ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ:  ਸੁਖਦੇਵ ਸਿੰਘ,  ਪ੍ਰੋਫ਼ੈਸਰ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

 


 

ਕਿਸ ਕਿਸ ਦਾ ਭੇਤ ਪਾਏ ਮੇਰੀ ਨਜ਼ਰ ਦੀ ਸ਼ਕਤੀ,
ਸਬਜ਼ਾ ਤੇਰੀ ਹਿਨਾ ਵਿਚ, ਸੁਰਖ਼ੀ ਤੇਰੀ ਹਿਨਾ ਵਿਚ।
ਪੰਛੀ ਹਾਂ ਅਰਸ਼ ਦਾ ਮੈਂ, ਇਸ ਨੂੰ ਤਾਂ ਪਰ ਛੁਡਾ ਦੇ,
ਜੇ ਡੋਰ ਅੜ ਗਈ ਹੈ, ਭਾਗਾਂ ਦਿਆਂ ਪਰਾਂ ਵਿੱਚ।
ਬਾਗ਼ੀ ਬਣਾ ਰਿਹਾ ਹੈ, ਕੀ ਦੋਸ਼ ਇਸ ਵਿਚ ਮੇਰਾ,
ਤੇਰਾ ਹੀ ਤੇਜ ਹੈ ਇਹ, ਮਿੱਟੀ ਦੀਆਂ ਰਗਾਂ ਵਿਚ। [1]

ਪੰਜਾਬੀ ਦੇ ਪ੍ਰਗਤੀਵਾਦੀ ਕਵੀਆਂ ਦੇ ਪਹਿਲੇ ਪੂਰ ਦੇ ਸਾਹਮਣੇ ਬਸਤੀਵਾਦੀ ਪ੍ਰਬੰਧ ਵਿਰੁੱਧ ਜੂਝਦੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਕੌਮੀ ਮੁਕਤੀ ਸੰਗਰਾਮ ਵੀ ਸਨ ਅਤੇ ਸਮਾਜਵਾਦੀ ਕੈਂਪ ਦੇ ਉਭਾਰ ਦੀਆਂ ਨਵੀਆਂ ਸੰਭਾਵਨਾਵਾਂ ਵੀ ਸਨ। ਬਾਵਾ ਬਲਵੰਤ ਆਪਣੇ ਕਾਵਿ ਸੰਗ੍ਰਹਿ ਅਮਰ ਗੀਤ’ (1942 ਈ:) ਦੀ ਇਕ ਗ਼ਜ਼ਲ ਵਿੱਚ ਇਤਿਹਾਸ ਵਲੋਂ ਪੈ ਰਹੀ ਇਨਕਲਾਬੀ ਵਿੱਢ ਵੱਲ ਸਬਜ਼ਾ ਤੇਰੀ ਹਿਨਾ ਵਿੱਚ ਸੁਰਖ਼ੀ ਤੇਰੀ ਹਿਨਾ ਵਿਚ’ ਕਹਿ ਕੇ ਸੰਕੇਤ ਕਰਦਾ ਹੈ। ਭਾਰਤੀ ਸੰਦਰਭ ਵਿਚ ਪ੍ਰਗੀਤਸ਼ੀਲ ਸਾਹਿਤਕ ਲਹਿਰ ਦੇ ਸਾਹਮਣੇ ਦਮਨਕਾਰੀ ਬਸਤੀਵਾਦੀ ਪ੍ਰਬੰਧ ਦੇ ਨਾਲ ਨਾਲ ਮੁੱਖ ਚੁਣੌਤੀ ਸਨਾਤਨੀ ਅਧਿਆਤਮਵਾਦੀ ਚਿੰਤਨ (ਭਾਗਵਾਦ) ਅਤੇ ਸਾਮੰਤੀ ਕਦਰਾਂ ਆਧਾਰਿਤ ਜੜ੍ਹ ਹੋਈ ਅਵਚੇਤਨੀ ਮਾਨਸਿਕਤਾ ਦੀ ਸੀ। ਸਨਾਤਨੀ ਜੜ੍ਹਤਾ-ਗ੍ਰਸਤ ਮਾਨਸਿਕਤਾ ਤੋਂ ਵਿਦਰੋਹ ਅਤੇ ਇਤਿਹਾਸਕ ਮੁਕਤੀ ਸੰਘਰਸ਼ ’ਚੋਂ ਪੈਦਾ ਹੋ ਰਹੀਆਂ ਨਵੀਆਂ ਸੰਭਾਵਨਾਵਾਂ ਦਾ ਇਹ ਦਵੰਦ ਹੀ ਸੰਵੇਦਨਸ਼ੀਲ ਭਾਰਤੀ ਮੱਧ ਵਰਗ ਖੁੱਲ੍ਹੇ ਅੰਬਰਾਂ ’ਚ ਉਡਾਣ ਦਾ ਸੁਪਨਾ ਦਿਖਾ ਕੇ ਬਾਗ਼ੀ’ ਬਣਾ ਰਿਹਾ ਸੀ। ਬਾਵਾ ਬਲਵੰਤ ਵਿਸ਼ਵ ਇਤਿਹਾਸ ਦੇ ਤਰਥੱਲੀ ਦੇ ਇਸ ਦੌਰ (ਦੂਜਾ ਵਿਸ਼ਵ-ਯੁੱਧ) ਵਿੱਚ ਪੰਜਾਬੀ ਕਵਿਤਾ ਦੇ ਪਿੜ ’ਚ ਮਹਾਂ ਨਾਚ’ (1941 ਈ:) ਲੈ ਕੇ ਨਮੂਦਾਰ ਹੋਇਆ।

ਬਾਵਾ ਬਲਵੰਤ ਨੇ ਪੰਜਾਬੀ ਦੀ ਪ੍ਰਗਤੀਸ਼ੀਲ ਕਾਵਿ-ਧਾਰਾ ਵਿੱਚ ਅਸਲੋਂ ਨਵੇਂ ਆਯਾਮ ਜੋੜੇ। ਕੌਮੀ ਤੇ ਕੌਮਾਤਰੀ ਮਸਲਿਆਂ ਬਾਰੇ ਸੁਜੱਗ ਤੇ ਮਾਰਕਸਵਾਦੀ ਵਿਗਿਆਨਕ ਚੇਤਨਾ ਨਾਲ ਲੈਸ ਬਾਵਾ ਬਲਵੰਤ ਨੇ ਪ੍ਰਗਤੀਸ਼ੀਲ ਕਾਵਿ-ਧਾਰਾ ਦੇ ਕਲੇਵਰ (ਵਸਤੂ-ਸਾਰ) ਅਤੇ ਭੂਗੋਲਿਕ ਦਿਸਹੱਦੇ ਦੋਹਾਂ ਮੋਕਲਾ ਕੀਤਾ। ਬਹੁ-ਭਾਸ਼ੀ ਗਿਆਨ, ਭਾਰਤੀ ਤੇ ਸੰਸਾਰ ਸਾਹਿਤ ਦੇ ਵਿਸ਼ਾਲ ਅਧਿਐਨ, ਮਾਰਕਸਵਾਦੀ ਚਿੰਤਨ ਤੇ ਕੌਮਾਂਤਰੀ ਖੱਬੇ ਪੱਖੀ/ਕਮਿਊਨਿਸਟ ਲਹਿਰ ਦੇ ਸੰਘਰਸ਼ ਤੋਂ ਪ੍ਰਾਪਤ ਵਿਸ਼ਵ-ਚੇਤਨਾ, ਮਨੁੱਖੀ ਇਤਿਹਾਸ ਦੀ ਸਹੀ ਦਵੰਦਾਤਮਕ ਪਦਾਰਥਵਾਦੀ ਸਮਝ ਅਤੇ ਵਿਸ਼ੇਸ਼ ਕਰਕੇ ਭਾਰਤੀ ਇਤਿਹਾਸ, ਮਿਥਿਹਾਸ ਅਤੇ ਪੌਰਾਣ (ਵੇਦ-ਸ਼ਾਸਤਰ ਪਰੰਪਰਾ) ਤੱਕ ਰਸਾਈ ਹੋਣ ਕਰਕੇ ਉਸਨੇ ਪੰਜਾਬੀ ਦੀ ਪ੍ਰਗਤੀਵਾਦੀ ਕਵਿਤਾ ਦਾ ਇਕ ਸਿਰਾ ਭਾਰਤੀ ਦਾਰਸ਼ਨਿਕ ਪਰੰਪਰਾ ਤੇ ਪੌਰਾਣਿਕ ਚੇਤਨਾ ਨਾਲ ਮੇਲ ਦਿੱਤਾ ਅਤੇ ਦੂਜਾ ਵਿਸ਼ਵ ਸਾਹਿਤ ਤੇ ਚਿੰਤਨ ਦੀਆਂ ਲੋਕਪੱਖੀ ਪਰੰਪਰਾਵਾਂ ਨਾਲ ਉਸ ਨੇ ਕਾਲ (ਇਤਿਹਾਸ) ਤੇ ਸਪੇਸ ਪੱਖੋਂ ਸੀਮਤ ਅਰਥ-ਘੇਰੇ ਤੱਕ ਸਿਮਟੀ ਪ੍ਰਗਤੀਸ਼ੀਲ ਕਾਵਿ-ਧਾਰਾ ਬੌਧ ਦਾਰਸ਼ਨਿਕਾਂ, ਲੋਕਾਇਤਾਂ ਤੇ ਜੀਵਕਾਂ ਦੇ ਚਿੰਤਨ ਤੋਂ ਲੈ ਕੇ ਅਜੋਕੇ ਮਾਰਕਸਵਾਦੀ ਚਿੰਤਕਾਂ ਤੇ ਜਨਵਾਦੀ ਸਾਹਿਤਕਾਰਾਂ ਤੱਕ ਵਿਸਤਾਰ ਦਿੱਤਾ। ਇਉਂ ਉਸਨੇ ਸਮਕਾਲੀ ਪ੍ਰਗਤੀਸ਼ੀਲ ਕਵਿਤਾ ਦੇ ਤੇਵਰ ਜਾਂ ਖਮੀਰ ਤੇ ਮੁਹਾਵਰੇ ਤਬਦੀਲ ਹੀ ਨਹੀਂ ਕੀਤਾ, ਸਗੋਂ ਉਸਦੇ ਭਾਵ-ਖੇਤਰ (essence), ਭਾਸ਼ਾਈ ਸਮਰੱਥਾ ਅਤੇ ਅੰਦਾਜ਼ ਸੁਹਜ ਤੇ ਅਮੀਰੀ ਬਖ਼ਸ਼ੀ। ਸ਼ਾਇਦ ਇਸੇ ਕਰਕੇ ਪ੍ਰਿੰਸੀਪਲ ਸੁਜਾਨ ਸਿੰਘ, ਬਾਵੇ ਦੀ ਕਵਿਤਾ ਦੀ ਵਡਿਆਈ ਤੇ ਵਿਲੱਖਣਤਾ ਉਸ ਵਿਚਲੇ ਏਸ਼ੀਆਈ ਰੰਗ’ 2 ਵਿਚ ਦੇਖਦਾ ਹੈ। ਬਾਵਾ ਬਲਵੰਤ ਦੀ ਕਵਿਤਾ ਦੇ ਖ਼ਮੀਰ ਅਤੇ ਅੰਦਾਜ਼ ਬਾਰੇ ਕਥਾਕਾਰ ਤੇ ਬਾਵੇ ਦੇ ਹਮ-ਪੱਲਾ ਅਮਰ ਸਿੰਘ ਦੀ ਇਹ ਟਿੱਪਣੀ ਗਹੁ-ਗੋਚਰੀ ਹੈ :

"ਬਾਵਾ ਬਲਵੰਤ ਦੀ ਰਚਨਾ ਸ਼ਾਸਤਰੀ (classical) ਮਨੋਗਤੀ ਦੀ ਕਾਵਿ-ਰਚਨਾ ਹੈ। ਇਥੇ ਇਹ ਨਹੀਂ ਸਮਝ ਲਿਆ ਜਾਣਾ ਚਾਹੀਦਾ ਕਿ ••• ਬਾਵਾ ਕਿਸੇ ਪ੍ਰਾਚੀਨ ਕਾਵਿ ਪ੍ਰਣਾਲੀ, ਧਾਰਾ, ਰੀਤੀ ਜਾਂ ਸ਼ੈਲੀ ਦਾ ਧਾਰਨੀ ਜਾਂ ਸੰਚਾਲਕ ਹੈ। ਇਸ ਦੇ ਉਲਟ ਵਿਸ਼ੇ-ਵਸਤੂ, ਵਿਚਾਰਧਾਰਾ, ਕਾਵਿ-ਸ਼ੈਲੀ ਤੇ ਬਿੰਬਾਬਲੀ ਅਤੇ ਦ੍ਰਿਸ਼ਟੀਕੋਣ ਤੇ ਭਾਵੁਕ-ਪ੍ਰਬੰਧ ਦੇ ਪੱਖ ਤੋਂ ਉਹ ਆਧੁਨਿਕ ਤੇ ਨਵੀਨ ਕਵੀ ਹੈ। ਉਹ ਕਲਾਸੀਕਲ ਹੈ ਆਤਮਾ ਦੇ ਪੱਖ ਤੋਂ, ਉਸ ਦੇ ਕਾਵਿ ਦੀ ਆਤਮਾ (spirit) ਸ਼ਾਸਤਰੀ ਪੱਧਤੀ ਦੀ ਲਖਾਇਕ ਹੈ।" [3]

ਬਾਵਾ ਬਲਵੰਤ ਦੇ ਸਮਕਾਲੀ ਬਹੁਤੇ ਪ੍ਰਗਤੀਵਾਦੀ ਕਵੀਆਂ ਦਾ ਪ੍ਰੇਰਣਾ ਸਰੋਤ ਪੰਜਾਬ ਦਾ ਜੁਝਾਰੂ ਸਿੱਖ ਵਿਰਸਾ, ਕੌਮੀ ਸੁਤੰਤਰਤਾ ਸੰਗਰਾਮ ਦੇ ਨਾਇਕ, ਮਾਰਕਸਵਾਦੀ ਚਿੰਤਨ ਅਤੇ ਸੰਸਾਰ ਕਮਿਊਨਿਸਟ ਲਹਿਰ ਦੇ ਸਿਧਾਂਤਕਾਰ ਤੇ ਸੰਗਰਾਮੀਏ ਰਹੇ ਹਨ। ਉਹ ਭਾਰਤ ਦੀਆਂ ਦਾਰਸ਼ਨਿਕ ਤੇ ਧਰਮ-ਸ਼ਾਸਤਰੀ ਚਿੰਤਨ ਪਰੰਪਰਾਵਾਂ ਵਿਚਲੇ ਲੋਕ-ਪੱਖੀ ਅੰਸ਼ਾਂ, ਵਿਦਰੋਹੀ ਤੇ ਪ੍ਰਤਿ-ਚਿੰਤਨ (counter-ideologies) ਪਰੰਪਰਾਵਾਂ ਦੇ ਜਨਵਾਦੀ ਖ਼ਾਸੇ ਅਤੇ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੀ ਲੋਕਵਾਦੀ (pro-people) ਪਰੰਪਰਾ ਵਿਚਲੇ ਸੁਜੀਵ ਤੇ ਸਾਰਥਕ ਤੱਤਾਂ ਦੀ ਵਰਤੋਂ ਪ੍ਰਤੀ ਅਕਸਰ ਅਵੇਸਲੇ ਰਹੇ ਹਨ। ਬਾਵਾ ਬਲਵੰਤ ਖ਼ੁਦ ਇਸ ਗੱਲੋਂ ਸੁਚੇਤ ਸੀ ਕਿ ਆਪਣੀ ਦਾਰਸ਼ਨਿਕ, ਧਾਰਮਿਕ ਪਰੰਪਰਾ, ਇਤਿਹਾਸ, ਮਿਥਿਹਾਸ ਤੇ ਪੌਰਾਣਿਕ ਸਾਹਿਤ ’ਚ ਪਈ ਲੋਕ-ਪੱਖੀ ਸਮੱਗਰੀ ਦੀ ਯੁਗ-ਅਨੁਕੂਲ ਪੁਨਰ-ਸਿਰਜਣਾ ਜਾਂ ਉਸਦੀ ਵਿਰਚਨਾ (deconstruction) ਦੁਆਰਾ ਲੋਕ-ਸੁਤਾ ਇਨਕਲਾਬੀ ਚੇਤਨਾ ਦੀ ਜਾਗ ਲਾਈ ਜਾ ਸਕਦੀ ਹੈ। ਹਰਕੇਵਲ ਸਿੰਘ ਕੇਵਲ ਦੇ ਕਾਵਿ-ਸੰਗ੍ਰਹਿ - 'ਪੱਥਰ ਦੇ ਫ਼ੁੱਲ’ ਦੀ ਭੂਮਿਕਾ ’ਚ ਉਹ ਲਿਖਦਾ ਹੈ, “ਸਵੱਸਥ ਪਰੰਪਰਾ ਤੇ ਸ਼ਾਸਤ੍ਰੀਯ ਸਾਹਿਤ ਵਰਤਮਾਨ ’ਚ ਰਚਾਅ ਪੈਦਾ ਕਰਦਾ ਹੈ ਤੇ ਨਾਲ ਹੀ ਕਵੀ ਦੇ ਅਨੁਭਵ, ਉਸਦੇ ਮਿਥੇ ਰੂਪਕ, ਉਪਮਾ ਤੇ ਅਲਾਮਤਾਂ ਪੁਖ਼ਤਾ ਕਰਦਾ ਹੈ।' [4]  ਸਾਡੀ ਜਾਚੇ ਬਾਵਾ ਬਲਵੰਤ ਪੰਜਾਬੀ ਭਾਸ਼ਾ ’ਚ ਲਿਖਣ ਵਾਲਾ ਭਾਰਤੀ ਅਵਚੇਤਨ ਦਾ ਕਵੀ ਕਹਿਣਾ ਅਤਿ-ਕਥਨੀ ਨਹੀਂ ਹੈ। ਉਸਨੇ ਸੰਪ੍ਰਦਾਇਕ ਚੇਤਨਾ ਅਤੇ ਇਤਿਹਾਸ ਪ੍ਰਤੀ ਇਕ-ਕੇਂਦਰਵਾਦੀ ਪਹੁੰਚ ਦੀ ਸ਼ਿਕਾਰ ਹੋ ਰਹੀ ਪੰਜਾਬੀ ਕਵਿਤਾ ਦੀ ਭਾਰਤੀ ਇਤਿਹਾਸ, ਮਿਥਿਹਾਸ, ਪੌਰਾਣ ਅਤੇ ਲੋਕਵਾਦੀ ਪ੍ਰਤਿਰੋਧੀ ਚਿੰਤਨ ਪਰੰਪਰਾਵਾਂ ਨਾਲ ਟੁੱਟੀ ਗੰਢੀ।

