WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਭਾਰਤ - ਇੰਗਲੈਂਡ ਕ੍ਰਿਕਟ ਸੀਰੀਜ਼ ਦਾ ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

5_cccccc1.gif (41 bytes)

 

ਏਲਿਸਟਰ ਕੁੱਕ ਦੀ ਕਪਤਾਨੀ ਅਧੀਨ ਇੰਗਲੈਂਡ ਕ੍ਰਿਕਟ ਟੀਮ 30 ਅਕਤੂਬਰ 2012 ਤੋਂ 27 ਜਨਵਰੀ 2013 ਤੱਕ 4 ਟੈਸਟ ਮੈਚ, 5 ਇੱਕ ਰੋਜ਼ਾ ਮੈਚ ਅਤੇ ਦੋ ਟੀ-20 ਮੈਚ ਖੇਡਣ ਲਈ ਭਾਰਤ ਆਈ। ਇਸ ਮੁਤਾਬਕ ਟੈਸਟ ਮੈਚ, ਟੀ-20 ਲੜੀ ਤਾਂ ਕ੍ਰਿਸਮਿਸ ਤੋਂ ਪਹਿਲਾਂ ਹੀ ਖੇਡੀ ਜਾ ਚੁੱਕੀ ਸੀ। ਫਿਰ ਏਸੇ ਹੀ ਲੜੀ ਦਾ ਬਾਕੀ ਰਹਿੰਦਾ ਹਿੱਸਾ 11 ਜਨਵਰੀ ਤੋਂ ਸ਼ੁਰੂ ਹੋਇਆ ਅਤੇ 27 ਜਨਵਰੀ ਤੱਕ ਚੱਲਿਆ। ਮਹਿਮਾਨ ਟੀਮ ਨੇ 30 ਅਕਤੂਬਰ ਤੋਂ ਮੁੰਬਈ ਵਾਲੇ ਅਭਿਆਸੀ ਮੈਚ ਨਾਲ ਆਪਣਾ ਟੂਰ ਸ਼ੁਰੂ ਕਰਿਆ ਸੀ।

ਦੋਹਾਂ ਮੁਲਕਾਂ ਦੇ ਕ੍ਰਿਕਟ ਸਬੰਧ 1932 ਵਿੱਚ ਲਾਰਡਜ਼ ਵਿਖੇ ਹੋਏ ਪਹਿਲੇ ਟੈਸਟ ਮੈਚ ਨਾਲ ਸ਼ੁਰੂ ਹੋਏ ਸਨ। ਉਦੋਂ ਇੰਗਲੈਂਡ ਨੇ 269 ਅਤੇ 275/8 ਰਨਜ਼ ਬਣਾਏ, ਪਰ ਭਾਰਤੀ ਟੀਮ 189,187 ਰਨਜ਼ ਹੀ ਬਣਾ ਸਕੀ। ਇਸ ਤਰ੍ਹਾਂ ਇੰਗਲੈਂਡ ਟੀਮ 158 ਦੌੜਾਂ ਦੇ ਫ਼ਰਕ ਨਾਲ ਪਹਿਲੀ ਜੇਤੂ ਬਣੀ। ਇੰਗਲੈਂਡ ਟੀਮ ਨੇ 1933-34 ਵਿੱਚ ਭਾਰਤ ਦਾ ਦੌਰਾ ਕੀਤਾ। ਭਾਰਤ ਦੀ ਸਰ ਜਮੀਂ ਤੇ ਪਹਿਲਾ ਟੈਸਟ ਮੈਚ ਜਿਮਖਾਨਾ (ਮੁੰਬਈ) ਵਿਖੇ ਖੇਡਿਆ ਗਿਆ, ਇੰਗਲੈਂਡ ਟੀਮ 9 ਵਿਕਟਾਂ ਨਾਲ ਜੇਤੂ ਰਹੀ। ਦੋਹਾਂ ਮੁਲਕਾਂ ਦਰਮਿਆਂਨ ਹੁਣ ਤੱਕ 107 ਟੈਸਟ ਮੈਚ ਹੋਏ ਐ, ਜਿਹਨਾਂ ਵਿੱਚੋਂ ਭਾਰਤ ਨੇ 19 ਅਤੇ ਇੰਗਲੈਂਡ ਨੇ 38 ਜਿੱਤੇ ਐ, ਜਦੋਂ ਕਿ 46 ਮੈਚ ਬਰਾਬਰ ਰਹੇ ਨੇ। ਦੋਹਾਂ ਮੁਲਕਾਂ ਨੇ ਆਪਣੇ ਕ੍ਰਿਕਟ  ਇਤਿਹਾਸ ਦਾ 100 ਟੈਸਟ ਮੈਚ 21 ਤੋਂ 25 ਜੁਲਾਈ 2011 ਤੱਕ ਲਾਰਡਜ਼ ਵਿੱਚ ਖੇਡਿਆ। ਜੋ ਇੰਗਲੈਂਡ ਨੇ ਜਿੱਤਿਆ, 103ਵਾਂ ਟੈਸਟ ਮੈਚ 18 ਤੋਂ 22 ਅਗਸਤ ਤੱਕ ਕੇਨਿੰਗਸਟਨ ਓਵਲ (ਲੰਡਨ) ਵਿੱਚ ਹੋਇਆ। ਹੁਣੇ ਜਿਹੇ ਖ਼ਤਮ ਹੋਏ ਟੂਰ ਦੀ ਸ਼ੁਰੂਆਤ 104 ਵੇਂ ਟੈਸਟ ਮੈਚ ਨਾਲ 15 ਨਵੰਬਰ 2012 ਤੋਂ ਹੋਈ ਅਤੇ ਆਖ਼ਰੀ ਟੈਸਟ ਮੈਚ 13 ਤੋਂ 17 ਦਸੰਬਰ 2012 ਤੱਕ ਵਿਦਰਬਾ ਕਿ੍ਰਕਟ ਐਸੋਸੀਏਸ਼ਨ ਸਟੇਡੀਅਮ ਨਾਗਪੁਰ ਵਿੱਚ ਬਰਾਬਰ ਰਿਹਾ ।

