WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਅਡਵਾਨੀ ਨੂੰ ਟੀ ਵੀ ਕੈਮਰਿਆਂ ਦਾ ਆਕਰਸ਼ਣ ਮਹਿੰਗਾ ਪਿਆ   
-ਐੱਮ ਜੇ ਅਕਬਰ

ਕਿਸੇ ਵੀ ਘਟਨਾ ਦਾ ਸਾਧਾਰਨ ਤੇ ਅਸਾਧਾਰਨ ਹੋਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਘਟਨਾਚੱਕਰਾਂ ਦੇ ਪਿਛੋਕੜ ਵਿਚ ਵਾਪਰੀ ਹੈ। ਡਿਕਸ਼ਨਰੀ ਮੁਤਾਬਕ ਜੋ ਘਟਨਾਵਾਂ ਅਣਗੌਲੀਆਂ ਹੁੰਦੀਆਂ ਹਨ, ਉਹ ਆ ਸ੍ਰੇਣੀ ਵਿਚ ਆਉਂਦੀਆਂ ਹਨ। ਭਾਜਪਾ ਦੇ ਅਹੁਦੇਦਾਰਾਂ ਦੀ ਬੈਠਕ ਵਿਚ ਵਾਪਰਿਆ ਉਹ ਕਾਂਡ ਵੀ ਇਸ ਨਜ਼ਰੀਏ ਤੋਂ ਸਾਧਾਰਨ ਘਟਨਾਚੱਕਰ ਹੀ ਮੰਨਿਆ ਜਾ ਸਕਦਾ ਹੈ।

ਉਮਾ ਭਾਰਤੀ ਇਕ ਅਜਿਹੀ ਸੰਨਿਆਸਣ ਹੈ ਜੋ ਸੱਤਾ ਦੀ ਲਾਲਚੀ ਹੈ। ਉਹ ਆਪਣੀ ਇਸ ਲਾਲਸਾ ਦੀ ਪੂਰਤੀ ਲਈ ਭਾਜਪਾ ਨੂੰ ਇਕ ਪੌੜੀ ਵਜੋਂ ਵਰਤ ਕੇ ਇਥੋਂ ਤਕ ਪਹੁੰਚੀ ਹੈ। ਉਹ ਹਿੰਦੂਤਵ ਦੀ ਕੱਟੜ ਸਮਰਥਕ ਮੰਨੀ ਜਾਂਦੀ ਹੈ। ਸੰਨਿਆਣ ਹੋਣ ਦੇ ਬਾਵਜੂਦ ਸੱਤਾ ਪ੍ਰਤੀ ਉਮਾ ਦੀ ਲਾਲਸਾ ਕਿਸੇ ਤੋਂ ਲੁਕੀ ਨਹੀਂ ਹੈ।