ਬਾਵਾ ਬਲਵੰਤ ਦਾ ਖ਼ਾਨਦਾਨੀ ਪਿਛੋਕੜ ਬਨਾਰਸ ਦੇ ਹਿੰਦੂ ਬ੍ਰਾਹਮਣ ਪਰਿਵਾਰ ਦਾ ਹੈ। ਉਸ ਦਾ ਇਕ ਪੁਰਖਾ ਹਕੀਮ ਗੁਰਨਾਮੀ ਰਾਇ ਸ਼ਾਹ ਆਲਮ ਸਾਨੀ ਦੇ ਅਹਿਦ (ਰਾਜ) ਸਮੇਂ ਬਨਾਰਸ ਤੋਂ ਲਾਹੌਰ ਆਇਆ। ਤਿੱਬ (ਹਿਕਮਤ) ਤੇ ਜੋਤਿਸ਼ ਦੇ ਗਿਆਨ ਸਦਕਾ ਲਾਹੌਰ ਦੇ ਸੂਬੇਦਾਰ ਅਮਾਨਤ ਖਾਂ ਨੇ ਉਸ ਨੂੰ ਆਪਣਾ ਦਰਬਾਰੀ ਹਕੀਮ ਨਿਯੁਕਤ ਕੀਤਾ ਤੇ ਬਾਗ਼ਬਾਨਪੁਰੇ ਦੇ ਨੇੜੇ ਇੱਕ ਪਿੰਡ ਵਿੱਚ ਜਾਗੀਰ ਬਖ਼ਸ਼ੀ, ਜੋ ਉਸਦੇ ਪੜਪੋਤੇ ਹਕੀਮ ਦਿਆਨਤ ਰਾਇ ਤੱਕ ਕਾਇਮ ਰਹੀ। ਸਿੱਖ ਮਿਸਲਾਂ ਸਮੇਂ ਇਹ ਜਾਗੀਰ ਖਤਮ ਹੋ ਗਈ। ਹਕੀਮ ਦਿਆਨਤ ਰਾਇ ਦੇ ਦੋਵਾਂ ਪੁੱਤਰਾਂ - ਹਕੀਮ ਲਾਲਾ ਮਿਸਰ ਤੇ ਹਕੀਮ ਬਨਵਾਰੀ ਮਿਸਰ ਦੇ ਖ਼ਾਨਦਾਨ ਵੀ ਸਿੱਖ ਰਾਜ ਤੇ ਸਿੱਖ ਸਾਮੰਤਾਂ ਦੀ ਸਰਪ੍ਰਸਤੀ ਮਾਣਦੇ ਰਹੇ। ਹਕੀਮ ਲਾਲਾ ਮਿਸਰ ਦਾ ਪੁੱਤਰ ਹਕੀਮ ਘਸੀਟਾ ਮਿਸਰ ਰਣਜੀਤ ਸਿੰਘ ਦਾ ਦਰਬਾਰੀ ਹਕੀਮ ਰਿਹਾ ਤੇ ਉਸ ਨੂੰ ਪਿੰਡ ਸੇਲ, ਤਹਿਸੀਲ ਡੇਰਾ (ਦਜਲਾ ਕਾਂਗੜਾ ਜ਼ਿਲ੍ਹਾ) ’ਚ ਜਾਗੀਰ ਮਿਲੀ ਹੋਈ ਸੀ। ਹਕੀਮ ਬਨਵਾਰੀ ਮਿਸਰ ਦਾ ਪੁੱਤਰ ਹਕੀਮ ਮਿਸਰ ਮੂਲ ਚੰਦ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦਾ ਦਰਬਾਰੀ ਹਕੀਮ ਰਿਹਾ। ਪਿੰਡ ਨੇਸ਼ਟਾ, ਹੁਣ ਜ਼ਿਲ੍ਹਾ ਤਰਨਤਾਰਨ ਵਿਚ ਉਸ ਨੂੰ ਮਿਲੀ ਜਾਗੀਰ ਅੰਗਰੇਜ਼ੀ ਰਾਜ ਸਮੇਂ ਜ਼ਬਤ ਹੋਈ। ਮਿਸਰ ਮੂਲ ਚੰਦ ਕਵੀ ਬਾਵਾ ਬਲਵੰਤ ਦਾ ਪੜਦਾਦਾ ਸੀ, ਜੋ ਸੰਸਕ੍ਰਿਤ, ਫ਼ਾਰਸੀ ਤੇ ਰੇਖਤਾ ਦਾ ਗਿਆਤਾ ਤੇ ਖ਼ੁਦ ਲੇਖਕ ਸੀ। ਬਾਵਾ ਦਾ ਦਾਦਾ ਹਕੀਮ ਠਾਕਰ ਰਾਮ ਲਾਲ ਬ੍ਰਜ ਭਾਸ਼ਾ ਦਾ ਲੇਖਕ ਸੀ। ਬ੍ਰਜ ਭਾਸ਼ਾ ਵਿਚ ਮਾਤਾ ਵੈਸ਼ਨੋ ਦੇਵੀ’ ਦਾ ਕਿੱਸਾ ਲਿਖਣ ਵਾਲੇ ਇਸ ਕਵੀ ਦੀ ਸਰਦਾਰ ਅਜੀਤ ਸਿੰਘ ਅਟਾਰੀਵਾਲਾ ਨਾਲ ਨੇੜਤਾ ਰਹੀ। ਇਸ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਛੋਟਾ ਹਕੀਮ ਠਾਕਰ ਦੀਨਾ ਨਾਥ ਬਾਵੇ ਦਾ ਪਿਤਾ ਸੀ, ਜੋ ਅਰਬੀ, ਫ਼ਾਰਸੀ, ਉਰਦੂ, ਸੰਸਕ੍ਰਿਤ ਅਤੇ ਹਿੰਦੀ ਦਾ ਗਿਆਤਾ ਤੇ ਵਿਦਵਾਨ ਸੀ। ਇਸਨੇ ਵੀ ਫ਼ਾਰਸੀ ਤੇ ਪੰਜਾਬੀ ਵਿੱਚ ਪਰੰਪਰਕ ਰੰਗ ਦੀ ਕਵਿਤਾ ਲਿਖੀ। [5]  ਸਾਹਿਤ ਪੜ੍ਹਨ ਤੇ ਲਿਖਣ ਦੀ ਚੇਟਕ ਬਾਵੇ ਨੂੰ ਘਰ ਵਿਚੋਂ ਲੱਗੀ। ਪਿਤਾ ਕੋਲੋਂ ਉਰਦੂ ਤੇ ਫ਼ਾਰਸੀ ਸਿੱਖੀ ਤੇ ਉਨ੍ਹਾਂ ਦੀ ਮਾਰਫ਼ਤ ਫ਼ਾਰਸੀ ਦਾ ਕਲਾਸਕੀ ਸਾਹਿਤ - ਸ਼ਾਹਨਾਮਾ ਫ਼ਿਰਦੌਸੀ, ਗਲਿਸਤਾਂ, ਬੋਸਤਾਂ ਤੇ ਸਿਕੰਦਰਨਾਮਾ ਆਦਿ ਪੜ੍ਹਿਆ ਵਾਚਿਆ। ਸੰਸਕ੍ਰਿਤ ਤੇ ਹਿੰਦੀ ਦਾ ਕਲਾਸਕੀ ਸਾਹਿਤ ਬਾਵਾ ਨੇ ਆਪਣੀ ਮਾਤਾ ਦੀ ਪ੍ਰੇਰਣਾ ਨਾਲ ਪੜ੍ਹਿਆ। ਬਾਵਾ ਬਲਵੰਤ ਦਾ ਜਨਮ ਨੇਸ਼ਟਾ, ਉਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ’ਚ ਹੋਇਆ, ਪਰ ਉਸ ਦੀ ਜਨਮ ਮਿਤੀ ਬਾਰੇ ਵਿਦਵਾਨਾਂ ਵਿੱਚ ਮੱਤ-ਭੇਦ ਹੈ। ਕੁਲਬੀਰ ਸਿੰਘ ਕਾਂਗ [6], ਡਾ: ਧਰਮਪਾਲ ਸਿੰਗਲ [7], ਡਾ: ਪ੍ਰੀਤਮ ਸੈਣੀ [8], ਪ੍ਰੋ: ਪ੍ਰੀਤਮ ਸਿੰਘ [9] ਅਤੇ ਕਰਤਾਰ ਸਿੰਘ ਸਮੇਰ [10] ਆਦਿ ਨੇ ਬਾਵਾ ਬਲਵੰਤ ਦਾ ਜਨਮ ਅਗਸਤ 1915 ਮੰਨਿਆ ਹੈ। ਬਾਵਾ ਬਲਵੰਤ ਨੇ ਖ਼ੁਦ ਜਵਾਲਾਮੁਖੀ’ ਕਾਵਿ-ਸੰਗ੍ਰਹਿ ਵਿਚ ਆਪਣਾ ਜਨਮ ਅਗਸਤ, 1915 ਈ: ਮੰਨਿਆ ਹੈ। [11] ਪਰ ਡਾ: ਐਸ: ਤਰਸੇਮ ਨੇ ਹਰਬੰਸ ਲਾਲ ਤੁਫ਼ਾਨ ਤੋਂ ਪ੍ਰਾਪਤ ਟੇਵੇ ਦੇ ਹਵਾਲੇ ਨਾਲ ਬਾਵਾ ਬਲਵੰਤ ਦੇ ਜਨਮ ਦੀ ਮਿਤੀ 19 ਅਗਸਤ, 1913 ਈ: ਲਿਖੀ ਹੈ। [12]  ਬਾਵਾ ਬਲਵੰਤ ਦਾ ਦੇਹਾਂਤ 26 ਜੂਨ 1972 ਈ: ਦਿੱਲੀ ਵਿਖੇ ਹੋਇਆ।

ਬਾਵਾ ਬਲਵੰਤ ਦਾ ਬਚਪਨ ਅੰਮ੍ਰਿਤਸਰ ’ਚ ਬੀਤਿਆ, ਜਿਥੇ ਉਸ ਦਾ ਪਿਤਾ ਕਟੜਾ ਮੇਹਰ ਸਿੰਘ ਵਿਚ ਸ਼ਾਹੀ ਵੈਦਿਕ ਸਫ਼ਾਖ਼ਾਨਾ ਪੰਜਾਬ’ ਚਲਾਉਂਦਾ ਸੀ। ਆਰਥਿਕ ਤੰਗ-ਦਸਤੀ ਕਰਕੇ ਬਾਵੇ ਨੇ ਲੰਡੇ ਪੜ੍ਹੇ, ਮੁਨੀਮੀ ਸਿੱਖੀ ਤੇ ਆੜ੍ਹਤ ਦੀ ਦੁਕਾਨ ਤੇ ਕੰਮ ਕੀਤਾ। ਉਹ 1930 ਈ: ਦੇ ਆਸ ਪਾਸ ਕਾਂਗਰਸ ਦੀ ਅਗਵਾਈ ’ਚ ਭਾਰਤੀ ਸੁਤੰਤਰਤਾ ਸੰਗਰਾਮ ਵੱਲ ਖਿੱਚਿਆ ਗਿਆ। ਉਹ ਜੱਲ੍ਹਿਆਂ ਵਾਲਾ ਬਾਗ਼ ਵਿਚ ਲਗਦੇ ਕਾਂਗਰਸੀ ਵਲੰਟੀਅਰ ਕੈਂਪਾਂ ’ਚ ਜਾਣ ਲੱਗਾ। ਇਥੇ ਉਸ ਦਾ ਰਾਬਤਾ ਉਘੇ ਕਾਂਗਰਸੀ ਦੇਸ਼-ਭਗਤਾਂ ਅਤੇ ਖੱਬੇ-ਪੱਖੀ ਸੋਚ ਵਾਲੇ ਲੇਖਕਾਂ ਨਾਲ ਬਣਿਆ। ਖੁਫ਼ੀਆ ਰਾਜਸੀ ਸਰਗਰਮੀਆਂ ਦੇ ਨਾਲ ਨਾਲ ਉਸ ਨੂੰ ਰਾਸ਼ਟਰਵਾਦੀ ਤੇ ਇਨਕਲਾਬੀ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ। ਇਸ ਸਮੇਂ ਦੌਰਾਨ ਉਸ ਨੇ ਸ਼ੌਕਤ ਅਸਮਾਨੀ ਦੀ ਪੁਸਤਕ "ਮੇਰੀ ਰੂਸ ਯਾਤਰਾ", ਜਵਾਹਰ ਲਾਲ ਨਹਿਰੂ ਦੀ "ਸੋਵੀਅਤ ਰੂਸ", ਰਾਬਿੰਦਰ ਨਾਥ ਟੈਗੋਰ ਦੀ "ਮੇਰੀ ਰੂਸੀ ਚਿੱਠੀ" ਅਤੇ "ਕਿਰਤੀ’ ਰਿਸਾਲੇ ’ਚ ਛਪਦੀਆਂ - ਰਾਸ ਬਿਹਾਰੀ ਬੋਸ, ਲਾਲਾ ਹਰਦਿਆਲ, ਸ: ਅਜੀਤ ਸਿੰਘ, ਅਰਜਣ ਸਿੰਘ ਗੜਗੱਜ, ਹੀਰਾ ਸਿੰਘ ਦਰਦ, ਮਾਰਕਸ, ਏਂਗਲਜ, ਲੈਨਿਨ ਅਤੇ ਕ੍ਰਿਸਟੋਫ਼ਰ ਕਾਡਵੈੱਲ ਆਦਿ ਦੀਆਂ ਕ੍ਰਾਂਤੀਕਾਰੀ ਲਿਖਤਾਂ ਪੜ੍ਹੀਆਂ। ਬਾਵਾ ਰੂਸ ਤੋਂ ਮਾਰਕਸਵਾਦ ਦਾ ਅਧਿਐਨ ਕਰਕੇ ਆਏ ਫਿਰੋਜ਼ਦੀਨ ਮਨਸੂਰ ਅਤੇ ਖ਼ਵਾਜ਼ਾ ਜ਼ਹੂਰਤ ਉਦ-ਦੀਨ ਦੇ ਸਟੱਡੀ-ਸਰਕਲਾਂ ਵਿੱਚ ਸ਼ਾਮਿਲ ਹੁੰਦਾ ਰਿਹਾ। ਸਿਆਸੀ ਸਰਗਰਮੀਆਂ ਕਰਕੇ 1930 ਈ: ’ਚ ਉਸਦੇ ਵਾਰੰਟ ਗ੍ਰਿਫ਼ਤਾਰੀ ਨਿਕਲੇ। ਉਹ ਕੁਝ ਸਮਾਂ ਰੂਪੋਸ਼ ਰਿਹਾ। ਅੰਮ੍ਰਿਤਸਰ ਅਤੇ ਲਾਹੌਰ ਦੇ ਰਾਸ਼ਟਰਵਾਦੀਆਂ ਤੇ ਇਨਕਲਾਬੀਆਂ ਨਾਲ ਸੰਪਰਕ ਕਰਕੇ ਬਾਵਾ ਬਲਵੰਤ ਉਰਦੂ ਵਿਚ ਕਵਿਤਾ ਲਿਖਣ ਲੱਗਾ। ਉਸ ਦੀ ਉਰਦੂ ਦੀਆਂ ਇਨਕਲਾਬੀ ਨਜ਼ਮਾਂ ਦੀ ਕਿਤਾਬ "ਸ਼ੇਰਿ-ਹਿੰਦ" ਸਰਕਾਰ ਵੱਲੋਂ ਜ਼ਬਤ ਹੋਈ। [13]  ਡਾ: ਧਰਮਪਾਲ ਸਿੰਗਲ ਬਾਵੇ ਦੀ ਇਕ ਹੋਰ ਰਚਨਾ ਦੇ ਜ਼ਬਤ ਹੋਣ ਦਾ ਦਾਹਵਾ ਕਰਦਾ ਹੈ, ਉਹ ਲਿਖਦਾ ਹੈ, ਉਸਦੀ (ਬਾਵਾ ਦੀ) ਲਿਖੀ ਲੰਮੇਰੀ ਉਰਦੂ ਨਜ਼ਮ "ਭਗਤ ਸਿੰਘ’, ਸਰਕਾਰ ਦੇ ਗੁੱਸੇ ਦਾ ਸ਼ਿਕਾਰ ਬਣੀ ਤੇ ਜ਼ਬਤ ਹੋਈ। [14]  ਬਾਵਾ ਬਲਵੰਤ "ਕਿਰਤੀ’ ਗਰੁੱਪ ਅਤੇ ਨੋਜਵਾਨ ਭਾਰਤ ਸਭਾ ਦੇ ਹਮਦਰਦ ਵਜੋਂ ਸਰਗਰਮ ਰਿਹਾ। 1931 ਈ: ਵਿਚ ਗਾਂਧੀ-ਇਰਵਨ ਸਮਝੌਤੇ ਬਾਅਦ ਉਸਦੀ ਗ੍ਰਿਫ਼ਤਾਰੀ ਦੇ ਵਰੰਟ ਮਨਸੂਖ਼ ਹੋਏ।

