WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ                (18/02/2022)

lall

09ਕਹਾਂ ਸੰਭਲਤੇ ਹੈਂ ਬਹਿਤੇ ਹੂਏ ਬਹਾਵ ਮੇਂ ਲੋਗ॥
ਮਗ਼ਰ ਫਿਰ ਜ਼ਖ਼ਮ ਉਠਾਏਂਗੇ ਇਸ ਚੁਨਾਵ ਮੇਂ ਲੋਗ॥


ਸਾਡੇ ਦੇਸ਼ ਵਿਚ ਖ਼ੁਮਾਰ ਮੀਰਜ਼ਾਦਾ ਦਾ ਇਹ ਸ਼ਿਅਰ ਸਿਰਫ ਇਸ ਵਾਰ ਦੀਆਂ ਚੋਣਾਂ 'ਤੇ ਹੀ ਨਹੀਂ, ਸਗੋਂ ਹਰ ਵਾਰ ਦੀਆਂ ਚੋਣਾਂ 'ਤੇ ਢੁਕਦਾ ਰਿਹਾ ਹੈ। ਲੋਕ ਸਿਰਫ ਵਹਾਅ ਵਿਚ ਵਹਿ ਕੇ ਵੋਟਾਂ ਪਾਉਂਦੇ ਹਨ ਤੇ ਬਾਅਦ ਵਿਚ ਹਰ ਵਾਰ ਪਛਤਾਉਂਦੇ ਵੀ ਹਨ।

ਪਿਛਲੇ ਕਰੀਬ 75 ਸਾਲਾਂ ਦੇ ਇਤਿਹਾਸ ਵਿਚ ਭਾਰਤ ਤੇ ਪੰਜਾਬ ਦੇ ਲੋਕਾਂ ਨੇ ਜਿਸ ਨੂੰ ਵੀ ਚੁਣਿਆ ਹੈ, ਆਮ ਤੌਰ 'ਤੇ ਉਹ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਪੂਰਾ ਨਹੀਂ ਉਤਰਿਆ। ਸਗੋਂ ਲਗਭਗ ਹਰ ਜੇਤੂ ਉਮੀਦਵਾਰ ਆਪਣੇ-ਆਪ ਨੂੰ ਇਲਾਕੇ ਦਾ ਬਾਦਸ਼ਾਹ ਸਮਝ ਕੇ ਆਪਣੇ ਘਰ ਭਰਨ ਵਿਚ ਹੀ ਲੱਗਾ ਨਜ਼ਰ ਆਇਆ। ਇਸ ਲਈ ਅਸੀਂ ਜਿਸ ਨੂੰ ਵੀ ਜਿਤਾਇਆ ਹੈ, ਬਾਅਦ ਵਿਚ ਸਾਡੀਆਂ ਭਾਵਨਾਵਾਂ ਹੀ ਜ਼ਖ਼ਮੀ ਹੋਈਆਂ ਹਨ। ਇਸ ਵਾਰ ਦੀਆਂ ਚੋਣਾਂ ਪਿਛਲੀਆਂ ਚੋਣਾਂ ਨਾਲੋਂ ਇਸ ਲਈ ਥੋੜ੍ਹੀਆਂ ਵੱਖਰੀਆਂ ਹਨ ਕਿ ਇਸ ਵਾਰ ਮੁਕਾਬਲੇ ਬਹੁਕੋਨੇ ਹਨ। ਕਿਤੇ ਚੌਕੋਨੇ ਤੇ ਕਿਤੇ 5 ਕੋਨੇ ਵੀ।

