5_cccccc1.gif (41 bytes)


ਬਦਲਾ 
ਕੁਲਵੰਤ ਸਿੰਘ ਬਰਾੜ, ਨਾਰਵੇ


ਮੈਂ ਰਾਤ ਨੂੰ ਬਾਹਰ ਘੱਟ ਹੀ ਨਿਕਲਦਾ ਹਾਂ । ਇਗਲੈਡ ਤੋਂ ਮੇਰੇ ਦੋਸਤ ਮੈਨੂੰ ਮਿਲਣ ਵਾਸਤੇ ਆਏ ਹੋਏ ਸਨ । ਅਸੀਂ ਬਾਹਰ ਇਕ ਇੰਡੀਅਨ ਰੈਸਟੋਰੈਂਟ ਤੇ ਖਾਣਾ ਖਾਣ ਲਈ ਚਲੇ ਗਏ । ੳੇੁਥੇ ਹੋਰ ਵੀ ਕਾਫੀ ਦੋਸਤ ਇਕੱਠੇ ਹੋ ਗਏ । ਖਾਣਾ ਖਾਂਦਿਆਂ ਤੇ ਗੱਲਾਂ-ਬਾਤਾਂ ਕਰਦਿਆਂ ਤਕਰੀਬਨ ਅੱਧੀ ਰਾਤ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ।

ਓਸਲੋ ਸ਼ਹਿਰ ਵਿਚ ਕਾਰ ਪਾਰਕ ਦੀ ਸਮੱਸਿਆ ਹੋਣ ਕਰਕੇ ਅਸੀਂ ਆਪਣੀ ਕਾਰ ਕਾਫੀ ਦੂਰ ਪਾਰਕ ਕੀਤੀ ਸੀ । ਸ਼ਹਿਰ ਦੀ ਧੁੱਨੀ ਵਾਲੀ ਗਲੀ ਵਿਚ ਦੀ ਹੁੰਦੇ ਹੋਏ ਅਸੀਂ ਰੇਲਵੇ ਸਟੇਸ਼ਨ ਦੇ ਲਾਗੇ ਹੀ ਪਹੁੰਚੇ ਸੀ ਕਿ ਅਚਾਨਕ ਮੇਰੇ ਬਰਾਬਰ ਆਕੇ ਇਕ ਕਾਰ ਨੇ ਬਰੇਕ ਮਾਰੀ ।

ਰਾਤ ਦੇ ਅੰਧੇਰੇ ਅਤੇ ਵੱਡੇ ਸ਼ਹਿਰਾਂ ਵਿਚ ਲੜਾਈ-ਝਗੜੇ ਦੇ ਸਹਿਮ ਕਰਕੇ ਮੈਂ ਇੰਨੀ ਜੋਰ ਦੀ ਛਾਲ ਮਾਰੀ ਕਿ ਸੜਕ ਦੇ ਦੂਜੇ ਬੰਨੇ ਜਾ ਡਿੱਗਿਆ । 50 ਤੋਂ ਉੱਪਰ ਹੋਣ ਕਰਕੇ ਸਰੀਰ ਨੂੰ ਥੋੜਾ ਜਿਹਾ ਸੰਭਾਲਿਆ, ਕਪੜੇ ਵਗੈਰਾ ਝਾੜੇ ਅਤੇ ਗੁੱਸੇ ਨਾਲ ਕਾਰ ਵੱਲ ਨੂੰ ਦੇਖਣ ਲੱਗਾ ਕਿ ਇਹ ਕੌਣ ਹੈ ਜਿਸਨੂੰ ਕਾਰ ਵੀ ਨਹੀਂ ਚਲਾਉਣੀ ਆਉਂਦੀ । ਮੇਰੇ ਨਾਲ ਦੇ ਸਾਥੀ ਵੀ ਬੜੇ ਗੁੱਸੇ ਵਿਚ ਸਨ ।

ਇੰਨੇ ਨੂ ਕਾਰ ਵਿਚੋਂ ਇਕ ਲੜਕੀ ਨਿਕਲੀ ਤੇ ਕੋਲ ਆਕੇ ਕਹਿੰਦੀ "ਅੰਕਲ ਜੀ ! ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਸੱਟ ਤਾਂ ਨਹੀਂ ਲੱਗੀ, ਮੈਂ ਮੁਆਫੀ ਚਾਹੁੰਦੀ ਹਾਂ …… ।" ਇਕੇ ਸਾਹ ਕਾਫੀ ਕੁੱਝ ਕਹਿ ਗਈ । ਮੈਂ ਹੌਲੀ ਜਿਹੀ ਸਹਿਮੀ ਅਵਾਜ਼ ਵਿਚ ਫਤਹਿ ਦਾ ਜਵਾਬ ਦਿੱਤਾ ਅਤੇ ਉਸ ਲੜਕੀ ਵੱਲ ਬੜੇ ਹੀ ਧਿਆਨ ਨਾਲ ਵੇਖਣ ਲੱਗ ਪਿਆ ।

ਲੜਕੀ ਨੇ ਗੋਲ ਜਿਹੀ ਚਿੱਟੀ ਕਮੀਜ਼, ਚਿੱਟੀ ਚੂੜੀਦਾਰ ਪਜਾਮੀ, ਪੈਰਾਂ ਵਿਚ ਤਸਮੇ ਵਾਲੇ ਕਾਲੇ ਬੂਟ, ਸਿਰ ਤੇ ਪੀਲੇ ਰੰਗ ਦੀ ਚੁੰਨੀ ਦੋ ਕੁ ਸੂਈਆਂ ਲਾਕੇ ਸੈਟ ਕੀਤੀ ਹੋਈ ਸੀ । ਬਾਹਰ ਦੀ ਵੱਡੀ ਸ੍ਰੀ ਸਾਹਿਬ ਪਾਈ ਹੋਈ ਸੀ ਅਤੇ ਉੱਪਰੋਂ ਦੀ ਲੱਕ ਦੁਆਲੇ ਨੀਲੇ ਰੰਗ ਦੀ 8 ਕੁ ਉਂਗਲਾਂ ਦੀ ਚੌੜੀ ਕੱਪੜੇ ਦੀ ਬੈਲਟ ਬੰਨ੍ਹੀ ਹੋਈ ਸੀ ।