ਬਾਵਾ ਬਲਵੰਤ ਦੀ ਰਚਨਾਤਮਿਕ ਸਾਧਨਾ ਦੇ ਰਾਜ਼ ਸਮਝਣ ਲਈ ਕੌਮੀ ਸੁਤੰਤਰਤਾ ਸੰਗਰਾਮ ਨਾਲ ਉਸਦੇ ਲਗਾਉ, ਅੰਤਰ-ਰਾਸ਼ਟਰੀ ਕਮਿਊਨਿਸਟ ਲਹਿਰ ਦੇ ਉਭਾਰ ਤੇ ਕ੍ਰਾਂਤੀਕਾਰੀ ਸਾਹਿਤ ਦੇ ਅਧਿਐਨ ਤੋਂ ਪ੍ਰਾਪਤ ਨਵੀਂ ਚੇਤਨਾ, ਕ੍ਰਿਸ਼ਨਾ ਨਾਲ ਉਸਦੀ ਅਸਫ਼ਲ ਮੁਹੱਬਤ, ਅੰਮ੍ਰਿਤਸਰ ਤੇ ਲਾਹੌਰ ਦੇ ਚਿਤਰਕਾਰਾਂ ਤੇ ਸਾਹਿਤਕਾਰਾਂ - ਖਾਸ ਕਰਕੇ ਖ਼ਵਾਜਾ ਅਬਦੁਲ ਰਹਿਮਾਨ ਚੁਗਤਾਈ, ਉਸਤਾਦ ਪਾਲ ਸਿੰਘ, ਅਮਰ ਸਿੰਘ, ਈਸ਼ਵਰ ਚਿਤਰਕਾਰ, ਚਿਤਰਕਾਰ ਕਰਤਾਰ ਸਿੰਘ ਸੁਮੇਰ, ਕੇ: ਸੀ: ਆਰੀਅਨ, ਦੇਵੀ ਦਾਸ ਹਿੰਦੀ, ਸੁਜਾਨ ਸਿੰਘ, ਡਾ: ਹਰਚਰਨ ਸਿੰਘ, ਗਿਆਨੀ ਕੇਸਰ ਸਿੰਘ ਤੇ ਦੀਪਕ ਅਰਟਿਸਟ ਦੇ ਚੇਤ-ਅਚੇਤ ਪ੍ਰਭਾਵ, ਡਾ: ਇਕਬਾਲ ਦੇ ਖ਼ੁਦੀ ਦੇ ਫ਼ਲਸਫ਼ੇ ਤੋਂ ਪ੍ਰਾਪਤ ਪੂਰਬਵਾਦੀ ਦ੍ਰਿਸ਼ਟੀ ਅਤੇ ਹਿੰਦੀ ਦੇ ਛਾਯਾਵਾਦੀ ਕਵੀਆਂ - ਜੈ ਸ਼ੰਕਰ ਪ੍ਰਸਾਦਿ, ਨਿਰਾਲਾ, ਸੁਮਿੱਤਰਾ ਨੰਦਨ ਪੰਤ ਅਤੇ ਮਹਾਂਦੇਵੀ ਵਰਮਾ ਦੀ ਕਵਿਤਾ ਤੇ ਵਿਚਾਰਾਂ ਦੇ ਪ੍ਰਭਾਵ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਸਾਹਿਤ ਸਾਧਨਾ ਦੇ ਨਾਲ ਨਾਲ ਬਾਵਾ ਬਲਵੰਤ ਦੀ ਦਿਲਚਸਪੀ ਚਿਤਰਕਲਾ ਤੇ ਸ਼ਾਸਤਰੀ ਸੰਗੀਤ ਵਿਚ ਵੀ ਰਹੀ ਹੈ। ਜਦੋਂ ਬਾਵਾ ਗੱਤੇ ਦੇ ਡੱਬੇ ਬਣਾਉਣ ਦਾ ਕੰਮ ਕਰਦਾ ਸੀ ਤਾਂ ਉਸ ਦੀ ਬੈਠਕ ਦੇ ਨਾਲ ਵਾਲੇ ਕਮਰੇ ’ਚ ਉਸ ਵਕਤ ਦੇ ਮਸ਼ਹੂਰ ਰਾਗੀ ਭਾਈ ਪਰਮਾਨੰਦ ਜੀ, ਭਾਈ ਦੇਸਾ ਖ਼ਾਂ ਅਤੇ ਸਾਹਿਤ ਜਮਾਉਦ-ਦੀਨ ਖ਼ਾਂ ਰਿਆਜ਼ ਕਰਨ ਆਉਂਦੇ ਸਨ। ਸੰਗੀਤ ਪ੍ਰਤੀ ਗੁੱਝੀ ਅੰਦਰੂਨੀ ਖਿੱਚ ਕਾਰਨ ਬਾਵਾ ਉਨ੍ਹਾਂ ਦੀ ਸੰਗਤ ਵਿਚ ਜਾ ਬੈਠਦਾ, ਤੇ ਸ਼ਾਸਤਰੀ ਸੰਗੀਤ ਦੀਆਂ ਬੰਦਸ਼ਾਂ ਸਮਝਣ-ਮਾਣਨ ਦਾ ਯਤਨ ਕਰਦਾ। ਬਾਵਾ ਜੀ ਦੀ ਕਵਿਤਾ ਵਿਚ ਰਾਗ ਤੇ ਰਿਦਮ ਦੀ ਭਰਮਾਰ ਇਸੇ ਕਰਕੇ ਹੈ।’ [15]  ਇੱਥੇ ਇਹ ਵੀ ਧਿਆਨ ਰਹੇ ਕਿ ਬਾਵਾ ਦੀ ਕਵਿਤਾ ਵਿਚ ਸ਼ਬਦ, ਚਿਤਰ ਤੇ ਰੰਗ ਇਕ ਦੂਜੇ ਵਿਚ ਘੁਲ ਮਿਲ ਜਾਂਦੇ ਹਨ। ਉਸ ਦੀਆਂ - "ਸਦਰ ਦਰਵਾਜ਼ਾ’, ਊਠਾਂ ਵਾਲੇ’ ਅਤੇ "ਦੂਰ ਇਕ ਬਹਿਲੀ ਖੜ੍ਹੀ’ ਵਰਗੀਆਂ ਨਜ਼ਮਾਂ ਸ਼ਾਬਦਿਕ ਚਿਤਰਕਾਰੀ ਦਾ ਹੀ ਪ੍ਰਭਾਵ ਸਿਰਜਦੀਆਂ ਹਨ। ਬਾਵਾ ਬਲਵੰਤ ਦੀ ਕਵਿਤਾ ਵਿਚ ਆਧੁਨਿਕ ਤੇ ਸ਼ਾਸਤਰੀਅਤਾ (classism), ਯਥਾਰਥਵਾਦ ਤੇ ਛਾਯਾਵਾਦ, ਗੋਚਰ ਜਗਤ ਦੇ ਸਥੂਲ ਪਾਸਾਰੇ ਤੇ ਪ੍ਰਕ੍ਰਿਤਕ ਸੁਹਜ ਦੇ ਅਨੂਪਮ ਰਹੱਸਾਂ, ਮਨੁੱਖੀ ਜੀਵਨ ਦੇ ਬਾਹਰਮੁਖੀ ਦਵੰਦਾਂ ਤੇ ਅਵਚੇਤਨੀ ਹਨੇਰੇ ਦੀ ਰਮਜ਼ਾਂ ਅਤੇ ਪੱਛਮੀ ਤੇ ਪੂਰਬੀ ਚਿੰਤਨ ਦੇ ਸੁਮੇਲ ਬਾਰੇ ਉਸਦੇ ਅਤਿ ਨੇੜਲੇ ਤੇ ਭਰੋਸੇਯੋਗ ਸਾਥੀ ਲੇਖਕਾਂ, ਕਲਾਕਾਰਾਂ - ਸੁਜਾਨ ਸਿੰਘ, ਪਾਲ ਸਿੰਘ ਤੇ ਅਮਰ ਸਿੰਘ ਦੀਆਂ ਗਵਾਹੀਆਂ ਵਧੇਰੇ ਕਾਰਗਰ ਜਾਪਦੀਆਂ ਹਨ :

ਬਾਵਾ ਬਲਵੰਤ ਵਿਚਾਰਵਾਨ ਕਵੀ ਹੋਣ ਕਾਰਨ ਆਲੇ-ਦੁਆਲੇ ਗਹੁ ਨਾਲ ਦੇਖ ਰਿਹਾ ਸੀ। ਉਹ ਦੁਨੀਆਂ ਦੀਆਂ ਸਮੱਸਿਆਵਾਂ ’ਤੇ ਵਿਚਾਰ ਕਰ ਰਿਹਾ ਸੀ। ਇਹ ਧਾਰਾ ਕਵੀ ਦੀ ਛਾਇਆਵਾਦੀ ਧਾਰਾ ਦੇ ਨਾਲ ਨਾਲ ਵਹਿ ਰਹੀ ਸੀ। ਇਕ ਥਾਂ ਪਹੁੰਚ ਕੇ ਅਸਲਵਾਦੀ ਧਾਰਾ ਵਧ ਕੇ ਦਰਿਆ ਬਣ ਗਈ ਅਤੇ ਛਾਇਆਵਾਦੀ ਧਾਰਾ ਪਤਲੀ ਪੈ ਕੇ ਸੁੱਕ ਗਈ। ਪਰ ਜੋ ਸੁੰਦਰਤਾ, ਛਾਇਆਵਾਦੀ ਕਵੀ ਪੈਦਾ ਕਰਦੇ ਹਨ, ਉਹ ਬਾਵੇ ਦੇ ਅਸਲਵਾਦ ਵਿਚ ਆ ਗਈ। [16]

ਉਸਦੀ (ਬਾਵਾ ਦੀ) ਕਵਿਤਾ ਬਾਹਰਮੁਖੀ ਜੀਵਨ ਘਟਨਾਵਾਂ ਦੀ ਹੀ ਵਿਆਖਿਆ ਨਹੀਂ ਕਰਦੀ, ਸਗੋਂ ਅੰਤਰਮੁਖੀ ਅਦ੍ਰਿਸ਼ਟ ਜੀਵਨ-ਦ੍ਰਿਸ਼ਾਂ ਵੀ ਸਾਡੇ ਸਾਹਮਣੇ ਪੇਸ਼ ਕਰਦੀ ਹੈ। ਇਹੋ ਕਾਰਨ ਹੈ ਕਿ ਜਦ ਇਹ ਕਵੀ ਆਪਣੇ ਖਿਆਲਾਂ ਦੇ ਵੇਗ ਦਾ ਕਾਂਟਾ ਅੰਦਰ ਵਲ ਬਦਲਦਾ ਹੈ ਤਾਂ ਬਾਹਰਲੀ ਦੁਨੀਆਂ ਦੇ ਰਸਕ ਬਾਹਰ ਖੜ੍ਹੇ ਹੀ ਹੱਥ ਮਲਦੇ ਰਹਿ ਜਾਂਦੇ ਹਨ। ਪਰ ਡੂੰਘੇ ਵਿਚਾਰਵਾਨ ਅੰਦਰਲੀ ਦੁਨੀਆਂ - ਜੋ ਬਾਹਰਲੀ ਨਾਲੋਂ ਕਿਤੇ ਵਧੇਰੇ ਸੁੰਦਰ ਤੇ ਮਨਮੋਹਨੀ ਹੈ - ਦਾ ਵੀ ਆਨੰਦ ਮਾਣਦੇ ਹਨ। ...  ਬਾਵਾ ਜੀ ਦੀ ਕਵਿਤਾ ਦਾ ਆਪਣਾ ਹੀ ਅਲੌਕਿਕ ਰੰਗ ਹੈ। ਉਹ ਹਰ ਚੀਜ਼ ਆਪਣੀ ਆਤਮਿਕ ਐਨਕ ਰਾਹੀਂ ਦੇਖਦਾ ਹੈ। ... ਏਸ਼ੀਆਈ ਕਲਚਰ ਉਸ ਦੀ ਕਵਿਤਾ ਦੇ ਲੂੰ ਲੂੰ ਵਿਚੋਂ ਝਾਕਦੀ ਦਿਖਾਈ ਦਿੰਦੀ ਹੈ। [17]

ਬਾਵਾ ਬਲਵੰਤ ਅਨੁਸਾਰ ਪੱਛਮ ਦੀ ਸੁਰਖ਼ੀ ਤੇ ਲਾਲੀ (ਹੀ) ਦੁਨੀਆਂ ਦੀ ਨਿਜ਼ਾਤ ਨਹੀਂ ਕਰ ਸਕਦੀ, ਇਸ ਲਈ ਪੂਰਬ ਦੀ ਰੂਹਾਨੀ ਲਾਲੀ ਦੀ ਲੋੜ (ਵੀ) ਪਵੇਗੀ ਇਸੇ ਲਈ ਖ਼ੁਦੀ ਦਾ ਫਲਸਫ਼ਾ ਉਨ੍ਹਾਂ ਆਤਮਕ-ਸ਼ਕਤੀ ਉਚੇ ਕਰਨ ਦਾ ਫ਼ਲਸਫ਼ਾ ਦਿਸਿਆ ਹੈ ਤੇ ਉਨ੍ਹਾਂ ਨੇ ਇਸ ਅਪਨਾ ਲਿਆ ਹੈ। [18]

ਸਾਰੀ ਉਮਰ ਆਰਥਿਕ ਤੰਗੀ ’ਚ ਗੁਜ਼ਰ-ਬਸਰ ਕਰਨ ਵਾਲਾ ਬਾਵਾ ਬਲਵੰਤ ਖ਼ੁੱਦਾਰ ਰਚਨਾ-ਧਰਮੀ ਸੀ। ਉਹ ਆਪਣੀਆਂ ਸ਼ਰਤਾਂ ਉੱਤੇ ਜੀਣ ਵਾਲਾ ਕਲਾਕਾਰ ਸੀ। ਤਾਅ-ਉਮਰ ਉਹ ਸੱਤਾ ਦੇ ਗਲਿਆਰਿਆਂ ਤੇ ਸਰਕਾਰੀ ਤੰਤਰ ਦੇ ਲੁਭਾਉਣੇ ਛਲ-ਕਪਟ ਤੋਂ ਦੂਰ ਤੇ ਬੇਨਿਆਜ਼ ਰਿਹਾ। ਮੌਕਾ ਸਨਾਸ਼ ਤੇ ਸਮਝੌਤਾਵਾਦੀ ਮੱਧਵਰਗੀ ਬੁੱਧੀਜੀਵੀਆਂ ਤੇ ਕਲਾਕਾਰਾਂ ਦੀਆਂ ਨਸੀਹਤਾਂ ਤੇ ਸਮਝਾਉਣੀਆਂ ਉਸ ਰਾਸ ਨਾ ਆਈਆਂ। ਸੁਭਾਅ ਵਜੋਂ ਸੰਜਮੀ, ਸੰਕੋਚੀ, ਸ਼ਾਂਤ-ਚਿਰ ਪਰ ਧੁਰ ਅੰਦਰੋਂ ਸੁਦ੍ਰਿੜ ਤੇ ਸਜੱਗ ਹੋਣ ਕਰਕੇ ਉਸ ਦਾ ਬਾਗ਼ੀ ਜ਼ਿਹਨ ਖ਼ੈਰਾਤ ਲਾਹਨਤ ਸਮਝਦਾ ਰਿਹਾ। ਫ਼ਕੀਰਾਨਾ ਜੀਵਨ-ਜਾਚ ਤੇ ਮਲੰਗ ਤਬੀਅਤ ਕਰਕੇ ਉਸ ਨੇ ਸੱਤਾ ਤੇ ਮਾਇਆ-ਨਗਰੀ ਦੇ ਦਲਾਲਾਂ ਵੱਲ ਪਿੱਠ ਕਰੀ ਰੱਖੀ। ਸ਼ਬਦ-ਸਾਧਨਾ ਤੇ ਪੈਗ਼ੰਬਰੀ ਚੇਤਨਾ (ਕਲਾਕਾਰ ਦੀ ਕਰਤਾਰੀ ਹਉਂ) ਚੋਂ ਜਾਗੇ ਉਸ ਅੰਦਰਲੇ ਬਾਗ਼ੀ’ (ਆਕੀ) ਸਾਹਮਣੇ ਮੱਠਾਧਾਰੀਆਂ ਤੇ ਸੱਤਾਧਾਰੀਆਂ ਦੇ ਕਲਗ਼ੀਆਂ ਕਲਸ ਕੰਬਦੇ ਰਹੇ - ਮੇਰੇ ਸਾਹਮਣੇ ਕਲਗੀਆਂ ਕਲਸ ਕੰਬਣ’। ਜਿਉਂਦੇ ਜੀਅ ਉਸ ਦੇ ਪੰਜ ਕਾਵਿ-ਸੰਗ੍ਰਹਿ ਤੇ ਇਕ ਨਿਬੰਧ ਸੰਗ੍ਰਹਿ ਹੀ ਛਾਪੇ ਦਾ ਜਾਮਾ ਪਹਿਨ ਸਕੇ - ਮਹਾਂ ਨਾਚ’ (1941), ਅਮਰਗੀਤ’ (1942), ਜਵਾਲਾਮੁਖੀ’ (1943), ਬੰਦਰਗਾਹ’ (1951), ਸੁਗੰਧ ਸੁਮੀਰ’ (1959 ਈ) ਅਤੇ ਵਾਰਤਕ ਰਚਨਾ - ਕਿਸ ਕਿਸ ਤਰ੍ਹਾਂ ਦੇ ਨਾਚ’ (1957)। ਬਾਵਾ ਬਲਵੰਤ ਦੇ ਦੇਹਾਂਤ ਉਪਰਾਂਤ ਉਸ ਦੀਆਂ ਕੁਝ ਨਜ਼ਮਾਂ ਤੇ ਦੋ ਨਿਬੰਧ ਸੰਗ੍ਰਹਿ ਪ੍ਰਕਾਸ਼ਿਤ ਹੋਏ। ਡਾ:  ਗੁਰਮੁਖ ਸਿੰਘ ਨੇ ਬਾਵਾ ਦੀ ਵਾਰਤਕ - 'ਬਾਵਾ ਬਲਵੰਤ ਦੀ ਚੋਣਵੀਂ ਗਦ ਰਚਨਾ’ (1993 ਈ) ਅਤੇ 'ਰਾਗ ਤੇ ਰੰਗ ਦਾ ਨੂਰ ਤੇ ਹੋਰ ਲੇਖ’ (2005 ਈ) ਪੁਸਤਕਾਂ ਵਿੱਚ ਸੰਪਾਦਿਤ ਕੀਤਾ ਹੈ। ਬਾਵਾ ਬਲਵੰਤ ਦੀ ਕਵਿਤਾ ਦਾ ਕੇਂਦਰੀ ਸੂਤਰ ਧਰਤੀ ਦਾ ਸੱਚ ਤੇ ਕਿਰਤ ’ਚ ਰੁੱਝੇ ਚੇਤੰਨ ਮਨੁੱਖ ਹਨ। ਆਪਣੇ ਪਹਿਲੇ ਹੀ ਕਾਵਿ-ਸੰਗ੍ਰਹਿ ਵਿਚ ਉਸਨੇ ਆਪਣੇ ਰਚਨਾ-ਧਰਮ ਵੱਲ ਇਸ਼ਾਰਾ ਇੰਜ ਕੀਤਾ ਸੀ :

