ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

   

ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’     20/10/2020

lakhwinder


sindhiਪਾਕਿਸਤਾਨ ਦੇ ਸਿੰਧ ਸੂਬੇ ਦਾ ਇੱਕ ਸ਼ਹਿਰ ਅਤੇ ਜ਼ਿਲ੍ਹਾ ਉਮਰਕੋਟ, ਸਿੰਧ ਦੀ ਰਾਜਧਾਨੀ ਕਰਾਚੀ ਤੋਂ ਲਗ-ਪਗ ਸਾਢੇ ਤਿੰਨ ਸੌ ਕਿੱਲੋਮੀਟਰ ਪੂਰਬ ਵੱਲ ਹੈ। ਉਮਰਕੋਟ ਜ਼ਿਲ੍ਹੇ ਦਾ ਥੋੜ੍ਹਾ ਜਿਹਾ ਹਿੱਸਾ ਭਾਰਤ ਦੇ ਸੂਬਾ ਰਾਜਸਥਾਨ ਦੀ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਵੀ ਲੱਗਦਾ ਹੈ। ਉਮਰਕੋਟ ਤੋਂ ਰਾਜਸਥਾਨ ਦਾ ਬਾੜਮੇਰ ਸ਼ਹਿਰ ਤਕਰੀਬਨ ਦੋ ਸੌ ਕਿੱਲੋਮੀਟਰ ਹੈ ਅਤੇ ਅੰਤਰਰਾਸ਼ਟਰੀ ਸਰਹੱਦ ਤੋਂ ਉਮਰਕੋਟ ਦੀ ਦੂਰੀ ਤਕਰੀਬਨ ਅੱਸੀ ਕਿੱਲੋਮੀਟਰ ਹੈ। ਉਮਰ ਮਾਰਵੀ ਸਿੰਧ ਦੇ ਉਮਰਕੋਟ ਅਤੇ ਇਸਦੇ ਨਾਲ ਲੱਗਦੇ ਥਾਰਪਰਕਰ ਅਤੇ ਮੀਠੀ ਦੇ ਇਲਾਕੇ ਵਿੱਚ, ਕਿਸੇ ਸਮੇਂ ਇੱਥੋਂ ਦੇ ਸ਼ਾਸ਼ਕ ਰਹੇ ਉਮਰ ਸੂਮਰੋ ਅਤੇ ਇੱਕ ਥਾਰੀ ਲੜਕੀ ਮਾਰਵੀ ਦੀ ਪ੍ਰਸਿੱਧ ਸਿੰਧੀ ਲੋਕ ਗਾਥਾ ਹੈ। ਸਿੰਧ ਦੇ ਪ੍ਰਸਿੱਧ ਸੂਫ਼ੀ ਕਵੀ ਸ਼ਾਹ ਅਬਦੁਲ ਲਤੀਫ਼ ਭਟਾਈ ਨੇ ਆਪਣੇ ਸ਼ਾਹਕਾਰ ਸਿੰਧੀ ਕਾਵਿ ਸੰਗ੍ਰਿਹ ‘ਸ਼ਾਹ ਜੋ ਰਸਾਲੋ’ ਵਿੱਚ ਮਾਰਵੀ ਦੀ ਵਫ਼ਾਦਾਰੀ ਅਤੇ ਜਤ-ਸਤ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ, ਕਿ ਕਿਵੇਂ ਮਾਰਵੀ ਨੇ ਉਮਰ ਸੂਮਰੋ ਵੱਲੋਂ ਦਿੱਤੇ ਗਏ ਲਾਲਚਾਂ ਨੂੰ ਠੁਕਰਾਉਂਦੇ ਹੋਏ ਆਪਣੇ ਮਾਂ ਬਾਪ, ਮੰਗੇਤਰ ਅਤੇ ਪਿੰਡ ਦੀ ਸਾਦੀ ਜ਼ਿੰਦਗੀ ਨੂੰ ਚੁਣਿਆਂ ਅਤੇ ਅਖੀਰ ਉਮਰ ਸੂਮਰੋ ਨੇ ਆਪਣੀ ਜ਼ਿਦ ਛੱਡ ਕੇ ਮਾਰਵੀ ਨੂੰ ਆਪਣੀ ਭੈਣ ਬਣਾਇਆ। ਕੁਝ ਹੋਰ ਸਿੰਧੀ ਕਵੀ, ਕਿੱਸਾਕਾਰ ਅਤੇ ਲੋਕ ਗਾਇਕ ਮਾਰਵੀ ਨੂੰ ਉਮਰ ਸੂਮਰੋ ਦੀ ਸਕੀ ਭੈਣ ਵੀ ਦੱਸਦੇ ਨੇ। ਸਿੰਧ ਵਿੱਚ ਮਾਰਵੀ ਨੂੰ ਹਿੰਮਤ, ਆਪਣੀ ਮਿੱਟੀ ਅਤੇ ਦੇਸ਼ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। 

