|
ਕਭੀ ਈਮਾਨ ਕੀ ਬਾਤੇਂ ਕਭੀ ਕਿਰਦਾਰ ਕੀ ਬਾਤੇਂ, ਚਲੋ ਛੋੜੋ, ਹਟੋ, ਕਰਨੇ
ਲਗੇ ਬੇਕਾਰ ਕੀ ਬਾਤੇਂ।
ਸ਼ਾਇਰ ਰਾਕੇਸ਼ ਤੂਫਾਨ ਦਾ ਇਹ ਸ਼ਿਅਰ ਇਸ ਲਈ
ਯਾਦ ਆ ਗਿਆ ਕਿਉਂਕਿ ਅੱਜ ਮੈਂ ਇਹ ਕਾਲਮ ਲਿਖਣ ਵੇਲੇ ਸੋਚ ਰਿਹਾ ਸੀ ਕਿ ਸਿੱਖ ਕੌਮ
ਇਸ ਵੇਲੇ ਨੇਤਾ ਰਹਿਤ ਹੈ। ਪਰ ਸੋਚਦੇ-ਸੋਚਦੇ ਮਹਿਸੂਸ ਹੋਇਆ ਕਿ ਇਕੱਲੇ ਸਿੱਖ ਹੀ
ਨਹੀਂ ਸਗੋਂ ਪੂਰਾ ਪੰਜਾਬ ਹੀ ਢੁਕਵੀਂ ਲੀਡਰਸ਼ਿਪ ਦੀ ਕਮੀ ਮਹਿੂਸਸ ਕਰ
ਰਿਹਾ ਹੈ।
ਪੰਜਾਬ ਦੀ ਰਾਜਨੀਤੀ ਹੀ ਇਸ ਵੇਲੇ ਅਜਿਹੇ ਮੋੜ 'ਤੇ ਖੜ੍ਹੀ ਹੈ
ਜਿਥੇ ਚਰਿੱਤਰ ਜਾਂ ਕਿਰਦਾਰ ਦੀ ਗੱਲ ਬੇਕਾਰ ਦੀ ਗੱਲ ਜਾਪ ਰਹੀ ਹੈ। ਭਾਵੇਂ ਇਹ
ਬੇਕਾਰ ਦੀ ਗੱਲ ਨਾ ਵੀ ਹੋਵੇ ਤਾਂ ਵੀ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਹੈ, ਜਿਵੇਂ
ਪੰਜਾਬ ਵਿਚ ਕੋਈ ਚਰਿੱਤਰਵਾਨ ਨੇਤਾ ਹੈ ਹੀ ਨਹੀਂ। ਇਹ ਨਹੀਂ ਕਿ ਪਹਿਲਾਂ ਵਾਲੇ ਨੇਤਾ
ਗ਼ਲਤੀਆਂ ਨਹੀਂ ਕਰਦੇ ਸਨ ਜਾਂ ਉਨ੍ਹਾਂ ਵਿਚੋਂ ਬਹੁਤੇ ਨਿੱਜੀ ਲਾਭਾਂ ਨੂੰ ਪਹਿਲ ਨਹੀਂ
ਦਿੰਦੇ ਸਨ ਪਰ ਉਸ ਵੇਲੇ ਨੇਤਾਵਾਂ ਦੀ ਕਿਰਦਾਰਕੁਸ਼ੀ ਜਾਂ ਚਰਿੱਤਰ-ਘਾਤ ਏਨੇ ਵੱਡੇ
ਪੱਧਰ 'ਤੇ ਨਹੀਂ ਕੀਤਾ ਜਾਂਦਾ ਸੀ।
ਇਸ ਵੇਲੇ ਭਾਵੇਂ ਪੰਜਾਬ ਦੀ ਅਗਵਾਈ ਦਾ
ਦਾਅਵਾ ਕਰਨ ਵਾਲੀਆਂ ਦਰਜਨ ਕੁ ਰਾਜਨੀਤਕ ਪਾਰਟੀਆਂ ਹਨ ਪਰ ਹਾਲ ਇਹ ਹੈ ਕਿ ਪੰਜਾਬ
ਪੂਰੀ ਤਰ੍ਹਾਂ ਨੇਤਾ ਰਹਿਤ ਹੋ ਗਿਆ ਜਾਪਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ
ਪਾਰਟੀ ਜਾਂ ਕੋਈ ਨੇਤਾ ਪੰਜਾਬ ਦੇ ਹਿੱਤ ਲਈ ਲੜਾਈ ਛੇੜਨ ਦੀ ਜ਼ੁਰਅਤ ਕਰਨ ਦੇ ਸਮਰੱਥ
ਹੀ ਨਹੀਂ ਦਿਸਦਾ, ਪਰ ਜੇ ਕੋਈ ਜ਼ੁਰਅਤ ਕਰ ਵੀ ਲਵੇ ਤਾਂ ਉਸ ਦੇ ਆਪਣੇ ਸਾਥੀ ਤੇ
ਹਮਰਾਹ ਵੀ ਉਸ ਦੇ ਚਰਿੱਤਰ 'ਤੇ ਵਿਸ਼ਵਾਸ ਕਰਕੇ ਕੁਰਬਾਨੀ ਦੇਣ ਲਈ ਤਿਆਰ ਨਹੀਂ
ਹੁੰਦੇ। ਹਾਂ, ਵਿਖਾਵਾ ਕਰਨਾ, ਡਰਾਮਾ ਕਰਨਾ ਜਾਂ ਅਖ਼ਬਾਰੀ ਤੇ ਲੋਕ ਮਾਧਿਅਮ 'ਤੇ
ਬਿਆਨਬਾਜ਼ੀ ਜ਼ਰੂਰ ਦਿਖਾਈ ਦੇ ਜਾਂਦੀ ਹੈ।
ਪੰਜਾਬ ਵਿਧਾਨ ਸਭਾ ਦੀਆਂ 2027
ਦੀਆਂ ਚੋਣਾਂ ਸਿਰ 'ਤੇ ਹਨ, ਪਰ ਰਾਜਨੀਤਕ ਪਾਰਟੀਆਂ ਦੇ ਅੰਦਰੂਨੀ ਝਗੜਿਆਂ ਤੇ
ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਵਲੋਂ ਆਪਣੇ ਹੀ ਵਡੇਰੇ ਨੇਤਾਵਾਂ ਦੀ ਕਿਰਦਾਰਕੁਸ਼ੀ
ਆਮ ਵੋਟਰਾਂ ਵਿਚ ਤਾਂ ਕੀ ਸਗੋਂ ਪਾਰਟੀ ਵਰਕਰਾਂ ਵਿਚ ਵੀ ਨਿਰਾਸ਼ਾ ਪੈਦਾ ਕਰ ਰਹੀ ਹੈ
ਹਾਲਾਤ ਇਹ ਹੈ ਕਿ:
ਹਮਨੇ ਕਿਰਦਾਰ ਕੋ ਕਪੜੋਂ ਕੀ ਤਰਹ ਪਹਿਨਾ ਹੈ,
ਤੁਮਨੇ ਕਪੜੋਂ ਕੋ ਹੀ ਕਿਰਦਾਰ ਸਮਝ ਰੱਖਾ ਹੈ।
(ਹਸੀਬ ਗੋਸ਼)
ਸਿੱਖ
ਤੇ ਅਕਾਲੀ ਨੇਤਾਵਾਂ ਦਾ ਚਰਿੱਤਰ-ਘਾਤ ਇਸ ਵੇਲੇ ਕਿਰਦਾਰਕੁਸ਼ੀ ਦਾ ਸਭ
ਤੋਂ ਵੱਧ ਸ਼ਿਕਾਰ ਤਾਂ ਅਕਾਲੀ ਨੇਤਾ ਹਨ। ਇਕ ਅਕਾਲੀ ਦਲ ਨਹੀਂ ਸਗੋਂ ਸਾਰੇ ਅਕਾਲੀ
ਦਲਾਂ ਦੇ ਨੇਤਾਵਾਂ ਦਾ ਚਰਿੱਤਰ-ਘਾਤ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਪੂਰੀ ਸਿੱਖ ਕੌਮ
ਹੀ ਨੇਤਾ ਰਹਿਤ ਹੋ ਗਈ ਜਾਪਦੀ ਹੈ, ਕਿਉਂਕਿ ਇਹ ਚਰਿੱਤਰ-ਘਾਤ ਸਿਰਫ਼ ਰਾਜਸੀ ਨੇਤਾਵਾਂ
ਦਾ ਹੀ ਨਹੀਂ ਹੋਇਆ ਸਗੋਂ ਧਾਰਮਿਕ ਨੇਤਾਵਾਂ ਦਾ ਵੀ ਹੋਇਆ ਹੈ।
