WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

ਪੰਜਾਬੀ ਕਵਿਤਾ

>> 1 2 3 4 5 6               hore-arrow1gif.gif (1195 bytes)

ਯਾਦ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

 

 
 
 

ਚਲੇ ਗਏ ਸੀ ਤੂਸੀਂ, ਕਿਉਂ ਦਿਲ ਲੈ ਗਏ ਮੇਰਾ,
ਭਾਲ ਵਿਚ ਇਸਦੀ,ਪਿਆਰ ਕਰਦਾ ਰਹਾਂਗਾ ਮੈਂ।

ਲੁੱਟ ਗਏ ਇਸ ਮੁਰੀਦ ਕੋਲ, ਕੀ ਹੋਰ ਜੋ ਦੇ ਸਕਾਂ,
ਸੰਗ ਨਗਮੇ, ਸੇ਼ਅਰ, ਇਜ਼ਹਾਰ ਕਰਦਾ ਰਹਾਂਗਾ ਮੈਂ।

ਭਾਲਦਾ, ਭੁੱਲ ਭੁਲਾਂਦਾ, ਪੁੱਜਾਂਗਾ ਦਰ ਤੇਰੇ ਇਕ ਦਿਨ,
ਲੰਘ ਜੰਗਲ ਬੇਲੇ ਪਰਬਤ, ਝਨਾ ਤਰਦਾ ਰਹਾਂਗਾ ਮੈਂ।

ਪਿਆਸਾ ਹਾਂ, ਪਪੀਹੇ ਤਰਾਂ, ਲੱਭਦਾ ਰਹਾਂਗਾ ‘ਬੂੰਦ’,
ਸਬਰ ਨੂੰ ਜਾਣ ਅਮ੍ਰਿਤ , ਘੁੱਟ ਭਰਦਾ ਰਹਾਂਗਾ ਮੈਂ।

ਲੋਕ ਸਮਝਣਗੇ ਹੈ ਪਾਗਲ, ’ਤੇ ਪੱਥਰ ‘ਮੋਤੀ’ ਨਹੀਂ,
ਰੱਖਕੇ ਦਿਲ ‘ਤੇ ਪੱਥਰ, ਸਭ ਜਰਦਾ ਰਹਾਂਗਾ ਮੈਂ।

ਕਿਵੇਂ ਮੁੱਕ ਸਕਦੀ ਹੈ ਯਾਦ, ਪੀਕੇ ਸਬਰ ਦਾ ਘੁੱਟ,
ਸੌ ਵਾਰ ਮਰਕੇ ਵੀ ਜੀਵਾਂਗਾ, ਮਰਦਾ ਰਹਾਂਗਾ ਮੈਂ।

ਸੁਣੋਗੇ ਕਬ਼ਰ ਵਿਚੋਂ ਵੀ, ਪਿਆਰ ਦੀ ਇਹ ਆਵਾਜ਼,
‘ਤੂੰ ਪਿਆਰਾ ਸੀ, ਪਿਆਰਾ ਹੈਂ, ਕਰਦਾ ਰਹਾਂਗਾ ਮੈਂ।

ਜੇ ਮਿੱਟੇ ਦੁਨੀਆਂ ਪਰਲੋ ਦੇ ਦਿਨ, ਨਾਂ ਮਿਟਾਂਗਾ ਮੈ,
ਨਾ ਆ ਮਿਲੋਗੇ ਜਦ ਤਕ, ਯਾਦ ਕਰਦਾ ਰਹਾਂਗਾ ਮੈਂ॥

(08/01/2013)

ਚਲਾ ਗਿਆ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮਹਿਫਲ ਦਾ, ਬਾਦਸ਼ਾਹ ਚਲਾ ਗਿਆ।
ਸੱਚ ਮੰਡਲੀ ਦਾ, ਰਹਿਨੁਮਾ ਚਲਾ ਗਿਆ।

ਸੀ ਬੋਲ ਜਿਸਦੇ ਮਿੱਠੇ, ਵੰਡਦੇ ਮਿਠਾਸ,
ਅਦਬ ਦੀ ਚੜ੍ਹਦੀ, ਸੁਵ੍ਹਾ ਚਲਾ ਗਿਆ।

ਰਾਜਨੀਤੀ ਦੇ ਕੂੜ ਨਾਲ, ਭਰੀ ਬੇੜੀ,
ਡੁਬਦੀ ਬਚੌਂਦਾ, ਮਲਾਹ ਚਲਾ ਗਿਆ।

ਸੀ ਮਹਿਫਲਾਂ ਦੀ ਰੌਣਕ, ਯਾਰਾਂ ਦਾ ਯਾਰ,
ਜਸ਼ਨਾਂ ਦੇ ਜਾਮ ਦਾ, ਸਿਲਸਲਾ ਚਲਾ ਗਿਆ।

ਖਿੜਦੇ ਸੀ ਚਿਹਰੇ, ਵੇਖ ਓਸਦੀ ਮੁਸਕਰਾਹਟ,
ਪੀੜ ਕਿਵੇਂ, ਲੋਕਾਂ ਦੀ ਭੁਲਾ ਚਲਾ ਗਿਆ।

ਚਿਰਾਗ ਸੀ ਉਹ, ਸੀ ਰੋਸ਼ਨੀ ਹੀ ਰੋਸ਼ਨੀ,
ਕੌਣ ਦਰਿੰਦਾ, ਜੋ ਇਸਨੂੰ ਬੁਝਾ ਚਲਾ ਗਿਆ।

ਮਾਂ ਬੋਲੀ ਪੰਜਾਬੀ ਦਾ, ਉਹ ਪੁਜਾਰੀ ਸੀ ਸੱਚਾ,
ਖੇਡਾਂ ਦਾ ਆਸ਼ਕ, ਸਾਹਿਤ ਦੀ ਕਲਾ ਚਲਾ ਗਿਆ।

ਕਿਵੇਂ ਭੁੱਲ ਸਕਦੇ ਯਾਰ, ਤੇਰੇ ਵਰਗੀ ਯਾਰੀ,
ਜਗਦਾ ਰਹੇਗਾ ਚਿਰਾਗ, ਜੋ ਤੂੰ ਜਲਾ ਚਲਾ ਗਿਆ॥

(08/01/2013)

ਰੱਬ ਨਹੀਂ ਵਸਦਾ ਏਥੇ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਲੁੱਟ ਕਿਰਤੀ ਦੀ ਕਿਰਤ, ਉਸਾਰੇ ਗਿਰਜੇ, ਰੱਬ ਨਹੀਂ ਵਸਦਾ ਏਥੇ।
ਰਹਿਮਤਾਂ ਦਾ ਪਾ ਭੁਲੇਖਾ, ਰੱਬ ਦਾ ਨਿਕਟੀ ਬਣ, ਝੂਠ ਪਾਦਰੀ ਵੇਚੇ।।
ਮੇਰੇ ਸ਼ਾਹ ਜੇ ਰੱਬ ਨੂੰ ਮਿਲਨਾ, ਦਮ ਦਮ ਕਰਲੈ ਚੇਤੇ।
ਬਈ ਰੱਬ ਨਹੀਂ ਵਸਦਾ ਏਥੇ।।

ਉਹ ਠਹਿਰਦਾ ਲਾਲੋ ਦੇ ਘਰ, ਟੁੱਕਰ ਖਾਂਦਾ ਸੁੱਕੇ।
ਨਾ ਉਹ ਰੀਝੇ ਧਨ ਦੌਲਤ, ਨਾ ਜਾਤਿ ਕਿਸੇ ਦੀ ਪੁੱਛੈ।
ਝੂਠੇ ਪਾਠਾਂ ਨੂੰ ਸੁਣ ਨਾਂ ਰੀਝੇ ,ਨਾਂ ਮੰਨੇ ਨਾਂ ਰੁਸੇ।
ਮੇਰੇ ਸ਼ਾਹ ਉਹ ਸਭਦਾ ਬਾਲੀ, ਭਾਂਵੇਂ ਬੰਦੇ ਭਾਂਵੇ ਕੁੱਤੇ।
ਬਈ ਰੱਬ ਨਹੀਂ ਵਸਦਾ ਏਥੇ।।

ਕਿਉਂ ਕੁੱਟਦੇ ਹੋ ਢੋਲ ਨਗਾਰੇ,ਕਉਂ ਖੜਕਾਵੋਂ ਛੈਣੇ।
ਖ਼ੀਰ ਪੂੜਿਆਂ ਨਜ਼ਰ ਨਾ ਮਾਰੇ, ਬੇਰ ਭੀਲਣੀ ਲੈਣੇ।
ਛੱਡ ਪਾਖੰਡ ਰਸਤੇ ਪੈ ਜਾ, ਸੱਚ ਦੇ ਪਾ ਲੈ ਗਹਿਣੇ।
ਵੇਖੀਂ ਖੁੰਜ ਨਾ ਜਾਵੇ ਵੇਲਾ, ਲਗ ਯਾਰਾ ਤੂੰ ਕਹਿਣੇ।
ਰੱਖ ਯਾਰਾਂ ਨੂੰ ਚੇਤੇ।
ਬਈ ਰੱਬ ਨਹੀਂ ਵਸਦਾ ਏਥੇ।।

ਬੰਦਾ ਜੇ ਬੰਦਾ ਹੀ ਬਣ ਜਾਏ, ਸੋਚੇ ਨਾ ਬੋਲੇ ਮੰਦਾ।
ਚਹੁ ਪਾਸੀਂ ਮੁਹੱਬਤ ਵੰਡੇ, ਕਰੇ ਨੇਕ ਕਮਾਈ ਧੰਦਾ।
ਮੰਨ ਭਾਂਣਾ, ਕੁਦਰਤ ਦੀ ਰਹਿਮਤ, ਫਿਰ ਚੰਗਾ ਹੀ ਚੰਗਾ।
ਮੇਰੇ ਸ਼ਾਹ ਇਹ ਜੂਨ ਮਨੁੱਖੀ, ਵਾਰ ਵਾਰ ਨਹੀਂ ਥਿਉਣੀ,
ਬਈ ਤੈਂ ਕਿਸਮਤ ਆਪ ਬਨਾਉਣੀ।।

ਉੱਠੀ ਛੱਲ ਸਮੁੰਦਰ ਪਿਂਡੇ, ਫਿਰ ਪਾਣੀ ਵਿਚ ਸਮਾਵੇ।
ਲਿਸ਼ਕਾਂ ਮਾਰ ਬੁਲਬੁਲਾ ਉਠਿਆ, ਦੋ ਪਲ ਵਿਚ ਮੋ ਜਾਵੇ।
ਲੈ ਮੁਕਾ ਚਾਣਨ ਵਿਚ ਪੈਂਡਾ, ਚੰਨ ਚੜਿਆ ਛੁਪ ਜਾਵੇ।
ਖੁੰਜ੍ਹਾ ਵੇਲਾ ਹੱਥ ਨਾ ਆਵੇ, ਕਰ ਹਰ ਦਮ ਰੱਬ ਨੂੰ ਚੇਤੇ।।
ਬਈ ਰੱਬ ਨਹੀਂ ਵਸਦਾ ਏਥੇ।। ਬਈ ਰੱਬ ਨਹੀਂ ਵਸਦਾ ਏਥੇ।।

10/01/2013

ਸ਼ਹੀਦ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਮੌਤ ਮੇਰੀ, ਹੋ ਸਕਦੀ ਹੈ, ਪਰ,
ਇਹ, ਜਿੰਦਗੀ ਹੈ ਕੌਮ ਦੀ।
ਛੁੱਪ ਸਕਦਾ ਸੂਰਜ, ਸ਼ਾਮ ਵੇਲੇ,
ਉੜੀਕ ਰਖਣੀ, ਫਿਰ ਸਵੇਰ ਆਵੇਗੀ ਜਰੂਰ।।

ਚੁੱਪ ਛਾ ਜਾਏਗੀ, ਹਨੇਰਾ ਘੁੱਪ ਹੋਵੇਗਾ।
ਚਹਿਚਹਾਓਂਦੇ ਪੰਛੀਆਂ ਦਾ ਰਾਗ,
ਨਾ ਸੁਣੋਗੇ, ਚੁੱਪ ਹੋਵੇਗਾ।।

ਪਹੁ ਫੁਟੇਲੇ, ਸੂਹਾ ਲਾਲ ਰੰਗਾ ਊਜਾਲਾ,
ਪੂਰਵ ਦੀ ਗੋਦੀ ‘ਚੋਂ ਉਠੇਗਾ।
ਚਮਗਿੱਦੜਾਂ ਨੇ ਮੂੰਹ ਛੁਪਾਕੇ ਲੁਕ ਜਾਣਾਂ,
ਦਿਲਾਂ ਦੇ ਹਨੇਰਿਆਂ ਦਾ, ਜ਼ਾਲ ਟੁੱਟੇਗਾ।।

ਇਹ ਪ੍ਰਭਾਤ ਜਗਾ ਸਕੇਗੀ,ਸੁੱਤੀ ਜੁਆਨੀ ਦੀ ਰੂਹ।
ਉਹ ਹੁਸੀਨਾ, ਨਾਮ ਜਿਸਦਾ ‘ਆਜਾਦੀ’,
ਦਸਤਕ ਕਰੇਗੀ ਸਾਡੀ ਬਰੁਹ।।

ਮੇਰੇ ਖੂਨ ਦੇ ਛਿਟਿਆਂ ਦੇ, ਹਰ ਨਿਸ਼ਾਨ ਵਿਚੋਂ,
ਇਕ ਇਨਕਲਾਬ਼ ਉਠੇਗਾ।
ਨੌਜੁਆਨਾਂ ਦੇ ਰੋਹ ਦਾ ਲਾਵਾ
ਇਕ ਹੜ ਬਹਿ ਤੁਰੇਗਾ,
ਸਾਮਰਾਜ ਦੀ ਜੜ ਪੱਟੇਗਾ।।

ਵਧਦਾ ਰਹੇਗਾ ਇਹ ਹਜੂਮ,
ਹੱਕ ‘ਤੇ ਸੱਚ ਦੇ ਨਾਰ੍ਹੇ, ਗੂੰਜ ਉਠਣਗੇ।
ਨਵੀਂ ਪੁਲਾਂਗ ਪੁੱਟਣਗੇ।।

ਜੂਝਨ ਦਾ ਚਾਅ, ਸੰਗਰਾਮ ਬਣ ਉਠੇਗਾ।
ਮਹਿਬੂਬ ਆਜਾਦੀ ਦਾ ਘੂੰਡ,
ਚੁੱਕਣ ਦੀ ਚਾਹ ਊਪਜੇਗੀ,
ਇਕ ਤੂਫਾਨ ਬਣਕੇ, ਇਕ ਜੁਬਾਨ ਬਣਕੇ,
ਹਰ ਇਕ ਦੇਸ਼ ਵਾਸੀ, ਮਰਦ ਔਰਤ,
ਹਰ ਮਜ਼ਦੂਰ ,ਕਿਸਾਨ ਜੁੱਟੇਗਾ।।

ਸ਼ਹੀਦ, ਕੁਰਬਾਨੀ ਦਾ ਪ੍ਰਣ ਕਰ,
ਨਿਰਭੈ ਹੋ ਫਾਂਸੀ ਦਾ ਰੱਸਾ, ਚੁੰਮਣਗੇ।
ਇਹ ਰੱਸੀ ਤਿਲਕ ਜਾਵੇਗੀ,
ਸ਼ਹੀਦਾਂ ਦੀ ਫੋਲਾਦੀ ਰਗਾਂ ਦੀ ਛੋਹ,
ਜੁਲਮ ਦੀ ਤਲਵਾਰ ਮੁਰਝਾ ਜਾਵੇਗੀ,
ਮੁਰਝਾਏ ਫੁੱਲਾਂ ਤਰਾਂ, ਸ਼ਰਮਾ ਜਾਵੇਗੀ,
ਕਾਤਿਲ ਦੇ ਤੌਰ ਘੁੰਮਣਗੇ।।

ਪਿੰਜਰੇ ‘ਚੋਂ ਉਡੇ ਆਜ਼ਾਦ ਪੰਛੀ,
ਅਸਮਾਨ ਵਿਚ ਉਡਾਰੀਆਂ ਭਰਨਗੇ।
ਸ਼ਹੀਦਾਂ ਦੀ, ਜੈ ਜੈਕਾਰ ਕਰਨਗੇ।
ਖੂੰਨ ਨਾਲ ਸਿਂਜੀ ਮਾਂ ਧਰਤੀ, ਫਿਰ ਮੁਸਕਰਾ ਸਕੇਗੀ।
ਮੇਰੀ ਸਮਾਧ ‘ਤੇ ਇਕ ਫੁੱਲ ਰੱਖੇਗੀ।।

21/01/2013

ਗਜ਼ਲ
ਕੌਂਸਲਰ ਮੋਤਾ ਸਿੰਘ, ਲਮਿੰਗਟਨ ਸਪਾ, ਬਰਤਾਨੀਆ

ਨਾ ਰਿਹਾ ਗਿਲਾ, ਜਾਂ ਤੂੰ ਅਪਨਾ ਲਿਆ।
ਸੱਚ ਹੈ ਕਿ, ਸੱਚ ਨੂੰ ਮੈ ਅੱਜ ਪਾ ਲਿਆ।
ਚਿਰਾਂ ਦੇ ਰੋਗੀ ਨੂੰ, ਮਸੀਹਾ ਮਿਲ ਗਿਆ,
ਲਾਕੇ ਸੀਨੇ ਮੈਂਨੂੰ, ਜਦ ਤੂੰ ਗਰਮਾ ਲਿਆ।
ਬੁੱਝ ਗਈ ਪਿਆਸ, ਪੀਕੇ ‘ਜਾਮੇ ਨਜ਼ਰ’
ਚਿਰਾਂ ਤੋਂ ਪਿਆਸਾ ਸੀ, ਤਪਿਆ ਪਿਆ।
ਯਾਰਾਂ ਦਾ ਦੀਦ ਹੁੰਦਾ, ਮੰਜਿਲ ਦਾ ਪੜਾ,
ਰਾਹ ਸੁਖਾਲੇ ਮਿਲੇ ਜੀਵਨ ਦੀ ਦਿਸ਼ਾ।
ਕੌਣ ਹੈ ਮਿੱਤਰ ਆਪਣਾ, ਕੌਣ ਦੁਸ਼ਮਨ,
ਰਾਹ ਪਿਆਂ ਜਾਂ ਬਾਹ ਪਿਆਂ, ਲਗੇ ਪਤਾ।
ਸੀ ਹਨੇਰ, ਮੇਰੇ ਜਿੰਦਗੀ ਦੇ ਮਹਿਲ ਵਿਚ,
ਇਕੋ ਚਿਣਗ, ਪਿਆਰ ਦੀ ਰੁਸ਼ਨਾ ਲਿਆ।
ਆਈ ਬਹਾਰ, ਵਰਸੀ ਰਹਿਮਤ ਦੀ ਕਣੀ,
ਭਰਮਾਕੇ ਕਲੀਆਂ, ਭੰਵਰਿਆਂ ਨੇ ਗਾ ਲਿਆ।
ਬਣਾਵੋਂ ਜਦ ਆਪਣਾ, ਪਰਾਇਆ ਦੋਸਤੋ,
ਰੁਤਵਾ ਮਨੁੱਖਤਾ ਦਾ, ਸਮਝੌ ਪਾ ਲਿਆ।

25/01/2013


ਦੇਂਈ ਸੁਨੇਹਾ
ਇੰਦਰਜੀਤ ਪੁਰੇਵਾਲ, ਨਿਊਯਾਰਕ

 

 

 
 
 

ਦੇਂਈ ਸੁਨੇਹਾ ਮੇਰੇ ਪਿੰਡ ਬੋਹੜਾਂ ਦੀਆਂ ਛਾਂਵਾਂ ਨੂੰ।
ਬੂਹੇ ਬੈਠ ਉਡੀਕ ਰਹੀਆਂ ਪੁੱਤਾਂ ਦੀਆਂ ਮਾਂਵਾਂ ਨੂੰ।
ਯਾਦ ਤੁਹਾਨੂੰ ਕਰ-ਕਰ ਨੈਣੋਂ ਹੰਝੂੰ ਵਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰੇ ਪਿੰਡ ਵੱਲ ਜਾਂਦਿਆਂ ਰਾਹਵਾਂ ਨੂੰ।
ਮੇਰੇ ਪਿੰਡ ਦੀ ਜੂਹ ਵਿੱਚ ਉੱਡਦੇ ਚਿੜੀਆਂ ਕਾਂਵਾਂ ਨੂੰ।
ਸ਼ਾਮ ਢਲੀ ਜੋ ਆਹਲਣਿਆਂ ਦੇ ਵਿੱਚ ਜਾ ਬਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰੇ ਸਕਿਆਂ ਭੈਣ ਭਰਾਵਾਂ ਨੂੰ।
ਸਾਡਾ ਵੀ ਦਿਲ ਕਰਦੈ ਆ ਗਲ ਮਿਲੀਏ ਮਾਂਵਾਂ ਨੂੰ।
ਰੋਜ਼ੀ ਰੋਟੀ ਖਾਤਿਰ ਪਏ ਵਿਛੋੜੇ ਸਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਮੇਰਾ ਚੂੜੇ ਵਾਲੀਆਂ ਬਾਂਹਵਾਂ ਨੂੰ।
ਕਦ ਮਾਹੀਏ ਨੇ ਆਉਣਾ ਪੁੱਛਦੀਆਂ ਰਹਿੰਦੀਆਂ ਕਾਂਵਾਂ ਨੂੰ।
ਹੌਸਲਿਆਂ ਦੇ ਮਹਿਲ ਉਹਨਾਂ ਦੇ ਕਦੇ ਨਾ ਢਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

ਦੇਂਈ ਸੁਨੇਹਾ ਦੇਸ ਮੇਰੇ ਦੇ ਪੰਜ ਦਰਿਆਵਾਂ ਨੂੰ,
ਰੋਕ ਕੇ ਰੱਖਣ ਵਗਣ ਨਾ ਦੇਵਣ ਤੱਤੀਆਂ 'ਵਾਵਾਂ ਨੂੰ।
ਵੈਰੀ ਤਾਂ ਹਰ ਵੇਲੇ ਏਸੇ ਤਾਕ 'ਚ ਰਹਿੰਦੇ ਨੇ,
ਪ੍ਰਦੇਸਾਂ ਵਿਚ ਰਹਿਨੇ ਆਂ ਮਨ ਵਤਨੀ ਰਹਿੰਦੇ ਨੇ।

18/01/2013


ਗ਼ਜ਼ਲ ੧
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ

 

 
 
 

ਇਹ ਜੀਵਨ ਜਿਹੜਾ ਇਨਸਾਨਾਂ ਹਵਾਲੇ ।
ਇਹਦੀ ਜਾਚ ਗ੍ਰੰਥਾਂ ਪੁਰਾਨਾਂ ਹਵਾਲੇ।

ਮੇਰੀ ਲੋਚ, ਜੰਗਲ ਤੇ ਪਰਬਤ ਸਮੁੰਦਰ,
ਮੇਰੇ ਪੈਰ ਤਾਂ ਹਨ ਮੈਦਾਨਾਂ ਹਵਾਲੇ ।

ਤੁਰਾਂ ਜਦ ਵੀ ਡਿਗਾਂ ਤੇ ਡਿਗ ਡਿਗ ਕੇ ਤੁਰਦਾਂ,
ਮੇਰੀ ਤੱਕਣੀ ਆਸਮਾਨਾਂ ਹਵਾਲੇ।

ਇਹ ਰੂਹ ਤਾਂ ਮੇਰੀ ਜਾਨ ਤੇਰੀ ਹੀ ਰਹਿਣੀ,
ਇਹ ਮਿੱਟੀ ਹੋਏ ਸ਼ਮਸ਼ਾਨਾਂ ਹਵਾਲੇ ।

ਜਿਹੜੇ ਹੱਥਾਂ ਨੇ ਹੈ ਇਹ ਦੁਨੀਆਂ ਬਣਾਈ,
ਉਹਦੀ ਜੇਬ ਗਿਰਵੀ ਦੁਕਾਨਾਂ ਹਵਾਲੇ ।

ਫ਼ਸੀ ਜਾਨ ਤੜਪੇ ਬਜ਼ਾਰਾਂ ਦੇ ਅੰਦਰ,
ਜਿਵੇਂ ਮਾੜਚੂ ਪਹਿਲਵਾਨਾਂ ਹਵਾਲੇ ।

ਉਹਦਾ ਦਿਲ ਤਾਂ ਬੈਅ ਸੀ ਮੇਰੇ ਨਾਂ ਉਤੇ,
ਕਿਵੇਂ ਕੀਤਾ ਇਹਨੂੰ ਰਕਾਨਾਂ ਹਵਾਲੇ ?