ਉਮਾ ਦੇ ਪਲ ਵਿਚ ਤੋਲਾ, ਪਲ ਵਿਚ ਮਾਸਾ ਵਰਗੇ ਵਤੀਰੇ ਕਾਰਨ ਪੈਦਾ ਹੋਈਆਂ ਸਥਿਤੀਆਂ ਤੋਂ ਪ੍ਰੇਸ਼ਾਨ ਭਾਜਪਾ ਨੇ ਉਦੋਂ ਸੁੱਖ ਦਾ ਸਾਹ ਲਿਆ ਹੋਵੇਗਾ ਜਦੋਂ ਉਮਾ ਭਾਰਤੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ। ਉਮਾ ਭਾਰਤੀ ਨੇ ਪਹਿਲਾਂ ਸ਼ਾਇਦ ਇਹ ਮਹਿਸੂਸ ਕੀਤਾ ਹੋਵੇਗਾ ਕਿ ਉਹ ਹੁਬਲੀ ਕਾਂਡ ਵਿਚ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ, ਗ੍ਰਿਫਤਾਰੀ ਦੇਣ ਤੇ ਬਾਅਦ ਵਿਚ ਤਿਰੰਗਾ ਯਾਤਰਾ ਕਰਨ ਕਰਕੇ ਦੇਸ਼ ਤੇ ਪਾਰਟੀ ਵਿਚ ਇਕ ਨਾਇਕਾ ਵਜੋਂ ਉਭਰੇਗੀ ਪਰ ਜਦੋਂ ਉਨ੍ਹਾਂ ਨੂੰ ਇਹ ਮਹਿਸੂਸ ਹੋਵੇਗੀ ਕਿ ਇਸ ਨਾਲ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਹੋਇਆ ਤਾਂ ਉਨ੍ਹਾਂ ਨੇ ਖੁਦ ਨੂੰ ਇਕ ਪੀੜਤਾ ਦੇ ਰੂਪ ਵਿਚ ਪੇਸ਼ ਕਿਤਾ ਤੇ ਦੋ ਪ੍ਰਮੁਖ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ ਤੇ ਸ੍ਰੀ ਵਾਜਪਾਈ, ਜੋ ਪਿਛਲੇ ਇਕ ਦਹਾਕੇ ਤੋਂ ਪਾਰਟੀ ਨੂੰ ਚਲਾਉਂਦੇ ਆ ਰਹੇ ਸਨ, ਪ੍ਰਤੀ ਆਪਣੀਆਂ ਸ਼ਿਕਾਇਤਾਂ ਦਾ ਗੁਬਾਰ ਕਢਿਆ। ਉਹ ਪਿਛਲੇ ਦਿਨੀਂ ਵਾਰ ਵਾਰ ਹਿਮਾਚਲ ਦੀ ਯਾਤਰਾ ਕਰਦੀ ਰਹੀ ਹੈ ਜੋ ਉਨ੍ਹਾਂ ਦੀਆਂ ਮਾਨਸਿਕ ਉਲਝਣਾਂ ਨੂੰ ਪੇਸ਼ ਕਰਦੀ ਰਹੀ ਹੈ।