ਤੇਰ੍ਹਵੀਂ ਸਦੀ ਵਿੱਚ ਉਮਰਕੋਟ ਦੇ ਹੁਸੀਨ ‘ਥਰ’ ਰੇਗਿਸਤਾਨੀ ਇਲਾਕੇ ਉੱਤੇ ਸੂਮਰੋ ਵੰਸ਼ ਦੇ ਰਾਜਾ ਉਮਰ ਸੂਮਰੋ ਦਾ ਰਾਜ ਸੀ। ਉਮਰ, ਸੂਮਰੋ ਵੰਸ਼ ਦੇ ਪੱਚੀਵੇਂ ਰਾਜਾ ਹਮੀਰ ਸੂਮਰੋ ਦਾ ਪੁੱਤਰ ਸੀ। ਉਮਰ ਇੱਕ ਅੱਯਾਸ਼ੀ ਰਾਜਾ ਸੀ। ਉਸਨੇ ਆਪਣੇ ਹਰਮ ਵਿੱਚ ਸਿੰਧ ਦੇ ਅਲੱਗ ਅਲੱਗ ਇਲਾਕਿਆਂ ਦੀਆਂ ਖੂਬਸੂਰਤ ਔਰਤਾਂ ਨੂੰ ਰੱਖਿਆਂ ਹੋਇਆ ਸੀ। ਇਹਨਾਂ ਵਿੱਚੋਂ ਕਈ ਔਰਤਾਂ ਜ਼ਬਰਨ ਉਸ ਵੱਲੋਂ ਅਗਵਾ ਕਰਕੇ ਲਿਆਦੀਆਂ ਗਈਆਂ ਸਨ। ‘ਮਾਰਵੀ’ ਉਸਦੀ ਰਿਆਸਤ ਵਿੱਚ ਨਾਗਰਪਰਕਰ ਦੇ ਨੇੜੇ ਛੋਟੇ ਜਿਹੇ ਪਿੰਡ ਭਾਲਵਾ (ਕੁਝ ਕਵੀਆਂ ਨੇ ਇਸ ਪਿੰਡ ਦਾ ਨਾਮ ਮਲੀਰ ਦੱਸਿਆ ਹੈ) ਵਿੱਚ ਮਾਰੂ ਕਬੀਲੇ ਦੇ ‘ਪਾਲਿਨੀ’ ਨਾਮ ਦੇ ਚਰਵਾਹੇ ਦੀ ਲੜਕੀ ਸੀ। ਪਾਲਿਨੀ ਦੀ ਪਤਨੀ ਦਾ ਨਾਂ ‘ਮਦੂਈ’ ਸੀ। ਮਾਰਵੀ ਦੇ ਪਿਓ ਪਾਲਿਨੀ ਦਾ ਨਾਮ ਕੁਝ ਕਵੀਆਂ ਵੱਲੋਂ ‘ਲਾਖੋ’ ਵੀ ਲਿਖਿਆ ਗਿਆ ਹੈ। ਪਾਲਿਨੀ ਕੋਲ ਜ਼ਮੀਨ ਵੀ ਸੀ, ਜਿਸ ਕਰਕੇ ਉਸਦੇ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਸੀ। ਪਾਲਿਨੀ ਤੇ ਉਸਦੀ ਘਰਵਾਲ਼ੀ ਨੇ ਫੋਗ ਨਾਂ ਦਾ ਇੱਕ ਯਤੀਮ ਮੁੰਡਾ ਵੀ ਪਾਲਿਆ ਸੀ। ਫੋਗ ਛੋਟਾ ਹੁੰਦਾ ਪਾਲਿਨੀ ਦੀਆਂ ਬੱਕਰੀਆਂ ਚਰਾਇਆ ਕਰਦਾ ਸੀ। ਇਸ ਤਰ੍ਹਾਂ ਫੋਗ ਤੇ ਮਾਰਵੀ ਪਾਲਿਨੀ ਦੇ ਘਰ ਇਕੱਠੇ ਜਵਾਨ ਹੋਏ। ਜਵਾਨ ਮਾਰਵੀ ਬੇਹੱਦ ਖ਼ੂਬਸੂਰਤ ਲੜਕੀ ਸੀ। ਆਸੇ ਪਾਸੇ ਦੇ ਕਈ ਪਿੰਡਾਂ ਵਿੱਚ ਵੀ ਮਾਰਵੀ ਵਰਗੀ ਸੋਹਣੀ ਸੁਨੱਖੀ ਕੋਈ ਕੁੜੀ ਨਹੀਂ ਸੀ। ਫੋਗ ਮਾਰਵੀ ਨੂੰ ਦਿਲੋਂ ਚਾਹੁੰਣ ਲੱਗਾ ਪਰ ਮਾਰਵੀ ਦੇ ਦਿਲ ਵਿੱਚ ਫੋਗ ਪ੍ਰਤੀ ਅਜਿਹਾ ਕੁਝ ਵੀ ਨਹੀਂ ਸੀ। ਇੱਕ ਦਿਨ ਫੋਗ ਨੇ ਮਾਰਵੀ ਦੇ ਮਾਂ ਬਾਪ ਕੋਲੋਂ ਮਾਰਵੀ ਨਾਲ ਆਪਣੇ ਵਿਆਹ ਦੀ ਗੱਲ ਕੀਤੀ ਤਾਂ ਪਾਲਿਨੀ ਨੇ ਗ਼ੁੱਸੇ ਵਿੱਚ ਆ ਉਸਦਾ ਇਹ ਪ੍ਰਸਤਾਵ ਠੁਕਰਾ ਦਿੱਤਾ ਅਤੇ ਫੋਗ ਨੂੰ ਆਪਣੇ ਘਰੋਂ ਕੱਢ ਦਿੱਤਾ। ਪਾਲਿਨੀ ਨੇ ਮਾਰਵੀ ਦੀ ਮੰਗਣੀ ‘ਖੇਤਸੈਨ’ ਨਾਂ ਦੇ ਕਿਸੇ ਹੋਰ ਲੜਕੇ ਨਾਲ ਕਰ ਦਿੱਤੀ। ਫੋਗ ਨੇ ਇਸਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਇਸਦਾ ਬਦਲਾ ਲੈਣ ਦੀ ਠਾਣ ਲਈ ਤੇ ਭਾਲਵਾ ਪਿੰਡ ਛੱਡਕੇ ਚਲਾ ਗਿਆ।

ਪਿੰਡ ਛੱਡਣ ਤੋਂ ਬਾਅਦ ਫੋਗ ਉਮਰਕੋਟ ਆ ਗਿਆ ਅਤੇ ਰਾਜੇ ਉਮਰ ਦਾ ਮੁਲਾਜ਼ਮ ਲੱਗ ਗਿਆ। ਥੋੜ੍ਹੇ ਹੀ ਸਮੇਂ ਵਿੱਚ ਉਹ ਰਾਜੇ ਉਮਰ ਦਾ ਯਕੀਨ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਹੁਣ ਉਮਰ, ਫੋਗ ਨੂੰ ਆਪਣੇ ਨਾਲ ਉਸ ਦੇ ਹਰਮ ਵਿੱਚ ਵੀ ਲੈ ਜਾਂਦਾ। ਉਮਰ ਨੇ ਫੋਗ ਨੂੰ ਦੱਸਿਆ ਕਿ ਉਸਦੇ ਹਰਮ ਵਿੱਚ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਤੇ ਹੁਸੀਨ ਔਰਤਾਂ ਨੇ। ਇਹ ਸੁਣਕੇ ਫੋਗ ਦੇ ਦਿਮਾਗ ਵਿੱਚ ਪਾਲਿਨੀ ਤੋਂ ਬਦਲਾ ਲੈਣ ਦੀ ਤਰਕੀਬ ਸੁੱਝੀ। ਉਸਨੇ ਉਮਰ ਨੂੰ ਕਿਹਾ ਕਿ ਮਾਰਵੀ ਤੋਂ ਸੋਹਣੀ ਕੋਈ ਵੀ ਹੋਰ ਔਰਤ ਨਹੀਂ ਹੋ ਸਕਦੀ। ਫੋਗ ਨੇ ਉਮਰ ਕੋਲ ਮਾਰਵੀ ਦੇ ਹੁਸਨ ਦੀ ਇਸ ਕਦਰ ਚਰਚਾ ਕੀਤੀ ਕਿ ਉਮਰ ਨੇ ਮਾਰਵੀ ਨੂੰ ਹਾਸਲ ਕਰਨ ਦਾ ਇਰਾਦਾ ਬਣਾ ਲਿਆ ਅਤੇ ਫੈਸਲਾ ਕਰ ਲਿਆ ਕਿ ਉਹ ਮਾਰਵੀ ਨੂੰ ਖ਼ੁਦ ਦੇਖਣ ਜਾਵੇਗਾ। ਫੋਗ ਨੇ ਦੱਸਿਆ ਕਿ ਮਾਰਵੀ ਦੀ ਮੰਗਣੀ ਹੋ ਚੁੱਕੀ ਹੈ ਤਾਂ ਉਮਰ ਨੇ ਕਿਹਾ ਕਿ ਉਹ ਉਸਨੂੰ ਅਗਵਾ ਕਰ ਲਵੇਗਾ। ਇਹ ਸੁਣਕੇ ਫੋਗ ਮਨ ਹੀ ਮਨ ਬੜਾ ਖੁਸ਼ ਹੋਇਆ।

