WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਹਿਤਕ ਸਫਰ ਦੇ ਲਟਕੇ ਝਟਕੇ...
ਗੋਵਰਧਨ ਗੱਬੀ ( ਭਾਗ ਤੀਸਰਾ)

gabbi-govardhan1_80.jpg (3231 bytes)

ਗੋਵਰਧਨ ਗੱਬੀ

ਗੁਰਦੇਵ ਚੌਹਾਨ ਦੁਆਰਾ ਪਰਚਾ ਪੜੇ ਜਾਣ ਤੋਂ ਬਾਅਦ ਹੋਰ ਵੀ ਕਈ ਸਾਹਿਤਕਾਰਾਂ ਨੇ ਮੇਰੀ ਕਿਤਾਬ ਤੇ ਆਪਣੇ ਵਿਚਾਰ ਸਾਂਝੇ ਕੀਤੇ। ਦੇਵ ਭਾਰਦਵਾਜ ਨੇ ਕਿਹਾ ਕਿ ਕਿਤਾਬ ਚ ਵਿਆਕਰਨ ਗਲਤੀਆਂ ਬਹੁਤ ਹਨ। ਪ੍ਰਮੋਦ ਕੌਂਸਵਾਲ ਨੇ ਕਿਹਾ, ਗੱਬੀ ਦੀ ਸ਼ਾਇਰੀ ਵਿਚ ਬਹੁਤ ਜਿਅਦਾ ਸੰਭਾਵਨਾਵਾਂ ਨੇ। ਉਸ ਦੀ ਕਵਿਤਾ ਇਕ ਚੋਰਾਹੇ ਦੀ ਤਰਾਂ ਹੈ ਜਿਸ ਵਿਚੋਂ ਕਈ ਸਾਰੇ ਰਸਤੇ ਨਿਕਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਉਸਨੇ ਕਿਹਾ ਕਿ ਬਹੁਤ ਜਲਦ ਗੱਬੀ ਸਾਹਿਤ ਦੀ ਦੁਨੀਆਂ ਵਿਚ ਆਪਣੀ ਜਗ੍ਹਾ ਬਣਾ ਲਏਗਾ। ਡਾਕਟਰ ਰਮਾਰਤਨ ਨੇ ਕਿਹਾ ਕਿ ਇਸ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਕੈਂਚੀ ਚਲਾਣ ਦੀ ਬਹੁਤ ਜਿਆਦਾ ਲੋੜ ਸੀ। ‘ਕੈਂਚੀ’ ਸ਼ਬਦ ਸੁਣ ਕੇ ਮੈਂ ਹੈਰਾਨ ਹੋ ਗਿਆ ਪਰ ਬਾਅਦ ਚ ਪਤਾ ਚਲਿਆ ਕਿ ਕੈਂਚੀ ਦਾ ਮਤਲਵ ਹੈ ਕਿ ਸੰਪਾਦਨ ਦੀ ਬਹੁਤ ਜਿਆਦਾ ਜਰੂਰਤ ਸੀ । ਐਚ ਐਸ ਭੱਟੀ ਸਾਹਬ ਕਿਤਾਬ ਵਾਰੇ ਤਾਂ ਕੁਝ ਨਹੀਂ ਬੋਲੇ ਪਰ ਆਪਣੇ ਮੁੰਬਈ ਵਿਚ ਬਿਤਾਏ ਜੀਵਨ ਦੀਆਂ ਕੁਝ ਯਾਦਾਂ ਨੂੰ ਸ਼ਰੋਤਿਆਂ ਨਾਲ ਸਾਂਝਾ ਕਰ ਗਏ। ਜਿਸ ਵਿਚ ਬਲਰਾਜ ਸਾਹਨੀ ਤੇ ਕੁਝ ਹੋਰ ਫਿਲਮੀ ਕਲਾਕਾਰਾਂ ਦੇ ਨਾਂ ਵੀ ਉਹਨਾ ਲਏ। ਉਹਨਾਂ ਇਹ ਵੀ ਦੱਸਿਆ ਕਿ ਜਸਪਾਲ ਭੱਟੀ ਨੇ ਇਸ ਸਮਾਗਮ ਵਿਚ ਨਹੀਂ ਪਹੁੰਚ ਸਕਣ ਲਈ ਮੁਆਫੀ ਮੰਗ ਲਈ ਹੈ। ਮੁਖ ਮਹਿਮਾਣ ਨੇ ਵੀ ਕਿਤਾਬ ਬਾਰੇ ਦੋ ਚਾਰ ਹਰਫ਼ ਬੋਲ ਕੇ ਆਪਣਾ ਮੁੱਖ ਮਹਿਮਾਣੀ ਵਾਲਾ ਫਰਜ ਨਿਭਾਇਆ ਤੇ ਜਲਦ ਹੀ ਸਮਾਗਮ ਤੋਂ ਰੁਖਸਤ ਵੀ ਹੋ ਗਏ। ਇਥੇ ਇਹ ਗਲ ਸਾਂਝੀ ਕਰਨਾ ਵੀ ਮੈਂ ਜਰੂਰੀ ਸਮਝਦਾ ਹਾਂ ਕਿ ਸਮਾਗਮ ਖਤਮ ਹੋਣ ਤੋਂ ਬਾਅਦ ਕੁਲਦੀਪ ਕੌਰ ਨੇ ਲਗਭਗ ਡੇਢ ਦੋ ਮਹੀਨੇ ਮੁਖ ਮਹਿਮਾਨ ਦੇ ਦਫਤਰ ਵਿਚ ਕਈ ਸਾਰੇ ਉਪਰ ਥੱਲੀ ਚੱਕਰ ਮਾਰੇ ਪਰ ਉਸ ਕੋਲੋਂ ਉਸਨੂੰ ਕੋਈ ਵੀ ਮਾਇਕ ਮਦਦ ਨਹੀਂ ਮਿਲੀ। ਫਿਰ ਪਤਾ ਚਲਿਆ ਕਿ ਮੁੱਖ ਮਹਿਮਾਣ ਸਾਹਬ ਹੋਰਾਂ ਦੀ ਬਦਲੀ ਹੋ ਗਈ ਹੈ। ਜਲਦੀ ਹੀ ਬਾਅਦ ਵਿਚ ਕੁਲਦੀਪ ਕੌਰ ਵੀ ਕੈਨੇਡਾ ਚਲੀ ਗਈ। ਜਿਸਦਾ ਨਤੀਜਾ ਇਹ ਨਿਕਲਿਆ ਕਿਤਾਬ ਛਾਪਣ ਦਾ ਸਾਰਾ ਖਰਚਾ ਮੇਰੇ ਸਿਰ ਪੈ ਗਿਆ।

