|

21ਵੀਂ ਸਦੀ ਨੂੰ ‘ਕ੍ਰਿਤਮ ਬੁੱਧਿ’ (ਆਰਟੀਫੀਸ਼ਲ ਇੰਟੈਲਜੈੰਸੀ) ਨੇ ਵਿਆਪਕ ਪੱਧਰ
‘ਤੇ ਚਕ੍ਰਿਤ ਕੀਤਾ ਹੋਇਆ ਹੈ। ਪਰ ਇਹ ਕੋਈ ਨਵੀਂ ਗੱਲ ਨਹੀਂ, ਇਸਦੀਆਂ ਜੜ੍ਹਾਂ 75
ਸਾਲ ਪੁਰਾਣੀਆਂ ਹਨ। ‘ਜੌਹਨ ਮੈਕਾਰਥੀ’ ਦੁਆਰਾ 1956 ਵਿੱਚ ਆਯੋਜਿਤ ‘ਡਾਰਟਮਾਊਥ
ਕਾਰਜਸ਼ਾਲਾ’ ਦੌਰਾਨ ਇਹ ਸ਼ਬਦ ਖੋਜ ਖੇਤਰ ਵਿੱਚ ਇੱਕ ਅਨੁਸ਼ਾਸਨ ਦੇ ਤੌਰ ‘ਤੇ ਹੋਂਦ
ਵਿੱਚ ਆਇਆ ਅਤੇ ਸਥਾਪਿਤ ਹੋਇਆ। ਇਸ ਵੇਲੇ ਇਸਨੇ ਸਾਰੇ ਸੰਸਾਰ ਨੂੰ ਆਪਣੀ ਬੁੱਕਲ਼
ਵਿੱਚ ਲੈ ਲਿਆ ਹੈ। ਪੰਜਾਬੀ ਵੀ ਏਸ ਪ੍ਰਤੀ ਬੁਹਤ ਜਾਗਰੂਕ ਜਾਪਦੇ ਹਨ। ਉਹਨਾਂ ਨੇ ਵੀ
ਇਸਦੇ ਅਨੇਕਾਂ ਨਾਮ ਦੇ ਰੱਖੇ ਹੋਏ ਹਨ, ਜਿਵੇਂ ਕਿ ਮਸ਼ੀਨੀ ਬੁੱਧੀਮਾਨਤਾ, ਬਣਾਉਟੀ
ਬੁੱਧੀ, ਮਸ਼ੀਨੀ ਬੁੱਧ, ਮਸਨੂਈ ਬੁੱਧੀ, ਨਕਲੀ ਬੁੱਧੀ ਜਾਂ ਬਣਾਵਟੀ ਬੌਧਿਕਤਾ।
ਪਹਿਲੇ ਦੋ ਨਾਵਾਂ ‘ਤੇ ਪੰਜਾਬੀਆਂ ਦੀ ਵੱਧ ਸਹਿਮਤੀ ਲਗਦੀ ਹੈ ਜਦ ਕਿ ਸੁਣਨ ਵਿੱਚ
ਆਇਆ ਹੈ ਕਿ ਪਹਿਲੇ ਨਾਮ ਨੂੰ ਸਰਕਾਰੀ ਸਰਪ੍ਰਸਤੀ ਪ੍ਰਾਪਤ ਹੈ। ਯਾਦ ਰਹੇ ਇਸਦਾ ਸਬੰਧ
ਕੰਪਿਊਟਰ ਨਾਲ਼ ਹੈ ਜਿਸਤੋਂ ਬਿਨਾ ਇਸ ਸ਼ਬਦ ਦੀ ਕਲਪਣਾ ਹੀ ਅਸੰਭਵ ਹੈ।
ਪੰਜਾਬੀ ਭਾਸ਼ਾ ਦੇ ਤਕਨੀਕੀਕਰਨ, ਵਿਗਿਆਨੀਕਰਨ, ਮਿਆਰੀਕਰਨ, ਕੰਪਿਊਟਰੀਕਰਨ ਬਾਰੇ
ਡੁੰਘਾਈ ਵਿੱਚ ਜਾ ਕੇ ਖੋਜ ਕਰਨ ਨਾਲ਼ ਸਾਨੂੰ ਨਵੇਂ ਗਿਆਨ ਦਾ ਅਹਿਸਾਸ ਹੁੰਦਾ ਹੈ। ਜਦ
ਅਸੀਂ ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ‘ਤੇ ਝਾਤ ਮਾਰਦੇ ਹਾਂ ਅਤੇ ਭਾਰਤੀ ਦਰਸ਼ਨ ਵਿੱਚ
ਵਿਗਿਆਨਕ ਤਰਕ ਦੀ ਖੋਜ ਕਰਦੇ ਹਾਂ ਤਾਂ ਅਸੀਂ ਪੰਜਵੀਂ ਛੇਵੀਂ ਸਦੀ ਦੇ ਰਿਸ਼ੀਆਂ
ਮੁਨੀਆਂ ਦੀਆਂ ਵਿਗਿਆਨਕ ਪ੍ਰਾਪਤੀਆਂ ਦੇਖ ਪੜ੍ਹ ਕੇ ਅਸ਼ ਅਸ਼ ਕਰ ਉੱਠਦੇ ਹਾਂ। ਉਹਨਾਂ
ਰਿਸ਼ੀਆਂ ਨੇ ਸੰਸਾਰ ਨੂੰ “ਅੰਕਪਾਲੀ” ਵਰਗਾ ਸਿਧਾਂਤ ਦਿੱਤਾ ਜਿਸ ਉੱਤੇ ਅਜੋਕਾ
ਕੰਪਿਊਟਰ ਸੰਸਾਰ ਖੜ੍ਹਾ ਹੈ। ਹੱਥਲਾ ਸਿਰਲੇਖ ਵੀ ਗੰਭੀਰ ਚਰਚਾ ਦਾ ਵਿਸ਼ਾ ਹੋ ਸਕਦਾ
ਹੈ। ਪਰ ਇੱਥੇ ਸੰਖੇਪ ‘ਚ ਇਹ ਕਹਿ ਦੇਣਾ ਕਾਫੀ ਹੋਵੇਗਾ ਕਿ ‘ਕ੍ਰਿਬੁੱਧਿ’ ਵਾਸਤੇ
ਚੁਣਿਆ ਗਿਆ “ਕ੍ਰਿਤਮ ਬੁੱਧਿ” (ਕ੍ਰਿ:ਬੁ:) ਸ਼ਬਦ ਸਿੱਖ ਧਰਮ ਦੇ ਮਹਾਨ, ਵਾਗੀਸ਼,
ਦਾਰਸ਼ਨਿਕ ਸ਼ਬਦ ਘਾੜੇ ਗੁਰੂਆਂ ਨੇ ਆਪਣੀ ਬਾਣੀ ਵਿੱਚ ਇਸ ਨੂੰ ਕਿਰਤਮ ਦੇ ਤੌਰ ‘ਤੇ
ਦਰਜ ਕੀਤਾ ਜੋ ਕਿ ਸੰਸਕ੍ਰਿਤ ਦੇ ਮੂਲ ਸ਼ਬਦ ‘ਕ੍ਰਿਤ੍ਰਿਮ’ ਤੋਂ ਆਇਆ ਹੈ। ਇਸ ਤੋਂ
ਅੱਗੇ ਪੰਜਾਬੀ ਦੇ ਮਹਾਨ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਮਹਾਨ ਕ੍ਰਿਤ
‘ਮਹਾਨ ਕੋਸ਼’ ਵਿੱਚ ਦਰਜ ਕੀਤਾ। ‘ਕ੍ਰਿਤਮ ਬੁੱਧਿ’ ਕਿਵੇਂ ਕੰਮ ਕਰਦੀ ਹੈ, ਇਹ ਅੱਜ