ਅਗਲੇ ਦਿਨ ਹੀ ਦੋਨੇ ਜਾਣੇ ਭੇਸ ਬਦਲਕੇ ਊਠਾਂ ਤੇ ਸਵਾਰ ਹੋ ਕੇ ਭਾਲਵਾ ਰਵਾਨਾ ਹੋ ਗਏ। ਭਾਲਵਾ ਪਹੁੰਚ ਕੇ ਫੋਗ ਨੇ ਉਮਰ ਨੂੰ ਮਾਰਵੀ ਦੇ ਦੀਦਾਰ ਕਰਾਏ। ਮਾਰਵੀ ਨੂੰ ਦੇਖਣ ਤੋਂ ਬਾਅਦ ਉਮਰ ਦਾ ਉਸਨੂੰ ਹਾਸਲ ਕਰਨ ਦਾ ਜਨੂੰਨ ਹੋਰ ਵੱਧ ਗਿਆ। ਕੁਝ ਦਿਨਾਂ ਤੱਕ ਫੋਗ ਤੇ ਉਮਰ ਪਿੰਡ ਵਿੱਚ ਗਸ਼ਤ ਕਰਦੇ ਰਹੇ ਅਤੇ ਮਾਰਵੀ ਤੇ ਨਜ਼ਰ ਰੱਖੀ। ਇੱਕ ਦਿਨ ਮਾਰਵੀ ਆਪਣੀਆਂ ਸਹੇਲੀਆਂ ਨਾਲ ਪਿੰਡ ਤੋਂ ਬਾਹਰ ਖੂਹ ਤੇ ਪਾਣੀ ਭਰਨ ਗਈ ਤਾਂ ਮੌਕਾ ਤਾੜ ਕੇ ਉਮਰ ਨੇ ਉਸਨੂੰ ਅਗਵਾ ਕਰ ਲਿਆ ਅਤੇ ਉਮਰਕੋਟ ਲੈ ਆਇਆ। ਦੂਜੀਆਂ ਕੁੜੀਆਂ ਡਰਕੇ ਦੌੜ ਗਈਆਂ ਅਤੇ ਪਿੰਡ ਜਾ ਕੇ ਇਸ ਦੀ ਖ਼ਬਰ ਪਾਲਿਨੀ ਤੇ ਮਦੂਈ ਨੂੰ ਦਿੱਤੀ। ਪਰ ਜਦੋਂ ਤੱਕ ਉਹ ਖੂਹ ਤੇ ਪਹੁੰਚੇ, ਉਦੋਂ ਤੱਕ ਉਮਰ ਦੇ ਫੋਗ ਮਾਰਵੀ ਨੂੰ ਅਗਵਾ ਕਰਕੇ ਲੈ ਗਏ ਸਨ। ਰਾਸਤੇ ਵਿੱਚ ਮਾਰਵੀ ਬਹੁਤ ਰੋਈ ਕੁਰਲਾਈ। ਉਸਨੇ ਉਮਰ ਦੀਆਂ ਬਹੁਤ ਮਿੰਨਤਾਂ ਤਰਲੇ ਕੀਤੇ ਕਿ ਉਹ ਉਸਨੂੰ ਛੱਡ ਦੇਵੇ, ਪਰ ਉਮਰ ਉੱਪਰ ਇਸਦਾ ਕੋਈ ਅਸਰ ਨਾ ਹੋਇਆ।

ਉਮਰਕੋਟ ਪਹੁੰਚ ਕੇ ਉਮਰ ਨੇ ਮਾਰਵੀ ਨੂੰ ਆਪਣੀ ਰਾਣੀ ਬਣਾਉਣ ਦੀ ਪੇਸ਼ਕਸ਼ ਕਰ ਦਿੱਤੀ ਪਰ ਮਾਰਵੀ ਨੇ ਉਸਨੂੰ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਉਹ ਇੱਕ ਚਰਵਾਹੇ ਦੀ ਧੀ ਹੈ ਤੇ ਰਾਣੀਆਂ ਵਾਲਾ ਐਸ਼ੋ ਅਰਾਮ ਉਹ ਨਹੀਂ ਚਾਹੁੰਦੀ। ਉਮਰ ਨੇ ਮਾਰਵੀ ਨੂੰ ਹਰ ਤਰੀਕੇ ਨਾਲ ਭਰਮਾਉਣ ਦਾ ਯਤਨ ਕੀਤਾ। ਉਮਰ ਨੇ ਵਾਅਦਾ ਕੀਤਾ ਕਿ ਉਹ ਉਸ ਦੇ ਮਾਂ ਪਿਓ ਨੂੰ ਧਨ ਦੌਲਤ ਨਾਲ ਮਾਲੋਮਾਲ ਕਰ ਦੇਵੇਗਾ। ਪਰ ਮਾਰਵੀ ਨੇ ਉਮਰ ਦੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਕਿਹਾ ਕਿ ਮੇਰੀ ਮੰਗਣੀ ਖੇਤਸੈਨ ਨਾਲ ਹੋ ਚੁੱਕੀ ਹੈ ਤੇ ਵਿਆਹ ਉਸ ਨਾਲ ਹੀ ਹੋਵੇਗਾ, ਮੈਨੂੰ ਮੇਰੇ ਮਾਂ ਪਿਓ ਦੀ ਇੱਜਤ ਤੋਂ ਬਿਨ੍ਹਾਂ ਹੋਰ ਕੋਈ ਵੀ ਚੀਜ਼ ਪਿਆਰੀ ਨਹੀਂ, ਮੈਂ ਪਿੰਡ ਦੀ ਸਾਦੀ ਜ਼ਿੰਦਗੀ ਤੋਂ ਖੁਸ਼ ਹਾਂ ਤੇ ਤੇਰੇ ਮਹਿਲਾਂ ਵਿੱਚ ਮੈਨੂੰ ਕਦੇ ਸਕੂਨ ਨਹੀਂ ਮਿਲੇਗਾ। ਇਸ ਤਰ੍ਹਾਂ ਗੱਲ ਨਾ ਬਣਦੀ ਦੇਖ ਉਮਰ ਨੇ ਮਾਰਵੀ ਨੂੰ ਕਿਲ੍ਹੇ ਵਿੱਚ ਕੈਦ ਕਰਵਾ ਦਿੱਤਾ। ਕੈਦ ਵਿੱਚ ਮਾਰਵੀ ਨੇ ਆਪਣੇ ਸਾਦੇ ਲਿਬਾਸ ਨੂੰ ਵੱਖ ਨਹੀਂ ਕੀਤਾ ਜਿਸ ਵਿੱਚ ਉਮਰ ਉਸਨੂੰ ਅਗਵਾ ਕਰਕੇ ਲਿਆਇਆ ਸੀ, ਨਾਂ ਹੀ ਉਸਨੇ ਵਾਲਾਂ ਵਿੱਚ ਕੰਘੀ ਕੀਤੀ। ਆਪਣੇ ਖ਼ੂਬਸੂਰਤ ਚਿਹਰੇ ਨੂੰ ਮਿੱਟੀ ਘੱਟਾ ਲਾ ਲਿਆ। ਕਹਿੰਦੇ ਨੇ ਕਿ ਇੱਕ ਸਾਲ ਤੱਕ ਕੈਦ ਵਿੱਚ ਰਹੀ ਮਾਰਵੀ ਨੇ ਚੱਜ ਨਾਲ ਨਾ ਕੁਝ ਖਾਧਾ ਨਾ ਕੁਝ ਪੀਤਾ। ਦਿਨੋਂ ਦਿਨ ਕਮਜ਼ੋਰ ਹੁੰਦੀ ਗਈ ਅਤੇ ਸਖ਼ਤ ਬਿਮਾਰ ਪੈ ਗਈ। ਉਮਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਉਸਨੂੰ ਪੁੱਛਿਆ ਕਿ ਮਰਨ ਤੋਂ ਪਹਿਲਾ ਜੇ ਉਸਦੀ ਕੋਈ ਇੱਛਾ ਹੈ ਤਾਂ ਦੱਸ ਦੇਵੇ। ਮਾਰਵੀ ਨੇ ਕਿਹਾ ਕਿ ਬੱਸ ਉਸਦੀ ਦੇਹ ਨੂੰ ਉਸਦੇ ਪਿੰਡ ਮਾਂ ਪਿਓ ਕੋਲ ਪਹੁੰਚਦਾ ਕਰ ਦੇਵੇ, ਕਿਉਂ ਕਿ ਉਸਨੂੰ ਆਪਣੇ ਮਾਂ ਪਿਓ ਬਾਪ, ਪਿੰਡ ਦੀ ਮਿੱਟੀ ਤੇ ਪਿੰਡ ਦੇ ਲੋਕਾਂ ਨਾਲ ਹੀ ਪਿਆਰ ਹੈ। ਮਾਰਵੀ ਦੇ ਆਪਣੀ ਸਾਦੀ ਜ਼ਿੰਦਗੀ, ਮਾਂ ਪਿਓ, ਮੰਗੇਤਰ ਤੇ ਪਿੰਡ ਦੀ ਮਿੱਟੀ ਨਾਲ ਏਨੇ ਪਿਆਰ ਅੱਗੇ ਆਖਰਕਾਰ ਉਮਰ ਨੂੰ ਹਾਰ ਮੰਨਣੀ ਪਈ। ਉਸਨੇ ਮਾਰਵੀ ਨੂੰ ਪੂਰੀ ਇੱਜਤ ਤੇ ਮਾਣ ਸਨਮਾਨ ਨਾਲ ਉਸਦੇ ਪਿੰਡ ਵਾਪਸ ਭੇਜ ਦਿੱਤਾ।

ਇਸ ਗਾਥਾ ਬਾਰੇ ਕੁਝ ਸਿੰਧੀ ਕਵੀਆਂ ਤੇ ਕਿੱਸਾਕਾਰਾਂ ਨੇ ਇੱਕ ਕਹਾਣੀ ਇੰਜ ਵੀ ਦੱਸੀ ਹੈ ਕਿ ਹਮੀਰ ਸੂਮਰੋ ਦੇ ਪਹਿਲੀ ਔਲਾਦ ਪੁੱਤਰ ਸੀ ਉਮਰ ਸੂਮਰੋ ਅਤੇ ਦੂਜੀ ਔਲਾਦ ਪੁੱਤਰੀ ਮਾਰਵੀ ਸੀ।
 
