ਉਸ ਨੂੰ ਵੇਖ ਕੇ ਮੈਂ ਰੁੱਕ ਗਿਆ, ਉਹ ਆਂਡਿਆਂ ਵਾਲੀ ਰੇਹੜੀ ਤੇ ਖੜਾ
ਆਂਡੇ ਖਾ ਰਿਹਾ ਸੀ। ਮੈਂ ਉਸਨੂੰ ਮਜ਼ਾਕ ਨਾਲ ਕਿਹਾ, “ਕੱਲ੍ਹਾ-ਕੱਲ੍ਹਾ,
ਕਿਉਂ? ਤੈਨੂੰ ਹੋਰ ਕੋਈ ਨਜ਼ਰ ਨਹੀਂ ਆ ਰਿਹਾ…..।”
“ਸੰਦੀਪ
ਤੂੰ ਖਾ! ਲੈ ਗ਼ਾਰ ਯਾਰ ਤੇਰੇ ਨਾਲੋਂ ਆਂਡੇ ਚੰਗੇ, ਹੋਰ ਦੱਸ ਕੀ
ਖਾਣਾ…….।”
ਮੈਂ ਨੇੜੇ ਆਇਆ ਤਾਂ ਉਸਦੇ ਮੂੰਹ ਵਿੱਚੋਂ ਲਾਹਨ ਦੀ ਭੈੜੀ ਜਿਹੀ ਬਦਬੂ
ਆਈ। ਆਂਡਾ ਵਿੱਚ ਹੀ ਛੱਡ ਕੇ ਉਸਨੇ ਮੈਨੂੰ ਘੁੱਟ ਕੇ ਜੱਫੀ ਪਾ ਲਈ।
“ਮੇਰਾ ਭਾਅ ਆ ਗਿਆ! ਕੀ ਖਾਣਾ ਹੈ? ਪੈਸੇ ਦੀ ਤਾਂ ਮਾਹਰਾਜ ਦੀ ਕ੍ਰਿਪਾ
ਹੈ। ਕੋਈ ਹੋਰ ਸੇਵਾ ਦੱਸ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਹੈ…..।” ਉਸ
ਦੀਆਂ ਗੱਲਾਂ ਸੁਣ ਕੇ ਮੇਰਾ ਹਾਸਾ ਨਿਕਲ ਗਿਆ।
“ਮਾਮਾ ਤੇਰੇ ਉੱਤੇ ਤਾਂ ਸਦਾ ਹੀ ਮਾਹਰਾਜ ਦੀ ਕ੍ਰਿਪਾ ਹੁੰਦੀ ਹੈ, ਹੋਰ
ਸੁਣਾ ਤੇਰਾ ਕੀ ਹਾਲ ਹੈ….?” ਗੱਲਾਂ ਕਰਦੇ ਕਰਦੇ ਇੰਨ੍ਹੇ ਨੂੰ ਇੱਕ ਹੋਰ
ਬੰਦਾ ਆਇਆ। ਉਹ ਜਸਪਾਲ ਦਾ ਜੀਜਾ ਲੱਗਦਾ, ਮੈਨੂੰ ਚੰਗੀ ਤਰ੍ਹਾਂ ਜਾਣਦਾ
ਸੀ। ਆਉਂਦੇ ਹੀ ਬੋਲਿਆ, “ਸਤਿ ਸ੍ਰੀ ਅਕਾਲ ਭਾਅ ਜੀ…!” ਅੱਗੋਂ ਮੈਂ ਵੀ
ਗਰਮ ਜੋਸੀ ਨਾਲ ਸਵਾਗਤ ਕਰਦੇ ਹੋਏ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ।
“ਹੋਰ ਸੁਣਾਉ ਕੀ ਹਾਲ ਹੈ…?” ਮੈਂ ਕਿਹਾ।
“ਬੱਸ ਠੀਕ ਹੈ, ਤੁਸੀਂ ਸੁਣਾਉ ਘਰ ਪਰਵਾਰ ਦਾ ਕੀ ਹਾਲ ਹੈ…?” ਉਹ ਜਸਪਾਲ
ਨੂੰ ਕਹਿੰਦਾ ਬੋਲਿਆ, “ਤੂੰ ਇੱਥੇ ਕੀ ਕਰਦਾ ਪਿਆ ਹੈਂ…?” ਜਸਪਾਲ ਉਸ
ਬੰਦੇ ਕੋਲ ਆਇਆ ਤੇ ਬੋਲਿਆ, ਜੀਜਾ ਜੀ ਆਂਡੇ ਖਾਂਦਾ ਪਿਆ ਹਾਂ, ਤੁਸੀਂ
ਵੀ ਖਾ ਲਉ। ਦੋ ਆਂਡੇ ਹੋਰ ਦੇਵੀਂ, ਜਸਪਾਲ ਨੇ ਆਖਿਆ।
“ਨਹੀਂ.. ਜਸਪਾਲ ਮੈਂ ਆਂਡੇ ਨਹੀਂ ਖਾਣੇ…।”
“ਕਿਉਂ ਨਹੀ ਖਾਣੇ ਜੀਜਾ ਜੀ..? ਇਹ ਵੀ ਕੋਈ ਗੱਲ ਹੋਈ…।” ਮੱਲੋ-ਮੱਲੀ
ਜਸਪਾਲ ਨੇ ਪਲੇਟ ਜੀਜੇ ਅੱਗੇ ਕਰ ਦਿੱਤੀ…।
“ਭਾਅ ਜੀ ਤਾਂ ਆਂਡੇ ਖਾਂਦੇ ਨਹੀਂ……।” ਜਸਪਾਲ ਦੇ ਜੀਜੇ ਨੇ ਮੈਨੂੰ
ਕਿਹਾ..।”
“ਸੰਦੀਪ ਮੇਰਾ ਭਾਅ ਹੈ। ਇਸ ਲਈ ਤਾਂ ਜਾਨ ਵੀ ਹਾਜ਼ਰ ਹੈ, ਅਗਰ ਕੋਈ ਇਸਦੀ
ਸ਼ਾਨ ਦੇ ਖਿਲਾਫ ਕੁੱਝ ਕਹੇ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ….”
ਮੇਰੇ ਪ੍ਰਤੀ ਜਸਪਾਲ ਮੋਹ ਵਿਖਾਉਂਦਾ ਹੋਇਆ ਬੋਲਿਆ। ਚੱਲੋ ਭਾਅ ਜੀ ਘਰ
ਚੱਲੋ, ਘਰ ਨੇੜੇ ਹੀ ਹੈ, ਮੈਂ ਕਿਹਾ। ਜੀਜੇ ਨੇ ਆਪਣਾਪਨ ਵਿਖਾਉਂਦੇ
ਮੈਨੂੰ ਕਿਹਾ, “ਕੋਈ ਨਹੀਂ ਫਿਰ ਚੱਲਾਂਗੇ। ਅੱਜ ਮੈਨੂੰ ਘਰ ਕੁੱਝ ਕੰਮ
ਹੈ, ਛੇਤੀ ਜਾਣਾ ਹੈ…।”
ਮੇਰੇ ਅੰਦਰ ਜਸਪਾਲ ਅਤੇ ਉਸਦੇ ਜੀਜੇ ਪ੍ਰਤੀ ਮੋਹ ਜਾਗਿਆ। ਇਹ ਲਫਜ਼ ਕਹਿ
ਕੇ ਮੈਂ ਉਥੋਂ ਤੁਰ ਪਿਆ।
ਜਸਪਾਲ ਨਾਲ ਮੇਰੇ 15-16 ਸਾਲ ਪੁਰਾਣੇ ਸਬੰਧ ਹਨ। ਅਸੀਂ ਇਕੱਠੇ ਹੀ ਕੰਮ
ਕਰਦੇ ਹਾਂ। ਇਹ ਫੈਕਟਰੀ ਜਸਪਾਲ ਦੇ ਮਾਮੇ ਦੀ ਹੈ। ਜਸਪਾਲ ਬਚਪਨ ਤੋਂ ਹੀ
ਇਸ ਫੈਕਟਰੀ ਵਿੱਚ ਕੰਮ ਕਰਦਾ ਹੈ। ਜਸਪਾਲ ਬਹੁੱਤ ਘੱਟ ਪੜਿਆ-ਲਿਖਿਆ ਸੀ।
ਜਸਪਾਲ ਅਤੇ ਇਕਬਾਲ ਦੋਵੇਂ ਸਕੇ ਭਰਾ ਸਨ ਅਤੇ ਪਿਉ ਦੀ ਇੱਕ ਛੋਟੀ ਜਿਹੀ
ਕਰਿਆਨੇ ਦੀ ਦੁਕਾਨ ਸੀ। ਜਸਪਾਲ ਦੀ ਮਾਂ ਬਹੁੱਤ ਤੇਜ਼ ਤਰਾਰ ਔਰਤ ਸੀ।