ਦੀ ਚਰਚਾ ਦਾ ਵਿਸ਼ਾ ਨਹੀਂ। ਦੇਖਣ ਸੁਣਨ ਵਿੱਚ ਆਇਆ ਹੈ ਕਿ ਇਸ ਵਿਸ਼ੇ ਉੱਤੇ ਪੰਜਾਬ ਦੇ
ਲਿਖਾਰੀ, ਵਿਦਵਾਨ, ਚਿੰਤਕ, ਸਕੂਲਾਂ ਕਾਲਜਾਂ ਦੇ ਅਧਿਆਪਕ, ਪੰਜਾਬ ਦੀਆਂ ਸਾਹਿਤਕ
ਸਭਾਵਾਂ ਦੇ ਮੁਖੀ ਅਤੇ ਪ੍ਰਬੰਧਕ ਬੜੀ ਉਤਸੁਕਤਾ ਨਾਲ਼ ਵਿਚਾਰ ਵਟਾਂਦਰੇ, ਗੋਸ਼ਟੀਆਂ ਕਰ
ਰਹੇ ਹਨ। ਦੇਸ਼ ਦਾ ਹਰ ਗਿਆਨਵਾਨ ਨਾਗਰਿਕ ਹੁਣ ਇਸ ਤੋਂ ਵਾਕਿਫ ਹੈ, ਭਾਵੇਂ ਅਜੇ ਪੂਰੀ
ਤਰਾਂ ਨਹੀਂ।
ਦਰਅਸਲ ਜਨਵਰੀ 2025 ਨੂੰ ਆਈ ਖਬਰ ਹੱਥਲੀ ਚਰਚਾ ਦਾ ਅਧਾਰ ਬਣੀ, ਜਿਸਨੇ ਸੰਸਾਰ ਦੇ
ਵਿਗਿਆਨਕ ਬਿਰਤੀ ਵਾਲ਼ੇ ਪੰਜਾਬੀਆਂ ਦਾ ਧਿਆਨ ਖਿੱਚਿਆ। ਉਹ ਖਬਰ ਸੀ ‘ਗੁਰੂ ਨਾਨਕ ਦੇਵ
ਯੂਨੀਵਰਸਿਟੀ’ ਵਿਖੇ, ਪੰਜਾਬ ਕਲਾ ਪਰਿਸ਼ਦ ਅਤੇ ਭਾਸ਼ਾ ਵਿਭਾਗ ਵਲੋਂ ਪਦਮ ਸ਼੍ਰੀ,
ਮਰਹੂਮ ਸੁਰਜੀਤ ਪਾਤਰ ਦੇ ਜਨਮ ਦਿਹਾੜੇ ‘ਤੇ ਉਲੀਕੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ
ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵਲੋਂ ਉਹਨਾਂ ਦੀ ਯਾਦ ਵਿੱਚ, ਉਹਨਾਂ ਦੇ ਨਾਮ ਉੱਤੇ
“ਐਥੀਕਲ ਆਰਟੀਫਿਸ਼ਲ ਇੰਟੈਲੀਜੈੰਸ ਸੈੰਟਰ” ਬਣਾਉਣ ਦਾ ਐਲਾਨ। ਪੂਰਾ ਨਾਮ ਸ਼ਾਇਦ
“ਸੁਰਜੀਤ ਪਾਤਰ ਸੈੰਟਰ ਫਾਰ ਐਥੀਕਲ ਏਆਈ” ਹੈ। ਇਹ ਨਾਮ ਸੁਣਕੇ ਬਹੁਤੇ ਪੰਜਾਬੀਆਂ
ਨੂੰ ਸ਼ਾਇਦ ਵੀ ਅਚੰਭਾ ਹੋਇਆ ਹੋਵੇਗਾ ਕਿਉਂਕਿ ਮਰਹੂਮ ਸੁਰਜੀਤ ਪਾਤਰ ਨੂੰ ਆਪਣੀ ਮਾਤ
ਭਾਸ਼ਾ ਨਾਲ਼ ਅਥਾਹ ਪਿਆਰ ਸੀ। ਸ਼੍ਰੀ ਭਗਵੰਤ ਸਿੰਘ ਮਾਨ ਸਮੇਤ ਇਸ ਪ੍ਰਯੋਜਨ ਦੇ
ਪ੍ਰਬੰਧਕ, ਪੰਜਾਬੀ ਦੇ ਮਹਾਨ, ਪਦਮ ਭੂਸ਼ਨ, ਸ਼੍ਰੋਮਣੀ ਕਵੀ ਅਤੇ ਚਿੰਤਕ ਦੀ ਯਾਦ ਵਿੱਚ
ਉਸਾਰੇ ਜਾਣ ਵਾਲ਼ੇ ਕੇਂਦਰ ਦਾ ਨਾਮ ਪੰਜਾਬੀ ਵਿੱਚ ਕਿਉਂ ਨਹੀਂ ਸੋਚ ਸਕੇ? ਇਹ ਸਵਾਲ
ਵੀ ਧਿਆਨ ਤਾਂ ਮੰਗਦਾ ਹੈ, ਪਰ ਇਹ ਵੀ ਸਾਡਾ ਵਿਸ਼ਾ ਨਹੀਂ। ਇਸ ਦਾ ਜਵਾਬ ਤਾਂ ਸਰਕਾਰ
ਜਾਂ ਪ੍ਰਬੰਧਕ ਜਾਣਦੇ ਹੋਣਗੇ ਅਤੇ ਸ਼ਾਇਦ ਭਵਿੱਖ ਵਿੱਚ ਉਹ ਤਰਕ ਸਹਿਤ ਸਭ ਨੂੰ ਸਮਝਾ
ਵੀ ਦੇਣਗੇ।
ਮੌਜੂਦਾ ਸਮੇਂ ਦੌਰਾਨ ਅੰਤਰਰਾਸ਼ਟਰੀ ਅਤੇ ਪੰਜਾਬ ਦੀਆਂ ਸਿਰਮੌਰ, ਸਰਕਾਰੀ ਅਤੇ
ਗੈਰ-ਸਰਕਾਰੀ, ਸੰਸਥਾਵਾਂ ਵਲੋਂ ਇਸ ਵਿਸ਼ੇ ਉੱਤੇ ਅਨੇਕਾਂ ਗੋਸ਼ਟੀਆਂ ਹੋਈਆਂ ਅਤੇ ਹੋ
ਰਹੀਆਂ ਹਨ। ਸਰਕਾਰੀ ਪ੍ਰਯੋਜਿਤ ਕਾਰਜਾਂ ਸਮੇਤ ਪੰਜਾਬੀ ਦੇ ਭਵਿੱਖਤ ਵਿਕਾਸ ਨੂੰ ਲੈ
ਕੇ ਵੱਡੇ ਵੱਡੇ ਸਮਾਗਮ ਰਚਾਏ ਜਾਂਦੇ ਹਨ। ਏਸ ਜਾਗਰੂਕ ਪਸਾਰੇ ਦਾ ਨਤੀਜਾ ਹੀ ਸੀ ਕਿ
‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਦੇ ‘ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ’ ਵਿੱਚ ਸ਼੍ਰੀ
ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਉਹਨਾਂ ਦਾ ਜਨਮ ਦਿਨ, ਪੰਜਾਬ ਕਲਾ ਪਰਿਸ਼ਦ ਅਤੇ
ਭਾਸ਼ਾ ਵਿਭਾਗ ਵਲੋਂ ਬੜੀ ਸ਼ਰਧਾ ਅਤੇ ਜੋਸ਼ ਨਾਲ਼ ਮਨਾਇਆ ਗਿਆ। ਇਸ ਵਿੱਚ ਵੱਡੀ ਗਿਣਤੀ
ਵਿੱਚ ਸ਼ਾਇਰਾਂ, ਲੇਖਕਾਂ, ਕਲਾਕਾਰਾਂ, ਬੁੱਧੀਜੀਵੀ, ਚਿੰਤਕਾਂ ਅਤੇ ਸਾਹਿਤ
ਪ੍ਰੇਮੀਆਂ ਦੀ ਸ਼ਿਰਕਤ ਲਾਜਮੀ ਸੀ, ਜੋ ਕਿ ਹੋਈ। ਇਸਦਾ ਸੰਖੇਪ ਜਿਕਰ ਕਰ ਹੀ ਚੁੱਕੇ
ਹਾਂ। ਸਾਰੇ ਦਰਸ਼ਕ ਸਰੋਤਿਆਂ ਨੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਤੋਂ ਉਮੀਦ
ਤਾਂ ਕੀਤੀ ਹੋਵੇਗੀ ਕਿ ਇਸ ਕੇਂਦਰ ਦੇ ਕਾਰਜ ਖੇਤਰ ਅਤੇ ਖਾਸ ਕਰ ਪੰਜਾਬ ਅਤੇ ਪੰਜਾਬੀ
ਦੇ ਵਿਕਾਸ ਵਾਸਤੇ ‘ਕ੍ਰਿਤਮ ਬੁੱਧਿ’ ਦੀ ਵਰਤੋਂ ਦੇ ਫਾਇਦਿਆਂ ਬਾਰੇ ਚਰਚਾ ਸੁਣਦੇ।
ਪਰ ਉਹ ਪੰਜਾਬ ਦੇ ਲੋਕਾਂ ਦੀ ‘ਸੇਫਟੀ’ ਅਤੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਨੂੰ
ਸੰਭਾਲ਼ਣ ਅਤੇ ਲੋਕਾਂ ਨੂੰ ਰੁਜ਼ਗਾਰ ਦੇਣ ਉੱਤੇ ਹੀ ਕੇਂਦ੍ਰਿਤ ਰਹੇ।
ਇਹ ਗੱਲਾਂ ਇਸ ਲਈ ਦੁਹਰਾਈਆਂ ਹਨ ਕਿ ਸ਼ਾਇਦ ਮੁੱਖ ਮੰਤਰੀ ਸਮੇਤ ਸਮਾਗਮ ਦੇ
ਪ੍ਰਬੰਧਕ ਅਤੇ ਉਸ ਦਿਨ ਦੇ ਦਰਸ਼ਕ ਅਤੇ ਸਰੋਤੇ ਉਸ ਯਾਦਗਾਰੀ ਕੇਂਦਰ ਦੀ ਗੱਲ ਹੁਣ
ਭੁੱਲ ਭੁਲਾ ਚੁੱਕੇ ਹੋਣਗੇ। ‘ਕ੍ਰਿਤਮ ਬੁੱਧਿ’ ਕੰਮ ਕਿਵੇਂ ਕਰਦੀ ਹੈ? ਪੰਜਾਬੀ ਅਤੇ
ਪੰਜਾਬੀਆਂ ਨੂੰ ਇਸ ਤੋਂ ਕੀ ਆਸਾਂ ਹਨ? ਉੱਤੇ ਚਾਨਣਾ ਪਾਉਣ ਦੀ ਸ਼ਾਇਦ ਉਹਨਾਂ ਨੇ ਲੋੜ
ਹੀ ਨਹੀਂ ਸਮਝੀ ਹੋਵੇਗੀ। ਇਸਤੋਂ ਪਹਿਲਾਂ ਵੀ ‘ਕ੍ਰਿਤਮ ਬੁੱਧਿ’ ਦੇ ਕੰਮ ਅਤੇ ਵਰਤੋਂ
ਨੂੰ ਲੈ ਕੇ ਕਈ ਸਰਕਾਰੀ ਬਿਆਨ ਆ ਚੁੱਕੇ ਹਨ। ਜੂਨ 2023 ਵਿੱਚ ਇੱਕ ਖਬਰ ਆਈ ਸੀ ਕਿ
ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਨ ਵਿਭਾਗ ਦੇ ਅਧਿਕਾਰੀਆਂ
ਨੂੰ ‘ਕ੍ਰਿਤਮ ਬੁੱਧਿ’ ਅਧਾਰਤ ਪ੍ਰਣਾਲੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਨਾਲ ਸ਼ਕਾਇਤਾਂ ਨਿਪਟਾਉਣ ਦਾ ਕੰਮ ਬਹੁਤ ਜਲਦੀ ਹੋਵੇਗਾ। ਪਰ ਉਸ ਪ੍ਰਣਾਲ਼ੀ ਨੂੰ
ਚਲਾਉਣਾ ਕਿਵੇਂ ਹੈ? ਕਿਹੜੇ ਸੰਦ ਵਰਤੇ ਜਾਣਗੇ? ਉਹ ਕੰਮ ਕਿਵੇਂ ਕਗੇਗੀ? ਇਸ ਬਾਰੇ
ਉਸ ਖਬਰ ਵਿੱਚ ਕੋਈ ਜ਼ਿਕਰ ਨਹੀਂ ਸੀ, ਨਾ ਹੀ ਬਾਅਦ ਵਿੱਚ ਸੁਣਨ ਪੜ੍ਹਨ ਨੂੰ ਮਿਲ਼ਿਆ।
ਸਤੰਬਰ 2025 ਵਿੱਚ ਇੱਕ ਹੋਰ ਖਬਰ ਆਈ ਕਿ “ਪੰਜਾਬ ਦੇ ਸਕੂਲਾਂ ਵਿੱਚ ਏਆਈ
ਦੀ ਵਰਤੋਂ ਕਰਕੇ ਮਾਨ ਸਰਕਾਰ ਡਿਜੀਟਲ ਇਨਕਲਾਬ ਲਿਆ ਰਹੀ ਹੈ”। ਇਹ ਇਨਕਲਾਬ ਲਿਆਉਣ