ਭਾਵੇਂ ਮੇਰੀ ਸਮਝ ਨਹੀਂ ਮੰਨਦੀ ਕਿ ਪੰਜਾਬ ਵਿਚ ਇਸ ਵਾਰ 'ਲਟਕਵੀਂ' ਵਿਧਾਨ ਸਭਾ ਬਣੇਗੀ ਤੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ, ਕਿਉਂਕਿ ਅਜਿਹੀ ਰਾਜਨੀਤਕ ਸਥਿਤੀ ਵਿਚ ਜਿੱਤ-ਹਾਰ ਲਈ ਵੱਡੇ ਫ਼ਰਕ ਦੀ ਲੋੜ ਨਹੀਂ ਹੁੰਦੀ, ਸਗੋਂ ਮਹਿਜ ਇਕ ਜਾਂ ਦੋ ਫ਼ੀਸਦੀ ਵੋਟ ਵੱਧ ਲੈਣ ਵਾਲੀ ਪਾਰਟੀ ਸੀਟਾਂ ਦੇ ਮਾਮਲੇ ਵਿਚ ਦੂਸਰੇ ਨੰਬਰ ਦੀ ਪਾਰਟੀ ਨਾਲੋਂ ਕਿਤੇ ਅੱਗੇ ਹੋ ਸਕਦੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰੇ ਸਰਵੇਖਣ, ਸੰਕੇਤ ਤੇ ਬਹੁਤੇ ਸਿਆਸੀ ਵਿਸ਼ਲੇਸ਼ਕਾਂ ਦੇ ਅੰਦਾਜ਼ੇ 'ਲਟਕਵੀਂ' ਵਿਧਾਨ ਸਭਾ ਬਣਨ ਦੀ ਗੱਲ ਹੀ ਕਰ ਰਹੇ ਹਨ।

ਇਹ ਕਮਾਲ ਹੈ ਕਿ ਹੁਣ ਜਦੋਂ ਵੋਟਾਂ ਪੈਣ ਦੇ ਵਿਚਕਾਰ ਸਿਰਫ ਦੋ ਦਿਨ ਹੀ ਬਾਕੀ ਹਨ, ਤਾਂ ਵੀ ਕੋਈ ਵੀ ਰਾਜਸੀ ਵਿਸ਼ਲੇਸ਼ਕ ਹਿੱਕ ਠੋਕ ਕੇ ਕੋਈ ਭਵਿੱਖਬਾਣੀ ਕਰਨ ਦੇ ਸਮਰੱਥ ਨਹੀਂ ਹੈ। ਇਸ ਵਾਰ 'ਭਾਜਪਾ' ਨੇ ਜਿਸ ਤਰ੍ਹਾਂ ਦਾ ਜ਼ੋਰ ਪੰਜਾਬ ਵਿਚ ਲਾਇਆ ਹੋਇਆ ਹੈ, ਉਹ ਮਹੱਤਵਪੂਰਨ ਹੈ। ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਇਸ ਵਾਰ ਪੰਜਾਬ ਵਿਚ ਆਸ ਨਾਲੋਂ ਜ਼ਿਆਦਾ ਸਫਲ ਹੋਵੇਗੀ। ਭਾਜਪਾ ਬੇਸ਼ੱਕ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਕੋਈ ਵੱਡੀ ਜਿੱਤ ਪ੍ਰਾਪਤ ਕਰੇ ਜਾਂ ਨਾ ਕਰੇ ਪਰ ਉਸ ਦੇ ਵੋਟ ਫ਼ੀਸਦੀ ਵਿਚ ਵੱਡਾ ਸੁਧਾਰ ਹੋਣਾ ਯਕੀਨੀ ਹੈ।

ਭਾਜਪਾ ਕੋਈ ਵੀ ਪੱਥਰ ਉਠਾਉਣ ਤੋਂ ਝਿਜਕ ਨਹੀਂ ਰਹੀ। ਇਕ ਪਾਸੇ ਉਹ ਡੇਰਿਆਂ ਦੀਆਂ ਵੋਟਾਂ ਆਪਣੇ ਹੱਕ ਵਿਚ ਕਰ ਰਹੀ ਹੈ ਤੇ ਦੂਜੇ ਪਾਸੇ ਸਿੱਖਾਂ ਨੂੰ ਲੁਭਾਉਣ ਲਈ ਵੀ ਪੂਰਾ ਜ਼ੋਰ ਲਾ ਰਹੀ ਹੈ। ਉਸ ਦਾ ਸਭ ਤੋਂ ਵੱਡਾ ਹਥਿਆਰ ਹਿੰਦੂ ਵੋਟਾਂ ਨੂੰ ਕਤਾਰਬੱਧ ਕਰਨਾ ਵੀ ਸਫਲ ਹੁੰਦਾ ਦਿਖਾਈ ਦਿੰਦਾ ਹੈ।

