ਭਾਰਤ
ਨੂੰ ਦਰਪੇਸ਼ ਸਭਿਆਚਾਰਕ ਸੰਕਟ
-ਡਾ. ਮਹੀਪ ਸਿੰਘ
ਕਿਸੇ ਦੇਸ਼ ਜਾਂ ਕੌਮ ਵਿਚ ਜੋ ਕੁਝ ਵੀ ਕਿਹਾ ਜਾਂ ਸੋਚਿਆ
ਗਿਆ ਹੈ ਉਸ ਵਿਚ ਸਰਬ ਉੱਤਮ ਨੂੰ ਜਾਣਨਾ ਹੀ ਸਭਿਆਚਾਰ ਹੈ। ਇਹ ਜਾਣਨ ਜਾਂ ਸਮਝਣ ਵਿਚ
ਭਾਸ਼ਾ ਦਾ ਯੋਗਦਾਨ ਸਭ ਤੋਂ ਵਧੇਰੇ ਹੈ ਕਿਉਂਕਿ ਇਸੇ ਮਾਧਿਅਮ ਨਾਲ ਵਿਅਕਤੀ ਕਹਿਣ ਤੇ
ਸੋਚਣ ਦੀ ਜੁਗਤ ਨੂੰ ਸੰਵਾਦ, ਸੰਚਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਥਾਈ ਸੰਪਤੀ
ਵਿਚ ਬਦਲਦਾ ਹੈ।
ਇਹੋ ਕਾਰਨ ਹੈ ਕਿ ਬੋਲੀ ਕਿਸੇ ਵੀ ਸਭਿਆਚਾਰ ਦੇ ਸਰੂਪ ਦੇ
ਨਿਰਮਾਣ ਵਿਚ ਆਪਣੀ ਭੂਮਿਕਾ ਦੇ ਮਹੱਤਵ ਨੂੰ ਨਿਰੰਤਰ ਵਧਾਉਂਦੀ ਚਲੀ ਜਾਂਦੀ ਹੈ।
ਜਿਵੇਂ-ਜਿਵੇਂ ਬੋਲੀ ਦਾ ਵਿਕਾਸ ਹੁੰਦਾ ਹੈ, ਸਭਿਆਚਾਰ ਦੇ ਲੋਕ-ਹੁਨਰ ਵਧੇਰੇ ਕਲਾਤਮਕ
ਰੂਪ ਧਾਰਨ ਕਰਦੇ ਹੋਏ ਕੋਮਲ-ਹੁਨਰਾਂ ਵਿਚ ਤਬਦੀਲ ਹੁੰਦੇ ਚਲੇ ਜਾਂਦੇ ਹਨ। ਸਭਿਆਚਾਰ
ਤੇ ਬੋਲੀ ਲੋਕ ਜੀਵਨ ਵਿਚੋਂ ਜਨਮ ਲੈਂਦੇ ਹਨ। ਫਿਰ ਉਹ ਲੋਕ ਜੀਵਨ ਕਾਲ ਆਪਣਾ ਅੰਤਰ
ਸਬੰਧ ਬਣਾਈ ਰੱਖਣ ਦੇ ਨਾਲ ਹੀ ਨਾਲ ਗਿਆਨ-ਵਿਗਿਆਨ ਦੀਆਂ ਸੂਖਮ ਪ੍ਰਾਪਤੀਆਂ ਵਲ
ਵੱਧਦੇ ਚਲੇ ਜਾਂਦੇ ਹਨ। ਇਹੋ ਕਾਰਨ ਹੈ ਕਿ ਕਿਸੇ ਦੇਸ਼ ਦੇ ਸਭਿਆਚਾਰ- ਸੋਚ ਤੇ ਚਿੰਤਨ
ਨੂੰ ਪਛੜਿਆ ਤੇ ਪਤਨਸ਼ੀਲ ਰੱਖਣ ਲਈ, ਬਾਹਰਲੀਆਂ (ਤੇ ਕਈ ਵਾਰ ਅੰਦਰਲੀਆਂ) ਤਾਕਤਾਂ ਇਹ