ਪਹਿਲਾ ਟੈਸਟ ਮੈਚ 15 ਤੋਂ 19 ਨਵੰਬਰ 2012 ਨੂੰ ਸਰਦਾਰ ਪਟੇਲ ਸਟੇਡੀਅਮ ਮੋਟੇਰਾ ਅਹਿਮਦਾਬਾਦ ਵਿੱਚ ਭਾਰਤ ਨੇ 9 ਵਿਕਟਾਂ ਨਾਲ,23 ਤੋਂ 26 ਨਵੰਬਰ ਦੂਜਾ ਟੈਸਟ ਮੈਚ ਵਾਨਖੇੜੇ ਸਟੇਡੀਅਮ ਮੁੰਬਈ ਵਿਖੇ ਇੰਗਲੈਂਡ ਨੇ 10 ਵਿਕਟਾਂ ਨਾਲ ਜਿੱਤ ਕਿ ਬਰਾਬਰੀ ਕੀਤੀ। ਤੀਜਾ ਮੈਚ 5 ਤੋਂ 9 ਦਸੰਬਰ ਤੱਕ ਈਡਨ ਗਾਰਡਨ ਕੋਲਕਾਤਾ ਵਿਖੇ ਇੰਗਲੈਂਡ ਨੇ 7 ਵਿਕਟਾਂ ਨਾਲ ਜਿੱਤ ਕਿ ਸੀਰੀਜ਼ ਵਿੱਚ 2-1 ਨਾਲ ਬੜ੍ਹਤ ਬਣਾਈ। ਚੌਥਾ ਅਤੇ ਆਖ਼ਰੀ ਟੈਸਟ ਮੈਚ 13 ਤੋਂ 17 ਦਸੰਬਰ ਤੱਕ ਵਿਦਰਬਾ ਕ੍ਰਿਕਟ  ਐਸੋਸੀਏਸ਼ਨ ਸਟੇਡੀਅਮ ਨਾਗਪੁਰ ਵਿੱਚ ਬਰਾਬਰੀ ਉੱਤੇ ਖ਼ਤਮ ਹੋਇਆ। ਇਸ ਤਰ੍ਹਾਂ 1985 ਮਗਰੋਂ ਇੰਗਲੈਂਡ ਟੀਮ ਭਾਰਤ ਵਿੱਚ ਭਾਰਤੀ ਟੀਮ ਨੂੰ 2-1 ਨਾਲ ਹਰਾਉਂਣ ‘ਚ ਸਫ਼ਲ ਰਹੀ। ਭਾਰਤ ਦੇ ਚੁਤੇਸ਼ਵਰ ਪੁਜਾਰਾ ਨੇ 438 ਅਤੇ ਮਹਿਮਾਨ ਟੀਮ ਦੇ ਕਪਤਾਨ ਇਲੈਸਟਰ ਕੁੱਕ ਨੇ 562 ਦੌੜਾਂ ਬਣਾਈਆਂ। ਪ੍ਰਗਾਇਨ ਓਝਾ ਅਤੇ ਇੰਗਲੈਂਡ ਟੀਮ ਦੇ ਗਰਾਇਮ ਸਵਾਨ ਨੇ 20- 20 ਵਿਕਟਾਂ ਲਈਆਂ। ਸੀਰੀਜ਼ ਦਾ ਸਰਵੋਤਮ ਖਿਡਾਰੀ ਇਲੈਸਟਰ ਕੁੱਕ ਬਣਿਆਂ। ਟੂਰ ਦਾ ਪਹਿਲਾ ਟੀ-20 ਸੁਬਰਤਾ ਰਾਇ ਸਹਾਰਾ ਸਟੇਡੀਅਮ ਪੂਨਾ ਵਿੱਚ 20 ਦਸੰਬਰ ਨੂੰ ਭਾਰਤ ਨੇ 5 ਵਿਕਟਾਂ ਨਾਲ ਜਿੱਤਿਆ। ਅਜੇ 2.1 ਓਵਰ ਦੀ ਖੇਡ ਵੀ ਬਾਕੀ ਸੀ। ਦੂਜਾ ਟੀ-20 ਵਾਨਖੇੜੇ ਸਟੇਡੀਅਮ ਮੁੰਬਈ ਵਿੱਚ 22 ਦਸੰਬਰ ਨੂੰ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤ ਕਿ ਟੀ-20 ਲੜੀ 1-1 ਨਾਲ ਬਰਾਬਰ ਕਰ ਦਿਖਾਈ।।ਉਸ ਨੇ ਇਹ ਜਿੱਤ ਮੈਚ ਦੀ ਆਖ਼ਰੀ ਗੇਂਦ ‘ਤੇ ਹਾਸਲ ਕੀਤੀ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ 62 ਅਤੇ ਮਹਿਮਾਨ ਟੀਮ ਦੇ ਅਲਿਕਸ ਹੇਲਸ ਨੇ 98 ਰਨ ਬਣਾਏ। ਯੁਵਰਾਜ ਨੇ 6 ਅਤੇ ਟਿਮ ਬਰਿਸਨ,ਲੁੱਕ ਰਾਈਟ ਨੇ 3-3 ਵਿਕਟਾਂ ਲਈਆਂ ।।ਸੀਰੀਜ਼ ਦਾ ਸਰਦਾਰ ਯੁਵਰਾਜ ਸਿੰਘ ਅਖਵਾਇਆ।