ਮੈਂ ਉਸ ਲੜਕੀ ਵੱਲ ਉੱਪਰੋਂ ਥੱਲੇ ਤੇ ਥੱਲਿਓਂ ਉੱਪਰ ਵੱਲ ਬੜੇ ਹੀ ਗਹੁ ਨਾਲ ਦੇਖਿਆ । ਮੇਰੇ ਸਾਥੀ ਵੀ ਠੰਡੇ ਜਿਹੇ ਪੈ ਗਏ । ਮੇਰੇ ਵੀ ਸਰੀਰ ਵਿਚ ਝਰਨਾਹਟ ਜਿਹੀ ਉੱਠੀ ਤੇ ਸੋਚਾਂ ਵਿਚ ਪੈ ਗਿਆ । ਮੈਂ ਤੇ ਇਥੇ ਓਸਲੋ ਵਿਚ ਸਾਰੇ ਬੱਚੇ-ਬੱਚੀਆਂ ਨੂੰ ਜਾਣਦਾ ਹਾਂ, ਇਹ ਕਿਹੜੀ ਲੜਕੀ ਹੋ ਸਕਦੀ ਹੈ ਜਿਸਨੇ ਮੈਨੂੰ ਅੰਕਲ ਕਹਿ ਕਿ ਫਤਹਿ ਬੁਲਾਈ ਹੈ ਅਤੇ ਅਧੀ ਰਾਤ ਨੂੰ ਟੈਕਸੀ ਚਲਾਉਣ ਦਾ ਕੰਮ ਕਰਦੀ ਹੈ । ਲੜਕੀ ਨੇ ਚਿਹਰੇ ਤੇ ਥੋੜੀ ਜਿਹੀ ਮੁਸਕਰਾਹਟ ਲਿਆਂਦੀ ਤੇ ਪੁੱਛਣ ਲੱਗੀ ਕਿ "ਅੰਕਲ ਜੀ ! ਮੈਂ ਤਾਂ ਤੁਹਾਨੂੰ ਪਛਾਣਦੀ ਹਾਂ ਪਰ ਮੈਂ ਉਦੋਂ ਤੱਕ ਤੁਹਾਨੂੰ ਮਿਲਣਾ ਨਹੀਂ ਸੀ ਚਾਹੁੰਦੀ ਜਦੋਂ ਤੱਕ ਮੈਂ ਆਪਣਾ ਬਦਲਾ ਨਾ ਲੈ ਲਵਾਂ ।"

ਮੈਂ ਬੜੀ ਹੀ ਉਤਸਕਤਾ ਨਾਲ ਉਸ ਲੜਕੀ ਨੂੰ ਪੁੱਛਿਆ ਕਿ "ਬੇਟਾ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ ਅਤੇ ਤੁਸੀਂ ਕਿਹੜੇ ਬਦਲੇ ਦੀ ਗੱਲ ਕਰਦੇ ਹੋ ।" ਲੜਕੀ ਕਹਿੰਦੀ "ਅੰਕਲ ਜੀ ! ਕਹਾਣੀ ਬੜੀ ਲੰਮੀ ਹੈ, ਮੈਂ ਹੁਣ ਥੋੜਾ ਜਿਹਾ ਰੋਜ਼ਗਾਰ ਵੀ ਕਰ ਲਵਾਂ, ਤੁਹਾਡਾ ਨਾਰਵੇ ਬੜਾ ਮਹਿੰਗਾ ਹੈ, ਰੋਟੀ-ਪਾਣੀ ਅਤੇ ਮਕਾਨ ਦਾ ਕਿਰਾਇਆ ਹੀ ਮਸਾਂ ਪੂਰਾ ਹੁੰਦਾ ਹੈ, ਮੰਮੀ-ਡੈਡੀ ਨੂੰ ਟੈਲੀਫੂਨ ਵੀ ਰੋਜ਼ ਕਰਨਾ ਹੁੰਦਾ ਹੈ, ਮੇਰੇ ਕੋਲ ਤੁਹਾਡਾ ਟੈਲੀਫੋਨ ਹੈ, ਮੈਂ ਤੁਹਾਨੂੰ ਜਲਦੀ ਹੀ ਟੈਲੀਫੋਨ ਕਰਾਂਗੀ ।" ਇਹ ਕਹਿ ਕੇ ਉਹ ਆਪਣੀ ਟੈਕਸੀ ਵਿਚ ਬੈਠ ਕੇ ਚਲੀ ਗਈ ।

ਅਸੀਂ ਵੀ ਆਪਣੀ ਕਾਰ ਵਿਚ ਸਵਾਰ ਹੋ ਕੇ ਘਰ ਵੱਲ ਨੂੰ ਚਾਲੇ ਪਾ ਦਿੱਤੇ । ਰਸਤੇ ਵਿਚ ਲੜਕੀ ਬਾਰੇ ਬੜੀ ਵਿਚਾਰ ਹੋਈ । ਦੋਸਤ ਕਹਿੰਦੇ ਕਿ "ਇਹ ਲੜਕੀ ਬੜੀ ਹੀ ਹੁਸ਼ਿਆਰ ਹੈ, ਕਿਸੇ ਖਾਸ ਮਿਸ਼ਨ ਤੇ ਆਈ ਲਗਦੀ ਹੈ ।"

ਘਰੇ ਸਿੰਘਣੀ ਸਾਹਿਬਾਂ ਪ੍ਰੇਸ਼ਾਨ ਹੋ ਰਹੀ ਸੀ ਕਿ ਦੋ ਘੰਟੇ ਹੋ ਗਏ ਹਨ ਹੋਟਲ ਵਿਚੋਂ ਚੱਲਿਆਂ ਨੂੰ ਹੋਰ ਹੁਣ ਕਿੱਥੇ ਚਲੇ ਗਏ ਹਨ । ਟੈਲੀਫੋਨ ਤੇ ਤਾਂ ਕਹਿੰਦੇ ਸੀ ਕਿ ਸਿੱਧੇ ਘਰ ਨੂੰ ਹੀ ਆ ਰਹੇ ਹਾਂ । ਸ਼ਾਇਦ ਕਾਰ ਨੂੰ ਕੋਈ ਖਰਾਬੀ ਹੋ ਗਈ ਹੋਵੇਗੀ । ਪਰ ਟੈਲੀਫੋਨ ਤਾਂ ਕਰ ਸਕਦੇ ਸੀ । ਐਨੇ ਨੂੰ ਅਸੀਂ ਵੀ ਘਰ ਪਹੁੰਚ ਗਏ ।

ਘਰੇ ਵੜਦਿਆਂ ਹੀ ਜਿਵੇਂ ਬੀਬੀਆਂ ਕਰਦੀਆਂ ਹਨ, 5-7 ਸਵਾਲ ਸੁੱਟ ਮਾਰੇ । ਐਨਾ ਚਿਰ ਕਿੱਥੇ ਲਾਇਆ, ਟੈਲੀਫੋਨ ਇਸੇ ਲਈ ਤਾਂ ਲੈਕੇ ਦਿੱਤਾ ਹੈ ਬਈ ਲੋੜ ਪੈਣ ਤੇ ਕਰ ਲਿਆ ਕਰੋ, ਮੈਂ ਖਜੂਰਾਂ ਵਾਲਾ ਦੁੱਧ ਕਾਹੜ ਕਾਹੜ ਕੇ ਸਾੜ ਹੀ ਲਿਆ ਹੈ ਅਤੇ ਕਾਫੀ ਕੁੱਝ ।

ਸਿੰਘਣੀ ਸਾਹਿਬਾਂ ਨੂੰ ਸਾਰੀ ਕਹਾਣੀ ਦੱਸੀ ਤਾਂ ਉਸ ਨੂੰ ਯਾਦ ਆਇਆ ਕਿ ਇਕ ਦਿਨ ਇਕ ਲੜਕੀ ਦਾ ਟੈਲੀਫੋਨ ਆਇਆ ਸੀ ਤੇ ਉਹ ਤੁਹਾਡੇ ਬਾਰੇ ਪੁਛਦੀ ਸੀ । ਸੋਚਿਆ ਜਿਸਨੂੰ ਲੋੜ ਹੋਈ ਆਪੇ ਫਿਰ ਕਰ ਲਊ । ਟੈਲੀਫੋਨਾਂ ਵਾਲੇ ਤਾਂ ਰੋਟੀ ਵੀ ਨਹੀਂ ਖਾਣ ਦਿੰਦੇ । ਹੋਊ ਕਿਸੇ ਦੇ ਘਰ ਦਾ ਰੌਲਾ ਜਾਂ ਕਿਸੇ ਵਕੀਲ ਕੋਲ ਲੈ ਕੇ ਜਾਣਾ ਹੋਊ । ਮੈਂ ਤੁਹਾਨੂੰ ਦੱਸਿਆ ਹੀ ਨਹੀਂ ਸੀ । ਕੌਣ ਹੈ ਇਹ ਲੜਕੀ ?

