WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਖਰੀਆਂ-ਖਰੀਆਂ
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’

5_cccccc1.gif (41 bytes)

ਮੇਰਾ ਇਹ ਲੇਖ ਕੋਈ ਕਲਪਣਾ ਨਹੀਂ ਹੈ ਬਲਕਿ 100 ਫੀਸਦੀ ਹਕੀਕਤ ਹੈ ਕਿ ਜਦੋਂ ਮੈਂ ਪਹਿਲੀ ਵਾਰ ਭਾਰਤ ਦੀ ਰਾਜਧਾਨੀ ਦਿੱਲੀ ਗਿਆ ਸਾਂ ਤਾਂ ਮੇਰੇ ਨਾਲ ਕੀ ਵਾਪਰਿਆ ਸੀ ਉੱਥੇ। ਅਸਲ ਵਿੱਚ ਮੈਨੂੰ ਜ਼ਿਆਦਾ ਘੁੰਮਣ-ਫਿਰਨ ਦੀ ਆਦਤ ਨਹੀਂ ਹੈ। ਇਹ ਲਈ 28 ਵਰ੍ਹਿਆਂ ਦਾ ਹੋਣ ਦੇ ਬਾਵਜੂਦ ਮੈਂ ਕਦੇ ਦਿੱਲੀ ਤੱਕ ਨਹੀਂ ਸੀ ਗਿਆ।

ਆਪਣੀ ਪੜ੍ਹਾਈ ਖਤਮ ਕਰਨ ਮਗਰੋਂ ਮੈਂ ਇੱਕ ਪ੍ਰਾਈਵੇਟ ਸਕੂਲ ਵਿੱਚ ਪੰਜਾਬੀ ਅਧਿਆਪਕ ਦੀ ਨੌਕਰੀ ਕਰਨ ਲੱਗਾ ਸਾਂ ਕਿ ਇੱਕ ਦਿਨ ਪ੍ਰਿੰਸੀਪਲ ਸਾਹਿਬਾ ਨੇ ਮੈਨੂੰ ਚਪਰਾਸੀ ਦੇ ਹੱਥ ਬੁਲਾਵਾ ਭੇਜਿਆ। ਮੈਂ ਜਦੋਂ ਉਹਨਾਂ ਦੇ ਦਫ਼ਤਰ ਪੁੱਜਾ ਤਾਂ ਉਹਨਾਂ ਕਿਹਾ, “ਸਰ, ਕੱਲ ਨੂੰ ਤੁਸੀਂ ਮੇਰੇ ਨਾਲ ਦਿੱਲੀ ਚੱਲਣਾ ਹੈ।” ਇਹ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਚੱਲੋ ਹੁਣ ਦਿੱਲੀ ਦੇਖਣ ਦੀ ਹਸਰਤ ਪੂਰੀ ਹੋ ਜਾਊ।

“ਠੀਕ ਏ ਜੀ” ਕਹਿ ਕੇ ਮੈਂ ਮੁੜ ਤਾਂ ਆਇਆ ਪਰ ਮਨ ਵਿੱਚ ਡਰ ਬੈਠ ਗਿਆ ਕਿ ਮੈਡਮ  ਨੂੰ ਤਾਂ ਦੱਸਿਆ ਹੀ ਨਹੀਂ ਕਿ ਮੈਂ ਪਹਿਲਾਂ ਕਦੇ ਦਿੱਲੀ ਨਹੀਂ ਗਿਆ। ਦੱਸਣ ਲਈ ਵਾਪਸ ਨੂੰ ਮੁੜਿਆ ਤਾਂ ਇਹ ਸੋਚ ਕੇ ਨਾ ਗਿਆ ਕਿ ਪ੍ਰਿੰਸੀਪਲ ਮੈਡਮ  ਕੀ ਸੋਚਣਗੇ ਕਿ ਇਹ ਭਾਊ ਅਜੇ ਤੀਕ ਦਿੱਲੀ ਹੀ ਨਹੀਂ ਗਿਆ। ਸੋ ਮੈਡਮ  ਨੂੰ ਬਿਨਾਂ ਦੱਸੇ ਹੀ ਵਾਪਸ ਮੁੜ ਆਇਆ।