ਇਸ ਉਪਰੰਤ ਕ੍ਰਿਸਮਿਸ ਮੌਕੇ ਵਾਪਸ ਪਰਤੀ ਇੰਗਲੈਂਡ ਟੀਮ ਮੁੜ ਫਿਰ ਭਾਰਤ ਵਿੱਚ ਆਈ ਅਤੇ ਤੈਅ ਸ਼ੁਦਾ ਪ੍ਰੋਗਰਾਮ ਅਨੁਸਾਰ 5 ਇਕ ਰੋਜ਼ਾ ਮੈਚ ਖੇਡੇ। ਭਾਰਤ ਇਹ ਲੜੀ 3-2 ਨਾਲ ਜਿੱਤ ਕਿ ਆਈ ਸੀ ਸੀ ਰੈਂਕਿੰਗ ਵਿੱਚ ਸਿਖ਼ਰ ਉੱਤੇ ਪਹੁੰਚ ਗਿਆ ਹੈ। ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਇੱਕ ਵਿਕਟ ਨਾਲ ਮਾਤ ਦੇ ਦਿੱਤੀ ਸੀ। ਜੇ ਕਰ ਅਜਿਹਾ ਨਾ ਹੁੰਦਾ ਤਾਂ ਭਾਰਤੀ ਟੀਮ ਨੂੰ ਸਿਖ਼ਰਲਾ ਸਥਾਨ ਮੱਲਣ ਲਈ ਮਹਿਮਾਨ ਟੀਮ ਨੂੰ ਕਲੀਨ ਸਵੀਪ ਕਰਨਾ ਜ਼ਰੂਰੀ ਸੀ।

