ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ
ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ

ਉਹ ਧਰਮ ਨੂੰ ਵਿਗਿਆਨ ਤੋਂ ਉੱਪਰ ਵਿਖਾਉਣ ਦਾ ਯਤਨ ਕਰਦਾ ਹੈ। ਅਸਲ ਵਿੱਚ ਇਹ ਅਸਲੀਅਤ ਨਹੀਂ। ਕੀ ਧਰਮ ਤੇ ਵਿਗਿਆਨ ਦਾ ਰਾਸਤਾ ਇਕੋ ਹੀ ਹੈ? ਸਮੁੱਚੇ ਬ੍ਰਹਿਮੰਡ ਵਿਚ ਅਰਬਾਂ ਰਹੱਸ ਹਨ। ਇੱਥੇ ਹਰ ਜਗ੍ਹਾ ਰਹੱਸਾਂ ਨਾਲ ਭਰਿਆ ਪਿਆ ਹੈ। ਵਿਗਿਆਨ ਇਨ੍ਹਾਂ ਰਹੱਸਾਂ ਤੋਂ ਪਰਦਾ ਉਠਾਉਣ ਦਾ ਯਤਨ ਕਰ ਰਿਹਾ ਹੈ ਅਤੇ ਬਹੁਤ ਸਾਰੇ ਰਹੱਸਾਂ ਤੋਂ ਪਰਦੇ ਲਾਹ ਵੀ ਦਿੱਤੇ ਗਏ ਹਨ। ਰਹਿੰਦਿਆਂ ਦੇ ਆਉਣ ਵਾਲੀਆਂ ਕੁਝ ਸਦੀਆਂ ਵਿਚ ਲਹਿ ਜਾਣੇ ਹਨ। ਇਹ ਤਾਂ ਵਿਗਿਆਨ ਦਾ ਰਾਸਤਾ ਹੈ।

ਪਰ ਧਰਮ ਦਾ ਰਸਤਾ ਲੋਕਾਂ ਦੇ ਸਿਰਾਂ ਤੇ ਠੀਕਰੇ ਮੂਧੇ ਮਾਰਨਾ ਹੈ। ਉਹ ਕਿਸੇ ਕਿਸਮ ਦੇ ਰਹੱਸ ਤੋਂ ਪਰਦੇ ਲਾਉਣ ਦੇ ਵਿਰੋਧੀ ਹਨ। ਬਹੁਤ ਸਾਰੇ ਧਰਮਾਂ ਵਿੱਚ ਤਾਂ ਤਰਕਸ਼ੀਲਾਂ ਦੇ ਲਿਟਰੇਚਰ ਨੂੰ ਪੜ੍ਹਨ ਤੇ ਹੀ ਪਾਬੰਦੀ ਲਾਈ ਹੋਈ ਹੈ। ਸਲਮਾਨ ਰਸਦੀ ਅਤੇ ਤਸਲੀਮਾ ਵਰਗੇ ਤਰਕਸ਼ੀਲ ਲੇਖਕਾਂ ਦੀਆਂ ਕਿਤਾਬਾਂ ਉੱਤੇ ਪਾਬੰਦੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਚਾਰਲਸ ਡਾਰਵਿਨ ਦੀ ਕਿਤਾਬ ‘ਜੀਵਾਂ ਦੀ ਉਤਪਤੀ’ ਲਗਭਗ ਅੱਸੀ ਵਰ੍ਹੇ ਇਸਾਈਆਂ ਵਲੋਂ ਪਾਬੰਦੀ ਦਾ ਸ਼ਿਕਾਰ ਰਹੀ ਹੈ।

ਪੰਜਾਬ ਦੀ ਅਕਾਲੀ ਬੀ. ਜੇ. ਪੀ. ਸਰਕਾਰ ਨੇ ਤਰਕਸ਼ੀਲ ਕਿਤਾਬਾਂ ਤੇ ਪਾਬੰਦੀ ਲਾਉਣ ਦਾ ਅਸਫਲ ਯਤਨ ਕੀਤਾ ਹੈ। ਵਿਗਿਆਨਕ ਖੋਜਾਂ ਕਰਨ ਵਾਲੇ ਵੀ ਧਾਰਮਿਕ ਆਗੂਆਂ ਦੇ ਤਸੀਹਿਆਂ ਦਾ ਸ਼ਿਕਾਰ ਹੁੰਦੇ ਰਹੇ ਹਨ। ਸਰੀਰ ਦੀ ਚੀਰ-ਫਾੜ ਵਿਗਿਆਨ ਦੇ ਮੋਢੀ ਵਾਸਲੀਅਸ ਨੂੰ ਆਪਣੀ ਮਾਂ ਦੇ ਮ੍ਰਿਤਕ ਸਰੀਰ ਦੀ ਚੀਰ-ਫਾੜ ਕਾਰਨ ਉਸਨੂੰ ਸਜਾ ਦੇ ਤੌਰ ਤੇ ਧਾਰਮਿਕ ਯਾਤਰਾ ਤੇ ਭੇਜ ਦਿੱਤਾ ਗਿਆ। ਜਿਸ ਕਾਰਨ ਉਸੇ ਯਾਤਰਾ ਦੌਰਾਨ ਉਸ ਦੀ ਮੌਤ ਹੋ ਗਈ। ਵਿਲੀਅਮ ਹਾਰਵੇ ਦਾ ਹਸ਼ਰ ਵੀ ਕਿਸੇ ਤੋਂ ਭੁੱਲਿਆ ਨਹੀਂ। ਕਦੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਭੇਂਟ ਕੀਤਾ ਜਾਂਦਾ ਹੈ। ਕਦੇ ਗਲੈਲੀਉ ਨੂੰ ਮੌਤ ਦੀ ਸਜਾ ਸੁਣਾਈ ਜਾਂਦੀ ਹੈ। ਇਹ ਕੋਈ ਇਕੱਲੀ ਜਾਂ ਦੋ ਘਟਨਾਵਾਂ ਦਾ ਸਿਲਸਿਲਾ ਨਹੀਂ। ਸਗੋਂ ਦੁਨੀਆਂ ਦਾ ਇਤਿਹਾਸ ਅਜਿਹੇ ਧਾਰਮਿਕ ਜ਼ੁਲਮਾਂ ਤੇ ਜਲੂਸਾਂ ਤੇ ਬੰਦਸਾਂ ਨਾਲ ਭਰਿਆ ਪਿਆ ਹੈ। ਜਿੰਨੀਆਂ ਲੜਾਈਆਂ ਧਰਮ ਦੇ ਨਾਂ ਤੇ ਲੜੀਆਂ ਗਈਆਂ ਤੇ ਮਾਰੇ ਗਏ ਵਿਅਕਤੀਆਂ ਦਾ ਜ਼ਿਕਰ ਅਜਿਹੇ ਲੇਖਕ ਕਦੇ ਨਹੀਂ ਕਰਦੇ ਅਤੇ ਨਾ ਹੀ ਕਰਨਗੇ। ਸੋ ਧਰਮ ਦਾ ਮੁਖ ਉਦੇਸ਼ ਮਨੁੱਖੀ ਤਰੱਕੀ ਦੇ ਰਾਹ ਵਿਚ ਰੋੜਾ ਬਣਨਾ ਹੈ ਅਤੇ ਵਿਗਿਆਨ ਦਾ ਰਾਸਤਾ ਸਮੁੱਚੀ ਮਨੁੱਖ ਜਾਤੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਅੱਜ ਜੋ ਸੁਖ ਸਹੂਲਤਾਂ ਮਨੁੱਖ ਜਾਤੀ ਮਾਨ ਰਹੀ ਹੈ ਉਹ ਇੱਕ ਸਦੀ ਪਹਿਲਾਂ ਮਹਾਰਾਜਾ ਪਟਿਆਲਾ ਦੇ ਬਜੁਰਗਾਂ ਕੋਲ ਵੀ ਨਹੀਂ ਸਨ। ਅੱਜ ਜੇ ਸਾਡੇ ਦੇਸ਼ ਦੇ ਬਹੁ ਸੰਮਤੀ ਲੋਕ ਗਰੀਬੀ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਤਾਂ ਉਨ੍ਹਾਂ ਦੇ ਪਛੜੇਪਣ ਦਾ ਕਾਰਨ ਵੀ ਜਦੋਂ ਫਰੋਲੇ ਜਾਣਗੇ ਤਾਂ ਧਰਮ ਦਾ ਰੋੜਾ ਹੀ ਇਨ੍ਹਾਂ ਪਿੱਛੇ ਇੱਕ ਕਾਰਨ ਹੋਵੇਗਾ।

ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਾਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ?

ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜਾਂ ਬੋਧੀਆਂ ਦੀ ਧਰਤੀ ਤੇ ਹੋਈਆਂ ਸਨ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿਚ ਨਹੀਂ ਹੈ। ਧਰਮ ਤਾਂ ਭੂਤਾਂ ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ ਪੁਨਰ ਜਨਮ ਵਰਗੇ ਸਵਰਗਾਂ, ਨਰਕਾਂ, ਜਮਦੂਤਾਂ, ਜੂਨੀਆਂ, ਆਵਾਗਮਨ ਆਦਿ ਦੀਆਂ ਗੱਲਾਂ ਕਰਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਇਸ ਲਈ ਨਾ ਤਾਂ ਵਿਗਿਆਨ ਦਾ ਕੋਈ ਰਾਸਤਾ ਧਰਮ ਤੋਂ ਨਿਕਲਦਾ ਹੈ ਤੇ ਨਾ ਹੀ ਧਰਮ ਤੋਂ ਸ਼ੁਰੂ ਹੁੰਦਾ ਹੈ। ਧਰਮ ਤਾਂ ਮਨੁੱਖ ਜਾਤੀ ਨੂੰ ਡੂੰਘੀਆਂ ਖੱਡਾਂ ਵਿਚ ਲਿਜਾਣ ਦਾ ਯਤਨ ਕਰਦਾ ਹੈ ਜਦ ਕਿ ਵਿਗਿਆਨਕ ਰਾਕਟਾਂ ਰਾਹੀ ਚੰਦਰਮਾ ਤਾਰਿਆਂ ਤੇ ਲੈ ਜਾਣ ਲਈ ਯਤਨਸ਼ੀਲ ਹੈ। ਮੈਂ ਇੱਕ ਤਰਕਸ਼ੀਲ ਹਾਂ ਜਿਸਨੇ ਲਗਭੱਗ ਸਾਰੀ ਜ਼ਿੰਦਗੀ ਕਿਸੇ ਧਰਮ ਤੋਂ ਬਗੈਰ ਪੂਰੀ ਵਧੀਆ ਢੰਗ ਨਾਲ ਲੰਘਾਈ ਹੈ। ਕੀ ਕੋਈ ਧਾਰਮਿਕ ਵਿਅਕਤੀ ਜਾਂ ਗੁਣਹੀਣ ਇਹ ਦਾਅਵਾ ਕਰ ਸਕਦਾ ਹੈ ਕਿ ਆਪਣੀ ਜ਼ਿੰਦਗੀ ਵਿਚ ਕਿਸੇ ਵੀ ਵਿਗਿਆਨਕ ਢੰਗ ਨਾਲ ਬਣੀ ਚੀਜ਼ ਦਾ ਇਸਤੇਮਾਲ ਨਹੀਂ ਕਰੇਗਾ। ਸੋ ਵਿਗਿਆਨ ਧਰਤੀ ਤੇ ਮੌਜੂਦ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਅੰਗ ਹੈ। ਪਰ ਦੁਨੀਆਂ ਦੀ ਅੱਧੀ ਆਬਾਦੀ ਧਰਮ ਤੋਂ ਬਗੈਰ ਜ਼ਿੰਦਗੀ ਜਿਉਂ ਰਹੀ ਹੈ। ਇਹ ਕਹਿਣਾ ਕਿ ਵਿਗਿਆਨ ਜਿਥੋਂ ਸ਼ੁਰੂ ਹੁੰਦਾ ਹੈ ਉਥੋਂ ਅਧਿਆਤਮ ਸ਼ੁਰੂ ਹੁੰਦਾ ਹੈ ਵੀ ਗਲਤ ਹੈ ਕਿਉਂਕਿ ਵਿਗਿਆਨ ਚੇਤਨਸ਼ੀਲ ਮਨਾਂ ਵਿਚ ਸਦਾ ਸੀ, ਸਦਾ ਹੈ, ਸਦਾ ਰਹੂਗਾ ਇਸਦਾ ਮਤਲਬ ਇਹ ਹੋਇਆ ਕਿ ਅਧਿਆਤਮ ਕਦੇ ਨਹੀਂ ਸੀ, ਨਾ ਹੈ, ਨਾ ਇਹ ਹੋਵੇਗਾ। ਅਸਲ ਵਿਚ ਦੁਨੀਆਂ ਤੇ ਮੌਜੂਦ ਪੂਰੀ ਖਲਕਤ ਦੋ ਭਾਗਾਂ ਵਿਚ ਵੰਡੀ ਹੋਈ ਹੈ, ਇਕ ਨੂੰ ਯਕੀਨ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਕਾਰਜ ਸ਼ਕਤੀ ਪ੍ਰਾਕ੍ਰਿਤਕ ਨਿਯਮ ਹਨ। ਦੂਜੀ ਨੂੰ ਯਕੀਨ ਹੈ ਕਿ ਅਦਿੱਖ ਸ਼ਕਤੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਜਿਸਨੂੰ ਪਾਠ ਪੂਜਾ ਰਾਹੀਂ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿਸਦਾ ਉਪਰੋਕਤ ਢੰਗ ਨਾਲ ਥਾਹ ਪਾਇਆ ਜਾ ਸਕਦਾ ਹੈ।

ਕੀ ਖੋਜਾਂ ਧਾਰਮਿਕ ਗ੍ਰੰਥਾਂ ਵਿਚ ਪਹਿਲਾ ਹੀ ਦਰਜ ਹੁੰਦੀਆਂ ਹਨ?

ਹਰ ਧਰਮ ਦਾ ਇੱਕ ਸਾਂਝਾ ਗੁਣ ਹੁੰਦਾ ਹੈ। ਉਹ ਦਾਅਵੇ ਕਰਦੇ ਹਨ ਕਿ ਦੁਨੀਆਂ ਦੀ ਹਰ ਖੋਜ ਉਨ੍ਹਾਂ ਦੇ ਧਾਰਮਿਕ ਗ੍ਰੰਥ ਵਿਚ ਪਹਿਲਾਂ ਹੀ ਦਰਜ ਹੈ। ਜੇ ਇਹ ਹੁੰਦਾ ਤਾਂ ਦੁਨੀਆਂ ਦੇ ਵੱਡੇ ਵੱਡੇ ਧਾਰਮਿਕ ਪੁਜਾਰੀਆਂ ਨੇ ਹੀ ਇਹ ਖੋਜਾਂ ਕੀਤੀਆਂ ਹੁੰਦੀਆਂ। ਧਰਮਾਂ ਦੇ ਗ੍ਰੰਥ ਪੰਜ ਹਜ਼ਾਰ ਸਾਲ ਪਹਿਲਾਂ ਤੋਂ ਇਥੇ ਮੌਜੂਦ ਹਨ। ਕਰੋੜਾਂ ਲੋਕ ਹਰ ਸਾਲ ਪਲੇਗ ਤੇ ਟੀ. ਬੀ. ਵਰਗੀਆਂ ਬਿਮਾਰੀਆਂ ਨਾਲ ਮਰਦੇ ਰਹੇ। ਕੀ ਸਾਡੇ ਧਾਰਮਿਕ ਆਗੂਆਂ ਨੇ ਉਨ੍ਹਾਂ ਗ੍ਰੰਥਾਂ ਵਿਚੋਂ ਦਵਾਈਆਂ ਲੱਭ ਕੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਕੋਈ ਯਤਨ ਕੀਤੇ? 1935 ਵਿਚ ਭਾਰਤੀਆਂ ਦੀ ਔਸਤ ਉਮਰ 35 ਵਰ੍ਹੈ ਹੀ ਸੀ, ਜੇ ਅੱਜ ਇਹ 68 ਵਰ੍ਹਿਆਂ ਨੂੰ ਪੁੱਜ ਗਈ ਹੈ ਇਹ ਵਿਗਿਆਨਕ ਖੋਜਾਂ ਨਾਲ ਸੰਭਵ ਹੋਇਆ ਹੈ ਨਾ ਕਿ ਧਾਰਮਿਕ ਬੰਦਸਾਂ ਜਾਂ ਰਹੁ ਰੀਤਾਂ ਨਾਲ?

ਕੀ ਮਨੁੱਖ ਨੂੰ ਮਰਨ ਕਿਨਾਰੇ ਪੁੱਜ ਕੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ?