ਮਿਲੇ ਮੈਨੂੰ ਭੋਰਾ ਖੁਸ਼ੀ ਦਾ ਜਾਂ ਗ਼ਮ ਦਾ,
ਮੈਂ ਦਿੰਦਾ ਹਾਂ ,ਗਾ ਕੇ ਤਰਾਨਾ ,ਹਵਾਲੇ ।

“ਰੁਪਾਲ”ਆਇਆ ਵੇਲਾ ਤੇਰੀ ਪਰਖ਼ ਦਾ ਹੁਣ,
ਜੋ ਕਿਸ਼ਤੀ ਹੋਈ ਏ ਤੂਫ਼ਾਨਾਂ ਹਵਾਲੇ ।

19/01/2013

ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126
ਬੇਤਾਰ - 9814715796

ਗ਼ਜ਼ਲ ੨
ਜਸਵਿੰਦਰ ਸਿੰਘ “ਰੁਪਾਲ”, ਲੁਧਿਆਣਾ

ਕਿਹੋ ਜਿਹੀ ਇਹ ਪੌਣ ਪਈ ਆ ਵਗਦੀ ਹੈ।
ਕਿੰਨੀ ਮੈਨੂੰ ਦੁਨੀਆਂ ਸੌੜੀ ਲੱਗਦੀ ਹੈ

ਸੱਚੀ ਹਿੰਮਤ ਅਤੇ ਇਰਾਦਾ ਕੋਲ ਜੀਹਦੇ,
ਉਸਦੇ ਚਿਹਰੇ ਤੇ ਪਈ ਲਾਲੀ ਦਗਦੀ ਹੈ।

ਕੋਈ ਸਮੇਂ ਦਾ ਝੱਖੜ ਨਹੀਂ ਬੁਝਾ ਸਕਦਾ,
ਦਿਲ ਵਿੱਚ ਐਸੀ ਜੋਤ ਲਟਾ ਲਟ ਜਗਦੀ ਹੈ।

ਹੁਸਨ ਤੇਰੇ ਦੀ ਹਾਇ ਕਿਹੜੀ ਹੁਸੀਨ ਅਦਾ,
ਆਸ਼ਕ ਦੇ ਦਿਲ ਤਾਂਈਂ ਰਹਿੰਦੀ ਠਗਦੀ ਹੈ ।

“ਰੁਪਾਲ”ਨਹੀਂ ਹੈ ਪ੍ਰੇਮ ਬਿਨਾ ਕੁਝ ਵੀ ਸੱਜਣਾ,
ਆਵਾਜ ਮੇਰੇ ਇਹ ਦਿਲ ਦੀ ਤੇ ਰਗ ਰਗ ਦੀ ਹੈ ।

19/01/2013

ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126
ਬੇਤਾਰ - 9814715796


ਸਾਰੇ ਜਹਾਂ ਸੇ ਅੱਛਾ
ਡਾ ਗੁਰਮੀਤ ਸਿੰਘ ਬਰਸਾਲ, ਕੈਲੇਫੋਰਨੀਆਂ

 

 
 
 

ਹੁਣ ਤੇ ਲੋਕੀਂ ਜਾਣ ਰਹੇ ਨੇ।
ਮੁਜਰਮ ਨੂੰ ਪਹਿਚਾਣ ਰਹੇ ਨੇ।
ਗੁੰਡੀ ਰੰਨ ਪ੍ਰਧਾਨਾਂ ਵਾਲੇ,
ਲੋਕ-ਤੰਤਰ ਨੂੰ ਮਾਣ ਰਹੇ ਨੇ।
ਪੱਥਰਾਂ ਦੇ ਪੱਥਰ ਦਿਲ ਕੋਲੇ,
ਕੇਹਾ ਰਹਿਮ ਵਿਚਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਨਸ਼ਿਆਂ ਦੇ ਦਰਿਆ ਨੇ ਜਿੱਥੇ।
ਲੱਚਰ ਗੀਤ ਦੁਆ ਨੇ ਜਿੱਥੇ।
ਨੈਤਿਕਤਾ ਨੂੰ ਮਰਦੀ ਤੱਕਕੇ,
ਲੋਕੀਂ ਬੇ-ਪ੍ਰਵਾਹ ਨੇ ਜਿੱਥੇ।
ਜਾਤਾਂ, ਮਜ਼ਹਬਾਂ, ਵਰਗਾਂ ਜਿੱਥੇ,
ਵੰਡ ਦਿੱਤਾ ਭਾਈਚਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਰਿਸ਼ਵਤ ਖੋਰੀ ਭ੍ਰਿਸ਼ਟਾਚਾਰੀ।
ਚੋਰੀ ਠੱਗੀ ਕੂੜ ਬਿਮਾਰੀ।
ਦੁਨੀਆਂ ਦੇ ਹਰ ਜੁਰਮ ਨੂੰ ਜਿੱਥੇ,
ਮਿਲੀ ਮਾਨਤਾ ਹੈ ਸਰਕਾਰੀ।
ਬੇ-ਗੁਨਾਹ ਤਾਂ ਸਜਾ ਭੋਗਦੇ,
ਬੇ-ਦੋਸ਼ਾ ਹਤਿਆਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਲੀਡਰ ਲਾਰੇ ਗੱਪਾਂ ਛੱਡਣ।
ਸੰਸਦ ਅੰਦਰ ਗਾਲਾਂ ਕੱਢਣ।
ਲੋੜਬੰਦਾਂ ਤੇ ਮਜਲੂਮਾਂ ਦੀ
ਮੱਦਦ ਨਾਲੋਂ ਫਸਤੇ ਵੱਢਣ।
ਜਿਸ ਹਲਕੇ ਤੋਂ ਜਿੱਤ ਕੇ ਜਾਦੇ,
ਮੁੜ ਨਾ ਆਉਣ ਦੁਬਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਜਦ ਵੀ ਨੇਤਾ ਘੁੰਮਣ ਜਾਂਦੇ।
ਸਰਕਾਰੀ ਕੋਈ ਪੱਜ ਬਣਾਂਦੇ।
ਆਪਣੇ ਵਤਨੀ ਪੈਸਾ ਲਾਓ,
ਮਿਹਨਤ-ਕਸ਼ਾਂ ਨੂੰ ਫੁਰਮਾਂਦੇ।
ਜਿਹੜਾ ਗੱਲਾਂ ਵਿੱਚ ਭਰਮਦਾ,
ਧੋਖਾ ਖਾਂਦਾ ਭਾਰਾ।

ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਘੱਟ ਗਿਣਤੀ ਮਹਿਫੂਜ਼ ਨਾਂ ਜਿੱਥੇ।
ਚੰਗੀ ਕੋਈ ਨਿਊਜ਼ ਨਾਂ ਜਿੱਥੇ।
ਜਿਊਂਦੇ ਦੀ ਕੋਈ ਕਦਰ ਨਾ ਕਰਦਾ,
ਲੋਕੀਂ ਪੱਥਰ ਪੂਜ ਨੇ ਜਿੱਥੇ।
ਔਰਤ ਦੀ ਦੁਰਦਸ਼ਾ ਸਦਾ ਤੋਂ,
ਭਰਦੀ ਜਿੱਥੇ ਹੁੰਗਾਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

ਧੀਆਂ ਭੈਣਾਂ ਸੇਫ ਨਾਂ ਜਿੱਥੇ।
ਬੱਸਾਂ ਅੰਦਰ ਰੇਪ ਨੇ ਜਿੱਥੇ।
ਜੇ ਕੋਈ ਧੀ ਦਾ ਬਾਬਲ ਰੋਕੇ,
ਗੋਲੀਆਂ ਦੇਵਣ ਸੇਕ ਨੇ ਜਿੱਥੇ।
ਕਿਸ ਮੂੰਹ ਨਾਲ ਉਥੋਂ ਦੇ ਲੀਡਰ,
ਲਾਉਂਦੇ ਮੁੜ ਮੁੜ ਨਾਅਰਾ।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।
ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਨ ਹਮਾਰਾ।।

18/01/2013
ਡਾ ਗੁਰਮੀਤ ਸਿੰਘ ਬਰਸਾਲ, ਕੈਲੇਫੋਰਨੀਆਂ
gsbarsal@gmail.com


ਤੁਰ ਗਈ ਦਾਮਨੀ ਦੇ ਨਾਂ
ਭਿੰਦਰ ਜਲਾਲਾਬਾਦੀ, ਲੰਡਨ

 

 
 
 

ਟੀ.ਵੀ. ਸਕਰੀਨ 'ਤੇ ਤੇਰੀ ਲਾਸ਼ ਦੇਖੀ
ਤਾਂ ਇੰਜ ਮਹਿਸੂਸ ਹੋਇਆ ਕਿ ਇਹ ਤੇਰੀ ਲਾਸ਼ ਨਹੀਂ,
ਭਾਰਤ ਦੇ ਕਾਨੂੰਨੀ ਢਾਂਚੇ ਦੀ ਲਾਸ਼ ਜਾ ਰਹੀ ਸੀ
ਕੀ ਹਾਲ ਹੋਊ ਬਾਪ ਤੇ ਤੈਨੂੰ ਜਨਮ ਦੇਣ ਵਾਲੀ ਮਾਂ ਦਾ?
ਪਤਾ ਨਹੀਂ ਕੀ-ਕੀ ਸੁਫ਼ਨੇ ਹੋਣਗੇ ਤੇਰੇ,
ਜੋ ਦਰਿੰਦਿਆਂ ਨੇ ਪਲ ਵਿੱਚ ਮਿੱਧ-ਮਸਲ ਦਿੱਤੇ
ਜੱਗ ਜਨਨੀ ਦੀ ਇਹ ਹਾਲਤ ਦੇਖ ਕੇ ਮਨ ਕੁਰਲਾਇਆ ਨਹੀਂ,
ਪਿੱਟ ਉੱਠਿਆ ਕਿ ਰਾਜੇ ਮਹਾਰਾਜੇ ਪੈਦਾ ਕਰਨ ਵਾਲੀ ਦੀ ਆਹ ਦੁਰਗਤੀ?
ਅੱਜ ਉੱਗਦੀ ਸਵੇਰ ਨੇ, ਜਦ ਤੇਰੇ ਰਹਿੰਦੇ ਟਾਂਵੇਂ ਸਾਹ ਵੀ ਖਿੱਚ ਲਏ
ਤੈਨੂੰ ਇਸ ਜਹਾਨ ਤੋਂ ਤੁਰਦਿਆਂ ਦੇਖ ਕੇ
ਹਰ ਦਿਲ ਦੀ ਗਲੀ 'ਚ ਹਾਹਾਕਾਰ ਮੱਚ ਗਈ
ਤੇਰੇ ਵਿਛੋੜੇ ਦੀ ਪੀੜ ਵਿੱਚ ਅੱਜ ਹਰ ਰੂਹ ਤੜਪੀ
ਤੇ ਅੱਜ ਹਰ ਦਿਲ ਅੰਦਰ ਅਫ਼ਸੋਸ ਦੀਆਂ ਦਰੀਆਂ ਵਿਛੀਆਂ ਨੇ
ਪਰ ਸਰਕਾਰ ਕੋਲ ਤਾਂ ਤੇਰੇ ਜਾਣ ਤੋਂ ਬਾਅਦ ਅਜੇ ਵੀ ਖਾਲੀ ਦਿਲਾਸੇ ਨੇ
ਅਤੀਤ ਦੇ ਅਧਿਆਏ ਵੀ ਦੱਸਦੇ ਨੇ,
ਕਿ ਔਰਤ ਦੀ ਆਬਰੂ ਲੁੱਟਣ ਵਾਲਾ ਇਤਿਹਾਸ ਛੋਟਾ ਨਹੀਂ, ਬੜਾ ਪੁਰਾਣਾ ਏ
ਪਹਿਲਾਂ ਵੀ ਅਸਮਤਾਂ ਦੀ ਰੱਖਿਆ ਲਈ, ਤਰਲੇ-ਵਾਸਤੇ ਪੈਂਦੇ ਰਹੇ
ਤੇਰੇ ਵਾਂਗ ਹੀ ਕਿੰਨੀਆਂ ਦੇ ਸੁਪਨੇ ਵੈਣਾਂ ਵਿੱਚ ਗੁੱਝਦੇ ਰਹੇ
ਤੇ ਲੂਸ ਗਏ, ਝੁਲਸ ਗਏ ਉਨ੍ਹਾਂ ਦੇ ਅਰਮਾਨ ਵੀ
ਪਰ, ਤੂੰ ਤਾਂ ਸਮਾਜ ਦੇ ਬਨ੍ਹੇਰੇ 'ਤੇ ਲੰਬੀ ਯਾਦ ਛੱਡ ਗਈ ਏਂ,
ਆਪ ਖਾਮੋਸ਼ ਹੋ ਕੇ 'ਜਾਗ' ਜਾਣ ਦਾ ਪੈਗਾਮ ਦੇ ਗਈ ਏਂ
ਤੇ ਜਾਂਦੀ-ਜਾਂਦੀ ਸਾਡੇ ਨਾਮ ਇਕ 'ਸੁਨੇਹਾ' ਵੀ ਨੱਥੀ ਕਰ ਗਈ ਏਂ
ਹਾਕਮ ਨੂੰ ਸਵਾਲ ਕਰਨ ਦਾ? ਕਿ ''ਆਖਿਰ ਕਦ ਤੱਕ?''
ਬੇਥ੍ਹਵੇ ਬਿਆਨ ਨਹੀਂ? ਕੁਝ ਕਰਨ ਦੀ ਮੰਗ ਕਰਦੀ ਏ ਤੇਰੀ ਅੱਜ ਦੀ ਚੁੱਪ
ਜਾਣ ਵਾਲੀਏ! ਤੈਨੂੰ ਆਖਰੀ ਸਲਾਮ ਤੇ ਸਿੱਜਦਾ ਵੀ 'ਭਿੰਦਰ' ਵੱਲੋਂ!!

30/12/2012


ਨਾ ਮੈਂ ਹਿੰਦੂ, ਨਾ ਮੈਂ ਮੁਸਲਮ
ਪਰਸ਼ੋਤਮ ਲਾਲ ਸਰੋਏ, ਜਲੰਧਰ

 

 
 
 

ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਇਸਾਈ।
ਮੈਂ ਆਪਣੀ ਤਕਦੀਰ, ਮੱਥੇ 'ਤੇ,
ਬਸ ਇਨਸਾਨੀਅਤ ਜ਼ਾਤ ਲਿਖਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।

ਮਨੂੰ ਵਾਦੀਆਂ ਕਹਿਰ ਕਮਾਇਆ,
ਧਰਮਾਂ ਵਿਚ ਸਾਨੂੰ ਵਾੜ ਬਿਠਾਇਆ,
ਭਾਂਈਆਂ ਨੂੰ, ਭਾਈਆਂ ਨਾਲ ਲੜਾ ਕੇ,
ਉਨ੍ਹਾਂ ਫੁੱਟ ਸਾਡੇ ਵਿਚ ਪਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ

ਧਰਮ ਦੇ ਨਾਂਅ 'ਤੇ ਜੋ ਅੱਗਾਂ ਲਾਉਂਦੇ,
ਇਨਸਾਨੀਅਤ ਨੂੰ ਜੋ ਮਾਰ ਮੁਕਾਉਂਦੇ,
ਸਮਝਦਾਰ ਇਥੇ ਕੋਈ ਨਾ ਦਿਸਦਾ,
ਜਿਹਨੇ ਜੁੱਤੀ ਹੋਵੇ, ਮਗਰ ਇਨ੍ਹਾਂ ਦੇ ਲਾਹੀ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ

ਦੇਸ਼ ਦਾ ਨੇਤਾ ਹਰਾਮੀਂ ਹੋਇਆ,
ਕੌਮ ਲਈ ਜੋ ਬਦਨਾਮੀਂ ਹੋਇਆ,
ਮਾਈ-ਭਾਈ ਸਭ ਉਹਦੇ ਪੈਰ ਨੇ ਚੁੰਮਦੇ,
ਫਿਰ ਲੱਭੀਏ ਕਿਹੜਾ ਨਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।

ਲੋਕਤੰਤਰ ਦੀ ਜਾਈਏ ਡੌਂਡੀ ਪਿੱਟੀ,
ਉਹ ਤਾਂ ਮਿਲਿਆ ਵਿਚ ਹੈ ਮਿੱਟੀ,
ਕੌਣ ਕਿਸ ਨੂੰ ਆਖ ਸਮਝਾਵੇ,
ਇਹਦੀ ਪਾਵੇ ਕੌਣ ਦੁਹਾਈ।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।

ਪਰਸ਼ੋਤਮ ਦੁਨੀਆਂ ਨੂੰ ਆਖ ਸੁਣਾਵੇ,
ਸੁਧਰ ਜਾਓ ਅਜੇ ਵੀ, ਰੌਲਾ ਪਾਵੇ,
ਚਿੜੀਆ ਚੁੱਗ ਗਈ ਖੇਤ ਜਦ ਸਾਰਾ,
ਫਿਰ ਕਹੋਗੇ, ਹਾਈ! ਹਾਈ। 2।
ਨਾ ਮੈਂ ਹਿੰਦੂ, ਨਾ ਮੈਂ ਮੁਸਲਮ,
ਨਾ ਹੀ ਮੈਂ ਸਿੱਖ ਈਸਾਈ।

18/01/2013
ਪਰਸ਼ੋਤਮ ਲਾਲ ਸਰੋਏ,
ਮੋਬਾਇਲ-92175-44348

ਸਾਹਿਤਕਾਰ
ਪਰਸ਼ੋਤਮ ਲਾਲ ਸਰੋਏ, ਜਲੰਧਰ

ਤੁਸੀ ਕਹਿੰਦੇ ਓ ਸਾਹਿਤਕਾਰ ਹਾਂ ਮੈਂ,
ਕਰਾਂ ਸ਼ਬਦਾਂ ਦਾ ਵਪਾਰ ਹਾਂ ਮੈ।

ਮੈਂ ਲਿਖਦਾ ਅੱਖਰ ਟੋਲ੍ਹ ਕੇ,
ਰੱਖ ਦਿੰਦਾ ਭੇਦ ਮੈਂ ਖੋਲ੍ਹ ਕੇ,
ਤਦ ਹੀ ਕਦਰ ਕੋਈ ਨਾ ਜਾਣੇ ਮੇਰੀ,
ਦੁਨੀਆਂ ਲਈ ਹੋਇਆ ਬੇਕਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।

