ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ

 

ਸ੍ਰੇਸ਼ਟ ਪਾਤਰ ਦਾ ਮਤਲਬ ਸ੍ਰੇਸ਼ਟ ਨਾਵਲ ਹੋਣਾ ਤੇ ਨਾਵਲ ਦਾ ਆਧਾਰ ਉੱਤਮ ਵਿਚਾਰ। ਮੇਰੇ ਲਈ ਇਹ ਨਿਰਣਾ ਕਰਨਾ ਬੜਾ ਔਖਾ ਹੈ ਕਿ ਆਪਣੇ ਬਾਰਾਂ ਨਾਵਲਾਂ ਵਿਚੋਂ ਕਿਸਨੂੰ ਚੰਗਾ ਕਿਹਾ ਜਾਵੇ? ਇਸਦੇ ਨਾਲ ਹੀ ਇਹ ਪ੍ਰਸ਼ਨ ਵੀ ਹੈ ਕਿ ਉਸ ਚੋਣ ਦਾ ਆਧਾਰ ਕੀ ਹੋਵੇ? ਕਿਸੇ ਵੀ ਉੱਤਮ ਰਚਨਾ ਦਾ ਆਧਾਰ ਤਾਂ ਸ੍ਰੇਸ਼ਟ ਵਿਚਾਰ ਹੀ ਹੁੰਦਾ ਹੈ। (ਬਾਕੀ ਗੁਣ ਤਾਂ ਪਿੱਛੋਂ ਆਉਂਦੇ ਹਨ। ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਤੋਂ ਬਿਨਾਂ ਕੋਈ ਰਚਨਾ ਰਚਨਾ ਹੁੰਦੀ ਹੀ ਨਹੀਂ।) ਉਸੇ ਰਚਨਾ ਦਾ ਪਾਤਰ ਉੱਤਮ ਹੋ ਸਕਦਾ ਹੈ ਜਿਸਦਾ ਖਿਆਲ ਸ੍ਰੇਸ਼ਟ ਹੋਵੇਗਾ। ਜੇ ਵਿਚਾਰ ਸਾਧਾਰਨ ਹੈ ਤਾਂ ਉਸ ’ਤੇ ਆਧਾਰਿਤ ਨਾਵਲ ਵੀ ਸਾਧਾਰਨ ਹੋਵੇਗਾ। ਜੇ ਨਾਵਲ ਸਾਧਾਰਨ ਹੈ ਤਾਂ ਉਹਦਾ ਪਾਤਰ ਵੀ ਆਮ ਜਿਹਾ ਹੀ ਹੋਵੇਗਾ। ਜਿਹੋ ਜਿਹੀ ਮਿੱਟੀ, ਉਹੋ ਜਿਹਾ ਹੀ ਘੁਮਿਆਰ ਉਹਦਾ ਭਾਂਡਾ ਬਣਾ ਸਕਦਾ ਹੈ। ਇਹ ਗੱਲ ਹੋ ਹੀ ਨਹੀਂ ਸਕਦੀ ਕਿ ਮਿੱਟੀ ਭੁਰਭੁਰੀ ਹੋਵੇ ਤੇ ਘੁਮਿਆਰ ਉਹਦਾ ਭਾਂਡਾ ਸ੍ਰੇਸ਼ਟ ਘੜ ਦੇਵੇ। ਇਸ ਗੱਲ ਦਾ ਇਹ ਅਰਥ ਵੀ ਉੱਕਾ ਨਹੀਂ ਹੈ ਕਿ ਮੈਂ ਆਪਣੇ ਪਾਤਰ ਹਵਾ ’ਚੋਂ ਫੜ ਕੇ ਨਾਵਲ ਦੇ ਪਾਤਰ ਬਣਾ ਲੈਂਦਾ ਹਾਂ। ਮੈਂ ਵੀ ਹੋਰ ਨਾਵਲ ਲੇਖਕਾਂ ਵਾਂਗ ਆਪਣੇ ਪਰਿਵਾਰ, ਸਮਾਜ ਤੇ ਆਲੇ ਦੁਆਲੇ ’ਚ ਦੇਖੇ ਸੁਣੇ ਵਿਅਕਤੀਆਂ ਨੂੰ ਆਪਣੀ ਕਲਪਨਾ ਦੇ ਰੰਗ ਵਿਚ ਰੰਗ ਕੇ ਪੇਸ਼ ਕਰਦਾ ਹਾਂ। ਵਿਚਾਰ ਤਾਂ ਕਿਸੇ ਰਚਨਾ ਦੀ ਆਧਾਰ ਸਿ਼ਲਾ ਹੀ ਹੁੰਦਾ ਹੈ ਜਿਸ ਉਪਰ ਨਾਵਲ ਰਚਨਾ ਦੀ ਮਹਿਲ ਉਸਾਰੀ ਹੁੰਦੀ ਹੈ ਤੇ ਮੁੱਖ ਪਾਤਰ ਦੀ ਸਿਰਜਣਕਾਰੀ। ਉਨ੍ਹਾਂ ਨੂੰ ਮੇਰੇ ਦੇਖੇ ਸੁਣੇ ਲੋਕਾਂ ਤੇ ਮੇਰੀ ਸੋਚ ਦਾ ਮਿਸ਼੍ਰਿਤ ਕਿਹਾ ਜਾ ਸਕਦਾ ਹੈ।

ਮੈਂ ਆਪਣੀ ਗੱਲ ਸਪੱਸ਼ਟ ਕਰਨ ਲਈ ਆਪਣੇ ਪਹਿਲੇ ਨਾਵਲ ‘ਆਪਣੇ ਆਪਣੇ ਰਾਹ’ ਦੀ ਮਿਸਾਲ ਦੇਣੀ ਚਾਹਾਂਗਾ। ਇਸ ਨਾਵਲ ’ਚ ਮੈਂ ਇਹ ਵਿਚਾਰ ਪੇਸ਼ ਕਰਨਾ ਸੀ ਕਿ ਜਿੰਦਗੀ ਦਾ ਮਨੋਰਥ ਮਾਇਆ-ਮੋਹ ਹੈ ਜਾਂ ਸਬਰ-ਸੰਜਮ ਦਾ ਹੈ? ਲਾਲਸਾ ਤੇ ਸੰਜਮ ਵਿਚਕਾਰ ਹੋ ਰਹੀ ਟੱਕਰ ਕਾਰਨ ਭੋਲਾ ਸਿੰਘ ਪਰਿਵਾਰ ਦੋਫਾੜ ਹੋ ਜਾਂਦਾ ਹੈ। ਦੋਫਾੜ ਹੋਇਆ ਪਰਿਵਾਰ ਅੰਤ ਨੂੰ ਕਤਾਰਬੰਦੀ ਕਰ ਲੈਂਦਾ ਹੈ। ਭੋਲਾ ਸਿੰਘ ਤੇ ਉਹਦੀ ਨੂੰਹ ਨਵਨੀਤ ਇਕ ਪਾਸੇ, ਭੋਲਾ ਸਿੰਘ ਦੀ ਪਤਨੀ ਤ੍ਰਿਸ਼ਣਾ ਤੇ ਪੁੱਤਰ ਗੁਰਜਸ ਦੂਜੇ ਪਾਸੇ ਹੋ ਜਾਂਦੇ ਹਨ। ਇਸ ਗੱਲ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਇਸ ਨਾਵਲ ਵਿਚ ਇਹੀ ਚਾਰ ਕਰੈਕਟਰ ਹਨ। ਹੋਰ ਵੀ ਬਥੇਰੇ ਹਨ, ਪਰ ਇਹ ਚਾਰੇ ਪਾਤਰ ਹੀ ਇਸ ਨਾਵਲ ਦੀ ਜਿੰਦ ਜਾਨ ਹਨ, ਕਿਉਂਕਿ ਇਨ੍ਹਾਂ ਚੌਹਾਂ ਨੇ ਹੀ ਮੇਰੇ ਵਿਚਾਰ ਨੂੰ ਪ੍ਰਤੀਨਿਧਤਾ ਦੇਣੀ ਸੀ। ਬਾਕੀਆਂ ਨੇ ਤਾਂ ਸਹਾਇਕ ਰੋਲ ਹੀ ਨਿਭਾਉਣੇ ਸਨ ਜਾਂ ਇਨ੍ਹਾਂ ਦੁਆਲੇ ਪ੍ਰਕਰਮਾਂ ਕਰਨੀ ਸੀ। ਸਾਫ਼ ਹੈ ਕਿ ਕਿਸੇ ਰਚਨਾ ਵਿਚਲਾ ਵਿਚਾਰ ਹੀ ਉਹਨੂੰ ਤੇ ਉਹਦੇ ਵਿਚਲੇ ਪਾਤਰਾਂ ਨੂੰ ਚੰਗੇ, ਮਾੜੇ ਜਾਂ ਉੱਤਮ ਬਣਾਉਂਦਾ ਹੈ। ਭੋਲਾ ਸਿੰਘ ਦੇ ਟੱਬਰ ਨੂੰ ਦੋਫਾੜ ਕਰਨਾ ਮੇਰੇ ਲਈ ਔਖੀ ਗੱਲ ਸੀ। ਕਾਰਨ, ਭਾਰਤੀ ਸਮਾਜ ਦੇ ਮਾਪ-ਤੋਲ ਇਸ ਨਿਰਣੇ ਨੂੰ ਠੀਕ ਨਹੀਂ ਸਮਝਦੇ। ਪਰ ਮੈਨੂੰ ਇਹ ਫੈਸਲਾ ਲੈਣਾ ਪਿਆ, ਕਿਉਂਕਿ ਜਿਸ ਵਿਚਾਰ ਦੇ ਆਧਾਰ ’ਤੇ ਇਸ ਨਾਵਲ ਦੀ ਸਿਰਜਣਾ ਹੋਣੀ ਸੀ, ਉਹ ਇਸ ਗੱਲ ਦੀ ਮੰਗ ਕਰਦਾ ਸੀ। ਜੇ ਮੈਂ ਇਹ ਫੈਸਲਾ ਨਾ ਕਰਦਾ ਤਾਂ ਨਾਵਲ ਲਿਖਿਆ ਹੀ ਨਹੀਂ ਸੀ ਜਾਣਾ। ਇਹ ਗੱਲ ਤਾਂ ਬਾਅਦ ਦੀ ਹੈ ਕਿ ਮੈਨੂੰ ਆਪਣੇ ਸਮਾਜ ਦੇ ਦੇਖੇ ਸੁਣੇ ਪਾਤਰਾਂ ਦਾ ਸਹਾਰਾ ਲੈਣਾ ਪਿਆ ਸੀ ਤਾਂ ਕਿ ਇਸ ਗੱਲ ਦਾ ਪਤਾ ਲੱਗ ਸਕੇ ਕਿ ਜੋ ਫੈਸਲਾ ਮੈਂ ਆਪਣੇ ਪਾਤਰਾਂ ਕੋਲੋਂ ਕਰਵਾਉਣ ਜਾ ਰਿਹਾ, ਉਹੋ ਜਿਹੇ ਹਾਲਤ ਵਿਚ ਸਾਡੇ ਸਮਾਜ ਦੇ ਲਹੂ ਮਾਸ ਦੇ ਬੰਦੇ ਉਸ ਤਰ੍ਹਾਂ ਦਾ ਨਿਰਣਾ ਲੈ ਵੀ ਸਕਦੇ ਹਨ? ਉਨ੍ਹਾਂ ਦੇਖੇ, ਸੁਣੇ ਬੰਦਿਆਂ ਨਾਲੋਂ ਵੀ ਉਸ ਵਿਚ ਮੇਰਾ ਆਪਾ ਕਿਤੇ ਵੱਧ ਹੈ ਜਾਂ ਕਹਿ ਲਓ ਮੈਨੂੰ ਆਪਣੇ ਆਪ ਨੂੰ ਇਹ ਗੱਲ ਪੁੱਛਣੀ ਪਈ ਸੀ ਕਿ ਕੀ ਅਜਿਹੀ ਸਥਿਤੀ ਮੈਂ ਇਹ ਗੱਲ ਕਰ ਸਕਦਾ ਹਾਂ? ਇਹ ਸਭ ਕੁਝ ਕਰਨ ਦੀ ਲੋੜ ਇਸ ਲਈ ਪਈ ਕਿ ਪਤਾ ਲੱਗ ਸਕੇ ਕਿ ਜੋ ਫੈਸਲਾ ਮੈਂ ਆਪਣੇ ਪਾਤਰਾਂ ਕੋਲੋਂ ਕਰਵਾਇਆ ਸੀ ਜਾਂ ਫਿਰ ਜਿਸ ਵਿਚਾਰ ਦੇ ਆਧਾਰ ’ਤੇ ਇਹ ਪਾਤਰ ਸਿਰਜੇ ਜਾਣੇ ਸਨ, ਉਹ ਗੱਲ ਸੰਭਵ ਹੋ ਵੀ ਸਕਦੀ ਸੀ। ਜੇ ਹੋਰ ਵਿਆਖਿਆ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਹੋ ਜਿਹੇ ਹਾਲਤ ਵਿਚ ਲਹੂ ਮਾਸ ਦੇ ਮਨੁੱਖ, ਜਿਹੜੇ ਇਸ ਨਾਵਲ ਦੇ ਪਾਤਰ ਬਣੇ ਸਨ, ਅਜਿਹਾ ਫੈਸਲਾ ਕਰ ਸਕਦੇ ਸਨ? ਮੈਂ ਕਿਤੇ ਹਵਾਈ ਗੱਲਾਂ ਹੀ ਤਾਂ ਨਹੀਂ ਕਰਨ ਜਾ ਰਿਹਾ ਸੀ।

ਮੇਰਾ ਇਹ ਮੰਨਣਾ ਹੈ ਕਿ ਕਿਸੇ ਲੇਖਕ ਦੀ ਜਿੰਨੀ ਵੱਡੀ ਤੇ ਵਿਲੱਖਣ ਸ਼ਖਸੀਅਤ ਹੋਵੇਗੀ, ਓਨੀ ਹੀ ਵੱਡੀ ਰਚਨਾ ਉਹਦੀ ਕਲਮ ’ਚੋਂ ਨਿਕਲ ਸਕਦੀ ਹੈ। ਇਹ ਗੱਲ ਕਦੀ ਹੋ ਹੀ ਨਹੀਂ ਸਕਦੀ ਕਿ ਸਾਧਾਰਨ ਸ਼ਖਸੀਅਤ ਦੀ ਕਲਮ ’ਚੋਂ ਮਹਾਨ ਰਚਨਾ ਦੀ ਸਿਰਜਣਾ ਹੋ ਸਕੇ। ਇਹ ਗੱਲ ਵੱਖਰੀ ਹੈ ਕਿ ਉਸ ਸ਼ਖਸੀਅਤ ਦੇ ਉਹ ਅੰਸ਼ ਜੱਗ ਜ਼ਾਹਰ ਨਾ ਹੋਏ ਹੋਣ, ਜਿਨ੍ਹਾਂ ਕਰਕੇ ਉਹ ਆਮ ਬੰਦੇ ਵਰਗਾ ਹੀ ਸਮਝਿਆ ਜਾਂ ਲਗਦਾ ਹੋਵੇ। ਇਸ ਗੱਲ ਦੇ ਨਾਲ ਹੀ ਮੈਂ ਮੁਪਾਸਾਂ ਦੀ ਕਹੀ ਹੋਈ ਗੱਲ ਜਾਂ ਟਿੱਪਣੀ ਦੇਣੀ ਚਾਹਾਂਗਾ, ਜਿਹੜੀ ਮੇਰੀ ਨਜ਼ਰ ’ਚ ਕਿਸੇ ਨਾਵਲਕਾਰ ਲਈ ਵੀ ਬੜੀ ਮੁੱਲਵਾਨ ਹੈ। ਉਹ ਲਿਖਦਾ ਹੈ ਕਿ ਅਜੋਕੇ ਲੇਖਕ ਦਾ ਦਿਮਾਗ ਕਿਤਾਬਾਂ ਪੜ੍ਹ ਪੜ੍ਹ ਇੰਨਾ ਤਰ ਹੋਇਆ ਹੁੰਦਾ ਹੈ ਕਿ ਉਸ ਕੋਲੋਂ ਮੌਲਿਕ ਪਾਤਰਾਂ ਦੀ ਆਸ ਕਰਨੀ ਅਣਹੋਣੀ ਮੰਗ ਹੈ। ਉਹ ਇਹ ਗੱਲ ਵੀ ਕਹਿੰਦਾ ਹੈ ਕਿ ਜਿੰਨੀ ਕਿਸੇ ਲੇਖਕ ਦੀ ਸ਼ਖਸੀਅਤ ਵਿਲੱਖਣ ਹੋਵੇਗੀ, ਓਨੇ ਹੀ ਉਹਦੇ ਪਾਤਰ ਵਿਲੱਖਣ ਜਾਂ ਮੌਲਿਕ ਹੋ ਸਕਦੇ ਹਨ। ਇਹਦੇ ਨਾਲ ਨਾਲ ਮੇਰਾ ਇਹ ਵੀ ਮੰਨਣਾ ਹੈ ਕਿ ਕਹਾਣੀਆਂ ਪਾਉਣਾ ਜਾਂ ਫਿਰ ਦੋ ਜਾਂ ਦੋ ਤੋਂ ਵੱਧ ਰੇਖਾ-ਚਿੱਤਰਾਂ ਨੂੰ ਜੋੜ ਕੇ ਨਾਵਲ ਦੇ ਨਾਂ ਹੇਠ ਕਿਤਾਬ ਛੱਪਵਾ ਦੇਣ ਨਾਲ ਉਹ ਨਾਵਲ ਨਹੀਂ ਬਣ ਜਾਂਦਾ। ਕਹਾਣੀ ਕਹਿਣੀ ਤਾਂ ਨਾਵਲ ਲੇਖਕ ਦੀ ਮਜਬੂਰੀ ਹੁੰਦੀ ਹੈ। ਕਹਾਣੀ ਤਾਂ ਕਹਿਣੀ ਆਪਣੀ ਗੱਲ ਕਹਿਣ ਦਾ ਬਹਾਨਾ, ਓਹਲਾ ਜਾਂ ਢੰਗ ਹੈ। ਕਿਸੇ ਫਿ਼ਲਾਸਫ਼ੀ ਜਾਂ ਮਹੱਤਵਪੂਰਨ ਸਮਾਜਿਕ ਸਮੱਸਿਆ ਨੂੰ ਪੇਸ਼ ਕਰਨ ਦਾ ਨਾਂ ਨਾਵਲ ਹੈ। ਸ਼ਾਇਦ ਇਸ ਕਰਕੇ ਹੀ ਸਮਰਸੈਟ ਮਾਹਮ ਹਰਨੋਲਡ ਸਟੋਨ ਦੇ ਹਵਾਲੇ ਨਾਲ ਕਹਿੰਦਾ ਹੈ ਕਿ ਅੰਗਰੇਜ਼ੀ ਦਾ (ਇੰਗਲਿਸ਼ ਦਾ ਨਹੀਂ) ਨਾਵਲ ਓਨਾ ਮਹਾਨ ਕਿਉਂ ਨਹੀਂ ਬਣ ਸਕਿਆ ਜਿੰਨਾ ਫਰਾਂਸ ਜਾਂ ਰਸ਼ੀਆ ਦਾ ਹੈ। ਉਹਦੀ ਨਜ਼ਰ ’ਚ ਇਸਦਾ ਕਾਰਨ ਅੰਗਰੇਜ਼ ਨਾਵਲਕਾਰ ਓਨੇ ਹਾਈ ਸੀਰੀਐਸਨੈਸ ਦੇ ਧਾਰਨੀ ਨਹੀਂ ਜਿੰਨੇ ਫਰਾਂਸ ਜਾਂ ਰਸ਼ੀਆ ਦੇ ਹਨ।

ਮੈਂ ਆਪਣੇ ਨਾਵਲ ‘ਹਾਸ਼ੀਏ’ ਵਿਚ ਸਥਾਪਨਾ ਤੇ ਮਾਨਵੀ ਮੁੱਲਾਂ ਨੂੰ ਆਪਸ ਟਕਰਾਉਂਦਿਆਂ ਭਿੜਦਿਆਂ ਦਿਖਾਉਣਾ ਸੀ। ਦੂਜੇ ਸ਼ਬਦਾਂ ’ਚ ਇਹ ਵਿਚਾਰ ਪੇਸ਼ ਕਰਨ ਦਾ ਯਤਨ ਹੈ ਕਿ ਕੀ ਮਨੁੱਖ ਨੇ ਆਪਣਾ ਸਵੈਮਾਣ ਰੱਖਣਾ ਜਾਂ ਇਸਟੈਬਲਿਸ਼ਮੈਂਟ ਦਾ ਯੈਸਮੈਨ ਬਣਨਾ ਹੈ? ਜੀ-ਹਜ਼ੂਰੀਆ ਬਣ ਕੇ ਜੇ ਉਹ ਚਤਰ ਬੁੱਧੀਜੀਵੀ ਹੈ ਤਾਂ ਆਪਣੀ ਮਨ-ਚਾਹੀ ਹਰ ਗੱਲ ਪੂਰੀ ਕਰ ਕਰਵਾ ਸਕਦਾ ਹੈ, ਪਰ ਤਦ ਉਸ ਮਨੁੱਖ ਨਹੀਂ ਰਹਿ ਸਕਣਾ। ਇਸ ਗੱਲ ਦੀ ਚੋਣ ਉਹਦੀ ਮਰਜ਼ੀ ਹੈ, ਕਿਉਂਕਿ ਇਸ ਸੰਸਾਰ ਵਿਚ ਹਰ ਦੇਸ਼ ਦੀ ਇਸਟੈਬਲਿਸ਼ਮੈਂਟ ਦਾ ਮੁੱਖੀ ਆਪਣੇ ਆਲੇ ਦੁਆਲੇ ਜੀ ਹਜ਼ੂਰੀਆਂ ਦੀ ਫੌਜ ਭਰਤੀ ਕਰਨੀ ਚਾਹੁੰਦੀ ਹੈ। ਇਸ ਲਈ ਉਹ ਜੋ ਵੀ ਫਲ ਆਪਣੇ ਬਾਸ ਕੋਲੋਂ ਪ੍ਰਾਪਤ ਕਰਨਾ ਚਾਹੇ, ਕਰ ਸਕਦਾ ਹੈ। ਸਥਾਪਨਾ ਦਾ ਮੁੱਖੀ ਭਾਵੇਂ ਸਰਕਾਰ ਦੇ ਅਸਥਾਈ ਅੰਗ ਦਾ ਮੁੱਖੀ ਹੋਵੇ, ਭਾਵੇਂ ਉਹਦੇ ਸਥਾਈ ਵਿੰਗ ਦਾ, ਬੇਸ਼ੱਕ ਅਰਧ ਸਿਆਸੀ ਸੰਸਥਾ ਦਾ ਤੇ ਬੇਸ਼ੱਕ ਕਿਸੇ ਹੋਰ ਸੰਸਥਾ ਦਾ। ਹੁਣ ਤਾਂ ਲੇਖਕ ਸਭਾਵਾਂ ਵੀ ਇਸੇ ਵਰਗ ਵਿਚ ਆਉਂਦੀਆਂ ਜਾ ਰਹੀਆਂ ਹਨ। ਹਰ ਸਥਾਪਨਾ ਦਾ ਮੁੱਖੀ ਆਪਣੇ ਇਰਦ ਗਿਰਦ ਸਪਾਈਨਲੈਸ ਬੰਦੇ ਇਸ ਲਈ ਚਾਹੁੰਦਾ ਹੈ ਤਾਂ ਕਿ ਉਹਦੇ ਕੀਤੇ ਫੈਸਲੇ ਨੂੰ ਉਹ ਅੱਖਾਂ ਮੀਟ ਕੇ ਸਵੀਕਾਰ ਕਰਦੇ ਰਹਿਣ। ਇਸ ਨਾਵਲ ਵਿਚ ਬਰਤਾਨਵੀ ਸਥਾਪਨਾ ਇਸ ਕਰਕੇ ਅਗਰਭੂਮਿਤ ਹੈ, ਕਿਉਂਕਿ ਇਹਦੀ ਪਿੱਠਭੂਮੀ ਬਰਤਾਨੀਆ ਹੈ।

ਜਦ ਭਾਰਤੀਆਂ ਦੀ ਭਾਰਤੀ ਮਜ਼ਦੂਰ ਸਭਾ, ਪਾਕਿਸਤਾਨੀਆਂ ਦੀ ਪਾਕਿਸਤਾਨੀ ਵੈਲਫੇਅਰ ਅਸੋਸਿ਼ਏਸ਼ਨ ਤੇ ਐਫ਼ਰੋਕੈਰੀਬੀਅਨਾਂ (ਕਾਲਿ਼ਆਂ) ਦੀ ਅਫ਼ਰੋਕੈਰੀਬੀਅਨ ਅਸੋਸਿ਼ਏਸ਼ਨ, ਪ੍ਰਗਤੀਸ਼ੀਲ ਲਿਖਾਰੀ ਸਭਾ (ਗ. ਬੀ), ਟ੍ਰੇਡ ਯੂਨੀਅਨ, ਲੇਬਰ ਤੇ ਲਿਬਰਲ ਪਾਰਟੀਆਂ, ਇਥੋਂ ਤਕ ਟੋਰੀ ਪਾਰਟੀ ਦਾ ਉਹ ਵਿੰਗ ਵੀ ਜੋ ਲਿਬਰਲ ਸੋਚ ਰੱਖਦਾ ਸੀ, ਚਰਚ ਸੋਸਾਇਟੀਆਂ, ਮਾਨਵਵਾਦੀ ਸੰਸਥਾਵਾਂ, ਕਮਿਊਨਿਸਟ ਪਾਰਟੀ, ਇੰਟਰਨੈਸ਼ਨਲ ਸੋਸ਼ਲਿਸਟ ਗਰੁੱਪ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਆਦਿ ਦੀਆਂ ਪ੍ਰਬੰਧਿਕ ਕਮੇਟੀਆਂ ਦੇ ਮੈਂਬਰ, ਬਹੁਤ ਸਾਰੀਆਂ ਹੋਰ ਸੰਸਥਾਵਾਂ ਤੇ ਸਾਧਾਰਨ ਪਰਵਾਸੀ ਜਨਤਾ ਨੇ ਰਲ਼ ਕੇ ਇਕ ਲੰਮੀ ਜਦੋਜਹਿਦ ਮਗਰੋਂ ਪਾਰਲੀਮੈਂਟ ਕੋਲੋਂ ਇਹ ਕਾਨੂੰਨ ਪਾਸ ਕਰਵਾ ਲਿਆ ਕਿ ਹਰ ਬਰਤਾਨਵੀ ਸ਼ਹਿਰੀ, ਉਹ ਬੇਸ਼ੱਕ ਏਸ਼ੀਅਨ ਮੂਲ ਦਾ ਹੈ, ਭਾਵੇਂ ਐਫ਼ਰੋਕੈਰੀਬੀਅਨ ਮੂਲ ਦਾ, ਦੇ ਹੱਕ ਗੋਰੇ ਸ਼ਹਿਰੀਆਂ ਦੇ ਬਰਾਬਰ ਹਨ। ਉਹ ਵੀ ਗੋਰਿਆਂ ਵਾਂਗ ਹੀ ਆਪਣੇ ਮਾਪਿਆਂ ਨੂੰ, ਜੇ ਉਨ੍ਹਾਂ ਦਾ ਆਪਣੇ ਬੱਚਿਆਂ ਕੋਲ ਇੰਗਲੈਂਡ ਆ ਕੇ ਰਹਿਣਾ ਜ਼ਰੂਰੀ ਹੋਵੇ, ਮੰਗਾ ਸਕਦੇ ਹਨ। ਉਨ੍ਹਾਂ ਵਾਂਗ ਹੀ ਉਹ ਆਪਣੇ ਲਹੂ ਦੇ ਰਿਸ਼ਤੇਦਾਰਾਂ ਨੂੰ ਵਿਆਹ-ਸਾ਼ਦੀ ਜਾਂ ਖੁਸ਼ੀ-ਗਮੀ ਦੇ ਮੌਕਿਆਂ ’ਤੇ ਜਾਂ ਫਿਰ ਛੁੱਟੀਆਂ ਮਨਾਉਣ ਲਈ ਅਸਥਾਈ ਤੌਰ ’ਤੇ ਮੰਗਾ ਸਕਦੇ ਹਨ। ਇਹਦੇ ਨਾਲ ਹੀ ਉਹਨੂੰ ਵੀ ਗੋਰਿਆਂ ਵਾਂਗ ਕੰਮ ਕਾਰ ਵਿਚ ਤੇ ਆਪਣੀ ਮਰਜ਼ੀ ਦੇ ਇਲਾਕੇ ’ਚ ਘਰ ਖਰੀਦਣ ਦਾ ਅਧਿਕਾਰ ਹੈ। ਮਤਲਬ, ਜਿਨ੍ਹਾਂ ਬਸਤੀਆਂ ਵਿਚ ਪਹਿਲਾਂ ਕੇਵਲ ਗੋਰੇ ਹੀ ਘਰ ਖਰੀਦਣ ਦਾ ਅਧਿਕਾਰ ਸਮਝਦੇ ਸਨ, ਉਨ੍ਹਾਂ ਬਸਤੀਆਂ ’ਚ ਹੁਣ ਕਾਲ਼ਾ ਜਾਂ ਰੰਗਦਾਰ ਪਰਵਾਸੀ ਵੀ ਘਰ ਖਰੀਦ ਸਕਦਾ ਸਨ। ਇਹੀ ਨਹੀਂ; ਸਰਕਾਰੀ, ਅਰਧ ਸਰਕਾਰੀ ਜਾਂ ਪ੍ਰਾਈਵੇਟ ਆਦਾਰਾ ਰੰਗ, ਨਸਲ ਤੇ ਸੈਕਸ ਦੇ ਆਧਾਰ ’ਤੇ ਕਿਸੇ ਨਾਲ ਨੌਕਰੀ ਸਮੇਂ ਜਾਂ ਤਰੱਕੀ ਦੇਣ ਵਕਤ ਵਿਤਕਰਾ ਨਹੀਂ ਕਰ ਸਕਦਾ ਸੀ। ਜੇ ਕੋਈ ਇੰਪਲਾਇਰ ਆਪਣੇ ਕਿਸੇ ਰੰਗਦਾਰ ਜਾਂ ਕਾਲ਼ੇ ਕਾਮੇ ਨਾਲ ਅਜਿਹਾ ਕਰਦਾ ਸੀ ਤਾਂ ਉਹ ਉਹਨੂੰ ਇੰਪਲਾਏਮੈਂਟ ਕੋਰਟ ਵਿਚ ਲਿਜਾ ਸਕਦਾ ਸੀ। ਸਾਬਤ ਹੋਣ ’ਤੇ ਕੋਰਟ ਉਹਨੂੰ ਸਜ਼ਾ ਜਾਂ ਜੁਰਮਾਨਾ ਕਰ ਸਕਦੀ ਸੀ। ਕਈਆਂ ਹਾਲਤਾਂ ’ਚ ਦੋਵੇਂ ਗੱਲਾਂ ਹੋ ਸਕਦੀਆਂ ਸਨ।

ਇਸ ਗੱਲ ਦੇ ਨਾਲ ਨਾਲ ਕਾਊਂਸਿਲਾਂ ਤੇ ਸਰਕਾਰ ਨੇ ਰਲ਼ ਕੇ ਦੇਸ਼ ਵਿਚ ਨਸਲੀ ਸਬੰਧਾਂ ਨੂੰ ਇਕਸੁਰ ਰੱਖਣ ਲਈ ਪਹਿਲਾਂ ਕਮਿਊਨਿਟੀ ਰੇਸ ਰਿਲੇਸ਼ਨ ਸੰਸਥਾ ਬਣਾਈ ਜਿਸਦੀਆਂ ਬ੍ਰਾਂਚਾਂ ਹਰ ਉਸ ਸ਼ਹਿਰ ਜਾਂ ਟਾਊਨ ਵਿਚ ਬਣਾਈਆਂ ਗਈਆਂ ਜਿਥੇ ਵੱਖ ਵੱਖ ਰੇਸਾਂ ਦੇ ਲੋਕ ਰਹਿੰਦੇ ਸਨ। ਉਹਦਾ ਕਾਰਜ ਖੇਤਰ ਵੱਖ ਵੱਖ ਕਮਿਊਨਿਟੀਆਂ ਨੂੰ ਇਕ ਸੁਰ ਰੱਖਣਾ ਸੀ। ਕਈ ਵਰ੍ਹੇ ਇਹ ਸੰਸਥਾ ਆਪਣਾ ਕਾਰਜ ਕਰਦੀ ਰਹੀ। ਹੌਲ਼ੀ ਹੌਲ਼ੀ ਹਾਲਾਤ ਬਦਲਦੇ ਗਏ ਤੇ ਨਵੇਂ ਮਸਲੇ ਪੈਦਾ ਹੁੰਦੇ ਗਏ। ਜਦ ਇਸ ਸੰਸਥਾ ਦੀ ਕਾਰਜਕਾਰੀ ਕਮੇਟੀ ਤੇ ਅਧਿਕਾਰੀ ਇਹ ਗੱਲ ਸਮਝਣ ਲੱਗੇ ਕਿ ਇਹ ਸੰਸਥਾ ਆਪਣੇ ਇਸ ਰੂਪ ’ਚ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦੀ ਤਾਂ ਉਨ੍ਹਾਂ ਨੇ ਲੋਕਲ ਕਾਊਂਸਿਲਾਂ ਤੇ ਸਰਕਾਰ ਤਕ ਪਹੁੰਚ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂੰ ਕਰਵਾਇਆ। ਅਥਾਰਿਟੀ ਨੇ ਕਮਿਊਨਿਟੀ ਰੇਸ ਰਿਲੇਸ਼ਨ ਸੰਸਥਾ ਨੂੰ ਹੋਰ ਅਧਿਕਾਰ ਦੇ ਕੇ ਉਹਨੂੰ ਰੇਸ ਇਕੁਅਲਟੀ ਸੰਸਥਾ ਬਣਾ ਦਿੱਤਾ। ਜਿਸ ਬੰਦੇ ਨਾਲ ਵੀ ਕੰਮ, ਘਰ ਖਰੀਦਣ, ਇਮੀਗ੍ਰੇਸ਼ਨ, ਨੌਕਰੀ ਜਾਂ ਤਰੱਕੀ ਆਦਿ ਦੇ ਮਸਲੇ ’ਚ ਨਸਲੀ ਵਿਤਕਰਾ ਹੋਇਆ ਹੋਵੇ, ਉਹ ਇਸ ਸੰਸਥਾ ਕੋਲੋਂ ਸਲਾਹ ਮਦਦ ਲੈਣ ਲਈ ਇਹਦਾ ਦਰ ਖੜਕਾ ਸਕਦਾ ਸੀ। ਇਹ ਉਹਦੀ ਮਦਦ ਹੀ ਨਹੀਂ, ਜੇ ਲੋੜ ਹੋਵੇ ਤਾਂ ਉਹਦਾ ਮੁਕੱਦਮਾ ਇੰਪਲਾਏਮੈਂਟ ਕੋਰਟ ਜਾਂ ਕਿਸੇ ਵੀ ਸਬੰਧਿਤ ਕੋਰਟ ਵਿਚ ਲਿਜਾ ਕੇ ਲੜ ਸਕਦੀ ਸੀ। ਡਿਸਕ੍ਰੀਮੀਨੇਸ਼ਨ ਸਾਬਤ ਹੋਣ ’ਤੇ ਕੋਰਟ ਉਸ ਇੰਪਲਾਇਰ, ਅਫ਼ਸਰ ਜਾਂ ਕੰਪਨੀ ਨੂੰ ਜੁਰਮਾਨਾ ਕਰ ਸਕਦੀ ਸੀ ਤੇ ਜਿਸ ਨਾਲ ਰੰਗ, ਨਸਲ ਤੇ ਸੈਕਸ ਦੇ ਆਧਾਰ ’ਤੇ ਧੱਕਾ ਹੋਇਆ ਹੋਵੇ, ਉਹਨੂੰ ਮੁਆਵਜ਼ਾ ਦੁਆ ਸਕਦੀ ਸੀ। ਬਰਤਾਨਵੀ ਮੀਡੀਆ ਵੀ ਅਕਸਰ ਉਸ ਵਿਅਕਤੀ ਨਾਲ ਹਮਦਰਦੀ ਭਰਿਆ ਵਰਤਾਅ ਕਰਦਾ ਸੀ ਜਿਸ ਨਾਲ ਧੱਕਾ ਹੋਇਆ ਹੋਵੇ। ਇਸ ਕਰਕੇ ਕੋਈ ਇੰਪਲਾਇਅਰ, ਅਫ਼ਸਰ ਜਾਂ ਕੰਪਨੀ ਸਜ਼ਾ ਜਾਂ ਜੁਰਮਾਨੇ ਤੋਂ ਡਰਦੀ ਕਿਸੇ ਇੰਪਲਾਈ ਨਾਲ ਰੰਗ, ਨਸਲ ਜਾਂ ਸੈਕਸ ਦੇ ਆਧਾਰ ’ਤੇ ਸਿੱਧਾ ਵਿਤਕਰਾ ਕਰਨ ਤੋਂ ਡਰਦੀ ਸੀ।

