WWW 5abi.com  ਸ਼ਬਦ ਭਾਲ

 

ਭਲਵਾਨ ਦੀ ਕੰਟੀਨ 

ਬਲਰਾਜ ਬਰਾੜ ਚੋਟੀਆਂ ਠੋਬਾ

balraj-brar

ਭਾਗ 1 ਭਾਗ 2 ਭਾਗ 3 ਭਾਗ 4 ਭਾਗ 5 ਭਾਗ 6 ਭਾਗ 7 ਭਾਗ 8
ਭਾਗ 9 ਭਾਗ 10            

ਭਾਗ 10

  


ਕਿਸ਼ਤ ਨੰਬਰ 10
ਭਲਵਾਨ ਦੀ ਕੰਟੀਨ 

ਜਦੋਂ ਗਾਂਧੀ ਰੋਡ ਤੋਂ ਬਲਜੀਤ ਹੋਰੀਂ ਰੇਲਵੇ ਫਾਟਕ ਕੋਲ ਪਹੁੰਚੇ ਤਾਂ ਫਾਟਕ ਲੱਗਿਆ ਹੋਇਆ ਸੀ।

"ਯਾਰ ਬਾਈ, ਐਸ ਵੇਲੇ ਦੋ ਰੇਲ ਗੱਡੀਆਂ ਲੰਘਦੀਆਂ ਜਗਰਾਵਾਂ ਵਾਲੇ ਪਾਸਿਓਂ.. ਮੂਹਰੇ ਮਾਲ ਗੱਡੀ ਹੁੰਦੀ ਆ ਤੇ ਪਿੱਛੇ ਯਾਤਰੂ ਗੱਡੀ।" ਰੇਹੜੇ ਵਾਲੇ ਨੇ ਬਲਜੀਤ ਨੂੰ ਕਿਹਾ।

"ਏਹ ਤਾਂ ਭੈਣ ਦੇਣੀਆਂ ਅੱਧਾ ਘੰਟਾ ਨੀ ਫਾਟਕ ਖੁਲਣ ਦਿੰਦੀਆਂ...ਨਿੱਤ ਦਾ ਈ ਸਿਆਪਾ ਏਹਨਾਂ ਦਾ।" ਰੇਹੜੇ ਵਾਲਾ ਕਲਪਿਆ ਸੀ।

ਮਾਲ ਗੱਡੀ ਜਗਰਾਵਾਂ ਵਾਲੇ ਪਾਸਿਓਂ ਫਿਰੋਜ਼ਪੁਰ ਵੱਲ ਨੂੰ ਜਾ ਰਹੀ ਸੀ। ਰਿਕਸ਼ਿਆਂ ਵਾਲੇ, ਸਾਇਕਲਾਂ ਵਾਲੇ ਤੇ ਪੈਦਲ ਲੋਕੀਂ ਨੀਵੇਂ ਜਿਹੇ ਹੋ ਕੇ ਲੱਗੇ ਫਾਟਕ ਤੇ ਏਧਰ ਓਧਰ ਲੰਘ ਰਹੇ ਸਨ। ਇਕ ਬਜ਼ੁਰਗ ਸਾਇਕਲ ਦਾ ਖੱਬਾ ਮੁੱਠਾ ਸੱਜੇ ਹੱਥ ਨਾਲ ਫੜੀ, ਫਾਟਕ ਖੁਲਣ ਦਾ ਇੰਤਜਾਰ ਕਰ ਰਿਹਾ ਸੀ।

