|
ਪਰਵਾਸ
ਤਾਂ ਔਰਤ ਦੇ ਮੱਥੇ ਉੱਤੇ ਜਨਮ ਸਮੇਂ ਹੀ ਲਿਖਿਆ ਹੁੰਦੈ:
ਸਾਡਾ ਚਿੜੀਆਂ ਦਾ ਚੰਬਾ ਵੇ! ਬਾਬਲ ਅਸੀਂ ਉੱਡ ਜਾਣਾ ਸਾਡੀ ਲੰਬੀ
ਉਡਾਰੀ ਵੇ! ਬਾਬਲ ਕਿਹੜੇ ਦੇਸ ਜਾਣਾ? ਪਹਿਲੀਆਂ ਵਿੱਚ ਇਹ
ਦੇਸ ਆਪਣੇ ਪਿੰਡ ਦੇ ਨੇੜੇ ਹੀ ਕੋਈ ਪਿੰਡ, ਜਾਂ ਥੋੜ੍ਹਾ ਜਿਹਾ ਦੂਰ ਪੰਜਾਬ
ਦਾ ਹੀ ਕੋਈ ਪਿੰਡ/ਸ਼ਹਿਰ ਤੇ ਫਿਰ ਬਹੁਤ ਦੂਰ ਭਾਰਤ ਦਾ ਕੋਈ ਪਿੰਡ/ਸ਼ਹਿਰ ਹੋ
ਗਿਆ। ਫਿਰ ਸਮੇਂ ਨੇ ਅਜੇਹਾ ਤੁਣਕਾ ਮਾਰਿਆ ਕਿ ਚਿੜੀਆਂ ਨੂੰ ਆਪਣੇ ਹਿੱਸੇ
ਦੀ ਚੋਗ ਚੁਗਣ ਲਈ ਸੱਤ ਸਮੁੰਦਰ ਟੱਪ ਕੇ ਦੂਰ ਦੁਰੇਡੀਆਂ ਧਰਤੀਆਂ ਉੱਤੇ
ਵਸਣਾ ਪਿਆ।
ਮੈਂ ਅੱਜ ਉਨ੍ਹਾਂ ਦੀ ਹੀ ਗੱਲ ਕਰਨੀ ਹੈ, ਜਿਹੜੀਆਂ
ਏਧਰ ਵਸਦੀਆਂ ਹੋਈਆਂ ਕਾਗ਼ਜ਼ਾਂ ਉੱਤੇ ਦਿਲ ਦੀ ਗੱਲ ਕਹਿੰਦੀਆਂ ਹਨ। ਭਾਵੇਂ
ਸ਼ੁਰੂ ਸ਼ੁਰੂ ਵਿੱਚ ਬੇਗਾਨੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਉਣ ਲਈ ਉਨ੍ਹਾਂ
ਨੂੰ ਬੜੇ ਤਕੜੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ, ਪਰ ਜਿਉਂ ਹੀ ਰਤਾ ਚੈਨ ਦਾ
ਸਾਹ ਆਇਆ, ਉਹ ਕਲਮ ਨੂੰ ਆਪਣੇ ਦੁੱਖ ਦੱਸਣ ਲੱਗ ਪਈਆਂ। ਪਹਿਲਾਂ ਉਨ੍ਹਾਂ
ਦੀ ਲਿਖਣ-ਕਲਾ ਇਸੇ ਸੰਘਰਸ਼ ਨੂੰ ਹਰਫ਼ ਦਿੰਦੀ ਸੀ, ਉਸ ਵਕਤ ਦੀਆਂ ਰਚਨਾਵਾਂ
ਨਵੇਂ ਸੱਭਿਆਚਾਰ, ਵੱਖਰੀਆਂ ਰਹੁ-ਰੀਤਾਂ ਨਾਲ਼ ਬਰ ਮੇਚਣ ਦੀਆਂ
ਮੁਸ਼ਕਿਲਾਂ, ਨਸਲੀ ਵਿਤਕਰੇ, ਸਹੁਰੇ ਘਰ ਵਿੱਚ ਓਪਰਾ ਸਲੂਕ, ਕੋਈ ਦੁਖ-ਸੁਖ
ਦਾ ਭਾਈਵਾਲ ਨਾ ਹੋਣਾ ਆਦਿ ਵਰਗੇ ਦੁੱਖਾਂ ਨਾਲ਼ ਵਿੰਨੀਆਂ ਹੋਈਆਂ ਸਨ ਜਾਂ
ਫਿਰ ਭੂ-ਹੇਰਵੇ, ਆਪਣਿਆਂ ਤੋਂ ਵਿੱਛੜਨ ਦੀ ਪੀੜ ਪਰੁੱਚੀਆਂ ਸਨ:
ਧੀ ਚੱਲੀ ਸਹੁਰੇ, ਸਹੁਰਾ ਘਰ ਪਰਦੇਸ ਨਾ ਕੋਈ ਭੈਣ ਭਾਬੀ, ਨਾ
ਬੋਲੀ ਆਪਣੀ ਨਾ ਸੱਭਿਅਤਾ ਤੇ ਨਾ ਹੀ ਉਹ ਬਾਲ-ਵਰੇਸ.
--ਸ਼ਸ਼ੀ ਸਮੁੰਦਰਾ,ਅਮਰੀਕਾ
ਇਹ ਤੜਪ ਹੋਰ ਵੀ ਵਧ ਜਾਂਦੀ
ਜਦੋਂ ਉਹ ਬਾਬਲ ਵਿਹੜੇ ਵਾਪਰਦੀਆਂ ਖ਼ੁਸ਼ੀਆਂ ਗ਼ਮੀਆਂ ਵਿੱਚ ਸ਼ਾਮਿਲ ਨਾ ਹੋ
ਸਕਦੀਆਂ:
ਅੱਖਾਂ ਰੋ ਰੋ ਥੱਕੀਆਂ ਨੇ, ਨਾ ਮਨ
ਸਮਝੇ ,ਬੜਾ ਸਮਝਾਇਆ ਮੈਨੂੰ ਮਾਂ ਮਾਫ਼ ਕਰੀਂ,ਕੰਧਾ ਜਾਂਦੀ ਵਾਰ ਨਾ
ਲਾਇਆ ਬੰਨ੍ਹ ਟੈਚੀ ਕਹਿੰਦੀ ਸੀ,ਉੱਚੀ ਵਿੱਚ ਸ਼ਰੀਕੇ ਹੋ ਗਈ ਉੱਤੋਂ
ਉੱਤੋਂ ਹੱਸਦੀ ਸੀ, ਹੰਝੂ ਪੱਲੇ ਹੇਠ ਲੁਕੋ ਗਈ ਹੱਥ ਕੰਬੇ ਸੀ
ਤੇਰੇ,ਤੁਰਦੀ ਨੂੰ ਜਦ ਸ਼ਗਨ ਫੜਾਇਆ ਮੈਨੂੰ ਮਾਂ ਮਾਫ਼ ਕਰੀਂ......…..…ਸੁਖਵਿੰਦਰ
ਕੌਰ ਸਿੱਧੂ,ਐਡਮਿੰਟਨ,ਕੈਨੇਡਾ ਹੌਲੇ ਜਿਹੇ
ਪੱਬ ਚੁੱਕਾਂ, ਉੱਡ ਜਾਵਾਂ ਹਵਾ ਵਿੱਚ, ਅੰਬਰਾਂ ਵਿੱਚ ਖੋ ਜਾਣ ਦਾ ਜੀ
ਕਰਦਾ ਹੈ ਵਾਪਸ ਆਵਾਂ ਤਾਂ ਜਾਦੂ ਦੀ ਛੜੀ ਲੈ ਕੇ, ਨੰਨ੍ਹੀ ਜਿਹੀ
ਪਰੀ ਬਣ ਜਾਣ ਦਾ ਜੀ ਕਰਦਾ ਹੈ-
ਡਾ.ਜੱਸ ਮਲਕੀਤ, ਕਲ਼ੌਵਰਡੇਲ, ਕੈਨੇਡਾ
ਪੋਲੇ ਪੈਰੀਂ ਬਚਪਨ ਆਵੇ,ਮੱਖਣੀ ਜਿੱਥੋਂ ਰੂਪ ਚੁਰਾਵੇ ਦੂਰ
ਘਰੋਂ,ਅੱਜ ਦੂਰ ਦਰੋਂ,ਦਿਲ ਮਾਂ ਨੂੰ ਬਹੁਤ ਪੁਕਾਰੇ ਮੈਨੂੰ ਮਿੱਟੀ
’ਵਾਜਾਂ ਮਾਰੇ …..........
-ਰੂਪਿੰਦਰ ਖਹਿਰਾ ਰੂਪੀ, ਡੈਲਟਾ, ਕੈਨੇਡਾ
ਏਥੇ ਦੇ
ਅੰਬ ਖੱਟੇ ਲੱਗਦੇ ਇੱਥੇ ਦੇ ਅੰਬ ਫਿੱਕੇ ਲੱਗਦੇ ਇਹਨਾਂ ਵਿੱਚ
ਮਿਠਾਸ ਨਹੀਂ ਹੈ/ ਇਹਨਾਂ ਅੰਦਰ ਸਾਂਝ ਨਹੀਂ ਹੈ ਵੀਰਾ ਵੇ! ਅਸਾਂ
ਅੰਬਾਂ ਰੁੱਤੇ ਆਉਣਾ-
ਦਲਜੀਤ ਰਾਣਾਜੀ, ਫਲੋਰਿਡਾ, ਅਮਰੀਕਾ
ਰਮਤੇ ਰਮਤੇ ਉਹ ਨਵੇਂ ਹਾਲਾਤ ਨਾਲ਼ ਪਰਚ ਗਈਆਂ, ਆਲ਼ੇ-ਦਵਾਲ਼ੇ
ਦੀ ਸੋਝੀ ਉਨ੍ਹਾਂ ਦੀਆਂ ਲਿਖਤਾਂ ਵਿੱਚ ਸਮੋਈ ਜਾਣ ਲੱਗੀ। ਆਪਣੇ ਨਾਲ਼
ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਉਣ ਲੱਗੀਆਂ, ਹੱਕ ਲੈਣ ਲਈ ਜਾਗਰੂਕ
ਹੋ ਗਈਆਂ। ਇਹ ਜਾਗਰੂਕਤਾ ਉਂਟਾਰੀਓ, ਕੈਨੇਡਾ ਦੀ ਨਾਮਵਰ ਗਲਪਕਾਰਾ ਬਲਬੀਰ
ਕੌਰ ਸੰਘੇੜਾ ਦੇ ਨਾਵਲ ‘ਹੱਕ ਦੀ ਮੰਗ’ ਵਿੱਚ ਉੱਭਰ ਕੇ ਸਾਹਮਣੇ ਆਈ, ਉਸ
ਦੇ ਨਾਵਲ ‘ਇਕ ਖ਼ਤ ਸੱਜਣਾਂ ਦੇ ਨਾਂ’ ਅਤੇ ਕਹਾਣੀਆਂ ਵਿੱਚ ਵੀ ਪਰਵਾਸੀ
ਨਾਰੀਆਂ ਦੀ ਜੀਵਨ ਸ਼ੈਲੀ, ਅਣਪੁੱਗਵੇਂ ਸਲੂਕਾਂ ਦੇ ਤਨਾਓ ਕਰਕੇ ਉਨ੍ਹਾਂ ਦੀ
ਦੁਰਦਸ਼ਾ ਬਿਆਨਦਿਆਂ ਉਨ੍ਹਾਂ ਨੂੰ ਆਰਥਿਕ ਪੱਖੋਂ ਆਜ਼ਾਦ ਹੋ ਕੇ ਹਾਲਾਤ ਨਾਲ਼
ਟੱਕਰ ਲੈਣ ਦੀ ਪ੍ਰੇਰਨਾ ਦਿੱਤੀ ਗਈ। ਬੀ.ਸੀ. ਦੀ ਪ੍ਰਸਿੱਧ
ਲੇਖਿਕਾ ਸੁਰਜੀਤ ਕਲਸੀ ਦੇ ਕਹਾਣੀ ਸੰਗ੍ਰਿਹਾਂ ‘ਸੱਤ ਪਰਾਈਆਂ’ ਤੇ ‘ਕਥਾ
ਤੇਰੀ ਮੇਰੀ’ ਵਿੱਚ ਇਹਨਾਂ ਪੱਖਾਂ ਨੂੰ ਹੋਰ ਵਿਸਥਾਰ ਮਿਲ਼ਿਆ, ਜਿਸ ਵਿੱਚ
ਔਰਤ ਉੱਤੇ ਹੁੰਦੇ ਜਿਸਮਾਨੀ ਤੇ ਮਾਨਸਿਕ ਤਸ਼ੱਦਦ, ਮਰਦ-ਪ੍ਰਧਾਨ ਸਮਾਜ ਵਿੱਚ
ਕਈ ਪੱਖਾਂ ਤੋਂ ਹੁੰਦਾ ਸ਼ੋਸ਼ਣ, ਉਦਰੇਵਾਂ, ਇਕੱਲਤਾ ਨੂੰ ਬਿਆਨ ਕਰਦਿਆਂ
ਮੁੱਖ ਤੌਰ ਉੱਤੇ ਔਰਤ ਦੀ ਹੋਂਦ ਦੇ ਸਵਾਲ ਵੱਲ ਧਿਆਨ ਦਿਵਾਇਆ ਗਿਆ। ਅੱਜ
ਕੱਲ੍ਹ ਵੀ ਉਹ ਕਵਿਤਾ, ਕਹਾਣੀ, ਨਾਟਕ, ਵਾਰਤਕ, ਅਨੁਵਾਦ ਰਾਹੀਂ ਔਰਤ ਦੀਆਂ
ਦੁੱਖ ਤਕਲੀਫ਼ਾਂ ਨੂੰ ਪੇਸ਼ ਕਰਨ ਤੇ ਉਨ੍ਹਾਂ ਦੇ ਸ਼ਕਤੀਕਰਨ ਵਿੱਚ ਵੱਡੀ
ਭੂਮਿਕਾ ਨਿਭਾ ਰਹੀ ਹੈ।
ਗਲਪਕਾਰਾ ਸੁਸ਼ੀਲ ਕੌਰ ਦੇ ਨਾਵਲ ‘ਧਰਤ
ਪਰਾਈ ਆਪਣੇ ਲੋਕ’ ਅਤੇ ਕਹਾਣੀ ਸੰਗ੍ਰਹਿ ‘ਕੁਝ ਦੇਖੀਆਂ ਕੁਝ ਬੀਤੀਆਂ’
ਵਿੱਚ ਅਨਪੜ੍ਹਤਾ, ਗਰੀਬੀ, ਕਰਜ਼ੇ, ਸ਼ਰਾਬ ਕਰਕੇ ਔਰਤ ਉੱਤੇ ਹੁੰਦੇ ਜ਼ੁਲਮ ਦਾ
ਵਰਣਨ, ਪਤੀ ਦੀ ਬੇਵਫ਼ਾਈ ਤੇ ਆਪਣੀ ਹੀ ਕਮਾਈ ਨੂੰ ਵਰਤਣ ਉੱਤੇ ਪਾਬੰਦੀ ਅਤੇ
