WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਧਾਰਮਿਕ ਨੇਤਾ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਉਂਦੇ?
-
ਖੁਸ਼ਵੰਤ ਸਿੰਘ

ਕੁਝ ਕੌਮਾਂਤਰੀ ਸੰਗਠਨ ਜਾਂ ਦੂਸਰੀਆਂ ਸੰਸਥਾਵਾਂ ਹਰ ਸਾਲ ਭ੍ਰਿਸ਼ਟਾਚਾਰ ਦੀ ਲੜੀ ਵਿਚ ਆਉਣ ਵਾਲੇ ਦੇਸ਼ਾਂ ਦੀ ਸੂਚੀ ਪ੍ਰਕਾਸ਼ਤ ਕਰਦੀਆਂ ਹਨ ਤੇ ਹਰ ਵਰ੍ਹੇ ਭਾਰਤ ਸੰਸਾਰ ਦੇ ਦਸ ਸਭ ਤੋਂ ਵੱਧ ਭ੍ਰਿਸ਼ਟ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ। ਅਸੀਂ ਸੰਭਾਵੀ ਭ੍ਰਿਸ਼ਟ ਦੇਸ਼ ਵਜੋਂ ਕਹਾਏ ਜਾਣ ਦੇ ਆਦੀ ਹੋ ਚੁੱਕੇ ਹਾਂ ਤੇ ਅਜਿਹੇ ਹੀ ਰਹਿਣ ਵਿਚ ਤਸੱਲੀ ਮਹਿਸੂਸ ਕਰਦੇ ਹਾਂ ਕਿਉਂਕਿ ਨਾ ਤਾਂ ਸਾਡੇ ਸ਼ਾਸਕ ਅਤੇ ਨਾ ਹੀ ਨੈਤਿਕਤਾ ਦੇ ਪ੍ਰਚਾਰਕ ਇਹ ਜਾਣਦੇ ਹਨ ਕਿ ਇਸ ਸਥਿਤੀ ਦਾ ਕੀ ਕੀਤਾ ਜਵੇ। ਇਕ ਤੱਥ ਅਜਿਹਾ ਹੈ ਜਿਸ ਬਾਰੇ ਸਵਾਲ ਨਹੀਂ ਉਠਾਇਆ ਜਾ ਸਕਦਾ: ਲੋਕ ਜਿੰਨੇ ਗਰੀਬ ਹੋਣਗੇ, ਓਨਾ ਹੀ ਉਹ ਭ੍ਰਿਸ਼ਟਾਚਾਰ ਨੂੰ ਜੀਵਨ ਸ਼ੈਲੀ ਦੇ ਰੂਪ ਵਿਚ ਸਵੀਕਾਰ ਕਰਨ ਲੱਗਦੇ ਹਨ। ਤਜਰਬੇ ਨਾਲ ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਸਮਾਜ ਦੇ ਵਾਂਝੇ ਤਬਕਿਆਂ ਵਿਚੋਂ ਆਉਣ ਵਾਲੇ ਲੋਕ ਜਦੋਂ ਰਾਜਨੀਤਕ ਸੱਤਾ ਵਿਚ ਦਾਖਲ ਹੋ ਜਾਂਦੇ ਹਨ, ਉਹ ਜਿੰਨਾ ਵੀ ਚਾਹੁਣ, ਪੈਸਾ ਬਣਾਉਣ ਵਿਚ ਲੱਗ ਜਾਂਦੇ ਹਨ ਤਾਂ ਕਿ ਏਨਾ ਧਨ ਇਕੱਠਾ ਹੋ ਜਾਵੇ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜੀਆ ਲਈ ਇਹ ਕਾਫੀ ਹੋਵੇ। ਇਹ ਸਪਸ਼ਟ ਹੈ ਕਿ ਪ੍ਰਸ਼ਾਸਨ ਦਾ ਕੋਈ ਵੀ ਅੰਗ, ਚਾਹੇ ਉਹ ਵਿਧਾਨ ਪਾਲੋਕਾ ਹੋਵੇ, ਕਾਰਜ ਪਾਲਿਕਾ ਜਾਂ ਨਿਆਂ ਪਾਲਿਕਾ ਹੋਵੇ,ਇਸ ਗੰਦਗੀ ਨੂੰ ਸਾਫ ਕਰਨ ਵਿਚ ਇਸ ਲਈ ਅਸਮਰਥ ਹੈ ਕਿਉਂਕਿ ਇਨ੍ਹਾਂ ਤਿੰਨਾਂ ਵਿਚ ਵਿਆਪਕ ਪੱਧਰ ਉਤੇ ਫੈਲੇ ਭ੍ਰਿਸ਼ਟਾਚਾਰ ਨੇ ਇਨ੍ਹਾਂ ਨੂੰ ਖੋਖਲਾ ਕਰ ਦਿਤਾ ਹੈ।

ਕੁਝ ਸੰਕੋਚਵੇਂ ਤਰੀਕੇ ਨਾਲ ਮੈਂ ਇਸ ਸਿੱਟੇ ਉਤੇ ਪਹੁੰਚਾ ਹਾਂ ਕਿ ਗਰੀਬ ਆਦਮੀ ਲਈ ਭ੍ਰਿਸ਼ਟਾਚਾਰ ਤੋਂ ਬਚਣ ਦੀ ਸਿਰਫ ਇਕ ਹੀ ਉਮੀਦ ਹੈ ਕਿ ਧਰਮ ਦਾ ਸਹੀ ਸਰੂਪ ਮੁੜ ਜੀਵਤ ਕੀਤਾ ਜਾਵੇ। ਪ੍ਰਕਾਸ਼ਤ ਸੂਚੀ ਨੂੰ ਦੇਖਣ ਤੇ ਪਤਾ ਲਗੇਗਾ ਕਿ ਸੰਸਾਰ ਦੇ ਸਭ ਤੋਂ ਵੱਧ ਭ੍ਰਿਸ਼ਟ ਲੋਕਾਂ ਵਿਚ ਜ਼ਿਆਦਾਤਰ ਹਿੰਦੂ, ਮੁਸਲਮਾਨ, ਬੁੱਧ ਸਿਖ ਤੇ ਜੈਨ ਹਨ। ਇਹ ਸਾਰੇ ਦੁਨੀਆ ਨੂੰ ਦਸਦੇ ਹਨ ਕਿ ਉਨ੍ਹਾਂ ਦਾ ਧਰਮ ਮਨੁਖ ਨੂੰ ਮੁਕਤੀ ਦਿਵਾਉਣ ਲਈ ਸਭ ਤੋਂ ਉਤਮ ਹੈ ਪਰ ਆਪਣੇ ਦਾਅਵਿਆਂ ਦੀ ਸਚਾਈ ਲਈ ਉਹ ਕੁਝ ਨਹੀਂ ਕਰਦੇ। ਧਰਮ ਦੀਆਂ ਗੱਲਾਂ ਦੋ ਤਰ੍ਹਾਂ ਕੀਤੀਆਂ ਜਾਂਦੀਆਂ ਹਨ: ਇਕ ਤਾਂ ਪ੍ਰਵਚਨ ਦੇ ਕੇ ਅਤੇ ਦੂਸਰਾ, ਉਨ੍ਹਾਂ ਉਤੇ ਅਮਲ ਕਰਨ ਨਾਲ। ਸਾਡੀ ਵਿਸ਼ੇਸ਼ਤਾ ਪਹਿਲੀ ਵਿਚ ਹੈ ਤੇ ਦੂਸਰੀ ਉਤੇ ਅਸੀਂ ਬਹੁਤ ਘੱਟ ਧਿਆਨ ਦਿੰਦੇ ਹਾਂ।

