WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੁਰਜੀਤ ਕੌਰ
ਬੈਲਜੀਅਮ

ਐ-ਸਾਗਰ
ਸੁਰਜੀਤ ਕੌਰ,ਬੈਲਜ਼ੀਅਮ

ਵਹਿੰਦੀ ਹੋਈ ਨਦੀ ਮੈਂ ਕੋਈ
ਪਰਬਤ ਕਿਸੇ ਦੀ ਜਾਈ
ਬੇਲਿਆਂ ਦੇ ਸੰਗ ਹੱਸ-ਖੇਡ ਕੇ
ਵਿੱਚ ਮਸਤੀ ਦੇ ਆਈ !
ਚਾਂਦੀ ਰੰਗੇ ਝਰਨੇ ਸਿੰਜ ਕੇ
ਆਪਣੀ ਹੋਂਦ ਪੁਗਾਈ
ਛੋਹ ਝਰਨੇ ਦੀ ਪਾ ਕੇ ਮੈਂ
ਲਹਿਰਾਂ ਬਣ ਲਹਿਰਾਈ !
ਚੜਿਆ ਕੋਈ ਸਰੂਰ ਜਿਹਾ
ਫਿਰਾਂ ਮੈਂ ਹੋਸ਼ ਭੁਲਾਈ !
ਲਹਿਰ-ਲਹਿਰ ਮਨ ਗੋਤੇ ਖਾਵੇ
ਫਿਰ ਵੀ ਫਿਰਾਂ ਨਸ਼ਿਆਈ !
ਡਿੱਗਦੀ-ਢਹਿੰਦੀ ਫੇਰ ਮੈਂ ਇੱਕ ਦਿਨ
ਦਰ ਦਰਿਆ ਦੇ ਆਈ !
ਵਿੱਚ ਕਲਾਵੇ ਉਸ ਲੈ ਲਿਆ ਮੈਂਨੂੰ
ਪਰ ਮੇਰੀ ਹੋਂਦ ਮਿਟਾਈ !
ਓਸੇ ਦੀ ਹੋ ਗਈ ਮੈਂ ਸਾਰੀ
ਮੈਂ ਰੰਗ ਓਸੇ ਦੇ ਰੰਗੀ !
ਪਰਬਤ ਬੇਲੇ ਝਰਨੇ ਭੁੱਲੀ
ਭੁੱਲ ਗਈ ਸਾਥੀ-ਸੰਗੀ !
ਦਰਿਆ ਤਾਂ ‘ਦਰਿਆ’ ਹੈ ਆਖ਼ਿਰ
ਉਹ ਬਾਜ ਕਦ ਆਵੇ ?
ਮੇਰੇ ਵਾਂਗਰ ਕਈ ਨਦੀਆਂ ਨੂੰ
ਆਪਣੇ ਵਿੱਚ ਖ਼ਪਾਵੇ !
ਦੇਖ-ਦੇਖ ਇਹ ਲੀਲਾ ਉਹਦੀ
ਅੱਜ ਮੋਈ ਤ੍ਰਿਸ਼ਨਾ ਜਾਗੀ
ਐ ਸਾਗਰ !
ਮੈਨੂੰ ਗਲ਼ ਨਾ ਲਾ ਲੈ
ਹੋ ਜਾਵਾਂ ਵਡਭਾਗੀ !
ਹੋ ਜਾਵਾਂ ਵਡਭਾਗੀ !!!
25/09/16

 