ਅਗਲੇ ਦਿਨ ਸਵੇਰੇ ਸਵਖਤੇ ਹੀ ਪ੍ਰਿੰਸੀਪਲ ਮੈਡਮ  ਨੇ ਗੱਡੀ ਲਈ ਅਤੇ ਮੇਰੇ ਘਰ ਦੇ ਮੋੜ ਤੇ ਆ ਕੇ ਮੈਨੂੰ ਫੋਨ ਕੀਤਾ “ਸਰ ਕਿੱਥੇ ਹੋ?” ਮੈਂ ਤਾਂ ਪਹਿਲਾਂ ਹੀ ਤਿਆਰ ਬੈਠਾ ਸਾਂ ਸੋ ਜਲਦੀ ਹੀ ਮੋੜ ਤੇ ਪੁੱਜ ਗਿਆ ਤੇ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਿਆ।

ਹਰਿਆਣੇ ਦਾ ਸ਼ਹਿਰ ਪਾਣੀਪਰ ਲੰਘ ਕੇ ਜਦੋਂ ਅਸੀਂ ਸੋਨੀਪਤ ਪਹੁੰਚੇ ਤਾਂ ਮੈਂ ਹੋਂਸਲਾ ਜਿਹਾ ਕਰਕੇ ਮੈਡਮ  ਤੋਂ ਪੁੱਛਿਆ “ਅਜੇ ਕਿੰਨੀ ਦੂਰ ਏ ਦਿੱਲੀ…?”

“ਬੱਸ ਅੱਧੇ ਕੂ ਘੰਟੇ ਦਾ ਸਫ਼ਰ ਏ ਅਜੇ।” ਮੈਡਮ  ਦੇ ਬਿਨਾਂ ਮੇਰੇ ਵੱਲ ਦੇਖੇ ਹੀ ਜਵਾਬ ਦਿੱਤਾ।
“ਜੀ।”

ਮੈਂ ਬਾਹਰ ਵੱਲ ਨੂੰ ਇੰਜ ਝਾਕਣ ਲੱਗ ਪਿਆ ਜਿਵੇਂ ਕੋਈ ਸੱਜ ਵਿਆਹੀ ਮੁਟਿਆਰ ਆਪਣੇ ਸਹੁਰਿਆਂ ਦੇ ਪਿੰਡ ਨੂੰ ਪਹਿਲੀ ਵਾਰੀ ਦੇਖਦੀ ਹੈ। ਜਿਵੇਂ ਜਿਵੇਂ ਦਿੱਲੀ ਨੇੜੇ ਆ ਰਹੀ ਸੀ ਪ੍ਰਦੁਸ਼ਣ, ਗੰਦਗੀ ਅਤੇ ਲੋਕਾਂ ਦੀ ਭੀੜ ਵੱਧ ਰਹੀ ਸੀ।

ਅਸਲ ਵਿੱਚ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਇੱਕ ਪੁਸਤਕ ਮੇਲਾ ਲੱਗਾ ਸੀ ਤੇ ਪ੍ਰਿੰਸੀਪਲ ਮੈਡਮ ਨੇ ਸਕੂਲ ਲਈ ਕਿਤਾਬਾਂ ਖ੍ਰੀਦਨੀਆਂ ਸਨ ਇਸ ਲਈ ਉਹ ਮੈਨੂੰ ਵੀ ਨਾਲ ਲੈ ਕੇ ਆਏ ਸਨ ਕਿ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਮੈਂ ਪਸੰਦ ਕਰਾਂ।

ਦੁਪਿਹਰ ਦੇ ਕਰੀਬ 12 ਵਜੇ ਅਸੀਂ ਉਸ ਜਗ੍ਹਾਂ ਤੇ ਪਹੁੰਚ ਗਏ ਜਿੱਥੇ ਪੁਸਤਕ ਮੇਲਾ ਲੱਗਾ ਸੀ। ਅਸੀਂ ਟਿਕਟਾਂ ਲਈਆਂ ਤੇ ਅੰਦਰ ਜਾ ਕੇ ਕਿਤਾਬਾਂ ਦੀ ਭਾਲ ਕਰਨ ਲੱਗੇ। ਮੈਡਮ ਨੇ ਮੈਨੂੰ ਕਿਹਾ, “ਸਰ, ਪੰਜਾਬੀ ਕਿਤਾਬਾਂ ਇੱਧਰ ਹਨ, ਮੈਂ ਇੰਗਲਿਸ਼ ਕਿਤਾਬਾਂ ਦੇਖਦੀ ਹਾਂ ਤੁਸੀਂ ਪੰਜਾਬੀ ਕਿਤਾਬਾਂ ਦੀ ਲਿਸਟ ਬਣਾ ਲਵੋ।”