ਹਾਲਾਂ ਕਿ ਪਹਿਲਾਂ-ਪਹਿਲਾਂ ਇਹੀ ਸੋਚ ਸੀ ਕਿ ਭਾਜਪਾ ਦਾ ਵੱਖਰਾ ਲੜਨਾ ਅਕਾਲੀ ਦਲ ਲਈ ਹੀ ਨੁਕਸਾਨਦੇਹ ਹੈ। ਪਰ ਹੁਣ ਜਿਥੇ ਭਾਜਪਾ ਦੀ ਚੋਣ ਮੁਹਿੰਮ ਪਹੁੰਚ ਚੁੱਕੀ ਹੈ, ਹੁਣ ਉਹ ਅਕਾਲੀ ਦਲ ਦੀ ਵੋਟ ਤੋੜਨ ਦੇ ਨਾਲ-ਨਾਲ ਕਾਂਗਰਸ ਨੂੰ ਵੀ ਘੱਟ ਨੁਕਸਾਨ ਨਹੀਂ ਕਰ ਰਹੀ।

ਅਕਾਲੀ ਦਲ ਦੀ ਚੋਣ ਮੁਹਿੰਮ ਸਾਰੀਆਂ ਪਾਰਟੀਆਂ ਤੋਂ ਵੱਧ ਤੇਜ਼ੀ ਨਾਲ ਚੱਲ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਲਗਾਤਾਰ 3-4 ਮਹੀਨੇ ਜਿੰਨੀ ਮਿਹਨਤ ਕੀਤੀ ਹੈ, ਓਨੀ ਕੋਈ ਹੋਰ ਨੇਤਾ ਨਹੀਂ ਕਰ ਸਕਿਆ। ਇਹੀ ਕਾਰਨ ਹੈ ਕਿ ਸ਼ੁਰੂਆਤੀ ਦੌਰ ਵਿਚ ਮੁਕਾਬਲੇ ਤੋਂ ਬਾਹਰ ਦਿਖਦਾ ਅਕਾਲੀ ਦਲ ਮੁਕਾਬਲੇ ਵਿਚ ਤਾਂ ਪਰਤ ਆਇਆ ਹੈ ਪਰ ਸੀਟਾਂ ਜਿੱਤਣੀਆਂ ਵੱਖਰੀ ਗੱਲ ਹੈ ਤੇ ਟੱਕਰ ਦੇਣੀ ਵੱਖਰੀ ਗੱਲ, ਜਿੱਤ ਹਾਰ ਤਾਂ ਕਈ ਵਾਰ ਸਿਰਫ ਇਕ ਵੋਟ 'ਤੇ ਵੀ ਹੋ ਜਾਂਦੀ ਹੈ।