ਹਾਂ, ਇਹ
ਬਿਲਕੁਲ ਸੱਚ ਹੈ ਕਿ ਇਹ ਧਾਰਮਿਕ ਜਾਂ ਅਕਾਲੀ ਨੇਤਾ ਦੁੱਧ ਧੋਤੇ ਨਹੀਂ ਤੇ ਇਨ੍ਹਾਂ
'ਤੇ ਲਗਦੇ ਕਈ ਇਲਜ਼ਾਮ ਸੱਚੇ ਵੀ ਹਨ ਪਰ ਰਾਜਨੀਤਕ ਵਿਰੋਧੀ 'ਖੰਭਾਂ ਦੀਆਂ ਡਾਰਾਂ'
ਬਣਾਉਣ ਦੇ ਸਮਰੱਥ ਹਨ। ਇਸ ਵੇਲੇ ਕਰੀਬ ਅੱਧੀ ਦਰਜਨ ਅਕਾਲੀ ਦਲ ਹਨ, ਪਰ ਕਿਹੜਾ
ਅਕਾਲੀ ਨੇਤਾ ਹੈ, ਜਿਸ ਦੇ ਕਿਰਦਾਰ 'ਤੇ ਵਿਸ਼ਵਾਸ ਕਰਕੇ ਪੂਰੀ ਕੌਮ ਉਸ ਨੂੰ ਰਹਿਨੁਮਾ
ਮੰਨ ਲਵੇ?
ਅਕਾਲੀ ਦਲ ਬਾਦਲ ਜੋ ਅਜੇ ਵੀ ਸਭ ਤੋਂ ਵੱਡਾ ਅਕਾਲੀ ਦਲ ਹੈ, ਦੇ
ਨੇਤਾਵਾਂ ਵਲੋਂ ਕੀਤੀਆਂ ਧਾਰਮਿਕ ਤੇ ਰਾਜਨੀਤਕ ਗ਼ਲਤੀਆਂ ਦੀ ਸਜ਼ਾ ਮਿਲ ਜਾਣ ਦੇ
ਬਾਵਜੂਦ ਉਨ੍ਹਾਂ ਦੀ ਕਿਰਦਾਰਕੁਸ਼ੀ ਦੀ ਮੁਹਿੰਮ ਦੂਜੇ ਅਕਾਲੀ ਦਲਾਂ ਤੇ ਵਿਰੋਧੀ
ਪਾਰਟੀਆਂ ਵਲੋਂ ਬਾ-ਦਸਤੂਰ ਜਾਰੀ ਹੈ ਤੇ ਉਹ ਅਜੇ ਵੀ ਜਵਾਬਦੇਹੀ ਵਿਚ ਹੀ ਉਲਝੇ ਹੋਏ
ਹਨ।
ਨਵੇਂ ਬਣੇ ਪੁਨਰ ਸੁਰਜੀਤ ਅਕਾਲੀ ਦਲ ਦੇ ਨੇਤਾਵਾਂ ਅਤੇ ਪ੍ਰਧਾਨ
ਖਿਲਾਫ਼ ਕਿਰਦਾਰਕੁਸ਼ੀ ਦੀ ਮੁਹਿੰਮ ਵੀ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ 'ਤੇ
ਇਲਜ਼ਾਮ-ਦਰ-ਇਲਜ਼ਾਮ ਲਾਏ ਜਾ ਰਹੇ ਹਨ ਕਿ ਹਾਲਾਤ ਇਹ ਹੋ ਗਈ ਹੈ, ਉਨ੍ਹਾਂ ਦੇ ਪ੍ਰਧਾਨ
ਗਿਆਨੀ ਹਰਪ੍ਰੀਤ ਸਿੰਘ ਹੁਣ ਸ਼ਾਇਦ ਪ੍ਰਧਾਨਗੀ ਤੋਂ ਤੋਬਾ ਕਰਨ ਵੱਲ ਵਧ ਰਹੇ ਹਨ ਤੇ
ਸ਼ਾਇਦ ਉਹ ਪਾਰਟੀ ਦੀ ਕਮਾਨ ਕਿਸੇ ਕਾਰਜਕਾਰੀ ਪ੍ਰਧਾਨ ਜਾਂ ਮੰਡਲੀ ਨੂੰ ਸੌਂਪ ਕੇ
ਪਿੱਛੇ ਹਟ ਜਾਣ, ਉਂਝ ਪਾਰਟੀ ਵਿਚ ਉਨ੍ਹਾਂ ਦੇ ਇਕ ਵਿਰੋਧੀ ਮੰਨੇ ਜਾਂਦੇ ਨੇਤਾ ਵਲੋਂ
