WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਅੰਬਰ ਵਿਚਾਰਾ ਕੀ ਕਰੂ?
- ਸੁਰਿੰਦਰ ਅਤੈ ਸਿੰਘ

ਮਰਨਾ ਕਿੰਨਾ ਆਮ ਹੋ ਗਿਆ ਹੈ। ਮੌਤ ਪ੍ਰਤੀ ਸਮਾਜਕ ਵਰਤਾਰੇ ਵਿਚ ਤਬਦੀਲੀ ਆਈ ਹੈ, ਸੰਵੇਦਨਸ਼ੀਲਤਾ ਘਟ ਗਈ ਹੈ। ਕੁਦਰਤੀ ਵਰਤਾਰੇ ਵਿਚ ਵੀ ਤਬਦੀਲੀ ਆਈ ਹੈ। ਸੁਰਤ ਸੰਭਾਲਣ ਤੱਕ ਆਪਣੀ ਅੱਖੀਂ ਲਾਲ ਹਨੇਰੀ ਚੜਦੀ ਤੱਕੀ ਹੈ। ਹੁਣ ਅਸਮਾਨ ਕਾਲਾ ਬੋਲਾ ਹੁੰਦਾ ਤਾਂ ਵੇਖਦੇ ਹਾਂ ਪਰ ਉਹੋ ਜਿਹਾ ਰੁਖ-ਢੰਗ ਨਹੀਂ ਵੇਖਿਆ ਕਦੇ। ਜਦੋਂ ਲਾਲ ਹਨ੍ਹੇਰੀ ਚੜਨੀ ਤਾਂ ਲੋਕਾਂ ਤ੍ਰਾਹ-ਤ੍ਰਾਹ ਕਰਨ ਲੱਗ ਜਾਣਾ। ਔਰਤਾਂ ਨੇ ਕੋਠਿਆਂ ਤੋਂ ਮੰਜੇ-ਲੀੜੇ ਸਮੇਟਣੇ, ਬਾਲਣ ਵਗੈਰਾ ਸੰਭਾਲਣਾ ਤੇ ਨਾਲੇ ਵਾਗਰੂ ਵਾਗਰੂ ਕਰੀ ਜਾਣਾ। ਨਾਲ ਜੁੜਵੇਂ ਕੋਠਿਆਂ ਵਾਲੀਆਂ ਨੇ ਇਕ ਦੂਸਰੇ ਦੀ ਹਾਮੀ ਭਰਨੀ ‘‘ਭੈਣਾਂ ਰੱਬ ਸੁੱਖ ਰੱਖੇ, ਕੋਈ ਭਾਣਾ ਵਰਤਿਆ ਜਾਪਦਾ।’’