ਬਈ ਸਾਨੂੰ ਵੀ ਅਜੇ ਤੱਕ ਪਤਾ ਨਹੀਂ ਹੈ । ਕਹਿੰਦੀ ਸੀ ਟੈਲੀਫੋਨ ਕਰਕੇ ਸੰਪਰਕ ਕਰਾਂਗੀ । ਦੇਖਦੇ ਹਾਂ ਜੇਕਰ ਹਫਤਾ-ਡੰਗ ਟੈਲੀਫੋਨ ਨਾ ਆਇਆ ਤਾਂ ਮੈਂ ਆਪੇ ਲੱਭ ਲਵਾਂਗਾ । ਮੈਂ ਉਸ ਦੀ ਟੈਕਸੀ ਦਾ ਨੰਬਰ ਨੋਟ ਕਰ ਲਿਆ ਹੈ । ਟੈਕਸੀ ਦਾ ਨਾਂ ਸੁਣਦਿਆਂ ਹੀ ਸਿੰਘਣੀ ਨੇ ਇਕ ਸਵਾਲ ਹੋਰ ਵਗਾਹ ਮਾਰਿਆ ਕਿ "ਉਹ ਟੈਕਸੀ ਚਲਾਉਂਦੀ ਹੈ, ਉਹ ਵੀ ਰਾਤ ਨੂੰ ।" ਇਕ ਗੱਲ ਦੱਸਾਂ ਕਿ ਔਰਤ ਨਰਮ ਦਿਲ ਇੰਨੀ ਹੈ ਕਿ ਮੋਮ ਨੂੰ ਵੀ ਮਾਤ ਪਾ ਦਿੰਦੀ ਹੈ ਪਰ ਜਦੋਂ ਬਦਲੇ ਦੀ ਭਾਵਨਾਂ ’ਚ ਆ ਜਾਵੇ ਤਾਂ ਚੰਡੀ ਦਾ ਰੂਪ ਹੈ । ਫੇਰ ਨਹੀਂ ਦੇਖਦੀ ਅੱਗਾ-ਪਿੱਛਾ । ਇਹ ਵੀ ਔਰਤ ਦੀ ਫਿਤਰਤ ਹੈ ਕਿ ਛੇਤੀ ਕੀਤੇ ਇਹੋ ਜਿਹੇ ਪੰਗਿਆਂ ਵਿਚ ਨਹੀਂ ਪੈਂਦੀਆਂ । ਲਗਦਾ ਹੈ ਇਸ ਨੂੰ ਕਾਫੀ ਵੱਡੀ ਸੱਟ ਲੱਗੀ ਹੈ ।

ਪ੍ਰਾਹੁਣਿਆਂ ਦੇ ਬਿਸਤਰੇ ਪਹਿਲਾਂ ਹੀ ਵਿਛਾਏ ਹੋਏ ਸਨ । ਮੈਂ ਵੀ ਉੱਪਰ ਜਾ ਕੇ ਬੁਰਸ਼ ਵਗੈਰਾ ਕਰਕੇ ਬਿਸਤਰੇ ਵਿਚ ਲੇਟ ਗਿਆ । ਰਾਤ ਪਹਿਲਾਂ ਹੀ ਅੱਧੀ ਤੋਂ ਜਿਆਦਾ ਲੰਘ ਗਈ ਸੀ, ਸਾਰਾ ਦਿਨ ਪ੍ਰਾਹੁਣਿਆਂ ਨਾਲ ਫਿਰਦੇ ਰਹਿਣ ਕਰਕੇ ਥਕਾਵਟ ਕਾਫੀ ਹੋ ਗਈ ਸੀ ਤੇ ਪੈਣ ਸਾਰ ਹੀ ਨੀਂਦ ਆ ਗਈ । ਸੁਭ੍ਹਾ ਉੱਠਣ ਤੋਂ ਪਹਿਲਾਂ ਇਕ ਸੁਪਨਾ ਆਇਆ ਜਿਸ ਦੀ ਲੜੀ ਰਾਤ ਵਾਲੀ ਕਹਾਣੀ ਨਾਲ ਜਾ ਜੁੜਦੀ ਹੈ ਪਰ ਲਗਦਾ ਇਸ ਤਰ੍ਹਾਂ ਹੈ ਜਿਵੇਂ ਹਫਤੇ ਕੁ ਦਾ ਵਕਫਾ ਪੈ ਗਿਆ ਹੋਵੇ ।

ਟੈਲੀਫੋਨ ਦੀ ਘੰਟੀ ਵਜਦੀ ਹੈ । ਮੈਂ ਭੱਜ ਕੇ ਟੈਲੀਫੋਨ ਚੁੱਕਦਾ ਹਾਂ । ਅੰਕਲ ਜੀ ! "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ । ਤੁਹਾਨੂੰ ਯਾਦ ਹੈ ਕਿ ਮੈਂ ਉਸ ਰਾਤ ਤੁਹਾਨੂੰ ਮਿਲੀ ਸੀ । ਤੁਹਾਡੇ ਦੋਸਤ ਤੁਹਾਡੇ ਨਾਲ ਸਨ । ਯਾਦ ਆਇਆ ਕਿ ਨਹੀਂ ।" ਹਾਂ ਬੀਬਾ ਹਾਂ ! ਮੈਨੂੰ ਸਭ ਕੁਝ ਯਾਦ ਹੈ । ਮੈਂ ਕਈ ਦਿਨਾਂ ਤੋਂ ਤੁਹਾਨੂੰ ਹੀ ਯਾਦ ਕਰ ਰਿਹਾ ਸੀ । ਮੈਂ ਤੁਹਾਡੀ ਸਾਰੀ ਵਾਰਤਾ ਸੁਣਨੀ ਚਾਹੁੰਦਾ ਹਾਂ । ਕੀ ਤੁਸੀਂ ਸਾਡੇ ਘਰ ਨਹੀਂ ਆ ਸਕਦੇ ? ਦਰਅਸਲ ਅੰਕਲ ਜੀ, ਮੈਂ ਤੁਹਾਡੇ ਘਰ ਦੇ ਬਾਹਰ ਹੀ ਖੜੀ ਹਾਂ, ਮੈਂ ਅੱਜ ਬਹੁਤ ਉਦਾਸ ਸੀ । ਮੈਂ ਸੋਚਿਆ ਅੰਕਲ ਜੀ ਦੇ ਘਰ ਚਲਦੀ ਹਾਂ, ਨਾਲੇ ਆਪਣੀ ਹੱਡ-ਬੀਤੀ ਸਾਂਝੀ ਕਰ ਆਵਾਂਗੀ, ਸ਼ਾਇਦ ਭਾਰ ਕੁੱਝ ਹਲਕਾ ਹੋ ਜਾਵੇ ।