ਇੰਗਲੈਂਡ ਅਤੇ ਭਾਰਤ ਦਰਮਿਆਨ ਪਹਿਲਾ ਇੱਕ ਰੋਜ਼ਾ ਮੈਚ 13 ਜੁਲਾਈ 1974 ਨੂੰ ਹੈਡਿੰਗਲੇ ਲੀਡਜ਼ ਵਿੱਚ ਹੋਇਆ ਅਤੇ 4 ਵਿਕਟਾਂ ਨਾਲ ਇੰਗਲੈਂਡ ਦੇ ਹਿੱਸੇ ਰਿਹਾ। ਹੁਣ ਤੱਕ ਦੋਹਾਂ ਮੁਲਕਾਂ ਨੇ 85 ਇੱਕ ਰੋਜ਼ਾ ਮੈਚ ਖੇਡੇ ਨੇ, ਜਿਹਨਾਂ ਵਿੱਚੋਂ ਭਾਰਤ ਨੇ 45, ਇੰਗਲੈਂਡ ਨੇ 35 ਜਿੱਤੇ ਹਨ, ਜਦੋਂ ਕਿ ਦੋ ਮੈਚ ਟਾਈਡ ਹੋਏ ਐ, 3 ਮੈਚ ਬੇ-ਸਿੱਟਾ ਰਹੇ ਨੇ। ਦੋਹਾਂ ਮੁਲਕਾਂ ਨੇ 5 ਟੀ-20 ਖੇਡੇ ਐ, ਭਾਰਤ ਨੇ 2 ਅਤੇ ਇੰਗਲੈਂਡ ਨੇ 3 ਜਿੱਤੇ ਹਨ। ਪਹਿਲਾ ਮੈਚ 19 ਸਤੰਬਰ 2007 ਨੂੰ ਡਰਬਨ ਵਿੱਚ ਭਾਰਤ ਨੇ 18 ਦੌੜਾਂ ਨਾਲ ਅਤੇ ਆਖ਼ਰੀ ਟੀ-20 ਮੈਚ ਵਾਨਖੇੜੇ ਸਟੇਡੀਅਮ ਮੁੰਬਈ ਵਿੱਚ 22 ਦਸੰਬਰ 2012 ਨੂੰ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤਿਆ ਹੈ।

ਅੱਜ ਐਤਵਾਰ ਨੂੰ ਖ਼ਤਮ ਹੋਏ ਟੂਰ ਦੇ 27 ਜਨਵਰੀ ਵਾਲੇ ਪੰਜਵਂੇ ਮੈਚ ਸਮੇਤ ਭਾਰਤ ਵਿੱਚ ਦੋਹਾਂ ਮੁਲਕਾਂ ਨੇ 45 ਇੱਕ ਰੋਜ਼ਾ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋ ਭਾਰਤ ਨੇ 28, ਇੰਗਲੈਂਡ ਨੇ 16 ਜਿੱਤੇ ਨੇ, ਜਦੋਂ ਕਿ ਇੱਕ ਮੈਚ ਟਾਈ ਰਿਹਾ। ਭਾਰਤ ਦੇ ਸਚਿਨ ਤੇਂਦੂਲਕਰ ਨੇ 1455 ਦੌੜਾਂ (17 ਮੈਚ,37 ਪਾਰੀਆਂ), ਵੱਧ ਵਿਕਟਾਂ 36 ਹਰਭਜਨ ਸਿੰਘ (23 ਮੈਚ) ਦੇ ਹਿੱਸੇ ਰਹੀਆਂ ਹਨ। ਵਧੀਆ ਬੱਲੇਬਾਜ਼ੀ ਨਾਬਾਦ 138 ਦੌੜਾਂ ਯੁਵਰਾਜ ਸਿੰਘ ਦੀਆਂ (78 ਗੇਂਦਾਂ) ਅਤੇ ਵਧੀਆ ਗੇਂਦਬਾਜ਼ੀ ਅਸ਼ੀਸ਼ ਨੈਹਿਰਾ ਦੀ 6 ਵਿਕਟਾਂ (23 ਰਨਜ਼) ਰਹੀ ਹੈ। ਇੰਗਲੈਂਡ ਦੇ ਪਾਲ ਕੌਲਿੰਗਵੁੱਡ ਨੇ 866 ਰਨ (14 ਮੈਚ,31 ਪਾਰੀਆਂ), ਵੱਧ ਵਿਕਟਾਂ ਐਂਡਰਿਊ ਫਿਲਟਾਫ 37 (30 ਮੈਚ), ਵੱਧ ਸਕੋਰ ਐਂਡਰਿਊ ਸਟਰਾਸ 158 ਰਨਜ਼ (145 ਗੇਂਦਾਂ),ਅਤੇ ਵਧੀਆ ਗੇਂਦਬਾਜ਼ੀ ਰੋਨੀ ਇਰਾਨੀ ਦੀ 5 ਵਿਕਟਾਂ (26 ਦੌੜਾਂ), ਨਾਲ ਰਹੀ ਏ। ਇੰਗਲੈਂਡ ਇਸ ਦੌਰੇ ਦੇ ਪੰਜਵੇਂ ਤੱਕ ਲਗਾਤਾਰ ਚਾਰ ਦੌਰਿਆਂ ਦੌਰਾਨ ਭਾਰਤੀ ਟੀਮ ਤੋਂ ਇੱਕ ਰੋਜ਼ਾ ਮੈਚਾਂ ਵਿੱਚ 5-1, 5-0, 5-0 ਅਤੇ 3-2 ਨਾਲ ਮਾਤ ਖਾ ਚੁੱਕਿਆ ਹੈ। ਖੇਡੀ ਗਈ ਸੀਰੀਜ਼ ਦੌਰਾਂਨ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਕਿ੍ਰਕਟ ਨਾਲ ਸਬੰਧਤ ਤਿੰਨੋਂ ਵੰਨਗੀਆਂ ਦੇ ਮੁਕਾਬਲੇ ਹੋਏ। ਜਿੰਨ੍ਹਾਂ ਵਿੱਚੋਂ ਟੈਸਟ ਮੈਚਾਂ ਦੀ ਲੜੀ ਇੰਗਲੈਂਡ ਨੇ 1985 ਮਗਰੋਂ 2-1 ਨਾਲ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਅਤੇ ਟੀ-20 ਲੜੀ 1-1 ਨਾਲ ਬਰਾਬਰ ਰਹੀ । ਏਅਰਟੈੱਲ ਇੱਕ ਰੋਜ਼ਾ ਲੜੀ ਭਾਰਤ ਨੇ 3-2 ਨਾਲ ਜਿੱਤੀ।