ਉਦੋਂ ਖਬਰਾਂ ਟੀ.ਵੀ. ਜਾਂ ਅਖਬਾਰਾਂ ਦੇ ਮੋਢਿਆਂ ’ਤੇ ਚੜ੍ਹ ਕੇ ਨਹੀਂ ਸਨ ਆਉਂਦੀਆਂ। ਮੂੰਹੋਂ-ਮੂੰਹੀਂ ਗੱਲ ਇਕ ਦੋ ਦਿਨਾਂ ਬਾਅਦ ਪੁੱਜਦੀ ਸੀ। ਪਤਾ ਲੱਗਣਾ ਫਲਾਣੇ ਪਿੰਡ ਦੋ ਸਕੇ ਭਰਾਵਾਂ ਦਾ ਕਤਲ ਹੋ ਗਿਆ ਜਾਂ ’ਕੱਲਾ ’ਕੱਲਾ ਮਾਪਿਆਂ ਦਾ ਪੁੱਤ ਸੀ, ਕੜੀ ਜਿੱਡਾ ਜੁਆਨ, ਮੇਲੇ ਵਿਚ ਸ਼ਰੀਕਾਂ ਨੇ ਵੱਢ ਦਿੱਤਾ ਆਦਿ। ਫਿਰ ਸਾਰਿਆਂ ਚਰਚਾ ਕਰਨੀ, ਵੇਖਿਆ ’ਨ੍ਹੇਰੀ ਕਿਤੇ ਐਵੇਂ ਤਾਂ ਨਹੀਂ ਸੀ ਚੜ੍ਹੀ। ਉਦੋਂ ਈ ਪਤਾ ਲੱਗਾ ਗਿਆ ਸੀ ਕਿ ਸੁੱਖ ਨਹੀਂ ਹੈ। ਹੁਣ ਮੌਤ ਏਨੀ ਆਮ ਹੋ ਗਈ ਹੈ ਕਿ ਕਦੇ ਤਾਂ ਇਕੋ ਪਰਿਵਾਰ ਦੇ ਬਾਰਾਂ-ਚੌਦਾਂ ਜੀਅ ਕਿਸੇ ਹਾਦਸੇ ਵਿਚ ਮਾਰੇ ਜਾਂਦੇ ਨੇ। ਕਿਤੇ ਬੱਸ ਖੱਡ ਵਿਚ ਡਿੱਗ ਪੈਂਦੀ ਹੈ, ਕਿਤੇ ਹਵਾਈ ਜਹਾਜ਼ ਲਾਪਤਾ ਹੋ ਜਾਂਦਾ, ਕਿਤੇ ਬੰਬ ਧਮਾਕਾ ਹੋ ਜਾਂਦਾ, ਕਦੇ ਦੰਗੇ-ਫਸਾਦ ਹਜ਼ਾਰਾਂ ਮਨੁੱਖਾਂ ਦੀ ਬਲੀ ਲੈ ਲੈਂਦੇ ਨੇ। ਕਿਤੇ ਹੜ੍ਹ ਜਾਂ ਤੂਫਾਨ ਆ ਜਾਂਦਾ, ਕਿਤੇ ਭੁਚਾਲ ਨਾਲ ਪੂਰਾ ਸ਼ਹਿਰ ਗਰਕ ਜਾਂਦਾ। ਪੰਝੀ-ਤੀਹ ਹਜ਼ਾਰ ਬੰਦਾ ਮਰਨਾ ਮਹਿਜ਼ ਇਕ ਖਬਰ ਬਣ ਕੇ ਰਹਿ ਜਾਂਦਾ ਹੈ। ਅਖੇ: ਬੰਦਾ ਗਾਜਰ-ਮੂਲੀ ਤੋਂ ਵੀ ਸਸਤਾ ਹੋ ਗਿਆ। ਅਤਿਵਾਦ ਦੇ ਦਿਨੀਂ ਮਨੁੱਖਾਂ ਦਾ ਮਰਨਾ ਹਿੰਦਸਿਆਂ ਵਾਂਗ ਗਿਣਿਆ ਜਾਣ ਲੱਗ ਪਿਆ ਸੀ।

ਪਹਿਲੀਆਂ ਵਿਚ ਬੰਦਾ ਮਰਦਾ ਸੀ ਤਾਂ ਆਂਢ-ਗੁਆਂਢ ਵੀ ਕਿਸੇ ਦੇ ਘਰ ਅੱਗ ਨਹੀਂ ਸੀ ਬਲਦੀ। ਹਾਲੀ ਪਾਲੀ ਕੰਮ ਛੱਡ ਕੇ ਗੋਡਾ ਆਣ ਨਿਵਾਉਂਦੇ ਸਨ। ਧੀਆਂ-ਪੁੱਤ ਜ਼ਮੀਨ ’ਤੇ ਲੇਟਦੇ। ਮਾਵਾਂ-ਭੈਣਾਂ ਨੂੰ ਦੰਦਲਾਂ ਪੈਂਦੀਆਂ। ਛੁਟ ਸਕੇ-ਸਬੰਧੀ ਸਿਵੇ ਵਿਚ ਡਿੱਗਣ ਲਈ ਭੱਜਦੇ। ਔਰਤਾਂ ਦੁਹੱਥੜੀਂ ਪਿੱਟਦੀਆਂ। ਨੈਣਾਂ ਐਹੋ ਜਿਹਾ ਸਿਆਪਾ ਕਰਵਾਉਂਦੀਆਂ ਕਿ ਕੰਧਾਂ ਵੀ ਰੋ ਪੈਂਦੀਆਂ ਸਨ। ਮੌਤ ਅੱਜ ਵੀ ਡਰਾਉਣੀ ਹੈ। ਅੱਜ ਵੀ ਘਰਾਂ ਦੇ ਰੰਗ ਬਦਲ ਜਾਂਦੇ ਨੇ ਕਿਸੇ ਇਕ ਅਣਆਈ ਮੌਤ ਨਾਲ, ਪਰ ਹੁਣ ਲੋਕ ਉਭਾਸਰਦੇ ਨਹੀਂ। ਵਾਵੇਲਾ ਨਹੀਂ ਕਰਦੇ। ਆਲੇ-ਦੁਆਲੇ ਵਾਪਰ ਰਹੇ ਭਾਣਿਆਂ ਨੇ ਲੋਕਾਂ ਦੇ ਮਨ ਵਿਚੋਂ ਪਹਿਲਾਂ ਵਰਗੀ ਦਹਿਸ਼ਤ ਘਟਾ ਦਿੱਤੀ ਹੈ। ਅੱਖਾਂ ਵਿਚੋਂ ਅੱਥਰੂ ਸੁੱਕ ਰਹੇ ਹਨ। ਲੋਕ ਅੰਗਰੇਜ਼ਾਂ ਵਾਂਗ ਸਿਆਣਪ ਤੇ ਸੰਜਮ ਵਿਖਾ ਰਹੇ ਨੇ।