ਇਹ ਸਭ ਗੱਲਾਂ ਠੀਕ ਸਨ। ਨਸਲੀ ਵਿਤਕਰੇ ਦੇ ਵਿਰੁੱਧ ਕਾਨੂੰਨ ਵੀ ਬਣ ਗਿਆ ਸੀ ਤੇ ਉਸ ਕਾਨੂੰਨ ’ਤੇ ਅਮਲ ਕਰਨ ਲਈ ਕੋਰਟਾਂ ਵੀ ਸਥਾਪਿਤ ਹੋ ਗਈਆਂ ਸਨ। ਪਰ ਵਿਤਕਰਾ ਕਰਨ ਵਾਲੇ ਸਿੱਧਾ ਵਿਤਕਰਾ ਕਰਨ ਦੀ ਥਾਂ ਅਸਿੱਧਾ ਕਰਨ ਲਗ ਪਏ ਸਨ। ਇਹ ਵਰਤਾਰਾ ਬੜਾ ਟੇਢਾ ਹੈ। ਇਹਨੂੰ ਸਾਬਤ ਕਰਨਾ ਜੇ ਅਸੰਭਵ ਨਹੀਂ ਵੀ, ਕਠਿਨ ਬਹੁਤ ਹੈ। ਜਿਸ ਅਧਿਕਾਰੀ ਨੇ ਕਿਸੇ ਵਿਅਕਤੀ ਨਾਲ ਅਸਿੱਧਾ ਵਿਤਕਰਾ ਕਰਨਾ ਹੋਵੇ, ਉਹ ਉਸੇ ਰੰਗ ਦੇ ਕਿਸੇ ਹੋਰ ਵਿਅਕਤੀ ਨਾਲ ਹਾਂ-ਪੱਖੀ ਵਿਤਕਰਾ ਕਰਕੇ ਉਹਦੇ ਦਾਹਵੇ ਨੂੰ ਬੜੀ ਆਸਾਨੀ ਨਾਲ ਨਕਾਰ ਸਕਦਾ ਸੀ। ਉਹਦੀ ਕੌਨਫੀਡੈਂਸ਼ੀਅਲ ਫ਼ਾਇਲ ਨਾਲ ਛੇੜਛਾੜ ਕਰ ਸਕਦਾ ਸੀ। ਉਹਨੂੰ ਕਿਸੇ ਕੋਲੋਂ ਡਰਾਵੇ ਦੇ ਟੈਲੀਫੋਨ ਕਰਵਾ ਕੇ ਤੇ ਡਰਾ ਧਮਕਾ ਕੇ ਚੁੱਪ ਕਰਵਾ ਸਕਦਾ ਸੀ। ਉਸ ’ਤੇ ਰੇਪ ਦਾ ਝੂਠਾ ਦੋਸ਼ ਲੁਆਇਆ ਜਾ ਸਕਦਾ ਸੀ। ਘੱਟੋ ਘੱਟ ਸੈਕਸੂਅਲੀ ਅਸੌਲਟ ਦਾ ਇਲਜ਼ਾਮ ਤਾਂ ਬੜੀ ਆਸਾਨੀ ਨਾਲ ਲੁਆਇਆ ਜਾ ਸਕਦਾ ਸੀ। ਦੇਖਣ-ਸੁਣਨ ਨੂੰ ਤਾਂ ਜ਼ਰੂਰ ਇੰਜ ਲੱਗਦਾ ਹੈ ਜਿਵੇਂ ਬਰਤਾਨਵੀ ਸਮਾਜ ਰੰਗ, ਨਸਲ ਤੇ ਸੈਕਸ ਦੇ ਭੇਦ-ਭਾਵ ਤੋਂ ਉਪਰ ਉਠ ਚੁੱਕਾ ਹੈ। ਪਰ ਅਸਿੱਧੇ ਤੌਰ ’ਤੇ ਹੋ ਰਿਹਾ ਸੀ। ਭਾਵੇਂ ਓਨਾ ਹੋਣੋਂ ਤਾਂ ਜ਼ਰੂਰ ਹਟ ਗਿਆ ਸੀ ਜਿੰਨਾ ਨਸਲੀ ਵਿਤਕਰੇ ਦੇ ਵਿਰੁੱਧ ਕਾਨੂੰਨ ਬਣਨ ਤੋਂ ਪਹਿਲਾਂ ਹੁੰਦਾ ਸੀ। ਪਰ ਹੁੰਦਾ ਅਜੇ ਵੀ ਸੀ ਭਾਵੇਂ ਉਹਦਾ ਰੰਗ ਢੰਗ ਬਦਲ ਗਿਆ ਸੀ। ਇਹ ਗੱਲ ਐਨ ਉਸੇ ਤਰ੍ਹਾਂ ਦੀ ਹੈ ਜਿਵੇਂ ਓਪਰੀ ਨਜ਼ਰ ਨਾਲ ਦੇਖਿਆਂ ਪੂਰਾ ਸੱਚ ਪੱਲੇ ਨਹੀਂ ਪੈ ਸਕਦਾ ਹੈ। ਪੂਰੇ ਸੱਚ ਨੂੰ ਨੀਝ ਨਾਲ ਦੇਖਣ ਨਾਲ ਹੀ ਉਹਦੀ ਥਾਹ ਪਾਈ ਜਾ ਸਕਦੀ ਹੈ। ਓਪਰੀ ਨਜ਼ਰ ਨਾਲ ਜੋ ਗੱਲ ਠੀਕ ਲੱਗਦੀ ਹੈ, ਨੀਝ ਨਾਲ ਦੇਖਣ ਨਾਲ ਅਕਸਰ ਉਹ ਉਹਦੇ ਨਾਲੋਂ ਉਲਟ ਨਿਕਲਦੀ ਹੈ। ਜਿਵੇਂ ਓਪਰੀ ਨਜ਼ਰ ਨਾਲ ਸੋਨੇ ਦੀ ਝਾਲ ਨਾਲ ਝਾਲੀ ਵਸਤੂ ਵੀ ਸੋਨੇ ਦੀ ਲੱਗਦੀ ਹੈ। ਇਸ ਕਰਕੇ ਬਰਤਾਨਵੀ ਸਰਕਾਰ ਦੇ ਅਸਥਾਈ ਤੇ ਸਥਾਈ ਦੋਵੇਂ ਅੰਗ ਇਹ ਗੱਲ ਕਹਿ ਵੀ ਸਕਦੇ ਸਨ ਤੇ ਲੋਕਾਂ ਨੂੰ ਦਿਖਾ ਸਕਦੇ ਸਨ ਕਿ ਇੰਗਲੈਂਡ ਵਿਚ ਹਰ ਨਸਲ, ਰੰਗ ਤੇ ਸੈਕਸ ਨਾਲ ਬਰਾਬਰੀ ਦਾ ਵਿਹਾਰ ਕੀਤਾ ਜਾ ਰਿਹਾ ਸੀ। ਇਥੇ ਕਿਸੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੋ ਰਿਹਾ। ਦੇਖਣ ਸੁਣਨ ਨੂੰ ਇਹ ਸਭ ਲਗਦਾ ਵੀ ਠੀਕ ਸੀ।

ਇਹ ਗੱਲ ਵੀ ਬੰਦੇ ਵਾਂਗ ਹੀ ਹੈ। ਜਿਸ ਤਰ੍ਹਾਂ ਬੰਦਾ ਸ਼ਕਲ ਤੋਂ ਨਜ਼ਰ ਆਉਂਦਾ ਹੈ, ਜ਼ਰੂਰੀ ਨਹੀਂ ਹੁੰਦਾ ਕਿ ਉਹ ਸੱਚੀਂ ਓਦਾਂ ਦਾ ਹੀ ਹੋਵੇ, ਸਗੋਂ ਬਹੁਤੀ ਵਾਰੀ ਗੱਲ ਉਲਟ ਹੁੰਦੀ ਹੈ। ਅਸਲ ਬੰਦਾ ਹੁੰਦਾ ਹੀ ਬੰਦੇ ਦੇ ਅੰਦਰ ਹੈ। ਉਹਦੇ ਅਵਚੇਤਨ ਵਿਚ ਪਤਾ ਨਹੀਂ, ਉਹਦੀਆਂ ਕਿੰਨੀਆਂ ਪੀੜ੍ਹੀਆਂ ਤੇ ਕਿੰਨੀਆਂ ਸਦੀਆਂ ਦੀ ਹਉਮੈ, ਸੰਸਕਾਰ, ਗਰਬ ਤੇ ਹੰਕਾਰ ਨਾਗਵਲ਼ ਪਾਈ ਬੈਠੇ ਫੁਕਾਰੇ ਮਾਰ ਰਹੇ ਹੁੰਦੇ ਹਨ ਜਿਹਨੂੰ ਉਹ ਦਬਾਉਣਾ ਚਾਹੁੰਦਾ ਹੋਇਆ ਵੀ ਦਬਾ ਨਹੀਂ ਸਕਦਾ। ਭਾਵ, ਉਹਦੇ ਸਭਿਅ ਦਿਸਦੇ ਚਿਹਰੇ ਪਿੱਛੇ ਅਸਭਿਅ ਆਪਾ ਕਿੰਨਾ ਖੌਰੂ ਪਾ ਰਿਹਾ ਹੁੰਦਾ ਹੈ, ਉਹਨੂੰ ਦੇਖ ਸਕਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਖਾਸ ਕਰਕੇ ਉਸ ਕੌਮ ਦੇ ਅੰਦਰਲੇ ਦੀ ਥਾਹ ਪਾਉਣੀ ਤਾਂ ਸੌਖੀ ਗੱਲ ਹੋ ਹੀ ਨਹੀਂ ਜਿਸ ਅੱਧੇ ਸੰਸਾਰ ਨਾਲੋਂ ਵੀ ਵੱਧ ’ਤੇ ਕਈ ਸਦੀਆਂ ਰਾਜ ਕੀਤਾ ਹੋਵੇ। ਉਹਦੇ ਅਵਚੇਤਨ ਵਿਚ ਇਹ ਗੱਲ ਕੁੱਟ ਕੁੱਟ ਕੇ ਭਰੀ ਹੁੰਦੀ ਹੈ ਕਿ ਗਾਡ ਨੇ ਉਸਨੂੰ ਕਾਲ਼ੀਆਂ, ਕਣਕਵੰਨੀਆਂ ਤੇ ਪੀਲੇ ਰੰਗ ਦੀਆਂ ਕੌਮਾਂ ’ਤੇ ਰਾਜ ਕਰਨ ਲਈ ਪੈਦਾ ਕੀਤਾ ਹੈ ਤੇ ਉਨ੍ਹਾਂ ਨੂੰ ਉਸਦੀ ਤਾਬੇਦਾਰੀ ਕਰਨ ਲਈ। ਰੱਬ ਨੇ ਉਹਨੂੰ ਇਸ ਦਾਤ ਨਾਲ ਮਾਲੋਮਾਲ ਕਰਕੇ ਸੰਸਾਰ ’ਚ ਭੇਜਿਆ ਹੈ। ਗਾਡ ਦੀ ਦਿੱਤੀ ਹੋਈ ਇਸ ਦਾਤ ਦਾ ਪ੍ਰਯੋਗ ਨਾ ਕਰਨਾ ਤਾਂ ਦੇਣਵਾਲੇ ਦੀ ਤੌਹੀਨ ਕਰਨ ਦੇ ਸਾਮਾਨ ਹੈ। ਇਸ ਕਰਕੇ ਉਹ ਉਹਦੀ ਵਰਤੋਂ ਕਰਨੀ ਗਾਡ ਵਲੋਂ ਦਿੱਤਾ ਆਪਣਾ ਹੱਕ ਸਮਝਦੀ ਹੈ।

ਉਹ ਹੁਣ ਬੇਸ਼ੱਕ ਇਸ ਹਉਮੈ ਨੂੰ ਆਪਣੇ ਅੰਦਰੋਂ ਕੱਢਣ ਦਾ ਯਤਨ ਕਰ ਰਹੀ ਹੈ ਤੇ ਕੱਢ ਵੀ ਰਹੀ ਹੈ ਪਰ ਜਿਹੜੀ ਗੱਲ ਸਦੀਆਂ ਦੀ ਕਿਸੇ ਕੌਮ ਦੇ ਅਵਚੇਤਨ ਵਿਚ ਪਲੱਥਾ ਮਾਰੀ ਬੈਠੀ ਹੋਵੇ, ਉਹ ਐਨੀ ਛੇਤੀ ਉਹਦੇ ਅੰਦਰੋਂ ਕਿੱਦਾਂ ਨਿਕਲ ਸਕਦੀ ਹੈ? ਉਹਦੇ ਨਾ ਚਾਹੁੰਦਿਆਂ ਹੋਇਆਂ ਵੀ ਉਹ ਉਹਦੇ ਅਵਚੇਤਨ ਦੇ ਹਕੂਮਤ ਕਰਨ ਲਈ ਛਮਕਾਂ ਮਾਰਦੀ ਰਹਿੰਦੀ ਹੈ। ਉਹ ਵੀ ਕੀ ਕਰੇ? ਜਦ ਕਾਨੂੰਨ ਅਨੁਸਾਰ ਕੋਈ ਸਰਕਾਰੀ, ਅਰਧ ਸਰਕਾਰੀ ਆਦਾਰਾ ਜਾਂ ਪ੍ਰਾਈਵੇਟ ਕੰਪਨੀਆਂ ਜਾਂ ਫਿਰ ਅਧਿਕਾਰੀ ਰੰਗ, ਨਸਲ ਤੇ ਸੈਕਸ ਦੇ ਆਧਾਰ ’ਤੇ ਕਿਸੇ ਵਿਅਕਤੀ ਨਾਲ ਵਿਤਕਰਾ ਕਰਨ ਤੋਂ ਅਸਮਰੱਥ ਹੋ ਗਿਆ ਤਾਂ ਉਨ੍ਹਾਂ ਨੇ ਡਾਇਰੈਕਟ ਦੀ ਥਾਂ ਇਨਡਾਇਰੈਕਟ ਡਿਸਕ੍ਰੀਮੀਨੇਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਇਸ ਪਲਾਟ ਲਈ ਮੈਨੂੰ ਕਿਸੇ ਅਜਿਹੇ ਪਾਤਰ ਦੀ ਲੋੜ ਸੀ ਜਿਸਨੂੰ ਬਰਤਾਨਵੀ ਨਿਆਂ ਪ੍ਰਨਾਲੀ ਦੀ ਸੂਝ ਵੀ ਹੋਵੇ ਤੇ ਉਹ ਇੰਟੈਲੀਜੈਂਟ ਵੀ ਹੋਵੇ। ਉਹ ਅੰਗਰੇਜ਼ ਕੌਮ ਦੀ ਰਾਜਨੀਤੀ, ਆਰਥਿਕਤਾ, ਸਭਿਆਚਾਰ ਅਤੇ ਇਤਿਹਾਸ ਦੀ ਸਮਝ ਵੀ ਰੱਖਦਾ ਹੋਵੇ; ਇਹਦੇ ਲਿਸ਼ਕਦੇ-ਪੁਸ਼ਕਦੇ ਦਿਸਦੇ ਸਭਿਅ ਚਿਹਰੇ ਪਿੱਛੇ ਛੁਪੇ ਅਸਭਿਅ, ਵਿਸ਼ੇਸ਼ ਸਰਕਾਰੀ ਸੰਸਥਾਵਾਂ ਦੇ ਅਫ਼ਸਰਾਂ ਦੇ ਚਿਹਰਿਆਂ ਦੀ ਪਹਿਚਾਣ ਵੀ ਬਾਖੂਬੀ ਕਰ ਸਕਦਾ ਹੋਵੇ। ਉਹ ਸਰਕਾਰ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਦੇ ਕੰਮ ਦੀ ਸਾਰ ਵੀ ਰੱਖਦਾ ਹੋਵੇ। ਉਹ ਇਸ ਕੌਮ ਦੇ ਅਵਚੇਤਨ ਵਿਚ ਪਏ ਨਸਲੀ ਵਿਤਕਰਿਆਂ ਦੀ, ਇਹਦੇ ਸਭਿਆਚਾਰ ਵਿਚਲੀ ਸਥਾਪਤੀ ਦੇ ਬਹੁ-ਰੂਪਾਂ ਤੇ ਪਾਵਰ ਹਥਿਆਈ ਰੱਖਣ ਵਾਲੇ ਰਾਜਨੀਤਕ ਤੇ ਸਿਆਸੀ ਅਵਚੇਤਨ ਦੀ ਨਿਸ਼ਾਨਦੇਹੀ ਵੀ ਕਰ ਸਕਦਾ ਹੋਵੇ। ਇਹਦੇ ਨਾਲ ਨਾਲ ਉਹਨੂੰ ਵਿਅਕਤੀਗਤ ਪ੍ਰਤਿਯੋਗਤਾ ਤੇ ਭਾਈਚਾਰਕ ਸਹਿਯੋਗਤਾ ਦੀ ਸਮਝ ਵੀ ਹੋਵੇ। ਅੰਤ ਵਿਚ ਉਹ ਇਸ ਅਣਸੁਲਝੇ ਪ੍ਰਸ਼ਨ ਤੇ ਸਮੱਸਿਆ ਦੇ ਗੁੱਝੇ ਤੇ ਅਦਿਸ ਪੱਖ ਨੂੰ ਵੀ ਜਾਣਦਾ ਹੋਵੇ। ਭਾਵ, ਉਹਨੂੰ ਇਹ ਵੀ ਪਤਾ ਹੋਵੇ ਕਿ ਕਿੱਦਾਂ ਇਕ ਪਾਸੇ ਇਹ ਨਿਜਵਾਦ, ਵਿਅਕਤੀਵਾਦ, ਸਥਾਪਤੀ ਦੀ ਜੀ-ਹਜ਼ੂਰੀ ਦੀਆਂ ਚਾਲਾਂ ਨੂੰ ਵੀ ਸਮਝਦਾ ਹੋਵੇ, ਦੂਜੇ ਪਾਸੇ ਇਨ੍ਹਾਂ ਤੋਂ ਮੁਕਤ ਹੋਣ ਲਈ ਆਪਣੇ ਹੱਕਾਂ ਨੂੰ ਸਮਝਣ-ਲੜਨ ਵਾਲੇ ਆਦਰਸ਼ਾਂ ਨੂੰ ਵੀ ਪ੍ਰਣਾਇਆ ਹੋਵੇ। ਉਹ ਹਾਰ ਕੇ ਵੀ ਹਾਰ ਨਾ ਮੰਨਣ ਵਾਲਾ ਹੋਵੇ ਸਗੋਂ ਮੁਕੰਮਲ ਜਿੱਤ ਲਈ ਨਵੀਆਂ ਨੀਤੀਆਂ ਵੀ ਘੜ ਸਕਦਾ ਹੋਵੇ। ਮਾਲਕ ਅਤੇ ਸਲੇਵ ਦੀ ਮਾਨਸਿਕਤਾ ਤੇ ਅਵਚੇਤਨ ਤੋਂ ਵੀ ਭਲੀ-ਭਾਂਤ ਵਾਕਫ਼ ਹੋਵੇ। ਉਹ ਇਸ ਕੌਮ ਦੇ ਅਵਚੇਤਨ ਵਿਚ ਗੂੰਜਾਂ ਪਾਉਂਦੀਆਂ ਆਵਾਜ਼ਾਂ, ਖੌਰੂ ਪਾਉਂਦੇ ਸੰਸਕਾਰਾਂ ਨੂੰ ਸੁਣ ਵੀ ਸਕਦਾ ਹੋਵੇ ਤੇ ਸਮਝ ਵੀ।