ਦੋਹਾਂ ਮੁਲਕਾਂ ਦਾ 11 ਜਨਵਰੀ ਵਾਲਾ ਮੈਚ ਨਵੇਂ ਸਾਲ 2013 ਦਾ ਪਲੇਠਾ ਮੈਚ ਸੁਰਾਸ਼ਟਰਾ ਕਿ੍ਰਕਟ ਐਸੋਸੀਏਸ਼ਨ ਸਟੇਡੀਅਮ ਰਾਜਕੋਟ ਵਿਖੇ ਇੰਗਲੈਂਡ ਵੱਲੋਂ ਟਾਸ ਜਿੱਤ ਕਿ ਪਹਿਲਾਂ ਬੱਲੇਬਾਜ਼ੀ ਚੁਣਨ ਨਾਲ ਸ਼ੁਰੂ ਹੋਇਆ। ਇੰਗਲੈਂਡ ਨੇ 325/4 ਰਨ ਬਣਾਕੇ, ਭਾਰਤ ਨੂੰ 326 ਰਨ ਦੀ ਚੁਣੌਤੀ ਦਿੱਤੀ। ਪਰ ਭਾਰਤੀ ਟੀਮ 316/9 ਰਨ ਬਣਾ ਕੇ ਹੀ ਪਵੇਲੀਅਨ ਪਰਤ ਗਈ। ਸਿੱਟੇ ਵਜੋਂ ਮਹਿਮਾਨ ਟੀਮ ਨੇ ਟੂਰ ਦਾ ਪਹਿਲਾ ਮੈਚ 9 ਰਨ ਦੇ ਅੰਤਰ ਨਾਲ ਜਿੱਤ ਕੇ ਪੰਜ ਇੱਕ ਰੋਜ਼ਾ ਮੈਚਾਂ ਦੀ ਏਅਰਟੈੱਲ ਲੜੀ ਵਿੱਚ 1-0 ਨਾਲ ਬੜ੍ਹਤ ਬਣਾ ਲਈ। ਮੈਨ ਆਫ਼ ਦਾ ਮੈਚ 4 ਵਿਕਟਾਂ ਲੈਣ ਵਾਲਾ ਟਰੇਡਬੈੱਲ ਰਿਹਾ।