“ਜੀ, ਮੈਡਮ।”
ਮੈਂ ਪੰਜਾਬੀ ਕਿਤਾਬਾਂ ਵਿੱਚ ਗੁਆਚ ਗਿਆ ਤੇ ਮੈਨੂੰ ਸਮੇਂ ਦਾ ਕੋਈ ਪਤਾ ਹੀ ਨਾ ਚੱਲਿਆ। ਮੈਂ ਕਿਤਾਬਾਂ ਦੀਆਂ ਲਿਸਟਾਂ ਤਿਆਰ ਕਰਨ ਵਿੱਚ ਮਸਤ ਸਾਂ ਕਿ ਇਸ ਆਵਾਜ ਨੇ ਮੇਰੀ ਗੰਭੀਰਤਾ ਨੂੰ ਤੋੜਿਆ।

“ਮੇ ਆਈ ਹੇਲਪ ਯੂ।”
ਮੈਂ ਜਦੋਂ ਗਰਦਨ ਉੱਪਰ ਕਰਕੇ ਤੱਕਿਆ ਤਾਂ ਸਾਹਮਣੇ ਇਕ 30 ਕੂ ਸਾਲਾਂ ਦੀ ਨੌਜਵਾਨ ਮੁਟਿਆਰ, ਜਿਹੜੀ ਵਿਦੇਸ਼ੀ ਸੀ ਮੇਰੇ ਕੋਲ ਖੜੀ ਮੁਸਕਰਾ ਰਹੀ ਹੈ।
“ਨੌ ਥੈਂਕਸ।”
ਮੈਂ ਵੀ ਉਸੇ ਤਰ੍ਹਾਂ ਮੁਸਕਰਾ ਕੇ ਜਵਾਬ ਦਿੱਤਾ ਜਿਵੇਂ ਉਸ ਮੁਟਿਆਰ ਦੇ ਮੈਨੂੰ ਕਿਹਾ ਸੀ।
“ਜੀ ਮੈਂ ਪੰਜਾਬੀ ਜਾਣਦੀ ਹਾਂ।”
“ਅੱਛਾ…!”
“ਮੈਨੂੰ ਤੁਹਾਡੀ ਬੋਲੀ, ਵਿਰਸਾ, ਸਾਹਿਤ ਅਤੇ ਧਰਮ ਚੰਗਾ ਲੱਗਦਾ ਹੈ।”
“ਅੱਛਾ…।”

ਹੁਣ ਉਹ ਮੇਰੇ ਨਾਲ ਗੱਲਬਾਤ ਕਰਨ ਲੱਗੀ ਸੀ ਤੇ ਮੇਰੇ ਕੋਲ ਹੀ ਖੜੀ ਸੀ। ਮੈਂ ਵੀ ਹੁਣ ਉਸ ਨਾਲ ਗੱਲ ਕਰਨੀ ਚਾਹੁੰਦਾ ਸੀ। ਮੈਂ ਕਿਹਾ, “ਤੁਸੀਂ ਹੋਰ ਕੀ ਜਾਣਦੇ ਹੋ ਸਾਡੇ ਧਰਮ, ਵਿਰਸੇ, ਸਭਿਆਚਾਰ ਅਤੇ ਸਾਹਿਤ ਬਾਰੇ?”
“ਬਹੁਤ ਕੁੱਝ।”
“ਫੇਰ ਵੀ”

ਹੁਣ ਉਹ ਮੇਰੇ ਕੋਲ ਧਰਤੀ ਤੇ ਹੀ ਬੈਠ ਗਈ। ਉਸ ਨੇ ਕਿਹਾ “ਇਹੋ ਕਿ ਤੁਹਾਡੀ ਕੌਮ ਨੇ ਆਪਣੇ ਦੇਸ਼ ਲਈ ਦੂਜੀਆਂ ਕੌਮਾਂ ਨਾਲ ਕਿਤੇ ਵੱਧ ਕੁਰਬਾਨੀਆਂ ਦਿੱਤੀ ਹਨ ਪਰ ਤੁਹਾਨੂੰ ਹਾਸਲ ਕੁੱਝ ਵੀ ਨਹੀਂ ਹੋਇਆ।”