ਉਹ ਇਹ ਵੀ ਜਾਣਦਾ ਹੋਵੇ ਕਿ ਆਪਣੇ ਵਿਰੋਧੀ ’ਤੇ ਕਦ ਵਾਰ ਕਰਨਾ ਤੇ ਕਦ ਉਹਦਾ ਵਾਰ ਹੱਸ ਕੇ ਸਹਿਣਾ ਹੈ। ਕਿਸੇ ਆਕੜ ਖਾਂ ਤੋਂ ਆਕੜ ਖਾਂ ਅੱਗੇ ਵੀ ਛਾਤੀ ਚੌੜੀ ਕਰਕੇ ਤੇ ਉਹਦੀਆਂ ਅੱਖਾਂ ’ਚ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਰੱਖਦਾ ਹੋਵੇ। ਉਹ ਭਾਵੇਂ ਉਹਦਾ ਆਪਣਾ ਬਾਸ ਹੀ ਕਿਉਂ ਨਾ ਹੋਵੇ। ਆਪਣੀ ਡਿਊਟੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣ ਵਿਚ ਭਰੋਸਾ ਰੱਖਦਾ ਹੋਵੇ। ਜੇ ਉਹਦਾ ਬਾਸ ਤੰਗ ਕਰਨ ਲਈ ਔਖੇ ਜਾਂ ਗੁੰਝਣਦਾਰ ਮੁਕੱਦਮੇ ਦੇ ਕੇ ਦੁੜਾਉਣਾ ਚਾਹੁੰਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਮੱਥਾ ਇਕੱਠਾ ਕਰਕੇ ਲੈਣ ਦੀ ਥਾਂ ਹੱਸ ਕੇ ਲੈ ਸਕਦਾ ਹੋਵੇ। ਫਿਰ ਆਪਣੀ ਤੇਜ ਬੁੱਧੀ ਤੇ ਮਿਹਨਤ ਸਦਕਾ ਉਸ ਮੁਕੱਦਮੇ ਦੇ ਹਰ ਪੱਖ ਦਾ ਗਹਿਨ ਅਧਿਐਨ ਹੀ ਨਾ ਕਰ ਸਕਦਾ ਹੋਵੇ ਸਗੋਂ ਉਹਨੂੰ ਕੋਰਟ ਵਿਚ ਬੜੇ ਭਰੋਸੇ ਨਾਲ ਪੇਸ਼ ਕਰਕੇ ਤੇ ਜਿੱਤ ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਸਿੱਕਾ ਮੰਨਵਾ ਸਕਦਾ ਹੋਵੇ। ਉਹ ਇਹ ਰਾਜਨੀਤੀ ਵੀ ਸਮਝਦਾ ਹੋਵੇ ਕਿ ਉਹਦਾ ਬਾਸ ਉਹਦੀ ਯੋਗਤਾ ਦੀ ਦਾਦ ਦੇਣ ਲਈ ਬੇਸ਼ੱਕ ਇਕ ਸ਼ਬਦ ਵੀ ਨਾ ਕਹੇ ਪਰ ਉਹਦੀ ਯੋਗਤਾ ਉਹਦੇ ਅੰਦਰ ਕਾਬਾਂ ਜ਼ਰੂਰ ਛੇੜ ਸਕਦੀ ਹੋਵੇ। ਉਹ ਆਪਣੇ ਸਾਥੀ ਸਰਕਾਰੀ ਵਕੀਲਾਂ, ਵਿਸ਼ੇਸ਼ ਕਰਕੇ ਆਪਣੇ ਤੋਂ ਜੂਨੀਅਰ ਨਾਲ ਹਮਦਰਦੀ ਭਰਿਆ ਵਿਵਹਾਰ ਕਰਨ ਵਾਲਾ ਹੋਵੇ। ਹਮਦਰਦੀ ਵਾਲਾ ਵਰਤਾਅ ਹੀ ਨਹੀਂ, ਉਨ੍ਹਾਂ ਨੂੰ ਆਪਣੇ ਵਾਂਗ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਵੀ ਕਰ ਸਕਦਾ ਹੋਵੇ। ਜੇ ਕਿਸੇ ਨੂੰ ਉਹਦੀ ਮਦਦ ਦੀ ਲੋੜ ਹੋਵੇ ਤਾਂ ਉਹ ਆਪਣਾ ਕੰਮ ਛੱਡ ਕੇ ਤੇ ਹੱਸ ਕੇ ਉਹਦੀ ਸਹਾਇਤਾ ਕਰਨ ਨੂੰ ਤਿਆਰ ਹੀ ਨਾ ਰਹੇ, ਹੱਸ ਕੇ ਉਹਦੀ ਮਦਦ ਕਰ ਵੀ ਸਕਦਾ ਹੋਵੇ। ਮੈਂ ਬੜੀ ਦੇਰ ਤਕ ਇਸ ਪਲਾਟ ਲਈ ਆਪਣੇ ਆਲੇ ਦੁਆਲੇ ’ਚੋਂ, ਆਪਣੇ ਵਾਕਫ਼ਕਾਰਾਂ ਤੇ ਰਿਸ਼ਤੇਦਾਰਾਂ ’ਚੋਂ ਅਜਿਹੇ ਕਿਸੇ ਵਕੀਲ ਮੁੰਡੇ ਦੀ, ਜੋ ਇਥੇ ਜੰਮਿਆਂ, ਪਲਿਆ ਤੇ ਪਰਵਾਨ ਚੜ੍ਹਿਆ ਹੋਵੇ, ਦੀ ਭਾਲ ਕਰਦਾ ਰਿਹਾ ਜਿਹਨੂੰ ਉਪਰ ਦੱਸੀਆਂ ਸਭ ਗੱਲਾਂ ਦਾ ਪਤਾ ਹੋਵੇ ਤਾਂ ਕਿ ਉਹਨੂੰ ਹਾਸ਼ੀਏ ਨਾਵਲ ਦਾ ਮੁੱਖ ਪਾਤਰ ਬਣਾ ਸਕਾਂ ਪਰ ਮੈਨੂੰ ਅਜਿਹਾ ਕੋਈ ਮੁੰਡਾ ਨਾ ਮਿਲ ਸਕਿਆ। ਅਜਿਹਾ ਬੰਦਾ ਮਿਲ ਸਕਦਾ ਹੀ ਨਹੀਂ ਸੀ। ਇੰਨੇ ਗੁਣਾਂ ਦਾ ਧਾਰਨੀ ਲਹੂ ਮਾਸ ਦਾ ਤੇ ਸਾਹ ਲੈਣ ਵਾਲਾ ਬੰਦਾ ਹੋ ਹੀ ਨਹੀਂ ਸੀ ਸਕਦਾ। ਕਾਰਨ, ਸਮਾਜਿਕ ਯਥਾਰਥ ਹੋਰ ਚੀਜ਼ ਹੁੰਦੀ ਹੈ ਤੇ ਕਲਾਤਮਿਕ ਯਥਾਰਥ ਹੋਰ। ਇਸ ਗੱਲ ਦਾ ਭੇਦ ਸਮਝਾਉਣ ਲਈੰ ਹੀ ਤਾਂ ਫਲੌਬਰਟ, ਜੋ ਯਥਾਰਥਵਾਦੀ ਲਹਿਰ ਦੇ ਪ੍ਰਮੁੱਖ ਮੋਢੀਆਂ ’ਚੋਂ ਹੀ ਨਹੀ ਸੀ ਸਗੋਂ ਜਿਸ ਇਸ ਧਾਰਾ ਦੇ ‘ਮੈਡਮ ਬਾਵੇਰੀ’ਨਾਂ ਦੇ ਮਹਾਨ ਨਾਵਲ ਦੀ ਰਚਨਾ ਕੀਤੀ ਸੀ, ਨੇ ਆਪਣੇ ਸ਼ਗਿਰਦ, ਮੁਪਾਸਾਂ ਨੂੰ ਕਿਹਾ ਸੀ ਕਿ ਬਲ਼ਦੀ ਅੱਗ ਵੱਲ ਤਦ ਤਕ ਦੇਖੀ ਜਾਓ ਜਦ ਤਕ ਉਹ ਰੂਪ ਨਹੀਂ ਬਦਲ ਲੈਂਦੀ। ਭਾਵ, ਬਲ਼ਦੀ ਅੱਗ ਸਮਾਜਿਕ ਯਥਾਰਥ ਹੈ ਤੇ ਉਹਦਾ ਬਦਲਿਆ ਹੋਇਆ ਰੂਪ ਕਲਾਤਮਿਕ ਯਥਾਰਥ।

ਮੇਰੀ ਤਲਾਸ਼ ਨੂੰ ਉਹੋ ਜਿਹਾ ਸਰਕਾਰੀ ਵਕੀਲ ਮੁੰਡਾ ਤਾਂ ਨਾ ਮਿਲ ਸਕਿਆ ਜਿਹੋ ਜਿਹਾ ਹਿਰਦੇਪਾਲ ਨਾਂ ਦਾ ਪਾਤਰ ‘ਹਾਸ਼ੀਏ’ ਨਾਵਲ ਵਿਚ ਸਿਰਜਿਆ ਹੋਇਆ ਪਾਠਕਾਂ ਨੂੰ ਮਿਲੇਗਾ। ਪਰ ਉਹ ਹਿਰਦੇਪਾਲ ਪਾਤਰ ਦਾ ਮਾਡਲ ਜ਼ਰੂਰ ਬਣ ਸਕਦਾ ਸੀ ਜਿਹੜਾ ਸਰਕਾਰੀ ਵਕੀਲ ਸੀ ਤੇ ਜਿਸਨੂੰ ਮੈਂ ਆਪਣੇ ਸੁਪਨਿਆਂ ਦਾ ਪਾਤਰ ਬਣਾਉਣਾ ਚਾਹੁੰਦਾ ਸੀ। ਜਦ ਮੈਨੂੰ ਮਾਡਲ ਮਿਲ ਗਿਆ ਤਾਂ ਇਹ ਗੱਲ ਮੇਰੀ ਸਮਰੱਥਾ ’ਤੇ ਨਿਰਭਰ ਕਰਦੀ ਸੀ ਕਿ ਮੈਂ ਉਹਨੂੰ ਆਪਣੇ ਸੁਪਨਿਆਂ ਦੇ ਅਨੁਸਾਰ ਸਿਰਜ ਵੀ ਸਕਦਾ ਸੀ ਜਾਂ ਨਹੀਂ। ਮੈਂ ਆਪਣੇ ਵਲੋਂ ਪੂਰੀ ਵਾਹ ਲਾਈ ਸੀ ਕਿ ਉਹ ਮੇਰੇ ਸੁਪਨਿਆ ਦਾ ਪਾਤਰ ਸਿਰਜਿਆ ਜਾ ਸਕੇ। ਪਰ ਮੇਰਾ ਇਹ ਕੋਈ ਦਾਹਵਾ ਨਹੀਂ ਕਿ ਮੈਂ ਆਪਣੀ ਇਸ ਕੋਸਿ਼ਸ਼ ਵਿਚ ਸਫਲ ਹੋਇਆ ਵੀ ਹਾਂ ਜਾਂ ਨਹੀਂ। ਜੇ ਹੋਇਆ ਹਾਂ ਤਾਂ ਕਿੰਨਾ ਕੁ ਹੋਇਆ ਹਾਂ। ਇਸ ਗੱਲ ਦਾ ਨਿਰਣਾ ਕਰਨਾ ਮੇਰਾ ਨਹੀਂ, ਮੇਰੇ ਪ੍ਰਬੁੱਧ ਪਾਠਕਾਂ ਦਾ ਕੰਮ ਹੈ।

ਉਂਜ ਮੇਰੀ ਨਜ਼ਰ ਵਿਚ ਹਿਰਦੇਪਾਲ ਅਜਿਹਾ ਪਾਤਰ ਹੈ ਜਿਹੜਾ ਮੜਕ ਨਾਲ ਤੁਰਨ ਵਿਚ ਵਿਸ਼ਵਾਸ ਰੱਖਦਾ ਹੈ, ਭਾਵੇਂ ਚਾਰ ਪੈਰ ਘੱਟ ਹੀ ਕਿਉਂ ਨਾ ਤੁਰੇ। ਉਹਦਾ ਇਸ ਗੱਲ ’ਚ ਵੀ ਭਰੋਸਾ ਹੈ ਕਿ ਸੰਘਰਸ਼ ਦਾ ਦੂਜਾ ਨਾਂ ਹੀ ਜਿੰਦਗੀ ਹੈ। ਸੰਘਰਸ਼ ਵਿਚ ਹਾਰ ਵੀ ਹੁੰਦੀ ਹੈ ਤੇ ਜਿੱਤ ਵੀ ਪਰ ਬੰਦੇ ਨੂੰ ਉਹ ਖੇਡ ਵਾਂਗ ਲੈਣੀ ਚਾਹੀਦੀ ਹੈ। ਉਹਦਾ ਅਸਲ ਨਿਸ਼ਾਨਾ ਤਾਂ ਆਪਣੀ ਮੰਜ਼ਲ ’ਤੇ ਪੁੱਜਣਾ ਹੈ। ਉਹਨੂੰ ਤਦ ਤਕ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਹ ਜਿੱਤਦਾ ਹੈ ਜਾਂ ਹਾਰਦਾ ਹੈ ਜਦ ਤਕ ਉਹ ਆਪਣਾ ਨਿਸ਼ਚਿਤ ਉਦੇਸ਼ ਪ੍ਰਾਪਤ ਨਹੀਂ ਕਰ ਲੈਂਦਾ। ਜਿੱਦਾਂ ਕਿਸੇ ਵਧੀਆ ਖਿਡਾਰੀ ਦਾ ਟੀਚਾ ਆਪਣੇ ਕਿੱਤੇ ਦਾ ਟੀਸੀ ਦਾ ਬੇਰ ਤੋੜਨਾ ਹੁੰਦਾ ਹੈ। ਉਹਦੇ ਲਈ ਉਹਨੂੰ ਹਾਰ ਦਾ ਮੂੰਹ ਵੀ ਦੇਖਣਾ ਪੈਂਦਾ ਤੇ ਜਿੱਤ ਦਾ ਵੀ। ਉਹਦੇ ਲਈ ਹਾਰ ਜਿੱਤ ਦਾ ਕੋਈ ਅਰਥ ਨਹੀਂ ਹੁੰਦਾ ਹੈ ਜਦ ਤਕ ਉਹ ਉਸ ਬੇਰ ਨੂੰ ਤੋੜ ਨਹੀਂ ਲੈਂਦਾ। ਹਾਰ ਜਿੱਤ ਤਾਂ ਆਪਣੀ ਮੰਜ਼ਲ ’ਤੇ ਪਹੁੰਚਾਉਣ ਵਾਲੀ ਪੌੜੀ ਦੇ ਪੌਡੇ ਹਨ। ਸਾਧਨ ਜਿਸ ’ਤੇ ਰੁਕ ਕੇ ਉਹ ਆਪੇ ਦੀ ਪੜਚੋਲ ਕਰ ਸਕੇ ਤੇ ਫਿਰ ਅਗਲੇ ਪੌਡੇ ਲਈ ਤਿਆਰੀ ਕਰ ਸਕੇ। ਉਹਦੇ ਲਈ ਹਾਰ ਜਿੱਤ ਦੇ ਇਸ ਤੋਂ ਵੱਧ ਕੋਈ ਅਰਥ ਨਹੀਂ ਹੁੰਦੇ। ਹਾਰ ਜਿੱਤ ਨੇ ਤਾਂ ਚਲਦੀ ਹੀ ਰਹਿਣੀ ਹੈ ਜਦ ਤਕ ਲੜਨ ਵਾਲਾ ਹਾਰ ਸਵੀਕਾਰ ਨਹੀਂ ਕਰਦਾ। ਉਂਜ ਵੀ ਹਾਰ ਜਿੱਤ ਤਾਂ ਬੰਦੇ ਦੇ ਮਨ ਦੀ ਅਵਸਥਾ ਹੈ। ਕੋਈ ਬੰਦਾ ਜਿੱਤ ਕੇ ਵੀ ਆਪਣੇ ਆਪ ਨੂੰ ਹਾਰਿਆ ਹਾਰਿਆ ਮਹਿਸੂਸ ਕਰਦਾ ਰਹਿੰਦਾ ਹੈ ਤੇ ਕੋਈ ਹਾਰ ਨੂੰ ਅਗਲੀ ਲੜਾਈ ਦੀ ਤਿਆਰੀ ਕਰਨ ਦਾ ਇਕ ਹੋਰ ਮੌਕਾ ਸਮਝਦਾ ਹੈ।
ਉਂਜ ਵੀ ਹਾਰ ਜਿੱਤ ਸਿਰਫ਼ ਇਕ ਸੰਕਲਪ ਹੀ ਹੈ। ਇਹ ਗੱਲ ਕਿਸੇ ਬੰਦੇ ਦੀ ਪ੍ਰਕਿਰਤੀ ’ਤੇ ਨਿਰਭਰ ਕਰਦੀ ਹੈ ਕਿ ਉਹ ਉਹਨੂੰ ਕਿਸ ਪੱਖ ਤੋਂ ਲੈਂਦਾ ਹੈ। ਸੰਘਰਸ਼ ਦੀ ਡਿਕਸ਼ਨਰੀ ’ਚ ਤਾਂ ਹਾਰ ਜਿੱਤ ਸਾਮਾਨ-ਅਰਥੀ ਸ਼ਬਦ ਹਨ। ਕੁਦਰਤ ਨੇ ਤਾਂ ਮਨੁੱਖ ਪੈਦਾ ਕੀਤਾ ਹੈ। ਹਾਰ ਜਿੱਤ ਨਹੀਂ ਬਣਾਈ। ਹਾਰ ਜਿੱਤ ਵਰਗੇ ਸੰਕਲਪ ਬੰਦੇ ਨੇ ਬਣਾਏ ਹਨ। ਇਸ ਲਈ ਇਹ ਗੱਲ ਉਹਦੀ ਇੱਛਾ-ਸਕਤੀ ’ਤੇ ਨਿਰਭਰ ਕਰਦੀ ਕਿ ਉਹ ਉਹਨੂੰ ਕਿੱਦਾਂ ਲੈਂਦਾ ਹੈ। ਕੁਦਰਤ ਨੇ ਤਾਂ ਮਨੁੱਖ ਨੂੰ ਘੋਲ ਕਰਨ ਦੀ ਦਾਤ ਦਿੱਤੀ ਹੈ। ਜਦ ਬੰਦਾ ਘੁਲਦਾ ਹੈ, ਉਹ ਢਹਿੰਦਾ ਵੀ ਹੈ ਤੇ ਢਾਹੁੰਦਾ ਵੀ ਹੈ। ਪ੍ਰਕਿਰਤੀ ਨੇ ਬੰਦੇ ਨੂੰ ਕੇਵਲ ਤੇ ਕੇਵਲ ਹਰ ਹਾਰ ਮਗਰੋਂ ਪਹਿਲਾਂ ਨਾਲੋਂ ਹੋਰ ਸ਼ਕਤੀਸ਼ਾਲੀ ਹੋਣ ਦੀ ਦਾਤ ਬਖਸ਼ੀ ਹੈ। ਇਹ ਚੰਗਿਆੜੀ ਉਹਦੇ ਬਾਪ, ਅਵਤਾਰ ਸਿੰਘ ਢਿਲੋਂ, ਨੇ ਉਹਦੇ ਅੰਦਰ ਬਾਲਪਨ ਵਿਚ ਹੀ ਰੱਖ ਦਿੱਤੀ ਸੀ ਜਿਸਨੂੰ ਸਕੂਲ ’ਚ ਉਹਦੇ ਅਧਿਆਪਕ ਜਾਹਨ ਪਾਲ ਬੇਕਰ ਨੇ, ਉਹਦੀ ਤੇਜ ਬੁੱਧੀ ਦੇਖ ਕੇ, ਹੋਰ ਸੀਖ ਦਿੱਤਾ ਸੀ। ਉਹ ਉਹਨੂੰ ਚੇਤ ਅਚੇਤ ਵਾਰ ਵਾਰ ਚੇਤੰਨ ਕਰਦੀ ਆ ਰਹੀ ਸੀ। ਚੇਤੰਨ ਹੀ ਨਹੀਂ, ਉਹਨੂੰ ਪ੍ਰੇਰਦੀ ਵੀ ਆ ਰਹੀ ਸੀ। ਉਹ ਵੀ ਲਗਦੀ ਵਾਹ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਆਪਣੀ ਮੰਜ਼ਲ ਪ੍ਰਾਪਤ ਕਰਨ ਲਈ ਇਹੀ ਪ੍ਰੇਰਨਾ ਦਿੰਦਾ ਆ ਰਿਹਾ ਸੀ। ਉਹ ਪ੍ਰੇਰਨਾ ਉਹਨੂੰ ਹਰ ਸਥਿਤੀ ’ਚ ਉਤਸ਼ਾਹ ਵੀ ਬਖ਼ਸ਼ਦੀ ਆਈ ਸੀ ਤੇ ਬਲ ਵੀ। ਉਸੇ ਪ੍ਰੇਰਨਾ ਸਦਕਾ ਉਹ ਆਰਡੀਨਰੀ ਲੈਵਲ ਦੀ ਪਰੀਖਿਆ ’ਚੋਂ ਆਪਣੀ ਸ਼੍ਰੇਣੀ ’ਚੋਂ ਫਸਟ ਆਇਆ ਸੀ। ਉਸੇ ਦੀ ਬਦੌਲਤ ਉਸ ਅਡਵਾਂਸ ਲੈਵਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਵਕੀਲ ਬਣਨ ਦਾ ਮਨ ਬਣਾਇਆ ਸੀ। ਉਸੇ ਪ੍ਰੇਰਨਾ ਸਦਕਾ ਉਸ ਆਪਣੀ ਜਮਾਤ ਵਿਚੋਂ ਫਸਟ ਆਉਣ ਦਾ ਇਰਾਦਾ ਬਣਾਇਆ ਸੀ। ਉਹਨੂੰ ਕੁਦਰਤ ਨੇ ਦਿਮਾਗ ਵੀ ਚੰਗਾ ਦਿੱਤਾ ਸੀ ਤੇ ਉਹ ਆਪਣੇ ਬਾਪ ਤੇ ਅਧਿਆਪਕ ਦੇ ਦਿੱਤੇ ਉਤਸ਼ਾਹ ਸਦਕਾ ਮਿਹਨਤ ਵੀ ਰੱਜਵੀਂ ਕਰਦਾ ਸੀ। ਉਹ ਸਮਝ ਗਿਆ ਸੀ ਕਿ ਇਹੀ ਉਹ ਮਹਾਨ ਸ਼ਕਤੀ ਹੈ ਜਿਸ ਨਾਲ ਅਸੰਭਵ ਤੋਂ ਅਸੰਭਵ ਚੀਜ਼ ਪ੍ਰਾਪਤ ਹੋ ਸਕਦੀ ਹੈ।