ਅਕਾਲੀ ਦਲ ਪੁਨਰ ਸੁਰਜੀਤ ਜਿਸ ਨੂੰ ਚੋਣ ਕਮਿਸ਼ਨ ਵਲੋਂ ਕੋਈ ਨਵਾਂ ਨਾਂਅ ਜਲਦ ਹੀ ਮਿਲ
ਸਕਦਾ ਹੈ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਸਾਂਝੀ ਕੋਰ ਕਮੇਟੀ ਬਣਾ ਕੇ
ਕਾਰਜਕਾਰੀ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਵੀ ਸੁਣਾਈ ਦੇ ਰਹੀਆਂ ਹਨ।
ਜਿਥੋਂ
ਤੱਕ ਬਾਕੀ ਅਕਾਲੀ ਦਲਾਂ ਦਾ ਸੰਬੰਧ ਹੈ, ਉਨ੍ਹਾਂ ਵਿਚੋਂ ਅਕਾਲੀ ਦਲ ਵਾਰਸ ਪੰਜਾਬ ਦੇ
ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ
ਕਿਰਦਾਰਕੁਸ਼ੀ ਦੀ ਮੁਹਿੰਮ ਵੀ ਘੱਟ ਤੇਜ਼ ਨਹੀਂ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ
ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਇਕ ਵਾਰ ਫਿਰ ਦੋਫਾੜ ਹੋ ਚੁੱਕੀ ਹੈ ਤੇ ਵੱਖ ਹੋਣ
ਵਾਲੇ ਧੜੇ ਨੇ ਵੀ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਭਾਵੇਂ
ਇਲਜ਼ਾਮ ਪੁਰਾਣੇ ਹੀ ਦੁਹਰਾਏ ਗਏ ਹਨ। ਬਾਕੀ ਅਕਾਲੀ ਦਲਾਂ ਦੀ ਹਾਲਤ ਵੀ ਅਜਿਹੀ ਹੀ
ਹੈ। ਰਜ਼ੀ ਅਖ਼ਤਰ ਸ਼ੌਕ ਦੇ ਲਫ਼ਜ਼ਾਂ ਵਿਚ ਇਨ੍ਹਾਂ ਨੇਤਾਵਾਂ ਦੀ ਹਾਲਤ ਇਹ ਹੈ ਕਿ:
ਹਮ ਰੂਹ-ਏ-ਸਫ਼ਰ ਹੈਂ ਹਮੇਂ ਨਾਮੋਂ ਸੇ ਨਾ ਪਹਿਚਾਨ, ਕਲ੍ਹ ਔਰ ਕਿਸੀ
ਨਾਮ ਸੇ ਆ ਜਾਏਂਗੇ ਹਮ ਲੋਗ।
ਕਾਂਗਰਸ ਦੀ ਹਾਲਤ
ਪੰਜਾਬ ਕਾਂਗਰਸ ਦੀ ਅਗਵਾਈ ਦੀ ਹਾਲਤ ਵੀ ਬਹੁਤ ਮਾੜੀ ਹੈ, ਭਾਵੇਂ ਪੰਜਾਬ ਕਾਂਗਰਸ
ਕੋਲ ਲੀਡਰਾਂ ਦੀ ਭਰਮਾਰ ਹੈ ਪਰ ਸਭ ਦੀ ਕਿਰਦਾਰਕੁਸ਼ੀ ਏਨੀ ਕੀਤੀ ਜਾ ਚੁੱਕੀ ਹੈ ਕਿ