ਜਸਪਾਲ ਦੇ ਪਿਉ ਨੂੰ ਕੁੱਝ ਨਾ ਸਮਝਦੀ ਅਤੇ ਲੜਾਈ-ਝਗੜਾ ਕਰਕੇ ਆਪਣੀ ਗੱਲ
ਮਨਵਾਉਣ ਵਿੱਚ ਪੂਰੀ ਤਰ੍ਹਾਂ ਮਾਹਿਰ ਹੈ। ਜਸਪਾਲ ਉਸਦਾ ਲਾਡਲਾ ਮੁੰਡਾ
ਹੈ। ਚਾਰ ਕੁੜੀਆਂ ਸਨ ਜਿਹਨਾਂ ਵਿੱਚੋਂ ਦੋ ਕੁੜੀਆਂ ਦਾ ਵਿਆਹ ਕਾਫੀ
ਸਮਾਂ ਪਹਿਲਾਂ ਕਰ ਦਿੱਤਾ ਗਿਆ ਸੀ। ਦੋ ਕੁੜੀਆਂ ਹਾਲੀ ਕੁਆਰੀਆਂ ਹੀ ਸਨ।
ਜਸਪਾਲ ਦੇ ਮਾਮੇ ਦੇ ਦੋ ਮੁੰਡੇ ਨਾਲ ਹੀ ਕੰਮ ਕਰਦੇ ਸਨ। ਕੁੱਝ ਕੁ ਹੀ
ਪੜ੍ਹੇ ਲਿਖੇ ਸਨ, ਜਿਆਦਾ ਨਹੀਂ, ਉਸ ਤਰ੍ਹਾਂ ਹਿਸਾਬ ਕਿਤਾਬ ਕਰ ਲੈਂਦੇ
ਸਨ। ਜਸਪਾਲ ਦਾ ਮਾਮਾ ਸ਼ਰਾਬੀ ਸੀ। ਕਾਰੋਬਾਰ ਦੇ ਮਾਮਲੇ ਵਿੱਚ ਉਸ ਨਾਲੋਂ
ਕੋਈ ਸਿਆਣਾ ਨਹੀਂ ਸੀ। ਜਸਪਾਲ ਦੇ ਮਾਮੇ ਦੇ ਮੁੰਡੇ ਉਮਰ ਵਿੱਚ ਜਸਪਾਲ
ਨਾਲੋਂ ਕਾਫੀ ਵੱਡੇ ਸਨ। ਦੋਵੇਂ ਸ਼ਰਾਬ ਦੇ ਪੱਕੇ ਖਿਡਾਰੀ ਸਨ। ਜਸਪਾਲ ਦਾ
ਮਾਮਾ ਵਿਆਹ ਵਿੱਚ ਗਿਆ। ਆਉਂਦੇ ਸਮੇਂ ਕਾਰ ਦਾ ਐਕਸੀਡੈਂਟ ਹੋ ਗਿਆ।
ਮਾਮੇ ਦੇ ਕਾਫੀ ਸੱਟਾਂ ਲੱਗੀਆਂ, ਕੁੱਝ ਦਿਨ ਠੀਕ ਰਿਹਾ ਫਿਰ ਸਿਹਤ ਖਰਾਬ
ਹੋ ਗਈ, ਕਾਫੀ ਇਲਾਜ਼ ਕਰਵਾਇਆ। ਅੰਤ ਜਸਪਾਲ ਦਾ ਮਾਮਾ ਜਹਾਨੋਂ ਤੁਰ ਗਿਆ।
ਸੱਭ ਨੂੰ ਕੁੱਝ ਦਿਨ ਤਾਂ ਇਹੋ ਚਿੰਤਾ ਲੱਗੀ ਰਹੀ ਕਿ ਮੁੰਡੇ ਪਿਉ ਦਾ
ਕੰਮ ਸਾਂਭ ਲੈਣਗੇ ਕਿ ਨਹੀਂ? ਸੱਭ ਦੇ ਸ਼ੰਕੇ/ਚਿੰਤਾ ਰਫੂਚੱਕਰ ਹੋ ਗਏ
ਜਦੋਂ ਦੋਵੇਂ ਮੁੰਡੇ ਹੱਦੋਂ ਵੱਧ ਸਿਆਣੇ ਅਤੇ ਲਾਈਕ ਨਿਕਲੇ। ਦੋਵੇਂ
ਭਰਾਵਾਂ ਵਿੱਚ ਇੱਕ ਦੂਜੇ ਪ੍ਰਤੀ ਹੱਦੋਂ ਵੱਧ ਪਿਆਰ ਜਿਵੇਂ ਕਿ ਦੋ ਜਿਸਮ
ਇੱਕ ਜਾਨ ਸਨ। ਦੋਵੇਂ ਭਰਾ ਦਿਨੋ ਦਿਨ ਤਰੱਕੀ ਦੀਆਂ ਪਾਉੜੀਆਂ ਚੜ੍ਹਨ
ਲੱਗੇ। ਵੱਡਾ ਹਰਦੀਪ ਅਤੇ ਛੋਟਾ ਗੁਰਦੀਪ। ਦੋਵੇਂ ਭਰਾ ਸ਼ਰਾਬ ਤਾਂ ਚੰਗੀ
ਪੀ ਲੈਂਦੇ ਸਨ, ਫਿਰ ਵੀ ਸ਼ਰਾਬ ਕਦੇ ਵੀ ਉਹਨਾਂ ਦਾ ਨੁਕਸਾਨ ਨਾ ਕਰ ਸਕੀ।
ਦੋਵੇਂ ਭਰਾ ਸ਼ਾਦੀ-ਸ਼ੁਦਾ ਬਾਕ ਬੱਚੇ ਦਾਰ ਸਨ।
ਜਸਪਾਲ ਉਮਰ ਵਿੱਚ ਆਪਣੇ ਮਾਮੇ ਦੇ ਮੁੰਡਿਆ ਨਾਲੋਂ ਕਾਫੀ ਛੋਟਾ ਸੀ ਤੇ
ਉਹ ਉਸਨੂੰ ਭਰਾ ਨਹੀਂ ਆਪਣਾ ਬੱਚਾ ਵੱਧ ਸਮਝਦੇ ਸਨ। ਜਸਪਾਲ ਦਾ ਮਾਮਾ
ਅਕਸਰ ਜਸਪਾਲ ਦੇ ਪਿਉ ਨੂੰ ਕਹਿੰਦਾ, “ਜੀਜਾ ਜੀ ਕੰਮ ਸਿੱਖਣ ਦੀ ਕਾਫੀ
ਉਮਰ ਪਈ ਹੈ, ਮੁੰਡਾ ਪੜ੍ਹ-ਲਿਖ ਜਾਵੇ ਤਾ ਚੰਗੀ ਗੱਲ ਹੈ। ਪੜਾਈ ਕੰਮ
ਆਉਂਦੀ ਹੈ ਜਿੰਦਗੀ ਵਿੱਚ। ਫੈਕਟਰੀ ਤਾਂ ਆਪਣੀ ਹੈ ਜਦ ਮਰਜ਼ੀ ਕੰਮ ਸਿੱਖ
ਲਉ। ਅਸੀਂ ਕਿਹੜਾ ਨਾਂਹ ਕਰਨੀ ਹੈ।”
“ਗੱਲ ਤਾਂ ਤੇਰੀ ਠੀਕ ਹੈ, ਤੇਰੀ ਗੱਲ ਮੇਰੇ ਦਿਮਾਗ ਵਿੱਚ ਆਉਂਦੀ ਹੈ।
ਤੇਰੀ ਭੈਣ ਦਾ ਤਾਂ ਤੈਨੂੰ ਪਤਾ ਹੀ ਹੈ ਸਾਰੇ ਦਾ ਸਾਰਾ ਵਿਗਾੜ ਉਸਦਾ ਹੀ
ਪਿਆ ਹੋਇਆ ਹੈ। ਵੱਡਾ ਤਾਂ ਪਹਿਲੇ ਦਾ ਹੀ ਵਿਗੜਿਆ ਹੋਇਆ ਹੈ। ਹੁਣ ਛੋਟੇ
ਦਾ ਤਾਂ ਬਹੁਤਾ ਹੀ ਆਵਾ ਊਤਿਆ ਪਿਆ ਹੈ। ਕੁੱਝ ਕਹਾਂ ਤਾਂ ਤੇਰੀ ਭੈਣ
ਸਿਰ ਦੇ ਵਾਲਾਂ ਨੂੰ ਆਉਂਦੀ ਹੈ। ਇਹ ਸਕੂਲ ਤਾਂ ਜਾਂਦਾ ਨਹੀਂ। ਸਾਰਾ
ਦਿਨ ਅਵਾਰਾ ਗਰਦੀ ਕਰਦਾ ਰਹਿੰਦਾ ਹੈ। ਜਸਪਾਲ ਬਿਲਕੁੱਲ ਕਹਿਣਾ ਨਹੀਂ
ਮੰਨਦਾ…।”
“ਠੀਕ ਹੈ ਤੁਹਾਡੀ ਗੱਲ ਜੀਜਾ ਜੀ, ਕਰਮਾਂ ਤੋਂ ਬਗੈਰ ਪੜਾਈ ਨਹੀਂ।
ਹਰਦੀਪ ਅਤੇ ਗੁਰਦੀਪ ਵੀ ਘੱਟ ਹੀ ਪੜ੍ਹੇ-ਲਿਖੇ ਹਨ, ਪਰ ਇੱਕ ਸਿਫਤ ਹੈ
ਉਹਨਾਂ ਦੋਹਾਂ ਭਰਾਵਾਂ ਦੀ, ਮੇਰੀ ਬਹੁੱਤ ਇੱਜ਼ਤ ਕਰਦੇ ਹਨ। ਤੁਹਾਨੂੰ