ਮਨੁੱਖੀ ਮਨ ਹਮੇਸ਼ਾ ਹੀ ਕਲਪਨਾਸ਼ੀਲ ਰਹਿੰਦਾ ਹੈ। ਕੱਚੀ ਨੀਂਦ ਵਿਚ ਕੀਤੀਆਂ ਕਲਪਨਾਵਾਂ ਸੁਪਨੇ ਬਣ ਜਾਂਦੀਆਂ ਹਨ। ਮਰਨ ਕਿਨਾਰੇ ਜਦੋਂ ਪੁੱਜ ਜਾਂਦਾ ਹੈ ਤਾਂ ਉਸਨੂੰ ਕੁਝ ਧੁੰਦਲੀਆਂ ਕਲਪਨਾਵਾਂ ਨਜ਼ਰ ਆਉਣੀਆਂ ਸ਼ੁਰੂ ਹੋ ਸਕਦੀਆਂ ਹਨ ਪਰ ਇਹ ਹਕੀਕਤਾਂ ਨਹੀਂ ਹੁੰਦੀਆਂ ਧਾਰਮਿਕ ਵਿਅਕਤੀ ਇਸਨੂੰ ਪ੍ਰਮਾਤਮਾ ਦੇ ਦਰਸ਼ਨ ਸਮਝ ਲੈਂਦੇ ਹਨ। ਨਾਸਤਿਕਾਂ ਤੇ ਤਰਕਸ਼ੀਲਾਂ ਲਈ ਇਹ ਦ੍ਰਿਸ਼ਟੀ ਭਰਮ ਹੁੰਦੇ ਹਨ। ਅਜਿਹਾ ਸਭ ਕੁਝ ਨਸ਼ੇ ਦੀ ਹਾਲਤ ਵਿਚ ਵੀ ਹੋ ਜਾਂਦਾ ਹੈ। ਸੁੱਖੇ ਵਾਲੇ ਪਕੌੜੇ ਖਾਹ ਕੇ ਕਿਸੇ ਵਿਅਕਤੀ ਨੂੰ ਆਪਣਾ ਸਰੀਰ ਹਵਾ ਵਿਚ ਉੱਡਦਾ ਨਜ਼ਰ ਆ ਸਕਦਾ ਹੈ ਪਰ ਕੀ ਤੁਸੀਂ ਕਿਸੇ ਨਸ਼ਈ ਵਿਅਕਤੀ ਨੂੰ ਉਡਾਰੀ ਮਾਰਦੇ ਵੇਖਿਆ ਹੈ।

ਘਟਨਾਵਾਂ ਸਿਰਫ਼ ਨੰਗੀ ਅੱਖ ਨਾਲ ਹੀ ਵੇਖੀਆਂ ਜਾ ਸਕਦੀਆਂ ਹਨ?

ਧਰਤੀ ਤੇ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਮਾਪਣ ਲਈ ਜਾਂ ਵੇਖਣ ਲਈ ਯੰਤਰਾਂ ਦੀ ਲੋੜ ਪੈਂਦੀ ਹੈ। ਕੋਈ ਮਾਈਕਰੋਸਕੋਪ  ਨਾਲ ਵੇਖੀ ਜਾ ਸਕਦੀ ਹੈ ਕੋਈ ਇਲੈਕਟਰੋਨਿਕ ਮਾਈਕਰੋਸਕੋਪ  ਨਾਲ ਵੇਖੀ ਜਾ ਸਕਦੀ ਹੈ ਕਿਸੇ ਨੂੰ ਵੇਖਣ ਲਈ ਟੈਲੀਸਕੋਪ  ਦੀ ਵਰਤੋਂ ਜਾਂਦੀ ਹੈ। ਕਿਸੇ ਨੂੰ ਤਾਪਮਾਨ ਦੀ ਘਾਟ ਵਾਧ ਨਾਲ ਕਿਸੇ ਨੂੰ ਕਿਰਨਾਂ ਰਾਹੀ ਵੇਖਿਆ ਜਾ ਸਕਦਾ ਹੈ। ਕੁਝ ਨੂੰ ਵੇਖਣ ਲਈ ਅਜੇ ਤੱਕ ਯੰਤਰ ਵੀ ਨਾ ਬਣੇ ਹੋਣ। ਇਸ ਤਰ੍ਹਾਂ ਇਨ੍ਹਾਂ ਵੱਖ ਵੱਖ ਢੰਗਾਂ ਰਾਹੀ ਚੀਜ਼ਾਂ ਵੇਖੀਆਂ ਜਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਪਰ ਜਿਸ ਢੰਗ ਨਾਲ ਪ੍ਰਮਾਤਮਾ ਨੂੰ ਮਹਿਸੂਸ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਗਲਤ ਹੈ। ਮੈਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ 40-40 ਜਾਂ 50-50 ਸਾਲ ਭਗਤੀ ਕਰਨ ਵਾਲੇ ਮਨੁੱਖਾਂ ਨੂੰ ਮਿਲਿਆ ਹਾਂ ਸਭ ਦਾ ਇਕਬਾਲ ਕਿ ਅਜੇ ਤੱਕ ਪ੍ਰਮਾਤਮਾ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ। ਜੇ ਕਿਸੇ ਨੂੰ ਇਹ ਹੋ ਵੀ ਜਾਣ ਤਾਂ ਵੀ ਇਹ ਹਕੀਕਤ ਨਹੀਂ ਹੋਵੇਗੀ ਕਿਉਂਕਿ ਸਭ ਦਾ ਉਸ ਬਾਰੇ ਵਰਨਣ ਵੱਖ ਵੱਖ ਹੋਵੇਗਾ ਪਰ ਜੇ ਉਹ ਸੱਚੀ ਮੁੱਚੀ ਹੋਵੇਗਾ ਤਾਂ ਉਸਦਾ ਅਕਾਰ ਰੰਗ ਰੂਪ ਸਭ ਧਰਮਾਂ ਵਾਲਿਆਂ ਨੂੰ ਇਕੋ ਜਿਹਾ ਹੀ ਨਜ਼ਰ ਆਵੇਗਾ ਵੱਖ ਵੱਖ ਨਹੀਂ। ਕੀ ਧਰਮ ਨੇ ਮਨੁੱਖੀ ਜੀਵਨ ਨੂੰ ਅਨੁਸ਼ਾਸਨਬੱਧ ਕੀਤਾ ਹੈ।

ਅੱਜ ਦੁਨੀਆਂ ਦੇ ਸਭ ਤੋਂ ਵੱਧ ਧਰਮ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਸਾਡੇ ਦੇਸ਼ ਵਿਚ ਹਨ। ਫਿਰ ਤਾਂ ਸਭ ਤੋਂ ਵੱਧ ਅਨੁਸ਼ਾਸਣ ਸਾਡੇ ਦੇਸ਼ ਵਿਚ ਹੀ ਹੋਣਾ ਚਾਹੀਦਾ ਸੀ ਪਰ ਹਕੀਕਤ ਇਸ ਤੋਂ ਉਲਟ ਹੈ ਅੱਜ ਸਾਡੇ ਦੇਸ਼ ਵਿਚ ਸਭ ਤੋਂ ਵੱਧ ਰਿਸ਼ਵਤਖੋਰੀ, ਚੋਰੀ, ਡਾਕੇ, ਬਿਮਾਰੀਆਂ, ਦੁਰਘਟਨਾਵਾਂ, ਕੀ ਧਰਮ ਦੇ ਅਨੁਸ਼ਾਸਣ ਕਰਕੇ ਹੀ ਹਨ? ਅੱਜ ਇਹ ਗੱਲ ਸਥਾਪਤ ਹੋ ਚੁੱਕੀ ਹੈ ਕਿ ਜਿਹੜੇ ਦੇਸ਼ਾਂ ਵਿਚ ਜ਼ਿਆਦਾ ਲੋਕ ਤਰਕਸ਼ੀਲ ਜਾਂ ਨਾਸਤਿਕ ਹਨ ਉਹ ਜ਼ਿਆਦਾ ਸ਼ਾਂਤ ਹਨ।

ਮੇਘ ਰਾਜ ਮਿੱਤਰ
ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ

ਫੋਨ ਨੰ : 098887-87440
 


ਤਰਕਸ਼ੀਲੀ ਦੀ ਲਿਖਤ ਦਾ ਜਵਾਬ
"ਕੀ ਧਰਮ ਵਿਗਿਆਨ ਤੋਂ ਉਪਰ ਹੈ ?"
ਸਤਨਾਮ ਸਿੰਘ ਬੱਬਰ ਜਰਮਨੀ (02/01/2011)


ਮੈਂ ਇੱਕ ਲੇਖ www.5abi.com ਤੇ ਸ੍ਰੀ ਮੇਘ ਰਾਜ ਮਿੱਤਰ ਸਰਪ੍ਰਸਤ 'ਤਰਕਸ਼ੀਲ ਸੁਸਾਇਟੀ ਭਾਰਤ' ਵਲੋਂ ਲਿਖਿਆ ਕਿ 'ਕੀ ਧਰਮ ਵਿਗਿਆਨ ਤੋਂ ਉਪਰ ਹੈ ?' ਪੜ੍ਹ ਰਿਹਾ ਸਾਂ । ਉਨ੍ਹਾਂ ਦੀ ਲਿਖਤ ਪੜ੍ਹਣ ਤੋਂ ਮੈਨੂੰ ਕੁੱਝ ਓਪਰਾ - ਓਪਰਾ ਜ਼ਰੂਰ ਲੱਗ ਰਿਹਾ ਹੈ, ਉਹ ਇਸ ਲਈ ਕਿ ਇੱਕ ਤਰਕਸ਼ੀਲ ਆਦਮੀ ਦੀ ਤਰਕ, ਦਲੀਲ, ਉਦਾਹਰਣ ਵਿੱਚ ਅਗਰ ਕੋਈ ਦਲੀਲ ਢੁੱਕਦੀ ਨਜ਼ਰ ਨਹੀਂ ਆਉਂਦੀ ਤਾਂ ਸ਼ੱਕ ਜ਼ਰੂਰ ਪੈਂਦਾ ਹੈ ਕਿ ਇੱਕ ਤਰਕਸ਼ੀਲ ਵਿੱਚ ਅਤੇ ਨਾਸਤਿਕ ਵਿੱਚ ਜ਼ਿਮੀ - ਅਸਮਾਨ ਦਾ ਫਰਕ ਜ਼ਰੂਰ ਹੁੰਦਾ ਹੈ । ਲਿਖਤ ਵਿੱਚ ਉਨ੍ਹਾਂ ਨੂੰ ਧਰਮ ਨਾਲ ਕੁੱਝ ਜ਼ਿਆਦਾ ਹੀ ਖਿੱਝ ਜਾਂ ਨਰਾਜ਼ਗੀ ਦੀ ਝਲਕ ਪੈਂਦੀ ਹੈ।

ਸ੍ਰੀ ਮੇਘ ਰਾਜ ਮਿੱਤਰ ਦੀ ਸੋਚ ਹੈ ਕਿ 'ਧਰਮ ਦਾ ਰਸਤਾ ਲੋਕਾਂ ਦੇ ਸਿਰਾਂ ਤੇ ਠੀਕਰੇ ਮੂਧੇ ਮਾਰਨਾ ਹੈ। ਉਹ ਕਿਸੇ ਕਿਸਮ ਦੇ ਰਹੱਸ ਤੋਂ ਪਰਦੇ ਲਾਉਣ ਦੇ ਵਿਰੋਧੀ ਹਨ ।'

ਮੈਂ ਕਿਸੇ ਹੋਰ ਧਰਮ ਦੀ ਗੱਲ ਨਹੀਂ ਕਰਾਂਗਾ ਪਰ ਜਿਸ ਧਰਮ ਨਾਲ ਮੈਂ ਸਬੰਧਤ ਹਾਂ, ਉਹ ਹੈ ਸਿੱਖ ਧਰਮ। ਉਸ ਵਿੱਚ ਜਿਹੜੀ ਖੋਜ਼ਾਂ ਦੀ ਗੱਲ ਅਤੇ ਗਿਆਨ ਦੀਆਂ ਤਰਕਾਂ ਦੀ ਗੱਲ ਦਾ ਜੋ ਗਿਆਨ ਧਰਮ ਬਾਰੇ ਪੜ੍ਹਕੇ ਹਾਸਿਲ ਹੋਇਆ ਹੈ, ਉਸਦੀਆਂ ਵਿਚਾਰਾਂ ਮੈਂ ਦਲੀਲ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ। ਕਿਉਂਕਿ ਸਿੱਖ ਧਰਮ ਇੱਕ ਦਲੀਲ, ਤਰਕ, ਸੋਚ, ਹੌਸਲੇ, ਦਲੇਰੀ, ਬਹਾਦਰੀ, ਸਿਆਣਪ, ਸਾਦਗੀ ਦੀ ਇੱਕ ਜੀਵਨ ਜਾਂਚ ਸਿਖਾਉਂਦਾ ਹੈ ਤੇ ਇਨ੍ਹਾਂ ਵਿਸ਼ਾਲ ਗੁਣਾਂ ਕਰਕੇ ਹੀ ਸਿੱਖ ਧਰਮ ਇੱਕ ਮਨੁੱਖਤਾ ਦਾ ਧਰਮ ਹੈ। ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦੀ ਨੀਤੀਆਂ ਦਾ ਸਿਰਫ ਵਿਰੋਧ ਹੀ ਨਹੀਂ ਕੀਤਾ ਸਗੋਂ ਰੂੜੀਵਾਦੀ ਵਹਿਮਾਂ, ਭਰਮਾਂ, ਪਾਖੰਡਾਂ ਦਾ ਪਾਜ ਉਖੇੜਿਆ ਜਿਵੇਂ ਇਨਸਾਨੀਅਤ ਨੂੰ ਜਾਤਾਂ - ਪਾਤਾਂ ਵਿੱਚ ਵੰਡ ਰਹੇ ਜਨੇਊ ਨੂੰ ਪਾਉਣ ਤੋਂ ਇਨਕਾਰ ਕਰਦਿਆਂ ਕਿਹਾ :

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਮ: ੧, ਅੰਗ ੪੭੧)

ਹਰਿਦੁਆਰ ਜਾ ਕੇ ਭਰੇ ਹਜ਼ੂਮ ਵਿੱਚ ਗੰਗਾ ਦੇ ਇਸ਼ਨਾਨ ਕਰਦੇ ਉਨ੍ਹਾਂ ਪਾਂਧਿਆਂ ਨੂੰ ਇੱਕ ਵਧੀਆ ਤਰਕ ਅਤੇ ਦਲੀਲ ਨੂੰ ਇੰਝ ਅਜਮਾਇਆ ਕਿ ਲੋਕਾਂ ਤੋਂ ਉਲਟ ਪਾਸੇ ਸੂਰਜ ਦੇਵਤਾ ਤੋਂ ਉਲਟ ਪਾਸੇ ਪਾਣੀ ਸੁੱਟਣਾ ਸ਼ੁਰੂ ਕੀਤਾ ਕਿ ਮੈਂ ਆਪਣੇ ਖੇਤਾਂ ਨੂੰ ਕਰਤਾਰਪੁਰ ਪਾਣੀ ਦੇ ਰਿਹਾ ਹਾਂ, ਪਾਂਧਾਂ ਮੰਡਲੀ ਵਲੋਂ ਇਤਰਾਜ਼ ਕਿ ਇਹ ਕੌਣ ਹੈ, ਜੋ ਸਾਡੇ ਧਰਮ ਦੀ ਤੌਹੀਨ ਕਰ ਰਿਹਾ ਹੈ। ਜਦੋਂ ਗੁਰੂ ਸਾਹਿਬ ਜਵਾਬ ਦਿੱਤਾ ਕਿ ਅਗਰ ਮੇਰਾ ਇੱਥੋਂ ਸੁੱਟਿਆ ਪਾਣੀ ਕਰਤਾਰਪੁਰ ਨਹੀਂ ਜਾ ਸਕਦਾ ਤਾਂ ਤੁਹਾਡਾ ਇੱਥੋਂ ਸੁੱਟਿਆ ਪਾਣੀ ਅਕਾਸ਼ਪੁਰੀ ਵਿੱਚ ਤੁਹਾਡੇ ਪਿੱਤਰਾਂ ਨੂੰ ਕਿਵੇਂ ਪਹੁੰਚ ਸਕਦਾ ਹੈ ? ਇੱਕ ਦਲੀਲ ਹੈ ਜੋ ਵਿਰੋਧੀ ਧਿਰ ਨੂੰ ਬੇਦਲੀਲ ਕਰਦੀ ਹੈ।

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਗੁ ਗਉੜੀ ਬੈਰਾਗਣਿ ਕਬੀਰ ਜੀ, ਅੰਗ ੩੩੨)

ਜਿਊਂਦੇ ਮਾਪਿਆਂ ਦੇ ਮੂੰਹ ਟੁੱਕ ਦੀ ਬੁਰਕੀ ਨਹੀਂ ਪਾਉਣੀ ਤੇ ਮਰਿਆ ਬਾਅਦ ਸ਼ਰਾਧ ਕਰਾਉਣੇ, ਹੁਣ ਉਹ ਪਿੱਤਰ ਤਾਂ ਉਸ ਅੰਨ੍ਹ ਨੂੰ ਖਾਣਗੇ ਨਹੀਂ, ਉਹ ਤਾਂ ਕਾਂ - ਕੁੱਤੇ ਹੀ ਖਾਣਗੇ। ਤਰਕਸ਼ੀਲ ਵੀਰਾਂ ਲਈ ਇਹ ਪੜ੍ਹਣ ਵਿੱਚ ਕੀ ਹਰਜ਼ ਹੈ। ਅਗਰ ਕੋਈ ਪੜ੍ਹਣ ਜਾਂ ਸਮਝਣ ਵਿੱਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਕਿਸੇ ਦੂਜੇ ਤੋਂ ਉਲਥਾ ਕਰਵਾ ਲੈਣਾ ਚਾਹੀਦਾ ਹੈ ਕਿ ਇਹ ਗੱਲਾਂ ਕਿੰਨੀਆਂ ਸਦੀਆਂ ਪਹਿਲਾਂ ਲਿਖੀਆਂ ਗਈਆਂ ਅਤੇ ਕਿਹਨੇ ਲਿਖੀਆਂ ? ਕਿਹੜਾ ਸੁਧਾਰ ਕਰਨ ਲਈ ਧਰਮ ਨੇ ਇਨਸਾਨੀਅਤ ਨੂੰ ਕੀ ਦਿੱਤਾ ਹੈ ? ਜਾਂ ਸਮਾਜ ਨੂੰ ਕੀ ਦਿੱਤਾ ਹੈ ?

ਇੱਕ ਨਹੀਂ ਅਨੇਕਾਂ ਤਰਕਾਂ, ਦਲੀਲਾਂ, ਅਨੇਕਾਂ ਘਟਨਾਵਾਂ ਨੂੰ ਵਰਨਣ ਕੀਤਾ ਜਾ ਸਕਦਾ ਹੈ, ਸਿੱਧ ਗੋਸ਼ਟਿ, ਮੱਕੇ ਜਾਣਾ, ਕੌਡੇ ਰਾਕਸ਼, ਮਲਕ ਭਾਗੋ ਦੇ ਖੀਰ - ਪੂੜੇ, ਸੱਜਣ ਠੱਗ ਨੂੰ ਸਿੱਧੇ ਰਾਹੇ ਪਾਉਣਾ ਆਦਿ ਦੀਆਂ ਦਲੀਲਾਂ ਅੱਜ ਹਰੇਕ ਨੂੰ ਚਕ੍ਰਿਤ ਕਰਦੀਆਂ ਹਨ ।

ਮੇਘ ਰਾਜ ਜੀ ਲਿਖਦੇ ਹਨ : 'ਕੀ ਖੋਜਾਂ ਧਾਰਮਿਕ ਗ੍ਰੰਥਾਂ ਵਿੱਚ ਪਹਿਲਾ ਹੀ ਦਰਜ ਹੁੰਦੀਆਂ ਹਨ ? ਹਰ ਧਰਮ ਦਾ ਇੱਕ ਸਾਂਝਾ ਗੁਣ ਹੁੰਦਾ ਹੈ । ਉਹ ਦਾਅਵੇ ਕਰਦੇ ਹਨ ਕਿ ਦੁਨੀਆਂ ਦੀ ਹਰ ਖੋਜ ਉਨ੍ਹਾਂ ਦੇ ਧਾਰਮਿਕ ਗ੍ਰੰਥ ਵਿੱਚ ਪਹਿਲਾਂ ਹੀ ਦਰਜ ਹੈ। ਜੇ ਇਹ ਹੁੰਦਾ ਤਾਂ ਦੁਨੀਆਂ ਦੇ ਵੱਡੇ - ਵੱਡੇ ਧਾਰਮਿਕ ਪੁਜਾਰੀਆਂ ਨੇ ਹੀ ਇਹ ਖੋਜਾਂ ਕੀਤੀਆਂ ਹੁੰਦੀਆਂ। ਧਰਮਾਂ ਦੇ ਗ੍ਰੰਥ ਪੰਜ ਹਜ਼ਾਰ ਸਾਲ ਪਹਿਲਾਂ ਤੋਂ ਇਥੇ ਮੌਜੂਦ ਹਨ। ਕਰੋੜਾਂ ਲੋਕ ਹਰ ਸਾਲ ਪਲੇਗ ਤੇ ਟੀ. ਬੀ. ਵਰਗੀਆਂ ਬਿਮਾਰੀਆਂ ਨਾਲ ਮਰਦੇ ਰਹੇ। ਕੀ ਸਾਡੇ ਧਾਰਮਿਕ ਆਗੂਆਂ ਨੇ ਉਨ੍ਹਾਂ ਗ੍ਰੰਥਾਂ ਵਿਚੋਂ ਦਵਾਈਆਂ ਲੱਭ ਕੇ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਕੋਈ ਯਤਨ ਕੀਤੇ ?'

ਤਰਕਸ਼ੀਲ ਵੀਰ ਇੰਝ ਸੋਚਦੇ ਹਨ ਕਿ ਸ਼ਾਇਦ ਧਾਰਮਿਕ ਅਕੀਦਾ ਰੱਖਣ ਵਾਲੇ ਪੁਰਸ਼ ਖਬਰੇ ਵੈਦ, ਹਕੀਮ, ਧਾਗੇ, ਤਵੀਤ, ਝਾੜਾ, ਫਾਂਡਾ ਜਾਂ ਨੁਕਸੇ ਆਦਿ ਦੇ ਗ੍ਰੰਥ ਲਿਖਦੇ ਹਨ ਤੇ ਇਨ੍ਹਾਂ ਨੇ ਬੜੀ ਖੋਜ਼ ਨਾਲ ਲੱਭਿਆ ਕਿ ਕੋਈ ਪੰਜ ਕੋ ਹਜ਼ਾਰ ਸਾਲ ਪਹਿਲਾਂ ਤੋਂ ਹੀ ਇਹ ਗ੍ਰੰਥ ਲਿਖੇ ਗਏ ਹਨ ਤੇ ਉਨ੍ਹਾਂ ਨੇ ਕੋਈ ਵਧੀਆ ਦਵਾਈਆਂ ਦੀ ਕੋਈ ਖੋਜ ਨਹੀਂ ਕੀਤੀ ਤੇ ਕਰੋੜਾਂ ਲੋਕਾਂ ਨੂੰ ਉਹ ਟੀ. ਬੀ. (Tuberculosis) ਜਾਂ ਪਲੇਗ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਉਹ ਅਸਫਲ ਰਹੇ ਹਨ ।

ਧਰਮ ਸਿਰਫ ਤਾਂ ਸਿਰਫ ਅਸਲੀ ਰੋਗ ਨੂੰ ਫੜਦਾ ਹੈ ਤੇ ਉਸ ਰੋਗ ਨੂੰ ਜੜ੍ਹੋਂ ਖਤਮ ਕਰਨ ਲਈ ਇੱਕ ਉਹ ਦਵਾਈ ਦਿੰਦਾ ਹੈ, ਜੋ ਅੱਜ ਤੱਕ ਕੋਈ ਕਿਸੇ ਨੂੰ ਨਾ ਦੇ ਸਕਿਆ ਹੈ ਤੇ ਨਾ ਹੀ ਦੇ ਸਕੇਗਾ ।

ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਮ: ੧, ਅੰਗ ੧੨੭੯)

ਸਰਬ ਰੋਗ ਕਾ ਅਉਖਦੁ ਨਾਮੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਗ ਗਉੜੀ ਮ: ੫, ਅੰਗ ੨੭੪)

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧਨਾਸਰੀ ਮਹਲਾ ੧, ਅੰਗ ੬੮੭)

ਪੁਰਾਤਨ ਸਮਿਆਂ ਵਿੱਚ ਵੈਦ - ਹਕੀਮ ਸਰੀਰਕ ਬੀਮਾਰੀਆਂ ਦਾ ਇਲਾਜ ਕਰਦੇ ਆਏ ਹਨ, ਜੜ੍ਹੀਆਂ - ਬੂਟੀਆਂ ਨਾਲ ਹੀ ਦੁਨੀਆਂ ਤੰਦਰੁਸਤ ਹੁੰਦੀ ਆਈ ਹੈ। ਉਦੋਂ ਲੋਕ ਤੰਦਰੁਸਤ, ਨਿਗਰ, ਨਿਰੋਏ ਇਸ ਕਰਕੇ ਵੀ ਹੁੰਦੇ ਸਨ ਕਿ ਲੋਕ ਮੇਹਨਤੀ ਤੇ ਸਰੀਰਕ ਬਲ ਨਾਲ ਜ਼ਿਆਦਾ ਕੰਮ ਕਰਦੇ ਸਨ ਤੇ ਤੰਦਰੁਸਤ ਸਨ। ਅੱਜ ਤਕਨੀਕੀ, ਕੰਪਿਊਟਰ ਸਿਸਟਮ, ਮਸ਼ੀਨਰੀ ਰਾਹੀਂ ਘੌਲੀ, ਆਲਸੀ, ਕਮਜ਼ੋਰ, ਬਿਮਾਰ ਅਤੇ ਏਨੀਆਂ ਨਵੀਆਂ - ਨਵੀਆਂ ਬੀਮਾਰੀਆਂ ਅਤੇ ਏਨੇ ਖਤਰਨਾਕ ਰੋਗ, ਅੱਜ ਕੋਈ ਗਿਣਤੀ ਦੀ ਲੋੜ ਨਹੀਂ ਹੈ। ਜੰਮਣਾ ਤੇ ਮਰਨਾ ਕੁਦਰਤ ਦਾ ਨਿਯਮ ਹੈ। ਇੱਥੇ ਵਿਗਿਆਨ ਨੂੰ ਵਡਿਆਉਣ ਤੇ ਧਰਮ ਨੂੰ ਛੁਟਿਆਉਣ ਵਾਲੀ ਕੋਈ ਗੱਲ ਢੁੱਕਦੀ ਨਹੀਂ ਹੈ।

ਅੱਜ ਪੰਜਾਬ ਵਿੱਚ ਗੁਰੂਆਂ ਦੀ ਧਰਤੀ ਤੇ, ਗੁਰੂਆਂ ਦੇ ਗਿਆਨ, ਗੁਰੂਆਂ ਦੀ ਬਾਣੀ ਤੇ ਐਹੋ ਜਿਹੀਆਂ ਬੇਤੁਕੀਆਂ ਦਲੀਲਾਂ ਜਾਂ ਤਰਕਾਂ ਕਰਕੇ ਕੀ ਅਸੀਂ ਸਮਾਜ ਦਾ ਕੁੱਝ ਸੁਧਾਰ ਸਕਾਂਗੇ ?

ਕੌਣ ਕਹਿੰਦਾ ਹੈ ਕਿ ਧਰਮ ਨੇ ਲੋਕਾਂ ਨੂੰ ਬਿਮਾਰੀਆਂ ਤੋਂ ਨਹੀਂ ਬਚਾਇਆ ?

ਧਰਮ ਦੀਆਂ ਸੇਧਾਂ ਨੇ ਜਿੱਥੋਂ ਤਾਈਂ ਇੱਕ ਇਨਸਾਨ ਨੂੰ ਵਧੀਆ ਮਨੁੱਖ ਬਨਣ ਲਈ ਬਹੁਤ ਸਾਰੇ ਐਸੇ ਰੋਗਾਂ ਤੋਂ ਬਚਾਉਣ ਲਈ, ਜਿਵੇਂ ਕਿ 'ਏਡਜ਼ (Aids)' ਵਰਗੀਆਂ ਲਾ-ਇਲਾਜ ਬੀਮਾਰੀਆਂ ਤੋਂ ਬਚਣ ਲਈ ਅੱਜ ਤੋਂ 500 ਸਾਲ ਤੋਂ ਪਹਿਲਾਂ ਹੀ ਸਿੱਖ ਗੁਰੂਆਂ ਆਪਣੇ ਸਿੱਖ ਨੂੰ ਇਹ ਸਖਤ ਹਦਾਇਤਾਂ ਕਰਕੇ ਇਨ੍ਹਾਂ ਕੁਕਰਮਾਂ ਤੋਂ ਵਿਵਰਜਿਤ ਕੀਤਾ, ਜਿੱਥੋਂ ਇਹ ਬੀਮਾਰੀਆਂ ਲੱਗਦੀਆਂ ਤੋਂ ਰੋਕਣ ਲਈ, ਗੁਰਬਾਣੀ ਸ਼ਬਦਾਂ ਰਾਹੀਂ ਇੰਝ ਵਰਜਿਆ :

ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾ ਧੀਆਂ ਜਾਣੈ॥
(ਵਾਰਾ ਭਾਈ ਗੁਰਦਾਸ ਜੀ, ਪੰਨਾ ੨੯)

ਪਰਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ॥
(ਅੰਮ੍ਰਿਤ ਕੀਰਤਨ, ਪੰਨਾ ੮੫੨)

ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
(ਵਾਰਾਂ ਭਾਈ ਗੁਰਦਾਸ ਜੀ, ਪੰਨਾ ੬)

ਇਨ੍ਹਾਂ ਅਲਾਮ੍ਹਤਾ ਤੋਂ ਨਿਰਾ ਵਿਵਰਜਿਤ ਹੀ ਨਹੀਂ ਕੀਤਾ ਸਗੋਂ, ਸਿੱਖ ਰਹਿਤ ਮਰਿਯਾਦਾ ਵਿੱਚ ਦਰਜ਼ ਕੀਤਾ ਹੈ ।

ਪਰ ਬੇਟੀ ਕੋ ਬੇਟੀ ਜਾਨੈ । ਪਰ ਇਸਤ੍ਰੀ ਕੋ ਮਾਤ ਬਖਾਨੈ । ਅਪਨਿ ਇਸਤ੍ਰੀ ਸੋਂ ਰਤਿ ਹੋਈ । ਰਹਿਤਵੰਤ ਸਿੰਘ ਹੈ ਸੋਈ । ਇਸੇ ਤਰ੍ਹਾਂ ਸਿੱਖ ਇਸਤ੍ਰੀ ਆਪਣੇ ਪਤੀਬਰਤ ਧਰਮ 'ਚ ਰਹੇ । (ਸਿੱਖ ਰਹਿਤ ਮਰਿਯਾਦਾ)

ਧਰਮ ਤੋਂ ਤਾਂ ਇਹੋ ਹੀ ਸੇਧ ਮਿਲ ਸਕਦੀ ਹੈ ਤੇ ਸਿੱਖ ਧਰਮ ਨੇ ਡੰਕੇ ਦੀ ਚੋਟ ਤੇ ਇਨ੍ਹਾਂ ਅਲਾਮ੍ਹਤਾਂ ਤੋਂ ਬਚਾਇਆ ਹੈ। ਅਗਰ ਅੱਜ ਵਿਗਿਆਨ 500 ਸਾਲ ਤੋਂ ਬਾਅਦ ਇਨ੍ਹਾਂ ਗੱਲਾਂ ਤੋਂ ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਕੋਈ ਬੁਰੀ ਗੱਲ ਨਹੀਂ ਹੈ।

ਅਗਰ ਕੋਈ ਜਾਣ ਬੁੱਝਕੇ :

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਭਗਤ ਕਬੀਰ ਜੀ ਕੇ, ਅੰਗ ੧੩੭੬)

ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥੨॥
(ਵਾਰਾਂ ਭਾਈ ਗੁਰਦਾਸ ਜੀ)

