WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਮਹਿੰਦਰ ਸਿੰਘ ਮਾਨ
ਰੱਕੜਾਂ ਢਾਹਾ, ਪੰਜਾਬ

ਕਰ ਗਏ ਨੇ ਜ਼ਖ਼ਮੀ
ਮਹਿੰਦਰ ਮਾਨ, ਪੰਜਾਬ

ਕਰ ਗਏ ਨੇ ਜ਼ਖ਼ਮੀ ਜਿਹਨਾਂ ਨੂੰ ਸ਼ਿਕਾਰੀ ,
ਹੁਣ ਕਿਵੇਂ ਉਹ ਪੰਛੀ ਮਾਰਨਗੇ ਉਡਾਰੀ ।

ਏਨਾ ਖੁਸ਼ ਹੁੰਦੇ ਨੇ ਕਿਉਂ ਖਬਰੇ ਇਹ ਲੋਕੀਂ ,
ਆਪਣਿਆਂ ਉੱਤੇ ਚਲਾ ਕੇ ਨਫਰਤ ਦੀ ਆਰੀ ।

ਸੰਭਲੋ , ਨਾ ਦੇਸ਼ ਨੂੰ ਲੈ ਬੈਠੇ ਕਿਧਰੇ ,
ਵਧ ਰਹੀ ਇਹ ਦਿਨ-ਬ-ਦਿਨ ਫੁਟ ਦੀ ਬਿਮਾਰੀ ।

ਦੇਸ਼ ਵਿੱਚ ਚਾਹੁੰਦਾ ਸੀ ਖੁਸ਼ਹਾਲੀ ਉਹ ਤਾਂ ,
ਜਿਸ ਨੇ ਵਾਰੀ ਇਸ ਦੀ ਖ਼ਾਤਰ ਜਾਨ ਪਿਆਰੀ ।

ਆਪਣੇ ਤੇ ਬੇਗਾਨੇ ਤਦ ਪਰਖੇ ਨੇ ਜਾਂਦੇ ,
ਹਾਰ ਜਦ ਹੁੰਦੀ ਹੈ ਜੀਵਨ ਵਿੱਚ ਕਰਾਰੀ ।

ਇਹ ਵਸੇਗੀ ਤਾਂ ਹੀ ਲੋਕਾਂ ਦੇ ਮਨਾਂ ਵਿੱਚ ,
ਮਾਨ ਜੇ ਕਰ ਤੂੰ ਗ਼ਜ਼ਲ ਆਖੇਂਗਾ ਪਿਆਰੀ ।
29/06/2018