ਯਤਨ ਕਰਦੀਆਂ ਹਨ ਕਿ ਉਸ ਦੇਸ਼ ਜਾਂ ਖੇਤਰ ਦੀ ਬੋਲੀ ਨੂੰ ਸਿਰਫ ਬੋਲੀ ਦੇ ਪੱਧਰ 'ਤੇ
ਹੀ ਸੀਮਿਤ ਕਰ ਕੇ ਰੱਖਿਆ ਜਾਏ। ਉਸ ਨੂੰ ਵਿਚਾਰ, ਚਿੰਤਨ, ਸੂਖਮ ਪ੍ਰਗਟਾਵੇ ਅਤੇ
ਗਿਆਨ ਦਾ ਭਾਰ ਚੁੱਕਣ ਦੇ ਯੋਗ ਭਾਸ਼ਾ ਨਾ ਬਣਨ ਦਿੱਤਾ ਜਾਵੇ। ਇਸ ਕਾਰਜ ਲਈ ਉਹ
ਬਾਹਰੋਂ ਲਿਆਂਦੀ ਭਾਸ਼ਾ ਨੂੰ ਆਮ ਲੋਕਾਂ ਉੱਪਰ ਇਸ ਤਰ੍ਹਾਂ ਮੜ੍ਹ ਦਿੰਦੀਆਂ ਹਨ ਕਿ
ਬਾਹਰੋਂ ਲਿਆਂਦੀ ਭਾਸ਼ਾ ਦੀ ਜਾਣਕਾਰੀ ਹੀ ਕਿਸੇ ਵਿਅਕਤੀ ਦੇ ਪੜ੍ਹੇ ਲਿਖੇ ਅਤੇ
ਸਭਿਆਚਾਰੀ ਹੋਣ ਦਾ ਪੈਮਾਨਾ ਬਣ ਜਾਂਦੀ ਹੈ।
ਇਸ
ਨੂੰ ਅੰਗਰੇਜ਼ੀ ਵਾਲੇ 'ਕਲਚਰਲ ਆਨਸਲਾਟ' (ਸਭਿਆਚਾਰਕ ਹਮਲਾ) ਕਹਿੰਦੇ ਹਨ।
ਅਜਿਹੇ ਹਮਲੇ ਤੋਂ ਲਤਾੜੇ ਹੋਏ ਲੋਕੀਂ ਸਦੀਆਂ ਤੀਕ ਨਾ ਕੇਵਲ ਸਭਿਆਚਾਰਕ ਗੁਲਾਮੀ ਵਿਚ
ਫਸੇ ਰਹਿੰਦੇ ਹਨ ਸਗੋਂ ਰਾਜਨੀਤਕ ਗੁਲਾਮੀ ਦੇ ਸ਼ਿਕਾਰ ਵੀ ਬਣ ਜਾਂਦੇ ਹਨ। ਫਿਰ ਜਦੋਂ
ਕੋਈ ਚੇਤਨਸ਼ੀਲ ਮਹਾਂਪੁਰਖ ਸਾਹਮਣੇ ਆਉਂਦਾ ਹੈ ਤਾਂ ਉਹ ਲੋਕਾਂ ਵਿਚ ਰਾਜਨੀਤਕ ਚੇਤਨਾ
ਉਭਾਰਨ ਤੋਂ ਪਹਿਲਾਂ ਸਭਿਆਚਾਰਕ ਚੇਤਨਾ ਉਤਪੰਨ ਕਰਦਾ ਹੈ। ਉਹ ਲੋਕਾਂ ਨੂੰ ਆਪਣੇ
'ਸਵੈ' ਵਲ ਮੋੜਦਾ ਹੈ। ਉਨ੍ਹਾਂ ਵਿਚ ਆਪਣੀ ਬੋਲੀ, ਆਪਣੀ ਲਿਪੀ, ਆਪਣੀ ਪਰੰਪਰਾ,
ਆਪਣੇ ਇਤਿਹਾਸ ਤੇ ਆਪਣੀ ਰਹਿਣੀ-ਬਹਿਣੀ ਲਈ ਪਿਆਰ ਪੈਦਾ ਕਰਦਾ ਹੈ।
ਪੰਜਾਬ ਦੇ ਲੋਕ ਸਦੀਆਂ ਤੋਂ ਇਸ ਸਭਿਆਚਾਰਕ ਹਮਲੇ ਦੇ ਸ਼ਿਕਾਰ