ਅਗਲੇ ਦਿਨ ਕੁਝ ਅਖਬਾਰਾਂ ਚ ਕਿਤਾਬ ਦੀ ਘੁੰਡ ਚੁਕਾਈ ਦੀਆਂ ਖ਼ਬਰਾਂ ਤਸਵੀਰਾਂ ਸਹਿਤ ਛਪੀਆਂ। ਘਰ ਵਾਲੀ ਦੇ ਕਹਿਣ ਮੁਤਾਬਿਕ ਮੇਰੀ ਸ਼ਕਲ ਸੰਨੀ ਦਿਉਲ ਨਾਲ ਕੁਝ ਕੁਝ ਮਿਲਦੀ ਹੈ। ਆਪਣੀ ਫੋਟੋ ਦੇਖ ਕੇ ਇੰਝ ਲਗੇ ਜਿਵੇਂ ਮੈਂ ਸੱਨੀ ਦਿਉਲ ਵਾਂਗ ਮਸ਼ਹੂਰ ਹੋ ਗਿਆ ਹਾਂ। ਉਸ ਦਿਨ ਮੈਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਚ ਵੀ ਘੁੰਮਿਆ ਕਿ ਸ਼ਾਇਦ ਕੋਈ ਕਹੇ, ਅੱਜ ਤੁਹਾਡੀ ਅਖ਼ਬਾਰ ਚ ਫੋਟੋ ਦੇਖੀ ਹੈ ! ਤੁਸੀਂ ਬੜੇ ਸੋਹਣੇ ਲਗ ਰਹੇ ਹੋ! ਪਰ ਐਸਾ ਕੁਝ ਨਹੀਂ ਵਾਪਰਿਆ। ਜੇ ਮੈਂ ਕਿਸੇ ਨੂੰ ਅਖ਼ਬਾਰ ਵਾਲਾ ਉਹ ਪੰਨਾ ਪੜ੍ਹਦਾ ਹੋਇਆ ਦੇਖਦਾ, ਜਿਸ ਤੇ ਮੇਰੀ ਫੋਟੋ ਛਪੀ ਹੋਈ ਸੀ, ਤਾਂ ਮੈਂ ਉਸਦੇ ਅੱਗੇ ਹੋ ਹੋ ਕੇ ਖੜੋਂਦਾ ਕਿ ਸ਼ਾਇਦ ਹੁਣ ਵੀ ਪਹਿਚਾਣ ਲਏ। ਪਰ ਅਗਲਾ ਝਟ ਦੀ ਪੰਨਾ ਪਰਤ ਕੇ ਅਗਲੇ ‘ਤੇ ਚਲਾ ਜਾਂਦਾ। ਮੈਂ ਆਪਣਾ ਮਨਹੂਸ ਜਿਹਾ ਬੂਥਾ ਲੈ ਕੇ ਦੂਸਰੇ ਪਾਸੇ ਨੂੰ ਤੁਰ ਪੈਂਦਾ। ਮਨ ਬੜਾ ਉਦਾਸ ਉਦਾਸ ਹੋਇਆ ਪਰ ਜਲਦੀ ਹੀ ਇਹ ਸੋਚ ਕੇ ਸੰਭਲ ਗਿਆ ਕਿ ਜਰੂਰੀ ਨਹੀਂ ਕਿ ਸਾਰੇ ਲੇਖਕ ਰਾਤੋ ਰਾਤ ਸਟਾਰ ਬਣ ਜਾਣ! ਮਸ਼ਹੂਰ ਹੋ ਜਾਣ ! ਗੁਲਜਾਰ ਨੂੰ ਵੀ ਤਾਂ ਕਿਨੇ ਸਾਲ ਲਗ ਗਏ ਸਨ ਇਕ ਮਸ਼ਹੂਰ ਕਵੀ, ਲੇਖਕ ਤੇ ਫਿਲਮਕਾਰ ਬਣਦਿਆਂ।