ਗਿਲੇ - ਸ਼ਿਕਵੇ
ਸੁਰਜੀਤ ਕੌਰ , ਬੈਲਜੀਅਮ

ਰੁੱਸੇ ਨੂੰ ਮਨਾਉਣ ਦਾ ਹੈ, ਸਿੱਖ ਲਿਆ ਚੱਜ ਵੇ,
ਹੁਣ ਤੂੰ ਵੀ ਕੁੱਝ ਰੱਖ ਚੰਨਾ, ਲੱਗੀਆਂ ਦੀ ਲੱਜ ਵੇ।
ਬੋਲ ਤੂੰ ਕਰਾਰੇ ਨਿੱਤ, ਕੰਨੀ ਸਾਡੇ ਘੋਲੇਂ ਮਾਹੀਆ,
ਕਦੇ ਤਾਂ ਪਿਆਰ ਨਾਲ, ‘ਵਾਜ਼ ਮੂੰਹੋ ਕੱਢ ਵੇ।
ਮੌਡਰਨ ਤਕਨੀਕ ਨੇ ਹੈ, ਦਮ ਸਾਡਾ ਘੁੱਟਿਆ,
ਰੋ ਵੀ ਅਸੀਂ ਸਕਦੇ ਨਾ, ਧੂੰਏ ਦੇ ਹੁਣ ਪੱਜ ਵੇ।
ਚੰਗੇ ਹਾਂ ਜਾਂ ਮਾੜੇ ਹਾਂ, ਤੇਰੇ ਹੀ ਤਾਂ ਸਾਰੇ ਹਾਂ,
ਕਰ ਜੱਗ ਜ਼ਾਹਿਰ ਚਾਹੇ, ਸਾਨੂੰ ਲੈ ਤੂੰ ਕੱਜ ਵੇ।
ਖਹਿੜਾ ਹੁਣ ਨਹੀਂ ਛੁੱਟਣਾ, ਸੱਤ ਜਨਮਾਂ ਦੇ ਤਾਈਂ,
ਭੱਜ ਸਕਦਾ ਏਂ ਤਾਂ, ਜਿੰਨਾ ਮਰਜ਼ੀ ਲੈ ਤੂੰ ਭੱਜ ਵੇ।
ਬਹੁਤੀਆਂ ਕਮਾਈਆਂ ਚੰਨਾ, ਪਿੱਛੇ ਰਹਿ ਜਾਣੀਆਂ ਨੇ,
ਸਿਦਕਾਂ ਦੇ ਬਿਨਾਂ ਬੰਦਾ, ਸਕੇ ਨਾ ਕੋਈ ਰੱਜ ਵੇ।
25/04/16

 

ਅਸਾਨ ਤਾਂ ਨਹੀਂ
ਸੁਰਜੀਤ ਕੌਰ , ਬੈਲਜੀਅਮ

ਝੱਲਿਆ ਵੇ ਦਿਲਾ !
ਕਿਉਂ ਕਰਦਾ ਏਂ ?
ਆਪਣੇ ਆਪ ਚੋਂ …
ਆਪੇ ਨੂੰ ਟੋਲਣ ਦੀ,
ਬੇਕਾਰ ਕੋਸ਼ਿਸ਼ ।
ਸ਼ਾਇਦ …
ਮੁਸ਼ਕਲ ਹੁੰਦਾ ਏ ,
ਖ਼ੁਦ ਨੂੰ …
ਖ਼ੁਦ ਵਿੱਚੋਂ ਹੀ ,
ਤਲਾਸ਼ ਕਰਨਾ ।
ਪਰ …
ਖ਼ੁਦ ਨੂੰ,
ਖ਼ੁਦ ਵਿੱਚੋਂ …
ਗ਼ਾਇਬ ਰੱਖਣਾ ਵੀ ,
ਅਸਾਨ ਤਾਂ ਨਹੀਂ ।
21/04/16

ਗ਼ਜ਼ਲ
ਸੁਰਜੀਤ ਕੌਰ , ਬੈਲਜੀਅਮ

ਛੋਟੇ-ਛੋਟੇ ਗ਼ਮ ਸਾਡੇ , ਛੋਟੇ-ਛੋਟੇ ਹਾਸੇ ਨੇ ।
ਉਸ ਰੱਬ ਦੀਆਂ ਰੱਖਾਂ, ਕੁਝ ਤੇਰੇ ਭਰਵਾਸੇ ਨੇ।
ਪਾਣੀ ਦੀ ਥਾਂ ਰੱਤ ਅਸਾਂ, ਦਿਲ ਦੀ ਪਿਲਾਈ ਭਾਂਵੇ,
ਪਰ ਲੋਕ ਤੇਰੀ ਬਸਤੀ ਦੇ, ਹਾਲੇ ਵੀ ਪਿਆਸੇ ਨੇ।
ਸੁਧ ਹੈ ਭੁਲਾ ਕੇ ਬੈਠੀ, ਤੋੜੇ ਸੱਭੇ ਬਾਣ ਜੋ ਸੀ,
ਮਿਰਜ਼ੇ ਨੇ ਦੇਣੇ ਆ ਨਾ, ਸਹਿਬਾਂ ਨੂੰ ਦਿਲਾਸੇ ਨੇ।
ਯਾਰ ਨੇ ਹੀ ਛੁਰੀ ਮਾਰੀ,ਯਾਰ ਨੇ ਹੀ ਰੌਲ਼ਾ ਪਾਇਆ,
ਤੇ ਕੌਣ ਹੈ ਜੀ ਦੋਸ਼ੀ ਫਿਰ, ਹੋਣੇ ਕੀ ਖੁਲਾਸੇ ਨੇ।
ਉਹ ਸੇਵਕ ਹੈ ਜਨਤਾ ਦਾ, ਜੋ ਦਿਸਦੈ ਮਸਰੂਫ਼ ਬੜਾ,
ਮੌਜਾਂ ਮਨ ਦੀਆਂ ਮਾਣੇ , ਦੇਦੈਂ ਜਨਤਾ ਨੂੰ ਝਾਸੇ ਨੇ।
ਵਸਦੀਂ ਏਂ ਜਿੱਥੇ "ਜੀਤ" ਜ਼ਰਾ ਗੌਰ ਨਾਲ ਤੱਕੀਂ,
ਕੇਹੋ ਜੇਹੇ ਲੋਕ ਭਲਾ, ਜੋ ਤਿਰੇ ਆਸੇ ਪਾਸੇ ਨੇ ।
17/04/16