ਤਾਂ ਪਤਾ ਹੀ ਹੈ, ਤੁਸੀਂ ਸੱਭ ਦੇਖਿਆ ਹੈ। ਕਾਰੋਬਾਰ ਨੂੰ ਵੀ ਬੜੀ ਚੰਗੀ
ਤਰ੍ਹਾਂ ਸਾਂਭ ਲਿਆ ਹੈ। ਉਹਨਾਂ ਦੇ ਸਿਰ ਤੇ ਮੈਨੂੰ ਕੋਈ ਫਿਕਰ ਨਹੀਂ
ਰਿਹਾ….।”
“ਉਹ ਤਾਂ ਮੈਨੂੰ ਪਤਾ ਹੈ ਦਲੀਪ ਸਿਹਾਂ! ਰੱਬ ਤੇਰੇ ਵਰਗੀ ਔਲਾਦ ਸੱਭ
ਨੂੰ ਦੇਵੇ।”
ਜਸਪਾਲ ਤੋਂ ਵੱਡਾ ਤਾਂ ਨਸਾਂ ਵਗੈਰਾ ਵੀ ਖਰਦਾ ਸੀ, ਉਸਨੇ ਤਾਂ ਸਰਦਾਰੀ
ਨੂੰ ਲਾਜ ਲਾ ਦਿੱਤੀ ਸੀ। ਜਦ ਉਹ ਬੀਵੀ ਤੰਬਾਕੂ ਖਾਂਦਾ ਤਾਂ ਪਿਉ ਨੂੰ
ਬਹੁੱਤ ਦੁੱਖ ਲੱਗਦਾ। ਵਾਲ ਤਾਂ ਉਸਨੇ ਪਹਿਲਾਂ ਕਟਾ ਲਏ ਸਨ।
“ਜੀਜਾ ਜੀ! ਭੈਣ ਸਾਡੀ ਦੀ ਤਾਂ ਕਿਸਮਤ ਹੀ ਮਾੜੀ ਹੈ। ਵੱਡਾ ਤਾਂ ਮਹਾਂ
ਨਲਾਇਕ ਹੈ, ਹੁਣ ਜਸਪਾਲ ਨੂੰ ਖਿੱਚ ਕੇ ਰੱਖੋ। ਅਸੀਂ ਵੀ ਇਸਨੂੰ ਖਿੱਚ
ਕੇ ਰੱਖਾਂਗੇ। ਇਸਨੂੰ ਵਿਗੜਨ ਨਹੀਂ ਦਿੰਦੇ…।”
ਹਰਦੀਪ ਅਤੇ ਗੁਰਦੀਪ ਵੀ ਜਸਪਾਲ ਦਾ ਬਹੁੱਤ ਧਿਆਨ ਰੱਖਦੇ ਸਨ। ਆਖਰ ਭੂਆ
ਦਾ ਮੰਡਾ ਜੁ ਸੀ। ਇਕਬਾਲ ਦਾ ਵਿਆਹ ਹੋ ਗਿਆ। ਇਕਬਾਲ ਘਰ ਵਿੱਚ ਕੰਮ
ਕਰਦਾ ਆਪਣੇ ਕੰਮ ਦਾ ਕਾਰੀਗਰ ਹੈ। ਸ਼ਹਿਰ ਵਿੱਚ ਉਸਦਾ ਕੋਈ ਮੁਕਾਬਲਾ
ਨਹੀਂ ਕਰ ਸਕਦਾ। ਨਸ਼ਿਆਂ ਦੇ ਮਾਮਲੇ ਵਿੱਚ ਵੀ ਸ਼ਹਿਰ ਵਿੱਚ ਉਸਤੋਂ ਅੱਗੇ
ਕੋਈ ਨਹੀਂ ਸੀ। ਜਨਾਨੀ ਹੱਦੋਂ ਵੱਧ ਚਲਾਕ, ਘਟੀਆ ਕਿਸਮ ਦੀ ਔਰਤ। ਇਕਬਾਲ
ਦੇ ਸਹੁਰੇ ਬੱਸ ਰੱਬ ਦੀ ਹੀ ਨਾਮ। ਇਕਬਾਲ ਦਾ ਸਹੁਰਾ ਵੀ ਬੱਸ ਇੱਕ
ਨਮੂਨਾ ਸੀ। ਸੁਣਿਆ ਕਿ ਇਕਬਾਲ ਦੀ ਸੱਸ ਠੀਕ ਔਰਤ ਨਹੀਂ। ਤੇ ਚਾਲੇ
ਇਕਬਾਲ ਦੀ ਜਨਾਨੀ ਦੇਵੀ ਠੀਕ ਨਹੀਂ ਸਨ ਲੱਗਦੇ। ਇਕਬਾਲ ਕਮਾਈ ਤਾਂ ਖੂਬ
ਕਰਦਾ, ਪਰ ਨਸ਼ਿਆਂ ਦੀ ਮਾਰ ਵਿੱਚ ਸੱਭ ਕੁੱਝ ਉੱਜੜ ਰਿਹਾ ਸੀ। ਅਗਰ
ਇਕਬਾਲ ਦੇ ਸਿਰ ਤੇ ਘਰ ਹੋਵੇ ਤਾਂ ਘਰ ਵਿੱਚ ਭੰਗ ਭੁੱਜੇ। ਇਹ ਸ਼ੁਕਰ ਹੈ
ਕਿ ਇਕਬਾਲ ਦੇ ਪਿਉ ਦਾ ਕੰਮ ਕਾਰ ਚੰਗਾ ਸੀ ਤਾਂ ਹੀ ਘਰ ਦਾ ਰੋਟੀ ਪਾਣੀ
ਚੱਲਦਾ ਸੀ। ਛੇ ਕੁ ਮਹੀਨਿਆਂ ਤੋਂ ਇਕਬਾਲ ਦੀ ਜਨਾਨੀ ਤੇ ਉਸਦੀ ਮਾਂ
ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ। ਤੇਜ਼ ਤਰਾਰ ਤਾਂ ਸੁੱਖ ਨਾਲ ਦੋਵੇਂ ਹੀ
ਸੀ। ਪਹਿਲਾਂ-ਪਹਿਲਾਂ ਤਾਂ ਲੜਾਈ ਘਰ ਵਿੱਚ ਹੀ ਹੁੰਦੀ, ਫਿਰ ਹੌਲੀ-ਹੌਲੀ
ਗਲੀ ਮੁਹੱਲੇ ਵਿੱਚ ਦੋਵੇਂ ਨੂੰਹ-ਸੱਸ ਇੱਕ ਦੂਜੇ ਨੂੰ ਖੂਬ ਬੁਰਾ-ਭਲਾ
ਕਹਿੰਦੀਆਂ। ਜਸਪਾਲ ਦੀ ਮਾਂ ਨੇ ਜਸਪਾਲ ਦੇ ਪਿਉ ਨੂੰ ਬੁੱਧੂ ਬਣਾ ਕੇ
ਰੱਖਿਆ ਹੋਇਆ ਸੀ। ਇਕਬਾਲ ਦੀ ਹਿੰਮਤ ਆਪਣੀ ਜਨਾਨੀ ਅੱਗੇ ਨਾ ਪੈਂਦੀ।
ਜਨਾਨੀ ਰੁੱਸ ਕੇ ਕਈ-ਕਈ ਦਿਨ ਆਪਣੇ ਪੇਕੇ ਬੈਠੀ ਰਹਿੰਦੀ ਨੇੜੇ ਹੀ ਸ਼ਹਿਰ
ਵਿੱਚ ਇਕਬਾਲ ਦੇ ਸਹੁਰੇ ਸਨ। ਇਕਬਾਲ ਸਹੁਰੇ ਘਰ ਜਨਾਨੀ ਨੂੰ ਮਨਾਉਣ
ਜਾਂਦਾ ਅੱਗੋਂ ਫਿਟਕਾਰਾਂ ਮਿਲਦੀਆਂ, ਪਰ ਇਕਬਾਲ ਪਤਾ ਨਹੀਂ ਕਿਸ ਢੀਠ
ਮਿੱਟੀ ਦਾ ਬਣਿਆ ਹੋਇਆ ਸੀ ਗਾਲ੍ਹਾਂ ਖਾ ਕੇ ਵੀ ਸਹੁਰੇ ਘਰ ਦਾ ਦਰਵਾਜਾ
ਛੱਦਣ ਨੂੰ ਤਿਆਰ ਨਾ ਹੁੰਦਾ। ਇਕਬਾਲ ਦੀ ਜਨਾਨੀ ਦਾ ਪੇਕੇ ਘਰ ਕਿਸੇ ਨਾਲ
ਟਾਂਕਾ ਫਿੱਟ ਸੀ। ਇਕ ਦੋ ਵਾਰ ਇਕਬਾਲ ਨੇ ਵੇਖਿਆ ਤਾਂ ਕੁੱਝ ਕਹਿਣ ਤੇ
ਦੋਵੇਂ ਮਾਵਾਂ-ਧੀਆਂ ਇਕਬਾਲ ਨੂੰ ਸੂਈ ਕੁੱਤੀ ਵਾਂਗ ਪੈ ਗਈਆਂ। ਇਕ ਵਾਰ
ਦੋਹਾਂ ਮਾਵਾਂ-ਧੀਆਂ ਨੇ ਰਲ ਕੇ ਇਕਬਾਲ ਨੂੰ ਕੁੱਟਿਆ ਵੀ ਸੀ ਪਰ ਇਕਬਾਲ
ਪਿਉ ਦਾ ਪੁੱਤ ਇੰਨਾਂ ਪੱਕਾ ਨਿਕਲਿਆ ਕਿ ਘਰ ਆ ਕੇ ਕੁੱਝ ਵੀ ਨਾ ਦੱਸਿਆ।