ਸਾਰੀਆਂ ਫੋਟੋਆਂ ਤੇ ਖ਼ਬਰਾਂ ਦੀਆਂ ਕਤਰਾਂ ਕਟ ਕੇ ਮੈਂ ਇਕ ਐਲਬਮ ਵਿਚ ਸਜਾ ਲਈਆਂ। ਕਈ ਦਿਨ ਸਵੇਰੇ ਸ਼ਾਮ ਉਹਨਾਂ ਨੂੰ ਦੇਖਦਾ ਰਿਹਾ। ਕੁਝ ਦਿਨਾਂ ਬਾਅਦ ਹੀ ਦੇਸ ਸੇਵਕ ਅਖਬਾਰ ਵਿਚ ਸ਼ਮੀਲ ਨੇ ਮੇਰੀ ਕਿਤਾਬ ‘ਤੇ ਗੁਰਦੇਵ ਚੌਹਾਨ ਵਲੋਂ ਪੜ੍ਹਿਆ ਪਰਚਾ ਛਾਪਿਆ। ਪੜ ਕੇ ਬਹੁਤ ਮਜਾ ਜਿਹਾ ਆਇਆ। ਲਗਾ ਕਿ ਹੁਣ ਤਾਂ ਬਹੁਤ ਸਾਰੇ ਸਾਹਿਤਕਾਰਾਂ ਨੂੰ ਪਤਾ ਚਲ ਹੀ ਗਿਆ ਹੋਵੇਗਾ ਕਿ ਗੋਵਰਧਨ ਗੱਬੀ ਨਾਂ ਦੀ ਵੀ ਕੋਈ ਸ਼ੈਅ ਹੈ ਪਰ ਐਸਾ ਕੁਝ ਨਹੀਂ ਹੋਇਆ! ਇਕ ਹੋਰ ਝਟਕਾ ਇਹ ਵੀ ਲਗਾ ਕਿ ਪੰਜਾਬੀ ਟ੍ਰਿਬਿਉਨ ਵਾਲਿਆਂ ਇਸ ਸਮਾਗਮ ਦੀ ਕੋਈ ਖਬਰ ਨਾ ਛਾਪੀ। ਕੁਲਦੀਪ ਕੌਰ ਨੂੰ ਬਹੁਤ ਚਾਅ ਸੀ ਕਿ ਇਸ ਅਖ਼ਬਾਰ ਵਿਚ ਵੀ ਖ਼ਬਰ ਤੇ ਫੋਟੋ ਲਗੇ। ਉਸਨੇ ਪੰਜਾਬੀ ਟ੍ਰਿਬਿਉਨ ਅਖ਼ਬਾਰ ਦੇ ਦਫਤਰ ਵਿਚ ਕਾਫੀ ਚਕਰ ਮਾਰੇ ਪਰ ਪੰਜ ਸੱਤ ਦਿਨ ਤਕ ਖਬਰ ਨਾ ਛਪੀ। ਉਹ ਵੀ ਧੁੰਨ ਦੀ ਪੱਕੀ ਸੀ ! ਉਸਨੇ ਖ਼ਬਰ ਛਪਵਾ ਕੇ ਛੱਡੀ। ਉਸ ਖ਼ਬਰ ਵਿਚ ਵਿਚ ਮੇਰੀ, ਮੁਖ ਮਹਿਮਾਣ, ਗੁਰਦੇਵ ਚੌਹਾਨ ਐਚ ਐਸ ਭੱਟੀ ਤੇ ਕੁਲਦੀਪ ਕੌਰ ਦੀ ਫੋਟੋ ਛਪੀ ਪਰ ਹੇਠਾਂ ਸ਼ਾਇਰ ਦਾ ਨਾਂ ਗੋਵਰਧਨ ਗੱਬੀ ਦੀ ਬਜ੍ਹਾਏ ਗੋਵਰਧਨ ਗੁੱਬੀ ਛਪਿਆ ਹੋਇਆ ਸੀ!