ਤਾਂ ਇੱਥੇ ਧਰਮ ਵੀ ਕੁੱਝ ਨਹੀਂ ਕਰ ਸਕਦਾ।

ਇੱਥੇ ਹੀ ਬੱਸ ਨਹੀਂ, ਤੁਸੀਂ ਜਿਕਰ ਕੀਤਾ ਸੀ ਕਿ ਟੀਬੀ ਬਗੈਰਾ ਦੀਆਂ ਬੀਮਾਰੀਆਂ ਦਾ ਕੋਈ ਧਰਮ ਨੇ ਇਲਾਜ ਨਹੀਂ ਲੱਭਿਆ ਜਾਂ ਕੋਈ ਦਵਾਈ ਨਹੀਂ ਲੱਭੀ। ਮੁਆਫ ਕਰਨਾ ਮੈਂ ਹੁਣ ਉਹ ਗੱਲ ਨਹੀਂ ਲਿਖਾਂਗਾ, ਜਿਸ ਨਾਲ ਤੁਹਾਡੇ ਮਨ ਨੂੰ ਵੀ ਕੋਈ ਠੇਸ ਪਹੁੰਚੇ ਜਾਂ ਬੁਰਾ ਲੱਗੇ। ਵਿਦਵਾਨ ਹੋਣਾ, ਗਿਆਨਵਾਨ ਹੋਣਾ, ਵਿਗਿਆਨੀ ਹੋਣਾ ਤਾਂ ਸ਼ਾਇਦ ਬਹੁਤ ਦੂਰ ਦੀ ਗੱਲ ਲੱਗਦੀ ਹੈ। ਪੰਜਾਬ ਵਿੱਚ ਅਗਰ ਅੱਜ ਅਖੌਤੀ ਸਾਧਾਂ ਵੱਲ ਨਜ਼ਰ ਮਾਰਾਂਗੇ ਤਾਂ ਸਮਾਜ ਸੁਧਾਰਕ ਵਿਦਵਾਨਾਂ ਦੇ ਵੀ ਬਲਿਹਾਰ ਜਾਈਏ। ਕੋਈ ਬਹੁਤ ਅੰਤਰ ਨਜ਼ਰ ਨਹੀਂ ਆਏਗਾ। ਬੁਰਕੇ ਬੇਸ਼ੱਕ ਸਮਾਜ ਸੁਧਾਰ ਦੇ ਹੀ ਕਿਉਂ ਨਾ ਪਾਏ ਹੋਣ।

ਸਿੱਖ ਧਰਮ ਦੇ ਬਾਨੀਆਂ ਜਿੱਥੇ ਸਮਾਜ ਨੂੰ ਏਨੀਆਂ ਵਧੀਆਂ ਸੇਧਾਂ ਤੇ ਸੋਚਾਂ ਦੇ ਭੰਡਾਰੇ, ਇਨਸਾਨੀਅਤ ਦੀ ਝੋਲੀ ਪਾਏ, ਜਿੱਥੇ ਸਿਹਤ ਨੂੰ ਨਿੱਗਰ, ਨਿਰੋਇਆ ਅਤੇ ਤੰਦਰੁਸਤ ਅਤੇ ਅਰੋਗ ਰੱਖਣ ਲਈ ਜਿੰਨਾ ਡੱਟਕੇ ਪਹਿਰਾ ਦਿੱਤਾ ਸ਼ਾਇਦ ਕਿਸੇ ਵੀ ਧਰਮ ਜਾਂ ਕਿਸੇ ਵੀ ਸੰਸਥਾ ਏਨਾਂ ਸਖਤ ਪਹਿਰਾ ਨਾ ਦਿੱਤਾ ਹੋਵੇ। ਜਿੱਥੇ ਤੰਬਾਕੂ ਨੋਸ਼ੀ ਨਸ਼ਿਆਂ ਆਦਿ ਦੀ ਰੱਜਕੇ ਵਿਰੋਧਤਾ ਹੀ ਨਹੀਂ ਸਗੋਂ ਸਖਤ ਹਦਾਇਤਾਂ ਕਰਕੇ ਵਰਜਿਆ ਹੈ।

ਸਿੱਖ ਭੰਗ, ਅਫੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ । (ਸਿੱਖ ਰਹਿਤ ਮਰਿਯਾਦਾ)

ਜੋ ਅੱਜ ਦੇ ਅਖੌਤੀ ਵਿਦਵਾਨ ਜਾਂ ਅਖੌਤੀ ਤਰਕਸ਼ੀਲ ਜਾਂ ਵਿਗਿਆਨੀ ਆਦਿ ਧਰਮ ਦੇ ਨਾਂ ਤੇ ਐਹੋ ਜਿਹੇ ਸ਼ਬਦ ਜੋ ਏਨੇ ਭੱਦੇ ਅਤੇ ਫਜ਼ੂਲ ਹੋਣ ਲਿਖਣ ਦੀ ਜੁਅੱਰਤ ਕਰਨ ਤਾਂ ਐਹੋ ਜਿਹੇ ਲੋਕਾਂ ਨੂੰ ਜਵਾਬ ਦੇਣਾ ਜ਼ਰੂਰੀ ਫਰਜ਼ ਬਣਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨਮੋਲ ਬਚਨ ਜੋ ਸਾਨੂੰ ਏਨੀ ਵਧੀਆ ਸੇਧ ਦਿੰਦੇ ਹਨ ਤੇ ਦਿੰਦੇ ਰਹਿਣਗੇ। ਨਿਰਾ ਤਨ ਹੀ ਪਵਿੱਤਰ ਨਹੀਂ, ਸਗੋਂ ਮਨ ਦੀ ਪਵਿੱਤਰਤਾ ਨੂੰ ਵੀ ਤਰਜੀਹ ਦਿੰਦੇ ਹਨ :

ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪੁ, ਅੰਗ ੪)

ਜਿੱਥੇ ਸਾਬਣ ਨੇ ਸਰੀਰ ਦੀ ਮੈਲ ਨੂੰ ਕੱਟਣਾ ਹੈ, ਓਥੇ ਮਨ ਆਤਮਾਂ ਦੀ ਮੈਲ ਨੂੰ ਕੱਟਣ ਦੀ ਵਿਧੀ ਸਿਰਫ ਧਰਮ ਹੀ ਦੱਸਦਾ ਹੈ ।

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਮ: ੩, ਅੰਗ ੫੫੪)

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਸਾ ਮਹਲਾ ੫, ਅੰਗ ੩੯੯)

ਅੱਜ ਪੂਰੀ ਦੁਨੀਆਂ ਸਿਗਰਟਨੋਸ਼ੀ ਅਤੇ ਸ਼ਰਾਬ ਦੇ ਖੁੱਲ੍ਹੇਆਮ ਜਨਤਕ ਥਾਵਾਂ ਤੇ ਸੇਵਨ ਕਰਨ ਤੇ ਪਾਬੰਦੀਆਂ ਲਾ ਰਹੀ ਹੈ। 500 ਸਾਲ ਤੋਂ ਪਹਿਲਾਂ ਸਿੱਖ ਧਰਮ ਦੇ ਬਾਨੀਆਂ ਇਨ੍ਹਾਂ ਨੂੰ ਸਖਤੀ ਨਾਲ ਵਿਵਰਜਿਤ ਕੀਤਾ ਹੈ ਤੇ ਵਿਗਿਆਨ ਅੱਜ ਸੋਚਦੀ ਹੈ।

ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥
ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਮਹਲਾ ੫, ਅੰਗ ੯੬੦)

ਅੱਗੇ ਜਾ ਕੇ ਸ੍ਰੀ ਮੇਘ ਰਾਜ ਮਿੱਤਰ ਜੀ ਫਿਰ ਧਰਮ ਤੇ ਇੱਕ ਸਿੱਧਾ ਹਮਲਾ ਕਰਦੇ ਲਿਖਦੇ ਹਨ : 'ਧਰਮ ਤਾਂ ਭੂਤਾਂ ਪ੍ਰੇਤਾਂ, ਕਰਾਮਾਤੀ ਸ਼ਕਤੀਆਂ, ਮੰਦਰਾਂ ਮਸਜਿਦਾਂ ਦੀ ਸ਼ਕਤੀ, ਆਤਮਾ, ਪ੍ਰਮਾਤਮਾ ਪੁਨਰ ਜਨਮ ਵਰਗੇ ਸਵਰਗਾਂ, ਨਰਕਾਂ, ਜਮਦੂਤਾਂ, ਜੂਨੀਆਂ, ਆਵਾਗਮਨ ਆਦਿ ਦੀਆਂ ਗੱਲਾਂ ਕਰਕੇ ਲੋਕਾਈ ਨੂੰ ਗੁੰਮਰਾਹ ਕਰਦਾ ਹੈ। ਇਸ ਲਈ ਨਾ ਤਾਂ ਵਿਗਿਆਨ ਦਾ ਕੋਈ ਰਾਸਤਾ ਧਰਮ ਤੋਂ ਨਿਕਲਦਾ ਹੈ ਤੇ ਨਾ ਹੀ ਧਰਮ ਤੋਂ ਸ਼ੁਰੂ ਹੁੰਦਾ ਹੈ। ਧਰਮ ਤਾਂ ਮਨੁੱਖ ਜਾਤੀ ਨੂੰ ਡੂੰਘੀਆਂ ਖੱਡਾਂ ਵਿੱਚ ਲਿਜਾਣ ਦਾ ਯਤਨ ਕਰਦਾ ਹੈ ਜਦਕਿ ਵਿਗਿਆਨਕ ਰਾਕਟਾਂ ਰਾਹੀਂ ਚੰਦਰਮਾ ਤਾਰਿਆਂ ਤੇ ਲੈ ਜਾਣ ਲਈ ਯਤਨਸ਼ੀਲ ਹੈ।'

ਜਿਸ ਗੁਰਬਾਣੀ ਦਾ ਖਜ਼ਾਨਾ ਸਿੱਖ ਧਰਮ ਪਾਸ ਹੈ, ਉਹ ਕਿਸੇ ਦੇਹਧਾਰੀ ਗੁਰੂਡੰਮ ਦੀ ਹਾਮੀ ਨਹੀਂ ਭਰਦਾ, ਉਹ ਕਿਸੇ ਵਿਚੋਲੇ ਨੂੰ ਵਿੱਚ ਪਾਉਣ ਦੀ ਹਾਮੀ ਨਹੀਂ ਭਰਦਾ, ਉਹ ਕੋਈ ਊਚ - ਨੀਚ, ਛੂਤ - ਛਾਤ, ਜਾਤ - ਪਾਤ, ਭਰਮ, ਭੇਖ, ਵਹਿਮ, ਭੂਤ - ਪ੍ਰੇਤ, ਜਾਦੂ - ਟੂਣੇ, ਧਾਗੇ - ਤਵੀਤ, 33 ਕਰੋੜ ਦੇਵੀ - ਦੇਵਤਿਆਂ ਦੇ ਚੱਕਰ ਆਦਿ 'ਚ ਪਾਉਣ ਦੀ ਗੱਲ ਨਹੀਂ ਕਰਦਾ। ਉਹ ਕਿਸੇ ਬਿੱਪਰਵਾਦ ਦੇ ਅੰਧ - ਵਿਸ਼ਵਾਸ਼ ਦੀ ਗਵਾਹੀ ਵੀ ਨਹੀਂ ਭਰਦਾ, ਸਗੋਂ ਰੱਜਕੇ ਵਿਰੋਧਤਾ ਕਰਦਾ ਹੈ। ਸਗੋਂ ਮਾਨਵਤਾ ਲਈ ਸਭੇ ਸਾਂਝੀਵਾਲ ਬਣਾਉਣ ਲਈ ਗੱਲ ਕਰਦਾ ਹੈ :

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਝ ਮਹਲਾ ੫, ਅੰਗ ੯੭)

ਤਕਰਸ਼ੀਲ ਤਾਂ ਅਸੀਂ ਬਨਣਾ ਸੀ, ਅਸੀਂ ਉਹ ਗਿਆਨ ਦੀ ਗੱਲ ਦਾ ਭੰਡਾਰਾ ਲੋਕਾਂ ਸਾਹਮਣੇ ਖੋਲ੍ਹਣਾ ਸੀ, ਜੋ ਬਾਬੇ ਨਾਨਕ ਲੁਕਾਈ ਨੂੰ, ਸਮਾਜ ਨੂੰ ਸੁਧਾਰਨ ਲਈ, ਇੱਕ ਜੀਵਨ ਜਾਂਚ ਦੱਸੀ ਸੀ ਕਿ ਇੱਕ ਸੱਚਾ - ਸੁੱਚਾ ਇਨਸਾਨ ਕਿਵੇਂ ਬਨਣਾ ਹੈ ? ਮੈਨੂੰ ਇੰਝ ਲੱਗਾ ਮੇਰੇ ਵੀਰ ਮੇਘ ਰਾਜ ਮਿੱਤਰ ਜੀ ਜ਼ਰੂਰ ਕਿੱਤੇ ਖੁੰਝ ਗਏ ਹਨ, ਜੋ ਵਿਗਿਆਨ ਦੀ ਵਿਰੋਧਤਾ ਤੇ ਧਰਮ ਨੂੰ ਕੋਸਣ ਦੀ ਗੱਲ ਲਿਖ ਰਹੇ ਹਨ। ਧਰਮ ਹੀ ਤਾਂ ਵਿਗਿਆਨ ਨੂੰ ਰਾਹ ਦਿੰਦਾ ਹੈ :

ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ ॥
(ਵਾਰਾਂ ਭਾਈ ਗੁਰਦਾਸ ਜੀ)

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਮ: ੫, ਅੰਗ ੫੨੨)

ਦੁਨੀਆਂ 'ਚ ਜਿਊਣਾ ਹੈ ਤਾਂ ਉਦਮੀ ਬਣੋ, ਕਿਰਤ ਕਰਕੇ ਸੁੱਖ ਮਾਣੋ, ਉਸ ਕਾਦਰ ਦੀ ਕੁਦਰਤ ਨੂੰ ਮੰਨਕੇ ਉਸ ਨਿਰੰਕਾਰ ਨੂੰ ਮਿਲਿਆ ਜਾ ਸਕਦਾ ਹੈ ।

ਵਿਗਿਆਨ ਦੀ ਖੋਜ਼ ਹੁਣ ਉਥੇ - ਉਥੇ ਪਹੁੰਚ ਰਹੀ ਹੈ, ਜਿੱਥੇ - ਜਿੱਥੇ ਧਰਮ ਨੇ ਪਹਿਲਾਂ ਹੀ ਉਹਦੇ ਖੁਲਾਸੇ ਕੀਤੇ ਹੋਏ ਹਨ ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪੁ, ਅੰਗ ੫)

ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥
ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪੁ, ਅੰਗ ੩)

ਵਿਗਿਆਨ ਉਨ੍ਹਾਂ ਦੀ ਖੋਜ਼ ਵਿੱਚ ਹੈ ਤੇ ਪਹੁੰਚ ਕਰੇਗਾ ਕਿ ਉਹ ਹੋਰ ਜਾਣਕਾਰੀ ਹਾਸਿਲ ਕਰੇ ਅਗਰ ਮਨੁੱਖੀ ਸੋਚ ਕੋਲ ਕੋਈ ਸਾਧਨ ਜਾਂ ਜ਼ਰੀਏ ਹਾਸਿਲ ਹੋਏ ਹਨ ਤਾਂ ਵਿਗਿਆਨ ਦੀ ਖੋਜ਼ ਨੂੰ ਅਗਰ ਕੋਈ ਨਿੰਦਦਾ ਜਾਂ ਵਿਰੋਧ ਕਰਦਾ ਜਾਂ ਉਹਦੇ ਖਿਲਾਫ ਲਿਖਦਾ ਜਾਂ ਬੋਲਦਾ ਹੈ ਤਾਂ ਬਹੁਤ ਹੋਸ਼ੀ ਤੇ ਘਟੀਆ ਸੋਚ ਹੀ ਕਿਹਾ ਜਾ ਸਕਦਾ ਹੈ । ਇਸ ਤੋਂ ਵੱਧ ਹੋਰ ਕੁੱਝ ਨਹੀਂ ।

ਅਗਰ ਕੋਈ ਵਿਗਿਆਨ ਦੀ ਤੁੱਲਣਾ ਧਰਮ ਨਾਲ ਜੋੜਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਵਿਗਿਆਨ ਦੇ ਸਾਹਮਣੇ ਧਰਮ ਦੀ ਕੀ ਪਹੁੰਚ ਹੈ? ਇਹ ਤਾਂ ਮੂਰਖਤਾ ਤੋਂ ਵੱਧ ਕੁੱਝ ਵੀ ਨਹੀਂ।