ਇਕਬਾਲ ਦੇ ਨਸ਼ੇ ਦੀ ਹਾਲਤ ਦਿਨੋ-ਦਿਨ ਵੱਧ ਰਹੀ ਸੀ। ਰੱਬ ਦੀ ਕਰਨੀ
ਇਕਬਾਲ ਦੀ ਪਤਨੀ ਨੇ ਇੱਕ ਦੇ ਬਾਅਦ ਇੱਕ ਚਾਰ ਕੁੜੀਆਂ ਜੰਮੀਆਂ ਸਨ। ਮਾਂ
ਭਾਵੇਂ ਇਕਬਾਲ ਨੂੰ ਪਿਆਰ ਕਰਦੀ ਸੀ, ਪਰ ਨੂੰਹ ਨੂੰ ਫੁੱਟੀ ਅੱਖ ਨਾ
ਭਾਉਂਦੀ ਸੀ। ਔਖੇ-ਸੌਖੇ ਜਸਪਾਲ ਦੇ ਪਿਉ ਨੇ ਦੋ ਕੁੜੀਆਂ ਦਾ ਵਿਆਹ ਕਰ
ਦਿੱਤਾ ਸੀ। ਕੁੜੀਆਂ ਚੰਗੇ ਘਰ ਚੱਲੀਆਂ ਗਈਆਂ ਸਨ। ਜਸਪਾਲ ਦੇ ਵਿਚਕਾਰ
ਵਾਲੇ ਜੀਜੇ ਦਾ ਜਸਪਾਲ ਨਾਲ ਬਹੁੱਤ ਪਿਆਰ ਸੀ। ਮਾਮੇ ਦੇ ਮੁੰਡਿਆਂ ਦੀ
ਬਦੌਲਤ ਜਸਪਾਲ ਦਾ ਵੀ ਵਿਆਹ ਹੋ ਗਿਆ। ਘਰ ਵਾਲੀ ਬਹੁੱਤ ਖੂਬਸੂਰਤ ਅਤੇ
ਘਰੋਂ ਠੀਕ-ਠਾਕ ਹੀ ਸੀ। ਨਾ ਔਖੀ ਤੇ ਨਾ ਸੌਖੀ। ਜਸਪਾਲ ਦੀ ਆਮਦਨ ਵਿੱਚ
ਤਾਂ ਵਾਧਾ ਹੋ ਰਿਹਾ ਸੀ, ਪਰ ਨਸ਼ਿਆਂ ਦੀ ਆਦਤ ਦਿਨੋ-ਦਿਨ ਵੱਧ ਰਹੀ ਸੀ।
ਲਾਪਰਵਾਹੀ ਵੀ ਵੱਧ ਰਹੀ ਸੀ। ਪਰ ਇੱਕ ਗੱਲ ਪੱਕੀ ਸੀ ਜਸਪਾਲ ਪੈਸੇ ਦਾ
ਬਹੁੱਤ ਪੀਰ ਸੀ, ਪੈਸੇ ਦੇ ਮਾਮਲੇ ਵਿੱਚ ਧੋਖਾ ਖਾਣ ਵਾਲਾ ਨਹੀਂ ਸੀ।
ਇਕਬਾਲ ਦੀ ਜਨਾਨੀ ਵਾਂਗ ਜਸਪਾਲ ਦੀ ਜਨਾਨੀ ਦਾ ਰੋਅਬ ਵੀ ਜਸਪਾਲ ਉੱਪਰ
ਕਾਫੀ ਪੈ ਗਿਆ। ਜਸਪਾਲ ਜਨਾਨੀ ਮਗਰ ਲੱਗ ਕੇ ਆਪਣੇ ਮਾਂ-ਪਿਉ ਨਾਲ ਲੜ
ਝਗੜ ਕੇ ਕੰਮ ਤੋਂ ਛੁੱਟੀ ਕਰਕੇ ਕਈ-ਕਈ ਦਿਨ ਆਪਣੇ ਸਹੁਰੇ ਘਰ ਬੈਠਾ
ਰਹਿੰਦਾ। ਜਸਪਾਲ ਦਾ ਸਾਂਢੂ ਅੱਤ ਦਾ ਸ਼ਰਾਬੀ ਅਤੇ ਦੋਵੇਂ ਸਾਢੂਆਂ ਵਿੱਚ
ਇੱਟ-ਕੁੱਤੇ ਦਾ ਵੈਰ। ਭੈਣਾ-ਭੈਣਾਂ ਵਿੱਚ ਖੂਬ ਬਣਦੀ। ਜਸਪਾਲ ਦਾ ਇੱਕ
ਸਾਲਾ ਜਗਤਾਰ ਪੱਕਾ ਨਸ਼ੇਬਾਜ਼ ਵੈਲੂੀ ਸੀ। ਜਨਾਨੀ ਉਸ ਦੀ ਬੱਚੇ-ਬੱਚੇ ਛੱਡ
ਕੇ ਚਲੇ ਗਈ ਮੁੜ ਵਾਪਸ ਨਾ ਆਈ।
ਜਸਪਾਲ ਦੀ ਘਰਵਾਲੀ ਗਰਭਵਤੀ ਹੋਈ। ਸੁੱਖ ਨਾਲ ਪਹਿਲਾ ਮੁੰਡਾ ਹੋਇਆ।
ਕੁੱਝ ਸਾਲਾਂ ਬਾਅਦ ਫਿਰ ਮੁੰਡਾ ਪੈਦਾ ਹੋਇਆ। ਜਸਪਾਲ ਦੀਆਂ
ਜਿੰਮੇਵਾਰੀਆਂ ਜਿਵੇ-ਜਿਵੇਂ ਤਰ੍ਹਾਂ ਵੱਧ ਰਹੀਆਂ ਸਨ ਤਿਵੇਂ-ਤਿਵੇਂ ਉਸ
ਵਿੱਚ ਸੁਧਾਰ ਆਉਣ ਦੀ ਥਾਂ ਤੇ ਉਸ ਵਿੱਚ ਹੋਰ ਵਿਗਾੜ ਆ ਰਿਹਾ ਸੀ।
ਜਨਾਨੀ ਘਰ ਛੱਡ ਕੇ ਬੱਚਿਆਂ ਸਮੇਤ ਆਪਣੇ ਪੇਕੇ ਚਲੀ ਗਈ। ਜਸਪਾਲ ਵੀ
ਜਨਾਨੀ ਕੋ ਚਲਿਆ ਗਿਆ। ਸੱਸ-ਸਹੁਰੇ ਨੇ ਫਿੱਟ ਲਾਹਨਤਾਂ ਪਾਈਆਂ। ਜਨਾਨੀ
ਜਸਪਾਲ ਦੀ ਕਮਜ਼ੋਰੀ ਬਣ ਚੁੱਕੀ ਸੀ। ਜਸਪਾਲ ਕੰਮ ਵੀ ਘੱਟ ਹੀ ਕਰਦਾ।
ਮਾਮੇ ਦੇ ਮੁੰਡੇ ਵੀ ਕੱਦ ਤੱਕ ਜਸਪਾਲ ਦਾ ਸਾਥ ਦਿੰਦੇ। ਅੱਕ ਹਾਰ ਕੇ ਉਹ
ਵੀ ਪਿੱਛੇ ਹੱਟ ਗਏ। ਜਿਹੜਾ ਬੰਦਾ ਕਿਸੇ ਦੀ ਗੱਲ ਨਾ ਮੰਨੇ, ਉਸਦਾ ਸਾਥ
ਕੌਣ ਦੇਵੇਗਾ। ਚਾਹੇ ਜੋ ਵੀ ਜਸਪਾਲ ਪੱਕਾ ਮੱਖੀ ਚੂਸ ਸੀ। ਨਿੱਕੇ-ਨਿੱਕੇ
ਪੈਸੇ ਦਾ ਹਿਸਾਬ ਰੱਖਣ ਵਾਲਾ। ਅਗਰ ਕਿਸੇ ਨੂੰ ੋ ਰੁਪਏ ਖਵਾ ਦਿੰਦਾ ਤਾਂ
ਉਨਾਂ ਚਿਰ ਉਸਨੂੰ ਚੈਨ ਨਾ ਪੈਂਦਾ ਜਦ ਤੱਕ ਉਸ ਕੋਲੋਂ ਪੰਜ ਰੁਪਏ ਖਾ ਨਾ
ਲਵੇ। ਬਿਮਾਰ ਰਹਿਣ ਨਾਲ ਜਸਪਾਲ ਦੀ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ
ਤੋਂ ਬਾਅਦ ਘਰ ਦੀ ਹਾਲਤ ਬਦ ਤੋਂ ਬੱਦਤਰ ਹੋਣ ਲੱਗੀ। ਜਸਪਾਲ ਆਪਣੇ
ਹਸੁਰੇ ਘਰ ਰਹਿੰਦਾ। ਆਪਣੀ ਜਨਾਨੀ ਅਤੇ ਸੱਸ ਸਹੁਰੇ ਮਗਰ ਲੱਗ ਕੇ ਜਸਪਾਲ
ਆਪਣੇ ਘਰ ਦਾ ਸਾਰਾ ਸਾਮਾਨ ਆਪਣੇ ਸਹੁਰੇ ਲੈ ਗਿਆ। ਸਹੁਰਿਆਂ ਨੇ ਸਾਰਾ
ਸਾਮਾਨ ਆਪਣੇ ਦੂਸਰੇ ਮਕਾਨ ਵਿੱਚ ਰੱਖ ਲਿਆ। ਕੁੱਝ ਮਹੀਨੇ ਤਾਂ ਠੀਕ