ਇਨ੍ਹਾਂ ਵਿਚੋਂ ਕੋਈ ਵੀ ਪੰਜਾਬ ਨੂੰ ਅਗਵਾਈ ਦੇਣ ਦੇ ਕਾਬਲ ਨਹੀਂ ਜਾਪਦਾ। ਇਸ ਮਾਮਲੇ
ਵਿਚ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਪਰਿਵਾਰ ਨੂੰ ਤਾਂ ਹਾਲ ਦੀ ਘੜੀ ਮਨਫ਼ੀ ਹੀ ਕਰ
ਦਿੱਤਾ ਹੈ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ
ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਖਿਲਾਫ਼ ਚਰਿੱਤਰ-ਘਾਤ ਦਾ ਨਸ਼ੱਤਰ ਏਨਾ
ਤਿੱਖਾ ਚੱਲਿਆ ਕਿ ਅਖੀਰ ਪਾਰਟੀ ਨੂੰ ਬਿਨਾਂ ਮੁੱਖ ਮੰਤਰੀ ਦੇ ਚਿਹਰੇ 2027 ਦੀਆਂ
ਚੋਣਾਂ ਲੜਨ ਦਾ ਫ਼ੈਸਲਾ ਲੈਣਾ ਪਿਆ ਹੈ। ਇਨ੍ਹਾਂ ਸਮੇਤ ਪੰਜਾਬ ਕਾਂਗਰਸ ਵਿਚ ਹਾਲ ਦੀ
ਘੜੀ ਕੋਈ ਨੇਤਾ ਨਹੀਂ ਦਿਖਾਈ ਦਿੰਦਾ, ਜਿਸ ਪਿਛੇ ਪੂਰੀ ਪਾਰਟੀ ਖੜ੍ਹੀ ਹੋ ਜਾਵੇ।
ਮੰਜ਼ਿਲ-ਓ-ਰਾਹ ਮੇਂ ਕਭੀ ਇਤਨਾ ਤੋ ਫਾਸਲਾ ਨਾ ਥਾ, ਰਾਹਬਰੋ ਖ਼ਤਾ-ਮੁਆਫ਼
ਯੇ ਕੋਈ ਰਾਹਬਰੀ ਨਹੀਂ।
(ਨਜ਼ੀਰ ਸਦੀਕੀ) ----- 'ਆਪ'
ਦੀ ਹਾਲਤ ਹਾਲਾਂਕਿ 'ਆਮ ਆਦਮੀ ਪਾਰਟੀ' ਵਿਚ ਕੋਈ ਫੁਟ ਨਹੀਂ, ਕਿਸੇ
ਦੀ ਮਜ਼ਾਲ ਹੀ ਨਹੀਂ ਕਿ ਕਿਸੇ 'ਵੱਡੇ' ਨੇਤਾ ਦੇ ਖਿਲਾਫ਼ ਬੋਲ ਸਕੇ, ਜੇ ਕੋਈ ਬੋਲੇ ਵੀ
ਤਾਂ ਉਸ ਨੂੰ 'ਅੰਦਰ ਜਾਂ ਬਾਹਰ' ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਪਰ ਲੋਕ
ਮਾਧਿਅਮ ਤੇ ਕਿਰਦਾਰਕੁਸ਼ੀ ਆਪ ਦੇ ਨੇਤਾਵਾਂ ਦੀ ਵੀ ਘੱਟ ਨਹੀਂ ਹੋ ਰਹੀ। ਸਗੋਂ ਕੁਝ
ਜ਼ਿਆਦਾ ਹੀ ਕੀਤੀ ਜਾ ਰਹੀ ਹੈ। ਉਂਜ ਵੀ ਅਜਿਹਾ ਨਹੀਂ ਕਿ 'ਆਪ' ਦੇ ਨੇਤਾ ਗ਼ਲਤੀਆਂ
