WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਫਿਲਮ ਵੀਰ ਜ਼ਾਰਾ ਰਾਹੀਂ ਭਾਰਤ ਪਾਕਿਸਤਾਨ ਮਿੱਤਰਤਾ ਨੂੰ ਉਤਸ਼ਾਹ
- ਮਾਸਟਰ ਮੋਹਨ ਲਾਲ

ਰੰਗ ਬਿਰੰਗੀਆਂ ਤਿਤਲੀਆਂ, ਗੂੰਜਦੇ ਭੰਵਰਿਆਂ, ਵਗਦੇ ਦਰਿਆਵਾਂ, ਕਲ ਕਲ ਕਰਦੇ ਝਰਨਿਆਂ, ਸੁੰਦਰ ਕਵਿਤਾਵਾਂ, ਦਿਲ਼ਖਿਚਵੀਆਂ ਪੇਂਟਿੰਗਜ਼, ਸੁੰਦਰ ਚਿਹਰਿਆਂ ਤੇ ਮਧੁਰ ਫਿਲਮਾਂ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ। ਮੇਰੀਆਂ ਇਨ੍ਹਾਂ ਹੀ ਕਮਜ਼ੋਰੀਆਂ ਨੂੰ ਤਾੜਦਿਆਂ ਇਕ ਦਿਨ ਫੋਨ ਦੀ ਘੰਟੀ ਵੱਜੀ। ਆਵਾਜ਼ ਜਾਣੀ ਪਛਾਣੀ ਪਰ ਭੁਲੀ ਜਿਹੀ ਲੱਗੀ। ਫੋਨ ਕਾਲਜ ਦੀ ਮੇਰੀ ਇਕ ਮਿੱਤਰ ਦਾ ਸੀ ਜਿਸ ਨੇ ਮੇਰੀਆਂ ਉਪਰੋਕਤ ਕਮਜ਼ੋਰੀਆਂ ਕਾਰਨ ਦਿਲੀ ਆਉਣ ਦਾ ਸਦਾ ਦਿਤਾ। ਉਸ ਨੇ ਆਪਣੀ ਬੇਟੀ ਬੇਟੇ ਤੇ ਨੂੰਹ ਨਾਲ ਮੈਨੂੰ ਵੀਰ ਜ਼ਾਰਾ ਦਿਖਾਉਣ ਦੀ ਗੁਜਾਰਿਸ਼ ਕੀਤੀ ਜਿਸ ਨੂੰ ਮੈਂ ਠੁਕਰਾ ਨਾ ਸਕਿਆ।

ਤਿੰਨ ਘੰਟਿਆਂ ਦੀ ਫਿਲਮ ਵਿਚ ਸਮਾਂ ਜਿਵੇਂ ਠਹਿਰ ਜਿਹਾ ਗਿਆ। ਵੀਰ ਜ਼ਾਰਾ ਦੇਖੀ। ਚੰਗੀ ਲੱਗੀ। ਜ਼ਮਾਨਾ ਬੀਤ ਗਿਆ ਫਿਲਮਾਂ ਦੇਖਿਆਂ। ਪਤਾ ਨਹੀਂ ਅਜ ਦੀਆਂ ਫਿਲਮਾਂ ਨੂੰ ਕੀ ਹੋ ਗਿਆ ਹੈ। ਨਾ ਰਸ, ਨਾ ਕਹਾਣੀ, ਨਾ ਗੀਤ ਸੰਗੀਤ। ਗੀਤ ਸੰਗੀਤ ਅਜਿਹਾ ਕਿ ਕੰਨਾਂ ਵਿਚ ਉਂਗਲੀ ਦੇਣੀ ਪਵੇ ਤੇ ਫਿਲਮੀ ਹੀਰੋਇਨਾਂ ਵੀ ਅਜਿਹੀਆਂ ਕਿ ਮੇਰੇ ਵਰਗਾ ਆਦਮੀ ਪਛਾਣ ਹੀ ਨਾ ਸਕੇ ਕਿ ਮੱਲਿਕਾ ਸ਼ੇਰਾਵਤ ਕੌਣ ਹੈ ਜਾਂ ਬਿਪਾਸ਼ਾ ਬਸੂ ਕੋਣ। ਇਕੋ ਜਿਹਾ ਕਦ ਕਾਠ, ਇਕੋ ਜਿਹੇ ਨੈਣ ਨਕਸ਼। ਉਪਰੋਂ ਅਜ ਦੀ ਹੀਰੋਇਨਾਂ ਨੂੰ ਕਪੜਿਆਂ ਤੋਂ ਵੀ ਚਿੜ੍ਹ ਹੈ। ਪੂਰੀ ਤਰ੍ਹਾਂ ਬਿੰਦਾਸ। ਇਨ੍ਹਾਂ ਵਿਚੋਂ ਕਿਹੜੀ ਪ੍ਰਿੰਟੀ ਜ਼ਿੰਟਾ, ਕਿਹੜੀ ਮਹਿਮਾ ਚੌਧਰੀ ਜਾਂ ਕਿਹੜੀ ਰਾਣੀ ਮੁਖਰਜੀ ਹੈ, ਮੇਰੇ ਵਰਗਾ ਦਰਸ਼ਕ ਪਛਾਣਦਾ ਹੀ ਨਹੀਂ। ਹੀਰੋਇਨਾਂ ਹੀ ਕਿਉਂ, ਹੀਰੋ ਸਲਾਮਾਨ ਖਾਨ, ਅਕਸ਼ੈ ਕੁਮਾਰ ਤੇ ਰਿਤਿਕ ਰੌਸ਼ਨ ਆਪਣੇ ਆਪਣੇ ਨੰਗੇ ਸ਼ਰੀਰਾਂ ਨੂੰ ਦੇਖ ਕੇ ਆਪ ਹੀ ਸ਼ਰਮਾਉਂਦੇ ਜਿਹੇ ਰਹਿੰਦੇ ਹਨ ਤੇ ਅਸੀਂ ਠਹਿਰੇ ਨਰਗਿਸ, ਮਧੂ ਬਾਲਾ, ਮੀਨਾ ਕੁਮਾਰੀ, ਵੈਜੰਤੀ ਮਾਲਾ ਤੇ ਵਹੀਦਾ ਰਹਿਮਾਨ ਦੇ ਦੀਵਾਨੇ। ਕੀ ਕਮਾਲ ਦੀ ਹੀਰੋਇਨਾਂ ਸਨ, ਜਿਵੇਂ ਇਸ਼ਕ ਦੇ ਦਰਿਆ ਵਿਚ ਨਹਾ ਕੇ ਆਈਆਂ ਹੋਣ। ਇਨ੍ਹਾਂ ਸਾਹਮਣੇ ਹੀਰੋ ਜ਼ਰੂਰ ਕਾਮਦੇਵ ਦਾ ਰੂਪ ਲਗਦੇ ਸਨ। ਦਲੀਪ ਕੁਮਾਰ, ਰਾਜਕਪੂਰ ਤੇ ਦੇਵਾਨੰਦ ਵਰਗੇ ਹੀਰੋ ਹਮੇਸ਼ਾ ਪਰਦੇ ਉਤੇ ਹਸਦੇ ਹਸਾਉਂਦੇ ਤੇ ਰੁਆਉਂਦੇ ਰਹਿੰਦੇ।  ਤਿੰਨੋ ਇਸ਼ਕ ਦੇ ਸੌਦਾਗਰ। ਦਲੀਪ ਕੁਮਾਰ ਦਾ ਵਪਾਰ ਸੀ ਹੰਜੂ ਤੇ ਹਾਵਾਂ ਅਤੇ ਰਾਜਕਪੂਰ ਸਨ ਮਸਖਰੇਪਣ ਵਿਚ ਦਰਦ ਸਮੇਟਣ ਵਾਲੇ ਤੇ ਦੇਵ ਆੰਦ ਸਨ ਆਸਾਂ ਨਾਲ ਦਰਸ਼ਕਾਂ ਨੂੰ ਸਾਰੋਬਾਰ ਕਰਨ ਵਾਲੇ। ਇਨ੍ਹਾਂ ਦਾ ਜ਼ਮਾਨਤ ਕੀ ਬੀਤਿਆ ਮੰਨੋ ਜਿਵੇਂ ਸਾਰੀ ਫਿਲਮ ਨਗਰੀ ਦੀਵਾਲੀਆ ਹੋ ਗਈ, ਕਿਉਂਕਿ ਅਜ ਦੀ ਫਿਲਮਾਂ ਵਿਚ ਨਾ ਗੀਤ ਸੰਗੀਤ ਹੈ ਨਾ ਕਹਾਣੀ। ਸਭ ਕੁਝ ਦਮਾਦਮ ਮਸਤ ਕਲੰਦਰ ਹੈ ਤੇ ਫਿਰ ਅਜਿਹੇ ਦੌਰ ਵਿਚ ਯਸ਼ ਚੋਪੜਾ ਦੀ ਵੀਰ ਜ਼ਾਰਾ ਵਰਗੀ ਮਿਠੀ ਜਿਹੀ ਫਿਲਮ ਦਰਸ਼ਕਾਂ ਨੂੰ ਗੁਦਗੁਦਾ ਜਾਵੇ ਤਾਂ ਹੈਰਾਨੀ ਨਹੀਂ। ਆਪਣੇ ਮਿੱਤਰ ਯਸ਼ ਚੋਪੜਾ ਦਾ ਧੰਨਵਾਦ। ਮੇਰੀ ਦਿਲੀ ਤਮੰਨਾ ਸੀ ਕਿ ਆਪਣੇ ਮੰਤਰੀ ਹੁੰਦਿਆਂ ਪੰਜਾਬ ਦੀ ਦੋ ਮਹਾਨ ਹਸਤੀਆਂ ਸ੍ਰੀ ਬੀ ਆਰ ਚੋਪੜਾ ਤੇ ਦੇਵ ਆਨੰਦ ਨੂੰ ਪੰਜਾਬ ਦੀ ਕਿਸੇ ਇਕ ਯੂਨੀਵਰਿਸਟੀ ਵਲੋਂ ਫਿਲਮਾਂ ਵਿਚ ਇਨ੍ਹਾਂ ਦੋਹਾਂ ਦੇ ਪਾਏ ਯੋਗਦਾਨ ਲਈ ਡਾਕਟਰੇਟ ਦੀ ਡਿਗਰੀਆਂ ਨਾਲ ਸਨਮਾਤਨ ਕਰਵਾਵਾਂ ਪਰ ਸਮੇਂ ਦੀ ਕਮੀ ਕਾਰਨ ਅਜਿਹਾ ਨਹੀਂ ਹੋਇਆ। ਇਸ ਦਾ ਅਫਸੋਸ ਤਾਂ ਰਹੇਗਾ ਹੀ ਫਿਰ ਵੀ ਪੰਜਾਬ ਸਰਕਾਰ ਨੇ ਵੀਰ ਜ਼ਾਰਾ ਫਿਲਮ ਨੂੰ ਮਨੋਰੰਜਨ ਟੈਕਸ ਤੋਂ ਮੁਕਤ ਕਰ ਕੇ ਆਪਣੀ ਉਦਾਰਤਾ ਦਾ ਸਬੂਤ ਦਿਤਾ ਹੈ।

ਉਹ ਵੀ ਕੀ ਜ਼ਮਾਨਾ ਸੀ

ਸੰਨ 1950 ਤੋਂ 1970 ਦੇ 20 ਸਾਲ ਦਾ ਸਮਾਂ ਫਿਲਮੀ ਦੁਨੀਆ ਦਾ ਸੁਨਹਿਰੀ ਕਾਲ ਅਖਵਾਏਗਾ। ਇਨ੍ਹਾਂ ਦੇ ਦਹਾਕਿਆਂ ਵਿਚ ਫਿਲ਼ਮਾਂ ਕ੍ਰਾਂਤੀਕਾਰੀ, ਸਮਾਜ ਵਿਚ ਪਰਿਵਰਤਨ ਲਿਆਉਣ ਵਾਲੀਆਂ ਹੁੰਦੀਆਂ ਸਨ। ਉਦਾਹਰਣ ਵਜੋਂ ਵਿਮਲ ਰਾਏ ਦੀ ਫਿਲਮ ਦੀ ਵਿਗਾ ਜ਼ਮੀਨ, ਮਹਿਬੂਬ ਖਾਨ ਦੀ ਮਦਰ ਇੰਡੀਆ ਤੇ ਦਲੀਪ ਕੁਮਾਰ ਦੀ ਫਿਲਮ ਗੰਗਾ ਯਮੁਨਾ ਨੇ ਵੇਲੇ ਦੇ ਸਮਾਜ ਦੀ ਸ਼ਾਹੂਕਾਰੀ ਤੇ ਸਾਮੰਤਸ਼ਾਹੀ ਉਤੇ ਕਰਾਰ ਹਮਲਾ ਕੀਤਾ। ਫਿਲਮ  ਪੈਗਾਮ ਤੇ ਨਯਾ ਦੌਰ ਨੇ ਵਧਦੇ ਮਸ਼ੀਨੀਕਰਨ ਦਾ ਵਿਰੋਧ ਕੀਤਾ ਸੀ। ਇਨ੍ਹਾਂ ਹੀ ਫਿਲਮਾਂ ਵਿਚੋਂ ਛੋਟੀਆਂ ਛੋਟੀਆਂ ਯੂਨੀਅਨਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੁ ਹੋਈ। ਵਕਤ, ਸੰਗਮ, ਉਪਕਾਰ, ਹਮ ਦੋਨੋਂ, ਮੁਗਲ ਏ ਆਜ਼ਮ, ਗਾਈਡ ਅਤੇ ਦਿਲ ਏਕ ਮੰਦਰ ਵਰਗੀਆਂ ਫਿਲਮਾਂ ਨੇ ਸਮਾਜ ਨੂੰ ਗੁਦਗੁਦਾਇਆ। ਜ਼ਰੂਰ ਹੀ ਉਹ ਦੌਰ, ਉਹ ਲੋਕ ਤੇ ਉਹ ਦਰਸ਼ਕ 70 ਦੇ ਦਹਾਕੇ ਤੋਂ ਬਾਅਦ ਖਤਮ ਹੀ ਹੋ ਗਏ। ਇਨਾਂ ਦੋ ਦਹਾਕਿਆਂ ਦੀਆਂ ਫਿਲਮਾਂ ਵਿਚ ਸੀ ਪੈਥੋਸ ਮਿਠਾਸ। ਫਿਲਮਾਂ ਦਾ ਹੌਲੀ ਹੌਲੀ ਅਗੇ ਵਧਣਾ ਤੇ ਸਹਿਜਤਾ ਨਾਲ ਦਰਸ਼ਕਾਂ ਨੂੰ ਆਪਣੇ ਨਾਲ ਮਿਲਾ ਲੈਣਾ। ਇਸ ਤੋਂ ਬਾਅਦ 70 ਦਾ ਦਹਾਕਾ ਕੀ ਬੀਤਿਆ। ਚੰਗੀਆਂ ਫਿਲਮਾਂ ਹੀ ਸਮਾਜ ਵਿਚੋਂ ਅਲੋਪ ਹੋ ਗਈਆਂ। ਟੀ ਵੀ ਨੇ ਵਧੀਆ ਤੋਂ ਵਧੀਆ ਸਿਨੇਮਾਘਰਾਂ ਨੂੰ ਮਲੀਆਮੇਟ ਕਰ ਦਿਤਾ। ਸਾਡੇ ਜ਼ਮਾਨੇ ਵਿਚ 20-20, 25-25 ਹਫਤੇ ਫਿਲਮਾਂ ਸਿਨੇਮਾਘਰਾਂ ਵਿਚ ਲਗੀਆਂ ਰਹਿੰਦੀਆਂ ਸਨ ਤੇ ਟਿਕਟ ਹੁੰਦੀ ਸੀ ਪੰਜ ਆਨੇ ਪਰ ਅਜ ਕਿਹੜੀ ਫਿਲਮ ਕਦੋਂ ਰਿਲੀਜ਼ ਹੋਈ ਤੇ ਕਦੋਂ ਪਰਦੇ ਤੋਂ ਉਤਰ ਗਈ, ਕਿਸੇ ਨੂੰ ਪਤਾ ਵੀ ਨਹੀਂ ਲਗਦਾ, ਨਾ ਹੀਰੋ ਯਾਦ ਰਿਹਾ ਨਾ ਹੀਰੋਇਨਾਂ, ਰਜਿੰਦਰ ਕੁਮਾਰ ਦਾ ਦੌਰ ਗਿਆ ਤਾਂ ਸ਼ੰਮੀ ਕਪੂਰ ਆ ਗਏ, ਸੰਮੀ ਕਪੂਰ ਗਏ ਤਾਂ ਧਰਮਿੰਦਰ ਤੇ ਫਿਰ ਦੌਰ ਆਇਆ ਰਾਜੇਸ਼ ਖੰਨਾ ਦਾ। ਅਮਿਤਾਭ ਬਚਨ ਦੇ ਆਉਣ ਦੇ ਨਾਲ ਹੀ ਸਾਰੇ ਸਿਤਾਰੇ ਪਰਦੇ ਤੋਂ ਗਾਇਬ ਹੋ ਗਏ। ਇਹ ਸਭ ਚਲਦਾ ਤਾਂ ਰਿਹਾ ਪਰ ਚੋਪੜਾ ਭਰਾਵਾਂ ਨੇ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਚੰਗੀਆਂ ਫਿਲਮਾਂ ਦਰਸ਼ਕਾਂ ਨੂੰ ਦਿੰਦੇ ਰਹੇ। ਇਸੇ ਦੀ ਇਕ ਨਵੀਂ ਉਦਾਹਰਣ ਹੈ, ਦਰਸ਼ਕਾਂ ਸਾਹਮਣੇ ਆਈ ਫਿਲਮ ਵੀਰ ਜ਼ਾਰਾ

ਵੀਰ-ਜ਼ਾਰਾ ਹੈ ਕੀ?