***
ਜਦ ਵੀ ਕੋਈ ਮੁਟਿਆਰ
ਮਹਿੰਦਰ ਮਾਨ, ਪੰਜਾਬ

ਜਦ ਵੀ ਕੋਈ ਮੁਟਿਆਰ ਪਰਾਈ ਹੋਈ ਹੈ ,
ਉਹ ਆਪਣਿਆਂ ਦੇ ਗਲ ਲਗ ਭੁੱਬੀਂ ਰੋਈ ਹੈ ।

ਦਾਜ ਕੁਲਹਿਣੇ ਨੇ ਖਬਰੇ ਕਲ੍ਹ ਨੂੰ ਕੀ ਕਰਨਾ ,
ਅੱਜ ਇਸ ਦੇ ਹੱਥੋਂ ਧੀ ਕਰਮੇ ਦੀ ਮੋਈ ਹੈ ।

ਇਕ , ਦੂਜੇ ਨਾਲ ਰਲ ਮਿਲ ਕੇ ਬਹਿਣਾ ਲੋਚਾਂ ਮੈਂ ,
ਜਦ ਤੋਂ ਮੇਰੇ ਦਿਲ ਵਿੱਚੋਂ ਹਉਮੈ ਮੋਈ ਹੈ ।

ਦੁੱਖਾਂ ਦਾ ਤੂਫਾਨ ਵਿਗਾੜ ਲਊ ਕੀ ਉਸ ਦਾ ,
ਯਾਰੀ ਦੇ ਕਮਰੇ ਦੀ ਜੇ ਨੀਂਹ ਨਰੋਈ ਹੈ ।

ਉਹ ਤੈਨੂੰ ਦੱਸ ਕੇ ਕੁਝ ਮੇਰੇ ਕੋਲ ਬਚੇ ਨਾ ,
ਜਿਹੜੀ ਗੱਲ ਮੈਂ ਆਪਣੇ ਦਿਲ ਵਿੱਚ ਲਕੋਈ ਹੈ ।

ਸਾਲਾਂ ਬੱਧੀ ਨਾ ਪੁੱਛਿਆ ਉਸ ਨੂੰ ਪੁੱਤਾਂ ਨੇ ,
ਅੱਜ ਜਿਹੜੀ ਮਾਈ ਨਹਿਰ ’ਚ ਡੁੱਬ ਕੇ ਮੋਈ ਹੈ ।

ਲ਼ਗਦਾ ਹੈ ਮੇਰੇ ਸ਼ਿਅਰ ਜਚੇ ਨੇ ਲੋਕਾਂ ਨੂੰ ,
ਤਾਂ ਹੀ ਇਹਨਾਂ ਦੀ ਚਰਚਾ ਹਰ ਥਾਂ ਹੋਈ ਹੈ ।
29/06/2018