ਅੰਤ ਏ. ਲੈਵਲ ਦੇ ਇਮਤਿਹਾਨ ਹੋਏ। ਨਤੀਜੇ ਨਿਕਲੇ। ਉਹ ਇੰਗਲਿਸ਼ ਵਿਚੋਂ ਬੀ ਗ੍ਰੇਡ, ਇਤਿਹਾਸ ਤੇ ਨਿਆਂ-ਸ਼ਾਸ਼ਤਰ ਵਿਚੋਂ ਏ ਗ੍ਰੇਡਜ਼ ਲੈ ਗਿਆ। ਉਹਦਾ ਜਮਾਤ ਵਿਚੋਂ ਫਸਟ ਆਉਣਾ ਤਾਂ ਇਕ ਤਰ੍ਹਾਂ ਪਹਿਲਾਂ ਹੀ ਨਿਸ਼ਚਿਤ ਸੀ। ਇਸ ਨਾਲ ਉਹਦੇ ਹੌਸਲੇ ਨੂੰ ਹੋਰ ਵੀ ਖੰਭ ਲੱਗ ਗਏ ਸਨ। ਉਹ ਮਾਨਚੈਸਟਰ ਯੂਨੀਵਰਸਿਟੀ ਵਿਚੋਂ ਐਲ. ਐਲ. ਬੀ. ਦੀ ਡਿਗਰੀ ਪ੍ਰਾਪਤ ਕਰਨੀ ਚਾਹੁੰਦਾ ਸੀ, ਕਿਉਂਕਿ ਉਥੋਂ ਕੀਤੀ ਐਲ. ਐਲ. ਬੀ. ਵਾਲੇ ਨੂੰ ਹਰ ਪਾਸੇ ਆਵਾਜ਼ਾਂ ਪੈਂਦੀਆਂ ਹਨ। ਉਹ ਐਲ. ਐਲ. ਬੀ. ’ਚੋਂ ਫਸਟ ਕਲਾਸ ਡਿਗਰੀ ਲੈ ਕੇ ਪਾਸ ਹੋਇਆ ਸੀ।

ਹੁਣ ਉਹਦੇ ਸਾਮ੍ਹਣੇ ਚੋਣ ਲਈ ਦੋ ਰਸਤੇ ਸਨ। ਉਹ ਸਾਲਿਸਟਰ ਦਾ ਕੋਰਸ ਕਰਕੇ ਪੀ. ਸੀ. ਐਸ. ਵਿਭਾਗ ਵਿਚ ਕਰਾਊਨ ਪ੍ਰੋਸੀਕਿਊਟਰ ਲਗ ਸਕਦਾ ਸੀ ਜਾਂ ਬੈਰਿਸਟਰ ਬਣ ਸਕਦਾ ਸੀ। ਉਸ ਸਰਕਾਰੀ ਵਕੀਲ ਬਣਨ ਦਾ ਮਨ ਬਣਾ ਲਿਆ। ਸੋ ਉਸ ਸਾਲਿਸਟਰ ਦਾ ਕੋਰਸ ਕਰਨ ਲਈ ਆਪਣੇ ਘਰ ਦੇ ਨੇੜੇ ਪੈਂਦੇ ਸਾਲਿਸਟਰ ਦਾ ਕੋਰਸ ਕਰਾਉਣ ਵਾਲੇ ਸੈਂਟਰ, ਚੈਸਟਰ ਟਾਊਨ ਨੂੰ ਅਰਜ਼ੀ ਭੇਜ ਦਿੱਤੀ। ਸੈਂਟਰ ਵਾਲਿਆਂ ਨੇ ਉਹਨੂੰ ਹੱਸ ਕੇ ਥਾਂ ਦੇ ਦਿੱਤੀ। ਜਦ ਉਸ ਇਸ ਕੋਰਸ ਵਿਚੋਂ ਵੀ ਫਸਟ ਕਲਾਸ ਡਿਗਰੀ ਪ੍ਰਾਪਤ ਕਰ ਲਈ ਤਾਂ ਪੀ. ਸੀ. ਐਸ. ਵਿਭਾਗ ਦੇ ਬਰਮਿੰਘਮ ਡਿਵੀਜ਼ਨ ਵਿਚ ਕਰਾਊਨ ਪ੍ਰੋਸੀਕਿਊਸ਼ਨ ਦੀ ਨੌਕਰੀ ਲਈ ਅਰਜ਼ੀ ਭੇਜ ਦਿੱਤੀ। ਉਥੇ ਥਾਂਵਾਂ ਖ਼ਾਲੀ ਸਨ। ਉਹਨੂੰ ਨੌਕਰੀ ਮਿਲ ਗਈ ਪਰ ਡਿਵੀਜ਼ਨ ਦੇ ਮੁੱਖੀ, ਡੇਵਿਡ ਫੋਸਟਰ, ਨੇ ਉਹਨੂੰ ਹੈਡ ਕੁਆਟਰ ’ਚ ਰੱਖਣ ਦੀ ਥਾਂ ਉਹਦੇ ਘਰ ਤੋਂ ਕਾਫ਼ੀ ਦੂਰ ਪੈਂਦੇ ਟਾਊਨ, ਸਟੋਕ-ਓਨ-ਟ੍ਰੈਂਟ ਬ੍ਰਾਂਚ ਵਿਚ ਭੇਜ ਦਿੱਤਾ। ਪਰ ਉਹਦੇ ਦੋ ਗੋਰੇ ਸਹਿ-ਪਾਠੀਆਂ ਨੂੰ ਹੈਡ ਕੁਆਟਰ ’ਚ ਰੱਖ ਲਿਆ ਜਿਨ੍ਹਾਂ ਕੋਲ ਸੈਕੰਡ ਕਲਾਸ ਡਿਗਰੀਆਂ ਸਨ। ਉਹ ਇਸ ਗੱਲ ਦਾ ਕਾਰਨ ਤਾਂ ਸਮਝ ਗਿਆ ਸੀ। ਇਸ ਗੱਲ ਦੇ ਬਾਵਜੂਦ ਉਸ ਸੋਚਿਆ, ਕੋਈ ਗੱਲ ਨਹੀਂ ਜਦ ਆਪਣੀ ਯੋਗਤਾ ਦਾ ਸਬੂਤ ਦਿੱਤਾ ਤਾਂ ਬ੍ਰਾਂਚ ਮੈਨੇਜਰ ਨੇ ਖੁਸ਼ ਹੋ ਕੇ ਆਪੇ ਸੈਂਟਰ ’ਚ ਭੇਜ ਦੇਣਾ। ਪਰ ਸਟੋਕ-ਓਨ-ਟ੍ਰੈਂਟ ਦੇ ਬ੍ਰਾਂਚ-ਮੈਨੇਜਰ, ਐਡਵਰਡ ਰੀਵਜ਼, ਨੇ ਉਹਦੀ ਇਹ ਉਮੀਦ ਪੂਰੀ ਨਾ ਕੀਤੀ। ਕਿਉਂਕਿ ਉਹ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਸੀ ਕਿ ਹਰ ਰੰਗਦਾਰ ਜਾਂ ਕਾਲ਼ੇ ਪਬਲਿਕ ਕਰਾਊਨ ਪ੍ਰੋਸੀਕਿਊਟਰ ਨੂੰ ਸਵੇਰੇ ਕੰਮ ’ਤੇ ਲੱਗਣ ਤੋਂ ਪਹਿਲਾਂ, ਉਹਦੀ ਕੈਬਿਨ ਵਿਚ ਆ ਕੇ, ਚੰਗੀ ਸਵੇਰ ਕਹਿਣੀ ਚਾਹੀਦੀ ਹੈ ਤੇ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਸਲਾਮ ਕਰਕੇ ਜਾਣਾ ਚਾਹੀਦਾ ਹੈ। ਐਡਵਰਡ ਰੀਵਜ਼ ਦੀ ਇਸ ਸੋਚ ਦਾ ਕਰੂਲਾ ਬਰਮਿੰਘਮ ਡਿਵੀਜ਼ਨ ਦੇ ਮੈਨੇਜਰ, ਡੇਵਿਡ ਫੋਸਟਰ, ਦੀ ਸੋਚ ਨਾਲ ਸੌ ਫ਼ੀਸਦੀ ਰਲ਼ਦਾ ਸੀ। ਪਰ ਹਿਰਦੇਪਾਲ ਸਲੂਟ ਮਾਰਨ ਦੀ ਥਾਂ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਸੀ। ਉਸ ਬਰਤਾਨਵੀ ਸਭਿਆਚਾਰ ਦਾ ਇਹੀ ਰੂਪ ਆਪਣੇ ਆਂਢ ਗੁਆਂਢ, ਸਮਾਜ ਤੇ ਸਕੂਲ, ਕਾਲਜ ਤੇ ਯੂਨੀਵਰਸਿਟੀ ਵਿਚ ਦੇਖਿਆ ਸੁਣਿਆ ਤੇ ਗ੍ਰਹਿਣ ਕੀਤਾ ਸੀ। ਪਰ ਉਹ ਇਹ ਨਹੀਂ ਸੀ ਜਾਣਦਾ ਸੀ ਕਿ ਇਹ ਗੱਲ ਕੇਵਲ ਗੋਰਿਆਂ ਲਈ ਹੀ ਸੀ, ਕਣਕਵੰਨੇ ਜਾਂ ਕਾਲੇ਼ ਮਨੁੱਖਾਂ ਲਈ ਨਹੀਂ ਸੀ। ਹਿਰਦੇਪਾਲ ਦਾ ਇਹ ਵਤੀਰਾ ਐਡਵਰਡ ਰੀਵਜ਼ ਨੂੰ ਬੜਾ ਤੰਗ ਕਰਦਾ ਸੀ। ਉਹ ਇਹ ਗੱਲ ਸੁਪਨੇ ਵਿਚ ਵੀ ਸੋਚ ਨਹੀਂ ਸੀ ਸਕਦਾ ਕਿ ਇਕ ਰੰਗਦਾਰ ਸਰਕਾਰੀ ਵਕੀਲ ਸਵੇਰੇ ਸਲੂਟ ਮਾਰਨ ਉਹਦੀ ਕੈਬਿਨ ਵਿਚ ਨਾ ਆਵੇ ਤੇ ਸ਼ਾਮ ਨੂੰ ਘਰ ਲੱਗਾ ਸਲੂਟ ਨਾ ਮਾਰੇ। ਉਸ ਇਹ ਸੋਚ ਆਪਣੇ ਟੱਬਰ ਤੋਂ ਲਈ ਸੀ ਜੋ ਉਹਦੇ ਖਾਨਦਾਨ ’ਚ ਕਈ ਪੀੜ੍ਹੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਤੁਰੀ ਆ ਰਹੀ ਸੀ।

ਇਸ ਤਰ੍ਹਾਂ ਪੰਜ, ਸਾਢੇ ਪੰਜ ਸਾਲ ਲੰਘ ਗਏ। ਫਿਰ ਬਰਮਿੰਘਮ ਡਿਵੀਜ਼ਨ ਦਾ ਇਕ ਸੀਨੀਅਰ ਕਰਾਊਨ ਪ੍ਰੋਸੀਕਿਊਟਰ ਸੇਵਾ-ਮੁਕਤ ਹੋ ਗਿਆ। ਹਿਰਦੇਪਾਲ ਨੇ ਉਸ ਪਦਵੀ ਲਈ ਅਰਜ਼ੀ ਭੇਜ ਦਿੱਤੀ। ਐਡਵਰਡ ਰੀਵਜ਼ ਨੇ ਵੀ ਆਪਣੇ ਬੰਦੇ ਐਂਡਰੀਊ ਸਮਿੱਥ ਕੋਲੋਂ ਉਸ ਪਦਵੀ ਲਈ ਬੇਨਤੀ ਪੱਤਰ ਭਿਜਵਾ ਦਿੱਤਾ। ਐਂਡਰੀਊ ਨੂੰ ਉਸ ਪਦਵੀ ’ਤੇ ਰੱਖ ਲਿਆ ਗਿਆ ਤੇ ਉਹਨੂੰ ਅਪਰਵਾਨ ਕਰ ਦਿੱਤਾ ਗਿਆ। ਐਂਡਰੀਊ ਸਮਿੱਥ ਜਿਹਦੇ ਕੋਲ ਸੈਕੰਡ ਕਲਾਸ ਡਿਗਰੀ ਸੀ ਤੇ ਸਰਕਾਰੀ ਵਕੀਲ ਦੇ ਤੌਰ ’ਤੇ ਉਹਦਾ ਰਿਕਾਰਡ ਇੰਨਾ ਮਾੜਾ ਸੀ ਕਿ ਉਸ ਪੰਜਾਂ, ਸਾਢੇ ਪੰਜਾਂ ਵਰ੍ਹਿਆਂ ’ਚ ਮਸੀਂ ਸੱਤ-ਅੱਠ ਮੁਕਦਮੇ ਹੀ ਜਿੱਤੇ ਸਨ। ਉਨ੍ਹਾਂ ’ਚੋਂ ਵੀ ਚਾਰ-ਪੰਜ ਤਾਂ ਇੰਨੇ ਸੌਖੇ ਸਨ ਜਿਨ੍ਹਾਂ ਨੂੰ ਅਣਜਾਣ ਤੋਂ ਅਣਜਾਣ ਸਰਕਾਰੀ ਵਕੀਲ ਵੀ ਬੜੀ ਆਸਾਨੀ ਨਾਲ ਜਿੱਤ ਸਕਦਾ ਸੀ। ਉਹਦੇ ਉਲਟ ਹਿਰਦੇਪਾਲ ਕੋਲ ਫਸਟ ਕਲਾਸ ਡਿਗਰੀ ਵੀ ਸੀ ਤੇ ਉਹਦੀ ਜਿੱਤ ਦਾ ਰਿਕਾਰਡ ਵੀ 99.5 ਫੀਸਦੀ ਸੀ। ਉਸ ਔਖੇ ਤੋਂ ਔਖੇ ਮੁਕੱਦਮੇ ’ਚੋਂ ਜਿੱਤ ਆਪਣੀ ਝੋਲੀ ’ਚ ਪੁਆਈ ਸੀ। ਉਸ ਇਸ ਧੱਕੇ ਬਾਰੇ ਆਪਣੀ ਯੂਨੀਅਨ ਦੇ ਸ਼ਾਪ ਸਟੂਅਰਡ, ਕ੍ਰਿਸਟ ਕਲੋਜ, ਨਾਲ ਗੱਲ ਕੀਤੀ ਤਾਂ ਸੁਣ ਕੇ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਸੰਭਲਿਆ ਤਾਂ ਕਹਿਣ ਲੱਗਾ, “ਪੋਲ, ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਏ? ਜ਼ਰੂਰ ਕਿਤੇ ਗੜਬੜ ਹੋਈ ਹੋਣੀ ਏ। ਤੂੰ ਚਿੰਤਾ ਨਾ ਕਰ। ਮੈਂ ਐਡਵਰਡ ਨੂੰ ਮਿਲਦਾ ਹਾਂ।”