ਹੁੰਦੇ ਰਹੇ ਹਨ। ਪੰਜ ਸੌ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਕਟ ਨੂੰ
ਪਛਾਣਿਆ ਸੀ। ਉਨ੍ਹਾਂ ਨੇ ਆਪਣੀ ਬੋਲੀ ਨੂੰ ਲੋਕ ਜੀਵਨ ਦੇ ਪ੍ਰਗਟਾਵੇ ਦੇ ਨਾਲ ਹੀ
ਕਲਾਤਮਕ ਸੂਖਮ ਅਭਿਵਿਅਕਤੀ ਦਾ ਮਾਧਿਅਮ ਵੀ ਬਣਾ ਲਿਆ ਸੀ। ਪੰਜਾਬੀ ਭਾਸ਼ਾ ਦੀ ਪੂਰੀ
ਸਮਰੱਥਾ ਗੁਰੂ ਨਾਨਕ ਦੀ ਬਾਣੀ ਵਿਚ ਇਸ ਤਰ੍ਹਾਂ ਉਜਾਗਰ ਹੋਈ ਕਿ ਉਹ ਸੰਸਾਰ ਦੀ ਕਿਸੇ
ਵੀ ਅਮੀਰ ਭਾਸ਼ਾ ਦੇ ਮੁਕਾਬਲੇ ਵਿਚ ਆ ਖਲੋਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਲੋਕਾਂ ਨੂੰ ਚੰਗੀ
ਤਰ੍ਹਾਂ ਫਟਕਾਰਿਆ ਜੋ ਆਪਣੀ ਬੋਲੀ ਅਤੇ ਆਪਣੇ ਸਭਿਆਚਾਰ ਤੋਂ ਬੇਮੁੱਖ ਹੋ ਗਏ ਸਨ:
ਖਤਰੀਆਂ ਤੇ ਧਰਮੁ ਛੋਡਿਆ
ਮਲੈਛ ਭਾਖਿਆ ਗਹੀ।
ਸਭਿਆਚਾਰਕ ਕਦਰਾਂ-ਕੀਮਤਾਂ ਪਤਨ ਦੀ ਜਿਸ ਹੱਦ ਤੀਕ ਪੁੱਜ
ਗਈਆਂ ਸਨ, ਉਸ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਸੀ:
ਆਦਿ ਪੁਰਖ ਕਓ ਅਲਹੁ ਕਹੀਐ
ਸੇਖਾ ਆਈ ਵਾਰੀ
ਦੇਵਲ ਦੇਵਤਿਆਂ ਕਰੁ ਲਾਗਾ
ਐਸੀ ਕੀਰਤਿ ਚਾਲੀ
ਕੂਜਾ ਬਾਗ ਨਿਵਾਜ ਮੁਸਲਾ
ਨੀਲਰੂਪ ਬਨਵਾਰੀ
ਘਰਿ ਘਰਿ ਮੀਆ ਸਭਨਾ ਜੀਆ
ਬੋਲੀ ਅਵਰ ਤੁਮਾਰੀ।।
ਗੱਲ ਸਿਰਫ ਬੋਲੀ ਦੀ ਹੀ ਨਹੀਂ ਸੀ। ਬੋਲੀ ਤੇ 'ਅਵਰ' ਹੋ
ਜਾਣ ਨਾਲ ਸਭਿਆਚਾਰ ਦੀਆਂ ਸਾਰੀਆਂ ਕਦਰਾਂ-ਕੀਮਤਾਂ, ਰਹਿਣੀ-ਬਹਿਣੀ, ਸੋਚ-ਵਿਚਾਰ,