ਬਲਜੀਤ ਰੇਹੜੇ ਤੋਂ ਉੱਤਰਕੇ ਫਾਟਕਾਂ ਕੋਲ ਪਹੁੰਚ ਗਿਆ ਸੀ। ਗੱਡੀ ਦਾ ਇੰਜਣ ਕੁਝ ਕੁ ਦੂਰੀ ਤੇ ਰਹਿ ਗਿਆ ਸੀ। ਫਾਟਕਾਂ ਨੇੜੇ ਪਹੁੰਚੀ ਗੱਡੀ ਨੇ ਡਰਾਉਣੀ ਜਿਹੀ ਅਵਾਜ਼ ਕੱਢੀ ਸੀ। ਬਲਜੀਤ ਫਾਟਕ ਦੇ ਡੰਡੇ ਹੇਠਾਂ ਦੀ ਹੋ ਕੇ ਰੇਲਵੇ ਟਰੈਕ ਤੇ ਜਾ ਖੜਾ ਹੋਇਆ ਸੀ। ਤੇਜ ਆਉਂਦੀ ਮਾਲ ਗੱਡੀ ਕੁੱਝ ਕੁ ਫਰਲਾਗਾਂ ਦੀ ਵਿੱਥ ਤੇ ਰਹਿ ਗਈ ਸੀ। ਇੰਤਜਾਰ ਕਰ ਰਹੇ ਲੋਕਾਂ ਨੇ ਸਮਝਿਆ ਕੋਈ ਖੁਦਕੁਸ਼ੀ ਕਰਨ ਲੱਗਿਆ। ਲੋਕਾਂ ਦੇ ਮੂੰਹਾਂ ਚੋ ਆਪ ਮੁਹਾਰੇ 'ਵਾਹਿਗੁਰੂ ਮਿਹਰ ਕਰੀਂ ' ਨਿਕਲਿਆ ਸੀ।

"ਓ ਕਾਕਾ ਨਾ ਕਮਲ ਮਾਰ।... ਨਹੀਂ ਮਿਲਦੀ ਏਹ ਜਿੰਦਗੀ ਵਾਰ ਵਾਰ।"
"ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ'' ਕਹਿ ਕੇ ਬਲਜੀਤ ਨੇ ਛਾਲ ਮਾਰੀ ਸੀ।
"ਸਤ ਸ੍ਰੀ ਅਕਾਲ।"  ਬਜ਼ੁਰਗ ਨੇ ਵੀ ਬਲਜੀਤ ਦੇ ਨਾਲ ਰਲਕੇ ਕਿਹਾ ਸੀ। ਬਜ਼ੁਰਗ ਸਮਝ ਗਿਆ ਸੀ ਕੇ ਏਹ ਕੋਈ ਹੋਰ ਈ ਮਕਸਦ ਵਾਲਾ ਨੌਜਵਾਨ ਆ, ਵਰਨਾ ਬੋਲੇ ਸੋ ਨਿਹਾਲ ਦਾ ਨਾਹਰਾ ਲਾਉਣ ਵਾਲਾ ਖੁਦਕੁਸ਼ੀ ਨਹੀਂ ਕਰ ਸਕਦਾ।

ਜਦੋਂ ਬਲਜੀਤ ਨੇ ਦੂਜੀ ਛਾਲ ਮਾਰ ਕੇ ਸੱਜਾ ਪੈਰ ਉਤਾਂਹ ਨੂੰ ਚੁੱਕਿਆ ਤਾਂ ਗੱਡੀ ਦੇ ਲੋਹੇ ਦਾ ਪਹੀਆ ਬਲਜੀਤ ਦੇ ਪੈਰ ਨਾਲ ਖਹਿੰਦਾਂ ਖਹਿੰਦਾਂ ਮਸਾਂ ਹੀ ਬਚਿਆ ਸੀ।
ਫਾਟਕ ਤੋਂ ਨੀਵਾਂ ਜਿਹਾ ਹੋ ਕੇ ਬਲਜੀਤ ਸੜਕ ਦੇ ਦੂਜੇ ਪਾਸੇ ਜਾ ਖੜਾ ਹੋਇਆ ਸੀ। 'ਭਾਰਤੀ ਪੈਟਰੋਲੀਅਮ' ਗੱਡੀ ਦੇ ਡੱਬਿਆਂ ਤੇ ਲਿਖਿਆ ਹੋਇਆ ਸੀ। ਇੰਜਣ ਦਾ ਚਿੱਟੇ ਰੰਗ ਦਾ ਧੂੰਆਂ ਹਵਾ ਦੇ ਰੁਖ ਨਾਲ ਬਲਜੀਤ ਦੇ ਸਿਰ ਉਤੋਂ ਦੀ ਫੈਲਰ ਗਿਆ ਸੀ, ਜਿਵੇਂ ਬਲਜੀਤ ਦੀ ਬਹਾਦਰੀ 'ਤੇ ਓਹਨੂੰ ਕਹਿ ਰਿਹਾ ਹੋਵੇ 'ਸ਼ਾਬਾਸ਼ ਗੱਭਰੂਆ।' ਕੂਕਾਂ ਮਾਰਦੀ ਰੇਲ ਗੱਡੀ ਫਿਰੋਜਪੁਰ ਨੂੰ ਤੇ ਬਲਜੀਤ ਕਾਲਜ ਵੱਲ ਨੂੰ ਆਪੋ ਆਪਣੇ ਮਕਸਦ ਲਈ ਭੱਜੇ ਜਾ ਰਹੇ ਸਨ। ਓਥੋਂ ਬਲਜੀਤ ਸਾਰਾ ਜੋਰ ਲਾ ਕੇ ਭੱਜਿਆ ਸੀ।