ਮੈਂ ਬਾਹਰ ਦਾ ਦਰਵਾਜਾ ਖੋਹਲ ਕੇ ਉਸ ਨੂੰ ਅੰਦਰ ਲੈ ਆਉਂਦਾ ਹਾਂ । ਸਿੰਘਣੀ ਨੂੰ ਮਿਲਾ ਕੇ ਚੰਗੀ ਜਿਹੀ ਚਾਹ ਬਨਾਉਣ ਲਈ ਕਹਿੰਦਾ ਹਾਂ । ਸਿੰਘਣੀ ਵੀ ਸਾਰੀ ਵਾਰਤਾ ਸੁਣਨ ਲਈ ਉਤਾਵਲੀ ਹੈ ਤੇ ਕਹਿੰਦੀ ਹੈ ਕਿ "ਜਾਂ ਤਾਂ ਤੁਸੀਂ ਦੋਨੋ ਜਾਣੇ ਰਸੋਈ ਵਿਚ ਆ ਜਾਓ ਜਾਂ ਫਿਰ ਜਿੰਨਾ ਚਿਰ ਮੈਂ ਚਾਹ ਲੈ ਕੇ ਨਹੀਂ ਆਉਂਦੀ, ਤੁਸੀਂ ਕੋਈ ਗੱਲ ਨਹੀਂ ਕਰਨੀ ।" ਅਸੀਂ ਸਲਾਹ ਕੀਤੀ ਕਿ ਚਲੋ ਰਸੋਈ ਵਿਚ ਸੋਫੇ ਤੇ ਬੈਠ ਜਾਂਦੇ ਹਾਂ ।

ਅੰਕਲ ਜੀ, ਮੇਰਾ ਨਾਂ ਪੁਸ਼ਪਿੰਦਰ ਕੌਰ ਹੈ, ਮੈ ਤੁਹਾਡੇ ਅਬੋਹਰ ਵਾਲੇ ਦੋਸਤ ਐਸ.ਐਸ.ਪੀ. ਵਿਰਕ ਦੀ ਲੜਕੀ ਹਾਂ । ਯਾਦ ਆਇਆ, ਜਦੋਂ ਵੀ ਤੁਸੀਂ ਸਾਡੇ ਘਰ ਆਉਂਦੇ ਸੀ, ਮੈਂ ਭੱਜ ਕੇ ਤੁਹਾਡੀ ਨਾਰਵੇ ਤੋਂ ਲਿਆਂਦੀ ਫਰਾਕ ਪਾ ਕੇ ਝੱਟ ਤੁਹਾਡੀ ਬੁੱਕਲ ਵਿਚ ਬੈਠ ਜਾਂਦੀ ਸੀ । ਉਦੋਂ ਮੈ ਬਹੁਤ ਛੋਟੀ ਹੁੰਦੀ ਸੀ । ਹੁਣ ਤਾਂ ਮੇਰਾ ਵਿਆਹ ਵੀ ਹੋ ਗਿਆ ਹੈ । ਦਰਅਸਲ ਲੜਕੀਆਂ ਦੀ ਬਦਕਿਸਮਤੀ ਸਮਝੋ ਜਾਂ ਫਿਰ ਮਰਦ-ਪ੍ਰਧਾਨ ਸਮਾਜ ਦਾ ਦੋਸ਼ । ਗੁਰੂ ਨਾਨਕ ਦੇਵ ਜੀ ਨੇ ਤਾਂ ਔਰਤ ਨੂੰ ਬਰਾਬਰ ਦਾ ਹੱਕ ਦਿੱਤਾ ਸੀ । ਵੇਖਣ ਨੂੰ ਸਾਰੇ ਲੀਡਰ, ਜਥੇਦਾਰ, ਗੁਰਦੁਆਰਿਆ ਦੇ ਪ੍ਰਧਾਨ, ਕੀਰਤਨੀਏ, ਰਾਗੀ ਆਦਿ ਸਭ ਸਟੇਜਾਂ ਤੋਂ ਬੜੇ ਜੋਰ ਨਾਲ " ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥ 2 ॥ ਪਉੜੀ ॥ ਅੰਗ 473" ਦਾ ਪ੍ਰਚਾਰ, ਕਥਾ ਤੇ ਕੀਰਤਨ ਕਰ-ਕਰ ਕੇ ਔਰਤ ਨੂੰ ਗਲਾਂ-ਬਾਤਾਂ ਵਿਚ ਬਰਾਬਰਤਾ ਦਾ ਅਧਿਕਾਰ ਦੇ ਦਿੰਦੇ ਹਨ ਪਰ ਅਸਲ ਵਿਚ ਔਰਤ ਨੂੰ ਚੌਕੇ-ਚੁੱਲ੍ਹੇ ਵਾਲੀ ਹੀ ਸਮਝਿਆ ਜਾਂਦਾ ਹੈ ।

ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ, ਡੈਡੀ ਜੀ ਨੂੰ ਮੇਰੇ ਵਿਆਹ ਦਾ ਫਿਕਰ ਲੱਗਿਆ ਰਹਿੰਦਾ । ਮੰਮੀ ਜੀ ਨੂੰ ਛਾਤੀ ਦਾ ਕੈਂਸਰ ਹੋ ਗਿਆ ਸੀ, ਅਪਰੇਸ਼ਨ ਕਰਵਾ ਦਿੱਤਾ ਹੈ । ਭਾਵੇਂ ਬਿਲਕੁਲ ਠੀਕ ਹੋ ਗਏ ਹਨ ਪਰ ਫਿਰ ਵੀ ਹਰ ਵਕਤ ਇਹੀ ਕਹਿੰਦੀ ਰਹਿੰਦੀ ਸੀ ਕਿ ਮੇਰੇ ਜਿਉਂਦੇ ਜਿਉਂਦੇ ਇਹਦਾ ਵਿਆਹ ਕਰ ਦਿਓ ।

ਪੰਜਾਬ ਪੁਲੀਸ ਨੇ ਡੀ.ਐਸ.ਪੀ. ਦੀਆ ਅਸਾਮੀਆਂ ਕੱਢੀਆ । ਮੈਂ ਵੀ ਅਰਜੀ ਘੱਲ ਦਿੱਤੀ । ਟੈਸਟ ਵਗੈਰਾ ਸਾਰੇ ਪਾਸ ਕਰ ਲਏ ਪਰ ਜਦੋਂ ਇੰਟਰਵਿਊ ਆਈ ਤਾਂ ਕਮਿਸ਼ਨ ਵਾਲਿਆਂ ਨੇ ਪੂਰੇ 45 ਲੱਖ ਦੀ ਮੰਗ ਕੀਤੀ । ਐਨੀ ਰਕਮ ਸੁਣ ਕੇ ਮੈਨੂੰ ਕੰਬਣੀ ਜਿਹੀ ਆ ਗਈ । ਡੈਡੀ ਜੀ ਨੇ ਤਾਂ ਸਾਰੀ ਉਮਰ ਇਕ ਪੈਸਾ ਵੀ ਰਿਸ਼ਵਤ ਦਾ ਨਹੀਂ ਲਿਆ ਸਗੋਂ ਆਪਣੀ ਤਨਖਾਹ ਵਿਚੋਂ ਗਰੀਬ ਬੱਚੇ-ਬੱਚੀਆਂ ਨੂੰ ਪੜਾਉਣ ਲਈ ਖਰਚਾ ਕਰਦੇ ਹਨ । ਏਨੇ ਪੈਸੇ ਤਾਂ ਕਿਤੋਂ ਵੀ ਪੈਦਾ ਨਹੀਂ ਕੀਤੇ ਜਾ ਸਕਦੇ । ਕੋਈ ਰਿਸ਼ਤੇਦਾਰ ਵੀ ਅਮੀਰ ਨਹੀਂ ਜਿਸਤੋਂ ਉਧਾਰੇ ਲਏ ਜਾ ਸਕਣ । ਨਾਲੇ ਤਨਖਾਹ ਨਾਲ ਤਾਂ ਗੁਜਾਰਾ ਬੜੀ ਮੁਸ਼ਕਲ ਨਾਲ ਹੁੰਦਾ ਹੈ ਐਡੀ ਵੱਡੀ ਰਕਮ ਰਿਸ਼ਤੇਦਾਰਾਂ ਨੂੰ ਵੀ ਕਿਵੇਂ ਵਾਪਿਸ ਮੋੜਨੀ ਹੈ । ਮੈਂ ਇਹ ਵਿਚਾਰ ਲੈ ਕੇ ਇੰਟਰਵਿਊ ਵਿਚੇ ਹੀ ਛੱਡ ਕੇ ਆ ਗਈ ।