ਨਹੀਂ ਕਰਦੇ, ਸਗੋਂ ਉਹ ਤਾਂ 'ਪੁੱਠਾ ਗੇੜ' ਲੈਣ ਦਾ ਇਕ ਰਿਕਾਰਡ ਹੀ ਕਾਇਮ ਕਰ
ਰਹੇ ਹਨ।
'ਭਾਜਪਾ' ਦੀ ਹਾਲਤ 'ਭਾਜਪਾ' ਇਸ ਵੇਲੇ
ਪੰਜਾਬ ਵਿਚ ਸੱਤਾ ਹਾਸਲ ਕਰਨ ਲਈ ਸਭ ਤੋਂ ਵੱਧ ਤਰਲੋਮੱਛੀ ਹੁੰਦੀ ਦਿਖਾਈ ਦੇ ਰਹੀ
ਹੈ। ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਭਾਜਪਾ ਇਕੱਲੀ ਹੀ ਪੰਜਾਬ ਵਿਚ ਸਰਕਾਰ
ਬਣਾਏਗੀ। ਇਸੇ ਲਈ ਪਹਿਲੀ ਵਾਰ ਭਾਜਪਾ ਨੇ ਮਾਘੀ 'ਤੇ ਕਾਨਫ਼ਰੰਸ ਤੋਂ ਬਾਅਦ ਫਰਵਰੀ
ਵਿਚ ਗ੍ਰਹਿ ਮੰਤਰੀ ਅਮਿਤ ਸਾਹ ਦੀ ਅਗਵਾਈ ਵਿਚ ਮੋਗਾ ਵਿਚ ਕਾਨਫਰੰਸ ਦਾ ਫੈਸਲਾ ਵੀ
ਕੀਤਾ ਹੈ ਜਿਥੋਂ ਕਦੇ ਅਕਾਲੀ ਦਲ ਨੇ ਕਾਨਫਰੰਸ ਕਰਕੇ ਜਿੱਤ ਦਾ ਮੁੱਢ ਬੰਨ੍ਹਿਆ ਸੀ।
ਇਸ ਰੈਲੀ ਵਿਚ ਕਈ ਪ੍ਰਮੁੱਖ ਸਿੱਖ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਕੇ
ਭਾਜਪਾ ਦਾ ਸਿੱਖ ਹਮਾਇਤੀ ਚਿਹਰਾ ਨਿਖਾਰਿਆ ਜਾਵੇਗਾ ਤੇ ਹੋ ਸਕਦਾ ਹੈ, ਕੁਝ ਸਿੱਖ ਤੇ
ਪੰਜਾਬ ਦੀਆਂ ਮੰਗਾਂ ਮੰਨਣ ਦਾ ਅਚਾਨਕ ਐਲਾਨ ਵੀ ਕਰ ਦਿੱਤਾ ਜਾਵੇ। ਪਰ ਗਹੁ ਕਰਨ
ਵਾਲੀ ਗੱਲ ਹੈ ਕਿ ਭਾਜਪਾ ਇਕ ਪਾਸੇ ਸਿੱਖਾਂ ਦੀ ਹਮਦਰਦ ਹੋਣ ਦਾ ਹੇਜ ਤਾਂ ਦਿਖਾਉਂਦੀ
ਹੈ ਪਰ ਜਦੋਂ ਦੂਜੇ ਪਾਸੇ ਉਹ ਸਿਰਸਾ ਸਾਧ ਵਰਗਿਆਂ ਨੂੰ ਹਰ ਤੀਜੇ ਮਹੀਨੇ ਪੈਰੋਲ
ਦਿੰਦੀ ਹੈ ਤੇ ਪੰਜਾਬ ਦੀਆਂ ਸੰਸਥਾਵਾਂ 'ਤੇ ਕੇਂਦਰੀ ਕਬਜ਼ੇ ਦੀਆਂ ਕੋਸ਼ਿਸ਼ ਕਰਦੀ ਹੈ
ਤਾਂ ਉਨ੍ਹਾਂ ਦੇ ਹੇਜ ਦੀਆਂ ਕੋਸ਼ਿਸ਼ਾਂ ਬੇਕਾਰ ਹੋ ਜਾਂਦੀਆਂ ਹਨ।
ਭਾਵੇਂ