ਅੰਤ ਉਸਦਾ ਆਤਮ-ਨਿਰਭਰ ਹੋ ਕੇ ਇਕੱਲਿਆਂ ਜੀਵਨ ਬਿਤਾਉਣ ਦਾ ਫ਼ੈਸਲਾ ਨਵੀਂ
ਦਿਸ਼ਾ ਦਾ ਸੂਚਕ ਬਣਦਾ ਹੈ।
ਫਿਰ ਕਲਮ ਨੇ ਸੰਗ ਸ਼ਰਮ ਦਾ ਘੁੰਡ ਚੱਕ
ਲਿਆ ਤੇ ਨਮੂਦਾਰ ਹੋਏ ਸਜੱਗ, ਨਿੱਡਰ ਜਜ਼ਬੇ, ਇੰਗਲੈਂਡ ਵਸਦੀ ਸ੍ਰੀ
ਮਤੀ ਕੈਲਾਸ਼ਪੁਰੀ ਨੇ ‘ਸੇਜ ਸਾਂਝਾਂ’ ਤੇ ‘ਸੇਜ ਸੁਹਾਵੀ’ ਪੁਸਤਕਾਂ ਰਾਹੀਂ
ਔਰਤ ਮਰਦ ਦੇ ਜਿਨਸੀ ਸਬੰਧਾਂ ਦੀ ਖੁੱਲ੍ਹ ਕੇ ਗੱਲ ਕੀਤੀ,‘ਸੇਜ ਉਲਝਣਾਂ’
ਵਿੱਚ ਕਾਮ ਸਬੰਧੀ ਸਮੱਸਿਆਵਾਂ ਤੇ ਉਨ੍ਹਾਂ ਨੂੰ ਸੁਲਝਾਉਣ ਲਈ ਸਲਾਹਾਂ
ਦਿੱਤੀਆਂ। ਓਥੋਂ ਦੀ ਹੀ ਬੇਬਾਕ ਕਹਾਣੀਕਾਰਾ ਤੇ ਸ਼ਾਇਰਾ ਵੀਨਾ ਵਰਮਾ ਦੀ
ਕਿਤਾਬ ‘ਮੁੱਲ ਦੀ ਤੀਂਵੀਂ’ ਨੇ ਸਾਹਿਤਕ ਹਲਕਿਆਂ ਵਿੱਚ ਤੜਥੱਲੀ ਮਚਾ
ਦਿੱਤੀ। ‘ਫਿਰੰਗੀਆਂ ਦੀ ਨੂੰਹ’ ਤੇ ‘ਜੋਗੀਆਂ ਦੀ ਧੀ’ ਨੇ ਇਸ ਤੜਥੱਲੀ ਨੂੰ
ਜ਼ਰਬਾਂ ਦੇ ਦਿੱਤੀਆਂ।
ਤੇ ਬੱਸ ਚੱਲ ਸੋ ਚੱਲ, ਅੱਜ ਧਰਤੀ ਦੇ ਹਰ
ਕੋਨੇ ਵਿੱਚ ਪੰਜਾਬਣਾਂ ਨੇ ਲੇਖਣੀ ਦਾ ਚਰਖਾ ਡਾਹਿਆ ਹੋਇਐ, ਆਪਣੇ ਤੇ
ਬੇਗਾਨੇ ਦੁੱਖਾਂ ਦੀਆਂ ਪੂਣੀਆਂ ਕੱਤ ਰਹੀਆਂ ਨੇ, ਵਿੱਚ ਵਿੱਚ ਕਿਤੇ
ਸੁੱਖਾਂ ਸਹੂਲਤਾਂ ਦੀ ਤੰਦ ਵੀ ਪੈ ਜਾਂਦੀ ਹੈ, ਉਨ੍ਹਾਂ ਨੇ ਵੰਨ-ਸੁਵੰਨੇ
ਰੰਗੀਨ ਗਲੋਟਿਆਂ ਨਾਲ਼ ਮਾਂ-ਬੋਲੀ ਪੰਜਾਬੀ ਦਾ ਛਿੱਕੂ ਭਰ ਦਿੱਤੈ ਅਤੇ ਭਰੀ
ਜਾ ਰਹੀਆਂ ਨੇ। ਨਾਰੀ ਸਾਹਿਤ ਵਿੱਚ ਸਮੁੱਚੇ ਤੌਰ ਉੱਤੇ ਵੀ ਬਹੁਤ ਬਦਲਾਵ
ਆਇਐ ਤੇ ਨਿੱਜੀ ਪੱਧਰ ਉੱਤੇ ਵੀ, ਏਥੇ ਸੀਮਿਤ ਜਗਾਹ ਵਿੱਚ ਕੁਝ ਕੁ ਦਾ
ਜ਼ਿਕਰ ਹੀ ਹੋ ਸਕਦੈ:
ਬ੍ਰਿਟਿਸ਼ ਕੋਲੰਬੀਆ ਵਿੱਚ ਔਰਤਾਂ ਦੀ ਸਾਹਿਤ
ਸਿਰਜਣਾ ਸਿਖ਼ਰਾਂ ਵੱਲ ਵਧ ਰਹੀ ਹੈ। ਅਸਲ ਵਿੱਚ ਔਰਤ ਵੀ ਧਰਤੀ ਹੁੰਦੀ ਹੈ,
ਜਿਹੜੀ ਦੁੱਖਾਂ ਸੁੱਖਾਂ ਦੇ ਪਾਣੀਆਂ ਨੂੰ ਆਪਣੇ ਅੰਦਰ ਜੀਰਦੀ ਰਹਿੰਦੀ ਹੈ
ਤੇ ਜਦੋਂ ਉਹ ਔਰਤ ਲੇਖਿਕਾ ਹੋਵੇ ਤਾਂ ਉਸ ਵਿੱਚੋਂ ਫੁੱਟ ਪੈਂਦੇ ਨੇ ਕਵਿਤਾ
ਦੇ ਗੁਲਾਬ, ਕਹਾਣੀਆਂ ਦੀਆਂ ਗੁਲਦਾਉਦੀਆਂ, ਨਾਵਲਾਂ ਦੇ ਕੇਸੂ, ਨਾਟਕਾਂ ਦੇ
ਸੂਰਜਮੁਖੀ ਤੇ ਜਿਸਨੇ ਬਹੁਤੇ ਹੀ ਕੌੜੇ ਪਾਣੀ ਪੀਤੇ ਹੋਣ, ਓਥੇ ਥੋਹਰਾਂ ਵੀ
ਉੱਗ ਪੈਂਦੀਆਂ ਨੇ। ਚਿਲਾਵਾਕ ਵਸਦੀ ਹਰਕੀਰਤ ਚਾਹਲ ਦਾ ਨਾਵਲ ‘ਥੋਹਰਾਂ ਦੇ
ਫੁੱਲ’ ਇਸੇ ਸੱਚ ਦਾ ਲਖਾਇਕ ਹੈ। ਉਸਦਾ ਢਾਹਾ ਐਵਾਰਡ ਜੇਤੂ ਨਾਵਲ ‘ਆਦਮ
ਗ੍ਰਹਿਣ’ ਹੀਜੜਿਆਂ ਨੂੰ ਚੁਭਦੇ ਕੰਡਿਆਂ ਦੀ ਦਰਦ-ਭਿੰਨੀ ਗਾਥਾ ਹੈ।
ਸੰਤਾਲੀ ਦੀ ਵੰਡ ਵਿੱਚ ਵਗਿਆ ਲਹੂ ਉਸਦੇ ਨਾਵਲ ‘ਚਿਰਾਗਾਂ ਵਾਲ਼ੀ ਰਾਤ’ ਦੀ
ਸਿਆਹੀ ਬਣਿਆ ਹੈ। ‘ਲੱਠੇ ਲੋਕ ਲਾਹੌਰ ਦੇ’ ਤੇ ‘ਰਾਵੀ ਦੇਸ ਹੋਇਆ ਪਰਦੇਸ’
ਸਰਹੱਦੋਂ ਪਾਰ ਵਸਦੇ ਪੰਜਾਬੀ ਭਾਈਚਾਰੇ ਦੀ ਪ੍ਰੀਤ ਵਿੱਚ ਭਿੱਜੇ ਹੋਏ ਹਨ।
ਐਬਟਸਫੋਰਡ ਵਿੱਚ ਸਤਵੰਤ ਪੰਧੇਰ ਕੁਦਰਤ ਦੇ ਕ੍ਰਿਸ਼ਮੇ ਬਿਆਨ ਕਰਨ ਵਾਲ਼ੀ
ਲੇਖਿਕਾ ਹੈ। ਉਸ ਦੇ ਕਾਵਿ ਸੰਗ੍ਰਿਹ ‘ਮਗਨੋਲੀਏ ਦੇ ਫੁੱਲ’ਤੇ ‘ਕਾਦਰ ਦੀ
ਕੁਦਰਤ’ ਤਲਖੀਆਂ ਤੁਰਸ਼ੀਆਂ ਦੇ ਤਪਾਏ ਮਨਾਂ ਨੂੰ ਹਰਿਆਵਲ ਬਖ਼ਸ਼ਦੀਆਂ ਹਨ।
‘ਰੂਹਾਂ ਦੀਆਂ ਪੈੜਾਂ’ ਮਿੰਨੀ ਕਹਾਣੀ ਸੰਗ੍ਰਿਹ ਵਿੱਚ ਉਸਨੇ ਜਾਨਵਰਾਂ ਦੇ
ਸੁੱਚੇ ਪ੍ਰੇਮ ਤੇ ਵਫ਼ਾ ਨੂੰ ਸਿਜਦਾ ਕੀਤਾ ਹੈ।
ਏਥੇ ਹੀ ਵਸਦੀ
ਪ੍ਰੋ ਸੁਰਿੰਦਰ ਪਾਲ ਬਰਾੜ ਪ੍ਰਭਾਵਸ਼ਾਲੀ ਨਜ਼ਮਾਂ, ਵਾਰਤਕ ਲਿਖਣ ਦੇ ਨਾਲ਼
ਨਾਲ਼ ਕਿਤਾਬਾਂ ਦੀ ਪੜਚੋਲ ਕਰ ਕੇ ਆਪਣੀ ਅਣਮੁੱਲੀ ਰਾਇ ਵੀ ਦਿੰਦੀ ਹੈ।
ਸਰੀ ਦੀ ਵਸਨੀਕ ਇੰਦਰਜੀਤ ਸਿੱਧੂ ਇੱਕ ਦਬੰਗ ਲੇਖਿਕਾ ਹੈ, ਜਿਹੜੀ
ਕਵਿਤਾ, ਕਹਾਣੀ ਤੇ ਲੇਖਾਂ ਰਾਹੀਂ ਸੱਚ ਲਿਖਣ ਤੇ ਬੋਲਣ ਵੇਲ਼ੇ ਨਾ ਕਿਸੇ
ਤੋਂ ਡਰਦੀ ਹੈ, ਨਾ ਕਿਸੇ ਦਾ ਲਿਹਾਜ਼ ਕਰਦੀ ਹੈ। ਉਹਦੀ ਲੇਖਣੀ ਦਾ ਸਫ਼ਰ
ਪਿਛਲੇ 50-60 ਸਾਲਾਂ ਵਿੱਚ ਪਸਰਿਆ ਹੋਇਆ ਹੈ। ਸਾਕਾ ਨੀਲ-ਤਾਰਾ ਬਾਰੇ
ਉਸਦੀ ਕਿਤਾਬ ‘ਅਣਹੋਣੀ ਹੀ ਹੋਈ’ ਪਾਬੰਦੀ ਲੱਗਣ ਕਰਕੇ ਪਹਿਲੇ ਹੀ ਦਿਨ
ਸਟਾਲਾਂ ਤੋਂ ਚੁੱਕ ਲਈ ਗਈ ਸੀ। ਸਿੱਖ ਸਿਆਸਤ ਦੇ ਪਾਜ ਉਧੇੜਦੀ ਅਗਲੀ
ਪੁਸਤਕ ‘ਹੋਣੀ ਤੋਂ ਅਣਹੋਣੀ ਤੱਕ’ ਵਿੱਚ ਉਹਨੇ ਲਿਖਿਆ:
ਲੀਡਰਾਂ ਨੂੰ ਫ਼ਿਕਰ ਹੈ ਅਜੇ ਵੀ ਆਪਣੀ ਲੀਡਰੀ ਦਾ ਆਪਣੀ ਲੱਥੀ ਗ਼ੈਰਤ
ਤੋਂ ਵੱਧ ਆਪਣੀ ਲੱਥੀ ਪੱਗ ਤੋਂ ਵੱਧ ਆਪਣੀ ਕੁਰਸੀ ਦਾ......
ਉਹਨੇ ‘ਬਣਵਾਸ ਤੋਂ ਬਣਵਾਸ ਤੱਕ,‘ਆਖਰੀ ਵਸੀਅਤ’,‘ਖਲਾਅ ਵਿੱਚ ਦਸਤਕ’
ਤੇ ਹੋਰ ਕਈ ਪੁਸਤਕਾਂ ਨਾਲ਼ ਲੇਖਣੀ ਦੇ ਖੇਤਰ ਵਿੱਚ ਮੱਲਾਂ ਮਾਰੀਆਂ। ਕਾਵਿ
ਪੁਸਤਕ ‘ਪ੍ਰੀਭਾਸ਼ਾ’ ਵਿੱਚ ਨਵੀਂ ਪ੍ਰੀਭਾਸ਼ਾ ਲਿਖਣ ਵਾਲ਼ੀ ਔਰਤ ਦੀ ਗੱਲ
ਕੀਤੀ। ਕਹਾਣੀਆਂ ਦੀਆਂ ਕਿਤਾਬਾਂ ‘ਤੇ ਚਿੜੀਆਂ ਉੱਡ ਗਈਆਂ’ ਅਤੇ ‘ਕੰਧ ਤੇ
ਰਿਸ਼ਤਾ’ ਵਿੱਚ ਹੋਰ ਵਿਸ਼ਿਆਂ ਦੇ ਨਾਲ਼ ਨਾਲ਼ ਫਾਲਤੂ ਸਮਾਨ ਵਾਂਗ
ਬੇਸਮੈਂਟਾਂ ਵਿੱਚ ਸੁੱਟੇ ਮਾਪਿਆਂ ਦਾ ਦਰਦ ਬਿਆਨ ਕੀਤਾ ਹੈ। ‘ਇੰਡੋ
ਕੈਨੇਡੀਅਨ ਟਾਈਮਜ਼’ ਵਿੱਚ ਛਪਦੇ ਉਹਦੇ ਰਾਜਨੀਤਕ, ਸਮਾਜਕ, ਸਾਹਿਤਕ,
ਧਾਰਮਿਕ ਲੇਖ ਵੱਡੇ ਵੱਡਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੰਦੇ ਹਨ।
ਇਸੇ ਸ਼ਹਿਰ ਵਸਦੀ ਪਰਮਿੰਦਰ ਸਵੈਚ ਕਵਿਤਾਵਾਂ, ਕਹਾਣੀਆਂ, ਨਾਟਕਾਂ,
ਲੇਖਾਂ ਨਾਲ਼ ਸਮਾਜ ਵਿੱਚ ਸੁਧਾਰ ਲਿਆਉਣ ਦਾ ਸਿਰਤੋੜ ਯਤਨ ਕਰ ਰਹੀ ਹੈ।
ਜਦੋਂ ਪੰਜਾਬ ਵਿੱਚ ਕੰਨਿਆ ਭਰੂਣ ਹੱਤਿਆ ਸਿਖ਼ਰ ’ਤੇ ਸੀ ਤੇ ਕੈਨੇਡਾ ਵਿੱਚ
ਟਾਵੇਂ ਟਾਵੇਂ ਗਰਭਪਾਤ ਹੋਣ ਲੱਗ ਪਏ ਸਨ, ਉਸ ਨੇ ਨਾਟਕ ‘ਭਲਾ ਮੈਂ ਕੌਣ?’
