂ ਦੀਆਂ ਰਾਤਾਂ।
ਸੱਜਣਾਂ ਬਿਨ ਨਾ ਠੰਢਕ ਪੈਂਦੀ,
ਭਾਂਵੇ ਲੱਖ ਹੋਵਣ ਬਰਸਾਤਾਂ।
ਬੇਸ਼ੱਕ ਦੁਨੀਆਂ ਚੰਨ ਤੇ ਪਹੁੰਚੀ,
(ਪਰ) ਦਿਲੋਂ ਗਈਆਂ ਨਾ ਜਾਤਾਂ-ਪਾਤਾਂ।
ਵਕਤ ਬਦਲਿਆ, ਦੁਨੀਆਂ ਬਦਲੀ,
ਬਦਲ ਗਈਆਂ ਮੁਲਾਕਾਤਾਂ।
ਮਰਨ ਕਰਜੇ ਨਾਲ ਉਵੇਂ ਹੀ 'ਕੋਮਲ',
ਟਰੱਕ ਭਰ-ਭਰ ਆਉਣ ਬਰਾਤਾਂ।
04/11/16

 

ਕਵਿਤਾ
ਚਿਰਾਗ ਜਗਾਈਏ
ਕਮਲਜੀਤ ਕੌਰ ਕੋਮਲ, ਬਟਾਲਾ

ਆਓ ਆਪਾਂ ਰਲ-ਮਿਲਕੇ
ਇਲਮਾਂ ਦਾ ਚਿਰਾਗ ਜਗਾਈਏ।
ਗਰਦਿਸ਼ ਭਰੀ ਇਸ ਜ਼ਿੰਦਗੀ ਵਿਚੋਂ,
ਅੰਧੇਰਾ ਦੂਰ ਭਜਾਈਏ।

ਤੋੜ ਦਿਓ ਸਭ ਝੂਠੀਆਂ ਰਸਮਾਂ,
ਕੀ ਕਰਨੇ ਨੇ ਵਾਅਦੇ-ਕਸਮਾਂ।
ਸਿੱਧੇ ਰਾਹ ਅਪਣਾਈਏ।
ਗਰਦਿਸ਼ ਭਰੀ.......

ਬਹੁਤ ਹੋ ਗਿਆ ਹੱਲਾ-ਗੁੱਲਾ,
ਇਕੋ ਬਣਾਈਏ ਚੌਂਕਾ-ਚੁੱਲ੍ਹਾ।
ਗੀਤ ਅਮਨ ਦੇ ਗਾਈਏ।
ਗਰਦਿਸ਼ ਭਰੀ.......

'ਕੋਮਲ' ਜਿੱਥੇ ਅਮਨ-ਪਸਾਰਾ,
ਮਿਲਦਾ ਉਥੇ ਸਵਰਗ ਨਜਾਰਾ।
ਝੱਟ ਉਥੇ ਵਸ ਜਾਈਏ।
ਗਰਦਿਸ਼ ਭਰੀ ਇਸ ਜ਼ਿੰਦਗੀ ਵਿਚੋਂ,
ਅੰਧੇਰਾ ਦੂਰ ਭਜਾਈਏ।
05/09/16


ਗੀਤ
ਨਾ ਓਹ ਗੱਲਾਂ
ਕਮਲਜੀਤ ਕੌਰ ਕੋਮਲ, ਬਟਾਲਾ

ਨਾ ਓਹ ਰੰਗਲੇ ਚਰਖੇ ਦਿਸਦੇ,
ਨਾ ਓਹ ਤੰਦ, ਤੇ ਨਾ ਹੀ ਪ੍ਰੀਤ।
ਨਾ ਓਹ ਗੱਲਾਂ, ਨਾ ਓਹ ਗੀਤ,
ਟੁੱਟਦੀ ਜਾਂਦੀ ਹਰ ਇਕ ਰੀਤ।