ਜਦ ਹਿਰਦੇਪਾਲ ਕਰਾਊਨ ਪ੍ਰੋਸੀਕਿਊਟਰ ਦੀ ਨੌਕਰੀ ’ਤੇ ਲੱਗ ਕੇ ਸਟੋਕ-ਓਨ-ਟ੍ਰੈਂਟ ਆਇਆ ਸੀ ਤਾਂ ਐਡਵਰਡ ਰੀਵਜ਼ ਨੇ ਜ਼ਾਹਰਾ ਤੌਰ ’ਤੇ ਉਹਦੀ ਯੋਗਤਾ ਦੇਖ ਕੇ ਖੁਸ਼ੀ ਦਾ ਪਰਗਟਾਵਾ ਕੀਤਾ ਸੀ। ਪਰ ਹਿਰਦੇਪਾਲ ਤਾੜ ਗਿਆ ਸੀ ਕਿ ਇਹ ਦਿਖਾਵੇ ਦੀ ਖੁਸ਼ੀ ਸੀ, ਉਹਦੇ ਦਿਲ ਦੀ ਨਹੀਂ ਸੀ। ਐਡਵਰਡ ਵੀ ਇਹ ਗੱਲ ਸਮਝ ਗਿਆ ਸੀ। ਸੋ ਉਸ ਝੱਟ ਗਿਰਗਟ ਵਾਂਗ ਰੰਗ ਬਦਲਿਆ, ਚਿਹਰੇ ’ਤੇ ਪਹਿਲਾਂ ਵਰਗੀ ਦਿਖਾਵੇ ਦੀ ਖੁਸ਼ੀ ਦਾ ਪੋਚਾ ਮਾਰਿਆ ਤੇ ਮੁਸਕਰਾ ਪਿਆ। ਜਿਵੇਂ ਉਹਦੇ ਕੌਮੀ ਚਰਿੱਤਰ ਨੇ ਉਹਨੂੰ ਕਿਹਾ ਹੋਵੇ, ‘ਆਪਣੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਪਰਗਟ ਕਰਨਾ ਤੇਰੀ ਕੌਮ ਦਾ ਚਰਿੱਤਰ ਨਹੀਂ। ਮੂਰਖ ਨਾ ਬਣ ਤੇ ਆਪਣੇ ਕੌਮੀ ਇਖਲਾਕ ਅਨੁਸਾਰ ਚਲ।’ ਉਹਦੀ ਝਿੜਕ ਖਾ ਕੇ ਉਸ ਹਿਰਦੇਪਾਲ ਨੂੰ ਕੁਰਸੀ ’ਤੇ ਆਰਾਮ ਨਾਲ ਬੈਠਣ ਦਾ ਸੰਕੇਤ ਕੀਤਾ। ਫਿਰ ਕਲਰਕ ਨੂੰ ਚਾਹ ਬਣਾਉਣ ਦਾ ਇਸ਼ਾਰਾ ਕਰਕੇ ਉਹ ਉਸ ਨਾਲ ਉਹਦੀ ਸਿਹਤ ਬਾਰੇ ਤੇ ਹੋਰ ਰਸਮੀ ਗੱਲਾਂ ਕਰਨ ਲੱਗ ਪਿਆ। ਚਾਹ ਪੀਣ ਮਗਰੋਂ ਐਡਵਰਡ ਨੇ ਉਸ ਪ੍ਰੋਸੀਕਿਊਟਰ ਨੂੰ ਫੋਨ ਕਰਕੇ ਆਪਣੀ ਕੈਬਿਨ ਵਿਚ ਸੱਦਿਆ ਜਿਹਦੀ ਅਗਵਾਹੀ ’ਚ ਹਿਰਦੇਪਾਲ ਨੇ ਮੁਕੱਦਮੇ ਤਿਆਰ ਕਰਨੇ ਤੇ ਅਦਾਲਤ ਵਿਚ ਪੇਸ਼ ਕਰਨ ਦੀ ਟ੍ਰੇਨਿੰਗ ਲੈਣੀ ਸੀ।

ਟੋਨੀ ਹੇਵੁੱਡ ਆਇਆ ਤਾਂ ਉਸ ਉਹਨੂੰ ਹਿਰਦੇਪਾਲ ਨਾਲ ਮਿਲਾਉਂਦਿਆਂ ਕਿਹਾ, “ਟੋਨੀ, ਅੱਜ ਤੋਂ ਮਿਸਟਰ ਡਿਲਨ ਤੇਰੀ ਗਾਈਡੈਂਸ ਵਿਚ ਕੰਮ ਕਰੇਗਾ। ਇਹ ਬੜਾ ਕਾਬਲ ਤੇ ਹੋਣਹਾਰ ਯੰਗਮੈਨ ਏ। ਮੈਨੂੰ ਪੂਰੀ ਉਮੀਦ ਹੈ ਕਿ ਇਹਦੇ ਬ੍ਰਾਂਚ ਵਿਚ ਆਉਣ ਨਾਲ ਆਪਣੀ ਬ੍ਰਾਂਚ ਦਾ ਨਾਂ ਹੋਰ ਵੀ ਵੱਧ ਚਮਕ ਉਠੇਗਾ। ਉਂਜ ਤਾਂ ਮਿਸਟਰ ਡਿਲਨ ਬੜਾ ਇੰਟੈਲੀਜੈਂਟ ਏ, ਇਹਨੂੰ ਆਪਣੇ ਪ੍ਰੋਫੈਸ਼ਨ ਦੀ ਨੌਲਿਜ ਵੀ ਬੜੀ ਏ ਫਿਰ ਵੀ ਕਈ ਗੱਲਾਂ ਪ੍ਰੈਕਟੀਕਲੀ ਸਿੱਖਣ ਵਾਲੀਆਂ ਹੁੰਦੀ ਹਨ। ਉਹ ਸਿੱਖਿਆਂ ਹੀ ਸਿੱਖੀਆਂ ਜਾ ਸਕਦੀਆਂ ਹਨ। ਫਿਰ ਉਸ ਮੁਸਕਰਾ ਕੇ ਟੋਨੀ ਹੇਵੁੱਡ ਨੂੰ ਕਿਹਾ। “ਮੈਨੂੰ ਆਸ ਹੈ ਕਿ ਤੂੰ ਮੇਰਾ ਭਾਵ ਸਮਝ ਗਿਆ ਹੋਵੇਂਗਾ? ਅੱਛਾ, ਹੁਣ ਤੁਸੀ ਜਾਓ,” ਪਰ ਉਨ੍ਹਾਂ ਨੇ ਅਜੇ ਜਾਣ ਲਈ ਪੈਰ ਵੀ ਨਹੀਂ ਸਨ ਪੁੱਟੇ ਕਿ ਉਹ ਹਿਰਦੇਪਾਲ ਨੂੰ ਸੰਬੋਧਨ ਕਰਕੇ ਕਹਿਣ ਲੱਗਾ। “ਮਿਸਟਰ ਡਿਲਨ, ਤੁਹਾਨੂੰ ਜਦ ਵੀ ਕਿਸੇ ਕੰਮ ’ਚ ਮੇਰੀ ਹੈਲਪ ਦੀ ਲੋੜ ਹੋਈ, ਬੇਝਿਜਕ ਮੇਰੀ ਕੈਬਿਨ ਵਿਚ ਆ ਸਕਦੇ ਹੋ। ਮੈਨੂੰ ਤੁਹਾਡੇ ਵਰਗੇ ਇੰਟੈਲੀਜੈਂਟ ਯੰਗਮੈਨ ਦੀ ਹਰ ਤਰ੍ਹਾਂ ਦੀ ਹੈਲਪ ਕਰਕੇ ਬੜੀ ਖੁਸ਼ੀ ਹੋਵੇਗੀ।”

“ਥੈਂਕ ਯੂ, ਸਰ,” ਹਿਰਦੇਪਾਲ ਨੂੰ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਬੇਸ਼ੱਕ ਕੁਝ ਕੁਝ ਸ਼ੱਕ ਵੀ ਹੋਇਆ ਸੀ ਕਿ ਉਹ ਇਹ ਗੱਲ ਦਿਲੋਂ ਕਹਿ ਰਿਹਾ ਸੀ ਜਾਂ ਕਟਾਕਸ਼ੀ ਅੰਦਾਜ਼ ਵਿਚ, ਪਰ ਉਸ ਇਸ ਗੱਲ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਾ ਸਮਝੀ। ਉਸ ਮੁਸਕਰਾ ਕੇ ਉਹਦਾ ਧੰਨਵਾਦ ਕੀਤਾ ਤੇ ਟੋਨੀ ਹੇਵੁੱਡ ਨਾਲ ਤੁਰ ਪਿਆ। ਉਹਨੂੰ ਐਡਵਰਡ ਦੇ ਵਤੀਰੇ ਤੋਂ ਜਾਪਿਆ ਜਿਵੇਂ ਉਹ ਚੰਗੇ ਸੁਭਾ ਦਾ ਬੰਦਾ ਹੋਵੇ।

ਸੈਂਟਰ ਦੀ ਥਾਂ ਬ੍ਰਾਂਚ ਵਿਚ ਨੌਕਰੀ ਮਿਲਣ ਕਾਰਨ ਹਿਰਦੇਪਾਲ ਦਿਲੋਂ ਤਾਂ ਬਾਹਲਾ ਖੁਸ਼ ਨਹੀਂ ਸੀ ਪਰ ਐਡਵਰਡ ਵਰਗੇ ਚੰਗੇ ਲਗਦੇ ਸੁਭਾ ਵਾਲੇ ਅਫ਼ਸਰ ਦੇ ਅੰਡਰ ਕੰਮ ਕਰਨਾ ਚੰਗਾ ਲੱਗਾ। ਇਸ ਅਹਿਸਾਸ ਨਾਲ ਉਹਨੂੰ ਆਪਣੀ ਅਪੋਇੰਟਮੈਂਟ ਹੈਡ ਕੁਆਟਰ ਦੀ ਥਾਂ ਸਟੋਕ-ਓਨ-ਟ੍ਰੈਂਟ ਬ੍ਰਾਂਚ ਵਿਚ ਹੋਣੀ ਕੁਝ ਕੁਝ ਰੜਕਣੋਂ ਹਟ ਗਈ ਸੀ। ਉਹਦੇ ਖਿਆਲ ’ਚ ਜੇ ਕਿਸੇ ਬੰਦੇ ਨੂੰ ਨੌਕਰੀ ਦੇ ਆਰੰਭਲੇ ਵਰ੍ਹਿਆਂ ’ਚ ਚੰਗੇ ਸੁਭਾ ਦਾ ਅਫ਼ਸਰ ਮਿਲ ਜਾਵੇ, ਬੜੀ ਚੰਗੀ ਗੱਲ ਹੁੰਦੀ ਹੈ। ਤਜਰਬਾ ਹੋ ਜਾਣ ਪਿੱਛੋਂ ਤਾਂ ਇਸ ਗੱਲ ਦਾ ਬਹਲਾ ਫਰਕ ਨਹੀਂ ਪੈਂਦਾ ਕਿ ਉਹ ਕਿਹੋ ਜਿਹੇ ਸੁਭਾ ਦਾ ਹੈ। ਐਡਵਰਡ ਨੇ ਪਹਿਲਾਂ ਤਾਂ ਹਿਰਦੇਪਾਲ ਨੂੰ ਹੋਰ ਰੰਗਦਾਰ ਸਰਕਾਰੀ ਵਕੀਲਾਂ ਵਾਂਗ ਪਲੋਸਣਾ ਚਾਹਿਆ ਜਿਹੜੇ ਉਹਦੇ ਅਧੀਨ ਕੰਮ ਕਰਦੇ ਸਨ। ਪਰ ਉਸਨੂੰ ਇਸ ਗੱਲ ਦਾ ਬੜੀ ਛੇਤੀ ਗਿਆਨ ਹੋ ਗਿਆ ਕਿ ਇਹ ਉਸ ਮਿੱਟੀ ਦਾ ਨਹੀਂ ਬਣਿਆ ਹੋਇਆ ਜਿਸਦੇ ਹੋਰ ਬਣੇ ਹੋਏ ਸਨ। ਇਸ ਗੱਲ ਦੇ ਅਹਿਸਾਸ ਨਾਲ ਉਸ ਨਰਮੀ ਦੀ ਥਾਂ ਸਖ਼ਤੀ ਨਾਲ ਆਪਣੀ ਈਨ ਮੰਨਵਾਉਣ ਦਾ ਮਨ ਬਣਾ ਲਿਆ। ਉਧਰ ਹੁਣ ਤਕ ਹਿਰਦੇਪਾਲ ਨੇ ਵੀ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਸੀ। ਸੋ ਉਸ ਹਿਰਦੇਪਾਲ ਨੂੰ ਔਖੇ ਤੋਂ ਔਖੇ ਕੇਸ ਦੇਣੇ ਸ਼ੁਰੂ ਕਰ ਦਿੱਤੇ। ਉਹ ਸੋਚਦਾ, ਇਹ ਪਾਕਿ ਆਪਣੇ ਆਪ ਨੂੰ ਕੀ ਸਮਝਦਾ! ਉਹ ਉਹਨੂੰ ਤੰਗ ਕਰਨ ਲਈ ਅਜਿਹੇ ਉਲਝੇ ਹੋਏ ਮੁਕੱਦਮੇ ਦੇਣ ਲੱਗਾ ਜਿਹੜੇ ਪੰਜਾਂ ਪੰਜਾਂ, ਸੱਤਾਂ ਸੱਤਾਂ ਸਾਲਾਂ ਦੇ ਤਜ਼ਰਬਾਕਾਰ ਕਰਾਊਨ ਪ੍ਰੋਸੀਕਿਊਟਰ ਨੂੰ ਦੇਣੇ ਚਾਹੀਦੇ ਸਨ ਤਾਂ ਕਿ ਦੁਖੀ ਹੋਇਆ ਉਹ ਰਾਹ-ਸਿਰ ਆ ਜਾਵੇ। ਭਾਵੇਂ ਹਿਰਦੇਪਾਲ ਨੂੰ ਅਜੇ ਓਨਾ ਅਨੁਭਵ ਨਹੀਂ ਸੀ ਜਿੰਨਾ ਅਜਿਹੇ ਕੇਸਾਂ ਨੂੰ ਭੁਗਤਾਉਣ ਲਈ ਹੋਣਾ ਚਾਹੀਦਾ ਸੀ। ਪਰ ਉਹ ਇਹ ਘਾਟ ਪੂਰੀ ਕਰਨ ਲਈ ਬੜੀ ਸਖ਼ਤ ਮਿਹਨਤ ਤੇ ਬਰੀਕਬੀਨੀ ਨਾਲ ਆਪਣੇ ਮੁਕੱਦਮਿਆਂ ਦੇ ਮਜ਼ਬੂਤ ਤੇ ਕਮਜ਼ੋਰ ਪੱਖਾਂ ਦੀ ਛਾਣਬੀਨ ਕਰਕੇ ਨੋਟ ਕਰਨ ਲੱਗਾ ਤਾਂ ਕਿ ਲੋੜ ਪੈਣ ’ਤੇ ਵਰਤੇ ਜਾ ਸਕਣ। ਇਸ ਕਰਕੇ ਉਹ ਆਪਣਾ ਪੱਖ ਅਦਾਲਤ ਵਿਚ ਇੰਨੇ ਭਰੋਸੇ ਨਾਲ ਪੇਸ਼ ਕਰਦਾ ਸੀ ਕਿ ਜੱਜ ਸਮੇਤ ਉਹਦੇ ਸਹਿ-ਕਾਮੇ ਪ੍ਰੋਸੀਕਿਊਟਰ ਨਜ਼ਰਾਂ ਹੀ ਨਜ਼ਰਾਂ ਨਾਲ ਉਹਦੀ ਯੋਗਤਦ ਦੀ ਦਾਦ ਦੇਣ ਲੱਗ ਪਏ ਸਨ। ਇਸ ਅਹਿਸਾਸ ਨਾਲ ਉਹ ਦਿਲ ਵਿਚ ਗੱਦ ਗੱਦ ਹੋ ਜਾਂਦਾ। ਉਸ ਖੁਸ਼ੀ ’ਚ ਉਹਨੂੰ ਸਾਰੀ ਸਖ਼ਤ ਮਿਹਨਤ ਭੁੱਲ ਜਾਂਦੀ। ਉਹ ਆਪਣੀ ਜਿੱਤ ਹੋਈ ਦੇਖ ਕੇ ਦਿਲ ’ਚ ਝੂਮ ਉਠਦਾ। ਉਹਦਾ ਧਰਤੀ ’ਤੇ ਪੈਰ ਨਾ ਲਗਦਾ। ਤਦ ਉਹ ਦਿਲ ’ਚ ਐਡਵਰਡ ਦਾ ਧੰਨਵਾਦੀ ਹੁੰਦਾ ਜਿਹੜਾ ਉਹਨੂੰ ਆਪਣੀ ਯੋਗਤਾ ਦਿਖਾਉਣ ਦੇ ਮੌਕੇ ਦੇ ਰਿਹਾ ਸੀ। ਐਡਵਰਡ ਨੂੰ ਉਹਦੀ ਜਿੱਤ ਦਾ ਪਤਾ ਲਗਦਾ ਤਾਂ ਦਿਲ ’ਚ ਸੜ ਕੇ ਸੁਆਹ ਹੋ ਜਾਂਦਾ। ਉਹਦਾ ਦਿਲ ਕਰਦਾ ਕਿ ਹਿਰਦੇਪਾਲ ਨਾਂ ਦੇ ਇਸ ਬੰਦੇ ਦੇ ਗੋਲੀ ਮਾਰ ਦੇਵੇ ਪਰ ਉਹ ਉਹਦੇ ਸਾਮ੍ਹਣੇ ਦਿਖਾਵਾ ਇੰਜ ਕਰਦਾ ਜਿਵੇਂ ਉਹਨੂੰ ਉਹਦੀ ਜਿੱਤ ਦੀ ਲੋਹੜੇ ਦੀ ਖੁਸ਼ੀ ਹੋਈ ਹੋਵੇ।