ਨਾਲ਼ ਇਸਦੇ ਖ਼ਿਲਾਫ਼ ਜਹਾਦ ਛੇੜਿਆ, ਸਮਾਂ ਅੱਗੇ ਤੁਰਿਆ, ਗੈਂਗਸਟਰ ਸਰਗਰਮ
ਹੋਏ ਤਾਂ ਉਹਨੇ ਗੈਂਗਵਾਰ ਦਾ ਸੇਕ ਘਰਾਂ ਵਿੱਚ ਪਹੁੰਚਣ ਤੋਂ ਪਹਿਲਾਂ
ਹੀ ਨਾਟਕ ‘ਬਲ਼ਦਾ ਬਿਰਖ’ ਨਾਲ਼ ਲੋਕਾਂ ਨੂੰ ਸੁਚੇਤ ਕੀਤਾ।
ਨਾਟਕਾਂ ‘ਤਵਾਰੀਖ ਬੋਲਦੀ ਹੈ’ ਰਾਹੀਂ ਗਦਰੀ ਬਾਬਿਆਂ ਤੇ ‘ਲਾਸ਼ ਦਾ ਮੁੱਲ’
ਰਾਹੀਂ ਜਲ੍ਹਿਆਂ ਵਾਲ਼ਾ ਬਾਗ ਦੇ ਸ਼ਹੀਦਾਂ ਦੀ ਯਾਦ ਨੂੰ ਫੁੱਲ ਚੜ੍ਹਾਏ।
ਵਿਦਿਆਰਥੀਆਂ ਦੇ ਮੁੱਦੇ ’ਤੇ ਨਾਟਕ ‘ਜੰਨਤ’ ਲੋਕਾਂ ਦੀਆਂ ਅੱਖਾਂ ਖੋਲ੍ਹ
ਰਿਹੈ। ਫਿਲਸਤੀਨ ਬਾਰੇ ਲਿਖੀਆਂ ਉਹਦੀਆਂ ਕਵਿਤਾਵਾਂ ਕਾਲ਼ਜਿਆਂ ਵਿੱਚ ਛੇਕ
ਕਰ ਰਹੀਆਂ ਨੇ।
ਇਹੋ ਜਿਹੇ ਗੰਧਲ਼ੇ ਮਾਹੌਲ ਵਿੱਚ ਬਿੰਦੂ ਦਲਵੀਰ
ਮਠਾਰੂ ਕਾਵਿ-ਸੰਗ੍ਰਿਹਾਂ ‘ਸੁਰ ਇਲਾਹੀ’ ਤੇ ‘ਹਰਫ਼ ਇਲਾਹੀ’ ਰਾਹੀਂ
ਸੂਫ਼ੀ-ਰੰਗੀਆਂ ਕਵਿਤਾਵਾਂ ਗ਼ਜ਼ਲਾਂ ਨਾਲ਼ ਬੇਚੈਨ ਰੂਹਾਂ ਨੂੰ ਚਾਨਣ ਦੇ ਲੜ ਲਾ
ਰਹੀ ਹੈ:
ਬਾਹਰ ਲਗਦਾ ਨ੍ਹੇਰਾ ਸਭ ਨੂੰ, ਧੁਰ ਤੋਂ ਦੀਵਾ
ਜਗਦਾ ਅੰਦਰ ਜਦ ਤਨ ਮਨ ਦੋਵਾਂ ਦਾ ਏਕਾ, ਨਾਦ ਖ਼ੁਸ਼ੀ ਦਾ ਵਜਦਾ ਅੰਦਰ
ਉਹਦੇ ਸ਼ਬਦਾਂ ਵਿੱਚ ਪਰਵਾਸੀ ਨਾਰੀ ਦਾ ਹਾਲ ਜਾਣ ਲਓ:
ਲੇਖ ਹੰਢਾਵੇ ਦਰਦ ਵੰਡਾਵੇ ਧੀ ਭੈਣ ਮਾਂ ਦੇ ਭੇਸ ਵਿੱਚ ਮਾਪੇ ਧੀਆਂ
ਹੱਥੀਂ ਤੋਰਨ, ਰੱਖ ਉਮੀਦਾਂ ਪਰਦੇਸ ਵਿੱਚ ਰਾਹਵਾਂ ਵਿੱਚ ਦੁੱਖ ਤੇ
ਸੁੱਖ, ਭੇਤ ਭਰੀਆਂ ਕਹਾਣੀਆਂ ਕੁਝ ਕਹਿੰਦੀਆਂ ਕੁਝ ਸਹਿੰਦੀਆਂ
ਜਿੰਦੜੀਆਂ ਵਿਦੇਸ਼ ਵਿੱਚ
ਪੰਜਾਬ ਦੇ ਲਹੂ ਭਿੱਜੇ ਕਾਲ਼ੇ
ਦਿਨਾਂ ਦੇ ਦਸਤਾਵੇਜ਼ੀ ਕਹਾਣੀ ਸੰਗ੍ਰਹਿ ‘ਹੌਲ਼ਾ ਫੁੱਲ’ ਦੀ ਸਿਰਜਕ ਪ੍ਰੋ
ਹਰਿੰਦਰ ਸੋਹੀ ਨੇ ਵਾਰਤਕ ਪੁਸਤਕ ‘ਪੰਜਾਬੀ ਲੋਕ ਸਾਹਿਤ ਵਿੱਚ ਰਿਸ਼ਤਿਆਂ ਦਾ
ਤਾਣਾ-ਬਾਣਾ’ ਵਿੱਚ ਸਕੇ-ਸੋਧਰਿਆਂ ਨਾਲ਼ ਸਬੰਧਤ ਲੋਕ-ਗੀਤਾਂ ਦੇ ਸਾਰੇ ਰੂਪ,
ਗੀਤ, ਬੋਲੀਆਂ, ਟੱਪੇ, ਹੇਹਰੇ, ਘੋੜੀਆਂ, ਸੁਹਾਗ, ਲੋਰੀਆਂ, ਬੁਝਾਰਤਾਂ
ਆਦਿ ਦੇ ਨਾਲ਼ ਨਾਲ਼ ਪੰਜਾਬੀ ਰਹਿਤਲ ਦਾ ਅਜੇਹਾ ਵਿਸਥਾਰ ਦਿੱਤਾ ਹੈ, ਜਿਹੜਾ
ਇਹਨਾਂ ਰਿਸ਼ਤਿਆਂ ਦੀ ਗਹਿਰਾਈ ਨੂੰ ਸਮਝਣ ਅਤੇ ਮਾਣਨ ਵਿੱਚ ਹੋਰ ਸਹਾਈ
ਹੁੰਦਾ ਹੈ। ਹਰ ਕਾਂਡ ਦੇ ਅੰਤਲੇ ਪਹਿਰੇ ਵਿੱਚ ਉਸ ਰਿਸ਼ਤੇ ਦੇ ਉਮਰਾਂ ਤੱਕ
ਨਾਲ਼ ਨਿਭਣ ਤੇ ਜੁਗਾਂ ਜੁਗਾਤਰਾਂ ਤੱਕ ਜਿਊਂਦੇ ਰਹਿਣ ਦੀ ਦੁਆ ਪਾਠਕ-ਮਨ
ਨੂੰ ਹੁਲ੍ਹਾਰਾ ਦਿੰਦੀ ਹੈ ਤੇ ਇਸ ਸੁਹੰਢਣੇ ਸੱਚ ਦਾ ਸਬੂਤ ਵੀ ਕਿ ਸੱਤ
ਸਮੁੰਦਰ ਪਾਰ ਕਰ ਕੇ ਵੀ ਪੰਜਾਬ ਦੀਆਂ ਧੀਆਂ ਦੇ ਦਿਲਾਂ ਵਿੱਚ ਪੰਜਾਬ ਵਸ
ਰਿਹਾ ਹੈ।
ਦਵਿੰਦਰ ਕੌਰ ਜੌਹਲ ਪੰਜਾਬੀ ਸੱਭਿਆਚਾਰ ਦੇ ਸੁੱਚੇ
ਦੁੱਧ ਵਿੱਚ ਗੁੰਨ੍ਹ ਕੇ ਕਵਿਤਾ ਤੇ ਗੀਤ ਰਚ ਰਹੀ ਹੈ। ਉਹਦੀ ਕਿਤਾਬ
‘ਚੁੰਨੀ ਰੰਗ ਦੇ ਲਲਾਰੀਆ ਮੇਰੀ’ ਤੇ ਹੋਰ ਕਾਵਿ-ਪੁਸਤਕਾਂ ਜ਼ਿੰਦਗੀ ਦਾ
ਲਗਭਗ ਹਰ ਕੌੜਾ ਪਲ ਸਾਂਭੀ ਬੈਠੀਆਂ ਹਨ ਤੇ ਇਹਨਾਂ ਕੁੜੱਤਣਾਂ ਨੂੰ ਦੂਰ
ਕਰਕੇ ਜ਼ਿੰਦਗੀ ਨੂੰ ਜਿਊਣ ਯੋਗ ਬਣਾਉਣ ਲਈ ਸੁਝਾਅ ਵੀ ਦਿੰਦੀਆਂ ਹਨ:
ਹਉਮੈਂ ਵਿਚ ਉਬਾਲੇ ਖਾਨਾ ਏਂ,ਕਦੇ ਮੱਠੀ ਅੱਗੇ ਕੜ੍ਹਿਆ ਕਰ
ਚੰਮ ਦੀਆਂ ਸਦਾ ਚਲਾਨਾ ਏਂ,ਗੱਲ ਦੂਜੇ ਦੀ ਵੀ ਜਰਿਆ ਕਰ
ਗੁਆਚ ਰਹੀ ‘ਪੰਜਾਬੀ ਬੋਲੀ’ ਨੂੰ ਉਹ ‘ਗੁਆਚੀ ਕੁੜੀ’ ਬਣਾ ਕੇ ਲੱਭਣ ਦੀ
ਗੁਹਾਰ ਲਾਉਂਦੀ ਹੈ:
ਉਹ ਕੁੜੀ ਹੈ ਸਾਡੀ ਪੰਜਾਬੀ ਬੋਲੀ
ਕਣ ਕਣ ਵਿੱਚ ਜਿਸ ਮਿਸ਼ਰੀ ਘੋਲੀ
ਹਯਾਤੀ ਦੇ ਸਾਰੇ ਰੰਗ ਮਾਣਨ
ਲਈ ਉਤਸ਼ਾਹਿਤ ਕਰਦੀ ਰੂਪਿੰਦਰ ਖਹਿਰਾ ਰੂਪੀ ਕਾਵਿ ਸੰਗ੍ਰਿਹ ‘ਕਦਮ ਕਦਮ
ਚਾਲ’ ਰਾਹੀਂ ਡਾਢਿਆਂ ਨਾਲ਼ ਆਢਾ ਲਾਉਣ ਦਾ ਹੀਆ ਭਰ ਰਹੀ ਹੈ:
ਸੁਪਨਿਆਂ ਦੇ ਅੰਬਰਾਂ ’ਤੇ ਚਮਕਦੇ ਤਾਰਿਓ ਸੂਰਜਾਂ ਦੀ ਚਮਕ ਤੋਂ ਨਾ
ਕਦੇ ਵੀ ਹਾਰਿਓ !
ਜਦੋਂ ਉਹ ਵਰ੍ਹਿਆਂ ਬਾਅਦ ਪੰਜਾਬ
ਪਰਤਦੀਆਂ ਨੇ, ਤਾਂ ਉਹੀ ਘਰ ਨਾ ਲੱਭਣ ਕਰਕੇ ਕਾਲ਼ਜੇ ਨੂੰ ਪੈਂਦੀ ਖੋਹ
ਕਵਿਤਾ ਬਣ ਜਾਂਦੀ ਹੈ, ਇਹੋ ਜਿਹੀਆਂ ਦਰੇਗਮਈ ਕਾਵਿ-ਸਤਰਾਂ ਨੇ ਅਹਿਸਾਸਵੰਦ
ਕਵਿਤਾ ਲਿਖਦੀ ਨਿਰਮਲ ਗਿੱਲ ਦੀਆਂ:
ਵੇਖਦਿਆਂ ਵੇਖਦਿਆਂ ਹੀ
ਬਦਲ ਗਿਆ ਸਭ ਕੁਝ ਪਰ ਮੇਰੇ ਚੇਤਿਆਂ ਵਿੱਚ ਤਾਂ ਕੱਚੀਆਂ ਕੰਧਾਂ
ਵਿੱਚ ਘਿਰਿਆ ਉਹੀ ਵਿਹੜਾ ਵੱਸਦਾ ਛਿੜਕ ਕੇ ਸੁੰਭਰਨ ਨਾਲ਼ ਹੀ ਜਿਸਦਾ ਹਰ
ਕੋਨਾ ਸੀ ਹੱਸਦਾ ਭਾਵੇਂ ਅੱਜ ਲੈ ਲਈ ਹੈ ਸੰਗਮਰਮਰੀ ਪੱਥਰਾਂ ਨੇ ਥਾਂ
ਹੇ ਰਾਮ ਮੈਨੂੰ ਵੀ ਤੇਰੇ ਵਾਂਗ ਘਰੋਂ
ਬੇਘਰ ਹੋ ਕੇ ਦਰ ਦਰ ਭਟਕਣਾ ਪਿਆ ਸੀ ਇੰਨਾ ਲੰਬਾ ਬਨਵਾਸ ਪਤਾ
ਨਹੀਂ ਕਿਹੜੇ ਕਿਹੜੇ ਗੁਆਚੇ ਰਿਸ਼ਤਿਆਂ ਦੀ ਭਾਲ਼ ਵਿੱਚ ਜਦ
ਬਨਵਾਸ ਤੋਂ ਪਰਤੀ/ਨਾ ਮਾਂ ਲੱਭੀ ਨਾ ਬਾਪ ਫੇਰ ਮੈਂ ਆਪ ਹੀ
ਬਨਵਾਸ ਲੈ ਬੈਠੀ ਸਾਂ ਪਰਤਣ ਦੇ ਖ਼ਿਆਲ ਨੂੰ ਪਰ੍ਹੇ ਕਰ ਕੇ-
ਨੀਟਾ ਬਲਵਿੰਦਰ ਜੌਹਰ, ਬਰੈਂਪਟਨ, ਉਂਟਾਰੀਓ
ਗਏ ਸੀ ਜੋ ਵਿਦੇਸ਼ਾਂ ਨੂੰ ਘਰਾਂ ਦੇ ਹਾਸਿਆਂ ਖ਼ਾਤਰ ਜਦੋਂ
ਪਰਤੇ, ਦਰਾਂ ਦੇ ਰੁਦਨ ਨੇ ਹੈਰਾਨ ਕੀਤਾ ਸੀ ਮੇਰੇ ਨਿਰਵਾਣ ਦੇ ਸਿਰ
’ਤੇ ਯਸ਼ੋਧੇ ਕਰਜ਼ ਹੈ ਤੇਰਾ ਮੇਰਾ ਗੌਤਮ ਤੋਂ ਬੁੱਧ ਹੋਣਾ ਵੀ ਤੂੰ ਆਸਾਨ
ਕੀਤਾ ਸੀ
ਵਰਗੀ ਵੱਡ-ਅਰਥੀ ਗ਼ਜ਼ਲ ਲਿਖਣ ਵਾਲ਼ੀ ਨੀਲੂ ਜਰਮਨੀ
ਨੇ ਗ਼ਜ਼ਲ-ਖੇਤਰ ਵਿੱਚ ਬੜੀ ਸਨਮਾਨ ਯੋਗ ਜਗਾਹ ਹਾਸਿਲ ਕੀਤੀ ਹੈ।
ਤੇ
ਇਹ ਤਾਂ ਹੋ ਹੀ ਨਹੀਂ ਸਕਦਾ ਕਿ ਨਾਰੀ-ਕਾਵਿ ਹੋਵੇ ਤੇ ਇਸ ਵਿੱਚੋਂ ਮੁਹੱਬਤ
ਗ਼ੈਰ ਹਾਜ਼ਿਰ ਹੋਵੇ, ਉਂਝ ਤਾਂ ਸਭ ਦੀਆਂ ਲਿਖਤਾਂ ਵਿੱਚ ਹੀ ਇਹ ਕਸਤੂਰੀ
ਆਪਣੀ ਮਹਿਕ ਬਿਖੇਰਦੀ ਹੈ, ਪਰ ਕਿਸੇ ਕਿਸੇ ਦੀਆਂ ਨਜ਼ਮਾਂ ਵਿੱਚ ਅਥਾਹ
ਸ਼ਿੱਦਤ ਨਾਲ਼ ਹਾਜ਼ਿਰ ਹੈ: ਮਾਹੀ ਸਾਡਿਆਂ ਰਾਹਾਂ ’ਚੋਂ
ਜਦ ਲੰਘਿਆ,ਬਹਿਸ਼ਤਾਂ ਦੇ ਰਾਹ ਖੁੱਲ੍ਹ ਗਏ ਮੱਥੇ ਲੱਗਿਐਂ ਬੰਦੇ ਦੀ
ਜੂਨੀ, ਤੂੰ ਅਸਲੋਂ ਫ਼ਕੀਰ ਮਹਿਰਮਾ! ਦੇਵੇ ਵੰਝਲੀ ਦੀ ਹੂਕ ਸੁਣਾਈ,ਦਰਾਂ
’ਤੇ ਲੈ ਆ ਖ਼ੈਰ ਅੰਮੀਏ!.....-ਦਵਿੰਦਰ
ਬਾਂਸਲ, ਸਕਾਰਬਰੋ
ਦੇਸੋਂ ਪਰਦੇਸ ਹੋਈਆਂ ਮੁਹੱਬਤਾਂ ਬਾਰੇ ਬਲਵਿੰਦਰ ਕੌਰ ਬਰਾੜ,
ਕੈਲਗਿਰੀ ਦਾ ਨਾਵਲ ‘ਅੰਗੂਠੇ ਦਾ ਨਿਸ਼ਾਨ’ ਤੇ ਰੁਮਾਂਸਵਾਦੀ ਕਵਿਤਾ ਲਿਖਦੀ
ਪਰਮ ਸਰਾਂ, ਟੋਰਾਂਟੋ ਦੀ ਕਾਵਿ ਕਿਤਾਬ ‘ਤੂੰ ਕੀ ਜਾਣੇਂ’ ਵੀ ਮੁਹੱਬਤ ਦੇ
ਜਲੌਅ ਦੇ ਭਰਪੂਰ ਦਰਸ਼ਨ ਕਰਾਉਂਦੀਆਂ ਹਨ।
ਪ੍ਰਿਤਪਾਲ ਚਾਹਲ, ਵਿਨੀਪੈਗ ਕਹਾਣੀਆਂ, ਨਾਵਲਾਂ, ਕਵਿਤਾਵਾਂ ਵਿੱਚ ਮਨ ਦੇ
ਵਲਵਲੇ ਗੁੰਦ ਰਹੀ ਹੈ:
ਇੱਕ ਅਣਪੜ੍ਹੀ ਕਿਤਾਬ ਹਾਂ
ਮੈਂ, ਕਦੀ ਪੜ੍ਹ ਕੇ ਮੈਨੂੰ ਦੇਖ ਜ਼ਰਾ ਮੇਰਾ ਇੱਕ
ਇੱਕ ਅੱਖਰ ਜਗਦਾ ਹੈ,ਕਦੀ ਹੱਥ ਵਿੱਚ ਫੜ ਕੇ ਦੇਖ ਜ਼ਰਾ
ਹਰਸ਼ਰਨ
ਕੌਰ, ਸਰੀ, ਮੁਹੱਬਤ, ਬਿਰਹਾ, ਔਰਤ ਦੇ ਅੰਤਰਮਨ ਦੀ ਜਦੋਜਹਿਦ ਤੇ ਕੁਦਰਤ,
ਨੂੰ ਕਵਿਤਾ ਅਤੇ ਵਾਰਤਕ ਦਾ ਰੂਪ ਦਿੰਦੀ ਹੈ। ਕਵਿਤਾ ਜਿਹੜੀਆਂ ਹੁਸੀਨ
ਵਾਦੀਆਂ ਵਿੱਚੋਂ ਗ਼ੁਜ਼ਰ ਕੇ ਅੱਖਰਾਂ ਦਾ ਲਿਬਾਸ ਪਹਿਨਦੀ ਹੈ, ਉਨ੍ਹਾਂ
ਫੁੱਲਦਾਰ ਵਾਦੀਆਂ ਦਾ ਡਾ.ਜਸ ਮਲਕੀਤ, ਕਲੌਵਰਡੇਲ ਦੇ ਦਿਲ ਵਿੱਚ ਭਰਵਾਂ
ਵਸੇਬਾ ਹੈ:
ਵਿਤਕਰੇ ਦੀ ਰੀਤ ਬੰਦਾ ਆਪ
ਸਵੀਕਾਰਦਾ ਫਰਕ ਰੱਖਦੀ ਤ੍ਰੇਲ ਕਦੋਂ,ਫੁੱਲ ਦਾ ਤੇ ਖ਼ਾਰ ਦਾ
ਹੂੰਝ ਦੇਵਾਂ ਹੰਝੂ ਤੇ ਵੰਡ ਦੇਵਾਂ ਹਾਸੇ,ਸਭ ਦੇ ਬੋਲ
ਪੁਗਾਉਣ ਦਾ ਜੀ ਕਰਦਾ ਹੈ ਸ਼ੈਤਾਨ ਨੂੰ ਵੀ ਇਨਸਾਨ ਬਣਾ ਦੇਵਾਂ,ਜ਼ਿਮੀਂ
ਨੂੰ ਸਵਰਗ ਬਣਾਉਣ ਦਾ ਜੀ ਕਰਦਾ ਹੈ
ਸ਼ਾਇਰਾ ਪ੍ਰੀਤ ਅਟਵਾਲ
ਪੂਨੀ, ਸਰੀ ਨੇ ਬਹੁਤ ਪਹਿਲਾਂ ਲਿਖਿਆ ਸੀ:
ਸਮੇਂ ਦੀਏ ਪੌਣੇ
ਜ਼ਰਾ ਸਹਿਜੇ ਜਿਹੇ ਵਗ ਨੀ ਜ਼ਖ਼ਮ ਨੇ ਅੱਲੇ,ਉੱਤੋਂ ਤੱਤੇ ਤੇਰੇ ਬੁੱਲੇ ਨੀ
ਰੁੱਤ ਨਿਰਦਈ,ਭੈੜੇ ਹਾੜ ਬਣ ਝੁੱਲੇ ਨੀ ਹਿੰਮਤਾਂ ਤੇ ਸੋਝੀਆਂ ਨੂੰ
ਕਾਹਤੋਂ ਲਿਆ ਠੱਗ ਨੀ
ਤੇ ਹੁਣ ਉਹ ਲਿਖਦੀ ਹੈ:
ਯੁੱਗਾਂ ਤੋਂ ਮੈਂ ਬਲ਼ਦੀ ਆਈ, ਤੈਨੂੰ ਚਾਨਣ ਕਰਦੀ ਆਈ ਹੋਰ ਨਾ ਕਰ
ਮਜਬੂਰ ਤੂੰ ਮੈਨੂੰ,ਹੁਣ ਹਰਗਿਜ਼ ਮਨਜ਼ੂਰ ਨਾ ਮੈਨੂੰ
ਏਥੇ
ਵਿਚਰਦਿਆਂ ਮੈਂ ਆਪਣੀ ਲੇਖਣੀ ਵਿੱਚ ਵੀ ਬਦਲਾਅ ਮਹਿਸੂਸ ਕੀਤਾ। ਜਦੋਂ 2001
ਵਿੱਚ ਪਹਿਲੀ ਵਾਰ ਕੈਨੇਡਾ ਆਈ ਸੀ ਤਾਂ ਇੱਕ ਸਜਵਿਆਹੀ ਮੁਟਿਆਰ ਦੀ ਮੰਦੀ
ਹਾਲਤ ਬਾਰੇ ਜਾਣਿਆ, ਜਿਹੜੀ ਇੱਕ ਤਰ੍ਹਾਂ ਘਰ ਵਿੱਚ ਕੈਦ ਸੀ, ਜਿਹਨੂੰ ਨਾ
ਮਾਪਿਆਂ ਨੂੰ ਫੋਨ ਕਰਨ ਦੀ ਆਗਿਆ ਸੀ ਨਾ ਕਿਸੇ ਸਕੇ ਸਬੰਧੀ ਨੂੰ ਮਿਲਣ ਦੀ,
ਤੇ ਇੱਕ ਦਿਨ ਮੇਰੀ ਕਲਪਨਾ ਵਿੱਚ ਉਹਨੂੰ ਖਿੜਕੀ ’ਤੇ ਆ ਬੈਠੀ ਚਿੜੀ ਆਪਣੇ
ਪਿੰਡੋਂ ਆਈ ਲੱਗੀ, ਉਹ ਚਿੜੀ ਅੱਗੇ ਢਿੱਡ ਫਰੋਲਣ ਲੱਗ ਪਈ:
ਆ ਮੇਰੇ ਸੀਨੇ ਦੇ ਨਾਲ਼ ਲੱਗ ਜਾ ਨੀ! ਪੇਕੇ-ਪਿੰਡ ਤੋਂ ਆਈਏ
ਨੀ ਚਿੜੀਏ! ਹਾੜ੍ਹਾ! ਮੇਰਾ ਹਾਲ ਸੁਣ ਕੇ ਉੱਡ ਜਾ ਨੀ! ਮੇਰੀ ਮਿੱਟੀ
ਦੀਏ ਮਿੱਠੀਏ ਨੀ ਪੁੜੀਏ! ਕਹੀਂ ਬਾਪੂ ਨੂੰ ਕੱਚੀ ਗਰੀ ਤੇਰੀ ਭੋਰਾ
ਭੋਰਾ ਹੋ ਕੇ ਭੁਰ ਰਹੀ ਹੈ ਵਿੱਚ ਪਰਦੇਸ ਨਾ ਮਨ ਮੀਤ ਮਿਲ਼ਿਆ,ਆਪਣਾ ਦੇਸ
ਛੱਡ ਕੇ ਝੁਰ ਰਹੀ ਹੈ ਮੇਰੇ ਹੰਝੂ ਜੋ ਚੁੰਝ ਵਿੱਚ ਭਰ ਲਏ ਤੂੰ,ਕਿੰਝ
ਬਾਬਲ ਦੇ ਹੱਥ ਟਿਕਾਵੇਂਗੀ? ਨੀ ਤੂੰ ਸਭਨਾਂ ਨੂੰ ਰੁਆਵੇਂਗੀ,
ਪੇਕੇ-ਪਿੰਡ ਤੋਂ ਆਈਏ ਨੀ ਚਿੜੀਏ!