ਇੱਥੇ ਹੁਣ ਇੱਕ ਬਹੁਤ ਵੱਡਾ ਫਰਕ ਹੈ, ਜੋ ਤਰਕਸ਼ੀਲਤਾ ਲਈ ਖੋਜਣਾ ਬਹੁਤ ਔਖਾ ਜਾਂ ਬਹੁਤ ਕਠਿਨ ਹੈ ਕਿਉਂਕਿ ਧਰਮ ਸਿਰਫ ਤਾਂ ਸਿਰਫ ਨਿਰੰਕਾਰ ਦੀ ਗੱਲ ਕਰਦਾ ਹੈ, ਤੋਂ ਅਰਥ ਭਾਵ ਹੈ ਕਿ ਜਿਸਦਾ ਕੋਈ ਅਕਾਰ ਹੀ ਨਹੀਂ ਹੈ, ਉਹ ਨਿਰਆਕਾਰ ਹੈ, ਉਸਦਾ ਕੋਈ ਵਜੂਦ ਨਹੀਂ, ਉਸਦੀ ਕੋਈ ਸ਼ਕਲ ਨਹੀਂ, ਰੰਗ ਨਹੀਂ, ਨਸਲ ਨਹੀਂ, ਦਾ ਕੋਈ ਵਿਖਿਆਨ ਵੀ ਨਹੀਂ ਕਰ ਸਕਦਾ। ਜਿਵੇਂ ਸਾਡੇ ਸਰੀਰ ਅੰਦਰ ਆਤਮਾਂ, ਰੂਹ ਦਾ ਪ੍ਰਵੇਸ਼ ਹੈ। ਅਗਰ ਕਿਤੇ ਸਰੀਰ ਵਿੱਚ ਦਰਦ, ਤਕਲੀਫ, ਚੀਸ, ਜਲਨ, ਸੜਣ, ਤੱਲਖੀ, ਗੁੱਸਾ, ਨਰਾਜ਼ਗੀ ਆਦਿ ਤਾਂ ਚਿਹਰੇ ਦਾ ਰੰਗ ਬਦਲਦਾ ਦੇਖਿਆ ਜਾ ਸਕਦਾ, ਅੱਖਾਂ ਵਿੱਚ ਲਾਲੀ ਆ ਸਕਦੀ ਹੈ, ਅੱਖਾਂ ਵਿੱਚੋਂ ਹੰਝੂ ਵਗ ਸਕਦੇ ਹਨ। ਵਗਦੇ ਹੰਝੂਆਂ ਦੇ ਪਾਣੀ ਦਾ ਰੰਗ ਨੋਟ ਕਰ ਸਕਦੇ ਹਾਂ, ਅੱਖਾਂ ਦੀ ਲਾਲੀ ਦਾ ਰੰਗ ਨੋਟ ਕਰ ਸਕਦੇ ਹਾਂ ਐਪਰ ਚੀਸ, ਦਰਦ, ਪੀੜਾਂ ਦੇ ਅਕਾਰ, ਰੰਗ ਦਾ ਕੋਈ ਵੀ ਜਿਕਰ ਨਹੀਂ ਕਰ ਸਕਦੇ ਅਤੇ ਨਾਹੀ ਤਲੀ ਤੇ ਰੱਖਕੇ ਦਿਖਾ ਸਕਦੇ ਹਾਂ। ਸਿਰਫ ਅਨੁਭਵ ਜਾਂ ਮਹਿਸੂਸ ਕਰ ਸਕਦੇ ਹਾਂ ।

ਪਹਿਲਾਂ ਮਾਹਿਰਾਂ ਦਾ ਮੰਨਣਾ ਸੀ ਕਿ ਲੋਕ ਚਿਹਰਾ ਦੇਖਕੇ ਕਿਸੇ ਅਣਜਾਣ ਵਿਅਕਤੀ ਵਾਰੇ ਆਪਣੀ ਧਾਰਨਾ ਬਣਾਉਂਦੇ, ਐਪਰ ਹੁਣ ਇੱਕ ਨਵੇਂ ਅਧਿਐਨ ਮੁਤਾਬਿਕ ਅਜਿਹਾ ਨਹੀਂ ਹੈ। ਇੱਕ ਰਿਪੋਰਟ ਮੁਤਾਬਿਕ ਜਰਮਨੀ ਦੀ 'ਫਰੈਡਰਿਕ ਸ਼ਿਲਰ ਯੂਨੀਵਰਸਿਟੀ' ਦੀ ਇੱਕ ਟੀਮ ਨੇ ਲੱਭਿਆ ਹੈ ਕਿ ਉਚਾਰਣ ਅਤੇ ਭਾਸ਼ਾ ਕਿਸੇ ਦੇ ਸੁਭਾਅ, ਉਮਰ, ਦਿਮਾਗੀ ਸਥਿਤੀ ਅਤੇ ਜਾਤੀ ਇਤਿਹਾਸ ਬਾਰੇ ਦੱਸਦੇ ਹਨ ।

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੋਰਠਿ ਮਹਲਾ ੧, ਅੰਗ ੬੩੪)

ਭਗਤ ਕਬੀਰ ਜੀ ਕਮਾਲ ਦੀ ਗੱਲ ਲਿਖਦੇ ਹਨ ਕਿ

ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥
ਬਾਬਾ ਬੋਲਨਾ ਕਿਆ ਕਹੀਐ ॥ ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥
ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ ॥੨॥
ਬੋਲਤ ਬੋਲਤ ਬਢਹਿ ਬਿਕਾਰਾ ॥ ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥੩॥
ਕਹੁ ਕਬੀਰ ਛੂਛਾ ਘਟੁ ਬੋਲੈ ॥ ਭਰਿਆ ਹੋਇ ਸੁ ਕਬਹੁ ਨ ਡੋਲੈ ॥੪॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਬੀਰ ਜੀ ਘਰੁ ੧, ਅੰਗ ੮੭੦)

ਗੁਰਬਾਣੀ ਦੀ ਖੋਜ਼ ਤਾਂ ਚੱਲਣ ਤੋਂ ਵੀ ਇਨਸਾਨ ਦੀ ਘੋਖ ਜਾਂ ਪਰਖ ਦੱਸਦੀ ਹੈ :

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਮਕਲੀ ਮਹਲਾ ੩, ਅੰਗ ੯੧੭)

ਮੈਂ ਜਿਕਰ ਕਰ ਜਾਵਾਂ ਮੈਂ ਕੋਈ ਰੂੜੀਵਾਦੀ ਨਹੀਂ ਹਾਂ, ਵਿਗਿਆਨ ਦੀਆਂ ਪ੍ਰਾਪਤੀਆਂ ਇਨਸਾਨ ਬੁੱਧੀ ਦੀ ਇੱਕ ਖੋਜ਼ ਹੈ, ਜੋ ਇਨਸਾਨ ਨੂੰ ਅਗਾਂਹ ਵਧੂ ਬਣਾਉਂਦੀ ਹੈ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ। ਉਥੇ ਨਾਲ ਹੀ ਧਰਮ ਦੇ ਮੰਨਣ ਵਾਲਿਆਂ ਇੱਕ ਸੂਖਮ ਤੋਂ ਸੂਖਮ ਕਣ ਨੂੰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਪਰਖ ਲਿਆ ਸੀ, ਜੋ ਨਿਰਆਕਾਰ ਹੁੰਦਾ ਹੋਇਆ ਵੀ ਸਭ ਕੁੱਝ ਹੈ। ਉਹ ਪ੍ਰਮ ਆਤਮਾਂ ਹੈ।

ਅਗਰ ਵਿਗਿਆਨ ਅੱਜ 500 ਸਾਲ ਬਾਅਦ ਸਿੱਖ ਧਰਮ ਦੀ ਪੜਚੋਲ ਤੋਂ ਇਹ ਮੰਨ ਰਿਹਾ ਹੈ ਕਿ ਧਰਤੀਆਂ ਹੋਰ ਵੀ ਨੇ, ਧਰਤੀ ਨਾਲੋਂ ਕਰੋੜਾਂ - ਗੁਣਾਂ ਵੱਡੇ ਪੁਲਾੜ ਹੋਰ ਵੀ ਹਨ। ਸ੍ਰੀ ਮੇਘ ਰਾਜ ਮਿੱਤਰ ਜੀ ਤਰਕਸ਼ੀਲੀ ਦਾ ਇਲਾਜ ਤਾਂ ਧਰਮ ਕਰ ਸਕਦਾ ਹੈ, ਐਪਰ ਤੁਹਾਡੀ ਖੋਜ਼ ਦਾ ਨਹੀਂ। ਧਰਮ ਪਾਸ ਹਰ ਮਰਜ਼ ਦਾ ਇਲਾਜ ਹੈ, ਧਰਮ ਪਾਸ ਤਰਕ ਹੈ, ਦਲੀਲ ਹੈ, ਉਦਾਹਰਣ ਹੈ, ਪੜ੍ਹਣਾ ਤੇ ਵਿਚਾਰਨਾ ਖੁੱਦ ਨੂੰ ਪੈਣਾ ਹੈ।

ਪਹਿਲਾਂ ਅਸੀਂ ਖੁੱਦ ਇੱਕ ਚੰਗੇ ਇਨਸਾਨ ਬਨਣਾ ਹੈ, ਧਰਮ ਦੀ ਪਰਖ ਜਾਂ ਜਾਂਚ ਆਪੇ ਹੀ ਆ ਜਾਣੀ ਹੈ ਤੇ ਸਾਨੂੰ ਖੁੱਦ ਨੂੰ ਪਤਾ ਲੱਗ ਜਾਵੇਗਾ ਕਿ ਧਰਮ ਤੋਂ ਸੇਧ ਵਿਗਿਆਨ ਨੇ ਲਈ ਹੈ ਜਾਂ ਧਰਮ ਨੇ ? ਕਿਉਂਕਿ ਵਿਗਿਆਨ ਇਨਸਾਨ ਬੁੱਧੀ ਦੀ ਪਹੁੰਚ ਹੈ ਤੇ ਮੁੱਢ ਕਦੀਮ ਤੋਂ ਹੀ ਇਹ ਵਿਕਾਸ ਕਰਦਾ ਹੈ ਤੇ ਕਰਦਾ ਰਹੇਗਾ। ਇਨਸਾਨ ਦੀਆਂ ਸਹੂਲਤਾਂ ਨੂੰ ਇਨ੍ਹੇ ਪੂਰਾ ਕਰਨਾ ਹੈ ।

ਮੇਘ ਰਾਜ ਜੀ ਅੱਗੇ ਲਿਖਦੇ ਹਨ ਕਿ 'ਕੀ ਵਿਗਿਆਨ ਧਰਮ ਦੀ ਦੇਣ ਹੈ ਜਾਂ ਵਿਗਿਆਨ ਦਾ ਰਾਸਤਾ ਧਰਮ ਤੋਂ ਸ਼ੁਰੂ ਹੁੰਦਾ ਹੈ ? ਇਹ ਅਸਲੀਅਤ ਹੈ ਕਿ ਦੁਨੀਆਂ ਦੀਆਂ ਬਹੁਤੀਆਂ ਪ੍ਰਾਚੀਨ ਖੋਜਾਂ ਬੋਧੀਆਂ ਦੀ ਧਰਤੀ ਤੇ ਹੋਈਆਂ ਸਨ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਬੁੱਧ ਧਰਮ ਭਾਰੂ ਰਿਹਾ ਹੈ ਅਤੇ ਬੁੱਧ ਧਰਮ ਦਾ ਯਕੀਨ ਰੱਬ ਵਿੱਚ ਨਹੀਂ ਹੈ । …… ਮੈਂ ਇੱਕ ਤਰਕਸ਼ੀਲ ਹਾਂ ਜਿਸਨੇ ਲਗਭੱਗ ਸਾਰੀ ਜ਼ਿੰਦਗੀ ਕਿਸੇ ਧਰਮ ਤੋਂ ਬਗੈਰ ਪੂਰੀ ਵਧੀਆ ਢੰਗ ਨਾਲ ਲੰਘਾਈ ਹੈ। ਵਿਗਿਆਨ ਧਰਤੀ ਤੇ ਮੌਜੂਦ ਹਰੇਕ ਵਿਅਕਤੀ ਦੇ ਜੀਵਨ ਦਾ ਇੱਕ ਅੰਗ ਹੈ ਪਰ ਦੁਨੀਆਂ ਦੀ ਅੱਧੀ ਆਬਾਦੀ ਧਰਮ ਤੋਂ ਬਗੈਰ ਜ਼ਿੰਦਗੀ ਜਿਉ ਰਹੀ ਹੈ। ਇਹ ਕਹਿਣਾ ਕਿ ਵਿਗਿਆਨ ਜਿੱਥੋਂ ਸ਼ੁਰੂ ਹੁੰਦਾ ਹੈ ਉਥੋਂ ਅਧਿਆਤਮ ਸ਼ੁਰੂ ਹੁੰਦਾ ਹੈ ਵੀ ਗਲਤ ਹੈ ਕਿਉਂਕਿ ਵਿਗਿਆਨ ਚੇਤਨਸ਼ੀਲ ਮਨਾਂ ਵਿੱਚ ਸਦਾ ਸੀ, ਸਦਾ ਹੈ, ਸਦਾ ਰਹੂਗਾ ਇਸਦਾ ਮਤਲਬ ਇਹ ਹੋਇਆ ਕਿ ਅਧਿਆਤਮ ਕਦੇ ਨਹੀਂ ਸੀ, ਨਾ ਹੈ, ਨਾ ਇਹ ਹੋਵੇਗਾ। ਅਸਲ ਵਿੱਚ ਦੁਨੀਆਂ ਤੇ ਮੌਜੂਦ ਪੂਰੀ ਖਲਕਤ ਦੋ ਭਾਗਾਂ ਵਿੱਚ ਵੰਡੀ ਹੋਈ ਹੈ, ਇੱਕ ਨੂੰ ਯਕੀਨ ਹੈ ਕਿ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਕਾਰਜ ਸ਼ਕਤੀ ਪ੍ਰਾਕ੍ਰਿਤਕ ਨਿਯਮ ਹਨ। ਦੂਜੀ ਨੂੰ ਯਕੀਨ ਹੈ ਕਿ ਅਦਿੱਖ ਸ਼ਕਤੀ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਜਿਸਨੂੰ ਪਾਠ ਪੂਜਾ ਰਾਹੀਂ ਆਪਣੇ ਵੱਸ ਵਿੱਚ ਕੀਤਾ ਜਾ ਸਕਦਾ ਹੈ ਜਾਂ ਜਿਸਦਾ ਉਪ੍ਰੋਕਤ ਢੰਗ ਨਾਲ ਥਾਹ ਪਾਇਆ ਜਾ ਸਕਦਾ ਹੈ।'

ਕੀ ਧਰਮ ਅਤੇ ਵਿਗਿਆਨ ਦਾ ਰਸਤਾ ਇੱਕੋ ਹੀ ਹੈ ?

ਨਹੀਂ, ਧਰਮ ਅਤੇ ਵਿਗਿਆਨ ਦੇ ਰਸਤੇ ਵੱਖਰੇ - ਵੱਖਰੇ ਹਨ। ਧਰਮ ਇਨਸਾਨ ਨੂੰ ਵਧੀਆ ਇਨਸਾਨ ਬਨਣ ਦਾ ਢੰਗ ਦੱਸਦਾ ਹੈ, ਵਿਗਿਆਨ ਇਨਸਾਨ ਨੂੰ ਜਿਊਣ ਲਈ ਲੋੜਾਂ ਦੀਆਂ ਸਹੂਲਤਾਂ ਦੀ ਪੂਰਤੀ ਕਰਦਾ ਹੈ। ਜੰਗਲਾਂ 'ਚ ਪੈਦਾ ਹੋਇਆ ਮਨੁੱਖ ਪੱਥਰ 'ਚ ਪੱਥਰ ਮਾਰਕੇ ਅੱਗ ਬਾਲਦਾ ਸੀ, ਅੱਜ ਦਾ ਮਨੁੱਖ ਬਹੁਤ ਬੁਲੰਦੀਆਂ ਨੂੰ ਛੂੰਹਦਾ ਹੋਇਆ ਨਿਊਕਲੇਅਰ (Nuclear) ਆਦਿ ਦੀਆਂ ਸ਼ਕਤੀਆਂ ਨਾਲ ਲੈਸ ਹੈ। ਅੱਜ ਦਾ ਵਿਗਿਆਨ ਚੰਦਰਮਾ ਤੇ ਜਾ ਸਕਦਾ ਹੈ, ਆ ਸਕਦਾ ਹੈ। ਅੱਜ ਕੰਪਿਊਟਰ ਰਾਹੀ ਪਲ ਦੀ ਝਲਕ 'ਚ ਮਿਲਣ ਦੀ ਸਮਰਥਾ ਰੱਖਦਾ ਹੈ। ਇੱਕ ਜਰਾਸੀਨ ਤੋਂ ਅਨੇਕਾਂ ਜਰਾਸੀਨ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਇਨਸਾਨ ਦੀ ਸੋਚ ਬੁਲੰਦੀਆਂ ਨੂੰ ਛੋਹ ਸਕਦੀ ਹੈ, ਕੋਈ ਅਤਿ ਕਥਨੀ ਨਹੀਂ ਹੈ। ਇਹ ਤਾਂ ਸਾਨੂੰ ਮੰਨਣਾ ਹੀ ਪਵੇਗਾ ਕਿ ਇਹ ਸਭ ਕੁੱਝ ਬਣਾਉਣ ਵਾਲਾ ਇਨਸਾਨ ਹੀ ਤੇ ਹੈ, ਇਨਸਾਨ ਨੂੰ ਪੈਦਾ ਕਰਨ ਵਾਲਾ ਉਹ ਨਿਰੰਕਾਰ ਹੈ, ਜੋ ਪ੍ਰਕਿਰਤੀ ਨੂੰ ਆਪਣੇ ਆਪ 'ਚ ਹੀ ਚਲਾ ਰਿਹਾ ਹੈ।

