5_cccccc1.gif (41 bytes)

ਆਪੇ ਮੇਲਿ ਮਿਲਾਈ
ਅਨਮੋਲ ਕੌਰ

 


ਅੱਜ ਜਦੋਂ ਮੈ ਉਸ ਨੂੰ ਪਿਛੋਂ ਸਕੂਲ ਦੀ ਪਾਰਕ ਵਿਚ ਦੇਖਿਆ ਤਾਂ ਹੈਰਾਨ ਹੀ ਰਹਿ ਗਈ, “ ਨਹੀ ,ਉਹ ਨਹੀ ਹੋ ਸਕਦਾ।” ਮੇਰੇ ਮਨ ਨੇ ਮੈਨੂੰ ਕਿਹਾ, “ ਤੈਨੂੰ ਭੁਲੇਖਾ ਲੱਗਾ ਹੈ।” ਮੈ ਆਪਣੇ ਮਨ ਦੀ ਗੱਲ ਅਣਸੁਣੀ ਕਰਦੀ ਹੋਈ ਉਸ ਨੂੰ ਹੀ ਦੇਖਦੀ ਰਹੀ ਜੋ ਪਾਰਕ ਦੇ ਪਰਲੇ ਪਾਸੇ ਤੁਰ ਰਿਹਾ ਸੀ। ਕਿਉਂਕਿ ਉਸ ਦੀ ਪੱਗ, ਉਸ ਦਾ ਕੱਦ ਬਿਲਕੁਲ ਹੀ ਉਸ ਵਰਗਾ ਹੈ, ਜਿਸ ਨੂੰ ਲੱਗ-ਭੱਗ ਮੈ ਭੁੱਲ ਚੁੱਕੀ ਸਾਂ। ਉਸ ਤਰਾਂ ਤਾਂ ਸ਼ਾਇਦ ਮੈ ਨਾ ਹੀ ਭੁੱਲਦੀ, ਪਰ ਜੋ ਲੋਕ ਦੁਨੀਆਂ ਤੋਂ ਹੀ ਤੁਰ ਜਾਂਦੇ ਨੇ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਭੁੱਲਣ ਦਾ ਜਤਨ ਕਰਨਾ ਹੀ ਪੈਂਦਾ ਹੈ। ਇਸ ਲਈ ਜੇ ਇਹ ਬੰਦਾ ਉਹ ਨਹੀ ਤਾਂ ਉਹਦੇ ਵਰਗਾ ਜ਼ਰੂਰ ਹੈ। ਮੈ ਇਹ ਸੋਚ ਹੀ ਰਹੀ ਸੀ ਕਿ ਮੇਰੇ ਭਤੀਜ਼ੇ ਨੇ ਕਾਰ ਦੇ ਸੱਜੇ ਹੱਥ ਵਾਲਾ ਦਰਵਾਜ਼ਾ ਖੋਲ੍ਹਦੇ ਹੋਏ ਕਿਹਾ, “ਭੂਈ, ਲੈਟਸ ਗੋ।” ਕਾਰ ਤੋਰਨ ਤੋਂ ਪਹਿਲਾਂ ਮੈ ਪਾਰਕ ਵੱਲ ਨਜ਼ਰ ਮਾਰੀ ਤਾਂ ਉੱਥੇ ਕੋਈ ਵੀ ਨਹੀ ਸੀ।

ਭਤੀਜ਼ੇ ਨੂੰ ਆਪਣੇ ਭਰਾ ਦੇ ਘਰ ਅੱਗੇ ਛੱਡ ਕੇ ਆਪਣੀ ਅਪਾਰਟਮਿੰਟ  ਨੂੰ ਤੁਰਨ ਲੱਗੀ ਤਾਂ ਭਰਜਾਈ ਨੇ ਖਿੜਕੀ ਵਿਚ ਦੀ ਅਵਾਜ਼ ਮਾਰੀ, “ ਦੀਦੀ, ਆ ਜਾਉ ਘਰ ਨੂੰ, ਚਾਹ ਪੀ ਕੇ ਚਲੇ ਜਾਏਉ।”
“ ਹੁਣ ਮੈ ਚਲੀ ਜਾਣਾ ਹੈ, ਫਿਰ ਆਵਾਂਗੀ।”
“ ਆ ਜਾਉ, ਚਾਹ ਨਹੀ ਤਾਂ ਠੰਡਾ ਹੀ ਪੀ ਲਉ।” “ ਨਹੀ, ਮੇਰੇ ਹੋਰ ਵੀ ਬਹੁਤ ਕੰਮ ਕਰਨ ਵਾਲੇ ਨੇ, ਫਿਰ ਸਹੀ।” ਇਹ ਕਹਿ ਕੇ ਮੈ ਕਾਰ ਤੋਰ ਲਈ, ਉ਼ਂਝ ਘਰ ਜਾ ਕੇ ਮੈ ਕੋਈ ਵੀ ਕੰਮ ਨਹੀ ਸੀ ਕਰਨਾ। ਪਹਿਲਾਂ ਮੈ ਇਹ ਹੀ ਪਲੈਨ ਕੀਤਾ ਸੀ ਕਿ ਭਰਾ ਦੇ ਘਰ ਠਹਿਰਾਂਗੀ ਭਰਜਾਈ ਨਾਲ ਗੱਲਾਂ-ਬਾਤਾਂ ਕਰਕੇ ਸ਼ਾਮ ਗੁਜਾਰਾਂਗੀ, ਪਰ ਉਸ ਪਾਰਕ ਵਾਲੇ ਬੰਦੇ ਨੇ ਮੇਰੀਆਂ ਪਿਛਲੀਆਂ ਯਾਦਾਂ ਦੀ ਪਟਾਰੀ ਮੁੜ ਖੋਹਲ ਦਿਤੀ ਜੋ ਮੈ ਕਾਫੀ ਚਿਰ ਤੋਂ ਬੰਦ ਕਰਕੇ ਰੱਖੀ ਹੋਈ ਸੀ। ਮੈ ਉਹਨਾਂ ਦਿਨਾਂ ਵੱਲ ਨਹੀ ਸੀ ਪਰਤਨਾ ਚਾਹੁੰਦੀ ਜਿਹਨਾ ਨੂੰ ਚੇਤੇ ਕਰਨ ਨਾਲ ਮੇਰੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਦੋ ਦਿਨ ਤਕ ਮੇਰੇ ਸਿਰ ਵਿਚ ਮਾਈਗਰੇਨ ਪੇਨ  ਬਿਨਾ ਸਾਹ ਲਏ ਚਲਦੀ ਰਹਿੰਦੀ ਹੈ। ਪਿਛਲੀਆਂ ਘਟਨਾਵਾਂ ਨੂੰ ਯਾਦ ਕਰਨਾ ‘ਆ ਬੈਲ ਮੁੱਝੇ ਮਾਰ’ ਵਾਲੀ ਗੱਲ ਸੀ, ਪਰ ਅੱਜ ਇਹਨਾਂ ਨੂੰ ਰੋਕਨਾ ਮੇਰੇ ਵਸ ਵਿਚ ਨਹੀ ਸੀ ਲੱਗ ਰਿਹਾ। ਮੇਰਾ ਮਨ ਮਲੋ-ਮਲੀ ਬੀਤੇ ਸਮੇ ਵੱਲ ਜਾਣ ਲੱਗਾ। ਲੰਘ ਚੁੱਕਾ ਵੇਲਾ ਮੇਰੇ ਦੁਆਲੇ ਆਪਣਾ ਜਾਲ ਪਸਾਰੇ, ਇਸ ਤੋਂ ਪਹਿਲਾਂ ਮੈ ਆਪਣੇ ਛੋਟੇ ਜਿਹੇ ਘਰ ਵਿਚ ਪਹੁੰਚਣਾ ਚਾਹੁੰਦੀ ਸੀ। ਬਹੁਤ ਮੁਸ਼ਕਲ ਨਾਲ ਅਪਾਰਟਮਿੰਟ ਦੇ ਥੱਲੇ ਬਣੀ ਪਾਰਕਿੰਗ ਲਾਟ ਵਿਚ ਕਾਰ ਪਾਰਕ ਕਰਕੇ ਪੌੜੀਆਂ ਦੀ ਥਾਂ ਲਿਫਟ ਲੈ ਕੇ ਛੇਤੀ ਨਾਲ ਘਰ ਦਾ ਦਰਵਾਜ਼ਾ ਖੋਹਲ ਕੇ ਧੜੱਮ ਕਰ ਕੇ ਬੈਡ ਤੇ ਡਿਗ ਪਈ। ਲੰਬਾ ਸਾਹ ਲੈ ਕੇ ਅੱਖਾਂ ਬੰਦ ਕਰਕੇ ਅਰਾਮ ਕਰਨ ਦੀ ਕੋਸ਼ਿਸ਼ ਕਰਨ ਲਗੀ। ੳਦੋਂ ਹੀ ਦਰਵਾਜ਼ੇ ਤੇ ਲੱਗੀ ਵੈਲ ਵਜੀ, ਨਾ ਚਾਹੁੰਦੀ ਹੋਈ ਨੇ ਵੀ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਨਾਲ ਦੀ ਗੁਵਾਢਣ ਗੋਰੀ ਖੜ੍ਹੀ ਸੀ।

“ ਹਾਏ ਵੀਨਾ।” ਉਸ ਨੇ ਕਿਹਾ, “ ਹਉ ਆਰ ਜੂ।”
“ ਆਈ ਐਮ ਫਾਈਨ।” ਮੈ ਮਸੀ ਬੋਲੀ, “ ਹਉ ਆਰ ਜੂ।”
“ ਆਈ ਐਮ ਗੋਇੰਗ ਫੋਰ ਹੋਲੀਡੇਜ਼, ਪਲੀਜ਼ ਕੈਨ ਜੂ ਕੀਪ ਐਨ ਆਈ ਆਨ ਮਾਈ ਹਾਉਸ।”
“ ਉ.ਕੇ।”

ਉਹ ਫਿਰ ਬੋਲੀ, “ ਆਰ ਜੂ ਫੀਲਇੰਗ ਵੈਲ।”
“ ਜੈਸ।” ਮੈ ਝੂਠ ਹੀ ਕਹਿ ਦਿੱਤਾ,” ਆਈ ਐਮ ਫਾਈਨ, ਥੈਂਕਸ”

ਉਸ ਦੇ ਜਾਣ ਦੀ ਦੇਰ ਹੀ ਸੀ ਕਿ ਮੈ ਦਰਵਾਜ਼ਾ ਫਿਰ ਬੰਦ ਕਰ ਲਿਆ। ਮੇਰਾ ਦਿਮਾਗ ਫਿਰ ਉਸ ਪਾਰਕ ਵਾਲੇ ਬੰਦੇ ਵਲ ਚਲਾ ਗਿਆ, ਕਿਤੇ ਉਹ ਹੀ ਨਾ ਹੋਵੇ, ਪਰ ਉਹ ਕਿਵੇ ਹੋ ਸਕਦਾ ਹੈ। ਇਹ ਸੋਚ ਕੇ ਹੰਝੂ ਆਪ ਮੁਹਾਰੇ ਹੀ ਮੇਰੀਆਂ ਅੱਖਾਂ ਵਿਚੋਂ ਵਗ ਤੁਰੇ। ਮੇਰੀਆਂ ਅੱਖਾਂ ਭਾਵੇ ਹੁੰਝੂਆਂ ਨਾਲ ਭਰੀਆਂ ਹੋਈਆਂ ਸਨ ਫਿਰ ਵੀ ਯੂਨੀਵਰਸਟੀ ਦੇ ਪੁਰਾਣੇ ਦਿਨਾਂ ਵਾਲੇ ਦ੍ਰਿਸ਼ ਮੈਨੂੰ ਦਿਸਣ ਲੱਗੇ।

ਪਤਾ ਨਹੀ ਉਹ ਕਦੋਂ ਦਾ ਯੂਨੀਵਰਸਟੀ ਵਿਚ ਪੜ੍ਹਨ ਆਉਂਦਾ ਹੋਵੇਗਾ, ਪਰ ਮੈ ਉਸ ਨੂੰ ਪਹਿਲਾਂ ਕਦੇ ਨਹੀ ਸੀ ਦੇਖਿਆ। ਉਸ ਦਿਨ ਵੀ ਜਦੋਂ ਮੈ ਯੂਨੀਵਰਸਟੀ ਦੇ ਗੇਟ ਅੱਗੇ ਕਾਰ ਵਿਚੋ ਉਤਰ ਰਹੀ ਸੀ ਤਾਂ ਉਹ ਆਪਣੇ ਇਨਫੀਲਡ ਮੋਟਰਸਾਈਕਲ ਤੇ ਆ ਰਿਹਾ ਸੀ, ਉਸ ਨੇ ਅੱਗੇ ਲੰਘਣ ਦੀ ਕੋਈ ਕਾਹਲੀ ਨਾ ਕੀਤੀ, ਸਗੋਂ ਸਬਰ ਨਾਲ ਮੋਟਰਸਾਈਕਲ ਕਾਰ ਦੇ ਪਿੱਛੇ ਹੀ ਰੋਕ ਲਿਆ। ਜਦੋਂ ਡਰਾਈਵਰ ਕਾਰ ਲੈ ਕੇ ਚਲਾ ਗਿਆ, ਫਿਰ ਉਹ ਅਰਾਮ ਨਾਲ ਮੋਟਰਸਾਈਕਲ ਮੇਰੇ ਕੋਲ ਦੀ ਲੰਘਾ ਕੇ ਲੈ ਗਿਆ। ਉਸ ਨੇ ਤਾਂ ਸ਼ਾਇਦ ਮੈਨੂੰ ਨਾ ਦੇਖਿਆ ਹੋਵੇ ਪਰ ਮੇਰਾ ਧਿਆਨ ਉਹਦੇ ਵਲ ਜ਼ਰੂਰ ਚਲਾ ਗਿਆ, ਵਾਹ, ਕਿਆ ਪਰਸਨੈਲਟੀ ਹੈ’ ਮੇਰੇ ਦਿਲ ਵਿਚੋਂ ਅਵਾਜ਼ ਆਈ। ਇੰਨਾ ਸੁਹਣਾ ਸਰਦਾਰ ਮੁੰਡਾ ਮੈ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖਿਆ। ਖੈਰ ਉਸ ਵੇਲੇ ਦੇ ਜ਼ਵਾਨ ਜ਼ਜਵਾਤਾਂ ਨੂੰ ਇਹ ਸੋਚ ਕੇ ਕਾਬੂ ਕਰ ਲਿਆ ਕਿ ਉਹ ਸਿੱਖ ਹੈ ਤੇ ਮੈ ਹਿੰਦੂ। ਬੇਸ਼ੱਕ ਰੋਲਾ ੳਦੋਂ ਵੀ ਇਹ ਪੈਂਦਾ ਸੀ ਕਿ ਆਪਾਂ ਸਭ ਭਾਈ ਭਾਈ ਹਾਂ, ਫਿਰ ਵੀ ਸਮਾਜ ਦੀ ਸੋੜੀ ਨੀਤੀ ਦੋ ਅੱਲਗ ਧਰਮਾਂ ਦੇ ਰਿਸ਼ਤਿਆਂ ਨੂੰ ਪ੍ਰਵਾਨਗੀ ਨਹੀ ਸੀ ਦਿੰਦੀ।