ਭਾਜਪਾ ਦੀ ਪੰਜਾਬ ਜਿੱਤਣ ਦੀ ਮੁਹਿੰਮ ਦੇ ਮੁੱਖ ਸੂਤਰਧਾਰ ਗ੍ਰਹਿ ਮੰਤਰੀ ਅਮਿਤ ਸ਼ਾਹ
ਖੁਦ ਹੀ ਹਨ ਪਰ ਇਸ ਦੀ ਕਮਾਂਡ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ
ਸੰਭਾਲੀ ਹੋਈ ਹੈ। ਭਾਵੇਂ ਭਾਜਪਾ ਵਿਚ ਵੀ ਆਪ ਵਾਂਗ ਕਿਸੇ ਦੀ ਜ਼ੁਰਅਤ ਨਹੀਂ ਕਿ ਆਪਣੇ
ਲੀਡਰਾਂ ਦੇ ਖਿਲਾਫ਼ ਖੁੱਲ੍ਹ ਕੇ ਬੋਲ ਸਕੇ। ਪਰ ਸੱਚਾਈ ਇਹ ਹੈ ਕਿ ਅਜੇ ਭਾਜਪਾ ਵਿਚ
ਪੁਰਾਣੇ ਟਕਸਾਲੀ ਭਾਜਪਾਈਆਂ ਤੇ ਨਵੇਂ ਬਾਹਰੋਂ ਆਏ ਨੇਤਾਵਾਂ ਦਰਮਿਆਨ ਇਕ-ਦੂਜੇ ਦੀ
ਕਿਰਦਾਰਕੁਸ਼ੀ ਦੀ ਮੁਹਿੰਮ ਅਛੋਪਲੇ ਜਿਹੇ ਜਾਰੀ ਹੈ।
ਉਂਜ ਇਹ ਤਾਂ ਵਕਤ ਹੀ
ਦੱਸੇਗਾ ਕਿ ਭਾਜਪਾ ਪੰਜਾਬੀਆਂ ਨੂੰ ਸਮੂਹਿਕ ਰੂਪ ਵਿਚ ਭਰਮਾ ਸਕੇਗੀ ਜਾਂ ਨਹੀਂ, ਪਰ
ਇਕ ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਭਾਜਪਾ ਏਨੀ ਮਜ਼ਬੂਤੀ ਨਾਲ ਇਹ ਚੋਣ ਜਿੱਤਣ
ਲਈ ਨਹੀਂ ਸਗੋਂ ਕਾਂਗਰਸ ਨੂੰ ਹਰਾਉਣ ਤੇ ਆਪ ਦੀ ਜਿੱਤ ਦਾ ਰਾਹ ਪੱਧਰਾ ਕਰਨ ਲਈ ਲੜ
ਰਹੀ ਹੈ, ਤਾਂ ਜੋ ਗੁਜਰਾਤ ਤੇ ਹੋਰ ਥਾਵਾਂ 'ਤੇ ਆਪ ਕਾਂਗਰਸ ਨੂੰ ਹਰਾਉਣ ਤੇ ਭਾਜਪਾ
ਵਿਰੋਧੀ ਵੋਟਾਂ ਵੰਡਣ ਦੇ ਸਮਰੱਥ ਬਣੀ ਰਹਿ ਸਕੇ।
ਇਸ ਤੋਂ ਇਲਾਵਾ ਪੰਜਾਬ
ਦੀਆਂ ਬਾਕੀ ਪਾਰਟੀਆਂ, ਜਿਨ੍ਹਾਂ ਵਿਚ ਅਕਾਲੀ ਦਲ ਪੰਜ ਪ੍ਰਧਾਨੀ, ਸੰਯੁਕਤ ਅਕਾਲੀ
ਦਲ, ਦਲ ਖ਼ਾਲਸਾ, ਖੱਬੀਆਂ ਪਾਰਟੀਆਂ ਤੇ ਬਸਪਾ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ
ਨੇਤਾਵਾਂ ਦੇ ਚਰਿੱਤਰ ਘਾਤ ਦੀ ਮੁਹਿੰਮ ਵੀ ਲਗਾਤਾਰ ਜਾਰੀ ਹੀ ਹੈ ਤੇ ਪੰਜਾਬ ਨੂੰ