 

ਫ਼ਰਕ
ਸੁਰਜੀਤ ਕੌਰ , ਬੈਲਜੀਅਮ

ਖੁੱਲ੍ਹੇ ਅਸਮਾਨ ਵੱਲ ਝਾਕਿਆ,
ਨਾ ਕਿਸੇ ਰੌਸ਼ਨੀ ਦੀ ਉਮੀਦ,
ਨਾ ਕਿਸੇ ਦੇ ਸਾਥ ਦੀ ਤਾਂਘ,
ਦੂਰ ਇੱਕ ਜੁਗਨੂੰ ....
ਬੇਖੌਫ਼ ,ਬੇਝਿਜਕ ਤੇ ਬੇਪਰਵਾਹ,
ਹਨ੍ਹੇਰਿਆਂ ਨੂੰ ਚੀਰਦਾ ਹੋਇਆ,
ਬਸ ਅੱਗੇ ਵਧਦਾ ਜਾ ਰਿਹਾ ਹੈ,
ਆਪਣੀ ਮੰਜ਼ਿਲ ਸਰ ਕਰਨ ਲਈ ।
ਫਿਰ ਮੈਂ ਆਪਣੇ ਅੰਦਰ ਬੈਠੇ,
ਤੰਗਦਿਲ ਇਨਸਾਨ ਵੱਲ ਝਾਤੀ ਮਾਰੀ,
ਆਦਤ ਤੋਂ ਮਜ਼ਬੂਰ ਤੇ ਉੱਦਮ ਤੋਂ ਦੂਰ,
ਜੋ ਆਪਣੀਆਂ ਨਾਕਾਮੀਆਂ ਦਾ ਸਿਹਰਾ,
ਜ਼ਿੰਮੇਵਾਰੀਆਂ ਤੇ ਸਮਾਜਿਕ ਬੰਧਨਾ ਦੇ
ਸਿਰ ਮੜ੍ਹਦਾ ਜਾ ਰਿਹਾ ਹੈ ।
ਜੇ ਕੋਈ ਫ਼ਰਕ ਹੈ … ਤਾਂ....
ਸਿਰਫ਼ ਸੋਚ ਤੇ ਉੱਦਮ ਦਾ।
14/04/16