ਮੈਂ ਮੂੰਹ 'ਤੇ ਸੱਚ ਹੀ ਕਹਿੰਦਾ ਹਾਂ,
ਸੱਚ ਕਹੇ ਬਿਨਾਂ ਵੀ ਰਹਿੰਦਾ ਨਾ।
ਦੂਜਿਆਂ ਦੀ ਤਰ੍ਹਾਂ ਪੇਟ ਦੀ ਭੁੱਖ ਸਤਾਵੇ,
ਹਰ ਚੀਜ਼ ਦਾ ਵੀ ਹੱਕਦਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।

ਭਾਵੇਂ ਲਿਖਣ ਦਾ ਮੂ ਭਾਅ ਨਾ ਮਿਲਦਾ,
ਕਿਸੇ ਲਈ ਕੁਝ ਕਰਾਂ, ਇਹ ਉਤਸ਼ਾਹ ਨਾ ਮਿਲਦਾ,
ਮੈਨੂੰ ਭਲਾ ਲੋੜਦਾ ਦੁਨੀਆਂ ਦਾ,
ਪਰ ਇਨ੍ਹਾਂ ਲਈ ਭੁੱਲਣਹਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।

ਬੁਰਾਈ ਉਲਟ ਜੇ ਮੈਂ ਕਲਮ ਉਠਾਵਾਂ,
ਬੁਰੇ ਲੋਕਾਂ ਦੀ ਅੱਖ ਨਾ ਭਾਵਾਂ,
ਲੋਕੀ ਮੈਨੂੰ ਹੀ ਬੁਰਾ ਬਣਾਉਂਦੇ,
ਚੋਰ ਉਚੱਕਿਆਂ ਨਾਲ ਯਾਰੀ ਲਾਉਂਦੇ,
ਐਸੇ ਮੂਰਖ਼ਾਂ ਦੀ ਨਜ਼ਰ ਵਿਚ ਬਣ ਜਾਦਾ ਫਿਰ ਗ਼ੱਦਾਰ ਮੈਂ।
ਤੁਸੀ ਕਹਿੰਦੇ ਓ -----------।

ਮੇਰੀ ਜੀਂਦੇ ਜੀਅ ਕਿਸੇ ਨੂੰ ਗੱਲ ਨਾ ਭਾਵੇ,
ਮਰਨ 'ਤੇ ਯਾਦਗਾਰੀ ਮੇਲੇ ਲਗਾਵੇ,
ਦੁਨੀਆਂ ਲਈ ਮੈਂ ਹੋਇਆ ਤਮਾਸ਼ਾ,
ਪਰ ਕਰਾ ਸ਼ਬਦਾਂ ਦਾ ਸ਼ਿੰਗਾਰ ਮੈਂ।
ਤੁਸੀ ਕਹਿੰਦੇ ਓ -----------।

ਪਰਸ਼ੋਤਮ! ਕੌਡੀ ਕੌਡੀ ਕੌਡੀ ਦੀ ਜੋ ਰਟ ਲਗਾਵੇ,
ਜ਼ੇਬਾਂ ਵੀ ਉਹ ਭਰ ਲੈ ਜਾਵੇ।
ਮੇਰੇ ਪੱਲੇ ਕੀ ਹੈ ਪੈਂਦਾ, ਮੇਰੀ ਕੌਡੀ ਕਿਸੇ ਅੱਖ ਨਾ ਭਾਵੇਂ,
ਮੈਂ ਖਾਲ੍ਹੀ ਪੇਟ ਵਜਾਉਂਦਾ ਫਿਰਦਾ,
ਬਸ ਇਕ ਐਸਾ ਫ਼ੰਕਾਰ ਹਾਂ ਮੈਂ।
ਤੁਸੀ ਕਹਿੰਦੇ ਓ -----------।

19/01/2013
ਪਰਸ਼ੋਤਮ ਲਾਲ ਸਰੋਏ,
ਮੋਬਾਇਲ-92175-44348

 

 

 
 
 

ਬਸ ਰੱਬ ਹੀ ਰਮਝ ਪਛਾਣੇ
ਪਰਸ਼ੋਤਮ ਲਾਲ ਸਰੋਏ, ਜਲੰਧਰ

ਮਾਂ-ਬਾਪ ਸੀ ਤੁਰਨ ਸਿਖਾਇਆ,
ਕਲਯੁਗੀ ਬੰਦੇ ਕੀ ਮੁੱਲ ਪਾਇਆ,
ਅੰਦਰੋਂ ਮਨ ਵਿੱਚ ਮੈਲ ਛੁਪਾਈ,
ਪਰ ਉਪਰੋਂ ਸੁਥਰੇ ਬਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।

ਮਨ ਹੈ ਭਰਿਆ ਨਾਲ ਪਲੀਤੀ,
ਲਗਦਾ ਇਸ ਨੇ ਬਹੁਤੀ ਪੀਤੀ,
ਉਪਰੋਂ ਪਹਿਨਦੇ ਸਾਧੂ-ਬਾਣਾ,
ਪਰ ਅੰਦਰੋਂ ਨਿਕਲਣ ਕਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।

ਤਿੰਨ ਬੰਦਰ ਦੀ ਸੁਣੋ ਕਹਾਣੀ,
ਇਹ ਕਥਾ ਕੋਈ ਨਹੀਂ ਪੁਰਾਣੀ,
ਬੋਲਣ, ਸੁਣਨ ਤੇ ਕਹਿਣ ਤੋਂ ਡਰਦਾ,
ਬੰਦਾ ਕੇਵਲ ਆਪਣੀਆਂ ਮੌਜ਼ਾਂ ਮਾਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।

ਪਰਸ਼ੋਤਮ ! ਸਭ ਕੁਝ ਸਾਡਾ ਹੋਇਆ,
ਬਾਪ ਵੀ ਸਾਡੇ ਸਿਰ, ਪੈਰੀਂ ਖਲੋਇਆ,
ਜਦੋਂ ਦੇ ਅਸੀਂ ਹਾਂ ਪੈਦਾ ਹੋਏ,
ਬੇਬੇ-ਬਾਪੂ ਤਾਂ ਉਦੋਂ ਸੀ ਨਿਆਣੇ।
ਕੋਈ ਵੀ ਇਸ ਨੂੰ ਸਮਝ ਨਾ ਸਕਿਆ,
ਬਸ ਰੱਬ ਹੀ ਰਮਝ ਪਛਾਣੇ।

ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ: 92175-44348
ਪਿੰਡ-ਧਾਲੀਵਾਲ-ਕਾਦੀਆਂ, ਡਾਕ.-ਬਸਤੀ-ਗੁਜ਼ਾਂ,
ਜਲੰਧਰ-144002

------------------------------

ਦੇਸ਼ ਮੇਰੇ ਦੇ ਲੋਕੋ - ਇਕ ਕਾਵਿ ਰਚਨਾ
ਰਸ਼ੋਤਮ ਲਾਲ ਸਰੋਏ, ਜਲੰਧਰ

ਦੇਸ਼ ਮੇਰੇ ਦੇ ਲੋਕੋ,
ਕਿਹੜੀ ਖ਼ਾਕ ਅਸੀਂ ਛਾਣਦੇ ਹਾਂ।
ਦੇਸ਼ ਦੇ ਸੂਝਵਾਨ ਲੋਕਾਂ ਨੂੰ,
ਅਸੀਂ ਟਿੱਚ ਕਰ ਜਾਣਦੇ ਹਾਂ।
ਦੇਸ਼ ਮੇਰੇ ਦੇ ਲੋਕੋ------------।

ਜਿਨ੍ਹਾਂ ਨੇ ਵੀ ਤੁਹਾਡਾ ਭਲਾ ਹੈ ਚਾਹਿਆ,
ਉਨ੍ਹਾਂ ਤਾਈਂ ਮੂਰਖ ਆਖ ਬੁਲਾਇਆ,
ਦੀਨ ਦੁਖੀਆਂ ਨੂੰ ਦਰਦ ਪਹੁੰਚਾ ਕੇ,
ਖ਼ੁਦ ਮੌਜ਼ਾਂ ਈ ਮਾਣਦੇ ਹਾਂ।
ਦੇਸ਼ ਮੇਰੇ ਦੇ ਲੋਕੋ------------।

ਲੁੱਚਿਆਂ ਲੰਡਿਆਂ ਨਾਲ ਲਾ ਕੇ ਯਾਰੀ,
ਤੁਹਾਡੀ ਵੀ ਮੱਤ ਗਈ ਹੈ ਮਾਰੀ,
ਚੰਗੇ-ਬੁਰੇ ਵਿੱਚ ਫਰਕ ਕੀ ਹੁੰਦਾ,
ਨਾ ਇਹ ਗੱਲ ਨੂੰ ਪਹਿਚਾਣਦੇ ਹਾਂ।
ਦੇਸ਼ ਮੇਰੇ ਦੇ ਲੋਕੋ------------।

ਪਰਸ਼ੋਤਮ ਦਾ ਹੈ ਇਹੋ ਕਹਿਣਾ,
ਸੱਚ ਨੇ ਆਖ਼ਿਰ ਸੱਚ ਹੀ ਰਹਿਣਾ,
ਸੌ ਦਿਨ ਚੋਰ ਦਾ ਹੁੰਦਾ ਭਾਵੇਂ, ਸਾਧ ਦਾ ਇਕ ਦਿਨ ਹੋ ਕੇ ਰਹਿਣਾ,
ਇਸ ਮੁਹਾਵਰੇ ਵਾਲਾ ਅਰਥ ਵੀ, ਨਾ ਪਹਿਚਾਣਦੇ ਹਾ।

ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ: 92175-44348
ਪਿੰਡ- ਧਾਲੀਵਾਲ-ਕਾਦੀਆਂ, ਡਾਕ.-ਬਸਤੀ-ਗੁਜ਼ਾਂ,
ਜਲੰਧਰ- 144002
-----------------------

ਮੋਹਣੇ ਦਾ ਢਾਬਾ
ਰਸ਼ੋਤਮ ਲਾਲ ਸਰੋਏ, ਜਲੰਧਰ

ਬੱਤੀ ਰੁਪਏ 'ਚ ਪਰੌਂਠਾ ਮਿਲਦਾ,
ਲਟਰ-ਪਟਰ ਤੇ ਖੇਹ ਸ਼ੁਆਹ ਰਲਾ ਕੇ ਬਣਾਇਆ।
ਜਲਦੀ ਆ ਜਾਓ, ਦੇਰ ਨਾ ਲਾਓ,
ਸਾਡੇ ਮੋਹਣੇ ਢਾਬਾ ਪਾਇਆ।
ਬੱਤੀ ਰੁਪਏ ------------------।

ਮਟਰ-ਪਨੀਰ, ਚਿਰਨ ਭੁੱਲ ਜਾਓਗੇ,
ਪਰੌਂਠਾ ਜੇਕਰ ਚਾਹ ਕੇ ਖਾਓਗੇ,
ਆ ਜਾਓ ਚਾਚਾ, ਆ ਜਾ ਮਾਮਾ,
ਨਾਲ ਲੈ ਕੇ ਆਵੋਂ ਤੁਸੀਂ ਤਾਇਆ।
ਬੱਤੀ ਰੁਪਏ ------------------।

ਏਨਾ ਵੀ ਨਾ ਪਰੌਂਠਾ ਮਹਿੰਗਾ,
ਖਰੀਦ ਕੇ ਲੈ ਜਾਓ ਚੋਲੀ ਤੇ ਲਹਿੰਗਾ,
ਆ ਜਾਓ ! ਆ ਜਾਓ ! ਜਲਦੀ ਆ ਜਾਓ,
ਆਵਾਜ਼ਾਂ ਮਾਰ ਮਾਰ ਅਸੀਂ ਗਲਾ ਸੁਕਾਇਆ।
ਬੱਤੀ ਰੁਪਏ ------------------।

ਨਾਲ ਬੀਬੀ ਵੀ ਕੰਮ 'ਤੇ ਅਸੀਂ ਲਾਈ,
ਬੋਲਾਂ ਵਿੱਚ ਉਹਦੇ ਖੰਡ ਰਲਾਈ,
ਆ ਜਾਓ ਮੈਡਮ, ਆ ਜਾਓ ਸਰ ਜੀ,
ਕਦੇ ਕਦੇ ਹਿੰਦੀ ਵਿੱਚ ਕਹਿੰਦੀ,
''ਆਪ ਨੇ ਅਭੀ ਤਕ ਕੁਛ ਵੀ ਨਹੀਂ ਖਾਇਆ।''
ਬੱਤੀ ਰੁਪਏ ------------------।

ਬੰਟੀ, ਸ਼ੰਟੀ ਕਿਤੇ ਭੁੱਲ ਨਾ ਜਾਣਾ,
ਕਿਸੇ ਹੋ ਢਾਬੇ ਨੂੰ ਮੂੰਹ ਵੀ ਨਾ ਲਾਉਣਾ,
ਬਸ ਏਨੀ ਕੁ ਗੱਲ ਚੇਤੇ ਰੱਖਣੀ,
ਤੁਹਾਡੀ ਜ਼ੇਭ 'ਚ ਜ਼ਰੂਰ ਹੋਵੇ ਮਾਇਆ।
ਬੱਤੀ ਰੁਪਏ ------------------।

ਪਰਸ਼ੋਤਮ ਆਖੇ ਤੁਹਾਡੀ ਕੀ ਮਜ਼ਬੂਰ,
ਕਿਹੜੀ ਖ਼ਰੀਦਣੀ ਮੱਝ ਕੋਈਂ ਬੂਰੀ,
ਬਾਕੀ ਚੀਜ਼ਾਂ ਦੇ ਭਾਵੇਂ ਰੇਟ ਅਸਮਾਨੀ,
ਪਰ ਪਰੌਂਠਾ ਤਾਂ ਅਸੀਂ ਸਸਤਾ ਈ ਲਾਇਆ।
ਬੱਤੀ ਰੁਪਏ ------------------।

ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ: 92175-44348
------------------
ਸਭ ਕੁਝ ਏਥੇ ਰਹਿ ਜਾਣਾ
ਰਸ਼ੋਤਮ ਲਾਲ ਸਰੋਏ, ਜਲੰਧਰ

ਸਭ ਕੁਝ ਤੁਹਾਡਾ ਹੀ ਹੈ, ਮੇਰਾ ਕੁਛ ਵੀ ਆਪਣਾ ਨਹੀਂ,
ਤੁਹਾਨੂੰ ਗੱਲਾਂ ਮੇਰੀਆਂ ਭਾਵੇਂ ਲੱਗਣ ਨਿਰਾਲੀਆਂ,
ਤੁਹਾਡੀ ਖ਼ੁਸ਼ੀ ਵਿੱਚ ਮੇਰੀ ਖ਼ੁਸ਼ੀ ਹੈ ਸਮੋਈ ਹੋਈ,
ਉਂਜ ਮੇਰੇ ਲਈ ਏਥੇ ਕਾਹਦੀਆਂ ਦੀਵਾਲੀਆਂ।
ਸਭ ਕੁਝ ---------------------।

ਆਤਮਾਂ ਦੇ ਪੱਖੋਂ ਤਾਂ ਬੀਮਾਰ ਹੋਏ ਬਹੁਤੇ ਲੋਕ,
ਗੰਦ ਦੇ ਨੇ ਗਟਰ, ਤੇ ਗੰਦ ਦੀਆਂ ਨਾਲੀਆਂ।
ਇਕੋ ਜਿਹੇ ਚੱਟੇ ਵੱਟੇ ਲਗਦੇ ਨੇ ਪਏ ਉਹ ਤਾਂ,
ਲਗਦੀਆਂ ਨੇ ਇਕੋ ਜਿਹੀਆਂ , ਇਨ੍ਹਾਂ ਦੀਆਂ ਥਾਲੀਆਂ।
ਸਭ ਕੁਝ ---------------------।

ਮਾਂ ਦੀ ਕੁੱਖ ਤਾਂ ਏਥੇ ਗ਼ਾਲਾਂ ਪਏ ਦੇਣ ਬਹੁਤੇ,
ਗ਼ਲਾਂ ਵਿੱਚ ਪਾਈਆਂ ਨਹੀਂ ਕਿਸੇ ਨੇ ਪੰਜ਼ਾਲੀਆਂ।
ਮੈਂ ਹੀ ਮੈਂ ਦਾ ਹੋਕਾ ਦਿੰਦੇ ਫਿਰਦੇ ਸਮਾਜ ਵਿੱਚ,
ਕਰਦੇ ਪਏ ਨੇ ਗੱਲਾਂ ਹੱਦ ਤੋਂ ਵੀ ਵਾਲ੍ਹੀਆਂ।
ਸਭ ਕੁਝ ---------------------।

ਪਰਸ਼ੋਤਮ ! ਇਹ ਭੁੱਲ ਬੈਠੇ ਸਭ ਕੁਝ ਰਹਿ ਜਾਣਾ ਏਥੇ,
ਫਿਰ ਵੀ ਨਾ ਦੂਰ ਹੋਣ ਦਿਲਾਂ ਦੀਆਂ ਕੰਗਾਲੀਆਂ।
ਅੰਤ ਵੇਲੇ ਜ਼ਮਾਂ ਦੇ ਹੈ ਵੱਸ ਜਦ ਪੈਣਾ ਇਨ੍ਹਾਂ,
ਪੁੱਛਣਾ ਸਵਾਲ ਫਿਰ ਜੱਗ ਦੇ ਸਵਾਲੀਆ।

ਪਰਸ਼ੋਤਮ ਲਾਲ ਸਰੋਏ, ਮੋਬਾਇਲ ਨੰ: 92175-44348
08/11/2012


ਰੱਬੀ ਕਣਾਂ ਦੀ ਖੋਜ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ

ਕਰਤਾ ਆਪਣੀ ਕਿਰਤ ਦੇ ਅੰਦਰ,
ਕਿੰਝ ਖੁਦ ਨੂੰ ਪ੍ਰਗਟਾਵੇ।
ਕਿਰਤ ਨਿਕਲ ਕੇ ਕਰਤੇ ਵਿੱਚੋਂ,
ਇਹੋ ਸਮਝ ਨਾ ਪਾਵੇ।।
ਇਸ ਬ੍ਰਹਿਮੰਡ ਦੀ ਰਚਨਾਂ ਵਾਲਾ,
ਨੁਕਤਾ ਸਮਝਣ ਖਾਤਿਰ।
ਕਿਰਤ ਭਾਲਦੀ ਕਰਤਾ ਆਪਣਾ,
ਵੱਡੇ ਰਿਸਕ ਉਠਾਵੇ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ,
ਰਸਤਾ ਭਾਵੇਂ ਬਿਖੜਾ,
ਪਰ ਆਸ਼ਿਕ ਦਾ ਇਸ਼ਕ ਨਿਰਾਲਾ,
ਹਰ ਪਲ ਵੱਧਦਾ ਜਾਵੇ।।
ਕਿਣਕੇ ਦੀ ਔਕਾਤ ਨਾਂ ਕੋਈ,
ਇਸ ਬ੍ਰਹਿਮੰਡ ਦੇ ਸਾਹਵੇਂ।
ਬਣ ਕੇ ਬੂੰਦ ਸਮੁੰਦਰ ਵਾਲੀ,
ਥਾਹ ਸਾਗਰ ਦੀ ਚਾਹਵੇ।।
“ਖੋਜੀ ਉਪਜੈ ਬਾਦੀ ਬਿਨਸੈ”
ਪੜ੍ਹਦਾ, ਪਰ ਨਾਂ ਬੁੱਝੇ,
ਪੱਥਰ ਯੁੱਗੀ ਪੱਥਰਾਂ ਕੋਲੋਂ,
ਖਹਿੜਾ ਕਿੰਝ ਛੁਡਾਵੇ।।
ਕਰਤੇ ਬਾਝੋਂ ਕਿਰਤ ਨਾਂ ਹੁੰਦੀ,
ਕਿਰਤ ਬਾਝ ਨਾਂ ਕਰਤਾ।
ਕਰਤਾ ਹੋ ਕੇ “ਪੁਰਖ” ਤੇ “ਸੈਭੰ”,
ਇਹੋ ਗੱਲ ਸਮਝਾਵੇ।।
ਰੱਬ ਦੇ ਕਣਾਂ ਨੂੰ ਲੱਭਣ ਵਾਲਾ,
ਕਰਦਾ ਬੰਦਾ ਦਾਅਵਾ।
ਕਣ ਕਣ ਅੰਦਰ ਬੈਠਾ ਉਹ ਤਾਂ,
ਬੰਦੇ ਤੇ ਮੁਸਕਾਵੇ।।।।

ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)
gsbarsal@gmail.com(408)209-7072


ਗ਼ਦਰ ਕਿ ਆਜ਼ਾਦੀ ਦੀ ਜੰਗ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ

 
 

ਇੱਕ ਫਲਸਫਾ ਸੀ ਦੌਰ ਦਾ,
ਜੋ ਉਭਰਿਆ ਤੇ ਝਲਕਿਆ।
ਇੱਕ ਰੋਹ ਅਜਿਹਾ ਭੜਕਿਆ,
ਇਤਿਹਾਸ ਸੁਨਹਿਰੀ ਕਰ ਗਿਆ।
ਇੱਕ ਹੱਕ ਸੀ ਜਮਾਂਦਰੂ,
ਜੋ ਫ਼ਤੂਰ ਬਣ ਸਿਰ ਚੜ੍ਹ ਗਿਆ।
ਆਜ਼ਾਦੀ ਦੀ ਖ਼ਾਤਰ ਲੜਨ ਦਾ,
ਇੱਕ ਰਾਹ ਅਨੋਖਾ ਕਰ ਗਿਆ।
ਸਿਰਲੱਥ ਨੂੰ ਸਿਰ ਦੇਣ ਦਾ,
ਦੇਕੇ ਅਨੋਖਾ ਵਰ ਗਿਆ।
ਗ਼ਦਾਰਾਂ ਦੇ ਗਰਕੇ ਕੁਕਰਮ ਦਾ,
ਕੁੰਡ ਲਾਹਨਤਾਂ ਨਾਲ ਭਰ ਗਿਆ।
ਬੰਨ੍ਹਿਆਂ ਸੀ ਕੱਫਣ ਜਿਸ ਨੇ,
ਉਹ ਫੇਰ ਮੁੜ ਨਾ ਘਰ ਗਿਆ।
ਵਤਨ ਦੀ ਵੱਖਰੀ ਸ਼ਾਨ ਦਾ,
ਪਰ ਸੀਸ ਉੱਚਾ ਕਰ ਗਿਆ।
ਦੁਨੀਆਵੀ ਨਕਲੀ ਸ਼ੋਹਰਤਾਂ ਨੂੰ,
ਤਿਲਾਂਜਲੀ ਦੇਹ ਤਰ ਗਿਆ।
ਜਾਨਸ਼ੀਨਾਂ ਦੇ ਜੀਵਨ ਦਾ,
ਇੱਕ ਸੁਪਨਾ ਸੱਚਾ ਕਰ ਗਿਆ।