ਕਾਂਗਰਸ ਸ਼ੁਰੂਆਤੀ ਦੌਰ ਵਿਚ ਸਾਫ਼ ਜਿੱਤਦੀ ਆ ਰਹੀ ਸੀ ਪਰ ਕਾਂਗਰਸ ਦੀ ਆਪਸੀ ਫੁੱਟ ਕਾਂਗਰਸ ਦਾ ਕਾਫੀ ਨੁਕਸਾਨ ਕਰ ਗਈ ਹੈ। ਬੇਸ਼ੱਕ ਕਾਂਗਰਸ ਅਜੇ ਵੀ ਮੁਕਾਬਲੇ ਵਿਚ ਹੈ ਤੇ ਨਤੀਜੇ ਕੁਝ ਵੀ ਨਿਕਲ ਸਕਦੇ ਹਨ ਪਰ ਜੋ ਦਿਖਾਈ ਦੇ ਰਿਹਾ ਹੈ, ਉਸ ਅਨੁਸਾਰ ਕਾਂਗਰਸ ਨੇ ਇਕ ਦਲਿਤ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਕੇ ਅਤੇ ਉਸ ਨੂੰ ਹੀ ਅਗਲੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਜੋ ਖੇਡ ਖੇਡੀ ਸੀ, ਉਸ ਦਾ ਦੁਆਬੇ ਵਿਚ ਤਾਂ ਕਾਫੀ ਅਸਰ ਦਿਖਾਈ ਦੇ ਰਿਹਾ ਹੈ। ਮਾਲਵੇ ਵਿਚ ਭਾਵੇਂ ਕੁਝ ਅਸਰ ਤਾਂ ਜ਼ਰੂਰ ਹੈ ਪਰ ਜਾਦੂ ਸਿਰ ਚੜ੍ਹ ਕੇ ਬੋਲਦਾ ਦਿਖਾਈ ਨਹੀਂ ਦੇ ਰਿਹਾ।

'ਆਮ ਆਦਮੀ ਪਾਰਟੀ' ਇਸ ਵਾਰ ਪਿਛਲੀ ਵਾਰ ਵਾਂਗ 100 ਸੀਟਾਂ 'ਤੇ ਜਿੱਤ ਦਾ ਦਾਅਵਾ ਤਾਂ ਨਹੀਂ ਕਰ ਰਹੀ ਪਰ ਇਸ ਵਿਚ ਕੋਈ ਸ਼ੱਕ ਨਹੀਂ ਉਸ ਦੇ ਉਮੀਦਵਾਰਾਂ ਦੀ ਪ੍ਰਚਾਰ ਸਮਰੱਥਾ ਘੱਟ ਹੋਣ ਦੇ ਬਾਵਜੂਦ ਵੀ ਕਈ ਸੀਟਾਂ 'ਤੇ ਮਾਹੌਲ 'ਆਪ' ਦੇ ਹੱਕ ਵਿਚ ਦਿਖਾਈ ਦੇ ਰਿਹਾ ਹੈ। ਇਸ ਵਾਰ 'ਆਪ' ਦਾ ਅਸਰ ਦੁਆਬੇ ਤੇ ਮਾਝੇ ਵਿਚ ਪਿਛਲੀ ਵਾਰ ਨਾਲੋਂ ਜ਼ਿਆਦਾ ਹੈ।

ਅਸਲ ਵਿਚ ਲੋਕ 'ਆਪ' ਦੀਆਂ ਨੀਤੀਆਂ ਜਾਂ ਕੰਮ ਘੱਟ ਵੇਖ ਰਹੇ ਹਨ ਪਰ ਕਾਂਗਰਸ ਤੇ ਅਕਾਲੀ ਦਲ ਦੇ ਲੰਮੇ ਪ੍ਰਸ਼ਾਸਨਾਂ ਦੀ ਕਾਰਗੁਜ਼ਾਰੀ ਨੂੰ ਰੱਦ ਕਰਦੇ ਜ਼ਿਆਦਾ ਦਿਖਾਈ ਦੇ ਰਹੇ ਹਨ। 'ਆਪ' ਦੇ ਸਮਰਥਨ ਲਈ ਉਹ ਕਿਸੇ ਹੋਰ ਦੀ ਦਲੀਲ ਜਾਂ ਅਪੀਲ ਦੀ ਪ੍ਰਵਾਹ ਨਹੀਂ ਕਰ ਰਹੇ। ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦੇ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਪ੍ਰਤੀ ਵਤੀਰੇ ਨਾਲ ਵੀ ਕੋਈ ਸਰੋਕਾਰ ਨਹੀਂ। ਉਹ ਤਾਂ ਬਸ ਅਕਾਲੀ ਤੇ ਕਾਂਗਰਸ ਦੋਵਾਂ ਦੀ ਥਾਂ ਬਦਲਾਓ ਦੀ ਗੱਲ ਹੀ ਕਰਦੇ ਹਨ ਕਿ ਤੀਸਰੀ ਧਿਰ ਨੂੰ ਵੀ ਅਜ਼ਮਾ ਕੇ ਵੇਖ ਲਈਏ।