ਏਹੀ ਆ ਜ਼ਿੰਦਗੀ
ਸੁਰਜੀਤ ਕੌਰ , ਬੈਲਜੀਅਮ

ਰਿਸ਼ਤਿਆਂ ਦੇ ਪਿੰਜਰ ,
ਤੇ ਰੀਝਾਂ ਦੇ ਖੰਡਰ
ਉਸ ਨਾਮ ਦੇ ਰਿਸ਼ਤੇ ਨੂੰ
ਪੂਜਦੀ ਆਈ ਹੈ
ਜ਼ਿੰਦਾਦਿਲੀ ਉਮਰ ਭਰ .....
ਮੰਦਰ ਦੀ ਤਰ੍ਹਾਂ ।
ਇਹ ਸੋਚਕੇ….
ਕਿ ਸ਼ਾਇਦ ਜਿਸ ਦਿਨ ਭਰ ਲਵੇਗੀ
ਉਸ ਵਿੱਚ ਆਪਣੇ ਪਸੰਦੀਦਾ ਰੰਗ
ਉਸ ਦਿਨ.....
ਬਾਰਸ਼ ਦੇ ਮੌਸਮ ਵਿੱਚ ਅਚਾਨਕ......
ਬਾਰਸ਼ ਦੇ ਰੁਕ ਜਾਣ ਤੇ
ਸੂਰਜ ਦੀਆਂ ਕਿਰਨਾਂ ਨਾਲ
ਅਸਮਾਨ ਤੇ ਬਣੀ ਸਤਰੰਗੀ ਪੀਂਘ
ਦੀ ਤਰ੍ਹਾਂ ਬੜਾ ਹੀ ਮਨਮੋਹਕ ਹੋਵੇਗਾ ਦ੍ਰਿਸ਼
ਇਸ ਨਾਮ ਦੇ ਰਿਸ਼ਤੇ ਦਾ ਵੀ ।
ਪਰ..... ਰੇਤ ਵਾਂਗ ਹੱਥੋਂ ਕਿਰਦੀ ਤੇ
ਬਰਫ਼ ਵਾਂਗ ਪਿਘਲਦੀ ਜਾਂਦੀ ਜ਼ਿੰਦਗੀ ਵਿੱਚ
ਘੁੱਟ ਕੇ ਫੜੀ ਆਸ ਦੀ ਏਹੀ ਕਿਰਨ
ਲਈ ਜਾ ਰਹੀ ਆ ਉਹਨੂੰ ਆਪਣੇ-ਆਪ ਤੋਂ
ਦੂਰ ਜ਼ਿੰਦਗੀ ਦੇ ਅਸਲੀ ਮਾਅਨਿਆਂ ਤੋਂ ਦੂਰ ।
ਜਿੱਥੇ ਉਸ ਨੂੰ ……….
' ਜ਼ਿੰਦਗੀ ਤੇ ਜ਼ਿੰਦਾਦਿਲੀ ' ਵਿੱਚ ਕੋਈ ਫ਼ਰਕ ਹੀ
ਯਾਦ ਨਹੀਂ ਰਹਿੰਦਾ ।
ਸ਼ਾਇਦ ....... “ ਏਹੀ ਆ ਜ਼ਿੰਦਗੀ ”
12/04/16

ਠੀਕ ਨਹੀਂ ਕੀਤੀ
ਸੁਰਜੀਤ ਕੌਰ , ਬੈਲਜੀਅਮ

ਸੱਦਾ-ਪਤਰ ਦੇ ਕੇ ਲਾਇਆ ਜਿੰਦਰਾ, ਠੀਕ ਨਹੀਂ ਕੀਤੀ ।
ਚੰਗਾ ਸੀ ਜੇ ਨਾਂਹ ਕਰ ਦਿੰਦਾ, ਠੀਕ ਨਹੀਂ ਕੀਤੀ ।
ਝੂਠੀ ਆਸ ਸਹਾਰੇ , ਜੇ ਖ਼ਾਬ ਸਜਾਉਂਦੇ ਨਾ ,
ਹੁਣ ਨੀਰ ਨਾ ਨੈਣੋਂ ਵੈਂਦ੍ਹਾ, ਠੀਕ ਨਹੀਂ ਕੀਤੀ ।
ਚੁਪ ਰਹਿ ਕੇ ਅਹਿਸਾਨ, ਬੜੇ ਹੀ ਕੀਤੇ ਸੀ ,
ਕੁਝ ਮੂੰਹੋਂ ਵੀ ਫੁਟ ਪੈਂਦਾ, ਠੀਕ ਨਹੀਂ ਕੀਤੀ ।
ਉਹ ਕਾਹਦਾ ਵਿਦਵਾਨ , ਜੋ ਰਮਜ਼ ਪਛਾਣੇ ਨਾ,
ਬਣ ‘ਪਾਰਾ’ ਹੱਡਾਂ ਵਿਚ ਬਹਿੰਦਾ, ਠੀਕ ਨਹੀਂ ਕੀਤੀ ।
ਕੁਲ ਦੇ ਲਈ ਜੇ ਧੀਅ ਨੂੰ ਦੋਸ਼ ਹੀ ਦੇਣਾ ਸੀ ,
ਕੁਖ ਵਿਚ ਹੀ ਮਾਰ ਮੁਕਾਂਦਾ, ਠੀਕ ਨਹੀਂ ਕੀਤੀ ।
ਉਹ ਅਪਣੇ ਘਰ ਦੀ ਮੈਲ਼ ਮਿਟਾਵਣ ਖ਼ਾਤਰ ਹੀ ,
ਪੈਸਾ ਪਾਣੀ ਵਾਂਗ ਵਹਾਉਦਾ, ਠੀਕ ਨਹੀਂ ਕੀਤੀ ।
ਜੀਹਦੇ ਨਾਂ ਤੇ ਵੈਰੀ ‘ਜੀਤ’ ਦਾ, ਸਾਰਾ ਜੱਗ ਹੋਇਆ,
ਉਹ ਹੀ ਨਾਂ ਲੈਂਣੋ ਕਤਰਾਂਦਾ, ਠੀਕ ਨਹੀਂ ਕੀਤੀ ।
10/04/16