ਇਹ ਗ਼ਦਰ ਨਹੀਂ ਸੀ ਪਿਆਰਿਓ,
ਆਜ਼ਾਦੀ ਦੀ ਜੱਦੋ ਜਹਿਦ ਸੀ।
ਇਹ ਵਤਨ ਦੇ ਭਗਤੀ ਗੀਤ ਦੀ,
ਅਨੋਖੀ ਤੇ ਵੱਖਰੀ ਬਹਿਰ ਸੀ।
ਇੱਕ ਸੋਚੀ ਸਮਝੀ ਮੁਹਿੰਮ ਸੀ,
ਇੱਕ ਕਰਮਬੱਧ ਸੁੱਚੀ ਲਹਿਰ ਸੀ।

ਭੰਡੋ ਨਾ ਇਸ ਨੂੰ ਦੋਸਤੋ,
ਗ਼ਦਰ ਦਾ ਨਾਂ ਗ਼ਰਦਾਨ ਕੇ।
ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਨੂੰ,
ਪਾਣੀ ਹੀ ਸਮਝ ਤੇ ਜਾਣ ਕੇ।
ਆਓ ਦਿਉ ਸ਼ਰਧਾਂਜਲੀ,
ਮਾਣ ਨਾਲ ਹਿੱਕਾਂ ਤਾਣ ਕੇ।
ਖਾਉ ਸੌਹਾਂ ਉਨ੍ਹਾਂ ਦੀਆਂ,
ਬਾਹਾਂ ਉੱਚੀਆਂ ਲੁਡਾਣ ਕੇ।

26/12/2012

 

 
 
 

ਦੁਨੀਆਵੀ ਚਲਨ
ਰਵਿੰਦਰ ਸਿੰਘ ਕੁੰਦਰਾ

ਦਿਖਾਂਦੇ ਨੇ ਰਸਤਾ ਦੂਰੋਂ ਹੀ ਸਭ ਲੋਕ,
ਪਰ ਕਦਮ ਦਰ ਕਦਮ ਮਿਲਾਂਦਾ ਨਾ ਕੋਈ।
ਜਲਾਂਦੀ ਹੈ ਦੁਨੀਆ ਤਾਂ ਜਲਦਾ ਹੈ ਦਿਲ,
ਖ਼ੁਦ ਅਪਣਾ ਦਿਲ ਤਾਂ ਜਲਾਂਦਾ ਨਾ ਕੋਈ।
ਸਾਂਝਾ ਕਰ ਲੈਂਦੇ ਨੇ ਹਾਸੇ ਨਾਲ ਹਾਸਾ,
ਪਰ ਰੋਂਦੇ ਲੋਕਾਂ ਨੂੰ ਹਸਾਂਦਾ ਨਾ ਕੋਈ।
ਸੜਦੇ ਨੇ ਸਭ ਜੇ ਮਿਹਨਤ ਕਰੇ ਕੋਈ,
ਭੁੱਖਿਆਂ ਨੂੰ ਰੋਟੀ ਖਿਲਾਂਦਾ ਨਾ ਕੋਈ।
ਕਰਦੇ ਨੇ ਵਾਹ ਵਾਹ ਜਦੋਂ ਚੜ੍ਹੇ ਗੁੱਡੀ,
ਕੱਟੀ ਪਤੰਗ ਨੂੰ ਹੱਥ ਪਾਂਦਾ ਨਾ ਕੋਈ।
ਤਾਰੂਆਂ ਨੂੰ ਸਭੇ ਨਿੱਤ ਕਰਨ ਸਲਾਮਾਂ,
ਡੁੱਬਦੇ ਨੂੰ ਤਿਣਕਾ ਫੜਾਂਦਾ ਨਾ ਕੋਈ।
ਚਲਣ ਹੈ ਦੁਨੀਆ ਦਾ ਕਰਦੇ ਨੇ ਸਭ ਇਹ,
ਲੇਕਿਨ ਚਲਣ ਨਵਾਂ ਬਣਾਂਦਾ ਨਾ ਕੋਈ।
ਕਾਸ਼ ਇਨਸਾਨ ਖ਼ੁਦ ਨੂੰ ਹੀ ਖ਼ੁਦ ਸਮਝ ਲੈਂਦਾ,
ਤਾਂ ਦਿਲ ਫ਼ਿਰ ਕਿਸੇ ਦਾ ਦੁਖਾਂਦਾ ਨਾ ਕੋਈ।
ਨਕਸ਼ਾ ਇਸ ਦੁਨੀਆ ਦਾ ਕੁੱਛ ਹੋਰ ਹੀ ਹੁੰਦਾ,
ਰੱਬ ਜੇ ਇਨਸਾਨ ਹੀ ਬਣਾਂਦਾ ਨਾ ਕੋਈ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ, ਯੂ ਕੇ

21/10/2012

 

 
 
 

ਪ੍ਰੀਤ ਦੀ ਹੱਦ
ਰਵਿੰਦਰ ਸਿੰਘ ਕੁੰਦਰਾ

ਜਦੋਂ ਸਾਹਾਂ ਦੀ ਇਸ ਮਾਲਾ ਦਾ,
ਇੱਕ ਮਣਕਾ ਕਿਧਰੇ ਟੁੱਟ ਜਾਵੇ।
ਜਦੋਂ ਅਹਿਸਾਸ ਦੇ ਡੂੰਘੇ ਸਰਵਰ ਦਾ,
ਅਣਮਿਣਿਆ ਪਾਣੀ ਸੁੱਕ ਜਾਵੇ।
ਜਦੋਂ ਛੋਹ ਦੀ ਸੂਖਮ ਸ਼ਕਤੀ ਦਾ,
ਸਪੱਰਸ਼ੀ ਜਾਦੂ ਰੁਕ ਜਾਵੇ।
ਜਦੋਂ ਵਫ਼ਾ ਦੇ ਸੁੱਚੇ ਮਾਇਨੇ ਦਾ,
ਖ਼ਜ਼ਾਨਾ ਜਫ਼ਾ ਆ ਲੁੱਟ ਜਾਵੇ।
ਜਦੋਂ ਇਸ਼ਕ ਦੀਆਂ ਸਭ ਪਰਖਾਂ ਦਾ,
ਇਮਤਿਹਾਨੀ ਪਰਚਾ ਮੁੱਕ ਜਾਵੇ।
ਉਦੋਂ ਪ੍ਰੀਤ ਦੀ ਖੱਟੀ ਦੇ ਮੁੱਲ ਦਾ,
ਭਾਅ ਮੈਥੋਂ ਆਕੇ ਪੁੱਛ ਜਾਵੀਂ।
ਉਦੋਂ ਇਸ਼ਕ ਦੀਆਂ ਪੱਕੀਆਂ ਤੰਦਾਂ ਦਾ,
ਜ਼ੋਰ ਅਜ਼ਮਾ ਕੇ ਰੁਕ ਜਾਵੀਂ।
ਤੇਰੇ ਮਨ ਵਿੱਚ ਉੱਠੇ ਸਵਾਲਾਂ ਦਾ,
ਜਵਾਬ ਖ਼ੁੱਦ ਹੀ ਮਿਲ ਜਾਵੇਗਾ।
ਤੇਰੇ ਹੋਂਠ ਸਥਿੱਲ ਹੋ ਜਾਵਣਗੇ,
ਵਜੂਦ ਤੇਰਾ ਹਿੱਲ ਜਾਵੇਗਾ।


ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ
ਬੀ ਬੀ ਸੀ ਏਸ਼ੀਅਨ ਨੈੱਟਵਰਕ
ਰੇਡੀਓ ਪੇਸ਼ਕਾਰ
12/07/2012


ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ!
ਸ਼ਿਵਚਰਨ ਜੱਗੀ ਕੁੱਸਾ

 

ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ,
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ,
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ 'ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!

29/12/2012

 

 

 
 

ਤੂੰ ਮੇਰੀ ਰੂਹ ਹੈਂ
ਸ਼ਿਵਚਰਨ ਜੱਗੀ ਕੁੱਸਾ

ਤੂੰ ਚੱਲੀ ਹੈਂ ਤੇ ਮੇਰੀ ਰੂਹ ਉਦਾਸ ਹੈ!
ਪਰ ਫ਼ਿਕਰ ਨਾ ਕਰੀਂ!
ਤੁਰਾਂਗਾ ਪ੍ਰਛਾਂਵਾਂ ਬਣ ਕੇ ਤੇਰੇ ਸੰਗ
ਤੇਰੇ ਹਰ ਸਾਹ ਨਾਲ਼ ਵਿਚਰਾਂਗਾ ਤੇਰੇ ਨਾਲ਼-ਨਾਲ਼!
ਜਿਸ ਤਰ੍ਹਾਂ ਲੰਘ ਜਾਂਦੀ ਹੈ ਰਾਤ, ਸਵੇਰ ਦੀ ਉਡੀਕ ਵਿਚ
ਉਸੀ ਤਰ੍ਹਾਂ ਸਾਰਾ ਦਿਨ ਲੰਘ ਜਾਂਦੈ
ਤੇਰੀ ਉਡੀਕ ਵਿਚ!
ਤੇਰੀ ਮਿੱਠੀ ਯਾਦ ਤਾਂ ਆਉਂਦੀ ਹੈ,
ਹਰ ਸਾਹ ਨਾਲ਼ ਟੰਗੀ
…..ਤੇ ਦੇ ਜਾਂਦੀ ਐ ਸੀਤ ਹੁਲਾਰਾ, ਤੇ ਫ਼ਿਰ ਸਰਦ ਹਾਉਕਾ!
ਤੇਰੀ ਸੂਰਤ ਝਲਕਦੀ ਰਹਿੰਦੀ ਹੈ,
ਵਹਿੰਦੇ ਪਾਣੀ 'ਤੇ ਲਿਸ਼ਕੋਰ ਵਾਂਗ!
…ਤੇ ਮੈਂ…? ਮੈਂ ਕਿਸੇ ਸੈਨਿਕ ਵਾਂਗ
'ਸੈਲਿਊਟ' ਮਾਰਦਾ ਰਹਿੰਦਾ ਹਾਂ!
ਨਾ ਰਲ਼ਾਇਆ ਕਰ ਕਾਗਾਂ ਸੰਗ ਮੈਨੂੰ,
ਆਪਣੀ ਕਲਪਨਾ ਵਿਚ!
ਸੱਜਣਾਂ, ਮੈਂ ਤਾਂ ਤੇਰੀ ਪ੍ਰਵਾਜ਼ ਵਿਚ ਹੀ ਮਸਤ ਹਾਂ!
ਨਹੀਂ ਆਦਤ ਮੈਨੂੰ, ਮੋਤੀ ਛੱਡ, ਰੋੜ ਗਿਣਨ ਦੀ,
ਤੇਰੀ ਹੋਂਦ ਦਾ ਮੋਤੀ ਝੋਲ਼ੀ ਪਿਆ
ਮੈਨੂੰ ਨੂਰੋ-ਨੂਰ ਕਰੀ ਰੱਖਦੈ!
ਨਹੀਂ ਹਾਂ ਮੈਂ ਲੀੜੇ ਟੁੱਕਣ ਵਾਲ਼ੀ ਟਿੱਡੀ
ਤੇ ਨਾ ਹਾਂ ਇੱਕ ਖੂੰਜੇ ਲੱਗ ਕੇ ਰਹਿਣ ਵਾਲ਼ੀ ਮੱਕੜੀ
ਜੋ ਜਾਲ਼ ਵਿਚ ਹੀ ਬਿਤਾ ਦਿੰਦੀ ਹੈ ਆਪਣੀ ਸਾਰੀ ਜ਼ਿੰਦਗੀ
ਤੇਰੇ ਸਾਥ ਨੇ ਤਾਂ ਮੈਨੂੰ ਕੁਰਬਾਨੀ ਦੇ ਜਜ਼ਬੇ ਵਾਲ਼ੇ
ਪ੍ਰਵਾਨਿਆਂ ਸੰਗ ਵਿਚਰਨਾ ਸਿਖਾਇਐ
ਕੁਰਬਾਨ ਹੋ ਜਾਊਂਗਾ ਤੇਰੇ 'ਤੋਂ ਸੱਜਣਾਂ!
ਪੜ੍ਹਨੀ ਆਉਂਦੀ ਹੈ ਨਾਗ ਦੀ ਅੱਖ ਮੈਨੂੰ,
ਤੇਰੇ ਸਾਥ ਨੇ ਪਤਾ ਨਹੀਂ ਕਮਲ਼ਾ,
…ਤੇ ਪਤਾ ਨਹੀਂ ਫ਼ਕੀਰ ਬਣਾ ਦਿੱਤੈ…?

03/11/12

 

 
 

ਮੁਹੱਬਤ ਦੀ ਪ੍ਰਵਾਜ਼
ਸ਼ਿਵਚਰਨ ਜੱਗੀ ਕੁੱਸਾ

ਜਦ ਵੀ ਲੈਂਦਾ ਹਾਂ ਆਪਣੇ ਦਿਮਾਗ ਦੀ ਤਲਾਸ਼ੀ,
ਤਾਂ ਮਹਿਸੂਸ ਕਰਦਾ ਹਾਂ ਕਿ,
ਕਲਪਨਾ 'ਚ ਵਾਪਰਨ ਵਾਲੀ ਘਟਨਾ ਦਾ ਅਸਰ,
ਹਕੀਕਤ 'ਚ ਵਾਪਰਨ ਵਾਲੀ ਦੁਰਘਟਨਾ ਨਾਲੋਂ
ਕਿਤੇ ਜ਼ਿਆਦਾ ਹੁੰਦਾ ਹੈ!
ਸ਼ਾਇਦ ਇਸੇ ਦੌਰ ਵਿਚੋਂ ਹੀ ਗੁਜ਼ਰ ਰਿਹਾ ਹਾਂ ਮੈਂ?
ਆਦੀ ਹੀ ਇਤਨਾ ਹੋ ਗਿਆ ਸੀ ਤੇਰੀ ਮੁਹੱਬਤ ਦਾ,
ਕਿ ਮੇਰੀ ਸੋਚਣ ਸ਼ਕਤੀ ਪੈ ਗਈ ਸੀ ਕਮਜ਼ੋਰ,
ਹੁਣ ਕਰਿਆ ਕਰੂੰਗਾ ਨਿੱਤ, ਆਪਣੇ ਆਪ ਨੂੰ ਤਿਆਰ,
ਗਿਲਾ-ਸ਼ਿਕਵਾ ਵੀ ਘਟਾਊਂਗਾ,
ਕਿਉਂਕਿ ਬਦਲਾਓ ਆਉਣ ਵੇਲ਼ੇ
'ਖੜਕਾ' ਤਾਂ ਹੁੰਦਾ ਹੀ ਹੈ ਨ੍ਹਾਂ?
…ਤੇ ਫ਼ਿਰ ਸਭ-ਕੁਛ 'ਆਮ' ਹੀ ਤਾਂ ਹੋ ਜਾਂਦੈ!
ਕਿਤੇ ਪੜ੍ਹਿਆ ਸੀ,
ਕਿ ਜੇ ਮੁਹੱਬਤ ਕਰਨੀ ਹੈ,
ਤਾਂ 'ਜ਼ਖ਼ਮੀ' ਹੋਣ ਤੇ ਪੀੜ ਸਹਿਣ ਲਈ ਵੀ ਮਨ ਤਿਆਰ ਕਰੋ!
ਪਰ ਜ਼ਖ਼ਮੀ ਹੋਣ ਲਈ ਮਨ ਤਿਆਰ ਕਰਨ ਨਾਲ਼,
ਮੁਹੱਬਤ ਘਟ ਤਾਂ ਨਹੀਂ ਜਾਂਦੀ?
ਤੂੰ ਮੁਹੱਬਤ ਦੀ ਪ੍ਰਵਾਜ਼ ਹੀ ਇਤਨੀ ਭਰਵਾ ਦਿੱਤੀ,
ਕਿ ਮੈਨੂੰ ਧਰਤੀ ਹੀ ਵਿਸਰ ਗਈ!
…ਤੇ ਜਦ ਮਜਬੂਰਨ ਅਚਾਨਕ ਮੇਰਾ,
ਧਰਤੀ ਵੱਲ ਨੂੰ ਰੁੱਖ ਹੋਇਆ
ਤਾਂ ਡਿੱਗ ਕੇ ਸੱਟ ਵੱਜਣ ਦੇ ਅਹਿਸਾਸ ਨੇ
ਮੈਨੂੰ ਆਪਣੀ 'ਪੀੜ' ਯਾਦ ਕਰਵਾਈ!
ਰੀਂਗਦਾ-ਰੀਂਗਦਾ ਮੁੜ ਫ਼ਿਰ ਤੋਂ
ਫ਼ੜ ਲਵਾਂਗਾ ਆਪਣੀ ਚਾਲ,
ਤੇ ਸਮਾਂ ਸਭ-ਕੁਛ ਸਿਖਾ ਦੇਵੇਗਾ!
ਕਿਉਂਕਿ ਹਰ ਗੱਲ ਵਾਪਰਨ ਦਾ
ਕੋਈ ‘ਕਾਰਨ’ ਤਾਂ ਹੁੰਦਾ ਹੈ!!

01/09/2012

ਮਿੱਠੀ ਮੁਸਕੁਰਾਹਟ
ਸ਼ਿਵਚਰਨ ਜੱਗੀ ਕੁੱਸਾ

ਤੇਰੀ ਮਿੱਠੀ ਮੁਸਕੁਰਾਹਟ ਦਾ ਕਾਇਲ ਹਾਂ ਮੈਂ
ਤੇਰਾ ਉਦਾਸ ਹੋ ਜਾਣਾ, ਮੈਨੂੰ ਪ੍ਰਵਾਨ ਨਹੀਂ…..
ਉਦਾਸ ਹੋਣ ਤੋਂ ਪਹਿਲਾਂ
ਆਪਣੀ ਮੁਸਕੁਰਾਹਟ ਦਾ ਮੁੱਲ ਤਾਂ ਦੱਸੀਂ,
ਤੇਰੀ ਮੁਸਕੁਰਾਹਟ ਨਹੀਂ, ਤਾਂ ਮੇਰਾ ਜਹਾਨ ਨਹੀਂ…..
ਤੇਰੀ ਮੁਸਕੁਰਾਹਟ ਵਿਚ ਚਮਕਦੇ ਨੇ ਚੰਦ-ਸੂਰਜ,
ਉਸ ਦੀ ਕੀ ਸਿਫ਼ਤ ਕਰਾਂ?
ਮੇਰੇ ਸ਼ਬਦਾਂ ਕੋਲ਼ ਜ਼ੁਬਾਨ ਨਹੀਂ…..
ਕਰਾਂਗਾ ਹਰ ਸੰਭਵ ਕੋਸ਼ਿਸ਼,
ਇਸ ਨੂੰ ਸਲਾਮਤ ਰੱਖਣ ਦੀ,
ਹਾਂ ਤਾਂ ਸਿਰਫ਼ ਬੰਦਾ, ਕੋਈ ਭਗਵਾਨ ਨਹੀਂ…..
ਲੈ ਆਵਾਂਗਾ
ਜਿੰਦ ਵੇਚ ਕੇ ਤੇਰੀ ਮੁਸਕੁਰਾਹਟ ਵਾਪਿਸ ਤੇਰੇ ਹੋਠਾਂ 'ਤੇ,
ਨਹੀਂ ਤਾਂ ਸਮਝੀਂ ਕਿ 'ਜੱਗੀ ਕੁੱਸਾ' ਦੀ,
ਮੁਹੱਬਤ ਮਹਾਨ ਨਹੀਂ…..!

16/09/2012

 

 
 

ਮੁਕਤੀ
ਸ਼ਿਵਚਰਨ ਜੱਗੀ ਕੁੱਸਾ

ਆਪਣੇ ਆਪਣੇ ਨਹੀਂ ਬਣੇ
ਤੇ ਬਿਗਾਨੇ ਬਿਗਾਨੇ ਹੀ ਰਹੇ
ਦੱਸ ਰੱਬਾ,
ਤੇਰੀ ਕੁਦਰਤ ਦੀ ਕਿਹੜੀ ਸਿਫ਼ਤ ਕਰਾਂ?
ਜਦ ਪੁੱਛਿਆ ਕਿਸੇ ਤੋਂ ਖ਼ੁਸ਼ੀਆਂ ਦਾ ਰਾਹ,
ਤਾਂ ਉਸ ਨੇ ਮੈਨੂੰ
ਸ਼ਮਸ਼ਾਨਘਾਟ ਦਾ ਰਸਤਾ ਹੀ ਦਿਖਾ ਦਿੱਤਾ!
ਦਿਖਾਈਆਂ ਮੁਰਦਿਆਂ ਦੀਆਂ ਖੋਪੜੀਆਂ,
ਤੇ ਨੱਚਦੇ ਮੁਰਦੇ!
ਮੁਰਦਿਆਂ 'ਚ ਕੀ ਭਾਵਨਾਂ ਹੋਣੀਂ ਸੀ?
ਉਹ ਤਾਂ ਆਪ
'ਮੁਕਤੀ-ਮੁਕਤੀ' ਪੁਕਾਰੀ ਜਾਂਦੇ ਸੀ
ਮੈਨੂੰ ਦੇਖ ਕੇ!