ਅਸਧਾਰਨ ਗੱਲ

ਮੇਰੀ ਨਜ਼ਰ ਵਿਚ ਅਸਾਧਾਰਨ ਗੱਲ ਤਾਂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਚੁਕਿਆ ਗਿਆ ਕਦਮ ਸੀ। ਭਾਜਪਾ ਪ੍ਰਧਾਨ ਵਲੋਂ ਉਸ ਦਿਨ ਸੱਦੀ ਗਈ ਬੈਠਕ ਸ਼ਾਇਦ ਇਕ ਕਲਾਮ ਦੇ ਰੂਪ ਵਰਗੀ ਸੀ। ਵੈਸੇ ਵੀ ਪਾਰਟੀ ਦੀ ਅਗਲੀ ਪੀੜ੍ਹੀ ਦੇ ਨੇਤਾ ਉਦੋਂ ਤੋਂ ਸਕੂਲੀ ਬਚਿਆਂ ਵਰਗਾ ਹੀ ਵਤੀਰਾ ਕਰ ਰਹੇ ਸਨ ਜਦੋਂ ਤੋਂ ਉਨ੍ਹਾਂ ਕੋਲੋਂ ਦਿੱਲੀ ਦੀ ਸੱਤਾ ਦਾ ਲਾਲੀਪਾਪ ਖੁਸ ਗਿਆ ਹੈ। ਪਾਰਟੀ ਅਹੁਦੇਦਾਰਾਂ ਦੀ ਬੈਠਕ ਵਿਚ ਸ਼ਾਮਲ ਨੇਤਾ ਉਸ ਦਿਨ ਅਜਿਹਾ ਵਤੀਰਾ ਕਰ ਰਹੇ ਸਨ ਜਿਵੇਂ ਸਕੂਲ ਵਿਚ ਵਾਰ ਵਾਰ ਸ਼ਰਾਰਤਾਂ ਕਰਨ ਵਾਲੇ ਬੱਚੇ ਕਰਦੇ ਹਨ। ਉਥੇ ਲੀਡਰਸ਼ਿਪ ਇਸ ਤਰ੍ਹਾਂ ਬੈਠੀ ਹੋਈ ਸੀ ਜਿਵੇਂ ਸਕੂਲ ਵਿਚ ਹੈਡਮਾਸਟਰ ਸ਼ਿਕਾਇਤਾਂ ਦੀ ਸੁਣਵਾਈ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਬੈਠਾ ਹੋਵੇ। ਸ੍ਰੀ ਵਾਜਪਾਈ ਬੈਠਕ ਵਿਚ ਕਿਸੇ ਕੰਪਨੀ ਦੇ ਬੋਰਡ ਦੇ ਅਜਿਹੇ ਚੇਅਰਮੈਨ ਵਜੋਂ ਬੈਠੇ ਹੋਏ ਸਨ ਜਿਵੇਂ ਕਿ ਉਹ ਆਪਣੇ ਪ੍ਰਤੀ ਉਠਣ ਵਾਲੀ ਹਰ ਸ਼ਿਕਾਇਤ ਪ੍ਰਤੀ ਨਿਰਪਖ ਜਿਹੇ ਸਨ। ਉਹ ਇਸ ਬੈਠਕ ਵਿਚ ਚੁਪ ਹੀ ਰਹੇ। ਜਸਵੰਤ ਸਿੰਘ ਲਾਲ ਕ੍ਰਿਸ਼ਨ ਅਡਵਾਨੀ ਦੇ ਖਬੇ ਪਾਸੇ ਬੈਠੇ ਹੋਏ ਸਨ। ਅਡਵਾਨੀ ਨੇ ਇਸ ਮੌਕੇ ਹੈਡਮਾਸਟਰ ਵਾਂਗ ਪਾਰਟੀ ਮੈਂਬਰਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ।

ਅਸਲ ਵਿਚ ਇਨ੍ਹਾਂ ਨੇਤਾਵਾਂ ਦੀ ਅਗਵਾਈ ਹੇਠ ਇੰਡੀਆ ਸ਼ਾਈਨਿੰਗ ਦੇ ਰੌਲੇ ਵਿਚ ਪਾਰਟੀ ਦੇ ਵੋਟ ਫਾਲਿੰਗ ਦਾ ਦੌਰ ਵੀ ਸੁਰੂ ਹੋਇਆ ਸੀ। ਦਸਿਆ ਜਾਂਦਾ ਹੈ ਕਿ ਉਮਾ ਭਾਰਤੀ ਨੇ ਆਪਣੇ ਨੇੜਲਿਆਂ ਨਾਲ ਅਕਸਰ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਪਾਰਟੀ ਦੀ ਇਸ ਸਥਿਤੀ ਲਈ ਉਹ ਇਨ੍ਹਾਂ ਦੋਹਾਂ ਹੀ ਨੇਤਾਵਾਂ ਨੂੰ ਜ਼ਿੰਮੇਵਾਰ ਮੰਨਦੀ ਹੈ। ਪਾਰਟੀ ਮੈਂਬਰਾਂ ਵਿਚ ਕਈਆਂ ਦੀ ਇਹ ਧਾਰਨਾ ਸੀ ਕਿ ਲੀਡਰਸ਼ਿਪ ਨੇ ਸਤਾ ਵਿਚ ਬਣੇ ਰਹਿਣ ਲਈ ਰਾਮ ਮੰਦਰ ਦਾ ਮੁੱਦਾ ਤਿਆਗ ਦਿਤਾ ਸੀ। ਇਹ ਕਈ ਗੱਲਾਂ ਅਜਿਹੀਆਂ ਸਨ ਜਿਨ੍ਹਾਂ ਸਦਕਾ ਪਾਰਟੀ ਅੰਦਰ ਵਿਰੋਧ ਦੇ ਸੁਰ ਉਭਰ ਰਹੇ ਸਨ।