"ਲੈ ਵਈ ਸਿਮਰਿਆ... ਬਲਜੀਤ ਇਕ ਸਕਿੰਟ ਵੀ ਬਰਬਾਦ ਨੀ ਕਰਨਾ ਚਾਹੁੰਦਾ ਸੀ ਮੇਰੀ ਜਾਨ ਬਚਾਉਣ ਖਾਤਿਰ" ਭਲਵਾਨ ਨੇ ਸਿਮਰੇ ਨੂੰ ਕਿਹਾ।
ਭੱਜਿਆ ਆਉਂਦਾ ਬਲਜੀਤ ਗਾਂਧੀ ਰੋਡ ਤੋਂ ਰੇਲਵੇ ਰੋਡ ਨੂੰ ਖੱਬੇ ਨੂੰ ਮੁੜ ਗਿਆ ਸੀ। ਪਰਨਾ ਓਹਦਾ ਲਹਿ ਗਿਆ ਸੀ ਭੱਜੇ ਆਉਂਦੇ ਦਾ। ਜੂੜਾ ਖੁੱਲ ਕੇ ਵਾਲ ਪਿਛਲੇ ਪਾਸੇ ਨੂੰ ਖਿਲਰ ਗਏ ਸਨ। ਪਰ ਅਸ਼ਕੇ ਮਾਂ ਦੇ ਸ਼ੇਰ ਦੇ ਸਿਮਰਿਆ, ਰੁਕਿਆ ਨਹੀਂ ਸੀ, ਕੇਸ ਬੰਨਣ ਜਾ ਪਰਨਾ ਬੰਨਣ ਦੇ ਲਈ। ਪਰਨਾ ਭੱਜੇ ਆਉਂਦੇ ਨੇ ਲੱਕ ਨਾਲ ਲਪੇਟ ਲਿਆ ਸੀ। ਰੇਲਵੇ ਰੋਡ ਤੋਂ ਬਲਜੀਤ ਸੱਜੇ ਨੂੰ ਡੀ ਐਮ ਕਾਲਜ ਨੂੰ ਮੁੜਦੀ ਗਲੀ ਨਿਊ ਟਾਉਨ ਨੂੰ ਭੱਜਿਆ ਜਾ ਰਿਹਾ ਸੀ। ਖੁੱਲੇ ਕੇਸੀਂ ਤੇ ਲਹੂ ਨਾਲ ਲਿਬੜੇ ਕੱਪੜੇ...ਲੋਕ ਅਚੰਭੇ ਨਾਲ ਬਲਜੀਤ ਵੱਲ ਦੇਖ ਰਹੇ ਸਨ ਤੇ ਬਲਜੀਤ ਸਾਹੋ ਸਾਹ ਹੋਇਆ ਭਲਵਾਨ ਦੀ ਕੰਟੀਨ ਤੇ ਜਾ ਖੜਾ ਹੋਇਆ ਸੀ, ਜਿੱਥੇ ਚਾਰ ਪੰਜ ਜਾਣੇ ਬੈਠੇ ਚਾਹ ਪੀ ਰਹੇ ਸਨ। ਇੱਕ ਦੇ ਹੱਥ ਵਿੱਚ ਪਾਣੀ ਵਾਲਾ ਗਲਾਸ ਫੜਿਆ ਹੋਇਆ ਸੀ। ਪਾਣੀ ਵਾਲਾ ਗਲਾਸ ਖੋਹ ਕੇ ਬਲਜੀਤ ਨੇ ਮੂੰਹ ਨੂੰ ਲਾ ਲਿਆ ਸੀ। ਇੱਕੋ ਸਾਹ ਗਲਾਸ ਖਤਮ ਕਰ ਦਿੱਤਾ ਸੀ। 