ਧਰਮ ਦੀ ਖੋਜ਼ ਨਿਰੇ ਪ੍ਰਮਾਰਥਾ ਨੂੰ ਪਾਉਣਾ ਨਹੀਂ ਹੈ, ਧਰਮ ਦੀ ਖੋਜ਼ ਉਸ ਪ੍ਰਕ੍ਰਿਤੀ ਨੂੰ ਸਮਝਣਾ ਤੇ ਉਸ ਵਿੱਚ ਸਮਾਉਣਾ ਹੈ, ਦੇ ਗੁੱਝੇ ਭੇਦਾਂ ਦੀ ਪੜਚੋਲ ਹੈ।

ਕੁਦਰਤਿ ਕਰਿ ਕੈ ਵਸਿਆ ਸੋਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਮ; ੧, ਅੰਗ ੮੩)

ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਪੁ, ਅੰਗ ੩)

ਪ੍ਰਮਾਤਮਾਂ ਦੀ ਹੋਂਦ ਨੂੰ ਸਮਝਣਾ ਕੋਈ ਐਡਾ ਸੌਖਾ ਨਹੀਂ ਹੈ, ਜੋ ਸਰਬ ਸ਼ਕਤੀਮਾਨ ਹੁੰਦਾ ਹੋਇਆ ਵੀ ਕੁੱਝ ਵੀ ਨਹੀਂ। ਜਿਸ ਦੀ ਰੰਗ, ਨਸਲ, ਜਾਤ - ਪਾਤ ਦਾ ਕੋਈ ਵਰਨਣ ਕਰ ਹੀ ਨਹੀਂ ਕਰ ਸਕਦਾ। ਐਪਰ ਉਹਦੀਆਂ ਉਸਤਤੀਆਂ, ਵਡਿਆਈਆਂ, ਉਸਦੀ ਅਨੁਭਵਤਾ ਹੈ। ਕਾਦਰ ਦੀ ਕੁਦਰਤ ਹੈ।

ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ।
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ।
(ਸ੍ਰੀ ਮੁਖਵਾਕ ਪਾਤਿਸਾਹੀ ਦਸਵੀਂ ੧੦, ਜਾਪੁ ਸਾਹਿਬ)

ਬਸ ਏਨ੍ਹਾਂ ਹੀ ਕਿਹਾ ਜਾ ਸਕਦਾ ਹੈ :

ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਸਾ ਮਹਲਾ ੫, ਅੰਗ ੪੫੩)

ਇੱਕ ਨਹੀਂ ਅਨੇਕਾਂ ਲੋਕ ਭਰਮਦੇ ਫਿਰਦੇ ਨੇ ਭਾਵਕਿ ਭਟਕਦੇ ਫਿਰਦੇ ਨੇ। ਹਾਂ, ਅਗਰ ਉਹਨੂੰ ਲੱਭਣਾ, ਭਾਲਣਾ ਜਾਂ ਉਸਦੀ ਰਜਾ ਨੂੰ ਜਾਨਣਾ ਹੈ ਤਾਂ

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਲੰਗ ਬਾਣੀ ਭਗਤਾ ਕੀ ਕਬੀਰ ਜੀ, ਅੰਗ ੭੨੭)

ਬਾਬਾ ਫਰੀਦ ਜੀ ਕਹਿੰਦੇ ਹਨ :

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਲੋਕ ਫਰੀਦ ਜੀ, ਅੰਗ ੧੩੭੮)

ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਰਾਮਕਲੀ ਮ: ੧, ਅੰਗ ੯੫੫)

ਤਰਕਸ਼ੀਲ ਹੋਣਾ ਇੱਕ ਵਿਕਾਸ ਬੁੱਧੀ ਦੀ ਸੋਚ ਹੈ। ਚਤੁਰ, ਚਲਾਕ, ਹੁਸ਼ਿਆਰ ਹੋਣਾ ਇੱਕ ਹੋਰ ਗੱਲ ਹੈ। ਬੁੱਧੀਮਾਨ, ਸੋਚਵਾਨ, ਦਲੀਲਵਾਨ, ਦੂਰਅੰਦੇਸ਼ ਹੋਣਾ ਇੱਕ ਹੋਰ ਗੱਲ ਹੈ, ਅੰਤਰ ਹੈ, ਬਹੁਤ ਵੱਡਾ ਅੰਤਰ ਹੈ।

ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮਾਰੂ ਕਬੀਰ ਜੀਉ, ਅੰਗ ੧੧੦੫)

ਬੁੱਧੀਮਾਨ, ਸੋਚਵਾਨ, ਦਲੀਲਵਾਨ, ਦੂਰਅੰਦੇਸ਼ ਹਮੇਸ਼ਾਂ ਕਿਸੇ ਸਿਆਣਪ ਨੂੰ ਘੋਖਣ ਦੀ, ਪਰਖਣ ਦੀ ਕਸਵੱਟੀ ਨੂੰ ਤਰਜੀਹ ਦਿੰਦਾ ਹੈ। ਇਸ ਕਰਕੇ ਹੀ ਉਨ੍ਹਾਂ ਨੂੰ ਲੋਕ ਸਿਆਣਾ, ਸੂਝਵਾਨ, ਗਿਆਨੀ, ਮਹਾਂਪੁਰਖ, ਸੰਤ ਆਦਿ ਦੀ ਪਦਵੀ ਦੇ ਕੇ ਨਿਵਾਜਦੇ ਹਨ। ਇਸ ਨਸਲ ਦੇ ਲੋਕ ਬਹੁਤ ਉਪਾਧੀਆਂ ਨੂੰ ਪਾਉਂਦੇ ਹਨ ਅਤੇ ਬਹੁਤ ਕੁੱਝ ਸਿੱਖਦੇ ਹਨ। ਲੋਕਾਂ ਨੂੰ ਗਿਆਨ ਦੇ ਕੇ ਸਮਾਜ ਦਾ ਉਧਾਰ ਕਰਦੇ ਹਨ। ਗੱਲ ਅੱਜ ਦੇ ਅਖੌਤੀ ਤੇ ਪਾਖੰਡੀ ਸਾਧਾਂ ਦੀ ਨਹੀਂ, ਜੋ ਲੋਕਾਂ ਨੂੰ ਅੰਧ - ਵਿਸ਼ਵਾਸ਼ 'ਚ ਪਾ ਕੇ ਲੁੱਟਦੇ ਨੇ ਉਹ ਸਮਾਜ ਨੂੰ ਪ੍ਰਦੂਸ਼ਤ ਕਰਦੇ ਨੇ।

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਗਤ ਕਬੀਰ, ਅੰਗ ੪੭੬)

ਅਗਰ ਕੋਈ ਨਾਸਤਿਕਤਾ ਦਾ ਜੀਵਨ ਜੀਅ ਕੇ ਕੋਈ ਮਾਨਵਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਧਰਮ ਦੀ ਕੋਈ ਲੋੜ ਨਹੀਂ ਹੈ, ਤਾਂ ਸਹੀ ਅਰਥਾਂ 'ਚ ਉਸਨੂੰ ਨਾ ਤਾਂ ਧਰਮ ਦੀ ਕੋਈ ਸੋਝੀ ਹੈ, ਨਾ ਗਿਆਨ ਦੀ, ਨਾ ਵਿਗਿਆਨ ਦੀ ।

ਐਪਰ ਇਹ ਕੁਦਰਤ ਸਾਹਮਣੇ ਕੁੱਝ ਵੀ ਨਹੀਂ ਕਰ ਸਕਦੇ। 2010 'ਚ ਹੀ ਲਾਵਾ ਫੁੱਟਣ ਨਾਲ ਅਸਮਾਨ 'ਚ ਧੂੰਆਂ ਫੈਲਣ ਨਾਲ ਹਵਾਈ ਜਹਾਜ਼ਾਂ ਦਾ ਬੰਦ ਹੋ ਜਾਣਾ। ਅੱਜ ਜਦੋਂ ਮੈਂ ਇਹ ਲੇਖ ਲਿਖ ਰਿਹਾ ਹਾਂ ਤਾਂ ਅੱਜ ਯੌਰਪ ਵਿੱਚ ਟ੍ਰੇਨਾਂ ਤੇ ਹਵਾਈ ਫਲਾਇਟਾਂ  ਸਭ ਬੰਦ ਨੇ ਇੱਥੋਂ ਤੱਕ ਕਿ ਆਮ ਜਨ - ਜੀਵਨ ਲਈ ਕਾਰਾਂ ਆਦਿ ਦੀ ਵੀ ਆਵਾਜਾਈ ਠੱਪ ਪਈ ਹੈ, ਕਿਉਂਕਿ ਬਰਫਬਾਰੀ ਐਨੀ ਪਈ ਹੋਈ ਹੈ ਕਿ ਹੋ ਸਕਦਾ ਹੈ ਵਿਗਿਆਨ ਨੇ ਅਜੇ ਬਹੁਤ ਕੁੱਝ ਹੋਰ ਕਰਨਾ ਬਾਕੀ ਹੈ ।

ਧਰਮ, ਕਿੱਡੀ ਦਲੇਰੀ ਨਾਲ ਜੁਅੱਰਤ ਕਰਦਾ ਹੈ, ਪਾਖੰਡ ਦੇ ਪਾਜ ਉਦੇੜ੍ਹਣ ਲਈ ।

ਉਹ ਲੋਕ ਜਦੋਂ ਸਮਾਜ ਅੰਦਰ ਅੰਧ - ਵਿਸ਼ਵਾਸ਼, ਬੁਰਿਆਈਆਂ, ਭੈੜੀਆਂ ਵਾਦੀਆਂ, ਭੈੜੇ ਨਸ਼ੇ, ਬੁਰੀਆਂ ਆਦਤਾਂ, ਆਚਰਣਹੀਣ ਬੁਰਿਆਈਆਂ ਆਦਿ ਨੂੰ ਦੇਖਦੇ ਹਨ ਤੇ ਉਨ੍ਹਾਂ ਨੂੰ ਰੋਕਣ ਲਈ ਮੈਦਾਨ ਵਿੱਚ ਆਉਂਦੇ ਹਨ ।

ਧਰਮੀ ਆਦਮੀ ਫਿਰ ਕੋਸ਼ਿਸ਼ ਕਰਦਾ ਹੈ ਕਿ ਇਨਸਾਨੀਅਤ ਦੇ ਭਲੇ ਲਈ, ਅਗਰ ਮੇਰੇ ਕੋਲ ਕੋਈ ਗੁਣ ਹੈ, ਕੋਈ ਕਲਾ ਹੈ, ਕੋਈ ਵਿਚਾਰ ਹੈ ਤਾਂ ਮੈਂ ਇਹ ਮਾਨਵਤਾ ਦੀ ਝੋਲੀ ਪਾਵਾਂ, ਜਿਸਤੋਂ ਲੋਕ ਸਿੱਖਿਆ ਲੈ ਕੇ, ਆਪਣੇ ਆਪ ਨੂੰ ਸੁਧਾਰ ਸਕਣ ਤਾਂ ਫਿਰ ਉਹ ਗਿਆਨ ਦਾ ਭੰਡਾਰਾ ਆਪਣੀ ਬਾਣੀ ਰਾਹੀਂ ਲਿਖਕੇ ਲੋਕਾਂ ਦੇ ਸਾਹਮਣੇ ਰੱਖਦੇ ਹਨ। ਜਿਵੇਂ ਹਰੇਕ ਧਰਮ ਦੇ ਆਪੋ ਆਪਣੇ ਧਰਮ ਗ੍ਰੰਥ ਹਨ। ਉਵੇਂ ਹੀ ਸਿੱਖ ਧਰਮ ਦੇ ਬਾਨੀਆਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦੀ ਰਚਨਾ ਕਰਕੇ, ਇੱਕ ਗਿਆਨ ਦਾ ਖਜ਼ਾਨਾ ਮਾਨਵਤਾ ਦੀ ਝੋਲੀ ਪਾਇਆ ਹੈ।

ਸਮਾਜ ਨੂੰ ਸੇਧ ਦੇਣ ਵਾਲੇ ਲੋਕਾਂ ਨੇ ਜਿੱਥੇ ਲੋਕਾਂ ਨੂੰ ਧਰਮ ਦੇ ਸਹੀ ਅਰਥ ਸਮਝਾਉਣ ਲਈ ਤਰਕਸ਼ੀਲ ਬਨਣਾ ਸੀ, ਉਥੇ ਇਨ੍ਹਾਂ ਨਾਸਤਿਕ ਲੋਕਾਂ ਸਗੋਂ ਆਮ ਲੁਕਾਈ ਨੂੰ ਧਰਮ ਨਾਲੋਂ ਤੋੜਕੇ, ਐਸਾ ਕੁਰਾਹੇ ਪਾਇਆ ਕਿ ਲੋਕਾਂ ਦੇ ਮਨਾਂ ਅੰਦਰੋਂ ਧਰਮ ਦਾ ਤਿਆਗ, ਮਾਤ - ਪਿਤਾ, ਭੈਣ - ਭਰਾ, ਵੱਡੇ - ਛੋਟੇ ਦਾ ਮਾਣ - ਸਤਿਕਾਰ ਦਾ ਫਰਜ਼, ਪਿੰਡ ਦੀ ਧੀ - ਭੈਣ ਦੀ ਇੱਜ਼ਤ ਦਾ ਸਤਿਕਾਰ, ਭਰੂਣ - ਹੱਤਿਆ ਦਾ ਜੋ ਇਵਜਾਨਾ ਮਰਨ ਵਾਲੀਆਂ ਉਨ੍ਹਾਂ ਲੋਥੜਿਆਂ ਤਾਰਿਆ ਹੈ। ਰੱਬ ਖੈਰ ਕਰੇ। ਅਧਰਮੀ ਅਤੇ ਨਾਸਤਿਕ ਲੋਕਾਂ ਨੂੰ ਜਦੋਂ ਰੱਬ ਜਾਂ ਪ੍ਰਮਾਤਮਾਂ ਨਾਂ ਦੀ ਕਿਸੇ ਚੀਜ਼ ਦਾ ਕੋਈ ਡਰ, ਭੈਅ ਜਾਂ ਵਿਸ਼ਵਾਸ਼ ਹੀ ਨਾ ਰਿਹਾ ਤਾਂ ਸਿੱਟੇ ਸਭ ਦੇ ਸਾਹਮਣੇ ਹਨ।