ਹੁਣ ਤਕ ਹਿਰਦੇਪਾਲ ਇਕ ਪਾਸੜ ਲੜਾਈ ਲੜਦਾ ਆ ਰਿਹਾ ਸੀ। ਦੂਜੇ ਸ਼ਬਦਾਂ ’ਚ ਉਹ ਆਪਣੀ ਇੱਛਾ ਦੀ ਫਸਲ ਪਕਾਉਂਦਾ ਆ ਰਿਹਾ ਸੀ, ਕਿਉਂਕਿ ਉਹ ਗੱਲ ਉਹਦੀ ਯੋਗਤਾ ਅਤੇ ਮਿਹਨਤ ’ਤੇ ਨਿਰਭਰ ਕਰਦੀ ਸੀ। ਕੁਦਰਤ ਨੇ ਉਹਨੂੰ ਸਮਰੱਥ ਵੀ ਕਾਫ਼ੀ ਦਿੱਤੀ ਸੀ। ਇਸ ਗੱਲ ਦੇ ਨਾਲ ਨਾਲ ਉਹ ਆਪਣੇ ਬਾਪ ਤੇ ਅਧਿਆਪਕ ਦੀ ਦਿੱਤੀ ਪ੍ਰੇਰਨਾ ਕਰਕੇ ਮਿਹਨਤ ਵੀ ਜੀਅ ਤੋੜ ਕੇ ਕਰਦਾ ਸੀ। ਦੋਹਾਂ ਗੱਲਾਂ ਦੇ ਸੰਜੋਗ ਨਾਲ ਉਹ ਹਰ ਜੰਗ ਵਿਚ ਫਤਿਹ ਹਾਸਲ ਕਰਦਾ ਆ ਰਿਹਾ ਸੀ। ਪਰ ਹੁਣ ਉਹਨੂੰ ਦੁਵੱਲੀ ਜੰਗ ਲੜਨੀ ਪੈਣੀ ਸੀ। ਇਕ ਪਾਸੇ ਉਸ ਆਪ ਹੋਣਾ ਸੀ ਜਾਂ ਫਿਰ ਉਹਦੇ ਵਰਗੇ ਹੀ ਕੁਝ ਸਰਕਾਰੀ ਵਕੀਲ ਹੋਣੇ ਸਨ। ਦੂਜੇ ਪਾਸੇ ਸਾਰਾ ਪੀ. ਸੀ. ਐਸ. ਮਹਿਕਮਾ ਹੀ ਨਹੀਂ, ਤਕਰੀਬਨ ਸਾਰੀ ਬਰਤਾਨਵੀ ਸਥਾਪਨਾ ਨੇ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਵਿਰੁੱਧ ਪੂਰੀ ਤਰ੍ਹਾਂ ਕਤਾਰਬੰਦੀ ਕਰਕੇ ਲੜਾਈ ਦੇ ਮੈਦਾਨ ਵਿਚ ਉਤਰਨਾ ਸੀ।

ਕ੍ਰਿਸਟ ਕਲੋਸ ਨੇ ਐਡਵਰਡ ਰੀਵਜ਼ ਨਾਲ ਹਿਰਦੇਪਾਲ ਦੀ ਸਿ਼ਕਾਇਤ ਬਾਰੇ ਗੱਲ ਕੀਤੀ ਤਾਂ ਉਸ ਮੁਸਕਰਾ ਕੇ ਪਹਿਲਾਂ ਉਹਦੇ ਭੋਲੇ ਭਾਲੇ ਚਿਹਰੇ ਵਲ ਦੇਖਿਆ ਫਿਰ ਉਹਨੂੰ ਆਪਣੇ ਸਾਮ੍ਹਣੇ ਕੁਰਸੀ ’ਤੇ ਆਰਾਮ ਨਾਲ ਬੈਠਣ ਦਾ ਸੰਕੇਤ ਕੀਤਾ। ਉਹ ਕੁਰਸੀ ’ਤੇ ਸੂਤ ਹੋ ਕੇ ਬੈਠ ਗਿਆ ਤਾਂ ਐਡਵਰਡ ਰੀਵਜ਼ ਨੂੰ ਉਹਦੇ ਅੱਗੇ ਇਹ ਗੱਲ ਮੰਨਣੀ ਪਈ ਕਿ ਉਹਦੇ ਨਾਲ ਹੋਇਆ ਤਾਂ ਧੱਕਾ ਹੀ ਹੈ। ਪਰ ਉਹ ਇਸ ਬਾਰੇ ਕੋਈ ਚਿੰਤਾ ਨਾ ਕਰੇ ਤੇ ਨਾਲ ਹੀ ਮਿਸਟਰ ਡਿਲਨ ਨੂੰ ਵੀ ਕਹਿ ਦੇਵੇ ਕਿ ਉਹਨੂੰ ਫਿਕਰ ਕਰਨ ਦੀ ਲੋੜ ਨਹੀਂ। ਉਹਦੇ ਕੇਸ ਬਾਰੇ ਬੜੀ ਛੇਤੀ ਹੀ ਕੋਈ ਨਿਰਣਾ ਲਿਆ ਜਾ ਰਿਹਾ ਸੀ। ਕ੍ਰਿਸਟ ਇਹ ਭਰੋਸਾ ਲੈ ਕੇ ਆ ਗਿਆ ਤੇ ਉਹ ਉਹੀ ਵਿਸ਼ਵਾਸ ਹਿਰਦੇਪਾਲ ਨੂੰ ਦੇ ਕੇ ਡਿਊਟੀ ’ਤੇ ਚਲਾ ਗਿਆ। ਪਰ ਕਰਨਾ ਕਰਾਉਣਾ ਕਿਸੇ ਨੇ ਕੀ ਸੀ। ਸਭ ਕੁਝ ਤਾਂ ਗਿਣ ਮਿੱਥ ਕੇ ਕੀਤਾ ਜਾ ਰਿਹਾ ਸੀ। ਇਹ ਤਾਂ ਅੱਖਾਂ ਪੂੰਝਣ ਵਾਲੀ ਗੱਲ ਸੀ।

ਜਦ ਹਿਰਦੇਪਾਲ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਗੱਲ ਕ੍ਰਿਸਟ ਕਲੋਜ ਦੇ ਵੱਸੋਂ ਬਾਹਰੀ ਸੀ ਤਾਂ ਉਹ ਮਿਡਲੈਂਡ ਬ੍ਰਾਂਚ ਦੇ ਜਨਰਲ ਸਕੱਤਰ, ਰੋਨ ਫਰੇਜ਼ਰ, ਨੂੰ ਮਿਲਣ ਚਲਾ ਗਿਆ। ਉਸ ਉਹਨੂੰ ਆਪਣੀ ਸਥਿਤੀ ਬਾਰੇ ਦੱਸਿਆ ਤਾਂ ਰੋਨ ਫਰੇਜ਼ਰ ਨੇ ਜਿੰਨੀ ਕੁ ਉਹਦੀ ਵਾਹ ਸੀ, ਲਾਈ ਵੀ ਪਰ ਉਹ ਸਫਲ ਨਾ ਹੋ ਸਕਿਆ। ਕਿਉਂਕਿ ਜੋ ਕੁਝ ਹਿਰਦੇਪਾਲ ਨਾਲ ਹੋ ਰਿਹਾ ਸੀ ਉਹਦੇ ਪਿੱਛੇ ਐਡਵਰਡ ਹੀ ਨਹੀਂ ਸੀ। ਉਹਦੇ ’ਚ ਬਰਮਿੰਘਮ ਡਿਵੀਜ਼ਨ ਦੇ ਇਨਚਾਰਜ ਡੇਵਿਡ ਫੋਸਟਰ ਦਾ ਹੱਥ ਵੀ ਸੀ, ਸਗੋਂ ਸਾਰਾ ਵਿਭਾਗ ਇਸ ਗੱਲ ਬਾਰੇ ਇਕਸੁਰ ਸੀ।

ਹਿਰਦੇਪਾਲ ਨੂੰ ਇਸ ਗੱਲ ਦਾ ਜਦ ਗਿਆਨ ਹੋ ਗਿਆ ਕਿ ਉਹਦੇ ਕੇਸ ਵਿਚ ਯੂਨੀਅਨ ਕੁਝ ਨਹੀਂ ਕਰ ਸਕਦੀ ਤਾਂ ਉਸ ਬਰਮਿੰਘਮ ਸ਼ਹਿਰ ਦੇ ਪ੍ਰਸਿੱਧ ਬੈਰਿਸਟਰ, ਕੌਲਿਨ ਮੌਰਿਸ, ਨੂੰ ਆਪਣਾ ਮੁਕੱਦਮਾ ਲੜਨ ਲਈ ਹਾਇਰ ਕਰ ਲਿਆ। ਉਸ ਨਸਲੀ ਵਿਤਕਰੇ ਦੇ ਆਧਾਰ ’ਤੇ ਮੁਕੱਦਮਾ ਤਿਆਰ ਕੀਤਾ ਤੇ ਫ਼ਇਲ ਇੰਪਲਾਏਮੈਂਟ ਕੋਰਟ ਨੂੰ ਭੇਜ ਦਿੱਤੀ। ਕੋਰਟ ਵਿਚ ਕਿੰਨਾ ਚਿਰ ਹੀ ਮੁਕਦਮਾ ਲਟਕਦਾ ਰਿਹਾ। ਅਸਲ ’ਚ ਕੋਰਟ ਵੀ ਇਸ ਮਸਲੇ ’ਚ ਇਕ ਤਰ੍ਹਾਂ ਮਜਬੂਰ ਸੀ, ਕਿਉਂਕਿ ਮਸਲਾ ਸਿਰਫ਼ ਅਸਿੱਧੇ ਨਸਲੀ ਵਿਤਕਰੇ ’ਤੇ ਆਧਾਤਰਿਤ ਹੀ ਨਹੀਂ ਸੀ, ਸਗੋਂ ਇਸ ਨਾਲੋਂ ਵੀ ਕਿਤੇ ਵੱਡਾ ਤੇ ਡੂੰਘਾ ਮਸਲਾ ਹੋਰ ਸੀ। ਜੇ ਗੱਲ ਇਕੱਲੇ ਅਸਿੱਧੇ ਨਸਲੀ ਵਿਤਕਰੇ ਤਕ ਸੀਮਤ ਹੁੰਦੀ ਤਾਂ ਉਹ ਸ਼ਾਇਦ ਛੇਤੀ ਹੀ ਕਿਸੇ ਕਿਨਾਰੇ ਲੱਗ ਜਾਣਾ ਸੀ, ਪਰ ਉਸ ਨਾਲੋਂ ਵੀ ਕਿਤੇ ਵੱਡਾ ਸਥਾਪਨਾ ਦਾ ਮਸਲਾ ਉਹਦੇ ਨਾਲ ਜੁੜਿਆ ਹੋਇਆ ਸੀ। ਬਰਤਾਨਵੀ ਸਥਾਪਨਾ ਇਹ ਗੱਲ ਕਿੱਦਾਂ ਸਹਿ ਸਕਦੀ ਸੀ ਕਿ ਇਕ ਤਾਂਬੇਰੰਗਾ ਬੰਦਾ ਜਿਹਦੀ ਕੌਮ ’ਤੇ ਉਹਦੇ ਪੁਰਖੇ ਦੋ-ਢਾਈ ਸੌ ਸਾਲ ਰਾਜ ਕਰਦੇ ਆਏ ਸਨ ਤੇ ਜਿਨ੍ਹਾਂ ਨੇ ਉਨ੍ਹਾਂ ਨਾਲ ਧੌਣ ਚੁੱਕ ਕੇ ਗੱਲ ਤਾਂ ਕੀ ਕਰਨੀ ਸੀ, ਕਦੀ ਅੱਗੋਂ ਅੱਖ ਚੁੱਕਣ ਦੀ ਹਿੰਮਤ ਵੀ ਨਹੀਂ ਸੀ ਕੀਤੀ। ਉਸੇ ਕੌਮ ਦਾ ਇਕ ਵਾਰਿਸ ਸਵੇਰੇ ਕੰਮ ’ਤੇ ਲਗਣ ਤੋਂ ਪਹਿਲਾਂ ਆਪਣੇ ਹੈਡ ਦੀ ਕੈਬਿਨ ਵਿਚ ਜਾ ਕੇ ਉਹਨੂੰ ਗੁੱਡ ਮੌਰਨਿੰਗ ਨਾ ਕਹੇ ਤੇ ਨਾ ਸਲਾਮ ਕਰਕੇ ਸ਼ਾਮ ਨੂੰ ਘਰ ਜਾਵੇ। ਇੰਨੀ ਨਾਬਰੀ! ਇੰਨਾ ਸਵੈਮਾਨ!! ਉਹਦੀ ਇੰਨੀ ਗ਼ੈਰਤਮੰਦੀ!!! ਉਹ ਇਹ ਗੱਲ ਕਿੱਦਾਂ ਸਹਾਰ ਸਕਦੀ ਸੀ। ਉਂਜ ਵੀ ਸਪਾਈਨਲੈਸ ਸੰਸਾਰ ’ਚ ਕੋਈ ਬੰਦਾ ਸਪਾਈਨ ਕਿਸ ਤਰ੍ਹਾਂ ਰੱਖ ਸਕਦਾ ਸੀ? ਇਹ ਤਾਂ ਉਸ ਦੁਨੀਆਂ ਲਈ ਲਾਹਨਤ ਵਾਲੀ ਗੱਲ ਸੀ। ਐਡਵਰਡ ਕਿੰਨਾ ਹੀ ਚਿਰ ਤਾਂ ਇਹ ਦੇਖਦਾ ਰਿਹਾ ਕਿ ਉਹ ਸਹਿਜੇ ਸਹਿਜੇ ਆਪਣੇ ਆਪ ਰਾਹ ਸਿਰ ਆ ਜਾਵੇਗਾ। ਜਦ ਉਹਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਉਹ ਇਸ ਤਰ੍ਹਾਂ ਠੀਕ ਹੋਣ ਵਾਲਾ ਬੰਦਾ ਨਹੀਂ ਤਾਂ ਉਸ ਉਹਨੂੰ ਸਪਾਈਨਲੈਸ ਕਰਨ ਲਈ ਦੂਜਾ ਰਾਹ ਇਖਤਿਆਰ ਕਰਨ ਦਾ ਮਨ ਬਣਾ ਲਿਆ। ਉਹਨੂੰ ਡਰ ਸੀ ਕਿ ਉਹਦੀ ਰੀਸੇ ਹੋਰ ਰੰਗਦਾਰ ਕਰਾਊਨ ਪ੍ਰੋਸੀਕਿਊਟਰ ਵੀ ਉਹਦੇ ਪੈਰ-ਚਿਨ੍ਹਾਂ ’ਤੇ ਨਾ ਤੁਰਨ ਲਗ ਪੈਣ। ਉਸ ਸਥਿਤੀ ’ਚ ਉਹਦੀ ਕੀ ਵੁਕਤ ਰਹਿ ਜਾਵੇਗੀ? ਇਸ ਅਹਿਸਾਸ ਨਾਲ ਉਸ ਹਿਰਦੇਪਾਲ ’ਚੋਂ ਉਹਦੀ ਮੈਂ ਬਨਾਮ ਰੀਡ ਦੀ ਹੱਡੀ ਕੱਢਣ ਦਾ ਪੱਕਾ ਮਨ ਬਣਾ ਲਿਆ। ਭਾਵ, ਉਹਦੀ ਕਾਰਗੁਜ਼ਾਰੀ ’ਚ ਹੇਰਾ ਫੇਰੀ ਕਰਨ ਦਾ ਇਰਾਦਾ ਕਰ ਲਿਆ। ਇਹਦੇ ਨਾਲ ਹੀ ਕਿਸੇ ਅਣਜਾਣੇ ਬੰਦੇ ਕੋਲੋਂ ਡਰਾਉਣ ਧਮਕਾਉਣ ਲਈ ਟੈਲੀਫੋਨ ਕਰਵਾ ਕੇ ਉਹਨੂੰ ਦੁੜਾਉਣ ਜਾਂ ਸੈਕਸੂਅਲ ਅਸੌਲਟ ਕਰਵਾਉਣ ਦਾ ਮਨ ਬਣਾ ਲਿਆ। ਜੇ ਇਹ ਹਥਿਆਰ ਵੀ ਕੰਮ ਨਾ ਕਰਨ ਤਾਂ ਰੇਪ ਵਰਗੇ ਗੰਭੀਰ ਦੋਸ਼ ਦੀ ਯੋਜਨਾ ਵੀ ਬਣਾ ਲਈ, ਪਰ ਜਦ ਇਨ੍ਹਾਂ ਗੱਲਾਂ ’ਤੇ ਅਮਲ ਕਰਨ ਲੱਗਾ ਤਾਂ ਡਰ ਗਿਆ। ਇਨ੍ਹਾਂ ਗੱਲਾਂ ਕਾਰਨ ਉਹ ਫਸ ਵੀ ਸਕਦਾ ਸੀ। ਕਿਧਰੇ ਇਹਨੂੰ ਬੰਦਾ ਬਣਾਉਂਦਾ ਬਣਾਉਂਦਾ ਆਪ ਹੀ ਗਟਰ ’ਚ ਨਾ ਡਿੱਗ ਪਵੇ। ਸੋ ਕਿਸੇ ਕਿਸਮ ਦਾ ਕਦਮ ਚੁੱਕਣ ਤੋਂ ਪਹਿਲਾਂ ਉਸ ਆਪਣੇ ਬਾਸ, ਫੋਸਟਰ ਨਾਲ ਸਲਾਹ ਕਰਨੀ ਜ਼ਰੂਰੀ ਸਮਝੀ। ਉਹ ਇਕੱਲਾ ਇੰਨਾ ਵੱਡਾ ਕਦਮ ਨਹੀਂ ਸੀ ਚੁੱਕ ਸਕਦਾ।

ਫੋਸਟਰ ਉਹਦੇ ਕੋਲੋਂ ਹਿਰਦੇਪਾਲ ਦੀ ਕਹਾਣੀ ਸੁਣ ਕੇ ਪਹਿਲਾਂ ਤਾਂ ਅਸਚਰਜ ਰਹਿ ਗਿਆ। ਸੰਭਲਿਆ ਤਾਂ ਪੁੱਛਿਆ, ਇਸ ਸਥਿਤੀ ’ਚ ਉਸ ਉਹਦੇ ਨਾਲ ਕੀ ਕੀਤਾ? ਉੱਤਰ ’ਚ ਉਸ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਕੀਤਾ ਸੀ। ਨਾਲ ਹੀ ਇਹ ਵੀ ਦੱਸ ਦਿੱਤਾ ਕਿ ਉਹਦੀ ਅੱਗੋਂ ਕੀ ਕਰਨ ਦੀ ਸਲਾਹ ਸੀ। ਪਰ ਉਨ੍ਹਾਂ ਗੱਲਾਂ ’ਤੇ ਅਮਲ ਕਰਨ ਤੋਂ ਪਹਿਲਾਂ ਉਹ ਉਹਦੀ ਆਗਿਆ ਲੈਣੀ ਚਾਹੁੰਦਾ ਸੀ। ਉਹ ਉਹਦੀ ਇਜਾਜ਼ਤ ਤੋਂ ਬਿਨਾਂ ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੁੰਦਾ। ਸੁਣ ਕੇ ਡੇਵਿਡ ਫੋਸਟਰ ਮੁਸਕਰਾ ਪਿਆ ਤੇ ਨਾਲ ਹੀ ਉਸ ਹਿਰਦੇਪਾਲ ਨੂੰ ਆਪਣੇ ਕੋਲ ਬਰਮਿੰਘਮ ਭੇਜ ਦੇਣ ਲਈ ਕਹਿ ਦਿੱਤਾ। ਖਿਆਲ ਸੀ ਕਿ ਇਹਦੇ ਕੋਲੋਂ ਉਹ ਕੁਝ ਨਹੀਂ ਹੋ ਸਕਣਾ ਜੋ ਉਹਦੇ ਨਾਲ ਕਰਨ ਦੀ ਜ਼ਰੂਰਤ ਸੀ।

ਹਾਸ਼ੀਏ ਨਾਵਲ ਦੀ ਪ੍ਰਕਾਸ਼ਨਾ ਤੋਂ ਕਾਫ਼ੀ ਦੇਰ ਮਗਰੋਂ ਮੈਂ ਇਕ ਮਿਲਣੀ ’ਚ ਨਾਵਲ ਦੇ ਪ੍ਰਸਿੱਧ ਮਾਰਕਸਵਾਦੀ ਆਲੋਚਕ ਦੋਸਤ ਨੂੰ ਪੁੱਛਿਆ, “ਡਾਕਟਰ ਸਾਹਿਬ, ਕੀ ਤੁਸੀਂ ਹਾਸ਼ੀਏ ਨਾਵਲ ਪੜ੍ਹ ਲਿਆ?”