ਫਿਰ 'ਆਪ' ਵਲੋਂ ਐਲਾਨੀਆਂ ਮੁਫ਼ਤ ਸਹੂਲਤਾਂ ਵੀ ਉਨ੍ਹਾਂ ਨੂੰ ਕਾਫੀ ਲੁਭਾ ਰਹੀਆਂ ਹਨ। ਉਨ੍ਹਾਂ ਲਈ ਇਸ ਗੱਲ ਦੀ ਵੀ ਕੋਈ ਕੀਮਤ ਨਹੀਂ ਕਿ 'ਆਪ' ਦੇ 4-5 ਦਰਜਨ ਉਮੀਦਵਾਰ ਤਾਂ ਪੁਰਾਣੀਆਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਵਿਚੋਂ ਹੀ ਆਏ ਹਨ ਤਾਂ ਉਹ ਕੀ ਬਦਲਾਓ ਕਰਨਗੇ।

ਉਂਜ ਤਾਂ ਕੋਈ ਜਿੱਤੇ ਕੋਈ ਹਾਰੇ ਇਨ੍ਹਾਂ ਵਿਚੋਂ ਕਿਸੇ ਵੀ ਧਿਰ ਤੋਂ ਪੰਜਾਬ ਦੇ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਚੋਣਾਂ ਵਿਚ ਪੰਜਾਬ ਦੀਆਂ ਅਸਲੀ ਜ਼ਰੂਰਤਾਂ ਤੇ ਰਵਾਇਤੀ ਮੰਗਾਂ ਤਾਂ ਚੋਣਾਂ ਦਾ ਮੁੱਦਾ ਹੀ ਨਹੀਂ ਬਣ ਸਕੀਆਂ।

ਏ ਕਾਫ਼ਿਲੇ ਵਾਲੋ, ਤੁਮ ਇਤਨਾ ਭੀ ਨਹੀ ਸਮਝੇ,
ਲੂਟਾ ਹੈ ਤੁਮਹੇਂ ਰਹਿਜ਼ਨ ਨੇ, ਰਹਿਬਰ ਕੇ ਇਸ਼ਾਰੇ ਪੇ।

ਚੋਰ ਉਚੱਕਾ ਚੌਧਰੀ...
ਕਈ ਦਹਾਕੇ ਪਹਿਲਾਂ ਇਕ ਫਰਾਂਸੀਸੀ ਨਾਵਲ ਦਾ ਅੰਗਰੇਜ਼ੀ ਅਨੁਵਾਦ ਪੜ੍ਹਿਆ ਸੀ। ਨਾਵਲ ਦਾ ਨਾਂਅ 'ਡਾਰਕਨੈੱਸ ਐਟ ਦਿ ਨੂਨ' (ਦੁਪਹਿਰੇ ਹਨੇਰਾ) ਸੀ। ਉਸ ਦੇ ਇਕ ਪਾਤਰ ਦਾ ਇਕ 'ਡਾਇਲਾਗ' ਅੱਜ ਤੱਕ ਯਾਦ ਹੈ ਕਿ 'ਰਾਜਨੀਤੀ ਵਿਚ ਉਹ ਗੁੰਡਾ ਹੀ ਕਾਮਯਾਬ ਹੁੰਦਾ ਹੈ ਜੋ ਲੋਕਾਂ ਨੂੰ ਯਕੀਨ ਦਿਵਾ ਸਕੇ ਕਿ ਉਹ ਸ਼ਰੀਫ਼ ਹੈ।' ਭਾਵ ਰਾਜਨੀਤੀ ਵਿਚ ਕਾਮਯਾਬੀ ਲਈ ਸਿਰਫ਼ ਸ਼ਰੀਫ਼ ਦਿਸਣਾ ਤੇ ਅੰਦਰੋਂ ਗੁੰਡਾ ਹੋਣਾ ਜ਼ਰੂਰੀ ਹੈ।