ਉਨ੍ਹਾਂ ਦਿਨਾਂ ਵਿੱਚ, ਬਹੁਤੇ ਰਾਜ ਘਰਾਣੇ ਪਰਿਵਾਰ ਪੁੱਤਰ ਮੋਹ ਰੱਖਦੇ ਸਨ ਅਤੇ ਕੁੜੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ। ਮਹਿਲ ਵਿੱਚ ਚੁੱਪ-ਚਾਪ ਨਵਜੰਮੀ ਕੁੜੀ ਨੂੰ ਮਾਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ, ਇਹ ਕੰਮ ਦਾਈ ਨੂੰ ਸੌਂਪਿਆ ਗਿਆ। ਉਮਰਕੋਟ ਵਿੱਚ ਇਕ ਬੇਔਲਾਦ ਚਰਵਾਹਾ ‘ਪਾਲਿਨੀ’ ਰਹਿੰਦਾ ਸੀ, ਦਾਈ ਪਾਲਿਨੀ ਨੂੰ ਜਾਣਦੀ ਸੀ। ਦਾਈ ਨੇ ਸੋਚਿਆ ਕਿ ਇਸ ਲੜਕੀ ਨੂੰ ਮਾਰਨ ਦੀ ਬਜਾਏ ਮੈਂ ਪਾਲਿਨੀ ਨੂੰ ਦੇ ਦਿਆਂਗੀ, ਦਾਈ ਨੇ ਸਾਰੀ ਗੱਲ ਪਾਲਿਨੀ ਨੂੰ ਸਮਝਾਈ ਅਤੇ ਲੜਕੀ ਉਸਨੂੰ ਦੇ ਦਿੱਤੀ ਅਤੇ ਉਸ ਨੂੰ ਉਮਰਕੋਟ ਛੱਡਣ ਲਈ ਕਿਹਾ। ਮਹਿਲ ਵਿੱਚ ਉਸ ਨੇ ਇਹ ਕਿਹਾ ਕਿ ਉਸਨੇ ਲੜਕੀ ਨੂੰ ਮਾਰ ਦਿੱਤਾ ਹੈ। ਉਧਰ ਪਾਲਿਨੀ ਤੇ ਉਸਦੀ ਪਤਨੀ ਇਸ ਬੱਚੀ ਨੂੰ ਲੈ ਕੇ ਭਾਲਵਾ ਚਲੇ ਗਏ। ਉਸ ਕੁੜੀ ਦਾ ਨਾਮ ਉਹਨਾਂ ਨੇ ਮਾਰਵੀ ਰੱਖਿਆ। ਇਸ ਤਰ੍ਹਾਂ ਮਾਰਵੀ ਭਾਲਵਾ ਪਿੰਡ ਵਿੱਚ ਵੱਡੀ ਹੋਈ।

ਇੱਕ ਦਿਨ ਮਾਰਵੀ ਆਪਣੀਆਂ ਸਹੇਲੀਆਂ ਨਾਲ ਬਾਹਰ ਖੇਡ ਰਹੀ ਸੀ ਤੇ ਕੁਝ ਰਾਹਗੀਰ ਉੱਥੋਂ ਲੰਘੇ। ਉਨ੍ਹਾਂ ਰਾਹਗੀਰਾਂ ਵਿੱਚ ਇੱਕ ਵਿਅਕਤੀ ਸੀ ਜੋ ਬਹੁਤ ਗਿਆਨਵਾਨ ਸੀ। ਮਾਰਵੀ ਨੂੰ ਵੇਖ ਕੇ ਉਸਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਐਨੀ ਸੋਹਣੀ ਇਹ ਕੁੜੀ ਇੱਥੇ ਇੱਕ ਆਮ ਜਿਹੇ ਪਿੰਡ ਵਿੱਚ ਕਿਵੇਂ? ਕਿਉਕਿ ਉਮਰ ਕਿਸੇ ਵੀ ਸੋਹਣੀ ਸੁਨੱਖੀ ਲੜਕੀ ਦੇ ਪਤਾ ਲੱਗਣ ਬਾਰੇ ਉਸ ਨੂੰ ਆਪਣੇ ਹਰਮ ਵਿੱਚ ਲੈ ਜਾਂਦਾ ਸੀ। ਉਸਨੇ ਮਾਰਵੀ ਨੂੰ ਪੁੱਛਿਆ ਕਿ ਉਹ ਕਿਸ ਦੀ ਧੀ ਹੈ? ਮਾਰਵੀ ਨੇ ਕਿਹਾ ਕਿ ਉਹ ਪਾਲਿਨੀ ਦੀ ਧੀ ਹੈ ਤੇ ਸਾਹਮਣੇ ਉਸਦਾ ਘਰ ਹੈ। ਉਹ ਰਾਹਗੀਰ ਮਾਰਵੀ ਨਾਲ ਉਸ ਦੇ ਘਰ ਗਏ। ਜਿੱਥੇ ਉਨ੍ਹਾਂ ਮਾਰਵੀ ਦੀ ਮਾਂ ਨਾਲ ਮੁਲਾਕਾਤ ਕੀਤੀ ਤੇ ਉਸਨੂੰ ਪੱਛਿਆ, ਸਾਨੂੰ ਇਸ ਕੁੜੀ ਨੂੰ ਵੇਖਣਾ ਅਜੀਬ ਲੱਗਿਆ, ਰੰਗ ਰੂਪ ਤੋਂ ਇਹ ਤੁਹਾਡੀ ਕੁੜੀ ਨਹੀਂ ਲੱਗਦੀ! ਜੇ ਇਸ ਵਿਚ ਕੋਈ ਰਾਜ਼ ਹੈ ਤਾਂ ਦੱਸੋ। ਮਾਰਵੀ ਦੀ ਮਾਂ ਨੇ ਉਨ੍ਹਾਂ ਸਾਰੀ ਅਸਲੀਅਤ ਦੱਸ ਦਿੱਤੀ, ਕਿ ਅਸਲ ਵਿਚ ਇਹ ਰਾਜਾ ਹਮੀਰ ਸੂਮਰੋ ਦੀ ਧੀ ਹੈ, ਰਾਜੇ ਉਮਰ ਦੀ ਭੈਣ ਹੈ ਜੋ ਉਮਰਕੋਟ ਦਾ ਰਾਜਾ ਹੈ। ਉਮਰ ਉਦੋਂ ਤਕ ਰਾਜਾ ਬਣ ਗਿਆ ਸੀ। ਮਾਰਵੀ ਆਪਣੀ ਮਾਂ ਦੀ ਸਾਰੀ ਗੱਲ ਸੁਣ ਰਹੀ ਸੀ। ਉਸਨੂੰ ਇਹ ਬੜਾ ਚੰਗਾ ਲੱਗਾ ਕਿ ਰਾਜਾ ਉਮਰ ਉਸਦਾ ਭਰਾ ਹੈ।