ਨਿਕਲੇ ਪਰ ਜਸਪਾਲ ਦੀਅ ਹਾਲਤਾਂ ਵਿੱਚ ਸੁਧਾਰ ਹੋਣ ਦੀ ਥਾਂ ਤੇ ਹੋਰ
ਵਿਗਾੜ ਹੋ ਰਿਹਾ ਸੀ। ਜਨਾਨੀ ਉੱਧਰੋਂ ਸਮਾਨ ਚੁੱਕ ਕੇ ਪੇਕੇ ਘਰ ਲੈ ਆਈ
ਜਿਸ ਘਰ ਵਿੱਚ ਉਸਦੇ ਪੇਕੇ ਰਹਿੰਦੇ ਸਨ, ਉਸੇ ਘਰ ਦੇ ਉੱਪਰ ਉਨੂੰ ਇੱਕ
ਕਮਰਾ ਦੇ ਦਿੱਤਾ। ਜਸਪਾਲ ਅਤੇ ਉਸਦੀ ਜਨਾਨੀ ਅਕਸਰ ਆਪਣ ਵਿੱਚ ਲੜਦੇ
ਰਹਿੰਦੇ। ਜਸਪਾਲ ਨੇ ਸਾਘੂੰ ਨੇ ਉਲਟ-ਪੁਲਟ ਸ਼ਰਾਬ ਪੀਤੀ, ਬਿਮਾਰ ਹੋ ਗਿਆ
ਅਤੇ ਸਿਹਤ ਜਿਆਦਾ ਵਿਗੜਨ ਕਰਕੇ ਅੰਤ ਉਸਦੀ ਮੌਤ ਹੋ ਗਈ। ਸਾਲੀ ਦੇ ਪੈਰ
ਪੱਕੇ ਸਨ, ਉਸਦਾ ਪਤੀ ਪਿੱਛੇ ਕਾਫੀ ਪੈਸਾ ਅਤੇ ਜਾਇਦਾਦ ਛੱਡ ਗਿਆ। ਪੇਕੇ
ਆਉਣ ਦਾ ਤਾਂ ਉਸਦਾ ਸਵਾਲ ਹੀ ਨਹੀਂ ਸੀ। ਜਸਪਾਲ ਦੀ ਘਰ ਵਾਲੀ ਨੇ ਜਸਪਾਲ
ਨੂੰ ਘਰੋਂ ਕੱਢ ਦਿੱਤਾ। ਜਸਪਾਲ ਪਿਉ ਦੇ ਘਰ ਆ ਗਿਆ। ਜਸਪਾਲ ਦੀ ਭਰਜਾਈ
ਨੇ ਬੜੇ ਨੱਕ-ਬੁਲ੍ਹ ਵੱਟੇ। ਭਰਾ ਨੇ ਵੀ ਪਿਉ ਨੂੰ ਕਿਹਾ, “ਇਸਨੂੰ ਕਿਉਂ
ਰੱਖਿਆ ਹੈ ਘਰ ਵਿੱਚ? ਪਹਿਲਾਂ ਹੀ ਸਹੁਰੇ ਘਰ ਰਹਿ ਕੇ ਸਾਡੀ ਬੜੀ ਇੱਜ਼ਤ
ਖਰਾਬ ਕੀਤੀ ਸੀ ਤੇ ਹੁਣ ਜਨਾਨੀ ਨੇ ਘਰੋਂ ਕੱਢ ਦਿੱਤਾ ਤਾਂ ਮੂੰਹ ਚੁੱਕ
ਕੇ ਬੇਸ਼ਰਮਾਂ ਦੀ ਤਰ੍ਹਾਂ ਆ ਵੜਿਆ ਹੈ…..।”
ਜਸਪਾਲ ਨੇ ਨਾ ਆਵਾ ਵੇਖਿਆ ਤੇ ਨਾ ਤਾਵਾ, ਭਰਾ ਦੇ ਇੱਕ ਚਪੇੜ ਕੱਢ
ਮਾਰੀ। ਇਹ ਸੱਭ ਵੇਖ ਕੇ ਜਨਾਨੀ ਗੁਸੇ ਵਿੱਚ ਪਾਗਲ ਹੁੰਦੀ ਬੋਲੀ, “ਵੇ
ਕੰਜਰਾ! ਸਾਡੇ ਤੇ ਹੱਥ ਕਿਉਂ ਚੁੱਕਦਾ ਹੈਂ? ਜਨਾਨੀ ਤੇਰੇ ਕੋਲੋਂ ਸਾਂਭ
ਨਹੀਂ ਹੁੰਦੀ। ਭਰਾ ਨੇ ਤੇਰਾ ਕੀ ਵਿਗਾੜਿਆ ਹੈ? ਕੁੱਝ ਤਾਂ ਸ਼ਰਮ ਕਰ ਭਰਾ
‘ਤੇ ਹੱਥ ਚੁੱਕਣ ਲੱਗਿਆਂ….।”
“ਮੈਨੂੰ ਸੱਭ ਪਤਾ ਹੈ, ਜਿਹੜੀ ਆਪਣੇ ਪੇਕੇ ਜਾ ਕੇ ਆਪਣੇ ਭਰਾਨਾਲ ਰਲ ਕੇ
ਆਪਣੇ ਘਰਵਾਲੇ ਨੂੰ ਕੁੱਟਦੀ ਹੈਂ ਅਤੇ ਕਈ ਵਾਰ ਤੂੰ ਵੀ ਕੁੱਟਿਆ ਹੈ ‘ਤੇ
ਤੇਰੇ ਭਰਾਨੇ ਵੀ। ਹੁਣ ਬੰਦੇ ਨਾਲ ਪਿਆਰ ਦਾ ਪਾਖੰਡ ਕਰਦੀ ਸਾਹ ਨਹੀਂ
ਲੈਂਦੀ….।” ਦਿਉਰ, ਭਰਾ-ਭਰਜਾਈ ਵਿੱਚ ਖੂਬ ਤੂੰ-ਤੂੰ-ਮੈਂ-ਮੈਂ ਹੋਈ।
ਜਸਪਾਲ ਦਾ ਭਰਾ ਵੀ ਕਾਫੀ ਮੰਦਾ ਬੋਲਿਆ ਜਸਪਾਲ ਦਾ ਪਿਉ ਕਾਫੀ ਦੁੱਖੀ ਹੋ
ਕੇ ਜਸਪਾਲ ਨੂੰ ਬੋਲਿਆ “ਕੁੱਝ ਤਾਂ ਸ਼ਰਮ ਕਰੋ! ਤੁਸੀਂ ਦੋਹਾਂ ਨੇ ਮੇਰਾ
ਜੀਊਣਾ ਹਰਾਮ ਕੀਤਾ ਹੋਇਆ ਹੈ। ਕੰਜਰੋਂ ਤੁਹਾਡੇ ਦੋਵਾਂ ਕੋਲੋਂ ਜਨਾਨੀਆਂ
ਤਾਂ ਸਾਂਭ ਨਹੀਂ ਹੁੰਦੀਆਂ ਤੇ ਆਪਸ ਵਿੱਚ ਕਿਦਾਂ ਲੜ ਰਹੇ ਹੋ। ਮੇਰੇ
ਬੁਢਾਪੇ ਤੇ ਤਰਸ ਕਰੋ, ਮਾਂ ਤੁਹਾਡੀ ਕੱਲਪ-ਕੱਲਪ ਕੇ ਮਰ ਗਈ ਤੇ ਹੁਣ
ਤੁਸੀਂ ਮੇਰਾ ਜੀਊਣਾ ਹਰਾਮ ਕੀਤਾ ਹੋਇਐ….।”
ਅਚਾਨਕ ਜਸਪਾਲ ਅਤੇ ਉਸਦੀ ਜਨਾਨੀ ਦੀ ਸੁਲਾਹ ਹੋ ਗਈ। ਉਹ ਅਕਸਰ
ਜਸਪਾਲਨੂੰ ਮਿਲਦੀ ਤੇ ਜਸਪਾਲ ਫਿਰ ਸਹੁਰੇ ਘਰ ਚਲਿਆ ਗਿਆ। ਜਨਨਾੀ ਨੇ
ਇੱਕੋ ਗੱਲ ਫੜ੍ਹੀ ਬਾਰ-ਬਾਰ ਉਹੀ ਗੱਲ ਕਰਦੀ ਕਿ ,ਪਿਉ ਦਾ ਮਕਾਨ ਵੇਚ ਕੇ
ਹਿੱਸਾ ਲੈ ਕੇ ਇੱਥੇ ਹੀ ਰਹਿ….।”
ਹੁਣ ਜਸਪਾਲ ਦੇ ਬੱਚੇ ਵੀ ਵੱਡੇ ਹੋ ਰਹੇ ਸਨ। ਜਨਾਨੀ ਪੜ੍ਹੀ ਲਿਖੀ ਤੇ
ਸਿਲਾਈ ਕਢਾਈ ਦਾ ਕੰਮ ਜਾਣਦੀ ਸੀ। ਬੱਚੇ ਵੀ ਚੰਗੇ-ਚੰਗੇ ਸਕੂਲਾਂ ਵਿੱਚ
ਪੜ੍ਹਦੇ ਸਨ। ਪੜਾਈ ਦਾ ਸਾਰੇ ਦਾ ਸਾਰਾ ਖਰਚਾ ਆਪ ਕਰਦੀ। ਘਰ ਦਾ ਕਾਫੀ
ਸਮਾਨ ਬਣਿਆ ਹੋਇਆ ਸੀ। ਹੁਣ ਫਿਰ ਜਸਪਾਲ ਪਿਉ ਦੇ ਘਰ ਆ ਗਿਆ। ਰੋਜ ਸ਼ਰਾਬ