ਖਾਣ-ਪੀਣ, ਕੱਪੜਿਆਂ ਦਾ ਢੰਗ ਤੇ ਰੰਗ ਸਭ ਕੁਝ ਬਦਲਦਾ ਜਾ ਰਿਹਾ ਸੀ।
ਗੁਰੂ ਸਾਹਿਬਾਨ ਵੱਲੋਂ ਗੁਰੂ ਦਰਬਾਰ ਵਿਚ ਅਤੇ ਉਸ ਪਿੱਛੋਂ
ਸਿੱਖ ਰਜਵਾੜਿਆਂ ਵਿਚ ਆਪਣੀ ਬੋਲੀ ਨੂੰ ਪਛਾਨਣ ਦਾ ਲਗਾਤਾਰ ਯਤਨ ਹੁੰਦਾ ਰਿਹਾ ਪਰ
ਰਾਜਸੀ ਪ੍ਰਧਾਨਤਾ ਫਾਰਸੀ ਤੇ ਉਸ ਪਿੱਛੋਂ ਉਰਦੂ ਦੀ ਬਣੀ ਰਹੀ। ਨਤੀਜਾ ਇਹ ਹੋਇਆ ਕਿ
ਪੰਜਾਬੀ ਬੋਲੀ ਲੋਕ ਜੀਵਨ, ਧਾਰਮਿਕ ਤੇ ਕਾਵਿਕ ਪੱਧਰ 'ਤੇ ਜਿਉਂਦੀ ਰਹੀ ਪਰ ਰਾਜਸੀ
ਪੱਧਰ, ਉੱਚੀ ਵਿਦਿਆ ਦੀ ਪ੍ਰਾਪਤੀ ਤੇ ਮਾਧਿਅਮ ਦੇ ਰੂਪ ਵਿਚ ਅਤੇ ਰੁਜ਼ਗਾਰ ਦੇਣ ਵਾਲੀ
ਭਾਸ਼ਾ ਦੇ ਰੂਪ ਵਿਚ ਅੱਗੇ ਨਾ ਵੱਧ ਸਕੀ। ਪਹਿਲਾਂ ਫਾਰਸੀ ਦਾ ਗਲਬਾ ਬਣਿਆ ਰਿਹਾ। ਫਿਰ
ਉਰਦੂ ਤੇ ਅੰਗਰੇਜ਼ੀ ਨੇ ਉਹ ਥਾਂ ਮਲ ਲਈ। ਦੇਸ਼ ਦੀ ਵੰਡ ਤੇ ਆਜ਼ਾਦੀ ਆਉਣ ਤੀਕ ਰੁਤਬੇ
ਅਤੇ ਵਿਸ਼ਿਸ਼ਟਤਾ ਲਈ ਪੰਜਾਬ ਦੇ ਲੋਕੀਂ ਉਰਦੂ ਜਾਂ ਅੰਗਰੇਜ਼ੀ ਵੱਲ ਵੀ ਵੇਖਦੇ ਸਨ।
ਆਜ਼ਾਦੀ ਪਿੱਛੋਂ ਵੰਡੇ ਹੋਏ ਪੰਜਾਬ ਵਿਚ ਉਸ ਦੀ ਆਪਣੀ ਬੋਲੀ
ਨੂੰ ਰਾਜਸੀ ਮਾਨਤਾ ਤੇ ਰੁਤਬੇ ਵਾਲੀ ਥਾਂ ਮਿਲੇਗੀ, ਅਜਿਹੀ ਸੋਚ ਦਾ ਪੁੰਗਰਨਾ
ਸੁਭਾਵਿਕ ਸੀ। ਇਸ ਵੇਲੇ ਦੂਜਾ ਭਿਆਨਕ ਸਭਿਆਚਾਰਕ ਹਮਲਾ ਸ਼ੁਰੂ ਹੋਇਆ ਜਦੋਂ ਪੰਜਾਬ
ਦੀਆਂ ਗਲੀਆਂ ਬਾਜ਼ਾਰਾਂ ਵਿਚ 'ਪੰਜਾਬ ਦੀ ਭਾਸ਼ਾ ਹਿੰਦੀ ਹੈ, ਹਮਾਰੀ ਭਾਸ਼ਾ ਹਿੰਦੀ ਹੈ'