“ਹਾਂ, ਪੜ੍ਹ ਚੁੱਕਾ ਹਾਂ।”
“ਕਿੱਦਾਂ ਲੱਗਾ?”
“ਉਹੀ ਕਾਮਰੇਡਾਂ ਵਾਲੀ ਓਲਡ ਸਟੋਰੀ।”

ਉਹਦਾ ਸ਼ਾਇਦ ਇਹ ਭਾਵ ਸੀ ਕਿ ਇਕ ਪਾਸੇ ਹਿਰਦੇਪਾਲ ਇਕੱਲਾ ਤੇ ਦੂਜੇ ਪਾਸੇ ਉਹਦੇ ਵਿਭਾਗ ਦੀ ਸਾਰੀ ਸਥਾਪਨਾ ਦੇ ਹੁੰਦਿਆਂ ਵੀ ਉਹ ਹਾਰ ਮੰਨਣ ਲਈ ਤਿਆਰ ਨਾ ਹੋਇਆ! ਉਹਦਾ ਜਵਾਬ ਸੁਣ ਕੇ ਮੈਂ ਮੁਸਕਰਾ ਪਿਆ। ਇਕ ਵਾਰੀ ਦਿਲ ’ਚ ਆਈ ਕਿ ਉਸ ਵਿਦਵਾਨ ਦੋਸਤ ਨੂੰ ਪੁੱਛਾਂ ਕਿ ਕੀ ਅਰਨੈਸਟ ਹੈਮਿੰਗਵੇ ਕਾਮਰੇਡ ਸੀ ਜਿਸ ‘ਬੁੱਢਾ ਤੇ ਸਮੁੰਦਰ’ ਨਾਵਲ ’ਚ ਸੈਂਟਿਆਗੋ ਨਾਂ ਦੇ ਬੁੱਢੇ ਮਛੇਰੇ ਦਾ ਅਮਰ ਪਾਤਰ ਸਿਰਜਿਆ ਸੀ ਜਾਂ ਰੋਮਨ ਰੋਲਾਂ ਕਾਮਰੇਡ ਸੀ ਜਿਸ ‘ਜੀਨ ਕ੍ਰੀਸਟੋਫ਼ਟਰ’ ਨਾਵਲ ਵਿਚ ਜੀਨ ਕ੍ਰੀਸਟੋਫ਼ਟਰ ਨੂੰ ਸਿਰਜਿਆ ਸੀ ਜਾਂ ਫਿਰ ਟੋਲਸਟਾਏ ਹੀ ਸੀ ਜਿਸ ‘ਅਮਨ ਤੇ ਜੰਗ’ ਨਾਵਲ ’ਚ ਐਂਡਰੀਊ ਨਾਂ ਦੇ ਪਾਤਰ ਦੀ ਸਿਰਜਣਾ ਕੀਤੀ ਸੀ? ਪਰ ਫਿਰ ਇਹ ਸੋਚ ਕੇ ਕਿ ਮੇਰੀ ਇਸ ਪੁੱਛ ਨੂੰ ਕਿਤੇ ਇਹ ਨਾ ਸਮਝਿਆ ਜਾਵੇ ਕਿ ਮੇਰੇ ਵਰਗਾ ਨਿਗੁਣਾ ਜਿਹਾ ਲੇਖਕ ਆਪਣੇ ਆਪ ਨੂੰ ਉਨ੍ਹਾਂ ਮਹਾਨ ਨਾਵਲਕਾਰਾਂ ਦੇ ਬਰਾਬਰ ਹੀ ਤਾਂ ਨਹੀਂ ਸਮਝਣ ਲਗ ਪਿਆ। ਸੋ ਚੁੱਪ ਰਹਿਣਾ ਹੀ ਠੀਕ ਸਮਝਿਆ। ਉਂਜ ਮੈਨੂੰ ਇਹ ਗੱਲ ਸੁਣ ਕੇ ਹੈਰਾਨੀ ਜ਼ਰੂਰ ਹੋਈ ਸੀ ਕਿ ਸਾਡੇ ਮਾਰਕਵਾਦੀ ਵਿਦਵਾਨ ਨਾਵਲਕਾਰ ਕੋਲੋਂ ਇਸ ਗੱਲ ਦੀ ਉਮੀਦ ਕਿਉਂ ਰੱਖਣ ਲਗ ਪਏ ਹਨ ਕਿ ਉਹਦੇ ਨਾਵਲ ਦਾ ਮੁੱਖ ਪਾਤਰ ਜਾਂ ਹੀਰੋ ਹਵਾ ਦੇ ਰੁਖ ਹੀ ਤੁਰਨ ਵਾਲਾ ਹੋਵੇ। ਇਕ ਵਾਰੀ ਮੈਂ ਇਹ ਵੀ ਬੇਨਤੀ ਕਰਨੀ ਚਾਹੀ ਕਿ ਨਾਵਲ ਲੇਖਕ ਨੂੰ ਆਪਣੇ ਨਾਵਲ ’ਚ ਇਸ ਸੰਸਾਰ ਦੇ ਸਮਵਿੱਥ (Parallel ) ਸੰਸਾਰ ਸਿਰਜਣਾ ਪੈਂਦਾ ਹੈ। ਜੇ ਨਾਵਲ ਰਚਨਾ ਦਾ ਅਰਥ ਸਮਾਨਾਂਤਰ ਸੰਸਾਰ ਸਿਰਜਣਾ ਹੈ ਤਾਂ ਉਹਦੇ ਨਾਵਲ ਦੇ ਪਾਤਰ ਵੀ ਹਰ ਤਰ੍ਹਾਂ ਦੇ ਹੋਣਗੇ। ਇਹ ਠੀਕ ਹੈ ਕਿ ਅਜ ਕਲ੍ਹ ਬਹੁਗਿਣਤੀ ਲੋਕ ਹਵਾ ਦੇ ਰੁਖ ਤੁਰਨ ਵਾਲਿਆਂ ਦੀ ਹੈ, ਪਰ ਦੁਨੀਆਂ ’ਚ ਅਜਿਹੇ ਮਨੁੱਖ ਵੀ ਹਨ ਜੋ ਹਵਾ ਦੇ ਵਿਰੁੱਧ ਵੀ ਤੁਰ ਸਕਦੇ ਹਨ। ਜਿਵੇਂ ਆਮ ਪੰਛੀ ਤਾਂ ਹਵਾ ਦੇ ਰੁਖੇ ਉਡਾਨ ਭਰਦੇ ਹਨ ਪਰ ਬਾਜ ਉਲਟ ਦਿਸ਼ਾ ਵੀ ਫੜਦਾ ਹੈ। ਹਾਸ਼ੀਏ ਦਾ ਹਿਰਦੇਪਾਲ ਵੀ ਵਿਰੋਧੀ ਦਿਸ਼ਾ ਫੜਨ ਵਾਲਿਆਂ ’ਚੋਂ ਹੈ। ਭਾਵ, ਇਸ ਸੰਸਾਰ ’ਚ ਕੁਝ ਲੋਕ ਅਜਿਹੇ ਵੀ ਜ਼ਰੂਰ ਹਨ ਜੋ ਹਾਰ ਕੇ ਵੀ ਹਾਰ ਨਹੀਂ ਮੰਨਦੇ ਤੇ ਕੁਝ ਜਿੱਤ ਕੇ ਵੀ ਹਾਰੇ ਹਾਰੇ ਮਹਿਸੂਸ ਕਰਦੇ ਹਨ। ਹਿਰਦੇਪਾਲ ਪਹਿਲੀ ਕਿਸਮ ਦੇ ਮਨੁੱਖਾਂ ਦਾ ਪ੍ਰਤੀਨਿਧ ਹੈ।

ਜੱਜ, ਕੈਨ ਹੈਰੀਸਨ ਨੇ ਫੈਸਲਾ ਤਾਂ ਸਥਾਪਨਾ ਦੇ ਹੱਕ ਵਿਚ ਹੀ ਦੇਣਾ ਸੀ ਜੋ ਉਸ ਦਿੱਤਾ ਸੀ। ਭਾਵ, ਉਸ ਨਿਰਣਾ ਡੇਵਿਡ ਫੋਸਟਰ ਦੇ ਹੱਕ ਵਿਚ ਕੀਤਾ ਸੀ। ਪਰ ਉਸ ਹਿਰਦੇਪਾਲ ਨੂੰ ਪੀ. ਸੀ. ਐਸ. ਮਹਿਕਮੇ ’ਚੋਂ ਕੱਢਣ ਦੀ ਸਿਫ਼ਾਰਸ਼ ਨਹੀਂ ਸੀ ਕੀਤੀ। ਮਤਲਬ, ਹਿਰਦੇਪਾਲ ਤੇ ਉਹਦੇ ਸਾਥੀਆਂ ਕੋਲ ਲੜਾਈ ਜਾਰੀ ਰੱਖਣ ਦਾ ਠੋਸ ਮੈਦਾਨ ਰਹਿਣ ਦਿੱਤਾ ਸੀ। ਇਹੀ ਵਜ੍ਹਾ ਸੀ ਕਿ ਹਿਰਦੇਪਾਲ ਦੂਜੇ ਦਿਨ ਸਵੇਰੇ ਆਮ ਦਿਨਾਂ ਵਾਂਗ ਉਠ ਕੇ ਤਿਆਰ ਹੁੰਦਾ ਹੈ। ਨਿੱਤ ਵਾਂਗ ਆਪਣੀ ਗਰਲ-ਫਰੈਂਡ, ਹਰਮੀਤ ਨਾਲ ਨਾਸ਼ਤਾ ਕਰਦਾ ਤੇ ਕਾਰ ’ਚ ਕੰਮ ’ਤੇ ਚਲਾ ਜਾਂਦਾ ਹੈ।

ਮੈ ਹਾਸ਼ੀਏ ਨਾਵਲ ਦੇ ਆਖਰੀ ਕਾਂਡ ਦੀਆਂ ਕੁਝ ਸੱਤਰਾਂ ਦੋਸਤਾਂ ਨਾਲ ਸਾਂਝੀਆਂ ਕਰਕੇ ਆਪਣੀ ਗੱਲ ਸਮੇਟ ਦੇਣੀ ਚਾਹੁੰਦਾ ਹਾਂ। ਮੈਨੂੰ ਲੱਗਦਾ ਹੈ ਕਿ ਗੱਲ ਕਾਫ਼ੀ ਲੰਮੀ ਹੋ ਗਈ ਹੈ ਤੇ ਹੋਰ ਵੀ ਲੰਮੀ ਨਾ ਹੋ ਜਾਵੇ। ਜਿਸ ਦਿਨ ਦੁਪਹਿਰ ਦੇ ਤਿੰਨ ਵੱਜੇ ਇੰਪਲਾਏਮੈਂਟ ਕੋਰਟ ਦੇ ਜੱਜ, ਕੈਨ ਹੈਰੀਸਨ ਨੇ ਹਿਰਦੇਪਾਲ ਦੇ ਮੁਕੱਦਮੇ ਦਾ ਫੈਸਲਾ ਸੁਣਾਉਣਾ ਸੀ, ਉਸ ਦਿਨ ਹਿਰਦੇਪਾਲ, ਹਰਮੀਤ, ਮਿਡਲੈਂਡ ਯੂਨੀਅਨ ਬ੍ਰਾਂਚ ਦਾ ਜਨਰਲ ਸਕੱਤਰ, ਰੋਨ ਫਰੇਜ਼ਰ ਤੇ ਉਹਦੇ ਕਈ ਹੋਰ ਮਿੱਤਰ ਵੀ ਕੋਰਟ ਵਿਚ ਆਏ ਹੋਏ ਸਨ। ਦੂਜੇ ਪਾਸੇ ਡੇਵਿਡ ਫੋਸਟਰ, ਐਡਵਰਡ ਰੀਵਜ਼, ਐਂਡਰੀਊ ਸਮਿੱਥ ਤੇ ਕੁਝ ਹੋਰ ਅਧਿਕਾਰੀ ਵੀ ਪੁੱਜੇ ਹੋਏ ਸਨ। ਹਿਰਦੇਪਾਲ ਨੇ ਹੋਣ ਵਾਲੇ ਨਿਰਣੇ ਦਾ ਅੰਦਾਜ਼ਾ ਲਾਉਣ ਲਈ ਫੋਸਟਰ ਦੇ ਚਿਹਰੇ ਵਲ ਦੇਖਿਆ। ਉਹਨੂੰ ਉਹਦੇ ਚਿਹਰੇ ’ਤੇ ਖੁਸ਼ੀ ਮੰਡਰਾ ਰਹੀ ਲੱਗੀ। ਹਿਰਦੇਪਾਲ ਨੂੰ ਉਹੀ ਗੱਲ ਹੁੰਦੀ ਲੱਗੀ ਜਿਹਦਾ ਡਰ ਸੀ। ਪਰ ਜਦ ਉਸ ਰਤਾ ਗਹੁ ਨਾਲ ਫੋਸਟਰ ਦੇ ਚਿਹਰੇ ਵਲ ਦੇਖਿਆ ਤਾਂ ਉਹਦੇ ਚਿਹਰੇ ’ਤੇ ਖੁਸ਼ੀ ਦੀ ਥਾਂ ਉਦਾਸੀ ਝੁਰਮਟ ਪਾਈ ਬੈਠੀ ਜਾਪੀ। ਲੱਗਾ ਉਹਦੇ ਦਿਲ ਦੀ ਮੁਰਾਦ ਪੂਰੀ ਨਾ ਹੋਈ ਹੋਵੇ। ਜਦ ਉਸ ਦੇਖਿਆ ਕਿ ਹਿਰਦੇਪਾਲ ਉਹਦੇ ਚਿਹਰੇ ਨੂੰ ਘੂਰ ਰਿਹਾ ਸੀ ਤਾਂ ਝੱਟ ਆਪਣੇ ਚਿਹਰੇ ’ਤੇ ਮੀਸਣਾਪਣ ਪੋਚ ਕੇ ਮੁਸਕਰਾ ਪਿਆ। ਹਿਰਦੇਪਾਲ ਨੇ ਵੀ ਉਸੇ ਅੰਦਾਜ਼ ਵਿਚ ਉਹਦੇ ਵੱਲ ਦੇਖਿਆ ਤੇ ਮੁਸਕਰਾ ਪਿਆ। ਉਹ ਪਲ ਕੁ ਇਕ ਦੂਜੇ ਦੇ ਚਿਹਰਿਆਂ ਦੀ ਫੋਲਾਫੋਲੀ ਕਰਦੇ ਰਹੇ। ਹੁਣ ਮੈਂ ਉਹ ਵਾਕ ਜੋ ਹਿਰਦੇਪਾਲ ਨੇ ਫੋਸਟਰ ਨੂੰ ਕਹੇ ਸਨ, ਦੇ ਕੇ ਆਪਣੀ ਗੱਲ ਮੁਕਾ ਰਿਹਾ ਹਾਂ :

“ਫੋਸਟਰ, ਮੈਂ ਤੈਨੂੰ ਇਸ ਜਿੱਤ ਦੀ ਵਧਾਈ ਦਿੰਦਾ ਹਾਂ। ਤੇਰੀ ਸ਼ਾਤਰ ਬੁੱਧੀ ਦੀ ਦਾਦ ਵੀ ਦਿੰਦਾ ਹਾਂ। ਤੇਰੀਆਂ ਲੰਮੀਆਂ ਬਾਂਹਾਂ, ਦੋਗਨੀ ਨੀਤੀ ਤੇ ਲੋਕਾਂ ਨੂੰ ਵਰਤ ਸਕਣ ਦੀ ਚਲਾਕੀ ਦੀ ਕਦਰ ਵੀ ਕਰਦਾ ਹਾਂ। ਤੇਰੀ ਮਕਾਰੀ ਨੂੰ ਵੀ ਮੰਨਦਾ ਹਾਂ। ਤੇਰੀਆਂ ਇਨ੍ਹਾਂ ਗੱਲਾਂ ਕਰਕੇ ਮੈਂ ਤੈਨੂੰ ਦੋਸ਼ੀ ਵੀ ਨਹੀਂ ਠਹਿਰਾਉਂਦਾਂ। ਤੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਲਤਨਤ ਕਾਇਮ ਰੱਖਣੀ ਏ। ਮੇਰੀ ਤੇਰੀ ਲੜਾਈ ਜਾਤੀ ਹਿੱਤਾਂ ਨਾਲੋਂ ਕਿਤੇ ਵੱਡੀ ਏ। ਤੂੰ ਆਪਣੇ ਹਿੱਤਾਂ ਲਈ ਲੜ ਰਿਹਾ ਏਂ, ਮੈਂ ਆਪਣਿਆਂ ਲਈ। ਫਿਰ ਗਿਲਾ-ਸਿ਼ਕਵਾ ਕਾਹਦਾ ਤੇ ਕਿਸ ਗੱਲ ਦਾ? ਤੂੰ ਮੈਥੋਂ ਤਾਕਤਵਰ, ਲੰਮੀਆਂ ਬਾਂਹਾਂ ਵਾਲਾ ਤੇ ਚਲਾਕ ਸੀ, ਜਿੱਤ ਗਿਆ ਏਂ। ਪਰ ਹੁਣ ਦੇਖਣਾ ਇਹ ਹੈ ਕਿ ਤੂੰ ਕਦ ਤਕ ਜਿੱਤਦਾ ਰਹੇਂਗਾ ਤੇ ਮੈਂ ਹਾਰਦਾ ਰਹਾਂਗਾ। ਸਾਡੀ ਇਹ ਜੰਗ ਤਦ ਤਕ ਜਾਰੀ ਰਹਿਣੀ ਏ ਜਦ ਤਕ ਮੈਂ ਜਿੱਤਦਾ ਨਹੀਂ ਜਾਂ ਟੁੱਟ ਕੇ ਬਿਖਰ ਨਹੀਂ ਜਾਂਦਾ।”

੦੩/੦੭/੨੦੧੪

 

ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ. ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ. ਬੀ. ਸੀ. ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ.ਐਸ.ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ.ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)