"ਬਾਈ ਲੜਾਈ ਹੋ ਗਈ ਕਿਸੇ ਨਾਲ?"

ਇਕ ਬਾਹਰ ਖੜ੍ਹੇ ਸਕੂਟਰ ਦੀ ਡਿੱਗੀ ਚੋਂ ਦਾਹ ਕੱਢ ਲਿਆਇਆ ਸੀ।

"ਓਹ ਨਹੀਂ ਕੋਈ ਲੜਾਈ ਨੀ ਹੋਈ,ਆਪਣੇ ਭਲਵਾਨ ਦਾ ਐਕਸੀਡੈਂਟ ਹੋ ਗਿਆ।"
"ਆਪਣੇ ਭਲਵਾਨ ਤਾਏ ਦਾ?"
"ਆਹੋ ਤੁਸੀਂ ਇਉਂ ਕਰੋ....।"
"ਹੁਕਮ ਕਰ ਬਾਈ ।"
"ਖੂਨ ਦੀ ਹਸਪਤਾਲ ਚ ਇਕੋ ਈ ਬੋਤਲ ਆ ਹਸਪਤਾਲ ਚ, ਜਿਹੜੀ ਭਲਵਾਨ ਦੇ ਲੱਗੀ ਹੋਈ ਆ...ਨਰਸ ਕਹਿੰਦੀ ਸੀ ਕੇ ਏਹ ਵੀ ਤੀਹਾਂ ਪੈਤੀਆਂ ਮਿੰਟਾਂ ਚ ਖਤਮ ਹੋ ਜਾਣੀ ਆ...ਭੱਜ ਲਓ ਮੇਰੇ ਵੀਰ ਰਜਿੰਦਰ ਥਾਪਰ ਦੇ ਹਸਪਤਾਲ ਚ ਦਾਖਲ ਆ...।"
"ਓਹ ਜਿਹੜਾ ਗੀਤਾ ਸਿਨੇਮੇ ਦੇ ਨਾਲ ਆ ?.. ਥਾਪਰਾਂ ਦਾ ਹਸਪਤਾਲ?"
"ਹਾਂ ਓਹੀ।" ਬਲਜੀਤ ਨੇ ਕਿਹਾ।

ਓਹ ਚਾਰੇ ਜਾਣੇ ਛਾਲਾਂ ਮਾਰ ਕੇ ਅੜ ਕੇ ਜਿਹੇ ਚੇਤਕ ਸਕੂਟਰ ਤੇ ਬਹਿ ਗਏ ਸਨ। ਮੂਹਰਲੇ ਨੇ ਕਿੱਕ ਸਕੂਟਰ ਤੇ ਬਹਿ ਕੇ ਮਾਰੀ ਸੀ।