ਥੌੜ੍ਹੇ ਦਿਨਾਂ ਬਾਅਦ ਹੀ ਯੂਨੀਵਰਸਟੀ ਵਿਚ ਇਕ ਵੱਡਾ ਫਕਸ਼ਨ ਸੀ ਜਿਸ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾ ਰਹੇ ਸਨ। ਇਹ ਸਰਦਾਰ ਜੀ ਵੀ ਉਹਨਾਂ ਵਿਚੋਂ ਇਕ ਸਨ ਜੋ ਐਮ.ਕਮ ਦੇ ਵਧੀਆਂ ਵਿਦਿਆਰਥੀ ਐਲਾਨੇ ਗਏ। ਅਰਸ਼ਦੀਪ ਦੇ ਪਿਛਲੇ ਵਰਿਆਂ ਦੇ ਨੰਬਰ ਵੀ ਜਦੋਂ ਡੀਨ ਨੇ ਦੱਸੇ ਤਾਂ ਮੈ ਹੈਰਾਨ ਰਹਿ ਗਈ ਕਿ ਕੋਈ ਸਰਦਾਰ ਲੜਕਾ ਵੀ ਇੰਨੇ ਨੰਬਰ ਲੈ ਸਕਦਾ ਹੈ। ਕਿਉਂਕਿ ਸਰਦਾਰ ਲੜਕਿਆਂ ਬਾਰੇ ਮੇਰੀ ਇਹ ਹੀ ਸੋਚਣੀ ਸੀ ਕਿ ਪੜ੍ਹਨ ਵੱਲ ਘੱਟ ਤੇ ਘੁੰਮਣ-ਫਿਰਨ ਵੱਲ ਜ਼ਿਆਦਾ ਧਿਆਨ ਦੇਂਦੇ ਨੇ। ਮੋਜ਼-ਮਸਤੀ ਵਿਚ ਸਮਾਂ ਗੁਜ਼ਾਰਨਾ ਪਸੰਦ ਕਰਦੇ ਨੇ। ਚਲੋ ਮੈਨੂੰ ਕੀ ਜੇ ਇਹ ਪੜ੍ਹਨ ਵਿਚ ਵੀ ਹੁਸ਼ਿਆਰ ਹੈ ਇਹ ਸੋਚ ਕੇ ਸਾਹਮਣੇ ਸਟੇਜ ਵੱਲ ਦੇਖਿਆ ਤਾਂ ਇਹ ਡੀਨ ਕੋਲੋ ਇਨਾਮ ਪ੍ਰਾਪਤ ਕਰ ਰਿਹਾ ਸੀ। ਮੁੜਨ ਲੱਗਾ ਤਾਂ ਅਚਾਨਕ ਹੀ ਉਸ ਦੀ ਨਜ਼ਰ ਮੇਰੇ ਨਾਲ ਟਕਰਾ ਗਈ। ਨਾਲ ਵਾਲੀ ਕੁਰਸੀ ਤੇ ਬੈਠੀ ਆਪਣੀ ਸਹੇਲੀ ਹੈਪੀ ਨੂੰ ਮੈ ਕਿਹਾ, “ ਜੇ ਤੇਰਾ ਰਿਸ਼ਤਾ ਇਸ ਲੜਕੇ ਨਾਲ ਹੋ ਜਾਵੇ ਤਾਂ ਕਿੰਨਾ ਵਧੀਆ ਰਹੇਗਾ।”

“ ਨਾ, ਜੇ ਤੇਰਾ ਹੋ ਜਾਵੇ, ਫਿਰ ਨਹੀ ਵਧੀਆ ਹੋਵੇਗਾ।” ਹੈਪੀ ਹੱਸਦੀ ਹੋਈ ਕਹਿਣ ਲੱਗੀ, “ ਤੂੰ ਤਾਂ ਉਹ ਗੱਲ ਕੀਤੀ ਕਿ ਰੌਂਦੀ ਖਸਮਾਂ ਨੂੰ ਨਾਮ ਲੈ ਲੈ ਭਰਾਵਾਂ ਦੇ, ਤੇਰਾ ਆਪਣਾ ਦਿਲ ਕਰ ਰਿਹਾ ਹੈ ਇਸ ਨਾਲ ਰਿਸ਼ਤਾ ਬਣਾਉਣ ਨੂੰ ਬਹਾਨਾ ਮੇਰਾ ਲਾ ਲਿਆ।”

“ ਮੇਰੇ ਨਾਲ ਕਿਵੇ ਹੋ ਸਕਦਾ ਹੈ, ਮੈ ਤਾਂ ਹਿੰਦੂ ਹਾਂ” ਮੈ ਮੁਸਕਰਾ ਕੇ ਕਿਹਾ, “ ਤੂੰ ਸਿੱਖ ਹੈ, ਤੇਰੇ ਨਾਲ ਸੌਖਾ ਹੋ ਸਕਦਾ ਹੈ।”
“ ਸਿਧੀ ਤਰਾਂ ਦੱਸ, ਚਾਹੁੰਦੀ ਹਾਂ ਤਾ ਗੱਲ ਚਲਾ ਕੇ ਦੇਖ ਲੈਂਦੇ ਹਾਂ।” ਹੈਪੀ ਨੇ ਮੇਰੇ ਲੱਕ ਕੋਲੋ ਚੁਟਕੀ ਭਰਦੇ ਕਿਹਾ, “ ਬੁਝਾਰਤਾਂ ਨਾ ਪਾਇਆ ਕਰ।”
“ ਨਹੀ, ਨਹੀ ਮੈਨੂੰ ਤਾਂ ਕੋਈ ਦਿਲਚਸਪੀ ਨਹੀ।” ਮੈ ਆਪਣੀਆਂ ਭਾਵਨਾਵਾਂ ਨੂੰ ਮਸਲਦੇ ਹੋਏ ਕਿਹਾ, “ ਮੈ ਤਾਂ ਵੈਸੇ ਹੀ ਤੇਰੇ ਨਾਲ ਗੱਲ ਕੀਤੀ ਸੀ ਕਿ ਚਲੋ ਇੰਨਟੈਲੀਜੈਂਟ ਲੜਕਾ ਹੈ।”

ੳਦੋਂ ਹੀ ਸਟੇਜ ਤੋਂ ਹਰਪ੍ਰੀਤ ਕੌਰ ਗਿਲ ਦਾ ਨਾਮ ਬੋਲਿਆ ਗਿਆ, ਹੈਪੀ ਇਨਾਮ ਪ੍ਰਾਪਤ ਕਰਨ ਲਈ ਸਟੇਜ ਵੱਲ ਨੂੰ ਚਲੀ ਗਈ।

ਪੂਰਾ ਹਫਤਾ ਹੋ ਗਿਆ ਸੀ, ਜਿਸ ਟਾਈਮ ਮੈ ਕਾਲਜ ਆਉਂਦੀ ਸੀ, ਅਰਸ਼ਦੀਪ ਦਾ ਮੋਟਰਸਾਈਕਲ ਵੀ ਉਸ ਸਮੇਂ ਹੀ ਪਹੁੰਚਦਾ। ਮੈਨੂੰ ਨਹੀ ਸੀ ਪਤਾ ਕਿ ਉਹ ਜਾਣ ਕੇ ਉਸ ਟਾਈਮ ਆਉਂਦਾ, ਜਾਂ ਇਹ ਇਤਫਾਕ ਸੀ। ਪਹਿਲੀ ਵਾਰੀ ਜਦੋਂ ਉਸ ਨੂੰ ਦੇਖਿਆ ਸੀ ਤਾਂ ਉਸ ਨੇ ਕਾਲੇ ਚਸ਼ਮੇ ਅੱਖਾਂ ਤੇ ਲਗਾਏ ਹੋਏ ਸਨ, ਪਰ ਫਿਰ ਉਸ ਨੇ ਚਸ਼ਮੇ ਲਗਾਉਣੇ ਛੱਡ ਦਿੱਤੇ ਅਤੇ ਇਸ ਕਰਕੇ ਉਸ ਦੀਆਂ ਨਜ਼ਰਾਂ ਮੇਰੇ ਨਾਲ ਕਈ ਵਾਰੀ ਟਕਰਾ ਚੁੱਕੀਆਂ ਸਨ। ਹੁਣ ਤਾਂ ਉਹ ਮੁਸਕ੍ਰਾਉਣ ਵੀ ਲਗ ਪਿਆ ਸੀ, ਪਰ ਮੈ ਉਸ ਤੋਂ ਅੱਖਾਂ ਚਰਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਗੱਲ ਅੱਗੇ ਨਾ ਵੱਧ ਸਕੇ। ਭਾਂਵੇ ਉਸ ਤੋਂ ਚੋਰੀ ਮੈ ਉਸ ਨੂੰ ਦੇਖਦੀ ਸੀ। ਇਸ ਗੱਲ ਦਾ ਅਰਸ਼ਦੀਪ ਨੂੰ ਕੋਈ ਫਰਕ ਨਾ ਪਿਆ। ਉਸ ਦਾ ਤਾਂ ਸਗੋਂ ਜਾਣ ਦਾ ਸਮਾਂ ਵੀ ਉਹ ਹੀ ਹੋ ਗਿਆ, ਜੋ ਮੇਰਾ ਸੀ।

ਉਸ ਦਿਨ ਯੁਨੀਵਰਸਿਟੀ ਤੋਂ ਘਰ ਨੂੰ ਜਾਣ ਲਈ ਮੈ ਗੇਟ ਅੱਗੇ ਖਲੋਤੀ ਕਾਰ ਦੀ ਉਡੀਕ ਕਰ ਰਹੀ ਸੀ, ਪਤਾ ਨਹੀ ਡਰਾਈਵਰ ਕਿਉਂ ਲੇਟ ਸੀ। ਅਰਸ਼ਦੀਪ ਮੁਸਕ੍ਰਾ ਕੇ ਮੇਰੇ ਕੋਲ ਦੀ ਮੋਟਰਸਾਈਕਲ ਲੰਘਾ ਕੇ ਲੈ ਗਿਆ। ਮੈ ਵਿਖਾਵਾ ਕੀਤਾ ਕਿ ਉਸ ਦੀ ਮੁਸਕ੍ਰਾਟ ਨੂੰ ਨਹੀ ਦੇਖਿਆ। ਆਪਣਾ ਧਿਆਨ ਸੜਕ ਵੱਲ ਕਰ, ਕਾਰ ਦੀ ਉਡੀਕ ਕਰਨ ਲੱਗੀ, ਪਰ ਕਾਰ ਦਾ ਕੋਈ ਨਾਮ -ਨਿਸ਼ਾਨ ਨਹੀ ਸੀ, ਅਰਸ਼ਦੀਪ ਦਾ ਮੋਟਰਸਾਈਕਲ ਜ਼ਰੂਰ ਵਾਪਸ ਆ ਰਿਹਾ ਸੀ। ਉਸ ਨੇ ਬੇਝਿਜਕ ਮੋਟਰਸਾਈਕਲ ਮੇਰੇ ਕੋਲ ਰੋਕ ਲਿਆ ਤੇ ਬੋਲਿਆ, “ ਐਕਸਕਿਊਜ਼ ਮੀ, ਜੇ ਤੁਸੀ ਬੁਰਾ ਨਹੀ ਮਨਾਉਂਦੇ ਤਾਂ ਮੈ ਤਹਾਨੂੰ ਛੱਡ ਸਕਦਾਂ ਹਾਂ।”

“ ਥੈਂਕਸ, ਕੋਈ ਗੱਲ ਨਹੀ।” ਆਪਣੀ ਅਵਾਜ਼ ਨੂੰ ਬਹੁਤ ਹੀ ਮਿਠੀ ਤੇ ਨਰਮ ਬਣਾਉਦਿਆਂ ਕਿਹਾ,“ ਡਰਾਈਵਰ ਆਉਂਦਾ ਹੀ ਹੋਵੇਗਾ।”
“ ਹੋ ਸਕਦਾ ਹੈ, ਉਹ ਅੱਜ ਨਾ ਆ ਸਕਦਾ ਹੋਵੇ।”
“ ਆਵੇਗਾ ਤਾਂ ਜ਼ਰੂਰ, ਪਾਪਾ ਦੀ ਉਸ ਨੂੰ ਖਾਸ ਚਿਤਾਵਨੀ ਹੈ ਕਿ ਮੈਨੂੰ ਚੁੱਕਣ-ਛੱਡਣ ਵਿਚ ਲੇਟ ਨਹੀ ਹੋ ਸਕਦਾ।”
“ ਹੋ ਸਕਦਾ ਹੈ, ਕਾਰ ਵਿਚ ਹੀ ਕੋਈ ਨੁਕਸ ਪੈ ਗਿਆ ਹੋਵੇ।” ਉਸ ਨੇ ਇਹ ਗੱਲ ਇਸ ਤਰਾਂ ਕਹੀ ਜਿਵੇਂ ਅੰਦਰੋ ਸੁਖ ਰਿਹਾ ਹੋਵੇ, ਕਿ ਕਾਰ ਨਾ ਹੀ ਆਵੇ ਤਾਂ ਕਿੰਨਾ ਚੰਗਾ ਹੋਵੇ।

“ਕਾਰ ਵਿਚ ਤਾਂ ਕੀ ਨੁਕਸ ਪੈਣਾ।” ਮੈ ਆਪਣੀ ਨਵੀ ਮਾਰੂਤੀ ਕਾਰ ਤੇ ਯਕੀਨ ਕਰਦੇ ਕਿਹਾ, “ਡਰਾਈਵਰ ਨੂੰ ਕੋਈ ਹੋਰ ਕੰਮ ਨਾ ਪੈ ਗਿਆ ਹੋਵੇ।”
“ਜੇ ਤੁਸੀ ਕਾਰ ਨੂੰ ਹੀ ਉਡੀਕਣਾ ਹੈ ਤਾਂ ਹੋਰ ਪੰਦਰਾ-ਵੀਹ ਮਿੰਟ ਉਡੀਕ ਲਵੋ।”
ਉਸ ਨੇ ਮੋਟਰਸਾਈਕਲ ਸਟਾਰਟ ਕਰਦੇ ਕਿਹਾ, “ ਮੈ ਨਾਲ ਵਾਲੀ ਮਾਰਕੀਟ ਵਿਚੋਂ ਕੁਝ ਖ੍ਰੀਦਣਾ ਹੈ ਵਾਪਸ ਆਉਂਦਾ ਹਾਂ ਜੇ ਤਾਂ ਤੁਸੀ ਚਲੇ ਗਏ ਠੀਕ ਹੈ, ਨਹੀ ਤਾਂ ਮੈ ਤਹਾਨੂੰ ਛੱਡ ਦੇਵਾਂਗਾ।”

ਮੇਰਾ ਮਨ ਵਿਚੋਂ ਤਾਂ ਉਸ ਨਾਲ ਜਾਣ ਨੂੰ ਕਰ ਰਿਹਾ ਸੀ, ਪਰ ੳਪਰੋਂ ਉਸ ਨੂੰ ਨਾਹ ਕਰ ਦਿੱਤੀ। ਸਰਦੀਆਂ ਦੇ ਛੋਟੇ ਦਿਨ ਸੀ, ਠੰਡ ਵੀ ਹੋਣ ਲਗ ਪਈ ਸੀ, ਪਰ ਮੈ ਚੁੱਪ-ਚਾਪ ਗਰਮ ਸ਼ਾਲ ਨੂੰ ਦੁਆਲੇ ਲਪੇਟੀ ਕਾਰ ਨੂੰ ਉਡੀਕ ਰਹੀ ਸੀ। ੳਦੋਂ ਤਾਂ ਮੋਬਾਈਲ ਫੋਨ ਵੀ ਨਹੀ ਸੀ ਹੁੰਦੇ ਤਾਂ ਜੋ ਡਰਾਈਵਰ ਦਾ ਪਤਾ ਕਰ ਲਿਆ ਜਾਵੇ। ਸਾਡੇ ਘਰ ਦੂਸਰਾ ਫੋਨ ਤਾਂ ਸੀ, ਪਰ ਕਰਦੀ ਕਿਥੋਂ? ਧੀਰਜ ਰੱਖਦੀ ਹੋਈ ਕਾਰ ਦਾ ਇੰਤਜਾਰ ਕਰਨ ਲੱਗੀ। ਕਾਰ ਤਾਂ ਆਈ ਨਹੀ, ਪਰ ਉਹ ਛੇਤੀ ਹੀ ਵਾਪਸ ਆ ਗਿਆ।

“ ਚਲੋ, ਆਉ ਤਹਾਨੂੰ ਛੱਡ ਦਿਆਂ।” ਉਸ ਨੇ ਆਉਂਦੇ ਹੀ ਕਿਹਾ, “ ਕੀ ਐਡਰੈਸ ਹੈ?”
“ ਸਕੈਟਰ ਨੰ:1,ਟੀ/ 6।” ਕੋਠੀ ਨੰਬਰ ਦੱਸਣ ਹੀ ਲੱਗੀ ਸੀ ਕਿ ਉਹ ਵਿਚੋਂ ਹੀ ਬੋਲ ਪਿਆ, “ਤੁਹਾਡੇ ਪਾਪਾ ਕੰਮ ਕੀ ਕਰਦੇ ਨੇ।”
“ ਉਹ ਪੁਲੀਸ ਵਿਚ ਹਨ।” ਮੋਟਰਸਾਈਕਲ ਤੇ ਬੈਠਦਿਆਂ ਮੈ ਕਿਹਾ, “ਨਯਦੀਕ ਜਾ ਕੇ ਮੈ ਤਹਾਨੂੰ ਕੋਠੀ ਦਿਖਾ ਦੇਵਾਂਗੀ।”
“ਪੁਲੀਸ ਵਿਚ ਅਫੀਸਰ ਹੋਣਗੇ।”
“ ਹਾਂ ਜੀ, ਉਹ ਡੀ, ਐਸ, ਪੀ ਹਨ।”