ਉਸ ਦੀ ਇਹ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ ਤੇ ਮੈਨੂੰ ਕੋਈ ਜਵਾਬ ਨਾ ਸੁੱਝਿਆ।
ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ ਮੈਨੂੰ ਪਤਾ ਹੈ ਕਿ ਤੁਸੀਂ ਕੀ ਸੋਚ ਰਹੋ ਹੋ?”
“ਨਹੀਂ-ਨਹੀਂ ਮੈਂ ਤਾਂ ਕੁੱਝ ਨਹੀਂ ਸੋਚ ਰਿਹਾ।” ਉਸ ਵੱਲੋਂ ਅਚਾਨਕ ਕੀਤੇ ਇਸ ਸਵਾਲ ਨੇ ਮੈਨੂੰ ਜਵਾਬ ਸੋਚਣ ਦਾ ਮੌਕਾ ਹੀ ਨਾ ਦਿੱਤਾ।
ਉਸ ਨੇ ਕਿਹਾ ਕਿ, “ਮੈਨੂੰ ਭਾਰਤ ਵਿੱਚ ਸਭ ਤੋਂ ਚੰਗੇ ਸਰਦਾਰ ਲੋਕ ਲੱਗਦੇ ਹਨ ਇਸ ਦਾ ਇੱਕ ਕਾਰਣ ਇਹ ਹੈ ਕਿ ਇਹ ਲੋਕ ਦਿਲ ਦੇ ਸੱਚੇ ਅਤੇ ਵਫ਼ਾਦਾਰ ਹੁੰਦੇ ਹਨ। ਤੁਹਾਡੀ ਪੱਗ, ਤੁਹਾਡਾ ਸਰੂਪ ਅਤੇ ਤੁਹਾਡੀ ਸਾਦਗੀ ਕਿਸੇ ਨੂੰ ਵੀ ਚੰਗੀ ਲੱਗ ਸਕਦੀ ਹੈ।”

“ਤੁਹਾਡੇ ਪੁਰਖਿਆਂ ਨੇ ਆਪਣੇ ਲਹੂ ਨਾਲ ਇਸ ਦੇਸ਼ ਹੀ ਗੈ਼ਰਤ ਨੂੰ ਬਚਾਇਆ ਹੈ, ਇਹ ਸਾਰਾ ਜੱਗ ਜਾਣਦਾ ਹੈ। ਗੁਰੂ ਗੋਬਿੰਦ ਸਿੰਘ ਨੇ ਆਪਣੇ ਮਾਂ-ਬਾਪ, ਪੁੱਤਰਾਂ ਦੀ ਕੁਰਬਾਨੀ ਦੇ ਕੇ ਮੁਰਦਾ ਹੋ ਚੁੱਕੀ ਕੌਮ ਨੂੰ ਅਣਖ਼ ਨਾਲ ਜਿਊਣ ਦੀ ਗੁੜ੍ਹਤੀ ਦਿੱਤੀ ਸੀ।”

“ਗੁਰੂ ਅਰਜੁਨ ਦੇਵ ਜੀ ਨੇ ਤੱਤੀ ਤੱਵੀ ਤੇ ਬੈਠ ਕੇ ਭਾਰਤ ਦੇ ਸੀਨੇ ਵਿੱਚ ਠੰਡ ਪਾਈ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣਾ ਸੀਸ ਇਸੇ ਜਗ੍ਹਾਂ (ਦਿੱਲੀ ਵਿੱਖੇ) ਕੁਰਬਾਨ ਕੀਤਾ ਸੀ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਇਆਲਾ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਭਾਈ ਬਾਜ ਸਿੰਘ, ਭਾਈ ਸਹਿਬਾਜ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਅਕਾਲੀ ਫੂਲਾ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਮਾਈ ਭਾਗੋ ਅਤੇ ਹੋਰ ਅਨੇਕਾਂ ਸਿੰਘ-ਸਿੰਘਣੀਆਂ ਜਿਨ੍ਹਾਂ ਨੇ ਇਸ ਦੇਸ਼ ਦੀ ਸ਼ਾਨ ਅਤੇ ਧਰਮ ਦੀ ਰੱਖਿਆ ਖਾਤਰ ਕੁਰਬਾਨੀ ਦਿੱਤੀ ਹੈ। ਉਸ ਨੂੰ ਅਸੀਂ ਅਤੇ ਇਹਨਾਂ ਲੋਕਾਂ (ਜਿਹੜੇ ਹਾਕਮ ਬਣ ਇਸ ਦੇਸ਼ ਤੇ ਰਾਜ ਕਰ ਰਹੇ ਹਨ) ਨੇ ਅੱਜ ਆਪਣੇ ਮਨਾਂ’ਚੋਂ ਵਿਸਾਰ ਦਿੱਤਾ ਹੈ।”