***
ਜੇ ਲੋਕਾਂ ਤੇ ਭਾਰੂ ਹੈ
ਮਹਿੰਦਰ ਮਾਨ, ਪੰਜਾਬ

ਜੇ ਲੋਕਾਂ ਤੇ ਭਾਰੂ ਹੈ ਜੋਕਾਂ ਦੀ ਢਾਣੀ ,
ਮੁਕਣੀ ਨਾ ਦੁਨੀਆ ਦੇ ਵਿੱਚੋਂ ਵੰਡ ਕਾਣੀ ।

ਇਸ ਲਈ ਉਹ ਕਿਸ ਨੂੰ ਜ਼ਿੰਮੇਵਾਰ ਸਮਝਣ ,
ਪੀਣ ਵਾਲਾ ਮਿਲਦਾ ਨਾ ਜਿਹਨਾਂ ਨੂੰ ਪਾਣੀ ।

ਆਸ਼ਾ ਦਾ ਲੜ ਫੜਿਆ ਹੋਇਆ ਹੈ ਜਿਨ੍ਹਾਂ ਨੇ ,
ਜਾਣਗੇ ਤਰ ਉਹ ਗ਼ਮਾਂ ਦੇ ਗਹਿਰੇ ਪਾਣੀ ।

ਜਾਂਦੇ ਨੇ ਰਣ ਭੂਮੀ ਵਿੱਚ ਜੋ ਖਾਲੀ ਹੱਥੀਂ ,
ਉੱਥੇ ਪੈਂਦੀ ਹੈ ਉਨ੍ਹਾਂ ਨੂੰ ਮੂੰਹ ਦੀ ਖਾਣੀ ।

ਦੁਨੀਆ ਭਰ ਦੇ ਨੁਕਸ ਨੇ ਜਿਸ ਆਦਮੀ ਵਿਚ ,
ਉਸ ਨੂੰ ਮੈਂ ਕਿੱਦਾਂ ਬਣਾਵਾਂ ਆਪਣਾ ਹਾਣੀ ।

ਉਸ ਲਈ ਅਰਦਾਸ ਕਰਨੇ ਦਾ ਕੀ ਫਾਇਦਾ ,
ਜੋ ਰੋਗੀ ਖਾਵੇ ਨਾ ਕੁਝ , ਨਾ ਪੀਵੇ ਪਾਣੀ ।

ਉਸ ਨੂੰ ਸੁਣਨੇ ਦਾ ਸਮਾਂ ਨਾ ਕੋਲ ਮੇਰੇ ,
ਤੂੰ ਸੁਣਾਉਣੀ ਚਾਹੇਂ ਮੈਨੂੰ ਜੋ ਕਹਾਣੀ ।
29/06/2018

***
ਸੈਂਕੜੇ ਗਮ ਸਹਿ ਕੇ
ਮਹਿੰਦਰ ਮਾਨ, ਪੰਜਾਬ

ਸੈਂਕੜੇ ਗਮ ਸਹਿ ਕੇ ਦਿਲ ਚੱਟਾਨ ਹੋਇਆ ,
ਕੋਈ ਗੱਲ ਨ੍ਹੀ ਤੇਜ਼ ਜੇ ਤੂਫਾਨ ਹੋਇਆ ।

ਪੈਸੇ ਦੀ ਕੀਮਤ ਨਹੀਂ ਉਹ ਜਾਣ ਸਕਦਾ ,
ਠੱਗ ਕੇ ਲੋਕਾਂ ਨੂੰ ਜੋ ਧਨਵਾਨ ਹੋਇਆ ।

ਕੀ ਲਊ ਸੰਵਾਰ ਆਪਣੇ ਦੇਸ਼ ਦਾ ਉਹ ,
ਧੇਲੇ ਖਾਤਰ ਹੀ ਜੋ ਬੇਈਮਾਨ ਹੋਇਆ ।

ਸੱਚ ਬੋਲਣ ਵਾਲਾ ਹੈ ਇੱਥੇ ਨਿਕੰਮਾ ,
ਝੂਠ ਬੋਲਣ ਵਾਲਾ ਹੀ ਪਰਧਾਨ ਹੋਇਆ ।

ਉਸ ਦੇ ਮਾਲੀ ਖ਼ਬਰੇ ਕਿੱਥੇ ਸੌਂ ਰਹੇ ਨੇ ,
ਖੁਸ਼ਬੋਆਂ ਭਰਿਆ ਚਮਨ ਸ਼ਮਸ਼ਾਨ ਹੋਇਆ ।

ਵੰਡ ਕਾਣੀ ਜੱਗ ਵਿੱਚੋਂ ਤਦ ਮੁੱਕੇਗੀ ,
ਜਦ ਹਰਿਕ ਕਮਜ਼ੋਰ ਵੀ ਬਲਵਾਨ ਹੋਇਆ ।

ਹਾਲੇ ਵੀ ਉਹ ਝੱਖੜਾਂ ਨੂੰ ਰੋਕ ਸਕਦੈ ,
ਹਾਲੇ ਨਾ ਬੇਜਾਨ ਮਹਿੰਦਰ ਮਾਨ ਹੋਇਆ ।
29/06/2018

***
ਅਸਾਡੇ ਨਾਲ
ਮਹਿੰਦਰ ਮਾਨ, ਪੰਜਾਬ

ਅਸਾਡੇ ਨਾਲ ਘੱਟ ਕੋਈ ਨਾ ਕੀਤੀ ਇਸ ਜ਼ਮਾਨੇ ਨੇ ,
ਤਾਂ ਕੀ ਹੋਇਆ ਜੇ ਕੁਝ ਕਹਿ ਦਿੱਤਾ ਇਸ ਨੂੰ ਦਿਲ ਦੀਵਾਨੇ ਨੇ ।

ਜਿਦ੍ਹੇ ਸਿਰ ਤੇ ਹਵਾ ਵਿੱਚ ਉੱਡਣ ਦਾ ਲੈ ਬੈਠੇ ਸਾਂ ਸੁਪਨਾ ,
ਜਮੀਂ ਤੇ ਮਾਰਿਆ ਪਟਕਾ ਕੇ ਉਸ ਦੇ ਇਕ ਬਹਾਨੇ ਨੇ ।

ਜਿਦ੍ਹੇ ਦੋਸਤ ਜਿਨੂੰ ਕਹਿੰਦੇ ਨੇ ਰਹਿੰਦੇ ਐਸ਼ ਕਰਨੇ ਨੂੰ ,
ਹਮੇਸ਼ਾ ਉਸ ਦੇ ਖੀਸੇ ਚੋਂ ਤਾਂ ਨਿਕਲੇ ਇਕ , ਦੋ ਆਨੇ ਨੇ ।

ਖਾ ਕੇ ਗੈਰਾਂ ਤੋਂ ਧੋਖਾ , ਅਜ਼ਮਾ ਕੇ ਆਪਣੇ ਪਤਾ ਲੱਗਾ ,
ਕੋਈ ਨਾ ਆਪਣਾ ਇਸ ਦੁਨੀਆ ਦੇ ਵਿੱਚ , ਸਭ ਬੇਗਾਨੇ ਨੇ ।