ਕੋਈ ਸ਼ਿਕਵਾ ਨਹੀਂ
ਸ਼ਿਵਚਰਨ ਜੱਗੀ ਕੁੱਸਾ

ਕਿਸਮਤ ਦੀ ਲਕੀਰ ਨਹੀਂ ਧੋਤੀ ਜਾਂਦੀ
ਤੇਰੇ 'ਤੇ ਕੋਈ ਸ਼ਿਕਵਾ ਨਹੀਂ…
ਤਕਦੀਰ ਕਦੇ ਨਹੀਂ ਮੇਟੀ ਜਾਂਦੀ
ਤੇਰੇ 'ਤੇ ਕੋਈ ਸ਼ਿਕਵਾ ਨਹੀਂ…
ਸ਼ਿਕਵਾ ਹੈ ਤਾਂ,
ਸਿਰਫ਼ ਆਪਣੇ ਖ਼ੁਦਾ ਉਪਰ,
ਬੱਸ ਇੱਕ ਮੌਤ ਨਹੀਂ ਆਂਦੀ,
ਹੋਰ ਕੋਈ ਸ਼ਿਕਵਾ ਨਹੀਂ…
ਹੋਈ ਜਾਣਦੇ ਲਹੂ-ਲੁਹਾਣ ਮੇਰੀ ਆਤਮਾਂ ਨੂੰ
ਦਿਨ ਟੁੱਟਦੇ ਨਹੀਂ,
ਹੋਰ ਕੋਈ ਸ਼ਿਕਵਾ ਨਹੀਂ…
ਜਦ ਲੋੜ ਪਈ ਤਾਂ ਕਦੇ ਕੰਮ ਨਾ ਆਈ
ਮੇਰੀ ਪੀੜ ਦਾ ਤੂੰ ਲਿਆ ਆਨੰਦ
ਹੋਰ ਕੋਈ ਸ਼ਿਕਵਾ ਨਹੀਂ…
'ਵਾਜ ਮਾਰੀ ਤਾਂ ਤੂੰ ਹੁੰਗਾਰਾ ਨਾ ਭਰਿਆ,
ਆਖ਼ਰੀ ਸਾਹ ਮੌਕੇ
ਕੋਈ ਸ਼ਿਕਵਾ ਨਹੀਂ….

05/08/2012

 

 
 

ਆਪਹੁਦਰਾ ਮਾਨੁੱਖ
ਸ਼ਿਵਰਚਨ ਜੱਗੀ ਕੁੱਸਾ

ਜਿਹੜੇ ਦਿਲ 'ਤੇ ਤੂੰ ਛੱਡ ਗਈ ਸੀ ਸੰਦਲੀ ਪੈੜਾਂ
ਉਸ ਚੌਰਾਹੇ ਨੂੰ ਅਸੀਂ,
ਮਿੱਠੀਆਂ ਯਾਦਾਂ ਦੀ ਵਾੜ ਕਰ ਕੇ ਰੱਖੀ,
ਸਾਂਭ-ਸਾਂਭ ਕੇ ਰੱਖੇ ਤੇਰੀਆਂ ਪੈੜਾਂ ਦੇ ਨਿਸ਼ਾਨ
ਇਸ ਜੂਹ ਵਿਚ ਅਸੀਂ ਕਿਸੇ ਨੂੰ ਪੈਰ ਨਹੀਂ ਪਾਉਣ ਦਿੱਤਾ,
ਮਜ਼ਾਲ ਹੈ ਕੋਈ ਗ਼ੈਰ ਪ੍ਰਵੇਸ਼ ਕਰ ਗਿਆ ਹੋਵੇ?
…..
ਉਜਾੜੇ ਦੇ ਪ੍ਰਤੀਕ, ਉੱਲੂ ਤੇ ਕਾਂ ਫ਼ਿਰਦੇ ਨੇ,
ਸਾਡੇ ਦਿਲ ਦੀਆਂ ਜੂਹਾਂ ਵਿਚ
ਕਦੇ-ਕਦੇ ਬਦਸ਼ਗਨੀ ਤੋਂ ਵੀ ਡਰ ਜਾਂਦਾ ਹਾਂ,
ਤੇ ਸਹਿਮ ਜਾਂਦਾ ਹਾਂ ਉੱਜੜਿਆ ਚਮਨ ਦੇਖ
ਜੋ ਸਦੀਆਂ ਪੁਰਾਣਾਂ ਦੱਸਿਆ ਜਾਂਦਾ ਸੀ
ਕਿ ਕਿਤੇ ਆਹੀ ਹਾਲਤ ਕਦੇ ਮੇਰੀ ਨਾ ਹੋਵੇ?
…..
ਕਿਸ ਗੁਲਜ਼ਾਰ ਤੇ ਕਿਸ ਬਾਗ ਦੀ ਬਾਤ ਪਾਵਾਂ ਮੈਂ…?
ਜੀਵਨ ਦਾ ਸੂਰਜ ਤਾਂ 'ਅਸਤ' ਹੋਣ 'ਤੇ ਆ ਗਿਆ
ਗ੍ਰਹਿਣ ਵੇਲ਼ੇ ਤਾਂ ਚੰਦਰਮਾਂ ਵੀ ਨਹੀਂ ਦਿਸਦਾ,
ਨਹੀਂ ਤਾਂ ਰਾਤ ਨੂੰ,
ਉਸ ਦੀ ਰੌਸ਼ਨੀ ਹੀ ਬਥੇਰੀ ਸੀ!
…..
ਸਵਰਗ ਦੇ ਅੱਧ ਤੱਕ, ਜਾਂ ਨਰਕ ਦੇ ਧੁਰ ਤੱਕ
ਕਿਹੜਾ ਰਸਤਾ ਚੁਣਾਂ…? ਲੱਗਦੇ ਤਾਂ ਚਾਰ ਚੁਫ਼ੇਰੇ ਹੀ,
ਮੌਸਮ ਖ਼ਰਾਬ ਨੇ!
ਜ਼ਿੰਦਗੀ ਦੀ ਖਿੱਚ-ਧੂਹ ਚਾਹੇ ਸੌ ਸਾਲ ਲੰਬੀ ਹੋਵੇ
ਤੇ ਚਾਹੇ ਪੰਜਾਹ ਸਾਲ,
ਪਰ ਵਾਹ ਤਾਂ ਮਾਨੁੱਖ ਨਾਲ਼ ਹੀ ਪੈਣੈ ਨ੍ਹਾਂ…?
…ਤੇ ਮਾਨੁੱਖ ਜਾਨਵਰ ਨਾਲ਼ੋਂ ਕਦੇ ਵੀ
ਵਫ਼ਾਦਾਰ ਨਹੀਂ ਹੋ ਸਕਦਾ!
…..
ਕਦੇ ਖ਼ਾਹਿਸ਼ ਨਾ ਕਰੂੰਗਾ ਮਾਨੁੱਖੀ ਜਾਮੇਂ ਦੀ ਮੁੜ
ਕਿਉਂਕਿ, ਇਸ ਜਾਮੇਂ ਵਿਚ ਤਾਂ ਧੋਖੇ ਹੀ ਧੋਖੇ ਨੇ…!
ਰੁੱਖ, ਪਵਣ, ਅੱਗ ਅਤੇ ਬਨਸਪਤੀ ਤਾਂ ਰੱਬੀ ਹੁਕਮ ਵਿਚ ਨੇ
ਬੱਸ ਮਾਨੁੱਖ ਹੀ ਹੈ, ਜੋ 'ਆਪਹੁਦਰਾ' ਹੈ…!
ਇਸ ਲਈ ਰੱਬਾ ਮੈਨੂੰ,
ਮਾਨੁੱਖਾ ਜੂਨੀ ਨਾ ਦੇਵੀਂ…!

24/06/12

ਮੈਂ ਜ਼ਿੱਦੀ ਨਹੀਂ ਹਾਂ
ਸ਼ਿਵਚਰਨ ਜੱਗੀ ਕੁੱਸਾ

ਜੇ ਤੜਪਦਾ ਨਹੀਂ ਤੇਰਾ ਹਿਰਦਾ,
'ਕਿਸੇ ਨੂੰ' ਤੱਕਣ ਲਈ,
ਤਾਂ ਝੋਕ ਦੇਹ ਭੱਠ ਵਿਚ,
ਇਹੋ ਜਿਹੀ ਮੁਹੱਬਤ ਨੂੰ!
……
ਹਾਨਣ ਤਾਂ ਘੁੰਡ ਕੱਢ ਕੇ,
ਬੂਟੀਆਂ ਪਾਉਣ ਦੀ ਰੀਝ ਰੱਖਦੀ ਹੈ,
ਮਿੱਤਰਾਂ ਦੀ ਜਾਕਿਟ 'ਤੇ,
…ਤੇ ਤੂੰ ਤਾਂ ਕਦੇ ਘੁੰਡ ਹੀ ਨਹੀਂ ਚੁੱਕਿਆ,
ਸਹਿਮ ਅਤੇ ਸ਼ਰਮ ਦਾ…!
……
ਜ਼ਿੱਦੀ ਨਹੀਂ ਹਾਂ ਮੈਂ!!
ਕੂਕਦਾ ਹਾਂ ਪਪੀਹੇ ਦੀ ਲੋਚਣਾਂ ਵਾਂਗ,
ਜਿਸ ਨੂੰ ਸਾਗਰ ਦੀ ਨਹੀਂ,
'ਸਿਰਫ਼' ਇੱਕ 'ਬੂੰਦ' ਦੀ ਚਾਹਤ ਹੁੰਦੀ ਹੈ!
ਤੂੰ ਮੇਰੀ ਓਹੀ ਬੂੰਦ ਹੀ ਤਾਂ ਹੈਂ ਮੇਰੀ ਜਿੰਦ!!
ਕਾਸ਼, ਤੈਨੂੰ ਮੇਰੀ ਇਸ ਗੱਲ ਦੀ ਸਮਝ ਆ ਸਕਦੀ!!!

14/07/2012


 

 
 
 

ਸਬੰਧ
ਅਨਮੋਲ ਕੌਰ

ਤੇਰਾ ਮੇਰਾ ਸਾਕ ਗੂੜਾ
ਫਰਕ ਇੰਨਾ ਹੀ ਹੈ,
ਤੂੰ ਪੂਰਾ ਮੈ ਅਧੂਰਾ।
ਤੇਰੀ ਮੇਰੀ ਸਾਂਝ ਪੱਕੀ,
ਫਰਕ ਇੰਨਾ ਹੀ ਹੈ,
ਤੂੰ ਵਿਸ਼ਵਾਸੀ ਮੈ ਸ਼ੱਕੀ।

ਤੇਰੀ ਮੇਰੀ ਮੁੱਹਬਤ ਲੰਮੀ,
ਅੰਤਰ ਇੰਨਾ ਹੀ ਹੈ’
ਤੂੰ ਮਾਲਕ ਮੈ ਕੰਮੀ।
ਤੇਰੀ ਮੇਰੀ ਨਿੱਤ ਦੀ ਯਾਰੀ,
ਅੰਤਰ ਇੰਨਾ ਹੀ ਹੈ,
ਤੂੰ ਪਾਲੀ ਮੈ ਖਿਲਾਰੀ।
ਆਪਾਂ ਦੋਂਵੇ ਹੈ ਸਬੰਧੀ,
ਫਰਕ ਇੰਨਾ ਹੀ ਹੈ,
ਤੂੰ ਸ਼ਹਿਨਸ਼ਾਹ ਮੈ ਬੰਦੀ।
ਤੂੰ ਮੈਨੂੰ ਜਾਣੇ ਮੈ ਤੈਨੂੰ ਹੈ ਜਾਣਦਾ,
ਫਰਕ ਇੰਨਾ ਹੀ ਹੈ,
ਮੈ ਦੇਖ ਨਹੀ ਸਕਦਾ, ਤੂੰ ਮੈਨੂੰ ਹਰ ਥਾਂ ਪਛਾਣਦਾ।
ਦੋਹਾਂ ਵਿਚ ਇਹ ਸਿਲਸਿਲਾ ਚੱਲਦਾ ਰੱਖੀ,
ਚਾਹੇ ਖੇਲਾ ਵਿਚ ਮੈ ਲੱਖੀ ਜਾਂ ਰੁਲ ਜਾਵਾਂ ਕੱਖੀ।

ਅਨਮੋਲ ਕੌਰ
08/06/2012


ਜਨਮੇਜਾ ਸਿੰਘ ਜੌਹਲ
 
 

ਕੁੱਤੇ ਦਾ ਮੁੱਲ
ਜਨਮੇਜਾ ਸਿੰਘ ਜੌਹਲ

ਉਹ ਕੁੱਤੇ ਪਾਲਦੇ ਹਨ...
ਕੁਝ ਕੁੱਤਿਆਂ ਨੂੰ ਉਹ,
ਪਿੰਜਰੇ ਵਿੱਚ ਰੱਖਦੇ ਹਨ,
ਕਿਉਂਕਿ ਉਹ ਵੱਢਦੇ ਹਨ।
ਕੁਝ ਕੁੱਤਿਆਂ ਨੂੰ ਉਹ,
ਸੰਗਲੀ ਪਾ ਕੇ ਰੱਖਦੇ ਹਨ,
ਇਹ ਬੜੇ ਵਫਾਦਾਰ ਹੁੰਦੇ ਹਨ।
ਕੁਝ ਕੁੱਤਿਆਂ ਨੂੰ ਉਹ,
ਘਰਾਂ ਵਿੱਚ ਖੁੱਲ੍ਹੇ ਰੱਖਦੇ ਹਨ,
ਇਹ ਬੜੇ ਅਸੀਲ ਹੁੰਦੇ ਹਨ।
ਕੁਝ ਕੁੱਤਿਆਂ ਨੂੰ ਉਹ,
ਗਲੀ ਅੰਦਰ ਟੁੱਕਰ ਪਾਉਂਦੇ ਹਨ,
ਇਹ ਐਵੇਂ ਭੌਂਕਦੇ ਰਹਿੰਦੇ ਹਨ।
ਕੁਝ ਕੁੱਤਿਆਂ ਨੂੰ ਉਹ,
ਐਵੇਂ ਪੁਚਕਾਰਦੇ ਰਹਿੰਦੇ ਹਨ,
ਇਹ ਹਮੇਸ਼ਾ ਪੂਛ ਮਾਰਦੇ ਰਹਿੰਦੇ ਹਨ।
ਉਹ ਕੁੱਤਿਆਂ ਦਾ ਮੁੱਲ,
ਨਸਲ ਦੇਖ ਪਾਉਂਦੇ ਰਹਿੰਦੇ ਹਨ।
ਉਹ ਜੋ ਕੁੱਤੇ ਪਾਲਦੇ ਰਹਿੰਦੇ ਹਨ...

ਜਨਮੇਜਾ ਸਿੰਘ ਜੌਹਲ
 
 

ਚੁੱਪ
ਜਨਮੇਜਾ ਸਿੰਘ ਜੌਹਲ

ਜਦੋਂ ਵੀ
ਕੋਈ ਪਿਆਰਾ
ਇਸ ਸੰਸਾਰ ਤੋਂ
ਤੁਰ ਜਾਂਦਾ ਹੈ
ਤਾਂ ਮੈਂ
ਕਿਸੇ ਨਾ ਕਿਸੇ
ਦਰਖਤ ਦੇ
ਗਲ ਲੱਗ ਕਿ ਰੋਂਦਾ ਹਾਂ।
ਆਪਣੇ ਗਮ ਦੀ
ਗਲ ਕਰਦਾ ਹਾਂ
ਦਰਖਤ
ਚੁੱਪ ਚਾਪ ਸੁਣਦਾ ਹੈ
ਤੇ ਆਪਣੀ ਚੁੱਪ
ਮੇਰੇ ਅੰਦਰ ਭਰਦਾ ਹੈ
ਮੈਂ ਸ਼ਾਂਤ ਹੋ ਕੇ
ਜੀਵਨ ਦੇ
ਅਗਲੇ ਸਫਰ ਤੇ ਤੁਰ ਪੈਂਦਾ ਹਾਂ।

ਜਨਮੇਜਾ ਸਿੰਘ ਜੌਹਲ
27
/05/2012

ਜੀਵਨ ਚਾਲ
ਜਨਮੇਜਾ ਸਿੰਘ ਜੌਹਲ

ਨ੍ਹੇਰਿਆਂ ਦੇ ਵਿਚ ਗੁੰਮ ਜਾਂਦੀ ਹੈ
ਜਦ ਵੀ ਭੋਰਾ ਲੋਅ ਆਂਦੀ ਹੈ

ਸੁਪਨੇ ਬਣ ਬਣ ਟੁੱਟੀ ਜਾਵਣ
ਨਾ ਜਾਗੇ ਨਾ ਸੌਂ ਪਾਂਦੀ ਹੈ

ਮੀਲ ਪੱਥਰ ਬਣ ਲੰਘੀ ਜਾਵੇ
ਨਾ ਪਹੁੰਚੇ ਨਾ ਪਹੁੰਚਾਂਦੀ ਹੈ

ਕਿਰਤਾਂ ਕਰ ਕਰ ਜਿਸਨੂੰ ਸੱਦਾਂ
ਰੱਬ ਦੇ ਘਰ ਤੋਂ ਮੁੜ ਜਾਂਦੀ ਹੈ

ਨੱਚੇ ਵੇਖ ਚੁਬਾਰਾ ਉੱਚਾ
ਦਾਨ ਮੰਗੇ ਥੱਥਲਾ ਜਾਂਦੀ ਹੈ

ਜੀਵਨ ਚਾਲ ਜਦ ਔੜੀ ਹੋ ਜੇ
ਦੁਨੀਆ ਠਿੱਬੀ ਲਾ ਜਾਂਦੀ ਹੈ

ਜਨਮੇਜਾ ਸਿੰਘ ਜੌਹਲ
05/08/2012


ਧੀਆਂ ਭਾਰਤ ਦੇਸ ਦੀਆਂ
ਡਾ .ਸਾਥੀ ਲੁਧਿਆਣਵੀ, ਲੰਡਨ

 

ਇਹ ਨਜ਼ਮ ਦਿੱਲੀ ਵਿਚ ਗੈਂਗ ਰੇਪ ਕੀਤੀ ਗਈ ਤੇ ਬਾਅਦ ਵਿਚ ਸਿੰਘਾਪੁਰ ਦੇ ਹਸਪਤਾਲ ਵਿਚ ਮਰ ਗਈ ਕੁੜੀ ਅਤੇ ਹੋਰ ਹਜ਼ਾਰਾਂ ਹੀ ਅਜਿਹੀਆਂ ਕੁੜੀਆਂ ਨੂੰ ਸਮਰਪਤ ਹੈ, ਜਿਨ੍ਹਾਂ ਦਾ ਵਹਿਸ਼ੀ ਦਰਿੰਦੇ ਆਏ ਦਿਨ ਯੋਨ ਸ਼ੋਸ਼ਨ ਕਰਦੇ ਹਨ।

ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਇਸ ਦੀ ਪਾਟੀ ਚੁੰਨੀ, ਤੋਪਾ ਕੌਣ ਭਰੇ।

=ਧੀ ਦਾ ਬਾਬਲ ਕੰਧਾਂ ਓਹਲੇ ਰੋਂਦਾ ਹੈ।
ਲਹੂ 'ਚ ਰੱਤਾ ਧੀ ਦਾ ਸਾਲੂ ਧੋਂਦਾ ਹੈ।
ਟੀ ਵੀ ਉੱਤੇ ਧੀ ਦੇ ਯੋਨ ਦੀ ਚਰਚਾ ਵੇਖ਼,
ਅੰਦਰੋ ਅੰਦਰੀ ਰਫ਼ਤਾ ਰਫ਼ਤਾ ਬਾਪ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

=ਹਾੜਾ ਅੱਜ ਇਕ ਹਿੰਦ ਦੀ ਕੰਜਕ ਮੋਈ ਹੈ।
ਅੰਬਰ ਕੰਬਿਆ ਧਰਤੀ ਮਾਤਾ ਰੋਈ ਹੈ।
ਬਾਬਲ ਦੇ ਬਾਗਾਂ ਦੀ ਚਿੜੀਆ ਉੱਡ ਗਈ ਹੈ,
ਫ਼ੁੱਲ ਮੁਰਝਾ ਗਏ, ਪੀਲ਼ੇ ਪੈ ਗਏ ਪੱਤ ਹਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

=ਵਾਰਸਸ਼ਾਹ ਦੀ ਹੀਰ ਦੀ ਕੋਈ ਅਜ਼ਮਤ ਨਹੀਂ।
ਕਿਸੇ ਕੋਲ਼ ਵੀ ਐਸੀ ਗੱਲ ਲਈ ਫ਼ੁਰਸਤ ਨਹੀਂ।
ਸੋ ਕਿਓਂ ਮੰਦਾ ਆਖ਼ਣ ਵਾਲ਼ੇ ਨਾਨਕ ਦੀ,
ਗੱਲ ਦੇ ਉੱਤੇ ਕਿਹੜਾ ਅਜਕਲ ਅਮਲ ਕਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