ਜ਼ਿੰਦਗੀ ਦਾ ਫਲਸਫਾ ਰਗ ਰਗ ’ਚ ਹੈ
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ?
ਨੂਰ ਜਦ ਮਿਲਿਆ ਹੈ ਮੇਰੀ ਖ਼ਾਕ
ਕਿਉਂ ਨਾ ਦੇਵਾਂ ਰੌਸ਼ਨੀ ਹੀ ਰੌਸ਼ਨੀ? •••
ਨਾਜ਼ ਕਰ ਸਕਦਾ ਹਾਂ ਆਪਣੇ ਆਪ ਤੇ
ਮੈਂ ਵੀ ਹਾਂ ਇਸ ਖ਼ਾਕ ਤੇ ਇਕ ਆਦਮੀ
ਇਸ ਅਨੂਪਮ ਖ਼ਾਕ ’ਚੋਂ ਚੜ੍ਹਿਆ ਰਵੀ
ਸਭ ਤੋਂ ਪਹਿਲਾਂ ਉਹ ਜਮਾਨੇ ਦਾ ਕਵੀ
ਜਿਸ ਨੇ ਲੱਖਾਂ ਹੀ ਬਣਾਏ ਰਾਮ ਹਨ
ਜਿਸਦੇ ਅੱਖਰ ਜ਼ਿੰਦਗੀ ਦੇ ਜਾਮ ਹਨ -
ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ? [19]

ਬਾਵਾ ਬਲਵੰਤ ਨੇ ਆਪਣੇ ਖ਼ਤਾਂ, ਮੁਲਾਕਾਤਾਂ, ਸਮਕਾਲੀ ਕਵੀਆਂ ਦੇ ਕਾਵਿ-ਸੰਗ੍ਰਿਹਾਂ ਦੀਆਂ ਭੂਮਿਕਾਵਾਂ, ਆਪਣੇ ਨਿਬੰਧਾਂ ਤੇ ਕਵਿਤਾਵਾਂ ਆਪਣੀ ਸਿਰਜਣਾ ਦੇ ਪ੍ਰੇਰਨਾ-ਸਰੋਤਾਂ, ਰਚਨਾ-ਧਰਮ ਦੇ ਮਨੋਰਥ ਅਤੇ ਸਿਰਜਣ ਦੀ ਪ੍ਰਕਿਰਿਆ ਬਾਰੇ ਇਸ਼ਾਰੇ ਕੀਤੇ ਹਨ। ਚੇਤਨ ਤੇ ਪ੍ਰਤਿਬੱਧ ਪ੍ਰਗਤੀਵਾਦੀ ਕਵੀ ਹੋਣ ਕਰਕੇ ਉਹ ਕਾਵਿ-ਸਿਰਜਣਾ ਵਡੇਰੇ ਮਾਨਵੀ, ਅਸਤਿੱਤਵਕ ਤੇ ਸਮਾਜਕ ਆਦਰਸ਼ਾਂ ਦੀ ਪੂਰਤੀ ਦੇ ਸਾਧਨ ਵਜੋਂ ਚਿਤਵਦਾ ਸੀ। ਉਹ ਕਲਾ ਸਿਰਜਣਾ ਮਨੁੱਖ ਦੀ ਕਿਰਤ ਪ੍ਰਕਿਰਿਆ ਦੇ ਇਕ ਸੂਖ਼ਮ ਤੇ ਸੁਹਜਾਤਮਕ ਰੂਪ ਵਜੋਂ ਹੀ ਦੇਖਦਾ ਸੀ। ਉਹ ਕਵੀ ਤੇ ਉਸਦੇ 'ਕਰਮ’ (ਸਿਰਜਣਾ) ਵਿਆਪਕ ਸਮਾਜਕ-ਰਾਜਸੀ ਵਰਤਾਰੇ ਪ੍ਰਤੀ ਮਨੁੱਖ ਦੇ ਭਾਵਨਾਤਮਕ ਤੇ ਵਿਚਾਰਧਾਰਕ ਪ੍ਰਤਿ-ਉੱਤਰ ਵਜੋਂ ਪ੍ਰਭਾਸ਼ਿਤ ਕਰਦਾ ਹੋਇਆ ਲਿਖਦਾ ਹੈ ; “ਦੇਸ਼ ਦੀ ਰਾਜਨੀਤੀ ਦਾ, ਆਰਥਿਕ ਹਾਲਾਤ ਦਾ, ਬਲਕਿ ਸਾਰੇ ਸੰਸਾਰ ਦੀ ਹਿਲਜੁਲ ਦਾ ਕਵੀ ਦੇ ਮਨ ’ਤੇ ਅਸਰ ਪੈਂਦਾ ਹੈ। ਕਵੀ ਵੱਖ-ਵੱਖ ਉਠਦੀਆਂ ਲੋਕ ਲਹਿਰਾਂ ਦਾ ਅਸਰ ਵੀ ਗੁੱਝੇ ਤੌਰ ਤੇ ਕਬੂਲ ਕਰਦਾ ਹੈ।” [20]  ਬਾਵਾ ਬਲਵੰਤ ਨੇ ਵਿਸ਼ਵ-ਵਿਆਪੀ ਕੌਮੀ ਮੁਕਤੀ ਲਹਿਰਾਂ, ਸੰਸਾਰ ਕਮਿਊਨਿਸਟ ਲਹਿਰ, ਭਾਰਤ ਦੇ ਸੁਤੰਰਤਾ ਸੰਗਰਾਮ, ਵਿਸ਼ਵ ਅਮਨ ਲਹਿਰ, ਸੁਤੰਤਰਤਾ ਬਾਅਦ ਉਠੀਆਂ ਲੋਕ-ਲਹਿਰਾਂ ਦੇ ਨਾਲ ਨਾਲ ਕ੍ਰਿਸ਼ਨਾ ਨਾਲ ਨਾਕਾਮ ਮੁਹੱਬਤ ’ਚੋਂ ਮਿਲੇ ਗ਼ਮ ਤੇ ਵਿਸ਼ਾਦ ਆਪਣੀ ਕਵਿਤਾ ਦੇ ਪ੍ਰੇਰਨਾ ਸਰੋਤ ਵਜੋਂ ਤਸਲੀਮ ਕੀਤਾ ਹੈ - 'ਕਿਸੇ ਦੀ ਚੁੱਪ ਨੇ ਮੈ ਬਣਾਇਆ ਗੀਤਕਾਰ ਆਖਰ’। ਆਰਥਿਕ ਨਾ-ਬਰਾਬਰੀ, ਅਸਾਵੀਂ ਵੰਡ, ਜਾਤੀ-ਜਮਾਤੀ ਵਿਤਕਰਿਆਂ ਅਤੇ ਸਮਾਜਕ-ਨਿਆਂ ਤੋਂ ਸੱਖਣੇ ਪੂੰਜੀਵਾਦੀ ਪ੍ਰਬੰਧ ਵਿਚ ਮੁਹੱਬਤ ਦਾ ਕੀ ਹਸ਼ਰ ਹੁੰਦਾ ਹੈ? ਇਸ ਬਾਰੇ ਸੁਚੇਤ ਹੋਣ ਕਰਕੇ ਬਾਵੇ ਨੇ ਆਪਣੇ ਪਿਆਰ ਦੀ ਅਸਫ਼ਲਤਾ ਸ਼ਿਵ ਕੁਮਾਰ ਬਟਾਲਵੀ ਵਾਂਗ ਮਨੋ-ਰੋਗ ਜਾਂ ਮਾਨਸਿਕ ਗੰਢ ਨਹੀਂ ਬਣਨ ਦਿੱਤਾ। ਬਾਵੇ ਦੀ ਆਰਥਿਕ ਮੰਦਹਾਲੀ, ਅਮੀਰ ਸਿੰਧੀ ਪਰਿਵਾਰ ਦੀ ਕੁੜੀ ਕ੍ਰਿਸ਼ਨਾ ਨਾਲ ਮੁਹੱਬਤ ਦੇ ਰਿਸ਼ਤੇ ਵਿਚ ਰੁਕਾਵਟ ਬਣੀ। ਕ੍ਰਿਸ਼ਨਾ ਮੁਖ਼ਾਤਿਬ ਹੋ ਕੇ ਲਿਖੀਆਂ ਨਜ਼ਮਾਂ - 'ਕ੍ਰਿਸ਼ਨਾ ਦੇ ਆਉਣ ਤੇ’ (ਮਹਾਂ ਨਾਚ), ਪ੍ਰਦੇਸਣ ਕ੍ਰਿਸ਼ਨਾ (ਅਮਰ ਗੀਤ) ਅਤੇ ਗਿਆਨ ਕ੍ਰਿਸ਼ਨਾ (ਬੰਦਰਗਾਹ) ਤੋਂ ਬਿਨਾਂ ਬਾਵਾ ਬਲਵੰਤ ਦੀਆਂ ਕਈ ਹੋਰ ਨਜ਼ਮਾਂ ਤੇ ਪ੍ਰਗੀਤਾਂ ਵਿਚ ਬਾਵੇ ਦੀ ਉਸ ਨਾਲ ਸੱਚੀ ਮੁਹੱਬਤ ਤੇ ਗਹਿਰੇ ਆਤਮਿਕ ਰਿਸ਼ਤੇ ਦਾ ਜ਼ਿਕਰ ਹੈ। ਪ੍ਰਮਾਣ ਵਜੋਂ - ਸੁਨਹਿਰੀ ਸ਼ਾਮ, ਤਾਰਿਆਂ ਭਰੀ ਰਾਤ, ਹਮਦਰਦਣ , ਮੇਰੇ ਘਰ ਦੇ ਸਾਹਮਣੇ (ਮਹਾਂ ਨਾਚ), ਮੁਹੱਬਤ, ਬੰਦਰਗਾਹ, ਊਠਾਂ ਵਾਲੇ, ਪ੍ਰਿਥਮ ਮੇਲ (ਬੰਦਰਗਾਹ) ਆਦਿ ਨਜ਼ਮਾਂ ਪੜ੍ਹੀਆਂ ਜਾ ਸਕਦੀਆਂ ਹਨ :

ਮੈਂ ਸੌ ਸੌ ਵਾਰ ਜਾਂਦਾ ਹਾਂ ਸੁਨਹਿਰੀ ਸ਼ਾਮ ਦੇ ਸਦਕੇ
ਜਦੋਂ ਉਹ ਆਪ ਆਏ ਸਨ ਕਿਸੇ ਚਾਹਵਾਨ ਦੇ ਘਰ ਤਕ। ...
ਬੜੇ ਰਮਣੀਕ ਸਨ ਬਾਜ਼ਾਰ ਦੀਵੇ ਜਗਣ ਵਾਲੇ ਸਨ
ਪਰ ਇਸ ਵੇਲੇ ਅਚਾਨਕ ਹੁਸਨ ਦਾ ਸੂਰਜ ਨਿਕਲ ਆਇਆ
ਮੇਰੇ ਦਿਲ ਤੱਕ ਉਜਾਲਾ ਹੋ ਗਿਆ, ਲੂੰ ਲੂੰ ਗਰਮਾਇਆ
ਇਸੇ ਹੀ ਸੂਰਤ ਸ਼ਾਇਦ ਤੜਪਦੇ ਉਹ ਗਗਨ ਵਾਲੇ ਸਨ। [21]

ਕੋਈ ਚਾਨਣ ਕੁੜੀ ਬਣ ਮੇਰੇ ਦਿਲ-ਗੌਤਮ ਲਈ ਆਇਆ,
ਮੇਰਾ ਜੀਵਨ-ਹਨੇਰਾ ਦੌੜਿਆ, ਖ਼ਬਰੇ ਹਵਾ ਹੋਇਆ।
ਮੈਂ ਪਲ ਦੀ ਪਲ ਤਾਂ ਉਸ ਵੇਲੇ ਸਾਂ ਬੰਦੇ ਤੋਂ ਖ਼ੁਦਾ ਹੋਇਆ। [22]

ਤੂੰ ਜਦ ਆਈ ਇਸ ਵਾਰ
ਮੇਰੇ ਸੁੰਨ ਦੀਪ ਵਿਚ ਆਈ
ਰਹਿਮਤ ਭਰੀ ਬਹਾਰ -
ਮੌਨ ਪਏ ਮੇਰੇ ਦਿਲ ਕਾਰਨ
ਜੀਵਨ-ਅਹੱਲਿਆ-ਸਿਲ ਕਾਰਨ
ਲੈ ਕੇ ਮੁਕਤੀ-ਛੁਹ ਪੈਰਾਂ ਵਿੱਚ
ਆਏ ਰਾਮ ਅਵਤਾਰ
ਤੂੰ ਇੰਜ ਆਈ ਇਸ ਵਾਰ। [23]

ਮੈਂ ਮੁਹੱਬਤ ਉਸ ਕਰਦਾ ਹੀ ਰਿਹਾ
ਰੋਜ਼ ਜਿਉਂਦਾ ਰੋਜ਼ ਮਰਦਾ ਹੀ ਰਿਹਾ
ਪਰ ਊਸ਼ਾ ਮੇਰੀ ਨਫ਼ਰਤ ਹੀ ਰਹੀ
ਪ੍ਰੀਤ ਮੇਰੀ ਫੇਰ ਵੀ ਜੀਵਤ ਰਹੀ। ...
ਹੇ ਮੁਹੱਬਤ ਤੇਰੀ ਛੁਹ ਤੋਂ ਹੀ ਕਦੀ
ਆਦਮੀ ਹੋਵੇਗਾ ਪੂਰਨ ਆਦਮੀ
ਇਸ ਲਈ ਨਫ਼ਰਤ ਜਰਦਾ ਹੀ ਰਿਹਾ
ਮੈਂ ਮੁਹੱਬਤ ਉਸ ਕਰਦਾ ਹੀ ਰਿਹਾ। [24]

ਲੰਘ ਗਏ ਹਨ ਊਠਾਂ ਵਾਲੇ
ਅਰਸ਼ਾਂ ਤੱਕ ਪਰਛਾਵੇਂ ਪਾ ਕੇ
ਮਾਰੂਥਲ ਦੇ ਥੰਮ ਹਿਲਾ ਕੇ
ਲੰਘੇ ਨਕਸ਼ ਸਦੀਵੀ ਦੇ ਕੇ
ਤਰਦੇ ਰੇਤ ’ਚ ਬੇੜੀ ਖੇ ਕੇ। [25]

ਉਸ ਉਪਬਨ ਵਿਚ ਕਦਰ ਨਾ ਤੇਰੀ
ਜੋਤੀ ਮੇਰੀ!
ਉਸ ਉਪਬਨ, ਉਸ ਮਾਰੂਥਲ ਵਿਚ
ਉਸ ਜੰਗਲ ਵਿਚ
ਕੌਣ ਪਛਾਣੇ ਤੈ ਹਿਰਦੇ-ਸਿੱਪ ਦੇ ਮੋਤੀ
ਕਵਿਤਾ-ਜੋਤੀ। ...
ਬੇਕਦਰੇ ਪਰਦੇਸ਼ ’ਚੋਂ ਆ ਜਾ
ਮੇਰੇ ਆਪਣੇ ਦੇਸ਼ ’ਚ ਆਜਾ। [26]

ਬਾਵਾ ਬਲਵੰਤ ਅਨੁਸਾਰ ਪਿਆਰ ਦੋ ਵਿਰੋਧੀ ਲਿੰਗਾਂ ਦੀ ਪ੍ਰਕਿਰਤਕ ਇੰਦਰਿਆਵੀ ਖਿੱਚ ਵੀ ਹੈ ਅਤੇ ਆਤਮਿਕ ਮਸਲਾ ਵੀ। ਪੂੰਜੀਵਾਦੀ ਸਮਾਜਕ ਵਿਵਸਥਾ ਵਿਚ ਜਿਵੇਂ ਆਮ ਆਦਮੀ ਆਪਣੀ ਕਿਰਤ ਤੋਂ ਟੁੱਟਿਆ ਤੇ ਉਜਰਤ ਤੋਂ ਮਹਿਰੂਮ ਹੁੰਦਾ ਹੈ, ਉਵੇਂ ਉਹ ਜੀਵਨ ਸਾਥੀ ਦੀ ਚੋਣ ਜਿਹੇ ਭਾਵੁਕ ਮਸਲੇ ਵਿਚ ਵੀ ਸੁਤੰਤਰ ਨਹੀਂ ਹੁੰਦਾ। ਕਿਰਤ ਤੇ ਸਿਰਜਣਾ ਦੀ ਸੁਤੰਤਰਤਾ ਵਾਂਗ ਮੁਹੱਬਤ ਦੀ ਸਫ਼ਲਤਾ ਵੀ ਮਨੁੱਖ ਨੂੰ 'ਸੰਪੂਰਣ’ ਬਣਾਉਂਦੀ ਹੈ। ਕਿਰਤ ਅਤੇ ਮੁਹੱਬਤ ਦੋਵੇਂ ਵਿਅਕਤੀ ਨਿੱਜਤਵ ਦੀ ਕੀਲ ਤੋਂ ਮੁਕਤ ਕਰਕੇ ਦੂਜਿਆਂ ਲਈ ਜੀਣਾ-ਥੀਣਾ ਸਿਖਾਉਂਦੇ ਹਨ। ਇਹ ਦੋਵੇਂ ਮਨੁੱਖ ਦੇ ਸਵੈ ਦਾ ਵਿਸਤਾਰ ਕਰਦੇ ਹਨ, ਉਸ ਨੂੰ 'ਸਮਾਜਕ’ ਬਣਾਉਂਦੇ ਹਨ। ਬਾਵਾ ਬਲਵੰਤ ਆਪਣੀ ਪ੍ਰੇਮਿਕਾ 'ਗਿਆਨ ਕ੍ਰਿਸ਼ਨਾ’ ਤੇ ਉਸ ਦੀ ਆਮਦ 'ਰਹਿਮਤ ਭਰੀ ਬਹਾਰ’ ਜਾਂ 'ਊਸ਼ਾ ਦੀ ਲੋਅ’ ਕਹਿੰਦਾ ਹੈ। ਉਹ ਕਿਰਤ ਅਤੇ ਸੱਚੀ ਮੁਹੱਬਤ ਮਾਨਵ ਜਾਤੀ ਦੀ ਮੁਕਤੀ ਦੇ ਸਾਧਨ ਵਜੋਂ ਚਿਤਵਦਾ ਹੈ। ਡਾ: ਧਰਮਪਾਲ ਸਿੰਗਲ ਨੂੰ ਲਿਖੇ ਇਸ ਖ਼ਤ ਵਿਚ ਉਹ ਮੁਹੱਬਤ ਸਿਰਜਣਾਤਮਕ ਊਰਜਾ ਤੇ ਮੁਕਤੀ ਦੇ ਸਰੋਤ ਵਜੋਂ ਹੀ ਦੇਖਦਾ ਹੈ :