"ਓਹ ਗੱਲ ਸੁਣੋ?" ਬਲਜੀਤ ਨੇ ਓਹਨਾਂ ਨੂੰ ਕਿਹਾ।
"ਕੀ ਨਾ ਤੇਰਾ ਛੋਟਿਆ?"
"ਬਾਈ ਰਵੀ।"
"ਰਵੀ ਯਾਰ, ਚੈਂਬਰ ਰੋਡ ਥਾਣੀ ਨਾ ਜਾਇਓ, ਫਾਟਕ ਲੱਗੇ ਹੋਏ ਆ...ਏਥੋਂ ਪਰਤਾਪ ਰੋਡ, ਪਰਤਾਪ ਰੋਡ ਤੋਂ ਚੈਂਬਰ ਰੋਡ ਤੇ ਰੇਲਵੇ ਰੋਡ ਤੋਂ ਨੀਵੇਂ ਪੁਲ ਤੋਂ ਖੱਬੇ ਪਾਸੇ ਤੋਂ ਗੁਰੂ ਨਾਨਕ ਕਾਲਜ ਕੋਲ ਦੀ ਜਾਂਦੀ ਸੜਕ ਮੇਨ ਰੋਡ ਤੇ ਚੜ ਜਾਂਦੀ ਆ ਓਧਰ ਦੀ ਜਾਇਓ।"
"ਚਿੰਤਾਂ ਨਾ ਕਰ ਬਾਈ, ਸਾਰੀਆਂ ਸੜਕਾਂ ਦਾ ਪਤਾ ਮੈਨੂੰ।"
"ਮੈਂ ਕਲਾਸਾਂ ਚੋਂ ਕੱਢ ਕੇ ਲਿਆਉਨਾ ਹੋਰ ਮੁੰਡੇ ਕੁੜੀਆਂ ਨੂੰ।"
"ਲਿਆ ਬਾਈ ਮੰਡੀਰ ਨੂੰ ਕੱਢ ਕੇ ਕਲਾਸਾਂ ਚੋਂ। ਛੇਤੀ ਤੋਂ ਛੇਤੀ।" ਰਵੀ ਨੇ ਕਿਹਾ ਸੀ!।

ਰਵੀ ਨੇ ਸਕੂਟਰ ਦੀ ਫੁੱਲ ਰੇਸ ਕਰ ਕੇ ਪਹਿਲਾ ਗੇਅਰ ਪਾਇਆ ਸੀ। ਸਕੂਟਰ ਦਾ ਮੂਹਰਲਾ ਪਹੀਆ ਧਰਤੀ ਤੋਂ ਗਿੱਠ ਕੁ ਉਪਰ ਉਠ ਕੇ ਛਾਲ ਜਿਹੀ ਮਾਰ ਕੇ ਸਪੀਡ ਫੜ ਗਿਆ ਸੀ।

"ਜਾਹ ਤੂੰ ਅੰਮਾ ਨੂੰ ਖਬਰ ਕਰ।"

ਦੁਕਾਨ ਤੇ ਕੰਮ ਕਰਦੇ ਮੁੰਡੇ ਨੂੰ ਬਲਜੀਤ ਨੇ ਕਿਹਾ ਸੀ। ਮੁੰਡਾ ਦੁਕਾਨ ਖੁੱਲੀ ਛੱਡ ਕੇ ਨੰਗੇ ਪੈਰੀਂ ਭੱਜਿਆ ਸੀ। ਓਥੋਂ ਪਰਨਾ ਬੰਨ ਕੇ ਬਲਜੀਤ ਕਾਲਜ ਚ ਵੜ ਗਿਆ ਸੀ। ਅੰਦਰ ਵੜਦਿਆਂ ਈ ਚਾਰ ਜਾਣੇ ਖੜੇ ਗੱਲਾਂ ਮਾਰ ਰਹੇ ਸਨ। ਬੁਲਿਟ ਮੋਟਰਸਾਈਕਲ ਓਹਨਾਂ ਕੋਲ ਸੀ ਤੇ ਦੋ ਜਾਣੇ ਸੀਟ ਤੇ ਇਕ ਪਾਸੇ ਲੱਤਾਂ ਲਮਕਾ ਕੇ ਬੈਠੈ ਸਨ। ਦੋ ਜਣੇ ਥੱਲੇ ਖੜੇ ਸਨ। ਬਲਜੀਤ ਨੂੰ ਲਹੂ ਨਾਲ ਲਿਬੜੇ ਨੂੰ ਵੇਖ ਕੇ ਮੋਟਰਸਾਈਕਲ ਤੇ ਬੈਠੇ ਦੋਵੇਂ ਜਾਣੇ ਛਾਲ ਮਾਰ ਕੇ ਉਤਰੇ ਸਨ।

"ਕੀ ਹੋ ਗਿਆ ਬਾਈ ਬਲਜੀਤ?"