ਇਹ ਦੱਸੇ ਕੌਣ ਬੰਦੇ ਨੂੰ ਕਿ ਗਮ ਵੀ ਇਕ ਖਜ਼ਾਨਾ ਹੈ ,
ਦੀਵਾਨਾ ਇਸ ਨੂੰ ਕਰ ਛੱਡਿਆ ਹੈ , ਖੁਸ਼ੀਆਂ ਦੇ ਖਜਾਨੇ ਨੇ ।

ਹੋਇਆ ਕਾਇਮ ਹੈ ਖੁਦਗਰਜ਼ੀ ਦੇ ਸਿਰ ਤੇ ਦੋਸਤੋ ਜਿਹੜਾ ,
ਪਰਖ ਦੀ ਨ੍ਹੇਰੀ ਆਵਣ ਤੇ ਨਾ ਰਹਿਣਾ ਉਸ ਯਰਾਨੇ ਨੇ ।
29/06/2018

***
ਜਿਹੜਾ ਆਪਣੇ ਹੱਥੀਂ
ਮਹਿੰਦਰ ਮਾਨ, ਪੰਜਾਬ

ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ,
ਇੱਥੇ ਉਸ ਦਾ ਕੋਈ ਵੀ ਗ਼ਮਖ਼ਾਰ ਨਹੀਂ।

ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ,
ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ।

ਉਸ ਬੰਦੇ ਦਾ ਜੀਣਾ ਵੀ ਕੋਈ ਜੀਣਾ ਏ,
ਜਿਸ ਦਾ ਆਪਣਾ ਕੋਈ ਵੀ ਘਰ ਬਾਰ ਨਹੀਂ।

ਜਿਹੜਾ ਨੇਤਾ ਕੰਮ ਕਿਸੇ ਦੇ ਆਵੇ ਨਾ,
ਉਸ ਦੇ ਗਲ ਵਿੱਚ ਕੋਈ ਪਾਂਦਾ ਹਾਰ ਨਹੀਂ।

ਕਾਹਨੂੰ ਮਾਇਆ ਲੈ ਕੇ ਦਰ ਦਰ ਫਿਰਦਾ ਤੂੰ,
ਤੈਨੂੰ ਇੰਜ ਕਿਸੇ ਤੋਂ ਮਿਲਣਾ ਪਿਆਰ ਨਹੀਂ।

ਕਾਹਨੂੰ ਐਵੇਂ ਇਸ ਨੂੰ ਨਿੰਦੀ ਜਾਂਦਾ ਤੂੰ,
ਏਨਾ ਮਾੜਾ ਯਾਰਾ, ਇਹ ਸੰਸਾਰ ਨਹੀਂ।
29/06/2018

***
ਗ਼ਜ਼ਲ
ਮਹਿੰਦਰ ਮਾਨ, ਪੰਜਾਬ

ਕਰਕੇ ਧੋਖਾ ਕਰਕੇ ਧੋਖਾ ਉਸਤਾਦਾਂ ਦੇ ਨਾਲ,
ਅੱਜ ਕਲ੍ਹ ਦੇ ਚੇਲੇ ਕਰੀ ਜਾਣ ਕਮਾਲ।

ਪੁੱਛਿਆ ਨਾ ਕਿਸੇ ਵੀ ਉਹਨਾਂ ਨੂੰ ਉੱਥੇ,
ਜੋ ਪੁੱਛਣ ਗਏ ਸਨ ਰੋਗੀ ਦਾ ਹਾਲ।

ਅੱਜ ਕਲ੍ਹ ਚੁਸਤ ਬੜੇ ਨੇ ਦੁਕਾਨਾਂ ਵਾਲੇ,
ਮਿੱਠੇ ਬਣ ਕੇ ਵੇਚਣ ਨਕਲੀ ਮਾਲ।

ਰੋਟੀ ਲਈ ਹਾਂ ਥਾਂ ਥਾਂ ਰੁਲਦੇ ਫਿਰਦੇ,
ਵਿਛੜੇ ਦਿਲਦਾਰ ਦਾ ਆਵੇ ਕਿਵੇਂ ਖਿਆਲ?