ਜੋ ਗੱਲ ਮੈਨੂੰ ਅਸਾਧਾਰਨ ਲੱਗੀ, ਉਹ ਇਹ ਸੀ ਕਿ ਸ੍ਰੀ ਅਡਵਾਨੀ ਨੇ ਪਾਰਟੀ ਅਹੁਦੇਦਾਰਾਂ ਦੀ ਜੋ ਬੈਠਕ ਸੱਦੀ ਸੀ, ਉਸ ਵਿਚ ਉਨ੍ਹਾਂ ਨੇ ਇਲੈਕਟ੍ਰੋਨਿਕ ਮੀਡੀਆ ਨੂੰ ਪੂਰਾ ਸਮਾਂ ਮੌਜੂਦ ਰਹਿਣ ਦੀ ਇਜਾਜ਼ਤ ਦੇ ਦਿਤੀ ਸੀ। ਜੇ ਉਨ੍ਹਾਂ ਨੇ ਅਜਿਹਾ ਕਰਨਾ ਹੀ ਸੀ ਤਾਂ ਪਹਿਲਾਂ ਇਸ ਸਬੰਧੀ ਆਪਣੇ ਅਹੁਦੇਦਾਰਾਂ ਨੂੰ ਸੰਬੰਧਤ ਅਨੁਸ਼ਾਸਨ ਜ਼ਾਬਤੇ ਦਾ ਪਾਠ ਪੜ੍ਹਾ ਲੈਂਦੇ ਤੇ ਉਸ ਦੇ ਮੁਤਾਬਕ ਆਚਰਣ ਕਰਨ ਦਾਆਦੇਸ਼ ਵੀ ਦੇ ਦਿੰਦੇ।

ਵੈਸੇ ਆਮ ਤੌਰ ਤੇ ਹਾਰ ਦਾ ਦੌਰ ਅਜਿਹਾ ਹੁੰਦਾ ਹੈ, ਜਦੋਂ ਪਾਰਟੀ ਨੂੰ ਆਪਣਾ ਆਤ ਵਿਸ਼ਲੇਸ਼ਣ ਕਰਨਾ ਪੈਂਦਾ ਹੈ ਤੇ ਆਪਣੀ ਉਰਜਾ ਮੁੜ ਇਕਠੀ ਕਰਨੀ ਪੈਂਦੀ ਹੈ। ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਜਦੋਂ ਤੁਸੀਂ ਵਿਰੋਧੀ ਧਿਰ ਨਾਲ ਲੜਨ ਦੀ ਸਤਿਤੀ ਵਿਚ ਨਾ ਹੋਵੇ ਤਾਂ ਉਸ ਸਮੇਂ ਆਪਣੇ ਆਪ ਨਾਲ ਹੀ ਲੜ ਕੇ ਆਪਣੀ ਤਾਕਤ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੀ ਇਸੇ ਗੱਲ ਨੂੰ ਧਿਆਨ ਵਿਚ ਰਖ ਕੇ ਅਡਵਾਨੀ ਨੇ ਮੀਡੀਆ ਦੀ ਟੀਮ ਨੂੰ ਇਸ ਬੈਠਕ ਵਿਚ ਸਦਿਆ ਹੋਵੇਗਾ? ਕੀ ਉਨ੍ਹਾਂ ਨੂੰ ਅਜਿਹਾ ਲਗਾ ਹੋਵੇਗਾ ਕਿ ਇਸ ਤਰ੍ਹਾਂ ਉਹ ਜਨਤਕ ਤੌਰ ਤੇ ਪਾਰਟੀ ਅਹੁਦੇਦਾਰਾਂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾ ਕੇ ਪਾਰਟੀ ਦੇ ਹੋਰਨਾਂ ਮੈਂਬਰਾਂ ਤਕ ਆਪਣਾ ਸੰਦੇਸ਼ ਪਹੁੰਚਾ ਸਕਣਗੇ?