ਢਾਈ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਹੋਸਟਲ ਵਿਚ ਰਹਿੰਦਿਆਂ ਇਕ ਦਿਨ ਸੁੱਤੇ ਉੱਠਦਿਆਂ ਹੀ ਮਾੜਾ ਸੁਨੇਹਾ ਮਿਲਿਆ। ਮੇਰੇ ਪਾਪਾ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਸੀ। ਤਾਏ ਦਾ ਪੁੱਤ, ਵੀਰ ਮੇਰਾ, ਮੈਨੂੰ ਲੈਣ ਆਇਆ ਸੀ। ਜਦੋਂ ਅਸੀਂ ਪਿੰਡ ਦੀ ਜੂਹ ਵਿਚ ਪਹੁੰਚੇ ਤਾਂ ਮੈਂ ਘੁੱਗ ਵੱਸਦੇ ਪਿੰਡ ਵਿਚ ਉੱਜੜ ਗਏ ਉਸ ਘਰ ਵੱਲ ਝਾਤੀ ਮਾਰੀ। ਸਾਡਾ ਪਿੰਡ ਉੱਚੀ ਥਾਵੇਂ ਵਸਿਆ ਹੋਇਆ ਹੈ। ਸਾਡੇ ਘਰ ਦੀਆਂ ਛੱਤਾਂ ’ਤੇ ਅੰਤਾਂ ਦੀ ਭੀੜ ਸੀ। ਬਨੇਰਿਆਂ ਤੋਂ ਉੱਲਰ-ਉੱਲਰ ਕੇ ਹੇਠਾਂ ਵਿਹੜੇ ਵੱਲ ਤੱਕਦੀਆਂ ਔਰਤਾਂ। ਪਰਿਵਾਰ ਦੇ ਜੀਅ ਤਾਂ ਪਹਿਲਾਂ ਹੀ ਨਿਤਾਣੇ ਹੋਏ ਹੁੰਦੇ ਹਨ, ਉਤੋਂ ਦੂਰੋਂ ਨੇੜਿਉਂ ਆਈਆਂ ਮਕਾਣਾਂ ਵੱਲੋਂ ਕੀਤਾ ਪਿੱਟ-ਸਿਆਪਾ ਅਸਲੋਂ ਮਾਰ ਕੇ ਸੁੱਟ ਜਾਂਦਾ ਹੈ।

ਪਿੰਡਾਂ ਵਿਚ ਅਜੇ ਵੀ ਇਹ ਵਰਤਾਰਾ ਪ੍ਰਚੱਲਤ ਹੈ। ਸ਼ਹਿਰਾਂ ਵਿਚ ਬਹੁਤ ਹੱਦ ਤੱਕ ਇਸ ਡਰਾਉਣੇ ਮਾਹੌਲ ਤੋਂ ਛੁਟਕਾਰਾ ਪਾ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋ ਰਿਹਾ ਕੀਰਤਨ ਮਾਹੌਲ ਨੂੰ ਸ਼ਾਂਤ ਬਣਾਉਂਦਾ ਹੈ। ਦਿਲਾਸਾ ਦਿੰਦਾ ਹੈ। ਹੁਣ ਲੋਕ ਛੇਤੀ ਸੰਭਲ ਜਾਂਦੇ ਨੇ। ਅਸਲ ਵਿਚ ਨੌਕਰੀਆਂ, ਪੜ੍ਹਾਈਆਂ, ਡੀਊਟੀਆਂ ਅਤੇ ਹੋਰ ਜ਼ਿੰਮੇਵਾਰੀਆਂ ਖਲੋਣ ਹੀ ਨਹੀਂ ਦੇਂਦੀਆਂ।