ਦੇ ਨਾਅਰੇ ਲਗਣੇ ਸ਼ੁਰੂ ਹੋ ਗਏ। ਉਂਜ ਵੇਖਿਆ ਜਾਵੇ ਤਾਂ ਹਿੰਦੀ ਵੀ ਸਦੀਆਂ ਤੀਕ ਉਸੇ
ਸਭਿਆਚਾਰਕ ਸੰਕਟ ਦਾ ਸ਼ਿਕਾਰ ਰਹੀ ਸੀ, ਜਿਹੜਾ ਪੰਜਾਬੀ ਦਾ ਸੀ। ਹਿੰਦੀ ਬੋਲਦੇ
ਖੇਤਰਾਂ ਵਿਚ ਪਹਿਲਾਂ ਫਾਰਸੀ ਅਤੇ ਫਿਰ ਉਰਦੂ ਤੇ ਅੰਗਰੇਜ਼ੀ ਦਾ ਗਲਬਾ ਕਾਇਮ ਸੀ।
ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਮੱਧ ਪ੍ਰਦੇਸ਼ ਦੇ ਖੇਤਰਾਂ ਵਿਚ ਕਚਹਿਰੀਆਂ,
ਅਦਾਲਤਾਂ, ਥਾਣਿਆਂ ਅਤੇ ਜ਼ਿਲਾ ਪੱਧਰ ਤਕ ਰਾਜ-ਕਾਜ ਲਈ ਵਰਤੀ ਜਾਣ ਵਾਲੀ ਭਾਸ਼ਾ ਉਰਦੂ
ਹੀ ਸੀ।
ਆਜ਼ਾਦੀ ਆਈ ਤੇ ਇਨ੍ਹਾਂ ਇਲਾਕਿਆਂ ਵਿਚ ਹੌਲੀ-ਹੌਲੀ ਇਹ ਥਾਂ
ਹਿੰਦੀ ਨੂੰ ਮਿਲਣੀ ਸ਼ੁਰੂ ਹੋ ਗਈ। ਇਥੇ ਦੀਆਂ ਸਰਕਾਰਾਂ ਨੇ ਪਹਿਲਾ ਕੰਮ ਇਹ ਕੀਤਾ ਕਿ
ਹਿੰਦੀ ਨੂੰ ਇਨ੍ਹਾਂ ਰਾਜਾਂ ਦੀ ਸਰਕਾਰੀ ਭਾਸ਼ਾ ਦਾ ਰੁਤਬਾ ਦੇ ਦਿੱਤਾ। ਇਹ ਕੀਤਾ
ਜਾਣਾ ਠੀਕ ਸੀ। ਪਰ ਜਿਹੜੀ ਹਿੰਦੀ ਆਪ ਸਦੀਆਂ ਤਕ ਮਜਲੂਮ ਰਹੀ ਸੀ, ਆਜ਼ਾਦੀ ਪਿੱਛੋਂ
ਉਸ ਨੇ ਦੂਜੀਆਂ ਭਾਸ਼ਾਵਾਂ ਨੂੰ ਮਜਲੂਮ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਸਾਰੇ ਦੇਸ਼
ਵਿਚ ਭਾਸ਼ਾਈ ਸਾਮਰਾਜਵਾਦੀ ਤੇ ਵਿਸਤਾਰਵਾਦੀ ਨੀਤੀਆਂ 'ਤੇ ਚੱਲਣਾ ਸ਼ੁਰੂ ਕਰ ਦਿੱਤਾ।
ਨਤੀਜਾ ਇਹ ਹੋਇਆ ਕਿ ਸਾਰੇ ਦੇਸ਼ ਵਿਚ, ਜਿਥੇ ਹੋਰ ਭਾਸ਼ਾਵਾਂ ਆਪਣੀ ਸਭਿਆਚਾਰਕ ਪੁਨਰ