ਘੂੰਡ ਚੁਕਾਈ ਵਾਲੇ ਪ੍ਰੋਗਰਾਮ ਦੇ ਦੋਰਾਣ ਹੀ ਡਾਕਟਰ ਰਮਾ ਰਤਨ ਨੇ ਮੈਨੂੰ ਕਿਹਾ ਕਿ ਉਹ ਇਕ ਮਹੀਨੇਵਾਰ ਸਾਹਿਤਕ ਬੈਠਕ ਕਰਦੇ ਹਨ ‘ਨਵੀਆਂ ਕਲਮਾਂ’ । ਜਿਸ ਵਿਚ ਨਵੇਂ ਕਵੀਆਂ, ਲੇਖਕਾਂ ਤੇ ਸਾਹਿਤਕਾਰਾਂ ਦੇ ਰਚਨਾਤਮਕ ਕੰਮ ਉਤੇ ਗਲਬਾਤ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਅਗਲੇ ਮਹੀਨੇ ਉਹ ਇਸ ਬੈਠਕ ਵਿਚ ਮੇਰੀ ਕਿਤਾਬ ‘ਤੇ ਇਕ ਗੋਸ਼ਟੀ ਕਰਨਾ ਚਾਹੁੰਦੇ ਹਨ। ਮੇਰੀ ਕਿਤਾਬ ਤੇ ਗੋਸ਼ਟੀ ! ਇਹ ਸੁਣ ਕੇ ਮੈਂ ਫੁਲਿਆ ਨਾ ਸਮਾਵਾਂ ! ਆਖਿਰਕਾਰ ਉਹ ਵਡਭਾਗਾ ਦਿਨ ਵੀ ਆ ਗਿਆ। ਮੈਂ ਤੇ ਪ੍ਰਮੋਦ ਸਮਾਗਮ ਵਾਲੀ ਥਾਂ ‘ਤੇ ਪਹੁੰਚ ਗਏ। ਮੈਂ ਸੋਚਿਆ ਕਿ ਇਥੇ ਬਹੁਤ ਸਾਰੇ ਸਾਹਿਤਕਾਰ, ਕਵੀ, ਲੇਖਕ ਆਦਿ ਹੋਣਗੇ। ਪਰ ਗਿਣਤੀ ਇਥੇ ਵੀ ਦੱਸ ਤੋਂ ਉਪਰ ਨਾ ਅਪੜ੍ਹੀ। ਸਾਹਿਤਕਾਰਾਂ ਦੀ ਨਫਰੀ ਦੇਖ ਕੇ ਮੈਂ ਹੈਰਾਨ ਸਾਂ ਪਰ ਸੋਚਿਆ ਸ਼ਾਇਦ ਮੈਂ ਅਜੇ ਨਵਾਂ ਨਵਾਂ ਕਵੀ ਬਣਿਆ ਹਾਂ ਸੋ ਹੋ ਸਕਦੈ ਕਿ ਇਸੇ ਕਰਕੇ ਵੱਡੀਆ ਪ੍ਰੋੜ ਕਲਮਾਂ ਨਹੀਂ ਪਹੁੰਚੀਆਂ।

ਮੇਰੀ ਕਿਤਾਬ ਤੇ ਗੱਲਬਾਤ ਕਰਨੀ ਸੀ ਦੋ ਸਾਹਿਤਕਾਰਾਂ ਨੇ! ਉਹਨਾਂ ਵਿਚ ਇਕ ਸਨ ਕਵਿਤਰੀ ਰਹਿ ਚੁੱਕੀ ਤੇ ਬਾਅਦ ਵਿਚ ਕਹਾਣੀਕਾਰਾ ਬਣ ਗਈ ਕਾਨਾ ਸਿੰਘ ਜੀ ! ਦੂਸਰੇ ਸਨ ਹਿੰਦੀ ਤੇ ਉਰਦੂ ਦੇ ਕਵੀ ਅਮਰਜੀਤ ਅਮਰ। ਇਹਨਾਂ ਦੋਨਾਂ ਨੂੰ ਮੈਂ ਪਹਿਲੇ ਕਦੇ ਨਹੀਂ ਮਿਲਿਆ ਸੀ। ਘੂੰਡ ਚੁਕਾਈ ਵਾਲੇ ਦਿਨ ਵੀ ਇਹ ਹਾਜਰ ਨਹੀਂ ਸਨ। ਸਭ ਤੋਂ ਪਹਿਲਾਂ ਅਮਰਜੀਤ ਨੇ ਗੱਲਬਾਤ ਸ਼ੁਰੂ ਕੀਤੀ। ਉਸਨੇ ਪਹਿਲੇ ਵਾਕ ਚ ਹੀ ਗੱਲ ਮੁਕਾ ਦਿੱਤੀ ਕਿ ਇਹ ਰਚਨਾਵਾਂ ਕਵਿਤਾਵਾਂ ਹੈ ਹੀ ਨਹੀਂ ! ਇਹਨਾਂ ਵਿਚ ਕਵਿਤਾ ਵਾਲਾ ਵਰਗਾ ਪੜਣ ਜਾਂ ਸਰਾਹਣ ਯੋਗ ਕੁਝ ਨਹੀਂ ! ਉਸਨੇ ਸੁਝਾਅ ਦਿੱਤਾ ਕਿ ਮੈਂ ਕਵਿਤਾਵਾਂ ਲਿਖਣ ਦਾ ਵਿਚਾਰ ਆਪਣੇ ਮਨ ਚੋਂ ਕਢ ਦਿਆਂ। ਕਿਤਾਬ ਦੀ ਜਿਲਦ ਦੇ ਆਖਰੀ ਪੰਨੇ ਤੇ ਇਹ ਲਿਖਿਆ ਪੜ੍ਹ ਕੇ ਕਿ ਮੈਂ ਸੀਵਲ ਇੰਨਜੀਨੀਅਰ ਹਾਂ ਤੇ ਕੁਝ ਡਾਕੂਮੈਂਟਰੀ ਫਿਲ਼ਮਾਂ ਵੀ ਬਣਾਈਆਂ ਹਨ, ਮੈਨੂੰ ਅਮਰ ਸਾਹਬ ਨੇ ਭਰਜੋਰ ਸਿਖਿਆ ਦਿੱਤੀ, ਕਵਿਤਾ ਰੱਚਨਾ ਕਠਿਨ ਕੰਮ ਹੈ ਤੇ ਬਿਲਡਿੰਗਾਂ ਬਣਾਉਣਾ ਸੋਖਾ। ਸੋ ਮੈਂ ਇਮਾਰਤਾਂ ਸੜਕਾਂ ਆਦਿ ਬਣਾਉਣ ਵਿਚ ਮਹਾਰਤ ਹਾਸਲ ਕਰਾਂ। ਕੁਲ ਮਿਲਾ ਕੇ ਉਸਨੇ ਮੇਰੀ ਸਾਰੀ ਸਾਹਿਤਕ ਫੂਕ ਕੱਢ ਦਿੱਤੀ। ਮੈਂ ਚੁਪ ਚਾਪ ਸੁਣਦਾ ਰਿਹਾ। ਮੇਰਾ ਜੀਅ ਕਰੇ ਕਿ ਮੈਂ ਅਮਰ ਸਾਹਬ ਨੂੰ ਗਲੋਂ ਫੜ ਲਵਾਂ। ਲੰਮਾ ਪਾ ਕੇ ਕੁੱਟਾਂ ! ਫਿਰ ਵਾਰੀ ਆਈ ਬੋਲਣ ਦੀ ਕਾਨਾ ਸਿੰਘ ਜੀ ਦੀ! ਉਸਨੂੰ ਵੀ ਮੇਰੀ ਕਿਤਾਬ ਬਿਲਕੁਲ ਨਾ ਚੰਗੀ ਲਗੀ। ਉਸਨੇ ਕਿਤਾਬ ਪੜੀ ਭਾਵੇਂ ਨਹੀਂ ਸੀ ਪਰ ਕਿਹਾ ਕਿ ਕਿਤਾਬ ਬਾਰੇ ਉਸਦੇ ਵਿਚਾਰ ਅਮਰਜੀਤ ਅਮਰ ਵਰਗੇ ਹੀ ਹਨ। ਉਸਨੂੰ ਕਿਤਾਬ ਦਾ ਸੋ ਰੁਪਏ ਮੁਲ ਨਾ ਪਚੇ। ਇਕ ਕਵਿਤਾ ਵਿਚ ਮੈਂ ਇਕ ਸਤਰ ਵਿਚ ਸਿਰਫ ਇਕ ਹੀ ਸ਼ਬਦ ਲਿਖਿਆ ਹੋਇਆ ਸੀ। ਕਵਿਤਾ ਸੀ ਵੀ ਤਿੰਨ ਸਫਿਆਂ ਦੀ ! ਇਹ ਗੱਲ ਵੀ ਉਸਨੂੰ ਚੁਭਦੀ ਰਹੀ ! ਉਹ ਕਹੇ ਕਿ ਇਕ ਸ਼ਬਦ ਦੀ ਸਤਰ ਲਿਖ ਲਿਖ ਕੇ ਕਿਤਾਬ ਦੇ ਇਕ ਸੋ ਪਚਬੂੰਜਾ ਸਫੇ ਬਣਾਏ ਹਨ।ਕਾਗਜ ਬਰਬਾਦ ਕੀਤੇ ਗਏ ਹਨ।ਰਾਸ਼ਟਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਵਾਲੀ ਗੱਲ ਹੈ। ਉਸਨੇ ਹੋਰ ਖਿਚਾਈ ਕਰਦਿਆਂ ਕਿਹਾ ਕਿ ਸ਼ਿਵ ਦੇ ਇਲਾਕੇ ਦੇ ਜਮਪਲ ਹੋਣ ਦਾ ਮਾਣਮੱਤਾ ਹੋਣ ਦਾ ਮਤਲਵ ਇਹ ਥੋੜਾ ਹੈ ਕਿ ਹਰ ਐਰਾ ਗੈਰਾ ਨਥੂ ਗੈਰਾ ਸ਼ਿਵ ਬਟਾਲਵੀ ਬਣ ਜਾਵੇਗਾ। ਕੁਲ ਮਿਲਾ ਕੇ ਉਸਨੇ ਵੀ ਮੇਰੀ ਉਹ ਠੁਕਾਈ ਕੀਤੀ ਕਿ ਮੈਨੂੰ ਆਪਣੇ ਸਾਹ ਟੁਟਦੇ ਹੋਏ ਮਹਿਸੂਸ ਹੋਣ। ਮੈਂ ਸੋਚਾਂ, ਪੁੱਤਰਾ ! ਐਵੇਂ ਸੰਨੀ ਦਿਉਲ ਵਾਂਗ ਡੋਲੇ ਕਢ ਕੇ ਤੁਰ ਰਿਹਾ ਸੀ । ਛਾਤੀ ਫੁਲਾ ਕੇ ਘੁੰਮ ਰਿਹਾ ਸੀ! ਸ਼ਿਵ ਬਟਾਲਵੀ ਬਨਣ ਦਾ ਸੁਪਨਾ ਲੈ ਰਿਹਾ ਸੀ। ਗੁਰਦੇਵ ਚੌਹਾਨ ਦੁਆਰਾ ਕੀਤੀ ਤਾਰੀਫ ਸੁਣ ਕੇ ਕਿਰਲੇ ਵਾਂਗ ਆਕੜ ਆਕੜ ਕੇ ਚੱਲ ਰਿਹਾ ਸੀ। ਚੁਪ ਕਰਕੇ ਲਿਖਣਾ ਲੁਖਣਾ ਛਡ ਤੇ ਆਪਣਾ ਕੰਮ ਕਰ। ਮੇਰੇ ਹੋਂਠ ਸੁਕ ਗਏ ! ਉਸ ਤੇ ਪਾਪੜੀਆਂ ਵੀ ਵੱਝ ਗਈਆਂ! ਠੰਡੀਆਂ ਤਰੇਲੀਆਂ ਵੀ ਆ ਰਹੀਆਂ ਸਨ!