ਕੋਈ ਰਹਿਨੁਮਾ ਖੇਵਨ-ਹਾਰ ਨਹੀਂ ਦਿਖਾਈ ਦਿੰਦਾ। ਭਾਜਪਾ ਵਿਚ ਲਗਾਤਾਰ ਸ਼ਾਮਿਲ ਹੋਣ
ਵਾਲੇ ਲੋਕਾਂ ਲਈ ਸਈਅਦ ਰਹਿਮਾਨੀ ਦਾ ਇਕ ਸ਼ਿਅਰ ਹਾਜ਼ਰ ਹੈ:
ਅਪਨੇ
ਕਿਰਦਾਰ ਕੀ ਪਹਿਚਾਨ ਬਦਲ ਦੇਤੇ ਹੈਂ, ਐਸੇ ਕੁਛ ਲੋਗ ਹੈਂ, ਈਮਾਨ ਬਦਲ ਦੇਤੇ
ਹੈਂ।
ਸਿੱਖਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ
ਹਾਲਾਂਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਤੋਂ ਸਿੱਖਾਂ
ਲਈ ਬੁਰੀਆਂ ਖ਼ਬਰਾਂ ਹੀ ਆ ਰਹੀਆਂ ਹਨ ਪਰ ਇਕ ਚੰਗੀ ਖ਼ਬਰ ਵੀ ਹੈ ਕਿ ਅਮਰੀਕੀ ਕਾਂਗਰਸ
ਦੀਆਂ 'ਡੈਮੋਕ੍ਰੇਟਿਕ' ਅਤੇ 'ਰਿਪਬਲਿਕਨ' ਪਾਰਟੀਆਂ ਦੇ ਦੋ ਮੈਂਬਰਾਂ 'ਜੋਸ਼
ਗੋਟਹਾਈਮਰ' ਅਤੇ 'ਡੇਵਿਡ ਵਲਾਡਾਓ' ਨੇ ਮਿਲ ਕੇ 'ਸਿੱਖ ਅਮੈਰਿਕਨ ਐਂਟੀ
ਡਿਸਕ੍ਰਿਮੀਨੇਸ਼ਨ ਐਕਟ' ਦਾ ਬਿੱਲ ਪਾਰਲੀਮੈਂਟ ਵਿਚ 15 ਜਨਵਰੀ ਨੂੰ ਪੇਸ਼ ਕਰ ਦਿੱਤਾ
ਸੀ, ਇਸ ਬਿੱਲ ਦੇ ਪਾਸ ਹੋਣ ਦੇ ਕਾਫੀ ਆਸਾਰ ਹਨ।
ਇਹ ਬਿੱਲ ਮੰਗ ਕਰਦਾ ਹੈ
ਕਿ ਸਿੱਖਾਂ ਖਿਲਾਫ਼ ਨਫ਼ਰਤ ਤੇ ਵਿਤਕਰੇ ਨੂੰ ਪ੍ਰਭਾਵਹੀਣ ਕੀਤਾ ਜਾਵੇ, ਇਸ ਦੀ
ਨਿਗਾਹਬੀਨੀ ਕੀਤੀ ਜਾਵੇ ਅਤੇ ਇਸ ਨੂੰ ਰੋਕਿਆ ਜਾਵੇ। ਇਸ ਬਿੱਲ ਦੇ ਪਾਸ ਹੋਣ 'ਤੇ ਹਰ
ਸਾਲ ਅਮਰੀਕਾ ਵਿਚ ਸਿੱਖਾਂ ਖਿਲਾਫ਼ ਹੋਣ ਵਾਲੇ ਨਫ਼ਰਤੀ ਅਮਲ ਅਤੇ ਅੰਤਰਰਾਸ਼ਟਰੀ ਦਮਨ
ਬਾਰੇ ਰਿਪੋਰਟ ਵੀ ਜਾਰੀ ਕੀਤੀ ਜਾਣੀ ਜ਼ਰੂਰੀ ਹੋ ਜਾਵੇਗੀ
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000 E. mail :
hslall@ymail.com
|