ਭਾਜਪਾ ਲੀਡਰਿਸ਼ਪ ਦੀ ਅਗਲੀ ਪੀੜ੍ਹੀ ਵੈਸੇ ਪ੍ਰਚਾਰ ਪਸੰਦ ਹੈ। ਅਜ ਤੋਂ ਛੇ ਸਾਲ ਪਹਿਲਾਂ ਅਰੁਣ ਜੇਤਲੀ ਤੇ ਪ੍ਰਮੋਦ ਮਹਾਜਨ ਵਰਗੇ ਨੇਤਾ ਹੀ ਪ੍ਰਚਾਰ ਪਸੰਦ ਲਗਦੇ ਸਨ ਪਰ ਭਾਜਪਾ ਦੇ ਛੇ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਹੁਣ ਭਾਜਪਾ ਲੀਡਰਸ਼ਿਪ ਦੀ ਮਨੋਦਸ਼ਾ ਵਿਚ ਵੀ ਤਬਦੀਲੀ ਆ ਗਈ ਹੈ। ਉਨ੍ਹਾਂ ਵਿਚੋਂ ਕੁਝ ਨੇਤਾਵਾਂ ਨੇ ਜੀਵਨ ਵਿਚ ਪਹਿਲੀ ਵਾਰ ਲਗੀ ਲਾਟਰੀ ਨਾਲ ਸੱਤਾ ਦਾ ਸਵਾਦ ਚਖਿਆ ਹੈ। ਸਰਕਾਰ ਵਿਚ ਮੰਤਰੀ ਰਹੇ ਇ ਸਜਣ ਦੀ ਉਦਾਹਰਣ ਇਥੇ ਦੇਣੀ ਚਾਹਾਂਗਾ ਜੋ ਆਪਣੇ ਚੋਣ ਹਲਕੇ ਵਿਚ ਇਕ ਰਿਕਸ਼ਾ ਯੂਨੀਅਨ ਦੇ ਨੇਤਾ ਸਨ। ਉਹ 1999 ਦੀਆ ਚੋਣਾਂ ਵਿਚ ਜਿਤ ਗਏ ਅਤੇ ਉਦੋਂ ਉਨ੍ਹਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹ ਕੈਬਨਿਟ ਮੰਤਰੀ ਬਣ ਗਏ। ਅੱਜ ਉਹ ਕਰੋੜਾਂ ਦੇ ਫਾਰਮ ਹਾਊਸ ਨਾਲ ਦੇਸ਼ ਦੀ ਅਗਵਾਈ ਕਰ ਰਹੇ ਹਨ।

ਇਹ ਹੋ ਸਕਦਾ ਹੈ ਕਿ ਅਡਵਾਨੀ ਜੀ ਨੇ ਟੀ ਵੀ ਕੈਮਰਿਆਂ ਦੇ ਮਾਧਿਅਮ ਰਾਹੀਂ ਪਾਰਟੀ ਦੇ ਆਮ ਵਰਕਰਾਂ ਤਕ ਪਹੁੰਚ ਬਣਾਉਣ ਦੀ ਸੋਚੀ ਹੋਵੇ ਪਰ ਉਨ੍ਹਾਂ ਸ਼ਾਇਦ ਉਦੋਂ ਇਹ ਨਹੀਂ ਸੋਚਿਆ ਹੋਵੇਗਾ ਕਿ ਇਸ ਬੈਠਕ ਵਿਚ ਪਾਰਟੀ ਮੈਂਬਰਾਂ ਵਲੋਂ ਕਈ ਅਜਿਹੇ ਅਸਹਿਜ ਮਾਮਲੇ ਵੀ ਉਠਾਏ ਜਾ ਸਕਦੇ ਹਨ ਜਿਨ੍ਹਾਂ ਦਾ ਜਵਾਬ ਦੇ ਸਕਣਾ ਉਨ੍ਹਾਂ ਲਈ ਸੰਭਵ ਨਾ ਹੋਵੇ ਜਾਂ ਉਥੇ ਅਜਿਹੀਆਂ ਸਥਿਤੀਆਂ ਵੀ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਕਾਰਨ ਪਾਰਟੀ ਲੀਡਰਸ਼ਿਪ ਖੁਦ ਨੂੰ ਉਲਝਣ ਵਿਚ ਮਹਿਸੂਸ ਕਰੇ।