ਬੇਈਮਾਨ ਪੇਸ਼ ਨਹੀਂ ਦਿੰਦੇ ਜਾਣ,
ਹੈ ਨ੍ਹੀ ਇੱਥੇ ਕਿਸੇ ਵਸਤੂ ਦਾ ਕਾਲ।

ਪੱਕੇ ਬਣਾਵਣ ਵਾਲੇ ਥੱਲੇ ਸੌਣ,
ਪਰ ਪੱਕਿਆਂ ਵਿੱਚ ਐਸ਼ਾਂ ਕਰਨ ਦਲਾਲ।
29/06/2018


ਗ਼ਜ਼ਲ

ਮਹਿੰਦਰ ਮਾਨ, ਪੰਜਾਬ

ਸਦਾ ਜੋ ਮੇਰੇ ਕੋਲੋਂ ਲੰਘ ਜਾਂਦਾ ਹੈ ਹਵਾ ਵਾਂਗੂੰ ,
ਇਬਾਦਤ ਉਸ ਦੀ ਮੈਂ ਯਾਰੋ , ਕਰਾਂ ਕਿੱਦਾਂ ਖ਼ੁਦਾ ਵਾਂਗੂੰ ?

ਮੇਰੇ ਦਿਲ ਤੋਂ ਮਣਾਂ ਮੂੰਹੀਂ ਉਦੋਂ ਲਹਿ ਭਾਰ ਜਾਂਦਾ ਹੈ ,
ਮੇਰੇ ਦੋ ਨੈਣ ਜਦ ਵਰ੍ਹ ਪੈਂਦੇ ਨੇ ਕਾਲੀ ਘਟਾ ਵਾਂਗੂੰ ?

ਕਿਸੇ ਦੇ ਦੁੱਖ ਨੂੰ ਸੁਣ ਕੇ ਹੀ ਮੈਨੂੰ ਚੈਨ ਮਿਲਦਾ ਹੈ ,
ਭਲਾ ਤੈਨੂੰ ਇਹ ਕਿਉਂ ਹੈ ਜਾਪਦਾ ਮੇਰੀ ਖ਼ਤਾ ਵਾਂਗੂੰ ?

ਲਿਆਵਾਂਗਾ ਬਿਨਾਂ ਤੇਰੇ ਵੀ ਇਸ ਵਿਚ ਖੇੜੇ ਤੇ ਖ਼ੁਸ਼ੀਆਂ ,
ਭਲਾ ਮੈਂ ਕਿਉਂ ਗੁਜ਼ਾਰਾਂ ਜ਼ਿੰਦਗੀ ਆਪਣੀ ਸਜ਼ਾ ਵਾਂਗੂੰ ?

ਮੇਰੇ ਤੇ ਆਪਣੇ ਵਿਚਲੇ ਰਿਸ਼ਤੇ ਨੁੰ ਹੁਣ ਸਮਝੇ ਉਹ ਟੁੱਟਿਆ ,
ਮੈਂ ਜਿਸ ਨੂੰ ਮਿਲ ਰਿਹਾ ਹਾਂ ਕਾਫ਼ੀ ਅਰਸੇ ਤੋਂ ਭਰਾ ਵਾਂਗੂੰ ।

ਜ਼ਰੂਰਤ ਪੈਣ ਤੇ ਹੀ ਉਹ ਉਨ੍ਹਾਂ ਨੂੰ ਚੇਤੇ ਆਂਦੇ ਨੇ ,
ਪਿਤਾ-ਮਾਤਾ ਨੁੰ ਪੁੱਤਰ ਸਮਝਦੇ ਨੇ ਹੁਣ ਖ਼ੁਦਾ ਵਾਂਗੂੰ ।

ਕਰਾਂ ਕੀ ਦੋਸਤੋ ਮੈਂ ਸਿਫ਼ਤ ਸ਼ਰਬਤ ਵਰਗੇ ਬੋਲਾਂ ਦੀ ,
ਇਨ੍ਹਾਂ ਦਾ ਰੋਗੀ ਤੇ ਅਕਸਰ ਅਸਰ ਹੋਵੇ ਦਵਾ ਵਾਂਗੂੰ ।
30/05/2016

 

ਗਜ਼ਲ
ਮਹਿੰਦਰ ਮਾਨ, ਪੰਜਾਬ

ਮੈਂ ਨਿਰਾਸ਼ਾ ਦੀ ਨਦੀ ਵਿਚ ਜੇ ਨਾ ਲਾਂਦਾ ਤਾਰੀਆਂ ,
ਮੇਰੇ ਦਿਲ ਤੇ ਹੋਰ ਵੀ ਦੋਸਤ ਚਲਾਂਦੇ ਆਰੀਆਂ ।