ਉਹ ਬੋਲੀ ਜਾ ਰਹੀ ਸੀ ਤੇ ਮੈਂ ਕੋਲ ਬੈਠਾ ਚੁੱਪਚਾਪ ਸੁਣੀ ਜਾ ਰਿਹਾ ਸੀ।

“ਪਰ ਅੱਜ ਇਹੋ ਲੋਕ ਹੀ ਤੁਹਾਨੂੰ ਤੀਜੇ ਦਰਜ਼ੇ ਦੇ ਸ਼ਹਿਰੀ ਮੰਨਣ ਤੋਂ ਵੀ ਇਨਕਾਰ ਕਰ ਰਹੇ ਹਨ ਜਿਨ੍ਹਾਂ ਲਈ ਤੁਹਾਡੇ ਪੁਰਖਿਆਂ ਨੇ ਆਪਣੀਆਂ ਜਾਨਾਂ ਵਾਰੀਆਂ, ਆਪਣੇ ਪਰਿਵਾਰ ਵਾਰੇ ਅਤੇ ਆਪਣੇ ਮਹਿਲਾਂ ਨੂੰ ਛੱਡਿਆ। ਇਸ ਦੇਸ਼ ਵਿੱਚ ਸਰਦਾਰਾਂ ਨੂੰ ਮਖੋਲ ਦਾ ਪਾਤਰ ਬਣਾਇਆ ਜਾ ਰਿਹਾ ਹੈ। ਬੱਸਾਂ/ਗੱਡੀਆਂ ਵਿੱਚ ਸਰਦਾਰ ਨੂੰ ਦੇਖ ਕੇ ਜਾਣਬੁੱਝ ਕੇ ਸਿਗਰਟ-ਬੀੜੀ ਪੀਤੀ ਜਾਂਦੀ ਹੈ। ਸਰਦਾਰਾਂ ਨੂੰ “12 ਵੱਜ ਗਏ” ਕਹਿ ਕੇ ਮਜਾਕ ਕੀਤਾ ਜਾਂਦਾ ਹੈ। ਫਿਲਮਾਂ/ਨਾਟਕਾਂ ਵਿੱਚ ਸਰਦਾਰਾਂ ਨੂੰ ਪਾਗਲ/ਨਸ਼ੇੜੀ ਅਤੇ ਜੌਕਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਤੁਹਾਡੇ ਗੁਰੂਆਂ ਦੀਆਂ ਨਕਲਾਂ ਉਤਾਰੀਆਂ ਜਾ ਰਹੀਆਂ ਹਨ ਅਤੇ ਕਈ ਪਾਖੰਡੀ ਸਾਧ ਤੁਹਾਡੇ ਗੁਰੂ ਦਾ ਰੂਪ ਧਾਰ ਰਹੇ ਹਨ। ਤੁਹਾਨੂੰ ਬੇਦੋਸ਼ਿਆਂ ਨੂੰ ਮਾਰਿਆ ਜਾ ਰਿਹਾ ਹੈ। ਤੁਹਾਡੀ ਧੀਆਂ-ਭੈਣਾਂ ਦੀਆਂ ਇੱਜਤਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਤੁਹਾਡੇ ਗਲ੍ਹਾਂ ਵਿੱਚ ਟਾਇਰ ਪਾ ਕੇ ਜਿਊਂਦੇ ਜੀਅ ਸਾੜਿਆ ਜਾ ਰਿਹਾ ਹੈ। ਤੁਹਾਡੇ ਘਰਾਂ ਨੂੰ ਲੁੱਟਿਆ ਜਾ ਰਿਹਾ ਹੈ। ਤੁਹਾਡੇ ਧਾਰਮਕ ਅਸਥਾਨਾਂ ਨੂੰ ਟੈਂਕਾਂ ਨਾਲ ਤੋੜਿਆ ਜਾ ਰਿਹਾ ਹੈ। ਤੁਹਾਡੀ ਜਵਾਨੀ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕਤਲ ਕੀਤਾ ਜਾ ਰਿਹਾ ਹੈ। ਪਰ ਤੁਸੀ ਹੁਣ ਵੀ ਚੁਪ ਹੋ ਅਤੇ ਸਹਿ ਰਹੇ ਹੋ, ਭਲਾ ਕਿਉਂ?”