ਉੱਚਾ-ਨੀਵਾ ਥਾਂ ਆਉਣ ਕਰਕੇ ਹੁਜਕਾ ਜਿਹਾ ਲੱਗਾ ਤਾਂ ਮੈ ਉਸ ਦੇ ਪਾਈ ਕਾਲੀ ਨਰਮ ਚਮੜੇ ਦੀ ਜੈਕਟ ਨੂੰ ਪਕੜ ਲਿਆ।
“ ਮੈਨੂੰ ਕੋਈ ਮਾਈਂਡ ਨਹੀ।” ਉਸ ਨੇ ਕਿਹਾ, “ ਜੇ ਤੁਸੀ ਚਾਹੋ ਤਾਂ ਮੈਨੂੰ ਫੜ੍ਹ ਕੇ ਚੰਗੀ ਤਰਾਂ ਬੈਠ ਸਕਦੇ ਹੋ।”
“ ਨਹੀ, ਮੈ ਠੀਕ ਹਾਂ।” ਇਕਦਮ ਉਸ ਦੀ ਜੈਕਟ ਛੱਡਦੇ ਹੋਏ ਮੈ ਕਿਹਾ, “ ਮੋਟਰਸਾਈਕਲ ਤੇ ਪਹਿਲੀ ਵਾਰ ਬੈਠੀ ਹਾਂ, ਇਸ ਲਈ ਜਰਾ…।”
“ ਕੋਈ ਨਹੀ ਬੇਫਿਕਰੇ ਹੋ ਕੇ ਬੈਠੋ।” ਉਸ ਨੇ ਹਲਕਾ ਜਿਹਾ ਹਾਸਾ ਹੱਸਦੇ ਕਿਹਾ, “ ਮੈ ਤਹਾਨੂੰ ਸੁੱਟਣ ਨਹੀ ਲੱਗਾ।”

ਜਿਉਂ ਜਿਉਂ ਘਰ ਲਾਗੇ ਆ ਰਿਹਾ ਸੀ, ਤਿਉਂ ਤਿਉਂ ਮੇਰੇ ਮਨ ਵਿਚ ਇਕ ਡਰ ਵੀ ਉੱਠ ਰਿਹਾ ਸੀ ਕਿ ਜੇ ਪਾਪਾ ਨੂੰ ਪਤਾ ਲੱਗ ਗਿਆ ਕਿ ਮੈ ਕਿਸੇ ਉਪਰੇ ਲੜਕੇ ਨਾਲ ਘਰ ਆਈ ਤਾਂ ਪਤਾ ਨਹੀ ਕੀ ਹੋਵੇ। ਕਿਉਂਕਿ ਸਾਡੇ ਘਰ ਦਾ ਮਹੌਲ ਆਮ ਪੰਜਾਬ ਦੇ ਘਰਾਂ ਵਰਗਾ ਸੀ, ਬਗੈਰ ਕਿਸੇ ਕਾਰਨ ਕੁੜੀਆਂ ਇਧਰ-ਉਧਰ ਘੁੰਮ ਨਹੀ ਸੀ ਸਕਦੀਆਂ। ਘਰ ਵਿਚ ਕਈ ਨੌਕਰ ਹੋਣ ਦੇ ਵਾਬਜੂਦ ਵੀ ਮੈਨੂੰ ਰਸੋਈ ਦਾ ਸਾਰਾ ਕੰਮ ਸਿਖਾਇਆ ਗਿਆ ਸੀ। ਘਰ ਦੀ ਇੱਜ਼ਤ ਅਤੇ ਮਾਨ-ਮਰਿਆਦਾ ਨੂੰ ਕਿਵੇ ਕਾਈਮ ਰੱਖਣਾ ਦੱਸਿਆ ਗਿਆ ਸੀ। ਪਹਿਲਾਂ ਸੋਚਿਆ ਗਲੀ ਦੀ ਨੁੱਕਰ ਤੇ ਹੀ ਉੱਤਰ ਜਾਵਾਂਗੀ, ਪਰ ਜੇ ਮਹੱਲੇ ਦੇ ਕਿਸੇ ਬੰਦੇ ਨੇ ਦੇਖ ਲਿਆ, ਫਿਰ ਕੀ ਹੋਵੇਗਾ? ਮੇਰਾ ਤਾਂ ਉਹ ਹਾਲ ਹੋ ਗਿਆ ਕਿ ਆਪੇ ਫਾਥੜੀਏ ਤੈਨੂੰ ਕੋਣ ਛੁਡਾਵੇ?

ਗਲੀ ਦਾ ਪਹਿਲਾ ਮੋੜ ਹੀ ਮੁੜਦੇ ਮੈ ਕਿਹਾ, “ ਤੁਸੀ ਮੈਨੂੰ ਇੱਥੇ ਹੀ ਉਤਾਰ ਦਿਉ ਮੈ ਚਲੀ ਜਾਵਾਂਗੀ।”

“ ਕੋਈ ਨਹੀ ਮੈ ਘਰ ਦੇ ਅੱਗੇ ਉਤਾਰ ਦਿੰਦਾ ਹਾਂ।” ਉਸ ਮੋਟਰਸਾਈਕਲ ਥੌੜ੍ਹਾ ਹੌਲੀ ਕਰਦੇ ਕਿਹਾ, “ਜਿਸ ਜਗਹ ਮੈ ਰਹਿੰਦਾ ਹਾਂ, ਉਹ ਵੀ ਇਥੋਂ ਬਹੁਤੀ ਦੂਰ ਨਹੀ, ਲੋੜ ਪੈਣ ਤੇ ਮੈ ਤਹਾਨੂੰ ਛੱਡ ਲਿਜਾ ਸਕਦਾਂ ਹਾਂ।”
“ ਕੋਈ ਨਹੀ ਜ਼ਰਰੂਤ ਪੈਣ ਤੇ ਮੈ ਦੱਸ ਦਿਆ ਕਰਾਂਗੀ।” ਮੈ ਉਂਝ ਹੀ ਕਹਿ ਦਿੱਤਾ, ਵਿਚੋਂ ਭਾਵੇ ਮੇਰਾ ਮਨ ਡਰ ਰਿਹਾ ਸੀ ਕਿ ਅੱਜ ਦਾ ਹਸ਼ਰ ਪਤਾ ਨਹੀ ਕੀ ਹੋਣਾ? ਇਹ ਸਰਦਾਰ ਜੀ ਅਗਾਂਹ ਲਈ ਆਸਾਂ ਲਾਏ ਬੈਠੇ ਨੇ।

ਉਸ ਨੇ ਮੇਰੇ ਮਨ ਦੀ ਬੇਚੈਨੀ ਦਾ ਅਹਿਸਾਸ ਕਰਦੇ ਕਿਹਾ, “ ਕਿਸੇ ਗਲ ਦਾ ਫਿਕਰ ਨਾ ਕਰੋ, ਕੁਝ ਨਹੀ ਹੋਵੇਗਾ, ਜੇ ਚਾਹੋ ਤਾਂ ਮੈ ਤੁਹਾਡੇ ਨਾਲ ਕੋਠੀ ਦੇ ਅੰਦਰ ਵੀ ਜਾ ਸਕਦਾ ਹਾਂ ਅਤੇ ਤੁਹਾਡੇ ‘ਪੇਰੈਂਟਸ’ ਨੂੰ ਦਸ ਦੇਵਾਂਗਾ ਕਿ ਮੈ ਹੀ ਤਹਾਨੂੰ ਆਪਣੇ ਨਾਲ ਆਉਣ ਲਈ ਕਿਹਾ ਸੀ।”
ਮੈਨੂੰ ਸਮਝ ਨਹੀ ਆ ਰਹੀ ਸੀ ਕਿ ਇਹ ਗੱਲਾਂ ਕਿਸ ਯਕੀਨ ਤੇ ਕਰ ਰਿਹਾ ।
ਡਰਦੀ ਹੋਈ ਨੇ ਇਕਦਮ ਕਿਹਾ, “ ਨਹੀ ਨਹੀ, ਕੋਈ ਨਹੀ, ਮੈ ਚਲੀ ਜਾਵਾਂਗੀ, ਇੱਥੇ ਹੀ ਉਤਾਰ ਦਿਉ।”

“ ਕੋਈ ਗੱਲ ਨਹੀ ਤੁਸੀ ਮੈਨੂੰ ਚਾਹ ਨਾ ਪਿਲਾਉਏ।” ਉਸ ਨੇ ਪਹਿਲਾਂ ਵਾਂਗ ਹੀ ਹੱਸਦੇ ਕਿਹਾ, “ ਚਲੋ ਤੁਹਾਡੀ ਮਰਜ਼ੀ।”
ਉਸ ਨੇ ਮੋਟਰਸਾਈਕਲ ਰੋਕਿਆ ਤੇ ਮੈ ਪਿਛੋਂ ਛਾਲ ਮਾਰ ਕੇ ਇੰਝ ਉਤਰੀ ਜਿਵੇ ਕੋਈ ਪੰਛੀ ਕਿਸੇ ਪਿੰਜਰੇ ਵਿਚੋਂ ਛੁਟਦਾ ਹੈ।
“ਥੈਂਕਸ।” ਆਲਾ –ਦੁਆਲਾ ਦੇਖਦੇ ਹੋਏ ਛੇਤੀ ਨਾਲ ਕਿਹਾ, “ ਉਹ ਖੂੰਜੇ ਤੇ ਗੁਲਾਬੀ ਰੰਗ ਦੀ ਸਾਡੀ ਕੋਠੀ ਹੈ।”
“ ਧੰਨਵਾਦ ਤਾਂ ਤੁਹਾਡਾ, ਜਿਹੜਾ ਤੁਸੀ ਯਕੀਨ ਕਰਦੇ ਹੋਏ ਮੇਰੇ ਨਾਲ ਆ ਗਏ।”
ਉਸ ਨੇ ਮੁਸਕ੍ਰਾ ਕੇ ਕਿਹਾ ਅਤੇ ਚਲਾ ਗਿਆ।
ਘਰ ਦੇ ਗੇਟ ਕੋਲ ਮਾਲੀ ਕੰਮ ਕਰ ਰਿਹਾ ਸੀ, ਉਸ ਨੇ ਮੈਨੂੰ ਦੇਖ ਕੇ ਗੇਟ ਖੋਲ੍ਹ੍ ਦਿੱਤਾ।
“ ਭਾਲੂ ਬਾਬਾ, ਆਪ ਕੋ ਪਤਾ ਹੈ ਜਨਕ ਰਾਮ ਕਹਾਂ ਹੈ।” ਬਨਾਵਟੀ ਗੁੱਸੇ ਵਿਚ ਕਿਹਾ, “ ਉਹ ਮੁੱਝੇ ਲੇਨੇ ਨਹੀ ਆਇਆ।”
“ ਬੀਬੀ ਜੀ, ਹਮ ਕੋ ਕੁਏ ਮਾਲੂਮ ਨਾਹਿ।”

ਘਰ ਦੇ ਵਿਹੜੇ ਵਿਚ ਪੈਰ ਹੀ ਪਾਇਆ ਸੀ ਕਿ ਮੱਮੀ ਜੀ ਦੀ ਅਵਾਜ਼ ਡਰਾਇੰਗ ਰੂਮ ਵਿਚੋਂ ਆਈ, “ ਬੇਟੀ, ਜਨਕ ਰਾਮ ਸਮੇਂ ਨਾਲ ਪਹੁੰਚ ਗਿਆ ਸੀ।”
“ ਜਨਕ ਰਾਮ ਮੋਇਆ ਤਾਂ ਆਇਆ ਹੀ ਨਹੀ।”
“ ਮੈਨੂੰ ਪਹਿਲਾਂ ਹੀ ਇਸ ਗੱਲ ਦਾ ਫਿਕਰ ਸੀ।” ਮੱਮੀ ਨੇ ਮੇਰੇ ਕੋਲ ਆਉਂਦਿਆ ਕਿਹਾ, “ ਤੇਰੇ ਪਾਪਾ ਨੂੰ ਸਤਕਰਤਾਰ ਕਲੋਨੀ ਛੱਡ ਕੇ ਜਾਣਾ ਸੀ, ਲੇਟ ਹੋ ਗਿਆ ਹੋਵੇਗਾ।”

“ ਉਹਨਾਂ ਦੀ ਜੀਪ ਕਿੱਥੇ ਗਈ?”

ਮੱਮੀ ਨੇ ਸਾਰੀ ਗੱਲ ਦੱਸੀ ਕਿ ਕਿਵੇ ਪਾਪਾ ਦੀ ਸਰਕਾਰੀ ਜੀਪ ਖਰਾਬ ਹੋਈ ਅਤੇ ਇਕਦਮ ਉਹਨਾ ਨੂੰ ਕਿਤੇ ਜਾਣਾ ਪਿਆ, ਜੋ ਜਨਕ ਰਾਮ ਲੈ ਕੇ ਗਿਆ।

“ ਦੂਸਰੇ ਪੁਲੀਸ ਵਾਲਿਆਂ ਕੋਲ ਕਿੰਨੀਆਂ ਕਿੰਨੀਆ ਸਹੂਲਤਾ ਨੇ।” ਮੈ ਖਿੱਝ ਕੇ ਕਿਹਾ, “ ਪਾਪਾ ਕੋਲ ਸਿਰਫ ਪੁਰਾਣੀ ਜਿਹੀ ਜੀਪ।”
“ ਤੈਨੂੰ ਪਤਾ ਹੈ ਤੇਰੇ ਪਾਪਾ ਦੂਸਰੇ ਪੁਲੀਸ ਵਾਲਿਆਂ ਵਾਂਗ ਨਹੀ ਹੈ।”
“ ਹਾਂ ਜੀ, ਪਾਪਾ ਨੇ ਜੇ ਆਪਣੇ ਅਸੂਲਾਂ ਨਾਲ ਹੀ ਰਹਿਣਾ ਹੈ ਫਿਰ ਤਾਂ ਇਹ ਹੀ ਹਾਲ ਹੋਵੇਗਾ।”
“ ਦੇਖ ਵੀਨਾ, ਪਾਪਾ ਨੂੰ ਕੁਝ ਨਾ ਕਹਿ, ਤੈਨੂੰ ਪਤਾ ਹੈ ਤੇਰੇ ਪਾਪਾ ਦੀ ਹਰ ਥਾਂ ਇੱਜ਼ਤ ਹੈ, ਜੋ ਸਿਰਫ ਅਸੂਲਾਂ ਕਰਕੇ ਹੀ ਹੈ।” ਮੱਮੀ ਨੇ ਕਿਹਾ, “ ਤੂੰ ਦੱਸ ਕਿਵੇ ਆਈ?”
“ ਮੈ ਮੈ, ਬਸ ਆ ਗਈ।”

“ ਬੀਬੀ ਜੀ, ਕੋਈ ਮੋਟਰਸਾਈਕਲ ਵਾਲਾ ਛੋਡ ਕੇ ਗਿਆ।” ਪਿੱਛੋ ਆਉਦੇ ਮਾਲੀ ਨੇ ਕਿਹਾ, “ ਮੈਨੇ ਦੂਰ ਸੇ ਦੇਖਾ , ਕੋਈ ਪਗੜੀ ਵਾਲਾ ਸਰਦਾਰ ਜੀ ਥਾ।”

ਹੈਪੀ ਦੀ ਕਹਾਵਤ, ਲਉ,ਕਰ ਲਉ ਘਿਉ ਨੂੰ ਭਾਂਡਾ’ ਮੈਨੂੰ ਇਕਦਮ ਯਾਦ ਆਈ ਅਤੇ ਨਾਲੇ ਇਹ ਸੋਚ ਕਿ ਸਰਦਾਰ ਤਾਂ ਦੂਰੋਂ ਹੀ ਪਹਿਚਾਨਿਆ ਜਾਂਦਾ, ਮੈ ਕਿਵੇ ਲੋਕੋ ਸਕਦੀ ਹਾਂ। ਇਸ ਲਈ ਸਾਰੀ ਗੱਲ ਮੈ ਸੱਚ ਸੱਚ ਦਸ ਦਿੱਤੀ। ਮੱਮੀ ਮੇਰੇ ਵੱਲ ਦੇਖ ਕੇ ਮੁਸਕ੍ਰਾ ਪਏ, ਪਰ ਕਿਹਾ ਕੁਝ ਨਹੀ ਜਾਂ ਉਹਨਾਂ ਨੂੰ ਮੇਰੇ ਤੇ ਭਰੋਸਾ ਸੀ ਜਾਂ ਅਰਸ਼ਦੀਪ ਤੇ, ਮੈ ਕੁਝ ਨਹੀ ਸੀ ਜਾਣਦੀ।