ਰੋਟੀ, ਕੱਪੜਾ ਤੇ ਮਕਾਨ ਬੰਦੇ ਦੀਆਂ ਮੁੱਖ ਲੋੜਾਂ ਨੇ ,
ਇਹ ਨਹੀਂ, ਪਰ ਹੋਰ ਉਹ ਛੱਡ ਸਕਦਾਂ ਲੋੜਾਂ ਸਾਰੀਆਂ ।

ਸਮਝੇ ਮੈਨੂੰ ਆਪਣਾ ਉਹ ਤੇ ਸਮਝਾਂ ਉਸ ਨੂੰ ਆਪਣਾ ਮੈਂ ,
ਤਾਂ ਹੀ ਮੇਰੇ ਨਾਲ ਗੱਲਾਂ ਕਰ ਲਵੇ ਉਹ ਸਾਰੀਆਂ ।

ਦਾਦ ਉਹਨਾਂ ਦੇ ਸਬਰ ਤੇ ਜੇਰੇ ਦੀ ਦੇਣੀ ਪਊ ,
ਸਹਿੰਦੀਆਂ ਨੇ ਦੁੱਖ ਆਪਣੇ ਤੇ ਪਰਾਏ ਨਾਰੀਆਂ ।

ਮੈਨੂੰ ਤੇਰੇ ਨਾ’ ਵਫ਼ਾ ਕਰਨੇ ਦਾ ਕੱਲਾ ਕੰਮ ਨ੍ਹੀ ,
ਮੇਰੇ ਸਿਰ ਤੇ ਹੋਰ ਵੀ ਨੇ ਬਹੁਤ ਜ਼ਿੰਮੇਵਾਰੀਆਂ ।

ਕੋਈ ਮਿਹਣਾ ਮਾਰ ਦੇ ਤਾਂ ਜੋ ਹੋ ਜਾਵਣ ਹਲਕੀਆਂ,
ਲਗਦੀਆਂ ਨੇ ਮੈਨੂੰ ਅੱਖਾਂ ਆਪਣੀਆਂ ਅੱਜ ਭਾਰੀਆਂ ।

ਜਾਨ ਵਾਰਨ ਦੀ ਜ਼ਰੂਰਤ ‘ਮਾਨ’ ਨਾ ਯਾਰਾਂ ਲਈ ,
ਇੱਥੇ ਪੈਸੇ ਨਾਲ ਅੱਜ ਕੱਲ੍ਹ ਨਿਭਦੀਆਂ ਨੇ ਯਾਰੀਆਂ ।
30/05/2016

ਗ਼ਜ਼ਲ
ਮਹਿੰਦਰ ਮਾਨ, ਪੰਜਾਬ

ਚਾਹੇ ਉਸ ਨੇ ਸਾਡੇ ਨਾ’ ਕੀਤੀ ਵਫ਼ਾ ਕੋਈ ਨਹੀਂ ,
ਫਿਰ ਵੀ ਸਾਨੂੰ ਦੋਸਤੋ , ਉਸ ਤੇ ਗਿਲਾ ਕੋਈ ਨਹੀਂ ।