ਪਿੱਛੇ ਜਿਹੇ ਇਕ ਰਿਸ਼ਤੇਦਾਰ ਬੀਬੀ ਗੁਜ਼ਰ ਗਈ। ਸਸਕਾਰ ਕੁਵੇਲੇ ਹੋਇਆ। ਮੁੜਨਾ ਮੁਸ਼ਕਲ ਹੋ ਗਿਆ ਤੇ ਅਸੀਂ ਰਾਤ ਉਥੇ ਹੀ ਰਹਿ ਪਏ। ਅਗਲੀ ਸਵੇਰ ਜਦੋਂ ਤੁਰਨ ਲੱਗੇ ਤਾਂ ਉਹਦਾ ਸਰਦਾਰ ਵੀ ਸਾਡੇ ਨਾਲ ਈ ਗੱਡੀ ਵਿਚ ਆ ਬੈਠਾ। ਬੁੜ ਬੁੜ ਕਰਦਿਆਂ ਉਸ ਵਿਹੜੇ ਵਿਚ ਗੇੜਾ ਜਿਹਾ ਦਿੱਤਾ ਅਖੇ ‘‘ਮੈਂ ਸ਼ਹਿਰੋਂ ਮਕੈਨਿਕ ਲੈ ਆਵਾਂ। ਨਹਿਰੋਂ ਪਾਰ ਵਾਲੀ ਮੋਟਰ ਠੀਕ ਕਰਵਾਈਏ।’’ ਉਹਦਾ ਵੱਡਾ ਬੇਟਾ ਕਹਿੰਦਾ ‘‘ਦਿਨ ਨਹੀਂ ਚੜ੍ਹਨਾ, ਸਵੇਰੇ ਈ ਤੁਰ ਪਿਆਂ।’’ ਉਹ ਅੱਗੋਂ ਪੈ ਗਿਆ, ‘‘ਮਰਨ ਵਾਲੀ ਤਾਂ ਮਰ ਗਈ, ਤੁਸਾਂ ਭੁੱਖੇ ਮਰਨਾ। ਸਮੇਂ ਮਾਰ ਹੋ ਗਈ ਤਾਂ ਕਈ ਸਾਲ ਉ¤ਠਿਆ ਨਹੀਂ ਜਾਣਾ। ਝੋਨਾ ਪੱਕਿਆ ਪਿਆ। ਹੋਰ ਦੋ ਦਿਨ ਨਾ ਵੱਢਿਆ ਤਾਂ ਸਾਰਾ ਈ ਕਿਰ ਜਾਣਾ।’’ ਉਸ ਔਰਤ ਦੇ ਭਰਾਵਾਂ-ਮਾਪਿਆਂ ਨੂੰ ਬੜਾ ਬੁਰਾ ਲੱਗਾ ਉਹਦਾ ਇੰਝ ਸਵੇਰੇ ਈ ਘਰੋਂ ਤੁਰਨਾ।

ਮਰੇ ਨਾਲ ਮਰਦਾ ਤਾਂ ਪਹਿਲਾਂ ਵੀ ਕੋਈ ਨਹੀਂ ਸੀ, ਪਰ ਘੱਟੋ-ਘੱਟ ਸਾਲ ਭਰ ਤਾਂ ਅਫਸੋਸ ਮਨਾਇਆ ਹੀ ਜਾਂਦਾ ਸੀ। ਘਰ ਪਰਿਵਾਰ ਦੇ ਜੀਅ ਕੋਈ ਚੰਗਾ ਕੱਪੜਾ ਨਾ ਪਾਉਂਦੇ। ਨਵੀਂ ਚੀਜ਼ ਨਾ ਖਰੀਦਦੇ। ਵਿਆਹ ਸ਼ਾਦੀ ਕਰਨੀ ਤਾਂ ਦੂਰ ਦੀ ਗੱਲ, ਲੋਕ ਕੋਠਾ ਨਹੀਂ ਸਨ ਛੱਤਦੇ। ਹੁਣ ਮਰੇ ਬੰਦੇ ਦਾ ਭੋਗ ਪਾ ਕੇ, ਅਗਲੇ ਹਫਤੇ ਧੀ ਪੁੱਤ ਦਾ ਵਿਆਹ ਕਰ ਲਿਆ ਜਾਂਦਾ ਹੈ।