ਤੇ ਅੱਜਕਲ੍ਹ ਅੱਤਿਆਚਾਰੀ
ਪਤੀ ਨੂੰ 911 ਨੰਬਰ ਡਾਇਲ ਕਰ ਕੇ ਸਬਕ ਸਿਖਾਉਂਦੀਆਂ ਨੂੰ ਦੇਖ ਕੇ ਲਿਖਿਆ:
ਸੱਜਣ! ਸ਼ਤਰੰਜ ਚੁੱਕ ਆਪਣੀ ਮੈਂ ਕੋਈ ਨਰਦ ਨਹੀਂ ਹਾਂ ਮੈਂ
ਤੇਰੇ ਹਾਣ ਦੀ ਹਾਂ ਤੇਰੇ ਘਰ ਦੀ ਗਰਦ ਨਹੀਂ ਹਾਂ ਮੈਂ ਹੁਣ ਜ਼ਲੀਲ ਨਹੀਂ
ਹੋਣਾ, ਮੈਂ ਹੁਣ ਕੁਰਬਾਨ ਨਹੀਂ ਹੋਣਾ
ਬੇਸ਼ੱਕ ਅਜੇਹਾ ਜੇਰਾ
ਕਿਸੇ ਕਿਸੇ ਵਿੱਚ ਹੀ ਹੈ। ਬਹੁਤੀਆਂ ਦੇ ਪੈਰਾਂ ਨੂੰ ਤਾਂ ਮਾਪਿਆਂ ਤੇ
ਭੈਣ-ਭਰਾਵਾਂ ਨੂੰ ਏਧਰ ਬੁਲਾਉਣ ਦੇ, ਖਾਨਦਾਨ ਦੀ ਲਾਜ ਦੇ, ਬੱਚਿਆਂ ਦੇ
ਭਵਿੱਖ ਦੇ ਸੰਗਲ਼ ਪਏ ਹੋਏ ਨੇ। ਛੇ ਕਾਵਿ-ਸੰਗ੍ਰਹਿ,' ਨਾ! ਮੰਮੀ ਨਾ!'
ਸਮੇਤ ਤਿੰਨ ਵਾਰਤਕ ਪੁਸਤਕਾਂ,ਇੱਕ ਬਾਲ-ਪੁਸਤਕ ਦੇਸ ਵਿੱਚ ਲਿਖਣ ਤੋਂ ਬਾਅਦ
ਮੈਂ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ' ਅਤੇ ਦੋ ਬਾਲ-ਪੁਸਤਕਾਂ 'ਰੁੱਖਾਂ
ਦੀ ਅੰਤਾਕਸ਼ਰੀ' ਤੇ ‘ਜਸ਼ਨਾਂ ਦਾ ਵਿਹੜਾ' ਪਰਵਾਸ ਸਮੇਂ ਹੀ ਲਿਖੀਆਂ ਹਨ ਅਤੇ
'ਪਰਦੇਸਾਂ ਵਿੱਚੋਂ ਚੁਗੇ ਹਰਫ਼' ਛਪਾਈ ਅਧੀਨ ਹੈ ।
ਕਹਾਣੀਕਾਰਾ
ਜਸਬੀਰ ਮਾਨ, ਸਰੀ ਨੇ ਪਹਿਲੀ ਕਿਤਾਬ ‘ਸਾਜਨ ਕੀ ਬੇਟੀਆਂ’ ਵਿੱਚ
ਪਰਵਾਸੀ-ਜੀਵਨ ਦਿਖਾਇਆ, ਜਿਸ ਵਿੱਚ ਚੰਗੇ ਮੰਦੇ ਵਰਤਾਰੇ, ਤਕਲੀਫ਼ਾਂ,
ਹੰਝੂ, ਹਾਉਕੇ ਸ਼ਾਮਿਲ ਸਨ,ਪਰ ਨਵੇਂ ਕਹਾਣੀ ਸੰਗ੍ਰਹਿ ‘ਸ਼ਗਨਾਂ ਦੀ ਚੁੰਨੀ’
ਤੱਕ ਪਹੁੰਚਦਿਆਂ ਉਹਦੀ ਨਾਇਕਾ ਏਨੀ ਸਮਰੱਥ ਹੋ ਗਈ ਹੈ ਕਿ ਸਮਾਜਕ
ਰਹੁ-ਰੀਤਾਂ ਤੋਂ ਵੱਖਰੇ ਫ਼ੈਸਲੇ ਲੈ ਸਕਦੀ ਹੈ। ਇਸੇ ਨਾਂ ਦੀ ਕਹਾਣੀ ਵਿੱਚ
ਜੋਬਨ ਰੁੱਤੇ ਵਿਧਵਾ ਹੋਈ ਨਿੰਦਰ ਦੀ ਧੀ ਸਿੰਮੀ ਆਨੰਦ-ਕਾਰਜ ਸਮੇਂ ਪੱਲਾ
ਫੜਾਉਣ ਦੀ ਰਸਮ ਵੇਲ਼ੇ ਪੱਲਾ ਚਾਚੇ ਤਾਏ ਦੀ ਥਾਂ ਆਪਣੀ ਮਾਂ ਦੇ ਹੱਥੋਂ
ਫੜਵਾ ਕੇ ਸਾਰਿਆਂ ਨੂੰ ਹੱਕੇ ਬੱਕੇ ਕਰ ਦਿੰਦੀ ਹੈ।
ਹੁਣ ਔਰਤ ਏਨੇ
ਜੋਗੀ ਹੋ ਗਈ ਹੈ ਕਿ ਵਧੀਕੀਆਂ ਕਰਨ ਵਾਲ਼ੇ ਮਰਦ ਨੂੰ ਸ਼ੀਸ਼ਾ ਦਿਖਾ ਸਕਦੀ ਹੈ।
ਟੀਵੀ ਅਤੇ ਰੇਡੀਓ ਮੀਡੀਆ ਰਾਹੀਂ ਚਾਨਣ ਦੇ ਛਿੱਟੇ ਮਾਰਦੀ ਮਨਜੀਤ ਕੰਗ
ਕਹਿੰਦੀ ਹੈ:
ਮੈਂ ਉੱਡਦੀ, ਨਾ ਉੱਡਦੀ, ਇਹ ਗੱਲ ਸੀ ਪਿੱਛੋਂ
ਦੀ ਤੈਨੂੰ ਚਿੰਤਾ ਈ ਮਾਰ ਗਈ ਮੇਰੇ ਖੰਭ ਖਿਲਾਰੇ ਦੀ
ਤੇ
ਉਹ
ਕਿਹੜੀ ਗੱਲ ਜਿਹੜੀ ਹੋਣੀ ਨਹੀਂ ਸੀ ਬਹਿ ਕੇ ਤੂੰ ਤਾਂ ਐਵੇਂ ਲੜੀ ਗਿਆ
ਬੇਬੇ ਜੀ ਦੀ ਸ਼ਹਿ ’ਤੇ
ਇਹ ਦਲੇਰੀ ਸਾਹਿਤਕ ਹਲਕਿਆਂ ਵਿੱਚ
ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕੀ ਗ਼ਜ਼ਲਕਾਰਾ ਸੁਖਜੀਤ ਕੌਰ ਦੀਆਂ ਗ਼ਜ਼ਲਾਂ
ਵਿੱਚੋਂ ਅਕਸਰ ਝਲਕਦੀ ਹੈ:
ਉਹਦੇ ਬੋਲ ਤਾਂ ਹਾਲੇ ਵੀ ਭੂਚਾਲ਼ ਜਿਹੇ
ਨੇ, ਪਰ ਮੈਂ ਪਹਿਲਾਂ ਵਾਂਗਰ ਢਹਿਣਾ ਛੱਡ ਦਿੱਤਾ ਏ ਜਿਹੜਾ ਪਰਬਤ
ਸਾਹਵੇਂ ਆਇਆ ਖੋਰ ਦਏਗੀ, ਏਸ ਨਦੀ ਨੇ ਡਰ ਕੇ ਵਹਿਣਾ ਛੱਡ ਦਿੱਤਾ ਏ
ਰੱਬ ਨੇ ਮੈਨੂੰ ਔਰਤ ਤੇ ਤੈਨੂੰ ਮਰਦ ਬਣਾਇਆ ਹੈ, ਇਸ ਵਿੱਚ
ਮੇਰੀ ਹੇਠੀ ਕੀ, ਤੇਰੀ ਕੀ ਵਡਿਆਈ ਹੂ
ਡੈਲਟਾ ਵਿੱਚ ਬਲਵੀਰ
ਢਿੱਲੋਂ ਔਰਤ ਨੂੰ ਪੇਸ਼ ਆਉਂਦੀਆਂ ਦੁਸ਼ਵਾਰੀਆਂ, ਜਾਇਦਾਦ ਕਰਕੇ ਆਪਣਿਆਂ
ਨਾਲੋਂ ਟੁੱਟਣਾ, ਨੂੰਹ ਸੱਸ ਦੇ ਰਿਸ਼ਤੇ ਦੀ ਕੁੜੱਤਣ, ਦੂਹਰੇ ਮਾਪਦੰਡਾਂ,
ਫਰੇਬ ਨੂੰ ਅਧਾਰ ਬਣਾ ਕੇ ਆਪਣੀਆਂ ਭਾਵਨਾਵਾਂ ਕਵਿਤਾ ਵਿੱਚ ਪ੍ਰਗਟ ਕਰ ਰਹੀ
ਹੈ ਤੇ ਕਿਤੇ ਕਿਤੇ ਵਿਅੰਗ ਰਾਹੀਂ ਚੋਟਾਂ ਮਾਰ ਰਹੀ ਹੈ:
ਝੂਠ ’ਤੇ ਪਰਦਾ ਪਾਉਣ ਲਈ, ਸਭ ਰਿਸ਼ਤੇ ਦਾਅ ’ਤੇ ਲਾਏ ਸੀ ਲਹੂਆਂ ਵਿੱਚ
ਪੈ ਗਿਆ ਪਾਣੀ ਸੀ,ਆਪਣਿਆਂ ਦਗੇ ਕਮਾਏ ਸੀ
ਰਿਚਮੰਡ ਵਿਖੇ
ਅਨਮੋਲ ਕੌਰ ‘ਹੱਕ ਲਈ ਲੜਿਆ ਸੱਚ’ ਵਰਗੇ ਨਾਵਲ ਲਿਖ ਕੇ ਹੱਕ ਲਈ ਲੜਨ
ਵਾਲ਼ਿਆਂ ਵਿੱਚ ਜੋਸ਼ ਭਰ ਰਹੀ ਹੈ। ਲਾਲਚ ਵੱਸ ਪੜ੍ਹੀਆਂ ਲਿਖੀਆਂ ਧੀਆਂ ਦਾ
ਸਾਕ ਵੱਡੀ ਉਮਰ ਦੇ ਅਨਪੜ੍ਹਾਂ ਨਾਲ ਕਰਨ ਦੀ ਪੀੜ ਦਰਸਾਉਂਦੇ ਨਾਟਕ
‘ਰਿਸ਼ਤੇ’ ਨੇ ਵੀ ਮਾਪਿਆਂ ਨੂੰ ਝੰਜੋੜਿਆ ਹੈ। ਕਹਾਣੀ ਸੰਗ੍ਰਿਹ ‘ਜ਼ਮੀਰ’
ਅਤੇ ਸੈੱਲ-ਫੋਨ ਦੀ ਵਰਤੋਂ ਕਰਦਿਆਂ ਕੋਲ਼ ਬੈਠੇ ਮਾਪਿਆਂ ਨੂੰ ਮਨਫ਼ੀ ਕਰਦੀ
ਕਹਾਣੀ ‘ਗੱਲਾਂ ਦੀ ਮੌਤ’ ਬੇਹੱਦ ਚਰਚਿਤ ਹੋਈ ਹੈ।
ਕੈਨੇਡਾ ਦੇ ਉਂਟਾਰੀਓ ਪ੍ਰਾਂਤ ਵਿੱਚ ਰਹਿੰਦੀ ਸੁਰਜੀਤ ਟੋਰਾਂਟੋ ਬਹੁਪੱਖੀ
ਤੇ ਬਹੁਤ ਵਿਧਾਵੀ ਸਾਹਿਤਕਾਰਾ ਹੈ, ਉਸ ਨੇ ਪਹਿਲੀ ਪੁਸਤਕ ‘ਸ਼ਿਕਸਤ ਰੰਗ’
ਵਿੱਚ ‘ਦਾਜ ਦਾ ਸੰਦੂਕ’ ਤੇ ਮੇਰਾ ਘਰ ਕਿਹੜਾ’ ਵਰਗੀਆਂ ਨਜ਼ਮਾਂ ਨਾਲ਼ ਔਰਤ
ਦੀ ਹਾਸ਼ੀਆ ਗ੍ਰਸਤ ਜ਼ਿੰਦਗੀ ਦੀ ਵੇਦਨਾ ਨੂੰ ਕਲਮਬੱਧ ਕੀਤਾ ਹੈ। ਦੂਜੀ
ਪੁਸਤਕ ‘ਹੇ ਸਖੀ’ ਵਿੱਚ ਆਪਣੇ ਅੰਦਰ ਉੱਠਦੇ ਸਵਾਲਾਂ ਜਵਾਬਾਂ ਰਾਹੀਂ ‘ਸਵੈ
ਸੰਵਾਦ’ ਰਚਾਇਆ ਤੇ ਆਹਿਸਤਾ ਆਹਿਸਤਾ ਉਹਦੇ ਮਨ ਦੀ ਸਥਿਤੀ ‘ਵਿਸਮਾਦ’ ਵਿੱਚ
ਆ ਗਈ ਅਤੇ ‘ਰੰਗਸ਼ਾਲਾ’ ਵਿੱਚ ਵਿਚਾਰ ਦੁਨੀਆਂ ਭਰ ਵਿੱਚ ਫੈਲ ਗਏ,
ਕਿਸਾਨ-ਅੰਦੋਲਨ, ਸ਼ੋਸ਼ਲ ਮੀਡੀਆਂ, ਕਰੋਨਾ ਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ
ਵਰਗੇ ਵਿਸ਼ੇ ਇਸ ਪੁਸਤਕ ਦਾ ਹਿੱਸਾ ਬਣ ਗਏ। ‘ਪਾਰਲੇ ਪੁਲ’ ਕਹਾਣੀ ਸੰਗ੍ਰਹਿ
ਰਾਹੀਂ ਉਸਨੇ ਕੈਨੇਡਾ,ਅਮਰੀਕਾ ਵਿਚਲੀ ਜ਼ਿੰਦਗੀ ਦੇ ਵਰਤਾਰੇ ਉਜਾਗਰ ਕੀਤੇ
ਹਨ।
ਉਸੇ ਸ਼ਹਿਰ ਵਿੱਚ ਆਪਣੀ ਵਾਰਤਕ ਨਾਲ਼ ਚੇਤਨਾ ਦੇ ਦੀਵੇ ਜਗਾਉਣ
ਵਾਲ਼ੀ ਕਮਲਜੀਤ ਦੋਸਾਂਝ ਨੱਤ ਨਜ਼ਮ ‘ਕੋਰਾ ਕਾਗ਼ਜ਼’ ਵਿੱਚ ਕੁੜੀਆਂ ਦੀ ਹੋਂਦ
ਨੂੰ ਉਲ਼ੀਕਦੀ ਹੈ:
ਸੱਚ ਦੱਸਾਂ, ਤੂੰ ਵੀ ਸਾਡੀ ਕੁੜੀਆਂ ਵਾਂਗ
ਕਿਸਮਤ ਲਿਖਾਈ ਜਦੋਂ ਚਾਹਿਆ ਤੇਰੇ ’ਤੇ ਕਿਸੇ ਨੇ ਪਿਆਰ ਦੇ ਨਗਮੇ ਲਿਖੇ
ਤੇ ਕਦੀ ਗਮ ਦੇ ਵੈਣ ਲਿਖ ਦਿੱਤੇ ਤੇਰੀ ਆਪਣੀ ਤੇ ਕੋਈ ਔਕਾਤ ਹੀ
ਨਹੀਂ ਹੈ, ਬਿਲਕੁਲ ਸਾਡੇ ਵਾਂਗ
ਕਵਿੱਤਰੀ ਤੇ ਕਹਾਣੀਕਾਰਾ
ਰਸ਼ਪਾਲ ਕੌਰ ਗਿੱਲ ਦੀ ਕਿਤਾਬ ‘ਟਾਹਣੀਉਂ ਟੁੱਟੇ’ ਓਥੋਂ ਦੇ ਸਕੂਲੀ ਸਿਸਟਮ
ਤੇ ਉਸ ਸਮਾਜ ਵਿੱਚ ਵਿਚਰਦੇ ਪਰਵਾਸੀ ਬੱਚਿਆਂ ਦੀ ਮਾਨਸਿਕਤਾ ਦੀ ਬਾਤ
ਪਾਉਂਦੀ ਹੈ।
ਓਥੇ ਹੀ ਸਾਹਿਤ ਸਿਰਜਣਾ ਕਰ ਰਹੀ ਮਕਬੂਲ ਸ਼ਾਇਰਾ
ਪਰਮਜੀਤ ਦਿਓਲ ਦੀ ਕਵਿਤਾ ਜਦੋਂ ਗੀਤਾਂ ਗ਼ਜ਼ਲਾਂ ਦੇ ਰੂਪ ਵਿੱਚ ਪ੍ਰਗਟ
ਹੁੰਦੀ ਹੈ ਤਾਂ ਉਹਦੀ ਮਿੱਠੀ ਮਿੱਠੀ ਤਾਨ ਫ਼ਿਜ਼ਾਵਾਂ ਵਿੱਚ ਬਿਖਰ ਕੇ ਰੂਹਾਂ
ਨੂੰ ਸਰਸ਼ਾਰ ਕਰਦੀ ਹੈ:
ਇੱਕ ਚਰਖਾ ਮੇਰੇ ਬੁੱਲ਼੍ਹੇ ਕੱਤਿਆ,
ਦੂਜਾ ਕੱਤਿਆ ਤੂੰ ਜਦ ਮੈਂ ਚਰਖਾ ਕੱਤਣ ਲੱਗੀ,ਖਿੜ ਗਿਆ ਸੀ ਲੂੰ
ਲੂੰ ਆਪਣੀ ਪਹਿਲੀ
ਪੁਸਤਕ ‘ਸਾਹਾਂ ਦੀ ਪੱਤਰੀ’ ਵਿੱਚ ਉਹਨੇ ਲਿਖਿਆ ਸੀ:
ਮਾਂ!