ਕ੍ਰਿਸ਼ਨਾ ਇਕ ਜਿਉਂਦੀ ਜਾਗਦੀ ਹਸਤੀ ਹੈ ਤੇ ਮੈਂ ਏਸ ਧਰਤੀ ’ਤੇ ਵਸਣ ਵਾਲੀ ਕੁੜੀ ਨੂੰ ਪਿਆਰ ਕੀਤਾ ਹੈ। ਖ਼ਿਆਲੀ ਪਿਆਰ ਉਹ ਹੈ, ਜੋ ਤਸੱਵਰ ਕੀਤੇ ਗਏ ਕਿਸੇ ਵਿਅਕਤੀ ਨਾਲ ਕੀਤਾ ਜਾਏ। ...  ਕ੍ਰਿਸ਼ਨਾ ਨਾਲ ਮੇਰਾ ਮਾਨਸਿਕ ਪਿਆਰ ਹੈ। ਮੇਰਾ ਮਨ ਮੰਨਦਾ ਹੈ, ਮੇਰੀ ਰੂਹ ਉਸ ਨੂੰ ਚਾਹੁੰਦੀ ਹੈ। ... ਤਦੇ ਤਾਂ ਮੈਂ ਸਾਰੀ ਉਮਰ ਉਸ ਨੂੰ ਪਿਆਰ ਕਰਦਾ ਰਿਹਾ ਹਾਂ। ਮੈਂ ਕ੍ਰਿਸ਼ਨਾ ਦਾ ਨਾਂ ਲੈ ਕੇ ਕਵਿਤਾਵਾਂ ਲਿਖੀਆਂ ਹਨ। ਪੰਜਾਬੀ ਦੇ ਸ਼ਾਇਦ ਹੀ ਕਿਸੇ ਹੋਰ ਕਵੀ ਨੇ ਇਸ ਤਰ੍ਹਾਂ ਦਾ ਸੱਚ ਲਿਖਿਆ ਹੋਵੇ। ਉਹ ਜਿਉਂਦੀ ਜਾਗਦੀ ਹਸਤੀ ਮੇਰੀ ਕਵਿਤਾ ਦਾ ਸੋਮਾ ਤੇ ਪ੍ਰੇਰਨਾ ਹੈ। [27]

ਬਾਵਾ ਬਲਵੰਤ ਦਾਰਸ਼ਨਿਕ ਮੁਦਰਾ ਵਾਲਾ ਸੁਚੇਤ ਰਾਜਸੀ ਕਵੀ ਹੈ। ਉਸ ਨੇ ਪੂਰਬੀ ਤੇ ਪੱਛਮੀ ਦਾਰਸ਼ਨਿਕ ਪਰੰਪਰਾਵਾਂ ਤੇ ਰਾਜਸੀ-ਸਮਾਜੀ ਚਿੰਤਨ-ਚੇਤਨਾ ਆਤਮਸਾਤ ਕਰਕੇ ਆਪਣੀ ਕਵਿਤਾ ਯੁਗਾਨਕੂਲ ਮੁਹਾਵਰੇ ਵਿਚ ਢਾਲਿਆ ਹੈ। ਪਾਬਲੋ ਨੇਰੂਦਾ ਤੇ ਫ਼ੈਜ਼ ਅਹਿਮਦ ਫ਼ੈਜ਼ ਵਾਂਗ ਉਹ ਵੀ ਦਰਪੇਸ਼ ਰਾਜਸੀ-ਸਮਾਜਕ ਮਸਲਿਆਂ ਇਸ਼ਕ ਦੀ ਭਾਵਨਾ-ਮੂਲਕ ਪੁੱਠ ਦੇ ਕੇ ਰਸਿਕ ਸ਼ੈਲੀ ਵਿਚ ਰੂਪਮਾਨ ਕਰਦਾ ਹੈ। ਉਹ ਕੋਰੇ ਫ਼ਲਸਫ਼ਈ ਗਿਆਨ ਨਾਲੋਂ ਮਨੁੱਖੀ ਭਾਵਨਾਵਾਂ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ - “ਇਹ ਫ਼ਲਸਫ਼ਾ ਖ਼ਿਆਲੀ ਬਿਨਾਂ ਜਿੰਦ ਜਾਨ ਤੋਂ / ਬੇੜੇ ਡੋਬਦਾ ਰਿਹਾ, ਇਸ਼ਕ ਤਾਰਦਾ ਰਿਹਾ, ਤੇਰਾ ਮੇਲ ਕੋਈ ਜ਼ਜ਼ਬਾ ਪੁਕਾਰਦਾ ਰਿਹਾ।” [28] ਬਾਵਾ ਬਲਵੰਤ ਅਨੁਸਾਰ ਮੁਹੱਬਤ ਦੀ ਤਾਂਘ ਤੇ ਪਿਆਰੇ ਨੂੰ ਮਿਲਣ ਦਾ ਤਸੱਵਰ ਮਨੁੱਖ ਨੂੰ ਇਨਸਾਨ ਦੋਸਤੀ ਦਾ 'ਦਰਸ’ ਦੇ ਕੇ ਬੰਦੇ ਤੋਂ ਦੇਵਤਾ ਬਣਾਉਂਦਾ ਹੈ :

ਤਸੱਵਰ ਨੇ ਬਣਾਇਆ ਦੇਵਤਾ ਮੈ ਸਚਾਈ ਦਾ
ਤਸੱਵਰ ਵਿਚ ਤੇਰੇ ਮੈਂ ਕੌਣ ਹਾਂ, ਕੀ ਬਣਦਾ ਜਾਂਦਾ ਹਾਂ
ਤਸੱਵਰ ਵਿਚ ਤੇਰੇ ਬ੍ਰਹਿਮੰਡ ਗੋਦੀ ਖਿਡਾਂਦਾ ਹਾਂ
ਤਸੱਵਰ ਨੇ ਤੇਰੇ ਦਰਦੀ ਬਣਾਇਆ ਹੈ ਖ਼ੁਦਾਈ ਦਾ। [29]

ਪੂਰਬੀ ਤੇ ਪੱਛਮੀ ਦਾਰਸ਼ਨਿਕ ਤੇ ਧਰਮ-ਸ਼ਾਸਤਰੀ ਪਰੰਪਰਾਵਾਂ ਦੇ ਪੁਖਤਾ ਗਿਅਨ ਕਰਕੇ ਬਾਵਾ ਭਾਵੇਂ ਅਪਣੇ ਅਪ ਨੂੰ ਬੁੱਧ, ਨਾਨਕ, ਰੂਸੋ, ਸਰਮਦ, ਮਾਰਕਸ, ਲੈਨਿਨ, ਟ੍ਰਾਟਸਕੀ ਅਤੇ ਡਾ: ਇਕਬਾਲ ਵਰਗੇ ਮਾਨਵ-ਹਿਤਸ਼ੀ ਚਿੰਤਕਾਂ ਦੀ ਪਾਲ ਵਿਚ ਖਲੋਤਾ ਮਹਿਸੂਸ ਕਰਦਾ ਹੈ, ਪਰ ਉਸ ਦੀ ਮੂਲ ਵਿਚਾਰਧਾਰਕ ਪ੍ਰੇਰਨਾ ਮਾਰਕਸਵਾਦੀ ਦਰਸ਼ਨ, ਸੰਸਾਰ ਕਮਿਊਨਿਸਟ ਲਹਿਰ ਦਾ ਸ਼ਾਨਾਮੱਤਾ ਸੰਗਰਾਮੀ ਇਤਿਹਾਸ ਅਤੇ ਭਾਰਤ ਦੇ ਕੌਮੀ ਸੁਤੰਤਰਤਾ ਸੰਗਰਾਮ ਤੇ ਖੱਬੇਪੱਖੀ ਲਹਿਰ ਦਾ ਜੁਝਾਰੂ ਅਮਲ ਹੈ। ਭਾਵੇਂ ਬਾਵਾ ਭਾਰਤ ਦੀ ਕਿਸੇ ਕਮਿਊਨਿਸਟ ਜਾਂ ਉਸ ਦੇ ਕਿਸੇ ਜਨਤਕ ਸੰਗਠਨ ਦਾ ਸਰਗਰਮ ਰਾਜਸੀ ਕਾਰਕੁੰਨ ਨਹੀਂ ਸੀ, ਪਰ ਉਸ ਦੀ ਹਮਦਰਦੀ ਤੇ ਪ੍ਰਤਿਬੱਧਤਾ ਕੌਮੀ ਤੇ ਕੌਮਾਂਤਰੀ ਕਮਿਊਨਿਸਟ ਲਹਿਰ ਨਾਲ ਸੀ। ਮਾਰਕਸਵਾਦੀ ਦਰਸ਼ਨ, ਸੰਸਾਰ ਕਮਿਊਨਿਸਟ ਲਹਿਰ ਵਿਚ ਅਉਂਦੇ ਵਿਚਾਰਧਾਰਕ ਉਤਰਾ-ਚੜਾਅ ਅਤੇ ਭਾਰਤ ਦੀ ਖੱਬੇ ਪੱਖੀ ਸਿਅਸਤ ਵਿਚਲੀਅਂ ਹਲਚਲਾਂ, ਨਿਰਸੰਦੇਹ, ਉਸ ਦੇ ਵਿਚਾਰਾਂ ਤੇ ਕਾਵਿ-ਸਿਰਜਣਾ ਨੂੰ ਪ੍ਰਭਾਵਿਤ ਕਰਦੀਅਂ ਰਹੀਅਂ ਹਨ, ਪਰ ਮਾਰਕਸਵਾਦੀ ਵਿਚਾਰਧਾਰਾ ਅਤੇ ਖੱਬੇਪੱਖੀ ਲਹਿਰ ਨਾਲ ਉਸ ਦਾ ਰਿਸ਼ਤਾ ਸ਼ਰਧਾਲੂ ਭਾਂਤ ਦੇ ਪਿਛਲੱਗ ਵਾਲਾ ਨਹੀਂ ਸੀ। ਸਮਕਾਲੀ ਇਤਿਹਾਸਕ ਸਮਾਜਕ ਅਨੁਭਵ-ਸਾਰ ਤੇ ਇਤਿਹਾਸ ਦੇ ਵੇਗ ਬਾਰੇ ਸਹੀ ਦਵੰਦਾਤਮਕ ਪਹੁੰਚ ਅਤੇ ਪੂੰਜੀਵਾਦੀ ਵਿਵਸਥਾ ਦੇ ਖ਼ਾਸੇ ਤੇ ਉਸ ਅੰਦਰਲੇ ਦਵੰਦਾਂ ਦੀ ਸਹੀ ਸਮਝ ਕਰਕੇ ਬਾਵਾ ਬਲਵੰਤ ਦਾ ਇਹ ਯਕੀਨ ਸੀ ਕਿ ਅਉਣ ਵਾਲਾ ਯੁੱਗ ਕਿਰਤੀਅਂ ਤੇ ਸਮਾਜਵਾਦੀ ਇਨਕਲਾਬਾਂ ਦਾ ਯੁੱਗ ਹ ; ਪ੍ਰਮਾਣ ਵਜੋਂ ਇਹ ਸਤਰਾਂ ਹਾਜ਼ਰ ਹਨ :

ਮੈਂ ਬਾਗ਼ੀ, ਮੈਂ ਬਾਗ਼ੀ, ਮੈਂ ਅਕੀ, ਮੈਂ ਆਕੀ
ਮੈਂ ਇਕ ਅਮਰ ਸ਼ਕਤੀ, ਮੈਂ ਬਾਕੀ, ਮੈਂ ਬਾਕੀ।
ਮੈਂ ਦੁਨੀਅਂ ਦੀ ਹਰ ਇਕ ਬਗ਼ਾਵਤ ਦਾ ਬਾਨੀ
ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ। ...
ਮੈਂ ਇਕ ਇਨਕਲਾਬੀ ਖ਼ੁਦਾ ਹਾਂ, ਖ਼ੁਦਾ ਹਾਂ
ਮੈਂ ਹਰ ਗਦਰ ਦੇ ਭੁੜਕਵੇਂ ਦਿਲ ਦਾ ਚਾਅ ਹਾਂ। ...
ਮਂ ਸੀਨਾ ਹਾਂ ਇਕ ਖੋਜ ਭਰਿਅ ਕਪਲ ਦਾ
ਮੈਂ ਇਕ ਮਰਦ ਕਾਮਲ ਹਾਂ ਦੁਨੀਅਂ ਦੇ ਵੱਲ ਦਾ
ਮੈਂ ਗੌਤਮ, ਮੈਂ ਰੂਸੋ, ਮੈਂ ਲੈਨਿਨ ਦੀ ਚਾਹਤ
ਮੈਂ ਹਾਂ ਮਾਰਕਸ ਦੀ ਖ਼ੁਦਾਈ ਦੀ ਦੌਲਤ। [30]

ਮੇਰੇ ਕਰਮ ਦੀ ਬਗ਼ਾਵਤ ਨਹੀਂ ਲਹੂ ਦੇ ਲਈ,
ਮੇਰੀ ਅਵਾਜ਼ ਹੈ ਹਰ ਅਤਮਾ ਤੇ ਰੂਹ ਦੇ ਲਈ।
ਮੇਰੀ ਇਹ ਤੇਗ਼-ਜਵਾਨੀ ਨਹੀਂ ਕਤਲ ਦੇ ਲਈ,
ਮੇਰਾ ਇਕੱਠ ਨਹੀਂ ਖ਼ੂਨੀਅਂ ਦੇ ਦਲ ਦੇ ਲਈ।
ਮੇਰੀ ਨਜ਼ਰ ਚ ਹੈ, ਸੰਸਾਰ ਦਾ ਪਰਿਵਰਤਨ
ਮੇਰੇ ਖ਼ਿਅਲ ਚ ਜੀਵਣ ਲਈ ਹੈ ਹਰ ਜੀਵਨ।
ਅਮਨ ਅਮਾਨ 'ਚ ਚਾਹੁੰਦਾ ਹਾਂ ਯੁਗ ਬਦਲ ਜਾਏ
ਬਗ਼ੈਰ ਖ਼ੂਨ ਦੇ ਕਤਰੇ ਤੋਂ ਮੁੜ ਬਹਾਰ ਅਏ। [31]

ਮੇਰਾ ਜਗ ਆਇਆ ਹੈ, ਕੋਈ ਰੋਕ ਪਾ ਸਕਦਾ ਨਹੀਂ
ਇਸ 'ਮਹਾਂਰਾਣੀ’ ਦੀ ਹਸਤੀ ਨੂੰ ਬਚਾ ਸਕਦਾ ਨਹੀਂ।
ਕੋਈ ਪਰਬਤ, ਚੀਨ ਦੀ ਦੀਵਾਰ, ਯਖ਼ ਸਾਗਰ ਕੋਈ,
ਕੋਈ ਮੇਰੇ ਪੈਰ ਦੀ ਜੰਜ਼ੀਰ ਹੋ ਸਕਦਾ ਨਹੀਂ।
ਜ਼ਰ ਤੋਂ ਚਲਦੇ ਸਮੇਂ ਦਾ ਪਹੀਆ ਰੁਕ ਸਕਦਾ ਨਹੀਂ।
ਇਸ ਦਵੰਦ ਦੀ ਨਜ਼ਰ ਤੋਂ ਕੋਈ ਲੁਕ ਸਕਦਾ ਨਹੀਂ।....
ਮੈਂ ਅਸੂਲਾਂ ਦੀ ਸਚਾਈ ਤੋਂ ਹੀ ਹੋ ਜਾਣਾ ਐ ਆਮ
ਰਹਿ ਨਹੀਂ ਸਕਦੀ ਕਦੀ ਕੁਦਰਤ ਤਰੱਕੀ ਰੋਕੇ।
ਮੇਰੇ ਪਿੱਛੇ ਹੋਰ ਹੈ ਇਕ ਮਿਹਰ ਦੀ ਬਾਰਸ਼ ਅਜੇ,
ਉਸ ਤੋਂ ਪਿਛੋਂ ਹੋਰ ਹੋ ਸਕਦਾ ਏ ਰਹਿਮਤ ਦਾ ਨਿਜ਼ਾਮ
ਸੂਝ ਇਨਸਾਨੀ ਕਿਸੇ ਦੀ ਰਹਿ ਨਹੀਂ ਸਕਦੀ ਗ਼ੁਲਾਮ। [32]