ਉਸ ਦਿਨ ਤੋਂ ਬਾਅਦ ਅਰਸ਼ਦੀਪ ਅਤੇ ਮੇਰੇ ਵਿਚਾਲੇ ਹਾਏ-ਬਾਏ ਹੋਣ ਲੱਗੀ। ਫਿਰ ਇਹ ਹੀ ਹਾਏ-ਬਾਏ ਦੋਸਤੀ ਵਿਚ ਬਦਲ ਗਈ। ਵਿਹਲੇ ਸਮੇਂ ਅਸੀ ਆਮ ਹੀ ਇਕੱਠੇ ਕੋਫੀ-ਚਾਹ ਪੀਣ ਲੱਗੇ। ਹੌਲੀ ਹੌਲੀ ਦੋਸਤੀ ਅਗਾਂਹ ਵਧਣ ਲੱਗੀ। ਇਕ ਦਿਨ ਧੁੱਪੇ ਲਾਇਬਰੇਰੀ ਦੀ ਗਰਾਂਊਂਡ ਵਿਚ ਬੈਠੇ ਸੀ। ਅਰਸ਼ਦੀਪ ਨੇ ਸਿਧਾ ਹੀ ਕਹਿ ਦਿੱਤਾ, “ ਵੀਨਾ, ਹੁਣ ਮੈ ਤੇਰੇ ਪਾਪਾ ਨਾਲ ਗੱਲ ਕਰਨੀ ਚਾਹੁੰਦਾਂ ਹਾਂ।”
“ ਕਿਉ?”
“ ਤੈਨੂੰ ਵੀ ਪਤਾ ਹੈ।”
“ ਪਹਿਲਾ, ਮੇਰੇ ਨਾਲ ਤਾਂ ਗੱਲ ਕਰ ਲਉ।” ਗੱਲ ਜਾਣਦਿਆਂ ਹੋਇਆਂ ਵੀ ਮੈ ਮੁਸਕ੍ਰਾ ਕੇ ਕਿਹਾ, “ਵੈਸੇ ਤੁਸੀ ਗੱਲ ਕਿਸ ਮਸਲੇ ਤੇ ਕਰਨੀ ਹੈ।”
“ ਗਵਾਹ ਚੁਸਤ,
ਮੁਦਈ ਸੁਸਤ।” ਹੌਲੀ ਜਿਹੇ ਹੱਸਦੇ ਹੋਏ ਨੇ ਮੇਰਾ ਹੱਥ ਫੜ੍ਹ ਲਿਆ ਅਤੇ ਕਿਹਾ, “ ਮੈ ਉਹੋ ਜਿਹਾ ਮੁੰਡਾ ਨਹੀ ਹਾਂ, ਅਸੀ ਤਾਂ ਕਿਸੇ ਦੀ ਬਾਂਹ ਇਕ ਵਾਰੀ ਫੜ੍ਹ ਲਈਏ ਫਿਰ ਛੱਡੀ ਦੀ ਨਹੀ।”

ਸਾਹਮਣੇ ਹਰਪ੍ਰੀਤ ਆਉਂਦੀ ਦੇਖੀ ਤਾਂ ਮੈ ਕਿਹਾ, “ ਅੱਛਾ, ਅੱਛਾ ਮੇਰਾ ਹੱਥ ਤਾਂ ਹੁਣ ਛੱਡ ਦਿਉ।”
“ ਕੀ ਗੱਲ ਹੈ?” ਆਉਂਦਿਆਂ ਹੀ ਹਰਪ੍ਰੀਤ ਨੇ ਕਿਹਾ, “ ਅੱਜਕਲ ਤੁਹਾਡੀਆਂ ਮੁਲਾਕਾਤਾਂ ਦਾ ਸਿਲਸਲਾ ਵੱਧਦਾ ਹੀ ਜਾ ਰਿਹਾ ਹੈ।”
ਅਰਸ਼ਦੀਪ ਦੇ ਬੋਲਣ ਤੋਂ ਪਹਿਲਾਂ ਹੀ ਮੈ ਕਹਿ ਦਿੱਤਾ, “ ਜੋ ਤੂੰ ਸੋਚ ਰਹੀ , ਉਹੋ ਜਿਹੀ ਕੋਈ ਗੱਲ ਨਹੀ।”
“ ਘਰ ਦੇ ਭਾਗ ਤਾਂ ਡਿਊੜੀ ਤੋਂ ਹੀ ਦਿਸ ਪੈਂਦੇ ਨੇ।” ਉਹ ਹੱਸਦੀ ਹੋਈ ਕਹਿਣ ਲੱਗੀ, “ ਤੁਹਾਡੇ ਚਿਹਰਿਆਂ ਤੋਂ ਸਾਫ ਨਜ਼ਰ ਆ ਰਿਹਾ ਕਿ ਮੁਹੱਬਤ ਦੀ ਦਸਤਕ ਤੁਹਾਡੇ ਦਿਲਾਂ ਦੇ ਦਰਵਾਜ਼ੇ ਖੜਕਾ ਰਹੀ ਹੈ।”

“ਇਹ ਦਸਤਕ ਤਾਂ ਬਹੁਤ ਚਿਰ ਪਹਿਲਾਂ ਹੀ ਖੜਕ ਪਈ ਸੀ।”ਅਰਸ਼ਦੀਪ ਨੇ ਸਾਫ ਕਹਿ ਦਿੱਤਾ, “ ਹੁਣ ਤਾਂ ਦਿਲਾਂ ਦੇ ਦਰਵਾਜ਼ਿਆਂ ਦੇ ਰਾਹੀ ਇਕ ਦੂਜੇ ਦੇ ਦਿਮਾਗਾਂ ਵਿਚ ਵੀ ਦਾਖਲ ਹੋ ਚੁੱਕੇ ਹਾਂ।”

“ ਇਹ ਮੈਂਡਮ ਜੀ ਕਿਉਂ ਛੁਪਾ ਰਿਹੇ ਹਨ।” ਹਰਪ੍ਰੀਤ ਨੇ ਮੇਰੇ ਮੋਢੇ ਤੇ ਆਪਣਾ ਹੱਥ ਜੋਰ ਦੀ ਮਾਰਦਿਆਂ ਆਖਿਆ, “ ਨਾਲੇ ਚੋਰ ਨਾਲੇ ਚਤਰ।”
“ ਮੈ ਤਾਂ ਕੁਝ ਨਹੀ ਛੁਪਾ ਰਿਹਾ, ਮੈ ਤਾਂ ਹੁਣ ਇਸ ਦੇ ਪਾਪਾ ਨਾਲ ਵੀ ਗੱਲ ਕਰਨ ਨੂੰ ਤਿਆਰ ਹਾਂ।”
“ ਮੇਰੇ ਖਿਆਲ ਤਾਂ ਤੁਹਾਡੇ ਡੈਡੀ ਨੂੰ ਹੀ ਇਸ ਦੇ ਪਾਪਾ ਨਾਲ ਗੱਲ ਕਰਨੀ ਚਾਹੀਦੀ ਹੈ।” ਹਰਪ੍ਰੀਤ ਨੇ ਸੁਝਾਅ ਦਿੱਤਾ, “ ਇਸ ਤਰਾ ਗੱਲ ਵਧੀਆ ਢੰਗ ਨਾਲ ਸਪੂਰਨ ਹੋਵੇਗੀ।”
“ ਮੇਰੇ ਡੈਡੀ ਦਾ ਇਸ ਤਰਾਂ ਆਉਣਾ ਮੁਸ਼ਕਿਲ ਹੈ।
ਉਹ ਮਿਲਟਰੀ ਵਿਚ ਨੇ, ਮੇਰੇ ਮੱਮੀ ਅਤੇ ਛੋਟੀ ਭੈਣ ਪੰਜਾਬ ਦੇ ਇਕ ਪਿੰਡ ਵਿਚ ਰਹਿੰਦੀਆਂ ਨੇ, ਇਸ ਸ਼ਹਿਰ ਵਿਚ ਸਿਰਫ ਮੈ ਹੀ ਪੜ੍ਹਨ ਕਰਕੇ ਕਿਰਾਏ ਤੇ ਕਮਰਾ ਲੈ ਕੇ ਰਹਿ ਰਿਹਾ ਹਾਂ।”

ਹਰਪ੍ਰੀਤ ਨੇ ਇਕ ਗੱਲ ਕਰਕੇ ਉਸ ਕੋਲੋ ਸਾਰੀਆਂ ਗੱਲਾ ਦਾ ਪਤਾ ਕਰ ਲਿਆ।

“ ਪਰ ਤਹਾਨੂੰ ਆਪਣੇ ਮੱਮੀ ਡੈਡੀ ਨੂੰ ਦੱਸਣਾ ਤਾਂ ਚਾਹੀਦਾ ਹੈ।” ਮੈ ਕਿਹਾ, “ ਹੋਰ ਨਾ ਮੇਰੇ ਪਾਪਾ ਹਾਂ ਕਰ ਦੇਣ ਅਤੇ ਉਹ ਨਾਂਹ।”
“ ਉਹਨਾਂ ਨੂੰ ਤਾਂ ਮੈ ਦੱਸ ਵੀ ਦਿੱਤਾ ਹੈ। ਉਹਨਾ ਦਾ ਕਹਿਣਾ ਹੈ ਕਿ ਵਿਆਹ ਤੂੰ ਕਰਵਾਉਣਾ ਹੈ,
ਜੋ ਤੂੰ ਫੈਂਸਲਾ ਕਰੇਗਾ , ਉਹ ਠੀਕ ਹੀ ਹੋਵੇਗਾ।”
“ ਇਸ ਦਾ ਮਤਲਵ, ਤੁਹਾਡੇ ਪੇਰੈਂਟਸ ਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ।” ਹਰਪ੍ਰੀਤ ਨੇ ਮੇਰੇ ਵੱਲ ਦੇਖ ਕੇ ਕਿਹਾ, “ ਵੈਸੇ ਅੱਜਕਲ ਦੀ ਪੜ੍ਹੀ ਲਿਖੀ ਪੀੜ੍ਹੀ ਨੂੰ ਇਸ ਤਰਾਂ ਦੇ ਮੱਹਤਵ ਪੂਰਨ ਫੈਂਸਲੇ ਕਰਨ ਦਾ ਹੱਕ ਹੋਣਾ ਵੀ ਚਾਹੀਦਾ ਹੈ।”

ਮੈ ਕਿਹਾ,“ ਮੇਰੇ ਮੱਮੀ ਪਾਪਾ ਨੂੰ ਵੀ ਮੇਰੇ ਤੇ ਭਰੋਸਾ ਹੈ।”

ਭਾਵੇ ਇਹ ਗੱਲ ਕਹਿਣ ਨੂੰ ਮੈ ਕਹਿ ਗਈ ਸੀ, ਪਰ ਫਿਰ ਵੀ ਮੈਨੂੰ ਵਿਚੋਂ ਇਕ ਫਿਕਰ ਸੀ ਕਿ ਪਾਪਾ ਨਾਲ ਇਹ ਗੱਲ ਕਿਵੇ ਕਰਾਂਗੀ?
ਘਰ ਜਾ ਕੇ ਮੱਮੀ ਨਾਲ ਗੱਲ ਚਲਾਈ, “ ਉਹ ਮੋਟਰਸਾਈਕਲ ਵਾਲਾ ਲੜਕਾ ਪਾਪਾ ਨੂੰ ਮਿਲਣਾ ਚਾਹੁੰਦਾ ਹੈ।”
“ ਉਸ ਨੇ ਪੁਲੀਸ ਵਿਚ ਭਰਤੀ ਤਾਂ ਨਹੀ ਹੋਣਾ।” ਮੱਮੀ ਨੇ ਮੇਰੇ ਦਿਲ ਦੀ ਗੱਲ ਜਾਣਦੇ ਹੋਏ ਵੀ ਕਿਹਾ, “ਸ਼ਿਫਾਰਸ਼ ਚਾਹੁੰਦਾ ਹੋਵੇਗਾ।”
“ ਨਹੀ ਮੱਮੀ, ਉਹ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ।” ਮੈ ਸਪੱਸ਼ਟ ਹੀ ਕਹਿ ਦਿੱਤਾ, “ ਮੈਨੂੰ ਵੀ ਉਹ…।”
“ ਪਸੰਦ ਹੈ।” ਮੱਮੀ ਨੇ ਮੇਰਾ ਅਧੂਰਾ ਵਾਕ ਪੂਰਾ ਕੀਤਾ ਅਤੇ ਕਿਹਾ, “ ਤੇਰੇ ਮੂੰਹ ਦੀ ਲਾਲੀ ਨੇ ਇਹ ਗੱਲ ਤਾਂ ਮੈਨੂੰ ਉਸ ਦਿਨ ਹੀ ਦੱਸ ਦਿੱਤੀ ਜਿਸ ਦਿਨ ਤੂੰ ਉਸ ਦੇ ਮੋਟਰਸਾਈਕਲ ਤੇ ਘਰ ਆਈ ਸੀ।”

ਇਹ ਗੱਲ ਸੁਣ ਕੇ ਮੈ ਸ਼ਰਮ ਨਾਲ ਇਕੱਠੀ ਜਿਹੀ ਹੋ ਗਈ ਅਤੇ ਮੇਰੀਆਂ ਅੱਖਾਂ ਧਰਤੀ ਵੱਲ ਗੱਡੀਆਂ ਗਈਆਂ। ਮੱਮੀ ਨੇ ਮੈਨੂੰ ਫੜ੍ਹ ਕੇ ਕੋਲ ਡਿਠੇ ਤਖਤਪੋਸ਼ ਤੇ ਬੈਠਾ ਲਿਆ ਅਤੇ ਮੇਰੇ ਕੋਲ ਜੋ ਜਾਣਕਾਰੀ ਅਰਸ਼ਦੀਪ ਬਾਰੇ ਸੀ ਲੈ ਲਈ ਅਤੇ ਪਾਪਾ ਨਾਲ ਗੱਲ ਕਰਨ ਦਾ ਵਾਅਦਾ ਕਰਕੇ ਰਸੌਈ ਵੱਲ ਚਲੀ ਗਈ। ਮੱਮੀ ਦੀ ਇਹ ਆਦਤ ਮੈਨੂੰ ਬਹੁਤ ਹੀ ਪਸੰਦ ਹੈ ਘਰ ਵਿਚ ਕੋਈ ਵੀ ਅਜਿਹੀ ਸਥਿਤੀ ਆ ਜਾਵੇ ਉਹ ਬਹੁਤ ਹੀ ਸਹਿਜ ਢੰਗ ਨਾਲ ਉਸ ਨੂੰ ਕਾਬੂ ਕਰ ਲੈਂਦੇ। ਇਸ ਲਈ ਘਰ ਵਿਚ ਕਦੇ ਵੀ ਹਲਾ-ਲਲਾ ਜਾਂ ਹੰਗਾਮਾ ਨਹੀ ਹੋਇਆ। ਇਹ ਸਹਿਜ ਅਵਸਥਾ ਮੱਮੀ ਵਿਚ ਇਸ ਲਈ ਸੀ ਕਿਉਂਕਿ ਉਹਨਾਂ ਦੇ ਖਿਆਲ ਬਹੁਤ ਹੀ ਧਾਰਮਿਕ ਸਨ ਅਤੇ ਪ੍ਰਮਾਤਮਾ ਵਿਚ ਉਹਨਾਂ ਨੂੰ ਅਥਾਹ ਸ਼ਰਧਾ ਸੀ।

ਅਗਲੇ ਐਤਵਾਰ ਹੀ ਪਾਪਾ ਨੇ ਅਰਸ਼ਦੀਪ ਨੂੰ ਘਰ ਬੁਲਾ ਲਿਆ ਅਤੇ ਆਪਣੀ ਕਸੌਟੀ ਤੇ ਚੰਗੀ ਤਰਾਂ ਪਰਖਿਆ। ਜਦੋਂ ਉਹ ਖਰਾ ਨਿਕਲਿਆ ਤਾਂ ਸ਼ਾਦੀ ਦੇ ਬੰਧਨ ਵਿਚ ਬਨਣ ਲਈ ਹਾਮੀ ਭਰ ਦਿੱਤੀ ਅਤੇ ਨਾਲ ਹੀ ਅਰਸ਼ਦੀਪ ਦੇ ਮਾਪਿਆ ਨਾਲ ਮਿਲਣ ਦੀ ਇਸ਼ਾ ਪ੍ਰਗਟ ਕੀਤੀ। ਇਕ ਸ਼ਰਤ ਵੀ ਰੱਖੀ ਕਿ ਅਸੀ ਬਾਹਰ ਖੁਲ੍ਹੇਆਮ ਨਹੀ ਘੁੰਮ ਸਕਦੇ। ਅਸੀ ਵੀ ਪਾਪਾ ਦੀ ਇਹ ਸ਼ਰਤ ਪੂਰੀ ਕੀਤੀ, ਜਦੋਂ ਕਦੇ ਵੀ ਅਸੀ ਗੱਲ ਕਰਨੀ ਹੁੰਦੀ ਤਾਂ ਯੂਨੀਵਰਸਟੀ ਵਿਚ ਹੀ ਮਿਲ ਲੈਂਦੇ। ਬਾਹਰ ਕਦੇ ਕੌਫੀ ਦਾ ਕੱਪ ਵੀ ਪੀਣ ਨਹੀ ਸੀ ਗਏ।