ਮੈਂ ਸੰਤਾਪ ਭੋਗਿਆ/ਪਤੀ ਮਰਦ ਹੋਣ ਦਾ ਹੱਕ ਜਤਾਉਂਦਾ, ਤੇ ਉਸ ਦੇ ਮਾਂ
ਪਿਉ,ਪੁੱਤ ਵਾਲ਼ੇ ਹੋਣ ਦਾ ਰੋਜ਼ ਰੋਜ਼ ਸੂਈ ਦੇ ਨੱਕੇ ‘ਚੋਂ ਲੰਘਦੀ
ਵਕਤ ਨਾਲ਼ ਉਹਦੀ ਸੋਚ ਤੇ ਕਵਿਤਾ ਐਨਾ ਵਿਕਾਸ ਕਰ ਗਈ ਹੈ ਕਿ ਹੁਣ ਉਹ
ਲਿਖਦੀ ਹੈ:
ਮੈਂ ਤਾਂ ਸੂਰਜ ਦੇ ਪਿੰਡੇ ’ਤੇ
ਉਹ ਸ਼ਬਦ ਲਿਖ ਦਿਆਂ/ ਜੋ
ਮੱਚ ਕੇ ਉਘੜਨਗੇ ਮੈਂ ਲੁਹਾਰ ਦਾ ਉਹ ਲਾਵਾ ਹਾਂ/ਜਿਸ ਵਿੱਚ ਤੇਰੀ
ਹਉਮੈਂ ਨੂੰ ਸਾੜ ਕੇ ਸੁਆਹ ਕਰ ਦੇਵਾਂ
ਲਵੀਨ ਗਿੱਲ ਆਪਣੀਆਂ
ਨਜ਼ਮਾਂ, ਗ਼ਜ਼ਲਾਂ, ਗੀਤਾਂ ਵਿੱਚ ਭਖਦੇ ਚਲੰਤ ਵਿਸ਼ਿਆਂ ਨੂੰ ਪੇਸ਼ ਕਰਦੀ ਹੋਈ
ਸੁੱਚੇ ਰਿਸ਼ਤਿਆਂ ਦੀ ਆਰਤੀ ਉਤਾਰ ਰਹੀ ਹੈ। ਸੁਰਿੰਦਰਜੀਤ ਕੌਰ ਆਪਣੀਆਂ
ਨਜ਼ਮਾਂ ਨਾਲ਼ ਤੇ ਮਿੰਨੀ ਗਰੇਵਾਲ ਕਹਾਣੀਆਂ ਨਾਲ਼ ਮਾਂ-ਬੋਲੀ ਦੇ
ਖਜ਼ਾਨੇ ਭਰ ਰਹੀਆਂ ਨੇ।
ਸੁੱਤੀਆਂ ਸੰਵੇਦਨਾਵਾਂ ਜਗਾਉਂਦੀ ਸ਼ਿੰਦ
ਸ਼ਿੰਦਰ ਨੇ ਕਦੀ ਲਿਖਿਆ ਸੀ:
ਸ਼ਾਮ ਢਲੇ ਇੱਕ ਚੀਸ ਜਿਹੀ ਜਦ
ਸੀਨੇ ਵਿੱਚ ਸੁਲਘਦੀ ਹੈ ਟਸ ਟਸ ਕਰਦੀ ਰਾਤ ਰੀਂਗਦੀ,ਚੰਨ ਤਾਰੇ ਕੁਝ
ਕਹਿੰਦੇ ਨੇ
ਤੇ ਹੁਣ ਇੱਕ ਰਿਸ਼ਤੇਦਾਰ ਵੱਲੋਂ ਬੱਚੀ ਦੇ
ਬਲਾਤਕਾਰ ਤੋ ਬਾਅਦ ਲਿਖੀਆਂ ਕਾਵਿ-ਸਤਰਾਂ ਦੇਖੋ :
ਰਿਸ਼ਤੇ
ਹੁੰਦੇ ਨਹੀਂ ਇੱਕ ਸਾਰ ਮੁਲੰਮੇ ਹੁੰਦੇ ਖੋਟਾਂ
ਹੁੰਦੀਆਂ, ਛਲੇਡੇ ਹੁੰਦੇ, ਚੋਟਾਂ ਹੁੰਦੀਆਂ ਬਣ ਜਾ ਅੜੀਏ! ਚੰਡੀ ਦੀ
ਵਾਰ, ਚੱਕ ਹਥਿਆਰ ਤੇ ਹੋ ਜਾ ਤਿਆਰ ……
-ਕਿਤਾਬ ‘ਤੁਧ ਬਿਨ’
‘ਮਿੱਟੀ ਬੋਲ ਪਈ ' ਤੇ 'ਦੀਵਾ ਜਗਦਾ ਰਿਹਾ'’ ਦੀ ਸਿਰਜਕ ਸੁਖਚਰਨਜੀਤ
ਗਿੱਲ ਸਮਾਜ ਦੇ ਕੋਝੇ ਵਰਤਾਰਿਆਂ, ਖਾਸ ਕਰਕੇ ਅਣਖ ਲਈ ਕਤਲ ਬਾਰੇ ਆਪਣੇ
ਅਹਿਸਾਸ ਜਦੋਂ ਤਰੰਨੁਮ ਵਿੱਚ ਪੇਸ਼ ਕਰਦੀ ਹੈ ਤਾਂ ਸਾਰੀ ਕਾਵਿ-ਮਹਿਫ਼ਲ ਦੇ
ਲੂ-ਕੰਡੇ ਖੜ੍ਹੇ ਕਰ ਦਿੰਦੀ ਹੈ:
ਮੇਰੇ ਮਾਮੇ ਨੂੰ ਖ਼ਬਰਾਂ
ਹੋਈਆਂ ਨੀ,ਭੂਆ ਹਉਕੇ ਭਰ ਭਰ ਰੋਈਆਂ ਨੀ ਵੱਡੇ ਚਾਚੇ ਨੇ ਦੁਨਾਲ਼ੀ ਚੁੱਕ
ਲਈ ਨੀ,ਸਹੁੰ ਮੁੱਠੀਆਂ ਮੀਟ ਕੇ ਟੁੱਕ ਲਈ ਨੀ ਗੁੱਸਾ ਅੱਗ ਵਰਗਾ ਮੇਰੇ
ਬਾਬਲ ਦਾ,ਜਿਵੇਂ ਸੱਤ ਅਸਮਾਨੀਂ ਚੜ੍ਹ ਨੀ ਗਿਆ ਮੇਰੇ ਦਿਲ ਦੀ ਸੱਖਣੀ
ਮਮਟੀ 'ਤੇ,ਕੋਈ ਦੀਵਾ ਨੀ ਪਿਆਰ ਵਾਲ਼ਾ ਧਰ ਨੀ ਗਿਆ
ਸੁੰਦਰਪਾਲ ਰਾਜਾਸਾਂਸੀ ਨਾਰੀ-ਚੇਤਨਾ ਤੇ ਨਾਰੀ-ਸ਼ਕਤੀ ਦੀਆਂ ਪ੍ਰਤੀਕ
ਕਵਿਤਾਵਾਂ ਰਚਦੀ ਹੋਈ ਧੀਆਂ ਦੇ ਕਾਤਿਲਾਂ ਨੂੰ ਉਨ੍ਹਾਂ ਦਾ ਮਹੱਤਵ ਦੱਸ
ਰਹੀ ਹੈ:
ਪੁੱਤ ਤਾਂ ਜੁੱਤੀ ਰੱਖ ਟੁੱਕ ਖਿਲਾਉਂਦਾ ਏ ਫਿਰ
ਬੁਢੜਾ ਬਾਪ ਧੀ ਨੂੰ ਹੀ ਦੁੱਖ ਸੁਣਾਉਂਦਾ ਏ
ਰਮਿੰਦਰ ਰੰਮੀ
ਹੋਰ ਵਿਸ਼ਿਆਂ ਦੇ ਨਾਲ਼ ਨਾਲ਼ ਨਾਰੀ-ਜਾਗ੍ਰਿਤੀ ਦੀ ਮਸ਼ਾਲ ਬਾਲ਼ਦੀ ਹੈ। ਉਸ ਨੇ
ਪਰਦੇਸ ਵਸਣ ’ਤੇ ਲਿਖੀ ਪਹਿਲੀ ਨਜ਼ਮ ‘ਔਰਤ ਤੇਰੀ ਯਹੀ ਕਹਾਣੀ’ ਵਿੱਚ ਔਰਤ
ਉੱਤੇ ਹੁੰਦੇ ਤਸੀਹੇ ਨੂੰ ਹੰਝੂਆਂ ਦੀ ਬੋਲੀ ਵਿੱਚ ਬਿਆਨਿਆ ਸੀ ਤੇ ਹੁਣ
ਉਹ:
ਦਰਦਾਂ ਭਰਿਆ ਭਾਂਡਾ ਛਲਕ ਪਿਆ ਹੈ ਹੁਣ ਦੱਬੀ ਹੋਈ
ਅੱਗ ਭੜਕ ਪਈ ਹੈ ਹੁਣ ਹੁਣ ਮੈਂ ਚੁੱਪ ਨਹੀਂ ਬੈਠਾਂਗੀ……
ਵਰਗੀਆਂ ਤਿੱਖੀਆਂ ਨਜ਼ਮਾਂ ਕਹਿ ਰਹੀ ਹੈ।
ਅਮਰਜੀਤ ਪੰਛੀ ਦਾ
ਥੱਕੇ ਹਾਰੇ ਪੱਬਾਂ ਵਿੱਚ ਹਿੰਮਤ ਦਾ ਜਾਦੂ ਭਰਨ ਦਾ ਆਪਣਾ ਅੰਦਾਜ਼ ਹੈ:
ਜੇਕਰ ਹਿੰਮਤ ਕੋਲ਼ ਹੈ ਉਸਦੇ, ਫਿਰ ਕੀ ਭੰਵਰ ਤੂਫਾਨ ਕਰਨਗੇ
ਆਖਿਰ ਬੰਦਾ ਤਰਦਾ ਤਰਦਾ, ਤਰਦਾ ਤਰਦਾ, ਤਰ ਜਾਂਦਾ ਹੈ-
ਕਰਟਿਸ, ਓਂਟਾਰੀਓ ਵਿਖੇ ‘ਸੋ ਕਿਉ ਵਿਸਰੈ’ ਦੀ ਸਿਰਜਕ ਬਮਲਜੀਤ ਕੌਰ ਮਾਨ
ਸਿੱਖ ਸ਼ਹਾਦਤਾਂ ਉੱਤੇ ਮਾਣ ਮੱਤੀਆਂ ਗ਼ਜ਼ਲਾਂ ਵੀ ਲਿਖ ਰਹੀ ਹੈ ਤੇ
ਅੰਨਦਾਤਿਆਂ ਦੀ ਦੁਖਦੀ ਨਬਜ਼ ’ਤੇ ਵੀ ਹੱਥ ਧਰ ਰਹੀ ਹੈ:
ਸਿਰ ਨੂੰ ਸੀਸ ਬਣਾਉਣਾ ਪੈਂਦਾ, ਹੱਥ ਦੀ ਤਲੀ
ਟਿਕਾਉਣਾ ਪੈਂਦਾ
ਤੇ
ਤੂੰ ਬਸ ਫ਼ਸਲ ਉਗਾਈ ਜਾਹ, ਸਭ ਦੇ ਢਿੱਡ ’ਚ ਪਾਈ ਜਾਹ
ਭਾਅ ਨਾ ਮਿਲ਼ਦਾ ਜੇ ਵਾਜਬ, ਫਿਰ ਵੀ ਬੋਹਲ਼ ਲਗਾਈ ਜਾਹ
ਹੁਣ
ਪਰਵਾਸੀ ਲੇਖਿਕਾਵਾਂ ‘ਨਿੱਜ’ ਤੋਂ ‘ਪਰ’ ਦਾ ਸਫ਼ਰ ਤੈਅ ਕਰ ਚੁੱਕੀਆਂ ਹਨ।
ਬਰੈਂਟਫੋਰਡ ਵਸਦੀ ਨਾਮਵਰ ਕਹਾਣੀਕਾਰਾ ਗੁਰਮੀਤ ਪਨਾਗ ਨੇ ਆਲ਼ੇ
ਦਵਾਲ਼ੇ ਹੁੰਦੀਆਂ ਬੀਤਦੀਆਂ ਨੂੰ ਕਹਾਣੀਆਂ ਵਿੱਚ ਬੰਨ੍ਹਦਿਆਂ ਇੱਕ ਵੱਖਰਾ
ਕਦਮ ਪੁੱਟਿਆ ਹੈ, ਨਵ-ਬਸਤੀਵਾਦ ਦੇ ਮੂੰਹ-ਜ਼ੋਰ ਦੌਰ ਵਿੱਚ ਆਪਣੇ ਪੈਰਾਂ
’ਤੇ ਖੜ੍ਹਨ ਤੋਂ ਅਸਮੱਰਥ ਕੀਤੇ ਗਏ ਓਥੋਂ ਦੇ ਆਦਿ-ਵਾਸੀਆਂ ਦੀ ਭਾਸ਼ਾ ਸਿੱਖ
ਕੇ ਉਹਨਾਂ ਦੇ ਦਿਲ ਫਰੋਲੇ ਨੇ ਤੇ ਸੰਸਾਰ ਦੇ ਪੜ੍ਹਨ ਲਈ ਆਪਣੀ ਪੁਸਤਕ
‘ਮੁਰਗਾਬੀਆਂ’ ਦੇ ਪੰਨਿਆਂ ਉੱਤੇ ਖਿਲਾਰ ਦਿੱਤੇ ਨੇ।
ਐਲਬਰਟਾ
ਪ੍ਰਾਂਤ ਦੇ ਕੈਲਗਿਰੀ ਸ਼ਹਿਰ ਵਸਦੀ ਸੁਪ੍ਰਸਿੱਧ ਕਹਾਣੀਕਾਰਾ ਤੇ ਨਾਵਲਕਾਰਾ
ਬਲਵਿੰਦਰ ਕੌਰ ਬਰਾੜ ਦੇ ਕਹਾਣੀ ਸੰਗ੍ਰਿਹ ‘ਮਿੱਟੀ ਨਾ ਫਰੋਲ ਜੋਗੀਆ’
ਵਿਚਲੀ ਖਾੜਕੂ ਮੁੰਡੇ ਬਾਰੇ ਇਸੇ ਨਾਮ ਦੀ ਕਹਾਣੀ ਬੇਹੱਦ ਚਰਚਿਤ ਹੋਈ ਸੀ,
2022 ਵਿੱਚ ਆਏ ਕਹਾਣੀ ਸੰਗ੍ਰਹਿ ‘ਉੱਚੇ ਬੁਰਜ’ ਵਿੱਚ ਪੰਜਾਬ ਦੀ ਨਿੱਘਰ
ਰਹੀ ਕਿਸਾਨੀ ਕੈਨੇਡਾ ਵਿੱਚ ਬਜ਼ੁਰਗਾਂ ਦੇ ਮੰਦੇ ਹਾਲ ਅਤੇ ਵਿਦਿਆਰਥੀਆਂ
ਦੀਆਂ ਔਕੜਾਂ ਬੜੇ ਵਿਸਥਾਰ ਨਾਲ਼ ਪੇਸ਼ ਹੋਈਆਂ ਹਨ।
ਉਸੇ ਸ਼ਹਿਰ ਵਿੱਚ
ਸੁਰਿੰਦਰ ਗੀਤ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਤੇ ਕਹਾਣੀਆਂ ਨਾਲ਼ ਮਾਂ-ਬੋਲੀ
ਦੇ ਸਾਲੂ ਉੱਤੇ ਆਪਣੇ ਹਿੱਸੇ ਦੇ ਤੋਪੇ ਭਰ ਰਹੀ ਹੈ:
ਕਵਿਤਾ
ਤੂੰ ਆ ਪਰ ਇਸ ਤਰ੍ਹਾਂ ਆ ਕਿ ਤੇਰੇ ਆਉਣ ’ਤੇ ਠੰਢੇ ਚੁੱਲ੍ਹਿਆਂ
’ਚ ਅੱਗ ਬਲ਼ ਪਵੇ
ਕਹਾਣੀ ਸੰਗ੍ਰਿਹ ‘ਤੋਹਫ਼ਾ’ ਵਿੱਚ ਉਸ ਨੇ
ਉਹਨਾਂ ਸਾਰੇ ਕੋਝੇ ਵਰਤਾਰਿਆਂ ਉੱਤੇ ਉਂਗਲ਼ ਧਰੀ ਹੈ,ਜੋ ਸਮਾਜ ਦਾ ਕਲੰਕ
ਬਣੇ ਹੋਏ ਨੇ ਤੇ ਕੁੜੀਆਂ ਦੀਆਂ ਹਸਰਤਾਂ ਨੂੰ ਦਿਓ ਵਾਂਗ ਨਿਗਲ਼ ਰਹੇ ਨੇ।