ਇਸਲਾਮ ਦੀ ਗੱਲ ਲਈਏ। ਈਸਾਈਅਤ ਤੋਂ ਬਾਅਦ ਸੰਸਾਰ ਵਿਚ ਇਸ ਦੇ ਪੈਰੋਕਾਰਾਂ ਦੀ ਗਿਣਤੀ ਦੂਸਰੇ ਨੰਬਰ ਉਤੇ ਹੈ। ਰਮਜ਼ਾਨ ਦੇ ਮਹੀਨੇ ਹਰੇਕ ਰੇਡੀਓ ਅਤੇ ਟੀ ਵੀ ਚੈਨਲ ਉਤੇ ਧਰਮ ਦੀ ਮਹਾਨਤਾ ਦੱਸਣ ਲਈ ਘੰਟਿਆਂ ਬੱਧੀ ਉਪਦੇਸ਼ ਚਲਦੇ ਰਹਿੰਦੇ ਹਨ। ਮੈਂ ਕੁਰਾਨ ਟੀ ਵੀ ਅਤੇ ਦੁਸਰੇ ਪਾਕਿਸਤਾਨੀ ਤੇ ਭਾਰਤੀ ਚੈਨਲਾਂ ਨੂੰ ਸੁਣਨ ਬਾਅਦ ਮਹਿਸੂਸ ਕਰਦਾ ਹਾਂ ਕਿ ਰੋਜ਼ਾਨਾ ਹਰ ਘੰਟੇ ਇਕ ਪ੍ਰੋਫੈਸਰ ਇਸਰਾਰ ਅਹਿਮਦ ਤੇ ਦੂਸਰੇ ਮੌਲਵੀ ਧਰਮ ਗ੍ਰੰਥਾਂ, ਸ਼ਰੀਅਤ ਦੀਆਂ ਬਾਰੀਕੀਆਂ ਦਸਦੇ ਰਹਿੰਦੇ ਹਨ ਕਿ ਰੋਜ਼ੇ ਰਖੇ ਜਾਣ ਤੋਂ ਲੈ ਕੇ ਜਾਨਵਰਾਂ ਦੀ ਬਲੀ ਦੇਣ ਤਕ ਦਾ ਸਹੀ ਤਰੀਕਾ ਕੀ ਹੈ। ਕਿਸੇ ਵੀ ਆਲਮ ਨੂੰ ਮੈਂ ਇਹ ਕਹਿੰਦੇ ਨਹੀਂ ਸੁਣਿਆ ਕਿ ਰਿਸ਼ਵਤਖਾਣਾ ਹਰਾਮ ਹੈ। ਮੇਰੇ ਲਈ ਸੱਚਾ ਇਸਲਾਮ ਇਹ ਨਹੀਂ ਕਿ ਇਹ ਉਪਦੇਸ਼ਕ ਕੀ ਕਹਿੰਦੇ ਹਨ ਬਲਕਿ ਇਹ ਹੈ ਕਿ ਕਰਾਚੀ ਦੇ ਅਬਦੁਲ ਸੱਤਾਰ ਏਧੂ ਵਰਗੇ ਲੋਕ ਇਸ ਉਤੇ ਕਿਸ ਤਰ੍ਹਾਂ ਅਮਲ ਕਰਦੇ ਹਨ। ਉਹ ਮੁਫਤ ਹਸਪਤਾਲ ਤੇ ਐਬੂਲੈਂਸ ਦੀ ਸੇਵਾ ਚਲਾਉਂਦੇ ਹਨ ਤਾਂ ਕਿ ਬਿਨਾਂ ਧਾਰਮਿਕ ਭੇਦ ਭਾਵ ਦੇ ਰੋਗੀ ਵਿਅਕਤੀ ਦੀ ਮਦਦ ਕੀਤੀ ਜਾ ਸਕੇ ਤੇ ਸੜਕ ਉਤੇ ਲਵਾਰਸ ਪਈਆਂ ਭਿਖਾਰੀਆਂ ਦੀਆਂ ਲਾਸ਼ਾਂ ਨੂੰ ਦਫਨਾਇਆ ਜਾ ਸਕੇ।