ਨਾ ਉਹ 'ਰਾਂਝਾ', ਨਾ ਓਹ 'ਹੀਰ',
ਨਾ ਓਹ 'ਮਿਰਜਾ', ਨਾ ਓਹ ਤੀਰ।
ਨਾ ਓਹ ਨਦੀਆਂ, ਨਾ ਓਹ ਨੀਰ,
ਨਾ ਓਹ ਰਾਜੇ, ਨਾ ਹੀ ਵਜੀਰ।
ਲੱਭੇ ਨਾ ਓਹ, ਗਿਆ ਜੋ ਬੀਤ,
ਨਾ ਓਹ ਗੱਲਾਂ..........
ਨਾ ਉਹ ਪਿੱਪਲ, ਨਾ ਓਹ ਛਾਵਾਂ,
ਛੋਟੇ ਦਿਲ ਨੇ, ਛੋਟੀਆਂ ਥਾਵਾਂ।
ਨਾ ਪਗਡੰਡੀਆਂ, ਨਾ ਓਹ ਰਾਹਵਾਂ,
ਨਾ ਓਹ ਮੱਝੀਆਂ, ਨਾ ਓਹ ਗਾਵਾਂ।
ਮਿੱਟੀ ਵੀ ਹੋ ਗਈ ਪਲੀਤ,
ਨਾ ਓਹ ਗੱਲਾਂ..........
ਨਾ ਰਹੇ ਮੱਖਣ, ਨਾ ਰਹੇ ਪੇੜੇ,
ਨਾ 'ਕੋਮਲ', ਉਹ ਝਗੜੇ-ਝੇੜੇ।
ਵਾਧੂ ਦੇ ਨੈਟ-ਵਰਕ ਸੁਹੇੜੇ,
ਉਨਤੀ ਦੇ ਨਾ ਢੁੱਕਣ ਨੇੜੇ।
ਨਾ ਕੋਈ ਬੇਲੀ, ਨਾ ਓਹ ਮੀਤ,
ਨਾ ਓਹ ਗੱਲਾਂ, ਨਾ ਓਹ ਗੀਤ,
ਟੁੱਟਦੀ ਜਾਂਦੀ ਹਰ ਇਕ ਰੀਤ।
05/09/16
 

ਗੀਤ
ਕਿਉਂ ਪੁੱਤਾ
ਕਮਲਜੀਤ ਕੌਰ ਕੋਮਲ, ਬਟਾਲਾ

ਕਿਉਂ ਪੁੱਤਾ ਅੱਜ ਧੱਕੇ ਮਾਰੇਂ,
ਬੁੱਢੇ ਮਾਪੇ ਜਾਇਆਂ ਨੂੰ।
ਇਕ ਨੁੱਕਰ ਵਿਚ ਜਗਾ ਤੂੰ ਦੇ ਦੇ,
ਕਿਸਮਤ ਦੇ ਠੇਡੇ ਖਾਇਆਂ ਨੂੰ।

ਸੱਚ ਜਾਣੀ ਤੈਨੂੰ ਕੁਝ ਨਹੀਂ ਕਹਿੰਦੇ,
ਦੇਖ-ਦੇਖ ਕੇ ਜੀਅ ਲਾਂਗੇ।
ਅੱਖੀਆਂ ਸਾਹਮੇਂ ਰਹਿ ਤੂੰ ਦਿਸਦਾ,
ਘੁੱਟ ਸਬਰਾਂ ਦੇ ਪੀ ਲਾਂਗੇ।
ਤੜਫ-ਤੜਫਕੇ ਸਾਹ ਨਾ ਟੁੱਟਣ,
ਮਾਰ ਨਾ ਇੰਝ ਤ੍ਰਿਹਾਇਆਂ ਨੂੰ।
ਕਿਉਂ ਪੁੱਤਾ ਅੱਜ .........

ਪਾਲ-ਪਲੋਸਿਆ ਦੁੱਖਾਂ ਦੇ ਨਾਲ,
ਕਰਜੇ ਚੁੱਕ ਪੜ੍ਹਾਇਆ ਸੀ।
ਜੋ ਕੁਰਸੀ ਸਾਡੇ ਬਾਪ ਨਾ ਡਿੱਠੀ,
ਉਸ ਤੇ ਤੈਨੂੰ ਬਿਠਾਇਆ ਸੀ।
ਮੰਗੀਏ ਨਾ ਅਸੀਂ ਕੋਈ ਇਵਜਾਨਾ,
ਰੋਲ ਨਾ ਹੋਰ, ਰੁਲਾਇਆਂ ਨੂੰ।
ਕਿਉਂ ਪੁੱਤਾ ਅੱਜ .........

'ਹਰਿਗੋਬਿੰਦਪੁਰ' ਆਜਾ ਪੁੱਤਰਾ,
ਬੁੱਢੇ ਰਾਹ ਪਏ ਤੱਕਦੇ ਨੇ।
ਤੂੰ ਕੀ ਜਾਣੇਂ, ਆਪਣੇ ਹੰਝੂ,
ਕਿੰਝ ਅੱਖੀਆਂ ਵਿਚ ਡੱਕਦੇ ਨੇ।
'ਕੋਮਲ' ਪਈ ਅਰਜੋਈਆਂ ਕਰਦੀ,
ਯਾਦ ਰੱਖ, ਦਿਲੋਂ ਭੁਲਾਇਆਂ ਨੂੰ।
ਕਿਉਂ ਪੁੱਤਾ ਅੱਜ .........
26/08/16