ਵਾਲ਼ੇ ਇਨਕਲਾਬੀ ਕੌਣ ਕੌਣ ਸਨ, ਇਹ ਇਨਕਲਾਬ ਕਿਵੇਂ ਕੰਮ ਕਰੇਗਾ? ਕਿਹੋ ਜਹੇ ਤਕਨੀਕੀ
ਸੰਦ ਵਰਤੇ ਜਾਣਗੇ? ਇਸਦੀ ਸ਼ੁਰੂਆਤ ਕਿਹੜੇ ਕਿਹੜੇ ਸਕੂਲ ਵਿੱਚ ਹੋਈ ਜਾਂ ਹੋਵੇਗੀ? ਇਸ
ਬਾਰੇ ਕੋਈ ਜਾਣਕਾਰੀ ਪੜ੍ਹਨ ਸੁਣਨ ਨੂੰ ਨਹੀਂ ਮਿਲ਼ੀ।
ਸਾਡੇ ਨਿੱਜੀ ਤਜਰਬੇ ਅਨੁਸਾਰ ਪੰਜਾਬੀਆਂ ਵਿੱਚ ‘ਕ੍ਰਿਤਮ ਬੁੱਧਿ’ ਨੂੰ ਲੈ ਕੇ ਕਈ
ਪ੍ਰਕਾਰ ਦੇ ਭੁਲੇਖੇ ਹਨ।
ਸਭ ਤੋਂ ਵੱਡੀ ਸਮੱਸਿਆ ਜੋ ਸਵਾਲ ਦੇ ਰੂਪ ਵਿੱਚ ਪਹਿਲਾਂ ਹੀ ਮੌਜੂਦ ਹੈ, ਉਹ ਹੈ
ਕਿ ‘ਅਰਤ੍ਰਾ’ (ਸਟੇਅਰਿੰਗ) ਬਿਨਾ ਕਿਸੇ ਗੱਡੀ ਨੂੰ ਕਿਵੇਂ ਚਲਾਇਆ ਜਾ ਸਕਦਾ ਹੈ? ਕੀ
‘ਕ੍ਰਿਤਮ ਬੁੱਧਿ’ ਪ੍ਰਣਾਲ਼ੀ ਨੂੰ ਚਲਾਉਣ ਵਾਲ਼ੇ ਕੰਪਿਊਟਰ ਨੂੰ ਹਦਾਇਤਾਂ ਭਾਵ ਸੇਧ
ਦੇਣ ਵਾਲ਼ਾ ਲੋੜੀਂਦਾ ਸੰਦ ਮੌਜੂਦ ਹੈ? ਕੰਪਿਊਟਰ ਦੇ ਅਰਤ੍ਰਾ ਤੋਂ ਭਾਵ ਹੈ ਪੰਜਾਬੀ
ਕੀਬੋਰਡ। ਜੇ ਕਿਸੇ ਕੋਲ਼ ਹੋਵੇਗਾ ਵੀ ਤਾਂ ਉਹ ਬਾਕੀਆਂ ਨਾਲ਼ੋਂ ਵੱਖਰਾ ਹੀ ਹੋਵੇਗਾ
ਅਤੇ ਉਹ ਵੀ ਅਣਮਿਆਰੀ। ਹੈਰਾਨੀ ਹੁੰਦੀ ਹੈ ਸੁਣਕੇ, ਜਾਣਕੇ ਕਿ ਭਾਂਤ ਭਾਂਤ ਦੇ ਲਿਖਤ
ਵਿਧਾਨਾਂ ਨੂੰ ਲੋਕਾਂ ਸਮੇਤ ਕੰਪਿਊਟਰ ਮਾਹਰ ਵੀ ਫੌਂਟ ਹੀ ਕਹੀ ਜਾਂਦੇ
ਹਨ। ਮਿਸਾਲ ਦੇ ਤੌਰ 'ਤੇ ‘ਧਨੀ ਰਾਮ ਚਾਤ੍ਰਿਕ ਫੌਂਟ’, ‘ਸਤਲੁਜ ਫੌਂਟ’, ‘ਅਸੀਸ
ਫੌਂਟ’, ‘ਅਨਮੋਲ ਲਿਪੀ ਫੌਂਟ’, ‘ਜੁਆਏ ਫੌਂਟ’ ਅਤੇ ਹੋਰ ਪਤਾ ਨਹੀਂ ਕਿੰਨੇ। ਹਕੀਕਤ
ਹੈ ਕਿ ਇਹ ਫੌਂਟ ਨਹੀਂ ਸਗੋਂ ਲਿਖਤ ਵਿਧਾਨ (ਪ੍ਰਣਾਲ਼ੀ) ਹਨ, ਜਿਵੇਂ ਕਿ
ਰੋਮਨ, ਦੇਵਨਾਗਰੀ, ਮਰਾਠੀ, ਰੂਸੀ, ਬੰਗਾਲੀ, ਜਪਾਨੀ, ਸਪੇਨੀ ਆਦਿਕ। ਸਾਡੇ ਤਜਰਬੇ
ਮੁਤਾਬਿਕ ਪੰਜਾਬੀ ਦੇ ਬਹੁਤੇ ਲਿਖਤ ਵਿਧਾਨਾਂ ਦੀ ਆਪਸ ਵਿੱਚ ਇੱਕਸਾਰਤਾ ਵੀ ਨਹੀਂ।
ਪੰਜਾਬੀ ਭਾਸ਼ਾ ਲਈ ਇਹ ਵੀ ਮਹਾਂ ਚੁਨੌਤੀ ਹੈ। ਕਿਸੇ ਇੱਕ ਲਿਖਤ ਵਿਧਾਨ ਦੁਆਰਾ ਲਿਖੀ
ਲਿਖਤ ਨੂੰ ਦੂਜੇ ਲਿਖਤ ਵਿਧਾਨ ਵਿੱਚ ਬਦਲਣ ਵੇਲੇ, ਜਿਵੇਂ ਕਿ ‘ਧਨੀ ਰਾਮ ਚਾਤ੍ਰਿਕ’
ਤੋਂ ‘ਅਨਮੋਲਲਿਪੀ’ ਜਾਂ ‘ਅਸੀਸ’ ਤੋਂ ‘ਅਨਮੋਲ ਲਿੱਪੀ’ ਵਿੱਚ ਬਦਲਣ ਸਮੇਂ ਅਨੇਕਾਂ
ਅੱਖਰਾਂ ਅਤੇ ਲਗਾ-ਮਾਤਰਾਂ ਦੀਆਂ ਗਲਤੀਆਂ ਹੋਣੀਆਂ ਸੁਭਾਵਿਕ ਹਨ। ਇਸਦਾ ਅਸਲ ਕਾਰਨ
ਪੰਜਾਬੀ ਕੰਪਿਊਟਰ ਮਾਹਰ ਜਾਣਦੇ ਹੀ ਹੋਣਗੇ।
ਹੁਣ ਜਦ ਕਿ ਸਾਰੇ ਸੰਸਾਰ ਦੀਆਂ ਭਾਸ਼ਾਵਾਂ ਲਈ ‘ਯੂਨੀਕੋਡ’ ਲਿਖਤ ਵਿਧਾਨ
ਪ੍ਰਧਾਨ ਹੋ ਚੁੱਕਾ ਹੈ ਤਾਂ ਉੱਪਰ ਦੱਸੇ ਪੰਜਾਬੀ ਲਿਖਤ ਵਿਧਾਨਾਂ ਦੀ ਕੋਈ ਵੁੱਕਤ
ਨਹੀਂ ਰਹਿ ਗਈ। ‘ਕ੍ਰਿਤਮ ਬੁੱਧੀ’ ਰਾਹੀਂ ਖੋਜ ਕਾਰਜ ਦਾ ਮੁੱਖ ਕੰਮ ਯੂਨੀਕੋਡ ਲਿਖਤ
ਵਿਧਾਨ ਦੀ ਵਰਤੋਂ ਨਾਲ਼ ਲਿਖੀ ਜਾਂ ਰਚੀ ਗਈ ਜਾਣਕਾਰੀ ਸਮੱਗਰੀ ਦੇ ਵਿੱਚੋਂ ਹੀ
ਲੋੜੀਂਦੀ ਜਾਣਕਾਰੀ ਲੱਭ ਕੇ ਜਗਿਆਸੂ ਪਾਠਕ ਅੱਗੇ ਰੱਖਣਾ ਹੁੰਦਾ ਹੈ। ਸ਼ਾਇਦ ਇਹ ਵੀ
ਬਹੁਤੇ ਪੰਜਾਬੀਆਂ ਨੂੰ ਅਜੇ ਤੱਕ ਪਤਾ ਨਹੀਂ। ਸਾਡਾ ਵਿਚਾਰ ਹੈ ਕਿ ਸ਼੍ਰੀ ਪਾਤਰ ਜੀ
ਦੇ ਨਾਮ ਉੱਤੇ ‘ਕ੍ਰਿਤਮ ਬੁੱਧਿ’ ਅਧਾਰਿਤ ‘ਨੈਤਿਕ ਕੇਂਦਰ’ ਸ਼ੁਰੂ ਕਰਨ ਤੋਂ ਪਹਿਲਾਂ
ਪੰਜਾਬੀ ਦੇ ਵਿਕਾਸ ਲਈ ਜਤਨਸ਼ੀਲ, ਸਰਕਾਰ ਦੇ ਮੁੱਖ ਪੰਜਾਬੀ ਅਦਾਰਿਆਂ ਵਲੋਂ ਲੋਕਾਂ
ਵਿੱਚ 'ਯੂਨੀਕੋਡ ਕੀਬੋਰਡ' ਦੀ ਸਿਖਲਾਈ ਨੂੰ ਪ੍ਰਚੱਲਿਤ ਕਰਨਾ ਯਕੀਨੀ ਬਣਾਏ ਜਾਣ ਦੀ
ਮੁੱਢਲੀ ਅਤੇ ਮੁੱਖ ਲੋੜ ਹੈ। ਜਦੋਂ ਪੰਜਾਬੀ ਗੱਡੀ ਦਾ ਅਰਤ੍ਰਾ ਸੰਭਾਲ਼ਣਾ ਸਿੱਖ ਗਏ –
ਸਾਰੇ ਕਾਰਜ ਆਪ ਮੁਹਾਰੇ ਲੀਹ ਉੱਤੇ ਆ ਜਾਣਗੇ।
ਇਹ ਗੱਲ ਪੱਲੇ ਬੰਨ੍ਹ ਲੈਣ ਦੀ ਲੋੜ ਹੈ ਕਿ ਪੰਜਾਬੀ ਵਿੱਚ ਕਿਸੇ ਵੀ ਖੋਜ ਕਾਰਜ
ਦਾ ਸਹੀ ਉੱਤਰ ਜਾਂ ਹੱਲ ਤਾਂ ਹੀ ਮਿਲੇਗਾ ਜੇ ਖੋਜ ਵੀ ਯੂਨੀਕੋਡ ਪ੍ਰਣਾਲ਼ੀ ਰਾਹੀਂ
ਹੋਵੇਗੀ ਅਤੇ ਲੋੜੀਂਦੀ ਜਾਣਕਾਰੀ ਭਾਵ ਸਰੋਤ ਸਮੱਗਰੀ ਯੂਨੀਕੋਡ ਲਿਖਤ ਵਿਧਾਨ ਰਾਹੀਂ
ਹੀ ਲਿਖੀ ਜਾਂ ਰਚੀ ਗਈ ਹੋਵੇਗੀ। ਪੰਜਾਬੀ ਵਿੱਚ ਖੋਜ ਸਮੇਂ 'ਅੰਤਰਜਾਲ਼' ‘ਤੇ ਪਈ ਹਰ
ਪ੍ਰਕਾਰ ਦੀ ਪੰਜਾਬੀ ਜਾਣਕਾਰੀ ਨੂੰ ਲੱਭ ਕੇ ਮਿੰਟਾਂ ਸੈਕਿੰਡਾਂ ਵਿੱਚ ਲੱਭ ਕੇ
ਜਗਿਆਸੂ ਦੇ ਸਨਮੁੱਖ ਕਰਨਾ ‘ਕ੍ਰਿਤਮ ਬੁੱਧਿ’ ਦਾ ਅਹਿਮ ਕਾਰਜ ਹੈ। ਜੇ ਲੋੜੀਂਦੀ
ਜਾਣਕਾਰੀ (ਡੇਟਾ, ਦਾਤਾਂਸ਼) ਯੂਨੀਕੋਡ ਵਿੱਚ ਨਹੀਂ ਤਾਂ ਕੋਈ ਵੀ ਹੱਲ ਲੱਭਣਾ
‘ਕ੍ਰਿਤਮ ਬੁੱਧਿ’ ਦੇ ਵੀ ਵੱਸ ਦੀ ਗੱਲ ਨਹੀਂ ਹੋਵੇਗੀ। ਇਸ ਲਈ ਇਸਨੂੰ ਕੋਈ ਦੋਸ਼ ਵੀ
ਨਹੀਂ ਦਿੱਤਾ ਜਾ ਸਕੇਗਾ। ਇਹ ਵੀ ਸੱਚ ਹੈ ਕਿ ‘ਧਨੀ ਰਾਮ ਚਾਤ੍ਰਿਕ’, ‘ਸਤਲੁਜ’,
‘ਅਸੀਸ’, ‘ਜੁਆਏ’ ਜਾਂ ‘ਅਨਮੋਲਲਿਪੀ’ ਵਿੱਚ ਲਿਖੀ ਗਈ ਜਾਣਕਾਰੀ ਦੀ ਪਛਾਣ ਕਰਨ ਵਿੱਚ
ਕ੍ਰਿ:ਬੁ: ਅਸਮਰੱਥ ਹੋਵੇਗੀ। ਇਸਦੀ ਦੀ ਵਰਤੋਂ ਲਈ ਹਰ ਰਚਨਾ/ਸਰੋਤ ਸਮੱਗਰੀ ਦਾ
ਯੂਨੀਕੋਡ ਲਿਖਤ ਵਿਧਾਨ ਵਿੱਚ ਉਪਲਬਧ ਹੋਣਾ ਲਾਜ਼ਮੀ ਹੈ। ਪੱਛਮੀ ਮੁਲਕਾਂ ਵਿੱਚ
‘ਕ੍ਰਿਤਮ ਬੁੱਧਿ’ ਦੀ ਕਾਮਯਾਬੀ ਦਾ ਇੱਕੋ ਹੀ ਰਾਜ਼ ਹੈ ਕਿ ਉਹਨਾਂ ਕੋਲ਼ ਆਪਣਾ ਇੱਕੋ
ਇੱਕ ਮਿਆਰੀ ਲਿਖਤ ਵਿਧਾਨ ਹੈ ਜਿਸ ਵਿੱਚ ਰਚਿਤ ਹਰ ਪ੍ਰਕਾਰ ਦੀ ਜਾਣਕਾਰੀ ਅੰਤਰਜਾਲ਼
ਉੱਤੇ ਉਪਲਬਧ ਹੈ। ਉਹਨਾਂ ਦੇਸ਼ਾਂ ਵਿੱਚ ਪੰਜਾਬੀ ਵਾਂਗ ਭਾਂਤ ਭਾਂਤ ਦੇ ਲਿਖਤ ਵਿਧਾਨ
ਨਹੀਂ ਅਤੇ ਨਾ ਹੀ ਕਿਸੇ ਕਿਸਮ ਦਾ ਭੰਬਲ਼ਭੂਸਾ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 2017 ਵਿੱਚ ਪੰਜਾਬ ਸਰਕਾਰ ਵਲੋਂ ‘ਅਸੀਸ’ ਲਿਖਤ
ਵਿਧਾਨ ਨੂੰ ਤਿਆਗ ਕੇ ਯੂਨੀਕੋਡ ਕੀਬੋਰਡ ਅਪਨਾ ਤਾਂ ਲਿਆ ਗਿਆ ਸੀ, ਪਰ ਇਸਨੂੰ ਲਾਗੂ