ਹੁਣ ਵਾਰੀ ਪ੍ਰਮੋਦ ਦੇ ਬੋਲਣ ਦੀ ਸੀ। ਮੈਂ ਤਾਂ ਸਚਮੁਚ ਨਵੀਂ ਕਲਮ ਸੀ ਪਰ ਉਹ ਪ੍ਰੋੜ ਸੀ। ਉਸਨੇ ਇਹ ਕਹਿ ਕੇ ਬਹਿਸ ਖਤਮ ਕਰ ਦਿੱਤੀ ਕਿ ਇਕ ਬੋਲਣ ਵਾਲਾ ਤਾਂ ਹਿੰਦੀ ਤੇ ਉਰਦੂ ਦਾ ਕਵੀ ਹੈ ਜਿਸਨੂੰ ਪੂਰੀ ਤਰਾਂ ਪੰਜਾਬੀ ਪੜਣਾ ਨਹੀਂ ਆਉਂਦੀ!  ਦੂਸਰੀ ਇਕ ਕਹਾਣੀਕਾਰਾ ! ਸੋ ਇਹਨਾਂ ਦਾ ਕੋਈ ਹੱਕ ਨਹੀਂ ਕਿ ਉਹ ਪੰਜਾਬੀ ਸ਼ਾਇਰੀ ਦੀ ਕਿਤਾਬ ਤੇ ਗਲ ਕਰਨ। ਉਹ ਵੀ ਕਿਤਾਬ ਬਿਨਾਂ ਪੜ੍ਹੇ। ਉਸਨੇ ਕਿਹਾ ਕਿ ਰਮਾਰਤਨ ਦੀ ਕਿਤਾਬ ਤੇ ਬੋਲਣ ਲਈ ਕੀਤੀ ਗਈ ਚੋਣ ਗਲਤ ਹੈ। ਪ੍ਰਮੋਦ ਦੇ ਇਹ ਬੋਲ ਸੁਣਨ ਤੋਂ ਬਾਅਦ ਅਮਰ ਤੇ ਕਾਨਾ ਸਿੰਘ ਨੇ ਵੀ ਆਪਣੇ ਪੈਂਤਰੇ ਕੁਝ ਬਦਲ ਲਏ । ਪ੍ਰਮੋਦ ਦੇ ਤਰਕਾਂ ਨੇ ਮੈਨੂੰ ਕੁਝ ਸ਼ਾਂਤੀ ਤਾਂ ਦਿੱਤੀ ਪਰ ਅਮਰ ਤੇ ਕਾਨਾ ਸਿੰਘ ਹੋਰਾਂ ਦੇ ਸੁਣਾਏ ਪਰਵਚਣ ਮੇਰੇ ਦਿਮਾਗ ਚ ਹਥੋੜੇ ਵਾਂਗ ਲਗਾਤਾਰ ਵਜਦੇ ਰਹੇ! ਮੇਰੇ ਦਿਮਾਗ ਚ ਇਹ ਵੀ ਵਿਚਾਰ ਵੀ ਵਾਰ ਵਾਰ ਆਏ ਕਿ ਹੋ ਸਕਦੈ ਕਿ ਪ੍ਰਮੋਦ ਇਸ ਕਰਕੇ ਮੇਰੀ ਹਿਮਾਇਤ ਕਰ ਰਿਹਾ ਕਿਉਂਕਿ ਉਹ ਮੇਰਾ ਦੋਸਤ ਹੈ। ਮੈਂ ਪ੍ਰਮੋਦ ਨੂੰ ਵੀ ਸ਼ੱਕ ਦੀਆਂ ਨਜਰਾਂ ਨਾਲ ਤੱਕਣਾ ਸ਼ੁਰੂ ਕਰ ਦਿੱਤਾ।

ਅੰਤ ਵਿਚ ਡਾਕਟਰ ਰਾਮਰਤਨ ਨੇ ਇਹ ਕਹਿ ਕੇ ਸਮਾਗਮ ਖਤਮ ਕੀਤਾ ਕਿ ਗੱਬੀ ਕੋਲ ਕਵਿਤਾ ਹੈ। ਉਸ ਕੋਲੋਂ ਭਵਿਖ ਚ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾ ਸਕਦੀਆਂ ਹਨ। ਆਖਿਰਕਾਰ ਜਿਸ ਵੇਲੇ ਮੈਂ ਸਮਾਗਮ ਤੋਂ ਵਿਹਲਾ ਹੋਇਆ ਤਾਂ ਬਹੁਤ ਹਲਕਾ ਹਲਕਾ ਮਹਿਸੂਸ ਕਰ ਰਿਹਾ ਸੀ। ਮੇਰੇ ਅੰਦਰ ਜੰਮੇ ਸਾਹਿਤ ਦੀਆਂ ਤੰਦਾਂ ਚ ਜਾਨ ਅਜੇ ਬਾਕੀ ਸੀ । ....  ( ਚਲਦਾ ਹੈ)


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

1 2    

Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com