ਇਹ ਕਵਿਤਾਵਾਂ ਬਾਵਾ ਬਲਵੰਤ ਦਾ ਸੁਪਨਾ ਜਾਂ ਯੂਟੋਪੀਆ ਨਹੀਂ, ਵੀਹਵੀਂ ਸਦੀ ਦੇ ਤੀਜੇ-ਚੌਥੇ ਦਹਾਕੇ ਦੌਰਾਨ ਦੁਨੀਆਂ ਦੇ ਵੱਡੇ ਭੂ-ਭਾਗ ਦੀ ਬਸਤੀਵਾਦੀ ਸਰਕਾਰਾਂ ਤੋਂ ਮੁਕਤੀ, ਗ਼ੁਲਾਮ ਕੌਮਾਂ/ਮੁਲਕਾਂ ਦੇ ਮੁਕਤੀ ਅੰਦੋਲਨਾਂ ਦੇ ਪ੍ਰਣਾਮ ਵਜੋਂ ਕੌਮੀ ਜ਼ਮਹੂਰੀ ਇਨਕਲਾਬਾਂ ਅਤੇ ਸਮਾਜਵਾਦੀ ਕੈਂਪ ਦੇ ਉਭਾਰ ਦੀ ਹਕੀਕਤ-ਨਗਾਰੀ ਹੈ। ਸਮਕਾਲੀ ਪ੍ਰਗਤੀਵਾਦੀ ਪੰਜਾਬੀ ਕਵੀਆਂ ਦੇ ਮੁਕਾਬਲੇ ਭਾਵੇਂ ਪ੍ਰੀਤਮ ਸਿੰਘ ਸਫ਼ੀਰ ਤੇ ਬਾਵਾ ਬਲਵੰਤ ਦੀ ਕਵਿਤਾ ਵਧੇਰੇ ਸੂਖ਼ਮ, ਸੁਹਜਭਾਵੀ, ਸੰਕੇਤਕ ਅਤੇ ਗੰਭੀਰ ਮੁਦਰਾ ਵਾਲੀ ਹੈ, ਪਰ ਖੱਬੇ ਪੱਖੀ ਲਹਿਰ ਨੂੰ ਪ੍ਰਣਾਇਆ ਹੋਣ ਕਰਕੇ ਬਾਵਾ ਬਲਵੰਤ ਨੇ ਵੀ ਮਾਰਕਸਵਾਦੀ ਦਰਸ਼ਨ ਦੇ ਸਿਧਾਂਤਾਂ ਤੇ ਸੂਤਰਾਂ ਦੀ ਵਿਆਖਿਆ ਲਈ ਕਵਿਤਾ ਲਿਖੀ। ਨਿਰਸੰਦੇਹ, ਉਹ ਕਵਿਤਾ/ਕਲਾ ਦੇ ਖ਼ੁਦਮੁਖ਼ਤਾਰ ਸੁਹਜਾਤਮਕ ਵਿਧਾਨ ਬਾਰੇ ਚੇਤੰਨ ਸੀ, ਪਰ ਉਹ ਕਲਾ ਦੇ ਸਮਾਜਕ ਦਾਇਤਵ ਬਾਰੇ ਵੀ ਅਣਜਾਣ ਨਹੀਂ ਸੀ। ਭਾਵੇਂ ਮਾਰਕਸਵਾਦੀ ਸੁਹਜ-ਸ਼ਾਸਤਰ, ਸਾਹਿਤ ਅਤੇ ਕਲਾਵਾਂ ਵਿੱਚ ਸਿੱਧੇ ਵਿਚਾਰਧਾਰਕ ਪ੍ਰਚਾਰ ਅਤੇ ਨਾਹਰੇਬਾਜ਼ੀ ਦੀ ਇਜ਼ਾਜਤ ਨਹੀਂ ਦਿੰਦਾ, ਪਰ ਬਾਵਾ ਬਲਵੰਤ ਇਹ ਸਮਝਦਾ ਸੀ ਕਿ ਸਮਾਜਕ ਮਸਲਿਆਂ ਬਾਰੇ ਅਚੇਤ ਤੇ ਅਬੋਧ ਲੋਕਾਈ ਨੂੰ ਲੋਕ-ਸੰਘਰਸ਼ਾਂ ਦੇ ਲੜ ਲਾਉਣ ਲਈ ਸਹਿੰਦਾ ਸਹਿੰਦਾ ਪ੍ਰਚਾਰ ਜਾਂ ਸਿਧਾਂਤਕ ਗਿਆਨ ਦੇਣਾ ਜ਼ਰੂਰੀ ਹੈ। ਸਮੇਂ ਦੀ ਮੰਗ ਅਨੁਸਾਰ ਬਾਵਾ ਬਲਵੰਤ ਨੇ ਵੀ ਇਤਿਹਾਸਕ ਪਦਾਰਥਵਾਦ, ਦਵੰਦਾਤਮਕ ਪਦਾਰਥਵਾਦ, ਸ਼ੇ੍ਰਣੀ ਘੋਲ, ਵੱਖ-ਵੱਖ ਵਰਗਾਂ ਦੀ ਜਮਾਤੀ ਸਥਿਤੀ ਤੇ ਚੇਤਨਾ ਵਿਚਲੇ ਦਵੰਦਾਂ ਅਤੇ ਕ੍ਰਾਂਤੀਕਾਰੀ ਸੰਘਰਸ਼ ਵਿੱਚ ਵੱਖ-ਵੱਖ ਵਰਗਾਂ ਦੀ ਭੂਮਿਕਾ ਆਦਿ ਸਿਧਾਂਤਕ ਮਸਲਿਆਂ ਦੀ ਵਿਆਖਿਆ ਵਾਲੀਆਂ ਕਵਿਤਾਵਾਂ ਲਿਖੀਆਂ; ਪ੍ਰਮਾਣ ਵਜੋਂ ਉਸਦੀਆਂ- 'ਬਾਗ਼ੀ’, 'ਜਵਾਨਾ’, 'ਸਰਮਾਏਦਾਰ ਦੀ ਨਵੀਂ ਨੀਤ’, 'ਉਠ ਦੁਨੀਆਂ ਨੂੰ ਉਲਟਾ ਦੇ, (ਮਹਾਂਨਾਚ)’, 'ਨਵੇਂ ਗੀਤ’, (ਅਮਰ ਗੀਤ) 'ਨੌਕਰ’, ਤਰੱਕੀ’, ਰੂਸ’, (ਜਵਾਲਾਮੁਖੀ), 'ਸਮਾਜਵਾਦ’, (ਬੰਦਗਾਹ), 'ਨਵੀਨ ਆਸ’ ਅਤੇ ਦੁਨੀਆਂ’ (ਸੁਗੰਧ ਸੁਮੀਰ) ਆਦਿ ਕਵਿਤਾਵਾਂ ਵਾਚੀਆਂ ਜਾ ਸਕਦੀਆਂ ਹਨ। ਉਦਾਹਰਨ ਵਜੋਂ ਕੁਝ ਸਤਰਾਂ ਪੇਸ਼ ਹਨ :

ਉਹ ਤੱਤਾਂ ਦੀ ਕੁਝ ਅਸਲੀਅਤ ਹੀ ਨਾ ਸਮਝੇ,
ਜੋ ਕਹਿੰਦੇ ਰਹੇ ਫ਼ਾਨੀ ਖ਼ਾਕੀ ਹੈ ਦੁਨੀਆਂ’।
ਬੜੇ ਪੇਚ ਖਾ ਖਾ ਕੇ ਚਲਦੀ ਏ ਦੁਨੀਆਂ,
ਇਹ ਮਰਦੀ ਨਹੀਂ ਪਰ ਬਦਲਦੀ ਏ ਦੁਨੀਆਂ।....
'ਜਗਤ ਕੁਝ ਨਹੀਂ’’ ਇਹ ਸ਼ਬਦ ਕਹਿਣ ਵਾਲਾ,
ਪੈਗ਼ੰਬਰ ਹੋਵੇ ਜਾਂ ਕੋਈ ਅੱਲਾ-ਤਾਲਾ,
ਕੋਈ ਪੀਰ ਹੋਵੇ ਕਿ ਅਵਤਾਰ ਹੋਵੇ,
ਰਿਸ਼ੀ ਹੋਵੇ ਭਾਵੇਂ ਕਲਾਕਾਰ ਹੋਵੇ,
ਉਹ ਅਣਜਾਣੇ ਜਾਣੇ ਹੈ ਸ਼ਾਹਾਂ ਦਾ ਸਾਥੀ,
ਗ਼ਰੀਬੀ ਗ਼ੁਲਾਮੀ ਵੀ ਏਸ ਤੋਂ ਹੀ। [33]

ਨਾ ਬੁਲਬਲਾ ਏ ਜੀਵਨ, ਨਾ ਦੁਨੀਆਂ ਹੀ ਫ਼ਾਨੀ ਏ।
ਇਸ ਫ਼ਲਸਫ਼ੇ ਫ਼ਾਨੀ ਨੂੰ ਘੜਿਆ ਏ ਅਮੀਰੀ ਨੇ,
ਹੈ ਲਾਭ ਅਮੀਰਾਂ ਨੂੰ ਤੇ ਦੁਨੀਆਂ ਦੀ ਹਾਨੀ ਏ।
ਰਾਜਾਂ ਨੇ ਗਰੀਬਾਂ ਦੇ ਕੁਦਰਤ ਵੀ ਉਲਟ ਆਖੀ,
ਹਰ ਦਿਨ ਜਿਦ੍ਹਾ ਨੂਰੀ ਏ, ਹਰ ਰਾਤ ਸੁਹਾਣੀ ਏ।
ਦੁਨੀਆਂ ਨੂੰ ਵਸਾਇਆ ਏ ਮਿਹਨਤ ਦੀ ਜਵਾਨੀ ਨੇ,
ਭੁਖੀ ਹੀ ਰਹੀ ਮਰਦੀ ਮਿਹਨਤ ਦੀ ਜਵਾਨੀ ਏ।
ਹੁਣ ਜਨਤਾ ਕਿਉਂ ਸਿਰ ਚੁੱਕੇ ਮੁਰਦਾ ਖ਼ਿਆਲਾਂ ਨੂੰ
ਵਿਗਿਆਨ ਦੇ ਯੁੱਗ ਅੰਦਰ ਉਹ ਰਾਜਾ ਨਾ ਰਾਣੀ ਏ। [34]

ਰਹੀ ਰੋਕ ਫੁੱਲਣ ਫਲਣ ’ਤੇ ਉਸੇ ਦੇ,
ਕਿ ਜਿਸ ਦੇ ਹੁਨਰ ਨੇ ਜ਼ਮਾਨੇ ਉਸਾਰੇ
ਲਤਾ ਹੀ ਨਹੀਂ; ਸਭ ਜ਼ਮੀਨਾਂ ਤੇ ਤਾਰੇ
ਇਹ ਜੀਵਤ ਨੇ ਇਕ ਦੂਸਰੇ ਦੇ ਸਹਾਰੇ। [35]

ਕਹਿਣ ਦੀ ਲੋੜ ਨਹੀਂ, ਦੂਜੇ ਪ੍ਰਗਤੀਵਾਦੀ ਕਵੀਆਂ ਵਾਂਗ ਬਾਵਾ ਬਲਵੰਤ ਦਾ ਵਿਰੋਧ ਵੀ ਧਰਮ ਨਾਲ ਨਹੀਂ ਸਗੋਂ ਉਸ ਮਿੱਥਿਯਾ ਧਰਮ ਚੇਤਨਾ ਨਾਲ ਹੈ, ਜੋ ਸਮੁੱਚੇ ਪ੍ਰਕਿਰਤਕ ਪਾਸਾਰੇ ਨੂੰ ਕਿਸੇ ਦਿੱਬ ਤੱਤ ਦਾ ਹੀ ਵਿਸਤਾਰ ਮੰਨਦੀ ਹੈ। ਮਨੁੱਖ ਤੇ ਉਸਦਾ ਸੰਸਾਰ ਕਿਸੇ ਦੈਵੀ ਸੱਤਾ ਦੇ ਹੀ ਝਲਕਾਰੇ ਹਨ। ਸਾਰਾ ਗੋਚਰ ਜਗਤ ਤੇ ਪਾਸਾਰਾ ਸਵੈ-ਚਾਲਿਤ ਹੈ, ਕਿਸੇ ਅਣਦਿਸਦੀ ਤਾਕਤ ਦੇ ਹੁਕਮ ਅਧੀਨ ਹੈ। ਪ੍ਰਕਿਰਤਕ ਪਾਸਾਰੇ ਤੇ ਸਭ ਹੋਂਦਾ ਨੂੰ ਨਿਰਪੇਖ, ਸਵੈ-ਚਾਲਿਤ ਤੇ ਅਬਦਲ ਮੰਨਣ ਵਾਲੀ ਮਿੱਥਿਯਾ ਧਰਮ-ਚੇਤਨਾ ਮਨੁੱਖੀ ਇਤਿਹਾਸ ਨੂੰ ਸਥਿਰ ਤੇ ਗਤੀਹੀਣ ਮੰਨਦੀ ਹੈ। ਇਹ ਸਨਾਤਨੀ ਧਰਮ-ਚੇਤਨਾ ਪ੍ਰਕਿਰਤਕ ਪਾਸਾਰੇ, ਮਨੁੱਖੀ ਤਹਿਰੀਕ ਦੇ ਵਿਕਾਸ ਤੇ ਇਤਿਹਾਸ ਅਤੇ ਸਮਾਜਕ ਵਰਤਾਰਿਆਂ ਵਿੱਚ ਮਨੁੱਖ ਦੇ ਰੋਲ ਨੂੰ ਮਨਫ਼ੀ ਕਰਦੀ ਹੈ। ਬਾਵਾ ਬਲਵੰਤ ਇਸ ਮਿੱਥਿਯਾ ਧਰਮ ਚੇਤਨਾ ਨੂੰ ਵਿਅੰਗ ਨਾਲ 'ਮੁਰਦਾ ਖ਼ਿਆਲ’ ਅਤੇ 'ਮੁਰਝਾ ਗਏ ਫ਼ੁੱਲ’ ਕਹਿੰਦਾ ਹੈ। ਸੰਸਾਰ ਨੂੰ ਅਬਦਲ ਤੇ ਇਤਿਹਾਸ ਨੂੰ ਸਥਿਰ ਮੰਨਣ ਕਾਰਣ ਸਨਾਤਨੀ ਧਰਮ ਚਿੰਤਨ ਯਥਾ-ਸਥਿਤੀਵਾਦੀ (Status-qou-ante) ਹੋ ਨਿਬੜਦਾ ਹੈ ਅਤੇ ਸਥਾਪਤੀ ਦੇ ਹੱਕ ਵਿੱਚ ਭੁਗਤ ਜਾਂਦਾ ਹੈ। ਬਾਵੇ ਦਾ ਸਨਾਤਨੀ ਧਰਮ-ਚਿੰਤਨ ਜਾਂ ਰੱਹਸਵਾਦੀ ਵਿਚਾਰਧਾਰਾ ਨਾਲ ਵਿਰੋਧ ਸਿਧਾਂਤਕ ਹੈ, ਭਾਵੁਕ ਨਹੀ।

ਸੈਂਕੜੇ ਸਦੀਆਂ ਪੁਰਾਣਾ ਫ਼ਲਸਫ਼ਾ
ਆਦਮੀ ਦੇ ਵਹਿਮ ਦੀ ਸਰਹੱਦ ਖ਼ੁਦਾ’
ਧਾਤ ਦੇ, ਪੱਥਰ ਦੇ ਵੇਲੇ ਦੇ ਕਿਆਸ
ਕੁਝ ਡਰਾਉਣੇ ਕੁਝ ਹਸਾਉਣੇ ਦੇਵਤੇ,
ਭੋਜ-ਪੱਤਰਾਂ ਦੇ ਸਮੇਂ ਵਾਲਾ ਧਰਮ,
ਆਰੀਆ, ਅਨ-ਆਰੀਆਵਾਦੀ ਵਰਨ,
ਇਹ ਕੰਵਲ, ਇਹ ਪੁਸ਼ਪ, ਇਹ ਬਿੱਲਪੱਤਰੀ
ਸੈਂਕੜੇ ਸਦੀਆਂ ਪੁਰਾਣੇ ਇਹ ਗ਼ੁਲਾਬ
ਇਹ ਯਾਸਮੀਨ
ਮੁਰਝਾ ਗਏ,
ਮੌਤ ਦਾ ਪੈਗ਼ਾਮ ਦੇਂਦੇ ਨੇ ਪਏ
ਹੁਣ ਨਾ ਬਾਕੀ ਤਾਜ਼ਗੀ ਨਾ ਜ਼ਿੰਦਗੀ
ਇਹ ਨਵੀਂ ਮਹਿਫ਼ਲ ਸਜਾ ਸਕਦੇ ਨਹੀਂ। [36]