ਉਪਦੇਸ਼ ਦੇਣ ਅਤੇ ਅਮਲ ਕਰਨ ਦਰਮਿਆਨ ਹਿੰਦੂ, ਬੁੱਧ ਸਿਖ ਅਤੇ ਜੈਨ ਧਰਮ ਵਿਚ ਇਸ ਤੋਂ ਵੀ ਜ਼ਿਆਦਾ ਆਪਾ ਵਿਰੋਧ ਹਨ। ਇਕ ਦਰਜਨ ਤੋਂ ਵੀ ਜ਼ਿਆਦਾ ਟੀ ਵੀ ਚੈਨਲ ਆਪਣੇ ਧਾਰਮਿਕ ਉਪਦੇਸ਼ਾਂ ਵਿਚ ਕਹਿੰਦੇ ਰਹਿੰਦੇ ਹਨ। ਹੰਕਾਰ ਉਤੇ ਜਿੱਤ ਪ੍ਰਾਪਤ ਕਰਨਾ, ਮਾਨਸਿਕ ਸ਼ਾਂਤੀ ਪ੍ਰਾਪਤ ਕਰਨਾ, ਕਾਮ, ਕਰੋਧ, ਲੋਭ ਤੇ ਮੋਹ ਉਤੇ ਜਿੱਤ ਪ੍ਰਾਪਤ ਕਰਨਾ,ਮਾਨਸਿਕ ਸ਼ਾਂਤੀ ਪ੍ਰਾਪਤ ਕਰਨਾ, ਕਾਮ ਕਰੋਧ ਲੋਭ ਤੇ ਮੋਹ ਉਤੇ ਕੰਟਰੋਲ ਰਖਣਾ। ਮੈਂ ਸ਼ਾਇਦ ਹੀ ਸੁਣਿਆ ਹੋਵੇਗਾ ਕਿ ਕਿਸੇ ਨੇ ਭ੍ਰਿਸ਼ਟਾਚਾਰ ਨੂੰ ਘੋਰ ਪਾਪ ਕਿਹਾ ਹੋਵੇ। ਮੇਰੇ ਲਈ ਹਿੰਦੂਤਵ ਇਕ ਅਜਿਹੀ ਸੇਵਾ ਹੈ ਜਿਵੇਂ ਕਿ ਰਾਮ ਕ੍ਰਿਸ਼ਨ ਮਿਸ਼ਨ ਗਰੀਬਾਂ ਲਈ ਕਰਦਾ ਹੈ: ਸਿੱਖ ਧਰਮ ਗੁਰੂ ਦਾ ਲੰਗਰ ਲਾਉਂਦਾ ਹੈ, ਜਿਥੇ ਕੋਈ ਵੀ ਵਿਅਕਤੀ ਆਪਣੀ ਜਾਤੀ ਜਾਂ ਨਸਲ ਦਸੇ ਬਿਨਾਂ ਮੁਫਤ ਭੋਜਨ ਕਰ ਸਕਦਾ ਹੈ। ਮੈਂ ਈਸਾਈ ਮਿਸ਼ਨਰੀਆਂ ਦੀ ਪ੍ਰਸੰਸਾ ਇਸ ਲਈ ਕਰਦਾ ਹਾਂ ਕਿ ਉਨ੍ਹਾਂ ਨੇ ਸੈਂਕੜੇ ਸਕੂਲ, ਕਾਲਜ ਤੇ ਹਸਪਤਾਲ ਸਥਾਪਤ ਕੀਤੇ, ਨਾ ਕੀ ਇਸ ਲਈ ਕਿ ਬਾਈਬਲ ਅਧਾਰਤ ਪ੍ਰੋਗਰਾਮਾਂ ਵਿਚ ਉਹ ਕੀ ਕਹਿੰਦੇ ਹਨ। ਮੈਂ ਧਾਰਮਿਕ ਉਪਦੇਸ਼ਕਾਂ ਲਈ ਪੰਡਤ ਨਹਿਰੂ ਦੀ ਉਦਾਸੀਨਤਾ ਦਾ ਸਮਰਥਕ ਹਾਂ। ਉਨ੍ਹਾਂ ਕਿਹਾ ਸੀ, ਜਨ ਸਧਾਰਨ ਦੇ ਭੁਖ, ਗਰੀਬੀ ਅਤੇ ਅਗਿਆਨਤਾ ਵਿਚ ਫਸੇ ਰਹਿਣ ਤਕ ਮੇਰਾ ਕਿਸੇ ਵੀ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com