welcom.jpg (11896 bytes)

ਹਰ ਮਨੁੱਖੀ ਸਮਾਜ ਦੀ ਹੋਂਦ, ਪ੍ਰਫੁਲਤਾ ਅਤੇ ਕਲਿਆਣ ਉਸਦੇ ਵਿਰਸੇ ਦੀਆਂ ਦ੍ਰਿੜ ਕਦਰਾਂ ਕੀਮਤਾਂ ਦਾ ਸਬੂਤ ਹੀ ਨਹੀਂ ਬਲਕਿ ਉਸਦਾ ਜ਼ਾਮਨ ਵੀ ਹੈ। ਇਨ੍ਹਾ ਕੀਮਤਾਂ ਦੀ ਬੇਦਾਵੀ, ਬੇਸਮਝ ਨਿਰਾਦਰੀ, ਅਤੇ ਗਿਣੀ-ਮਿਥੀ ਪਰਸਪਰ ਉਲੰਘਣਾ ਸਮਾਜਕ ਭ੍ਰਿਸ਼ਟਾਚਾਰ ਦੀ ਨਿਸ਼ਾਨੀ ਹੈ। ਪਰੰਪਰਾ, ਸਾਡੀ ਮਾਨਸਿਕ ਅਤੇ ਆਤਮਿਕ ਖ਼ੁਰਾਕ ਦਾ ਉਹ ਅਣਮੁੱਕ ਸੋਮਾ ਹੈ ਜਿਸ ਤੋਂ ਅਸੀਂ ਜੀਵਨ ਸ਼ਕਤੀ ਅਤੇ ਸਵੈ-ਮਾਣ ਪ੍ਰਾਪਤ ਕਰਦੇ ਹਾਂ। ਇਸੇ ਕਰਕੇ ਸਾਡੇ ਵੇਦਿਕ ਮਹਾਂਪੁਰਖਾਂ ਨੇ ਮਰਯਾਦਾ ਨੂੰ ਪਵਿੱਤਰ ਦੈਵੀ ਰੂਪ ਵਿਚ ਸਾਡੇ ਸਾਹਮਣੇ ਪੇਸ਼ ਕੀਤਾ। ਇਸ ਨੂੰ ਅਪਣਾਉਣਾ ਹੀ ਸਾਡੀ ਬੌਧਿੱਕ ਅਤੇ ਵਿਗਿਆਨਕ ਤਰੱਕੀ ਦਾ ਇਕੋ ਇਕ ਰਾਹ ਹੈ। ਉਧਾਰ ਲਈ ਸੰਸਕ੍ਰਿਤੀ ਅਤੇ ਕਰਜ਼ੀ ਭਾਸ਼ਾ ਦੇੇ ਪਖੰਡ ਥੱਲੇ ਜੀਉਣ ਵਾਲੀ ਕੌਮ ਸਦਾ ਮਾਨਸਿਕ ਕੰਗਾਲੀ ਅਤੇ ਹੀਣਤਾ ਭਰਿਆ ਜੀਵਨ ਵਤੀਤ ਕਰਦੀ ਹੈ।