=ਕੁਝ ਧੀਆਂ ਦਾ ਜੀਵਨ ਕੁੱਖ ਤੱਕ ਸੀਮਤ ਹੈ।
ਕੁਝ ਧੀਆਂ ਦੀ ਵੀਰਾਂ ਤੋਂ ਘੱਟ ਕੀਮਤ ਹੈ।
ਕੁਝ ਧੀਆਂ ਤਾਂ ਦਾਜ ਦੀ ਭੱਠੀ ਸੜ ਜਾਵਣ,
ਕੁਝ ਧੀਆਂ ਦੀ ਅਜ਼ਮਤ ਹਉਕੇ ਨਾਲ਼ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

=ਮੰਦਰ ਦੇ ਵਿਚ ਦੇਵੀ ਪੂਜੀ ਜਾਂਦੀ ਹੈ।
ਸੁੰਦਰ ਚੁੰਨੀਆਂ ਵਿਚ ਦੇਵੀ ਮੁਸਕਾਂਦੀ ਹੈ।
ਦੁਰਗ਼ਾ, ਲਕਸ਼ਮੀ, ਸੀਤਾ ਕੇਵਲ ਮੰਦਰ ਵਿਚ,
ਬਾਹਰ ਆਦਮ ਕੋਲ਼ੋਂ ਦੇਵੀ ਬਹੁਤ ਡਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।

=ਜੇਕਰ ਅਣਖ਼ੀ ਯੋਧੇ ਤੁਸੀਂ ਕਹਾਉਂਦੇ ਹੋ।
ਫ਼ਿਰ ਕਿਉਂ ਧੀਆਂ ਦਾ ਸ਼ੋਸ਼ਣ ਕਰਵਾਉਂਦੇ ਹੋ।
ਯੋਧਾ ਕਾਹਦਾ ਜਿਹੜਾ ਜ਼ੁਲਮ ਦਾ ਦਮ ਭਰੇ।
ਯੋਧਾ ਕਾਹਦਾ "ਸਾਥੀ" ਜਿਸ ਦੀ ਅਣਖ਼ ਮਰੇ।
ਧੀਆਂ ਦੀ ਰਖ਼ਵਾਲੀ ਹਿੰਦ ਵਿਚ ਕੌਣ ਕਰੇ।
ਇਸ ਦੀ ਪਾਟੀ ਚੁੰਨੀ,ਤੋਪਾ ਕੌਣ ਭਰੇ।

29.12.2012
 

 

2013 ਸਾਲ
ਡਾ .ਸਾਥੀ ਲੁਧਿਆਣਵੀ, ਲੰਡਨ

ਆ ਢੁਕਿਆ ਹੈ ਕਿੱਡੀ ਛੇਤੀਂ ਵੀਹ ਸੌ ਤੇਰ੍ਹਾਂ ਸਾਲ।
ਵੀਹ ਸੌ ਬਾਰਾਂ ਖ਼ੱਟੇ ਮਿੱਠੇ ਪਲਾਂ ਨੂੰ ਲੈ ਗਿਆ ਨਾਲ ।
=ਕਿਹੜੀ ਦਿਸ਼ਾ 'ਚ ਜੱਗ ਨੇ ਜਾਣਾ, ਕੱਲ੍ਹ ਨੂੰ ਕੀ ਹੈ ਹੋਣਾ,
ਹਰ ਇਕ ਦੇ ਚਿਹਰੇ 'ਤੇ ਲਿਖ਼ਿਆ ਮਿਲ਼ਦਾ ਇਹੋ ਸਵਾਲ।
=ਯਾਰਾਂ ਮਿੱਤਰਾਂ ਪੈਨ ਪੈਨਸਲਾਂ ਘੱਲੀਆਂ ਨਾਲ਼ ਮੁੱਹਬਤਾਂ,
ਸੱਜਣਾਂ ਨੇ ਖ਼ੁਸ਼ਬੋਈਆਂ ਭਰਿਆ ਘੱਲਿਆ ਇਕ ਰੁਮਾਲ।
=ਗ਼ਗ਼ਨਾਂ ਵਿਚ ਸਾਂ ਉਡਦੇ ਫ਼ਿਰਦੇ ਇਕ ਪੰਛੀ ਦੇ ਵਾਂਗਰ,
ਅਸੀਂ ਨਾ ਤੱਕਿਆ ਸੱਜਣਾ ਸੰਘਣਾ ਤੇਰੀ ਜ਼ੁਲਫ਼ ਦਾ ਜਾਲ਼।
=ਦਿਨ ਚੜ੍ਹਦਾ ਫ਼ਿਰ ਸਿਖ਼ਰ ਦੁਪਹਿਰਾ, ਫ਼ਿਰ ਪੈਂਦੀ ਤ੍ਰਿਕਾਲ਼,
ਵਕਤ ਹਮੇਸ਼ਾ ਟੁਰਦਾ ਰਹਿੰਦਾ ਆਪਣੀ ਧੀਮੀ ਚਾਲ।
=ਉਮਰ ਦੀ ਪੌੜੀ ਚੜ੍ਹਦੇ ਚੜ੍ਹਦੇ ਕਿੱਸ ਮਕਾਮ 'ਤੇ ਪੁੱਜੇ,
ਕਿਰਨ ਮਕਿਰਨੀ ਗ਼ੁਜ਼ਰੇ ਕਿੰਨੇ ਦਿਨ, ਮਹੀਨੇ , ਸਾਲ।
=ਕਿੰਨੇ ਸੱਜਣ ਮਿੱਤਰ ਟੁਰ ਗਏ ਕਿੱਥੇ, ਕਿਹੜੇ ਦੇਸੀਂ,
ਕਿਸੇ ਨਾ ਦੱਸਿਆ ਸਾਨੂੰ ਮੁੜਕੇ ਆਪਣਾ ਹਾਲ ਹਵਾਲ।
=ਕਾਹਨੂੰ ਲੱਭਦਾ ਫ਼ਿਰੇਂ ਜੋਗੀਆ ਚਾਰੇ ਪਾਸੇ ਐਵੇਂ,
ਮਿੱਟੀ ਵਿਚੋਂ ਨਹੀਂਓਂ ਲੱਭਣੇ ਕਦੇ ਗੁਆਚੇ ਲਾਲ।
=ਅੱਖ਼ਾਂ ਦੇ ਵਿਚ ਹੰਝੂ ਆ ਗਏ ਕਿੰਨੇ ਆਪ ਮੁਹਾਰੇ,
ਬੈਠੇ ਬੈਠੇ ਸਾਨੂੰ ਆਇਆ ਕਿਸ ਦਾ ਅੱਜ ਖ਼ਿਆਲ।
=ਪੰਜ ਦਹਾਕੇ ਹੋ ਗਏ ਸਾਨੂੰ ਵਿਚ ਪਰਦੇਸੀਂ ਆਇਆਂ,
ਏਸ ਦੇਸ ਵਿਚ ਅਸੀਂ ਹੰਡਾਏ ਗ਼ਰਮੀਂ ਅਤੇ ਸਿਆਲ਼।
=ਕਿੰਨੀ ਅਸੀਂ ਮੁਸ਼ੱਕਤ ਕੀਤੀ, ਕਿੰਨੇ ਜੱਫ਼ਰ ਜਾਲ਼ੇ,
ਟੁਰਦੇ ਟੁਰਦੇ ਥੱਕ ਗਏ ਹੁਣ ਤਾਂ ਮੱਠੀ ਪੈ ਗਈ ਚਾਲ।
=ਸੱਜਣ ਸਾਡੇ ਵਸਦੇ ਇੰਡੀਆ,ਕੈਨੇਡਾ, ਅਮਰੀਕਾ,
ਕੈਲੇਫ਼ੋਰਨੀਆਂ, ਸੀਆਟਲ, ਲੰਡਨ, ਸਾਊਥਹਾਲ।
=ਜ਼ਿੰਦਗ਼ੀ ਦੇ ਸਾਹ ਮੁੱਲ ਨਾ ਵਿਕਦੇ ਕਿਧਰੇ ਵੀ ਬਾਜ਼ਾਰੀਂ,
ਸਾਹ ਨਾ ਕਦੇ ਖ਼ਰੀਦੇ ਜਾਂਦੇ ਹਰਗ਼ਿਜ਼ ਪੌਂਡਾਂ ਨਾਲ਼।
=ਮੰਦਰ, ਮਸਜਦ, ਗੁਰੂਦੁਆਰੇ ਸੁੰਦਰ ਅਸਾਂ ਉਸਾਰੇ,
ਕਦੇ ਨਾ ਐਪਰ ਬੰਦੇ ਅੰਦਰੋਂ ਕੀਤੀ ਰੱਬ ਦੀ ਭਾਲ।
=ਹਿੰਦੂ, ਮੁਸਲਿਮ, ਸਿੱਖ਼, ਈਸਾਈ ਸਾਡੇ ਕੋਲ਼ ਬਥੇਰੇ,
ਆਓ ਹੁਣ ਬੰਦੇ ਚੋਂ ਕਰੀਏ ਇਕ ਬੰਦੇ ਦੀ ਭਾਲ਼।
=ਗ਼ਜ਼ਲਾਂ ਦੇ ਵਿਚ ਹੁੰਦਾ ਲਾਜ਼ਮ ਕਾਫ਼ੀਆ ਅਤੇ ਰਦੀਫ਼,
ਗ਼ਜ਼ਲਾਂ ਦੇ ਵਿਚ ਪੂਰਾ ਹੁੰਦਾ ਸੁਰ, ਸੰਗੀਤ ਤੇ ਤਾਲ।
=ਕੁੱਲ ਜੱਗ ਰਹੇ ਸਲਾਮਤ ਕਰੀਏ ਏਹੋ ਹੀ ਅਰਦਾਸਾਂ,
ਸੁੱਖੀ ਸਾਂਦੀ ਆਵੇ "ਸਾਥੀ" ਵੀਹ ਸੌ ਚੌਦਾਂ ਸਾਲ।

26/12/2012

ਗ਼ਜ਼ਲ
ਡਾ.ਸਾਥੀ ਲੁਧਿਆਣਵੀ-ਲੰਡਨ

ਆਦਮੀ ਤੋਂ ਆਦਮੀ ਕਿੰਨਾ ਡਰੇ।
ਹੌਲ਼ੀ ਹੌਲ਼ੀ ਸਹਿਮ ਕੇ ਅੰਦਰੇ ਮਰੇ।
=ਕਿੰਨੇ ਬੰਦੇ ਕਿਉਂ ਮਰੇ ਕਿੱਥੇ ਮਰੇ,
ਰੋਜ਼ ਹੁੰਦੇ ਰੇਡੀਓ 'ਤੇ ਤਬਸਰੇ।
=ਚੋਰੀਆਂ,ਡਾਕੇ,ਕਤਲ ਤੇ ਖ਼ੁਦਕੁਸ਼ੀ,
ਇਨ੍ਹਾਂ ਨਾਲ਼ ਅਖ਼ਬਾਰ ਦੇ ਪੰਨੇ ਭਰੇ।
=ਜਜ਼ਬਿਆਂ ਚੋਂ ਤਪਸ਼ ਹੁਣ ਕਿਧਰ ਗਈ,
ਪਿਆਰ ਭਿੱਜੇ ਬੋਲ ਕਿਉਂ ਅਜਕਲ ਠਰੇ।
=ਅੱਜ ਕੱਲ ਹਰ ਗੱਲ ਹੁੰਦੀ ਤੋਲ ਕੇ,
ਹਰ ਕੋਈ ਹੈ ਪਰਖ਼ਦਾ ਖ਼ੋਟੇ ਖ਼ਰੇ।
=ਬਿਨ ਸ਼ਰਤ ਹਮਸਾਇਆ ਵੀ ਹੁਣ ਨਾ ਕਦੇ,
ਪਿਆਰ ਦੀ ਚੁਟਕੀ ਵੀ ਤਲੀਆਂ 'ਤੇ ਧਰੇ।
=ਅੱਜ ਕੱਲ ਇੰਗਲੈਂਡ ਨਹੀਂ ਪਹਿਲਾਂ ਜਿਹਾ,
ਪੁਲ਼ਾਂ ਹੇਠਾਂ ਪਏ ਲੋਕੀਂ ਬੇਘਰੇ।
=ਇਸ ਤਰ੍ਹਾਂ ਤਨਹਾ ਸ਼ਹਿਰ ਦੇ ਲੋਕ ਕੁਝ,
ਪੁਲਸ ਨੂੰ ਲੱਭਦੇ ਘਰਾਂ ਦੇ ਵਿਚ ਮਰੇ।
=ਗਗਨ ਵਿਚ ਧੂੰਆਂ ਹੈ ਅਜਕਲ ਇਸ ਕਦਰ,
ਪਰ ਹੁੰਦਿਆਂ ਵੀ ਪਰਿੰਦੇ ਬੇਪਰੇ।
=ਕੱਟ ਦਿਆਂਗੇ ਅਗ਼ਰ ਆਪਾਂ ਬਿਰਖ਼ ਸੱਭ,
ਛਾਂ ਨਹੀਂ ਹੋਣੀ ਤੇ ਨਾ ਪੱਤੇ ਹਰੇ।
=ਦੇਸੋਂ ਆਇਆ ਇਕ ਪਖ਼ੰਡੀ ਕਹਿ ਰਿਹਾ,
ਮੇਰੇ ਆਖੇ ਪਾਣੀ 'ਤੇ ਪੱਥਰ ਤਰੇ।
=ਜਾਪਦਾ ਚੋਣਾ ਦੇ ਦਿਨ ਹਨ ਆ ਗਏ,
ਬੋਲ ਹਨ ਨੇਤਾ ਦੇ ਸ਼ਹਿਦਾਂ ਦੇ ਭਰੇ।
=ਇਸ ਨਗਰ ਵਿਚ ਦੋਸਤ "ਸਾਥੀ" ਬਹੁਤ ਹਨ,
ਅਸਾਂ ਨਾ ਰਹਿਣਾ ਇਨ੍ਹਾਂ ਤੋਂ ਹੁਣ ਪਰੇ।

26/12/2012

 

ਗੁਰੂ ਨਾਨਕ ਦੇਵ ਜੀ
ਸਾਥੀ ਲੁਧਿਅਣਵੀ, ਲੰਡਨ
ਜਿਸ ਨੇ ਕੁੱਲ ਲੋਕਾਈ ਤਾਰੀ ਨਾਨਕ ਸੀ।
ਲੋਕਾਂ ਦਾ ਵੱਡਾ ਹਿੱਤਕਾਰੀ ਨਾਨਕ ਸੀ।
=ਹੱਕ ਵਾਸਤੇ ਲੜੋ ਤੇ ਹੱਕ ਨਾ ਮਰਨ ਦਿਓ,
ਮਾਰਕਸ ਤੋਂ ਵੀ ਵੱਡ-ਆਕਾਰੀ ਨਾਨਕ ਸੀ।
=ਕਿਰਤੀ ਲੋਕਾਂ ਨਾਲ਼ ਹਮੇਸ਼ਾ ਖ਼ੜ੍ਹਦਾ ਸੀ, 
ਲ਼ਾਲੋ ਨਾਲ਼ ਸੀ ਜਿਸ ਦੀ ਯਾਰੀ ਨਾਨਕ ਸੀ।
=ਇਕ ਹੱਥ ਮਾਲ਼ਾ ਦੂਜੇ ਹੱਥ ਕਮੰਡਲ਼ ਸੀ,
ਸ਼ਖ਼ਸੀਅਤ ਪਰਵਰਦੀਗ਼ਾਰੀ ਨਾਨਕ ਸੀ।
=ਪਾਤਾਲ਼ਾਂ ਆਕਾਸ਼ਾਂ ਦਾ ਜੋ ਜਾਣੂ ਸੀ,
ਜਿੱਸ ਨੂੰ ਰਹਿੰਦੀ ਨਾਮ ਖ਼ੁਮਾਰੀ ਨਾਨਕ ਸੀ।
=ਬਹੁ ਰੰਗਾਂ ਬਹੁ ਪਰਤਾਂ ਵਾਲ਼ਾ ਨਾਨਕ ਸੀ,
ਬਹੁ ਰੰਗੀ ਸੀ ਜੋ ਫ਼ੁੱਲਕਾਰੀ ਨਾਨਕ ਸੀ।
=ਚਾਰੇ ਕੂੰਟਾਂ ਜਿੱਸ ਨੇ ਪੈਦਲ ਗ਼ਾਹ ਲਈਆਂ,
ਐਡਾ ਵੱਡਾ ਪਰਉਪਕਾਰੀ ਨਾਨਕ ਸੀ।
=ਰਾਜੇ ਸ਼ੀਂਹ ਮੁਕੱਦਮ ਕੁੱਤੇ ਕਿਹਾ ਸੀ ਜਿੱਸ,
ਮੁਗ਼ਲ ਹਕੂਮਤ ਜਿੱਸ ਲੱਲਕਾਰੀ ਨਾਨਕ ਸੀ।
=ਵਲੀ ਕੰਧਾਰੀ ਵਰਗੇ ਜਿਸ ਨੂੰ ਕਹਿੰਦੇ ਸਨ,
ਆ ਗਏ ਹਾਂ ਹੁਣ ਸ਼ਰਨ ਤੁਮ੍ਹਾਰੀ ਨਾਨਕ ਸੀ।
=ਜਿੱਸ ਨੇ ਸ਼ਬਦਾਂ ਨਾਲ਼ ਹੀ ਦੁਸ਼ਮਣ ਜਿੱਤ ਲਏ,
ਜਿੱਸ ਦੇ ਹੱਥ ਸੀ ਕਲਮ-ਕਟਾਰੀ ਨਾਨਕ ਸੀ।
=ਪੀਰ, ਫ਼ਕੀਰ ਤੇ ਸੂਫ਼ੀ ਸ਼ਾਇਰ ਨਾਨਕ ਸੀ,
ਰਾਮ, ਰਹੀਮ ਤੇ ਕ੍ਰਿਸ਼ਨ ਮੁਰਾਰੀ ਨਾਨਕ ਸੀ।
=ਸੂਝਵਾਨ,ਗਿਆਨਵਾਨ ਤੇ ਮਹਾਂਕਵੀ,
ਸ਼ਰਬ ਸ੍ਰੇਸ਼ਟ ਗੁਣ-ਅਧਿਕਾਰੀ ਨਾਨਕ ਸੀ।
=ਮਹਾਂ ਪੁਰਖ਼ ਤੇ ਤੱਕੜੇ ਜੁੱਸੇ ਵਾਲ਼ਾ ਸੀ,
ਬਹੁਤ ਬੜਾ ਇੱਕ ਕ੍ਰਾਂਤੀਕਾਰੀ ਨਾਨਕ ਸੀ।
=ਸਿੱਖ਼ ਧਰਮ ਦੀ ਪੱਕੀ ਹੈ ਬੁਨਿਆਦ ਤਦੇ,
ਜਿੱਸ ਨੇ ਇੱਸ ਦੀ ਨੀਂਹ ਉਸਾਰੀ ਨਾਨਕ ਸੀ।
=ਨਾਨਕ “ਸਾਥੀ” ਪੀਰ ਤੇ ਮੁਰਸ਼ਦ ਸੱਭ ਕੁੱਝ ਸੀ,
ਸ਼ਖ਼ਸੀਅਤ ਜੋ ਅੱਤ ਸਤਿਕਾਰੀ ਨਾਨਕ ਸੀ।
23/11/2012

 