ਜਾਗ੍ਰਿਤੀ ਦਾ ਸੁਪਨਾ ਵੇਖ ਰਹੀਆਂ ਸਨ, ਹਿੰਦੀ ਦਾ ਵਿਰੋਧ ਸ਼ੁਰੂ ਹੋ ਗਿਆ।
ਪੰਜਾਬ ਵਿਚ ਹਿੰਦੀ ਦੇ ਇਸ ਭਾਸ਼ਾਈ ਹਮਲੇ ਦਾ ਸਾਥ, ਉਸ ਵੇਲੇ
ਪੰਜਾਬ ਵਿਚ ਰਹਿਣ ਵਾਲੇ, ਪੰਜਾਬੀ ਬੋਲਦੇ ਲੋਕਾਂ ਦੇ ਇਕ ਵੱਡੇ ਵਰਗ ਨੇ ਦਿੱਤਾ, ਇਹ
ਗੱਲ ਬੜੀ ਮੰਦਭਾਗੀ ਸੀ। ਉਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਜਿਸ ਤਰ੍ਹਾਂ ਦਾ
ਸਭਿਆਚਾਰਕ ਸੰਕਟ ਪੈਦਾ ਕਰ ਦਿੱਤਾ, ਉਸ ਤਰ੍ਹਾਂ ਦਾ ਨਾ ਮੁਗਲਾਂ, ਪਠਾਣਾਂ ਦੇ ਰਾਜ
ਵੇਲੇ ਸੀ ਅਤੇ ਨਾ ਹੀ ਅੰਗਰੇਜ਼ਾਂ ਦੇ ਰਾਜ ਵੇਲੇ। ਇਸ ਵਰਗ ਨੇ ਪੰਜਾਬੀ ਦੇ ਸਮਾਜਿਕ
ਜੀਵਨ ਵਿਚ ਡੂੰਘੀਆਂ ਤ੍ਰੇੜਾਂ ਪਾ ਦਿੱਤੀਆਂ। ਉਸ ਨੂੰ ਫਿਰਕੂ ਜਨੂਨ ਨਾਲ ਭਰ ਦਿੱਤਾ।
ਪਿੱਛੋਂ ਪੰਜਾਬ ਵਿਚ ਜਿਹੜਾ ਰਾਜਨੀਤਕ ਸੰਕਟ ਨਜ਼ਰ ਆਇਆ, ਉਹ ਉਸੇ ਸਭਿਆਚਾਰਕ ਸੰਕਟ
ਤੋਂ ਉਪਜਿਆ ਸੀ।
ਪਰ ਅੱਜ ਮਹਿਸੂਸ ਕਰਦਾ ਹਾਂ ਕਿ ਪੰਜਾਬ ਨੂੰ ਮੁੜ ਇਕ ਨਵੇਂ
ਢੰਗ ਦੇ ਸਭਿਆਚਾਰਕ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਹਮਲਾ ਨਾ ਹਿੰਦੀ
ਵੱਲੋਂ ਹੈ, ਨਾ ਉਰਦੂ ਵੱਲੋਂ ਹੈ। ਇਹ ਅੰਗਰੇਜ਼ੀ ਵੱਲੋਂ ਹੈ ਅਤੇ ਨਾ ਸਿਰਫ ਪੰਜਾਬ
ਸਗੋਂ ਦੇਸ਼ ਦੇ ਦੂਜਿਆਂ ਹਿੱਸਿਆਂ ਵਿਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ।
ਇਹ ਗੱਲ ਸੱਚਮੁਚ ਅਸਚਰਜ ਵਿਚ ਪਾਉਣ ਵਾਲੀ ਹੈ ਕਿ ਇਸ ਦੇਸ਼