ਫਿਰ 15 ਜਨਵਰੀ ਨੂੰ ਦੂਜਾ ਵੰਨ ਡੇਅ ਸ਼ੁਰੂ ਹੋਇਆ। ਭਾਰਤ ਨੇ ਸੀਰੀਜ਼ ਬਰਾਬਰ ਕਰਨ ਲਈ ਟੀਮ ਵਿੱਚ ਗੇਂਦਬਾਜ਼ਾਂ ਦੀ ਬਦਲ ਸ-ਬਦਲੀ ਵੀ ਕੀਤੀ । ਨਹਿਰੂ ਸਟੇਡੀਅਮ ਕੋਚੀ ਦੇ ਇਸ ਮੈਚ ਵਿੱਚ ਭਾਰਤੀ ਕਪਤਾਨ ਨੇ ਟਾਸ ਜਿੱਤ ਕਿ ਪਹਿਲਾਂ ਖੇਡਦਿਆਂ 5.7 ਦੇ ਰਨ ਰੇਟ ਨਾਲ 285/6 ਦੌੜਾਂ ਬਣਾ ਕੇ ਮਹਿਮਾਨ ਟੀਮ ਨੂੰ 286 ਦੌੜਾਂ ਦਾ ਜੇਤੂ ਟੀਚਾ ਦਿੱਤਾ। ਪਰ ਮਹਿਮਾਨ ਟੀਮ ਦੀ ਬੈਟਿੰਗ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ। ਇਹ ਟੀਮ 286 ਰਨ ਦਾ ਪਿੱਛਾ ਕਰਦੀ 4.38 ਦੀ ਔਸਤ ਨਾਲ 36 ਓਵਰਾਂ ਵਿੱਚ 158 ਰਨ ਬਣਾਕੇ ਹੀ ਆਊਟ ਹੋ ਗਈ। ਇਸ ਤਰ੍ਹਾਂ ਭਾਰਤੀ ਟੀਮ ਨੇ ਇਹ ਮੈਚ 127 ਰਨ ਦੇ ਅੰਤਰ ਨਾਲ ਜਿੱਤ ਲਿਆ। ਭਾਰਤੀ ਟੀਮ ਸੀਰੀਜ 1-1 ਨਾਲ ਬਰਾਬਰ ਕਰਨ ਵਿੱਚ ਵੀ ਸਫ਼ਲ ਰਹੀ। ਮੈਨ ਆਫ਼ ਦਾ ਮੈਚ ਰਵਿੰਦਰ ਜੁਡੇਜਾ ਬਣਿਆਂ।

ਇੱਕ ਰੋਜ਼ਾ ਸੀਰੀਜ਼ ਦਾ ਤੀਜਾ ਮੈਚ ਐਚ ਈ ਸੀ ਇੰਟਰਨੈਸ਼ਨਲ ਕ੍ਰਿਕਟ  ਸਟੇਡੀਅਮ ਕੰਪਲੈਕਸ ਰਾਂਚੀ ਵਿੱਚ ਖੇਡਿਆ ਗਿਆ। ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਘਰੇਲੂ ਮੈਦਾਨ ਵਿੱਚ ਟਾਸ ਜਿੱਤ ਕਿ ਫੀਲਡਿੰਗ ਕਰਨ ਦਾ ਫੈਸਲਾ ਲਿਆ। ਇੰਗਲੈਂਡ ਟੀਮ ਦੇ ਪੱਬ ਹੀ ਨਾ ਲੱਗ ਸਕੇ, ਪੂਰੀ ਟੀਮ ਨੇ ਬੈਟਿੰਗ ਕਰਦਿਆਂ 3.66 ਦੇ ਰਨ ਰੇਟ ਨਾਲ 42.2 ਓਵਰ ਵਿੱਚ 155/10 ਰਨ ਹੀ ਬਣਾਏ। ਜੇਤੂ ਟੀਚਾ 156 ਰਨ ਸੀ। ਜਵਾਬੀ ਬੈਟਿੰਗ ਕਰਦਿਆਂ ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀਆਂ ਨਾਟ ਆਊਟ 77 ਦੌੜਾਂ ਦੀ ਬਦੌਲਤ 5.57 ਦੇ ਰਨ ਰੇਟ ਨਾਲ,28.1 ਓਵਰ ਵਿੱਚ 157/3 ਰਨ ਬਣਾਕੇ 7 ਵਿਕਟਾਂ ਨਾਲ ਮੈਚ ਜਿੱਤ ਲਿਆ ਅਤੇ ਏਅਰਟੈੱਲ ਸੀਰੀਜ਼ ਵਿੱਚ 2-1 ਨਾਲ ਬੜ੍ਹਤ ਹਾਸਲ ਕਰ ਲਈ। ।ਮੈਨ ਆਫ਼ ਦਾ ਮੈਚ ਵਿਰਾਟ ਕੋਹਲੀ ਬਣਿਆਂ।