ਉਸ ਦਿਨ ਜਦੋਂ ਅਰਸ਼ਦੀਪ ਮੈਨੂੰ ਮਿਲਿਆ ਤਾਂ ਬਹੁਤ ਹੀ ਫਿਕਰਮੰਦ ਲੱਗਾ। ਉਤਰੇ ਹੋਏ ਚਿਹਰੇ ਨਾਲ ਕਹਿਣ ਲੱਗਾ, “ ਮੱਮੀ ਦੀ ਪਿੰਡੋਂ ਟੈਲੀਗਰਾਮ ਆਈ ਹੈ, ਮੇਰੇ ਡੈਡੀ ਦਾ ਕੋਈ ਪਤਾ ਨਹੀ ਲੱਗ ਰਿਹਾ ਉਹ ਕਿੱਥੇ ਨੇ?”
“ਤੁਹਾਡੇ ਡੈਡੀ ਗੁੰਮ ਹੋ ਗਏ।” ਮੈ ਹੈਰਾਨ ਹੁੰਦੀ ਨੇ ਕਿਹਾ, “ ਉਹ ਜਾ ਕਿੱਥੇ ਸਕਦੇ ਨੇ?”
“ ਮੈ ਅੱਜ ਸ਼ਾਮ ਨੂੰ ਪਿੰਡ ਜਾ ਰਿਹਾ ਹਾਂ।”

ਚੌਥੇ ਦਿਨ ਹੀ ਅਰਸ਼ਦੀਪ ਆਪਣੀ ਮੱਮੀ ਨੂੰ ਲੈ ਕੇ ਸਾਡੀ ਕੋਠੀ ਆਇਆ ਅਤੇ ਦੱਸਿਆ ਕਿ ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਨੇ ਉਸ ਦੇ ਡੈਡੀ ਬਹਾਦਰ ਸਿੰਘ ਨੂੰ ਚੁੱਕ ਲਿਆ ਹੈ।
“ ਚੁੱਕਣ ਦਾ ਕੋਈ ਕਾਰਨ ਤਾਂ ਹੋਵੇਗਾ।” ਪਾਪਾ ਨੇ ਕਿਹਾ, “ ਕੀ ਕੀਤਾ ਸੀ ਉਹਨੀ।”
“ ਉਹਨਾਂ ਕੁੱਝ ਵੀ ਨਹੀ ਕੀਤਾ।”ਅਰਸ਼ਦੀਪ ਦੀ ਮੱਮੀ ਗੁਰਜੀਤ ਕੌਰ ਨੇ ਦੱਸਿਆ, “ ਇਹਨਾਂ ਦੇ ਮਾਮੇ ਦਾ ਪੁੱਤ ਟੱਰਕਾਂ ਦਾ ਕਾਰੋਬਾਰ ਕਰਦਾ ਸੀ,
ਉਸ ਨੇ ਇਕ ਵੱਖਰੀ ਰਿਹਾਇਸ਼ ਲੁਧਿਆਣੇ ਬਣਾਈ ਹੋਈ ਸੀ। ਉਸ ਰਿਹਾਇਸ਼ ਵਿਚ ਕੋਈ ਬਿਸਫੋਟ ਹੋਇਆ ਤਾਂ ਉਹ ਜਲ ਗਈ, ਜਿਸ ਵਿਚ ਮਾਮੇ ਦਾ ਪੁੱਤ ਅਤੇ ਉਸ ਦੇ ਦੋ ਸਾਥੀ ਵੀ ਸੜ ਗਏ।”
“ ਇਹ ਤਾਂ ਬਹੁਤ ਮਾੜਾ ਹੋਇਆ।” ਮੱਮੀ ਵਿਚੋਂ ਹੀ ਬੋਲੇ, “ ਭਰਾ ਜੀ ਉੱਥੇ ਤਾਂ…।
“ ਆਪ ਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਦਿਨੋਦਿਨ ਖਰਾਬ ਹੁੰਦੇ ਜਾ ਰਹੇ ਨੇ, “ ਗੁਰਜੀਤ ਕੌਰ ਨੇ ਅੱਗੇ ਕਿਹਾ, “ ਐਸੀ ਹਾਲਤ ਵਿਚ ਇਕਲੀਆਂ ਮਾਵਾਂ-ਧੀਆਂ ਦਾ ਰਹਿਣਾ ਔਖਾ ਲੱਗਦਾ ਸੀ, ਇਸ ਲਈ ਅਸੀ ਜਿੱਥੇ ਇਹਨਾਂ ਦੀ ਨੌਕਰੀ ਸੀ ਉੱਥੇ ਜਾਣ ਦਾ ਫੈਂਸਲਾ ਕਰ ਲਿਆ।”

“ਇਸ ਵਿਚ ਸਰਦਾਰ ਜੀ ਦਾ ਕੀ ਦੋਸ਼।” ਪਾਪਾ ਨੇ ਗੰਭੀਰ ਹੁੰਦਿਆ ਕਿਹਾ, “ਜੋ ਪੰਜਾਬ ਦੇ ਹਾਲਾਤ ਹਨ, ਹਰ ਕੋਈ ਆਪਣੇ ਪ੍ਰੀਵਾਰ ਬਾਰੇ ਫਿਕਰਮੰਦ ਹੈ।”

ਗੁਰਜੀਤ ਕੌਰ ਨੇ ਆਪਣੇ ਹੰਝੂ ਰੁਮਾਲ ਨਾਲ ਸਾਫ ਕਰਦੇ ਕਿਹਾ, “ ਇਹ ਤਾਂ ਆਪਣੇ ਮਾਮੇ ਦੇ ਪੁੱਤ ਕੋਲ ਟੱਰਕ ਦਾ ਪੁੱਛਣ ਗਏ ਤਾਂ ਜੋ ਅਸੀ ਆਪਣਾ ਸਮਾਨ ਅਸਾਨੀ ਨਾਲ ਦੂਸਰੀ ਜਗ੍ਹਾ ਲਿਜਾ ਸਕਦੇ ਸਾਂ। ਜਦੋਂ ਇਹ ਉੱਥੇ ਪਹੁੰਚੇ ਤਾਂ ਪੁਲੀਸ ਉਸ ਥਾਂ ਦੀ ਛਾਣਬੀਨ ਕਰ ਰਹੀ ਸੀ, ਪਤਾ ਲੱਗਾ ਕਿ ਉੱਥੇ ਕੋਈ ਬੰਬ ਬਣਾਉਣ ਦੀ ਸਮਗਰੀ ਪਈ ਸੀ, ਜਿਸ ਨੂੰ ਅਚਾਨਕ ਅੱਗ ਲਗ ਗਈ ਤੇ ਉਹ ਫਟ ਗਈ।”

“ ਮੈ ਸਮਝ ਗਿਆ ਤੁਸੀ ਕਿਸ ਥਾਂ ਦੀ ਗੱਲ ਕਰ ਰਹੇ ਹੋ।” ਪਾਪਾ ਨੇ ਦੱਸਿਆ, “ਪਤਾ ਲੱਗਾ ਹੈ ਕਿ ਉਹ ਸਮਗਰੀ ਖਾੜਕੂਆਂ ਦੀ ਸੀ।”
“ ਸਾਡਾ ਤਾਂ ਇਸ ਸਮਗਰੀ ਨਾਲ ਕੋਈ ਲੈਣਾ ਦੇਣਾ ਨਹੀ ਸੀ।” ਗੁਰਜੀਤ ਕੌਰ ਨੇ ਭਰਵੇ ਗਲੇ ਨਾਲ ਕਿਹਾ, “ ਇਹ ਤਾਂ ਅਚਾਨਕ ਹੀ ਉਸ ਸਮੇਂ ਉੱਥੇ ਚਲੇ ਗਏ ਅਤੇ ਇਹਨਾਂ ਨੂੰ ਚੁੱਕ ਲਿਆ ਗਿਆ ਕਿ ਤੂੰ ਇਸ ਰਿਹਾਇਸ਼ ਦੇ ਮਾਲਕ ਦਾ ਰਿਸ਼ਤੇਦਾਰ ਹੈ, ਤੂੰ ਵੀ ਭਾਗੀਦਾਰ ਹੋਵੇਗਾ।”

ਪਾਪਾ ਨੇ ਇਸ ਕੇਸ ਵਿਚ ਪੂਰੀ ਨੱਠ-ਭਜ ਕੀਤੀ। ਫਿਰ ਵੀ ਬਹੁਤ ਦੇਰ ਤਕ ਸਰਦਾਰ ਬਹਾਦਰ ਸਿੰਘ ਦਾ ਪਤਾ ਨਹੀ ਲੱਗਾ। ਅਰਸ਼ਦੀਪ ਅਤੇ ਉਸ ਦੇ ਮੱਮੀ ਵੱਖ ਦਰ ਦਰ ਦੀਆਂ ਠੋਕਰਾਂ ਖਾਦੇ ਰਹੇ, ਪਰ ਹੱਥ- ਪੱਲੇ ਕੁੱਝ ਨਾ ਪਿਆ।

ਇਕ ਦਿਨ ਪਾਪਾ ਦੇ ਸਹਿਯੋਗੀ ਦੋਸਤ ਦਾ ਫੋਨ ਆਇਆ ਤਾਂ ਉਸ ਨੇ ਦੱਸਿਆ ਕਿ ਬਹਾਦਰ ਸਿੰਘ ਨੂੰ ਪੁਲੀਸ ਨੇ ਖਾੜਕੂ ਬਣਾ ਕੇ ਮੁਕਾਬਲੇ ਵਿਚ ਮਰਿਆ ਸਿਧ ਕਰ ਦਿੱਤਾ ਹੈ। ਪਾਪਾ ਇਹ ਸੁਣ ਕੇ ਬਹੁਤ ਹੀ ਉਦਾਸ ਹੋਏ ਕਿਉਕਿ ਜਦੋਂ ਪਾਪਾ ਇਸ ਕੇਸ ਕਰਕੇ ਅਰਸ਼ਦੀਪ ਦੇ ਪਿੰਡ ਗਏ ਸੀ ਤਾਂ ਲੋਕਾ ਨੇ ਦੱਸਿਆ ਸੀ ਕਿ ਅਰਸ਼ਦੀਪ ਦੇ ਘਰਾਣੇ ਵਾਲੇ ਲੋਕ ਬਹੁਤ ਹੀ ਸ਼ਰੀਫ ਅਤੇ ਸਮਝਦਾਰ ਹਨ। ਪੁਲੀਸ ਨੇ ਵੇਵਜ੍ਹਾ ਹੀ ਬਹਾਦਰ ਸਿੰਘ ਨੂੰ ਚੁੱਕ ਲਿਆ।

ਅਰਸ਼ਦੀਪ ਦੇ ਪ੍ਰੀਵਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਅੰਦਾਜ਼ਾ ਲਗਾਉਣਾ ਔਖਾ ਨਹੀ ਉਹਨਾਂ ਨਾਲ ਕੀ ਬੀਤੀ ਹੋਵੇਗੀ। ਅਰਸ਼ਦੀਪ ਦੀ ਹਾਜ਼ਰੀ ਯੁਨੀਵਰਸਿਟੀ ਵਿਚ ਘੱਟਨ ਲੱਗੀ ਅਤੇ ਪੰਜਾਬ ਜਾਣ ਦੇ ਚੱਕਰ ਵਧਨ ਲੱਗੇ।
ਦੁਪਹਿਰ ਦਾ ਵੇਲਾ ਸੀ। ਯੁਨੀਵਿਰਸਟੀ ਦੀ ਪਿਛਲੀ ਬਿਲਡਿੰਗ ਵਿਚ ਮੈ ਹਰਪ੍ਰੀਤ ਨਾਲ ਖੜ੍ਹੀ ਸੀ।
ਅਰਸ਼ਦੀਪ ਇਕ ਨਵੇ ਦੋਸਤ ਨਾਲ ਸਾਡੇ ਵੱਲ ਆਇਆ ਅਤੇ ਕਹਿਣ ਲੱਗਾ, “ ਮੈ ਫਿਰ ਪੰਜਾਬ ਜਾ ਰਿਹਾ ਹਾਂ।”

“ ਤਹਾਨੂੰ ਪਤਾ ਹੈ ਤੁਹਾਡੀ ਪੜ੍ਹਾਈ ਦਾ ਕਿੰਨਾ ਨੁਕਸਾਨ ਹੋ ਰਿਹਾ।” ਮੈ ਇਹ ਗੱਲ ਪਤਾ ਨਹੀ ਕਿਸ ਹੱਕ ਨਾਲ ਕਹਿ ਦਿੱਤੀ, “ ਇਸ ਤਰਾਂ ਤੁਸੀ ਆਪਣੀ ਡਿਗਰੀ ਕਿਵੇ ਪੂਰੀ ਕਰੋਂਗੇ।”
“ ਇਸ ਦੇ ਡੈਡੀ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਇਸ ਦੇ ਸਿਰ ਆ ਪਈ ਹੈ।” ਨਵੇ ਦੋਸਤ ਨੇ ਕਿਹਾ, “ ਮੈ ਇਸ ਨੂੰ ਲੈਣ ਲਈ ਹੀ ਆਇਆਂ ਹਾਂ।”
“ ਵਾਪਸ ਕਦੋਂ ਆਉਂਗੇ।” ਮੈ ਪੁੱਛਿਆ, “ ਜਾਣ ਤੋਂ ਪਹਿਲਾਂ ਪਾਪਾ ਨੂੰ ਮਿਲ ਸਕਦੇ ਹੋ, ਪਤਾ, ਉਹ ਤੁਹਾਡੇ ਬਾਰੇ ਚਿੰਤਾ ਕਰ ਰਹੇ ਸਨ।”
“ ਵਾਪਸ ਆ ਕੇ ਮਿਲਾਂਗਾ।” ਅਰਸ਼ਦੀਪ ਨੇ ਬਹੁਤ ਹੀ ਹੌਲੀ ਅਵਾਜ਼ ਵਿਚ ਕਿਹਾ, “ ਜੇ ਤੇਰੇ ਪਾਪਾ ਮੇਰੇ ਡੈਡੀ ਦੇ ਕਾਤਲ ਖੋਜਣ ਵਿਚ ਮੇਰੀ ਸਹਾਇਤਾ ਕਰ ਦੇਣ ਤਾਂ ਮੈ ਹੁਣ ਵੀ ਮਿਲ ਸਕਦਾਂ ਹਾਂ।”