ਐਪਰ ਲੋਕਾਂ ਨੂੰ ਨਿਰਾ ਧਰਮ ਤੋਂ ਨਿਖੇੜਣ ਨਾਲ ਹੋਇਆ ਕੀ ? ਅੱਜ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਪਤਿਤ ਹੋ ਗਈ, ਨਸ਼ਿਆਂ 'ਚ ਗਲਤਾਨ ਹੋ ਗਈ, ਟੀਕੇ, ਗੋਲੀਆਂ, ਚਰਸ, ਸਮੈਕ, ਆਦਿ ਨੇ ਤਬਾਹ ਕਰ ਦਿੱਤਾ ਨੌਜਵਾਨੀ ਨੂੰ, ਚੋਰੀਆਂ, ਡਾਕੇ, ਲੁੱਟਾਂ - ਖੋਹਾਂ, ਕਤਲ, ਬੇਈਮਾਨੀ, ਰਿਸ਼ਵਤਖੋਰੀ, ਹੇਰਾ - ਫੇਰੀ, ਵੱਢੀ - ਖੋਰੀ, ਧੋਖੇਬਾਜ਼ੀ ਆਦਿ ਨੇ ਅੱਜ ਪੰਜਾਬ ਦਾ ਛੱਡਿਆ ਕੀ ਏ ? ਪੜ੍ਹੋ ਅੱਜ ਅਖਬਾਰਾਂ ਨੂੰ ਭਰੀਆਂ ਪਈਆਂ ਨੇ ਇਹੋ ਜਿਹੀਆਂ ਸੁਰਖੀਆਂ ਨਾਲ, ਕਿੰਨੀਆਂ ਲਾਸ਼ਾਂ ਰੋਜ਼ ਲੱਭਦੀਆਂ ਨੇ, ਕਿੰਨਿਆਂ ਜ਼ਹਿਰਾਂ ਪੀ ਕੇ ਖੁਦਕੁਸ਼ੀਆਂ ਕੀਤੀਆਂ, ਕਿੰਨੇ ਨਹਿਰਾਂ 'ਚ ਡੁੱਬਕੇ ਮਰੇ, ਕਿੰਨਿਆਂ ਫਾਹਾ ਲਿਆ। ਕਿੰਨੀਆਂ ਦਾਜ ਦੀ ਬਲੀ ਚੜ੍ਹੀਆਂ। ਸਾਡੀ ਵੈਬਸਾਇਟ 'ਸਮੇਂ ਦੀ ਅਵਾਜ਼' www.sameydiawaaz.com ਤੇ ਜਾ ਕੇ ਵਾਚ ਸਕਦੇ ਹੋ। ਉਪਰਲੇ ਪਹਿਰੇ ਨੂੰ ਜੋ ਲਿਖ ਰਿਹਾ ਹਾਂ ਇਹ ਕੁੱਝ ਧਰਮੀ ਹੋਣ ਤੇ ਬਚਾਇਆ ਜਾ ਸਕਦਾ ਸੀ ! ਹੁਣ ਵੀ ਅਗਰ ਥੋੜਾ - ਬਹੁਤਾ ਧਿਆਨ ਦਿੱਤਾ ਜਾਏ ਕਿ ਧਰਮ ਇਨ੍ਹਾਂ ਬੁਰਿਆਈਆਂ ਨੂੰ ਰੋਕਦਾ ਕਿਉਂ ਹੈ ? ਅਗਰ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਧਰਮ ਵਿੱਚ ਵੜੇ ਬੇਰੂਪੀਏ ਅਨਸਰ ਨੂੰ ਉਖੇੜਣ, ਨਿਖੇੜਣ, ਉਦੇੜਣ ਦੀ ਲੋੜ ਹੈ। ਨਹੀਂ ਤਾਂ ਨਿਰੀ ਤਰਕਸ਼ੀਲੀ ਵੀ ਕਿਸੇ ਵਿੱਚ ਜਾਗਰਿਤੀ ਨਹੀਂ ਲਿਆ ਸਕੇਗੀ ।

ਸ੍ਰੀ ਮੇਘ ਰਾਜ ਮਿੱਤਰ ਜੀ ਤਰਕਸ਼ੀਲ ਜਾਂ ਵਿਗਿਆਨੀ ਹੋਣਾ ਕੋਈ ਬੁਰੀ ਗੱਲ ਨਹੀਂ ਹੈ। ਧਰਮ ਦੇ ਖਿਲਾਫ ਏਨਾਂ ਖੁੱਲ੍ਹਾ ਤੇ ਘਟੀਆ ਪ੍ਰਚਾਰ ਕਰਨਾ ਕੋਈ ਲਾਹੇਮੰਦੀ ਨਹੀਂ ਹੈ। ਅਗਰ ਕੋਈ ਇਸ ਤਰ੍ਹਾਂ ਕਿਸੇ ਵੀ ਧਰਮ ਤੇ ਅਟੈਕ ਕਰੇਗਾ ਤਾਂ ਕਿੱਤੇ ਨਾ ਕਿੱਤੇ ਟਕਰਾਓ, ਕਲੇਸ਼, ਝਗੜਾ ਜ਼ਰੂਰ ਹੋਵੇਗਾ ।

ਇੱਕ ਗੱਲ ਮੈਂ ਜ਼ਰੂਰ ਪੁੱਛਾਂਗਾ ਕਿ ਕੀ ਤਰਕਸ਼ੀਲ ਦਾ ਨਾਸਤਿਕ ਹੋਣਾ ਜ਼ਰੂਰੀ ਹੈ ਜਾਂ ਵਿਗਿਆਨ ਦੀ ਨਜ਼ਰ 'ਚ ਸਿਰਫ ਤਰਕਸ਼ੀਲ ਹੀ ਸਹਾਈ ਹੋ ਸਕਦਾ ਹੈ ? ਕੀ ਸਾਰੇ ਤਰਕਸ਼ੀਲ ਹੀ ਰਾਕਟਾਂ 'ਚ ਚੰਦਰਮਾਂ ਤੇ ਜਾਣਗੇ ? ਕੀ ਬਾਕੀ ਸਾਰੇ ਧਰਮੀਆਂ ਦੇ ਸਿਰ ਤੇ ਜੋ ਠੀਕਰੇ ਮੂਧੇ ਮਾਰੇ ਹੋਏ ਨੇ, ਉਨ੍ਹਾਂ ਨੂੰ ਇੱਥੇ ਹੀ ਧਰਤੀ ਤੇ ਛੱਡ ਜਾਓਗੇ ? ਅਗਰ ਤਾਂ ਤੁਸੀਂ ਇੰਝ ਵਿਸ਼ਾ ਛੇੜੋਂਗੇ ਤਾਂ ਸਾਰਥਿਕ ਜਾਂ ਵਧੀਆ ਗਿਆਨ 'ਚ ਵਾਧਾ ਹੁੰਦਾ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਤੇ ਨਾ ਹੀ ਇਹ ਕੋਈ ਤਰਕ ਹੈ ਤੇ ਨਾਹੀ ਕੋਈ ਦਲੀਲ। ਇਹ ਤਾਂ ਉਹ ਤੁਹਾਡੀ ਤਰਕਸ਼ੀਲੀ ਹੈ : 'ਜਾਟ ਰੇ ਜਾਟ, ਤੇਰੇ ਸਿਰ ਪਰ ਖਾਟ' ਜਾਂ 'ਤੇਲੀ ਰੇ ਤੇਲੀ, ਤੇਰੇ ਸਿਰ ਪਰ ਕੋਹਲੂ'

ਤੁਹਾਡੀ ਇੱਕ ਲਿਖਤ ਹੋਰ 'ਸ਼ਬਦਾਂ ਦੀ ਸ਼ਕਤੀ' ਵੀ ਪੜ੍ਹੀ ਹੈ, ਇਸਦਾ ਜਵਾਬ ਵੀ ਬਹੁਤ ਜਲਦ ਆਵੇਗਾ। ਤੁਹਾਨੂੰ ਖੁੱਲ੍ਹਾ ਸੱਦਾ ਹੈ, ਤੁਹਾਡੀ ਹਰ ਲਿਖਤ ਦਾ ਜਵਾਬ, ਨਾਲੋਂ ਨਾਲ ਮਿਲਦਾ ਰਹੇਗਾ ।

ਆਪ ਜੀ ਦਾ ਸ਼ੁਭਚਿੰਤਕ

ਸਤਨਾਮ ਸਿੰਘ ਬੱਬਰ
ਚੇਅਰਮੈਨ 'ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ'
ਪ੍ਰਧਾਨ 'ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ'
 


"ਕੀ ਧਰਮ ਵਿਗਿਆਨ ਤੋਂ ਉੱਪਰ ਹੈ?" - ਮੇਘ ਰਾਜ ਮਿੱਤਰ ਨੂੰ ਕੁਝ ਸਵਾਲ
ਕੁੱਲਬੀਰ ਸਿੰਘ ਸ਼ੇਰਗਿੱਲ, ਕੈਲਗਿੱਰੀ, ਕਨੈਡਾ (30/12/2010)

ਮੇਘ ਰਾਜ ਮਿੱਤਰ ਜੀ ਤੁਹਾਡਾ ਲੇਖ ਕੀ ਧਰਮ ਵਿਗਿਆਨ ਤੋਂ ਉੱਪਰ ਹੈ ਪੜ੍ਹਿਆ ਤੇ ਕੁੱਛ ਵਿੱਚਾਰ ਮੇਰੇ ਮੰਨ ਵਿੱਚ ਆਏ ਪੱੜ੍ਹ ਕੇ ਵਿਚਾਰਨੇ ਤੇ ਹੋ ਸਕੇ ਤਾਂ ਉੱਤਰ ਵੀ ਦੇਣਾ

ਜਦੋਂ ਵੀ ਅਸੀਂ ਕਿਸੇ ਬਾਰੇ ਜਾਂ ਕਿਸੇ ਮੁੱਦੇ ਤੇ ਗੱਲ ਕਰਨੀ ਹੋਵੇ ਚਾਹੇ ਉਹ ਮੁੱਦਾ ਰਾਜਨੀਤਕ ਹੈ, ਆਰਥਕ ਹੈ, ਧਾਰਮਿੱਕ ਹੈ, ਸਾਇਸ ਦਾ ਹੈ ਜਾਂ ਸੱਭਿਆਚਾਰਕ ਹੈ, ਬਿਨਾਂ ਵਿੱਚਾਰੇ ਤੋਂ ਗੱਲ ਨਾ ਕਰੋ ਤੁਸੀਂ ਧਾਰਮਿੱਕ ਮੁੱਦਾ ਵਿਗਿਆਨ ਦੇ ਨਾਲ ਛੇੜ ਤਾਂ ਬੇਠੈ ਪਰ ਗੱਲ ਕਿਸੇ ਸਿਰੇ ਨਹੀਂ ਲੱਗੀ ਕਾਰਨ ? ਮੇਰੇ ਮੁਤਾਬਕ ਕਾਰਨ ਇੱਕ ਹੀ ਹੈ ਕਿ ਤੁਸੀਂ ਆਪ ਅਧਿਆਤਮਿੱਕ ਧਰਮ ਤੋਂ ਕੋਰੇ ਹੋ ਸਿਰਫ ਆਰਥਿਕਤਾ ਦਾ ਧਰਮ ਹੀ ਪੜ੍ਹਿਆ ਹੈ ਜਿਸ ਨੂੰ ਅੰਗਰੇਜ਼ੀ ਕੋਮਨਿਜ਼ਮ ਤੇ ਇਮਪੀਰੀਅਲਿਜ਼ਮ ਕਹਿੰਦੇ ਹਨ

ਧਰਮ ਵਿਗਿਆਨ ਤੋਂ ਉਪਰ ਹੈ ਅਤੇ ਇਸ ਨੇ ਧਰਮ ਅੱਗੇ ਗੋਡੇ ਟੇਕ ਦਿੱਤੇ ਹਨ ਜਾਂ ਇਹ ਕਹਿ ਕਈਏ ਕਿ ਵਿਗਿਆਨ ਪੁਰੀ ਤਰਾਂ ਸਹਿਮਤ ਹੋ ਗਿਆ ਹੈ ਧਰਮ ਨਾਲ ਸਾਇੰਸ ਮੰਨਦੀ ਹੈ ਕਿ ਇਹ ਬ੍ਰਹਿਮੰਡ ਇੱਕ ਆਵਾਜ਼ ਤੋਂ ਬਣਿਆ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਬਿੱਗ-ਬੈਂਗ ਕਹਿੰਦੇ ਨੇ ਤੇ ਧਰਮ ਤਾਂ ਪਹਿਲਾਂ ਹੀ ਕਹਿ ਰਿਹਾ ਹੈ ਕਿ ਸਾਰਾ ਬ੍ਰਹਿਮੰਡ ਇਕ ਸ਼ੱਬਦ ਤੋਂ ਬਣਿਆ ਹੈ, ਇੱਕ ਆਵਾਜ਼ ਤੋਂ ਬਣਿਆ ਹੈ ਸਿੱਖ ਧਰਮ ਵਿੱਚ ਇਸ ਨੂੰ ਓਂਕਾਰ ਕਹਿੰਦੇ ਹਨ ਹਿੰਦੂ ਓਮ ਕਹਿੰਦੇ ਹਨ ਤੇ ਹੋਰ ਆਪੋ ਆਪਣੀ ਬੋਲੀ ਵਿੱਚ ਇਸ ਦੇ ਨਾਂ ਵੱਖ-2 ਲੈਂਦੇ ਹਨ

ਬ੍ਰਹਿਮੰਡ ਤੋਂ ਬਾਦ ਜੋ ਉਤਪਤੀ ਹੋਈ (ਜੀਵ ਜੰਤੂ ਤੇ ਬਨੱਸਪਤੀ) ਉਹ ਵੀ ਧਰਮ ਸ਼ਬਦ ਤੋਂ ਹੀ ਮੰਨਦੇ ਹਨ ਜੇ ਸਾਇੰਸ ਕੋਲ ਕੋਈ ਉੱਤਰ ਹੈ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਡਾਰਵਿਨ ਜੇ ਬਾਂਦਰ ਤੋਂ ਬੰਦੇ ਦੀ ਕਹਾਣੀ ਨਿਆਣਿਆ ਨੂੰ ਸੁਣਾਵੇ ਤਾਂ ਵੱਖਰੀ ਗੱਲ ਹੈ ਪਰ ਜੇ ਉਹ ਪੜ੍ਹਿਆ ਲਿਖਾਂਆਂ ਨੂੰ ਸੁਣਾਵੇ ਤਾਂ ਪੜ੍ਹਿਆਂ ਲਿੱਖਿਆ ਵਾਲਾ ਕੋਈ ਸਬੂਤ ਚਾਹੀਦਾ ਹੈਇਸ ਤਰਾਂ ਦੀਆਂ ਕਹਾਣੀਆਂ ਤਾਂ ਕੋਈ ਵੀ ਘੱੜ ਸੱਕਦਾ ਹੈ ਬਾਂਦਰ ਤੋਂ ਬੰਦਾ ਤੇ ਜੇ ਬਾਂਦਰ ਤੋਂ ਪਿੱਛੇ ਨੂੰ ਚੱਲੀਏ ਕਿ ਉਹ ਕਿਸ ਤੋਂ ਤੇ ਫਿਰ ਉਹ ਕਿਸ ਤੋਂ ਆਦਿ ਆਦਿ ਗੱਲ ਫਿਰ ਜਾ ਕੇ ਸ਼ੱਬਦ ਤੇ ਹੀ ਮੁੱਕੇਗੀ ਆਵਾਜ ਤੇ ਹੀ ਮੁੱਕੇਗੀਹੋਰ ਕਿੱਤੇ ਨਹੀਂ

ਮੇਘ ਰਾਜ ਜੀ ਧਰਮ ਅਧਿਆਤਮ ਦੀ ਖੋਜ ਵੀ ਕਰਦਾ ਹੈ ਤੇ ਪਦਾਰਥ ਦੀ ਵੀ ਪਰ ਸਾਇੰਸ ਸਿਰਫ ਪਦਾਰਥ ਦੀ ਹੀ ਖੋਜ ਕਰਦੀ ਹੈ ਮੁੱਢ ਕਦੀਮ ਤੋਂ ਜੋ ਜੜ੍ਹੀ ਬੂਟੀਆਂ ਦੀਆਂ ਦੁਆਈਆਂ ਸਨ ਉਹ ਸਾਇੰਸ ਨੇ ਨਹੀਂ ਸਗੋਂ ਸੰਤਾਂ ਤੇ ਮਹਾਤਮਾਂ ਦੀਆਂ ਹੀ ਪਰਦਾਨ ਕੀਤੀਆਂ ਹੋਈਆਂ ਹਨ ਸਦੀਆਂ ਪਹਿਲਾਂ ਪਿੰਡਾਂ ਵਿੱਚ ਰਹਿੰਦੇ ਸਿਆਣੇ ਸਾਇੰਸਦਾਨ ਨਹੀਂ ਸਨ ਉਹ ਧਾਰਮਿੱਕ ਪੁਰਸ਼ ਹੀ ਸਨ ਹਾਂ ਧਰਮ ਤੇ ਜਦੋਂ ਲੋੱਟੂ ਜਮਾਤ ਦਾ ਕੱਬਜ਼ਾ ਹੋ ਜਾਂਦਾ ਹੈ ਉਦੋਂ ਅਣ ਹੋਣੀਆਂ ਗੱਲਾਂ ਹੋਣ ਲੱਗ ਪੈਂਦੀਆਂ ਹਨ ਜਿਵੇਂ ਧਰਮ ਦੇ ਨਾਂ ਤੇ ਕੱਤਲ ਜਾਂ ਹੋਰ ਕਈ ਕੁੱਝ, ਧਰਮ ਦੇ ਨਾਂ ਤੇ ਵੱਰਨ ਵੰਡ ਜਾਂ ਜਾਤ ਪਾਤ ਵਗੈਰਾ ਲੋੱਟੂ ਰਾਜ ਦੀ ਪਹਿਚਾਣ ਤੁਹਾਨੂੰ ਕਰਨੀ ਨਹੀਂ ਆਈ ਤੇ ਧਰਮਾਂ ਨੂੰ ਬਿਨਾਂ ਸੋਚੇ ਭੰਡਣ ਲੱਗ ਪਏ ਤੱਰਕਸ਼ੀਲ ਕਿਸ ਗੱਲ ਦੇ ਹੋਏ?