 

ਚਿੜੀ
ਸੁਰਜੀਤ ਕੌਰ , ਬੈਲਜੀਅਮ

ਹੁੱਬ-ਹੁੱਬ ਕੇ ਸੀ ਡਾਲ ਤੇ ਬਹਿੰਦੀ,
ਛੋਟੀ ਖੁਸ਼ੀ ਵਿੱਚ ਖੁਸ਼ ਉਹ ਰਹਿੰਦੀ।
ਸਖ਼ੀਆਂ ਸੰਗ ਸੀ ਮਸਤੀ ਕਰਦੀ,
ਕੰਨਾਂ ਵਿੱਚ ਚਹਿਕਾਂ ਉਹ ਭਰਦੀ।
ਖੋਹਲਦੀ,ਨਾਜ਼ਕ ਪਰਾਂ ਨੂੰ ਕਦੇ ਬੰਦ ਕਰਦੀ,
ਪਰ, ਉੱਚੀ ਉਡਾਣ ਉਹ ਭਰਨ ਤੋਂ ਡਰਦੀ।
ਉਹ ਇੱਕ ਚਿੜੀ ਸੀ,
ਸ਼ੋਖ ਪਰ ਬੜੀ ਸੀ।
ਵਕਤ ਆਉਂਦਾ ਹੈ ਪਰ ਲਗਾਕੇ,
ਲੈ ਹੀ ਜਾਂਦਾ ਨਾਲ ਉਡਾਕੇ।
ਗਠੜੀ ਯਾਦਾਂ ਦੀ ਬੰਨ੍ਹਕੇ ਭਾਰੀ,
ਫੁੱਲਵਾੜੀ ਉਸ ਦਿਲੋਂ ਵਿਸਾਰੀ।
ਹਵਾ ਤੱਤੀ ਠੰਢੀ ਕਦੇ ਆਈ ਖ਼ਾਰੀ,
ਪਰ ਨਵੇਂ ਬਾਗ਼ ਦੀ ਹੋ ਗਈ ਉਹ ਸਾਰੀ।
ਉਹ ਇੱਕ ਚਿੜੀ ਸੀ....
ਵਕਤ ਨੇ ਫਿਰ ਹੈ ਰੰਗ ਵਟਾਇਆ,
ਨੰਨਿਆਂ-ਬੋਟਾਂ ਆਲ੍ਹਣਾ ਆ ਪਾਇਆ।
ਵਿੱਚ ਮਮਤਾ ਦੇ ਸਾਰੀ ਵਹਿ ਗਈ
ਬਾਲ-ਬੋਟਾਂ ਦੀ ਹੋ ਕੇ ਰਹਿ ਗਈ।
ਭੁੱਲਕੇ ਸੱਭੇ ਉਹ ਜੀਅ-ਜੰਜਾਲ,
ਹਰਦਮ-ਹਰਪਲ ਰੱਖਦੀ ਖਿਆਲ।
ਉਹ ਇੱਕ ਚਿੜੀ ਸੀ....
ਸਮਾਂ ਹੋ ਗਿਆ ਦੇਖੋ ਫਿਰ ਬਲਵਾਨ,
ਨੰਨੀਆਂ ਅੱਖਾਂ ਵਿੱਚ ਸਪਨ ਜਵਾਨ।
ਹਰ ਕੋਈ ਲੱਭਣੀ ਚਾਹੇ ਪਹਿਚਾਣ,
ਮਾਂ-ਮਮਤਾ ਦਾ ਨਾ ਕਿਸੇ ਧਿਆਨ।
ਸਭ ਆਪੋ-ਆਪਣੇ ਰਾਹੀਂ ਪੈ ਗਏ,
ਬੁੱਢੀ ਚਿੜੀ ਨੂੰ ਆਲਵਿਦਾ ਕਹਿ ਗਏ।
ਉਹ ਇੱਕ ਚਿੜੀ ਸੀ....
ਹੁੰਦੀ ਸ਼ੋਖ ਕਦੇ ਬੜੀ ਸੀ ....
ਹਾਂ,ਹੁੰਦੀ ਸ਼ੋਖ ਕਦੇ ਬੜੀ ਸੀ ....
'ਜੀਤ' ਕੁੜੀ-ਚਿੜੀ ਦੀ ਇੱਕੋ ਕਹਾਣੀ,
ਨਾ ਦਰਦ ਮੁੱਕੇ ਨਾ ਅੱਖ ਦਾ ਪਾਣੀ।
ਨਾ ਦਰਦ ਮੁੱਕੇ ਨਾ …………...
04/04/16

ਗ਼ਜ਼ਲ
ਸੁਰਜੀਤ ਕੌਰ , ਬੈਲਜੀਅਮ

ਮੇਰੇ ਮਨ ਦੇ ਮੀਤ ਜ਼ਰਾ ਸੁਣ ,
ਧੜਕਣ ਦਾ ਸੰਗੀਤ ਜ਼ਰਾ ਸੁਣ ।
ਬੰਦ ਨੈਣਾਂ 'ਚੋਂ ਮਾਰੇ ਛੱਲਾਂ ,
ਵਗਦੈ ਸਾਗਰ ਭੀਤ ਜ਼ਰਾ ਸੁਣ ।
ਗ਼ਮ ਦਾ ਖ਼ਾਰਾ ਪਾਣੀ ਪੀ ਕੇ ,
ਨਿਭਦੀ ਕਿੱਦਾਂ ਪ੍ਰੀਤ ਜ਼ਰਾ ਸੁਣ ।
ਪਲ-ਪਲ ਹੈ ਜੋ ਮੁਕਦੀ ਜਾਂਦੀ ,
ਇਹ ਸਾਹਾਂ ਦੀ ਰੀਤ ਜ਼ਰਾ ਸੁਣ ।
ਮਸਤੀ ਦੇ ਵਿਚ ਜੋ ਪਈ ਝੂਮੇ ,
ਕੁਦਰਤ ਦੇ ਤੂੰ ਗੀਤ ਜ਼ਰਾ ਸੁਣ ।
ਤੱਤੀ ‘ਵਾ ਤੋਂ ਬਚਦੇ ਬਚਦੇ ,
ਹੋ ਜਾਣੈ ਸਭ ਸੀਤ ਜ਼ਰਾ ਸੁਣ ।
ਤੇਰੇ ਨਾਂ ਦਾ ਦੀਪਕ ਜਗਦੈ ,
ਲਟ ਲਟ ਮਚਦੀ ਜੀਤ ਜ਼ਰਾ ਸੁਣ ।
02/04/16

ਰਿਸ਼ਤੇ
ਸੁਰਜੀਤ ਕੌਰ , ਬੈਲਜੀਅਮ

ਜਾਨੋਂ ਵੱਧ ਪਿਆਰੇ ਰਿਸ਼ਤੇ,
ਤਪਦਾ ਸੀਨਾ ਠਾਰੇ ਰਿਸ਼ਤੇ ।
ਘੜੇ ਜਿਹੇ ਸਚਿਆਰੇ ਰਿਸ਼ਤੇ,
ਅੱਜ ਹੋ ਗਏ ਸਭ ਖ਼ਾਰੇ ਰਿਸ਼ਤੇ ।
ਬੇਟਾ ਬਾਪ ਦੀ ਕਦਰ ਨਾ ਜਾਣੇ,
ਮਤਲਬ ਦੇ ਸਭ ਮਾਰੇ ਰਿਸ਼ਤੇ ।
ਭਾਈ...ਭਾਈ ਨੂੰ ਸੰਘੀਓਂ ਫੜਦਾ,
ਗੱਲ-ਗੱਲ ਤੇ ਫਿਟਕਾਰੇ ਰਿਸ਼ਤੇ ।
ਮਾਂ, ਬੇਟੀ ਦੀ ਪੱਤ ਨਾ ਸਾਂਝੀ,
ਖ਼ਾਬਾਂ ਦੇ ਹਤਿਆਰੇ ਰਿਸ਼ਤੇ ।
ਭੈਣ, ਭਾਈਆਂ ਦੀ ਹੋਈ ਨਾ ਮਰਦੀ,
ਹੁਣ ਚਾੜ੍ਹ ਗਈ ਸਰਕਾਰੇ ਰਿਸ਼ਤੇ ।
ਨਣਦ-ਭਾਬੀ ਵਿੱਚ ਕੋਹਾਂ ਦੀ ਦੂਰੀ,
ਭੁੱਲ ਗਏ ਪੀਂਘ ਹੁਲਾਰੇ ਰਿਸ਼ਤੇ ।
ਨੂੰਹ-ਸੱਸ ਵਿੱਚ ਫ਼ਰਕ ਪੀੜ੍ਹੀ ਦਾ,
ਬਸ ਹੱਕ ਤੇ ਹੱਕ ਚਿਤਾਰੇ ਰਿਸ਼ਤੇ ।
ਦੋਸਤੀ ਦੀ ਮਿਸਾਲ ਹੀ ਬਦਲੀ,
ਸੱਜਣ ਠੱਗ ਜਿਹੇ ਸਾਰੇ ਰਿਸ਼ਤੇ ।
ਭੀੜ ਪਈ ਤੇ ਕੋਈ ਨਾ ਆਪਣਾ
ਮਾਮੇ ਮਾਸੀਆਂ ਪਿਆਰੇ ਰਿਸ਼ਤੇ।
ਆਪਣਾ ਉੱਲੂ ਬਸ ਸਿੱਧਾ ਰੱਖਣਾ,
ਲਾਉਂਦੇ ਫਿਰਦੇ ਸਭ ਲਾਰੇ ਰਿਸ਼ਤੇ ।
ਬੱਚੇ-ਬੁੱਢੇ ਦੀ ਲਾਜ ਨਾ ਅੱਖ ਵਿੱਚ,
ਮਰਿਆਦਾ ਦਿਲੋਂ ਵਿਸਾਰੇ ਰਿਸ਼ਤੇ ।
ਅੱਜ ਜੋ ਨੀਂਹੀ ਭਰ ਕੇ ਬਹਿ ਗਈ,
ਭਲਕ ਦੇ ਸਭ ਅੰਧਕਾਰੇ ਰਿਸ਼ਤੇ ।
ਦੇਖੋ S.K.ਦੇਣ ਦੁਹਾਈ ਆ ਗਈ,
ਜਿਹਨੇ ਹੱਦੋਂ ਵਧ ਕੇ ਹਾਰੇ ਰਿਸ਼ਤੇ ।
24/03/16