ਉਸ ਨੇ ਆਦਿ-ਵਾਸੀਆਂ ਬਾਰੇ ਵੀ ਬਹੁਤ ਦਿਲ ਟੁੰਬਵਾਂ ਲਿਖਿਆ ਹੈ।
ਕਿਸੇ ਸਮੇਂ ਇਪਟਾ ਲਹਿਰ ਵਿੱਚ ਆਪਣੇ ਪਲੇਠੇ ਨਾਟਕ ‘ਅਮਨ ਦੀ
ਆਵਾਜ਼’ ਅਤੇ ਹੋਰ ਪੇਸ਼ਕਾਰੀਆਂ ਰਾਹੀਂ ਜੰਗਬਾਜ਼ਾਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੀ
ਡਾ.ਰਾਜਵੰਤ ਕੌਰ ਮਾਨ ਪਿਛਲੇ ਸੱਤ ਦਹਾਕਿਆਂ ਤੋਂ
ਕਹਾਣੀਆਂ,ਕਵਿਤਾਵਾਂ,ਵਾਰਤਕ ਦੀਆਂ ਕਿਤਾਬਾਂ ਸਿਰਜਦੀ ਹੋਈ ਆਪਣੀ ਨਵੀਂ
ਕਿਤਾਬ ‘ਅਮਨ ਦੀ ਹੂਕ’ ਰਾਹੀਂ ਕੁੱਲ ਸੰਸਾਰ ਵਿੱਚ ਅਮਨ ਦਾ ਹੋਕਾ ਦੇ ਰਹੀ
ਹੈ।
ਅਜੇ ਤੱਕ ਪਰਵਾਸੀ ਮਰਦ ਦਾ ਆਪਣੀ ਪਤਨੀ ਉੱਤੇ ਪੁਰਾਣੀਆਂ
ਕਦਰਾਂ ਕੀਮਤਾਂ ਥੋਪਣਾ, ਉਸਦੇ ਤਨ ਤੇ ਮਨ ਦਾ ਸ਼ਹਿਨਸ਼ਾਹ ਹੋ ਕੇ ਵਿਚਰਨਾ
,ਉਹਨੂੰ ਆਪਣੇ ਬਰਾਬਰ ਦਾ ਸਾਥੀ ਤਸਲੀਮ ਨਾ ਕਰਕੇ ਉਹਦੇ ਹੱਕ ਨਾ ਦੇਣਾ,
ਪੱਗ ਨੂੰ ਦਾਗ, ਚਿੱਟੀ ਦਾਹੜੀ ਦੀ ਲਾਜ ਦੀ ਦੁਹਾਈ ਪਾਉਣਾ, ਭਾਵੇਂ ਕਿ ਉਹ
ਆਪ ਨਾ ਪੱਗ ਬੰਨ੍ਹਦਾ ਹੋਵੇ, ਨਾ ਦਾੜ੍ਹੀ ਰੱਖਦਾ ਹੋਵੇ, ਅਣਖ ਦਾ ਸਵਾਲ
ਵਰਗੀਆਂ ਪਾਬੰਦੀਆਂ ਔਰਤਾਂ ਦੇ ਸਾਹ ਸੂਤ ਰਹੀਆਂ ਹਨ ਤੇ ਇਹ ਸਭ ਕੁਝ
ਲੇਖਿਕਾਵਾਂ ਆਪੋ ਆਪਣੀ ਵਿਧਾ ਰਾਹੀਂ ਪੇਸ਼ ਕਰ ਰਹੀਆਂ ਹਨ।
ਪੰਜ
ਕਹਾਣੀ ਸੰਗ੍ਰਿਹਾਂ ਦੀ ਕਰਤਾ ਗੁਰਚਰਨ ਕੌਰ ਥਿੰਧ, ਕੈਲਗਿਰੀ ਨੇ ਸਰੀ ਵਿਖੇ
ਇੱਕ ਬਾਪ ਵੱਲੋਂ ਸਤਾਰਾਂ ਸਾਲ ਦੀ ਧੀ ਨੂੰ ਅੰਗਰੇਜ਼ ਮੁੰਡੇ ਨਾਲ਼ ਦੋਸਤੀ
ਕਰਨ ਕਰਕੇ ਸਤਾਰਾਂ ਵਾਰ ਚਾਕੂ ਮਾਰਕੇ ਕਤਲ ਕਰਨ ਦੀ ਘਟਨਾ ’ਤੇ ਕਹਾਣੀ
‘ਇੱਕ ਹਾਉਕਾ’ ਲਿਖੀ, ਜਿਹੜੀ ਕੈਨੇਡਾ ਵਿਚਲੇ ਸਮਾਜਿਕ ਵਰਤਾਰਿਆਂ ਨੂੰ ਜੱਗ
ਜ਼ਾਹਿਰ ਕਰਦੇ ਕਹਾਣੀ ਸੰਗ੍ਰਹਿ ‘ਕੈਨੇਡੀਅਨ ਕੂੰਜਾਂ’ ਵਿੱਚ ਸ਼ਾਮਿਲ ਹੈ।
ਉਸਦਾ ਨਾਵਲ ‘ਜਗਦੇ ਬੁਝਦੇ ਜੁਗਨੂੰ’ ਪੰਜਾਬੀ ਭਾਈਚਾਰੇ ਵਿੱਚ ਵਾਪਰ ਰਹੇ
ਘਰੇਲੂ ਹਿੰਸਾ ਦੇ ਵਰਤਾਰੇ ਨੂੰ ਇੰਟਰਪ੍ਰੈਟਰ ਵਜੋਂ ਅੱਖੀਂ ਵੇਖੀਆਂ,ਕੰਨੀ
ਸੁਣੀਆਂ ਘਟਨਾਵਾਂ ’ਤੇ ਅਧਾਰਿਤ ਹੈ। ਕਿਤਾਬ ‘ਸੂਲ਼ਾਂ’ ਭਾਰਤ ਵਿੱਚ ਕਿਸਾਨ
ਆਤਮ-ਹੱਤਿਆਵਾਂ,ਨਸ਼ਿਆਂ ਵਿੱਚ ਫਸੇ ਏਧਰਲੇ ਤੇ ਓਧਰਲੇ ਮੁੰਡਿਆਂ,ਚੋਣਾਂ
ਦੀਆਂ ਧਾਂਦਲੀਆਂ ਆਦਿ ਨੂੰ ਸਾਹਿਤ-ਜਗਤ ਦੇ ਰੂਬਰੂ ਕਰਦੀ ਹੈ।
‘ਹਰਫ਼ ਯਾਦਾਂ ਦੇ’,‘ਸਾਹਾਂ ਦੀ ਸਰਗਮ’,ਧਾਰਮਿਕ ਕਾਵਿ ਸੰਗ੍ਰਿਹ ‘ਜਿਨ੍ਹੀਂ
ਨਾਮ ਧਿਆਇਆ ਤੇ ਬਾਲ ਕਾਵਿ-ਪੁਸਤਕ ‘ਆ ਨੀ ਚਿੜੀਏ’ ਸਮੇਤ ਸੱਤ ਪੁਸਤਕਾਂ ਦੀ
ਰਚੇਤਾ ਗੁਰਦੀਸ਼ ਕੌਰ ਗਰੇਵਾਲ ਨਿਬੰਧ ਸੰਗ੍ਰਿਹ ‘ਖ਼ੁਸ਼ੀਆਂ ਦੀ ਖ਼ੁਸ਼ਬੋਈ’
ਰਾਹੀਂ ਸੋਹਣੀ ਸੁਚੱਜੀ ਜੀਵਨ-ਜਾਚ ਵੀ ਸਿਖਾਉਂਦੀ ਹੈ।
ਸੁਖਜੀਤ
ਸਿਮਰਨ ਆਪਣੀ ਨਵੀਂ ਨਵੇਲੀ ਕਾਵਿ-ਪੁਸਤਕ ‘ਚੁੱਪ ਦਾ ਸ਼ੋਰ’ ਵਿੱਚ ਧਰਮ ਦੇ
ਠੇਕੇਦਾਰਾਂ,ਜ਼ਾਤਾਂ ਦੇ ਪਹਿਰੇਦਾਰਾਂ ਅਤੇ ਝੂਠੀਆਂ ਤੇ ਫੋਕੀਆਂ
ਕਦਰਾਂ-ਕੀਮਤਾਂ ਉੱਤੇ ਵਿਅੰਗ ਵੀ ਕਰਦੀ ਹੈ ਅਤੇ ਨਾਰੀ-ਸ਼ਕਤੀ ਉੱਤੇ
ਕਾਇਨਾਤੀ ਰੰਗਾਂ ਦਾ ਕੇਸਰ ਵੀ ਭੁੱਕਦੀ ਹੈ:
ਓਹਨੂੰ
ਫੁੱਲਾਂ ਦੱਸਿਆ ਲੜਨਾ ਕਿਵੇਂ ਹੈ? ਝੱਖੜਾਂ ਦੇ ਵਿੱਚ ਖੜ੍ਹਨਾ ਕਿਵੇਂ
ਹੈ
ਐਡਮਿੰਟਨ ਵਸਦੀ ਸੁਖਵਿੰਦਰ ਕੌਰ ਸਿੱਧੂ ਦੇਸ਼ੋਂ ਵਿੱਛੜਣ
ਦੇ ਪਹਿਲੇ ਵਰਾਗ ਵਿੱਚੋਂ ਨਿੱਕਲ ਆਈ ਹੈ, ਇਹ ਬਹੁਤ ਖ਼ੂਬਸੂਰਤ ਬਦਲਾਅ ਹੈ,
ਹੁਣ ਉਸਦੀਆਂ ਨਜ਼ਮਾਂ ਹਿੰਮਤ, ਹੌਸਲੇ ਦੀਆਂ ਪ੍ਰਤੀਕ ਹਨ,ਹੋਰ ਪਰਵਾਸੀ
ਨਾਰੀਆਂ ਵਾਂਗ ਉਹਨੂੰ ਵੀ ਕੈਨੇਡਾ ਚੰਗਾ ਲੱਗਣ ਲੱਗਿਐ,ਚੰਗੇ ਸਿਸਟਮ, ਸ਼ੁੱਧ
ਹਵਾ,ਪਾਣੀ, ਪ੍ਰਦੂਸ਼ਨ ਰਹਿਤ ਵਾਤਾਵਰਨ ਵਿੱਚ ਨਿੱਖਰੀ ਇੱਕ ਸਰਘੀ ਕਵਿਤਾ ਦੀ
ਕਿਰਨ ਬਿਖੇਰਦੀ ਹੈ:
ਕਿੰਨੀ ਚੰਗੀ ਲੱਗਦੀ ਸਵੇਰ ਏਸ
ਸ਼ਹਿਰ ਦੀ ਰੁੱਝਿਆ ਜਹਾਨ ਨਾ ਆਵਾਜ਼ ਆਵੇ ਟਾਇਰ ਦੀ
ਮੈਨੀਟੋਬਾ ਪ੍ਰਾਂਤ ਦੇ ਸ਼ਹਿਰ ਵਿਨੀਪੈਗ ਵਿੱਚ ਰਹਿੰਦੀ ਜਸਵੀਰ ਮੰਗੂਵਾਲ਼
ਦੀਆਂ ਭਾਵਪੂਰਤ ਨਜ਼ਮਾਂ ਨਸਲੀ ਵਿਤਕਰਿਆਂ ਦਾ ਜ਼ਿਕਰ ਵੀ ਛੇੜਦੀਆਂ ਹਨ ਤੇ
ਪਰਵਾਸ ਵਿੱਚ ਆਪਣਿਆਂ ਦੀ ਬੇਰਹਿਮੀ ਉੱਤੇ ਵੀ ਚੋਟ ਕਰਦੀਆਂ ਹਨ:
ਸਕੂਲ ਛੁੱਟੀ ਸਮੇਂ ਅਕਸਰ ਹੀ ਮੇਰੀ ਬੱਚੀ ਕਰਦੀ ਹੈ ਤਾਗੀਦ
ਆਪਣੇ ਪਿਓ ਤੇ ਦਾਦੇ ਨੂੰ ਕਿ ਉਹ ਖੜ੍ਹਿਆ ਕਰਨ ਸਕੂਲ ਦੇ ਗੇਟ ਤੋਂ
ਬਾਹਰ ਦਾਹੜੀ,ਪੱਗ ’ਚ ਉਹਨਾਂ ਨੂੰ ਓਥੇ ਦੇਖ ਹੀਣ ਭਾਵਨਾ ਮਹਿਸੂਸ
ਹੁੰਦੀ ਹੈ ਉਸਨੂੰ ਆਪਣੀਆਂ ਗੋਰੀਆਂ ਸਹੇਲੀਆਂ ’ਚ
ਕਿਸਾਨ
ਸੰਘਰਸ਼ ਵਿੱਚ ਲਿਸ਼ਕੀ ਨਾਰੀ-ਸ਼ਕਤੀ ਦੀ ਲਾਟ ਨੂੰ ਉਹਨੇ ਅੱਖਰਾਂ ਵਿੱਚ ਮੜ੍ਹ
ਕੇ ਸਦੀਵੀ ਮਾਣ ਦੁਆਇਆ ਹੈ:
ਪੋਹ ਮਾਘ ਦੀਆਂ ਰਾਤਾਂ ਨੂੰ
ਖੁੱਲ੍ਹੇ ਅਸਮਾਨ ’ਚ ਆਪਣੇ ਨਿੱਕੇ ਨਿੱਕੇ ਬਲੂਰਾਂ ਨੂੰ ਢਿੱਡ ਨਾਲ਼
ਲਾਈ ਅੱਜ ਦੇ ਵਜੀਦੇ ਤੇ ਔਰੰਗੇ ਦੇ ਫੁਰਮਾਨਾਂ ਨੂੰ ਚੁਣੌਤੀ ਦਿੰਦੀਆਂ
ਅਡੋਲ ਬੈਠੀਆ ਤੁਸੀਂ ਬਣ ਜਾਂਦੀਆਂ ਹੋ ਮਾਤਾ ਗੁਜਰੀ ਦੀਆਂ ਜਾਈਆਂ
ਉਸ ਨੇ ਹੋਰ ਵੀ ਬਹੁਤ ਸਾਰੇ ਅਹਿਮ ਵਿਸ਼ਿਆਂ ਉੱਤੇ ਹੱਥ ਅਜ਼ਮਾ ਕੇ ਕਲਮ
ਦਾ ਹੱਕ ਅਦਾ ਕੀਤਾ ਹੈ।
ਅਮਰੀਕਾ ਵਸਦੀਆਂ ਲੇਖਿਕਾਵਾਂ ਦਾ ਯੋਗਦਾਨ
ਵੀ ਬੇਹੱਦ ਮਹੱਤਵਪੂਰਨ ਹੈ। ਪ੍ਰਭਾਵਸ਼ਾਲੀ ਨਜ਼ਮਾਂ ਸਿਰਜਣ ਵਾਲ਼ੀ ਸ਼ਸ਼ੀ ਪਾਲ
ਸਮੁੰਦਰਾ ‘ਇੱਕ ਕੁੜੀ ਦੀ ਗੁਪਤ ਡਾਇਰੀ’ ਵਿੱਚ ਜਵਾਨੀ ਚੜ੍ਹਦੀ ਕੁੜੀ ਨਾਲ਼
ਹੋਈਆਂ ਵਧੀਕੀਆਂ ਦੀ ਦਰਦ-ਭਿੰਨੀ ਦਾਸਤਾਂ ਬਿਆਨਦੀ ਹੈ,ਜਿਹੜੀ ਆਪਣੇ
ਮਾਪਿਅਆਂ ਹੱਥੋਂ ਹੀ ਜ਼ਲਾਲਤ ਹੰਢਾਉਂਦੀ ਹੈ।
ਬੀਬੀ ਸੁਰਜੀਤ ਕੌਰ
ਸੈਕਰੋਮੈਂਟੋ ਧਾਰਮਿਕ ਗੀਤਾਂ ਦੇ ਨਾਲ਼ ਸਮਾਜ ਸੁਧਾਰਕ ਗੀਤ ਸਿਰਜ ਕੇ ਤਨਾਂ
ਤੇ ਮਨਾਂ ਨੂੰ ਖੇੜੇ ਵਿੱਚ ਲਿਆਉਣ ਲਈ ਯਤਨਸ਼ੀਲ ਹੈ:
ਸ਼ਬਦਾਂ
ਤਾਂਈਂ ਸੰਭਾਲ਼ ਨੀ ਜਿੰਦੇ,ਸ਼ਬਦਾਂ ਨੂੰ ਕਦੀ ਮਰਨ ਨਾ ਦੇਵੀਂ ਜ਼ਖ਼ਮ ਸਦਾ
ਤੂੰ ਰਿਸਦੇ ਰੱਖੀਂ,ਇਨ੍ਹਾਂ ਨੂੰ ਕਦੀ ਭਰਨ ਨਾ ਦੇਵੀਂ ਰੱਬ ਤੈਨੂੰ
ਸੁਰਜੀਤ ਬਣਾਇਆ,ਤੂੰ ਜ਼ਮੀਰ ਨੂੰ ਮਰਨ ਨਾ ਦੇਵੀਂ!