“ ਇਸ ਕੰਮ ਵਿਚ ਪਾਪਾ ਆਪਣੇ ਵਲੋ ਪੂਰਾ ਜੋਰ ਲਾ ਰਿਹੇ ਨੇ।” ਮੈ ਦੱਸਿਆ, “ ਪਰ ਪੰਜਾਬ ਪੁਲੀਸ ਇਸ ਬਾਰੇ ਕੁੱਝ ਵੀ ਨਹੀ ਦੱਸ ਰਹੀ।”
“ ਇਸ ਲਈ ਮੈਨੂੰ ਆਪ ਹੀ ਕਾਤਲ ਭਾਲਣੇ ਪੈਣੇ ਨੇ।” ਅਰਸ਼ਦੀਪ ਨੇ ਸਾਫ ਕਿਹਾ, “ ਚਾਹੇ ਮੈਨੂੰ ਕੁੱਝ ਵੀ ਕਰਨਾ ਪਵੇ।”
ਉਸ ਨੇ ਗੱਲ ਇਸ ਢੰਗ ਨਾਲ ਕਹੀ ਕਿ ਮੈ ਅਦਰੋਂ ਬਾਹਰੋ ਕੰਬ ਗਈ ਅਤੇ ਦਿਲ ਧੜਕਦੇ ਨਾਲ ਕਿਹਾ, “ ਇਹਦਾ ਮਤਲਵ ਤੁਸੀ ਆਪਣੇ ਡੈਡੀ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਹੋ।”
“ ਲੱਗਦਾ ਤਾਂ ਇਸ ਤਰਾਂ ਹੀ ਹੈ।”
ਹਰਪ੍ਰੀਤ ਨੇ ਵੀ ਕਹਿ ਦਿੱਤਾ, “ ਮੇਰੇ ਹਿਸਾਬ ਨਾਲ ਤਾਂ ਤਹਾਨੂੰ ਪੰਜਾਬ ਜਾਣਾ ਹੀ ਨਹੀ ਚਾਹੀਦਾ ਸਾਰਿਆਂ ਨੂੰ ਪਤਾ ਹੈ ਉੱਥੇ ਕੀ ਕੁੱਝ ਹੋ ਰਿਹਾ ਹੈ।”
“ ਜੋ ਪੰਜਾਬ ਵਿਚ ਰਹਿੰਦੇ ਨੇ।” ਅਰਸ਼ਦੀਪ ਨੇ ਉਦਾਸ ਅਵਾਜ਼ ਵਿਚ ਕਿਹਾ, “ ਉਹ ਵੀ ਸਾਰਾ ਕੁਝ ਸਹਾਰ ਹੀ ਰਹੇ ਨੇ, ਮੈ ਵੀ ਉਹਨਾਂ ਵਿਚ ਰਲ ਜਾਵਾਂਗਾ।”

ਮੈ ਕੁਝ ਨਾ ਬੋਲ ਸਕੀ ਅਤੇ ਉਹ ਚੁੱਪ-ਚਾਪ ਆਪਣੇ ਨਵੇ ਦੋਸਤ ਨਾਲ ਚਲਾ ਗਿਆ।
ਸਬਰ ਦਾ ਘੁੱਟ ਭਰ ਉਸ ਦੇ ਵਾਪਸ ਆਉਣ ਦਾ ਇੰਤਜਾਰ ਕਰਨ ਲੱਗੀ।

ਇਕ ਰਾਤ ਨੋ ਕੁ ਵਜੇ ਦਾ ਟਾਈਮ ਹੋਵੇਗਾ, ਪਾਪਾ ਮੇਰੇ ਕਮਰੇ ਵਿਚ ਆਏ ਤੇ ਕਹਿਣ ਲੱਗੇ, “ ਚੰਗਾ ਹੋਵੇ ਜੇ ਤੂੰ ਅਰਸ਼ਦੀਪ ਨਾਲੋ ਰਿਸ਼ਤਾ ਤੋੜ ਲਵੇ।”
ਹੈਰਾਨ ਹੁੰਦੀ ਹੋਈ ਨੇ ਪੁੱਛਿਆ, “ਕਿਉਂ?”
“ ਉਹ ਇਕ ਖਾੜਕੂ ਜੱਥੇਬੰਦੀ ਵਿਚ ਜਾ ਰਲਿਆ ਹੈ।” ਪਾਪਾ ਨੇ ਦੱਸਿਆ, “ ਲੱਗਦਾ ਨਹੀ ਉਹ ਅਗਾਂਹ ਪੜ੍ਹੇ।”
“ ਤੁਹਾਡਾ ਮਤਲਵ, ਰਿਸ਼ਤਾ ਸਿਰਫ ਪੜ੍ਹਾਈ ਨਾਲ ਹੀ ਸੀ।” ਪਹਿਲੀ ਵਾਰੀ ਪਾਪਾ ਨੂੰ ਸਵਾਲ ਪਾਇਆ, “ ਕਿਉਂ ਬਣਿਆ ਉਹ ਖਾੜਕੂ?”
“ ਮੈ ਤੇਰੇ ਸਵਾਲਾਂ ਦਾ ਜ਼ਵਾਬ ਦੇਣ ਨਹੀ ਆਇਆ।” ਪਾਪਾ ਨੇ ਪੁਲੀਸ ਵਾਲਾ ਰਹੋਬ ਪਾਉਂਦੇ ਹੋਏ ਕਿਹਾ, “ ਅੱਜ ਤੋਂ ਬਾਅਦ ਤੂੰ ਉਸ ਦਾ ਨਾਮ ਵੀ ਨਹੀ ਲੈਣਾ।”

ਉਹ ਸਾਰੀ ਰਾਤ ਰੋਂਦਿਆ ਅਤੇ ਸੋਚਦਿਆਂ ਲੰਘਾਈ। ਸਵੇਰੇ ਮੱਮੀ ਨੇ ਮੇਰੀਆਂ ਸੁਜੀਆਂ ਅੱਖਾਂ ਵੱਲ ਦੇਖਦੇ ਕਿਹਾ, “ ਤੇਰੇ ਪਾਪਾ ਦਾ ਫੈਂਸਲਾ ਘੱਟ ਹੀ ਬਦਲਦਾ ਹੈ। ਇਸ ਨੂੰ ਮਨਜ਼ੂਰ ਕਰਨ ਲਈ ਸਹਿਨਸ਼ਕਤੀ ਪੈਦਾ ਕਰ ।”
“ ਤਹਾਨੂੰ ਵੀ ਅਰਸ਼ਦੀਪ ਮਾੜਾ ਲੱਗਣ ਲੱਗ ਪਿਆ।”
“ ਮਾੜਾ ਤਾਂ ਤੇਰੇ ਪਾਪਾ ਵੀ ਨਹੀ ਕਹਿੰਦੇ।” ਮੱਮੀ ਨੇ ਦੱਸਿਆ, “ ਪਾਪਾ ਨੂੰ ਆਪਣੀ ‘ਪੁਜੀਸ਼ਨ ਦਾ ਵੀ ਖਿਆਲ ਰੱਖਣਾ ਪੈਣਾ ਹੈ।”

ਮੈ ਮੱਮੀ ਨਾਲ ਬਹਿਂਸ ਕਰਨਾ ਮੁਨਾਸਿਬ ਨਹੀ ਸਮਝਿਆ। ਮੱਮੀ-ਪਾਪਾ ਦਾ ਇਰਾਦਾ ਸਮਝਦੀ ਹੋਈ ਨੇ ਆਪਣੀਆਂ ਖੁਸ਼ੀਆਂ ਦੀ ਬਲੀ ਦੇਣੀ ਹੀ ਠੀਕ ਸਮਝੀ। ਵੈਸੇ ਮੈ ਕਰ ਵੀ ਕੀ ਸਕਦੀ ਸਾਂ। ਆਪਣੇ-ਆਪ ਨੂੰ ਖਿਚਦੀ-ਧੂੰਹਦੀ ਯੁਨੀਵਰਸਿਟੀ ਜਾਂਦੀ ਰਹੀ। ਅਰਸ਼ਦੀਪ ਦੀ ਗੈਰਹਾਜ਼ਰੀ ਬਹੁਤ ਹੀ ਤੰਗ ਕਰਦੀ ਤਾਂ ਹਰਪ੍ਰੀਤ ਨਾਲ ਆਪਣਾ ਦੁੱਖ ਫੋਲਦੀ, “ ਜੇ ਮੈਨੂੰ ਪਤਾ ਹੁੰਦਾ ਕਿ ਅਰਸ਼ਦੀਪ ਨਾਲ ਸਾਂਝ ਪਾਈ ਦਾ ਇਹ ਨਤੀਜ਼ਾ ਹੋਣਾ ਤਾਂ ਮੈ ਕਦੇ ਵੀ ਦੋਜਖ ਭਰਿਆ ਕਦਮ ਨਾ ਪੁੱਟਦੀ।”

ਜੋ ਕੁੱਝ ਹੋਣਾ ਹੁੰਦਾ ਉਹ ਹੋ ਕੇ ਹੀ ਰਹਿੰਦਾ।” ਹਰਪ੍ਰੀਤ ਮੈਨੂੰ ਸਮਝਾਉਂਦੀ, “ ਇਸ ਵਿਚ ਤੇਰਾ ਕੋਈ ਕਸੂਰ ਨਹੀ, ਤੈਨੂੰ ਪਤਾ ਹੀ ਹੈ ਅਰਸ਼ਦੀਪ ਕਿੰਨੇ ਦਿਆਲੂ ਸੁਭਾਅ ਦਾ ਮਾਲਕ ਹੈ, ਪਰ ਤਕਦੀਰ ਨੇ ਕਿਹੜੇ ਚੱਕਰ ਵਿਚ ਪਾ ਦਿੱਤਾ।”

ਦਿਨਾਂ ਵਿਚ ਹੀ ਅਰਸ਼ਦੀਪ ਦੀ ਗਿਣਤੀ ਨਾਮੀ ਖਾੜਕੂਆਂ ਵਿਚ ਹੋਣ ਲੱਗੀ। ਉਸ ਬਾਰੇ ਚਰਚੇ ਅਤੇ ਉਸ ਦੀਆਂ ਤਸਵੀਰਾਂ ਅਖਬਾਰਾਂ ਵਿਚ ਆਉਣ ਲੱਗੀਆਂ। ਕਈ ਵਾਰੀ ਉਸ ਬਾਰੇ ਉਹ ਗੱਲਾਂ ਲਿਖੀਆਂ ਹੁੰਦੀਆਂ, ਜੋ ਉਹ ਭੁਲ ਕੇ ਵੀ ਨਹੀ ਸੀ ਕਰ ਸਕਦਾ। ਇਹ ਜਾਣਦੇ ਹੋਏ ਵੀ ਮੇਰੇ ਪਰੀਵਾਰ ਦੇ ਹਰ ਮੈਂਬਰ ਨੇ ਉਸ ਬਾਰੇ ਚੁੱਪ ਧਾਰ ਰੱਖੀ ਸੀ।

ਇਕ ਦਿਨ ਪਾਪਾ ਦਾ ਸਹਿਕਰਮਚਾਰੀ ਘਰ ਆਇਆ, ਡਰਾਇੰਗ ਰੂਮ ਵਿਚ ਬੈਠਾ ਪਾਪਾ ਨੂੰ ਕਹਿ ਰਿਹਾ ਸੀ, “ ਉਹੀ ਲੜਕਾ ਜਿਸ ਦੇ ਪਿਉ ਨੂੰ ਲੱਭਣ ਵਿਚ ਤੁਸੀ ਕੋਈ ਕਸਰ ਨਹੀ ਸੀ ਛੱਡੀ, ਉਸ ਨੇ ਪੰਜਾਬ ਵਿਚ ਭੜਥੂ ਪਾਇਆ ਹੋਇਆ ਹੈ।”

“ ਉਹ ਬਹੁਤ ਹੀ ਤੇਜ਼ ਦਿਮਾਗ ਵਾਲਾ ਹੈ।” ਪਾਪਾ ਨੇ ਦੱਸਿਆ, “ਪਰ ਉਹ ਕਦੇ ਵੀ ਉਹ ਕੰਮ ਨਹੀ ਕਰ ਸਕਦਾ, ਜਿਸ ਵਿਚ ਬੇਗੁਨਾਹਾਂ ਦਾ ਖੂਨ ਵਗੇ।”

ਘਰ ਆਇਆ ਬੰਦਾ ਜੋ ਗੱਲਾਂ ਅਰਸ਼ਦੀਪ ਬਾਰੇ ਕਰਨ ਲੱਗਾ, ਮੈ ਸੁਣ ਨਹੀ ਸੀ ਸਕਦੀ ਇਸ ਲਈ ਮੈ ਵਾਪਸ ਆਪਣੇ ਕਮਰੇ ਵਿਚ ਆ ਗਈ।

ਇਕ ਦਿਨ ਕਾਰ ਦੀ ਉਡੀਕ ਕਰਦੀ ਯੂਨੀਵਰਸਟੀ ਦੇ ਗੇਟ ਕੋਲ ਖੜ੍ਹੀ ਸੀ। ਇਕ ਸਫੈਦ ਰੰਗ ਦੀ ਕਾਰ ਮੇਰੇ ਕੋਲ ਆ ਕੇ ਰੁਕੀ ਤਾਂ ਦੇਖਿਆ ਕਿ ਕਾਰ ਵਿਚ ਅਰਸ਼ਦੀਪ ਦਾ ਉਹ ਹੀ ਦੋਸਤ ਬੈਠਾ ਸੀ ਜੋ ਉਸ ਦਿਨ ਆਇਆ ਸੀ। ਉਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਦੇ ਹੋਏ, ਇਕ ਮੁੜਿਆ ਹੋਇਆ ਕਾਗਜ਼ ਮੇਰੇ ਵੱਲ ਕਰਦੇ ਕਿਹਾ, “ ਆ ਖੱਤ ਲੈ ਲਉ, ਅਰਸ਼ਦੀਪ ਨੇ ਭੇਜਿਆ ਹੈ।”

ਮੈ ਖੱਤ ਫੜ੍ਹਨ ਲਈ ਆਪਣੀ ਬਾਂਹ ਅੱਗੇ ਕੀਤੀ ਤਾਂ ਉਸ ਨੇ ਖਿਚ ਕੇ ਮੈਨੂੰ ਕਾਰ ਵਿਚ ਸੁੱਟ ਲਿਆ। ਕਾਰ ਵਿਚੋਂ ਸ਼ਰਾਬ ਦੀ ਹਵਾੜ ਮੇਰੇ ਸਿਰ ਨੂੰ ਚੜ੍ਹੀ। ਮੈ ਹੱਥ-ਪੈਰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੇਰੇ ਮੂੰਹ ‘ਤੇ ਕਲੋਰੋਫਾਰਮ ਵਾਲਾ ਕਪੜਾ ਰੱਖ ਕੇ ਬੇਹੋਸ਼ ਕਰ ਲਿਆ।

ਜਦੋਂ ਮੈਨੂੰ ਹੋਸ਼ ਆਈ ਤਾਂ ਆਪਣੇ ਆਪ ਨੂੰ ਇਕ ਹਨੇਰੇ ਕਮਰੇ ਵਿਚ ਪਏ ਬਾਣ ਦੇ ਮੰਜ਼ੇ ਤੇ ਪਾਇਆ। ਦਰਵਾਜ਼ਾ ਬਾਹਰੋਂ ਬੰਦ ਸੀ, ਛੇਤੀ ਨਾਲ ਉੱਠ ਕੇ ਮੈ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਖੜਾਕ ਸੁਣ ਕੇ ਮੈਨੂੰ ਅਗਵਾ ਕਰਨ ਵਾਲਾ ਬੰਦਾ ਜੋ ਦਰਵਾਜ਼ੇ ਦੇ ਅੱਗੇ ਬੈਠਾ ਉੱਠਿਆ ਤੇ ਦਰਵਾਜ਼ੇ ਨੂੰ ਧੱਕਾ ਮਾਰਿਆ, ਨਾ ਖੁਲ੍ਹਣ ਦੀ ਸੂਰਤ ਵਿਚ ਉਹ ਖਿੜਕੀ ਕੋਲ ਆਇਆ ਤਾਂ ਕਹਿਣ ਲੱਗਾ, “ਅਰਸ਼ਦੀਪ ਤੈਨੂੰ ਬਹੁਤ ਪਿਆਰ ਕਰਦਾ ਹੈ ਨਾ। ਕਰੇ ਵੀ ਕਿਉ ਨਾ ਤੇਰੀ ਸੂਰਤ ਹੀ ਕੁਝ ਅਜਿਹੀ ਹੈ।”

ਮੈ ਕੁਝ ਨਾ ਬੋਲੀ। ਉਹ ਫਿਰ ਸ਼ੁਰੂ ਹੋ ਗਿਆ, “ ਤੈਂਨੂੰ ਛਡਾਉਣ ਅਰਸ਼ਦੀਪ ਜ਼ਰੂਰ ਆਵੇਗਾ, ਫਿਰ ਦੇਖੀ ਮੈ ਉਹਦਾ ਕੀ ਹਾਲ ਕਰਦਾ?”
ਮੈ ਤਾਂ ਸੋਚਿਆ ਸੀ ਸ਼ਾਇਦ ਅਗਵਾ ਕਰਨ ਦੀ ਭੈੜੀ ਕਰਤੂਤ ਅਰਸ਼ਦੀਪ ਨੇ ਕਰਵਾਈ ਹੋਵੇਗੀ, ਪਰ ਨਿਕਲਿਆ ਕੁੱਝ ਹੋਰ ਹੀ।
ਮੈ ਫਿਰ ਕੁਝ ਨਾ ਬੋਲੀ ਤਾਂ ਉਹ ਫਿਰ ਭੌਂਕਣ ਲੱਗ ਪਿਆ, “ ਉਹ ਮੇਰੇ ਸਾਹਮਣੇ ਟਿਕ ਨਹੀ ਸਕਦਾ, ਮੈ ਤਾਂ ਪੁਲੀਸ ਦਾ ਕੈਟ ਬਣ ਕੇ ਆਪਣੀਆਂ ਮਨ-ਮਰਜ਼ੀਆਂ ਕਰਨ ਲਈ ਖਾੜਕੂਆਂ ਵਿਚ ਰਲਿਆਂ ਸਾਂ, ਪਰ ਅਰਸ਼ਦੀਪ ਨੇ ਤਾਂ ਮੇਰਾ ਜਿਊਣਾ ਹੀ ਹਰਾਮ ਕਰ ਦਿੱਤਾ, ਆਇਆ ਵੱਡਾ ਅਸੂਲਾਂ ਦਾ ਚੱਕਿਆ।”

ਫਿਰ ਉਹ ਜੋਰ ਦੀ ਹੱਸਿਆ ਅਤੇ ਸ਼ਰਾਬ ਦੀ ਬੋਤਲ ਮੂੰਹ ਨੂੰ ਲਾ ਲਈ। ਉਸ ਦੀਆਂ ਗੱਲਾਂ ਨੇ ਦੱਸ ਦਿੱਤਾ ਕਿ ਉਹਨਾਂ ਵਿਚਾਲੇ ਕੋਈ ਦੁਸ਼ਮਣੀ ਚੱਲ ਰਹੀ ਹੈ। ਮੈ ਸੋਚ ਰਹੀ ਸੀ ਪਤਾ ਨਹੀ ਮੇਰੇ ਨਾਲ ਕੀ ਗੁਜ਼ਰੇਗੀ।

ਉਹ ਫਿਰ ਖਿੜਕੀ ਦੇ ਕੋਲ ਮੂੰਹ ਕਰਕੇ ਕਹਿਣ ਲੱਗਾ, “ ਅਰਸ਼ਦੀਪ ਦਾ ਕੰਡਾ ਕੱਢਣ ਤੋਂ ਬਾਅਦ ਦੇਖੀ ਮੈ ਤੇਰਾ ਕੀ ਹਾਲ ਕਰਦਾ?”