ਪੰਜਾਬ ਦੀ ਧਰਤੀ ਦਾ ਵਿਰਸਾ ਸਮੁੰਦਰ ਦੀ ਤਰ੍ਹਾ ਗਹਿਰਾ ਹੈ। ਵੇਦ, ਪੁਰਾਣ ਇਸੇ ਧਰਤੀ 'ਤੇ ਹੀ ਲਿਖੇ ਗਏ; ਸੰਸਕ੍ਰਿਤ ਸਾਹਿਤ ਵੀ ਇੱਥੇ ਹੀ ਰਚਿਆ ਗਿਆ। ਇਸ ਕੁੰਡਲੀ ਦੀ ਇਕ ਰਿਵਾਇਤ ਵਿਅੱਕਤੀਗਤ ਨਾਮ ਰੱਖਣ ਦੀ ਵੀ ਹੈ। ਸਾਡੇ ਪੁਰਾਤਨ ਪਿਤਾਪੁਰਖ ਨਾਮ ਚੁਨਣ ਦੀ ਰਸਮ ਨੂੰ ਬੜਾ ਉਚਾ ਦਰਜਾ ਦਿੰਦੇ ਹਨ। ਉਨ੍ਹਾਂ ਦੀ ਮੰਨਤ ਸੀ ਕਿ ਨਾਮ ਅਤੇ ਕਰਮ ਦਾ ਅਨਿੱਖੜਵਾ ਰਿਸ਼ਤਾ ਹੈ। ਚੰਗਾ ਨਾਮ ਚੰਗੇ ਕੰਮ ਦਾ ਪ੍ਰਤੀਕ ਹੈ। ਆਧੁਨਿਕ ਪੰਜਾਬ ਵਿਚ ”ਇੰਦਰ” ਨੂੰ ਪਵਿੱਤਰ ਅਤੇ ਸਰਵ-ਸ਼ਕਤੀਸ਼ਾਲੀ ਮੰਨਿਆ ਜਾਦਾਂ ਹੈ। ਇਸੇ ਕਰਕੇ ਸਤਿੰਦਰ, ਰਜਿੰਦਰ ਅਤੇ ਧਰਮਿੰਦਰ ਵਰਗੇ ਨਾਮ ਆਮ ਪ੍ਰਚੱਲਤ ਹਨ। ਇਨ੍ਹਾਂ ਨਾਮਾਂ ਦਾ ਮਾਲਕ ਸਡੌਲ, ਤਕੜਾ, ਹੋਣਹਾਰ ਅਤੇ ਸਿਹਤਮੰਦ ਹੋਣ ਦੀ ਅਭਿਲਾਸ਼ਾ ਰੱਖਦਾ ਹੈ। ਇੰਜ ਹੀ ਭੋਲਾ ਸਿੰਘ ਜਾਂ ਸ਼ਾਤੀ ਲਾਲ ਨਾਮ ਵੱਖਰੇ ਸੁਭਾ ਦੇ ਦਾਅਵੇਦਾਰ ਹਨ। ਕਈ ਵਾਰ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਤਰ੍ਹਾ ਦਾ ਨਾਮ ਹੋਵੇ, ਆਦਮੀ ਉਸੇ ਤਰ੍ਹਾ ਦੇ ਕੰਮ ਕਰਦਾ ਹੈ। ਕਿਹਾ ਜਾਂਦਾ ਹੈ ਕਿ ਮੁਗਲਾਂ ਦੇ ਜ਼ਮਾਨੇ ਵਿਚ ਖਾੜਕੂ ਸਿਘਾਂ ਨੂੰ ਜੋਸ਼ੀਲੇ ਨਾਮ ਦਿਤੇ ਜਾਂਦੇ ਸਨ, ਜਿਸ ਤਰਾ: ਪਟਾਕਾ ਸਿੰਘ, ਖੜਕ ਸਿੰਘ, ਬਹਾਦਰ ਸਿੰਘ ਅਤੇ ਜੋਧ ਸਿੰਘ ਬਗੈਰਾ। ਸਿੰਘ ਸ਼ਬਦ ਵੀ ਤਾਂ ਇਸੇ ਬਹਾਦਰੀ ਦਾ ਹੀ ਪ੍ਰਤੀਕ ਹੈ!

ਇਸੇ ਸੋਚਣੀ ਨੂੰ ਮੁੱਖ ਰੱਖਕੇ, ਅਸੀਂ ਪੰਜਾਬੀ ਨਾਮਾਂ ਦੀ ਸੂਚੀ, ਸਮੁਚੇ ਪੰਜਾਬੀ ਜਗਤ ਨੂੰ, ਪੇਸ਼ ਕਰਦੇ ਹਾਂ। ਖਾਸ ਕਰ ਉਹਨਾ ਪੰਜਾਬੀਆਂ ਲਈ ਜੋ ਪ੍ਰਦੇਸ ਜਾ ਵਸੇ ਹਨ। ਉਮੀਦ ਰੱਖਦੇ ਹਾਂ ਕਿ ਇੰਟਰਨੈਟ ਦੇ ਜਰੀਏ ਇਹ ਜਾਣਕਾਰੀ ਫਾਇਦੇਮੰਦ ਸਾਬਤ ਹੋਏਗੀ। ਇਸ ਵਿਚ ਜ਼ਰੂਰ ਬਹੁਤ ਸਾਰੀਆਂ ਕਮੀਆਂ ਰਹਿ ਗਈਆ ਹੋਣਗੀਆਂ, ਜੋ, ਅਸੀ ਉਮੀਦ ਰੱਖਦੇ ਹਾਂ ਕਿ ਤੁਹਾਡੇ ਸਹਿਯੋਗ ਨਾਲ ਸੁਲਝਾਈਆ ਜਾ ਸਕਣਗੀਆਂ। ਅਸੀਂ ਤੁਹਾਡੇ ਸਲਾਹ ਮਸ਼ਵਰੇ ਦਾ ਇੰਤਜ਼ਾਰ ਕਰਾਂਗੇ।
ਆਪਣੇ ਸੁਝਾਓ ਸਾਨੂੰ ਭੇਜੋ:  ਈਮੇਲ

(c)copyright 2000-2013, 5abi.com