ਵਿਚੋਂ ਅੰਗਰੇਜ਼ਾਂ ਦੇ ਜਾਣ ਤੋਂ ਪਿੱਛੋਂ ਅੰਗਰੇਜ਼ੀ ਦਾ ਪ੍ਰਭਾਵ ਕਿਤੇ ਜ਼ਿਆਦਾ ਵੱਧ
ਗਿਆ ਹੈ। ਅੰਗਰੇਜ਼ੀ ਮਾਧਿਅਮ ਰਾਹੀਂ ਵਿਦਿਆ ਦੇਣ ਵਾਲੇ ਸਕੂਲਾਂ ਦੀ ਗਿਣਤੀ ਲਗਾਤਾਰ
ਵਧਦੀ ਜਾ ਰਹੀ ਹੈ। ਦਿੱਲੀ ਦੀ ਮਿਸਾਲ ਮੇਰੇ ਸਾਹਮਣੇ ਹੈ। ਇਥੇ ਪਹਿਲਾਂ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਦੂਜੀਆਂ ਸੰਸਥਾਵਾਂ ਅਜਿਹੇ ਸਕੂਲ ਖੋਲ੍ਹਦੀਆਂ
ਸਨ ਜਿਨ੍ਹਾਂ ਵਿਚ ਪੰਜਾਬੀ -ਹਿੰਦੀ ਦੇ ਮਾਧਿਅਮ ਨਾਲ ਵਿਦਿਆ ਦਿੱਤੀ ਜਾਂਦੀ ਸੀ।
ਇਨ੍ਹਾਂ ਸਕੂਲਾਂ ਨੂੰ ਸਰਕਾਰੀ ਮਦਦ ਮਿਲਦੀ ਸੀ ਅਤੇ ਘੱਟ ਆਮਦਨ ਵਾਲੇ ਮਾਂ-ਪਿਓ ਆਪਣੇ
ਬੱਚਿਆਂ ਨੂੰ ਇਥੇ ਪੜ੍ਹਨ ਲਈ ਇਸ ਲਈ ਵੀ ਭੇਜਦੇ ਸਨ ਕਿਉਂਕਿ ਇਥੇ ਫੀਸ ਬੜੀ ਥੋੜੀ
ਹੁੰਦੀ ਸੀ।
ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁਹੱਲੇ
ਦੀਆਂ ਸਿੰਘ ਸਭਾਵਾਂ ਦਾ ਪੂਰਾ ਜ਼ੋਰ ਪਬਲਿਕ ਸਕੂਲਾਂ ਵੱਲ ਹੈ। ਇਥੇ ਅੰਗਰੇਜ਼ੀ ਮਾਧਿਅਮ
ਨਾਲ ਪੜ੍ਹਾਈ ਹੁੰਦੀ ਹੈ ਤੇ ਰੱਜ ਕੇ ਫੀਸ ਲਈ ਜਾਂਦੀ ਹੈ। ਪੁਰਾਣੇ ਢੰਗ ਦੇ ਸਕੂਲ
ਜਿਵੇਂ-ਕਿਵੇਂ ਚਲ ਰਹੇ ਹਨ, ਉਨ੍ਹਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੰਦਾ। ਸਨਮਾਨ ਤੇ
ਰੁਤਬੇ ਦੇ ਪ੍ਰਤੀਕ ਹੁਣ ਇਹ ਪਬਲਿਕ ਸਕੂਲ ਬਣ ਗਏ ਹਨ।
ਪੰਜਾਬ ਵਿਚ ਵੀ ਪਬਲਿਕ ਸਕੂਲਾਂ ਦੀ ਮਾਨਤਾ ਨਿੱਤ ਵੱਧਦੀ ਜਾ