ਜਦੋਂ ਉਸ ਨੇ ਇਹ ਗੱਲ ਕੀਤੀ ਤਾਂ ਉਸ ਦੀ ਅਵਾਜ਼ ਕੰਬ ਰਹੀ ਸੀ, ਜਿਸ ਤੋਂ ਪਤਾ ਲਗਦਾ ਸੀ ਕਿ ਉਹ ਅੰਦਰੋਂ ਕਿੰਨਾ ਅਰਸ਼ਦੀਪ ਤੋਂ ਡਰਿਆ ਪਿਆ ਹੈ।

ਉਹ ਥੌੜ੍ਹੀ ਦੇਰ ਨਾ ਬੋਲਿਆ ਤਾਂ ਮੈ ਉੱਠ ਕੇ ਖਿੜਕੀ ਦੀਆਂ ਸੀਖਾਂ ਰਾਹੀ ਬਾਹਰ ਝਾਤੀ ਮਾਰੀ ਤਾਂ ਉੱਥੇ ਕੋਈ ਵੀ ਨਹੀ ਸੀ। ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਹਰੋਂ ਬੰਦ ਸੀ। ਕਿੰਨਾ ਚਿਰ ਦਰਵਾਜ਼ਾ ਖੜਕਾਇਆ, ਪਰ ਕੋਈ ਵੀ ਸਹਾਇਤਾ ਨਾ ਪੁਜੀ। ਆਲੇ-ਦੁਆਲੇ ਤੋਂ ਲਗਦਾ ਸੀ ਕਿ ਕੋਈ ਪੁਰਾਣੀ ਖਾਲ੍ਹੀ ਪਈ ਅਪਾਰਮਿੰਟ ਦਾ ਕਮਰਾ ਜਿਸ ਵਿਚ ਮੈ ਬੰਦ ਸੀ, ਰੌਂਦੀ ਹੋਈ ਫਿਰ ਮੰਜ਼ੇ ਤੇ ਡਿਗ ਪਈ।

ਛੇਤੀ ਉਹ ਫਿਰ ਖਿੜਕੀ ਦੇ ਕੋਲ ਮੂੰਹ ਕਰਕੇ ਕਹਿਣ ਲੱਗਾ, “ ਮੈ ਖਾਣ ਨੂੰ ਲੈ ਕੇ ਆਇਆਂ ਹਾਂ, ਤੂੰ ਖਾਣਾ ਹੈ ਤਾਂ ਦਰਵਾਜ਼ਾ ਖੋਲ੍ਹ ਦੇ, ਤੈਂਨੂੰ ਪਤਾ ਪੁਲੀਸ ਨੇ ਅਰਸ਼ਦੀਪ ਦੀ ਮਾਂ ਅਤੇ ਭੈਣ ਨੂੰ ਅਗਵਾ ਕਰ ਲਿਆ ਹੈ, ਸਭ ਥਾਂ ਇਹ ਹੀ ਰੋਲਾ ਪਿਆ ਹੈ ਕਿ ਅਰਸ਼ਦੀਪ ਨੇ ਤੈਨੂੰ ਅਗਵਾ ਕੀਤਾ ਹੈ ਇਸ ਤਰਾਂ ਅਸੀ ਚਾਲ ਖੇਡੀ ਦੀ ਆ, ਭਾਂਵੇ ਤੇਰੇ ਪਿਉ ਦੀ ਤਾਂ ਆਪਣੀ ਪੁਲੀਸ ਹੈ, ਫਿਰ ਵੀ ਉਹ ਤੈਨੂੰ ਲਭ ਨਹੀ ਸਕੇਗਾ ਉਹ ਫਿਰ ਭੱਦਾ ਹਾਸਾ ਹੱਸਿਆ, ਹੁਣ ਤਾਂ ਤੇਰਾ ਅਰਸ਼ਦੀਪ ਵੀ ਨਹੀ ਆ ਸਕੇਗਾ, ਉਹ ਪੁਲੀਸ ਨੇ ਮਾਰ ਦਿਤਾ ਹੈ।

ਉਸ ਨੇ ਅਖੀਰ ਵਾਲੀ ਗਲ ਜਿਸ ਢੰਗ ਨਾਲ ਕਹੀ, ਉਹ ਮੈਨੂੰ ਝੂਠੀ ਲਗੀ।

ਤੀਸਰਾ ਦਿਨ ਚਲ ਰਿਹਾ ਸੀ, ਭੁਖੀ-ਭਾਣੀ ਅੰਦਰ ਪਈ ਨੂੰ, ਕਦੇ ਦਿਲ ਘਬੜਾਉਂਦਾ ਤਾਂ ਕਮਰੇ ਦੇ ਵਿਚ ਹੀ ਬਣੇ ਪੁਰਾਣੇ ਗੁਸਲਖਾਣੇ ਵਿਚ ਪਈ ਬਾਲਟੀ ਤੋਂ ਪਾਣੀ ਪੀ ਲੈਂਦੀ ਬਾਹਰ ਬੈਠਾ ਬੰਦਾ, ਜੋ ਹਮੇਸ਼ਾ ਸ਼ਰਾਬੀ ਹਾਲਤ ਵਿਚ ਹੀ ਹੁੰਦਾ। ਕਦੀ ਕਦੀ ਖਾਣਾ ਖਾਣ ਲਈ ਅਵਾਜ਼ਾ ਦਿੰਦਾ, ਮੈ ਆਪਣੇ ਨਾਲ ਪ੍ਰਣ ਕੀਤਾ ਕਿ ਭੁਖੀ ਮਰ ਜਾਵਾਂਗੀ, ਪਰ ਇਸ ਬੰਦੇ ਤੋਂ ਲੈ ਕੇ ਕੁਝ ਨਹੀ ਖਾਵਾਂਗੀ ਇਹ ਗੱਲਾਂ ਸੋਚਦੀ ਮੈ ਫਿਰ ਬੇਹੋਸ਼ ਹੋ ਗਈ
ਬਾਹਰ ਗੋਲੀਆਂ ਚਲਣ ਦੀ ਅਵਾਜ਼ ਸੁਣੀ ਤਾਂ ਤਬਕ ਉਠੀ ਬਾਹਰੋਂ ਜਾਣੀ-ਪਹਿਚਾਣੀ ਅਵਾਜ਼ ਆਈ, ਵੀਨੂ, ਦਰਵਾਜ਼ਾ ਖੋਲ੍ਹ, ਮੈ ਅਰਸ਼ ਹਾਂ।”

ਮੰਜ਼ੇ ਦੀ ਬਾਹੀ ਦਾ ਸਹਾਰਾ ਲੈ ਕੇ ਖਿੜਕੀ ਦੇ ਕੋਲ ਗਈ ਤਾਂ ਦੇਖਿਆ, ਉਹ ਬੰਦਾ ਮਰਿਆ ਪਿਆ ਸੀ ਅਤੇ ਅਰਸ਼ਦੀਪ ਮਸ਼ੀਨ ਗਨ ਲਈ ਖੜ੍ਹਾ ਸੀ, ਕੰਧ ਦੇ ਸਹਾਰੇ ਤੁਰਦੀ ਨੇ ਦਰਵਾਜ਼ਾ ਖੋਲ੍ਹਿਆ ਕੁਝ ਬੋਲ ਤਾਂ ਨਾ ਸਕੀ, ਡਿਗਣ ਹੀ ਲਗੀ ਸੀ ਕਿ ਅਰਸ਼ਦੀਪ ਨੇ ਆਪਣੀਆਂ ਬਾਹਾਂ ਵਿਚ ਮੈਨੂੰ ਬੋਚ ਲਿਆ ਅਤੇ ਮੈਨੂੰ ਚੁਕ ਕੇ ਦੋੜਦਾ ਹੋਇਆ, ਬਾਹਰ ਖੜ੍ਹੀ ਕਾਰ ਵਿਚ ਲੈ ਗਿਆ।

“ ਵੀਨੂ, ਮੈ ਤੈਨੂੰ ਘਰ ਛੱਡ ਸਕਦਾ ਸਾਂ।” ਉਸ ਨੇ ਕਾਰ ਵਿਚ ਬੈਠਦੇ ਕਿਹਾ, “ ਪਰ ਪੁਲੀਸ ਨੇ ਚਾਰੇ ਪਾਸੇ ਤੋਂ ਤੁਹਾਡੇ ਘਰ ਨੂੰ ਘੇਰਾ ਪਾਇਆ ਹੋਇਆ ਹੈ।”

ਫਿਰ ਉਸ ਨੇ ਆਪਣੀ ਕਾਰ ਇਕ ਨਵੇ ਬਣੇ ਹੋਟਲ ਦੇ ਅੱਗੇ ਰੋਕੀ ਅਤੇ ਕਿਹਾ, “ਤੈਨੂੰ ਮੈ ਇੱਥੇ ਛੱਡ ਦਿੰਦਾਂ ਹਾਂ।”

ਹੋਟਲ ਦੇ ਅੱਗੇ ਰੀਸੈਪਸ਼ਨ ਡੈਸਕ ਤੇ ਬੈਠੀ ਕੁੜੀ ਨੂੰ ਉਸ ਨੇ ਕੁੱਝ ਕਿਹਾ। ਕੁੜੀ ਨੇ ਉਸ ਅੱਗੇ ਫੋਨ ਰੱਖ ਦਿੱਤਾ। ਉਸ ਨੇ ਨੰਬਰ ਘੁੰਮਾਇਆ ਅਤੇ ਕਿਹਾ, “ ਅੰਕਲ, ਵੀਨੂੰ, ਫਾਈਵ ਸਟਾਰ ਹੋਟਲ ਦੀ ਲੋਬੀ ਵਿਚ ਬੈਠੀ ਹੈ, ਉਸ ਨੂੰ ਆ ਕੇ ਲੈ ਜਾਉ। ਮੇਰੀਆਂ ਅੱਖਾਂ ਉਸ ਨੂੰ ਤੱਕਦੀਆ ਹੀ ਰਹਿ ਗਈਆਂ ਅਤੇ ਉਹ ਪਲਾਂ ਵਿਚ ਹੀ ਅਲੋਪ ਹੋ ਗਿਆ।

ਉਸ ਹੀ ਸ਼ਾਮ ਰੇਡਿਉ ਅਤੇ ਟੈਲੀਵਿਯਨ ਤੋਂ ਖਬਰਾਂ ਆ ਰਹੀਆਂ ਸਨ ਕਿ ਪੁਲੀਸ ਨੇ ਕਿਸ ਤਰਾਂ ਬਹਾਦਰੀ ਕਰਕੇ ਡੀ, ਐਸ. ਪੀ. ਦੀ ਧੀ ਨੂੰ ਖਤਰਨਾਕ ਖਾੜਕੂ ਅਰਸ਼ਦੀਪ ਦੇ ਚੁੰਗਲ ਵਿਚੋਂ ਛੁਡਾਇਆ ਅਤੇ ਉਸਦਾ ਇਕ ਸਾਥੀ ਮਾਰਿਆ ਗਿਆ ਅਤੇ ਉਹ ਦੌੜਨ ਵਿਚ ਸਫਲ ਹੋ ਗਿਆ। ਪਾਪਾ ਨੂੰ ਮੈ ਸਾਰੀ ਕਹਾਣੀ ਦਸ ਚੁੱਕੀ ਸਾਂ, ਪਰ ਇਹਨਾਂ ਖਬਰਾਂ ਬਾਰੇ ਉਹ ਫਿਰ ਵੀ ਖਾਮੋਸ਼ ਸੀ।

ਮੇਰੇ ਅਗਵਾ ਹੋਣ ਤੋਂ ਬਾਅਦ ਪਾਪਾ ਵੈਸੇ ਵੀ ਬਹੁਤ ਬਦਲ ਗਏ। ਹਰ ਸਮੇਂ ਸੋਚਾਂ ਵਿਚ ਡੁੱਬੇ ਗੰਭੀਰ ਰਹਿੰਦੇ। ਇਸ ਘਟਨਾ ਤੋਂ ਬਾਅਦ ਛੇਤੀ ਹੀ ਇਹ ਖਬਰ ਆਈ ਕਿ ਅਰਸ਼ਦੀਪ ਨੂੰ ਪੁਲੀਸ ਨੇ ਮਾਰ ਦਿੱਤਾ। ਇਹ ਖਬਰ ਸੁਣਦੇ ਸਾਰ ਹੀ ਮੈ ਤਾਂ ਜਿਊਂਦੀ ਹੀ ਮਰ ਗਈ।

ਪਾਪਾ ਦੇ ਦੋਸਤ ਬਾਹਰਲੇ ਦੇਸ਼ ਵਿਚ ਰਹਿੰਦੇ ਸਨ ਉਹਨਾਂ ਦੀ ਸਲਾਹ ਨਾਲ ਮੈਨੂੰ ਨੈਨੀ ਬਣਾ ਕੇ ਉਹਨਾ ਕੋਲ ਭੇਜ ਦਿੱਤਾ ਗਿਆ, ਕਿਉਕਿ ਇਕ ਵਾਰੀ ਮੱਮੀ ਪਾਪਾ ਨੂੰ ਕਹਿ ਰਹੇ ਸਨ, “ ਇਥੇ ਤਾਂ ਇਸਦਾ ਵਿਆਹ ਨਹੀ ਹੋਵੇਗਾ, ਕੋਈ ਵੀ ਅਗਵਾ ਹੋਈ ਕੁੜੀ ਨੂੰ ਆਪਣੇ ਘਰ ਦੀ ਬਹੂ ਨਹੀ ਬਣਾਵੇਗਾ, ਇਸ ਨੂੰ ਕਿਸ ਤਰਾਂ ਬਾਹਰ ਭੇਜ ਦਿਉ।”