ਚੌਥਾ ਮੈਚ 23 ਜਨਵਰੀ ਨੂੰ ਪੰਜਾਬ ਕਿ੍ਰਕਟ ਐਸੋਸੀਏਸ਼ਨ ਸਟੇਡੀਅਮ ਮੁਹਾਲੀ ਵਿੱਚ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ ਟਾਸ ਜਿੱਤ ਕੇ ਨੂੰ ਬੈਟਿੰਗ ਸੌਂਪਣ ਨਾਲ ਸ਼ੁਰੂ ਹੋਇਆ । ਇੰਗਲੈਂਡ ਨੇ ਬੈਟਿੰਗ ਕਰਦਿਆਂ 50 ਓਵਰਾਂ ਵਿੱਚ 5.14 ਦੀ ਔਸਤ ਨਾਲ 257/7 ਰਨ ਬਣਾਏ ਅਤੇ ਮੇਜ਼ਬਾਨ ਟੀਮ ਨੂੰ ਜੇਤੂ ਟੀਚਾ 258 ਦੌੜਾਂ ਦਾ ਦਿੱਤਾ। ਇਲੈਸਟਰ ਕੁੱਕ ਅਤੇ ਪੀਟਰਸਨ ਨੇ 76-76 ਰਨ ਬਣਾਏ। ਜਵਾਬ ਵਿੱਚ ਭਾਰਤੀ ਟੀਮ ਨੇ ਸੁਰੇਸ਼ ਰੈਨਾ ਦੀਆਂ 89,ਅਤੇ ਰੋਹਿਤ ਸ਼ਰਮਾਂ ਦੀਆਂ 83 ਦੌੜਾਂ ਦੀ ਬਦੌਲਤ ਨਿਰਧਾਰਤ ਟੀਚਾ 47.3 ਓਵਰਾਂ ਵਿੱਚ 5.43 ਦੀ ਔਸਤ ਨਾਲ 258/5 ਰਨ ਬਣਾਕੇ ਪੂਰਾ ਕਰਦਿਆਂ,5 ਵਿਕਟਾਂ ਨਾਲ ਮੈਚ ਜਿੱਤਣ ਦੇ ਨਾਲ ਹੀ ਸੀਰੀਜ਼ ਉੱਤੇ ਵੀ 3-1 ਨਾਲ ਕਬਜ਼ਾ ਕਰ ਲਿਆ। ਮੈਨ ਆਫ਼ ਦਾ ਮੈਚ ਸੁਰੇਸ਼ ਰੈਨਾ ਅਖਵਾਇਆ।