ਹੇਵਰਡ
ਵਿਖੇ ਲਾਜ ਨੀਲਮ ਸੈਣੀ ਦੀਆਂ ਪਰਵਾਸ ਸਮੇਂ ਕਵਿਤਾਵਾਂ ਭੂ-ਹੇਰਵੇ ਤੇ
ਰਿਸ਼ਤਿਆਂ ਦੀ ਬਾਤ ਪਾਉਂਦੀਆਂ ਸਨ। ਕਹਾਣੀਆਂ ‘ਡਾਰੋਂ ਵਿੱਛੜੀ ਕੂੰਜ’ਤੇ
‘ਸਿਟੀਜ਼ਨਸ਼ਿਪ’ ਇਸੇ ਸੰਦਰਭ ਵਿੱਚ ਹਨ। ਸੱਭਿਆਚਾਰਕ ਪੁਸਤਕਾਂ ‘ਸਾਡੀਆਂ
ਰਸਮਾਂ ਸਾਡੇ ਗੀਤ’ ਅਤੇ ‘ਤੀਆਂ ਤੀਜ ਦੀਆਂ’ ਨਾਲ਼ ਵੀ ਉਹਨੇ ਪਿੱਛੇ ਰਹਿ ਗਏ
ਪੰਜਾਬ ਦੀ ਯਾਦ ਨੂੰ ਅਰਘ ਚੜ੍ਹਾਇਆ। ਹੁਣ ਉਸਦੀ ਕਵਿਤਾ ਦੇਸ-ਪਰਦੇਸ ਦੇ
ਮਸਲਿਆਂ ਦੀ ਗੱਲ ਕਰਦੀ ਹੈ ਤੇ ਉਹਦੀ ਕਹਾਣੀ ਅੰਤਰ-ਰਾਸ਼ਟਰੀ ਸਮੱਸਿਆਵਾਂ
ਨੂੰ ਛੋਂਹਦੀ ਹੈ।
ਸਿਆਟਲ ਵਸਦੀ ਸ਼ਾਇਰਾ ਮਨਜੀਤ ਕੌਰ ਦੇ ਗੀਤਾਂ
ਅੰਦਰ ਪੰਜਾਬ ਦੇ ਗੁੰਮ ਰਹੇ ਵਿਰਸੇ ਤੇ ਮਾਂ ਦਾ ਮੋਹ ਝਲਕਾਰੇ ਮਾਰਦਾ ਹੈ:
ਉਹ ਜੋ ਪਛਵਾੜੇ ਜਿਹੇ ਬੈਠੀ,ਉਸ ਦੀ ਮੋਹਰੇ ਥਾਂ ਹੁੰਦੀ ਸੀ
ਮੇਰੇ ਪੇਕੇ ਘਰ ਦੀ ਮਾਲਕ ਇਕ ਦਿਨ ਮੇਰੀ ਮਾਂ ਹੁੰਦੀ ਸੀ
ਕੇਹਨੂੰ ਤੱਕਲ਼ੇ ਮੈਂ ਵੇਚਾਂ ਸਰਦਾਰਾ ਚਰਖਾ ਨਹੀਂ ਲੱਭਦਾ
ਸੁੱਟੀਂ ਨਾ ਸੰਦੂਕ ਪੁੱਤਰਾ! ਏਹਦੇ ਵਿੱਚ ਮੇਰਾ ਯਾਦਾਂ ਦਾ
ਖਜ਼ਾਨਾ ਸੰਦੂਕ ਮੇਰਾ ਮੇਰੇ ਹਾਣ ਦਾ,ਤੈਨੂੰ ਮਹਿਲਾਂ ਵਿੱਚ ਲੱਗਦਾ
ਪੁਰਾਣਾ
ਪਰਵੇਜ਼ ਸੰਧੂ ਮਨ ਦੀਆਂ ਗਹਿਰੀਆਂ ਘਾਟੀਆਂ ਵਿੱਚੋਂ
ਅਹਿਸਾਸਾਂ ਦੇ ਫੁੱਲ ਚੁਣ ਕੇ ਕਾਲ਼ਜੇ ਨੂੰ ਛੋਹ ਕੇ ਲੰਘਣ ਵਾਲ਼ੀਆਂ ਕਹਾਣੀਆਂ
ਦੀ ਸ਼ਾਹਸਵਾਰ ਹੈ
ਡਲਾਸ ਵਸਦੀ ਜਸਵੀਰ ਨੇ ਵਿਆਹ-ਪ੍ਰਬੰਧ ਤੇ
ਪਤੀ-ਪਤਨੀ ਦੇ ਰਿਸ਼ਤੇ ਅੱਗੇ ਬੜੇ ਅਹਿਮ ਸਵਾਲ ਖੜ੍ਹੇ ਕੀਤੇ ਨੇ ਤੇ
ਰਿਸ਼ਤਿਆਂ ਨੂੰ ਬੜੇ ਹੀ ਵਿਲੱਖਣ ਢੰਗ ਨਾਲ਼ ਪ੍ਰੀਭਾਸ਼ਿਤ ਕੀਤਾ ਹੈ।
ਸ਼ਾਇਰਾ ਅਮਨਜੀਤ ਕੌਰ ਸ਼ਰਮਾ ਲਾਸ ਏਂਜਲਜ਼ ਬੈਠੀ ਹੋਈ ਵੀ ਪੰਜਾਬ ਬਾਰੇ
ਚਿੰਤਿਤ ਹੈ ਤੇ ਇਹਦੀ ਖ਼ੈਰ ਮੰਗਦੀ ਹੈ:
ਆਖਦੇ ਸੀ
ਜਿਸ ਨੂੰ ਪੰਜਾਬ ਅਸੀਂ ਰੰਗਲਾ, ਦੇਖੋ ਅੱਜ ਲੋਕਾਂ ਇਹਨੂੰ ਕਰ ਦਿੱਤਾ
ਗੰਧਲ਼ਾ ਗੰਧਲ਼ੇ ਪੰਜਾਬ ਵਿੱਚੋਂ ਧੀਆਂ ਮੁੱਕ ਚੱਲੀਆਂ, ਪਿੱਪਲ਼ਾਂ ਦੇ
ਨਾਲ਼ ਲੋਕੋ ਤੀਆਂ ਮੁੱਕ ਚੱਲੀਆਂ ਮੁੜ ਆਵੇ ਸਮਾਂ ਉਹੋ ਬੂਰੀਆਂ ਲਵੇਰੀਆਂ
ਦਾ, ਦਿਲਾਂ ਵਿੱਚ ਮਿੱਠਾ ਘੁਲ਼ ਜਾਵੇ ਜੀ ਗਨੇਰੀਆਂ ਦਾ
ਕੈਲੇਫੋਰਨੀਆ ਦੇ ਕਾਰਮੇਲਿਟਾ ਸ਼ਹਿਰ ਦੀ ਵਸਨੀਕ ਅਮਰਜੀਤ ਪੰਨੂ ਦੇ ਕਹਾਣੀ
ਸੰਗ੍ਰਿਹ ‘ਅਧੂਰੀਆਂ ਕਹਾਣੀਆਂ ਦੇ ਪਾਤਰ’ ਤੋਂ ਬਾਅਦ ਆਈ ਨਵੀਂ ਕਿਤਾਬ
‘ਸੁੱਚਾ ਗਲਾਬ’ ਵਿੱਚ ਪਰਵਾਸ ਭੋਗਦੇ ਪੰਜਾਬੀਆਂ ਦੇ ਜੀਵਨ ਦੀਆਂ ਵਿਭਿੰਨ
ਝਾਕੀਆਂ ਪ੍ਰਸਤੁਤ ਹੋਈਆਂ ਹਨ,ਜਿਹਨਾਂ ਵਿੱਚ ਜੀਵਨ ਦੀਆਂ ਪੇਚੀਦਗੀਆਂ ਤੇ
ਗੁੰਝਲਾਂ ਦਾ ਬਿਰਤਾਂਤ ਵੀ ਹੈ ਤੇ ਉਹਨਾਂ ਵਿੱਚੋਂ ਨਿੱਕਲਣ ਦਾ ਰਸਤਾ ਵੀ।
ਕਾਵਿ ਪੁਸਤਕਾਂ ‘ਅਣਕਹੀਆਂ,‘ਗਜਰ’ ਤੇ ਵਾਰਤਕ-ਪੁਸਤਕ ‘ਵਿਸ਼ਵ
ਪਰਿਕ੍ਰਮਾ’ ਦੀ ਲੇਖਕਾ ਫਰੀਮੌਂਟ ਦੀ ਵਸਨੀਕ ਗੁਲਸ਼ਨ ਪੀ ਦਿਆਲ ਪ੍ਰਕਿਰਤੀ
ਦੇ ਬੇਅੰਤ ਹੁਸਨ ਤੇ ਮਨ ਦੇ ਸੰਦਲ਼ੀ ਸੱਚ ਨੂੰ ਹਰਫ਼ਾਂ ਵਿੱਚ ਪਰੋਂਦੀ ਹੈ:
ਆਪਣੇ ਹੱਥਾਂ ਨੂੰ ਅੰਮ੍ਰਿਤ ਨਾਲ਼ ਧੋ ਲਵੀਂ, ਫੁੱਲਾਂ ਦੀ
ਮਹਿਕ ਵਿੱਚ ਭਿਗੋ ਲਵੀਂ ਕਿਉਂਕਿ ਉਨ੍ਹਾਂ ਹੱਥਾਂ ਲਈ ਰੱਬ ਨੇ ਸਿਰਫ਼
ਮੇਰੇ ਹੱਥ ਬਣਾਏ ਹਨ
ਫੇਅਰਫੀਲਡ, ਕੈਲੇਫੋਰਨੀਆ ਵਿੱਚ ਬੈਠੀ
ਸੁਰਿੰਦਰ ਖੇੜਾ ਸਮਰਾ ਦੀ ਕਵਿਤਾ ਸਾਰੇ ਜੱਗ ਦੀ ਸੁੱਖ ਮੰਗਦੀ ਹੋਈ ‘ਮਾਂ’
ਦੀ ਪਰਿਕਰਮਾ ਕਰਦੀ ਹੈ ਤੇ ਉਸੇ ਨੂੰ ਧੁਰਾ ਬਣਾ ਕੇ ਆਪਣੀ ਖ਼ੈਰ-ਸੁੱਖ
ਦੱਸਦੀ ਹੈ:
ਮਾਂ! ਮੈਂ ਪਰਵਾਸੀ ਕਾਨੂੰਨੀ ਪਕੜ ਵਿੱਚ
ਜ਼ਿੰਮੇਵਾਰੀ ਦੀ ਜਕੜ ਵਿੱਚ ਕੜਕ ਗਈ ਹਾਂ
ਤੋਂ ਸਫ਼ਰ ਕਰਦੀ
ਹੋਈ
ਅੱਜ ਧੀ ਆਜ਼ਾਦ ਪੰਖੇਰੂ ਬਣ ਅਸਮਾਨੀਂ ਉੱਡਦੀ ਮਾਂ
ਕੋਈ ਪਕੜ ਨਹੀਂ ਕੋਈ ਜਕੜ ਨਹੀਂ ਦੇ ਮੁਕਾਮ ਤੱਕ ਪਹੁੰਚ ਗਈ ਹੈ।
ਆਸਟ੍ਰੇਲੀਆ ਬਸੇਰਾ ਕਰ ਰਹੀ ਕੁਲਜੀਤ ਕੌਰ ਗ਼ਜ਼ਲ ਨੇ ‘ਤਰੇਲ ਜਿਹੇ
ਮੋਤੀ’ ਤੇ ‘ਇਹ ਪਰਿੰਦੇ ਸਿਆਸਤ ਨਹੀਂ ਜਾਣਦੇ’ ਗ਼ਜ਼ਲ ਸੰਗ੍ਰਿਹਾਂ ਰਾਹੀਂ
ਆਪਣੇ ਹੁਨਰ ਦਾ ਸਿੱਕਾ ਮਨਵਾਇਆ ਹੈ:
ਦਰਦ ਨੂੰ ਕਿੱਦਾਂ ਛੁਪਾਵਾਂ ਤੇ ਗ਼ਮਾਂ ਦਾ ਕੀ
ਕਰਾਂ ਯਾਦ ਆਏ ਨਾ ਕਿਸੇ ਦੀ,ਇਸ ਤਰ੍ਹਾਂ ਦਾ ਕੀ ਕਰਾਂ
ਜੋ ਜਲ਼ਾ ਸਕਦਾ ਜ਼ਾਲਮ ਹਕੂਮਤ ਦੇ ਪਰ,ਖ਼ੂਨ ਸਾਡੇ ਰਗੀਂ ਵੀ ਗਰਮ ਕਹਿਰ
ਦਾ ਬਦਨਸੀਬੀ ਹੈ ਸਾਡੀ ਗਰੀਬੀ ਬਣੀ,ਇਹ ਨਾ ਸਮਝੋ ਬਗਾਵਤ ਨਹੀਂ ਜਾਣਦੇ
ਚੋਗ ਚੁਗਦੇ ਹੀ ਪਿੰਜਰੇ ’ਚ ਫਸ ਜਾਣਗੇ,ਇਹ ਪਰਿੰਦੇ ਸਿਆਸਤ ਨਹੀਂ ਜਾਣਦੇ
ਨੀਦਰਲੈਂਡ ਵਸਦੀ ਉੱਘੀ ਸ਼ਾਇਰਾ ਅਮਰ ਜਯੋਤੀ ਨੇ ਪਰਵਾਸੀ ਪੰਜਾਬੀ
ਕਵਿਤਾ ਨੂੰ ਨਵਾਂ ਮੁਹਾਂਦਰਾ ਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। ਉਸਦੇ
ਕਾਵਿ ਸੰਗ੍ਰਹਿ ‘ਮਾਰੂਥਲ ਵਿੱਚ ਤੁਰਦੇ ਪੈਰ’ ‘ਮੈਨੂੰ ਸੀਤਾ ਨਾ ਕਹੋ’,
‘ਦਰੋਪਤੀ ਤੋਂ ਦੁਰਗਾ’,‘ਸੂਫ਼ੀ ਰੋਮਾਂਸ’ ਅਦਬੀ ਸਫਾਂ ਵਿੱਚ ਬਹੁਤ ਚਰਚਿਤ
ਹੋਏ ਹਨ। ਉਹ ਪੰਜਾਬੀ ਸਾਹਿਤ ਨੂੰ ਡੱਚ ਭਾਸ਼ਾ ਵਿੱਚ ਪੇਸ਼ ਕਰਕੇ ਦੋਵਾਂ
ਭਾਸ਼ਾਵਾਂ ਵਿੱਚ ਪੁਲ਼ ਬਣਾ ਰਹੀ ਇਸ ਲੇਖਿਕਾ ਨੇ ਪਰਵਾਸੀ ਪੰਜਾਬੀ ਕਵਿਤਾ
ਨੂੰ ਨਵਾਂ ਮੁਹਾਂਦਰਾ ਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ:
ਮਨੁੱਖ ਸਦੀਆਂ ਤੋਂ ਲਿਖ ਰਿਹਾ ਹੈ ਆਪਣੀ ਹੋਂਦ ਦੀ ਕਥਾ
ਵਕਤ ਦੇ ਸਫ਼ੇ ’ਤੇ ਸਾਇੰਸ ਦੀ ਤੀਜੀ ਅੱਖ ਖੁੱਲ੍ਹੀ ਲਿਖ ਰਿਹਾ ਹੈ
ਹੁਣ ਰੌਬਟ ਵਕਤ ਦੀ ਕਥਾ ਕੰਪਿਊਟਰ ਦੇ ਪਿੰਡੇ ’ਤੇ ਮਨੁੱਖ ਦੀ
ਹੋਂਦ ਕਿੱਥੇ ਹੈ?
