WWW 5abi.com  ਪੰਨਿਆ ਵਿੱਚ ਸ਼ਬਦ ਭਾਲ
ਗਦਰੀ ਬਾਬਾ ਰੂੜ ਸਿੰਘ
ਦਰਸ਼ਨ ਸਿੰਘ ਭੁੱਲਰ
ਸ਼ਹੀਦੋਂ ਕੀ ਚਿਤਾਓ ਪੇ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾ ਹੋਗਾ।

ਗਦਰ ਲਹਿਰ ਨੂੰ ਆਜ਼ਾਦੀ ਦੀਆਂ ਲੜਾਈਆਂ ਵਿੱਚੋਂ ਨਿਵੇਕਲੀ ਹੋਣ ਦਾ ਮਾਣ ਪ੍ਰਾਪਤ ਹੈ। ਪਿੰਡ ਢੁੱਡੀਕੇ ਨੂੰ ਗਦਰ ਪਾਰਟੀ ਦਾ ਸਬ ਸੈਂਟਰ ਮੰਨਿਆ ਗਿਆ ਹੈ। ਗਦਰੀ ਬਾਬਾ ਰੂੜ ਸਿੰਘ ਦਾ ਜਨਮ ਪਿੰਡ ਤਲਵੰਡੀ ਭੰਗੇਰੀਆਂ, ਜਿਲ੍ਹਾ ਮੋਗਾ ਵਿਖੇ ਸ੍ਰ. ਸਮੁੰਦ ਸਿੰਘ ਦੇ ਘਰ ਹੋਇਆ। ਸਰਕਾਰੀ ਰਿਕਾਰਡ ਵਿੱਚ ਆਪ ਜੀ ਨੂੰ ਸ੍ਰ. ਰੂੜ ਸਿੰਘ ਢੁੱਡੀਕੇ (ਤਲਵੰਡੀ ਦੁਸਾਂਝ) ਕਰਕੇ ਜਾਣਿਆ ਜਾਂਦਾ ਹੈ।ਪਿੰਡ ਢੁੱਡੀਕੇ ਪਹਿਲਾਂ ਫਿਰੋਜ਼ਪੁਰ ਜਿਲ੍ਹੇ ਵਿੱਚ ਪੈਂਦਾ ਸੀ। ਆਪ ਜੀ ਦੀ ਇੱਕ ਭੈਣ ਢੁੱਡੀਕੇ ਵਿਖੇ ਵਿਆਹੀ ਹੋਈ ਸੀ, ਪਰ ਕੁਦਰਤ ਦਾ ਭਾਣਾ ਅਜਿਹਾ ਵਾਪਰਿਆ ਕਿ ਆਪ ਜੀ ਦਾ ਭਣੋਈਆ ਅਤੇ ਭੈਣ ਰੱਬ ਨੂੰ ਪਿਆਰੇ ਹੋ ਗਏ। ਉਹਨਾਂ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋਰ ਕੋਈ ਨਾ ਕਰਨ ਵਾਲਾ ਹੋਣ ਕਾਰਣ ਬੱਚਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਆਪ ਜੀ ਦੇ ਸਿਰ ਪੈ ਗਈ, ਇਸ ਕਰਕੇ ਆਪ ਜੀ ਢੁੱਡੀਕੇ ਵਿਖੇ ਹੀ ਰਹਿਣ ਲੱਗ ਪਏ।

ਢੁੱਡੀਕੇ ਵਿਖੇ ਆਪ ਜੀ ਦੀ ਭੈਣ ਦਾ ਘਰ ਗਦਰੀ ਬਾਬਾ ਪਾਖਰ ਸਿੰਘ ਦੇ ਘਰ ਦੇ ਬਹੁਤ ਨਜ਼ਦੀਕ ਸੀ, ਜਿਸ ਦੇ ਫਲਸਰੂਪ ਆਪ ਜੀ ਦੀ ਬਾਬਾ ਜੀ ਦੇ ਨਾਲ ਬਹੁਤ ਨੇੜਤਾ ਹੋ ਗਈ। ਇਹ ਨੇੜਤਾ ਆਪ ਜੀ ਨੂੰ ਇੱਕ ਦਿਨ ਗਦਰ ਪਾਰਟੀ ਦਾ ਮੈਂਬਰ ਬਣਨ ਤੱਕ ਲੈ ਆਈ। ਬਾਬਾ ਪਾਖਰ ਸਿੰਘ ਦੇ ਖੂਹ ਅਤੇ ਪ੍ਰਾਇਮਰੀ ਸਕੂਲ ਵਿਖੇ ਹੋਣ ਵਾਲੀਆਂ ਮੀਟਿੰਗਾਂ ਵਿੱਚ ਬਾਬਾ ਰੂੜ ਸਿੰਘ ਜੀ ਹਿੱਸਾ ਲੈਣ ਲੱਗ ਪਏ। ਆਪ ਜੀ ਤੋਂ ਇਲਾਵਾ ਪਿੰਡ ਢੁੱਡੀਕਿਆਂ ਦੇ 14 ਗਦਰੀ ਬਾਬੇ ਇਸ ਲਹਿਰ ਨਾਲ ਸਬੰਧਿਤ ਸਨ। ਬਾਬਾ ਰੂੜ ਸਿੰਘ ਤਲਵੰਡੀ ਭੰਗੇਰੀਆਂ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਬੀਰ ਸਿੰਘ ਬਾਹੋਵਾਲ ਅਤੇ ਭਾਈ ਰੰਗਾ ਸਿੰਘ ਖੁਰਦਪੁਰ ਨੂੰ 18 ਜੂਨ, 1916 ਨੂੰ ‘ਪਹਿਲਾ ਲਾਹੌਰ ਸਾਜ਼ਿਸ਼ ਕੇਸ’ ਤਹਿਤ ਅੰਗਰੇਜੀ ਹਕੂਮਤ ਨੇ ਫਾਂਸੀ ਉਪਰ ਲਟਕਾ ਦਿੱਤਾ।