ਵੈਸੇ ਤਾਂ ਭਾਜਪਾ ਖੁਦ ਇਕ ਅਨੁਸ਼ਾਸਿਸਤ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ ਤੇ ਪਾਰਟੀ ਨੂੰ ਇਕਜੁਟ ਕਰਨ ਵਿਚ ਇਹ ਗੱਲ ਅਹਿਮ ਭੂਮਿਕਾ ਨਿਭਾਉਂਦੀ ਰਹੀ ਹੈ। ਇਹ ਗਲ ਪੰਡਤ ਦੀਨ ਦਿਆਲ ਉਪਾਧਿਆਇ ਜੀ ਦੇ ਜ਼ਮਾਨੇ ਤੇ ਉਸਤੋਂ ਬਾਅਦ ਕਈ ਸਾਲਾਂ ਤਕ ਸਹੀ ਸਿਧ ਹੋਈ ਪਰ ਹੁਣ ਇਹ ਗਲ ਅਤੀਤ ਦੀ ਗੱਲ ਬਣ ਚੁਕੀ ਹੈ। ਬਾਅਦ ਵਿਚ ਬਣੀਆਂ ਸਥਿਤੀਆਂ ਨੇਤਾ ਭਾਜਪਾ ਦੀ ਭਰੋਸੇਯੋਗਤਾ ਤਕ ਨੂੰ ਠੇਸ ਪਹੁੰਚਾਈ।

ਭਾਜਪਾ ਅਹੁਦੇਦਾਰਾਂ ਦੀ ਬੈਠਕ ਵਿਚ ਵਾਪਰੇ ਉਮਾ ਕਾਂਡ ਨੇ ਕਾਂਗਰਸੀਆ ਨੂੰ ਦੀਵਾਲੀ ਦਾ ਇਕ ਤੋਹਫਾ ਦੇ ਦਿਤਾ ਹੈ। ਇਨ੍ਹਾਂ ਗਲਾਂ ਨਾਲ ਇਕ ਵੱਡਾ ਸਵਾਲ ਵੀ ਉਠ ਖੜ੍ਹਾ ਹੋਇਆ ਹੈ ਕਿ ਹੁਣ ਭਾਜਪਾ ਬਟਵਾਰੇ ਵਲ ਚਲ ਪਈ ਹੈ? ਇਸ ਸਵਾਲ ਦਾ ਜਵਾਬ ਭਵਿਖ ਦੇ ਗਰਭ ਵਿਚ ਹੀ ਲੁਕਿਆ ਹੈ।