ਪੀ ਕੇ ਉੱਚੀ-ਉੱਚੀ ਬੋਲਦਾ। ਇੱਕ ਦੋ ਵਾਰ ਜਸਪਾਲ ਨੇ ਪਿਉ ਦੇ ਉੱਪਰ ਹੱਥ
ਵੀ ਚੁੱਕ ਲਿਆ ਸੀ ਇਸ ਗੱਲ ਤੇ ਪਿਉ ਨੂੰ ਗੁੱਸਾ ਆ ਗਿਆ। ਜਸਪਾਲ ਦੇ
ਵਿਰੁੱਧ ਥਾਣੇ ਵਿੱਚ ਰਿਪੋਰਟ ਲਿਖਵਾ ਦਿੱਤੀ। ਥਾਣੇਦਾਰ ਨੂੰ ਜਸਪਾਲ ਦਾ
ਪਿਉ ਕਹਿਣ ਲੱਗਾ, “ਸਰਦਾਰ ਜੀ, ਇਸ ਮੁੰਡੇ ਨੇ ਮੇਰਾ ਜਿਊਣਾ ਹਰਾਮ ਕੀਤਾ
ਹੋਇਆ ਹੈ। ਜਨਾਨੀ ਇਸ ਕੋਲੋਂ ਸਾਂਭ ਨਹੀਂ ਹੁੰਦੀ ‘ਤੇ ਮੇਰੇ ਨਾਲ ਆਕੜਦਾ
ਫਿਰਦਾ ਹੈ। ਕਈ ਵਾਰ ਮੇਰੇ ਉੱਪਰ ਵੀ ਹੱਥ ਚੁਕਿਆ ਹੈ। ਕਹਿੰਦਾ ਹੈ ਮਕਾਨ
ਵੇਚ ਦੇਵਾਂ। ਸਰਦਾਰ ਜੀ, ਮੈਂ ਮਕਾਨ ਵੇਚ ਕੇ ਸੜਕ ਤੇ ਬੈਠਣਾ ਹੈ।
ਦੋਵੇਂ ਭਰਾਵਾਂ ਕੋਲੋਂ ਮੈਨੂੰ ਪੈਸੇ ਦਾ ਆਸਰਾ ਨਹੀਂ, ਦੁਕਾਨ ਨਾ ਚੱਲੇ
ਤਾਂ ਮੈਂ ਤਾਂ ਭੁੱਖਾ ਮਰ ਜਾਵਾਂ…।”
“ਭਾਪਾ ਜੀ, ਪੈਸਿਆਂ ਦੀ ਕੋਈ ਲੋੜ ਨਹੀਂ। ਪੈਸੇ ਆਪਣੇ ਕੋਲ ਹੀ ਰੱਖੋ।
ਪੈਸਾ ਸੱਭ ਕੁੱਝ ਨਹੀਂ ਹੁੰਦਾ। ਪੁਲਿਸ ਵੈਸੇ ਵੀ ਬਦਨਾਮ ਜ਼ਰੂਰ ਹੈ।
ਸਾਡੇ ਹੀ ਕਈ ਬੰਦੇ ਬੇਈਮਾਨ ਹੁੰਦੇ ਨੇ। ਇਸ ਵਿੱਚ ਅਸੀਂ ਕਾਫੀ ਹੱਦ ਤੱਕ
ਗਲਤ ਹਾਂ। ਰਿਸ਼ਵਤ ਖਾਣ ਨਾਲ ਮਹਿਕਮਾ ਬਦਨਾਮ ਹੋਇਆ ਪਿਆ ਹੈ। ਬੰਦਾ ਪਤਾ
ਨਹੀਂ ਕਿਵੇਂ ਸੁਖਣਾ ਸੁੱਖ-ਸੁੱਖ ਕੇ ਔਲਾਦ ਮੰਗਦਾ ਹੈ। ਲਾਹਨਤ ਹੈ ਉਸ
ਔਲਾਦ ਉੱਫਰ ਜੋ ਬੁਢਾਪੇ ਵਿੱਚ ਮਾਂ-ਪਿਉ ਦਾ ਆਸਰਾ ਤਾਂ ਕੀ ਬਣਨਾ ਹੁੰਦਾ
ਹੈ ਉਲਟਾ ਉਹਨਾਂ ਦਾ ਜਿਊਣਾ ਹਰਾਮ ਕਰ ਦਿੰਦੀ ਹੈ। ਭਾਪਾ ਜੀ ਤੁਸੀਂ
ਚਿੰਤਾ ਨਾ ਕਰੋ, ਤੁਹਾਡੇ ਪੁੱਤਰ ਨੂੰ ਬੰਦੇ ਦਾ ਪੁੱਤ ਬਣਾ ਦਿੱਤਾ
ਜਾਵੇਗਾ।…।”
ਥਾਣੇਦਾਰ ਨੇ ਸਿਪਾਹੀ ਨੂੰ ਆਵਾਜ਼ ਮਾਰੀ, ਮੁਨੀਸ਼ ਕੁਮਾਰ ਇੱਧਰ ਆਉ!”
“ਦੱਸੋ ਜਨਾਬ ਜੀ?”
ਇਹਨਾਂ ਭਾਪਾ ਜੀ ਨਾਲ ਦੋ ਬੰਦੇ ਲੈ ਜਾਉ ਅਤੇ ਇਹਨਾਂ ਦੇ ਘਰੋਂ ਇਹਨਾਂ
ਦੇ ਛੋਟੇ ਮੁੰਡੇ ਜਸਪਾਲ ਨੂੰ ਫੜ੍ਹ ਲਿਆਉ…..।”
ਪੁਲਿਸ ਨੂੰ ਵੇਖ ਕੇ ਜਸਪਾਲ ਡਰ ਗਿਆ। ਜਸਪਾਲ ਨੂੰ ਇਹ ਉਮੀਦ ਬਿਲਕੁੱਲ
ਨਹੀਂ ਸੀ ਕਿ ਪਿਉ ਇਹ ਸੱਭ ਕਰੇਗਾ। ਜਸਪਾਲ ਨੇ ਬੜੇ ਮਿੰਨਤਾਂ ਤਰਲੇ
ਕੀਤੇ। ਪਿਉ ਟੱਸ ਤੋਂ ਮੱਸ ਨਾ ਹੋਇਆ। ਉਸ ਨੇ ਨਿਸਚਾ ਕਰ ਲਿਆ ਸੀ ਕਿ
ਜਸਪਾਲ ਨੂੰ ਸਬਕ ਸਿਖਾ ਕੇ ਰਹੇਗਾ। ਪੁਲਿਸ ਜਸਪਾਲ ਨੂੰ ਥਾਣੇ ਲੈ ਗਈ।
ਥਾਣੇਦਾਰ ਨੇ ਜਸਪਾਲ ਦੀ ਛਿਤਰੋਲ ਕੀਤੀ। ਕੁੱਝ ਦਿਨ ਤਾਂ ਜਸਪਾਲ ਠੀਕ
ਰਿਹਾ ਅਤੇ ਫਿਰ ਸਹੁਰੇ ਘਰ ਚਲਿਆ ਗਿਆ। ਜਨਾਨੀ ਨੇ ਜਸਪਾਲ ਨੂੰ ਖੁਸ਼ ਹੋ
ਕੇ ਰੱਖ ਲਿਆ। ਜਸਪਾਲ ਨੇ ਫੈਕਟਰੀ ਤੋਂ ਕੰਮ ਛੱਡ ਦਿੱਤਾ ਅਤੇ ਰੇਹੜੀ
ਵਗੈਰਾ ਲਗਾਉਣ ਲੱਗ ਪਿਆ। ਜਨਾਨੀ ਕਿਸੇ ਬੁਟੀਕ ਤੇ ਕੰਮ ਕਰਨ ਲੱਗ ਪਈ।
ਉੱਥੇ ਹੋਰ ਵੀ ਜਨਾਨੀਆਂ ਕੰਮ ਕਰਦੀਆਂ ਸਨ। ਜਸਪਾਲ ਦੀ ਘਰਵਾਲੀ ਸੋਹਣੀ
ਮੂੰਹ ਮੱਥੇ ਲੱਗਦੀ। ਜਸਪਾਲ ਦੀ ਘਰਵਾਲੀ ਦਾ ਘਰ ਵਿੱਚ ਰੋਅਬ ਹੋਣ ਕਰਕੇ
ਆਪਣੀ ਘਰਵਾਲੀ ਅੱਗੇ ਜਸਪਾਲ ਘੱਟ ਹੀ ਬੋਲਦਾ। ਸੁੱਖ ਨਾਲ ਮੁੰਡੇ ਵੀ
ਜਵਾਨ ਹੋਣ ਲੱਗੇ।। ਜਨਾਨੀ ਜਸਪਾਲ ਨੂੰ ਸਰਦਾਰ ਜੀ ਤਾਂ ਕਹਿੰਦੀ ਨਹੀਂ
ਅਤੇ ਅਕਸਰ ਉਸਨੂੰ ਤੂੰ-ਤੂੰ ਕਰ ਕੇ ਬੁਲਾਉਂਦੀ। ਕਈ ਵਾਰਗੁੱਸੇ ਵਿੱਚ
ਕੰਜਰਾ! ਕੁਤਿਆ!! ਅਤੇ ਹੋਰ ਕਈ ਕੁੱਝ ਬੋਲ ਜਾਂਦੀ। ਅੱਜ ਜਨਾਨੀ ਜਸਪਾਲ
ਨਾਲ ਪਿਆਰ ਨਾਲ ਬੋਲ ਰਹੀ ਸੀ। ਗੱਲ ਉਹੀ ਸੀ, ਪੁਰਾਣੀ ਮੰਗ! ੀਕ ਪਿਉ ਦਾ
ਮਕਾਨ ਵੇਚ ਕੇ ਹਿੱਸਾ ਲੈ ਆਉ!