ਇੰਗਲੈਂਡ, ਵੁਲਵਰਹੈਂਪਟਨ ਰਹਿੰਦੀ ਦਲਵੀਰ
ਕੌਰ ਨੇ ਪੰਜਾਬੀ ਸਾਹਿਤ ਨੂੰ ਚਾਰ ਕਿਤਾਬਾਂ ‘ਸੋਚ ਦੀ
ਦਹਿਲੀਜ਼’ਤੇ’,‘ਅਹਿਦ’,‘ਹਾਸਿਲ’ ਤੇ ‘ਚਿਤਵਣੀ’ ਦਿੱਤੀਆਂ ਨੇ। ਉਹ ਔਰਤ ਨੂੰ
ਗੁੜ੍ਹਤੀ ਨਾਲ਼ ਹੀ ਮਿਲ਼ੇ ਡਰਾਂ,ਮਨ ਦੀਆਂ ਉਲਝਣਾਂ,ਆਪੇ ਦੀ ਪਛਾਣ ਤੇ
ਬੱਚਿਆਂ ਦੇ ਮਸਲਿਆਂ ਨੂੰ ਆਪਣੀ ਸੰਵੇਦਨਸ਼ੀਲ ਅੱਖ ਨਾਲ਼ ਪਛਾਣ ਕੇ ਨਜ਼ਮ
ਲਿਖਦੀ ਹੈ ਤੇ ਇਹ ਸੰਵੇਦਨਸ਼ੀਲਤਾ ਉਹਨੂੰ ਬ੍ਰਹਿਮੰਡੀ ਵਿਸਮਾਦ ਦੇ ਦਰਸ਼ ਕਰਾ
ਦਿੰਦੀ ਹੈ:
ਮੇਰੇ ਆਪੇ ਤੋਂ ਉੱਚਾ, ਮੇਰੇ ਅੰਦਰ ਫੈਲੇ
ਵਿਸਮਾਦੀ ਕਾਇਆ,ਸ਼ਬਦ ਵਿਗੁੱਤੀ .. --------‘ਕਿਤਾਬ
‘ਚਿਤਵਣੀ’
ਕੁਝ ਡਰ ਮਾਂ ਦੇ ਨਾੜੂ ’ਚ ਸਨ ਤੇ
ਕੁਝ ਇੱਕ ਗਰਭ ਜਨਮ ਦੀ ਸਾਂਝ ਨੇ ਮੇਰੀ ਝੋਲ਼ੀ ਧਰ ਦਿੱਤੇ-.........................‘ਸਿਮਰਤੀ
ਨਾੜੂ’
ਪਰਵਾਸੀ ਨਾਰੀ ਸਾਹਿਤ ਬਾਰੇ ਗੱਲ ਮੁਕੰਮਲ ਨਹੀਂ
ਹੋਵੇਗੀ ਜੇ ਅਸੀਂ ਪਰਦੇਸੀ ਕਲਮਾਂ ਵੱਲੋਂ ਅੰਗਰੇਜ਼ੀ ਵਿੱਚ ਲਿਖੇ ਜਾ ਰਹੇ
ਪੰਜਾਬੀ ਜੀਵਨ ਬਾਰੇ ਨਾ ਜਾਣੀਏ, ਮੈਂ ਦੋ ਨਾਵਲ ਪੜ੍ਹੇ, ਇੱਕ ਰਮਿੰਦਰ
ਸਿੱਧੂ ਦਾ ਨਾਵਲ ‘ਟੀਅਰਜ਼ ਆਫ ਮਹਿੰਦੀ’, ਜਿਸ ਦੇ ਪੰਨਿਆਂ ਉੱਤੇ ਏਧਰਲੇ ਤੇ
ਓਧਰਲੇ ਸੱਭਿਆਚਾਰ ਦਾ ਟਕਰਾੳ ਤੇ ਇਸ ਟਕਰਾਓ ਕਰਕੇ ਓਥੇ ਪੈਦਾ ਹੋ ਕੇ
ਮੁਟਿਆਰ ਹੋਈਆਂ ਕੁੜੀਆਂ ਦੀ ਮਨੋਸਥਿਤੀ, ਕਸ਼ਮਕਸ਼, ਵਰਤਾਓ, ਫੁਲਕਾਰੀ ਵਿੱਚ
ਪਾਈਆਂ ਅੰਗਰੇਜ਼ੀ ਬੂਟੀਆਂ ਵਾਂਗ ਵਿਛਿਆ ਪਿਆ ਹੈ। ਦੂਜਾ ਸੀ ਸਾਰਾਸੋਟਾ,
ਫਲੋਰਿਡਾ ਦੀ ਵਸਨੀਕ ਦਲਜੀਤ ਰਾਣਾਜੀ ਦਾ ਨਾਵਲ ‘ਈਕੋਜ਼ ਫਰੌਮ ਪੰਜਾਬ’ ਜਿਸ
ਵਿੱਚ ਪੰਜਾਬੀ ਕੁੜੀ ਦੇ ਵਿਆਹ ਕੇ ਅਮਰੀਕਾ ਜਾਣ ਪਿੱਛੋਂ ਹੰਢਾਈਆਂ ਹੌਲਨਾਕ
ਮੁਸੀਬਤਾਾਂ ਤੋਂ ਲੈ ਕੇ ਉਸ ਦੇ ਸਿਰ ਉਠਾ ਕੇ ਜਿਊਣ ਦੀ ਪ੍ਰੇਰਨਾਦਾਇਕ
ਯਾਤਰਾ ਨੂੰ ਬੜੇ ਕਲਾਮਈ ਢੰਗ ਨਾਲ਼ ਪੇਸ਼ ਕੀਤਾ ਹੈ।
ਉਪ੍ਰੋਕਤ ਤੋਂ
ਸਾਫ਼ ਜ਼ਾਹਿਰ ਹੈ ਕਿ ਪਰਵਾਸੀ ਨਾਰੀ ਸਾਹਿਤ ਵਿੱਚ ਅਨੇਕਾਂ ਵਿਸ਼ੇ ਛੋਹੇ ਗਏ
ਨੇ, ਭੂ-ਹੇਰਵੇ ਤੇ ਨਿੱਜ ਦੇ ਦੁੱਖਾਂ ਦਰਦਾਂ ਵਿੱਚੋਂ ਬਾਹਰ ਨਿੱਕਲ਼ ਕੇ
ਹੁਣ ਉਹ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮਸਲਿਆਂ ਦੀ ਗੱਲ ਕਰਦੀਆਂ ਨੇ।ਰਿਸ਼ਤਿਆਂ
ਦੀ ਟੁੱਟ ਭੱਜ,ਕੰਨਿਆ ਭਰੂਣ ਹੱਤਿਆ,ਦਾਜ,ਪਖੰਡ,ਨਸ਼ਾ, ਬੇਈਮਾਨੀ,ਬੇਵਫਾਈ,
ਗਰੀਬੀ ਅਮੀਰੀ, ਬੇਰੁਜ਼ਗਾਰੀ, ਇਨਸਾਨੀ ਕਦਰਾਂ ਕੀਮਤਾਂ ਵਿੱਚ ਗਿਰਾਵਟ,
ਵਿਰਸੇ ਤੇ ਬੋਲੀ ਨੂੰ ਗੁਆਚਣ ਦਾ ਭੈਅ, ਕਰੋਨਾ-ਕਾਲ਼ ਸਭ ਕੁਝ ਨੂੰ ਉਹਨਾਂ
ਦੀਆਂ ਲਿਖਤਾਂ ਕਲਾਵੇ ਵਿੱਚ ਲੈਂਦੀਆਂ ਨੇ ਤੇ ਅਨਿਆਂ ਵਿਰੁੱਧ ਡਟਣ ਲਈ
ਉਤਸ਼ਾਹਿਤ ਕਰਦੀਆਂ ਨੇ।
ਵਕਤ ਨਾਲ ਪਰਵਾਸੀ ਨਾਰੀ ਸਾਹਿਤ ਬਹੁਤ
ਮੌਲਿਆ ਵਿਗਸਿਆ ਹੈ। ਉਨ੍ਹਾਂ ਦੀ ਰਚਨਾ ਵਿੱਚ ਸਿਰਫ਼ ਪੂਰਬੀ ਸੱਭਿਆਚਾਰ
ਨਹੀਂ,ਪੱਛਮੀ ਸੱਭਿਆਚਾਰ ਵੀ ਸ਼ਾਮਿਲ ਹੈ ਤੇ ਸਮਾਜਿਕ, ਆਰਥਿਕ,
ਧਾਰਮਿਕ,ਰਾਜਨੀਤਕ ਸਰੋਕਾਰ ਵੀ ਤੇ ਇਸ ਤਰ੍ਹਾਂ ਉਹਨਾਂ ਦੀ ਮਾਨਸਿਕਤਾ ਵਿੱਚ
ਆਈਆਂ ਤਬਦੀਲੀਆਂ ਵੀ ਪ੍ਰਗਟ ਹੋ ਰਹੀਆਂ ਹਨ। ਇੱਕ ਵਿਸ਼ੇਸ਼ ਗੱਲ ਇਹ ਵੀ ਹੈ
ਕਿ ਪਰਵਾਸੀ ਲੇਖਿਕਾਵਾਂ ਜਿੱਥੇ ਆਪੋ-ਆਪਣੇ ਮੁਲਕਾਂ ਦੀਆਂ ਸਮੱਸਿਆਵਾਂ
ਬਾਰੇ ਲਿਖ ਰਹੀਆਂ ਨੇ, ੳਥੇ ਭਾਰਤ ਨਾਲ ਵੀ ਆਪਣਾ ਨਾਤਾ ਪੱਕਾ ਪੀਡਾ ਰੱਖਿਆ
ਹੋਇਆ ਹੈ।
ਦੇਸ ਵਿੱਚ ਜੋ ਵਾਪਰਦਾ ਹੈ, ਉਹਨਾਂ ਦੀਆਂ ਲਿਖਤਾਂ ਦਾ
ਵਿਸ਼ਾ ਬਣਦੈ, ਕਿਸਾਨ-ਸੰਘਰਸ਼, ਪੰਜਾਬ ਤੇ ਪੰਜਾਬੀ ਨਾਲ਼ ਹੁੰਦੀਆਂ ਵਧੀਕੀਆਂ
ਅਤੇ ਸੂਰਤਾਂ ਬਦਲ ਬਦਲ ਵਾਪਰ ਰਹੇ ਦੁਖਾਂਤ ਬਾਰੇ ਲੱਗਭਗ ਹਰ ਲੇਖਿਕਾ ਨੇ
ਪੂਰੀ ਸ਼ਿੱਦਤ ਨਾਲ ਲਿਖਿਆ ਹੈ। ਮਨੀਪੁਰ ਵਿੱਚ ਵਾਪਰਿਆ ਬੇਹਯਾ
ਕਾਂਡ,ਪਹਿਲਵਾਨ ਕੁੜੀਆਂ ਦੀ ਜਦੋਜਹਿਦ ਬਾਰੇ ਉਹਨਾਂ ਰੂਹ-ਵਿੰਨ੍ਹਵੀਂਆਂ
ਲਿਖਤਾਂ ਦਿੱਤੀਐਂ। ਨਸ਼ਿਆਂ ਦਾ ਪ੍ਰਕੋਪ,ਸਰਕਾਰਾਂ ਦੀਆਂ ਬਦਨੀਤੀਆਂ ਤੇ ਹੋਰ
ਬਹਤ ਸਾਰੇ ਮਸਲੇ ਉਹਨਾਂ ਦੀਆਂ ਲਿਖਤਾਂ ਵਿੱਚ ਅੰਕਿਤ ਹੋਏ ਨੇ। ਗੱਲ ਕੀ,
ਸਾਰੇ ਰੰਗ ਹੀ ਬਿਖਰੇ ਪਏ ਨੇ ਇਹਨਾਂ ਰਚਨਾਵਾਂ ਵਿੱਚ। ਪਰਵਾਸੀ ਨਾਰੀ ਆਪਣੇ
ਪੁਰਾਣੇ ਵਿਰਸੇ ਨੂੰ ਇੱਕ ਪਲ ਲਈ ਵੀ ਨਹੀਂ ਭੁੱਲੀ, ਜਿੱਥੇ ਪੰਜਾਬਣਾਂ
ਆਪਣੇ ਗਿੱਧੇ ਭੰਗੜੇ ਨਾਲ਼ ਧਮਾਲਾਂ ਪਾ ਰਹੀਆਂ ਨੇ,ਓਥੇ ਉਹਨਾਂ ਦਾ ਰਚਿਆ
ਸਾਹਿਤ ਵੀ ਆਪਣੀਆਂ ਝਾਂਜਰਾਂ ਛਣਕਾ ਰਿਹਾ ਹੈ। ਇਹਨਾਂ ਝਾਂਜਰਾਂ ਦਾ ਸੰਗੀਤ
ਰੂਹਾਂ ਨੂੰ ਸਕੂਨ ਵੀ ਦੇ ਰਿਹੈ ਤੇ ਸੁੱਤਿਆਂ ਨੂੰ ਜਗਾ ਵੀ ਰਿਹਾ ਹੈ।
ਜਿੱਥੋਂ ਤੱਕ ਨਾਰੀ ਦੀ ਪਰਵਾਸ ਵਿੱਚ ਦਸ਼ਾ ਦੀ ਗੱਲ ਹੈ ਜਿਉਂ ਜਿਉਂ ਉਹ
ਜਾਗਰੂਕ ਹੁੰਦੀ ਗਈ, ਉੱਚੀਆਂ ਪੜ੍ਹਾਈਆਂ ਤੇ ਮਿਹਨਤਾਂ ਕਰਦੀ ਰਹੀ,ਸਵੈ
ਨਿਰਭਰ ਹੁੰਦੀ ਗਈ। ਮਿੱਲਾਂ ਵਿੱਚ ਮਾਲਕਾਂ ਹੱਥੋਂ ਜ਼ਲਾਲਤ ਹੰਢਾਉਣ ਵਾਲ਼ੀ
ਹਣ ਖ਼ੁਦ ਮਾਲਕ ਹੋ ਗਈ ਹੈ,ਅਕਾਦਮਿਕ,ਪ੍ਰਬੰਧਕੀ, ਸਮਾਜਿਕ,ਮੀਡੀਆ ਦੇ
ਖੇਤਰਾਂ ਵਿੱਚ ਉੱਚੇ ਰੁਤਬੇ ਹਾਸਿਲ ਕਰ ਲਏ ਨੇ,ਜੱਜ,ਵਕੀਲ ਬਣ ਗਈ ਹੈ,ਰਚਨਾ
ਸਿੰਘ ਤੇ ਸੋਨੀਆ ਸਿੱਧੂ ਵਰਗੀਆਂ ਹੋਰ ਬਹੁਤ ਸਾਰੀਆਂ ਨੇ ਰਾਜਨੀਤਕ ਪਿੜ
ਮੱਲ ਲਏ ਨੇ,ਹੁਣ ਉਹ ਆਪਣੀ ਗੱਲ ਧੜੱਲੇ ਨਾਲ਼ ਕਹਿਣ ਤੇ ਮਨਵਾਉਣ ਦੇ ਸਮਰੱਥ
ਹੋ ਗਈ ਹੈ,ਆਪਣੇ ਫ਼ੈਸਲੇ ਆਪ ਕਰਨ ਦੇ ਯੋਗ ਹੋ ਗਈ ਹੈ,ਬਹੁਤ ਥਾਂਈਂ ਘਰ
ਪਰਿਵਾਰ ਵਿੱਚ ਸਨਮਾਨਯੋਗ ਥਾਂ ਹਾਸਲ ਕਰ ਲਈ ਹੈ ਉਹਨੇ। ਉਹਦੀ ਸੋਚ ਅੰਬਰੀਂ
ਪੀਂਘਾਂ ਪਾਉਣ ਲੱਗੀ ਹੈ,ਇਸੇ ਕਰ ਕੇ ਉਹਦੀਆਂ ਰਚਨਾਵਾਂ ਵਿੱਚ ਵੀ ਮਹੱਤਵ
ਪੂਰਨ ਬਦਲਾਅ ਆਇਐ,ਜਿਹੜਾ ਭਵਿੱਖ ਵਿੱਚ ਉਸਦੇ ਹੋਰ ਉੱਚੀਆਂ ਬੁਲੰਦੀਆਂ
ਛੋਹਣ ਦੀ ਸੁਹੰਢਣੀ ਉਮੀਦ ਨੂੰ ਖੰਭ ਲਾਉਂਦਾ ਹੈ।
ਡਾ. ਗੁਰਮਿੰਦਰ ਸਿੱਧੂ ਸਰੀ, ਬ੍ਰਿਟਿਸ਼
ਕੋਲੰਬੀਆ,ਕੈਨੇਡਾ
|