“1984 ਵਿੱਚ ਇਸੇ ਜਗ੍ਹਾਂ (ਦਿੱਲੀ ਵਿਖੇ) ਤਕਰੀਬਨ 10,000 ਹਜਾਰ (ਸਰਕਾਰੀ ਅਨੁਮਾਨ 4,000) ਬੇਦੋਸ਼ੇ ਸਿੱਖਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪਰ ਤੁਸੀਂ ਫਿਰ ਵੀ ਕਾਨੂੰਨ ਤੇ ਨਿਸ਼ਚਾ ਰੱਖਿਆ ਕਿ ਸਾਨੂੰ ਨਿਆਂ ਜਰੂਰ ਮਿਲੇਗਾ। ਪਰ ਕਿਸੇ ਕਾਤਲ ਨੂੰ ਸਜਾ ਹੋਈ ਏ ਅੱਜ ਤੱਕ…, ਭਲਾ ਦੱਸੋ ਗਏ?”

“25 ਸਾਲ ਬੀਤ ਗਏ ਨਿਆਂ ਦੀ ਉਡੀਕ ਵਿੱਚ। ਲੱਖਾਂ ਮਾਂਵਾਂ ਦੇ ਪੁੱਤਰ ਸ਼ਹੀਦ ਕਰ ਦਿੱਤੇ ਗਏ, ਭੈਣਾਂ ਦੇ ਭਰਾ, ਮਾਸੂਮ ਬੱਚਿਆਂ ਦੇ ਪਿਤਾ ਅਤੇ ਪਤਨੀਆਂ ਦੇ ਪਤੀ ਇਸ ਹਨੇਰੀ ਦੀ ਭੇਟ ਚੜ ਗਏ। ਉਹਨਾਂ ਪੁੱਤਰਾਂ ਦੀਆਂ ਮਾਂਵਾਂ ਇਹ ਰੀਝ ਮਨ ਵਿੱਚ ਹੀ ਲੈ ਕੇ ਸੰਸਾਰ ਤੋਂ ਰੁਖ਼ਸਤ ਹੋ ਗਈਆਂ ਕਿ ਕਾਤਲਾਂ ਨੂੰ ਸਜਾ ਜਰੂਰ ਮਿਲੇਗੀ ਪਰ ਕਿਸ ਨੂੰ ਸਜਾ ਮਿਲੀ ਹੈ ਅਜੇ ਤੀਕ…?”

“ਜਵਾਨ ਪਤਨੀਆਂ ਅਤੇ ਭੈਣਾਂ ਅੱਜ ਬੁਢਾਪੇ ਦੀ ਦਹਲੀਜ ਦੇ ਕਦਮ ਰੱਖ ਚੁੱਕੀਆਂ ਹਨ ਤੇ ਉਹਨਾਂ ਦੀਆਂ ਬੁੱਢੀਆਂ ਅੱਖਾਂ ਅੱਜ ਵੀ ਆਸ ਨਾਲ ਤੱਕ ਰਹੀਆਂ ਹਨ ਕਿ ਜਵਾਨੀ ਵੇਲੇ ਉਹਨਾਂ ਨੂੰ ਬੇਸਹਾਰਾ ਕਰਨ ਵਾਲਿਆਂ ਨੂੰ ਸਜਾ ਜਰੂਰ ਮਿਲੇਗੀ। ਉਹਨਾਂ ਦੇ ਸਿਰ ਦੇ ਸਾਂਈਆਂ ਨੂੰ ਕਸਾਈਆਂ ਵਾਂਗ ਤੜਫਾ-ਤੜਫਾ ਕੇ ਮਾਰਨ ਵਾਲੇ ਜਾਲਮਾਂ ਨੂੰ ਹਕੂਮਤ ਸਜਾ ਜਰੂਰ ਦੇਵੇਗੀ। ਪਰ ਕਦੋਂ…? ਇਹ ਪਤਾ ਨਹੀਂ।”

ਮੇਰੀਆਂ ਅੱਖਾਂ’ਚੋਂ ਹੰਝੂ ਵਹਿ ਤੁਰੇ। ਉਹ ਫਿਰ ਬੋਲੀ “ਇਸ ਵਿੱਚ ਗੁਨਾਹਗਾਰ ਕੇਵਲ ਉਹ ਲੋਕ ਨਹੀਂ ਹਨ ਬਲਕਿ ਤੁਸੀਂ ਵੀ ਬਰਾਬਰ ਦੇ ਹਿੱਸੇਦਾਰ ਹੋ, ਜਿਨ੍ਹਾਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕੋਈ ਵਸੀਲਾ ਨਹੀਂ ਵਰਤਿਆ। ਆਪਣੀ ਰਾਜਸੀ ਤਾਕਤ ਲਈ ਕੋਈ ਉਪਰਾਲਾ ਨਹੀਂ ਕੀਤਾ। ਅੱਜ ਤੁਹਾਡੇ ਬੱਚੇ ਆਪਣੇ ਧਰਮ, ਵਿਰਸੇ, ਸਭਿਆਚਾਰ ਅਤੇ ਸੰਸਕ੍ਰਿਤੀ ਤੋਂ ਮੁਨਕਰ ਹੁੰਦੇ ਜਾ ਰਹੇ ਹਨ, ਇਹ ਵਾਸਤੇ ਤੁਸੀਂ ਵੀ ਬਰਾਬਰ ਦੇ ਦੋਸ਼ੀ ਹੋ?”

ਉਸ ਦਾ ਵਾਕ ਸੁਣ ਕੇ ਮੈਂ ਧੁਰ ਅੰਦਰ ਤੱਕ ਕੰਬ ਗਿਆ ਤੇ ਮੈਨੂੰ ਕੋਈ ਜਵਾਬ ਨਾ ਬਹੁੜਿਆ। ਉਹ ਫਿਰ ਬੋਲੀ ਜਿਵੇਂ ਅੱਜ ਹੀ ਸਾਰੀ ਹਕੀਕਤ ਬਿਆਨ ਕਰ ਦੇਣੀ ਹੋਵੇ, “ਅਜੇ ਵੀ ਵੇਲਾ ਜੇ ਵੀਰ ਜੀ, ਆਪਣੀ ਨਵੀਂ ਪਨੀਰੀ ਨੂੰ ਸਾਂਭ ਲਵੋ, ਜੇਕਰ ਹੁਣ ਵੀ ਤੁਸੀਂ ਸੁਚੇਤ ਨਾ ਹੋਏ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।”

ਮੈਂ ਅਜੇ ਵੀ ਚੁੱਪ ਸਾਂ ਤਾਂ ਉਸ ਨੇ ਮੇਰੇ ਹੱਥ ਨੂੰ ਆਪਣੇ ਹੱਥਾਂ ਵਿੱਚ ਲਿਆ ਤੇ ਕਿਹਾ, “ਵੀਰ ਜੀ, ਸਾਨੂੰ ਅੱਜ ਵੀ ਮਾਣ ਹੈ ਆਪਣੇ ਵੀਰਾਂ ਤੇ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਧਰਮ ਲਈ ਕੁਰਬਾਨੀਆਂ ਕੀਤੀਆਂ, ਇਸ ਦੇਸ਼ ਦੀ ਅਣਖ਼, ਏਕਤਾ, ਅਖੰਡਤਾ ਨੂੰ ਬਚਾਇਆ ਹੈ।”
“ਇਸੇ ਲਈ ਭਾਰਤ ਵਿੱਚ ਮੈਨੂੰ ਸਭ ਤੋਂ ਪਿਆਰੇ ਸਿੱਖ ਵੀਰ ਲੱਗਦੇ ਹਨ ਤੇ ਤੁਹਾਡੇ ਸਿਰ ਤੇ ਦਸਤਾਰ ਦੇਖ ਕੇ ਮੈਂ ਤੁਹਾਡੇ ਕੋਲ ਬਿਨਾਂ ਕਿਸੇ ਡਰ ਦੇ ਆ ਕੇ ਬਹਿ ਗਈ। ਸੱਚਮੁੱਚ ਇੱਕ ਸਿੱਖ ਹੀ ਇਤਬਾਰ ਦੇ ਲਾਇਕ ਲੱਗਾ ਮੈਨੂੰ ਇਸ ਭੀੜ ਵਿੱਚ।”