 

ਗੀਤ
ਬੌਬੀ ਕੱਟ
ਕਮਲਜੀਤ ਕੌਰ ਕੋਮਲ, ਬਟਾਲਾ

ਗਜ-ਗਜ ਲੰਬੇ ਹੁੰਦੇ ਨੱਢੀਆਂ ਦੇ ਵਾਲ ਸੀ,
ਗੁੰਦਦੀਆਂ ਗੁੱਤਾਂ ਉਦੋਂ, ਬੜੇ ਚਾਵਾਂ ਨਾਲ ਸੀ।
ਅੱਜ ਕੱਲ ਫੈਸ਼ਨਾਂ 'ਚ ਪੱਟ ਹੋ ਗਏ-
ਕਦੇ ਹੁੰਦਾ ਸੀ ਰਿਵਾਜ ਪਰਾਂਦੀਆਂ ਦਾ,
ਹੁਣ 'ਬੌਬੀ' -ਕੱਟ ਹੋ ਗਏ।

ਸਿਰ ਉਤੇ ਲੈਂਦੀਆਂ ਸੀ, ਸੂਹੀਆਂ ਫੁਲਕਾਰੀਆਂ,
ਪਿੜ ਵਿਚ ਨੱਚਦੀਆਂ ਅੱਲ੍ਹੜਾਂ ਕੁਆਰੀਆਂ।
ਰੁਲ ਗਿਆ ਅੱਜ ਵਿਰਸਾ ਪੰਜਾਬ ਦਾ,
ਨੰਗੇਜ ਦੇ ਖੁੱਲ੍ਹੇ 'ਹੱਟ' ਹੋ ਗਏ।
ਕਦੇ ਹੁੰਦਾ ਸੀ ਰਿਵਾਜ............

ਸੱਗੀ ਫੁੱਲ ਬੜਾ ਹੀ ਪੰਜਾਬਣਾਂ ਨੂੰ ਸੋਂਹਦਾ ਸੀ,
ਮੁੰਡਿਆਂ ਦੇ ਗਲ ਕੈਂਠਾ, ਨੱਢੀਆਂ ਨੂੰ ਮੋਂਹਦਾ ਸੀ।
ਰੋਲ ਦਿੱਤੀਆਂ ਨੇ ਨਸ਼ਿਆਂ ਜਵਾਨੀਆਂ,
ਬੋਤਲਾਂ ਦੇ, ਹੱਥ ਡੱਟ ਹੋ ਗਏ।
ਕਦੇ ਹੁੰਦਾ ਸੀ ਰਿਵਾਜ............

ਮੁੱਖੜੇ ਦੇ ਉਤੇ ਹੁੰਦੀ ਸ਼ਰਮ ਹਯਾ ਸੀ,
ਹਰ ਦਿਲ ਵਿਚ ਉਦੋਂ ਵਸਦਾ ਖੁਦਾ ਸੀ।
ਕਰੇ 'ਕਮਲਜੀਤ ਕੋਮਲ' ਗੱਲਾਂ ਕੋਰੀਆਂ,
ਖੂਨੀ ਰਿਸ਼ਤੇ ਘੱਟ ਹੋ ਗਏ।
ਕਦੇ ਹੁੰਦਾ ਸੀ ਰਿਵਾਜ............
26/08/16

 

ਕਲਮ ਪਿਆਰੀ
ਕਮਲਜੀਤ ਕੌਰ ਕੋਮਲ, ਬਟਾਲਾ

ਹਰਫ ਮੇਰੇ ਨੇ ਸਾਂਝ ਦਿਲਾਂ ਦੀ,
ਬਸ ਨਾਲ ਇਨ੍ਹਾਂ ਦੇ ਯਾਰੀ।
ਰੂਹਾਂ ਤੱਕ ਹੈ ਸਾਥ ਇਨ੍ਹਾਂ ਦਾ,
ਜੋ ਰਤਾ ਨਾ ਕਰਨ ਗਦਾਰੀ।
ਖਾ-ਖਾ ਠੋਕਰਾਂ, ਪੱਥਰ ਹੋ ਗਈ,
ਹੁਣ ਕਰੇ ਕੀ ਜ਼ਿੰਦ ਵਿਚਾਰੀ।
ਏਹੀ ਮੇਰੀ ਸੰਗੀ ਸਾਥਣ,
ਰੰਗ ਰੰਗਤਾ ਦੇਖ ਲਲਾਰੀ।
ਦੂਰ-ਦੂਰ ਤੱਕ ਮਹਿਕ ਇਨ੍ਹਾਂ ਦੀ,
ਜਿਉਂ ਫੁੱਲਾਂ ਭਰੀ ਕਿਆਰੀ।
'ਕੋਮਲ' ਦੀ ਇਹ ਜਿੰਦ ਦਾ ਗਹਿਣਾ,
ਇਹਨੂੰ ਰੱਖਾਂ ਸਾਂਭ ਪਟਾਰੀ।
ਆਖਰੀ ਸਾਹ ਤਕ ਨਾਲ ਇਹ ਮੇਰੇ,
ਜਾਨੋ ਵੱਧ ਕੇ ਕਲਮ ਪਿਆਰੀ।
09/08/16