ਵਿਗਿਆਨ ਧਰਮ ਤੋਂ ਸ਼ੁਰੂ ਹੋਇਆ ਹੈ ਭਾਈ ਸਾਹਿਬ ਜੀ ਸੰਤਾਂ ਮਹਾਤਮਾਂ ਦੀਆਂ ਜੜ੍ਹੀ ਬੂਟੀਆਂ ਦੀ ਗੱਲ ਸਾਇੰਸ ਨੇ ਅੱਗੇ ਤੋਰੀ ਹੈ ਤੇ ਖੋਜਾਂ ਕੀਤੀਆਂ ਹਨ ਤੁਸੀਂ ਜਿਸ ਚੰਦ ਤੇ ਜਾਣ ਦੀ ਗੱਲ ਕਰਦੇ ਹੋ ਉਸ ਦਾ ਆਧਾਰ ਸਿੱਖ ਧਰਮ ਹੈਸਿੱਖ ਧਰਮ ਲੱਖਾਂ ਆਕਾਸ਼ਾ ਦੀ ਗੱਲ ਕਰਦਾ ਹੈ ਸਾਇੰਸ ਅਜੇ ਸਿਰਫ ਇਕ ਚੰਦ ਤੇ ਪਹੁੰਚੀ ਹੈ ਅਜੇ ਹੋਰ ਜਾਣਾ ਬਾਕੀ ਹੈ ਵਿਗਿਆਨ ਦਾ ਸ਼ੁਰੂਆਤੀ ਸੰਮਤ ਇੱਤਨਾ ਪੁਰਣਾ ਨਹੀਂ ਜਿਤਨਾਂ  ਧਰਮ ਦਾ ਹੈ ਜਿਸ ਸਾਇੰਸ ਨਾਲ ਤੁਸੀ ਸੁੱਖ ਦੀ ਗੱਲ ਕਰਦੇ ਹੋ ਉਹ ਸੁੱਖ ਪਦਾਰਥ ਦਾ ਹੀ ਹੈ ਸਾਇੰਸ ਸਿਰਫ ਤੇ ਸਿਰਫ ਪਦਾਰਥ ਦੀ ਹੀ ਖੋਜ ਕਰਦੀ ਹੈ ਸਾਈਸ ਦੁੱਖ ਤੇ ਸੁੱਖ ਦੀ ਖੋਜ ਨਹੀਂ ਕਰ ਸੱਕਦੀ ਅੰਦਰੂਨੀ ਸ਼ਾਂਤੀ ਇੱਕ ਵੱਖਰੀ ਤਰਾਂ ਦਾ ਸੁੱਖ ਹੈ ਜਿਹੜਾ ਨਾ ਤਾਂ ਕੋਈ ਦੇ ਸਕਦਾ ਹੈ ਤੇ ਨਾਂ ਵੰਡਿਆ ਜਾ ਸਕਦਾ ਹੈ

ਆਮ ਤੋਰ ਤੇ ਧਰਮ ਨੂੰ ਨਾ ਮੰਨਣ ਵਾਲੇ ਲੋਕ ਇਹ ਚਾਹੁੰਦੇ ਹਨ ਕਿ ਸਾਨੂੰ ਕੋਈ ਰੱਬ ਦਿੱਖਾ ਦੇਵੇ ਤਾਂ ਮੰਨੀਏ ਰੱਬ ਤਿੰਨਾਂ ਗੁਣਾਂ (ਰੂਪ, ਰੰਗ ਤੇ ਰੇਖ) ਵਿੱਚ ਨਹੀਂ ਆਉਂਦਾ ਰੱਬ ਕਿਸੇ ਜੋੜ (ਮਿੱਟੀ, ਪਾਣੀ, ਹਵਾ, ਅਗਨੀ ਤੇ ਆਕਾਸ਼) ਨਾਲ ਨਹੀਂ ਬਣਦਾ ਇਨਾਂ ਜੋੜਾਂ ਨਾਲ ਸਿਰਫ ਬ੍ਰਹਿਮੰਡ ਤੇ ਇਸ ਵਿੱਚ ਜੀਵ ਜੰਤੂ ਹੀ ਬਣਦੇ ਹਨ ਤੇ ਇਹਨਾਂ ਦੇ ਰੂਪ, ਰੰਗ ਤੇ ਰੇਖ ਹੁੰਦੇ ਨੇ ਧਰਮ ਨੂੰ ਸੱਮਝਣ ਦੀ ਕੋਸ਼ਿਸ਼ ਕਰੋ ਕਿ ਧਰਮ ਕਹਿੰਦਾ ਕੀ ਹੈ ਜਰੂਰੀ ਨਹੀਂ ਕਿ ਧਰਮ ਤੁਹਾਡੀ ਮੰਗ ਪੁਰੀ ਕਰ ਸਕੇ ਤੁਸੀਂ ਤੇ ਅਸੀ ਰੱਬ ਦੇ ਬਣਾਏ ਹਾਂ ਨਾ ਕਿ ਰੱਬ ਸਾਡਾ ਤੇ ਤੁਹਾਡਾ ਬਣਾਇਆ ਹੋਇਆ ਧਰਮ, ਮਹਾਂਪੁਰਸ਼ਾਂ ਦੇ ਜਾਂ ਕਹਿ ਲਉ ਪੈਗੰਬਰਾਂ ਦੇ ਬਣਾਏ ਹੋਏ ਸਿਧਾਂਤ ਹਨ ਜਿਨ੍ਹਾਂ ਮੁਤਾਬਕ ਇਨਸਾਨ ਨੂੰ ਅੰਦਰੂਨੀ ਤੇ ਬਾਹਰੀ ਜ਼ਿੰਦਗੀ ਚਲਾਉਣ ਨੂੰ ਕਿਹਾ ਗਿਆ ਹੈ

ਤੁਹਾਡਾ ਸਵਾਲ- ਕੀ ਖੋਜਾਂ ਧਾਰਮਿਕ ਗ੍ਰੰਥਾਂ ਵਿਚ ਪਹਿਲਾ ਹੀ ਦਰਜ ਹੁੰਦੀਆਂ ਹਨ? ਭਾਈ ਸਾਹਿਬ ਜੀ ਨਹੀਂ ਸਾਰੀਆਂ ਖੋਜਾਂ ਧਾਰਮਿਕ ਗ੍ਰੰਥਾਂ ਵਿੱਚ ਦਰਜ ਨਹੀਂ ਹਨ ਜੋ ਵੀ ਕੋਈ ਖੋਜ ਕਿਸੇ ਗ੍ਰੰਥ ਵਿੱਚ ਦਰਜ ਹੈ ਉਹ ਉਸ ਮਹਾਂਪਰਸ਼ ਦੀ ਉਸ ਵੇਲੇ ਦੀ ਸੋਚ ਮੁਤਾਬਕ ਕੀਤੀ ਹੋਈ ਖੋਜ ਹੀ ਹੈ ਗ੍ਰੰਥ ਲਿੱਖਣ ਤੋਂ ਬਾਦ ਦੀਆਂ ਖੋਜਾਂ ਗ੍ਰੰਥਾਂ ਵਿੱਚ ਦਰਜ ਨਹੀਂ ਹਨ ਸਾਇੰਸ ਦੀ ਤਰਾਂ ਉਹੀ ਖੋਜਾਂ ਦਰਜ ਹਨ ਜੋ ਉਸ ਸਮੇ ਹੋਈਆਂ ਅਧਿਆਤਮਵਾਦੀ ਖੋਜ ਤੁਹਾਨੂੰ ਸਮਝ ਨਹੀ ਆਵੇਗੀ ਕਿਉਕਿ ਸਾਇੰਸ ਸਿਰਫ ਦ੍ਰਿਸ਼ਿਟ ਤੱਕ ਹੀ ਸੀਮਤ ਹੈ ਅਦ੍ਰਿਸ਼ਿਟ ਤੱਕ ਨਹੀ

ਕੀ ਮਨੁੱਖ ਨੂੰ ਮਰਨ ਕਿਨਾਰੇ ਪੁੱਜ ਕੇ ਪ੍ਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ? ਭਾਈ ਸਾਹਿਬ ਜੀ ਤੁਸੀਂ ਬਹੁਤੇ ਸਵਾਲ ਆਪ ਹੀ ਘੜੇ ਹਨ ਤੇ ਆਪ ਹੀ ਜੁਆਬ ਦੇਈ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਮੁਤਾਬਕ ਇਸ ਤਰਾਂ ਦੇ ਪੁਰਸ਼ ਨੂੰ ਸਿਆਣਾ ਪੁਰਸ਼ ਨਹੀਂ ਮੰਨਦੇ ਗੁੱਸਾ ਨਾ ਕਰਨਾ ਮਰਨ ਕਿਨਾਰੇ ਪਹੁੰਚੇ ਇਹਸਾਨ ਨੂੰ ਪਰਮਾਤਮਾ ਦੇ ਦਰਸ਼ਨਾ ਦਾ ਤਾਂ ਪਤਾ ਨਹੀਂ ਪਰ ਮੌਤ ਦੇ ਦਰਸ਼ਨ ਜਰੂਰ ਹੋਣ ਲੱਗ ਪੈਂਦੇ ਹਨ ਆਖਰੀ ਘੜੀਆਂ ਦੀ ਗਿਣਤੀ ਮੋਤ ਦੀ ਉਡੀਕ ਹੀ ਹੂੰਦੀ ਹੈ ਹੋਰ ਕੁੱਛ ਨਹੀਂ ਮੋਤ ਦਾ ਟੂੱਕ ਮਾਤਰ ਇਸ਼ਾਰਾ ਜਾਂ ਕਹਿ ਲਉ ਕਿ ਦਰਸ਼ਨ ਕਬਰਿਸਿਤਾਨ ਜਾ ਕੇ ਜਰੂਰ ਹੋ ਜਾਂਦਾ ਹੈ ਜਦੋਂ ਕਿਸੇ ਨੂੰ ਦਾਗ ਦੇਣ ਜਾਂਦੇ ਹਾਂ ਤੱਰਕ ਦੀ ਗੱਲ ਕਰਨ ਲਈ ਤੱਰਕ ਹੀ ਚਾਹੀਦਾ ਹੈ ਭਾਂਵੇਂ ਥੋਹੜਾ ਹੀ ਹੋਵੇ, ਸੁੱਖੇ ਵਾਲੇ ਪਕੋੜੇ ਨਹੀਂ

ਘਟਨਾਵਾਂ ਸਿਰਫ਼ ਨੰਗੀ ਅੱਖ ਨਾਲ ਹੀ ਵੇਖੀਆਂ ਜਾ ਸਕਦੀਆਂ ਹਨ? ਇਸ ਗੱਲ ਦਾ ਜੁਆਬ ਤੁਸੀਂ ਆਪ ਵੀ ਚੰਗੀ ਤਰਾਂ ਨਹੀਂ ਦੇ ਸਕੇ ਭਾਈ ਸਾਹਿਬ ਜੀ ਤੁਸੀਂ ਫਿਰ ਪਦਾਰਥ ਨੂੰ ਵੇਖਣ ਦੀ ਹੀ ਗੱਲ ਕੀਤੀ ਹੈ ਪਰਮਤਮਾ ਨੂੰ ਮਹਿਸੂਸ ਕਰਨ ਦਾ ਪ੍ਰਚਾਰ ਗੱਲਤ ਨਹੀਂ ਹੈ ਠੀਕ ਹੀ ਹੈ ਪਰਮਾਤਮਾ ਕਿਸੇ ਵੀ ਚੀਜ਼ ਨਾਲ ਵੇਖਿਆ ਨਹੀਂ ਜਾ ਸਕਦਾ ਉਹ ਗੁਪਤ ਅੱਖਾਂ ਨਾਲ ਹੀ ਵੇਖਆ ਜਾ ਸਕਦਾ ਹੈ ਜਾਂ ਕਹਿ ਲਉ ਮਹਿਸੂਸ ਕੀਤਾ ਜਾ ਸਕਦਾ ਹੈ ਦਾਸ ਨੇ ਉਪਰ ਦੱਸਿਆ ਹੈ ਕਿ ਉਸ ਦਾ ਕੋਈ ਰੂਪ, ਰੰਗ ਤੇ ਰੇਖ ਨਹੀਂ ਹੈ ਤੇ ਨਾ ਹੀ ਉਹ ਕਿਸੇ ਤੱਤ ਤੋਂ ਬਣਿਆ ਹੈ ਤੁਹਾਨੂੰ ਕਿਸ ਤਰਾਂ ਸਮਝਾਇਆ ਜਾਵੇ ਤੁਸੀ ਸੱਭ ਕੁੱਛ ਮੁੱਫਤ ਵਿੱਚ ਭਾਲਦੇ ਹੋ ਸਿਰਫ ਉਸ ਦੀ ਨੁਕਤਾ ਚੀਨੀ ਕਰਕੇ ਆਪ ਕੁੱਛ ਨਹੀਂ ਕਰਨਾ ਚਾਹੂੰਦੇ ਇਹ ਵੀ ਜਰੂਰੀ ਨਹੀਂ ਕਿ ਜਿਹਨਾਂ ਨੂੰ ਤੁਸੀਂ ਮਿਲੇ ਹੋ ਉਹਨਾਂ ਨੂੰ ਰੱਬ ਹੀ ਮਿਲਿਆ ਹੋਵੇ ਅੱਜਕੱਲ ਪਾਖੰਡ ਜਿਆਦਾ ਭਾਰੂ ਹੋਇਆ ਬੈਠਾ ਹੈ ਕਈ ਰੋਟੀਆਂ ਦੀ ਖਾਤਰ ਸਾਰੀ ਉਮਰ ਲੰਘਾ ਦਿੰਦੇ ਹਨ ਰੱਬ ਦਾ ਨਾਂ ਉਹਨਾਂ ਦੇ ਨੇੜੇ ਤੇੜੇ ਨਹੀਂ ਹੂੰਦਾਤੁਸੀਂ ਆਪ ਵੀ ਤਾਂ ਕੁੱਛ ਕਰ ਕੇ ਵੇਖੋ ਇਸ ਤਰਾਂ ਦੱਸ ਪੁੱਛ ਕੇ ਨਹੀਂ ਪਤਾ ਲੱਗਣਾ ਕਿ ਰੱਬ ਹੈ ਜਾਂ ਨਹੀਂ ਤੁਸੀਂ ਲਿੱਖਿਆ ਹੈ ਬੁੱਧ ਧਰਮ ਦਾ ਯਕੀਨ ਰੱਬ ਵਿਚ ਨਹੀਂ ਹੈ ਕਿਸ ਗ੍ਰੰਥ ਵਿੱਚੋਂ ਪੱੜ੍ਹ ਲਿਆ ਤੁਸੀ? ਜਰਾ ਨਾਮ ਤੇ ਸਫਾ ਨੰਬਰ ਦੱਸਣਾ

ਜੇ ਦੁਨੀਆਂ ਦੇ ਸਭ ਤੋਂ ਵੱਧ ਧਰਮ ਅਤੇ ਉਨ੍ਹਾਂ ਨੂੰ ਮੰਨਣ ਵਾਲੇ ਸਾਡੇ ਦੇਸ਼ ਵਿਚ ਹਨ ਤਾਂ ਭਾਈ ਸਾਹਿਬ ਜੀ ਤੁਹਾਡੀ ਤਰਕਸ਼ੀਲ ਬੁੱਧੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੁੱਨੀਆਂ ਦਾ ਸੱਭ ਤੋਂ ਘਿਨਾਉਣਾ ਸਾਮਰਾਜ ਜਿਸ ਦਾ ਨਾਂ ਹਿੰਦੂ ਸਾਮਰਾਜ ਹੈ ਉਹ ਇਸੇ ਦੇਸ਼ ਵਿੱਚ ਸਦੀਆਂ ਤੋਂ ਜੜ੍ਹਾਂ ਲਾਈ ਬੈਠਾ ਹੈ ਜਿਸ ਕਰਕੇ ਰਿਸ਼ਵਤਖੋਰੀ ਤੇ ਡਾਕੇ ਪੈ ਰਹੇ ਹਨ ਇਹ ਰਿਸ਼ਵਤਖੋਰੀ ਧਰਮਾਂ ਕਰਕੇ ਨਹੀਂ ਹੈ ਧਰਮਾਂ ਉਤੇ ਸਾਮਰਾਜ ਦਾ ਕੱਬਜ਼ਾ ਕਰਕੇ ਹੈ ਸੱਮਝਣ ਦੀ ਕੋਸ਼ਿਸ਼ ਕਰੋ

ਧੰਨਵਾਦ ਸਹਿਤ
ਕੁੱਲਬੀਰ ਸਿੰਘ ਸ਼ੇਰਗਿੱਲ
ਕੈਲਗਿੱਰੀ, ਕਨੈਡਾ
E mail; kshergill1@hotmail.com

 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com