“ਦੇਖੋ ਜੀ ਅਸੀਂ ਉੱਥੇ ਤਾਂ ਰਹਿੰਦੇ ਨਹੀਂ। ਤੁਸੀਂ ਕੰਮ ਤਾਂ ਇੱਥੇ
ਕਰਦੇ ਹੋ। ਆਪਣਾ ਸਮਾਨ ਵੀ ਤਾਂ ਇੱਧਰ ਹੈ। ਉੱਥੇ ਸਾਡਾ ਕੀ ਹੈ? ਕੁੱਝ
ਵੀ ਤਾਂ ਨਹੀਂ।” ਬੀਬੀ ਭਾਪੇ ਨੇ ਸਾਨੂੰ ਕਮਰਾ ਤਾਂ ਦਿੱਤਾ ਹੋਇਆ ਹੈ।
ਸਾਨੂੰ ਕਿਹੜਾ ਕੋਈ ਕੱਢ ਸਕਦਾ ਹੈ….। ਉੱਥੋਂ ਤੁਸੀਂ ਮਕਾਨ ਵਿਕਾਅ ਦੇਵੋ
ਤੇ ਪੈਸੇਮੇਰੇ ਕਾਤੇ ਵਿੱਚ ਜਮ੍ਹਾਂ ਕਰਵਾ ਦਿਉ। ਕਿਉਂ ਕੀ ਸਲਾਹ ਹੈ?
ਮੇਰੀਗੱਲ ਠੀਕ ਹੈ ਨਾ……।”
ਜਸਪਾਲ ਦੇ ਦਿਮਾਗ ਵਿੱਚ ਜਨਾਨੀ ਦੀ ਗੱਲ ਜੱਟ ਪੈ ਗਈ। “ਤੂੰ ਠੀਕ
ਕਹਿੰਦੀ ਹੈਂ, ਸਾਨੂੰ ਕੀ ਫਾਇਦਾ ਮਕਾਨ ਦਾ….।” ਜਸਪਾਲ ਨੇ ਮਕਾਨ
ਵਿਕਾਉਣ ਲਈ ਪਿਉ ਤੇ ਕਾਫੀ ਜ਼ੋਰ ਪਾਇਆ। ਕਾਫੀ ਕਲਾ-ਕਲੇਸ਼ ਹੋਈ ਅਤੇ ਆਖੀਰ
ਮਕਾਨ ਵਿਕ ਗਿਆ। ਜੋ ਹਿੱਸਾ ਜਸਪਾਲ ਨੂੰ ਮਿਲਿਆ ਉਹ ਉਸਨੇ ਬੈਂ ਵਿੱਚ
ਆਪਣੀ ਪਤਨੀ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ। ਕੁੱਝ ਮਹੀਨੇ ਤਾਂ
ਜਨਾਨੀ ਨੇ ਜਸਪਾਲ ਨੂੰ ਹੱਥਾਂ ‘ਤੇ ਚੁੱਕਿਆ। ਲੇਕਿਨ ਜਸਪਾਲ ਦੀਆਂ
ਆਦਤਾਂ ਦਿਨੋ-ਦਿਨ ਵਿਗੜ ਰਹੀਆਂ ਸਨ, ਚਾਹੇ ਕਮਾਈ ਕਰਦਾ ਸੀ। ਜਸਪਾਲ ਦੇ
ਖਰਚੇ ਵੀ ਕਾਫੀ ਸਨ। ਜਨਾਨੀ ਨੇ ਸਾਫ ਲਫਜ਼ਾਂ ਵਿੱਚ ਕਹਿ ਦਿੱਤਾ, “ਬੰਦੇ
ਦਾ ਪੁੱਤ ਬਣ ਕੇ ਘਰ ਦਾ ਖਰਚ ਪਾਣੀ ਚਲਾਈ ਚੱਲ ਨਹੀਂ ਤਾਂ ਮੇਰੇ ਘਰ
ਵਿੱਚ ਖੜ੍ਹਨ ਦੀ ਕੋਈ ਲੋੜ ਨਹੀਂ…..।” ਕੁੱਝ ਸਮੇਂ ਬਾਅਦ ਜਸਪਾਲ ਦੇ
ਪਿਉ ਦੀ ਮੌਤ ਹੋ ਗਈ ਸਾਂਝਾ ਮਕਾਨ ਸਹੁਰੇ ਘਰ ਵਾਲਾ ਵੀ ਵਿਕ ਗਿਆ,
ਕਿਉਂਕਿ ਜਸਪਾਲ ਦੀ ਪਤਨੀ ਵੀ ਵਾਰਿਸ ਸੀ। ਜਸਪਾਲ ਨੇ ਸੋਚਿਆ ਪੈਸਾ ਮਿਲ
ਗਿਆ ਹੈ ਮਕਾਨ ਲੈ ਲੈਂਦੇ ਹਾਂ। ਜਸਪਾਲ ਤੇ ਉਸਦੀ ਪਤਨੀ ਨੇ ਮਕਾਨ ਲੈ
ਲਿਆ। ਮਕਾਨ ਦੀ ਰਜਿਸਟਰੀ ਜਸਪਾਲ ਦੀ ਪਤਨੀ ਦੇ ਨਾਮ ਹੋਈ। ਜਸਪਾਲ ਨੂੰ
ਕਿਸੇ ਗੱਲ ਦੀ ਚਿੰਤਾ ਨਹੀਂ ਸੀ। ਉਸਨੂੰ ਤਾਂ ਆਪਣੇ ਨਸ਼ੇ ਤੋਂ ਵਿਹਲ
ਨਹੀਂ ਸੀ। ਹੋਰ ਕੁੱਝ ਸੋਚਣ ਸਮਝਣ ਦਾ ਉਸ ਕੋਲ ਸਮਾਂ ਕਿੱਥੇ…? ਜਸਪਾਲ
ਦੀ ਘਰਵਾਲੀ ਜਸਪਾਲ ਦੀ ਇੱਜ਼ਤ ਬਿਲਕੁੱਲ ਨਾ ਕਰਦੀ। ਜਨਾਨੀ ਟੋਹਰ ਕੱਢ ਕੇ
ਵੰਨ-ਸੁਵੰਨੇ ਫੈਸ਼ਣ ਕਰਕੇ ਕੰਮ ਤੇ ਜਾਂਦੀ। ਬਾਹਰ ਹੀ ਜਸਪਾਲ ਦੀ ਜਨਾਨੀ
ਦਾ ਕਿਸੇ ਨਾਲ ਅੱਖ-ਮਟੱਕਾ ਹੋ ਗਿਆ। ਰੈਡੀਮੇਡ ਕੱਪੜੇ ਦਾ ਵਪਾਰੀ ਸੀ।
ਸ਼ਹਿਰੋਂ ਆਉਂਦਾ ਸੀ। ਮਹੀਨੇ ਵਿੱਚ 15 ਦਿਨ ਰਹਿੰਦਾ ਸੀ। ਕਈ ਵਾਰ ਜਸਪਾਲ
ਦੇ ਘਰ ਆਇਆ। ਜਸਪਾਲ ਨੂੰ ਭਲਾ ਕੀ ਇਤਰਾਜ਼ ਸੀ। ਜਸਪਾਲ ਦੀ ਪਤਨੀ ਉਸਦੀ
ਕਾਫੀ ਸੇਵਾ ਕਰਦੀ। ਜਸਪਾਲ ਚਲਾਕ ਸੀ, ਉਸਨੂੰ ਕੁੱਝ ਭਿੰਨਕ ਪੈ ਗਈ ਪਰ
ਜਨਾਨੀ ਅੱਗੇ ਬੇਬਸ, ਜਨਾਨੀ ਡਾਂਟ ਡੱਪਟ ਕੇ ਬਿਠਾ ਦਿੰਦੀ।
“ਤੂੰ ਤਾਂ ਕੁੱਝ ਕਰਦਾ ਨਹੀਂ ਆਪਣੇ ਬੱਚਿਆਂ ਲਈ। ਸੱਭ ਮੇਲ ਮਿਲਾਪ ਤਾਂ
ਕਰਨਾ ਹੀ ਪੈਂਦਾ ਹੈ ਬੰਦਾ ਹੋਵੇ ਜਾਂ ਜਨਾਨੀ। ਸਾਨੂੰ ਤਾਂ ਕੰਮ ਨਾਲ
ਮੱਤਲਬ ਹੈ। ਇਹ ਦੂਰੋਂ ਮਾਲਕ ਦਾ ਭਰਾ ਲੱਗਦਾ ਹੈ, ਸਾਨੂੰ ਕੰਮ ਦਿੰਦਾ
ਹੈ…..।”
ਜਸਪਾਲ ਲਈ ਇਹ ਗੱਲ ਆਈ ਗਈ ਹੋ ਗਈ। ਜਸਪਾਲ ਦੀ ਜਨਾਨੀ ਉਸ ਬੰਦੇ ਨਾਲ
ਬਹੁੱਤ ਚੋਲ ਮੋਲ ਕਰਦੀ ਰਹੀ। ਇੱਕ ਦਿਨ ਜਸਪਾਲ ਦੀ ਘਰਵਾਲੀ ਉਦਾਸ ਹੋ ਕੇ
ਬੋਲੀ, “ਮੇਰੇ ਘਰਵਾਲੇ ਸ਼ਰਮ ਲਾਹ ਕੇ ਸੁਟੀ ਹੋਈ ਹੈ। ਨਾ ਢੰਗ ਨਾਲ ਕਮਾਈ
ਕਰਦਾ ਹੈ। ਨਸ਼ੇ ਵਿੱਚ ਰਹਿੰਦਾ ਹੈ ਰਾਤ ਨੂੰ ਆਪਣੀ ਐਸ਼ ਕਰਨੀ ਚਾਹੁੰਦਾ
ਹੈ। ਮੇਰੇ ਪੱਲੇ ਕੁੱਝ ਪੈਂਦਾ ਨਹੀਂ, ਦਿਲ ਖਰਾਬ ਹੋ ਜਾਂਦਾ ਹੈ। ਮੈਂ
ਵੀ ਤਾਂ ਔਰਤ ਹਾਂ, ਮੇਰੇ ਅੰਦਰ ਵੀ ਔਰਤ ਜਾਗਦੀ ਹੈ, ਪਰ ਮੈਂ ਤਰਸ ਕੇ
ਰਹਿ ਜਾਂਦੀ ਹਾਂ ਮਰਦ ਦੇ ਸੁੱਖ ਤੋਂ…।”
“ਆਪਾਂ ਕਾਹਦੇ ਲਈ ਹਾਂ….।” ਪਿਆਰ ਨਾਲ ਉਹ ਗੱਲਾਂ ਕਰ ਰਿਹਾ ਸੀ ਤੇ
ਨਾਲ-ਨਾਲ ਉਸਦੀਆਂ ਗੱਲ੍ਹਾਂ ਉੱਪਰ ਹੌਲੀ-ਹੌਲੀ ਚੁੰਮਣ ਲੈ ਰਿਹਾ ਸੀ।
“ਗੱਲ ਤਾਂ ਤੁਹਾਡੀ ਠੀਕ ਹੈ, ਤੁਹਾਡੇ ਹੁੰਦਾ ਮੈਨੂੰ ਕਾਹਦਾ ਫਿਖਰ?