ਰਹੀ ਹੈ। ਅਜਿਹੇ ਸਕੂਲ ਸ਼ਹਿਰਾਂ ਵਿਚ ਆਪਣੀ ਪੂਰੀ ਜੜ੍ਹ ਜਮਾ ਚੁੱਕੇ ਹਨ ਤੇ ਹੁਣ
ਕਸਬਿਆਂ-ਪਿੰਡਾਂ ਵੱਲ ਵੀ ਵੱਧ ਰਹੇ ਹਨ। ਪੰਜਾਬ ਦੀ ਹਰ ਸੰਸਥਾ, ਹਰ ਕਮੇਟੀ, ਹਰ
ਫਾਊਂਡੇਸ਼ਨ ਹੁਣ ਵਧੀਆ ਤੋਂ ਵਧੀਆ ਪਬਲਿਕ ਸਕੂਲ ਬਣਾਉਣ ਦਾ ਸੁਪਨਾ ਵੇਖਦੀ ਹੈ।
ਇਸ ਤਰ੍ਹਾਂ ਦੀਆਂ ਰੁਚੀਆਂ ਦੇ ਭੈੜੇ ਅਤੇ ਪਤਨਸ਼ੀਲ ਨਤੀਜੇ
ਅੱਜ ਪੂਰੇ ਨਹੀਂ ਵਿਖਾਈ ਦੇ ਰਹੇ ਪਰ ਆਉਣ ਵਾਲੇ ਵਰ੍ਹਿਆਂ ਵਿਚ ਉਹ ਉਭਰ ਕੇ ਸਾਹਮਣੇ
ਆਉਣਗੇ। ਮਾਂ ਬੋਲੀ ਪੰਜਾਬੀ ਘਰ ਵਿਚ ਭਾਂਡੇ ਮਾਂਜਣ ਤੇ ਸਫਾਈ ਕਰਨ ਵਾਲੀ ਦਾਸੀ ਬਣ
ਕੇ ਰਹਿ ਜਾਏਗੀ। ਰਾਜਨੀਤਕ ਕਾਰਨਾਂ ਕਰ ਕੇ ਸਰਕਾਰੀ ਪੱਧਰ 'ਤੇ ਉਸ ਦੀ ਵਰਤੋਂ
ਬੇਚਿੱਤੇ ਢੰਗ ਨਾਲ ਹੁੰਦੀ ਰਹੇਗੀ ਪਰ ਸ਼ਾਨੋ-ਸ਼ੌਕਤ, ਰੁਤਬਾ ਤੇ ਆਦਰ ਸਤਿਕਾਰ, ਕਿਸੇ
ਵੱਡੀ ਰਾਣੀ ਵਾਂਗ ਅੰਗਰੇਜ਼ੀ ਦਾ ਬਣਿਆ ਰਹੇਗਾ।
ਮੈਂ ਅੰਗਰੇਜ਼ੀ ਪੜ੍ਹਨ-ਪੜ੍ਹਾਉਣ ਦਾ ਵਿਰੋਧੀ ਨਹੀਂ, ਪਰ ਜਿਸ
ਤਰ੍ਹਾਂ ਇਸ ਦਾ ਪ੍ਰਸਾਰ ਇਸ ਮੁਲਕ ਵਿਚ ਵੱਧ ਰਿਹਾ ਹੈ ਉਹ ਊਚ-ਨੀਚ ਦੀਆਂ ਨਵੀਆਂ
ਸ਼੍ਰੇਣੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਸਮਾਜਿਕ ਬਰਾਬਰੀ ਦੇ ਅਸੂਲ ਨੂੰ ਖਤਮ ਕਰ
ਰਿਹਾ ਹੈ। ਉਸ ਅਸੂਲ ਨੂੰ ਜੋ ਨਾ ਕੇਵਲ ਸਿੱਖੀ ਦਾ ਧੁਰਾ ਹੈ ਸਗੋਂ ਪੰਜਾਬੀ ਸਭਿਆਚਾਰ
ਦਾ ਮੂਲ ਹੈ।
|