 

ਅਰਜ਼ੋਈ
ਸੁਰਜੀਤ ਕੌਰ , ਬੈਲਜੀਅਮ

ਰਹਿਮ ਦੀ ਮੌਲਾ !………. ਝੋਲ਼ੀ ਭਰਦੇ !
ਨਾਮ ਦਾ ਦੀਪਕ……. ਦਿਲਾਂ ‘ਚ ਧਰਦੇ !
ਹੁਣ ਦੋ ਨੈਣਾਂ ਦੀ ……..ਜੋਤ ਨਾ ਭਾਵੇ,
ਮਨ ਦੀ ਜੋਤ ਨੂੰ………. ਉੱਜਵਲ ਕਰਦੇ !
ਮੋਹ ਮਾਇਆ ਦੇ…… ਇਹ ਕੱਚੇ ਧਾਗੇ,
ਕਿਉਂ ਦਿਲਾਂ ‘ਚ ਗੰਢਾਂ?... ਪੱਕੀਆਂ ਕਰਦੇ ।
ਬਿਨ ਮੇਹਰ ਤੇਰੀ ਦੇ….. ਫੁੱਲ ਵੀ ਡੁੱਬ ਜਾਣ,
ਹੋਵੇ ਮੇਹਰ ਜੋ ਤੇਰੀ…… ਤਾਂ ਪੱਥਰ ਤਰਦੇ ।
ਨਾ ਦਰਦ ਮਨਾਵਣ……. ਕੱਚੀਆਂ ਕਲੀਆਂ,
ਮਨ ਮਾਲੀ ਦੇ ……. ਦਾਤਾ ਪ੍ਰੀਤ ਤੂੰ ਭਰਦੇ ।
ਸਿਖ਼ਰ ਦੁਪਹਿਰੇ…… ਸੇਕਣ ਧੁੱਪ ਨੂੰ,
ਰਾਤਾਂ ਹਾਲੀ-ਪਾਲੀ…… ਪੋਹ ਦੀਆਂ ਠਰਦੇ ।
ਮੌਤ ਨਾਲੋਂ ਬੁਰੀ……… ਪੀੜਾ ਭੁੱਖ ਦੀ,
ਹੁੰਦਾ ਗੁਜ਼ਰ-ਵਸਰ ਤੂੰ……. ਸਭ ਦਾ ਕਰਦੇ !
‘ਜੀਤ’ ਕਲਮ ਕੁੜੀ ਦੀ…….ਦਰਦ ਕਹਾਣੀ,
ਬੇਰੰਗ ਦੇ ਵਿੱਚ………. ਰੰਗ ਦਾਤਾ ਭਰਦੇ !!!!!
ਬੇਰੰਗ ਦੇ ਵਿੱਚ………. ਰੰਗ ਦਾਤਾ ਭਰਦੇ !!!!!
22/03/16