ਗੋਚਰ ਜਗਤ ਤੇ ਪ੍ਰਕਿਰਤਕ ਪਾਸਾਰੇ ਨੂੰ ਬਾਵਾ ਬਲਵੰਤ ਨਿਰਪੇਖ ਇਕਾਈਆਂ ਵਜੋਂ ਨਹੀਂ ਸਗੋਂ ਅੰਤਰ-ਸੰਬੰਧਾਂ ਤੇ ਵਿਰੋਧਾਂ ’ਚ ਬੱਝੀਆਂ ਹੋਂਦਾਂ ਵਜੋਂ ਦੇਖਦਾ ਹੈ। ਉਹ ਮਿੱਥਿਯਾ ਧਰਮ-ਚੇਤਨਾ ਜਾਂ ਆਦਰਸ਼ਵਾਦੀ ਚਿੰਤਨ ਦੇ ਉਲਟ ਮਨੁੱਖੀ ਇਤਿਹਾਸ ਨੂੰ ਨਿਰੰਤਰ ਗਤੀਸ਼ੀਲ ਪ੍ਰਵਾਹ ਵਜੋਂ ਹੀ ਸਵੀਕਾਰ ਕਰਦਾ ਹੈ। ਪ੍ਰਕਿਰਤਕ ਪਾਸਾਰੇ ਤੇ ਮਨੁੱਖੀ ਇਤਿਹਾਸ ਪ੍ਰਤੀ ਇਤਿਹਾਸਕ ਦਵੰਦਾਤਮਕ ਪਦਾਰਥਵਾਦੀ ਦ੍ਰਿਸ਼ਟੀ ਕਰਕੇ ਉਹ ਮਨੁੱਖੀ ਸਭਿਅਤਾ ਨੂੰ ਸਰਲ ਤੋਂ ਜਟਿਲ ਤੇ ਨੀਵੇਂ ਤੋਂ ਉਚੇਰੇ ਰੁਖ਼ ਵਿਕਾਸ ਕਰਨ ਵਾਲਾ ਵਰਤਾਰਾ ਮੰਨਦਾ ਹੈ, ਜੋ ਵਿਸ਼ੇਸ਼ ਇਤਿਹਾਸਕ ਪ੍ਰਸਥਿਤੀਆਂ (ਪਦਾਰਥਕ ਹਾਲਾਤ) ਅਤੇ ਪੈਦਾਵਾਰੀ ਰਿਸ਼ਤਿਆਂ (ਜਮਾਤੀ-ਸੰਬੰਧਾਂ) ਦੀ ਉਪਜ ਹੁੰਦਾ ਹੈ। ਬਾਵਾ ਬਲਵੰਤ ਪੂੰਜੀਵਾਦੀ ਵਿਵਸਥਾ ਵਿਚਲੇ ਪੈਦਾਵਾਰੀ ਸੰਬੰਧਾਂ, ਮਨੁੱਖੀ ਰਿਸ਼ਤਿਆਂ ਅੰਦਰਲੇ ਦਵੰਦਾਂ ਤੇ ਉਨ੍ਹਾਂ ਉਤੇ ਉਸਰੇ ਅਮਾਨਵੀ ਕਦਰ-ਪ੍ਰਬੰਧ ਨੂੰ ਖਿਡੌਣੇ’, ਨੌਕਰ’, ਵੇਸਵਾ’, 'ਫੇਰ ਪਾਰੋ ਨੇ ਕਿਹਾ’, ਉ'ਸ ਦਾ ਹਾਰ’, 'ਗ਼ਰੂਰ ਦੀ ਨੁਹਾਰ’ ਅਤੇ 'ਫੁੱਲ ਜੋ ਮੁਰਝਾ ਗਏ’ ਆਦਿ ਸੂਖ਼ਮ ਪ੍ਰਤੀਕਾਤਮਕ ਨਜ਼ਮਾਂ ਵਿੱਚ ਰੂਪਮਾਨ ਕਰਦਾ ਹੈ। ਬਾਵਾ ਬਲਵੰਤ ਅਨੁਸਾਰ ਪੂੰਜੀਵਾਦੀ ਅਰਥ ਵਿਵਸਥਾ ਮੁਨਾਫ਼ੇ ਅਤੇ ਮਾਇਆ ਉਤੇ ਕੇਂਦਰਤ ਹੁੰਦੀ ਹੈ। ਉਤਪਾਦਨ ਦੀ ਉਚੇਰੀ ਅਵਸਥਾ ਹੋਣ ਦੇ ਬਾਵਜੂਦ ਇਸ ਵਿੱਚ ਕਿਰਤੀ ਆਪਣੀ ਕਿਰਤ ਜਾਂ ਉਤਪਾਦਤ ਵਸਤੂਆਂ ਤੋਂ ਟੁੱਟ ਜਾਂਦਾ ਹੈ। ਕਿਰਤੀ ਆਪਣੀ ਕਿਰਤ ਜਾਂ ਉਪਜ ਤੋਂ ਟੁੱਟ ਕੇ ਖ਼ੁਦ ਮੰਡੀ ਦੀ ਵਸਤੂ ਬਣ ਜਾਂਦਾ ਹੈ। ਉਸ ਦੀ ਹਸਤੀ ਵਸਤਾਂ ਪੈਦਾ ਕਰਨ ਵਾਲੇ ਸੰਦ ਜਾਂ ਮੰਡੀ ’ਚ ਵਿਕਣ ਯੋਗ ਮਾਲ (ਵਸਤੂ) ਵਰਗੀ ਬਣ ਜਾਂਦੀ ਹੈ। ਕਿਰਤੀ ਅਤੇ ਉਸ ਦੀ ਸਿਰਜਣਾ ਦੇ ਵਿਚਕਾਰ ਮੰਡੀ ਤੇ ਮੁਨਾਫ਼ਾ ਆ ਜਾਂਦੇ ਹਨ। ਪੂੰਜੀ ਕਿਰਤੀ ਨੂੰ ਉਸਦੀ ਸਿਰਜਣਾ ਤੋਂ ਵਿਛੁੰਨ ਕੇ ਉਸ ਦਾ ਅਮਾਨਵੀਕਰਣ (dehumanisation) ਕਰਦੀ ਹੈ। ਇਸੇ ਕਰਕੇ ਕਾਰਲ ਮਾਰਕਸ ਤੇ ਏਂਗਲਜ਼ ਨੇ ਪੂੰਜੀਵਾਦੀ ਵਿਵਸਥਾ ਨੂੰ ਕਿਰਤੀ, ਉਸਦੀ ਰਚਨਾਤਮਿਕ ਸ਼ਕਤੀ (ਉਪਜ) ਅਤੇ ਸੂਖ਼ਮ ਕਲਾਵਾਂ ਦੀਆਂ ਕੁਝ ਸ਼ਾਖ਼ਾਵਾਂ, ਖਾਸ ਕਰਕੇ ਆਰਟ ਅਤੇ ਕਵਿਤਾ ਦੀ ਵੈਰਨ ਕਿਹਾ ਹੈ। [37] ਬਾਵਾ ਬਲਵੰਤ ਪੂੰਜੀਵਾਦੀ ਵਿਵਸਥਾ ਵਿੱਚ ਕਿਰਤੀ (ਮਜ਼ਦੂਰ, ਕਿਸਾਨ) ਸ਼ਿਲਪਕਾਰ, ਕਵੀ/ਕਲਾਕਾਰ, ਪ੍ਰੇਮੀ ਅਤੇ ਔਰਤ ਦੀ ਸਥਿਤੀ ਨੂੰ ਦੁਜੈਲੀ ਜਾਂ ਹਾਸ਼ੀਆਗਤ ਹੀ ਮੰਨਦਾ ਹੈ। ਪੂੰਜੀਵਾਦੀ ਵਿਵਸਥਾ ਵਿੱਚ ਕਲਾ ਆਤਮ-ਪਛਾਣ, ਸਵੈ ਦਾ ਵਿਗਾਸ ਅਤੇ ਤਪਦੇ ਮਨਾਂ ਨੂੰ ਠਾਰਣ ਦਾ ਵਸੀਲ ਨਹੀਂ ਰਹਿੰਦੀ, ਪੂੰਜੀ ਦੀ ਕੀਲ ਵਿਚ ਹੋਣ ਕਰਕੇ ਕਲਾ ਅਤੇ ਕਲਾਕਾਰ ਵਿਕਾਉ ਮਾਲ ਬਣ ਜਾਂਦੇ ਹਨ। ਮਾਇਆ ਅਤੇ ਬਾਜ਼ਾਰ ਦੀ ਚਕਾਚੂੰਦ ਕਰਨ ਵਾਲੀ ਗਲੈਮਰ  ਸਾਹਮਣੇ ਲੋਕ-ਪੱਖੀ ਕਲਾ ਤੇ ਕਲਾਕਾਰ ਨਿੱਸਤੇ ਹੋ ਜਾਂਦੇ ਹਨ। ਸਿਰਜਣਾਤਮਿਕਤਾ ਉਨ੍ਹਾਂ ਲਈ ਆਤਮਿਕ ਸਕੂਨ ਤੇ ਉਰਜਾ ਦਾ ਸਰੋਤ ਬਣਨ ਦੀ ਥਾਂ ਆਤਮ-ਗਿਲਾਨੀ ਦਾ ਬੋਝ ਬਣਦੀ ਹੈ। 'ਫ਼ਲੂਸ’, ਖਿਡੌਣੇ’, 'ਦੀਵਿਆਂ ਵਾਲੇ ਦਾ ਗੀਤ’, 'ਕਲਾਕਾਰ’, 'ਨਾਚੀ’ ਅਤੇ 'ਇਕਤਾਰੇ ਵੇਚਣ ਵਾਲਾ’ ਆਦਿ ਨਜ਼ਮਾਂ ਵਿੱਚ ਬਾਵਾ ਬਲਵੰਤ ਪੂੰਜੀਵਾਦੀ ਵਿਵਸਥਾ ਵਿੱਚ ਕਲਾ ਤੇ ਕਲਾਕਾਰਾਂ ਦੀ ਵਿਡੰਬਨਾ ਨੂੰ ਕਟਾਖ਼ਸ਼ੀ ਲਹਿਜੇ ’ਚ ਪੇਸ਼ ਕਰਦਾ ਹੈ :

ਕਲਾਧਾਰੀ ਸਵਾਰੀ ਜਾਏ ਦੁਨੀਆਂ
ਕਦੀ ਉਸ ’ਤੇ ਬਹਾਰ ਆਏ ਨਾ ਆਏ। [38]

ਪੂੰਜੀਵਾਦੀ ਵਿਵਸਥਾ ਕਿਰਤੀਆਂ-ਕਿਸਾਨਾਂ, ਸ਼ਿਲਪਕਾਰਾਂ, ਕਲਾਕਾਰਾਂ ਅਤੇ ਪ੍ਰੇਮੀਆਂ ਨੂੰ ਇਕ ਪਾਸੇ ਤਾਂ dehumanise ਕਰਦੀ ਹੈ ਅਤੇ ਦੂਜੇ ਪਾਸੇ ਇਸ ਦੀ ਧੌਂਸ (hegemony) ਤੇ ਦਮਨ ਦੇ ਵਿਰੁੱਧ ਲੜਨ ਦੀ ਚੇਤਨਾ ਵੀ ਦਿੰਦੀ ਹੈ। ਬਾਵਾ ਬਲਵੰਤ ਜਿਥੇ 'ਨੌਕਰ’ ਤੇ 'ਕੰਵਲਸਰ ਦੇ ਕਿਨਾਰੇ ’ਤੇ’ ਆਦਿ ਕਵਿਤਾਵਾਂ ਵਿੱਚ ਕਿਰਤੀ-ਕਿਸਾਨਾਂ ਦੇ ਸੰਤਾਪ ਤੇ ਰੋਹ ਨੂੰ ਜ਼ੁਬਾਨ ਦਿੰਦਾ ਹੈ, ਉਥੇ ਉਹ ਆਪਣੀ 'ਕਲਾਸਕੀ ਸਾਹਿਤ’ ਦੇ ਮੁਰਾਤਬੇ ਵਾਲੀ ਨਜ਼ਮ 'ਉਸਦਾ ਹਾਰ’ ਵਿੱਚ ਸ਼ਿਲਪਕਾਰਾਂ (ਸਵਰਨਕਾਰ), ਕਲਾਕਾਰਾਂ ਅਤੇ ਪ੍ਰੇਮੀਆਂ ਦੀ ਹਾਸ਼ੀਆਗਤ ਹੋਣੀ ਦੇ ਸੰਤਾਪ ਨੂੰ ਆਪਣੀ ਮਖ਼ਸੂਸ ਆਸ਼ਾਵਾਦੀ ਦ੍ਰਿਸ਼ਟੀ ਨਾਲ ਰੂਪਮਾਨ ਕਰਦਾ ਹੈ। ਇਸ ਕਵਿਤਾ ਵਿਚਲੀ 'ਮਖਮਲੀ ਅੰਗਾਂ’ ਵਾਲੀ ਅਮੀਰ ਔਰਤ ਆਪਣੇ ਹੁਸਨ ਦੀ ਅਣਦੇਖੀ ਅਤੇ ਘਰ ਦੇ ਮਰਦਾਵੇਂ ਦਾਬੇ ਤੋਂ ਪ੍ਰੇਸ਼ਾਨ ਹੈ। ਉਸ ਦੀ 'ਰੇਸ਼ਮੀ ਕਾਇਆ’ ਤੇ ਸੌਂਦਰਯ ਦਾ ਕਦਰਦਾਨ ਗ਼ਰੀਬ ਸਵਰਨਕਾਰ ਸੁਹਜ ਤੇ ਕਲਾ ਦਾ ਰਸੀਆ ਤਾਂ ਹੈ, ਪਰ ਖ਼ੁਦ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ। ਆਰਥਿਕ ਤੰਗ-ਦੱਸਤੀ ਤੇ 'ਸਭਿਆਚਾਰਕ ਵਰਜਣਾਵਾਂ ’ਚ ਨੂੜੇ ਦੋਵੇਂ ਮਨੁੱਖੀ ਕਾਮਨਾਵਾਂ ਤੇ ਸੁਹਜ ਤ੍ਰਿਪਤੀ ਲਈ ਤੜਫ਼ਦੇ ਹਨ, ਦੋਵੇ ਬੇਵੱਸ ਹਨ। ਕਵਿਤਾ ਦੇ ਪਾਠ ਤੋਂ ਪਹਿਲਾਂ ਇਸ ਰਚਨਾ ਦੇ ਵਸਤੂ ਸਾਰ ਬਾਰੇ ਡਾ਼ ਕੇਸਰ ਸਿੰਘ ਕੇਸਰ ਦਾ ਤਬਸਰਾ ਬਾਣੇ ਦੇ ਵਿਚਾਰਾਂ ਦੀ ਗਵਾਹੀ ਵਜੋਂ ਲਾਹੇਬੰਦ ਰਹੇਗਾ :

'ਉਸ ਦਾ ਹਾਰ’ ਕਵਿਤਾ ਜਮਾਤੀ ਵਿਰੋਧਾਂ/ਸੰਘਰਸ਼ਾਂ ਵਾਲੇ ਸਮਾਜ ਦੇ ਅੰਤਰਗਤ ਰਚੀ ਗਈ ਹੈ। ਇਸ ਦੇ ਵਸਤੂ-ਸੰਸਾਰ ਵਿੱਚ ਦੋ ਪਾਤਰ ਹਨ, ਇਸਤਰੀ ਤੇ ਮਰਦ। ਇਸਤਰੀ ਕੋਲ ਕੀਮਤੀ ਹਾਰ ਹੈ, ਹਾਰ-ਸ਼ਿੰਗਾਰ ਦਾ ਸਮਾਨ ਹੈ, ਅਮੀਰ ਵਰਗ ਦੀਆਂ ਔਰਤਾਂ ਵਾਂਗ ਲਿਸ਼ਕ-ਪੁਸ਼ਕ ਕੇ ਰਹਿੰਦੀ ਹੈ, ਵਿਹਲੀ ਹੈ, ਨਿਰੀ ਖ਼ੁਸ਼ਬੂ ਹੈ, ਪਰ ਆਪਣੇ ਅਮੀਰ ਘਰ ਵਿੱਚ ਵੀ ਗ਼ੁਲਾਮੀ ਮਹਿਸੂਸ ਕਰਦੀ ਹੈ, ਖੁੱਲ੍ਹ ਮਾਨਣਾ ਤੇ ਆਪਣੇ ਸੁਹਜ ਦੇ ਪ੍ਰਸ਼ੰਸ਼ਕ ਦੇ ਸਾਥ ਵਿੱਚ ਰਹਿਣਾ ਚਾਹੁੰਦੀ ਹੈ। ਇਸ ਲਈ ਰੋਜ਼ ਹਾਰ ਟੁੱਟਣ ਦਾ ਬਹਾਨਾ ਬਣਾ ਕੇ ਕਲਾਕਾਰ-ਸਵਰਨਕਾਰ ਨੂੰ ਮਿਲਣ ਆਉਂਦੀ ਹੈ। ਇਹ ਕਰਮ ਉਸਦੇ ਵਿਦਰੋਹ ਦਾ ਪ੍ਰਤੀਕ ਹੈ। ਦੂਜੇ ਪਾਸੇ ਕਿਰਤੀ/ਕਾਰੀਗਰ ਵਰਗਾਂ ਦਾ ਪ੍ਰਤਿਨਿੱਧ ਸਮਝੌਤਾਵਾਦੀ ਸਵਰਨਕਾਰ ਹੈ, ਜਿਸ ਨੂੰ ਸੁਹਜ ਦੀ ਕਲਾ ਦੀ, ਪ੍ਰੇਮ ਦੀ ਪਛਾਣ ਹੈ, ਪਰ ਉਸ ਦੀ ਕਲਾ’ ਕਾਰੀਗਰੀ ਜਾਂ ਆਰਥਿਕ ਕਿਰਤ ਤੱਕ ਸੀਮਤ ਹੈ। ਸੁਹਜ ਤੇ ਪ੍ਰੇਮ ਦਿਨ ਵਿੱਚ ਥੋੜੇ ਸਮੇਂ ਲਈ ਚੋਰੀ ਚੋਰੀ ਮਿਲਦਾ ਹੈ। ਰੁਜ਼ਗਾਰ ਤੇ ਸਭਿਆਚਾਰ ਦੀਆਂ ਬੰਦਸ਼ਾਂ ਉਸ ਉਪਰ ਵੀ ਹਨ। ਉਹ ਮੁਹੱਬਤ ਤੇ ਸੁਹਜ ਨੂੰ ਸਾਰੇ ਸਮਾਜ ਦੇ ਹੱਕ ਵਿੱਚ ਦੇਖਣਾ ਚਾਹੁੰਦਾ ਹੈ਼... (ਪਰ) ਸਮਾਜਕ ਤਬਦੀਲੀ/ਉਸਾਰੀ ਤੋਂ ਬਿਨ੍ਹਾਂ ਮੁਹੱਬਤ ਤੇ ਸੁਹਜ ਸਭ ਲਈ ਨਹੀਂ ਹੋ ਸਕਦੇ। [39]

ਕਵਿਤਾ ’ਚੋਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ :

ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ,
ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।
ਮੇਰੇ ਪੁੱਛਣ ਤੇ ਕਿ 'ਟੁੱਟਾ ਕਿਸ ਤਰ੍ਹਾਂ’?
ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ।...
ਮਖ਼ਮਲੀ ਅੰਗਾਂ ਦੀ ਛੁਹ, ਨਵਨੀਤ-ਕਰ,
ਮੇਰਿਆਂ ਹੱਥਾਂ ’ਤੇ ਆ ਸਾਇਆ ਕਰੇ।
ਰੇਸ਼ਮੀ ਕਾਇਆ ਦੀ ਉਜਲੀ ਸਿਫ਼ਤ ਸੁਣ
ਧਰਤ-ਭੂਸ਼ਨ ਵੱਲ ’ਤੇ ਵਲ ਖਾਇਆ ਕਰੇ।....
ਜੇ ਕਲਾ ਦੇ ਰਾਹ ਦੀ ਲੋਅ ਬਣ ਜਾਏ ਉਹ
ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ।
ਕੋਈ ਸੁੰਦਰਤਾ ’ਚੋਂ ਲੱਭਦਾ ਏ ਕਮਾਲ
ਕੋਈ ਕਹਿੰਦਾ ਏ ਸਮਾਂ ਜਾਇਆ ਕਰੇ।
ਹੇ ਮੁੱਹਬਤ, ਤੇਰੀ ਮੰਸ਼ਾ ਦੀ ਬਹਾਰ
ਹਿਮੰਤੀ-ਤਲੀਆਂ ’ਤੇ ਉਗ ਆਇਆ ਕਰੇ।
ਇਕ ਉਸਾਰੀ ਦੀ ਲਗਨ ਜੀਵਨ ਦਾ ਚਾਅ
ਮੇਲ ਉਸ ਦਾ ਅਮਲ ਗਰਮਾਇਆ ਕਰੇ। [40]

ਭਾਰਤੀ ਪਿੱਤਰ-ਸੱਤਾਤਮਿਕ ਵਿਵਸਥਾ ਵਿੱਚ ਔਰਤ ਸਰੀਰਕ ਤੇ ਮਾਨਸਿਕ ਦੋਹਰੀ ਗ਼ੁਲਾਮੀ ਭੋਗਦੀ ਹੈ। ਬਾਵਾ ਇਸ ਦੀਆਂ ਪ੍ਰਤੱਖ ਤੇ ਅਣਦਿਸਦੀਆਂ ਸੂਖ਼ਮ ਪਰਤਾਂ ਨੂੰ ਕ੍ਰਿਸ਼ਨਾ ਨਾਲ ਸੰਬੰਧਤ ਕਵਿਤਾਵਾਂ ਤੋਂ ਬਿਨ੍ਹਾਂ 'ਵੇਸਵਾ’, ਨਾਚੀ’,  'ਦੂਰ ਇਕ ਬਹਿਲੀ ਖੜ੍ਹੀ’ ਅਤੇ 'ਫੇਰ ਪਾਰੋ ਨੇ ਕਿਹਾ’ ਆਦਿ ਕਵਿਤਾਵਾਂ ਦਾ ਰਚਨਾ-ਵਸਤੂ ਬਣਾਉਂਦਾ ਹੈ। ਪਿੱਤਰ-ਸੱਤਾ ਦੁਆਰਾ ਮਰਦਾਵੇਂ ਦਾਬੇ (male hegemony) ਨੂੰ ਕਾਇਮ ਰੱਖਣ ਲਈ ਘੜੀਆਂ ਸਭਿਆਚਾਰਕ ਵਰਜਣਾਵਾਂ ਤੇ ਨਾਰੀ ਵਿਰੋਧੀ ਸਾਜ਼ਸ਼ੀ ਚਿੰਤਨ ਔਰਤ ਨੂੰ ਸਰੀਰਕ ਪੱਖੋਂ ਕਮਜੋਰ, ਬੌਧਿਕ ਪੱਖੋਂ ਕੰਗਾਲ ਅਤੇ ਮਾਨਸਿਕ ਪੱਖੋਂ ਅਸੰਤੁਲਿਤ ਤੇ ਵਿਚਲਿਤ ਗਰਦਾਨਦਾ ਹੈ। ਉਸ ਨੂੰ ਮਰਦ ਦੀ ਅਧੀਨਗੀ (subjugation) ’ਚ ਰੱਖਣ ਲਈ ਘਰ, ਪਰਿਵਾਰ, ਵਿਆਹ ਅਤੇ ਰਿਸ਼ਤਾ-ਨਾਤਾ ਪ੍ਰਬੰਧ ਦੀਆਂ ਸੰਸਥਾਵਾਂ ਪਿੱਤਰ-ਸੱਤਾ ਦੀ ਵਿਚਾਰਧਾਰਾ ਦੇ ਸੰਵਾਹਕ ਵਜੋਂ ਕੰਮ ਕਰਦੀਆਂ ਹਨ।