ਦੀਵਾਲ਼ੀ
ਡਾਕਟਰ ਸਾਥੀ ਲੁਧਿਆਣਵੀ-ਲੰਡਨ

ਆ ਗਈ ਹੈ ਦੀਵਾਲ਼ੀ ਦੀਵੇ ਬਾਲ਼ ਦਿਓ।
ਆ ਗਈ ਕਰਮਾ ਵਾਲ਼ੀ ਦੀਵੇ ਬਾਲ਼ ਦਿਓ।
=ਅੰਦਰ ਬਾਹਰ ਇਥੇ ਬਹੁਤ ਹਨ੍ਹੇਰਾ ਹੈ,
ਹਰ ਸ਼ੈਅ ਜਾਪੇ ਕਾਲ਼ੀ ਦੀਵੇ ਬਾਲ਼ ਦਿਓ।
=ਘਰ ਪਰਤੇ ਹਨ ਰਾਮ ਤੇ ਸੀਤਾ ਵਰ੍ਹਿਆਂ ਬਾਅਦ,
ਦੁਨੀਆਂ ਭਾਗਾਂ ਵਾਲ਼ੀ ਦੀਵੇ ਬਾਲ਼ ਦਿਓ।
=ਅਜ ਕੱਲ ਦੇ ਪਰਦੇਸੀ ਵਤਨ ਨਾ ਪਰਤ ਸਕਣ,
ਵਕਤ ਨੀ ਆਇਆ ਹਾਲੀ, ਦੀਵੇ ਬਾਲ਼ ਦਿਓ।
=ਰਾਤ ਸੁਹਾਨੀ ਆ ਗਈ ਹੈ ਹਰਿਮੰਦਰ 'ਤੇ,
ਥਾਂ ਇਹ ਗੁਰੂਆਂ ਵਾਲ਼ੀ ਦੀਵੇ ਬਾਲ਼ ਦਿਓ।
=ਸਿਰ 'ਤੇ ਹੋਵੇ ਛੱਤ ਖ਼ਾਣ ਲਈ ਅੰਨ ਹੋਵੇ,
ਹੋਵੇ ਨਾ ਕੰਗਾਲੀ ਦੀਵੇ ਬਾਲ਼ ਦਿਓ।
=ਹਾਸੇ ਦੇਵੋ ਪ੍ਰਭ ਜੀ ਸਾਡੇ ਬਾਲਾਂ ਨੂੰ,
ਹੱਸਣ ਮਾਰ ਕੇ ਤਾਲੀ ਦੀਵੇ ਬਾਲ਼ ਦਿਓ।
=ਪ੍ਰਭ ਜੀ ਸਾਨੂੰ ਖ਼ੁਸ਼ੀਆਂ ਦਾ ਵਰਦਾਨ ਦਿਓ,
ਝੋਲ਼ੀ ਭਰਿਓ ਖ਼ਾਲੀ ਦੀਵੇ ਬਾਲ਼ ਦਿਓ।
=ਘਰ ਵਿਚ ਹੋਵੇ ਇਕ ਕਿਆਰੀ ਫ਼ੁੱਲਾਂ ਦੀ,
ਕੁਝ ਹੋਵੇ ਹਰਿਆਲੀ ਦੀਵੇ ਬਾਲ਼ ਦਿਓ।
=ਅੱਜ ਕੱਲ ਕੰਡੇ ਬੀਜਣ ਵਾਲ਼ੇ ਬਹੁਤੇ ਨੇ,
ਬਦਲ ਗਏ ਹਨ ਮਾਲੀ ਦੀਵੇ ਬਾਲ਼ ਦਿਓ।
=ਲੁੱਟਣ ਵਾਲ਼ੇ ਹਰ ਦਮ 'ਨ੍ਹੇਰਾ ਲੋਚਣਗੇ,
ਨੀਅਤ ਉਨ੍ਹਾਂ ਦੀ ਕਾਲੀ ਦੀਵੇ ਬਾਲ਼ ਦਿਓ।
=ਤੇਜ਼ ਹਵਾ ਤੋਂ ਬਹੁਤ ਬਚਾਉਣੀ ਪੈਣੀ ਹੈ,
ਦੀਵਿਆਂ ਵਾਲ਼ੀ ਥਾਲ਼ੀ ਦੀਵੇ ਬਾਲ਼ ਦਿਓ।
= ਸੱਚ ਬੋਲਣ ਵਾਲ਼ੇ ਨੂੰ ਅਜੇ ਵੀ ਪੈਂਦੀ ਹੈ,
ਪੀਣੀ ਜ਼ਹਿਰ-ਪਿਆਲੀ,ਦੀਵੇ ਬਾਲ਼ ਦਿਓ।
=ਮਾਹੀ ਨੇ ਹੈ ਆਉਣਾ ਹੱਸਦੀ ਗਾਉਂਦੀ ਹੈ,
ਕੁੜੀ ਕੋਈ ਮਤਵਾਲੀ ਦੀਵੇ ਬਾਲ਼ ਦਿਓ।
=ਮਨ-ਮੰਦਰ ਵਿਚ ਗਿਆਨ ਦਾ ਚਾਨਣ ਆਣ ਦਿਓ,
ਮਨ ਰੱਖ਼ੋ ਨਾ ਖ਼ਾਲੀ ਦੀਵੇ ਬਾਲ਼ ਦਿਓ।
=ਇਕ ਦਿਨ ਜੱਗ ਵਿਚ ਅਮਨ ਸ਼ਾਂਤੀ ਹੋਣੀ ਹੈ,
ਇਹ ਨਹੀਂ ਖ਼ਾਮ-ਖ਼ਿਆਲੀ ਦੀਵੇ ਬਾਲ਼ ਦਿਓ।
=ਕਵਿਤਾ ਦਾ ''ਸਾਥੀ'' ਨੂੰ ਪ੍ਰਭ ਜੀ ਦਾਨ ਦਿਓ,
ਉਹ ਨਹੀਂ ਸ਼ਾਇਰ ਹਾਲੀ ਦੀਵੇ ਬਾਲ਼ ਦਿਓ।

14/11/2012

 

 
 
 

ਕੁੜੀ ਮਲਾਲਾ
ਸਾਥੀ ਲੁਧਿਆਣਵੀ-ਲੰਡਨ

(ਚੌਦਾਂ ਵਰ੍ਹਿਆਂ ਦੀ ਮਲਾਲਾ ਯੁਸਫ਼ਜ਼ਈ ਨੂੰ ਪਿਸ਼ਾਵਰ ਵਿਚ ਇਕ ਪਾਕਿਸਤਾਨੀ ਤਾਲਿਬਾਨ ਨੇ ਇਸ ਕਰਕੇ ਗੋਲ਼ੀ ਮਾਰ ਦਿੱਤੀ ਸੀ ਕਿ ਉਹ ਆਪਣੇ ਦੇਸ ਪਾਕਿਸਤਾਨ ਵਿਚ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਸੀ। ਉਹ ਇਸ ਗੱਲ ਦਾ ਵੀ ਖ਼ੰਡਨ ਕਰ ਰਹੀ ਸੀ ਕਿ ਤਾਲਿਬਾਨ ਪਾਕਿਸਤਾਨ ਨੂੰ ਕਈ ਸਦੀਆਂ ਵਾਪਸ ਧੱਕ ਕੇ ਕੁੜੀਆਂ ਨੂੰ ਪੜ੍ਹਨ ਤੋਂ ਰੋਕ ਰਹੇ ਸਨ ਤੇ ਉਨ੍ਹਾਂ ਦੇ ਸਕੂਲ ਢਾਅ ਕੇ ਢੇਰੀ ਕਰ ਰਹੇ ਸਨ।ਜ਼ਖ਼ਮੀ ਮਲਾਲਾ ਇਨ੍ਹੀਂ ਦਿਨੀ ਬਰਮਿੰਘਮ (ਯੂ ਕੇ) ਦੇ ਇਕ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।ਅੰਗਰੇਜ਼ ਡਾਕਟਰ ਉਸ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਆਸ ਕਰਦੇ ਹਨ।)

ਕੁੜੀਆਂ ਵਿਚੋਂ ਕੁੜੀ ਮਲਾਲਾ।
ਖੰਡ ਮਿਸ਼ਰੀ ਦੀ ਪੁੜੀ ਮਲਾਲਾ।
=ਉਨ੍ਹਾਂ ਨੇ ਚਾਹਿਆ ਪੜ੍ਹਨੋਂ ਲਿਖ਼ਣੋ,
ਰਹੇਗੀ ਹਰ ਦਮ ਥੁੜੀ ਮਲਾਲਾ।
=ਦਹਿਸ਼ਤਵਾਦ ਦੇ ਵਹਿੰਦੇ ਹੜ੍ਹ ਵਿਚ,
ਰੁੜ੍ਹੀ ਕਿ ਇਕ ਦਿਨ ਰੁੜ੍ਹੀ ਮਲਾਲਾ।
=ਉਨ੍ਹਾਂ ਸੋਚਿਆ ਮਰ ਜਾਵੇਗੀ,
ਹੁਣ ਨਾ ਮੌਤੋਂ ਮੁੜੀ ਮਲਾਲਾ।
=ਆਦਮ ਅਤੇ ਹਵਵਾ ਦੀ ਬੇਟੀ,
ਲਾਡਾਂ ਤੋਂ ਨਾ ਥੁੜੀ ਮਲਾਲਾ।
=ਚਿੜੀ ਹੈ ਬਾਬਲ ਦੇ ਵਿਹੜੇ ਦੀ,
ਅੰਬਰ ਵਲ ਨੂੰ ਉੜੀ ਮਲਾਲਾ।
=ਜੋ ਮਰਦਾਂ ਤੋਂ ਕਰ ਨਾ ਹੋਈ,
ਉਹ ਗੱਲ ਕਰ ਗਈ ਕੁੜੀ ਮਲਾਲਾ।
=ਹੱਕ ਸੱਚ ਦੀ ਫ਼ਤਿਹ ਹੈ ਹੁੰਦੀ,
ਮੁੜੀ ਵਤਨ ਨੂੰ ਮੁੜੀ ਮਲਾਲਾ।
=ਪਾਕਿਸਤਾਨ ਨੇ ਧੀਆਂ ਜੰਮੀਆਂ,
ਬੇਨਜ਼ੀਰ ਤੇ ਕੁੜੀ ਮਲਾਲਾ।
=ਤੂੰ ‘ਕੱਲੀ ਨਹੀਂ ਤੇਰੇ ਸੰਗ ਹੈ,
“ਸਾਥੀ” ਦੁਨੀਆਂ ਜੁੜੀ ਮਲਾਲਾ।

 
 

1 ਗ਼ਜ਼ਲ
ਸਾਥੀ ਲੁਧਿਆਣਵੀ-ਲੰਡਨ

ਨਾ ਕਰਨਾ ਇਜ਼ਹਾਰ ਤਾਂ ਮੇਰੀ ਆਦਤ ਹੈ।
ਵਰਨਾ ਤੇਰਾ ਪਿਆਰ ਤਾਂ ਇਕ ਇਬਾਦਤ ਹੈ।
=ਅੱਖ਼ ਬਚਾਅ ਕੇ ਤੱਕੀਏ ਤੈਨੂੰ ਮਹਿਫ਼ਲ ਵਿਚ,
ਸਾਨੂੰ ਬੜੀ ਪਿਆਰੀ ਤੇਰੀ ਅਸਮਤ ਹੈ।
=ਤੇਰਾ ਇੰਤਜ਼ਾਰ ਵੀ ਇਕ ਕਿਆਮਤ ਹੈ,
ਤੇਰਾ ਮਿਲਨਾ ਉਸ ਤੋਂ ਬੜੀ ਕਿਆਮਤ ਹੈ।
=ਗ਼ਗ਼ਨ ‘ਤੇ ਹੋਵੇ ਚੰਨ,ਧਰਤ ‘ਤੇ ਤੂੰ ਹੋਵੇਂ,
ਐਸੇ ਮੰਜ਼ਰ ਦੀ ਇਸ ਦਿਲ ਵਿਚ ਹਸਰਤ ਹੈ।
=ਕੱਲਾ ਹੁਸਨ ਤਾਂ ਜੰਗਲ਼ੀ ਫ਼ੁੱਲ ਦੇ ਵਾਂਗਰ ਹੈ,
ਹੁਸਨ ਵਾਸਤੇ ਪਿਆਰ ਵੀ ਇਕ ਜ਼ਰੂਰਤ ਹੈ।
=ਤੇਰੀਆਂ ਬੇਪਰਵਾਹੀਆਂ ਦਾ ਕੋਈ ਅੰਤ ਨਹੀਂ,
ਤੇਰੀ ਚਾਹਤ ਐਪਰ ਸਾਡੀ ਕਿਸਮਤ ਹੈ।
=ਜਿੰਦ ਪ੍ਰਾਹੁਣੀ ਦੀ ਵੀ ਆਪਣੀ ਸੀਮਾ ਹੈ,
ਸਾਹਾਂ ਦੀ ਪੂੰਜੀ ਵੀ ਆਖ਼ਰ ਸੀਮਤ ਹੈ।
=ਕੀ ਚੰਗਾ ਹੈ,ਕੀ ਦੁਨੀਆਂ ਵਿਚ ਮੰਦਾ ਹੈ,
ਤੇਰੇ ਅੰਦਰ ਵੀ ਤਾਂ ਇਕ ਅਦਾਲਤ ਹੈ।
=ਦਸਤਕ ਹੋਈ, “ਸਾਥੀ” ਸੀ ਦਰਵਾਜ਼ੇ ਵਿਚ,
ਹੱਸ ਕੇ ਬੋਲੇ, ਆਓ ਬੜਾ ਸੁਆਗਤ ਹੈ।

2 ਗ਼ਜ਼ਲ
ਡਾ. ਸਾਥੀ ਲੁਧਿਆਣਵੀ

ਫ਼ੁੱਲ ਵਾਗ਼ੂੰ ਕੁਮਲਾਈ ਜਾਨਾਂ।
ਬਹੁਤਾ ਹੀ ਮੁਰਝਾਈ ਜਾਨਾਂ।
=ਕਹਿਕਾ ਮਾਰਕੇ ਹੱਸੀ ਜਾਨਾਂ,
ਐਦਾਂ ਦਰਦ ਛੁਪਾਈ ਜਾਨਾਂ।
=ਅੰਦਰੋਂ ਅੱਗ ਦੇ ਅੱਥਰੂ ਰੋਵੇਂ,
ਉਪਰੋਂ ਪਰ ਮੁਸਕਾਈ ਜਾਨਾਂ।
=ਲੋਕਾਂ ਲਈ ਤੂੰ ਰਾਹ ਦਸੇਰਾ,
ਖ਼ੁਦ ਨੂੰ ਅੰਦਰੋਂ ਢਾਈ ਜਾਨਾਂ।
=ਅਸੀਂ ਤਾਂ ਕੱਲੇ ਦੁਖ਼ੀ ਨਹੀਂ ਹਾਂ,
ਇੰਝ ਕਹਿ ਡੰਗ ਟਪਾਈ ਜਾਨਾਂ।
=ਮਨ ਨੂੰ ਖ਼ੁਦ ਮਜ਼ਬੂਤ ਕਰੇਂ ਨਾ,
ਲੋਕਾਂ ਨੂੰ ਸਮਝਾਈ ਜਾਨਾਂ।
=ਕਿਹੜਾ ਰੋਗ਼ ਅਵੱਲਾ ਲੱਗਾ,
ਗ਼ਮ ਦਾ ਮਹੁਰਾ ਖ਼ਾਈ ਜਾਨਾਂ।
=ਹੋਰ ਤਾਂ ਕਿੱਸੇ ਫ਼ੋਲੀ ਜਾਨਾ,
ਅਸਲੀ ਗੱਲ ਦਬਾਈ ਜਾਨਾ।
=ਘਰ ਨੂੰ ਤਾਂ ਰੁਸ਼ਨਾਈ ਜਾਨਾ,
ਮਨ ਦਾ ਦੀਪ ਬੁਝਾਈ ਜਾਨਾਂ।
=ਰੁਦਨ ਵਾਲ਼ੀਆਂ ਨਜ਼ਮਾਂ ਲਿਖ਼ ਕੇ,
ਖ਼ੁਦ ਨੂੰ ਖ਼ੂਬ ਰੁਆਈ ਜਾਨਾਂ।
=”ਸਾਥੀ” ਖ਼ੁੱਲ੍ਹ ਕੇ ਗੱਲ ਕਰਿਆ ਕਰ,
ਕਾਹਤੋਂ ਗੱਲ ਛੁਪਾਈ ਜਾਨਾਂ।

29/07/2012

 
ਸਾਥੀ ਲੁਧਿਆਣਵੀ ਅਤੇ ਸ਼ਿਵ ਕੁਮਾਰ (ਫੋਟੋ: ਤਰਸੇਮ ਪੁਰੇਵਾਲ, 'ਦੇਸ ਪ੍ਰਦੇਸ'

ਇਕ ਸਾਹਿਤਕ ਰੇਖ਼ਾ ਚਿੱਤਰ

ਸ਼ਿਵ ਕੁਮਾਰ
ਡਾ.ਸਾਥੀ ਲੁਧਿਆਣਵੀ

ਮੀਰ, ਗ਼ਾਲਿਬ,ਦਾਗ ਹੈ ਸੀ ਸ਼ਿਵ ਕੁਮਾਰ।
ਸ਼ਇਰਾਂ ਦਾ ਤਾਜ ਹੈ ਸੀ ਸ਼ਿਵ ਕੁਮਾਰ।
=ਸ਼ੈਲੇ ਤੇ ਕੀਟਸ ਸੀ ਉਹ ਪੰਜਾਬ ਦਾ,
ਸੂਹਾ ਫ਼ੁੱਲ ਗੁਲਾਬ ਹੈ ਸੀ ਸ਼ਿਵ ਕੁਮਾਰ।
=ਅੱਥਰੂਆਂ ਦੀ ਕਥਾ ਦਾ ਸਮਰਾਟ ਸੀ,
ਸੋਗ਼ ਦਾ ਮਹਿਤਾਬ ਹੈ ਸੀ ਸ਼ਿਵ ਕੁਮਾਰ।
=ਚੜ੍ਹੀ ਰਹਿੰਦੀ ਸੀ ਖ਼ੁਮਾਰੀ ਨਜ਼ਮ ਦੀ,
ਖ਼ੁਦ ਵੀ ਬੱਸ ਸ਼ਰਾਬ ਹੈ ਸ਼ਿਵ ਕੁਮਾਰ।
=ਓਸ ਦੇ ਆਂਗਣ 'ਚ ਸਨ ਕਵਿਤਾ ਦੇ ਫ਼ੁੱਲ,
ਸ਼ਇਰੀ ਦਾ ਬਾਗ਼ ਹੈ ਸੀ ਸ਼ਿਵ ਕੁਮਾਰ।
=ਸੰਗਮਰਮਰੀ ਜਿਸਮ ਹੈ ਸੀ ਓਸਦਾ,
ਹਰ ਕੁੜੀ ਦਾ ਖ਼ਾਬ ਹੈ ਸੀ ਸ਼ਿਵ ਕੁਮਾਰ।
=ਨਿਰਸੰਦੇਹ ਬਿਰਹਾ ਦਾ ਉਹ ਸੁਲਤਾਨ ਸੀ,
ਦਰਦ ਦਾ ਇਕ ਰਾਗ਼ ਹੈ ਸੀ ਸ਼ਿਵ ਕੁਮਾਰ।
=ਨਾ ਉਹਦੇ ਕੋਲ਼ ਮਹਿਲ ਸਨ ਨਾ ਮਾੜੀਆਂ,
ਫ਼ਿਰ ਵੀ ਇਕ ਨਵਾਬ ਹੈ ਸੀ ਸ਼ਿਵ ਕੁਮਾਰ।
=ਕੀ ਮੁਹੱਬਤ ਦਾ ਸ਼ਹਿਰ ਹੈ ਉਸ ਬਿਨਾਂ,
ਪਿਆਰ ਦਾ ਸਿਰਤਾਜ ਹੈ ਸੀ ਸ਼ਿਵ ਕੁਮਾਰ।
=ਸੀ ਉਹ ਲੂਣਾ ਦੇ ਨੇਹੁੰ ਦਾ ਤਰਜਮਾਨ,
ਹੀਰ ਦਾ ਵੈਰਾਗ਼ ਹੈ ਸੀ ਸ਼ਿਵ ਕੁਮਾਰ।
=ਮੌਤ ਨੂੰ ਵਰਦਾਨ ਹੈ ਸੀ ਸਮਝਦਾ,
ਮੌਤ ਲਈ ਬੇਤਾਬ ਹੈ ਸੀ ਸ਼ਿਵ ਕੁਮਾਰ।
=ਗ਼ੀਤ ਉਹਦੇ ਅਮਰ ਰਹਿਣੇ ਨੇ ਸਦਾ,
ਗ਼ੀਤ ਦੀ ਆਵਾਜ਼ ਹੈ ਸੀ ਸ਼ਿਵ ਕੁਮਾਰ।
=ਲੰਡਨ ਵਿਚ ਲੁੱਟੇ ਮੁਸ਼ਇਰੇ ਓਸ ਨੇ,
ਸ਼ਾਇਰੇ-ਉਸਤਾਦ ਹੈ ਸੀ ਸ਼ਿਵ ਕੁਮਾਰ।
=ਉਹ ਗਿਆ ਸ਼ਾਇਰੀ 'ਚ ਨ੍ਹੇਰਾ ਛਾ ਗਿਆ,
''ਸਾਥੀ'' ਇਕ ਚਿਰਾਗ਼ ਹੈ ਸੀ ਸ਼ਿਵ ਕੁਮਾਰ।

E mail: drsathi@hotmail.co.uk

07/05/2012


 
 

ਨਜ਼ਮ :
ਆਤੰਕਵਾਦੀ ਕਵਿਤਾ
ਸੁਖਿੰਦਰ

ਮੰਡੀ ਯੁਗ ਨੇ
ਬਹੁਤ ਕੁਝ, ਉੱਥਲ-ਪੁੱਥਲ
ਕਰ ਦਿੱਤਾ ਹੈ-

ਦਰਿਆਵਾਂ ਦੇ ਨਿਰਮਲ ਪਾਣੀ
ਜ਼ਹਿਰੀਲੇ ਬਣ ਗਏ ਹਨ
ਧਰਤੀ ‘ਚੋਂ ਸੋਨੇ ਵਰਗੀਆਂ
ਫਸਲਾਂ ਉਗਾਣ ਵਾਲੇ, ਕਿਸਾਨ
ਨਿਤ, ਖੁਦਕੁਸ਼ੀਆਂ ਕਰ ਰਹੇ ਹਨ
ਧਾਰਮਿਕ ਸਥਾਨ, ਕਾਤਲਾਂ ਦੇ
ਡੇਰੇ ਬਣ ਚੁੱਕੇ ਹਨ
ਟੈਲੀਵੀਜ਼ਨ ਸਕਰੀਨਾਂ ਉੱਤੇ
ਸਭਿਆਚਾਰਕ ਗੀਤਾਂ ਦੇ ਨਾਮ ਹੇਠ
ਲੱਚਰਤਾ ਵੇਚੀ ਜਾਂਦੀ ਹੈ
ਪੱਤਰਕਾਰੀ, ਚਾਪਲੂਸੀ ਦੀਆਂ
ਨਵੀਆਂ ਸਿਖਰਾਂ ਛੁਹ ਕੇ, ਦੱਲੇਬਾਜ਼ੀ
ਦੇ ਧੰਧੇ ਵੱਲ ਵੱਧ ਰਹੀ ਹੈ
ਕਿਸੇ ਰਾਜਨੀਤੀਵਾਨ ਦਾ ਕੱਦ, ਹੁਣ
ਇਸ ਗੱਲ ਨਾਲ ਮਾਪਿਆ ਜਾਂਦਾ ਹੈ
ਕਿ ਉਸ ਦੀ ਪਿੱਠ ਉੱਤੇ
ਕਿੰਨੇ ਡਰੱਗ ਸਮਗਲਰ ਖੜ੍ਹੇ ਹਨ
ਪੰਜਾਬੀਆਂ ਦੀ ਖੇਡ, ਕਬੱਡੀ
ਮਿਹਨਤ ਨਾਲ ਬਣਾਏ ਜੁੱਸਿਆਂ ਦੀ
ਪ੍ਰਦਰਸ਼ਨੀ ਕਰਨ ਦੀ ਥਾਂ, ਕਾਬੁਲ
ਕੰਧਾਰ, ਕਰਾਚੀ, ਲਾਹੌਰ, ਅਮਰਤਸਰ ਤੋਂ
ਚਰਸ, ਕਰੈਕ, ਕੁਕੇਨ, ਅਫੀਮ, ਸਪੀਡ
ਟੋਰਾਂਟੋ, ਵੈਨਕੂਵਰ, ਕੈਲਗਰੀ, ਨਿਊਯਾਰਕ
ਪਹੁੰਚਾਉਣ ਦਾ, ਢੁੱਕਵਾਂ ਮਾਧਿਅਮ
ਬਣ ਕੇ ਰਹਿ ਗਈ ਹੈ