ਅੱਜ 27 ਜਨਵਰੀ ਐਤਵਾਰ ਨੂੰ ਇਸ ਟੂਰ ਦਾ ਆਖ਼ਰੀ ਮੈਚ ਹਿਮਾਚਲ ਪ੍ਰਦੇਸ਼ ਕਿ੍ਰਕਟ ਐਸੋਸੀਏਸ਼ਨ ਸਟੇਡੀਅਮ ਧਰਮਸ਼ਾਲਾ ਵਿਖੇ ਖਾਨਾ ਪੂਰਤੀ ਵਜੋਂ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤਦਿਆਂ, ਭਾਰਤ ਨੂੰ ਬੈਟਿੰਗ ਦਾ ਸੱਦਾ ਦਿੱਤਾ । ਭਾਰਤ ਦੇ ਮੁੱਢਲੇ ਬੱਲੇਬਾਜ਼ ਜਲਦੀ ਜਲਦੀ ਪਵੇਲੀਅਨ ਪਰਤ ਗਏ । ਕੋਹਲੀ ਅਤੇ ਯੁਵਰਾਜ ਖਾਤਾ ਵੀ ਨਾ ਖੋਲ੍ਹ ਸਕੇ । ਭਾਰਤੀ ਟੀਮ ਨੇ ਸੁਰੇਸ਼ ਰੈਨਾ ਦੀਆਂ 83 ਦੌੜਾਂ ਦੀ ਬਦੌਲਤ 4.55 ਰਨ ਰੇਟ ਨਾਲ 49.4 ਓਵਰਾਂ ਵਿੱਚ 226/10 ਸਕੋਰ ਕਰਿਆ ਅਤੇ ਜੇਤੂ ਟੀਚਾ 227 ਰਨ ਦਾ ਦਿੱਤਾ । ਬਰਿਸਨਨ ਨੇ 4 ਵਿਕਟਾਂ ਲਈਆਂ । ਜਵਾਬੀ ਪਾਰੀ ਵਿੱਚ ਇੰਗਲੈਡ ਨੇ ਇਆਨ ਬੈੱਲ ਦੀਆਂ 113 ਦੌੜਾਂ ਸਦਕਾ 4.79 ਦੇ ਰਨ ਰੇਟ ਨਾਲ 47.2 ਓਵਰਾਂ ਵਿੱਚ 227/3 ਰਨ ਬਣਾਕੇ 7 ਵਿਕਟਾਂ ਨਾਲ ਮੈਚ ਜਿੱਤ ਲਿਆ । ਸੀਰੀਜ਼ ਦੌਰਾਂਨ ਇਕੋ-ਇਕ ਸੈਂਕੜਾ ਇਆਨ ਬੈੱਲ ਨੇ ਬਣਾਇਆ । ਮੈਨ ਆਫ਼ ਦਾ ਮੈਚ ਬਣੇ ਬੈੱਲ ਨੇ ਸੱਭ ਤੋਂ ਵੱਧ 234 ਰਨ ਬਣਾਏ । ਟਰੈਡਬੈੱਲ ਨੇ 11 ਵਿਕਟਾਂ ਲਈਆਂ । ਮੈਨ ਆਫ਼ ਦਾ ਸੀਰੀਜ਼ ਬਣੇ ਸੁਰੇਸ਼ ਰੈਨਾ ਨੇ ਸੱਭ ਤੋਂ ਵੱਧ ਰਨ ਬਣਾਏ । ਰਵਿੰਦਰ ਜੁਡੇਜਾ ਨੇ 9 ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ।

ਭਾਰਤ ਲਈ ਅਜੇ ਸਾਲ ਦੀ ਸ਼ੁਰੂਆਤ ਹੀ ਹੋਈ ਹੈ ਅਤੇ ਇੰਗਲੈਂਡ ਵਿਰੁੱਧ ਟੈਸਟ ਲੜੀ ਹਾਰਨ ਉਪਰੰਤ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਜਿੱਤ ਹਾਸਲ ਕੀਤੀ ਹੈ। ਪਰ ਕਸੌਟੀ ਉੱਤੇ ਖ਼ਰੇ ਉਤਰਨ ਲਈ ਅਤੇ ਆਪਣੀ ਰੈਕਿੰਗ ਬਚਾਉਣ ਲਈ ਅਗਾਮੀ ਦਿਨਾਂ ਵਿੱਚ ਆਸਟਰੇਲੀਆ ਵਿਰੁੱਧ ਵੱਡੀ ਪਰਖ਼ ਵਾਲਾ ਸਮਾਂ ਭਾਰਤੀ ਕਿ੍ਰਕਟ ਦੇ ਬੂਹੇ ਉੱਤੇ ਦਸਤਕ ਦੇਣ ਲਈ ਤਿਆਰ ਖੜੋਤਾ ਹੈ। ਕੀ ਟੀਮ ਇੰਡੀਆ ਇਸ ਪਰਖ਼ ਕਾਲ ਨੂੰ ਸਹਿਜੇ ਹੀ ਆਪਣੇ ਹੱਕ ਵਿੱਚ ਭੁਗਤਾ ਸਕੇਗੀ ? ਇਸ ਗੱਲ ਦਾ ਨਿਬੇੜਾ ਉਡੀਕਣ ਦੀ ਅਜੇ ਲੋੜ ਹੈ। ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ; 98157-07232

27/01/2013

         
ਭਾਰਤ - ਇੰਗਲੈਂਡ ਕ੍ਰਿਕਟ ਸੀਰੀਜ਼ ਦਾ ਲੇਖਾ-ਜੋਖਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਹਿਲਾ ਕ੍ਰਿਕਟ ਵਿਸ਼ਵ ਕੱਪ, ਤੀਜੀ ਵਾਰੀ ਭਾਰਤ ’ਚ
ਰਣਜੀਤ ਸਿੰਘ ਪ੍ਰੀਤ, ਬਠਿੰਡਾ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2013, 5abi।com