ਹੁਣੇ ਜਿਹੇ ਮੇਰੇ ਗੁਆਂਢ ਇਹ ਔਰਤ ਗੁਜ਼ਰ ਗਈ। ਕਿਸੇ ਨੂੰ ਉਹਦੇ ਢਿੱਲੇ ਹੋਣ ਦਾ ਪਤਾ ਨਹੀਂ ਲੱਗਾ। ਨਰਸਿੰਗ ਹੋਮ ਦੀ ਐਂਬੂਲੈਂਸ ਛੱਡ ਕੇ ਚਲੀ ਗਈ। ਕੋਈ ਬਾਹਰ ਨਹੀਂ ਨਿਕਲਿਆ। ਉਹਦਾ ਪੁੱਤਰ ਏਥੇ ਨੌਕਰੀ ਕਰਦਾ ਸੀ। ਬਸ ਉਸ ਦੇ ਹੀ ਦੋ ਤਿੰਨ ਕੁਲੀਗ ਮਿੱਤਰ ਸਨ। ਇਕ ਧੀ ਬੁਲਾ ਲਈ ਸੀ। ਉਸ ਦੇ ਆਉਣ ਬਾਅਦ ਸਸਕਾਰ ਕਰਨਾ ਸੀ। ਬੰਗਾਲ ਤੋਂ ਆਇਆ ਕਿਰਾਏਦਾਰ ਪਰਿਵਾਰ ਸੀ। ਕੋਈ ਝੁਰਮਟ ਨਹੀਂ ਪਿਆ। ਕਿਸੇ ਲੇਰ ਨਹੀਂ ਮਾਰੀ। ਕਿਸੇ ਡਾਡਾਂ ਨਹੀਂ ਮਾਰੀਆਂ। ਨੂੰਹ ਤੇ ਧੀ ਦੋਵੇਂ ਛੋਟੀ ਉਮਰ ਦੀਆਂ। ਰਸਮਾਂ ਰਿਵਾਜ਼ਾਂ ਦਾ ਪਤਾ ਕੋਈ ਨਾ। ਨਾ ਕੋਈ ਸ਼ਰੀਕਾ, ਨਾ ਕਬੀਲਾ। ਨਾ ਗਲੀ ਮੁਹੱਲੇ ਦੇ ਲੋਕ, ਨਾ ਕੁੜਮਾਚਾਰੀ, ਨਾ ਪੇਕਾ ਨਾ ਭਾਈਚਾਰਾ। ਬੱਸ ਪੁੱਤਰ ਦੇ ਦੋਸਤ ਤੇ ਇਸ ਅੱਧਾ ਗੁਆਂਢੀ ਨਾਲ ਗਿਆ ਸ਼ਮਸ਼ਾਨ ਤੱਕ।

ਪਿੰਡ ਵਿਚ ਜਹਾਨੋਂ ਧੱਕੇ ਬੰਦੇ ਦੇ ਮਗਰ ਵੀ ਚਾਰ ਬੰਦੇ ਹੋ ਜਾਂਦੇ ਆ, ‘‘ਚੱਲੋ ਭਾਈ ਰੱਬ ਦਾ ਜੀਅ ਸੀ ਵਿਚਾਰਾ। ਓੜਕ ਤਾਂ ਸਾਰਿਆਂ ਈ ਜਾਣਾ। ਜੱਗ ਚਲੋ-ਚਲੀ ਦਾ ਮੇਲਾ ਹੈ ਜੀ।’’ ਅਖੇ : ‘‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ, ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ।’’ ਮੈਂ ਬਹੁਤ ਉਦਾਸ ਹਾਂ, ਉਸ ਔਰਤ ਲਈ, ਉਹਦੇ ਮਰਨੇ ’ਤੇ। ਲੋਕ ਜ਼ਿਆਦਾ ਹੀ ਸੱਚ ਦੇ ਨੇੜੇ ਹੋ ਰਹੇ ਨੇ।


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com