ਜਿਥੋਂ ਤਕ ਅਡਵਾਨੀ ਜੀ ਦਾ ਸਵਾਲ ਹੈ, ਉਹ ਪਾਰਟੀ ਵਿਚ ਅਜਿਹੀਆਂ ਸਥਿਤੀਆ ਦਾ ਪੂਰੀ ਤਾਕਤ ਨਾਲ ਵਿਰੋਧਕਰਨਗੇ ਪਰ ਕੌੜੀ ਸਚਾਈ ਇਹ ਹੈ ਕਿ 1984 ਤੇ 2004 ਦੇ ਦਰਮਿਆਨ ਸਥਿਤੀਆਂ ਵਿਚ ਕਾਫੀ ਤਬਦੀਲੀ ਆਈ ਹੈ। 1984 ਦੀਆਂ ਚੋਣਾਂ ਵਿਚ ਭਾਜਪਾ ਨੂੰ ਲੋਕ ਸਭਾ ਵਿਚ ਸਿਰਫ 2 ਸੀਟਾਂ ਹੀ ਮਿਲ ਸਕੀਆਂ ਸਨ। ਉਦੋਂ ਅਡਵਾਨੀ ਪਾਰਟੀ ਨੂੰ ਅਗੇ ਵਧਾਉਣ ਲਈ ਇਕ ਆਸ ਬਣ ਕੇ ਆਏ ਸਨ। ਖਾਸ ਕਰਕੇ ਪਾਰਟੀ ਦੇ ਕਟੜਪੰਥੀਆਂ ਦਾ ਉਨ੍ਹਾਂ ਨੂੰ ਪੂਰਾ ਸਮਰਥਨ ਹਾਸਲ ਸੀ। ਉਸਦਾ ਪਾਰਟੀ ਨੂੰ ਫਾਇਦਾ ਹੀ ਫਾਇਦਾ ਸੀ ਪਰ ਅਜ ਪਾਰਟੀ ਵਿਚ ਹੀ ਕਈ ਵਿਅਕਤੀ ਉਨ੍ਹਾਂ ਨੂੰ ਅਤੀਤ ਦੇ ਅਜਿਹੇ ਨੇਤਾਵਾਂ ਵਿਚੋਂ ਮੰਨਦੇ ਹਨ ਜਿਨ੍ਹਾਂ ਨੇ ਪਾਰਟੀ ਨਾਲ ਵਿਸ਼ਵਾਸਘਾਤ ਕੀਤਾ ਹੈ ਤੇ ਉਨ੍ਹਾਂ ਦੀ ਪੀੜ੍ਹੀ ਦੇ ਨੇਤਾ ਉਨ੍ਹਾਂ ਨੂੰ ਅਤੀਤ ਦਾ ਅਜਿਹੇ ਨੇਤਾ ਸਮਝਦੇ ਹਨ ਜੋ ਕਿ ਹੁਣ ਭਵਿਖ ਦੀ ਲੜਾਈ ਲੜ ਰਹੇ ਹਨ।

ਸਵਾਲ ਹੈ ਕਿ ਭਵਿੱਖ ਦਾ ਨੇਤਾ ਕੌਣ ਹੋਵੇਗਾ?

ਲੋਕਤੰਤਰ ਵਿਚ ਪਾਰਟੀ ਸਿਆਸਤ ਦਾ ਨਿਯਮ ਇਹ ਹੈ ਕਿ ਆਮ ਤੌਰ ਤੇ ਪਾਰਟੀ ਵਿਚ ਬਾਗੀ ਨੇਤਾ ਪਾਰਟੀ ਦੇ ਸਿਖਰ ਤੇ ਪਹੁੰਚਣੋਂ ਰਹਿ ਜਾਂਦੇ ਹਨ। ਉਹ ਨੇਤਾ ਹੀ ਆ ਤੌਰ ਤੇ ਭਵਿਖੀ ਲੀਡਰਸ਼ਿਪ ਦੇ ਉਚ ਆਸਨ ਤੇ ਪਹੁੰਚਦੇ ਹਨ ਜੋ ਪਾਰਟੀ ਦੇ ਸੱਤਾ ਸੰਘਰਸ਼ ਵਿਚ ਚੁਪ ਰਹਿੰਦੇ ਹਨ। ਇ ਸਮੇਂ ਜਦੋਂ ਉਮਾ ਭਾਰਤੀ ਤੇ ਵਿਹਿਪ ਇਸ ਸਮੇਂ ਜ਼ਿਆਦਾ ਬੋਲਦੇ ਹਨ, ਉਦੋਂ ਨਰਿੰਦਰ ਮੋਦੀ ਦੀ ਖਾਮੋਸ਼ੀ ਕਾਫੀ ਮਹੱਤਵ ਰਖਦੀ ਸੀ।              


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com