ਮੈਂ ਉਸ ਦੀ ਗੱਲ ਵਿਚੋਂ ਹੀ ਟੋਕ ਦਿੱਤੀ ਤੇ ਦੂਜੇ ਪਾਸੇ ਹੋਕੇ ਜੱਫੀ ਵਿਚ ਲੈ ਲਿਆ । ਤੈਨੂੰ ਤਾਂ ਬੇਟਾ ਮੈ ਨਿੱਕੀ ਜਿਹੀ ਨੂੰ ਹੀ ਦੇਖਿਆ ਸੀ, ਹੁਣ ਤੂੰ ਬੜੀ ਵੱਡੀ ਹੋ ਗਈ ਹੈਂ । ਤੇਰਾ ਕੱਦ-ਕਾਠ, ਰੰਗ, ਨੈਣ-ਨਕਸ਼, ਤੂੰ ਬਿਲਕੁਲ ਆਪਣੀ ਮਾਂ ਵਰਗੀ ਲਗਦੀ ਹੈਂ । ਸਰਦਾਰਨੀ ਜੀ ਜਲਦੀ ਚਾਹ ਲਿਆਓ, ਬੜੀ ਦੇਰ ਲਾ ਦਿੱਤੀ ਹੈ ! ਕੁੜੀ ਠੰਡ ਵਿਚੋਂ ਆਈ ਹੈ !

ਪਰ ਬੇਟਾ ਤੁਸੀਂ ਸਾਨੂੰ ਰਿਸ਼ਤਾ ਪੱਕਾ ਕਰਨ ਲੱਗਿਆਂ ਦੱਸਿਆ ਹੀ ਨਹੀਂ ? ਨਾਰਵੇ ਵਿਚ ਅਸੀਂ ਸਾਰਿਆ ਨੂੰ ਜਾਣਦੇ ਹਾਂ । ਚੰਗੇ-ਬੁਰੇ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਹੀ ਪਤਾ ਲੱਗਾ ਲੈਂਦੇ ।

ਨਹੀਂ ਅੰਕਲ ਜੀ ! ਮੇਰਾ ਵਿਆਹ ਦਰਅਸਲ ਕੈਨੇਡਾ ਵਿਚ ਹੋਇਆ ਸੀ । ਤੁਹਾਨੂੰ ਪਤਾ ਹੈ ਕਿ ਅੱਜ ਕੱਲ ਮਾਪਿਆਂ ਨੂੰ ਓਵਰਟਾਈਮ ਤੋਂ ਵਿਹਲ ਨਹੀਂ ਮਿਲਦੀ । ਜਦ ਘਰੇ ਹੁੰਦੇ ਹਨ ਤਾਂ ਸ਼ਰਾਬ ਵਿਚ ਮਸਤ ਰਹਿੰਦੇ ਹਨ । ਇਹਨਾਂ ਦੇ ਬੱਚੇ ਸਾਰੀ-ਸਾਰੀ ਰਾਤ ਬਾਹਰ ਹੀ ਘੁੰਮਦੇ ਫਿਰਦੇ ਰਹਿੰਦੇ ਹਨ । ਵਾਲ ਖੜੇ, ਕੰਨ ਵਿਚ ਮੁਰਕੀ, ਵੱਡੇ ਵੱਡੇ ਉੱਚੇ ਜਿਹੇ ਬੂਟ, ਪੈਂਟ ਥੱਲੇ ਡਿਗਦੀ ਫਿਰਦੀ ਹੈ, ਨਾਂ ਤਾਂ ਇਹ ਕਾਂ-ਡੋਡ ਹਨ ਤੇ ਨਾਂ ਹੀ ਸ਼ਤੁਰ-ਮੁਰਗ । ਮਾਪੇ ਕੰਮ ਕਰ ਕਰ ਕੇ ਹਿੰਦੁਸਤਾਨ ਵਿਚ ਸੁਹਣਾ ਜਿਹਾ ਮਕਾਨ ਪਾ ਲੈਂਦੇ ਹਨ ਅਤੇ ਜਾ ਕੇ ਇਕ ਨਵੀਂ ਕਾਰ ਵੀ ਕਢਾ ਲੈਂਦੇ ਹਨ । ਅੰਗਰੇਜੀ ਭਾਵੇਂ ਪੜ੍ਹਨੀ ਸਮਝਨੀ ਨਾਂ ਆਵੇ ਪਰ ਇਹਨਾਂ ਦੇ ਸਾਹਿਬਜਾਦੇ ਅੰਗਰੇਜੀ ਡਿਸਕੋ ਗਾਣੇ ਉੱਚੀ ਅਵਾਜ਼ ਵਿਚ ਲਾ ਕੇ ਫਿਰਦੇ ਰਹਿੰਦੇ ਹਨ । ਇਹਨਾਂ ਦੇ ਪੱਟੇ ਲੋਕੀਂ ਹੀ ਪੈਲੀਆਂ ਵੇਚ-ਵੇਚ ਕੇ ਏਜੰਟਾਂ ਦੇ ਢਿਡ ਭਰੀ ਜਾਂਦੇ ਹਨ । ਸਾਲਾਂ ਬੱਧੀ ਰੂਸ ਵਿਚ ਬੈਠੇ ਰਹਿੰਦੇ ਹਨ । ਫਿਰ ਕਦੀ ਕੋਈ ਹੋਰ ਲੋਟੂ ਏਜੰਟ ਲੱਭ ਜਾਂਦਾ ਹੈ । ਜਾਂ ਤਾਂ ਇਟਲੀ ਜਾਂਦੇ ਕਿਸ਼ਤੀ ਵਿਚ ਹੀ ਡੁਬ ਜਾਂਦੇ ਹਨ ਜਾਂ ਫਿਰ ਵਲੈਤ ਦੇ ਝਸ ਵਿਚ ਆਕੇ ਟਰੱਕ ਵਿਚ ਹੀ ਸਾਹ ਗੁੰਮ ਹੋ ਜਾਂਦਾ ਹੈ ।

ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਹੋਇਆ । ਕੈਨੇਡਾ ਤੋਂ ਇਕ ਮੁੰਡਾ ਵਿਆਹ ਕਰਵਾਉਣ ਵਾਸਤੇ ਆਇਆ । ਅਖਬਾਰ ਵਿਚ ਐਡ ਦੇ ਦਿੱਤੀ । ਡੈਡੀ ਜੀ ਨੇ ਉਸ ਪ੍ਰੀਵਾਰ ਨਾਲ ਸੰਪਰਕ ਕੀਤਾ । ਪ੍ਰੀਵਾਰ ਦੀ ਬੈਕ-ਗਰਾਊਂਡ ਭਾਵੇਂ ਠੀਕ ਠਾਕ ਹੀ ਸੀ ਪਰ ਕਾਗਜ਼ਾਂ ਵਿਚ ਲੜਕਾ ਕਾਫੀ ਪੜ੍ਹਿਆ-ਲਿਖਿਆ ਸੀ ਅਤੇ ਆਪਣਾ ਹੀ ਕਾਰੋਬਾਰ ਸੀ ।

ਬੇਟਾ ਇਕ ਮਿੰਟ ! ਕਾਗਜਾਂ ਵਿਚ ਪੜ੍ਹਿਆ-ਲਿਖਿਆ, ਇਹ ਮੇਰੀ ਸਮਝ ਨਹੀਂ ਆਇਆ । ਅੰਕਲ ਜੀ ! "ਆਹ ਜਿਹੜਾ ਤਰੱਕੀ ਦਾ ਯੁਗ ਹੈ ਨਾਂ, ਇਹਨੇ ਸਾਰਿਆ ਦੀ ਭੂਤਨੀ ਭੁਲਾ ਰੱਖੀ ਹੈ । ਇਨਸਾਨ ਕਹਿੰਦਾ ਹੈ ਕਿ ਮੈਂ ਤਰੱਕੀ ਕਰ ਲਈ ਹੈ ਪਰ ਹੈ ਇਹ ਬਰਬਾਦੀ । ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨਸਾਨ ਦੀ ਲੋੜ ਰੋਟੀ, ਕੱਪੜਾ ਤੇ ਮਕਾਨ ਹੀ ਰਹੀ ਹੈ ਨਾਂ । ਪਹਿਲਾਂ ਇਸ ਦੀ ਤ੍ਰਿਪਤੀ ਦੇ ਸਾਧਨ ਆਸ-ਪਾਸ ਦੇ ਮਹੌਲ ਵਿਚੋਂ ਮਿਲ ਜਾਂਦੇ ਸਨ । ਭਾਵੇਂ ਲੋੜ ਹੁਣ ਵੀ ਉਹੀ ਹੈ ਪਰ ਮੁਨੱਖ ਦੀ ਭੁੱਖ ਵੱਧ ਗਈ ਹੈ । ਇਸ ਨੇ ਸਾਰੀ ਧਰਤੀ ਨੂੰ ਖੋਜ਼ ਮਾਰਿਆ ਹੈ, ਸਮੁੰਦਰ ਵੀ ਗਾਹ ਮਾਰਿਆ ਹੈ ਪਰ ਤ੍ਰਿਪਤੀ ਅਜੇ ਵੀ ਪੂਰੀ ਨਹੀਂ ਹੋਈ । ਹੁਣ ਰੋਟੀ, ਕਪੜੇ ਅਤੇ ਮਕਾਨ ਲਈ ਅਸਮਾਨ ਨੂੰ ਖੋਜਣ ਤੁਰ ਪਿਆ ਹੈ । ਇਹੋ ਜਿਹੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਹੈ ਜਿਹੜੀਆਂ ਦੇ ਕਦੇ ਨਾਂ ਵੀ ਨਹੀਂ ਸਨ ਸੁਣੇ । ਇਹ ਸਾਰੀ ਬਿਨ੍ਹਾਂ ਮਤਲਬ ਦੀ ਸਟਰੈਸ ਦਾ ਸਦਕਾ ਹੀ ਹੈ ।"

ਬੇਟਾ ਤੂੰ ਬੜੀ ਸਿਆਣੀ ਹੋ ਗਈ ਹੈਂ ! ਅੰਕਲ ਜੀ ! "ਗੌਂ ਭਣਾਵੇ ਜੌਂ ।" ਜਦੋਂ ਮਜ਼ਬੂਰੀਆਂ ਆ ਜਾਣ ਤਾਂ ਹੱਲ ਵੀ ਆਪ ਨੂੰ ਹੀ ਲੱਭਣੇ ਪੈਂਦੇ ਹਨ । ਉਸ ਲੜਕੇ ਨੇ ਕੰਪਿਊਟਰ ਨਾਲ ਸਾਰੇ ਸਰਟੀਫੀਕੇਟ ਜਾਹਲੀ ਬਣਾਏ ਸਨ । ਕਾਲਜ ਵਿਚ ਤਾਂ ਭਾਵੇਂ ਉਸਨੇ 4-5 ਸਾਲ ਲਾਏ ਸਨ ਪਰ ਰਿਹਾ ਇਕੋ ਜਮਾਤ ਵਿਚ ਹੀ ਸੀ । ਐਡ ਵਿਚ ਲਿਖਿਆ ਸੀ ਮੁੰਡਾ ਐਮ.ਬੀ.ਏ. ਹੈ ਤੇ ਆਪਣੀ ਹੀ ਟਰਾਂਸਪੋਰਟ ਵਿਚ ਐਮ.ਡੀ. ਲੱਗਿਆ ਹੋਇਆ ਹੈ ।

ਡੈਡੀ ਜੀ ਨੇ ਬਹੁਤੀ ਕੋਈ ਪੁੱਛ-ਪੜਤਾਲ ਨਹੀਂ ਕੀਤੀ ਤੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ । ਵਿਆਹ ਬੜੀ ਧੂੰਮ-ਧਾਮ ਨਾਲ ਸੁੱਖੀ-ਸਾਂਦੀ ਹੋ ਗਿਆ । 5 ਕੁ ਹਫਤੇ ਰਹਿ ਕੇ ਸਾਰੀ ਫੈਮਿਲੀ ਵਾਪਿਸ ਕੈਨੇਡਾ ਚਲੀ ਗਈ ।

ਉਥੋਂ ਜਾ ਕੇ ਉਹਨਾਂ ਨੇ ਮੇਰੇ ਵੀਜ਼ੇ ਵਾਸਤੇ ਲੋੜੀਂਦੇ ਕਾਗਜ਼ ਭੇਜ ਦਿੱਤੇ । ਜਦ ਸਾਨੂੰ ਘਰੇ ਕਾਗਜ ਆਏ ਤਾਂ ਇਕ ਫਾਰਮ ਤੇ ਲਿਖਿਆ ਹੋਇਆ ਵੇਖ ਕੇ ਪਤਾ ਲੱਗਾ ਕਿ ਲੜਕਾ ਪਹਿਲਾਂ ਵੀ ਵਿਆਹਿਆ ਹੋਇਆ ਸੀ । ਅੰਕਲ ਜੀ ਸਾਡੇ ਤਾਂ ਹੋਸ਼ ਹੀ ਉੱਡ ਗਏ । ਹੋ ਸਕਦਾ ਹੈ ਕਿ ਇਸਦੇ ਬੱਚੇ ਵੀ ਹੋਣ । ਕੀਹਦੇ ਨਾਲ ਸਲਾਹ ਕਰੀਏ । ਡੈਡੀ ਜੀ ਦਾ ਬਲੱਡ ਪਰੈਸ਼ਰ ਇਨ੍ਹਾਂ ਘੱਟ ਗਿਆ ਕਿ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਪਏ । ਮੰਮੀ ਪਹਿਲਾਂ ਹੀ ਬੀਮਾਰ ਰਹਿੰਦੀ ਸੀ । ਹੱਥਾਂ-ਪੈਰਾਂ ਦੀ ਪੈ ਗਈ ।