ਪਾਪਾ ਦੇ ਦੋਸਤ ਬਹੁਤ ਨੇਕ ਨਿਕਲੇ, ਉਹਨਾਂ ਨੇ ਮੈਨੂੰ ਧੀਆਂ ਵਾਂਗ ਰੱਖਿਆ। ਫਿਰ ਮੈਨੂੰ ਇਕ ਬੈਂਕ ਵਿਚ ਨੌਕਰੀ ਮਿਲ ਗਈ। ਨੌਕਰੀ ਵੀ ਉਸ ਸ਼ਹਿਰ ਵਿਚ ਮਿਲੀ ਜਿੱਥੇ ਪੰਜਾਬੀਆਂ ਦੀ ਭਰਮਾਰ ਸੀ ਜੋ ਬੈਂਕ ਵਿਚ ਆਉਂਦੇ ਅਤੇ ਮੇਰੇ ਨਾਲ ਪੰਜਾਬੀ ਵਿਚ ਹੀ ਗੱਲ-ਬਾਤ ਕਰਦੇ। ਉਹਨਾਂ ਦੀ ਵਜਹ ਨਾਲ ਛੇਤੀ ਮੇਰੀ ਤੱਰਕੀ ਹੋ ਗਈ। ਅੰਕਲ ਜੀ ਨੇ ਇਕ ਵਾਰ ਮੈਨੂੰ ਕਿਹਾ, “ ਬੇਟਾ, ਹੁਣ ਤੈਨੂੰ ਵਿਆਹ ਕਰ ਲੈਣਾ ਚਾਹੀਦਾ ਹੈ।”

“ ਅੰਕਲ ਜੀ, ਇਸ ਦੇਸ਼ ਵਿਚ ਤਾਂ ਬਹੁਤ ਅਜਿਹੇ ਹਨ, ਜੋ ਵਿਆਹ ਨੂੰ ਜ਼ਰੂਰੀ ਨਹੀ ਸਮਝਦੇ।”
“ ਪਰ, ਆਪਾਂ ਤਾਂ ਜ਼ਰੂਰੀ ਸਮਝਦੇ ਹਾਂ।” ਅੰਕਲ ਜੀ ਨੇ ਕਿਹਾ, “ ਹੁਣ ਤਾਂ ਤੂੰ ਆਪਰਟਮਿੰਟ ਵੀ ਖ੍ਰੀਦ ਲਿਆ ਹੈ, ਉੱਥੇ ਇਕਲੀ ਕਿਵੇ ਰਹੇਗੀ?”
“ ਤਹਾਨੂੰ ਕਦੇ ਵੀ ਸ਼ਕਾਇਤ ਦਾ ਮੌਕਾ ਨਹੀ ਦੇਵਾਂਗੀ।”
“ ਡੈਡੀ ਜੀ, ਦੀਦੀ ਦੀ ਲਾਈਫ ਹੈ,” ਅੰਕਲ ਜੀ ਦੀ ਨੂੰਹ ਪ੍ਰਿਆ ਜੋ ਛੋਟੀ ਹੁੰਦੀ ਹੀ ਬਾਹਰ ਆ ਗਈ ਸੀ, ਜੋ ਮੈਨੂੰ ਆਪਣੀ ਨਨਾਣ ਸਮਝਦੀ ਹੈ ਕਿਹਾ, “ ਦੀਦੀ ਜਿਸ ਤਰਾਂ ਰਹਿਣਾ ਚਾਹੁੰਦੀ ਹੈ, ਉਸ ਨੂੰ ਰਹਿਣ ਦਿਉ।”

ਪ੍ਰਿਆ ਜਦੋਂ ਬੀਜ਼ੀ ਹੁੰਦੀ ਹੈ, ਤਾਂ ਆਪਣੇ ਪੁੱਤਰ ਦੀਪੂ ਨੁੰ ਰਾਈਡ ਦੇਣ ਲਈ ਕਹਿ ਦੇਂਦੀ ਹੈ, ਜਿਸ ਦਾ ਸਕੂਲ ਮੇਰੀ ਬੈਂਕ ਦੇ ਕੋਲ ਹੀ ਹੈ।
“ ਕੱਲ ਨੂੰ ਵੀ ਮੈ ਹੀ ਦੀਪੂ ਨੂੰ ਲੈ ਆਵਾਂਗੀ।” ਬੈਡ ਤੋਂ ਕਿਸੇ ਹੋਂਸਲੇ ਵਿਚ ਉੱਠ ਕੇ ਮੈ ਪ੍ਰਿਆ ਨੂੰ ਫੋਨ ਕੀਤਾ, “ ਕੰਮ ਤੋਂ ਮੈ ਛੇਤੀ ਹੀ ਹੱਟ ਜਾਣਾ ਹੈ।”
“ ਥੈਂਕਊ,ਦੀਦੀ।” ਪ੍ਰਿਆ ਨੇ ਕਿਹਾ, “ ਕੱਲ ਨੂੰ ਡਿਨਰ ਸਾਡੇ ਵੱਲ ਹੀ ਕਰਉ।

ਸਕੂਲ ਦੀ ਛੁੱਟੀ ਹੋਣ ਤੋਂ ਪਹਿਲਾਂ ਹੀ ਮੈ ਪਾਰਕ ਦੀ ਸਾਈਡ ਤੇ ਕਾਰ ਖੜ੍ਹੀ ਕਰਕੇ ਬਹਾਨੇ ਨਾਲ ਪਾਰਕ ਵਿਚ ਤੁਰਨ ਲੱਗੀ ਤਾਂ ਜੋ ਕੱਲ ਵਾਲੇ ਸ਼ਖਸ ਨੂੰ ਦੇਖ ਸਕਾਂ। ਥੌੜ੍ਹੀ ਹੀ ਦੇਰ ਬਾਅਦ ਉਹ ਬੰਦਾ ਮੈਨੂੰ ਦਿਸ ਪਿਆ। ਮੈ ਗਰਾਂਊਡ ਵਿਚ ਦੀ ਹੁੰਦੀ ਹੋਈ ਨੇ ਉਸ ਆਦਮੀ ਦੀ ਉਪੋਜਿਟ ਸਾਈਡ ਤੋਂ ਤੁਰਨਾ ਸ਼ੁਰੂ ਕਰ ਦਿੱਤਾ, ਜਿਉਂ ਜਿਉਂ ਉਹ ਲਾਗੇ ਆ ਰਿਹਾ ਸੀ, ਮੇਰੇ ਦਿਲ ਦੀ ਧੜਕਨ ਦੀ ਰਫਤਾਰ ਤਿਉਂ ਤਿਉਂ ਵੱਧ ਰਹੀ ਸੀ। ਥੋੜ੍ਹਾ ਹੋਰ ਲਾਗੇ ਆਇਆ ਤਾਂ ਮੈਨੂੰ ਲਗਾ ਮੈ ਡਿਗ ਪਵਾਂਗੀ ਕਿਉਂਕਿ ਉਸ ਦੀ ਸ਼ਕਲ ਤਾਂ ਹੂਬ.ਹੂ ਅਰਸ਼ਦੀਪ ਵਰਗੀ ਸੀ। ਹੁਣ ਉਹ ਵੀ ਮੈਨੂੰ ਦੇਖ ਰਿਹਾ ਸੀ। ਬਿਲਕੁਲ ਕੋਲ ਆਇਆ ਤਾਂ ਮੇਰੇ ਮੂੰਹੋ ਏਨਾ ਹੀ ਨਿਕਲਿਆ, “ ਅਰਸ਼।” ਇਸ ਤੋਂ ਪਹਿਲਾਂ ਕਿ ਮੈ ਡਿਗ ਜਾਂਦੀ ਉਸ ਨੇ ਬਾਹਾਂ ਦਾ ਸਹਾਰਾ ਦਿੰਦੇ ਹੋਏ ਆਖਿਆ, “ ਵੀਨੂੰ।”

ਮੇਰੀਆਂ ਅੱਖਾਂ ਵਿਚੋਂ ਤਿਪ ਤਿਪ ਕਰਕੇ ਹੰਝੂ ਡਿਗਣ ਲੱਗੇ। ਮੇਰਾ ਸੰਘ ਖੁਸ਼ਕ ਹੋ ਗਿਆ, ਬੋਲਣਾ ਚਾਹੁੰਦੀ ਹੋਈ ਵੀ ਬੋਲ ਨਾ ਸਕੀ। ਬੋਲ ਤਾਂ ਉਸ ਕੋਲ ਵੀ ਨਹੀ ਸੀ ਹੋ ਰਿਹਾ। ਉਸ ਨੇ ਠੰਡ ਨਾਲ ਲਾਲ ਹੋਏ ਆਪਣੇ ਬੁਲਾਂ ਨੂੰ ਦੰਦਾਂ ਵਿਚ ਘੁੱਟ ਦੇ ਫਿਰ ਕਿਹਾ, “ ਵੀਨੂੰ’। ਸਹਾਰਾ ਦੇ ਕੇ ਪਾਰਕ ਵਿਚ ਪਏ ਬੈਂਚ ਤੇ ਲੈ ਗਿਆ। ਹੌਲੀ ਹੌਲੀ ਉਸ ਨੇ ਦੱਸਿਆ ਕਿਸ ਤਰਾਂ ਪੁਲੀਸ ਉਸ ਦੇ ਮਗਰ ਪਈ ਹੋਈ ਸੀ, ਉਸ ਦਾ ਘਰ-ਬਾਰ ਸਭ ਉਜੜ ਗਿਆ। ਮੱਮੀ ਨੇ ਕਿਵੇ ਭੈਣ ਨੂੰ ਸਹੁਰੀ ਤੋਰਿਆ ਤੇ ਆਪ ਵੀ ਭੈਣ ਦੇ ਸਹੁਰੀ ਹੀ ਗੁਜ਼ਾਰਾ ਕਰ ਰਹੀ ਹੈ। ਕਿਵੇ ਇਕ ਵਾਰੀ ਪੁਲੀਸ ਨੇ ਉਹਨਾਂ ਨੂੰ ਘੇਰਾ ਪਾਇਆ ਨਾਲ ਦੇ ਸਾਥੀ ਦੇ ਖੱਬੇ ਜਬਾਰੇ ਉੱਪਰ ਗੋਲੀ ਲਗ ਗਈ ਮੌਤ ਨਾਲ ਝੂਜਦੇ ਹੋਏ ਉਸ ਸਾਥੀ ਨੇ ਸੁਝਾਅ ਦਿੱਤਾ, “ ਤੂੰ ਮੈਨੂੰ ਆਪਣੇ ਕਪੜੇ ਪਾ ਦੇ ਤੇ ਮੇਰੇ ਤੂੰ ਪਾ ਕੇ ਨਿਕਲ ਜਾ।” ਸਾਥੀ ਦਾ ਸੁਝਾਅ ਕਾਰਗਾਰ ਸਾਬਤ ਹੋਇਆ। ਪਲੀਸ ਨੂੰ ਧੋਖਾ ਦੇ ਕੇ ਕਿਵੇ ਪੰਜਾਬ ਤੋਂ ਬਾਹਰ ਨਿਕਲਿਆ ਅਤੇ ਕਿਵੇ ਉਹਦੀ ਝੂਠੀ ਮੌਤ ਦਾ ਪ੍ਰਚਾਰ ਕਰ ਦਿੱਤਾ ਗਿਆ। ਉਹ ਰਫਿਊਜੀ ਬਣ ਕੇ ਘੁੰਮਦਾ-ਘੰਮਉਂਦਾ ਕੁਝ ਬੰਦਿਆ ਦੀ ਸਹਾਇਤਾ ਨਾਲ ਇਸ ਦੇਸ਼ ਵਿਚ ਆਇਆ ਹੈ।

ਪਤਾ ਨਹੀ ਕਿੰਨੀ ਦੇਰ ਅਸੀ ਗੱਲਾਂ ਕਰੀ ਜਾਂਦੇ ਜੇ ਮੇਰਾ ਸੈਲਰ ਫੋਨ ਨਾ ਵਜਦਾ। ਪ੍ਰਿਆ ਦਾ ਫੋਨ ਸੀ ਜੋ ਕਹਿ ਰਹੀ ਸੀ, “ ਦੀਦੀ, ਤੁਸੀ ਕਿੱਥੇ ਹੋ, ਦੀਪੂ ਤੁਹਾਡੀ ਵੇਟ ਕਰ ਰਿਹਾ ਹੈ।”

“ ਬਸ, ਅਸੀ ਹੁਣੇ ਹੀ ਆਏ।” ਅਨੋਖੇ ਜਿਹੇ ਚਾਅ ਵਿਚ ਕਿਹਾ, “ ਡਿਨਰ ਜ਼ਿਆਦਾ ਬਣਾ ਲੈਣਾ ਮੇਰੇ ਨਾਲ ਕੋਈ ਹੋਰ ਵੀ ਆ ਰਿਹਾ ਹੈ।”
“ ਆ ਰਿਹਾ ਹੈ।”
ਪ੍ਰਿਆ ਨੇ ਹੈਰਾਨ ਹੁੰਦੇ ਪੁੱਛਿਆ, “ ਕੋਣ ਹੈ?”
“ ਛੇਤੀ ਹੀ ਆ ਰਿਹੇ ਹਾਂ।” ਮੈ ਫੋਨ ਬੰਦ ਕਰਦੇ ਕਿਹਾ, “ ਦੇਖ ਲੈਣਾ।”

ਕਾਰ ਤੱਕ ਪਹੁੰਚਦਿਆ ਮੈ ਵੀ ਉਸ ਦੇ ਵਿਛੋੜੇ ਤੋਂ ਬਾਅਦ ਜੋ ਹੋਇਆ ਸਭ ਕੁੱਝ ਮੋਟਾ ਮੋਟਾ ਸੁਣਾ ਦਿੱਤਾ।

ਦੀਪੂ ਪਿਛਲੀ ਸੀਟ ਤੇ ਬੈਠਦਾ ਹੋਇਆ ਧਿਆਨ ਨਾਲ ਅਰਸ਼ਦੀਪ ਨੂੰ ਦੇਖ ਰਿਹਾ ਸੀ। ਮੈ ਉਸ ਨੂੰ ਕਿਹਾ, “ ਸਤਿ ਸ੍ਰੀ ਅਕਾਲ ਕਹੋ, ਇਹ ਅੰਕਲ ਨੇ।”
“ਅੰਕਲ ਨਹੀ, ਫੁਫੜ ਜੀ।” ਇਹ ਕਹਿ ਕੇ ਉਹ ਫਿਰ ਪਹਿਲੇ ਵਾਲਾ ਹਲਕਾ ਹਾਸਾ ਹੱਸਿਆ ਤੇ ਧਿਆਨ ਨਾਲ ਮੈਨੂੰ ਦੇਖਦਾ ਕਹਿਣ ਲੱਗਾ, “ ਕਿਹਾ ਸੀ ਨਾ ਕਿ ਇਕ ਵਾਰੀ ਕਿਸੇ ਦੀ ਬਾਂਹ ਫੜ੍ਹ ਲਈਏ ਫਿਰ ਛੱਡੀ ਦੀ ਨਹੀ।”

“ ਤੁਹਾਡੀ ਤਾਂ ਪਕੜ ਹੀ ਇੰਨੀ ਜ਼ਬਰਦਸਤ ਨਿਕਲੀ।” ਮੁਸਕ੍ਰਸਉਂਦੇ ਹੋਏ ਮੈ ਕਿਹਾ, “ ਜੇ ਬਾਂਹ ਕੱਟੀ ਵੀ ਜਾਂਦੀ ਤਾਂ ਵੀ ਢਿੱਲੀ ਨਹੀ ਸੀ ਪੈਣੀ।”

ਕਾਰ ਆਪਣੀ ਸਪੀਡ ਨਾਲ ਭੱਜੀ ਜਾ ਰਹੀ ਸੀ ਤੇ ਸਾਡੇ ਦਿਲਾਂ ਦੀ ਖੁਸ਼ੀ ਕਾਰ ਦੀ ਸਪੀਡ ਨਾਲੋ ਵੀ ਤੇਜ਼ ਹਿਰਦਿਆਂ ਵਿਚ ਧੜਕ ਰਹੀ ਸੀ।ਚਾਅ ਇੰਨਾ ਸੀ ਕੁੱਝ ਸੁਝ ਹੀ ਨਹੀ ਸੀ ਰਿਹਾ ਕਿ ਕੀ ਕਰੀਏ? ਸਹਿਜ ਸੁਭਾ ਹੀ ਕਾਰ ਵਿਚਲਾ ਰੇਡਿਉ ਆਨ ਕਰ ਦਿੱਤਾ। ਪੰਜਾਬੀਆਂ ਵਾਲੇ ਇਸ ਸ਼ਹਿਰ ਦੇ ਗੁਰਦੁਆਰੇ ਤੋਂ ਪਰੋਗਰਾਮ ਆ ਰਿਹਾ ਲੱਗਦਾ ਸੀ, ਕਿਉਂਕਿ ਸ਼ਬਦ ਚਲ ਰਿਹਾ ਸੀ, ਜਨਮ ਜਨਮ ਕੇ ਕਿਲਬਿਖ ਦੁਖ ਕਾਟੇ, ਆਪੇ ਮੇਲਿ ਮਿਲਾਈ।

ਅਨਮੋਲ ਕੌਰ

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com