ਕਰਨ ਨੂੰ ਯਕੀਨੀ ਬਣਾਉਣ ਵੱਲ੍ਹ ਕਿਸੇ ਵੀ ਸਰਕਾਰ ਜਾਂ ਸੰਸਥਾ ਦਾ ਧਿਆਨ ਹੀ ਨਹੀਂ
ਗਿਆ। ਅੱਠ ਸਾਲ ਬਾਅਦ ਵੀ ਸਥਿਤੀ ਓਹੀ ਹੈ ਅਤੇ ਇਹ ਪੰਜਾਬੀ ਭਾਸ਼ਾ ਨੂੰ ਮੌਜੂਦਾ
ਸਮੇਂ ਦੀ ਮੁੱਖ ਚੁਨੌਤੀ ਹੈ। ਸਾਡਾ ਤਜਰਬਾ ਦੱਸਦਾ ਹੈ ਕਿ ਯੂਨੀਕੋਡ ਦੀ ਵਰਤੋਂ ਨਾਲ਼
ਸਬੰਧਿਤ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ "ਯੂਨੀਕੋਡ
ਇੱਕ ਲਿਖਤ ਵਿਧਾਨ ਹੈ – 'ਰਾਵੀ ਫੌਂਟ' ਨਹੀਂ।" ਹਾਂ ਹੋਰ ਯੂਨੀਕੋਡ ਅੱਖਰਾਂ,
ਜਿਵੇਂ ਕਿ ‘ਨਿਰਮਲਾਯੂਨੀ’, ‘ਅਕਾਸ਼’, ‘ਮੁਕਤਾ ਮਾਹੀ’, ‘ਅਨਮੋਲਯੂਨੀ’, ‘ਨੋਟੋ
ਸੈਨਜ਼ ਗੁਰਮੁਖੀ’ ਵਾਂਗ ਹੀ ‘ਰਾਵੀ’ ਵੀ ਇੱਕ ਕੰਪਿਊਟਰ ਅੱਖਰ (ਵਰਣਮੁਖ) ਹੈ ਜਿਸਦੀ
ਆਪਣੀ ਦਿੱਖ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ‘ਰੋਮਨ’ ਲਿਖਤ ਵਿਧਾਨ ਕੋਲ਼
‘ਏਰੀਅਲ’, ’ਕੌਮਿਕ’, ‘ਲੂਸੀਡਾ’, ‘ਟਾਹੋਮਾ’, ‘ਸੇਗੋਇ’, ‘ਵਰਡਾਨਾ’ ਆਦਿ ਸੈਂਕੜੇ
ਵਰਣਮੁਖ ਭਾਵ ਫੌਂਟ ਹਨ। ਪਰ ਉਹ ਸਾਰੇ ਰੋਮਨ ਕੀਬੋਰਡ (ਲਿਖਤ ਵਿਧਾਨ) ਨਾਲ਼ ਹੀ ਲਿਖੇ
ਜਾਂਦੇ ਹਨ। ਕਹਿਣ ਤੋਂ ਭਾਵ ਪੰਜਾਬੀ ਯੂਨੀਕੋਡ ਕੀਬੋਰਡ ਵੀ ਰੋਮਨ ਕੀਬੋਰਡ ਵਾਂਗ ਹੀ
ਇੱਕ ਮਿਆਰੀ ਲਿਖਤ ਵਿਧਾਨ ਹੈ ਜਿਸਨੂੰ ਮਾਈਕ੍ਰੋਸੌਫਟ, ਐਂਰਾਇਡ ਅਤੇ ਐਪਲ ਵਰਗੀਆਂ
ਸੰਸਾਰ ਪ੍ਰਸਿੱਧ ਕੰਪਨੀਆਂ ਨੇ ਵੀ ਅਪਨਾ ਲਿਆ ਹੈ।
ਇੱਥੇ ਇਹ ਜ਼ਿਕਰ ਵੀ ਕੁਥਾਵਾਂ ਨਹੀਂ ਹੋਵੇਗਾ ਕਿ ਯੂਨੀਕੋਡ ਕੀਬੋਰਡ ਦਾ ਖਾਕਾ
ਤਿਆਰ ਕਰਨ ਵਾਲੀ ਭਾਰਤ ਸਰਕਾਰ ਦੀ ਸੰਸਥਾ ‘ਸੀਡੈਕ’ ਨੇ ਇਸ ਨੂੰ "ਇੰਸਕ੍ਰਿਪਟ" ਦਾ
ਨਾਮ ਦਿੱਤਾ ਹੈ। ਇਸ ਲਿਖਤ ਵਿਧਾਨ ਦੀ ਵਿਲੱਖਣ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਨਾਲ਼
ਅਨੇਕਾਂ ਭਾਰਤੀ ਭਾਸ਼ਾਵਾਂ ਲਿਖੀਆਂ ਜਾ ਸਕਦੀਆਂ ਹਨ। ਜਿਵੇਂ ਕਿ ਹਿੰਦੀ, ਗੁਜਰਾਤੀ,
ਮਰਾਠੀ, ਬੰਗਾਲੀ ਆਦਿ ਦੇ ਹਰ ਅੱਖਰ ਦੀ ਕੁੰਜੀ ਪੰਜਾਬੀ ਵਾਂਗ ਇੱਕੋ ਹੀ ਹੈ। ਸੋ
ਹਿੰਦੀ ਲਿਖਣ ਵਾਲੇ ਆਸਾਨੀ ਨਾਲ ਪੰਜਾਬੀ ਲਿਖ ਸਕਦੇ ਹਨ ਅਤੇ ਪੰਜਾਬੀ ਲਿਖਣ ਵਾਲੇ
ਆਸਾਨੀ ਨਾਲ਼ ਹਿੰਦੀ, ਗੁਜਰਾਤੀ, ਮਰਾਠੀ ਅਤੇ ਹੋਰ ਭਾਸ਼ਾਵਾਂ ਵੀ ਲਿਖ ਸਕਦੇ ਹਨ।
ਸ਼ਾਇਦ ਇਸ ਕੀਬੋਰਡ ਦਾ ‘ਧੁਨੀਆਤਮਕ’ (‘ਫੋਨੈਟਿਕ’) ਨਾ ਹੋਣਾ, ਭਾਵ o ਵਿੱਚ ਹੋੜਾ,
u ਵਿੱਚ ਔਂਕੜ, h ਵਿੱਚ ਹ, p ਵਿੱਚ ਪ, b ਵਿੱਚ ਬ, j ਵਿੱਚ ਜ ਨਾ ਹੋਣਾ,
ਪੰਜਾਬੀਆਂ ਨੂੰ ਰੜਕਦਾ ਹੋਵੇਗਾ। ਯੂਨੀਕੋਡ ਕੀਬੋਰਡ ਅਨੁਸਾਰ ਉਪ੍ਰੋਕਤ ਕੁੰਜੀਆਂ
ਵਿੱਚ ਕ੍ਰਮਵਾਰ ਦ, ਹ, ਪ, ਜ, ਵ ਅਤੇ ਰ ਅੱਖਰ ਰੱਖੇ ਗਏ ਹਨ। ਇਸਨੂੰ ਭਾਰਤੀ
ਭਾਸ਼ਾਵਾਂ ਦੇ ਵਰਤੋਂਕਾਰਾਂ ਲਈ ਇੱਕ ਵਰਦਾਨ ਹੀ ਸਮਝਣਾ ਚਾਹੀਦਾ ਹੈ। ਕਿਉਂਕਿ ਸਾਰੇ
ਸ੍ਵਰ ਅਤੇ ਵਿਅੰਜਨ ਅੱਖਰ ਕੀਬੋਰਡ ਦੇ ਉੱਤੇ ਹੀ ਉੱਕਰੇ ਹੁੰਦੇ ਹਨ, ਜਿਸ ਵਾਸਤੇ
ਰੋਮਨ ਕੁੰਜੀਆਂ ਨੂੰ ਯਾਦ ਕਰਨ ਜਾਂ ਧਿਆਨ ਵਿੱਚ ਰੱਖਣ ਦੀ ਲੋੜ ਹੀ ਨਹੀਂ ਹੈ। ਸਿਆਣੇ
ਕਹਿੰਦੇ ਹਨ ਕਿ ਅਭਿਆਸ ਨਾਲ਼ ਹੀ ਹਰ ਕੰਮ ਆਸਾਨ ਅਤੇ ਮੁਕੰਮਲ ਹੁੰਦਾ ਹੈ।
ਜਗਿਆਸੂ ਪਾਠਕਾਂ ਨੂੰ ਹੁਣ ਸਮਝ ਆ ਗਈ ਹੋਵੇਗੀ ਕਿ ਭਾਰਤੀ ਭਾਸ਼ਾਵਾਂ ਦੀ ਕੰਪਿਊਟਰ
ਉੱਤੇ ਮਿਆਰੀ ਵਰਤੋਂ ਲਈ ‘ਇੰਸਕ੍ਰਿਪਟ’ ਹੀ ਇੱਕੋ ਇੱਕ ਸਥਾਪਿਤ ਅਤੇ ਸਰਵ-ਪ੍ਰਵਾਨਿਤ
ਮਿਆਰੀ ਲਿਖਤ ਵਿਧਾਨ ਹੈ। ਇਸ ਦੁਆਰਾ ਲਿਖੀ ਜਾਂ ਰਚੀ ਗਈ ਜਾਣਕਾਰੀ ਸਮੱਗਰੀ ਹੀ
‘ਕ੍ਰਿਤਮ ਬੁੱਧਿ’ ਵਾਸਤੇ ਵਰਤੀ ਜਾ ਸਕਦੀ ਹੈ। ਇਹ ਜਾਣਕੇ ਵੀ ਖੁਸ਼ੀ ਹੋਈ ਕਿ ਪੰਜਾਬ
ਸਰਕਾਰ ਨੇ 'ਭਾਸ਼ਾ ਵਿਭਾਗ' ਰਾਹੀਂ ਪੰਜਾਬੀ ਯੂਨੀਕੋਡ ਭਾਵ ‘ਇੰਸਕ੍ਰਿਪਟ ਕੀਬੋਰਡ’
ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਹੈ, ਪਰ ਇਹ ਅਜੇ ਬਹੁਤ ਹੀ ਛੋਟੇ ਅਤੇ ਸੀਮਤ ਪੱਧਰ
ਉੱਤੇ ਹੈ। ‘ਕ੍ਰਿਤਮ ਬੁੱਧਿ’ ਤੋਂ ਅਦਭੁੱਤ ਨਤੀਜੇ ਲੈਣ ਲਈ ਅਤੇ “ਸੁਰਜੀਤ ਪਾਤਰ
ਸੈੰਟਰ ਫਾਰ ਐਥੀਕਲ ਏਆਈ” ਵਰਗੇ ਅਦਾਰੇ ਚਲਾਉਣ ਲਈ, ਪੰਜਾਬ ਸਰਕਾਰ ਨੂੰ ਸਭ ਤੋਂ
ਪਹਿਲਾਂ ਯੂਨੀਕੋਡ ਕੀਬੋਰਡ ਦੀ ਸਿਖਲਾਈ ਨੂੰ ਜੰਗੀ ਪੱਧਰ ਉੱਤੇ ਪ੍ਰਚੰਡ ਕਰਨ ਦੀ
ਅਤਿਅੰਤ ਜਰੂਰਤ ਹੈ। ਮੌਜੂਦਾ ਕੰਪਿਊਟਰ ਯੁੱਗ ਵਿੱਚ ਇਹ ਹਰ ਪੰਜਾਬੀ ਨੂੰ ਸਿੱਖਣ ਦੀ
ਲੋੜ ਹੈ। ਪਰ ਇਸਦੇ ਨਾਲ਼ ਹੀ ਦੁੱਖ ਦੀ ਅਤੇ ਨਿਰਾਸ਼ਾਜਨਕ ਗੱਲ ਇਹ ਕਿ ਪੰਜਾਬ ਦੇ
ਸਕੂਲਾਂ ਵਿੱਚ ਅਜੇ ਵੀ ‘ਅਨਮੋਲਲਿਪੀ’ ਦੀ ਹੀ ਸਿਖਲਾਈ ਦਿੱਤੀ ਜਾ ਰਹੀ ਹੈ। ਜਿਵੇਂ
ਜ਼ਿਕਰ ਕੀਤਾ ਹੈ ਕਿ ਯੂਨੀਕੋਡ ਬਿਨਾਂ ਹੋਰ ਕਿਸੇ ਵੀ ਲਿਖਤ ਵਿਧਾਨ (ਕੀਬੋਰਡ) ਦੀ
ਕੋਈ ਵੁੱਕਤ ਨਹੀਂ, ਸਾਰਥਿਕਤਾ ਨਹੀਂ, ਪਰ ਘੋਰ ਅਚੰਭਾ ਹੈ ਕਿ ਇਹ ਗੱਲ ਸਰਕਾਰ ਅਤੇ
ਸਿੱਖਿਆ ਮਹਿਕਮੇ ਨੂੰ ਸਮਝ ਕਿਉਂ ਨਹੀਂ ਆ ਰਹੀ। ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ
ਨਹੀਂ ਤਾਂ ਹੋਰ ਕੀ ਹੈ? ਇਹਨਾਂ ਬੱਚਿਆਂ ਨੇ ਹੀ ਵੱਡੇ ਹੋ ਕੇ ਉਚੇਰੀ ਸਿੱਖਿਆ ਹਾਸਲ
ਕਰਨ ਲਈ, ਕੰਪਿਊਟਰ ਮੁਹਾਰਤ ਹਾਸਲ ਕਰਨੀ ਹੈ। ਉਹਨਾਂ ਨੂੰ ਮੌਜੂਦਾ ਸਮੇਂ ਦੀ ਲੋੜ
ਤੋਂ ਵਾਂਝਿਆਂ ਰੱਖਣਾ ਉਹਨਾਂ ਦੇ ਭਵਿੱਖ ਨਾਲ਼ ਬੇਇਨਸਾਫੀ ਹੈ। ਸਭ ਤੋਂ ਵੱਡੀ
ਤ੍ਰਾਸਦੀ ਅਤੇ ਸਵਾਲ ਇਹ ਵੀ ਕਿ ਕਿਸੇ ਵੀ ਪੰਜਾਬੀ, ਸਾਹਿਤਕ ਜਾਂ ਲਿਖਾਰੀ ਸਭਾ,
ਸਟੱਡੀ ਸਰਕਲ ਜਾਂ ਯੂਨੀਵਰਸਿਟੀ ਨੂੰ ਵੀ ਇਸ ਗੱਲ ਦੀ ਕੋਈ ਪ੍ਰਵਾਹ ਕਿਉਂ ਨਹੀਂ ਹੈ?