ਇਸ ਵਾਰ ਪੰਜਾਬ ਦੀਆਂ ਚੋਣਾਂ ਬਾਰੇ 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' ਨਾਂਅ ਦੀ ਸੰਸਥਾ ਦੇ ਅੰਕੜੇ ਵੀ ਇਸ ਡਾਇਲਾਗ ਦੇ ਭਾਵ 'ਤੇ ਮੋਹਰ ਲਾ ਰਹੇ ਹਨ।

ਇਸ ਵਾਰ ਪੰਜਾਬ ਵਿਚ ਕੁੱਲ 315 ਉਮੀਦਵਾਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਹਨ। ਇਨ੍ਹਾਂ ਵਿਚੋਂ 68 ਉਮੀਦਵਾਰ 'ਅਕਾਲੀ-ਬਸਪਾ' ਗੱਠਜੋੜ ਦੇ ਹਨ ਤੇ 58 'ਆਮ ਆਦਮੀ ਪਾਰਟੀ' ਦੇ ਉਮੀਦਵਾਰ ਹਨ,  ਜਦੋਂ ਕਿ 34 ਉਮੀਦਵਾਰ ਭਾਜਪਾ ਤੇ ਸਾਥੀ ਪਾਰਟੀਆਂ ਦੇ ਵੀ ਹਨ ਜੋ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਹੈਰਾਨੀਜਨਕ ਤੌਰ 'ਤੇ ਕਾਂਗਰਸ ਦੇ 16 ਉਮੀਦਵਾਰ ਹੀ ਅਜਿਹੇ ਹਨ। ਇਨ੍ਹਾਂ ਸਾਰਿਆਂ ਵਿਚੋਂ ਕਈ ਤਾਂ ਬਹੁਤ ਗੰਭੀਰ ਅਪਰਾਧਾਂ ਦੇ ਕੇਸਾਂ ਵਿਚ ਫਸੇ ਹੋਏ ਹਨ। ਹੁਣ ਇਹ ਫ਼ੈਸਲਾ ਲੋਕਾਂ ਨੇ ਕਰਨਾ ਹੈ ਕਿ ਅਜਿਹੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਇਨਾਮ ਦੇਣਾ ਹੈ ਜਾਂ ਸਜ਼ਾ?

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਕਤੀ ਦਾ ਜ਼ਿਕਰ ਜ਼ਰੂਰੀ ਜਾਪਦਾ ਹੈ :

ਸਰਮੁ ਧਰਮੁ ਦੁਇ ਛਪਿ ਖਲੋਏ,
ਕੂੜੁ ਫਿਰੈ ਪਰਧਾਨੁ ਵੇ ਲਾਲੋ॥


ਭਾਜਪਾ ਦੀ ਸਿੱਖਾਂ ਦੇ ਨੇੜੇ ਆਉਣ ਦੀ ਕੋਸ਼ਿਸ਼?
ਬੇਸ਼ੱਕ ਇਕ ਪਾਸੇ ਭਾਜਪਾ ਦੀ ਹਰਿਆਣਾ ਸਰਕਾਰ ਨੇ ਵੋਟਾਂ ਲਈ ਹੀ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਫਰਲੋ 'ਤੇ ਭੇਜਿਆ ਹੈ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਸ ਡੇਰੇ ਦੇ ਮੁਖੀ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਵਲੋਂ ਨਾਮਧਾਰੀ ਮੁਖੀ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।