ਦੋ ਕੁ ਦਿਨਾਂ ਬਾਅਦ ਡੈਡੀ ਜੀ ਦੁਆਈਆਂ ਖਾ ਕੇ ਠੀਕ ਹੋ ਗਏ ਤਾਂ ਆਈ.ਜੀ. ਮਲਹੋਤਰਾ ਸਾਹਿਬ ਉਨ੍ਹਾਂ ਦਾ ਪਤਾ ਲੈਣ ਆਏ । ਜਦੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹੌਂਸਲਾ ਦੁਆਇਆ ਕਿ ਕੋਈ ਗੱਲ ਨਹੀਂ, ਮੇਰੀ ਵੱਡੀ ਲੜਕੀ, ਸੁਸ਼ਮਾ ਅਮਰੀਕਾ ਵਿਆਹੀ ਹੋਈ ਹੈ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਉਹ ਕੋਈ ਮੌਂਟਰੀਆਲ ਵਿਚ ਜਾਣ-ਪਛਾਣ ਵਾਲਾ ਬੰਦਾ ਲੱਭਣ । ਗੱਲਾਂ-ਬਾਤਾਂ ਕਰਦਿਆਂ ਇਹ ਨਤੀਜਾ ਨਿਕਲਿਆ ਕਿ ਕਾਗਜੀ ਕਾਰਵਾਈ ਜਾਰੀ ਰੱਖੀ ਜਾਵੇ ਤੇ ਇਕ ਵਾਰੀ ਕੈਨੇਡਾ ਦਾ ਵੀਜ਼ਾ ਲਿਆ ਜਾਵੇ ।

6 ਕੁ ਮਹੀਨਿਆਂ ਵਿਚ ਵੀਜ਼ਾ ਆ ਗਿਆ । ਕੈਨੇਡਾ ਜਾਣ ਦੀਆਂ ਤਿਆਰੀਆਂ ਹੋ ਗਈਆਂ । ਅੰਕਲ ਜੀ ਮਲਹੋਤਰਾ ਨੇ ਆਪਣੀ ਲੜਕੀ ਰਾਹੀਂ ਇੰਤਜ਼ਾਮ ਕਰ ਦਿੱਤਾ ਕਿ ਮੈਂ ਆਪਣੇ ਸੁਹਰਿਆਂ ਦੀ ਬਜਾਏ ਸਿੱਧੀ ਕਿਸੇ ਹੋਰ ਦੇ ਘਰ ਜਾਵਾਂ । ਲੜਕੇ ਵਾਲੇ ਸਾਰਾ ਟੱਬਰ ਫੁੱਲਾਂ ਦਾ ਹਾਰ ਲੈ ਕੇ ਮੇਰੇ ਸਵਾਗਤ ਵਾਸਤੇ ਖੜੇ ਸਨ । ਜਦੋਂ ਉਹ ਫੁੱਲ ਮੇਰੇ ਗਲ਼ ਵਿਚ ਪਾਉਣ ਲੱਗਾ ਤਾਂ ਮੈਂ ਫੁੱਲ ਫੜ੍ਹ ਕੇ ਉਸਦੇ ਪੈਰਾਂ ਵਿਚ ਵਗ੍ਹਾ ਕੇ ਮਾਰੇ ਤੇ ਅੰਕਲ ਜੀ ਮਲਹੋਤਰਾ ਵੱਲੋਂ ਆਈ ਫੈਮਿਲੀ ਨਾਲ ਉੰਨ੍ਹਾਂ ਦੇ ਘਰ ਚਲੀ ਗਈ ।

ਉਹਨਾਂ ਦੇ ਮੈਨੂੰ ਕਈ ਟੈਲੀਫੋਨ ਆਏ ਤੇ ਇਕ ਵਾਰੀ ਉਹ ਪੰਚਾਇਤ ਲੈ ਕੇ ਵੀ ਆਏ ਪਰ ਮੈਂ ਮਨ ਬਣਾ ਲਿਆ ਕਿ ਮੈਨੂੰ ਇੰਡੀਆ ਜਾਣਾ ਮੰਨਜ਼ੂਰ ਹੈ ਪਰ ਮੈਂ ਇਹਨਾਂ ਬੇਈਮਾਨਾਂ, ਧੋਖੇਬਾਜਾਂ, ਫਰੇਬੀਆਂ, ਝੂਠਿਆਂ ਦੇ ਘਰ ਨਹੀਂ ਜਾਣਾ ।

ਮੈਂ ਹੌਲੀ-ਹੌਲੀ ਸੂਹ ਕਢਦੀ ਰਹੀ ਤੇ ਪਤਾ ਲਾ ਲਿਆ ਕਿ ਇਸ ਦੇ ਪਹਿਲਾਂ ਵਾਲੇ ਵਿਆਹ ਵਿੱਚੋਂ ਵੀ ਦੋ ਬੱਚੇ ਹਨ । ਪਹਿਲਾਂ ਟਰੱਕ ਡਰਾਈਵਰ ਸੀ ਤੇ ਹੁਣ ਆਪਣੀ ਟੈਕਸੀ ਪਾਈ ਹੋਈ ਹੈ ।

ਵਕੀਲ ਰਾਹੀਂ ਮੈਂ ਆਪਣੇ ਵੱਲੋਂ ਤਲਾਕ ਦੇ ਕਾਗਜ਼ ਭੇਜ ਦਿੱਤੇ । ਮੈਂ ਕੰਪਿਊਟਰ ਦੀ ਐਮ.ਸੀ.ਏ. ਕੀਤੀ ਸੀ, ਇਸ ਲਈ ਕੰਮ ਜਲਦੀ ਹੀ ਮਿਲ ਗਿਆ । ਪਰ ਮੇਰੇ ਦਿਲ ਵਿਚ ਹਰ ਵਕਤ ਇਹ ਬਦਲੇ ਦੀ ਭਾਵਨਾਂ ਰਹਿੰਦੀ ਸੀ ਕਿ ਕਦੋਂ ਇਹ ਇੰਡੀਆ ਜਾਣ ਤੇ ਮੈਂ ਇਹਨਾਂ ਦਾ ਮੱਕੂ ਠਪਾਵਾਂ ।

ਕੁਝ ਸਮਾਂ ਪਾ ਕੇ ਤਲਾਕ ਮੰਨਜ਼ੂਰ ਹੋ ਗਿਆ ਤਾਂ ਇਹ ਫਿਰ ਸਾਰਾ ਟੱਬਰ ਦੁਬਾਰਾ ਵਿਆਹ ਕਰਨ ਲਈ ਇੰਡੀਆ ਚਲੇ ਗਏ । ਮੈਨੂੰ ਵੀ ਸੂਹ ਮਿਲ ਗਈ ਤੇ ਟਿਕਟ ਲੈ ਕੇ ਮੈਂ ਵੀ ਮਗਰੇ ਹੀ ਪਹੁੰਚ ਗਈ ।