ਕੋਈ ਕਾਮਾ ਕਾਰ ਥੱਲੇ ਆ ਕੇ ਜ਼ਖਮੀ ਹੋ ਗਿਐ ,
ਉਸ ਦੀ ਨਾਜ਼ੁਕ ਵੇਖ ਹਾਲਤ ਤੜਪਿਆ ਕੋਈ ਨਹੀਂ ।

ਰੋਜ਼ ਇਥੇ ਮਰਦਾ ਹੈ ਕੋਈ ਨਾ ਕੋਈ ਦੋਸਤੋ ,
ਮਰ ਕੇ ਉਸ ਨੂੰ ਕੀ ਹੈ ਮਿਲਦਾ , ਜਾਣਦਾ ਕੋਈ ਨਹੀਂ ।

ਬੰਦਾ ਰੱਬ ਦੇ ਭੇਤ ਜਾਨਣ ਦੀ ਕਰੇ ਕੋਸ਼ਿਸ਼ ਬੜੀ ,
ਜ਼ੋਰ ਪਰ ਰੱਬ ਅੱਗੇ ਉਸ ਦਾ ਚਲਦਾ ਕੋਈ ਨਹੀਂ ।

ਊਰਜਾ ਦੇ ਸੋਮੇ ਵਰਤੇ ਜਾ ਰਹੇ ਬੇਰਹਿਮੀ ਨਾ’ ,
ਆਉਣ ਵਾਲੇ ਖਤਰੇ ਬਾਰੇ ਸੋਚਦਾ ਕੋਈ ਨਹੀਂ ।

ਬਾਗ ਦੇ ਬੂਟੇ ਗਏ ਨੇ ਮੁਰਝਾ ਪਾਣੀ ਤੋਂ ਬਿਨਾਂ ,
ਤਾਂ ਹੀ ਇਸ ਵਿਚ ਦੋਸਤੋ , ਫੁੱਲ ਮਹਿਕਿਆ ਕੋਈ ਨਹੀਂ ।

ਪੈਸੇ ਦੇ ਲਾਲਚ ਨੇ ਹਰ ਰਿਸ਼ਤੇ ’ਤੇ ਮਾਰੀ ਸੱਟ ਹੈ ,
ਸਾਨੂੰ ਚਾਹੁਣ ਵਾਲਿਆਂ ਵਿਚ ਬਾ ਵਫਾ ਕੋਈ ਨਹੀਂ ।
30/05/2016

 

ਗ਼ਜ਼ਲ
ਮਹਿੰਦਰ ਮਾਨ, ਪੰਜਾਬ

ਜਿਸ ਨੂੰ ਕਹਿ ਬੈਠਾ ਹਾਂ ਜ਼ਖਮਾਂ ਤੇ ਦਵਾਈ ਲਾਣ ਨੂੰ,
ਉਹ ਤਾਂ ਕਾਹਲਾ ਹੈ ਬੜਾ ਕੋਲੋਂ ਮੇਰੇ ਤੁਰ ਜਾਣ ਨੂੰ ।

ਜ਼ਿੰਦਗੀ ਵਿਚ ਉਸ ਨੂੰ ਹਿੰਮਤ ਤੇ ਸਬਰ ਦੀ ਲੋੜ ਹੈ,
ਮਿਲ ਗਏ ਨੇ ਜਿਸ ਨੂੰ ਹੰਝੂ ਪੀਣ ਤੇ ਗ਼ਮ ਖਾਣ ਨੂੰ ।

ਪਿਆਰ ਦੇ ਗੀਤਾਂ ਨੇ ਉਸ ਬੰਦੇ ਨੂੰ ਕੀ ਹੈ ਕੀਲਣਾ,
ਜਿਸ ਨੂੰ ਮਿਲਦੀ ਹੀ ਨਹੀਂ ਹਰ ਰੋਜ਼ ਰੋਟੀ ਖਾਣ ਨੂੰ ।

ਜਿਉਂਦੇ ਜੀ ਜਿਹੜਾ ਕਿਸੇ ਦੇ ਕੰਮ ਆ ਸਕਿਆ ਨਹੀਂ,
ਹਰ ਕੋਈ ਕਾਹਲਾ ਹੈ ਹੁਣ ਉਸ ਬੰਦੇ ਨੂੰ ਭੁੱਲ ਜਾਣ ਨੂੰ ।

ਏਨੇ ਸਾਲਾਂ ਪਿੱਛੋਂ ਵੀ ਇੱਥੇ ਕਰਾਂਤੀ ਆਈ ਨਾ,
ਭਾਵੇਂ ਸਾਰੇ ਕਹਿ ਰਹੇ ਨੇ ਇਸ ਦੇ ਕੱਲ੍ਹ ਨੂੰ ਆਣ ਨੂੰ ।

ਮੈਂ ਕਰਾਂਗਾ ਸਜਦੇ ਸੌ ਸੌ ਵਾਰ ਉਸ ਇਨਸਾਨ ਨੂੰ,
ਜੋ ਤੁਰੇਗਾ ਘਰ ਤੋਂ ਮਜ਼ਦੂਰਾਂ ਦੇ ਦੁੱਖ ਵੰਡਾਣ ਨੂੰ ।
30/05/2016
 

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸਭਸ ਨਗਰ)
ਮੋਬਾਇਲ: 9915803554
m.s.mann00@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com