ਦੇਸ਼ ਭਗਤ ਯਾਦਗਾਰੀ ਹਾਲ ਵੱਲੋਂ ਕੱਢੇ ਗਏ ਚੇਤਨਾ ਮਾਰਚ ਦੀ ਸ਼ੁਰੂਆਤ ਵੀ ਗਦਰੀ ਬਾਬਾ ਰੂੜ ਸਿੰਘ ਜੀ ਦੇ ਜਨਮ ਸਥਾਨ ਪਿੰਡ ਤਲਵੰਡੀ ਭੰਗੇਰੀਆਂ ਤੋਂ ਸ਼ੁਰੂ ਕੀਤਾ ਸੀ ਤੇ ਗਦਰ ਲਹਿਰ ਦੌਰਾਨ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਜਨਮ ਸਥਾਨਾ ਤੇ ਇਸ ਕਾਫਲੇ ਨੇ ਪਹੁੰਚ ਕੀਤੀ ਸੀ।

ਇਸ ਮਹਾਨ ਗਦਰੀ ਸ਼ਹੀਦ ਦੀ ਯਾਦ ਵਿੱਚ ਪਿੰਡ ਤਲਵੰਡੀ ਭੰਗੇਰੀਆਂ ਜਿਲ੍ਹਾ ਮੋਗਾ ਵਿਖੇ ਸਮੁੱਚੇ ਪਿੰਡ ਵਾਸੀਆਂ ਨੇ ਸਹਿਯੋਗੀ ਪਿੰਡਾਂ (ਖਾਸ ਕਰਕੇ ਗਦਰ ਮੈਮੋਰੀਅਲ ਕਮੇਟੀ ਮਾਲਵਾ ਜ਼ੋਨ ਢੁੱਡੀਕੇ) ਦੀ ਪ੍ਰੇਰਨਾ ਸਦਕਾ “ਗਦਰੀ ਬਾਬਾ ਰੂੜ ਸਿੰਘ ਇੰਟਰਨੈਸ਼ਨਲ ਸੱਭਿਆਚਾਰਕ ਤੇ ਸਮਾਜ ਭਲਾਈ ਕਲੱਬ (ਰਜਿ.) ਤਲਵੰਡੀ ਭੰਗੇਰੀਆਂ” ਦੀ ਸਥਾਪਨਾ ਕੀਤੀ ਹੈ ਤੇ ਦੇਸ਼ ਦੀ ਅਜ਼ਾਦੀ ਦੀ ਲੜ੍ਹਾਈ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਗਦਰੀ ਬਾਬਿਆਂ ਦੀ ਯਾਦ ਵਿੱਚ ਹਰ ਸਾਲ ਮੇਲਾ ਮਨਾਇਆ ਜਾਂਦਾ ਹੈ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਕਲੱਬ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਮਹਾਨ ਅਣਗੌਲੇ ਸ਼ਹੀਦ ਦੀ ਪਵਿੱਤਰ ਯਾਦਗਾਰ ਪਿੰਡ ਵਿੱਚ ਜਾਂ ਕਿਸੇ ਢੁਕਵੀਂ ਜਗਾ ਤੇ ਬਣਾਈ ਜਾਵੇ।

ਦਰਸ਼ਨ ਸਿੰਘ ਭੁੱਲਰ, ਪ੍ਰਧਾਨ, ਗਦਰੀ ਬਾਬਾ ਰੂੜ ਸਿੰਘ ਇੰਟਰਨੈਸ਼ਨਲ ਸੱਭਿਆਚਾਰਕ ਤੇ ਸਮਾਜ ਭਲਾਈ ਕਲੱਬ (ਰਜਿ.) ਤਲਵੰਡੀ ਭੰਗੇਰੀਆਂ (ਮੋਗਾ)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com