ਪਰ ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਸਭ ਤੋਂ ਵਧ ਜ਼ੋਰ ਸਿੱਖਾਂ ਨੂੰ ਭਾਜਪਾ ਦੇ ਨੇੜੇ ਕਰਨ 'ਤੇ ਵੀ ਲੱਗਾ ਹੋਇਆ ਹੈ।

ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੋਂ ਲੈ ਕੇ ਪੰਜਾਬ ਵਿਚ ਫਿਰ ਰਿਹਾ ਹਰ ਕੇਂਦਰੀ ਮੰਤਰੀ ਇਹ ਗਿਣਵਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਕਿਹੜੇ-ਕਿਹੜੇ ਕੰਮ ਸਿੱਖਾਂ ਲਈ ਕੀਤੇ ਹਨ। ਉਹ ਪੰਜਾਬੀਆਂ ਤੇ ਸਿੱਖਾਂ ਦੀ ਬਹਾਦਰੀ ਦੀਆਂ ਤਾਰੀਫ਼ਾਂ ਕਰਦੇ ਵੀ ਨਹੀਂ ਥਕਦੇ। ਬੇਸ਼ੱਕ ਮੁਸਲਮਾਨਾਂ ਤੇ ਇਸਾਈਆਂ ਵਿਚ ਭਾਜਪਾ ਪ੍ਰਤੀ ਵਿਰੋਧ ਦੀ ਭਾਵਨਾ ਦੇ ਚਲਦਿਆਂ ਇਸ ਪਿੱਛੇ ਇਹ ਸੋਚ ਵੀ ਹੋ ਸਕਦੀ ਹੈ ਕਿ ਦੇਸ਼ ਦੀਆਂ ਸਾਰੀਆਂ ਘਟ-ਗਿਣਤੀਆਂ ਨੂੰ ਭਾਜਪਾ ਦੇ ਖਿਲਾਫ਼ ਹੋਣ ਤੋਂ ਰੋਕਿਆ ਜਾਵੇ।

ਪਰ ਨੋਟ ਕਰਨ ਵਾਲੀ ਗੱਲ ਹੈ ਕਿ 'ਰਾਸ਼ਟਰੀ ਸੋਇਮ ਸੇਵਕ ਸੰਘ' ਵੀ ਸਿੱਖਾਂ ਨੂੰ ਵੱਖਰਾ ਧਰਮ ਮੰਨਦਿਆਂ ਹੋਇਆਂ ਵੀ ਹਿੰਦੂਆਂ ਦੀ ਇਕ ਸ਼ਾਖ ਵਾਂਗ ਹੀ ਸਮਝਦਾ ਹੈ। ਜਦੋਂ ਕਿ ਸਿੱਖ ਰਾ:ਸ:ਸ: ਦੇ ਇਸ ਫਲਸਫ਼ੇ ਤੋਂ ਹੀ ਤ੍ਰਹਿੰਦੇ ਹਨ ਕਿ ਕਿਤੇ ਇਹ ਨੀਤੀ ਹੌਲੀ-ਹੌਲੀ ਬੁੱਧ ਧਰਮ ਅਤੇ ਜੈਨੀਆਂ ਵਾਂਗ ਸਿੱਖਾਂ ਨੂੰ ਵੀ ਭਾਰਤ ਵਿਚ ਹਿੰਦੂ ਧਰਮ ਦਾ ਇਕ ਹਿੱਸਾ ਹੀ ਨਾ ਬਣਾ ਦੇਵੇ।

ਸਾਡੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਦੀ ਬੰਦ ਕਮਰਾ ਮੁਲਾਕਾਤ ਵਿਚ ਜਥੇਦਾਰ ਵਲੋਂ ਉਠਾਈਆਂ ਬਹੁਤੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਦਰਮਿਆਨ ਕੱਲ੍ਹ ਦੁਪਹਿਰ ਨੂੰ ਦੇਸ਼ ਭਰ ਦੀਆਂ 40 ਦੇ ਕਰੀਬ ਸਿੱਖ ਸੰਸਥਾਵਾਂ ਦੇ ਮੁਖੀ ਅਤੇ ਕੁਝ ਸਿੱਖ ਸੰਤ ਮਹਾਤਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ।