ਮੰਡੀ ਯੁਗ ਨੇ
ਬਹੁਤ ਕੁਝ, ਉੱਥਲ-ਪੁੱਥਲ
ਕਰ ਦਿੱਤਾ ਹੈ-

ਮਕਾਰ ਵਿਉਪਾਰੀ, ਦੇਸ-ਬਦੇਸ ਦੀਆਂ ਸੁੰਦਰੀਆਂ
ਮਾਡਲਿੰਗ ਦੇ ਨਾਮ ਉੱਤੇ, ਰੰਡੀ ਬਜ਼ਾਰਾਂ ਦੇ
ਕੋਠਿਆਂ ਉੱਤੇ, ਧੰਧਾ ਕਰਨ ਲਈ
ਲਿਆ ਬਿਠਾਲਦੇ ਹਨ
ਐਮ.ਏ, ਐਮ.ਫਿਲ, ਪੀਐਚ.ਡੀ. ਦੇ ਥੀਸਸ
ਮੰਡੀ ਦੀਆਂ ਵਸਤਾਂ ਵਾਂਗ, ਲੱਖ, ਦੋ ਲੱਖ
ਤਿੰਨ ਲੱਖ, ਰੁਪਏ ‘ਚ ਵਿਕਦੇ ਹਨ
ਅਲਟਰਾ ਸਾਊਂਡ ਇਮੇਜ ਸਕੈਨ ਸੈਂਟਰ
ਹੋਣ ਵਾਲੇ ਬੱਚੇ ਦਾ ਲਿੰਗ
ਦਸਣ ਦੇ ਬਹਾਨੇ, ਮਾਵਾਂ ਦੇ
ਪੇਟ ਵਿੱਚ ਹੀ, ਧੀਆਂ ਦਾ
ਕਤਲ ਕਰਨ ਲਈ
ਮਾਪਿਆਂ ਨੂੰ ਉਕਸਾਂਦੇ ਹਨ
ਸਾਹਿਤਕ ਇਨਾਮਾਂ-ਸਨਮਾਨਾਂ ਦੀ ਵੰਡ
ਸਾਹਿਤਕ ਮਾਫੀਆ ਲੱਠਮਾਰਾਂ ਦੇ
ਹੱਥਾਂ ਵਿੱਚ, ਮਹਿਜ਼
ਕੱਠਪੁਤਲੀ ਬਣ ਕੇ
ਰਹਿ ਗਈ ਹੈ

ਮੰਡੀ ਯੁਗ ਨੇ
ਬਹੁਤ ਕੁਝ, ਉੱਥਲ-ਪੁੱਥਲ
ਕਰ ਦਿੱਤਾ ਹੈ-

ਪਰ, ਕਵਿਤਾ
ਸਾਡੇ ਸਮਿਆਂ ਦੇ ਹਾਣ ਦੀ
ਬਨਣ ਲਈ
ਸਮੀਖਿਆਕਾਰਾਂ, ਆਲੋਚਕਾਂ ਦੀਆਂ
ਉਂਗਲਾਂ ਉੱਤੇ ਨੱਚਦੀ ਹੋਈ
ਦਿਸ਼ਾਹੀਨ ਹੋ, ਦੇਹ-ਸ਼ਾਸਤਰ ਦਾ
ਗਹਿਰ-ਗੰਭੀਰ, ਅਧਿਐੱਨ
ਕਰਨ ਵਿੱਚ ਲੀਨ ਹੈ

(ਮਾਲਟਨ, ਮਈ 5, 2012)

Sukhinder, Editor: SANVAD, Box 67089, 2300 Yonge St,
Toronto ON M4P 1E0 Canada
Tel. (416) 858-7077 
Email:
poet_sukhinder@hotmail.com

07/05/2012


 
 

ਬਿਜਲੀ
ਅਜੀਤ ਸਿੰਘ ਭਮਰਾ, ਫਗਵਾੜਾ

ਆ ਗਈ! ਆ ਗਈ!! ਆ ਗਈ!!!
ਅਕਸਰ ਹਰ ਇਕ ਦੇ ਮੁਹੋਂ ਨਿਕਲ ਜਾਂਦਾ ਹੈ ,
ਪਰ ਕੌਣ ? ਮੇਰਾ ਖ਼ਿਆਲ ਹੈ ,ਵਿਚਾਰੀ ਬਿਜਲੀ !
ਸ਼ਾਇਦ ਇਕ ਕੁੜੀ ਦਾ ਨਾਂ ਹੈ ਬਿਜਲੀ
ਕਿਸੇ ਦੀ ਭੂਆ, ਕਿਸੇ ਦੀ ਮਾਸੀ ,
ਕਿਸੇ ਦੀ ਲਗਦੀ ਸਾਲੀ ਵਿਜਲੀ !
ਬਿਨ ਬਿਜਲੀ ਹੈ ਜਗ ਹਨੇਰਾ ,
ਰਬ ਦੀ ਰਾਜ ਦੁਲਾਰੀ ਬਿਜਲੀ !
ਦੁਨੀਆਂ ਦੇ ਜੀਵਨ ਦੀ ਦਾਸੀ ,
ਸਚਮੁਚ ਪਰਉਪਕਾਰੀ ਬਿਜਲੀ !
ਉਹ ਵੇਖੋ ਪਿਆ ਲਾਟੂ ਜਗੇ ,
ਜਗ ਰਿਹੀ ਹੈ ਪਿਆਰੀ ਬਿਜਲੀ !
ਸਾਲਾ! ਬੁਝ ਗਿਆ, ਮੁਆਫ਼ ਕਰਨਾ ,
ਰੁਸ ਗਈ ਸਰਕਾਰੀ ਬਿਜਲੀ !
ਲਗਦੈ ਬਲਬ ਫ਼ਿਉਜ ਹੋ ਗਿਆ ,
ਕੜਕ ਪਈ ਹਤਿਆਰੀ ਬਿਜਲੀ !
ਸ਼ਾਇਦ ਡੈਮ ਚੌਂ ਪਾਣੀ ਘਟ ਗਿਆ ,
ਕਿਉਂਕੀ ਬਰਫ਼ ਨਹੀ ਦੁਖ਼ਿਆਰੀ ਪਿਘਲੀ !
ਗਈ ! ਹਾਏ !! ਚਲੀ ਗਈ ,
ਚਾਨਣ ਦੇ ਨਾਲ ਨਸ ਗਈ ਬਿਜਲੀ ,
ਚਾਲੂ ਕਰ ਲਓ ਦਿਲ ਦਾ ਜਨਰੇਟਰ ,
ਸਭ ਦੇ ਮਨ ਵਿਚ ਵਸ ਗਈ ਬਿਜਲੀ !

20/05/2012

 
 

ਵਲੈਤੀ - ਭਾਬੀ
ਅਜੀਤ ਸਿੰਘ ਭੰਮਰਾ , ਫਗਵਾੜਾ

ਗਲੀ ਅਸਾਡੀ ਰੌਲਾ ਪੈ ਗਿਆ ,
ਵਲੈਤੋਂ ਆਈ ਵਲੈਤੀ ਭਾਬੀ !
ਕਾਲੀ ਚੁਨੀ ਤਾਰਿਆਂ ਵਾਲੀ ,
ਲਿਸ਼ਕੇ ਉਸਦਾ ਸੂਟ ਅਨਾਭੀ !
ਗੋਰੀਆਂ ਗੇਰੀਆਂ ਗਲਾਂ ਵਾਲੀ ,
ਬੁਲ ਉਸਦੇ ਸੁਰਖ਼ ਗੁਲਾਬੀ !
ਨੀਲੀਆਂ ਅੱਖ਼ਾਂ ਵਾਲ ਸੁਨਿਹਰੀ ,
ਚਹਿਕੇ ਜਿਵੇਂ ਕੋਈ ਮੁਰਗਾਬੀ !
ਕੋਈ ਉਸ ਨੂੰ ਫੁਲਝੜੀ ਕਹਿਂਦਾ ,
ਕੋਈ ਆਖਦਾ ਹਾਏ ਮਤਾਬੀ !
ਤੋਰ ਉਸਦੀ ਮੇਮਾਂ ਵਰਗੀ ,ਪਰ
ਨਖ਼ਰਾ ਉਸਦਾ ਨਿਰਾ ਪੰਜਾਬੀ !
ਵਿੰਡੌ ਵਿਚ ਬਹਿ ਕੇ ਪੀਪਲ ਵੇਖੇ ,
ਬੁਕਾਂ ਪੜਨੀਆਂ ਉਸਦੀ ਹਾਬੀ !
ਹਰ ਗਲ ਪਿਛੋਂ ਓ.ਕੇ. ਕਹਿਦੀ ,
ਕਹਿਦਾ ਜਿਵੇਂ ਹੇ ਕੋਈ ਸ਼ਰਾਬੀ !
ਗੁਡੀ ਵਾਂਗੂ ਨਾਚ ਦਿਖਾਵੇ ,
ਹਿਨਾ ਜਦ ਵੀ ਦਿੰਦਾ ਚਾਬੀ !
ਅਜੀਤ ਜ਼ਰਾ ਤੂੰ ਬਚ ਕੇ ਲੰਘੀ ,
ਹੋ ਨਾ ਜਾਏ ਕੋਈ ਖ਼ਰਾਬੀ !
ਗਲੀ ਅਸਾਡੀ ਰੋਲਾ ਪੈ ਗਿਆ ,
ਵਲੈਤੌ ਆਈ ਵਲੋਤੀ ਭਾਬੀ !

24/05/2012

 
 

ਦੋ ਤਾਰਾਂ
ਅਜੀਤ ਸਿ'ਘ ਭਮਰਾ ਫਗਵਾੜਾ

ਦੋ ਤਾਰਾਂ ਵਿਚੌਂ ਬਿਜਲੀ ਲੰਘੇ !
ਕੱਲੀ ਤਾਰ ਕਦੇ ਨਾ ਖੰਗੇ !
ਦੋ ਤਾਰਾਂ ਦਾ ਵੇਖੋ ਕਮਾਲ ,
ਹੈਲੋ ! ਹੈਲੋ !! ਭਾ ਜੀ ਕੀ ਹੈ ਹਾਲ !
ਦੋ ਤਾਰਾਂ ਨਾਲ ਟੀ ਵੀ ਚਲੇ ,
ਸਾਰੈ ਕਹਿਣ ਬਲੇ ਬਈ ਬਲੇ !
ਦੋ ਤਾਰਾਂ ਨਾਲ ਲਾਟੂ ਜਗਦਾ ,
ਹਰ ਪਾਸੇ ਚਾਨਣ ਡਰ ਕੋਈ ਨਾ ਲਗਦਾ !
ਦੋ ਤਾਰਾਂ ਨਾਲ ਕੰਮਪੀਉਟਰ ਚਲਦਾ,
ਈ ਮੇਲ ਜਾਂਦੀ ਪਤਾ ਨਾ ਲਗਦਾ !
ਦੋ ਤਾਰਾਂ ਨਾਲ ਚਲਦਾ ਏ ਸੀ ,
ਠੰਡ ਲਗਦੀ ਹੇ ਦੇਵੋ ਖ਼ੇਸੀ !
ਦੋ ਤਾਰਾਂ ਨਾਲ ਮੋਟਰ ਚਲਦੀ ,
ਮਸ਼ੀਨਾਂ ਚਲਣ ਦੇਰ ਨਾ ਲਗਦੀ !
ਜਦ ਇਹ ਤਾਰਾਂ ਲੁਕ ਛਿਪ ਜਾਵਣ ,
ਰੀਮੋਟ ਨਾਲ ਫਿਰ ਹੁਕਮ ਚਲਾਵਣ !
ਇਹ ਤਾਰਾਂ ਨੇ ਭੈਣਾਂ ਸਕੀਆਂ ,
ਕੋਲ ਰਹਿਣ ਪਰ ਹੋਣ ਨਾ ਕਠੀਆਂ !
ਭੁਲ ਭੁਲੇਖ਼ੇ ਜੇ ਜ਼ਫੀ ਪਾਉਣ ,
ਮਾਰ ਚਮਕਾਰੇ ਫ਼ੀਉਜ ਉਡਾਉਣ !
ਇਕ ਠੰਡੀ ਦੁਜੀ ਗਰਮ ਹੇ ਤਾਰ ,
ਬਚ ਕਿ ਰਹਿਣਾ ਬਰਖ਼ੁਰਦਾਰ !
ਇਕ ਠੰਡੀ ਦੁਜੀ ਗਰਮ ਹੇ ਤਾਰ ,
ਬਚ ਕੇ ਰਹਿਣਾ ਮੇਰੇ ਯਾਰ !

22/05/2012

ਦੁਖ਼ੀ
ਅਜੀਤ ਸਿ'ਘ ਭਮਰਾ ਫਗਵਾੜਾ

ਇਸ ਸੰਸਾਰ ਵਿਚ ਸ਼ਾਇਦ ਸਭ ਤੌਂ ਜ਼ਿਆਦਾ ਦੁਖ਼ੀ ਕੇਵਲ ਬਰਫ਼ ਹੈ ! ਕਿਉਂਕਿ , ਬਰਫ਼ ਬਾਂਝ ਹੈ , ਅਤੇ ਜਦੋ ਵੀ ਬਰਫ਼ ਨੂੰ ਆਪਣੇ ਦੁਖ਼ਾਂ ਦੀ ਪੀੜ ਦਾ ਅਹਿਸਾਸ ਹੁੰਦਾ ਹੈ ਤਾਂ ਉਸਦੇ ਅੱਥਰੂ ਦਰਿਆ ਬਣ ਵਹਿ ਤੁਰਦੇ ਹਨ , ਬਰਫ਼ ਦੀਆਂ ਦਰਦ ਭਰੀਆ' ਬੂੰਦਾ' ਵਿਚ :

 
 

ਅਮ੍ਰਿੰਤ ਹੈ ! ਮਿਠਾਸ ਹੈ !!
ਜੀਵਨ ਹੈ ! ਜਵਾਨੀ ਹੈ !!
ਸ਼ਕਤੀ ਹੈ ! ਮਸਤੀ ਹੈ !!
ਸ਼ਾਤੀ ਹੈ ! ਕ੍ਰਾਂਤੀ ਹੈ !!
ਗੰਗਾ ਹੈ ! ਜਮਨਾ ਹੈ !!
ਸਤਲੁਜ ਹੈ ! ਬਿਆਸ ਹੈ !!
ਉਮੰਗ ਹੈ ! ਤਰੰਗ ਹੈ !!
ਫ਼ੁਹਾਰ ਹੈ ! ਨੁਹਾਰ ਹੈ !!
ਮੰਜ਼ਿਲ ਹੈ ! ਮੰਝਧਾਰ ਹੈ !!
ਤੀਰਥ ਹੈ ! ਇਸ਼ਨਾਨ ਹੈ !!
ਪਵਿਤਰਤਾ ਹੈ ! ਪਿਆਰ ਹੈ !!
ਏਸੇ ਲਈ ਬਰਫ਼ ਵਿਚਾਰੀ ,
ਲਗਦੀ ਹੈ ਕੋਈ ਦੁਖ਼ਿਆਰੀ !!

11/05/2012

ਕਰਫ਼ਿਉ
ਅਜੀਤ ਸਿੰਘ ਭਮਰਾ, ਫਗਵਾੜਾ

ਹਰ ਪਾਸੇ ਚੁਪ-ਚਾਪ ਹੇ ਛਾਈ , ਨਾ ਕੋਈ ਉਡਦੀ ਡਾਰ ਹੀ ਦਿਸੇ !
ਨਾ ਕੋਈ ਆਵੇ , ਨਾ ਕੋਈ ਜਾਵੇ , ਨਾ ਕੋਈ ਮੋਟਰ ਕਾਰ ਹੀ ਦਿਸੇ !
ਬਦਲ ਗਿਆ ਮੌਸਮ ਹੇ ਸ਼ਾਇਦ , ਖਿੜੀ ਕੋਈ ਗੁਲਜ਼ਾਰ ਨਾ ਦਿਸੇ !
ਸਾਰਾ ਸ਼ਹਿਰ ਬੀਮਾਰ ਹੇ ਲਗਦਾ , ਕੋਈ ਨਾ ਵੇਚਦਾ ਅਨਾਰ ਹੀ ਦਿਸੇ !
ਨਾ ਕੋਈ ਹਾਲੀ , ਨਾ ਪੰਜਾਲੀ , ਨਾ ਆਉਦੀ ਮੁਟਿਆਰ ਹੀ ਦਿਸੇ !
ਇਹ ਕੀ ਹੋਇਆ , ਮੇਰਾ ਮਨ ਪੁਛੇ , ਚੁਪ ਖੜੀ ਸਰਕਾਰ ਹੀ ਦਿਸੇ !
ਸਾਰਾ ਜਗ ਨਿਰਮੋਹੀ ਹੋਇਆ , ਕੋਈ ਨਾ ਕਰਦਾ ਪਿਆਰ ਹੀ ਦਿਸੇ !
ਨਦੀ ਕਿਨਾਰੇ ਕਾਫ਼ੀ ਹਨ ਕਿਸ਼ਤੀਆਂ, ਲੇਕਿਨ ਕੋਈ ਪਤਵਾਰ ਨਾ ਦਿਸੇ !
ਤੇਤੀ ਕਰੌੜ ਦੇਵਤੇ ਹਨ ਸ਼ਾਇਦ, ਅਜੀਤ ਨੂੰ ਕੋਈ ਅਵਤਾਰ ਨਾ ਦਿਸੇ !

29/04/2012


ਪ੍ਰਭਜੋਤ ਕੌਰ ਗਿੱਲ
 
 

ਜਿੱਤ ਤੇ ਹਾਰ
ਪ੍ਰਭਜੋਤ ਕੌਰ ਗਿੱਲ
(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)

ਸਿੱਖਿਆ ਰੁਲਦੀ ਵਿਚ ਬਜ਼ਾਰ ਦੇ,
ਕਿਸਾਨ ਥੱਲੇ ਆਏ ਕਰਜ਼ੇ ਦੀ ਮਾਰ ਦੇ,
ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ,
ਕੀ ਕਹਿਣੇ ਉਸ ਸਰਕਾਰ ਦੇ,
ਜਿਹੜੀ ਨਾਅਰੇ ਲਾਵੇ,
ਉਦਾਰਵਾਦ ਤੇ ਸਵਤੰਤਰ ਵਿਸ਼ਵ-ਵਪਾਰ ਦੇ,
ਰੋਟੀ ਕਪੜਾ ਮਕਾਨ ਮੁੱਖ ਜ਼ਰੂਰਤ ਹੈ,
ਸਾਡੇ ਲਈ ਕੀ ਮਾਇਨੇ ਜਿੱਤ ਅਤੇ ਹਾਰ ਦੇ……….

ਸ਼ਾਇਰਾਂ ਦੀ ਸਰਕਾਰ
ਪ੍ਰਭਜੋਤ ਕੌਰ ਗਿੱਲ
(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)

ਰੱਬਾ ਸ਼ਾਇਰਾਂ ਦੀ ਇਕ ਸਰਕਾਰ ਹੋਵੇ,
ਸਤਾ ਦੀ ਕੁਰਸੀ ਦਾ, ਕੋਈ ਸ਼ਾਇਰ ਵੀ ਹੱਕਦਾਰ ਹੋਵੇ,
ਕਾਵਿ-ਸੰਗ੍ਰਹਿ ਹੋਵੇ ਸਵਿਧਾਨ ਦਾ ਰੂਪ,
ਤੇ ਹਰ ਕਾਵਿਕ ਲਫਜ਼ ਕਾਨੂੰਨਾਂ ਦਾ ਪਹਿਰੇਦਾਰ ਹੋਵੇ,
ਕਲਾਮਾਂ ਨੂੰ ਮਿਲੇ ਖਾਸ ਦਰਜਾ ਤੇ ਅੱਖਰਾਂ ਦਾ ਸਤਿਕਾਰ ਹੋਵੇ,
ਸਾਰੇ ਵਿਭਾਗਾ ‘ਚ ਲਿਖਤਾਂ ਕਰਨ ਕਾਰਜ,
ਤੇ ਸਾਇਰਾਨਾਂ ਕਾਰ-ਵਿਹਾਰ ਹੋਵੇ,
ਜਾਗਰੂਕਤਾ ਹੋਵੇ ਹਰ ਮਨ ਅੰਦਰ, ਹਰ ਇਕ ਕੋਲ ਹਰ ਅਧਿਕਾਰ ਹੋਵੇ,
‘ਪ੍ਰਭ’ ਸਾਸ਼ਕ ਸਾਹਿਤ ਤੇ ਸ਼ਾਸ਼ਿਤ ਸਾਹਿਤਕਾਰ ਹੋਵੇ…….

31/03/2012


5_cccccc1.gif (41 bytes)

>> 1 2 3 4 5 6               hore-arrow1gif.gif (1195 bytes)

Terms and Conditions
Privacy Policy
© 1999-2012, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi.com