ਜਗਿਆਸੂ ਪਾਠਕਾਂ ਲਈ ਪ੍ਰਸਿੱਧ ਅਮਰੀਕੀ ਚਿੰਤਕ 'ਐਲਵਿਨ ਟੌਫਲਰ' ਦਾ ਕਥਨ
ਬਹੁਤ ਢੁਕਵਾਂ ਹੋਵੇਗਾ। ਉਹ ਕਹਿੰਦਾ ਹੈ, “21ਵੀਂ ਸਦੀ ਦੇ ਅਨਪੜ੍ਹ ਉਹ ਨਹੀਂ ਹੋਣਗੇ
ਜੋ ਲਿਖ ਅਤੇ ਪੜ੍ਹ ਨਹੀਂ ਸਕਦੇ, ਸਗੋਂ ਉਹ ਹੋਣਗੇ ਜੋ ਸਿੱਖ, ਅਣਸਿੱਖ ਅਤੇ ਦੁਬਾਰਾ
ਸਿੱਖ ਨਹੀਂ ਸਕਦੇ”। ਭਾਵ ਕਿ ਗਲਤ ਸਿੱਖਿਆ ਭੁਲਾ ਕੇ ਨਵਾਂ ਨਹੀਂ ਸਿੱਖ
ਸਕਣਗੇ। ਯਾਦ ਰਹੇ ਕਿ ‘ਅਨਮੋਲਲਿੱਪੀ’ ਜਾਂ ਕਿਸੇ ਵੀ ਹੋਰ ਅਣਮਿਆਰੀ ਕੀਬੋਰਡ ਰਾਹੀਂ
ਲਿਖਿਆ ਗਿਆ ਪੰਜਾਬੀ ਸਾਹਿਤ, ਸਮੱਗਰੀ ਜਾਂ ਜਾਣਕਾਰੀ ਦਾ ਅੰਕੀਵਿਤ ਰੂਪ ਕਿਸੇ ਕੰਮ
ਨਹੀਂ ਆਵੇਗਾ ਕਿਉਂਕਿ ‘ਕ੍ਰਿਤਮ ਬੁੱਧਿ’ ਉਸ ਨੂੰ ਪਛਾਨਣ ਤੇ ਸਮਝਣ ਵਿੱਚ ਅਸਮਰੱਥ
ਹੈ। ਪੰਜਾਬੀ ਦੇ ਬਹੁਮਤ ਵਿਦਵਾਨ ਸ਼ਾਇਦ ਇਸ ਅਹਿਮ ਸੱਚਾਈ ਤੋਂ ਬਿਲਕੁਲ ਕੋਰੇ ਹਨ।
ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ‘ਕ੍ਰਿਤਮ ਬੁੱਧਿ’ ਕੰਮ ਕਿਵੇਂ ਕਰਦੀ ਹੈ ਭਾਵ ਕਿ
ਉਹਨਾਂ ਦੀ ਖੋਜ ਕਾਰਜ ਦਾ ਸਮਾਨ ਜਾਂ ਹੱਲ ਜਾਂ ਜਵਾਬ ਕਿੱਥੋਂ ਅਤੇ ਕਿਵੇਂ ਲੱਭਦੀ
ਅਤੇ ਪੇਸ਼ ਕਰਦੀ ਹੈ?
ਅਗਰ ਪੰਜਾਬ ਦੇ ਲੋਕ, ਪੰਜਾਬ ਸਰਕਾਰ, ਪੰਜਾਬੀ ਅਦਾਰੇ, ਪੰਜਾਬ ਦੇ
ਵਿਦਵਾਨ ‘ਕ੍ਰਿਤਮ ਬੁੱਧਿ’ ਵਿੱਚ ਪੰਜਾਬੀ ਦਾ ਉਜਲਾ ਭਵਿੱਖ ਦੇ ਸੁਪਨੇ ਦੇਖਣ ਦੇ
ਚਾਹਵਾਨ ਹਨ ਤਾਂ ਉਹਨਾਂ ਨੂੰ ਯੂਨੀਕੋਡ ਲਿਖਤ ਵਿਧਾਨ ਵਿੱਚ ਹੀ ਸਾਰੀ ਸਮਗਰੀ ਲਿਖਣੀ
ਅਤੇ ਅੰਤਰਜਾਲ਼ ‘ਤੇ ਪਾਉਣ ਦੀ ਜਰੂਰਤ ਹੈ। ਅਣਮਿਆਰੀ ਲਿਖਤ ਵਿਧਾਨ ਨਾਲ਼ ਲਿਖੀ ਸਮੱਗਰੀ
ਨੂੰ ਯੂਨੀਕੋਡ ਵਿੱਚ ਬਦਲਾਉਣਾ ਜਾਂ ਪਲਟਾਉਣਾ ਵੀ ਲਾਜ਼ਮੀ ਹੋਵੇਗਾ, ਜਿਸ ਵਾਸਤੇ
ਅਨੇਕਾਂ ਸਾਧਨ ਉਪਲਬਧ ਹਨ।
ਹੁਣ ਪੰਜਾਬ ਸਰਕਾਰ ਨੇ ਸੋਚਣਾ ਹੈ ਕਿ ਜੇ ਉਹ ਸੱਚਮੁੱਚ ਪੰਜਾਬ ਅਤੇ ਪੰਜਾਬੀ ਦੇ
ਵਿਕਾਸ ਪ੍ਰਤੀ ਸੁਹਿਰਦ ਹੈ ਤਾਂ ਸਰਕਾਰੀ ਦਫਤਰਾਂ ਦੇ ਨਾਲ਼ ਨਾਲ਼ ਪੰਜਾਬ ਦੇ ਸਾਰੇ ਹੀ,
ਨਿੱਜੀ ਅਤੇ ਸਰਕਾਰੀ, ਸਕੂਲਾਂ ਵਿੱਚ ‘ਅਨਮੋਲਲਿੱਪੀ’ ਦੀ ਸਿਖਲਾਈ ਤੁਰੰਤ ਬੰਦ ਕਰਕੇ
ਯੂਨੀਕੋਡ ਕੀਬੋਰਡ, ‘ਇੰਸਕ੍ਰਿਪਟ’ ਦੀ ਸਿਖਲਾਈ ਦੇਣੀ ਯਕੀਨੀ ਬਣਾਵੇ। ਅਗਰ ਮੁੱਖ
ਮੰਤਰੀ ਅਤੇ ਉਹਨਾਂ ਦੀ ਸਰਕਾਰ ਵਾਕਈ ਮਰਹੂਮ ਸ਼੍ਰੀ ਸੁਰਜੀਤ ਪਾਤਰ ਦੀ ਯਾਦਗਾਰ ਸਥਾਪਤ
ਕਰਨ ਦੀ ਇੱਛੁਕ ਹੈ ਤਾਂ 2017 ਦੇ ਐਲਾਨ ਅਨੁਸਾਰ ਯੂਨੀਕੋਡ ਦੀ ਵਰਤੋਂ ਨੂੰ ਸਰਕਾਰੀ
ਦਫਤਰਾਂ, ਸਕੂਲਾਂ ਅਤੇ ਕਾਲਜਾਂ ਵਿੱਚ ਲਾਗੂ ਕਰਨਾ ਯਕੀਨੀ ਬਣਾਵੇ, ਜੋ ਇਸਦੀ ਮੁੱਖ
ਜਿੰਮੇਵਾਰੀ ਹੈ। ਇਸ ਤੋਂ ਬਿਨਾਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਗਿਆਨ ਦਾ ਕੋਈ ਵੀ
ਵਿਕਾਸ ਸੰਭਵ ਨਹੀਂ। ਕੰਪਿਊਟਰ ‘ਤੇ ਯੂਨੀਕੋਡ ਕੀਬੋਰਡ ਦੀ ਵਰਤੋਂ ਬਿਨਾਂ ‘ਕ੍ਰਿਤਮ
ਬੁੱਧਿ’ ਦੇ ਸੁਪਨੇ ਰੇਤ ਦੇ ਮਹਿਲ ਹੀ ਹੋਣਗੇ ਜਿਹਨਾਂ 'ਚ ਬੈਠ ਕੇ ‘ਕ੍ਰਿਤਮ
ਨਜ਼ਾਰੇ’ ਤਾਂ ਮਾਣੇ ਜਾ ਸਕਦੇ ਹਨ – ਪਰ ਅਮਲੀ ਪ੍ਰਾਪਤੀ ਸਿਫਰ ਹੀ ਰਹੇਗੀ।
ਸੰਪਰਕ: +44 7729 348513
|