ਸੰਭਾਵਨਾ ਇਹੀ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਵਲੋਂ ਸਿੱਖਾਂ ਦੀ ਭਲਾਈ ਲਈ ਚੁੱਕੇ ਗਏ ਉਨ੍ਹਾਂ ਕਦਮਾਂ ਦੀ ਪ੍ਰਸੰਸਾ ਕਰਨਗੇ ਅਤੇ ਉਨ੍ਹਾਂ ਦਾ ਸ਼ੁਕਰੀਆ ਵੀ ਅਦਾ ਕਰਨਗੇ।

ਫੋਨ : 92168-60000
E. mail : hslall@ymail.com

 
 

 
  09ਪੰਜਾਬ ਚੋਣਾਂ ਦੀ ਭਵਿੱਖਬਾਣੀ: ਮਹਾਂ-ਟੇਢੀ ਖੀਰ    
ਹਰਜਿੰਦਰ ਸਿੰਘ ਲਾਲ
08ਪੰਜਾਬ ਚੋਣਾਂ: ਤਸਵੀਰ ਅਜੇ ਵੀ ਧੁੰਦਲ਼ੀ
ਹਰਜਿੰਦਰ ਸਿੰਘ ਲਾਲ
07ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
06ਜਦ ਆਗੂ ਹੀ ਪਾਉਣ ਆਪਣੀ ਹੀ ਬੇੜੀ ਵਿੱਚ ਵੱਟੇ   
ਹਰਜਿੰਦਰ ਸਿੰਘ ਲਾਲ
05ਮੁੱਦੇ ਅਤੇ ਵਿਚਾਰਧਾਰਾ ਸਿਆਸੀ ਪਾਰਟੀਆਂ ਲਈ ਮਹੱਤਵਪੂਰਨ ਨਹੀਂ ਰਹੇ   
ਹਰਜਿੰਦਰ ਸਿੰਘ ਲਾਲ
04ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ - ਪ੍ਰਵਾਸੀਆਂ ਨੂੰ ਉਹ ਸਿਰਫ਼ ਮੁੰਨਣ ਵਾਲ਼ੀਆਂ ਭੇਡਾਂ ਹੀ ਸਮਝਦੇ ਨੇ     
ਸ਼ਿਵਚਰਨ ਜੱਗੀ ਕੁੱਸਾ, ਲੰਡਨ
03ਕਾਂਗਰਸ ਦੀ ਛਵ੍ਹੀ ਉੱਤੇ ਈ. ਡੀ. ਦੇ ਛਾਪੇ
ਹਰਜਿੰਦਰ ਸਿੰਘ ਲਾਲ
02ਮੋਦੀ ਜੀ ਦੀ ਰੈਲੀ ਰੱਦ ਹੋਣ ਬਾਦ ਕਿਉਂ  ਭੜਕੀ ਭਾਜਪਾ?    
ਬੁੱਧ ਸਿੰਘ ਨੀਲੋਂ  
01ਮੋਦੀ ਜੀ ਦੇ ਪੰਜਾਬ ਦੌਰੇ ਦੇ ਸੰਭਾਵੀ ਨਤੀਜੇ
ਹਰਜਿੰਦਰ ਸਿੰਘ ਲਾਲ 
  912021 ਦਾ ਸਤਿਕਾਰਤ ਸਰਵੋਤਮ ਪੰਜਾਬੀ
ਪੰਜਾਬੀਆਂ ਦਾ ਮਾਣ: ਡਾ ਸਵੈਮਾਨ ਸਿੰਘ ਪੱਖੋਕੇ  
ਉਜਾਗਰ ਸਿੰਘ, ਪਟਿਆਲਾ
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com