ਬਲਜੀਤ ਨੇ ਸਾਰਾ ਕੁਝ ਓਹਨਾਂ ਨੂੰ ਦੱਸ ਦਿੱਤਾ ਸੀ। ਓਹ ਚਾਰੇ ਜਾਣੇ ਵੀ ਮੋਟਰਸਾਈਕਲ ਤੇ ਬਹਿ ਕੇ ਕਾਲਜ ਦੇ ਗੇਟ ਤੋਂ ਬਾਹਰ ਨਿਕਲੇ ਸਨ। ਬਲਜੀਤ ਫੇਰ ਪ੍ਰਿੰਸੀਪਲ ਦੇ ਦਫਤਰ ਮੂਹਰੇ ਜਾ ਖੜਾ ਹੋਇਆ ਸੀ।

"ਪ੍ਰਿੰਸੀਪਲ ਸਾਹਿਬ ਨੂੰ ਮਿਲਣਾ।" ਬਲਜੀਤ ਨੇ ਦਫਤਰ ਮੂਹਰੇ ਬੈਠੇ ਚਪੜਾਸੀ ਨੂੰ ਕਿਹਾ।
"ਕੀ ਕੰਮ ਆ?" ਜਰਦਾ ਤਲੀ ਤੇ ਮਲ ਕੇ ਹਟੇ ਚਪੜਾਸੀ ਨੇ ਬਲਜੀਤ ਨੂੰ ਪੁੱਛਿਆ ਸੀ। ਜਰਦਾ ਖੱਬੇ ਹੱਥ ਤੇ ਰੱਖ ਕੇ ਸੱਜੇ ਹੱਥ ਨਾਲ ਓਹਨੇ ਗਿੱਧਾ ਪਾਉਣ ਵਾਲਿਆਂ ਵਾਂਗ ਤਾੜੀ ਮਾਰੀ ਸੀ।

"ਓ ਤੂੰ ਜਾਹ ਪ੍ਰਿੰਸੀਪਲ ਸਾਹਿਬ ਨੂੰ ਕਹਿ ਬਲਜੀਤ ਨੇ ਮਿਲਣਾ। ਐਵੇਂ ਵੀਹ ਪ੍ਰਸ਼ਨ ਪੁੱਛੀ ਜਾਨਾਂ।"