ਗੀਤ
ਦੁਨੀਆਦਾਰੀ
ਕਮਲਜੀਤ ਕੌਰ ਕੋਮਲ, ਬਟਾਲਾ

ਕੀ ਕਰੀਏ ਇਤਬਾਰ, ਇਹ ਦੁਨੀਆਂਦਾਰੀ ਏ,
ਸਭ ਮਤਲਬ ਦੇ ਯਾਰ, ਹਾਏ! ਖੁਦ-ਮੁਖਤਾਰੀ ਏ।

ਹਾਂ-ਹਾਂ, ਜੀ-ਜੀ ਕਹਿਕੇ ਵਕਤ ਲੰਘਾਉਂਦੇ ਨੇ,
ਆਪਣੇ ਬਣ ਕੇ, ਪਿੱਠ ਤੇ ਛੁਰੀ ਚਲਾਉਂਦੇ ਨੇ।
ਤਿੱਖੀ ਤੇਜ ਕਟਾਰ, ਦੁਨੀਆਂ ਦੋ-ਧਾਰੀ ਏ,
ਸਭ ਮਤਲਬ ਦੇ ਯਾਰ,........

ਗਰੀਬ ਵਿਚਾਰੇ, ਤੋਬਾ-ਤੋਬਾ ਹੀ ਕਰਦੇ ਨੇ,
ਭੁੱਖੇ ਮਰਦੇ, ਦੁੱਖ ਜ਼ਿੰਦੜੀ ਤੇ ਜਰਦੇ ਨੇ।
ਕਦਮ ਕਦਮ ਤੇ, ਗਰੀਬ ਦੀ ਕਿਸਮਤ ਹਾਰੀ ਏ,
ਸਭ ਮਤਲਬ ਦੇ ਯਾਰ,........

ਚੋਰ-ਲੁਟੇਰੇ ਫਿਰਦੇ, ਬਾਘੀਆਂ ਪਾਉਂਦੇ ਨੇ,
ਚਾਰੋ ਪਾਸੇ ਹੀ ਹਾਹਾਕਾਰ ਮਚਾਉਂਦੇ ਨੇ।
ਚੋਰੀ-ਠਗੀ ਦੀ ਅੱਜ ਪੂਰੀ ਗਰਮ-ਬਜਾਰੀ ਏ,
ਸਭ ਮਤਲਬ ਦੇ ਯਾਰ,........

ਭਾਈ, ਭਾਈ ਨਾਲ ਕਹਿਰ ਕਮਾਈ ਜਾਂਦੇ ਨੇ,
ਸਧਰਾਂ ਦੇ ਸਭ ਮਹੱਲ ਹੀ ਢਾਈ ਜਾਂਦੇ ਨੇ।
ਪੈਸੇ ਬਦਲੇ 'ਕੋਮਲ', ਫੇਰ ਦਿੰਦੇ ਗਲ ਆਰੀ ਏ,
ਸਭ ਮਤਲਬ ਦੇ ਯਾਰ,........
09/08/16

 

ਗੀਤ
ਕੱਚੀ ਉਮਰ ਦੇ
ਕਮਲਜੀਤ ਕੌਰ ਕੋਮਲ, ਬਟਾਲਾ

ਕੱਚੀ ਉਮਰ ਦੇ ਪੱਕੇ ਰਿਸ਼ਤੇ, ਪੱਥਰ ਜਿਹੇ ਅਰਮਾਨ,
ਪਰ, ਮੇਰੇ ਨਾ ਮਹਿਲ-ਮਾੜੀਆਂ, ਢੱਠੇ ਪਏ ਮਕਾਨ।

ਨਾ ਮੇਰੇ ਕੋਲ ਦੌਲਤ-ਸ਼ੁਹਰਤ, ਨਾ ਹੀ ਕੋਈ ਜਾਇਦਾਦਾਂ।
ਅਸੀਂ ਤਾਂ ਰੱਬ ਤੋਂ ਨਿੱਤ ਹੀ ਮੰਗੀਆਂ, ਸੁੱਖਾਂ ਦੀਆਂ ਫਰਿਆਦਾਂ।
ਸੱਚ ਜਾਣੋ ਨਹੀਂਓਂ ਚੰਗੀ ਲੱਗਦੀ, ਝੂਠੀ ਜਿਹੀ ਮੈਨੂੰ ਸ਼ਾਨ,
ਕੱਚੀ ਉਮਰ ਦੇ...........