ਇਹ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਵੀ ਲੋਕ ਸਿੱਖਾਂ ਨੂੰ ਇੱਜਤ ਦੀ ਨਜ਼ਰ ਨਾਲ ਦੇਖਦੇ ਹਨ ਨਹੀਂ ਤਾਂ ਧਰਮ ਦੇ ਠੇਕੇਦਾਰਾਂ ਨੇ ਪੂਰੀ ਦੁਨੀਆਂ ਵਿੱਚ ਸਿੱਖਾਂ ਦੇ ਅਕਸ ਨੂੰ ਧੁੰਦਲਾ ਕੀਤਾ ਹੈ। ਵੱਖੋ-ਵੱਖਰੇ ਭੇਖ ਬਣਾ ਕੇ ਬਾਬੇ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਵਿਧਾਨ ਸਭਾ ਤੋਂ ਲੈ ਕੇ ਸੜਕਾਂ ਤੱਕ ਅਸੀਂ ਇੱਕ ਦੂਜੇ ਦੀਆਂ ਪੱਗਾਂ ਨੂੰ ਹੱਥ ਪਾ ਰਹੇ ਹਾਂ। ਸਾਡੇ ਵਿੱਚ ਏਕਾ ਖਤਮ ਕੀਤਾ ਜਾ ਰਿਹਾ ਹੈ ਅਤੇ ਵੰਡੀਆਂ ਪਾਈਆਂ ਜਾ ਰਹੀਆਂ ਹਨ। ਅੱਜ ਸਾਡੀ ਅਰਦਾਸ ਇੱਕ ਨਹੀਂ ਰਹੀ, ਸਾਡੀ ਰਹਿਤ ਇੱਕ ਨਹੀਂ ਰਹੀ ਅਤੇ ਅਸੀਂ ਦਰ-ਦਰ ਦੇ ਮੰਗਤੇ ਬਣੇ ਹੋਏ ਹਾਂ।

ਅਸੀਂ ਅਜੇ ਗੱਲਾਂ ਵਿੱਚ ਹੀ ਰੁੱਝੇ ਸਾਂ ਕਿ ਪਿੰ੍ਰਸੀਪਲ ਮੈਡਮ ਆ ਗਏ। ਮੈਂ ਉਹਨਾਂ ਨੂੰ ਪੰਜਾਬੀ ਕਿਤਾਬਾਂ ਦੀ ਬਣਾਈ ਲਿਸਟ ਫੜਾ ਦਿੱਤੀ। ਉਸ ਵਿਦੇਸ਼ੀ ਭੈਣ ਤੋਂ ਵਿਦਾ ਲੈ ਕੇ ਕਿਤਾਬਾਂ ਖ੍ਰੀਦੀਆਂ ਤੇ ਵਾਪਸ ਘਰ ਨੂੰ ਚੱਲ ਪਏ। ਮੈਂ ਰਸਤੇ ਵਿੱਚ ਸੋਚ ਰਿਹਾ ਸਾਂ ਕਿ ਅੱਜ ਪਹਿਲੀ ਵਾਰ ਦਿੱਲੀ ਆਇਆ ਹਾਂ ਤੇ ਰਹਿੰਦੀ ਉੱਮਰ ਤੱਕ ਇਸ ਸਫ਼ਰ ਨੂੰ ਅਤੇ ਉਸ ਵਿਦੇਸ਼ੀ ਭੈਣ ਨੂੰ ਭੁੱਲ ਨਹੀਂ ਸਕਦਾ ਜਿਸ ਨੇ ਮੈਨੂੰ ਹਕੀਕਤ ਤੋਂ ਜਾਣੂ ਕਰਵਾਇਆ ਹੈ।
 


 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com