ਜਦੋਂ ਫੋਗ ਦੇ ਉਕਸਾਉਣ ਤੇ ਉਮਰ ਮਾਰਵੀ ਨੂੰ ਅਗਵਾ ਕਰਕੇ ਲੈ ਜਾ ਰਿਹਾ ਸੀ ਤਾਂ ਮਾਰਵੀ ਨੇ ਉਮਰ ਨੂੰ ਕਿਹਾ ਕਿ ਉਹ ਉਮਰਕੋਟ ਦੇ ਰਾਜੇ ਉਮਰ ਦੀ ਭੈਣ ਹੈ। ਜੇ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੇਰੇ ਟੁਕੜੇ ਟੁਕੜੇ ਕਰ ਦੇਵੇਗਾ। ਉਮਰ ਨੇ ਕਿਹਾ ਕਿ ਮੈਂ ਹੀ ਰਾਜਾ ਉਮਰ ਹਾਂ ਤੇ ਮੇਰੀ ਕੋਈ ਭੈਣ ਨਹੀਂ ਹੈ। ਉਮਰ ਨੇ ਮਾਰਵੀ ਨੂੰ ਕਿਲ੍ਹੇ ਵਿੱਚ ਬੰਦ ਕਰ ਦਿੱਤਾ। ਜਦੋਂ ਉਮਰ ਨੇ ਮਾਰਵੀ ਨੂੰ ਵਿਆਹ ਲਈ ਕਿਹਾ ਤਾਂ ਮਾਰਵੀ ਨੇ ਕਿਹਾ ਕਿ ਜ਼ਮੀਨ ਪਾਟ ਜਾਵੇਗੀ, ਅਸਮਾਨ ਡਿੱਗ ਪਵੇਗਾ ਇੱਕ ਭੈਣ ਆਪਣੇ ਸਕੇ ਭਰਾ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ? ਪਰ ਉਮਰ ਨੂੰ ਉਸਦੀ ਕਿਸੇ ਗੱਲ ਤੇ ਯਕੀਨ ਨਹੀਂ ਸੀ। ਉਹ ਜਦੋਂ ਵੀ ਉਸ ਕੋਲ ਵਿਆਹ ਦਾ ਪ੍ਰਸਤਾਵ ਲੈ ਕੇ ਜਾਂਦਾ ਤਾਂ ਮਾਰਵੀ ਉਸਨੂੰ ਲਾਹਨਤਾਂ ਪਾਉਂਦੀ। ਉਮਰ ਨੇ ਮਾਰਵੀ ਨੂੰ ਸ਼ਾਹੀ ਜ਼ਿੰਦਗੀ ਤੇ ਐਸ਼ੋ ਅਰਾਮ ਦੇ ਲਾਲਚ ਦਿੱਤੇ, ਪਰ ਮਾਰਵੀ ਨੇ ਉਸਦੀ ਇੱਕ ਨਾ ਮੰਨੀ।

ਉਮਰ ਦੇ ਸਾਰੇ ਯਤਨ ਨਾਕਾਮ ਹੋ ਗਏ। ਮਾਰਵੀ ਇਸ ਸਮੇਂ ਵਿੱਚ, ਦਿਨ ਰਾਤ ਦੁਖੀ ਰਹਿਣ ਲੱਗੀ ਅਤੇ ਬੀਮਾਰ ਹੋ ਗਈ। ਜਦੋਂ ਮਰਨ ਕਿਨਾਰੇ ਪਈ ਮਾਰਵੀ ਕੋਲ ਉਮਰ ਨੇ ਇੱਕ ਵਾਰ ਫਿਰ ਉਹੀ ਗੱਲ ਦੁਹਰਾਈ ਤਾਂ ਮਾਰਵੀ ਨੇ ਕਿਹਾ ਕਿ ਸਕੇ ਭੈਣ ਭਰਾ ਦਾ ਵਿਆਹ ਨਹੀਂ ਹੋ ਸਕਦਾ। ਉਮਰ ਨੇ ਜਦੋਂ ਕਿਹਾ ਕਿ ਮੈਂ ਤੇਰੀ ਗੱਲ ਉੱਪਰ ਕਿਵੇਂ ਯਕੀਨ ਕਰਾਂ ਕਿ ਤੂੰ ਮੇਰੀ ਭੈਣ ਤੇ ਮੈ ਤੇਰਾ ਭਰਾ ਹਾਂ। ਮਾਰਵੀ ਨੇ ਜਵਾਬ ਦਿੱਤਾ ਕਿ ਉਸ ਦਾਈ ਨੂੰ ਪੁੱਛ ਜਿਸਨੇ ਮੈਨੂੰ ਤੇਰੇ ਪਰਿਵਾਰ ਕੋਲ ਮੇਰੇ ਮਾਰ ਦਿੱਤੇ ਜਾਣ ਦਾ ਝੂਠ ਬੋਲ ਕੇ ਮੇਰੇ ਪਾਲਣ ਵਾਲੇ ਮਾਂ ਪਿਓ ਨੂੰ ਸੌਂਪ ਦਿੱਤਾ ਸੀ। ਉਮਰ ਨੇ ਫ਼ੌਰਨ ਉਸ ਦਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ। ਦਾਈ ਹਾਜ਼ਰ ਹੋਈ ਤੇ ਸਾਰਾ ਕਿੱਸਾ ਉਮਰ ਨੂੰ ਸੁਣਾ ਦਿੱਤਾ। ਜਦੋਂ ਉਮਰ ਨੂੰ ਇਹ ਪਤਾ ਲੱਗੀ ਕਿ ਮਾਰਵੀ ਉਸ ਦੀ ਭੈਣ ਹੈ ਤੇ ਉਸਨੇ ਉਸਨੂੰ ਵਿਆਹ ਕਰਾਉਣ ਲਈ ਅਗਵਾ ਕਰ ਲਿਆਂਦਾ ਸੀ ਤਾਂ ਉਸਨੂੰ ਆਪਣੇ ਆਪ ਨਾਲ ਨਫ਼ਰਤ ਹੋ ਗਈ।
 
ਉਸਨੇ ਤੁਰੰਤ ਮਾਰਵੀ ਨੂੰ ਕੈਦ ਵਿੱਚੋਂ ਕੱਢਕੇ ਮਹਿਲ ਵਿੱਚ ਲਿਆਂਦਾ ਤੇ ਹਕੀਮਾਂ ਕੋਲੋਂ ਉਸਦਾ ਇਲਾਜ ਕਰਵਾਇਆ। ਜਦੋਂ ਮਾਰਵੀ ਕੁਝ ਤੰਦਰੁਸਤ ਹੋਈ ਤਾਂ ਉਮਰ ਨੇ ਕਈ ਤਰ੍ਹਾਂ ਦੇ ਤੋਹਫ਼ੇ ਦੇਕੇ ਮਾਰਵੀ ਨੂੰ ਉਸਦੇ ਪਿੰਡ ਭੇਜ ਦਿੱਤਾ।