ਪੈਰ-ਪੈਰ ਤੇ ਠਗੀਆਂ ਇੱਥੇ, ਪੈਰ-ਪੈਰ ਤੇ ਹੀ ਥੋਖੇ।
ਜਿਸਮ-ਵਪਾਰੀ ਲੱਭਦੇ ਰਹਿੰਦੇ, ਬਸ ਲੁੱਟਣ ਦੇ ਮੌਕੇ।
ਇੱਜਤਾਂ ਦੀ ਸ਼ਰੇਆਮ ਨਿਲਾਮੀ, ਦੇਖਣ ਲਾਭ ਨਾ ਹਾਨ,
ਕੱਚੀ ਉਮਰ ਦੇ...........

ਧੋਖੇਬਾਜਾਂ ਕਰ ਕੇ ਹੀ ਬਦਨਾਮ ਇਸ਼ਕ ਅੱਜ ਹੋਇਆ।
ਹਰ ਮੋੜ ਤੇ 'ਹੀਰ' ਖਲੋਤੀ, 'ਰਾਂਝਾ' ਚੌਂਕ ਖਲੋਇਆ।
ਬਿਨ 'ਕੋਮਲ' ਸਾਡੀ ਨਗਰੀ ਸੁੰਨੀ, 'ਕਮਲਜੀਤ' ਜਿੰਦ-ਜਾਨ,
ਕੱਚੀ ਉਮਰ ਦੇ...........
30/05/16

 

ਬਾਝ ਦਰਦ ਦੇ
ਕਮਲਜੀਤ ਕੌਰ ਕੋਮਲ, ਬਟਾਲਾ

ਬਾਝ ਦਰਦ ਦੇ ਬਣੇ ਨਾ ਸ਼ਾਇਰ ਕੋਈ,
ਨਾ ਹੀ ਬਣਦਾ ਏ ਕੋਈ ਫਕੀਰ ਮੀਆਂ।
ਖਾਲੀ ਹੱਥ ਇਸ ਜੱਗ ਤੋਂ ਚਲੇ ਜਾਣਾ,
ਨਾਲ ਜਾਣੀ ਨਾ ਕੋਈ ਜਗੀਰ ਮੀਆਂ।
ਚੰਗੇ ਮੰਦੇ ਨੇ ਫਲ ਸਭ ਕਰਮ ਸਾਡੇ,
ਮੱਥੇ ਵਾਲੀ ਜੋ ਵਾਹੇ ਲਕੀਰ ਮੀਆਂ।
ਦੁੱਖ-ਸੁੱਖ ਤਾਂ ਦੇਣਾ ਏ ਉਸੇ ਨੇ ਹੀ,
ਲਿਖ ਦਿੱਤਾ ਜੋ ਵਿਚ ਤਕਦੀਰ ਮੀਆਂ।
ਅੱਖਾਂ ਮੀਟ ਕੇ ਭਾਂਵੇਂ ਤੁਸੀਂ ਲੱਖ ਚੱਲੋ,
ਮਿਲ ਜਾਂਦਾ ਏ ਫਿਰ ਵੀ ਦਿਲਗੀਰ ਮੀਆਂ।
ਦੁੱਕੀ-ਤਿੱਕੀ ਹਰ ਕੰਨ ਪੜਵਾਈ ਫਿਰਦਾ,
ਬਣਿਆ ਫਿਰਦਾ ਏ ਪੀਰ-ਫਕੀਰ ਮੀਆਂ।
'ਕੋਮਲ' ਕੌਡੀ ਦਾ ਮੁੱਲ ਨਾ ਉਦੋਂ ਪੈਂਦਾ,
ਵਿਕ ਜਾਂਦੀ ਏ ਜਦੋਂ ਜ਼ਮੀਰ ਮੀਆਂ।
07/05/16

 

ਕਮਲਜੀਤ ਕੌਰ ਕੋਮਲ
ਸ੍ਰੀ ਹਰਿਗੋਬਿੰਦਪੁਰ
ਬਟਾਲਾ  (8195925110)
pritamludhianvi@yahoo.in

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com