ਵੀਰ ਜ਼ਾਰਾ ਫਿਲਮ ਹੈ ਕੀ? ਪਤਾ ਨਹੀਂ ਇਹ ਕਿਸ ਯੁਗ ਦੇ ਲੋਕਾਂ ਦੀ ਕਹਾਣੀ ਹੈ। ਪਤਾ ਨਹੀਂ ਇਸ ਫਿਲਮ ਦੇ ਕਿਰਦਾਰ ਇਨਸਾਨਾਂ ਵਿਚ ਖੁਦਾ ਹਨ ਜਾਂ ਖੂਦਾ ਵਿਚ ਇਨਸਾਨ ਹਨ? ਇਸ  ਫਿਲਮ ਲਈ ਅਜ ਦਾ ਦਰਸ਼ਕ ਵੀ ਤਾੜੀਆਂ ਵਜਾਵੇਗਾ ਤੇ ਸਾਡੇ ਵਰਗੇ ਬੀਤੇ ਜ਼ਮਾਨੇ ਦੇ ਦਰਸਕ ਵੀ। ਵੀਰ ਜ਼ਾਰਾ ਦੇ ਕਥਾਨਕ ਨੂੰ ਦਰਸ਼ਕ ਸਲਾਹੁਣਗੇ ਕਥਾਨਕ, ਸੰਵਾਦ, ਗੀਤ ਸੰਗੀਤ ਤੇ ਐਕਟਿੰਗ ਵਿਚ ਇਹ ਫਿਲਮ ਬੇਜੋੜ ਹੈ। ਵੀਰ ਜ਼ਾਰਾ ਦਰਸ਼ਕ ਨੂੰ ਬੰਨ੍ਹ ਕੇ ਰਖਦੀ ਹੈ। ਨਾਇਕ ਹੈ ਹਵਾਈ ਫੌਜ ਦਾ ਅਫਸਰ ਵੀਰ ਪ੍ਰਤਾਪ ਸਿੰਘ, ਜੋ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਹਵਾਈ ਜਹਾਜ਼ ਉਡਾਉਂਦਾ ਹੈ। ਉਸ ਦੀ ਮੁਲਾਕਾਤ ਹੁੰਦੀ ਹ ਪਾਕਿਸਤਾਨ ਦੀ ਜ਼ਾਰਾ ਹਯਾਤ ਖਾਨ ਨਾਲ ਜੋ ਆਪਣੀ ਵਫਾਦਾਰ ਬੇਬੇ ਦੀ ਆਖਰੀ ਇਛਾ ਪੂਰੀ ਕਰਨ ਲਈ ਪੰਜਾਬ ਦੇ ਪ੍ਰਸਿਧ ਸਿਖ ਤੀਰਥ ਅਸਥਾਨ ਕੀਰਤਪੁਰ ਸਾਹਿਬ ਵਿਖੇ ਉਸ ਦੀਆਂ ਅਸਥੀਆਂ ਪ੍ਰਵਾਹ ਕਰਨ ਹਿੰਦੋਸਤਾਨ ਆਉਂਦੀ ਹੈ। ਹਾਦਸਾ ਹੁੰਦਾ ਹੈ ਕਿ ਜ਼ਾਰਾ ਹਯਾਤ ਖਾਨ ਦੀ ਬਸ ਪਲਟ ਜਾਂਦੀ ਹੈ ਤੇ ਉਸ ਦੀ ਜਾਨ ਵੀਰ ਪ੍ਰਤਾਪ ਸਿੰਘ ਬਚਾਉਂਦਾ ਹੈ। ਇਸੇ ਬਚਾਅ ਪ੍ਰਕਿਰਿਆ ਦੌਰਾਨ ਦੇ ਜਵਾਨ ਧੜਕਦੇ ਦਿਲ ਇਕ ਹੋ ਜਾਂਦੇ ਹਨ। 24 ਘੰਟਿਆਂ ਦਾ ਇਨ੍ਹਾਂ ਦੋ ਦੋਲਾਂ ਦਾ ਮੇਲ ਹੀ ਇਨ੍ਹਾਂ ਦੇ ਜੀਅ ਦਾ ਜੰਜਾਲ ਬਣ ਜਾਂਦਾ ਹੈ। ਵੀਰ ਪ੍ਰਤਾਪ ਸਿੰਘ ਆਪਣੇ ਜੀਵਨ ਦੇ ਸੁਨਹਿਰੀ 22 ਸਾਲ ਪਾਕਿਸਤਾਨ ਦੀ ਜੇਲ ਵਿਚ ਸਿਰਫ ਇਸ ਲਈ ਬਿਤਾ ਦਿੰਦਾ ਹੈ ਕਿ ਉਸ ਦੇ ਕਾਰਨ ਉਸ ਦੀ ਪ੍ਰੇਮਿਕਾ ਦਾ ਸੁਖੀ ਵਿਆਹੁਤਾ ਜੀਵਨ ਬਰਬਾਦ ਨਾ ਹੋਵੇ। ਵੀਰ ਪ੍ਰਤਾਪ ਸਿੰਘ ਪਾਕਿਸਤਾਨ ਦੀ ਜੇਲ ਵਿਚ 22 ਸਾਲ ਬਿਨਾਂ ਬੋਲਿਆਂ ਗੁਜ਼ਾਰ ਦਿੰਦਾ ਹੈ ਤੇ ਦੂਜੇ ਪਾਸੇ ਆਪਣੇ ਸ਼ੌਹਰ ਤੋਂ ਤਲਾਕ ਲੈ ਕੇ ਡਿਗਰੀ ਢਹਿੰਦੀ ਜ਼ਾਰਾ ਹਯਾਤ ਖਾਨ ਹਿੰਦੁਸਤਾਨ ਦੇ ਪਿੰਡ ਨੂੰ ਆਪਣੀ ਕਰਮ ਭੂਮੀ ਬਣਾ ਲੈਂਦੀ ਹੈ। ਦੋਹਾਂ ਦੇ ਜੀਵਨ ਵਿਚ ਕੀ ਹੋਇਆ, ਇਹ ਦੋਹਾਂ ਪ੍ਰੇਮੀਆਂ ਨੂੰ ਨਹੀਂ ਪਤਾ। ਯਸ਼ ਚੋਪੜਾ ਦੀ ਕਲਪਨਾ ਦੀ ਉਡਾਨ ਚਰਮ ਬਿੰਦੂ ਹੈ। ਪੰਜਾਬ ਦੇ ਪਿੰਡ ਵਿਚ ਮਨਾਈ ਗਈ ਲੋਹੜੀ ਦਾ ਤਿਓਹਾਰ, ਜਿਸ ਨੂੰ ਚਾਰ ਚੰਨ ਲਗਾ ਦਿਤੇ ਅਮਿਤਾਭ ਬਚਨ ਦੀ ਐਕਟਿੰਗ ਨੇ। ਫਿਲਮ ਵਿਚ ਅਮਿਤਾਭ ਬਚਨ ਦੇ ਮੂੰਹੋਂ ਪੰਜਾਬੀ ਭਾਸ਼ਾ ਦਾ ਉਚਾਰਣ ਖੂਬ ਜਚਦਾ ਹੈ। ਅਮਿਤਾਭ ਬਚਨ ਨੇ ਇਕ ਉਜਡ ਪਰ ਸਜਣ ਸਿਖ ਕਿਸਾਨ ਦੀ ਭੂਮਿਕਾ ਵਿਚ ਜਾਨ ਪਾ ਦਿਤੀ ਹੈ। ਅਮਿਤਾਭ ਬਚਨ ਦਾ ਐਕਟਿੰਗ ਹਸਾਉਂਦੀ ਜ਼ਿਆਦਾ ਹੈ ਰੁਆਉਂਦੀ ਟ ਹੈ ਤੇ ਇਹੀ ਗਲ ਉਨ੍ਹਾਂ ਦੀ ਸ਼ਲਾਘਾ ਬਣਦੀ ਹੈ। 10 ਤੋਂ 15 ਮਿੰਟ ਲਈ ਪਰਦੇ ਤੇ ਆਘੁਂਦੇ ਹਨ, ਇਕ ਦੋ ਗਾਣੇ ਗਾ ਕੇ ਕੁਝ ਕੁ ਚੁਟਕਲੇਨੁਮਾ ਡਾਇਲਾਗ ਸੁਣਾ ਕੇ ਆਪਣੀ ਛਾਪ ਛੱਡ ਜਾਂਦੇ ਹਨ। ਅਮਿਤਾਭ ਬਚਨ ਦੇ ਬੇਟੇ ਦੀ ਭੂਮਿਕਾ ਵਿਚ ਸ਼ਾਹਰੁਖ ਖਾਨ ਖੂਬ ਜਚੇ। ਜਵਾਨੀ ਤੋਂ ਅਧੇੜ ਅਵਸਥਾ ਤਕ ਦੀ ਆਪਣੀ ਭੂਮਿਕਾ ਨੂੰ ਸ਼ਾਹਰੁਖ ਖਾਨ ਨੇ ਜੀਅ ਜਾਨ ਨਾਲ ਨਿਭਾਇਆ ਹੈ। ਸ਼ਾਹਰੁਖ ਖਾਨ ਨੂੰ ਫਿਲਮ ਦੇਵਦਾਸ ਵਿਚ ਵੇਖ ਕੇ ਮੈਨੂੰ ਨਿਰਾਸ਼ਾ ਹੋਈ ਸੀ। ਪਰ ਉਸ ਨਿਰਾਸ਼ਾ ਦਾ ਕਾਰਨ ਹਰ ਦ੍ਰਿਸ਼ ਵਿਚ ਸ਼ਾਹਰੁਖ ਖਾਨ ਨੂੰ ਸ਼ਾਹਰੁਖ ਖਾਨ ਨਾ ਸਮਝ ਕੇ ਮੈਂ ਦਲੀਪ ਕੁਮਾਰ ਨੂੰ ਹੀ ਦੇਖਦਾ ਰਿਹਾ। ਜ਼ਰੂਰ ਹੀ ਅਮਿਤਾਭ ਬਚਨ ਤੇ ਸ਼ਾਹਰੁਖ ਫਿਲਮੀ ਉਦਯੋਗ ਦੇ ਸੂਰਜ ਤੇ ਚੰਨ ਹਨ। ਦਿਵਿਆ ਦਤਾ ਜੋ ਜ਼ਾਰਾ ਦੀ ਵਾਦਾਰ ਨੌਕਰਾਣੀ ਹੈ, ਦਾ ਮੁਲਤਾਨੀ ਪੰਜਾਬੀ ਉਚਾਰਣ ਦਰਸਕ ਦੀ ਹਮਦਰਦੀ ਬਟੋਰਦਾ ਹੈ। ਰਾਣੀ ਮੁਖਰਜੀ ਨੇ ਸਾਇਨਾ ਸਿਦੀਕੀ ਦੇ ਰੂਪ ਵਿਚ ਇਕ ਵਕੀਲ ਦੀ ਭੂਮਿਕਾ ਨਾਲ ਪੂਰੀ ਤਰ੍ਹਾਂ ਇਨਸਾਫ ਕੀਤਾ ਹੈ। ਅਦਾਲਤ ਵਿਚ ਵਕੀਲ ਦੀ ਭੂਮਿਕਾ ਮੰਨੋ ਜਿਵੇਂ ਉਸੇ ਨੂੰ ਹੀ ਧਿਆਨ ਵਿਚ ਰਖ ਕੇ ਸੈਟ ਕੀਤੀ ਗਈ ਹੋਵੇ। ਪ੍ਰਿਟੀ ਜ਼ਿੰਟਾ ਨੇ ਅਰਾਧਨਾ ਫਿਲਮ ਦੀ ਨਾਇਕਾ ਸ਼ਰਮੀਲਾ ਟੈਗੋਰ ਦੀ ਯਾਦ ਤਾਣਾ ਕਰ ਦਿਤੀ। ਸੰਗੀਤ ਸਵਰਗੀ ਮਦਨ ਮੋਹਨ ਨੂੰ ਇਕ ਸ਼ਰਧਾਂਜਲੀ ਵਜੋਂ ਦਿਤਾ ਗਿਆ ਹੈ, ਜਿਸ ਦੀ ਦੁਨਾਂ ਦਰਸ਼ਕਾਂ ਦੇ ਮਨ ਵਿਚ ਉਤਰ ਜਾਣਗੀਆਂ। ਭਾਰਤ ਪਾਕਿਸਤਾਨ ਮਿਤਰਤਾ ਦਰਮਿਆਨ ਸ਼ਾਇਦ ਸਰਕਾਰੀ ਯਤਨ ਇੰਨੇ ਸਫਲ ਸਿਧ ਨਾ ਹੋਣ ਜਿੰਨੇ ਕਿ ਇਸ ਫਿਲਮ ਨਾਲ। ਇਸ ਦਾ ਸਿਹਰਾ ਫਿਲਮ ਨਿਰਦੇਸ਼ਕ ਯਸ਼ ਚੋਪੜਾ ਨੂੰ ਜਾਂਦਾ ਹੈ।

ਚੋਪੜਾ ਭਰਾਵਾਂ ਦਾ ਫਿਲਮ ਉਦਯੋਗ ਵਿਚ ਦਿਤਾ ਗਿਆ ਸਹਿਣੋਗ ਦਰਸਕ ਭੁਲਾ ਨਹੀਂ ਸਕਣਗੇ। ਦੋਹਾਂ ਭਰਾਵਾਂ ਤੇ ਉਨ੍ਹਾਂ ਦੇ ਬਚਿਆਂ ਨੇ ਫਿਲਮਾਂ ਨੂੰ ਸਾਹਿਤਕ ਬਣਾਇਆ। ਮਹਾਭਾਰਤ ਸਿਰੀਅਲ ਨੂੰ ਛੋਟੇ ਪਰਦੇ ਉਤੇ ਦਿਖਾ ਕੇ ਬੀ ਆਰ ਚੋਪੜਾ ਪਹਿਲਾਂ ਹੀ ਅਮਰ ਹੋ ਚੁਕੇ ਹਨ। ਦੋਹਾਂ ਭਰਾਵਾਂ ਨੇ ਹਮੇਸ਼ਾ ਉਦੇਸ਼ ਭਰਪੂਰ ਫਿਲਮਾਂ ਬਣਾਈਆਂ ਹਨ। ਕੀ ਸਿਨੇਮਾ ਦਰਸ਼ਕ ਬੀ ਆਰ ਚੋਪੜਾ ਦੀ ਫਿਲਮਾਂ ਕਾਨੂੰਨ, ਸਾਧਨਾ, ਧੂਲ ਕਾ ਫੂਲ਼, ਧਰਮ ਪੁਤਰ, ਨਯਾ ਦੌਰ, ਵਕਤ ਤੇ ਗੁੰਮਰਾਹ ਆਦਿ ਨੂੰ ਭੁਲਾ ਸਕਣਗੇ। ਕਿਤੇ ਵੀ ਲਚਰਪਣ ਨਹੀਂ। ਫਿਲਮ ਕਾਨੂੰਨ ਵਿਚ ਨਿਆਂ ਪ੍ਰਣਾਲੀ ਨੂੰ ਅੰਨ੍ਹੀ ਹੋਣ, ਦੂਲ ਕਾ ਫੂਲ ਵਿਚ ਨਜਾਇਜ਼ ਐਲਾਦਾਂ ਦਾ ਭਵਿਖ, ਸਾਧਨਾ ਵਿਚ ਵੇਸਵਾਵਾਂ ਦੇ ਦਰਦ, ਧਰਮ ਪੁਤਰ ਵਿਚ ਹਿੰਦੂ ਮੁਸਲਿਮ ਏਕਤਾ ਦੀ ਲੋੜ, ਨਯਾ ਦੌਰ ਤੇ ਵਕਤ ਵਿਚ ਕਰਾਂਤੀਕਾਰੀ ਸੰਦੇਸ਼ ਸਮਾਜ ਨੂੰ ਦਿਤੇ। ਅਜ ਦੇ ਸੰਦਰਭ ਵਿਚ ਬਾਗਬਾ, ਦਿਲ ਤੋ ਪਾਗਲ ਹੈ, ਚਾਂਦਨੀ, ਲਮਹੇਂ, ਸਿਲਸਿਲਾ, ਕਭੀ ਕਭੀ ਤੇ ਡਰ ਯਸ਼ ਚੋਪੜਾ ਦੀ ਅਮਰ ਫਿਲਮਾਂ ਹਨ। ਇਸੇ ਸਿਲਸਿਲੇ ਵਿਚ ਅਜ ਫਿਲਮ ਵੀਰ ਜ਼ਾਰਾ ਲੋਕਾਂ ਦੇ ਦਿਲਾਂ ਵਿਚ ਉਤਰ ਜਾਣ ਵਾਲੀ ਫਿਲਮ ਹੈ। ਵੀਰ ਜ਼ਾਰਾ ਵਿਚ ਮੈਨੂੰ ਸੁੰਦਰਤਾ ਵੇਖਣ ਨੂੰ ਮਿਲੀ। ਵੀਰ ਜ਼ਾਰਾ ਫਿਲਮ ਵਿਚ ਯਸ਼ ਚੋਪੜਾ ਨੇ ਸਤਯਮ ਸਿਵਮ ਸੁੰਦਰਮ ਨੂੰ ਭਰਨ ਦੀ ਹਿੰਮਤ ਭਰੀ ਕੋਸ਼ਿਸ਼ ਕੀਤੀ ਹੈ। ਸਾਹਿਤਕ ਫਿਲਮ ਉਹੀ ਹੈ ਜੋ ਰਸ ਪੈਦਾ ਕਰੇ ਤੇ ਵੀਰ ਜ਼ਾਰਾ ਫਿਲਮ ਦਰਸਕਾਂ ਨੂੰ ਬੰਨ ਕੇ ਰਖਣ ਵਾਲੀ ਹੈ। ਇਹ ਫੀਲਮ ਦਰਸਕਾਂ ਨੂੰ ਤਿੰਨ ਘੰਟਿਆਂ ਤਕ ਤਣਾਅਮੁਕਤ ਰਖਦੀ ਹੈ। ਇਹ ਸਿਰਜਣਾਤਮਕ ਰਚਨਾ, ਯਸ਼ ਚੋਪੜਾ ਦੇ ਹਥੋਂ ਹੀ ਸੰਭਵ ਸੀ, ਇਸ ਲਈ ਚੋਪੜਾ ਭਰਾਵਾਂ ਦਾ ਭਾਰਤ ਪਾਕਿਸਤਾਨ ਸਬੰਧਾਂ ਨੂੰ ਫਿਲਮ ਦੇ ਮਾਧਿਅਮ ਰਾਹੀਂ ਲੀਹ ਤੇ ਲਿਆਉਣ ਲਈ ਧੰਨਵਾਦ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com