ਤੁਸੀਂ ਮੈਨੂੰ ਸੱਭ ਸੁੱਖ ਦੇ ਰਹੇ ਹੋ। ਮੈਂ ਅਗਰ ਆਪਣੇ ਬੰਦੇ ਦੇ ਆਸਰੇ
ਰਹਿੰਦੀ ਤਾਂ ਸੱਭ ਕੁੱਝ ਹੋ ਚੁਕਿਆ ਸੀ। ਬੱਚੇ ਵੱਡੇ ਹੋ ਰਹੇ ਹਨ,
ਉਹਨਾਂ ਦੇ ਸਕੂਲਾਂ ਦੇ ਖਰਚੇ, ਫਿਰ ਮੇਰਾ ਵੀ ਤਾਂ ਘੁੰਮਣ ਫਿਰਨ ਅਤੇ ਐਸ਼
ਕਰਨ ਦਾ ਦਿਲ ਕਰਦਾ ਹੈ। ਮੁੱਕਦੀ ਗੱਲ ਕਿ ਹੁਣ ਬੰਦੇ ਬਿਨ੍ਹਾਂ ਮੈਂ
ਨਹੀਂ ਰਹਿ ਸਕਦੀ…..।”
“ਤੇਰੀਆਂ ਹਰ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਕਰਾਂਗਾ। ਵੈਸੇ ਇੱਕ ਗੱਲ
ਹੈ ਅਗਰ ਤੇਰੀ ਸਲਾਹ ਹੋਵੇ ਤਾਂ ਪੈਸੇ ਤਾਂ ਆਪਣੇ ਕੋਲ ਬਹੁੱਤ ਹਨ। ਤੇਰੇ
ਉੱਤੇ ਮੇਰਾ ਦਿਲ ਵੀ ਆ ਗਿਆ ਹੈ। ਮੇਰੀ ਜਨਾਨੀ ਬਿਮਾਰੀ ਨਾਲ ਮਰ ਗਈ ਹੈ।
ਦਿੱਲੀ ਤੋਂ ਅੱਗੇ ਮੇਰਾ ਘਰ ਹੈ। ਇੱਕ ਮੁੰਡਾ ਹੈ ਮੇਰਾ, ਤੇਰੇ ਮੁੰਡਿਆਂ
ਨੂੰ ਆਪਣੇ ਮੁੰਡੇ ਤੋਂ ਵੱਧ ਰੱਖਾਂਗਾ। ਤੂੰ ਮੇਰੇ ਨਾਲ ਚੱਲ ਦੋਵੇਂ ਐਸ਼
ਦੀ ਜਿੰਦਗੀ ਬਤੀਤ ਕਰਾਂਗੇ। ਜਿਵੇਂ ਕਹੇਂਗੀ, ਉਵੇਂ ਹੀ ਕਰਾਂਗਾ। ਬੱਸ
ਇੱਕ ਵਾਰ ਤੂੰ ਮੇਰੇ ਨਾਲ ਚੱਲ……..।”
“ਮੇਰੇ ਪੈਸੇ ਤੇ ਮਕਾਨ ਵੀ ਹੈ, ਉਹ ਅਜੇ ਵੇਚ ਨਹੀਂ ਸਕਦੀ। ਸਾਰੀ
ਰਿਸ਼ਤੇਦਾਰੀ ਵੀ ਸ਼ਹਿਰ ਵਿੱਚ ਹੈ। ਚਾਹੇ ਆਉਂਦਾ ਜਾਂਦਾ ਕੋਈ ਨਹੀਂ ਪਰ
ਇਹੋ ਜਿਹੀ ਗੱਲ ਤੇ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਹੈ……।”
“ਤੂੰ ਫਿਕਰ ਕਿਉਂ ਕਰਦੀ ਹੈਂ….?” ਮਕਾਨ ਮਕੂਨ ਨੂੰ ਗੋਲੀ ਮਾਰ। ਆਪਣੇ
ਕੋਲ ਸੱਭ ਕੁੱਝ ਹੈ। ਪੈਸਾ ਆਪਾਂ ਬੈਂਕ ਵਿੱਚੋਂ ਕਢਾ ਲੈਂਦੇ ਹਾਂ। ਤੂੰ
ਬੱਚਿਆਂ ਸਮੇਤ ਤਿੰਨ ਕਪੜਿਆਂ ਵਿੱਚ ਚੱਲ। ਆਪਾਂ ਨਿਕਲ ਗਏ ਤਾਂ ਕਿਸੇ
ਨੂੰ ਕੁੱਝ ਪਤਾ ਨਹੀਂ ਚੱਲੇਗਾ। ਤੇਰਾ ਮਾਲਕ ਮੇਰਾ ਭਰਾ ਲੱਗਦਾ ਹੈ, ਉਹ
ਪਹਿਲਾਂ ਹੀ ਇਸ ਕੰਮ ਵਿੱਚ ਰਾਜ਼ੀ ਹੈ। ਉਸ ਨਾਲ ਸੱਭ ਗੱਲ ਕੀਤੀ ਹੋਈ ਹੈ,
ਬੱਸ ਤੇਰਾ ਸਾਥ ਚਾਹੀਦਾ ਹਾਂ…..।”
“ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ! ਮੈਂ ਤਾਂ ਸਾਰੀ ਦੀ ਸਾਰੀ ਤੁਹਾਡੀ
ਹਾਂ। ਅੱਜ ਵੀ ਤੇ ਕੱਲ੍ਹ ਵੀ। ਜਿਵੇਂ ਮਰਜ਼ੀ ਰੱਖੋ ਤੇ ਜਿਵੇਂ ਮਰਜ਼ੀ
ਕਰੋ……।”
ਉਸ ਬੰਦੇ ਨਾਲ ਜਸਪਾਲ ਦੀ ਘਰਵਾਲੀ ਅਲੋਪ ਹੋ ਗਈ ਬੱਚਿਆਂ ਸਮੇਤ। ਕਿਸੇ
ਨੂੰ ਕੋਈ ਖਬਰ ਸਾਰ ਨਾ ਲੱਗੀ। ਅਸਮਾਨ ਖਾ ਗਿਆ ਜਾਂ ਜ਼ਮੀਨ ਨਿਗਲ ਗਈ।
ਕਿਸੇ ਦੇ ਕੁੱਝ ਪੱਲੇ ਨਾ ਪਿਆ। ਕੁੱਝ ਸਮਾਂ ਖੱਪ ਰੌਲਾ ਪਿਆ। ਲੋਕਾਂ ਨੇ
ਭਾਂਤ-ਭਾਂਤ ਦੀਆਂ ਗੱਲਾਂ ਕੀਤੀਆਂ, ਫਿਰ ਸੱਭ ਸ਼ਾਂਤ ਹੋ ਗਏ ਤੇ
ਆਪੋ-ਆਪਣੇ ਘਰ ਬੈਠ ਗਏ। ਕਿਸੇ ਨੂੰ ਕੀ ਲੋੜ ਸੀ। ਦੋ ਕੁ ਸਾਲ ਬਤੀਤ ਹੋ
ਗਏ। ਜਸਪਾਲ ਨੇ ਘਰ ਦਾ ਸਾਮਾਨ ਤੇ ਮਕਾਨ ਭੰਗ ਦੇ ਭਾੜੇ ਵੇਚ ਕੇ ਆਪਣੇ
ਕਿਸੇ ਦੋਸਤ ਨਾਲ ਦੂਸਰੇ ਸ਼ਹਿਰ ਚੱਲਿਆਂ ਗਿਆ।
|