ਪੁਰਸ਼ ਦੁਆਰਾ ਸਥਾਪਿਤ ਤੇ ਸੰਚਾਲਿਤ ਸਭਿਆਚਾਰਕ ਵਿਧਾਨ ਤੇ ਪੁਰਸ਼ ਪੱਖੀ ਚਿੰਤਨ ਨਾਰੀ ਦੇ ਕਮਜ਼ੋਰ, ਬੇਵਫ਼ਾ, ਢੋਰ-ਗੰਵਾਰ ਅਤੇ ਪਰਜੀਵੀ ਹੋਣ ਦੀਆਂ ਮਿੱਥਾਂ ਘੜ੍ਹਦਾ ਹੈ। ਰਾਮ-ਕਥਾ ਉੱਤੇ ਅਧਾਰਿਤ ਦੂਰ ਇਕ ਬਹਿਲੀ ਖੜ੍ਹੀ’ ਨਜ਼ਮ ਵਿੱਚ ਬਾਵਾ ਰਾਮ ਦੇ ਮਰਿਯਾਦਾ ਪ੍ਰਸ਼ੋਤਮ, ਲੱਛਮਣ ਦੇ ਆਗਿਆਕਾਰੀ ਭਰਾਤਾ ਤੇ ਬੀਰ ਅਤੇ ਸੀਤਾ ਦੇ ਕਮਜ਼ੋਰ (ਦਾਸੀ) ਹੋਣ ਦੀ ਮਿੱਥ ਨੂੰ ਉਲਟਾ ਦਿੰਦਾ ਹੈ। ਨਜ਼ਮ ਵਿਚਲੇ ਤਿਖੇ-ਕੰਟੀਲੇ ਪ੍ਰਸ਼ਨ ਤੇਜੱਸਵੀ ਰਾਮ ਤੇ ਧੁਨਸ਼-ਧਾਰੀ ਬੀਰ ਲਛਮਣ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕਰਦੇ ਹਨ। 'ਅਜ਼ਲ ਤੋਂ ਹੀ ਆਦਮੀ ਜ਼ਾਲਮ ਰਿਹਾ/ਲੈ ਕੇ ਖ਼ੁਸ਼ੀਆਂ ਸੋਹਲ ਦੇਂਦਾ ਰਾਮ ਰਿਹਾ’ ਦੀ ਕਟਾਖ਼ਸ਼ੀ ਧੁਨੀ ਸੀਤਾ ਦੇ ਹਵਾਲੇ ਨਾਲ ਔਰਤ ਨੂੰ ਸੰਵਾਦ ਦੇ ਕੇਂਦਰ ਵਿੱਚ ਨਾਇਕ ਵਜੋਂ ਲੈ ਆਉਂਦੀ ਹੈ। 'ਫੇਰ ਪਾਰੋ ਨੇ ਕਿਹਾ’ ਨਜ਼ਮ ਸ਼ਿਵ-ਪਾਰਬਤੀ ਦੀ ਪੌਰਾਣ-ਕਥਾ ਦਾ ਨਵ-ਸਿਰਜਣ ਹੈ। ਪਾਰਬਤੀ ਭਗਤੀ ’ਚ ਲੀਨ ਸ਼ਿਵ ਨੂੰ ਆਉਣ ਵਾਲੇ ਸੰਭਾਵੀ ਖਤਰਿਆਂ ਤੋਂ ਸਾਵਧਾਨ ਕਰਦੀ ਹੈ, ਜਗਾਉਂਦੀ ਹੈ। ਸ਼ਿਵ ਦਾ ਤੀਜਾ ਨੇਤਰ ਖੁੱਲ੍ਹਦਾ ਹੈ। ਉਹ ਪਾਰੋ ਨੂੰ ਜਗਤ-ਕਲਿਆਣੀ ਸ਼ਕਤੀ ਕਹਿ ਕੇ ਸਤਿਕਾਰਦਾ ਹੈ। ਬਾਵਾ ਬਲਵੰਤ ਦੀ ਇਹ ਨਜ਼ਮ ਪੰਜਾਵਿਆਂ ਦੇ ਸ਼ੁਰੂ 'ਚ ਲਿਖੀ ਗਈ, ਦੇਸ਼ ਆਜ਼ਾਦ ਹੋ ਚੁੱਕਾ ਸੀ, ਸਾਮਰਾਜ ਭੇਸ ਬਦਲ ਕੇ ਨਵੇਂ ਨਵੇਂ ਤੇ ਲੁਭਾਉਂਣੇ ਰੂਪਾਂ ਵਿੱਚ ਫਿਰ ਸਿਰ ਚੁੱਕ ਰਿਹਾ ਸੀ। ਬਾਵਾ ਬਲਵੰਤ ਅੰਦਰਲਾ ਚੇਤਨ ਅਤੇ ਅਨੁਭਵੀ ਕਲਾਕਾਰ ਕਿਰਤੀ-ਕਿਸਾਨਾਂ, ਸ਼ਿਲਪੀਆਂ, ਕਲਾਕਾਰਾਂ ਤੇ ਔਰਤਾਂ ਅੰਦਰ ਅੰਗੜਾਈ ਲੈ ਰਹੀ ਚੇਤਨਾ ਨੂੰ ਵੀ ਸਮਝ ਰਿਹਾ ਸੀ ਅਤੇ ਇਕ ਭਵਿੱਖ-ਦ੍ਰਸ਼ਟਾ ਕਲਾਕਾਰ ਦੇ ਪੈਗ਼ਬਰੀ ਅੰਦਾਜ਼ ਵਿੱਚ ਪਾਰਬਤੀ ਤੋਂ ਇਹ ਅਖਵਾ ਰਿਹਾ ਸੀ।

ਖੇਤ ਤੇਰੇ ਹੋਣ ਵਾਲੇ ਨੇ ਅਧੀਨ,
ਦੇਸ਼ ਤੇਰਾ ਹੋਣ ਵਾਲੇ ਏ ਗ਼ੁਲਾਮ,
ਜਾਗ ਜੀਵਨ ਦੀ ਕਲਾ ਦੇ ਇੰਤਕਾਮ।
ਆਉਣ ਵਾਲੀ ਏ ਤੇਰੇ ਪਰਬਤ ’ਤੇ ਸ਼ਾਮ,
ਦੁਸ਼ਮਣਾ ਦੇ ਝੰਡਿਆਂ ਦੀ, ਨੇਜ਼ਿਆਂ ਦੀ, ਫੌਜ਼ ਦੀ,
ਆ ਰਹੀ ਏ ਇਕ ਗ਼ੁਲਾਮੀ ਦੀ ਭਿਆਨਕ ਕਾਲੀ ਰਾਤ......
ਹੋ ਰਿਹਾ ਸਾਗਰ ਤੇ ਕਬਜ਼ਾ ਲਾਲਚੀ ਤੂਫ਼ਾਨ ਦਾ,
ਜਾਗ ਹੇ ਸਾਵੰਤ ਯੋਧੇ, ਜੋਤਕਾਰ। [41]

ਅੱਜ ਜਦੋਂ ਨਵ-ਸਾਮਰਾਜਵਾਦ ਨਵੇਂ ਨਵੇਂ ਲੁਭਾਉਣੇ ਮਖੌਟੇ ਪਹਿਨ ਕੇ ਗਰੀਬ ਮੁਲਕਾਂ ਦੇ ਕੁਦਰਤੀ ਸੰਸਾਧਨਾਂ ਅਤੇ ਮਨੁੱਖੀ ਸਰੋਤਾਂ (ਕਿਰਤ) ਨੂੰ ਹੜੱਪਣ ਦੀ ਕਾਹਲੀ ਵਿੱਚ ਹੈ, ਬਾਵਾ ਬਲਵੰਤ ਦੀ ਸੱਤ ਕੁ ਦਹਾਕੇ ਪਹਿਲਾਂ ਕੀਤੀ ਪਸ਼ੀਨਗੋਈ ਕਿੰਨੀ ਸਾਰਥਕ ਤੇ ਪ੍ਰਸੰਗਕ ਹੈ। ਇਹੋ ਬਾਵਾ ਬਲਵੰਤ ਦੀ ਕਵਿਤਾ ਦਾ 'ਹਾਸਿਲ’ ਹੈ। ਬਾਵਾ ਬਲਵੰਤ ਦੇ ਜਨਮ-ਸ਼ਤਾਬਦੀ ਵਰ੍ਹੇ ਸਮੇਂ ਉਸਨੂੰ ਯਾਦ ਕਰਨ ਦਾ ਸਹੀ ਸਲੀਕਾ ਇਹੋ ਹੈ ਕਿ ਉਸਦੇ ਫ਼ਿਕਰਾਂ ਤੇ ਅਕੀਦੇ ਦੀ ਬਾਂਹ ਘੁੱਟ ਕੇ ਫੜ੍ਹੀਏ।

ਹਵਾਲੇ
1. ਬਾਵਾ ਬਲਵੰਤ, ਅਮਰ ਗੀਤ (1942 ਈ਼) ਦੇਖੋ, ਬਾਵਾ ਬਲਵੰਤ ਦਾ ਕਾਵਿ-ਸੰਸਾਰ, (ਸੰਪਾ਼) ਡਾ਼ ਕੁਲਬੀਰ ਸਿੰਘ ਕਾਂਗ, 2000 ਈ:, ਨਵਯੁੱਗ, ਦਿੱਲੀ, ਪੰਨਾ-173
2. ਪ੍ਰਿੰਸੀਪਲ ਸੁਜਾਨ ਸਿੰਘ, 'ਪ੍ਰਕਾਸ਼’’ (ਭੂਮਿਕਾ, ਮਹਾਂਨਾਚ, 1941 ਈ਼) ਦੇਖੋ, ਬਾਵਾ ਬਲਵੰਤ ਦਾ ਕਾਵਿ-ਸੰਸਾਰ, ਪੰਨਾ-66
3. ਅਮਰ ਸਿੰਘ, 'ਮੁੱਖਬੰਧ’’ ਸੁਗੰਧ ਸਮੀਰ (1959 ਈ਼) ਦੇਖੋ ਉਪਰੋਕਤ ਪੁਸਤਕ, ਪੰਨਾ-337
4. ਬਾਵਾ ਬਲਵੰਤ, 'ਭੂਮਿਕਾ’’, 'ਪੱਥਰ ਦੇ ਫੁੱਲ’, ਹਰਕੇਵਲ ਸਿੰਘ ਕੇਵਲ
5. ਕੁਲਬੀਰ ਸਿੰਘ ਕਾਂਗ, 'ਜੀਵਨ ਰੇਖਾਵਾਂ’’, ਬਾਵਾ ਬਲਵੰਤ ਦਾ ਕਾਵਿ-ਸੰਸਾਰ (2000 ਈ਼), ਪੰਨੇ-11-13
6. ਉਹੀ, ਪੰਨਾ-12
7. ਡਾ਼ ਧਰਮਪਾਲ ਸਿੰਗਲ, ਬਾਵਾ ਬਲਵੰਤ, : ਇਕ ਅਧਿਐਨ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1965, ਪੰਨਾ-9
8. ਡਾ਼ ਪ੍ਰੀਤਮ ਸੈਣੀ, ਬਾਵਾ ਬਲਵੰਤ : ਚਿੰਤਨ ਤੇ ਕਲਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1984, ਪੰਨਾ-5
9. ਪ੍ਰੋ਼ ਪ੍ਰੀਤਮ ਸਿੰਘ (ਸੰਪਾ਼), ਪੰਜਾਬੀ ਲੇਖਕ ਕੋਸ਼, ਯੂਨੀਸਟਾਰ ਬੁਕਸ, ਚੰਡੀਗੜ੍ਹ, 2003, ਪੰਨਾ-484
10. ਕਰਤਾਰ ਸਿੰਘ ਸੁਮੇਰ, ਹਵਾਲਾ, ਸ਼ ਤਰਸੇਮ , ਭਰ ਵਗਦੇ ਦਰਿਆ, 2008, ਪੰਨਾ-29
11. ਬਾਵਾ ਬਲਵੰਤ, ਜਵਾਲਾਮੁਖੀ (1943), ਲਾਹੌਰ ਬੁੱਕ ਸ਼ਾਪ, ਲਾਹੌਰ, ਪ੍ਰਾਰੰਭਕ ਪੰਨਾ
12. ਡਾ਼ ਐਸ਼ ਤਰਸੇਮ, ਬਾਵਾ ਬਲਵੰਤ, ਜੀਵਨ ਸੰਵਾਦ ਤੇ ਸਮੀਖਿਆ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007 ਈ਼, ਪੰਨਾ-14
13. ਡਾ਼ ਕੁਲਬੀਰ ਸਿੰਘ ਕਾਂਗ, ਉਹੀ ਪੁਸਤਕ, ਪੰਨਾ-14
14. ਡਾ਼ ਧਰਮਪਾਲ ਸਿੰਗਲ, ਆਧੁਨਿਕ ਪੰਜਾਬੀ ਕਵਿਤਾ : ਵਿਚਾਰ ਤੇ ਵਿਸ਼ਲੇਸ਼ਣ, ਦੀਪਕ ਪਬਲਿਸ਼ਰਜ਼, ਜਲੰਧਰ, 2005, ਪੰਨਾ-149-153
15. ਡਾ਼ ਕੁਲਬੀਰ ਸਿੰਘ ਕਾਂਗ, ਉਹੀ ਪੁਸਤਕ, ਪੰਨਾ-15
16. ਸੁਜਾਨ ਸਿੰਘ, ਅਮਰ ਸਿੰਘ, ਮੁਕੱਦਮਾ’’ (ਭੂਮਿਕਾ) ਬੰਦਰਗਾਹ (1951), ਦੇਖੋ ਬਾਵਾ ਬਲਵੰਤ ਦਾ ਕਾਵਿ ਸੰਸਾਰ, ਪੰਨਾ- 277
17. ਪਾਲ ਸਿੰਘ, ਸਤਿਕਾਰ’’, ਅਮਰ ਗੀਤ (1942) ਉਪਰੋਕਤ ਪੁਸਤਕ, ਪੰਨਾ-158
18. ਸੁਜਾਨ ਸਿੰਘ, ਪ੍ਰਕਾਸ਼’’ ਭੂਮਿਕਾ ਮਹਾਂਨਾਚ (1941), ਉਪਰੋਕਤ ਪੁਸਤਕ, ਪੰਨਾ-66
19. ਬਾਵਾ ਬਲਵੰਤ ਦਾ ਕਾਵਿ ਸੰਸਾਰ, ਪੰਨੇ-86-87
20. ਬਾਵਾ ਬਲਵੰਤ, ਮੁੱਖ ਬੰਧ’’ ਊਸ਼ਾ-ਨਿਸ਼ਾ, ਜੋਗਾ ਸਿੰਘ ਜਗਿਆਸੂ, ਪੰਨਾ-17
21. ਬਾਵਾ ਬਲਵੰਤ ਦਾ ਕਾਵਿ-ਸੰਸਾਰ, ਪੰਨਾ-81
22. ਉਹੀ, ਪੰਨਾ-82
23. ਉਹੀ, ਪੰਨਾ-118
24. ਉਹੀ, ਪੰਨੇ- 288-89
25. ਉਹੀ, ਪੰਨਾ-297
26. ਉਹੀ, ਪੰਨੇ-186-88
27. ਬਾਵਾ ਬਲਵੰਤ, ਹਵਾਲਾ, ਡਾ: ਧਰਮਪਾਲ ਸਿੰਗਲ, ਬਾਵਾ ਬਲਵੰਤ : ਇਕ ਅਧਿਐਨ, ਪੰਨੇ 81-82
28. ਮਹਾਂ ਨਾਚ (1941) ਦੇਖੋ, ਬਾਵਾ ਬਲਵੰਤ ਦਾ ਕਾਵਿ-ਸੰਸਾਰ, ਪੰਨਾ-71
29. ਉਹੀ, ਪੰਨਾ-82
30. ਉਹੀ, ਪੰਨੇ-72-74
31. ਜਵਾਲਾਮੁਖੀ, ਉਹੀ ਪੁਸਤਕ, ਪੰਨੇ-243-44
32. ਬੰਦਰਗਾਹ, ਉਹੀ ਪੁਸਤਕ, ਪੰਨੇ- 330-31
33. ਸੁਗੰਧ ਸੁਮੀਰ, ਉਹੀ ਪੁਸਤਕ, ਪੰਨਾ-372
34. ਉਹੀ, ਪੰਨਾ-371
35. ਉਹੀ, ਪੰਨਾ-355
36. ਉਹੀ, ਪੰਨਾ-370
37. "Capitalistic production is hostile to certain braches of spiritual production, for example, art and poetry" Karl Marx, Marx Engels, On Literature and Art, (1976), P. 145
38. ਸੁਗੰਧ ਸੁਮੀਰ, ਉਹੀ ਪੁਸਤਕ, ਪੰਨਾ-351
39. ਡਾ਼ ਕੇਸਰ ਸਿੰਘ ਕੇਸਰ, ਕਾਵਿ-ਚਿੰਤਨ-II (2006) ਸੰਪਾਦਕ ਜਸਬੀਰ ਕੇਸਰ, ਪੰਨੇ-288-89
40. ਬਾਵਾ ਬਲਵੰਤ, ਸੁਗੰਧ ਸੁਮੀਰ, ਉਹੀ ਪੁਸਤਕ, ਪੰਨੇ-348-49
41. ਬਾਵਾ ਬਲਵੰਤ, ਬੰਦਰਗਾਹ, ਉਹੀ ਪੁਸਤਕ, ਪੰਨਾ-325

ਪ੍ਰੋਫ਼ੈਸਰ ਪੰਜਾਬੀ ਵਿਭਾਗ,
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

09/07/15

 

ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)