ਡੈਡੀ ਜੀ ਨੇ ਵਕੀਲ ਨਾਲ ਸਲਾਹ ਕਰਕੇ ਇਹਨਾਂ ਤੇ ਫਰੇਬ ਦਾ ਮਕੁੱਦਮਾ ਕਰ ਦਿੱਤਾ । ਪੁਲੀਸ ਨੇ ਫੜ੍ਹ ਕੇ ਸਾਰੇ ਟੱਬਰ ਨੂੰ ਦੋ-ਚਾਰ ਰਾਤਾਂ ਅੰਦਰ ਰੱਖਿਆ । ਕੇਸ ਅਦਾਲਤ ਵਿਚ ਚਲਾ ਗਿਆ ਤੇ ਜੱਜ ਨੇ ਫੈਸਲਾ ਸੁਣਾ ਦਿੱਤਾ ਕਿ ਇਕ ਹਫਤੇ ਦੇ ਵਿਚ ਵਿਚ 10 ਲੱਖ ਦਾ ਹਰਜਾਨਾ ਦਿੱਤਾ ਜਾਵੇ ਨਹੀਂ ਤਾਂ ਇਕ ਸਾਲ ਦੀ ਬਾ-ਮੁਸ਼ੱਕਤ ਕੈਦ ਭੁਗਤਣੀ ਪਵੇਗੀ ।

ਸਾਰਾ ਟੱਬਰ ਰਿਸ਼ਤੇਦਾਰਾਂ ਸਮੇਤ ਆਕੇ ਮਿੰਨਤਾਂ ਕਰਨ ਲੱਗ ਪਏ । ਜਿਹੜਾ ਪਿਉ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਹੁਣ ਪੱਗ ਲਾਹ ਕੇ ਡੈਡੀ ਜੀ ਦੇ ਪੈਰਾਂ ਵਿਚੋਂ ਹੀ ਨਹੀਂ ਸੀ ਉੱਠਦਾ । 3-4 ਕਿੱਲੇ ਜਿਹੜੀ ਪੈਲੀ ਸੀ ਉਹ ਵੇਚ ਕੇ 10 ਲੱਖ ਦਾ ਇੰਤਜ਼ਾਮ ਕੀਤਾ ਤੇ ਵਿਆਹ ਤੋਂ ਬਿਨ੍ਹਾਂ ਬਰੰਗ ਹੀ ਵਾਪਿਸ ਕੈਨੇਡਾ ਪਹੁੰਚ ਗਏ ।

ਡੈਡੀ ਜੀ ਨੇ ਗਰੀਬ ਬੱਚਿਆਂ ਦੇ ਨਾਂ ਤੇ ਇਕ ਟਰਸਟ ਖੋਲ੍ਹ ਕੇ 10 ਲੱਖ ਬੈਂਕ ਵਿਚ ਜਮ੍ਹਾ ਕਰਵਾ ਦਿੱਤੇ ਅਤੇ ਵਸੀਅਤ ਕਰ ਦਿੱਤੀ ਕਿ ਇਸ ਦਾ ਵਿਆਜ ਸਿਰਫ ਤੇ ਸਿਰਫ ਗਰੀਬ ਬੱਚੇ-ਬਚੀਆਂ ਦੇ ਵਿਆਹ-ਸ਼ਾਦੀਆਂ ਅਤੇ ਪੜ੍ਹਾਈ ਲਈ ਹੀ ਵਰਤਿਆ ਜਾਵੇਗਾ ।

ਪਰ ਬੇਟਾ ਜੀ ਇਹ ਦੱਸੋ ਕਿ "ਤੁਸੀਂ ਨਾਰਵੇ ਕਿਸ ਤਰ੍ਹਾਂ ਆ ਗਏ ।" ਅੰਕਲ ਜੀ "ਨਾਰਵੇ ਉਸ ਲੜਕੇ ਦੀਆਂ ਦੋ ਮਾਸੀਆਂ ਰਹਿੰਦੀਆਂ ਹਨ ਜਿਹੜੀਆਂ ਸਾਰੇ ਪੁਆੜੇ ਦੀ ਜੜ੍ਹ ਹਨ । ਉਹਨਾਂ ਦਾ ਕੰਮ ਝੂਠ ਬੋਲਣਾ ਤੇ ਹਰ ਵਕਤ ਲੂਤੀ ਲਾਉਣੀ ਹੈ । ਘਰ ਵਾਲਿਆਂ ਤੋਂ ਚੋਰੀ ਪੈਸੇ ਆਪਣੇ ਮਾਪਿਆਂ ਨੂੰ ਘੱਲਦੀਆਂ ਰਹਿੰਦੀਆਂ ਹਨ ਅਤੇ ਰਿਸ਼ਤੇਦਾਰਾਂ ਦੇ ਝੂਠੇ ਵਿਆਹ ਕਰਕੇ ਮੇਰੇ ਵਰਗੀਆਂ ਅਨਭੋਲ ਕੁੜੀਆਂ ਦੀ ਜਿੰਦਗੀ ਬਰਬਾਦ ਕਰਨਾ ਹੈ ।" ਜੇਕਰ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬ ਨੂੰ ਕਹਿਕੇ ਮੈਨੂੰ 5-10 ਮਿੰਟ ਦਾ ਟਾਈਮ ਦਵਾ ਦਿਓ, ਮੈਂ ਇਹਨਾਂ ਨੂੰ ਗੁਰਦੁਆਰੇ ਦੀ ਸਟੇਜ ਤੋਂ ਨੰਗਾ ਕਰਕੇ ਬਦਲਾ ਲੈਣਾ ਚਾਹੁੰਦੀ ਹਾਂ ਅਤੇ ਸਾਰਿਆ ਨੂੰ ਸਾਂਝਾ ਸੁਨੇਹਾਂ ਦੇਣਾ ਚਾਹੁੰਦੀ ਤਾਂ ਕਿ ਇਹ ਕਿਸੇ ਹੋਰ ਮਸੂਮ ਦੀ ਜਿੰਦਗੀ ਨਾਲ ਨਾ ਖੇਡ ਸਕਣ ।

ਕੋਲੇ ਪਈ ਘੜੀ ਦੀ ਘੰਟੀ ਨੇ ਮੇਰੀ ਜਾਗ ਖੋਲ੍ਹ ਦਿੱਤੀ । ਮੈਂ ਉੱਠ ਕੇ ਬੈਠ ਗਿਆ ਅਤੇ ਇਹੀ ਸੋਚਦਾ ਰਿਹਾ ਕਿ ਇਹ ਕਿਹੜੀਆਂ ਦੋ ਅਕ੍ਰਿਤਘਨ ਔਰਤਾਂ ਹੋ ਸਕਦੀਆਂ ਹਨ ਜਿਹੜੀਆਂ ਖੁਦ ਔਰਤਾਂ ਹੋ ਕੇ ਵੀ ਆਪਣੀ ਹੀ ਜਾਤ ਨੂੰ ਧੱਬਾ ਲਾਉਣ ਤੇ ਤੁਲੀਆਂ ਹੋਈਆਂ ਹਨ ?

 

5_cccccc1.gif (41 bytes)

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com