ਪਿੰਡ ਵਾਪਸ ਆਉਣ ਤੇ ਅਗਲੀ ਮੁਸੀਬਤ ਮਾਰਵੀ ਸਿਰ ਉਦੋਂ ਆਣ ਪਈ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੇ ਅਗਵਾ ਹੋਣ ਦੀ ਖ਼ਬਰ ਸੁਣਕੇ ਉਸਦੇ ਮੰਗੇਤਰ ਤੇ ਸਹੁਰਿਆਂ ਨੇ ਉਸ ਦਾ ਰਿਸ਼ਤਾ ਤੋੜ ਦਿੱਤਾ। ਪਾਲਿਨੀ ਤੇ ਮਦੂਈ ਨੇ ਵੀ ਉਸਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਸਨੂੰ ਉੱਥੋਂ ਚਲੀ ਜਾਣ ਲਈ ਕਿਹਾ। ਪਿੰਡ ਵਾਲ਼ਿਆਂ ਨੇ ਵੀ ਮਾਰਵੀ ਦੀ ਪਵਿੱਤਰਤਾ ਤੇ ਸ਼ੰਕਾ ਜ਼ਾਹਰ ਕੀਤਾ ਤੇ ਉਸਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ। ਜਦੋਂ ਇਸਦੀ ਖ਼ਬਰ ਉਮਰ ਨੂੰ ਪਤਾ ਲੱਗੀ ਤਾਂ ਉਸਨੇ ਭਾਲਵਾ ਜਾ ਕੇ ਮਾਰਵੀ ਬਾਰੇ ਹਰ ਸ਼ੰਕੇ ਨੂੰ ਸਪੱਸ਼ਟ ਕਰਨ ਦਾ ਫੈਸਲਾ ਕੀਤਾ। ਉਮਰ ਫੌਜ ਸਮੇਤ ਪਿੰਡ ਭਾਲਵਾ ਪਹੁੰਚਿਆ। ਲੋਕਾਂ ਨੇ ਸੋਚਿਆ ਉਮਰ ਪਿੰਡ ਤੇ ਹਮਲਾ ਕਰਨ ਆਇਆ ਹੈ। ਮਾਰਵੀ ਨੇ ਉਮਰ ਨੂੰ ਕਿਹਾ ਪਹਿਲਾਂ ਹੀ ਉਸਨੇ ਇੱਕ ਗਲਤੀ ਕੀਤੀ ਅਤੇ ਹੁਣ ਉਹ ਫੌਜ ਲੈ ਕੇ ਪਿੰਡ ਤੇ ਹਮਲਾ ਕਰਨ ਆ ਗਿਆ। ਉਮਰ ਨੇ ਉਸਨੂੰ ਆਉਣ ਦਾ ਕਾਰਨ ਦੱਸਿਆ ਅਤੇ ਪਿੰਡ ਵਾਲ਼ਿਆਂ ਦੇ ਸਾਹਮਣੇ ਉਸਨੇ ਲਾਲ ਗਰਮ ਲੋਹੇ ਦਾ ਡੰਡਾ ਮੰਗਵਾਇਆ ਤੇ ਉਸਨੂੰ ਫੜਦੇ ਹੋਏ ਕਿਹਾ ਕਿ ਉਸ ਦਾ ਨੁਕਸਾਨ ਰਹਿਤ ਹੱਥ ਮਾਰਵੀ ਦੀ ਪਵਿੱਤਰਤਾ ਤੇ ਸਤ ਦਾ ਸਬੂਤ ਹੋਵੇਗਾ। ਪਰ ਮਾਰਵੀ ਨੇ ਕਿਹਾ ਸ਼ੱਕ ਦੇ ਘੇਰੇ ਵਿੱਚ ਉਹ ਹੈ ਇਸ ਲਈ ਉਹ ਇਸ ਇਮਤਿਹਾਨ ਦਾ ਸਾਹਮਣਾ ਕਰੇਗੀ। ਮਾਰਵੀ ਨੇ ਲੋਹੇ ਦੇ ਉਸ ਗਰਮ ਡੰਡੇ ਨੂੰ ਫੜਿਆ ਤੇ ਉਸਦੇ ਹੱਥ ਨੂੰ ਕੋਈ ਨੁਕਸਾਨ ਨਾ ਹੋਇਆ। ਇਸ ਤਰ੍ਹਾਂ ਮਾਰਵੀ ਇਸ ਇਮਤਿਹਾਨ ਵਿੱਚ ਕਾਮਯਾਬ ਰਹੀ। ਸਭ ਦੇ ਸ਼ੰਕੇ ਦੂਰ ਹੋ ਗਏ। ਮਾਰਵੀ ਨੂੰ ਉਸਦੇ ਮਾਂ ਪਿਓ ਤੇ ਸਹੁਰਿਆਂ ਨੇ ਅਪਣਾ ਲਿਆ। ਕੁਝ ਸਮੇਂ ਬਾਅਦ ਮਾਰਵੀ ਤੇ ਖੇਤਸੈਨ ਦਾ ਵਿਆਹ ਹੋ ਗਿਆ।

ਸਿੰਧ ਦੇ ਉਮਰਕੋਟ ਕਿਲ੍ਹੇ ਵਿੱਚ ਆਉਣ ਵਾਲੇ ਲੋਕਾਂ ਨੂੰ ਇੱਥੋਂ ਦੇ ਸਿੰਧੀ ਲੋਕ ਗਾਇਕ ਅੱਜ ਵੀ ਇਹ ਗਾਥਾ ਸਿੰਧ ਦੇ ਰਵਾਇਤੀ ਸਾਜ਼ਾਂ ਦੀ ਮਦਦ ਨਾਲ ਗਾ ਕੇ ਸੁਣਾਉਂਦੇ ਨੇ। ਇਹ ਕਿਲ੍ਹੇ ਦੀਆਂ ਦੀਵਾਰਾਂ ਅੱਜ ਵੀ ਇਸ ਲੋਕ ਗਾਥਾ ਦੀ ਗਵਾਹੀ ਭਰਦੀਆਂ ਨੇ ਜਿੱਥੇ ਕਦੇ ਮਾਰਵੀ ਨੂੰ ਉਮਰ ਸੂਮਰੋ ਵੱਲੋਂ ਕੈਦ ਕਰਕੇ ਰੱਖਿਆ ਗਿਆ ਸੀ। ਭਾਲਵਾ ਪਿੰਡ ਵਿੱਚ ਉਹ ਖੂਹ ਵੀ ਹਜੇ ਮੌਜੂਦ ਹੈ ਜਿਸ ਉੱਪਰ ਪਾਣੀ ਭਰਨ ਆਈ ਮਾਰਵੀ ਨੂੰ ਉਮਰ ਅਗਵਾ ਕਰਕੇ ਲੈ ਗਿਆ ਸੀ।

ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰਬਰ+91 9815959476
ਈਮੇਲ johallakwinder@gmail.com

 

 

26ਸਿੰਧੀ ਲੋਕ ਗਾਥਾ - ਉਮਰ ਮਾਰਵੀ
ਲਖਵਿੰਦਰ ਜੌਹਲ ‘ਧੱਲੇਕੇ’
25ਸ਼ਰਾਫ਼ਤ, ਨਮਰਤਾ, ਸਲੀਕਾ ਅਤੇ ਇਮਾਨਦਾਰੀ ਦਾ ਮੁਜੱਸਮਾ ਅਮਰਦੀਪ ਸਿੰਘ ਰਾਏ
ਉਜਾਗਰ ਸਿੰਘ, ਪਟਿਆਲਾ
kotliਦੀਨ ਦੁਖੀਆਂ ਦੀ ਮਦਦਗਾਰ ਸਮਾਜ ਸੇਵਿਕਾ ਦਵਿੰਦਰ ਕੌਰ ਕੋਟਲੀ
ਉਜਾਗਰ ਸਿੰਘ, ਪਟਿਆਲਾ
katalਅਣਖ ਖ਼ਾਤਰ ਹੋ ਰਹੇ ਕਤਲ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
dheeanਧੀਆਂ ਵਰਗੀ ਧੀ ਮੇਰੀ ਦੋਹਤੀ ਕਿੱਥੇ ਗਈਆ ਮੇਰੀਆ ਖੇਡਾ...?
ਰਵੇਲ ਸਿੰਘ ਇਟਲੀ
khedanਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ
ਫ਼ਿੰਨਲੈਂਡ ਵਿੱਚ ਪੰਜਾਬੀ ਮੂਲ ਦੀ ਲੜਕੀ ਯੂਥ ਕੌਂਸਲ ਲਈ ਉਮੀਦਵਾਰ ਚੁਣੀ ਗਈ
ਬਿਕਰਮਜੀਤ ਸਿੰਘ ਮੋਗਾ, ਫ਼ਿੰਨਲੈਂਡ
ਸਿੱਖਿਆ ਅਤੇ ਸਮਾਜ-ਸੇਵੀ ਖੇਤਰਾਂ ਵਿਚ ਚਮਕਦਾ ਮੀਲ-ਪੱਥਰ - ਬੀਬੀ ਗੁਰਨਾਮ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜ ਅਤੇ ਸਿੱਖਿਆ-ਖੇਤਰ ਦਾ ਰਾਹ-ਦਸੇਰਾ - ਜਸਵੰਤ ਸਿੰਘ ਸਰਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇਹ ਹਨ ਸ. ਬਲਵੰਤ ਸਿੰਘ ਉੱਪਲ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ
ਪੰਜਾਬੀ ਵਿਰਾਸਤ ਦਾ ਪਹਿਰੇਦਾਰ : ਕਮਰਜੀਤ ਸਿੰਘ ਸੇਖੋਂ
ਉਜਾਗਰ ਸਿੰਘ, ਪਟਿਆਲਾ
ਕੁੱਖ ‘ਚ ਧੀ ਦਾ ਕਤਲ, ਕਿਉਂ ?
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਜਿੰਦਗੀ ‘ਚ ਇਕ ਵਾਰ ਮਿਲਦੇ ‘ਮਾਪੇ’
ਰਾਜਵਿੰਦਰ ਸਿੰਘ ‘ਰਾਜਾ’, ਸ੍ਰੀ ਮੁਕਤਸਰ ਸਾਹਿਬ
ਪੰਜਾਬੀਅਤ ਦਾ ਰਾਜਦੂਤ : ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ
ਦੇਸ਼ ਕੀ ਬੇਟੀ ‘ਗੀਤਾ’
ਮਿੰਟੂ ਬਰਾੜ , ਆਸਟ੍ਰੇਲੀਆ
ਮਾਂ–ਬਾਪ ਦੀ ਬੱਚਿਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ?
ਸੰਜੀਵ ਝਾਂਜੀ, ਜਗਰਾਉਂ।
ਸੋ ਕਿਉ ਮੰਦਾ ਆਖੀਐ...
ਗੁਰਪ੍ਰੀਤ ਸਿੰਘ, ਤਰਨਤਾਰਨ
ਨੈਤਿਕ ਸਿੱਖਿਆ ਦਾ ਮਹੱਤਵ
ਡਾ. ਜਗਮੇਲ ਸਿੰਘ ਭਾਠੂਆਂ, ਦਿੱਲੀ
“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ”
ਬੀੜ੍ਹ ਰਾਊ ਕੇ (ਮੋਗਾ) ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ (ਯੂ ਕੇ )
ਗੁਰਚਰਨ ਸਿੰਘ ਸੇਖੋਂ ਬੌੜਹਾਈ ਵਾਲਾ(ਸਰੀ)ਕਨੇਡਾ
ਆਦਰਸ਼ ਪਤੀ ਪਤਨੀ ਦੇ ਗੁਣ
ਪੇਸ਼ਕਰਤਾ: ਹਰਦੀਪ ਸਿੰਘ ਮਾਨ, ਅਸਟਰੀਆ
‘ਮਾਰੂ’ ਸਾਬਤ ਹੋ ਰਿਹਾ ਹੈ ਸੜਕ ਦੁਰਘਟਣਾ ਨਾਲ ਸਬੰਧਤ ਕਨੂੰਨ
1860 ਵਿੱਚ ਬਣੇ ਕਨੂੰਨ ਵਿੱਚ ਤੁਰੰਤ ਸੋਧ ਦੀ ਲੋੜ

ਸੁਰਿੰਦਰ ਭਾਰਤੀ ਤਿਵਾੜੀ, ਫਰੀਦਕੋਟ
ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਰੂਬਰੂ ਸਮਾਗਮ ਦੌਰਾਨ ਸਨਮਾਨ
ਵਿਰਾਸਤ ਭਵਨ ਵਿਖੇ ਪਾਲ ਗਿੱਲ ਦਾ ਸਨਮਾਨ ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਗੰਗਾ‘ਚ ਵਧ ਰਿਹਾ ਪ੍ਰਦੂਸ਼ਨ ਕੇਂਦਰ ਲਈ ਚਿੰਤਾ ਦਾ ਵਿਸ਼ਾ: ਬਾਂਸਲ
ਧਰਮ ਲੂਨਾ

ਆਓ ਮਦਦ ਕਰੀਏ ਕਿਉਂਕਿ......
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)