ਮਿੰਟ ਕੁ ਬਾਅਦ ਚਪੜਾਸੀ ਦਫਤਰ ਚੋਂ ਬਾਹਰ ਆਇਆ ਸੀ।

"ਜਾਹ ਚੱਲਿਆ ਜਾ ਅੰਦਰ।" ਥੱਲੇ ਵਾਲਾ ਬੁੱਲ ਚਪੜਾਸੀ ਨੇ ਖਿੱਚ ਕੇ ਜਰਦਾ ਮੂੰਹ ਚ ਪਾਉਂਦੇ ਨੇ ਬਲਜੀਤ ਨੂੰ ਕਿਹਾ। ਪ੍ਰਿੰਸੀਪਲ ਸੁਦਰਸ਼ਨ ਸ਼ਰਮਾ ਵੜਾ ਵਧੀਆ ਇਨਸਾਨ ਸੀ। ਸਾਰੀ ਉਮਰ ਡੀ ਐਮ ਕਾਲਜ ਕੈਮਿਸਟਰੀ ਦਾ ਪ੍ਰੋਫੈਸਰ ਰਿਹਾ ਸੀ। ਓਹਦੀਆ ਸੇਵਾਵਾਂ ਵੇਖ ਕੇ ਕਾਲਜ ਪ੍ਰਬੰਧਕ ਕਮੇਟੀ ਨੇ ਏਹਨਾਂ ਨੂੰ ਪ੍ਰਿੰਸੀਪਲ ਲਗਾ ਦਿੱਤਾ ਸੀ। ਬਲਜੀਤ ਨੇ ਸਾਰੀ ਕਹਾਣੀ ਪ੍ਰਿੰਸੀਪਲ ਨੂੰ ਸੁਣਾ ਦਿੱਤੀ ਸੀ। ਕਾਹਲੇ ਕਦਮੀਂ ਬਲਜੀਤ ਤੇ ਪ੍ਰਿੰਸੀਪਲ ਕਲਾਸਾਂ ਵੱਲ ਨੂੰ ਵਧ ਰਹੇ ਸਨ।  ਦਫਤਰ ਦੇ ਨਾਲ ਦੇ ਪਹਿਲੇ ਕਮਰੇ ਚ ਪ੍ਰੋਫੈਸਰ ਸਰੋਜ ਸੂਦ ਅੰਗਰੇਜ਼ੀ ਦਾ ਪੀਰੀਅਡ ਲਾਈ ਬੈਠੇ ਸਨ। ਪ੍ਰਿੰਸੀਪਲ ਨੂੰ ਕਲਾਸ ਚ ਦਾਖਲ ਹੁੰਦਿਆਂ ਵੇਖ ਕੇ ਸਾਰੇ ਵਿਦਿਆਰਥੀ ਸਤਿਕਾਰ ਵਜੋਂ ਡੈਸਕਾਂ ਤੇ ਖੜੇ ਹੋ ਗਏ ਸਨ।

"ਮਾਫ ਕਰਨਾ ਮੈਂ ਚਲਦੀ ਕਲਾਸ ਨੂੰ ਡਿਸਟਰਬ ਕੀਤਾ।"

"ਬੱਚਿਓ ਆਪਣੇ ਭਲਵਾਨ ਕੰਟੀਨ ਵਾਲੇ ਦਾ ਐਕਸੀਡੈਂਟ ਹੋ ਗਿਆ ..ਖੂਨ ਚਾਹੀਦਾ ਜਾਓ ਭੱਜ ਕੇ ...ਵਜਿੰਦਰ ਦੇ ਹਸਪਤਾਲ ਚ ਦਾਖਲ ਆ। ਤੇ ਨਾਲੇ ਪੈਸੇ ਚਾਹੀਦੇ ਆ ਓਹਦੇ ਇਲਾਜ ਵਾਸਤੇ। ਪੈਸੇ ਕਿਵੇਂ 'ਕੱਠੇ ਕਰਨੇ ਆ ਓਹ ਥੋਨੂੰ ਬਲਜੀਤ ਦੱਸਦੂਗਾ। ਖੂਨ ਤੇ ਪੈਸਿਆਂ ਵੱਲੋਂ ਨਾ ਮਰੇ ਥੋਡਾ ਭਲਵਾਨ ,ਤਾਇਆ।" ਪ੍ਰਿੰਸੀਪਲ ਨੇ ਸਾਰੀਆਂ ਕਲਾਸਾਂ ਦਾ ਕਾਫਲਾ ਥਾਪਰਾਂ ਦੇ ਹਸਪਤਾਲ ਨੂੰ ਤੋਰ ਦਿੱਤਾ ਸੀ।

ਇੱਕੋ ਦਮ ਹੀ ਡੀ ਐਮ ਕਾਲਜ ਦੇ ਗੇਟ ਤੋਂ ਮੁੰਡੇ ਕੁੜੀਆਂ ਥਾਪਰਾਂ ਦੇ ਹਸਪਤਾਲ ਨੂੰ ਭੱਜੇ ਜਾ ਰਹੇ ਸਨ।
     
ਬਲਰਾਜ ਬਰਾੜ ਚੋਟੀਆਂ ਠੋਬਾ
1.416.455.8484


 

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com