ਗ਼ਜ਼ਲ
ਸੁਰਜੀਤ ਕੌਰ , ਬੈਲਜੀਅਮ

ਮੌਸਮ ਕਿਉਂ ਬੇਰੰਗ ਜਿਹਾ ਏ,
ਹਰ ਬੰਦਾ ਹੀ ਦੰਗ ਜਿਹਾ ਏ ।
ਪਰਦੇਸੀ ਘਰ ਮੁੜ ਨਾ ਸਕਿਆ,
ਉਡਿਆ ਤਾਂ ਹੀ ਰੰਗ ਜਿਹਾ ਏ ।
ਉਹ ਸਾਰੂ ਕੀ ਗਰਜ਼ ਨੂੰ ਤੇਰੀ,
ਨੀਅਤ ਦਾ ਜੋ ਨੰਗ ਜਿਹਾ ਏ ।
ਗੈਰਤ ਦੀ ਸ਼ਮਸ਼ੀਰ ਨੂੰ ਇੱਥੇ,
ਲਗਿਆ ਲਗਦੈ ਜੰਗ ਜਿਹਾ ਏ ।
ਇਕ ਦਿਨ ਕਰਦੂ ਰੀਝ ਵੀ ਪੂਰੀ,
ਹਾਲੇ ਤਾਂ ਹੱਥ ਤੰਗ ਜਿਹਾ ਏ ।
ਤੇਰੇ ਨਾਲ ਵੀ ਸ਼ਹਿਰ ਬਿਗਾਨਾ,
ਇਹ ਹੁਣ ਲਗਦੈ ਝੰਗ ਜਿਹਾ ਏ ।
ਦੀਦ ਦੀ ਖ਼ਾਤਿਰ ਅੱਖਾਂ ਤਰਸਣ,
ਔਖਾ ਕਟਣਾ ਡੰਗ ਜਿਹਾ ਏ ।
ਜੀਵਨ ਜਿੱਦਾਂ ਰੇਲ ਦੀ ਪਟੜੀ,
ਇਹ ਫਿਰ ਕੈਸਾ ਸੰਗ ਜਿਹਾ ਏ ।
ਸੱਜਣ ਦੇ ਨਾਲ ਮੋਹ ਜੀਤ ਦਾ,
ਵੀਣੀ ਵਿਚਲੀ ਵੰਗ ਜਿਹਾ ਏ ।
22/03/16

 

ਕੁਝ ਵੀ ਨਹੀਂ
ਸੁਰਜੀਤ ਕੌਰ , ਬੈਲਜੀਅਮ

ਔਖਾ ਇਸ਼ਕੇ ਦਾ ਰਾਹ ਰਹਿੰਦੇ ਚਲਦੇ ਨੇ ਸਾਹ ।
ਰਾਤੀਂ ਨੀਂਦ ਵੀ ਨਹੀਂ ,ਤੇ ਦਿਨੇ ਭੁੱਖ ਵੀ ਨਹੀਂ ।
ਜ਼ਿੰਦ ਸੋਹਣੇ ਦੀਆਂ ਬਾਹਾਂ ਦੇ ਵਿੱਚ ਨਿਕਲੇ ,
ਫਿਰ ਦੁੱਖ ਵੀ ਨਹੀਂ , ਤੇ ਕੋਈ ਸੁੱਖ ਵੀ ਨਹੀਂ ।
ਉਹਦੇ ਹੀ ਦੀਦਾਰ ਲਈ ਸਦਾ ਰਹਿਣ ਖੁੱਲ੍ਹੇ ,
ਨੈਣੀ ਹੰਝੂ ਵੀ ਨਹੀਂ , ਤੇ ਦਿਲੋਂ ਖੁਸ਼ ਵੀ ਨਹੀਂ ।
ਨਿੱਤ ਉਹਦੀ ਹੀ ਖੁਸ਼ੀ ਲਈ ਦੁਆ ਕਰੀਏ ,
ਜਿਹਨੇ ਸਮਝਿਆ ਕਦੇ ਸਾਨੂੰ ਕੁਝ ਵੀ ਨਹੀਂ ।
21/03/16
 

ਸੁਰਜੀਤ ਕੌਰ , ਬੈਲਜੀਅਮ
(ਅਜੀਤ ਸਿੰਘ, ਫਗਵਾੜਾ)
rightangleindia@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com